ਰਾਮਚਰਿਤ ਮਾਨਸ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਰਾਮਚਰਿਤ ਮਾਨਸ : ਰਾਮਚਰਿਤ ਮਾਨਸ ਹਿੰਦੀ ਸਾਹਿਤ ਹੀ ਨਹੀਂ ਸਗੋਂ ਵਿਸ਼ਵ ਸਾਹਿਤ ਦੀਆਂ ਸਰਬ ਸ੍ਰੇਸ਼ਠ ਕਿਰਤਾਂ ਵਿੱਚੋਂ ਇੱਕ ਹੈ। ਆਪਣੇ ਰਚਨਾ ਕਾਲ (1574-1576) ਤੋਂ ਲੈ ਕੇ ਅਜੋਕੇ ਯੁੱਗ ਤੱਕ ਇਸ ਗ੍ਰੰਥ ਨੇ ਜਿਸ ਪੱਧਰ ਤੇ ਆਦਰ ਅਤੇ ਜਸ ਪ੍ਰਾਪਤ ਕੀਤਾ ਹੈ ਉਹ ਕਿਸੇ ਵਿਰਲੀ ਹੀ ਸਾਹਿਤਿਕ ਰਚਨਾ ਦੇ ਹਿੱਸੇ ਆਉਂਦਾ ਹੈ। ਗੋਸਾਈਂ ਤੁਲਸੀਦਾਸ ਦੁਆਰਾ ਰਚੇ ਗਏ ਇਸ ਮਹਾਂਕਾਵਿ ਨੂੰ ਅੱਜ ਇੱਕ ਧਰਮ-ਗ੍ਰੰਥ ਦਾ ਰੁਤਬਾ ਹਾਸਲ ਹੋ ਚੁੱਕਿਆ ਹੈ ਅਤੇ ਹਿੰਦੂ ਲੋਕ ਬੜੀ ਸ਼ਰਧਾ ਨਾਲ ਇਸ ਦੇ ਪਾਠ ਆਪਣੇ ਘਰਾਂ ਵਿੱਚ ਕਰਦੇ, ਕਰਵਾਉਂਦੇ ਹਨ। ਦੁਨੀਆ ਦੀਆਂ ਸਾਰੀਆਂ ਪ੍ਰਮੁਖ ਭਾਸ਼ਾਵਾਂ ਵਿੱਚ ਇਸ ਗ੍ਰੰਥ ਦੇ ਅਨੁਵਾਦ ਹੋ ਚੁੱਕੇ ਹਨ।

     ਤੁਸਲੀਦਾਸ ਨੇ ਇਸ ਮਹਾਂਕਾਵਿ ਦੀ ਰਚਨਾ ਅਵਧੀ ਭਾਸ਼ਾ ਵਿੱਚ ਕੀਤੀ ਜੋ ਪੂਰਬੀ ਹਿੰਦੀ ਦੀ ਇੱਕ ਬੋਲੀ ਹੈ। ਅਵਧੀ ਭਾਸ਼ਾ ਵਿੱਚ ਪ੍ਰਬੰਧ-ਕਾਵਿ ਰਚਨ ਦੀ ਪ੍ਰਥਾ ਉਸ ਤੋਂ ਪਹਿਲਾਂ ਹੀ ਚੱਲੀ ਆ ਰਹੀ ਸੀ। ਪ੍ਰੇਮਮਾਰਗੀ ਸੂਫ਼ੀ ਕਵੀਆਂ ਨੇ ਆਪਣੀਆਂ ਪ੍ਰੇਮ-ਗਾਥਾਵਾਂ ਅਵਧੀ ਵਿੱਚ ਹੀ ਲਿਖੀਆਂ। ਗੋਸਾਈਂ ਤੁਲਸੀਦਾਸ ਨੇ ਇਸ ਨੂੰ ਪ੍ਰੇਮ ਕਿੱਸਿਆਂ ਦੇ ਦਾਇਰੇ ’ਚੋਂ ਬਾਹਰ ਕੱਢਿਆ ਅਤੇ ਆਪਣੇ ਇਸ਼ਟ ਦੇਵ ਭਗਵਾਨ ਰਾਮ ਦੀ ਕਥਾ ਦਾ ਵਰਣਨ ਦੋਹਾ- ਚੌਪਈ ਸ਼ੈਲੀ ਵਿੱਚ ਕੀਤਾ। ਰਾਮ ਕਥਾ ਨਾਲ ਸੰਬੰਧਿਤ ਰਚਨਾਵਾਂ ਆਮ ਤੌਰ ਤੇ ਰਾਮਾਇਣ ਦੇ ਨਾਂ ਨਾਲ ਹੀ ਪ੍ਰਸਿੱਧ ਹੋਈਆਂ ਪਰੰਤੂ ਤੁਲਸੀਦਾਰ ਨੇ ਆਪਣੇ ਗ੍ਰੰਥ ਦਾ ਨਾਂ ਰਾਮਚਰਿਤ ਮਾਨਸ ਅਰਥਾਤ ਰਾਮ ਕਥਾ ਰੂਪੀ ਮਾਨਸਰੋਵਰ ਰੱਖਿਆ। ਗ੍ਰੰਥ ਦੇ ਅਰੰਭ ਵਿੱਚ ਇਸ ‘ਮਾਨਸਰੋਵਰ’ ਦੀ ਵਿਆਖਿਆ ਸਾਂਗ ਰੂਪਕ ਅਲੰਕਾਰ ਰਾਹੀਂ ਕਰਦੇ ਹੋਏ ਤੁਲਸੀਦਾਸ ਨੇ ਲਿਖਿਆ ਹੈ ‘ਇਸ ਸਰੋਵਰ ਵਿੱਚ ਇਸ਼ਨਾਨ ਕਰਨ ਦਾ ਫਲ ਤੁਰੰਤ ਮਿਲਦਾ ਹੈ ਕਿਉਂਕਿ ਇਸ ਵਿੱਚ ਨਹਾ ਕੇ ਕਾਂ ਕੋਇਲ ਬਣ ਜਾਂਦੇ ਹਨ ਅਤੇ ਬਗਲੇ ਹੰਸ ਬਣ ਜਾਂਦੇ ਹਨ।’ ਭਾਵ ਰਾਮ ਕਥਾ ਦੇ ਪ੍ਰਭਾਵ ਨਾਲ ਬੁਰੇ ਚਰਿੱਤਰ ਵਾਲੇ ਖੋਟੇ ਮਨੁੱਖ ਵੀ ਨੇਕ ਅਤੇ ਖਰੇ ਬਣ ਜਾਂਦੇ ਹਨ।

     ਰਾਮਚਰਿਤ ਮਾਨਸ ਦੀ ਕਥਾ ਦਾ ਆਧਾਰ ਪ੍ਰਾਚੀਨ ਧਰਮ ਗ੍ਰੰਥ ਹਨ। ਤੁਲਸੀਦਾਸ ਨੇ ਖ਼ੁਦ ਲਿਖਿਆ ਹੈ, ‘ਅਨੇਕ ਵੇਦਾਂ ਪੁਰਾਣਾਂ ਦਾ ਜੋ ਮਤ ਹੈ, ਆਦਿ ਕਵੀ ਬਾਲਮੀਕ ਨੇ ਆਪਣੀ ਰਾਮਾਇਣ ਵਿੱਚ ਜੋ ਲਿਖਿਆ ਹੈ ਅਤੇ ਕੁਝ ਦੂਜੇ ਗ੍ਰੰਥਾਂ ਵਿੱਚ ਵੀ ਜਿਸ ਰਾਮ ਕਥਾ ਦਾ ਵਰਣਨ ਹੈ ਉਸੇ ਨੂੰ ਮੈਂ ਆਪਣੇ ਮਾਨਸਿਕ ਸੁਖ ਲਈ ਭਾਸ਼ਾ (ਅਵਧੀ) ਵਿੱਚ ਕਥਨ ਕਰ ਰਿਹਾ ਹਾ।’ ਰਾਮਚਰਿਤ ਮਾਨਸ ਦੀ ਕਥਾ ਬੁਨਿਆਦੀ ਰੂਪ ਵਿੱਚ ਬਾਲਮੀਕੀ ਰਾਮਾਇਣ ਤੇ ਆਧਾਰਿਤ ਹੈ ਪਰੰਤੂ ਕਥਾ ਵਿਸਤਾਰ, ਦਾਰਸ਼ਨਿਕ ਵਿਚਾਰਾਂ ਅਤੇ ਭਗਤੀ ਉਪਾਸਨਾ- ਨਿਰੂਪਣ ਲਈ ਕਵੀ ਨੇ ਦੂਸਰੇ ਗ੍ਰੰਥਾਂ ਤੋਂ ਵੀ ਸਮਗਰੀ ਲਈ ਹੈ। ਉਸ ਨੇ ਮੂਲ ਕਥਾ ਨੂੰ ਆਪਣੇ ਆਸ਼ੇ ਮੁਤਾਬਕ ਬਦਲ ਕੇ ਆਪਣੀ ਮੌਲਿਕਤਾ ਦਾ ਪ੍ਰਮਾਣ ਦਿੱਤਾ ਹੈ। ਬਾਲਮੀਕ ਦੇ ਰਾਮ ਮਰਯਾਦਾ-ਪੁਰਸ਼ੋਤਮ ਹਨ ਜਦੋਂ ਕਿ ਤੁਲਸੀਦਾਸ ਨੇ ਆਪਣੇ ਨਾਇਕ ਸ੍ਰੀ ਰਾਮ ਨੂੰ ਪੂਰਨ ਪਰਮਾਤਮਾ ਦੇ ਅਵਤਾਰ ਦੇ ਰੂਪ ਵਿੱਚ ਪੇਸ਼ ਕੀਤਾ ਹੈ ਜੋ ਨਰ ਰੂਪ ਵਿੱਚ ਲੀਲ੍ਹਾ ਕਰਨ ਅਤੇ ਧਰਤੀ ਉਪਰੋਂ ਅਧਰਮ ਦੇ ਖ਼ਾਤਮੇ ਲਈ ਸੰਸਾਰ ਵਿੱਚ ਪ੍ਰਗਟ ਹੋਏ ਹਨ। ਆਪਣੇ ਨਾਇਕ ਦੀ ਰੱਬਤਾ ਸੰਬੰਧੀ ਤੱਥ ਨੂੰ ਕਵੀ ਨੇ ਕਥਾ-ਪ੍ਰਸੰਗ ਰੋਕ-ਰੋਕ ਕੇ ਵੀ ਦ੍ਰਿੜ੍ਹ ਕਰਵਾਇਆ ਹੈ। ਤੁਲਸੀਦਾਸ ਦਾ ਮੁੱਖ ਉਦੇਸ਼ ਲੋਕ-ਮਨਾਂ ਵਿੱਚ ਰਾਮ ਭਗਤੀ ਦੇ ਚਿਰਾਗ ਬਾਲਣਾ ਸੀ। ਇਸੇ ਲਈ ਉਹਨਾਂ ਨੇ ਆਪਣੇ ਗ੍ਰੰਥ ਵਿੱਚ ਰਾਮ ਦੀ ਈਸ਼ਵਰਤਾ ਉਪਰ ਵਿਸ਼ੇਸ਼ ਬਲ ਦਿੱਤਾ ਹੈ।

     ਰਾਮਚਰਿਤ ਮਾਨਸ ਇੱਕ ਵਿਸ਼ਾਲ ਗ੍ਰੰਥ ਹੈ। ਇਸ ਦੀ ਕਥਾ ਸੱਤ ਕਾਂਡਾਂ ਵਿੱਚ ਵੰਡੀ ਹੋਈ ਹੈ ਜਿਨ੍ਹਾਂ ਦੇ ਨਾਂ ਕ੍ਰਮਵਾਰ-ਬਾਲਕਾਂਡ, ਅਯੁੱਧਿਆ ਕਾਂਡ, ਅਰਣਯਕਾਂਡ, ਕਿਸ਼ਕਿੰਧਾ ਕਾਂਡ, ਸੁੰਦਰਕਾਂਡ, ਲੰਕਾ ਕਾਂਡ ਅਤੇ ਉੱਤਰ ਕਾਂਡ ਹਨ। ਇਸ ਕਥਾ ਦਾ ਮੁੱਖ ਵਕਤਾ ਅਤੇ ਸ੍ਰੋਤਾ ਚਾਰ-ਚਾਰ ਹਨ : ਸ਼ਿਵ-ਪਾਰਵਤੀ, ਕਾਕ-ਭੁਸ਼ੰਡੀ- ਗਰੁੜ, ਯਾਗਵਲਕ-ਭਾਰਦਵਾਜ ਰਿਸ਼ੀ, ਤੁਲਸੀਦਾਸ- ਸੰਤ ਸਨ। ਇਹ ਚਾਰੋ ਵਕਤਾ ਸ੍ਰੋਤਾ ਪੂਰੀ ਕਥਾ ਵਿੱਚ ਨਿਰੰਤਰ ਮੌਜੂਦ ਰਹਿੰਦੇ ਹਨ। ਇਹ ਆਪਸ ਵਿੱਚ ਏਨੇ ਘੁਲ-ਮਿਲ ਜਾਂਦੇ ਹਨ ਕਿ ਇਹਨਾਂ ਨੂੰ ਵੱਖਰੇ ਕਰਨਾ ਮੁਸ਼ਕਲ ਜਾਪਦਾ ਹੈ। ਇਸੇ ਲਈ ਕਵੀ ਢੁੱਕਵੇਂ ਥਾਂਵਾਂ ਤੇ ਇਹਨਾਂ ‘ਚਾਰ-ਘਾਟਾਂ’ ਤੇ ਚੱਲ ਰਹੀ ਕਥਾ ਸੰਬੰਧੀ ਜਾਣਕਾਰੀ ਦਿੰਦਾ ਰਹਿੰਦਾ ਹੈ।

     ਮੁੱਖ ਕਥਾ ਦੇ ਅਰੰਭ ਵਿੱਚ ਕਵੀ ਨੇ ਲੰਬੀ ਭੂਮਿਕਾ ਵਜੋਂ ਰਾਮ-ਨਾਮ, ਰਾਮ-ਕਥਾ ਅਤੇ ਸਤਿਸੰਗ ਦੀ ਮਹਿਮਾ ਬਿਆਨ ਕੀਤੀ ਹੈ ਅਤੇ ਵੱਖੋ-ਵੱਖਰੇ ਕਲਪਾਂ ਵਿੱਚ ਭਗਵਾਨ ਰਾਮ ਦੁਆਰਾ ਲਏ ਗਏ ਅਵਤਾਰਾਂ ਦਾ ਵਰਣਨ ਕੀਤਾ ਹੈ। ਫਿਰ ਰਾਵਣ ਦਾ ਆਪਣੇ ਕੁਨਬੇ ਸਹਿਤ ਜਨਮ ਅਤੇ ਰਾਜ-ਵਿਸਤਾਰ, ਰਾਵਣ ਦੇ ਦਾਨਵੀ ਕਾਰਨਾਮਿਆਂ ਕਾਰਨ ਧਰਤੀ ਉੱਤੇ ਕੁਹਰਾਮ ਮੱਚਣਾ, ਪ੍ਰਿਥਵੀ ਦੁਆਰਾ ਗਊ ਦਾ ਰੂਪ ਧਾਰਨ ਕਰ ਕੇ ਦੇਵਤਿਆਂ ਅੱਗੇ ਪੁਕਾਰ, ਦੇਵਤਿਆਂ ਦੀ ਪ੍ਰਾਰਥਨਾ ਮੰਨ ਕੇ ਭਗਵਾਨ ਦਾ ਧਰਤੀ ਉੱਤੇ ਅਵਤਾਰ ਧਾਰਨ ਕਰਨ ਦਾ ਵਚਨ, ਸ੍ਰੀ ਰਾਮ ਦਾ ਰਾਜਾ ਦਸਰਥ ਦੇ ਘਰ ਜਨਮ ਲੈਣਾ, ਦੂਸਰੇ ਰਾਜਕੁਮਾਰਾਂ ਦਾ ਜਨਮ, ਰਿਸ਼ੀ ਵਿਸ਼ਵਾਮਿਤਰ ਦੁਆਰਾ ਆਪਣੇ ਯੱਗ ਦੀ ਰੱਖਿਆ ਲਈ ਰਾਮ ਲਛਮਣ ਨੂੰ ਆਪਣੇ ਆਸ਼੍ਰਮ ਵਿੱਚ ਲੈ ਕੇ ਜਾਣਾ, ਦੋਹਾਂ ਰਾਜਕੁਮਾਰਾਂ ਦੁਆਰਾ ਰਾਖਸ਼ਾਂ ਦਾ ਨਾਸ ਅਤੇ ਯੱਗ ਦੀ ਸੰਪੂਰਨਤਾ, ਰਾਜਾ ਜਨਕ ਦੁਆਰਾ ਪੁੱਤਰੀ ਦਾ ਸਵੰਬਰ ਰਚਾਉਣ ਦਾ ਸਮਾਚਾਰ, ਰਿਸ਼ੀ ਸਮੇਤ ਰਾਮ ਅਤੇ ਲਛਮਣ ਦਾ ਜਨਕਪੁਰੀ ਪਹੁੰਚਣਾ, ਜਨਕ ਸਭਾ ਵਿੱਚ ਇਕੱਤਰ ਸਭ ਰਾਜਕੁਮਾਰਾਂ ਦੇ ਅਸਫਲ ਰਹਿਣ ਤੇ ਰਿਸ਼ੀ ਦੀ ਆਗਿਆ ਨਾਲ ਰਾਮ ਦੁਆਰਾ ਸ਼ਿਵ ਧਨੁਸ਼ ਨੂੰ ਤੋੜਨਾ, ਸੀਤਾ ਦਾ ਰਾਮ ਅਤੇ ਰਾਜਾ ਜਨਕ ਦੀਆਂ ਦੂਸਰੀਆਂ ਰਾਜ ਕੁਮਾਰੀਆਂ ਦਾ ਰਾਜਾ ਦਸਰਥ ਦੇ ਬਾਕੀ ਤਿੰਨਾਂ ਪੁੱਤਰੀਆਂ ਨਾਲ ਵਿਆਹ, ਰਾਜਾ ਦਸਰਥ ਦੁਆਰਾ ਰਾਮ ਨੂੰ ਯੁਵਰਾਜ ਬਣਾਉਣ ਦੀ ਤਿਆਰੀ, ਮੰਥਰਾ ਦੀ ਭੜਕਾਈ ਕੈਕੇਈ ਵੱਲੋਂ ਭਰਤ ਨੂੰ ਰਾਜ ਅਤੇ ਰਾਮ ਨੂੰ ਬਨਵਾਸ ਦਿੱਤੇ ਜਾਣ ਦੀ ਮੰਗ, ਸੀਤਾ ਅਤੇ ਲਛਮਣ ਸਹਿਤ ਰਾਮ ਦਾ ਬਨਵਾਸ ਜਾਣਾ, ਵਣ ਵਿੱਚ ਰਾਵਣ ਦੀ ਭੈਣ ਸਰੂਪਨਖਾ ਦੁਆਰਾ ਰਾਮ ਨੂੰ ਲੁਭਾਉਣ ਦਾ ਯਤਨ ਅਤੇ ਲਛਮਣ ਦੁਆਰਾ ਉਸ ਦਾ ਨੱਕ-ਵੱਢਣਾ, ਕ੍ਰੋਧ ਵਿੱਚ ਆਏ ਰਾਵਣ ਦੁਆਰਾ ਸੀਤਾ ਦਾ ਹਰਨ, ਸੀਤਾ ਦੀ ਤਲਾਸ਼ ਕਰਦਿਆਂ ਰਾਮ ਦਾ ਸੁਗ੍ਰੀਵ ਨਾਲ ਮੇਲ, ਬਾਲੀ-ਵਧ, ਹਨੂਮਾਨ ਦੁਆਰਾ ਸੀਤਾ ਦੀ ਖੋਜ, ਅੰਗਦ ਨੂੰ ਦੂਤ ਬਣਾ ਕੇ ਭੇਜਣਾ, ਸਮੁੰਦਰ ਉੱਤੇ ਸੇਤੂ ਦਾ ਨਿਰਮਾਣ, ਰਾਮ-ਰਾਵਣ ਦੀਆਂ ਸੈਨਾਵਾਂ ਵਿਚਕਾਰ ਯੁੱਧ ਅਤੇ ਰਾਵਣ ਦਾ ਪਰਿਵਾਰ ਸਹਿਤ ਅੰਤ, ਰਾਮ ਵੱਲੋਂ ਭਵੀਸ਼ਣ ਦਾ ਰਾਜ ਤਿਲਕ ਅਤੇ ਅਜੁੱਧਿਆ ਵਾਪਸੀ। ਅਜੁੱਧਿਆ ਪਰਤਣ ਤੇ ਰਾਮ ਦਾ ਰਾਜ ਸਿੰਘਾਸਣ ਤੇ ਬੈਠਣਾ ਅਤੇ ਰਾਮ ਰਾਜ ਦੀ ਮਹਿਮਾ। ਅਖੀਰ ਵਿੱਚ ਤਿੰਨ ਵਕਤਾ-ਸ੍ਰੋਤਿਆਂ ਵਿਚਕਾਰ ਸੰਵਾਦ ਦਾ ਉਪਸੰਹਾਰ ਹੁੰਦਾ ਹੈ। ਗਰੁੜ ਅਤੇ ਪਾਰਵਤੀ ਰਾਮ- ਅਵਤਾਰ ਦੇ ਬਾਰੇ ਵਿੱਚ ਆਪਣਾ ਭਰਮ ਦੂਰ ਹੋ ਜਾਣ ਦੀ ਗੱਲ ਸਵੀਕਾਰ ਕਰਦੇ ਹਨ।

     ਰਾਮਚਰਿਤ ਮਾਨਸ ਵਿਚਲੀ ਕਥਾ ਯੋਜਨਾ ਇੱਕ ਵਿਸ਼ੇਸ਼ ਆਸ਼ੇ ਨੂੰ ਸਾਮ੍ਹਣੇ ਰੱਖ ਕੇ ਤੁਰਦੀ ਹੈ। ਕਵੀ ਨੇ ਕਥਾ ਦੇ ਅਰੰਭ ਵਿੱਚ ਹੀ ਇਹ ਗੱਲ ਕਹੀ ਹੈ ਕਿ ਕਵਿਤਾ ਅਤੇ ਸੰਪਤੀ ਉਹੀ ਉੱਤਮ ਹੁੰਦੀ ਹੈ ਜੋ ਗੰਗਾ ਦੇ ਸਮਾਨ ਸਭ ਲਈ ਹਿਤਕਾਰੀ ਹੋਵੇ। ਸੋ ਸਰਬੱਤ ਦਾ ਭਲਾ ਜਾਂ ਲੋਕ ਮੰਗਲ ਕਵੀ ਦਾ ਮੁੱਖ ਮਨੋਰਥ ਹੈ। ਇਸ ਗ੍ਰੰਥ ਵਿੱਚ ਇਸ ਤੱਥ ਨੂੰ ਉਜਾਗਰ ਕੀਤਾ ਗਿਆ ਹੈ ਕਿ ਸੰਸਾਰ ਵਿੱਚ ਨੇਕੀ ਅਤੇ ਬਦੀ ਦਾ ਸੰਘਰਸ਼ ਮੁੱਢ-ਕਦੀਮ ਤੋਂ ਤੁਰਿਆ ਆ ਰਿਹਾ ਹੈ ਅਤੇ ਅੰਤ ਜਿੱਤ ਸਚਾਈ ਦੀ ਹੁੰਦੀ ਹੈ। ਕੂੜ-ਕਪਾਟ ਦੇ ਮਹੱਲ ਅੰਤ ਵਿੱਚ ਢਹਿ-ਢੇਰੀ ਹੋ ਜਾਂਦੇ ਹਨ। ਕਵੀ ਵੱਲੋਂ ਮਰਯਾਦਾ ਅਤੇ ਆਦਰਸ਼ ਨੂੰ ਦ੍ਰਿੜ੍ਹ ਕਰਵਾਉਣ ਤੇ ਵਿਸ਼ੇਸ਼ ਬਲ ਦਿੱਤਾ ਗਿਆ ਹੈ। ‘ਮਾਨਸ’ ਦੇ ਪਾਤਰ ਦੇਸ ਕਾਲ ਦੀਆਂ ਸੀਮਾਵਾਂ ਤੋਂ ਪਰੇ ਇੱਕ ਆਦਰਸ਼ ਮਨੁੱਖੀ ਸਮਾਜ ਦੇ ਨਕਸ਼ ਉਜਾਗਰ ਕਰਦੇ ਹਨ। ਇਸ ਵਿੱਚ ਇੱਕ ਆਦਰਸ਼ ਪੁੱਤਰ, ਆਦਰਸ਼ ਭਰਾ, ਆਦਰਸ਼ ਪਤੀ, ਆਦਰਸ਼ ਪਤਨੀ, ਆਦਰਸ਼ ਮਿੱਤਰ, ਆਦਰਸ਼ ਸੇਵਕ ਅਤੇ ਆਦਰਸ਼ ਰਾਜਾ ਦੀਆਂ ਮਿਸਾਲਾਂ ਦੇ ਰੂਪ ਵਿੱਚ ਪਾਤਰਾਂ ਦੀ ਉਸਾਰੀ ਕੀਤੀ ਗਈ ਹੈ ਅਤੇ ਦਰਸਾਇਆ ਗਿਆ ਹੈ ਕਿ ਕਿਵੇਂ ਜੀਵਨ ਦੇ ਕਿਸੇ ਵੀ ਉਤਰਾਅ-ਚੜ੍ਹਾਅ ਵਿੱਚ ਸਭ ਨੂੰ ਆਪਣੇ ਫ਼ਰਜ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਰਾਮ ਰਾਜ ਦਾ ਵਰਣਨ ਕਰਦਿਆਂ ਤੁਲਸੀਦਾਸ ਨੇ ਇੱਕ ਆਦਰਸ਼ ਸ਼ਾਸਨ- ਵਿਵਸਥਾ ਦੀ ਰੂਪ-ਰੇਖਾ ਉਲੀਕੀ ਹੈ। ਉਸ ਨੇ ਅਜਿਹੇ ਨਿਆਂ ਆਧਾਰਿਤ ਰਾਜ-ਪ੍ਰਬੰਧ ਦਾ ਸੁਪਨਾ ਲਿਆ ਹੈ ਜਿਸ ਵਿੱਚ ਸਭ ਸੁੱਖੀ, ਨਿਰੋਗ ਅਤੇ ਸੰਪੰਨ ਹੋਣ ਅਤੇ ਕਿਸੇ ਨੂੰ ਸੁਪਨੇ ਵਿੱਚ ਵੀ ਦੁੱਖ-ਤਕਲੀਫ਼ ਦਾ ਸਾਮ੍ਹਣਾ ਨਾ ਕਰਨਾ ਪਵੇ। ਰਾਜਾ ਆਪਣੀ ਪਰਜਾ ਨੂੰ ਸੰਤਾਨ ਵਾਂਗ ਪਾਲਦਾ ਹੋਵੇ, ਪਰਸਪਰ ਵੈਰ-ਵਿਰੋਧ ਦਾ ਕਿਧਰੇ ਨਾਂ ਨਿਸ਼ਾਨ ਨਾ ਹੋਵੇ ਅਤੇ ਸਭ ਲੋਕ ਆਪਣੇ ਫ਼ਰਜ਼ ਨਿਭਾਉਂਦਿਆਂ ਮਰਯਾਦਾ ਅਤੇ ਅਨੁਸ਼ਾਸਨ ਭਰੀ ਜ਼ਿੰਦਗੀ ਬਤੀਤ ਕਰਨ। ਤੁਲਸੀਦਾਸ ਨੇ ਅਜਿਹੇ ਰਾਜ-ਪ੍ਰਬੰਧ ਨੂੰ ਤਿਰਸਕਾਰਿਆ ਹੈ ਜਿਸ ਵਿੱਚ ਜਨਤਾ ਦੁਖੀ ਹੋਵੇ :

ਜਾਸੁ ਰਾਜ ਪ੍ਰਿਅ ਪ੍ਰਜਾ ਦੁਖਾਰੀ।

          ਸੋ ਨ੍ਰਿਪ ਹੋਏ ਨਰਕ ਅਧਿਕਾਰੀ।

     ਰਾਮ ਰਾਜ ਦੇ ਸੰਕਲਪ ਨੇ ਭਾਰਤੀ ਮਾਨਸਿਕਤਾ ਨੂੰ ਏਨਾ ਮੋਹਿਆ ਸੀ ਕਿ ਅਜ਼ਾਦੀ ਤੋਂ ਪਹਿਲਾਂ ਸਾਡੇ ਰਾਸ਼ਟਰੀ ਨੇਤਾਵਾਂ ਨੇ ਭਾਰਤ ਵਿੱਚ ਰਾਮ ਰਾਜ ਸਥਾਪਿਤ ਕਰਨ ਦਾ ਸੁਪਨਾ ਲਿਆ ਸੀ।

     ਰਾਮ ਚਰਿਤ ਮਾਨਸ ਵਿੱਚ ਮਨੁੱਖ ਦੇ ਵਿਅਕਤੀਗਤ ਚਰਿੱਤਰ ਨਿਰਮਾਣ ਉਪਰ ਵੀ ਜ਼ੋਰ ਦਿੱਤਾ ਗਿਆ ਹੈ। ਉਂਞ ਤਾਂ ਪੂਰੇ ਗ੍ਰੰਥ ਵਿੱਚ ਹੀ ਨਿੱਜੀ ਤੌਰ ਤੇ ਗੁਣ-ਸੰਗ੍ਰਹਿ ਕਰਨ ਦੀ ਪ੍ਰੇਰਨਾ ਮੌਜੂਦ ਹੈ ਪਰੰਤੂ ਲੰਕਾ ਕਾਂਡ ਵਿਚਲਾ ਵਿਜੈ-ਰਥ ਵਰਣਨ ਵਿਸ਼ੇਸ਼ ਜ਼ਿਕਰ ਦੀ ਮੰਗ ਕਰਦਾ ਹੈ। ਇਸ ਪ੍ਰਸੰਗ ਵਿੱਚ ਤੁਲਸੀਦਾਸ ਨੇ ਮਨੁੱਖੀ ਕਿਰਦਾਰ ਅੰਦਰ ਅਜਿਹੇ ਗੁਣਾਂ ਦੀ ਸ਼ਮੂਲੀਅਤ ਦਾ ਸੁੰਦਰ ਰੂਪਕ ਬੰਨ੍ਹਿਆ ਹੈ ਜਿਨ੍ਹਾਂ ਨੂੰ ਧਾਰਨ ਕਰ ਕੇ ਆਦਮੀ ਜ਼ਿੰਦਗੀ ਦੇ ਹਰ ਮੈਦਾਨ ਵਿੱਚ ਫ਼ਤਿਹ ਹਾਸਲ ਕਰ ਸਕਦਾ ਹੈ।

     ਤੁਲਸੀਦਾਸ ਨੇ ਆਪਣੇ ਸਮੇਂ ਦੇ ਹਿੰਦੂ ਸਮਾਜ ਵਿੱਚ ਵਿਆਪਕ ਪੈਮਾਨੇ ਤੇ ਫੈਲੇ ਹੋਏ ਭੇਦ-ਭਾਵ ਅਤੇ ਮਤਵਾਦ ਤੋਂ ਛੁਟਕਾਰੇ ਦੀ ਰਾਹ ਰਾਮਚਰਿਤ ਮਾਨਸ ਵਿੱਚ ਦਿਖਾਈ ਹੈ। ਕਵੀ ਨੇ ਸਮਾਜ ਨੂੰ ਖੇਰੂੰ-ਖੇਰੂੰ ਹੋਣ ਤੋਂ ਬਚਾਉਣ ਲਈ ਸਮਨਵੈ (ਮੇਲ-ਮਿਲਾਪ) ਦਾ ਨਾਹਰਾ ਬੁਲੰਦ ਕੀਤਾ ਹੈ। ‘ਮਾਨਸ’ ਵਿੱਚ ਧਾਰਮਿਕ, ਸਮਾਜਿਕ, ਦਾਰਸ਼ਨਿਕ ਅਤੇ ਉਪਾਸਨਾ ਪੱਧਤੀ ਤੇ ਆਧਾਰਿਤ ਹਰ ਤਰ੍ਹਾਂ ਦੇ ਮੱਤ-ਭੇਦ ਅਤੇ ਦੂਰੀਆਂ ਨੂੰ ਮਿਟਾਉਣ ਦੀ ਕੋਸ਼ਿਸ਼ ਸਪਸ਼ਟ ਨਜ਼ਰ ਆਉਂਦੀ ਹੈ।

     ਇਸ ਗ੍ਰੰਥ ਦੀ ਸਭ ਤੋਂ ਵੱਡੀ ਖ਼ੂਬੀ ਬਿਆਨ ਦੀ ਸਹਿਜ-ਸਾਦਗੀ ਅਤੇ ਦਿਲ ਨੂੰ ਛੋਹ ਲੈਣ ਦੀ ਸ਼ਕਤੀ ਹੈ। ਇਸੇ ਲਈ ਇਹ ਗ੍ਰੰਥ ਇੱਕ ਪਾਸੇ ਵਿਦਵਾਨਾਂ ਲਈ ਖਿੱਚ ਦਾ ਕੇਂਦਰ ਬਣਿਆ ਹੈ ਅਤੇ ਦੂਜੇ ਬੰਨੇ ਸਧਾਰਨ ਜਨਤਾ ਦੇ ਦਿਲਾਂ ਵਿੱਚ ਵੀ ਵਸਿਆ ਹੋਇਆ ਹੈ। ਹਿੰਦੀ- ਭਾਸ਼ਾ ਪ੍ਰਦੇਸ਼ਾਂ ਦੇ ਮਾਮੂਲੀ ਪੜ੍ਹੇ-ਲਿਖੇ ਜਾਂ ਅਨਪੜ੍ਹ ਲੋਕ ਵੀ ‘ਮਾਨਸ’ ਦੀਆਂ ਦਰਜਨਾਂ ਚੌਪਈਆਂ ਜ਼ਬਾਨੀ ਸੁਣਾ ਦਿੰਦੇ ਹਨ। ਗੂੜ੍ਹ ਦਾਰਸ਼ਨਿਕ ਅਤੇ ਅਧਿਆਤਮਿਕ ਤੱਥਾਂ ਨੂੰ ਵੀ ਤੁਲਸੀਦਾਸ ਨੇ ਸਹਿਜ-ਸਰਲ ਭਾਸ਼ਾ ਵਿੱਚ ਬਿਆਨ ਕੀਤਾ ਹੈ।

     ਇਸ ਗ੍ਰੰਥ ਦਾ ਇੱਕ ਹੋਰ ਮੀਰੀ ਗੁਣ ਇਸ ਵਿਚਲਾ ਨਾਟਕੀ ਤੱਤ ਹੈ। ਕਥਾ ਵਿੱਚ ਆਏ ਅਨੇਕ ਸੰਵਾਦ ਜਿਵੇਂ ਕਿ ਪਰਸ਼ੂਰਾਮ-ਲਛਮਣ ਸੰਵਾਦ, ਮੰਥਰਾ-ਕੈਕਈ ਸੰਵਾਦ, ਅੰਗਦ-ਰਾਵਣ ਸੰਵਾਦ ਆਦਿ ਜਿੱਥੇ ਕਥਾ ਅੰਦਰ ਰੋਚਕਤਾ ਪੈਦਾ ਕਰਦੇ ਹਨ ਉੱਥੇ ਪ੍ਰਸੰਗ ਵਿੱਚ ਵੀ ਨਵੀਂ ਜਾਨ ਪਾ ਦਿੰਦੇ ਹਨ। ‘ਮਾਨਸ’ ਵਿਚਲੀ ਪਾਤਰ ਉਸਾਰੀ ਕਮਾਲ ਦੀ ਹੈ। ਕਵੀ ਨੇ ਪਾਤਰ ਚਿਤਰਨ ਵਿੱਚ ਬੜੀ ਸੰਤੁਲਿਤ ਪਹੁੰਚ ਅਪਣਾਈ ਹੈ ਅਤੇ ਕਿਤੇ-ਕਿਤੇ ਤਾਂ ਸਿਰਫ਼ ਬੁਰਸ਼ ਛੋਹਾਂ ਦੇ ਕੇ ਹੀ ਪਾਤਰ ਦੀ ਪਹਿਚਾਣ ਸਪਸ਼ਟ ਕਰ ਦਿੱਤੀ ਹੈ। ਮਨੁੱਖੀ ਹਿਰਦੇ ਦੀਆਂ ਭਾਵਨਾਵਾਂ ਨੂੰ ਬੜੀ ਖ਼ੂਬਸੂਰਤੀ ਨਾਲ ਚਿਤਰਿਆ ਹੈ। ਆਪਣੇ ਕਾਵਿਕ ਗੁਣਾਂ ਕਰ ਕੇ ਰਾਮਚਰਿਤ ਮਾਨਸ ਸਾਹਿਤ ਦੇ ਕਲਾਸਿਕ ਗ੍ਰੰਥਾਂ ਵਿੱਚ ਸੁਮਾਰ ਹੋਇਆ ਹੈ। ਤੁਲਸੀ ਦਾਸ ਕੇਵਲ ਸੰਤ-ਸ਼ਿਰੋਮਣੀ ਹੀ ਨਹੀਂ ਸਗੋਂ ਕਾਵਿ-ਸ਼ਾਸਤਰ ਦਾ ਵੀ ਉੱਚ-ਕੋਟੀ ਦਾ ਗਿਆਤਾ ਸੀ। ਮਾਨਸ ਵਿਚਲਾ ਕਾਵਿ-ਕੌਸ਼ਲ ਉਸ ਦੀ ਮਹਾਨ ਕਾਵਿ- ਪ੍ਰਤਿਭਾ ਦਾ ਸਬੂਤ ਹੈ। ਭਾਵ ਦੇ ਅਨੁਕੂਲ ਸਾਹਿਤਿਕ ਭਾਸ਼ਾ ਦੇ ਪ੍ਰਯੋਗ, ਅਲੰਕਾਰਾਂ ਨਾਲ ਸ਼ਿੰਗਾਰੀ ਸੁੰਦਰ ਰਸਮਈ ਪਦਾਵਲੀ, ਵਿਵਿਧ ਰਸਾਂ ਦਾ ਸੁਮੇਲ, ਦੋਸ਼ ਰਹਿਤ ਛੰਦ-ਪ੍ਰਬੰਧ, ਗੱਲ ਕੀ ਹਰ ਪੱਖ ਤੋਂ ਸ੍ਰੇਸ਼ਠ ਕਾਵਿ-ਗੁਣਾਂ ਨਾਲ ਭਰਪੂਰ ਹੋਣ ਕਾਰਨ ਰਾਮਚਰਿਤ ਮਾਨਸ ਪ੍ਰਵਰਤੀ ਕਾਲ ਦੇ ਕਵੀਆਂ ਲਈ ਇੱਕ ਮਿਸਾਲ ਬਣਿਆ ਰਿਹਾ ਹੈ। ਇਹ ਗ੍ਰੰਥ ਸਭ ਸਮਿਆਂ ਲਈ ਹਿੰਦੀ ਸਾਹਿਤ ਦੀ ਵਿਸ਼ੇਸ਼ ਪ੍ਰਾਪਤੀ ਕਿਹਾ ਜਾ ਸਕਦਾ ਹੈ ਅਤੇ ਇਸ ਦੇ ਆਪਣੇ ਰਚੇਤਾ ਨੂੰ ‘ਲੋਕਨਾਇਕ’ ਦਾ ਰੁਤਬਾ ਦਿਵਾਇਆ ਹੈ।


ਲੇਖਕ : ਮੱਖਣ ਲਾਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2828, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.