ਰੁਦ੍ਰ ਅਵਤਾਰ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਰੁਦ੍ਰ ਅਵਤਾਰ: ‘ਦਸਮ ਗ੍ਰੰਥ ’ ਵਿਚ ‘ਚੌਬੀਸਾਵਤਾਰ ’ ਤੋਂ ਬਾਦ ‘ਉਪਾਵਤਾਰ’ ਪ੍ਰਸੰਗ ਸੰਕਲਿਤ ਹੈ। ਉਪਾਵਤਾਰ ਦੀਆਂ ਦੋ ਪਰੰਪਰਾਵਾਂ ਹਨ, ਇਕ ਬ੍ਰਹਮਾ ਦੀ ਅਤੇ ਦੂਜੀ ਰੁਦ੍ਰ ਦੀ। ਬ੍ਰਹਮਾ ਵਾਂਗ ਰੁਦ੍ਰ ਨੇ ਵੀ ਅਵਤਾਰ ਧਾਰਣ ਕੀਤੇ। ਬਾਕੀ ਅਵਤਾਰ ਪ੍ਰਸੰਗਾਂ ਵਿਚ ਇਹ ਸੂਚਨਾ ਦਿੱਤੀ ਮਿਲ ਜਾਂਦੀ ਹੈ ਕਿ ਉਸ ਅਵਤਾਰ ਪਰੰਪਰਾ ਦੇ ਕਿਤਨੇ ਰੂਪ ਹਨ, ਜਿਵੇਂ ਵਿਸ਼ਣੂ ਦੇ ਚੌਬੀਸ ਅਵਤਾਰ ਲਿਖੇ ਗਏ ਹਨ ਅਤੇ ਬ੍ਰਹਮਾ ਦੇ ਸੱਤ। ਰੁਦ੍ਰ ਦੇ ਕੇਵਲ ਦੋ ਅਵਤਾਰ ਚਿਤਰਿਤ ਹਨ—ਦੱਤਾਤ੍ਰੇਯ ਅਤੇ ਪਾਰਸ ਨਾਥ। ਇਹ ਕਿਤੇ ਲਿਖਿਆ ਨਹੀਂ ਕਿ ਰੁਦ੍ਰ ਦੇ ਕਿਤਨੇ ਉਪ-ਅਵਤਾਰੀ ਰੂਪ ਹਨ। ਪਾਰਸ ਨਾਥ ਦੇ ਅੰਤ’ਤੇ ਕੋਈ ਸਮਾਪਨ ਸੂਚਕ ਉਕਤੀ ਵੀ ਨਹੀਂ ਹੈ, ਜਿਸ ਤੋਂ ਇਹ ਪਤਾ ਲਗ ਸਕੇ ਕਿ ਇਹ ਅਵਤਾਰ ਕਥਾ ਸਮਾਪਤ ਹੋ ਗਈ ਹੈ। ਇਸ ਪ੍ਰਕਾਰ ਦਾ ਕੋਈ ਉਲੇਖ ਪਾਠ ਦੇ ਵਿਚ ਵੀ ਨਹੀਂ ਹੋਇਆ ਕਿ ਇਹ ਪ੍ਰਸੰਗ ਕਿਥੇ ਸਮਾਪਤ ਹੁੰਦਾ ਹੈ। ਫਲਸਰੂਪ ਇਸ ਅਵਤਾਰ ਪ੍ਰਸੰਗ ਦੇ ਅਪੂਰਣ ਹੋਣ ਦਾ ਸੰਦੇਹ ਬਣਿਆ ਰਹਿੰਦਾ ਹੈ।
ਰੁਦ੍ਰ ਦੇ ਅਵਤਾਰ ਧਾਰਣ ਕਰਨ ਦਾ ਕਾਰਣ ਬ੍ਰਹਮਾ ਦੇ ਕਾਰਣ ਨਾਲ ਮੇਲ ਖਾਂਦਾ ਹੈ। ਅਧਿਕ ਯੋਗ ਸਾਧਨਾ ਕਰਨ ਕਰਕੇ ਰੁਦ੍ਰ ਨੂੰ ਹੰਕਾਰ ਹੋ ਗਿਆ। ਉਹ ਆਪਣੇ ਆਪ ਨੂੰ ਸਰਬ ਸ੍ਰੇਸ਼ਠ ਮੰਨਣ ਲਗ ਗਿਆ। ਉਸ ਦੇ ਹੰਕਾਰ ਕਾਰਣ ‘ਕਾਲ ਪੁਰਖ ’ ਨਾਰਾਜ਼ ਹੋ ਗਿਆ। ਉਸ ਨੇ ਦਸਿਆ ਕਿ ਜੋ ਲੋਕ ਹੰਕਾਰ ਕਰਦੇ ਹਨ, ਉਨ੍ਹਾਂ ਦੀ ਸਥਿਤੀ ਖੂਹ ਵਿਚ ਡਿਗਣ ਵਰਗੀ ਹੁੰਦੀ ਹੈ। ਇਸ ਲਈ ਰੁਦ੍ਰ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ‘ਕਾਲ ਪੁਰਖ’ ਨੇ ਅਗੇ ਦਸਿਆ ਕਿ ਬ੍ਰਹਮਾ ਨੇ ਗਰਬ ਕੀਤਾ ਤਾਂ ਉਸ ਨੂੰ ਸੱਤ ਅਵਤਾਰ ਧਾਰਣ ਕਰਨੇ ਪਏ ਤਦ ਜਾ ਕੇ ਗੱਲ ਬਣੀ (4)। ਰੁਦ੍ਰ ਨੇ ‘ਕਾਲ ਪੁਰਖ’ ਦੀ ਆਗਿਆ ਮੰਨ ਲਈ ਅਤੇ ਅਵਤਾਰ ਧਾਰਣ ਕੀਤੇ।
ਛੇ ਛੰਦਾਂ ਦੀ ਪ੍ਰਸਤਾਵਨਾ ਤੋਂ ਬਾਦ ਦੱਤਾਤ੍ਰੇਯ ਦਾ ਅਵਤਾਰ ਪ੍ਰਸੰਗ ਸ਼ੁਰੂ ਹੁੰਦਾ ਹੈ ਅਤੇ ਛੰਦਾਂਕ 498 ਉਤੇ ਖ਼ਤਮ ਹੁੰਦਾ ਹੈ। ਉਥੇ ਇਸ ਪ੍ਰਸੰਗ ਦੀ ਸਮਾਪਤੀ ਅਤੇ ‘ਬਚਿਤ੍ਰ ਨਾਟਕ ’ ਨਾਲ ਇਸ ਦੇ ਸੰਬੰਧਿਤ ਹੋਣ ਦੀ ਸੂਚਕ ਪੁਸ਼ਪਿਕਾ ਮਿਲਦੀ ਹੈ। ਇਸ ਪ੍ਰਸੰਗ ਵਿਚ ਛੇਵੇਂ ਛੰਦ ਤੋਂ ਅਗੇ ਲਿਖਿਆ ਹੈ ਕਿ ਅਤ੍ਰਿ ਮੁਨੀ ਨੇ ਰੁਦ੍ਰ ਦੀ ਆਰਾਧਨਾ ਕੀਤੀ। ਰੁਦ੍ਰ ਨੇ ਪ੍ਰਸੰਨ ਹੋ ਕੇ ਵਰ ਮੰਗਣ ਲਈ ਕਿਹਾ। ਮੁਨੀ ਨੇ ਰੁਦ੍ਰ ਵਰਗੇ ਪੁੱਤਰ ਦੀ ਕਾਮਨਾ ਕੀਤੀ। ਰੁਦ੍ਰ ਨੇ ਵਰ ਪ੍ਰਦਾਨ ਕੀਤਾ। ਅਤ੍ਰਿ ਮੁਨੀ ਨੇ ਘਰ ਆ ਕੇ ਅਨੁਸੂਯਾ ਨਾਂ ਦੀ ਗੁਣਵੰਤੀ ਇਸਤਰੀ ਨਾਲ ਵਿਆਹ ਕੀਤਾ ਜਿਸ ਤੋਂ ਦੱਤਾਤ੍ਰੇਯ ਨਾਂ ਦਾ ਪੁੱਤਰ ਜੰਮਿਆ। ਇਹ ਅਵਧੂਤ ਦੱਤ ਵੇਦ-ਪਾਠੀ ਅਤੇ ਸ਼ਾਸਤ੍ਰਾਂ ਦਾ ਗਿਆਤਾ ਸੀ। ਇਹ ਸੰਨਿਆਸ ਅਤੇ ਯੋਗ ਦੇ ਮੋਢੀ ਅਤੇ ਅਜਿਤ ਰੁਦ੍ਰ ਦੇ ਅਵਤਾਰ ਵਜੋਂ ਪ੍ਰਸਿੱਧ ਹੋਇਆ। ‘ਕਾਲ ਦੇਵ ’ ਦੀ ਆਗਿਆ ਨਾਲ ਇਹ ਗੁਰੂ ਦੀ ਭਾਲ ਵਿਚ ਨਿਕਲਿਆ ਅਤੇ ਇਕ ਕਰੋੜ ਵਰ੍ਹੇ ਘੋਰ ਤਪਸਿਆ ਕਰਨ ਦੇ ਫਲਸਰੂਪ ਇਸ ਨੇ 24 ਗੁਰੂ ਧਾਰਣ ਕੀਤੇ। ਇਸ ਤੋਂ ਬਾਦ ਦੱਤਾਤ੍ਰੇਯ ਪਰਮ ਪੁਰਖ ਦੀ ਉਪਾਸਨਾ ਨਾਲ ਸੁਮੇਰ ਪਰਬਤ ਉਤੇ ਚਲਿਆ ਗਿਆ। ਉਸ ਨੇ ਬਹੁਤ ਸਮੇਂ ਤਕ ਤਪ ਕੀਤਾ ਅਤੇ ਉਥੇ ਹੀ ਪ੍ਰਾਣਾਂ ਦਾ ਤਿਆਗ ਕੀਤਾ।
ਦੱਤਾਤ੍ਰੇਯ ਨੇ ਜਿਨ੍ਹਾਂ ਜਿਨ੍ਹਾਂ ਨੂੰ ਗੁਰੂ ਧਾਰਣ ਕੀਤਾ, ਉਸ ਦਾ ਮੁੱਖ ਉਦੇਸ਼ ਉਨ੍ਹਾਂ ਵਸਤੂਆਂ/ਵਿਅਕਤੀਆਂ ਦੀ ਆਪਣੇ ਕੰਮ ਵਿਚ ਮਗਨਤਾ ਹੈ। ਪ੍ਰਸਤੁਤ ਪ੍ਰਸੰਗ ਅਨੁਸਾਰ ਭਾਰਤੀ ਸਾਹਿਤ ਵਿਚ ਕਿਤੇ ਕੋਈ ਰੁਦ੍ਰ ਅਵਤਾਰ ਪਰੰਪਰਾ ਦੀ ਕਲਪਨਾ ਨਹੀਂ ਹੋਈ। ਇਸ ਵਿਚ ਕੁਲ 498 ਛੰਦ ਲਿਖੇ ਗਏ ਹਨ ਜਿਨ੍ਹਾਂ ਵਿਚ ਵੀਹ ਕਿਸਮਾਂ ਨੂੰ ਵਰਤਿਆ ਗਿਆ ਹੈ। ਇਸ ਦੇ ਸ਼ੁਰੂ ਵਿਚ, ਅਕਾਲ ਗੁਰੂ ਧਾਰਣ ਕਰਨ ਤਕ, ਦੱਤਾਤ੍ਰੇਯ ਦੇ ਮੁੱਢਲੇ ਜੀਵਨ ਉਤੇ ਵਿਸਥਾਰ ਸਹਿਤ ਪ੍ਰਕਾਸ਼ ਪਾਇਆ ਗਿਆ ਹੈ। ਇਸ ਰਚਨਾ ਦੀ ਭਾਸ਼ਾ ਬ੍ਰਜ ਹੈ ਅਤੇ ਫ਼ਾਰਸੀ , ਪੰਜਾਬੀ , ਅਵਧੀ ਆਦਿ ਭਾਸ਼ਾਵਾਂ ਦਾ ਪ੍ਰਭਾਵ ਵੀ ਵੇਖਿਆ ਜਾ ਸਕਦਾ ਹੈ।
ਕੁਲ 358 ਛੰਦਾਂ ਦੀ ਦੂਜੀ ਰਚਨਾ ਵਿਚ ਪਾਰਸ ਨਾਥ ਦੀ ਅਵਤਾਰ-ਕਥਾ ਦਾ ਵਰਣਨ ਹੈ ਜੋ ਰੁਦ੍ਰ ਦੇ ਦੂਜੇ ਅਵਤਾਰ ਵਜੋਂ ਚਿਤਰਿਆ ਗਿਆ ਹੈ। ਇਸ ਅਵਤਾਰ ਦੀਆਂ ਪ੍ਰਮੁਖ ਘਟਨਾਵਾਂ ਇਸ ਪ੍ਰਕਾਰ ਹਨ—ਦੱਤਾਤ੍ਰੇਯ ਤੋਂ ਬਾਦ ਇਕ ਲੱਖ ਦਸ ਵਰ੍ਹੇ ‘ਯੋਗ ਦਾ ਭੇਖ ’ ਜਾਰੀ ਰਿਹਾ। ਯਾਰ੍ਹਵੇਂ ਵਰ੍ਹੇ ਰੋਹ ਪ੍ਰਦੇਸ਼ ਵਿਚ ਪਾਰਸ ਨਾਥ ਦਾ ਅਵਤਾਰ ਹੋਇਆ। ਰੋਹ ਪ੍ਰਦੇਸ਼ ਦੇ ਰਾਜਾ ਨੇ ਪਾਰਸ ਨਾਥ ਤੋਂ ਪ੍ਰਭਾਵਿਤ ਹੋ ਕੇ ਆਪਣੀ ਪੁੱਤਰੀ ਦਾ ਵਿਆਹ ਉਸ ਨਾਲ ਕਰ ਦਿੱਤਾ। ਪਾਰਸ ਨਾਥ ਨੇ ਤਪਸਿਆ ਕਰਕੇ ਦੇਵੀ ਤੋਂ ਦੈਵੀ ਸ਼ਸਤ੍ਰ ਪ੍ਰਾਪਤ ਕੀਤਾ ਅਤੇ ਇਕ ਵੇਦ-ਵਿਦਿਆ ਯੱਗ ਕੀਤਾ। ਦੇਵੀ ਦੇ ਵਰਦਾਨ ਕਾਰਣ ਉਸ ਨੂੰ ਸਾਰੀਆਂ ਵਿਦਿਆਵਾਂ ਦਾ ਗਿਆਨ ਅਤੇ ਚਕ੍ਰਵਰਤੀ ਪਦ ਪ੍ਰਾਪਤ ਹੋਇਆ। ਪਾਰਸ ਨਾਥ ਨੇ ਦੱਤ ਦੇ ਅਨੁਯਾਈਆਂ ਨੂੰ ਘੋਰ ਯੁੱਧ ਕਰਨ ਤੋਂ ਬਾਦ ਹਰਾ ਕੇ ਆਪਣੇ ਧਰਮ ਦਾ ਪ੍ਰਚਾਰ ਕੀਤਾ। ਉਸ ਦੋਂ ਬਾਦ ਪਾਰਸ ਨਾਥ ਨੇ ਭੂਪ-ਮੇਧ ਯੱਗ ਕੀਤਾ, ਮਛਿੰਦ੍ਰ ਨਾਥ ਬ੍ਰਹਮ ਗਿਆਨੀ ਨੂੰ ਮੱਛ ਦੇ ਪੇਟ ਵਿਚੋਂ ਕਢਣ ਦਾ ਯਤਨ ਕੀਤਾ, ਅੰਤ ਵਿਚ ਗਿਆਨ ਦੇ ਜਾਲ ਨਾਲ ਉਸ ਮੱਛ ਨੂੰ ਪਕੜਿਆ ਅਤੇ ਵਿਵੇਕ ਦੇ ਛੁਰੇ ਨਾਲ ਉਸ ਦਾ ਪੇਟ ਚੀਰਿਆ ਅਤੇ ਸਮਾਧੀ ਵਿਚ ਬੈਠੇ ਮਛਿੰਦ੍ਰ ਨੂੰ ਬਾਹਰ ਕਢਿਆ। ਗਿਆਨ ਚਰਚਾ ਹੋਣ’ਤੇ ਮਛਿੰਦ੍ਰ ਨੇ ਅਵਿਵੇਕ ਅਤੇ ਵਿਵੇਕ ਦੇ ਸੈਨਾ-ਨਾਇਕਾਂ ਦਾ ਵਿਸਥਾਰ ਸਹਿਤ ਵਰਣਨ ਕੀਤਾ। ਅਵਿਵੇਕ ਦੇ ਸੈਨਾ-ਨਾਇਕਾਂ ਵਿਚੋਂ ਕੁਝ ਪ੍ਰਮੁਖ ਇਹ ਹਨ—ਕਾਮਦੇਵ, ਮਦ , ਗੁਮਾਨ, ਅਪਮਾਨ , ਅਨਰਥ, ਨਿੰਦਾ, ਕਪਟ , ਲੋਭ , ਮੋਹ , ਹੰਕਾਰ, ਕ੍ਰੋਧ , ਦ੍ਰੋਹ, ਸੰਦੇਹ, ਝੂਠ , ਚਿੰਤਾ , ਸ਼ੰਕਾ, ਅਸੰਤੋਸ਼, ਹਿੰਸਾ , ਚੋਰੀ , ਵਿਭਚਾਰ , ਮਿੱਤਰਦ੍ਰੋਹ, ਰਾਜਦ੍ਰੋਹ, ਈਰਖਾ , ਉਚਾਟ, ਘਾਟ , ਖੇਦ ਆਦਿ। ਇਹ ਅਸਲ ਵਿਚ ਸਭ ਬੁਰਾਈਆਂ ਹਨ ਜੋ ਮਨੁੱਖ ਨੂੰ ਆਪਣੇ ਪ੍ਰਭਾਵ ਵਿਚ ਲੈ ਲੈਂਦੀਆਂ ਹਨ। ਇਨ੍ਹਾਂ ਨੂੰ ਵਿਵੇਕ ਦੇ ਸੈਨਿਕਾਂ ਰਾਹੀਂ ਜਿਤਿਆ ਜਾ ਸਕਦਾ ਹੈ। ਵਿਵੇਕ ਦੇ ਸੈਨਾਪਤੀਆਂ ਵਿਚ ਪ੍ਰਮੁਖ ਨਾਂ ਇਹ ਹਨ—ਧੀਰਜ, ਬ੍ਰਤ, ਸੰਜਮ, ਨਿਯਮ , ਅਰਚਾ, ਪੂਜਾ , ਅਵਿਕਾਰ, ਵਿਦਿਆ , ਲੱਜ , ਅਮੋਹ, ਅਲੋਭ, ਅਕਾਮ, ਅਕ੍ਰੋਧ, ਭਗਤੀ , ਪਾਠ, ਸੁਕਰਮ, ਦਾਨ , ਸਤਿ, ਸੰਤੋਖ , ਤਪ, ਪ੍ਰੇਮ, ਧਿਆਨ , ਉਦਮ , ਉਪਕਾਰ , ਸਤਿਸੰਗ ਆਦਿ। ਇਸ ਤੋਂ ਬਾਦ ਇਨ੍ਹਾਂ ਦੋਹਾਂ ਧੜਿਆਂ ਦਾ ਯੁੱਧ ਹੁੰਦਾ ਹੈ ਜੋ ਵੀਹ ਲੱਖ ਵਰ੍ਹਿਆਂ ਤੋਂ ਅਧਿਕ ਸਮੇਂ ਤਕ ਚਲਦਾ ਰਹਿੰਦਾ ਹੈ, ਪਰ ਕਿਸੇ ਧੜੇ ਨੂੰ ਜਿਤ ਹਾਸਲ ਨਹੀਂ ਹੁੰਦੀ। ਮਛਿੰਦ੍ਰ ਦੇ ਚੁਪ ਹੋਣ’ਤੇ ਚਰਪਟ ਨੇ ਉਸ ਦੇ ਬਿਆਨ ਨੂੰ ਅਗੇ ਤੋਰਦਿਆਂ ਕਿਹਾ ਕਿ ਵਿਵੇਕ ਅਤੇ ਅਵਿਵੇਕ ਦਾ ਸੰਘਰਸ਼ ਆਦਿ ਕਾਲ ਤੋਂ ਲੈ ਕੇ ਅਜ ਤਕ ਹੋ ਰਿਹਾ ਹੈ। ਅੰਤ ਵਿਚ ਪਾਰਸ ਨਾਥ ਨੇ ਯੋਗ-ਅਗਨੀ ਵਿਚ ਆਪਣੇ ਆਪ ਨੂੰ ਭਸਮ ਕਰ ਦਿੱਤਾ।
ਇਸ ਅਵਤਾਰ ਕਥਾ ਦਾ ਵਰਣਨ ਭਾਰਤੀ ਸਾਹਿਤ ਜਾਂ ਪੁਰਾਣ ਸਾਹਿਤ ਵਿਚ ਨਹੀਂ ਹੋਇਆ। ਹੋ ਸਕਦਾ ਹੈ ਕਿ ਨਾਥ ਸੰਪ੍ਰਦਾਇ ਦੇ ਮਛਿੰਦ੍ਰ ਅਤੇ ਚਰਪਟ ਨਾਂ ਦੇ ਯੋਗੀਆਂ ਦੀ ਵਾਰਤਾ ਵਿਚ ਹੋਵੇ। ਪਰ ਇਹ ਸਾਰਾ ਵਿਵਰਣ ਕਿਤੇ ਵੀ ਲਿਖਿਆ ਨਹੀਂ ਮਿਲਦਾ। ਸੰਭਵ ਹੈ ਲੌਕਿਕ ਪਰੰਪਰਾ ਰਹੀ ਹੋਵੇ। ਜੈਨ ਮਤ ਦੇ ਤੀਰਥਾਂਕਰਾਂ ਨਾਲ ਵੀ ਇਸ ਦਾ ਕੋਈ ਸੰਬੰਧ ਨਹੀਂ ਹੈ। ਵਿਵੇਕ ਅਤੇ ਅਵਿਵੇਕ ਦਾ ਸੰਘਰਸ਼ ਸ਼ਾਇਦ ‘ਪ੍ਰਬੋਧ ਚੰਦ੍ਰੋਦਯ ਨਾਟਕ ’ ਦੇ ਪ੍ਰਭਾਵ ਕਾਰਣ ਚਿਤਰਿਆ ਗਿਆ ਹੋਵੇ। ਭਾਵੇਂ ਇਸ ਰਚਨਾ ਦਾ ਕੋਈ ਪੌਰਾਣਿਕ ਸਰੋਤ ਨਹੀਂ, ਪਰ ਇਸ ਦਾ ਵਰਣਨ ਉਸੇ ਸ਼ੈਲੀ ਵਿਚ ਹੋਇਆ ਹੈ। ਰਚੈਤਾ ਨੇ ਮਾਨਸਿਕ ਵ੍ਰਿੱਤੀਆਂ ਦਾ ਮਾਨਵੀਕਰਣ ਕਰਕੇ ਦੁਰਵ੍ਰਿੱਤੀਆਂ ਨੂੰ ਤਿਆਗਣ ਅਤੇ ਸਦ-ਵ੍ਰਿੱਤੀਆਂ ਨੂੰ ਗ੍ਰਹਿਣ ਕਰਨ ਦੀ ਪ੍ਰੇਰਣਾ ਪੈਦਾ ਕੀਤੀ ਹੈ। ਵੀਰ ਰਸ ਦੇ ਨਾਲ ਨਾਲ ਸ਼ਿੰਗਾਰ ਰਸ ਅਤੇ ਸ਼ਾਂਤ ਰਸ ਵੀ ਨਿਰੂਪਿਤ ਹੋਏ ਹਨ। ਇਸ ਦੀ ਭਾਸ਼ਾ ਬ੍ਰਜ ਹੈ ਅਤੇ ਮਧੁਰਤਾ ਦੇ ਗੁਣ ਸਭ ਥਾਂ ਮਿਲ ਜਾਂਦੇ ਹਨ। ਇਸ ਵਿਚ ਕੁਲ 16 ਪ੍ਰਕਾਰ ਦੇ ਛੰਦ ਵਰਤੇ ਗਏ ਹਨ, ਜਿਵੇਂ—ਅਖਰ, ਸਵੈਯਾ, ਭਗਵਤੀ, ਨਰਾਜ, ਭੁਜੰਗ ਪ੍ਰਯਾਤ, ਮੋਹਿਨੀ, ਰਸਾਵਲ, ਰੂਆਮਲ, ਰੂਆਲ, ਬਿਸ਼ਨਪਦ ਆਦਿ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1962, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First