ਵੈਰਾਗ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵੈਰਾਗ [ਨਾਂਪੁ] ਤਿਆਗ , ਸੰਨਿਆਸ; ਉਦਾਸੀਨਤਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4531, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵੈਰਾਗ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਵੈਰਾਗ: ਸਿੱਖ ਧਰਮ ਵਿਚ ਵੈਰਾਗ ਦਾ ਸੰਕਲਪ ਲਕੀਰ ਤੋਂ ਹਟ ਕੇ ਹੈ। ਗੁਰਮਤਿ ਦਾ ਮੂਲ ਉਦੇਸ਼ ਹੈ ਜੀਵਾਤਮਾ ਦਾ ਪਰਮਾਤਮਾ ਨੂੰ ਪ੍ਰਾਪਤ ਕਰਨਾ। ਮੋਹ ਮਾਇਆ ਵਿਚ ਘਿਰਿਆ ਹੋਇਆ ਚੇਤਨ ਵਿਅਕਤੀ ਸਦਾ ਆਪਣੀਆਂ ਭੌਤਿਕ ਸੀਮਾਵਾਂ ਨੂੰ ਪਾਰ ਕਰਕੇ ਪਰਮ-ਤੱਤ੍ਵ ਵਿਚ ਮਿਲਣ ਲਈ ਯਤਨਸ਼ੀਲ ਰਹਿੰਦਾ ਹੈ, ਪਰ ਸੰਸਾਰਿਕ ਪ੍ਰਪੰਚ ਤੋਂ ਉੱਚਾ ਉਠਣਾ, ਜਾਂ ਇਸ ਦਾ ਤਿਆਗ ਕਰਨਾ ਕੋਈ ਸਰਲ ਕਾਰਜ ਨਹੀਂ ਹੈ। ਇਸ ਮਾਇਆ-ਜਾਲ ਨੂੰ ਉਹੀ ਵਿਅਕਤੀ ਕਟ ਸਕਦਾ ਹੈ ਜੋ ਆਪਣੀਆਂ ਚਿੱਤ-ਵ੍ਰਿੱਤੀਆਂ ਉਤੇ ਕਾਬੂ ਪਾ ਲੈਂਦਾ ਹੈ ਅਤੇ ਆਪਣੇ ਜੀਵਨ-ਉਦੇਸ਼ ਸੰਬੰਧੀ ਬਿਲਕੁਲ ਸਪੱਸ਼ਟ ਹੋ ਜਾਂਦਾ ਹੈ। ਦੁਬਿਧਾ ਵਿਚ ਗ੍ਰਸਿਆ ਵਿਅਕਤੀ ਪ੍ਰਭੂ-ਪ੍ਰਾਪਤੀ ਮਾਰਗ ਉਤੇ ਸਹਿਜ ਭਾਵ ਨਾਲ ਅਗੇ ਨਹੀਂ ਵਧ ਸਕਦਾ। ਦੁਬਿਧਾ ਨੂੰ ਦੂਰ ਕਰਨ ਲਈ ਵੈਰਾਗ ਦੀ ਭਾਵਨਾ ਨੂੰ ਵਿਕਸਿਤ ਕਰਨਾ ਅਤਿ ਜ਼ਰੂਰੀ ਹੈ।

ਪ੍ਰਸ਼ਨ ਉਠਦਾ ਹੈ ਕਿ ਵੈਰਾਗ ਕੀ ਹੈ ? ਸੰਸਾਰਿਕ ਵਿਸ਼ੇ ਭੋਗਾਂ ਜਾਂ ਇੱਛਾਵਾਂ ਪ੍ਰਤਿ ਉਦਾਸੀਨਤਾ ਹੀ ‘ਵੈਰਾਗ’ ਹੈ ਜਾਂ ਲੋਕ ਪਰਲੋਕ ਦੇ ਫਲ-ਭੋਗਾਂ ਤੋਂ ਪੈਦਾ ਹੋਣ ਵਾਲੀ ਉਪਰਾਮਤਾ ਦੀ ਭਾਵਨਾ ‘ਵੈਰਾਗ’ ਹੈ।

ਸ਼ਰੀਰ ਦੇ ਸੰਪਰਕ ਵਿਚ ਆਉਣ ਨਾਲ ਜੀਵਾਤਮਾ ਵਿਚ ਦ੍ਵੈਤ-ਭਾਵਨਾ ਪੈਦਾ ਹੁੰਦੀ ਹੈ। ਇਹੀ ਵਿਅਕਤੀ ਦੇ ਹੰਕਾਰ ਦਾ ਕਾਰਣ ਹੈ। ਇਸ ਦ੍ਵੈਤ-ਬੁੱਧੀ ਨੂੰ ਦੂਰ ਕਰਨ ਨਾਲ ਹੀ ਵੈਰਾਗ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ—ਦੁਬਿਧਾ ਵਿਚਿ ਬੈਰਾਗੁ ਹੋਵੀ ਜਬ ਲਗ ਦੂਜੀ ਰਾਈ ਦੁਬਿਧਾ ਨੂੰ ਦੂਰ ਕਰਨ ਦੇ ਤਿੰਨ ਉਪਾ ਹਨ—ਇਕ, ਸੰਸਾਰ ਪ੍ਰਤਿ ਉਪਰਾਮਤਾ ਦੀ ਭਾਵਨਾ। ਦੂਜਾ , ਸੰਸਾਰ ਨੂੰ ਵਿਵੇਕ ਬੁੱਧੀ ਰਾਹੀਂ ਮਿਥਿਆ ਸਮਝਣਾ। ਅਤੇ ਤੀਜਾ, ਨਾਮ-ਸਿਮਰਨ ਰਾਹੀਂ ਮਨ ਨੂੰ ਪਰਮਾਤਮਾ ਵਲ ਮੋੜਨਾ। ਮੱਧ-ਯੁਗ ਦੇ ਸੰਤਾਂ , ਸਾਧਾਂ, ਭਗਤਾਂ ਨੇ ਭਾਵੇਂ ਨਾਮ-ਸਿਮਰਨ ਅਤੇ ਭਗਤੀ ਨੂੰ ਸਰਬ ਸ੍ਰੇਸ਼ਠ ਉਪਾ ਮੰਨਿਆ ਹੈ ਪਰ ਸੰਸਾਰ ਪ੍ਰਤਿ ਉਪਰਾਮਤਾ ਅਤੇ ਵਿਵੇਕ ਤੀਜੇ ਉਪਾ ਦੇ ਸਹਾਇਕ ਜਾਂ ਮੁੱਢਲੇ ਸਾਧਨ ਹਨ। ਤੀਜਾ ਉਪਾ ਇਨ੍ਹਾਂ ਉਪਰ ਨਿਰਭਰ ਕਰਦਾ ਹੈ। ਇਸ ਤਰ੍ਹਾਂ ਵੈਰਾਗ ਤਿੰਨਾਂ ਦਾ ਸਮੁੱਚ ਹੈ। ਇਹ ਵੈਰਾਗ ਨ ਆਤਮ-ਤਿਆਗ ਵਾਲਾ ਹੈ, ਨ ਕਰਮ-ਵਿਹੀਨ ਹੈ ਅਤੇ ਨ ਹੀ ਸੰਨਿਆਸੀ ਬਿਰਤੀ ਵਾਲਾ ਹੈ। ਇਸ ਨੂੰ ਨਿਵ੍ਰਿੱਤੀ ਮਾਰਗੀ ਵੈਰਾਗ ਵੀ ਨਹੀਂ ਕਿਹਾ ਜਾ ਸਕਦਾ। ਇਹ ਤਾਂ ਮਨੁੱਖ ਦੀ ਉਹ ਸਹਿਜ ਬਿਰਤੀ ਹੈ ਜਿਸ ਕਰਕੇ ਮਾਇਆ-ਯੁਕਤ ਸੰਸਾਰ ਵਿਚ ਰਹਿੰਦੇ ਹੋਇਆਂ ਵੀ ਉਹ ਇਸ ਦੇ ਪ੍ਰਭਾਵ ਤੋਂ ਮੁਕਤ ਹੈ। ਇਹ ਵੈਰਾਗ ਬਿਰਤੀ ਸੰਸਾਰਿਕਤਾ ਤੋਂ ਭਾਂਜ ਦੀ ਨਹੀਂ, ਨਿਰਲੇਪਤਾ ਦੀ ਹੈ। ਇਸ ਪ੍ਰਕਾਰ ਦੇ ਵੈਰਾਗ ਦਾ ਮਹੱਤਵ ਲਗਭਗ ਸਾਰੇ ਧਰਮਾਂ ਵਾਲਿਆਂ ਨੇ ਮੁੱਢ-ਕਦੀਮ ਤੋਂ ਮੰਨਿਆ ਹੈ, ਪਰ ਉਸ ਦੇ ਰੂੜ੍ਹ ਰੂਪ ਜਾਂ ਸੰਪ੍ਰਦਾਈ ਆਚਾਰ ਨੇ ਇਸ ਦਾ ਮੌਲਿਕ ਉਦੇਸ਼ ਸਦਾ ਧੁੰਧਲਾ ਕਰੀ ਰਖਿਆ ਹੈ।

ਵਿਵਹਾਰ ਵਿਚ ਵੈਰਾਗ ਦੋ ਰੂਪਾਂ ਵਿਚ ਸਾਹਮਣੇ ਆਇਆ ਹੈ। ਇਕ ਰੂਪ ਤਾਂ ਉਹ ਹੈ ਜਿਸ ਵਿਚ ਵਿਅਕਤੀ ਆਪਣਾ ਸਭ ਕੁਝ ਛਡ ਛਡਾ ਕੇ ਸੰਨਿਆਸ ਧਾਰਣ ਕਰ ਲੈਂਦਾ ਹੈ। ਪਰ ਗੁਰਬਾਣੀ ਵਿਚ ਇਸ ਪ੍ਰਕਾਰ ਦੇ ਸੰਨਿਆਸ ਦਾ ਖੰਡਨ ਕੀਤਾ ਗਿਆ ਹੈ, ਕਿਉਂਕਿ ਇਹ ਸਾਰਾ ਦਿਖਾਵਾ ਹੈ, ਦਿਲੋਂ ਧਾਰਣ ਕੀਤਾ ਸੰਨਿਆਸ ਨਹੀਂ ਹੈ। ਗੁਰੂ ਨਾਨਕ ਦੇਵ ਜੀ ਨੇ ਇਸ ਸੰਬੰਧ ਵਿਚ ਫ਼ਰਮਾਇਆ ਹੈ ਕਿ ਸਿਰ ਮੂੰਹ ਮੁਨਾ ਕੇ ਜਾਂ ਸਿਰ ਉਤੇ ਜਟਾਵਾਂ ਰਖ ਕੇ ਜਾਂ ਮੋਨ ਧਾਰਣ ਕਰਕੇ ਵਿਅਕਤੀ ਹਉਮੈ ਤੋਂ ਬਚ ਨਹੀਂ ਸਕਦਾ, ਜਿਸ ਕਰਕੇ ਉਸ ਦਾ ਮਨ ਸਥਿਰ ਨਹੀਂ ਹੁੰਦਾ ਅਤੇ ਉਹ ਆਤਮ-ਗਿਆਨ ਵਿਚ ਲੀਨ ਨਹੀਂ ਹੋ ਸਕਦਾ। ਅਸਲ ਵਿਚ, ਮਾਇਆ ਦੁਆਰਾ ਭਟਕਿਆ ਪ੍ਰਾਣੀ ਅੰਮ੍ਰਿਤ ਨੂੰ ਛਡ ਕੇ ਬਿਖ ਦਾ ਸੇਵਨ ਕਰਦਾ ਹੈ—ਮੂੰਡੁ ਮੁਡਾਇ ਜਟਾ ਸਿਖ ਬਾਧੀ ਮੋਨਿ ਰਹੈ ਅਭਿਮਾਨਾ ਮਨੂਆ ਡੋਲੇ ਦਹ ਦਿਸ ਧਾਵੈ ਬਿਨੁ ਰਤ ਆਤਮ ਗਿਆਨਾ ਅੰਮ੍ਰਿਤ ਛੋਡਿ ਮਹਾ ਬਿਖੁ ਪੀਵੈ ਮਾਇਆ ਕਾ ਦੇਵਾਨਾ ਕਿਰਤੁ ਮਿਟਈ ਹੁਕਮੁ ਬੂਝੈ ਪਸੂਆ ਮਾਹਿ ਸਮਾਨਾ (ਗੁ.ਗ੍ਰੰ.1013)।

ਗੁਰੂ ਗੋਬਿੰਦ ਸਿੰਘ ਜੀ ਨੇ ਵੀ ਮਨ ਨੂੰ ਸੰਬੋਧਨ ਕਰਦਿਆਂ ਸੰਨਿਆਸ ਦਾ ਸਰੂਪ ਕੁਝ ਇਸ ਤਰ੍ਹਾਂ ਦ੍ਰਿੜ੍ਹ ਕੀਤਾ ਹੈ—ਰੇ ਮਨ ਐਸੋ ਕਰਿ ਸੰਨਿਆਸਾ ਬਨ ਸੇ ਸਦਨ ਸਬੈ ਕਰਿ ਸਮਝਹੁ ਮਨ ਹੀ ਮਾਹਿ ਉਦਾਸਾ... ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹ ਮਨ ਸੋ ਲਿਆਵੈ ਤਬ ਹੀ ਆਤਮ ਤਤ ਕੋ ਦਰਸੇ ਪਰਮ ਪੁਰਖ ਕਹ ਪਾਵੈ (ਦਸਮ-ਗ੍ਰੰਥ)।

ਵੈਰਾਗ ਦਾ ਦੂਜਾ ਰੂਪ ਹੈ ਗ੍ਰਿਹਸਥ ਵਿਚ ਹੀ ਨਿਰਲਿਪਤ ਭਾਵ ਨਾਲ ਰਹਿਣਾ ਅਤੇ ਹਿਰਦੇ ਤੋਂ ਸਾਰੀਆਂ ਵਾਸਨਾਵਾਂ ਦਾ ਤਿਆਗ ਕਰਕੇ ਉਸ ਨੂੰ ਹਰਿ ਨਾਲ ਜੋੜਨਾ। ਗੁਰਬਾਣੀ ਵਿਚ ਇਸ ਪ੍ਰਕਾਰ ਦੇ ਵੈਰਾਗ ਦਾ ਪ੍ਰਤਿਪਾਦਨ ਹੋਇਆ ਹੈ। ਵੈਰਾਗ ਦੀ ਇਸ ਭਾਵਨਾ ਦਾ ਸੰਚਾਰ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋ ਗਿਆ ਸੀ। ਸੰਸਾਰਿਕ ਸੰਬੰਧਾਂ ਤੋਂ ਨਿਰਲਿਪਤ ਹੋ ਕੇ ਧਰਮ ਪ੍ਰਚਾਰ ਲਈ ਉਦਾਸੀਆਂ ਉਤੇ ਜਾਣਾ ਵੈਰਾਗ ਲਈ ਪੁਟਿਆ ਪਹਿਲਾ ਅਤੇ ਮਹੱਤਵਪੂਰਣ ਕਦਮ ਸੀ। ਉਸ ਉਪਰੰਤ ਸਾਰੇ ਗੁਰੂ ਸਾਹਿਬਾਨ ਨੇ ਆਪਣੀ ਧਰਮ-ਸਾਧਨਾ ਵਿਚ ਵੈਰਾਗ ਨੂੰ ਬਹੁਤ ਮਹੱਤਵ ਦਿੱਤਾ ਹੈ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚ ਇਹ ਭਾਵਨਾ ਅਧਿਕ ਉਘੜੀ ਹੈ। ਉਨ੍ਹਾਂ ਅਨੁਸਾਰ ਇਹ ਵੈਰਾਗ ਸੰਸਾਰਿਕ ਪ੍ਰਪੰਚ ਤੋਂ ਹਟ ਕੇ ਜੰਗਲਾਂ ਵਿਚ ਭਟਕਣ ਨਾਲ ਪ੍ਰਾਪਤ ਨਹੀਂ ਹੁੰਦਾ, ਕਿਉਂਕਿ ਜਿਸ ਪਰਮਾਤਮਾ ਦੀ ਪ੍ਰਾਪਤੀ ਦੀ ਇੱਛਾ ਹੈ, ਉਹ ਤਾਂ ਫੁਲ ਵਿਚ ਸਮੋਈ ਖ਼ੁਸ਼ਬੂ ਅਤੇ ਦਰਪਣ ਵਿਚਲੀ ਪਰਛਾਈ ਵਾਂਗ ਮਨੁੱਖ ਦੇ ਹਿਰਦੇ ਵਿਚ ਹੀ ਸਦਾ ਉਪਲਬਧ ਹੈ—ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹਿ ਸੰਗਿ ਸਮਾਈ ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ ਤੈਸੇ ਹੀ ਹਰਿ ਬਸੈ ਨਿਰੰਤਰ ਘਟ ਹੀ ਖੋਜਹੁ ਭਾਈ (ਗੁ.ਗ੍ਰੰ.684)।

ਬਾਬਾ ਫ਼ਰੀਦ ਨੇ ਵੀ ਕਿਹਾ ਹੈ ਕਿ ਹੇ ਪ੍ਰਾਣੀ ਰੱਬ ਤਾਂ ਤੇਰੇ ਹਿਰਦੇ ਵਿਚ ਵਸਦਾ ਹੈ, ਤੂੰ ਜੰਗਲਾਂ ਵਿਚ ਫਿਰ ਕੇ ਕੀ ਲਭ ਰਿਹਾ ਹੈ—ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ ਵਸੀ ਰਬ ਹਿਆਲੀਐ ਜੰਗਲੁ ਕਿਆ ਢੂਢੇਹਿ (ਗੁ.ਗ੍ਰੰ.1378)।

ਜਨਮ ਜਨਮਾਂਤਰਾਂ ਤੋਂ ਸੰਜੋਏ ਸੰਸਕਾਰਾਂ ਕਰਕੇ ਮਨੁੱਖ ਦੇ ਮਨ ਵਿਚ ਵੈਰਾਗ ਦੀ ਭਾਵਨਾ ਨੂੰ ਜਗਾਉਣਾ ਸਰਲ ਨਹੀਂ ਹੈ। ਸਭ ਤੋਂ ਪਹਿਲਾਂ ਮੋਹ-ਮਾਇਆ ਵਿਚ ਗ੍ਰਸੇ ਜੀਵ ਨੂੰ ਸੰਸਾਰਿਕਤਾ ਦਾ ਸਹੀ ਰੂਪ ਦਰਸਾਉਣਾ ਹੈ। ਸੰਸਾਰਿਕ ਪ੍ਰਪੰਚ ਮਿਥਿਆ ਹੈ, ਇਹ ਗੱਲ ਮਨੁੱਖ ਦੇ ਮਨ ਵਿਚ ਵਸਾਉਣੀ ਹੈ ਤਦ ਹੀ ਉਹ ਇਸ ਪ੍ਰਤਿ ਉਪਰਾਮ ਹੋ ਕੇ ਧਰਮ ਆਚਰਣ ਵਿਚ ਲੀਨ ਹੋ ਸਕਦਾ ਹੈ। ਜਿਉਂ ਜਿਉਂ ਧਰਮ ਆਚਰਣ ਦ੍ਰਿੜ੍ਹ ਹੁੰਦਾ ਜਾਏਗਾ, ਤਿਉਂ ਤਿਉਂ ਵੈਰਾਗ ਦੀ ਭਾਵਨਾ ਦਾ ਵਿਕਾਸ ਹੁੰਦਾ ਜਾਏਗਾ। ਇਸ ਲਈ ਸਭ ਤੋਂ ਪਹਿਲਾਂ ਮਿਥਿਆ ਤੱਤ੍ਵ ਦਾ ਗਿਆਨ ਕਰਾਉਣਾ ਜ਼ਰੂਰੀ ਹੈ। ਸਪੱਸ਼ਟ ਹੈ ਕਿ ਵੈਰਾਗ ਦੇ ਮਾਰਗ ਉਤੇ ਗਿਆਨ ਦਾ, ਵਿਵੇਕ ਦਾ ਸਹਾਰਾ ਲਏ ਬਿਨਾ ਮੰਜ਼ਿਲ ਤਕ ਪਹੁੰਚਿਆ ਨਹੀਂ ਜਾ ਸਕਦਾ। ਫਲਸਰੂਪ ਸਭ ਤੋਂ ਪਹਿਲਾਂ ਇਸ ਤੱਥ ਦਾ ਬੋਧ ਹੋਣਾ ਜ਼ਰੂਰੀ ਹੈ ਕਿ ਸੰਸਾਰ ਦਾ ਸਾਰਾ ਖੇਲ , ਸਮੁੱਚਾ ਵਿਵਹਾਰ ਸੁਪਨੇ ਵਾਂਗ ਹੈ, ਨਾਸ਼ਮਾਨ ਹੈ। ਗੁਰਬਾਣੀ ਵਿਚ ਵਿਵਹਾਰਿਕ ਤੌਰ’ਤੇ ਸੰਸਾਰ ਨੂੰ ਭਾਵੇਂ ਸਚ ਮੰਨ ਲਿਆ ਗਿਆ ਹੈ, ਪਰ ਪਰਮਾਰਥਿਕ ਦ੍ਰਿਸ਼ਟੀ ਤੋਂ ਇਹ ਸੰਸਾਰ ਛਿਣ ਭੰਗਰ ਹੈ, ਅਸਥਾਈ ਹੈ। ਦੁਨੀਆ ਮੁਕਾਮੇ ਫਾਨੀ ਕਹਿ ਕੇ ਗੁਰੂ ਨਾਨਕ ਦੇਵ ਜੀ ਨੇ ਇਹੀ ਗੱਲ ਦ੍ਰਿੜ੍ਹ ਕਰਾਈ ਹੈ।

ਗੁਰੂ ਅਰਜਨ ਦੇਵ ਜੀ ਨੇ ਵੀ ਪ੍ਰਾਣੀ ਨੂੰ ਸਮਝਾਇਆ ਹੈ ਕਿ ਇਹ ਸੰਸਾਰ ਸੁਪਨੇ ਵਰਗਾ ਹੈ। ਜੋ ਕੁਝ ਦਿਸਦਾ ਹੈ, ਉਹ ਸਭ ਨਾਸ਼ਮਾਨ ਹੈ—ਜੈਸਾ ਸੁਪਨਾ ਰੈਨਿ ਕਾ ਤੈਸਾ ਸੰਸਾਰ ਦ੍ਰਿਸਟਿਮਾਨ ਸਭੁ ਬਿਨਸੀਐ ਕਿਆ ਲਗਹਿ ਗਵਾਰ (ਗੁ.ਗ੍ਰੰ.808)। ਗੁਰਬਾਣੀ ਵਿਚ ਸੰਸਾਰ ਨੂੰ ਮਿਥਿਆ ਜਾਂ ਕੂੜਾ ਵੀ ਕਿਹਾ ਗਿਆ ਹੈ। ਰਾਜਾ-ਪਰਜਾ, ਮੰਡਪ-ਮਾੜੀ, ਸੋਨਾ-ਚਾਂਦੀ, ਮੀਆਂ-ਬੀਵੀ, ਗਹਿਣੇ- ਕਪੜੇ ਸਭ ਕੂੜੇ ਹਨ। ਪਰ ਅਸਚਰਜ ਦੀ ਗੱਲ ਇਹ ਹੈ ਕਿ ਇਕ ਮਿਥਿਆ ਤੱਤ੍ਵ ਨੇ ਦੂਜੇ ਮਿਥਿਆ ਤੱਤ੍ਵ ਨਾਲ ਪ੍ਰੇਮ ਪਾਇਆ ਹੋਇਆ ਹੈ—ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ (ਗੁ.ਗ੍ਰੰ.468)। ਸੰਸਾਰ ਦੀ ਨਾਸ਼ਮਾਨਤਾ ਦੇ ਨਾਲ ਨਾਲ ਗੁਰਬਾਣੀ ਵਿਚ ਸ਼ਰੀਰ ਨੂੰ ਨਾਸ਼ਮਾਨ ਦਸਿਆ ਗਿਆ ਹੈ। ਗੁਰੂ ਅਮਰਦਾਸ ਜੀ ਨੇ ਸ਼ਰੀਰ ਨੂੰ ਕਾਗ਼ਜ਼ ਵਾਂਗ ਨਾਸ਼ਮਾਨ ਦਸ ਕੇ ਇਹ ਵੀ ਦ੍ਰਿੜ੍ਹ ਕਰਾਇਆ ਹੈ ਕਿ ਨਾਮ ਦੇ ਨਿਵਾਸ ਨਾਲ ਇਹੀ ਮਹਾਨ ਬਣ ਸਕਦਾ ਹੈ—ਦੇਹੀ ਕਾਚੀ ਕਾਗਦ ਮਿਕਦਾਰਾ ਬੂੰਦ ਪਵੈ ਬਿਨਸੈ ਢਹਤ ਲਾਗੈ ਬਾਰਾ ਕੰਚਨ ਕਾਇਆ ਗੁਰਮੁਖਿ ਬੂਝੈ ਜਿਸੁ ਅੰਤਰਿ ਨਾਮੁ ਨਿਵਾਸੀ ਹੇ (ਗੁ.ਗ੍ਰੰ.1048)।

ਅਜਿਹੇ ਨਾਸ਼ਮਾਨ ਸੰਸਾਰ ਜਾਂ ਇਸ ਦੀਆਂ ਵਸਤੂਆਂ ਨਾਲ ਮੋਹ ਪਾਣਾ ਗੁਰਬਾਣੀ ਵਿਚ ਵਰਜਿਤ ਹੈ। ਜੋਗੀ ਨੂੰ ਸੰਬੋਧਨ ਕਰਦਿਆਂ ਗੁਰੂ ਨਾਨਕ ਦੇਵ ਜੀ ਨੇ ਮਾਇਆ-ਯੁਕਤ ਸੰਸਾਰ ਵਿਚ ਮਾਇਆ-ਮੁਕਤ ਅਵਸਥਾ ਵਿਚ ਰਹਿਣ ਦੀ ਤਾਕੀਦ ਕੀਤੀ ਹੈ—ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ (ਗੁ.ਗ੍ਰੰ. 730)। ਮਨੁੱਖ ਨੂੰ ਸੰਸਰ ਤੋਂ ਇਸ ਤਰ੍ਹਾਂ ਵਿਰਕਤ ਰਹਿਣਾ ਚਾਹੀਦਾ ਹੈ ਜਿਵੇਂ ਜਲ ਵਿਚ ਕਮਲ ਅਤੇ ਨਦੀ ਵਿਚ ਮੁਰਗ਼ਾਬੀ ਦੀ ਸਥਿਤੀ ਹੁੰਦੀ ਹੈ। ਸੁਰਤ ਨੂੰ ਸ਼ਬਦ ਵਿਚ ਜੋੜਨ ਨਾਲ ਹੀ ਭਵ-ਸਾਗਰ ਤਰਿਆ ਜਾ ਸਕਦਾ ਹੈ—ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈਸਾਣੇ ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ (ਗੁ. ਗ੍ਰੰ.938)।

ਸੁਰਤ ਜੋੜਨ ਦੀ ਪ੍ਰਕ੍ਰਿਆ ਦੇ ਮੂਲ ਵਿਚ ਵੈਰਾਗ ਦੀ ਭਾਵਨਾ ਦਾ ਵਿਸ਼ੇਸ਼ ਸਥਾਨ ਹੈ, ਕਿਉਂਕਿ ਦੁਬਿਧਾ ਵਿਚ ਵੈਰਾਗ ਦੀ ਭਾਵਨਾ ਪੈਦਾ ਨਹੀਂ ਹੋ ਸਕਦੀ। ਗੁਰਬਾਣੀ ਵਿਚ ਸੰਸਾਰਿਕਤਾ ਵਿਚ ਲੀਨ ਹੋਣ ਨਾਲ ਪ੍ਰਾਪਤ ਹੋਣ ਵਾਲੇ ਦੁਖਾਂ, ਕਸ਼ਟਾਂ ਦਾ ਥਾਂ ਥਾਂ ਬੜੇ ਵਿਸਤਾਰ ਨਾਲ ਵਰਣਨ ਹੋਇਆ ਹੈ। ਪਰ ਜੋ ਲੋਕ ਸੰਸਾਰਿਕਤਾ ਤੋਂ ਮੁਕਤ ਹੋ ਜਾਂਦੇ ਹਨ, ਉਨ੍ਹਾਂ ਲਈ ਅਧਿਆਤਮਿਕ ਮਾਰਗ ਮੋਕਲਾ ਹੋ ਜਾਂਦਾ ਹੈ। ਉਹ ਸਹਿਜ ਵਿਚ ਏਕਾਕਾਰ ਅਵਸਥਾ ਪ੍ਰਾਪਤ ਕਰ ਲੈਂਦੇ ਹਨ। ਇਥੇ ਇਹ ਗੱਲ ਧਿਆਨ ਰਖਣ ਦੀ ਹੈ ਕਿ ਗੁਰਬਾਣੀ ਵਿਚ ਕਰਮ ਕਰਨ ਦੇ ਪ੍ਰਤਿ ਵੈਰਾਗ ਬਿਲਕੁਲ ਨਹੀਂ ਹੈ। ਸਗੋਂ ਵਿਹਲੇ ਬਹਿਣਾ, ਕੰਮ ਤੋਂ ਜੀ ਚੁਰਾਉਣਾ, ਆਲਸ ਕਰਨਾ ਆਦਿ ਬਿਰਤੀਆਂ ਨੂੰ ਤਿਆਗਣਾ ਹੀ ਸਹੀ ਵੈਰਾਗ ਹੈ। ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਕਿ ਘਾਲਿ ਖਾਇ ਕਿਛੁ ਹਥਹੁ ਦੇਇ ਨਾਨਕ ਰਾਹੁ ਪਛਾਣਹਿ ਸੇਇ (ਗੁ.ਗ੍ਰੰ.1245)। ਗੁਰੂ ਅਰਜਨ ਦੇਵ ਜੀ ਵੀ ਮਨੁੱਖ ਨੂੰ ਸੁਝਾ ਦਿੰਦੇ ਹਨ ਕਿ ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ (ਗੁ.ਗ੍ਰੰ.522)। ਅਸਲ ਵਿਚ, ਗੁਰਬਾਣੀ ਦੇ ਵੈਰਾਗ ਦਾ ਸਹੀ ਰੂਪ ਹੈ—ਕਿਰਤ ਕਰਨਾ, ਵੰਡ ਛਕਣਾ ਅਤੇ ਨਾਮ ਜਪਣਾ। ਗੁਰੂ ਅਰਜਨ ਦੇਵ ਜੀ ਨੇ ਜੀਵਨ- ਜੁਗਤ ਦੀ ਸੰਪੰਨਤਾ ਬਾਰੇ ਬਿਲਕੁਲ ਸਥਿਤੀ ਸਪੱਸ਼ਟ ਕਰ ਦਿੱਤੀ ਹੈ—ਨਾਨਕ ਸਤਿਗੁਰ ਭੇਟਿਐ ਪੂਰੀ ਹੋਵੈ ਜੁਗਤਿ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੇ ਮੁਕਤਿ (ਗੁ.ਗ੍ਰੰ.522)।

ਇਸ ਪ੍ਰਕਾਰ ਦੀ ਵੈਰਾਗ ਦੀ ਭਾਵਨਾ ਮਨੁੱਖ ਦੇ ਵਿਅਕਤਿਤਵ ਨੂੰ ਹੀ ਬਦਲ ਦਿੰਦੀ ਹੈ। ਉਸ ਲਈ ਦੁਖ- ਸੁਖ , ਮਾਨ-ਅਪਮਾਨ, ਹਰਖ-ਸੋਗ, ਸੋਨਾ-ਮਿੱਟੀ ਸਭ ਇਕ ਸਮਾਨ ਹਨ। ਉਹ ਇਸ ਸੰਸਾਰ ਵਿਚ ਵਿਚਰਦਾ ਹੋਇਆ ਵੀ ਸੰਸਾਰਿਕ ਪ੍ਰਪੰਚ ਤੋਂ ਮੁਕਤ ਹੈ। ਅਜਿਹੇ ਵਿਅਕਤੀ ਦੇ ਸਰੂਪ ਨੂੰ ਸਪੱਸ਼ਟ ਕਰਦਿਆਂ ਗੁਰੂ ਤੇਗ ਬਹਾਦਰ ਜੀ ਨੇ ਫਰਮਾਇਆ ਹੈ—ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ ਹਰਖ ਸੋਗ ਤੇ ਰਹੇ ਨਿਆਰਉ ਨਾਹਿ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟ ਬ੍ਰਹਮੁ ਨਿਵਾਸਾ (ਗੁ.ਗ੍ਰੰ.633-34)।

ਗੁਰੂ ਅਮਰਦਾਸ ਜੀ ਨੇ ਸਚਾ ਵੈਰਾਗ ਧਾਰਣ ਕਰਨ ਲਈ ਪ੍ਰੇਰਣਾ ਦਿੰਦਿਆਂ ਜਿਗਿਆਸੂ ਨੂੰ ਕਿਹਾ ਹੈ ਕਿ ਪਾਖੰਡ ਛਡ ਕੇ ਪਰਮਾਤਮਾ ਦਾ ਹੁਕਮ ਮੰਨਣਾ ਚਾਹੀਦਾ ਹੈ ਅਤੇ ਉਸ ਵਿਚ ਸਦਾ ਲਿਵ ਲਗਾਉਣੀ ਚਾਹੀਦੀ ਹੈ—ਕਰਿ ਬੈਰਾਗੁ ਤੂੰ ਛੋਡ ਪਾਖੰਡੁ ਸੋ ਸਹੁ ਸਭੁ ਕਿਛੁ ਜਾਣਏ ਜਲਿ ਥਲਿ ਮਹੀਅਲਿ ਏਕੋ ਸੋਈ ਗੁਰਮੁਖ ਹੁਕਮੁ ਪਛਾਣਏ ਜਿਨਿ ਹੁਕਮੁ ਪਛਾਤਾ ਹਰੀ ਕੇਰਾ ਸੋਈ ਸਰਬ ਸੁਖ ਪਾਵਏ ਇਵ ਕਹੈ ਨਾਨਕੁ ਸੋ ਬੈਰਾਗੀ ਅਨਦਿਨੁ ਹਰਿ ਲਿਵ ਲਾਵਏ (ਗੁ.ਗ੍ਰੰ.440)।

ਸਚੇ ਵੈਰਾਗੀ/ਬੈਰਾਗੀ ਦਾ ਸਰੂਪ ਚਿਤਰਦਿਆਂ ਗੁਰੂ ਨਾਨਕ ਦੇਵ ਜੀ ਨੇ ਕਹਾ ਹੈ ਕਿ ਸਿਫਤੀ ਰਤਾ ਸਦ ਬੈਰਾਗੀ ਜੂਐ ਜਨਮੁ ਹਾਰੈ (ਗੁ.ਗ੍ਰੰ.360)। ਗੁਰੂ ਅਮਰਦਾਸ ਜੀ ਅਨੁਸਾਰ ਜੋ ਮਨੁ ਮਾਰਹਿ ਆਪਣਾ ਸੇ ਪੁਰਖੁ ਬੈਰਾਗੀ ਰਾਮ (ਗੁ.ਗ੍ਰੰ.569)। ਗੁਰੂ ਰਾਮਦਾਸ ਜੀ ਨੇ ਫ਼ਰਮਾਇਆ ਹੈ ਕਿ ਜੋ ਵਿਅਕਤੀ ਘਰ-ਪਰਿਵਾਰ ਵਿਚ ਸਹਿਜ ਸਮਾਧੀ ਦੀ ਅਵਸਥਾ ਵਿਚ ਰਹਿੰਦਾ ਹੈ ਅਤੇ ਸਦਾ ਨਾਮ ਵਿਚ ਰਤਾ ਰਹਿੰਦਾ ਹੈ, ਉਹੀ ਸਚਾ ਬੈਰਾਗੀ ਹੈ—ਗਿਰਹ ਕੁਟੰਬ ਮਹਿ ਸਹਜਿ ਸਮਾਧੀ ਨਾਨਕ ਨਾਮਿ ਰਤੇ ਸੇ ਸਚੇ ਬੈਰਾਗੀ (ਗੁ.ਗ੍ਰੰ.1246)।

ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ ਸੰਸਾਰ ਦੇ ਮੋਹ ਮਾਇਆ ਪ੍ਰਤਿ ਵੈਰਾਗ ਦੀ ਭਾਵਨਾ ਪੈਦਾ ਕਰਨ ਨਾਲ ਹੀ ਵਿਅਕਤੀ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਮਾਰਗ ਉਤੇ ਅਗੇ ਵਧ ਸਕਦਾ ਹੈ। ਇਸ ਤੋਂ ਬਿਨਾ ਕੋਈ ਸਾਧਨਾ ਸਫਲ ਨਹੀਂ ਹੋ ਸਕਦੀ। ਇਸ ਸੰਬੰਧ ਵਿਚ ਗੁਰੂ ਅਮਰਦਾਸ ਜੀ ਦੀ ਸਪੱਸ਼ਟ ਧਾਰਣਾ ਹੈ ਕਿ ਜਦੋਂ ਮਨ ਵਿਚ ਪਰਮਾਤਮਾ ਦਾ ਭਉ ਪੈਦਾ ਹੋ ਜਾਂਦਾ ਹੈ ਤਾਂ ਮਨ ਵਿਚ ਵੈਰਾਗ ਉਤਪੰਨ ਹੁੰਦਾ ਹੈ ਅਤੇ ਫਿਰ ਇਸੇ ਵੈਰਾਗ ਰਾਹੀਂ ਹਰਿ ਦੀ ਪ੍ਰਾਪਤੀ ਹੁੰਦੀ ਹੈ ਅਤੇ ਜੀਵਾਤਮਾ ਪੂਰੀ ਤਰ੍ਹਾਂ ਪਰਮਾਤਮਾ ਵਿਚ ਲੀਨ ਹੋ ਜਾਂਦੀ ਹੈ—ਜਾ ਭਉ ਪਾਏ ਆਪਣਾ ਬੈਰਾਗੁ ਉਪਜੈ ਮਨਿ ਆਇ ਬੈਰਾਗੈ ਤੇ ਹਰਿ ਪਾਈਐ ਹਰਿ ਸਿਉ ਰਹੈ ਮਸਾਇ (ਗੁ.ਗ੍ਰੰ.490)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4359, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵੈਰਾਗ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਵੈਰਾਗ (ਸੰ.। ਸੰਸਕ੍ਰਿਤ ਵੈਰਾਗ੍ਯ) ਲੋਕ ਪ੍ਰਲੋਕ ਦੇ ਭੋਗਾਂ ਤੋਂ ਅਚਾਹ, ਮੋਹ ਰਹਿਤ ਹਾਲਤ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4357, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.