ਲੋਕ ਸਾਜ਼ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਲੋਕ ਸਾਜ਼ : ਪੰਜਾਬ ਦੇ ਲੋਕ ਸਾਜ਼ ਚਾਰ ਸ਼੍ਰੇਣੀਆਂ ਵਿੱਚ ਵੰਡੇ ਜਾਂਦੇ ਹਨ, ਜਿਨ੍ਹਾਂ ਦੇ ਨਾਂ ਤੱਤ ਸਾਜ਼, ਅਵਨਧ ਸਾਜ਼, ਘਣ ਸਾਜ਼ ਅਤੇ ਸੁਸ਼ਿਰ ਸਾਜ਼ ਹਨ। ਇਹਨਾਂ ਦੀਆਂ ਵੰਨਗੀਆਂ ਨਿਮਨ ਪ੍ਰਕਾਰ ਹਨ :
1. ਤੱਤ ਸਾਜ਼ :
- ਤੂੰਬੀ/ਇੱਕ ਤਾਰਾ
- ਦੋ ਤਾਰਾ
- ਤੂੰਬਾ/ਬੁੱਘਧੂ
- ਸਾਰੰਗੀ
2. ਅਵਨਧ ਸਾਜ਼ :
- ਢੋਲਕੀ
- ਢੱਡ
- ਢੋਲ
- ਡੱਫ/ਖੰਜਰੀ
- ਨਗਾਰਾ
3. ਘਣ ਸਾਜ਼ :
- ਘੜਾ
- ਘੁੰਗਰੂ
- ਚਿਮਟਾ
- ਖੜਤਾਲ
- ਕਾਟੋ
- ਸੱਪ
4. ਸੁਸ਼ਿਰ ਸਾਜ਼ :
- ਅਲਗੋਜੇ ਇਤਿਆਦਿ...
1. ਤੱਤ ਸਾਜ਼ : ਤਾਰ ਵਾਲੇ ਸਾਜ਼ਾਂ ਨੂੰ ਤੱਤ ਜਾਂ ਤੰਤੀ ਸਾਜ਼ ਕਿਹਾ ਜਾਂਦਾ ਹੈ। ਇਹ ਦੋ ਪ੍ਰਕਾਰ ਦੇ ਹਨ-ਗਜ ਨਾਲ ਕੱਸੀਆਂ ਤਾਰਾਂ ਦੀ ਰਗੜ ਦੁਆਰਾ ਜਾਂ ਉਂਗਲੀ/ ਮਿਜ਼ਰਾਬ ਨਾਲ ਵਜਾਉਣ ਵਾਲੇ। ਲਾਲ ਮਣੀ ਮਿਸ਼ਰ ਆਪਣੀ ਪੁਸਤਕ ਭਾਰਤੀ ਸੰਗੀਤ ਵਾਦਯ ਵਿੱਚ ਇਹਨਾਂ ਤੰਤੀ ਸਾਜ਼ਾਂ ਦਾ ਜ਼ਿਕਰ ਕਰ ਕੇ ਇਹਨਾਂ ਦੀ ਪ੍ਰਾਚੀਨਤਾ ਨੂੰ ਵੈਦਿਕ ਕਾਲ ਦੇ ਬਾਣ, ਕਾਂਡ ਵੀਣਾ, ਕਰ ਕਰੀ ਵੀਣਾ, ਅਲਾਬੂ ਵੀਣਾ, ਗਰਮਰ, ਵਾਕੁਰ ਅਡੰਬਰ ਆਦਿ ਦੇ ਤੰਤੀ ਸਾਜ਼ਾਂ ਨਾਲ ਜੋੜਦੇ ਹਨ। ਉਹਨਾਂ ਅਨੁਸਾਰ ਇਹਨਾਂ ਲੋਕ-ਸਾਜ਼ਾਂ ਵਿੱਚ ਸਮੇਂ-ਸਮੇਂ ਕਈ ਤਰ੍ਹਾਂ ਦੀਆਂ ਤਬਦੀਲੀਆਂ ਆਈਆਂ।
ਇੱਕ ਤਾਰਾ ਦੀ ਉਤਪਤੀ ਪ੍ਰਾਚੀਨ ਰੂਪ ਦੀ ਇੱਕ ਤੰਤਰੀ ਵੀਣਾ ਤੋਂ ਹੋਈ ਮੰਨੀ ਜਾਂਦੀ ਹੈ। ਅਜੋਕੇ ਸਮੇਂ ਇਸ ਦਾ ਲਘੂ ਰੂਪ ਤੂੰਬੀ ਵਜੋਂ ਪੰਜਾਬੀ ਲੋਕ-ਸਾਜ਼ ਦੇ ਤੌਰ `ਤੇ ਪ੍ਰਸਿੱਧ ਹੈ। ਇੱਕ ਤਾਰਾ ਅਤੇ ਅਜੋਕੀ ਤੂੰਬੀ ਵਿੱਚ ਕੇਵਲ ਇੱਕ ਤਾਰ ਹੁੰਦਾ ਹੈ। ਪ੍ਰਾਚੀਨ ਗੁਫਾਵਾਂ ਆਦਿ ਵਿੱਚੋਂ ਮਿਲੇ ਚਿੱਤਰਾਂ ਅਨੁਸਾਰ ਸੱਤਵੀਂ ਤੋਂ ਤੇਰ੍ਹਵੀਂ ਸਦੀ ਤੱਕ ਇੱਕ ਤਾਰਾ ਵਧੇਰੇ ਕਰ ਕੇ ਸਾਧੂ ਸੰਤਾਂ ਦਾ ਸਾਜ਼ ਰਿਹਾ। ਇਹੋ ਸਾਜ਼ ਸਮਾਂ ਪਾ ਕੇ ਤਾਨਪੁਰੇ ਦੇ ਰੂਪ ਵਿੱਚ ਪ੍ਰਚਲਿਤ ਹੋਇਆ। ਮਹਾਰਾਸ਼ਟਰ ਵਿੱਚ ਇੱਕ ਤਾਰੇ ਨੂੰ ਤੁਣਤਣਾ, ਬੰਗਾਲ ਵਿੱਚ ਗੁਬਗੁਪੀ ਅਤੇ ਈਰਾਨ ਵਿੱਚ ਕਮੰਚਾ ਕਿਹਾ ਜਾਂਦਾ ਹੈ। ਅਜੋਕੇ ਸਮੇਂ ਵਿੱਚ ਇਸ ਦੇ ਲਘੂ ਰੂਪ ‘ਤੂੰਬੀ’ ਦੁਆਰਾ ਪੰਜਾਬ ਵਿੱਚ ਮਿਰਜ਼ਾ ਜੁਗਨੀ ਅਤੇ ਵਾਰ ਆਦਿ ਦਾ ਲੋਕ ਗਾਇਨ ਕੀਤਾ ਜਾਂਦਾ ਹੈ।
ਤੂੰਬਾ ਪੰਜਾਬ ਦਾ ਪ੍ਰਸਿੱਧ ਸਾਜ਼ ਹੈ। ਕਈ ਲੋਕ ਇਸ ਨੂੰ ਬੁਘਧੂ ਵੀ ਕਹਿੰਦੇ ਹਨ। ਇਸ ਦੀ ਦਿੱਖ ਅਤੇ ਆਕਾਰ ਢੱਡ ਦੇ ਸਮਾਨ ਹੁੰਦਾ ਹੈ ਪਰ ਢੱਡ ਦੋਹਾਂ ਪਾਸਿਉਂ ਮੜ੍ਹੀ ਹੁੰਦੀ ਹੈ ਜਦ ਕਿ ਬੁਘਧੂ ਜਾਂ ਤੂੰਬੇ ਦਾ ਇੱਕ ਪਾਸਾ ਚਮੜੇ ਨਾਲ ਮੜ੍ਹਿਆ ਹੁੰਦਾ ਹੈ ਅਤੇ ਦੂਜਾ ਪਾਸਾ ਖੁੱਲ੍ਹਾ ਹੁੰਦਾ ਹੈ। ਤੂੰਬਾ ਜਾਂ ਬੁਘਧੂ ਲੱਕੜ ਵਿੱਚ ਆਰ-ਪਾਰ ਖੋਲ ਕਰ ਕੇ ਬਣਾਇਆ ਜਾਂਦਾ ਹੈ, ਜਿਸ ਦੇ ਪੇਟੇ ਦਾ ਆਕਾਰ ਘੁੱਟਵਾਂ ਹੁੰਦਾ ਹੈ। ਬੁਘਧੂ ਦੇ ਚਮੜੇ ਵਾਲੇ ਪਾਸੇ ਦੇ ਅੱਧ ਵਿੱਚੋਂ ਇੱਕ ਤਾਰ ਲੰਘਾ ਕੇ ਬੁਘਧੂ ਦੇ ਖੁੱਲ੍ਹੇ ਪਾਸੇ ਵੱਲੋਂ ਬਾਹਰ ਕੱਢ ਕੇ ਲੱਕੜ ਦੀ ਗੁੱਲੀ ਨਾਲ ਬੰਨ੍ਹੀ ਜਾਂਦੀ ਹੈ। ਇਸ ਸਾਜ਼ ਨੂੰ ਵਜਾਉਣ ਦੀ ਵਿਧੀ ਅਨੁਸਾਰ ਤੂੰਬੇ/ਬੁਘਧੂ ਨੂੰ ਖੱਬੀ ਬਾਂਹ ਦੀ ਕੱਛ ਹੇਠ ਘੁਟਦਿਆਂ, ਤਾਰ ਨੂੰ ਖਿੱਚ ਕੇ ਉਸ ਉੱਤੇ ਸੱਜੇ ਹੱਥ ਨਾਲ ਪਰਹਾਰ ਕਰ ਕੇ ਵਜਾਇਆ ਜਾਂਦਾ ਹੈ। ਇਸ ਲੋਕ-ਸਾਜ਼ ਨੂੰ ਵਜਾਉਣ ਵਾਲਾ ਵਾਦਕ ਲੋੜ ਅਨੁਸਾਰ ਤਾਰ ਖਿੱਚ ਕੇ ਜਾਂ ਢਿੱਲੀ ਛੱਡ ਕੇ ਨਾਦ ਦੀ ਅਵਾਜ਼ ਨੂੰ ਭਾਰਾ ਪਤਲਾ ਕਰ ਲੈਂਦਾ ਹੈ। ਇਹ ਸਾਜ਼ ਇੱਕ ਖ਼ਾਸ ਲੈਅ ਵਿੱਚ ਵਜਦਾ ਹੋਇਆ ਭਾਵੇਂ ਬਹੁਤੀਆਂ ਸੁਰਾਂ ਨਹੀਂ ਕੱਢਦਾ ਪਰ ਇੱਕ ਨਿਰੰਤਰ ਅਤੇ ਉੱਚੀ- ਨੀਵੀਂ ਅਵਾਜ਼ ਵਿੱਚ ਵੱਜਦਾ ਇਹ ਲੋਕ-ਸਾਜ਼ ਭੰਗੜੇ, ਬੋਲੀਆਂ ਅਤੇ ਗੀਤਾਂ ਦੇ ਗਾਉਣ ਸਮੇਂ ਬੜੀ ਭਾਵ-ਪੂਰਤ ਸੰਗੀਤ ਦੀ ਲੈਅ ਪੈਦਾ ਕਰਨ ਵਿੱਚ ਸਹਾਈ ਸਮਝਿਆ ਜਾਂਦਾ ਹੈ।
ਪੰਜਾਬ ਦੇ ਦੂਜੇ ਪ੍ਰਾਂਤਾਂ ਵਿੱਚ ਵੀ ਬੁਘਧੂ ਜਾਂ ਤੂੰਬੇ ਦੇ ਆਕਾਰ ਨਾਲ ਮਿਲਦੇ-ਜੁਲਦੇ ਲੋਕ-ਸਾਜ਼ ਮਿਲਦੇ ਹਨ, ਜੋ ਆਂਧਰਾ ਪ੍ਰਦੇਸ਼ ਵਿੱਚ ‘ਨੂਨਗੁਡਲਵਾਣੀ’ ਮਹਾਂਰਾਸ਼ਟਰ ਵਿੱਚ ‘ਤੁਨਤੁਨੇ’ ਅਤੇ ਉੜੀਸਾ ਵਿੱਚ ‘ਟਿਉਲਾ’ ਦੇ ਨਾਂ ਨਾਲ ਪ੍ਰਸਿੱਧ ਹਨ।
ਲੋਕ-ਸਾਜ਼ਾਂ ਦੀ ਕੋਟੀ ਵਿੱਚ ਸਾਰੰਗੀ ਨੂੰ ਵੀ ਲਿਆ ਜਾਂਦਾ ਹੈ, ਪਰ ਸਾਰੰਗੀ ਦੇ ਦੋ ਰੂਪ ਪ੍ਰਚਲਿਤ ਹਨ- ਤਰਬਦਾਰ ਅਤੇ ਤਰਬ ਰਹਿਤ। ਤਰਬਦਾਰ ਸਾਰੰਗੀ ਸ਼ਾਸਤਰੀ ਸੰਗੀਤ ਵਿੱਚ ਅਤੇ ਬਿਨਾ ਤਰਬ ਲੋਕ-ਸੰਗੀਤ ਵਿੱਚ ਪ੍ਰਯੋਗ ਕੀਤੀ ਜਾਂਦੀ ਹੈ। ਖੱਬੇ ਹੱਥ ਦੀ ਉਂਗਲੀ ਅਤੇ ਨਹੁੰਆਂ ਦੀ ਖਹਿ ਨਾਲ ਸੁਰਾਂ ਦੀ ਉਤਪਤੀ ਕੀਤੀ ਜਾਂਦੀ ਹੈ ਅਤੇ ਸੱਜੇ ਹੱਥ ਨਾਲ ਤਾਰਾਂ ਵਾਲੇ ਧਨੁਖੀ ਗਜ਼ ਨੂੰ ਤਰਬਾਂ ਨਾਲ ਰਗੜ ਕੇ ਸੁਰ ਕੱਢਿਆ ਜਾਂਦਾ ਹੈ।
ਸ਼ਾਸਤਰੀ ਸੰਗੀਤ ਦੀ ਸਾਰੰਗੀ ਨਾਲ ਤਾਲ ਦੀ ਸੰਗਤ ਲਈ ਤਬਲੇ ਦੀ ਸਹਾਇਤਾ ਲਈ ਜਾਂਦੀ ਹੈ ਜਦ ਕਿ ਲੋਕ ਸੰਗੀਤ ਵਾਲੀ ਸਾਰੰਗੀ ਦੇ ਧਨੁਖੀ ਗਜ਼ ਦੇ ਮੁੱਠੇ ਨਾਲ ਕੇਵਲ ਘੁੰਗਰੂ ਬੱਧੇ ਹੁੰਦੇ ਹਨ। ਲੋਕ-ਸਾਜ਼ ਵਾਲੀ ਸਾਰੰਗੀ ਨਾਲ ਮਿਰਜ਼ਾ ਸੱਸੀ, ਦੁੱਲਾ-ਭੱਟੀ, ਹੀਰ ਅਤੇ ਵਾਰਾਂ ਆਦਿ ਦਾ ਗਾਇਨ ਕੀਤਾ ਜਾਂਦਾ ਹੈ। ਲੋਕ-ਗਾਇਨ ਵਾਲੀ ਸਾਰੰਗੀ ਨਾਲ ਤਾਲ `ਤੇ ਲੈਅ ਲਈ ਢੱਡ ਦਾ ਪ੍ਰਯੋਗ ਕੀਤਾ ਜਾਂਦਾ ਹੈ। ਲੋਕ-ਗਾਇਨ ਵਿੱਚ ਪ੍ਰਯੋਗ ਕੀਤੀ ਜਾਣ ਵਾਲੀ ਸਾਰੰਗੀ ਨੂੰ ਵਾਦਕ ਖੜ੍ਹੇ ਹੋ ਕੇ ਵਜਾਉਂਦੇ ਹਨ, ਜਦ ਕਿ ਸ਼ਾਸਤਰੀ ਸੰਗੀਤ ਵਾਲੀ ਸਾਰੰਗੀ ਨੂੰ ਬੈਠ ਕੇ ਵਜਾਏ ਜਾਣ ਦਾ ਚਲਨ ਹੈ। ਕੇ. ਐਸ. ਕੁਠਾਰੀ ਦੁਆਰਾ ਲਿਖਤ ਪੁਸਤਕ ਇੰਡੀਅਨ ਫ਼ੋਕ ਮਿਊਜ਼ੀਕਲ ਇੰਸਟਰੂਮੈਂਟਸ ਅਨੁਸਾਰ ਪੰਜਾਬੀ ਲੋਕ-ਸਾਜ਼ ਸਾਰੰਗੀ ਨਾਲ ਮਿਲਦੇ-ਜੁਲਦੇ ਭਾਰਤ ਦੇ ਹੋਰ ਪ੍ਰਾਂਤਾਂ ਵਿੱਚ ਵੀ ਸਾਜ਼ ਮਿਲਦੇ ਹਨ, ਜੋ ਰਾਜਸਥਾਨ ਵਿੱਚ ਧਨੀ ਸਾਰੰਗੀ, ਰਾਵਣ ਹੱਥਾ, ਪਾਸਲੀ ਸਾਰੰਗੀ, ਮੱਧ ਪ੍ਰਦੇਸ਼ ਵਿੱਚ ਚਿਕਾਰਾ, ਕਸ਼ਮੀਰ ਵਿੱਚ ਸਾਰੰਗਾ ਅਤੇ ਆਸਾਮ ਵਿੱਚ ਸਾਰੰਜਾ ਦੇ ਨਾਂ ਨਾਲ ਪ੍ਰਸਿੱਧ ਹਨ।
ਲੋਕ-ਸਾਜ਼ਾਂ ਦੀ ਸ਼੍ਰੇਣੀ ਵਿੱਚ ਘਣ ਸਾਜ਼ ਵੀ ਆਉਂਦੇ ਹਨ। ਜਿਵੇਂ ਮਜੀਰਾ, ਚਿਮਟਾ, ਘੁੰਗਰੂ, ਘੜਾ, ਕਾਟੋ, ਸੱਪ ਆਦਿ...। ਇਹਨਾਂ ਸਾਜ਼ਾਂ ਦੇ ਚਾਰ ਭੇਦ ਮੰਨੇ ਜਾਂਦੇ ਹਨ : 1. ਛਣਕਣ ਵਾਲੇ 2. ਪ੍ਰਹਾਰ ਵਾਲੇ, 3. ਟਕਰਾਉ ਵਾਲੇ 4. ਝੁਲਾਣ ਵਾਲੇ। ਇਹਨਾਂ ਵਿੱਚੋਂ ਕੁਝ ਲੱਕੜੀ ਦੀ ਸਹਾਇਤਾ ਨਾਲ ਅਤੇ ਕੁਝ ਹੱਥਾਂ ਦੀ ਸਹਾਇਤਾ ਨਾਲ ਵਜਾਏ ਜਾਂਦੇ ਹਨ।
ਲੋਕ-ਸਾਜ਼ ਘੜੇ ਦੇ ਦੋ ਰੂਪ ਪ੍ਰਚਲਿਤ ਹਨ। ਖੁੱਲ੍ਹੇ ਮੂੰਹ ਵਾਲਾ ਅਤੇ ਚਮੜੇ ਨਾਲ ਮੜ੍ਹਿਆ ਹੋਇਆ। ਘੜਾ ਲੋਕ-ਸਾਜ਼ ਦੋਹਾਂ ਹੱਥਾਂ ਨਾਲ ਵਜਾਇਆ ਜਾਂਦਾ ਹੈ, ਜਿਸ ਲਈ ਖੱਬੇ ਹੱਥ ਨਾਲ ਘੜੇ ਦੇ ਮੂੰਹ ਉੱਤੇ ਅਤੇ ਸੱਜੇ ਹੱਥ ਦੀਆਂ ਉਂਗਲੀਆਂ ਨਾਲ ਘੜੇ ਦੇ ਉੱਭਰੇ ਪੇਟੇ ਉੱਤੇ ਪ੍ਰਹਾਰ ਕੀਤਾ ਜਾਂਦਾ ਹੈ। ਖੱਬੇ ਹੱਥ ਦੀ ਹਥੇਲੀ ਨਾਲ ਘੜੇ ਦਾ ਮੜ੍ਹਿਆ ਜਾਂ ਖੁੱਲ੍ਹਾ ਮੂੰਹ ਬੰਦ ਕੀਤਾ ਅਤੇ ਖੋਲ੍ਹਿਆ ਜਾਂਦਾ ਹੈ, ਜਿਸ ਨਾਲ ਹਵਾ ਦੇ ਦਬਾਅ ਕਾਰਨ ਪੈਦਾ ਹੋਈ ਧੁਨੀ ਤਬਲੇ ਦੇ ਧਾਮੇ ਵਾਂਗ ਪ੍ਰਤੀਤ ਹੁੰਦੀ ਹੈ। ਕਈ ਸਾਜਿੰਦੇ ਉਂਗਲੀਆਂ ਨਾਲ ਪ੍ਰਹਾਰ ਕਰਨ ਸਮੇਂ ਉਂਗਲੀਆਂ ਵਿੱਚ ਲੋਹੇ ਦੇ ਛੱਲੇ ਪਾ ਲੈਂਦੇ ਹਨ ਤਾਂ ਜੋ ਧੁਨੀ ਹੋਰ ਵੀ ਆਕਰਸ਼ਕ ਬਣ ਸਕੇ। ਸੰਗੀਤਕਾਰਾਂ ਅਨੁਸਾਰ, ਘੜੇ ’ਤੇ ਕੇਵਲ ਦਾਦਰਾ ਅਤੇ ਕਹਿਰਵਾ ਤਾਲਾਂ ਦਾ ਹੀ ਪ੍ਰਯੋਗ ਕੀਤਾ ਜਾਂਦਾ ਹੈ। ਪੰਜਾਬ ਵਿੱਚ ਘੜੇ ਦੀ ਸੰਗਤ ਨਾਲ ਲੋਕ-ਗਾਇਨ ਦੀ ਲੰਮੀ ਪਰੰਪਰਾ ਹੈ। ਘੜਾ ਲੋਕ-ਸਾਜ਼ ਦਾ ਪ੍ਰਾਚੀਨਤਮ ਨਾਂ ‘ਘਟ’ ਲਿਆ ਜਾਂਦਾ ਸੀ।
2. ਅਵਨਧ ਸਾਜ਼ :‘ਅਵਨਧ’ ਜਾਂ ਵਿੱਤਤ ਸਾਜ਼ ਉਹ ਹਨ, ਜੋ ਅੰਦਰੋਂ ਖੋਖਲੇ ਅਤੇ ਚਮੜੇ ਨਾਲ ਮੜ੍ਹੇ ਹੁੰਦੇ ਹਨ। ਇਹਨਾਂ ਸਾਜ਼ਾਂ ਦੀ ਮੁੱਖ ਵਿਸ਼ੇਸ਼ਤਾ ਗਾਇਨ ਅਤੇ ਵਾਦਨ ਸੰਗੀਤ ਨੂੰ ਤਾਲ ਅਤੇ ਲੈਅ ਪ੍ਰਦਾਨ ਕਰਨਾ ਹੈ। ਅਜਿਹੇ ਸਾਜ਼ਾਂ ਦੀ ਉਤਪਤੀ ਸ਼ਿਵ ਜੀ ਦੇ ਡਮਰੂ ਤੋਂ ਹੋਈ ਮੰਨੀ ਜਾਂਦੀ ਹੈ। ਈਸਾ ਤੋਂ 500 ਵਰ੍ਹੇ ਪੂਰਵ ਪਾਣਿਨੀ ਦੇ ਸਮੇਂ ਵਿੱਚ ਵੀ ‘ਅਵਨਧ’ ਸਾਜ਼ਾਂ ਦੇ ਪ੍ਰਯੋਗ ਬਾਰੇ ਉਲੇਖ ਮਿਲਦੇ ਹਨ। ਪ੍ਰਾਚੀਨ ਕਾਲ ਦੇ ਕਈ ਕਬੀਲਿਆਂ ਦੇ ਲੋਕ-ਨਾਚਾਂ ਵਿੱਚ ਮਿਰਦੰਗ ਦਾ ਪ੍ਰਯੋਗ ਹੋਣ ਦਾ ਜ਼ਿਕਰ ਹੈ। ਭਰਤਮੁਨੀ ਦੇ ਨਾਟਯਾ ਸ਼ਾਸਤਰ ਵਿੱਚ ਵੀ ਅਵਨਧ ਸਾਜ਼ਾਂ ਦਾ ਉਲੇਖ ਕੀਤਾ ਗਿਆ ਹੈ।
ਅਵਨਧ ਸਾਜ਼ਾਂ ਦੇ ਤਿੰਨ ਪ੍ਰਕਾਰ ਦੱਸੇ ਗਏ ਹਨ, ਜਿਨ੍ਹਾਂ ਦੇ ਨਾਂ ‘ਉਰਧਵਾਕਾ’ (ਖੜ੍ਹੇ ਰੁਖ਼ ਰੱਖ ਕੇ ਵਜਾਏ ਜਾਣ ਵਾਲੇ) ‘ਅੰਕੀਆ’ (ਸਿੱਧੇ ਰੂਪ ਵਿੱਚ ਜਿਵੇਂ ਢੋਲਕੀ ਪਖ਼ਾਵਜ ਆਦਿ) ‘ਅਲਿੰਗੀਆ’ (ਬਾਂਹ ਹੇਠ ਘੁੱਟ ਕੇ ਵਜਾਏ ਜਾਣ ਵਾਲੇ) ਜਿਵੇਂ ਬੁਘਧੂ ਆਦਿ।
ਢੋਲਕ ਜਾਂ ਢੋਲਕੀ, ਸਾਰੇ ਉੱਤਰ ਭਾਰਤ ਵਿੱਚ ਲੋਕ-ਸੰਗੀਤ ਦਾ ਬੜਾ ਪ੍ਰਸਿੱਧ ਲੋਕ-ਸਾਜ਼ ਮੰਨਿਆ ਗਿਆ ਹੈ। ਦੇਸ ਦੇ ਵੱਖ-ਵੱਖ ਭਾਗਾਂ ਵਿੱਚ ਇਸ ਦੀ ਬਣਤਰ ਵਿੱਚ ਢੇਰ ਤਰ੍ਹਾਂ ਦਾ ਅੰਤਰ ਹੈ, ਪਰ ਇਸ ਦੀ ਵਾਦਨ ਵਿਧੀ ਇੱਕੋ ਜਿਹੀ ਹੈ। ਇਸ ਦਾ ਲੱਕੜੀ ਦਾ ਖੋਲ ਵਿਚਕਾਰੋਂ ਕੁਝ ਉੱਚਾ ਅਤੇ ਦੁਵੱਲੀ ਚਮੜੇ ਨਾਲ ਮੜ੍ਹਿਆ ਹੁੰਦਾ ਹੈ। ਖੱਬੇ ਪਾਸੇ ਦੇ ਚਮੜੇ ਨੂੰ ਅੰਦਰਵਾਰ ਮਸਾਲਾ ਲਾਇਆ ਜਾਂਦਾ ਹੈ, ਜੋ ਅਵਾਜ਼ ਨੂੰ ਭਾਰੀ ਅਤੇ ਗੂੰਜਦਾਰ ਬਣਾ ਦਿੰਦਾ ਹੈ।
ਢੋਲਕ ਦਾ ਪ੍ਰਾਚੀਨ ਰੂਪ ਮਿਰਦੰਗ ਮੰਨਿਆ ਜਾਂਦਾ ਹੈ। ਢੋਲਕ ਦਾ ਇੱਕ ਨਾਂ ‘ਪਟਹ’ ਵੀ ਹੈ, ਜਿਸ ਨੂੰ ਇਤਿਹਾਸਕਾਰਾਂ ਨੇ ਅਵਨਧ ਸਾਜ਼ਾਂ ਵਿੱਚੋਂ ਸਭ ਤੋਂ ਪ੍ਰਾਚੀਨ ਮੰਨਿਆ ਹੈ। ਢੋਲਕ ਨੂੰ ਖਲੋ ਕੇ ਜਾਂ ਬੈਠ ਕੇ ਦੋਵੇਂ ਤਰ੍ਹਾਂ ਵਜਾਇਆ ਜਾਂਦਾ ਹੈ। ਕਈ ਢੋਲਕ ਵਾਦਕ ਸੱਜੇ ਹੱਥ ਦੇ ਅੰਗੂਠੇ ਵਿੱਚ ਲੋਹੇ ਦਾ ਛੱਲਾ ਪਾ ਕੇ ਅਤੇ ਵੀਣੀ `ਤੇ ਘੁੰਗਰੂ ਬੰਨ੍ਹ ਕੇ ਵੀ ਵਜਾਉਂਦੇ ਹਨ।
ਢੋਲ ਪੰਜਾਬ ਦਾ ਪ੍ਰਸਿੱਧ ਲੋਕ-ਸਾਜ਼ ਮੰਨਿਆ ਜਾਂਦਾ ਹੈ ਜੋ ਢੋਲਕ ਦਾ ਹੀ ਵਡ-ਆਕਾਰੀ ਰੂਪ ਹੈ। ਇਸ ਵੱਡੇ ਖੋਲ ਦੇ ਦੋਵੇਂ ਪਾਸੇ ਚਮੜੇ ਨਾਲ ਮੜ੍ਹੇ ਹੁੰਦੇ ਹਨ। ਖੱਬੇ ਪਾਸੇ ਨੂੰ ਧਾਮਾ ਅਤੇ ਸੱਜੇ ਪਾਸੇ ਨੂੰ ਪੁੜਾ ਕਿਹਾ ਜਾਂਦਾ ਹੈ। ਜਿਨ੍ਹਾਂ ਨੂੰ ਇੱਕ ਹੱਥ ਵਿੱਚ ਛਟੀ ਅਤੇ ਦੂਜੇ ਹੱਥ ਵਿੱਚ ਹਾਕੀ ਦੀ ਸ਼ਕਲ ਵਰਗੀ ਨਿੱਕੀ ਖੂੰਡੀ ਨਾਲ ਪ੍ਰਹਾਰ ਕਰ ਕੇ ਵਜਾਇਆ ਜਾਂਦਾ ਹੈ। ਢੋਲ ਦੇ ਵਾਦਨ ਤੋਂ ਵੀਰ ਰਸੀ ਪ੍ਰਭਾਵ ਉਪਜਦਾ ਹੈ। ਕਈ ਵੇਰ ਧਾਮੇ ਵਾਲੇ ਪਾਸੇ ਨੂੰ ਖੂੰਡੀ ਦੀ ਥਾਂ ਹੱਥ ਦੇ ਪਰਹਾਰ ਨਾਲ ਵੀ ਵਜਾਇਆ ਜਾਂਦਾ ਹੈ। ਧਾਮੇ ਦੇ ਅੰਦਰ ਮਸਾਲਾ ਲਾ ਕੇ ਉਸ ਦੀ ਅਵਾਜ਼ ਨੂੰ ਭਾਰਾ ਅਤੇ ਗੂੰਜਦਾਰ ਵੀ ਬਣਾਇਆ ਜਾਂਦਾ ਹੈ। ਢੋਲ ਨੂੰ ਲੋਕ-ਗਾਇਨ ਅਤੇ ਲੋਕ-ਨਾਚਾਂ ਵਿੱਚ ਵੱਖ- ਵੱਖ ਚਾਲਾਂ ਅਨੁਸਾਰ ਵਜਾਉਣ ਦਾ ਚਲਨ ਹੈ। ਇਸ ਸਾਜ਼ `ਤੇ ਕਹਿਰਵਾ, ਦਾਦਰਾ ਆਦਿ ਤਾਲ ਦੀਆਂ ਮਾਤਰਾਵਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਢੋਲ ਅਜਿਹਾ ਲੋਕ-ਸਾਜ਼ ਹੈ, ਜੋ ਪੰਜਾਬੀ ਜੀਵਨ ਵਿੱਚ ਖ਼ੁਸ਼ੀ ਦੇ ਅਵਸਰਾਂ ਨਾਲ ਜੁੜਿਆ ਹੋਇਆ ਹੈ, ਇੱਥੋਂ ਤੱਕ ਕਿ ਮੇਲਿਆਂ `ਤੇ ਪੈਣ ਵਾਲੀਆਂ ਛਿੰਝਾਂ ਅਤੇ ਵਾਢ੍ਹੀਆਂ ਸਮੇਂ ਨੱਚੇ ਜਾਣ ਵਾਲੇ ਨਾਚ ਢੋਲ ਤੋਂ ਬਿਨਾਂ ਨੱਚੇ ਜਾਣੇ ਸੰਭਵ ਨਹੀਂ ਹਨ।
ਢੱਡ ਅਤੇ ਡਮਰੂ ਲਗਪਗ ਇੱਕੋ ਜਿਹੇ ਲੋਕ-ਸਾਜ਼ ਹਨ। ਡਮਰੂ ਨੂੰ ਰੱਸੀ ਦੀ ਗੰਢ ਅਤੇ ਢੱਡ ਨੂੰ ਹੱਥ ਦੇ ਪ੍ਰਹਾਰ ਨਾਲ ਵਜਾਇਆ ਜਾਂਦਾ ਹੈ। ਅਵਨਧ ਲੋਕ- ਸਾਜ਼ਾਂ ਵਿੱਚ ਡਮਰੂ ਨੂੰ ਸ਼ਿਵ ਨਾਲ ਜੋੜਨ ਕਰ ਕੇ ਸਭ ਤੋਂ ਪ੍ਰਾਚੀਨ ਸਾਜ਼ ਮੰਨਿਆ ਗਿਆ ਹੈ। ਗੁੱਗਾ ਗਾਉਣ ਵਾਲੇ ਲੋਕ ਡਮਰੂ ਦੇ ਵੱਡੇ ਰੂਪ ਨੂੰ ਖੱਬੇ ਹੱਥ ਵਿੱਚ ਤਣਾਵਾਂ ਘੁੱਟਣ ਦੀ ਵਿਧੀ ਵਰਤ ਕੇ ਛਟੀ ਦੇ ਪ੍ਰਹਾਰ ਨਾਲ ਵਜਾਉਂਦੇ ਹਨ। ਪਰ ਅਜਿਹਾ ਡਮਰੂ ਇੱਕ ਖ਼ਾਸ ਜਾਤੀ ਵਿਸ਼ੇਸ਼ ਨਾਲ ਜੁੜਨ ਕਰ ਕੇ ਲੋਕ-ਸਾਜ਼ ਹੋਣ ਦੀ ਕੋਟੀ ਵਿੱਚ ਸ਼ਾਮਲ ਨਹੀਂ ਹੋ ਸਕਿਆ।
ਢੱਡ ਦੇ ਦੋਵੇਂ ਪਾਸੇ ਮੜ੍ਹੇ ਹੁੰਦੇ ਹਨ ਅਤੇ ਵਿਚਕਾਰਲਾ ਭਾਗ ਡਮਰੂ ਵਾਂਗ ਘੁੱਟਵਾਂ ਹੁੰਦਾ ਹੈ। ਪਰ ਢੱਡ ਵਿੱਚ ਜੋ ਰੱਸੀਆਂ ਪਰੋਈਆਂ ਹੁੰਦੀਆਂ ਹਨ, ਉਹਨਾਂ ਦੁਆਲੇ ਇੱਕ ਰੱਸੀ ਲਪੇਟ ਕੇ ਹੱਥ ਨਾਲ ਵਜਾਉਂਦੇ ਸਮੇਂ ਗੂੰਜ ਪੈਦਾ ਕਰਨ ਲਈ ਰੱਸੀ ਨੂੰ ਢਿੱਲਾ ਕੀਤਾ ਅਤੇ ਕੱਸਿਆ ਜਾਂਦਾ ਹੈ।
ਸੰਗੀਤ ਵਾਦਕਾਂ ਅਨੁਸਾਰ ਢੱਡ ‘ਸਾ’ ਸੁਰ ਤੇ ਮਿਲਾ ਕੇ ਵਾਦਕ ਰੱਸੀਆਂ ਨੂੰ ਵਿਚਕਾਰੋਂ ਦਬਾ ਕੇ ਅਤੇ ਢਿੱਲੀਆਂ ਛੱਡ ਕੇ ਦੋ-ਤਿੰਨ ਸੁਰਾਂ ਦੀ ਉਤਪਤੀ ਕਰਦਾ ਹੈ, ਜਿਸ ਦਾ ਸੰਬੰਧ ਗਾਇਕ ਦੀ ਧੁਨੀ ਨਾਲ ਹੁੰਦਾ ਹੈ। ਢੱਡ ਨੂੰ ਕੇਵਲ ਇੱਕ ਪਾਸੇ ਦੀਆਂ ਉਂਗਲੀਆਂ ਦੇ ਅੰਤਲੇ ਭਾਗ ਦੇ ਪ੍ਰਹਾਰ ਨਾਲ ਹੀ ਵਜਾਇਆ ਜਾਂਦਾ ਹੈ। ਢੱਡ ਨਾਲ ਸਾਰੰਗੀ ਦੀ ਸੰਗਤ ਹੁੰਦੀ ਹੈ ਅਤੇ ਇਸ ਦੇ ਗਾਇਕਾਂ ਨੂੰ ਢਾਡੀ ਕਿਹਾ ਜਾਂਦਾ ਹੈ। ਢੱਡ `ਤੇ ਲੋਕ-ਧੁਨਾਂ ਦੀਆਂ ਵੰਨਗੀਆਂ ਜਿਵੇਂ ਮਿਰਜ਼ਾ, ਹੀਰ, ਸੋਹਣੀ, ਮਹੀਂਵਾਲ, ਸੱਸੀ ਅਤੇ ਵਾਰਾਂ ਆਦਿ ਗਾਈਆਂ ਜਾਂਦੀਆਂ ਹਨ।
ਡਫ਼ ਭਾਵੇਂ ਮਰਾਸੀਆਂ ਨਾਲ ਜੁੜ ਗਿਆ ਹੈ, ਪਰ ਡਫ਼ ਨਾਲ ਬਿਲਕੁਲ ਮਿਲਦਾ-ਜੁਲਦਾ ਸਾਜ਼ ਖੰਜਰੀ ਵੀ ਹੈ। ਖੰਜਰੀ ਅਤੇ ਡਫ਼ ਦਾ ਇੱਕ ਪਾਸਾ ਚਮੜੇ ਨਾਲ ਮੜ੍ਹਿਆ ਹੁੰਦਾ ਹੈ। ਡਫ਼ ਅਤੇ ਖੰਜਰੀ ਵਿੱਚ ਬੁਨਿਆਦੀ ਅੰਤਰ ਕੇਵਲ ਇਹ ਹੈ ਕਿ ਡਫ਼ ਛੋਟੇ ਆਕਾਰ ਦੀ ਹੁੰਦੀ ਹੈ ਅਤੇ ਉਸ ਦੇ ਘੇਰੇ ਵਾਲਾ ਕੜਾ ਚੌੜਾ ਹੁੰਦਾ ਹੈ ਪਰ ਖੰਜਰੀ ਦਾ ਚੁਫੇਰਾ ਸੌੜਾ ਅਤੇ ਉਸ ਦੇ ਚੁਫੇਰਲੇ ਘੇਰੇ ਵਿੱਚ ਤਿੰਨ-ਚਾਰ ਥਾਈਂ ਛੈਣੇ ਲੱਗੇ ਹੁੰਦੇ ਹਨ। ਪ੍ਰਸਿੱਧ ਸੰਗੀਤ ਸ਼ਾਸਤਰੀ ਲਾਲ ਮਣੀ ਮਿਸ਼ਰ, ਇਸ ਲੋਕ-ਸਾਜ਼ ਦਾ ਵਿਕਾਸ ਪੁਰਾਤਨ ਕਾਲ ਦੇ ‘ਚੱਕਰ ਵਾਦਯ’, ‘ਕਰ ਚੱਕਰ’ ਜਾਂ ‘ਦਾਇਰਾ’ ਤੋਂ ਹੋਇਆ ਮੰਨਦਾ ਹੈ। ਦੱਖਣ ਵਿੱਚ ਇਹ ਲੋਕ-ਸਾਜ਼ ਮੰਜੀਰਾ, ਉੱਤਰ ਭਾਰਤ ਵਿੱਚ ਚੰਗ ਅਤੇ ਮਹਾਂਰਾਸ਼ਟਰ ਵਿੱਚ ਦਿਮੜੀ ਦੇ ਨਾਂ ਨਾਲ ਪ੍ਰਸਿੱਧ ਹੈ।
3. ਘਣ ਸਾਜ਼ : ਘਣ ਸਾਜ਼ਾਂ ਵਿੱਚ ਘੜਾ, ਘੁੰਗਰੂ, ਚਿਮਟਾ, ਖੜਤਾਲ, ਕਾਟੋ ਅਤੇ ਸੱਪ ਆਦਿ ਮੰਨੇ ਜਾਂਦੇ ਹਨ।
ਘੁੰਗਰੂ ਲੋਹੇ, ਪਿੱਤਲ ਜਾਂ ਕਾਂਸੇ ਆਦਿ ਦੇ ਖੋਲ ਵਿੰਚ ਗੋਲ-ਆਕਾਰ ਦੇ ਪੱਥਰ ਕੰਕਰ ਆਦਿ ਪਾ ਕੇ ਬਣਾਇਆ ਜਾਂਦਾ ਹੈ ਜੋ ਹਿੱਲਣ `ਤੇ ਖੋਲ ਵਿੱਚ ਪੱਥਰ ਟਕਰਾਉਣ ਨਾਲ ਧਵਨੀ ਪੈਦਾ ਕਰਦਾ ਹੈ।
ਘੁੰਗਰੂ ਤਿੰਨ ਪ੍ਰਕਾਰ ਦੇ ਮਿਲਦੇ ਹਨ-ਬਰੀਕ, ਦਰਮਿਆਨੇ ਅਤੇ ਵੱਡੇ। ਛੋਟੇ ਘੁੰਗਰੂਆਂ ਦਾ ਪ੍ਰਯੋਗ ਨ੍ਰਿਤ ਸ਼ੈਲੀਆਂ ਵਿੱਚ ਕੀਤਾ ਜਾਂਦਾ ਹੈ। ਕੁਝ ਵੱਡ-ਆਕਾਰੇ ਘੁੰਗਰੂਆਂ ਨੂੰ ਮਰਦ ਲੱਕ ਦੁਆਲੇ ਬੰਨ੍ਹ ਕੇ ਨੱਚਦੇ ਹਨ। ਦਿਖ ਪੱਖੋਂ ਘੁੰਗਰੂਆਂ ਦੇ ਦੋ ਰੂਪ ਪ੍ਰਚਲਿਤ ਹਨ। ਗੋਲ ਆਕਾਰ ਵਿੱਚ ਇੱਕ ਚੀਰ ਵਾਲੇ ਅਤੇ ਗੋਲ ਆਕਾਰ ਵਿਚਕਾਰ ਕਈ ਚੀਰਾਂ ਵਾਲੇ ਘੁੰਗਰੂਆਂ ਨੂੰ ਚਮੜੇ ਜਾਂ ਨੁਆਰ ਦੀ ਪੱਟੀ ਉੱਤੇ ਵੱਡੀ ਮਾਤਰਾ ਵਿੱਚ ਜੜ ਕੇ ਪ੍ਰਯੋਗ ਕੀਤਾ ਜਾਂਦਾ ਹੈ।
ਲੋਹੇ ਦੀਆਂ ਸਿੱਧੀਆਂ ਅਤੇ ਚਪਟੀਆਂ ਪੱਤੀਆਂ ਉੱਤੇ ਲੱਗੀਆਂ ਬਰੀਕ ਕਿੱਲੀਆਂ ਵਿੱਚ ਨਿੱਕੇ ਛੈਣੇ ਪਏ ਹੋਣ ਅਤੇ ਪਿਛਲੇ ਸਿਰੇ `ਤੇ ਕੜਾ ਲੱਗੇ ਸਾਜ਼ ਨੂੰ ਚਿਮਟਾ ਕਿਹਾ ਜਾਂਦਾ ਹੈ। ਚਿਮਟੇ ਦੀਆਂ ਦੋਹਾਂ ਪੱਤੀਆਂ `ਤੇ ਖੜਤਾਲ ਸਮਾਨ ਲੱਗੇ ਇੱਕੋ ਗਿਣਤੀ ਦੇ ਛੈਣਿਆਂ ਦੀ ਛਣਕਾਰ ਸੁਰੀਲੀ ਅਤੇ ਮੋਹਿਕ ਹੁੰਦੀ ਹੈ। ਚਿਮਟੇ ਦੀਆਂ ਦੋਵੇਂ ਪੱਤੀਆਂ ਆਪਸ ਵਿੱਚ ਟਕਰਾਅ ਕੇ ਅਤੇ ਕੜੇ ਨੂੰ ਤਾਲ ਅਨੁਸਾਰ ਦੋਹਾਂ ਪੱਤੀਆਂ ਤੇ ਮਾਰ ਕੇ ਚਿਮਟਾ ਵਜਾਇਆ ਜਾਂਦਾ ਹੈ। ਚਿਮਟੇ ਨਾਲ ਢੋਲਕ ਦੀ ਸੰਗਤ ਯੋਗ ਮੰਨੀ ਗਈ ਹੈ। ਅਜੋਕੇ ਸਮੇਂ ਚਿਮਟੇ ਨੂੰ ਧਾਰਮਿਕ ਗਾਇਨ ਵਿੱਚ ਵਿਸ਼ੇਸ਼ ਸਥਾਨ ਪ੍ਰਾਪਤ ਹੈ।
ਖੜਤਾਲ ਲੱਕੜ ਦੀਆਂ ਦੋ ਸਮਾਨ ਟੁਕੜੀਆਂ ਨੂੰ ਪਿੱਤਲ ਦੇ ਛੈਣੇ ਲਗਾ ਕੇ ਬਣਾਇਆ ਜਾਂਦਾ ਹੈ। ਇਸ ਲੋਕ-ਸਾਜ਼ ਨੂੰ ‘ਕਰਤਾਲ’ ਅਤੇ ‘ਕਾਠਤਾਲ’ ਵੀ ਕਹਿੰਦੇ ਹਨ। ਖੜਤਾਲ ਦੀਆਂ ਦੋ ਜੋੜੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਇੱਕੋ ਸਮੇਂ ਦੋਹਾਂ ਹੱਥਾਂ ਨਾਲ ਫੜ ਕੇ ਵਜਾਇਆ ਜਾਂਦਾ ਹੈ। ਖੜਤਾਲ ਦੇ ਹਰ ਭਾਗ ਵਿੱਚ ਇੱਕ ਛੇਦ ਅੰਗੂਠਾ ਪਾਉਣ ਲਈ ਅਤੇ ਦੂਜੇ ਛੇਦ ਵਿੱਚ ਚਾਰ ਉਂਗਲਾਂ ਪਾਉਣ ਲਈ ਸਥਾਨ ਹੁੰਦਾ ਹੈ। ਇਹਨਾਂ ਦੋਹਾਂ ਹਿੱਸਿਆਂ ਨੂੰ ਇੱਕ ਹੱਥ ਵਿੱਚ ਫੜਦੇ ਹੋਏ ਆਪਸ ਵਿੱਚ ਟਕਰਾਅ ਕੇ ਵਜਾਇਆ ਜਾਂਦਾ ਹੈ। ਇਹ ਸਾਜ਼ ਵੀ ਤਾਲ ਪ੍ਰਧਾਨ ਮੰਨਿਆ ਗਿਆ ਹੈ। ਅਜੋਕੇ ਸਮੇਂ ਇਸ ਦਾ ਪ੍ਰਯੋਗ ਵੀ ਧਾਰਮਿਕਤਾ ਨਾਲ ਜੁੜ ਗਿਆ ਹੈ। ਚਿਮਟੇ ਵਾਂਗ ਖੜਤਾਲ ਦੇ ਕਈ ਮਾਹਰ-ਵਾਦਕ ਵਜਾਉਂਦੇ ਸਮੇਂ ਹੱਥਾਂ ਨੂੰ ਘੁਮਾ ਕੇ ਅਤੇ ਝੂਮਦਿਆਂ ਹੋਇਆਂ ਵਾਦਨ ਕਰਦੇ ਹਨ।
ਲੱਕੜ ਦੇ ਡੰਡੇ `ਤੇ ਕਾਟੋ ਦੀ ਸ਼ਕਲ ਬਣਾ ਕੇ ਬਣਾਏ ਲੋਕ-ਸਾਜ਼ ਕਾਟੋ ਨੂੰ ਕੇਵਲ ਪੰਜਾਬ ਦਾ ਲੋਕ-ਸਾਜ਼ ਹੀ ਮੰਨਿਆ ਗਿਆ ਹੈ। ਲੱਕੜ ਦੇ ਡੰਡੇ ਉੱਤੇ ਬਣਾਈ ਕਾਟੋ ਦੇ ਮੂੰਹ ਅਤੇ ਪਿਛਲੇਰੇ ਭਾਗ `ਤੇ ਹੇਠਾਂ ਵੱਲ ਨੂੰ ਲਮਕਦੀਆਂ ਰੱਸੀਆਂ ਬੰਨ੍ਹੀਆਂ ਜਾਂਦੀਆਂ ਹਨ। ਭੰਗੜੇ ਦੇ ਕਲਾਕਾਰ ਇਹਨਾਂ ਰੱਸੀਆਂ ਨੂੰ ਇਕੱਠੀਆਂ ਲੈਅ ਅਨੁਸਾਰ ਖਿੱਚਦੇ ਅਤੇ ਢਿੱਲੀਆਂ ਕਰਦੇ ਹਨ, ਜਿਸ ਨਾਲ ਟੱਕ-ਟੱਕ ਦੀ ਅਵਾਜ਼ ਪੈਦਾ ਹੁੰਦੀ ਹੈ ਅਤੇ ਪੂਛਲ ਨੂੰ ਰੁਮਾਲ ਅਤੇ ਮੂੰਹ ਵਾਲੇ ਭਾਗ `ਤੇ ਘੁੰਗਰੀਆਂ ਬੰਨ੍ਹੀਆਂ ਹੋਣ `ਤੇ ਬੜਾ ਮਨਮੋਹਕ ਦ੍ਰਿਸ਼ ਅਤੇ ਸੰਗੀਤ ਪੈਦਾ ਹੁੰਦਾ ਹੈ।
ਸੱਪ ਪੰਜਾਬ ਦਾ ਇੱਕ ਹੋਰ ਲੋਕ-ਸਾਜ਼ ਹੈ, ਜਿਸ ਨਾਲ ਮਿਲਦਾ-ਜੁਲਦਾ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਯੂ.ਪੀ. ਆਦਿ ਵਿੱਚ ਇੱਕ ਹੋਰ ਸਾਜ਼ ਮਿਲਦਾ ਹੈ, ਜਿਸ ਨੂੰ ਤੱਪੜੀ ਕਿਹਾ ਜਾਂਦਾ ਹੈ। ਸੱਪ, ਤਾਲ ਅਤੇ ਲੈਅ ਪ੍ਰਧਾਨ ਲੋਕ-ਸਾਜ਼ ਹੈ। ਇਸ ਦੀਆਂ ਜੁੜੀਆਂ ਫੱਟੀਆਂ ਨੂੰ ਦੋਹਾਂ ਹੱਥਾਂ ਵਿੱਚ ਫੜ ਕੇ ਖੋਲ੍ਹਣ ਅਤੇ ਬੰਦ ਕਰਨ ਦੀ ਵਿਧੀ ਨਾਲ ਸੰਗੀਤ ਪੈਦਾ ਕਰਨ ਲਈ ਵਜਾਇਆ ਜਾਂਦਾ ਹੈ। ਪੰਜਾਬ ਦੇ ਭੰਗੜਾ ਨਾਚ ਵਿੱਚ ਇਸ ਦਾ ਵਧੇਰੇ ਪ੍ਰਯੋਗ ਕੀਤਾ ਜਾਂਦਾ ਹੈ।
4. ਸੁਸ਼ਿਰ ਸਾਜ਼ : ਸੁਸ਼ਿਰ ਸਾਜ਼ ਉਹ ਹੁੰਦੇ ਹਨ, ਜੋ ਹਵਾ ਦੀ ਸਹਾਇਤਾ ਨਾਲ ਵਜਾਏ ਜਾਂਦੇ ਹਨ। ਅਲਗੋਜ਼ਾ ਇਹਨਾਂ ਲੋਕ-ਸਾਜ਼ਾਂ ਵਿੱਚੋਂ ਇੱਕ ਹੈ। ਇਹ ਬਾਂਸ ਦੀ ਨਲੀ ਵਿੱਚ ਛੇਦ ਕਰ ਕੇ ਬਣਾਇਆ ਜਾਂਦਾ ਹੈ। ਦੋ ਬੰਸਰੀਆਂ ਨੂੰ ਇਕੱਠੇ ਵਜਾਉਣ ਨੂੰ ਅਲਗੋਜ਼ਾ ਆਖਿਆ ਜਾਂਦਾ ਹੈ। ਦੋਹਾਂ ਬੰਸਰੀਆਂ ਵਿੱਚ ਚਾਰ ਤੋਂ ਛੇ ਛੇਦ ਹੁੰਦੇ ਹਨ। ਦੋਵੇਂ ਬੰਸਰੀਆਂ ਇੱਕੋ ਸੁਰ `ਤੇ ਮਿਲਦੀਆਂ ਹੁੰਦੀਆਂ ਹਨ। ਅਲਗੋਜ਼ਿਆਂ ਦੀ ਵਾਦਨ ਵਿਧੀ ਦੋ ਪ੍ਰਕਾਰ ਦੀ ਮੰਨੀ ਗਈ ਹੈ। ਇੱਕ, ਬੰਸਰੀ `ਤੇ ਇੱਕੋ ਸੁਰ ਕਾਇਮ ਰੱਖਣਾ ਅਤੇ ਦੂਜੀ ਵਿੱਚ ਦੋਹਾਂ ਬੰਸਰੀਆਂ `ਤੇ ਇੱਕੋ ਜਿਹੀ ਧੁਨ ਵਜਾਉਣਾ। ਕੁਝ ਅਲਗੋਜ਼ਾ ਵਾਦਕ ਕਿਸੇ ਰਚਨਾ ਦੀ ਪੂਰੀ ਸੰਗਤ ਨਾ ਕਰਦੇ ਹੋਏ ਕੇਵਲ ਕੁਝ ਹੀ ਰਲਦੇ-ਮਿਲਦੇ ਸੁਰਾਂ ਨੂੰ ਵਜਾਉਂਦੇ ਹਨ।
ਲੇਖਕ : ਕਿਰਪਾਲ ਕਜ਼ਾਕ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 18815, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First