ਸ਼ਾਹ ਮੁਹੰਮਦ ਦਾ ਪੰਜਾਬੀ ਜੰਗਨਾਮਾ ਸਾਹਿਤ ਵਿਚ ਸਥਾਨ ਸਰੋਤ : ਸ਼ਾਹ ਮੁਹੰਮਦ ਜੀਵਨ ਤੇ ਰਚਨਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸ਼ਾਹ ਮੁਹੰਮਦ ਦਾ ਪੰਜਾਬੀ ਜੰਗਨਾਮਾ ਸਾਹਿਤ ਵਿਚ ਸਥਾਨ

ਇਸ ਸਮੇਂ ਦਾ ਸ਼ਾਹਕਾਰ ਸ਼ਾਹ ਮੁਹੰਮਦ ਰਚਿਤ ਸਿੰਘਾਂ ਤੇ ਅੰਗਰੇਜ਼ਾਂ ਦੀ ਲੜਾਈਹੈ ਜਿਸ ਦਾ ਸ਼ੁੱਧ ਨਾਮ, ਕਵੀ ਦੀ ਆਪਣੀ ਹੀ ਉਕਤੀ ਅਨੁਸਾਰ ਜੰਗ ਹਿੰਦ ਪੰਜਾਬਹੋਣਾ ਚਾਹੀਦਾ ਹੈ।...ਆਪ ਦੀ ਰਚਨਾ ਅੰਗਰੇਜ਼ਾਂ ਤੇ ਸਿੱਖਾਂ ਦੀ ਲੜਾਈਇਕ ਉੱਚ ਪਾਏ ਦੀ ਕਵਿਤਾ ਹੈ ਤੇ ਇਸੇ ਕਰਕੇ ਆਪ ਦਾ ਨਾਮ ਸਦਾ ਲਈ ਰੌਸ਼ਨ ਹੈ।...ਨਿਰਸੰਦੇਹ ਇਹ ਪੰਜਾਬ ਦੀ ਆਨ-ਸ਼ਾਨ ਤੇ ਸੂਰਵੀਰਤਾ ਦਾ ਦਰਦ ਭਰਿਆ ਗੀਤ ਹੈ, ਜਿਸ ਨੂੰ ਜਿਉਂ-ਜਿਉਂ ਪੰਜਾਬ ਵਧੇ ਫੁੱਲੇਗਾ, ਗਾਏਗਾ।

-ਸੰਤ ਸਿੰਘ ਸੇਖੋਂ, ਪੰਜਾਬੀ ਸਾਹਿਤ ਦਾ ਇਤਿਹਾਸ

ਆਪਣੇ ਭੂਗੋਲਿਕ ਤੇ ਇਤਿਹਾਸਿਕ ਕਾਰਨਾਂ ਕਰਕੇ ਪੰਜਾਬ ਵਿਚ ਵੀਰ ਸਾਹਿਤ ਵਾਂਗ ਜੰਗਨਾਮਾ ਸਾਹਿਤ ਦੀ ਰਚਨਾ ਵੀ ਕਾਫ਼ੀ ਲੰਮੇ ਸਮੇਂ ਤੋਂ ਹੁੰਦੀ ਆਈ ਹੈ। ਪੰਜਾਬੀ ਵਿਚ ਪਹਿਲਾ ਜੰਗਨਾਮਾ ਪੀਰ ਮੁਹੰਮਦ ਕਾਸਬੀ ਦੁਆਰਾ 1681 ਈ. (1092 ਹਿ.) ਵਿਚ ਲਿਖਿਆ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਹਾਫ਼ਿਜ਼ ਬਰਖ਼ੁਰਦਾਰ ਅਤੇ ਮੁਕਬਲ ਨੇ ਵੀ ਹਜ਼ਰਤ ਮੁਹੰਮਦ ਦੇ ਜੀਵਨ ਸੰਬੰਧੀ ਜੰਗਨਾਮੇ ਲਿਖੇ ਹਨ। ਇਸ ਉਪਰੰਤ ਅਣੀ ਰਾਏ ਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਜੀਵਨ ਸੰਬੰਧੀ ਜੰਗਨਾਮਾ ਰਚਿਆ ਗਿਆ। ਹਾਮਦ ਦੁਆਰਾ ਲਿਖਿਆ ਗਿਆ ਜੰਗਨਾਮਾ ਪੰਜਾਬੀ ਦਾ ਕਾਫ਼ੀ ਪ੍ਰਸਿੱਧ ਜੰਗਨਾਮਾ ਹੈ। ਇਹ ਜੰਗਨਾਮੇ ਫ਼ਾਰਸੀ ਲਿਪੀ ਵਿਚ ਹੋਣ ਕਾਰਨ ਇਕ ਖ਼ਾਸ ਤਰ੍ਹਾਂ ਦੇ ਪਾਠਕ ਵਰਗ ਤਕ ਮਹਿਦੂਦ ਰਹੇ। ਪੰਜਾਬੀ ਦੇ ਆਰੰਭਲੇ ਜੰਗਨਾਮੇ ਇਕ ਵਿਸ਼ੇਸ਼ ਧਰਮ ਨਾਲ ਸੰਬੰਧਤ ਹੋਣ ਕਾਰਨ ਬਾਕੀ ਧਰਮਾਂ ਦੇ ਲੋਕਾਂ ਉੱਪਰ ਬਹੁਤ ਡ¨ਘਾ ਪ੍ਰਭਾਵ ਨਾ ਪਾ ਸਕੇ। ਇਸ ਦੇ ਬਾਵਜੂਦ ਜੰਗਨਾਮਾ-ਕਾਵਿ-ਪਰੰਪਰਾ ਪੰਜਾਬੀ ਵਿਚ ਲੰਮੇ ਸਮੇਂ ਤੋਂ ਚੱਲੀ ਆ ਰਹੀ ਦ੍ਰਿਸ਼ਟੀਗੋਚਰ ਹੁੰਦੀ ਹੈ। ਤਾਜ਼ੀਆਂ ਖੋਜਾਂ ਦੇ ਆਧਾਰ’ਤੇ ਡਾ. ਗੁਰਦੇਵ ਸਿੰਘ ਨੇ ਪੰਜਾਬੀ ਦੇ ਕੁਝ ਮੁੱਢਲੇ ਜੰਗਨਾਮਿਆਂ ਦਾ ਉਲੇਖ ਆਪਣੀ ਪੁਸਤਕ ‘ਪੰਜਾਬੀ ਜੰਗਨਾਮੇ’1 ਵਿਚ ਕੀਤਾ ਹੈ। ਉਦਾਹਰਨ ਦੇ ਤੌਰ’ਤੇ ‘ਜੰਗਨਾਮਾ ਕਰਬਲਾ’, ‘ਜੰਗਨਾਮਾ ਮੁਹੰਮਦ ਬਿਨ ਹਨੀਫ਼’,‘ਜੰਗਨਾਮਾ ਇਮਾਮ ਹੁਸੈਨ’, ‘ਜੰਗ ਇਮਾਮ ਹਨੀਫ਼’, ‘ਜੰਗਿ ਕਲਾ ’ ਆਦਿ ਮੁੱਢਲੇ ਪੰਜਾਬੀ ਜੰਗਨਾਮੇ ਪ੍ਰਮੁੱਖ ਹਨ।

ਪੀਰ ਮੁਹੰਮਦ ਕਾਸਬੀ ਦੁਆਰਾ ਰਚੇ ਗਏ ਪੰਜਾਬੀ ਦੇ ਪਹਿਲੇ ਜੰਗਨਾਮੇ ਦੇ ਤਿੰਨ ਅਧਿਆਏ ਅਤੇ ਦੋ ਭਾਗ ਹਨ। ਇਸ ਜੰਗਨਾਮੇ ਨੂੰ 1982 ਈ. ਵਿਚ ਪਹਿਲੀ ਵਾਰ ਸੰਪਾਦਤ ਕਰਕੇ ਡਾ. ਸ਼ਹਿਬਾਜ਼ ਮਲਿਕ ਦੁਆਰਾ ਲਾਹੌਰ (ਪਾਕਿਸਤਾਨ) ਤੋਂ ਪ੍ਰਕਾਸ਼ਿਤ ਕਰਵਾਇਆ ਗਿਆ। ਪੀਰ ਮੁਹੰਮਦ ਨੇ ਆਪਣੇ ਇਸ ਜੰਗਨਾਮੇ ਨੂੰ ‘ਰਸਾਲਾ’ ਕਿਹਾ ਹੈ। ਸ਼ਾਹ ਮੁਹੰਮਦ ਦੇ ਜੰਗਨਾਮੇ ਵਾਂਗ ਇਸ ਜੰਗਨਾਮੇ ਵਿਚ ਵੀ ਕਰੁਣਾ ਰਸ ਅਤੇ ਵੀਰ ਰਸ ਮੌਜੂਦ ਹੈ। ਪੁਰਾਣੀ ਲਹਿੰਦੀ ਪੰਜਾਬੀ ਭਾਸ਼ਾ ਵਿਚ ਲਿਖੇ ਇਸ ਜੰਗਨਾਮੇ ਵਿਚ ਇਮਾਮ ਹੁਸੈਨ ਦੀ ਸ਼ਹੀਦੀ ਦਾ ਵਰਣਨ ਇਸ ਪ੍ਰਕਾਰ ਕੀਤਾ ਗਿਆ ਹੈ :

ਬੇਟਾ ਹਜ਼ਰਤ ਅਲੀ ਦਾ, ਹੋਇਆ ਪਾਕ ਸ਼ਹੀਦ।

ੋਵਣ ਲੱਗੀ ਪ੍ਰਿਥਮੀ, ਸੁੱਖ ਨਾ ਸੋਗ ਯਜ਼ੀਦ।

ੌਣ ਤਜੱਲੀ ਨੂਰ ਦੀ, ਅਰਸ਼ੋਂ ਬਰਸਣ ਫੁੱਲ

      ਾਤਮ ਕੀਤਾ ਕਰਬਲਾ, ਜੰਗਲ ਸਾਰੇ ਹੁੱਲ।

ਪੀਰ ਮੁਹੰਮਦ ਕਾਸਬੀ ਤੋਂ ਇਲਾਵਾ 1725 ਈ. (1136 ਹਿ.) ਵਿਚ ਕਵੀ ਰੁਕਨਦੀਨ ਨੇ ਵੀ ‘ਇਮਾਮ ਹੁਸੈਨ’ ਦਾ ਜੰਗਨਾਮਾ ਲਿਖਿਆ, ਜਿਸ ਵਿਚ ਹਿੰਦੀ ਦੇ ਛੰਦ ਨੂੰ ਹੀ ਵਧੇਰੇ ਸੌਖੇਰਾ ਕਰਕੇ ਵਰਤਿਆ ਗਿਆ ਹੈ। ਇਸ ਦੇ ਸਿੱਟੇ ਵਜੋਂ ਇਸ ਜੰਗਨਾਮੇ ਵਿਚ ਹਿੰਦੀ ਭਾਸ਼ਾ ਦੇ ਸ਼ਬਦਾਂ ਦੀ ਭਰਮਾਰ ਹੈ। ਉਦਾਹਰਨ ਦੇ ਤੌਰ’ਤੇ ਇਸ ਜੰਗਨਾਮੇ ਦੀਆਂ ਹੇਠ ਲਿਖੀਆਂ ਸਤਰਾਂ ਤੋਂ ਅਸੀਂ ਇਸ ਗੱਲ ਦਾ ਅੰਦਾਜ਼ਾ ਸਹਿਜੇ ਹੀ ਲਗਾ ਸਕਦੇ ਹਾਂ :

ਹਿੰਦੀ ਬਹਿਰ ਸੁਖੱਲਾ ਕਰਕੇ, ਲਿਪੀ ਦੇਖ ਕਿਤਾਬੋਂ।

      ਕੋਈ ਬਹਿਰ ਖ਼ਤਾਈ ਹੋਵੇ, ਬਾਹਰ ਹੱਦ ਹਿਸਾਬੋਂ।

ਉਪਰੋਕਤ ਜੰਗਨਾਮਿਆਂ ਦੇ ਮੁਕਾਬਲੇ ਗੁਰਮੁਖੀ ਲਿਪੀ ਵਿਚ ਸਭ ਤੋਂ ਪਹਿਲਾ ਜੰਗਨਾਮਾ ਅਣੀ ਰਾਏ ਦੁਆਰਾ ਲਿਖਿਆ ਮਿਲਦਾ ਹੈ। ਇਹ ਜੰਗਨਾਮਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਜੀਵਨ ਬਾਰੇ ਲਿਖਿਆ ਹੋਇਆ ਹੈ। ਇਸ ਦੀ ਭਾਸ਼ਾ ਉੱਪਰ ਬ੍ਰਜ ਭਾਸ਼ਾ ਦਾ ਕਾਫ਼ੀ ਪ੍ਰਭਾਵ ਦ੍ਰਿਸ਼ਟੀਗੋਚਰ ਹੁੰਦਾ ਹੈ। ਇਹ ਜੰਗਨਾਮਾ ਦੋਹਰਿਆਂ, ਕਬਿੱਤਾਂ ਤੇ ਸਵੱਇਆਂ ਵਿਚ ਰਚਿਆ ਗਿਆ ਹੈ। ਇਸ ਤੋਂ ਇਲਾਵਾ ਨਿਰੋਲ ਪੰਜਾਬੀ ਵਿਚ ਹੀ ਇਮਾਮ ਹੁਸੈਨ ਦਾ ‘ਰੋਜ਼ਾਤੁਲ ਸ਼ੁਹਦਾ ’ ਨਾਂ ਦਾ ਜੰਗਨਾਮਾ ਮਿਲਦਾ ਹੈ। ਇਸ ਜੰਗਨਾਮੇ ਦਾ ਕਵੀ ਰੁੱਕਨਦੀਨ ਲਾਹੌਰੀ ਹੀ ਹੈ, ਜਿਸ ਨੇ ਆਪਣਾ ਇਹ ਜੰਗਨਾਮਾ 1724 ਈ. ਵਿਚ ਮੁਕੰਮਲ ਕੀਤਾ। ਉਪਰੋਕਤ ਜੰਗਨਾਮਿਆਂ ਨੂੰ ਪੜ੍ਹਨ ਤੋਂ ਬਾਅਦ ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਇਹ ਜੰਗਨਾਮੇ ਰੂਪ ਤੇ ਵਿਸ਼ੇ ਦੇ ਪੱਖ ਤੋਂ ਸ਼ਾਹ ਮੁਹੰਮਦ ਦੇ ਜੰਗਨਾਮੇ ਦਾ ਮੁਕਾਬਲਾ ਨਾ ਕਰ ਸਕੇ।

ਅਠਾਰਵੀਂ ਸਦੀ ਵਿਚ ਲਿਖੇ ਗਏ ਜੰਗਨਾਮਿਆਂ ਵਿਚੋਂ ਸਭ ਤੋਂ ਪ੍ਰਸਿੱਧ ਜੰਗਨਾਮਾ ਮੁਕਬਲ ਦੁਆਰਾ ਲਿਖਿਆ ਹੋਇਆ ਮੰਨਿਆ ਜਾਂਦਾ ਹੈ। ਇਹ ਜੰਗਨਾਮਾ ਉਸ ਨੇ 1747 ਈ. ਵਿਚ ਲਿਖਿਆ ਪਰ ਇਹ ਵੀ ਸ਼ਾਹ ਮੁਹੰਮਦ ਵਰਗੀ ਪ੍ਰਸਿੱਧੀ ਹਾਸਲ ਨਾ ਕਰ ਸਕਿਆ। ਇਸ ਤੋਂ ਬਾਅਦ ਕਰਬਲਾ ਦੀ ਜੰਗ ਸੰਬੰਧੀ ਹੀ ‘ਜੰਗ ਹਾਮਦ’ ਨਾਂ ਅਧੀਨ ਹਾਮਦ ਨਾਂ ਦੇ ਕਵੀ ਨੇ ਜੰਗਨਾਮਾ ਲਿਖਿਆ। ਇਸ ਜੰਗਨਾਮੇ ਵਿਚ ਭਾਵੇਂ ਕਰੁਣਾ ਰਸ ਦੀ ਪ੍ਰਧਾਨਤਾ ਹੈ ਪਰ ਇਸ ਜੰਗਨਾਮੇ ਵਿਚ ਰੂਪਕ ਤੇ ਵਿਸ਼ੇ ਦੇ ਪੱਖ ਤੋਂ ਅਨੇਕ ਊਣਤਾਈਆਂ ਹਨ। ਇਹਨਾਂ ਜੰਗਨਾਮਿਆਂ ਤੋਂ ਇਲਾਵਾ ਇਸ ਸਮੇਂ ਦੌਰਾਨ ਕੁਝ ਧਾਰਮਿਕ ਜੰਗਨਾਮੇ ਵੀ ਲਿਖੇ ਗਏ। ਇਹਨਾਂ ਜੰਗਨਾਮਿਆਂ ਦਾ ਸੰਬੰਧ ਇਸਲਾਮ ਧਰਮ ਦੇ ਮੁਖੀਆਂ ਨਾਲ ਹੈ। ਇਸ ਸੰਦਰਭ ਵਿਚ ਹਾਫ਼ਿਜ਼ ਬਰਖ਼ੁਰਦਾਰ ਰਾਂਝਾ ਦੁਆਰਾ ਲਿਖਿਆ ‘ਜੰਗਨਾਮਾ ਮੁਹੰਮਦ ਬਿਨ ਹਨੀਫ਼’, ਮੁਹੰਮਦ ਬਖ਼ਸ਼ ਦੁਆਰਾ ਰਚਿਤ ‘ਜੰਗਨਾਮਾ ਉਮਰ ’, ਹਾਤਮ ਅਲੀ ਦਾ ਰਚਿਆ ‘ਇਮਾਮ ਅਲੀ ਉਲਹਕ’ ਮੀਆਂ ਮੁਸਤਫ਼ਾ ਦਾ ਲਿਖਿਆ ‘ਜੰਗਨਾਮਾ ਇਮਾਮ ਅਲੀ’ ਕਵੀ ਅਹਿਮਦ ਯਾਰ ਦੇ ਲਿਖੇ ‘ਜੰਗਿ ਬਦਰ’, ‘ਜੰਗਿ ਉਰਦੂ’, ‘ਜੰਗਿ ਖੰਦਕ’ ਆਦਿ ਵਿਸ਼ੇਸ਼ ਹਨ। ਪਰ ਇਹਨਾਂ ਜੰਗਨਾਮਿਆਂ ਵਿਚ ਕਾਵਿ ਗੁਣਾਂ ਦੀ ਬਹੁਤ ਵੱਡੀ ਘਾਟ ਹੈ, ਜਿਸ ਕਰਕੇ ਇਹ ਵੀ ਸ਼ਾਹ ਮੁਹੰਮਦ ਦੁਆਰਾ ਰਚਿਤ ਜੰਗਨਾਮੇ ਵਿਚਲੇ ਕਾਵਿਕ ਗੁਣਾਂ ਦਾ ਮੁਕਾਬਲਾ ਨਹੀਂ ਕਰ ਸਕਦੇ।

ਉਨ੍ਹੀਵੀਂ ਸਦੀ ਵਿਚ ਵੀ ਕਈ ਮਹੱਤਵਪੂਰਨ ਜੰਗਨਾਮੇ ਲਿਖੇ ਗਏ। ਸ਼ਾਹ ਮੁਹੰਮਦ ਤੋਂ ਇਲਾਵਾ ਇਸ ਸਦੀ ਵਿਚ ਹੋਰ ਵੀ ਬਹੁਤ ਸਾਰੇ ਜੰਗਨਾਮੇ ਰਚੇ ਗਏ ਹਨ। ਡਾ. ਗੁਰਦੇਵ ਸਿੰਘ2 ਨੇ ਕੁਝ ਅਣਗੌਲੇ ਜੰਗਨਾਮਿਆਂ ਦੇ ਨਾਂ ਹੇਠ ਲਿਖੇ ਅਨੁਸਾਰ ਦੱਸੇ ਹਨ :

1.  ਜੰਗ ਚੀਨ, ਕ੍ਰਿਤ ਵਸਾਵਾ ਸਿੰਘ

2.  ਬਾਰਾਂਮਾਹ ਜੰਗ ਚੀਨ, ਕ੍ਰਿਤ ਵਸਾਵਾ ਸਿੰਘ

3.  ਜੰਗਨਾਮਾ ਜ਼ੈਤੂਨ, ਅਮੀਰ ਬਖ਼ਸ਼

4.  ਵੱਡਾ ਜੰਗਨਾਮਾ, ਅਮੀਰ ਅਲੀ ਸ਼ਾਇਰ

5.  ਦਾਸਤਾਨਿ ਅਮੀਰ ਹਮਜ਼ਹ, ਇਮਾਮ ਬਖ਼ਸ਼ ਪੱਸੀਆਂ ਵਾਲਾ

6.  ਜੰਗ ਉਹਦ, ਅਹਿਮਦਯਾਰ

7.  ਜੰਗ ਬਦਰ, ਅਹਿਮਦਯਾਰ

8.  ਜੰਗਨਾਮਾ ਸਿੰਘਾਂ ਤੇ ਪਠਾਣਾ, ਕਾਦਿਰ ਯਾਰ

9.   ਜੰਗ ਤੀਰ੍ਹਾ, ਸੋਭਾ ਸਿੰਘ

10.  ਜੰਗਨਾਮਾ (ਸ਼ਹਾਦਤਨਾਮਾ) ਇਮਾਮ ਹੁਸੈਨ, ਮੁਹੰਮਦ ਦੀਨ

11.  ਸ਼ਹਾਦਤ ਹਜ਼ਰਤ ਇਮਾਮ ਕਾਸਿਮ, ਘਸੀਟਾ ਕਾਸਬੀ

     12. ਜੰਗਨਾਮਾ ਹਜ਼ਰਤ ਸ਼ੇਰ ਸ਼ਾਹ ਗ਼ਾਜ਼ੀ , ਅਲ੍ਹਾ ਦੀਨ , ਆਦਿ।

ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖਾਂ ਤੇ ਅੰਗਰੇਜ਼ਾਂ ਦੀ ਪਹਿਲੀ ਲੜਾਈ ਸੰਬੰਧੀ ਸ਼ਾਹ ਮੁਹੰਮਦ ਤੋਂ ਇਲਾਵਾ ਕਾਨ੍ਹ ਸਿੰਘ ਬੰਗਾ ਨੇ ‘ਜੰਗਨਾਮਾ ਲਾਹੌਰ’ ਅਤੇ ਦੂਸਰਾ ਜੰਗਨਾਮਾ ਮਟਕ ਨਾਂ ਦੇ ਕਵੀ ਨੇ ਲਿਖਿਆ। ਇਹ ਦੋਵੇਂ ਜੰਗਨਾਮੇ ਆਪਣੀ ਮਿਸਾਲ ਆਪ ਹਨ ਪਰ ਇਹ ਸ਼ਾਹ ਮੁਹੰਮਦ ਦੇ ਜੰਗਨਾਮੇ ਜਿੰਨੀ ਪ੍ਰਸਿੱਧੀ ਹਾਸਲ ਨਹੀਂ ਕਰ ਸਕੇ। ਜਿਥੇ ਸ਼ਾਹ ਮੁਹੰਮਦ ਆਪਣਾ ਜੰਗਨਾਮਾ ਦੇਸ਼ ਪਿਆਰ ਦੀ ਭਾਵਨਾ ਨਾਲ ਲਿਖਦਾ ਹੈ ਉਥੇ ਕਾਨ੍ਹ ਸਿੰਘ ਬੰਗਾ ਨੇ ਆਪਣਾ ਜੰਗਨਾਮਾ ਇਕ ਅੰਗਰੇਜ਼ ਹਾਕਮ ਮਿਸਟਰ ਵੈਨਇਸਟਾਟ ਦੇ ਕਹਿਣ’ਤੇ ਲਿਖਿਆ। ਇਸ ਜੰਗਨਾਮੇ ਨੂੰ ਲਿਖਣ ਦਾ ਮਕਸਦ ਇਸ ਜੰਗ ਵਿਚ ਅੰਗਰੇਜ਼ ਹਾਕਮਾਂ ਹੱਥੋਂ ਹੋਈ ਸਿੱਖ ਫ਼ੌਜ ਦੀ ਹਾਰ ਨੂੰ ਪੇਸ਼ ਕਰਨਾ ਸੀ। ਇਸ ਗੱਲ ਦਾ ਪ੍ਰਗਟਾਵਾ ਇਸ ਜੰਗਨਾਮੇ ਦੀਆਂ ਹੇਠ ਲਿਖੀਆਂ ਸਤਰਾਂ ਤੋਂ ਹੋ ਜਾਂਦਾ ਹੈ :

ਉੱਨੀ ਸੈ ਕੇ ਊਪਰ ਬਿਤੈ ਦੋਇ ਸਾਲ।

              ੀਆ ਮੁਲਕ ਅੰਗਰੇਜ਼ ਐਸਾ ਕਮਾਲ। 445

 ਜਾਂ

ਹਾ ਵੈਨਇਸਟਾਟ ਦੀ ਜੋ ਬਤਾ।

      ਸਿੰਘਨ ਹਮਾਰੀ ਸ਼ਿਕਸਤੋ ਫਤਹ। 446

ਕਾਨ੍ਹ ਸਿੰਘ ਬੰਗਾ ਤੋਂ ਇਲਾਵਾ ਕਵੀ ਮਟਕ ਰਾਇ ਦੁਆਰਾ ਲਿਖਿਆ ਜੰਗਨਾਮਾ ਕੇਂਦਰੀ ਪੰਜਾਬੀ ਵਿਚ ਲਿਖਿਆ ਹੋਇਆ ਹੈ। ਇਹ ਜੰਗਨਾਮਾ ਆਪਣੇ ਅਧੂਰੇ ਰੂਪ ਵਿਚ ਮਿਲਦਾ ਹੈ। ਇਸ ਦੇ ਪਹਿਲੇ ਦੋ ਬੰਦਾਂ ਤੋਂ ਬਿਨਾਂ ਕੇਵਲ 35 ਬੰਦ ਹੀ ਉਪਲਬਧ ਹਨ। ਇਹਨਾਂ ਬੰਦਾਂ ਵਿਚ ਕਵੀ ਨੇ ਹਰ ਬੰਦ ਵਿਚ ਚਾਰ-ਚਾਰ ਡਿਊਢਾਂ ਦਾ ਪ੍ਰਯੋਗ ਕੀਤਾ ਹੈ। ਇਸ ਜੰਗਨਾਮੇ ਦੀਆਂ ਵੀ ਭਾਵੇਂ ਆਪਣੀਆਂ ਖ਼ੂਬੀਆਂ ਤੇ ਖ਼ਾਮੀਆਂ ਹਨ ਪਰ ਇਹ ਜੰਗਨਾਮਾ ਵੀ ਸ਼ਾਹ ਮੁਹੰਮਦ ਦੇ ਜੰਗਨਾਮੇ ਵਾਂਗ ਸਿਖਰਾਂ ਨੂੰ ਛੋਹ ਨਹੀਂ ਸਕਿਆ। ਸ਼ਾਹ ਮੁਹੰਮਦ ਵਾਂਗ ਹੀ ਮਟਕ ਰਾਇ ਮੁਦਕੀ, ਫੇਰੂ ਸ਼ਹਿਰ , ਅਲੀਵਾਲ ਅਤੇ ਸਭਰਾਵਾਂ ਆਦਿ ਦੇ ਜੰਗਾਂ ਨੂੰ ਬੜੇ ਹੀ ਯਥਾਰਥਵਾਦੀ ਅਤੇ ਕਰੁਣਾਮਈ ਢੰਗ ਨਾਲ ਚਿੱਤਰਦਾ ਹੈ। ਸ਼ਾਹ ਮੁਹੰਮਦ ਨਾਲੋਂ ਉਸਦੀ ਵੱਖਰਤਾ ਇਹ ਹੈ ਕਿ ਤੇਜਾ ਸਿੰਘ ਤੇ ਲਾਲ ਸਿੰਘ ਨੂੰ ਦੇਸ਼ ਧ੍ਰੋਹੀ ਮੰਨਦਾ ਹੋਇਆ ਉਹਨਾਂ ਨੂੰ ਫਿਟਲਾਹਨਤਾਂ ਪਾਉਂਦਾ ਹੈ :

ਦੋ ਮਹੀਨੇ ਉਤਰੇ ਸੁਤਲਦ੍ਰ ਦੇ ਸਿਰਾਣੇ, ਵੱਡੇ ਸਿਆਣੇ।

ੇਜਾ ਸਿੰਘ ਔਰ ਲਾਲ ਸਿੰਘ ਹੈਨ ਮੁਸਾਇਬ ਪੁਰਾਣੇ, ਕਰਦੇ ਭਾਣੇ।

ਾਹਰੋਂ ਗੱਲਾਂ ਕਰਨ ਮਿੱਠੀਆਂ, ਅੰਦਰੋਂ ਖੋਟ ਕਰਾਣੇ, ਕਰਦੇ ਭਾਣੇ।

      ਹਿਤ ਮਟਕ ਸ਼ਿਆਮ ਸਿੰਘ ਸਰਦਾਰ, ਸਭੀ ਜੱਗ ਜਾਣੇ, ਲਾਜ ਪਛਾਣੇ।

ਮਟਕ ਵੀ ਸ਼ਾਹ ਮੁਹੰਮਦ ਵਾਂਗ ਅੰਗਰੇਜ਼ ਸਾਮਰਾਜ ਦੀਆਂ ਚਾਲਾਂ ਨੂੰ ਸਮਝਦਾ ਸੀ ਕਿ ਅੰਗਰੇਜ਼ਾਂ ਨੇ ਪੰਜਾਬ ਉੱਪਰ ਕਬਜ਼ਾ ਕਰ ਕੇ ਇਥੋਂ ਦੇ ਵਸਨੀਕਾਂ ਦੀ ਲੁੱਟ-ਖਸੁੱਟ ਕਰਨੀ ਹੈ। ਅੰਗਰੇਜ਼ ਸਾਮਰਾਜ ਦੀ ਇਸ ਲੋਟੂ ਨੀਤੀ ਪ੍ਰਤੀ ਮਟਕ ਲਿਖਦਾ ਹੈ :

     ਪੈਸਾ ਸਾਥੋਂ ਮੰਗੇ ਫਿਰੰਗੀ ਅਸੀਂ ਗਰੀਬ ਵਿਚਾਰੇ, ਖੇਤੀਆਂ ਵਾਲੇ।

ਮਟਕ, ਸ਼ਾਹ ਮੁਹੰਮਦ ਵਾਂਗ ਇਸ ਜੰਗ ਦਾ ਪਿਛੋਕੜ ਨਹੀਂ ਦਿੰਦਾ ਸਗੋਂ ਸ਼ੁਰੂ ਵਿਚ ਹੀ ਜੰਗ ਦਾ ਹਾਲ ਲਿਖਣ ਲੱਗ ਪੈਂਦਾ ਹੈ। ਮਟਕ ਨੇ ਭਾਵੇਂ ਇਹ ਜੰਗਨਾਮਾ ਡਿਊਢ ਵਿਚ ਲਿਖਿਆ ਹੈ ਪਰ ਇਸ ਵਿਚ ਉਹ ਰੰਗ ਨਹੀਂ ਆਇਆ ਜੋ ਸ਼ਾਹ ਮੁਹੰਮਦ ਦੇ ਬੈਂਤਾਂ ਰਾਹੀਂ ਆਇਆ ਹੈ। ਇਹੋ ਕਾਰਨ ਹੈ ਕਿ ਸ਼ਾਹ ਮੁਹੰਮਦ ਵਾਂਗ ਉਸਦਾ ਜੰਗਨਾਮਾ ਪ੍ਰਸਿੱਧ ਨਾ ਹੋ ਸਕਿਆ। ਇਸੇ ਤਰ੍ਹਾਂ ਕਾਨ੍ਹ ਸਿੰਘ ਬੰਗਾ ਦੁਆਰਾ ਲਿਖਿਆ ਜੰਗਨਾਮਾ ਵੀ ਸ਼ਾਹ ਮੁਹੰਮਦ ਦੇ ਜੰਗਨਾਮੇ ਵਾਂਗ ਸਾਹਿਤਕ ਅਤੇ ਇਤਿਹਾਸਿਕ ਤੌਰ’ਤੇ ਮਹਾਨਤਾ ਪ੍ਰਾਪਤ ਨਾ ਕਰ ਸਕਿਆ। ਉਸ ਨੇ ਆਪਣੇ ਜੰਗਨਾਮੇ ਵਿਚ ਅੰਗਰੇਜ਼ ਹਾਕਮਾਂ ਦੇ ਖ਼ੂਬ ਸੋਹਲੇ ਗਾਏ ਹਨ ਕਿਉਂਕਿ ਉਸ ਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਦੀ ਨੌਕਰੀ ਕਰ ਲਈ ਸੀ। ਉਸ ਦੁਆਰਾ ਲਿਖਿਆ ਜੰਗਨਾਮਾ ਪੜ੍ਹਨ ਤੋਂ ਬਾਅਦ ਪਤਾ ਚਲਦਾ ਹੈ ਕਿ ਉਹ ਲਾਹੌਰ ਦਰਬਾਰ ਦੇ ਕਾਫ਼ੀ ਨੇੜੇ ਸੀ। ਇਹੋ ਕਾਰਨ ਹੈ ਕਿ ਉਹ ਸਿੱਖਾਂ ਦੀ ਹਾਰ ਦਾ ਕਾਰਨ ਜਿੱਥੇ ਰਾਣੀ ਜਿੰਦਾਂ ਦੇ ਸੁਆਰਥ ਨੂੰ ਮੰਨਦਾ ਹੈ, ਉਥੇ ਸੰਧਾਵਾਲੀਏ ਸਰਦਾਰਾਂ ਦੀ ਆਪਸੀ ਦੁਸ਼ਮਣੀ , ਸਿੱਖ ਫ਼ੌਜ ਵਿਚਲੀ ਬੁਰਛਾਗਰਦੀ, ਰਾਜਾ ਗੁਲਾਬ ਸਿੰਘ, ਤੇਜਾ ਸਿੰਘ ਅਤੇ ਲਾਲ ਸਿੰਘ ਨੂੰ ਉਹ ਪ੍ਰਮੁੱਖ ਦੋਸ਼ੀ ਮੰਨਦਾ ਹੈ। ਕਾਨ੍ਹ ਸਿੰਘ, ਭਾਈ ਵੀਰ ਸਿੰਘ ਦੀ ਮੌਤ ਦਾ ਦੁੱਖ ਮੰਨਾਉਂਦਾ ਹੋਇਆ ਸਿੱਖ ਫ਼ੌਜ ਵਿਚਲੀ ਬੁਰਛਾਗਰਦੀ ਨੂੰ ਪ੍ਰਗਟ ਕਰਦਾ ਹੋਇਆ ਲਿਖਦਾ ਹੈ :

ਅਤਰ ਸਿੰਘ ਪੀਛੇ ਕਿਆ ਜੋਸ਼ ਥਾ।

ਾਈ ਵੀਰ ਸਿੰਘ ਮੇਂ ਨਾ ਕੁਛ ਦੋਸ਼ ਥਾ।

ਡਾ ਕਰ ਤਥੈ ਉਸ ਕਾ ਡੇਰਾ ਦੀਆ।

      ਬੀ ਸਾਧ ਸੰਤੈ ਜੁ ਪੁਰਜੈ ਕੀਆ।

ਪੰਜਾਬ ਦੀ ਤਤਕਾਲੀਨ ਤ੍ਰਾਸਦੀ ਬਾਰੇ ਭਾਵੇਂ ਇਨ੍ਹਾਂ ਕਵੀਆਂ ਨੇ ਜੰਗਨਾਮੇ ਰਚੇ ਹਨ ਪਰ ਸ਼ਾਹ ਮੁਹੰਮਦ ਦੁਆਰਾ ਰਚਿਤ ਜੰਗਨਾਮਾ ਆਪਣੀ ਮਿਸਾਲ ਆਪ ਹੈ। ਪੰਜਾਬ ਦੀ ਤ੍ਰਾਸਦੀ ਦੀ ਹੂਕ ਜੋ ਸ਼ਾਹ ਮੁਹੰਮਦ ਦੇ ਜੰਗਨਾਮੇ ਵਿਚ ਪੇਸ਼ ਹੋਈ ਹੈ ਉਹ ਕਿਸੇ ਹੋਰ ਕਵੀ ਦੇ ਜੰਗਨਾਮੇ ਵਿਚ ਦ੍ਰਿਸ਼ਟੀਗੋਚਰ ਨਹੀਂ ਹੁੰਦੀ। ਇਸ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਉਸ ਨੇ ਆਪਣੇ ਅੱਖੀਂ ਰਣਜੀਤ ਸਿੰਘ ਦਾ ਰਾਜ ਉਭਰਦਿਆਂ ਡਿੱਠਾ ਸੀ। ਇਹੋ ਵਜ੍ਹਾ ਸੀ ਕਿ ਜਦੋਂ ਛੋਟੇ ਜਿਹੇ ਅਰਸੇ ਤੋਂ ਬਾਅਦ ਇਹ ਰਾਜ ਢਹਿੰਦੀਆ ਕਲਾਵਾਂ ਵੱਲ ਜਾਂਦਾ ਹੈ ਤਾਂ ਸ਼ਾਹ ਮੁਹੰਮਦ ਆਪਣੇ ਦਿਲ ਦੀ ਹੂਕ ਨੂੰ ਜੰਗਨਾਮੇ ਰਾਹੀਂ ਰੂਪਮਾਨ ਕਰਦਾ ਹੈ। ਉਹ ਪੰਜਾਬ ਦੇ ਲਗਪਗ ਸੱਤ ਸਾਲਾਂ ਦੀਆਂ ਤ੍ਰਾਸਦਿਕ ਇਤਿਹਾਸਿਕ ਗਤੀਵਿਧੀਆਂ ਦਾ ਚਿੱਤਰਨ ਬੜੇ ਹੀ ਕਰੁਣਾਮਈ ਢੰਗ ਨਾਲ ਕਰਦਾ ਹੈ। ਇਸ ਪ੍ਰਸੰਗ ਵਿਚ ਭਾਵੇਂ ਇਸ ਜੰਗਨਾਮੇ ਨੂੰ ਦੇਸ਼ ਪਿਆਰ ਦੀਆਂ ਭਾਵਨਾਵਾਂ ਦੀ ਕੇਵਲ ਚਲੰਤ ਅਭਿਵਿਅਕਤੀ ਕਿਹਾ ਜਾਂਦਾ ਹੈ ਇਸ ਦੇ ਬਾਵਜੂਦ ਮੁੱਖ ਤੌਰ’ਤੇ ਇਹ ਜੰਗਨਾਮਾ ਦੇਸ਼-ਪਿਆਰ ਦੀ ਭਾਵਨਾ ਨਾਲ ਹੀ ਲਬਰੇਜ਼ ਹੈ। ਇਸ ਪੱਖ ਤੋਂ ਸ਼ਾਹ ਮੁਹੰਮਦ ਨੂੰ ਪੰਜਾਬੀ ਦਾ ਪਹਿਲਾ ਜੰਗਨਾਮਾਕਾਰ ਮੰਨਿਆ ਜਾ ਸਕਦਾ ਹੈ ਜਿਸ ਨੇ ਏਨੀ ਸ਼ਿੱਦਤ ਨਾਲ ਦੇਸ਼-ਪਿਆਰ ਦੀ ਭਾਵਨਾ ਨੂੰ ਯਥਾਰਥਵਾਦੀ ਢੰਗ ਨਾਲ ਪੇਸ਼ ਕੀਤਾ ਹੈ। ਉਸ ਨੇ ਇਹ ਜੰਗਨਾਮਾ ਕਿਸੇ ਇਕ ਫ਼ਿਰਕੇ ਜਾਂ ਧਰਮ ਨੂੰ ਮੁੱਖ ਰੱਖ ਕੇ ਨਹੀਂ ਰਚਿਆ ਬਲਕਿ ਸਮੁੱਚੀ ਪੰਜਾਬੀਅਤ ਉੱਪਰ ਆਉਣ ਵਾਲੇ ਡ¨ਘੇ ਸੰਕਟਾਂ ਨੂੰ ਧਰਮ ਨਿਰਪੱਖਤਾ ਦੀ ਪਿੱਠ-ਭੂਮੀ ਵਿਚ ਬਿਆਨ ਕੀਤਾ ਹੈ। ਇਸ ਗੱਲ ਦਾ ਸੰਕੇਤ ਸਾਨੂੰ ਸ਼ਾਹ ਮੁਹੰਮਦ ਦੁਆਰਾ ਰਣਜੀਤ ਸਿੰਘ ਦੀ ਬਹਾਦਰੀ ਅਤੇ ਸਾਂਝੀਵਾਲਤਾ ਦੀ ਭਾਵਨਾ ਨੂੰ ਸ਼ਰਧਾਂਜਲੀ ਪ੍ਰਗਟ ਕਰਨ ਤੋਂ ਮਿਲ ਜਾਂਦਾ ਹੈ। ਇਸ ਤੋਂ ਇਲਾਵਾ ਉਸ ਨੇ ਪੰਜਾਬੀ ਫ਼ੌਜ ਦੀ ਜੰਗ ਦੌਰਾਨ ਦਖਾਈ ਬਹਾਦਰੀ ਦੇ ਗੁਣਗਾਣ ਵੀ ਕੀਤੇ ਹਨ। ਸਿੱਖ ਫ਼ੌਜ ਦੀ ਬਹਾਦਰੀ ਨੂੰ ਭਾਵੇਂ ਕਾਨ੍ਹ ਸਿੰਘ ਬੰਗਾ ਨੇ ਵੀ ਆਪਣੇ ਜੰਗਨਾਮੇ ਵਿਚ ਪ੍ਰਸਤੁਤ ਕੀਤਾ ਹੈ ਪਰ ਉਸਦੀ ਰਚਨਾ ਵਿਚ ਸ਼ਾਹ ਮੁਹੰਮਦ ਵਰਗੀ ਕਲਾਤਮਿਕਤਾ ਦ੍ਰਿਸ਼ਟੀਗੋਚਰ ਨਹੀਂ ਹੁੰਦੀ। ਉਦਾਹਰਨ ਦੇ ਤੌਰ’ਤੇ ਕਾਨ੍ਹ ਸਿੰਘ ਬੰਗਾ ਦੇ ‘ਜੰਗਨਾਮਾ ਲਾਹੌਰ’ ਦੀਆਂ ਹੇਠ ਲਿਖਿਆਂ ਸਤਰਾਂ ਵੇਖੀਆਂ ਜਾ ਸਕਦੀਆਂ ਹਨ :

ਲਗੀ ਲੈਨ ਤੋਪੇਂ ਕਈ ਕੋਸ ਮੇਂ

ਹੀਂ ਉਨ ਕੀ ਗਿਨਤੀ ਪਰੇ ਹੋਸ਼ ਮੇਂ।

ੁਬਾਰੇ ਜੰਬੂਰੋਂ ਕੀ ਗਿਣਤੀ ਨਹੀਂ।

      ਸੀ ਬਾਦਸ਼ਾਹੀ ਨ ਦੇਖੀ ਕਹੀਂ।

ਕਾਨ੍ਹ ਸਿੰਘ ਬੰਗਾ ਜਾਂ ਹੋਰ ਜੰਗਨਾਮਕਾਰਾਂ ਦੇ ਮੁਕਾਬਲੇ ਸ਼ਾਹ ਮੁਹੰਮਦ ਦੀ ਲੋਕ ਪੱਖੀ ਸੋਚ ਸਦਕਾ ਹੀ ਉਸ ਨੂੰ ਇਕ ਕੌਮੀ ਜਾਂ ਰਾਸ਼ਟਰੀ ਕਵੀ ਦਾ ਦਰਜਾ ਦਿੱਤਾ ਜਾ ਸਕਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਸ ਨੇ ਸਾਮਰਾਜਵਾਦ ਦੇ ਵਧ ਰਹੇ ਪ੍ਰਭਾਵ ਅਤੇ ਜਾਗੀਰਦਾਰੀ ਸਮਾਜ ਦੇ ਡਿੱਗ ਰਹੇ ਕਲਸਾਂ ਨੂੰ ਚਿੱਤਰਦਿਆਂ ਧਾਰਮਿਕ ਤੇ ਫਿਰਕੂ ਭਾਵਨਾਵਾਂ ਤੋਂ ਉੱਪਰ ਉੱਠ ਕੇ ਪੇਸ਼ਕਾਰੀ ਕੀਤੀ ਹੈ। ਪੰਜਾਬੀ ਜੰਗਨਾਮਾ ਸਾਹਿਤ ਵਿਚ ਪਹਿਲੀ ਵਾਰ ਉਸ ਨੇ ਅੰਗਰੇਜ਼ਾਂ ਵੱਲੋਂ ਕੀਤੇ ਜਾ ਰਹੇ ਕਬਜ਼ੇ ਦੀ ਕੂਟਨੀਤੀ ਦਾ ਪਰਦਾ ਫ਼ਾਸ਼ ਕਰਦਿਆਂ ਅੰਗਰੇਜ਼ ਸਾਮਰਾਜ ਦੀਆਂ ਭੂਗੋਲਿਕ ਵਿਸਤਾਰ ਦੀਆਂ ਯੋਜਨਾਵਾਂ ਨੂੰ ਵੀ ਉਘਾੜਨ ਦਾ ਯਤਨ ਕੀਤਾ। ਸ਼ਾਹ ਮੁਹੰਮਦ ਅਨੁਸਾਰ ਅੰਗਰੇਜ਼ਾਂ ਨੇ ਲਾਹੌਰ ਦਰਬਾਰ ਵਿਚਲੀ ਫੁੱਟ ਅਤੇ ਖ਼ਾਨਾਜੰਗੀ ਦਾ ਭਰਪੂਰ ਲਾਭ ਉਠਾ ਕੇ ਆਪਣੇ ਰਾਜ ਦਾ ਵਿਸਤਾਰ ਕਰਨ ਦੇ ਯਤਨ ਕੀਤੇ। ਇਸ ਤਰ੍ਹਾਂ ਉਸ ਨੇ ਪੰਜਾਬੀ ਰਾਜ ਦੇ ਡਿਗਦੇ ਮਿਨਾਰਾਂ ਨੂੰ ਸਾਰੇ ਦੇਸ਼ ਦੀ ਮਰਿਯਾਦਾ ਦੇ ਨਸ਼ਟ ਹੋਣ ਦਾ ਪ੍ਰਤੀਕ ਤਸੱਵਰ ਕੀਤਾ। ਅਜਿਹਾ ਕਰਦਿਆ ਉਹ ਸ਼ੁਰੂ ਤੋਂ ਲੈ ਕੇ ਅੰਤ ਤੀਕ ਆਪਣੀ ਪੂਰੀ ਰਚਨਾ ਦੀ ਰੌਚਕਤਾ ਵਿਚ ਕੋਈ ਵਿਘਨ ਨਹੀਂ ਪੈਣ ਦਿੰਦਾ। ਉਸ ਦੀ ਵਰਣਨ ਸ਼ਕਤੀ, ਸੁੰਦਰ ਸ਼ਬਦ ਚੋਣ , ਵਿਅੰਗ ਉਕਤੀਆਂ ਅਤੇ ਪਾਤਰਾਂ ਦੇ ਮਨੋਭਾਵ ਵੀ ਰੌਚਕਤਾ ਵਿਚ ਵਾਧਾ ਕਰਦੇ ਹਨ। ਉਹ ਆਪਣੇ ਬਿਆਨ ਵਿਚ ਸਥਿਲਤਾ ਨਹੀਂ ਆਉਣ ਦਿੰਦਾ।

ਸ਼ਾਹ ਮੁਹੰਮਦ ਨੇ ਤਤਕਾਲੀਨ ਪੰਜਾਬ ਦੇ ਇਤਿਹਾਸ ਨੂੰ ਕਾਵਿਕ ਰੰਗ ਵਿਚ ਪੇਸ਼ ਕਰਦਿਆਂ ਇਕ ਨਵੀਂ ਤੇ ਨਿਰੋਲ ‘ਜੰਗਨਾਮਾ’ ਕਾਵਿ-ਰੂਪ ਵਿਧਾ ਨੂੰ ਵੀ ਇਕ ਨਵਾਂ ਰੂਪ ਦਿੱਤਾ ਹੈ। ਆਪਣੇ ਜੰਗਨਾਮੇ ਰਾਹੀਂ ਉਸ ਨੇ ਇਤਿਹਾਸ ਨੂੰ ਕਵਿਤਾ ਦੁਆਰਾ ਪੇਸ਼ ਕਰਕੇ ਜੰਗਨਾਮਾ ਪ੍ਰੰਪਰਾ ਨੂੰ ਉਤਸ਼ਾਹਿਤ ਕਰਦਿਆਂ ਅੰਗਰੇਜ਼ ਸਾਮਰਾਜ ਦੁਆਰਾ ਪੰਜਾਬ ਦੀ ਹੋਈ ਹਾਰ ਨੂੰ ਉਦਾਸ ਸੁਰ ਵਿਚ ਸਫ਼ਲਤਾਪੂਰਬਕ ਪੇਸ਼ ਕੀਤਾ। ਕਰੁਣਾ ਰਸ ਦੀ ਉਦਾਸੀਨ ਸ਼ੈਲੀ ਰਾਹੀਂ ਉਹ ਪੰਜਾਬ ਦੀ ਹਾਰ ਦਾ ਦੁੱਖ ਪ੍ਰਗਟ ਕਰਦਾ ਹੋਇਆ ਤਤਕਾਲੀਨ ਸਮਾਜਿਕ ਤੇ ਸਿਆਸੀ ਦਸ਼ਾ ਤੇ ਦਿਸ਼ਾ ਨੂੰ ਵੀ ਪ੍ਰਗਟ ਕਰਨ ਦਾ ਯਤਨ ਕਰਦਾ ਹੈ। ਅਜਿਹਾ ਕਰਦਿਆਂ ਉਹ ਰਾਸ਼ਟਰੀ ਸਦਭਾਵਨਾ ਅਤੇ ਕੌਮੀ ਏਕਤਾ ਦਾ ਕਵੀ ਹੋ ਨਿਬੱੜਦਾ ਹੈ। ਉਸ ਦੀ ਪ੍ਰਸਿੱਧੀ ਦਾ ਕਾਰਨ ਉਸ ਦਾ ਇਤਿਹਾਸਕਾਰ, ਕਵੀ, ਦੇਸ਼ ਭਗਤ , ਫਿਲਾਸਫ਼ਰ, ਮਨੋਵਿਗਿਆਨੀ ਆਦਿ ਹੋਣਾ ਵੀ ਹੈ, ਜਿਸ ਦੇ ਸਿੱਟੇ ਵਜੋਂ ਉਸ ਦੀ ਲਿਖਣ ਸ਼ੈਲੀ ਵਿਚ ਆਪਣੇ ਸਮਕਾਲੀਆਂ ਨਾਲੋਂ ਵੱਖਰਾਪਨ ਤੇ ਨਿਵੇਕਲਾਪਨ ਆਉਂਦਾ ਹੈ।

ਇਹੋ ਕਾਰਨ ਹੈ ਕਿ ਸ਼ਾਹ ਮੁਹੰਮਦ ਦੁਆਰਾ ਰਚਿਤ ਇਸ ਜੰਗਨਾਮੇ ਨੂੰ ਪੰਜਾਬੀ ਜੰਗਨਾਮਾ ਸਾਹਿਤ ਵਿਚ ਇਕ ਮੀਲ-ਪੱਥਰ ਮੰਨਿਆ ਜਾਂਦਾ ਹੈ। ਹੀਰ ਵਾਰਿਸ ਤੋਂ ਬਾਅਦ ਜਿਸ ਪੰਜਾਬੀ ਕ੍ਰਿਤ ਨੂੰ ਸਭ ਤੋਂ ਵੱਧ ਪੜ੍ਹਿਆ ਤੇ ਮਾਣਿਆ ਗਿਆ ਹੈ, ਉਹ ਸ਼ਾਹ ਮੁਹੰਮਦ ਦਾ ਜੰਗਨਾਮਾ ਹੀ ਹੈ। ਇਸ ਦਾ ਕਾਰਨ ਇਸ ਜੰਗਨਾਮੇ ਦੀ ਭਾਸ਼ਾ ਠੇਠ , ਸਾਦੀ ਅਤੇ ਰਸਵੰਤ ਹੋਣਾ ਵੀ ਹੈ ਅਤੇ ਵਰਣਨ ਦਾ ਸੰਜਮ ਭਰਪੂਰ ਹੋਣਾ ਵੀ ਹੈ। ਉਹ ਘਟਨਾਵਾਂ ਨੂੰ ਬਿਆਨ ਕਰਨ ਲੱਗਿਆਂ ਲੰਮੇ ਬਿਰਤਾਂਤ ਵਿਚ ਨਹੀਂ ਪੈਂਦਾ ਸਗੋਂ ਸੰਖੇਪ ਵਿਚ ਹੀ ਸਾਰੀਆਂ ਘਟਨਾਵਾਂ ਨੂੰ ਇਕ ਲੜੀ ਵਿਚ ਪ੍ਰੋਣ ਦਾ ਯਤਨ ਕਰਦਾ ਹੈ। ਦੂਸਰੇ ਪਾਸੇ ਅਠਾਰਵੀਂ ਸਦੀ ਵਿਚ ਮੁਕਬਲ ਦੁਆਰਾ ਰਚੇ ਗਏ ਪ੍ਰਸਿੱਧ ਜੰਗਨਾਮੇ ਵਿਚ ਇਮਾਮ ਹੁਸੈਨ ਦੀ ਅਦੁੱਤੀ ਸ਼ਹਾਦਤ ਬਾਰੇ ਇਕ ਲੰਮਾ ਬਿਰਤਾਂਤ ਸਿਰਜਿਆ ਗਿਆ ਹੈ, ਜਿਸ ਕਾਰਨ ਇਹ ਜੰਗਨਾਮਾ ਬਹੁਤਾ ਪ੍ਰਭਾਵ ਨਾ ਪਾ ਸਕਿਆ। ਉਦਾਹਰਨ ਦੇ ਤੌਰ’ਤੇ ਹੇਠ ਲਿਖੀਆਂ ਸਤਰਾਂ ਵਿਚ ਮੁਕਬਲ, ਇਮਾਮ ਹੁਸੈਨ ਦੀ ਸ਼ਹੀਦੀ ਦਾ ਵਰਣਨ ਬਿਰਤਾਂਤਮਈ ਢੰਗ ਨਾਲ ਇਸ ਤਰ੍ਹਾਂ ਕਰਦਾ ਹੈ :

ਪਹਿਲੋਂ ਮੈਂ ਹੁਸੈਨ ਦੀ ਕਹੀ ਸ਼ਹਾਦਤ ਜਾਣ।

ਕਿੱਸਾ ਮੂਲ ਨਾ ਆਖਿਆ ਆਹਾ ਵਿਚ ਪਛਾਣ।

ੈਂ ਵਿਚ ਡਿੱਠਾ ਖ਼ੁਆਬ ਦੇ ਹਜ਼ਰਤ ਹਸਨ ਹੁਸੈਨ।

ਜਿਗਰ ਰਸੂਲ ਅਲ੍ਹਾ ਦੇ ਸ਼ਰ ਅੰਦਰ ਸਕਲੈਨ।

ੋਹਾਂ ਨੇ ਫੁਰਮਾਇਆ ਆਜ਼ਿਜ਼ ਤਾਈਂ ਜਾਣ।

ਾਲਤ ਸਾਡੀ ਜੋ ਹੋਈ ਕਰ ਹੁਣ ਕੁਲ ਅਯਾਂ।

ਇਸ ਦੇ ਮੁਕਾਬਲੇ ਸ਼ਾਹ ਮੁਹੰਮਦ ਨੇ ਆਪਣੇ ਜੰਗਨਾਮੇ ਰਾਹੀਂ ਸਿੱਖਾਂ ਤੇ ਅੰਗਰੇਜ਼ਾਂ ਦੀ ਪਹਿਲੀ ਜੰਗ ਦਾ ਪਹਿਲੀ ਵਾਰ ਬੜੇ ਹੀ ਖ਼ੂਬਸੂਰਤ ਤਰੀਕੇ ਨਾਲ ਵਰਣਨ ਕਰਨ ਦਾ ਯਤਨ ਕੀਤਾ। ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਲਾਹੌਰ ਦਰਬਾਰ ਵਿਚ ਜੋ ਕਤਲਾਂ ਦੀ ਲੜੀ ਸ਼ੁਰੂ ਹੁੰਦੀ ਹੈ, ਸ਼ਾਹ ਮੁਹੰਮਦ ਉਸ ਦਾ ਬਿਆਨ ਬੜੀ ਦਲੇਰੀ, ਵਿਅੰਗ, ਸੰਜਮ ਅਤੇ ਚੇਤੰਨਤਾ ਨਾਲ ਕਰਦਾ ਹੈ। ਉਹ ਵੱਖ-ਵੱਖ ਦੁਖਾਂਤਿਕ ਘਟਨਾਵਾਂ ਨੂੰ ਭੌਤਿਕ ਕਾਰਨਾਂ ਕਰਕੇ ਨਹੀਂ ਸਗੋਂ ਪਰਾਸਰੀਰਿਕ ਸ਼ਕਤੀਆਂ ਕਾਰਨ ਪੈਦਾ ਹੋਈਆਂ ਮੰਨਦਾ ਹੈ। ਇਹੋ ਕਾਰਨ ਹੈ ਕਿ ਉਹ ਸਭ ਅਮੀਰਾਂ ਤੇ ਵਜ਼ੀਰਾਂ ਨੂੰ ਹੋਣੀ ਦੇ ਹੱਥਾਂ ਵਿਚ ਕਠਪੁਤਲੀ ਬਣਾ ਕੇ ਪੇਸ਼ ਕਰਦਾ ਹੈ। ਭਾਵੇਂ ਉਹ ਸਭ ਘਟਨਾਵਾਂ ਨੂੰ ਰੱਬ ਦੀ ਰਜ਼ਾ ਨਾਲ ਜੋੜ ਦਿੰਦਾ ਹੈ। ਇਸ ਦੇ ਬਾਵਜੂਦ ਸ਼ਾਹ ਮੁਹੰਮਦ ਦੀ ਇਹ ਰਚਨਾ ਪੰਜਾਬੀ ਕੌਮ ਦੇ ਉਸ ਦੁਖਾਂਤ ਨੂੰ ਸਫ਼ਲਤਾ-ਪੂਰਬਕ ਸਿਰਜਣ ਵਿਚ ਸਫ਼ਲ ਹੁੰਦੀ ਹੈ, ਜਿਸ ਵਿਚ ਪੰਜਾਬੀਆਂ ਦੇ ਸਾਂਝੇ ਰਾਜ ਦਾ ਅੰਤ ਹੋ ਜਾਂਦਾ ਹੈ ਅਤੇ ਅੰਗਰੇਜ਼ ਸਾਮਰਾਜਵਾਦ ਪੰਜਾਬ ਨੂੰ ਆਪਣੇ ਕਬਜ਼ੇ ਹੇਠ ਲੈ ਲੈਂਦਾ ਹੈ। ਸ਼ਾਹ ਮੁਹੰਮਦ ਲਈ ਇਹ ਸਿਰਫ਼ ਇਕ ਫਿਰਕੇ ਜਾਂ ਜ਼ਾਤ ਦੀ ਹਾਰ ਨਹੀਂ ਹੈ ਸਗੋਂ ਉਸ ਪੰਜਾਬੀ ਰਾਜ ਦੀ ਹਾਰ ਹੈ, ਜਿਸ ਪੰਜਾਬੀ ਰਾਜ ਵਿਚ ਹਿੰਦੂ, ਮੁਸਲਮਾਨ ਅਤੇ ਸਿੱਖ ਭਾਈਚਾਰਾ ਬੜੇ ਪ੍ਰੇਮ ਤੇ ਇਤਫ਼ਾਕ ਨਾਲ ਰਹਿੰਦਾ ਹੈ। ਸ਼ਾਹ ਮੁਹੰਮਦ ਦੁਆਰਾ ਪੇਸ਼ ਕੀਤੇ ਤਤਕਾਲੀਨ ਪੰਜਾਬੀ ਸਮਾਜ ਨੂੰ ਸਿਰਜਣ ਵਾਲੇ ਇਨ੍ਹਾਂ ਪੱਖਾਂ ਵੱਲ ਇਸ਼ਾਰਾ ਕਰਦਿਆ ਸ਼ਮਸ਼ੇਰ ਸਿੰਘ ਅਸ਼ੋਕ ਲਿਖਦੇ ਹਨ ਕਿ “ਸ਼ਾਹ ਮੁਹੰਮਦ ਨੇ ਇਸ ਲੜਾਈ ਦਾ ਹਾਲ ਬੈਂਤਾਂ ਵਿਚ ਬੜੇ ਦਰਦਨਾਕ ਢੰਗ ਨਾਲ ਦਿੱਤਾ ਹੈ ਅਤੇ ਬਹਾਦਰੀ ਤੇ ਦੇਸ਼ ਭਗਤੀ ਇਸ ਵਿਚ ਆਪ ਮੁਹਾਰੀ ਮ¨ਹੋਂ ਬੋਲਦੀ ਹੈ। ਸਿਰਫ ਸਿੱਖ ਹੀ ਨਹੀਂ ਸਗੋਂ ਮੁਸਲਮਾਨ ਅਤੇ ਹਿੰਦੂ ਵੀ ਉਸ ਵੇਲੇ ਸਿੱਖ ਰਾਜ ਨੂੰ ਆਪਣਾ ਰਾਜ ਸਮਝਦੇ ਸਨ, ਤੇ ਇਸ ਸਤਜੁਗੀ ਰਾਜ ਦੀ ਛਤ੍ਰ ਛਾਇਆ ਹੇਠ ਪਰਸਪਰ ਪਿਆਰ-ਗਲਵਕੜੀਆਂ ਪਾ ਕੇ ਭਰਾਵਾਂ ਵਾਂਗ ਰਹਿੰਦੇ ਸਨ।”3

ਸ਼ਾਹ ਮੁਹੰਮਦ ਦੀ ਅਜਿਹੀ ਸੋਚ ਦਾ ਹੀ ਸਿੱਟਾ ਹੈ ਕਿ ਇਹ ਜੰਗ ਦੋ ਫ਼ੌਜਾਂ ਵਿਚਕਾਰ ਨਹੀਂ ਬਲਕਿ ਦੋ ਵੱਖ-ਵੱਖ ਮੁਲਕਾਂ ਵਿਚਕਾਰ ਲੜੀ ਵਿਖਾਈ ਗਈ ਹੈ। ਇਹ ਦੋ ਮੁਲਕ ਪੰਜਾਬ ਅਤੇ ਹਿੰਦ ਹਨ। ਆਪਣੇ-ਆਪਣੇ ਦੇਸ਼ ਦੀ ਸੁਰੱਖਿਆ ਅਤੇ ਇਜ਼ੱਤ ਲਈ ਦੋਵਾਂ ਪਾਸਿਆਂ ਦੇ ਸਿਪਾਹੀ ਮਰ-ਮਿਟਣ ਲਈ ਤਿਆਰ ਹੁੰਦੇ ਹਨ ਪਰ ਸ਼ਾਹ ਮੁਹੰਮਦ ਅਨੁਸਾਰ ਪੰਜਾਬੀ ਸਿਪਾਹੀਆਂ ਵਿਚ ਆਪਣੇ ਦੇਸ਼ ਲਈ ਮਰ-ਮਿਟਣ ਦੀ ਭਾਵਨਾ ਦੂਸਰਿਆਂ ਨਾਲੋਂ ਵੱਧ ਹੈ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਸ਼ਾਹ ਮੁਹੰਮਦ ਦੇ ਜ਼ਿਹਨ ਵਿਚ ਖੇਤਰੀ ਕੌਮੀਅਤ ਦੀ ਭਾਵਨਾ ਡ¨ਘੇ ਤੌਰ’ਤੇ ਵਸੀ ਹੋਈ ਹੈ। ਇਹੋ ਕਾਰਨ ਹੈ ਕਿ ਸ਼ਾਹ ਮੁਹੰਮਦ ਜਦੋਂ ਪੰਜਾਬੀ ਫ਼ੌਜ ਦੀ ਗੱਲ ਕਰਦਾ ਹੈ ਤਾਂ ‘ਕ¨ਜਾਂ ਨਜ਼ਰ ਆਈਆਂ ਬਾਜਾਂ ਭੁੱਖਿਆਂ ਨੂੰ’ ਵਰਗੇ ਰੂਪਕਾਂ ਰਾਹੀਂ ਉਸ ਦੀ ਤਾਰੀਫ਼ ਕਰਦਾ ਹੈ। ਸ਼ਾਹ ਮੁਹੰਮਦ ਅਨੁਸਾਰ ਪੰਜਾਬੀਆਂ ਦੀ ਇਸ ਬਹਾਦਰੀ ਦੀ ਭਾਵਨਾ ਦੇ ਬਾਵਜੂਦ ਅਖ਼ੀਰ ਉਨ੍ਹਾਂ ਨੂੰ ਹਾਰ ਦਾ ਮ¨ਹ ਵੇਖਣਾ ਪੈਂਦਾ ਹੈ। ਇਸ ਦੇ ਸਿੱਟੇ ਵਜੋਂ ਉਹ ਜੰਗ ਦੇ ਮੈਦਾਨ ਵਿਚੋਂ ਹੀ ਨਹੀਂ ਭੱਜਦੇ ਬਲਕਿ ਆਪਣੇ ਟਿਕਾਣਿਆਂ ਤੋਂ ਵੀ ਪੱਤਰੇ ਵਾਚ ਜਾਂਦੇ ਹਨ। ਪ੍ਰਸਿੱਧ ਸਾਹਿਤ-ਇਤਿਹਾਸਕਾਰ ਆਈ.ਸੇਰੇਬਰੀਆਕੋਵ ਪੰਜਾਬੀਆਂ ਦੀ ਇਸ ਬਹਾਦਰੀ ਦੇ ਬਾਵਜੂਦ ਹੋਈ ਹਾਰ ਦੇ ਵਰਣਨ ਸੰਬੰਧੀ ਸ਼ਾਹ ਮੁਹੰਮਦ ਦੀ ਪੇਸ਼ਕਾਰੀ ਦੀ ਸਿਫ਼ਤ ਕਰਦਾ ਹੋਇਆ ਲਿਖਦਾ ਹੈ :

ਕਵੀ ਦੀ ਹਮਦਰਦੀ ਲੋਕਾਂ ਨਾਲ ਹੈ। ਉਹ ਬੜੇ ਮਾਣ ਨਾਲ ਅਤੇ ਬੜੇ ਜ਼ੋਰ ਨਾਲ ਬਿਆਨ ਕਰਦਾ ਹੈ ਕਿ ਸਾਰੇ ਪੰਜਾਬੀ ਲੋਕ ਇਕਮੁੱਠ ਹਨ। ....ਪ੍ਰੰਤੂ ਬਹਾਦਰਾਂ ਦੇ ਜੋਸ਼ੀਲੇ ਯਤਨ ਅਸਫ਼ਲ ਰਹੇ। ਕਵੀ ਜਿਸ ਸਿੱਟੇ’ਤੇ ਪੁਜਿਆ ਹੈ, ਉਹ ਦੁਖਦਾਇਕ ਹੈ। ਸਿੱਖ ਸਰਦਾਰ ਆਪਣੀਆਂ ਫ਼ੌਜਾਂ ਨੂੰ ਠੀਕ ਤਰ੍ਹਾਂ ਨਾ ਸੰਭਾਲ ਸਕੇ ਤੇ ਨਾ ਹੀ ਲੋਕਾਂ ਦੇ ਦੇਸ਼ ਭਗਤੀ ਦੇ ਉਭਾਰ ਦਾ ਲਾਭ ਉਠਾ ਸਕੇ,ਲੋਕ ਜਿਹੜੇ ਸੁਤੰਤਰਤਾ ਦੀ ਰਾਖੀ ਲਈ ਉੱਠ ਖੜੋਤੇ ਸਨ।4 

ਇਸ ਜੰਗ ਦੇ ਦੌਰਾਨ ਪੰਜਾਬੀ ਫ਼ੌਜ ਅੰਦਰ ਜੋ ਪਰਿਵਰਤਨ ਵਾਪਰਦਾ ਹੈ, ਉਸ ਪਰਿਵਰਤਨ ਨੂੰ ਦਰਸਾਉਣ ਲਈ ਸ਼ਾਹ ਮੁਹੰਮਦ ਕਾਵਿ ਪ੍ਰਵਚਨ ਵਿਚ ਖੰਡਨ-ਮੰਡਨ ਦੀ ਸਾਹਿਤਿਕ ਜੁਗਤ ਦਾ ਪ੍ਰਯੋਗ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਸ ਨੇ ਇਤਿਹਾਸ ਨੂੰ ਸਰਬਕਾਲੀ ਸੰਦਰਭ ਨਾਲ ਜੋੜਨ ਅਤੇ ਤਤਕਾਲ ਨੂੰ ਨਿਕਟ ਅਤੀਤ ਨਾਲ ਸੰਬੰਧਿਤ ਕਰਨ ਦਾ ਯਤਨ ਕੀਤਾ ਹੈ। ਅਜਿਹਾ ਕਰਦਿਆਂ ਉਹ ਆਪਣੇ ਸਮੇਂ ਵਿਚ ਪ੍ਰਚਲਿਤ ਧਾਰਮਿਕ-ਅਧਿਆਤਮਕ ਵਾਤਾਵਰਨ ਵਿਚਲੇ ਮੂਲ ਸਿਧਾਂਤਾਂ ਜਿਵੇਂ ਨਾਸ਼ਮਾਨਤਾ, ਹੋਣੀ ਅਤੇ ਧੁਰੋਂ ਲਿਖੇ ਪੂਰਬਲੇ ਕਰਮਾਂ ਆਦਿ ਦੀ ਸਹਾਇਤਾ ਲੈਣ ਦੀ ਕੋਸ਼ਿਸ਼ ਕਰਦਾ ਹੈ। ਉਹ ਆਪਣੇ ਸਮੇਂ ਦੌਰਾਨ ਵਾਪਰੇ ਖ਼ੂਨੀ ਸਾਕੇ ਨੂੰ ਪੇਸ਼ ਕਰਦਾ ਹੋਇਆ ਅਤੀਤ ਨੂੰ ਉਚਿਆਉਣ ਦਾ ਯਤਨ ਵੀ ਕਰਦਾ ਹੈ। ਇਸ ਦਾ ਭਾਵ ਇਹ ਕਿ ਉਹ ਜੰਗਨਾਮੇ ਵਿਚ ਕਈ ਥਾਵਾਂ’ਤੇ ਰਣਜੀਤ ਸਿੰਘ ਦੇ ਰਾਜ ਦੀ ਪ੍ਰਸੰਸਾ ਕਰਦਾ ਹੈ। ਇਸ ਦੇ ਸਿੱਟੇ ਵਜੋਂ ਜਿਥੇ ਵਰਤਮਾਨ ਦੀਆ ਘਟਨਾਵਾਂ ਨੂੰ ਅਤੀਤ ਤੋਂ ਨਵੇਂ ਅਰਥ ਪ੍ਰਦਾਨ ਹੁੰਦੇ ਹਨ, ਉਥੇ ਵਿਸਤਾਰ ਤੇ ਵਿਆਖਿਆ ਦਾ ਪ੍ਰਗਟਾਵਾ ਵੀ ਹੁੰਦਾ ਹੈ। ਇਕ ਖੁਸ਼ਹਾਲ ਅਤੇ ਬੇਹਤਰ ਰਾਜ ਦੀ ਸਮਾਪਤੀ ਤੋਂ ਬਾਅਦ ਪੈਦਾ ਹੋਈ ਸਥਿਤੀ ਬਾਰੇ ਉਦਾਸੀਨਤਾ ਪੈਦਾ ਹੁੰਦੀ ਹੈ। ਕਵੀ ਵੱਲੋਂ ਵਰਤੇ ਗਏ ਸੰਕੇਤ ਜਿਵੇਂ ‘ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ, ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਮਹਾਬਲੀ ਰਣਜੀਤ ਸਿੰਘ, ਅੱਛਾ ਰੱਜ ਕੇ ਰਾਜ ਕਮਾਇ ਗਿਆ’, ਆਦਿ ਤੋਂ ਪਤਾ ਚਲਦਾ ਹੈ ਕਿ ਕਵੀ ਤਤਕਾਲੀਨ ਤ੍ਰਾਸਦੀ ਦੇ ਕਾਰਨਾਂ ਨੂੰ ਰਣਜੀਤ ਸਿੰਘ ਦੇ ਰਾਜਕਾਲ ਦੇ ਅੰਤ ਨਾਲ ਜੋੜਨ ਦਾ ਯਤਨ ਕਰਦਾ ਹੈ। ਇਸ ਦੇ ਮੁਕਾਬਲੇ ਕਾਨ੍ਹ ਸਿੰਘ ਬੰਗਾ ਦੁਆਰਾ ਲਿਖਿਆ ‘ਜੰਗਨਾਮਾ ਲਾਹੌਰ’ ਜਦੋਂ ਰਣਜੀਤ ਸਿੰਘ ਦੀ ਵੀਰਤਾ ਬਾਰੇ ਦੱਸਦਾ ਹੈ ਤਾਂ ਉਹ ਪਾਠਕ’ਤੇ ਬਹੁਤਾ ਪ੍ਰਭਾਵ ਨਹੀਂ ਪਾਉਂਦਾ। ਆਪਣੀ ਸਾਹਿਤਕ, ਭਾਸ਼ਾਈ ਅਤੇ ਕਲਾਤਮਿਕ ਕਮਜ਼ੋਰੀ ਕਾਰਨ ਇਹ ਜੰਗਨਾਮਾ ਰਣਜੀਤ ਸਿੰਘ ਵਰਗੇ ਨਾਇਕ ਨੂੰ ਉਸ ਪੱਧਰ ਤਕ ਨਹੀਂ ਸਿਰਜ ਸਕਿਆ ਜਿਸ ਪੱਧਰ ਤਕ ਸ਼ਾਹ ਮੁਹੰਮਦ ਸਿਰਜ ਸਕਿਆ ਹੈ। ‘ਜੰਗਨਾਮਾ ਲਾਹੌਰ’ ਦੀਆਂ ਹੇਠ ਲਿਖੀਆਂ ਸਤਰਾਂ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ :

ਮਹਾਰਾਜਾ ਰਣਜੀਤ ਸਿੰਘ ਥਾ ਬਨਾਮ।

             ੱਖੇ ਖ਼ੌਫ਼ ਖਾਲਿਕ ਕਾ ਦਿਲ ਮੇਂ ਤਮਾਮ। 27

ਜਾਂ

ੂਈ ਦਿਨ ਬਦਿਨ ਜੀਤ ਸਰਕਾਰ ਕੀ।

      ੋ ਦੁਸ਼ਮਨ ਕਰੈ ਸਿਫ਼ਤ ਦਰਬਾਰ ਕੀ। 40

ਇਸ ਦੇ ਉਲਟ, ਕਵੀ ਮਟਕ ਦੁਆਰਾ ਲਿਖੇ ਜੰਗਨਾਮੇ ਵਿਚ ਵੀ ਭਾਵੇਂ ਕਈ ਊਣਤਾਈਆਂ ਰਹਿ ਗਈਆਂ ਹਨ ਇਸ ਦੇ ਬਾਵਜੂਦ ਉਹ ਯੁੱਧ ਚਿੱਤਰਣ ਅਤੇ ਨਾਇਕ ਸ਼ਾਮ ਸਿੰਘ ਦੀ ਵਡਿਆਈ ਕਰਨ ਵਿਚ ਕਾਮਯਾਬ ਹੋਇਆ ਹੈ। ਉਹ ਆਪਣੇ ਜੰਗਨਾਮੇ ਵਿਚ ਸ਼ਾਮ ਸਿੰਘ ਅਟਾਰੀਵਾਲੇ ਦੇ ਰੋਲ ਨੂੰ ਬਹੁਤ ਹੀ ਬਹਾਦਰੀ ਵਾਲਾ ਮੰਨਦਾ ਹੋਇਆ ਇਸ ਤਰ੍ਹਾਂ ਪੇਸ਼ ਕਰਦਾ ਹੈ:

ਪਹਿਰ ਰਾਤ ਸਮੇਂ ਇਸ਼ਨਾਨ ਸ਼ਾਮ ਸਿੰਘ ਵਿਚ ਨਦੀ ਦੇ ਵੜਿਆ, ਜਪੁਜੀ ਪੜਿਆ।

ੁੰਨ ਦਾਨ ਬਹੁ ਕੀਏ ਮਰਦ ਨੇ, ਧਿਆਨ ਗੁਰਾਂ ਦਾ ਧਰਿਆ, ਭੈਜੁਲ ਤਰਿਆ।

ਨਿਮਸਕਾਰ ਕਰ ਸ਼ਸਤਰ ਪਹਿਰੇ, ਤੋੜਾ ਬੰਦੂਕੀ ਜੜਿਆ, ਜ਼ਰਾ ਨਾ ਡਰਿਆ।

      ਹਿਤ ਮਟਕ ਅਬ ਜੁੱਧ ਧਰਮ ਕਾ, ਸ਼ਿਆਮ ਸਿੰਘ ਰਣ ਚੜਿਆ, ਖੰਡਾ ਫੜਿਆ।

ਕਵੀ ਮਟਕ ਯੁੱਧ ਦਾ ਵਰਣਨ ਵੀ ਇਸੇ ਪ੍ਰਕਾਰ ਕਰਦਾ ਹੈ :

ਦੋਹੀਂ ਧਿਰੀਂ ਤੰਬੂਰ ਖੜਕਦੇ, ਲੜਦੇ ਨਦੀ ਕਿਨਾਰੇ, ਮੁਲਖਾਂ ਵਾਰੇ।

ੱਲਣ ਬੰਦੂਕਾਂ ਔਰ ਰਹਿਕਲੇ, ਤੇਗੋਂ ਦਮਕਣਿ ਭਾਰੇ, ਬਣੇ ਦੁਧਾਰੇ।

ੱਜਣ ਸੂਰਮੇ ਸਨਮੁਖ ਹੋ ਕੇ, ਰਣ ਦੇ ਵਿਚ ਪੁਕਾਰੇ, ਲੈਣ ਹੁਲਾਰੇ।

      ਹਿਤ ਮਟਕ ਗੋਲਾ ਪਿਆ ਬਰਸੇ, ਵਗਦੇ ਰੁਦ੍ਰ ਪ੍ਰਨਾਰੇ, ਲੈਣ ਹੁਲਾਰੇ।

ਡਾ. ਧਰਮ ਸਿੰਘ ਦੁਆਰਾ ਲੱਭਿਆ ਜੰਗਨਾਮਾ ‘ਸੀਹਰਫ਼ੀ ਜੰਗਨਾਮਾ ਹਰੀ ਸਿੰਘ ਜੀ ਕਾ’ ਪੰਜਾਬੀ ਜੰਗਨਾਮਾ ਸਾਹਿਤ ਵਿਚ ਮਹੱਤਵਪੂਰਨ ਵਾਧਾ ਹੈ।5 ਜਿਵੇਂਕਿ ਇਸ ਜੰਗਨਾਮੇ ਦੇ ਨਾਂ ਤੋਂ ਹੀ ਸਪੱਸ਼ਟ ਹੈ, ਇਹ ਹਰੀ ਸਿੰਘ ਨਲੂਏ ਦੇ ਜੀਵਨ ਬਿਰਤਾਂਤ ਅਤੇ ਜਮਰੌਦ ਦੀ ਪ੍ਰਸਿੱਧ ਲੜਾਈ ਨੂੰ ਇਤਿਹਾਸਿਕ ਵੇਰਿਵਿਆਂ ਰਾਹੀਂ ਪ੍ਰਗਟ ਕਰਦਾ ਹੈ। ਕਵੀ ਗੁਰਮੁਖ ਸਿੰਘ ਦੁਆਰਾ ਰਚਿਤ ਇਸ ਜੰਗਨਾਮੇ ਵਿਚ ਰਣਜੀਤ ਸਿੰਘ ਕਾਲ ਦੀਆਂ ਇਤਿਹਾਸਿਕ ਘਟਨਾਵਾਂ ਦਾ ਮਿਤੀਬੱਧ ਵਰਣਨ ਕੀਤਾ ਗਿਆ ਹੈ। ਇਸ ਦੇ ਬਾਵਜੂਦ ਕਲਾਤਮਿਕ ਪੱਖ ਤੋਂ ਇਹ ਜੰਗਨਾਮਾ ਵੀ ਸ਼ਾਹ ਮੁਹੰਮਦ ਦੁਆਰਾ ਰਚਿਤ ਜੰਗਨਾਮੇ ਦਾ ਮੁਕਾਬਲਾ ਨਹੀਂ ਕਰਦਾ। ਇਹ ਜੰਗਨਾਮਾ ਆਪਣੇ ਸੀਮਤ ਘੇਰੇ ਅਤੇ ਨਿਸ਼ਚਿਤ ਹੱਦਬੰਦੀਆਂ ਕਾਰਨ ਕਲਾਤਮਿਕਤਾ ਦੇ ਉਨ੍ਹਾਂ ਅੰਬਰਾਂ ਨੂੰ ਛੂਹ ਨਾ ਸਕਿਆ, ਜਿੰਨ੍ਹਾਂ ਨੂੰ ਛੂਹਣ ਵਿਚ ਸ਼ਾਹ ਮੁਹੰਮਦ ਦੁਆਰਾ ਰਚਿਤ ਜੰਗਨਾਮੇ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਕਵੀ ਗੁਰਮੁਖ ਸਿੰਘ ਦੀ ਕਲਾਤਮਿਕ ਸੀਮਤਾਈ ਸੰਬੰਧੀ ਡਾ. ਧਰਮ ਸਿੰਘ ਦੇ ਹੇਠ ਲਿਖੇ ਸ਼ਬਦ ਵਰਣਨਯੋਗ ਹਨ :

‘ਸੀਹਰਫ਼ੀ ਜੰਗਨਾਮਾ ਹਰੀ ਸਿੰਘ ਜੀ ਕਾ’ ਵਿਚ ਵੀ ਇਸ ਦੇ ਕਰਤਾ ਗੁਰਮੁਖ ਸਿੰਘ ਦੀ ਕਲਾ ਪਾਤਰਾਂ, ਭੂਗੋਲਿਕ ਵੇਰਵੇ ਅਤੇ ਗਿਣਵੇਂ ਚੁਣਵੇਂ ਬੰਦਾਂ ਹੇਠ ਦਬ ਕੇ ਰਹਿ ਗਈ ਹੈ। ਗੁਰਮੁਖ ਸਿੰਘ ਦਾ ਦ੍ਰਿਸ਼ਟੀਕੋਣ ਇਤਿਹਾਸ ਮੁੱਖ ਹੈ, ਕਲਾ ਮੁੱਖ ਨਹੀਂ ਹਾਂ ਕਿਤੇ ਕਿਤੇ ਰਸਾਲਿਆਂ ਦੀ ਚੜਤ ਅਤੇ ਯੁੱਧ ਦੇ ਵਰਣਨ ਵਿਚ ਉਸ ਨੇ ਆਪਣੀ ਕਲਾਤਮਿਕਤਾ ਦਾ ਪ੍ਰਭਾਵ ਪਾਉਣ ਦੀ ਜ਼ਰੂਰ ਕੋਸ਼ਿਸ਼ ਕੀਤੀ ਹੈ।6

ਇਸ ਤੋਂ ਇਲਾਵਾ ਡਾ. ਧਰਮ ਸਿੰਘ ਜੰਗਨਾਮਾਕਾਰ ਗੁਰਮੁਖ ਸਿੰਘ ਸੰਬੰਧੀ ਪ੍ਰਮਾਣਿਕਤਾ ਨੂੰ ਸ਼ਾਹ ਮੁਹੰਮਦ ਦੇ ਜੰਗਨਾਮੇ ਦੇ ਹਵਾਲੇ ਰਾਹੀਂ ਪੇਸ਼ ਕਰਦੇ ਹੋਏ ਲਿਖਦੇ ਹਨ ਕਿ “ਸ਼ਾਹ ਮੁਹੰਮਦ ਦੇ ਜੰਗਨਾਮੇ ਵਿਚ ਜਿਥੇ ਰਾਜਾ ਧਿਆਨ ਸਿਘ ਦੇ ਕਤਲ ਦੀ ਗੱਲ ਚੱਲਦੀ ਹੈ, ਉਥੇ ਇਹ ਸਤਰਾਂ ਆਉਂਦੀਆਂ ਹਨ :

ਗੁਰਮੁਖ ਸਿੰਘ ਗਿਆਨੀ ਨੇ ਮਤ ਦਿੱਤੀ,

      ੁਸੀਂ ਇਹ ਕਿਉਂ ਜੀਂਵਦਾ ਛੱਡਿਆ ਜੇ।7

ਜਿਸ ਤਰ੍ਹਾਂ ਸ਼ਾਹ ਮੁਹੰਮਦ ਦੁਆਰਾ ਰਚਿਤ ਜੰਗਨਾਮੇ ਵਿਚ ਸਿੱਖ ਫ਼ੌਜ ਦੇ ਗੁਣਗਾਣ ਗਾਏ ਗਏ ਹਨ ਉਸੇ ਤਰ੍ਹਾਂ ਗੁਰਮੁਖ ਸਿੰਘ ਦੁਆਰਾ ਰਚਿਤ ਜੰਗਨਾਮੇ ਵਿਚ ਵੀ ਹਰੀ ਸਿੰਘ ਨਲੂਆ ਅਤੇ ਸਿੱਖ ਫ਼ੌਜ ਦੀ ਵੀਰਤਾ ਅਤੇ ਪ੍ਰਸਿੱਧੀ ਨੂੰ ਪੇਸ਼ ਕੀਤਾ ਗਿਆ ਹੈ। ਉਦਾਹਰਨ ਦੇ ਤੌਰ’ਤੇ ਗੁਰਮੁਖ ਸਿੰਘ ਆਪਣੇ ਜੰਗਨਾਮੇ ਵਿਚ ਯੁੱਧ ਵਰਣਨ ਦੇ ਨਾਲ-ਨਾਲ ਹਰੀ ਸਿੰਘ ਨਲੂਏ ਦੀ ਸੂਰਵੀਰਤਾ ਤੇ ਪ੍ਰਸਿੱਧੀ ਦੀ ਤਸਵੀਰ ਨੂੰ ਇਸ ਤਰ੍ਹਾਂ ਪੇਸ਼ ਕਰਦਾ ਹੈ :

ਦਾਲ-ਦੇਸ ਦੇਸੀਂ ਮਸ਼ਹੂਰ ਹੋਇਆ,

ਰੀ ਸਿੰਘ ਜਿਹਾ ਨਹੀਂ ਕੋਈ ਰਾਜਾ।

ਾਹਣ ਢੋਇ ਕਿ ਹਾਥੀਆਂ ਪਾਰ ਹੁਣੇ।

ੌਜਾਂ ਬੇੜੀਆਂ ਤੇ ਚਲਵਾਇ ਵਾਜਾ

ਾਰ ਅਟਕ ਤੋਂ ਤੁਰੰਤ ਹੀ ਸਿੰਘ ਹੋਏ,

ੇਰਾ ਵਿਚ ਡੁਢੇਰ ਦੇ ਜਾਇ ਛਾਜਾ।

ੁਰਮੁੱਖ ਸਿੰਘ ਪੰਜਤਰਾਂ ਦੇ ਮਾਰਨੇ ਨੂੰ

      ਰੀ ਸਿੰਘ ਵੰਗਾਰਿਆ ਹੈ ਸਜਾਦਾ। 8

ਸ਼ਾਹ ਮੁਹੰਮਦ ਵਾਂਗ ਹੀ ਗੁਰਮੁਖ ਸਿੰਘ ਵੀ ਤਤਕਾਲੀਨ ਸਿੱਖ ਫ਼ੌਜ ਦੀ ਮੈਦਾਨ-ਏ-ਜੰਗ ਵਿਚ ਵਿਖਾਈ ਗਈ ਬਹਾਦਰੀ ਨੂੰ ਪੇਸ਼ ਕਰਦਾ ਹੋਇਆ ਲਿਖਦਾ ਹੈ :

ਕਾਫ਼-ਕੜਕ ਕੇ ਪਏ ਨੀ ਸਿੰਘ ਸੂਰੇ,

ਦੋਂ ਮਾਰ ਮਚੀ ਹੈ ਅਪਾਰ ਭਯਾ।

ਕੀ ਜੋਗਣੀ ਤਾਕਣੀ ਮਾਸਹਾਰੀ,

ਾਰਦ ਨੱਚਿਆ ਪੇਖ ਕੇ ਸਾਰ ਭਯਾ।

ਇਆ ਜੁਧ ਤੇ ਵਾਰ ਨਾ ਪਾਰ ਕੋਈ,

ਏ ਸਾਰ ਉੱਤੇ ਵੱਡਾ ਸਾਰ ਭਯਾ।

ੁਰਮੁੱਖ ਸਿੰਘ ਮਾਰੂ ਬੜੇ ਪੰਚ ਤੂਰੇ।

      ੂਰੇ ਆਣ ਦੇ ਮਾਰ ਪੁਕਾਰ ਭਯਾ। 22

ਇਸੇ ਤਰ੍ਹਾਂ ਹੀ ਸਰਦਾਰ ਹਰੀ ਸਿੰਘ ਨਲੂਏ ਦੀ ਬਹਾਦਰੀ ਸੰਬੰਧੀ ਕਵੀ ਰਾਮ ਦਿਆਲ ਨੇ ਜੰਗਨਾਮਾ ਲਿਖਿਆ ਹੈ, ਜਿਸ ਵਿਚ ਉਸ ਨੇ ਨਲੂਏ ਦੁਆਰਾ ਲੜਿਆ ਗਿਆ ਜਮਰੌਧ ਦਾ ਯੁੱਧ, ਉਸਦੀ ਮੌਤ, ਰਣਜੀਤ ਸਿੰਘ ਉੱਪਰ ਨਲੂਏ ਦੀ ਮੌਤ ਦਾ ਪ੍ਰਭਾਵ, ਮਹਾਂ ਸਿੰਘ ਦੀ ਵੀਰਤਾ ਅਤੇ ਉਸ ਦੇ ਗੁਣ-ਗਾਣ ਕੀਤੇ ਹਨ। ਇਹ ਜੰਗਨਾਮਾ ਭਾਵੇਂ ਸ਼ਾਹ ਮੁਹੰਮਦ ਦੇ ਜੰਗਨਾਮੇ ਵਾਂਗ ਬੈਂਤ ਵਿਚ ਲਿਖਿਆ ਗਿਆ ਹੈ ਪਰ ਇਹ ਕਲਾਤਮਿਕ ਤੌਰ’ਤੇ ਕਾਫ਼ੀ ਕਮਜ਼ੋਰ ਜੰਗਨਾਮਾ ਸਿੱਧ ਹੁੰਦਾ ਹੈ। ਇਸ ਦੀ ਬੋਲੀ ਭਾਵੇਂ ਸਰਲ ਤੇ ਠੇਠ ਪੰਜਾਬੀ ਹੈ ਪਰ ਦੁਆਬੀ ਤੇ ਫ਼ਾਰਸੀ ਦਾ ਪ੍ਰਭਾਵ ਵੀ ਦ੍ਰਿਸ਼ਟੀਗੋਚਰ ਹੁੰਦਾ ਹੈ। ਉਦਾਹਰਨ ਦੇ ਤੌਰ ਤੇ ਹੇਠ ਲਿਖਿਆਂ ਸਤਰਾਂ ਵਿਚ ਕਵੀ, ਹਰੀ ਸਿੰਘ ਨਲੂਏ ਦੀ ਯੁੱਧਬੀਰਤਾ ਦਾ ਵਰਣਨ ਕਰਦਾ ਹੋਇਆ ਲਿਖਦਾ ਹੈ :

ਹਰੀ ਸਿੰਘ ਸਰਦਾਰ ਨੇ ਯੁੱਧ ਕੀਤਾ,

ਜਿਉਂ ਕਰ ਪਾਂਡਵਾਂ ਕੌਰਵਾਂ ਅੰਤ ਕੀਤਾ।

ੇਖ ਜੁੱਧ ਸਰਦਾਰ ਦਾ ਖੁਸ਼ੀ ਹੁੰਦੇ,

      ਸ ਵਾਰ ਬੈਕੁੰਠ ਤੋਂ ਆਇ ਲੀਤਾ।

ਇਸ ਤੋਂ ਇਲਾਵਾ 1857 ਦੀ ਭਾਰਤ ਦੀ ਪਹਿਲੀ ‘ਜੰਗ-ਏ-ਆਜ਼ਾਦੀ’ ਦੀ ਲੜਾਈ ਸੰਬੰਧੀ ਖਜ਼ਾਨ ਸਿੰਘ ਨੇ ‘ਜੰਗਨਾਮਾ ਦਿੱਲੀ’ ਲਿਖਿਆ ਹੈ। ਇਸ ਦੀ ਬੋਲੀ ਉੱਪਰ ਹਿੰਦੀ ਦਾ ਰੰਗ ਭਾਰੂ ਹੈ। ਆਪਣੇ ਇਸ ਜੰਗਨਾਮੇ ਵਿਚ ਉਹ ਪਟਿਆਲੇ ਦੇ ਮਹਾਰਾਜਾ ਨਰਿੰਦਰ ਸਿੰਘ ਨੂੰ 1857 ਦੇ ਗ਼ਦਰ ਵੇਲੇ ਉਚੇਚੀ ਭਰਤੀ ਕਰਕੇ ਅੰਗਰੇਜ਼ ਸਾਮਰਾਜਵਾਦ ਦੀ ਮਦਦ ਕਰਦੇ ਹੋਏ ਵਖਾਉਂਦਾ ਹੈ। ਉਦਾਹਰਨ ਦੇ ਤੌਰ’ਤੇ ਉਸ ਦੁਆਰਾ ਹੇਠ ਲਿਖੀਆਂ ਸਤਰਾਂ ਵੇਖੀਆਂ ਜਾ ਸਕਦੀਆਂ ਹਨ, ਜਿਸ ਵਿਚ ਉਹ ਇਸ ਮੌਕੇ’ਤੇ ਕੀਤੀ ਗਈ ਭਰਤੀ ਦੀ ਪੇਸ਼ਕਾਰੀ ਨੂੰ ਇਸ ਤਰ੍ਹਾਂ ਬਿਆਨ ਕਰਦਾ ਹੈ :

-ਤੇ ਤੇਗ਼ ਮੈਦਾਨ ਵਿਚ ਬਹੁਤ ਚੱਲੇ, ਨਾਲ ਤੇਗ਼ ਦੇ ਰਾਜ ਕਮਾਂਵਦਾ ਏ,

ੜਤਲ ਸ਼ੇਰ ਦੀ ਚੜੇ ਮੈਦਾਨ ਅੰਦਰ, ਕਿਲ੍ਹੇ ਮਾਰ ਲੈਂਦਾ ਫਤਹਿ ਪਾਂਵਦਾ ਏ,

ਦੋਂ ਭਾਂਜ ਪੈਂਦੀ ਵੱਡੇ ਖ਼ਹਿਬਰਾਂ ਨੂੰ, ਜਦੋਂ ਧਮਕ ਪਿਸ਼ੌਰ ਨੂੰ ਜਾਂਵਦਾ ਏ,

      ਾਦਰਯਾਰ ਕੰਧਾਰੀਆ ਦੋਸਤ ਮੁਹੰਮਦ, ਡਰਦਾ ਕਾਬਲੋਂ ਉਰ੍ਹਾਂ ਨਾ ਆਂਵਦਾ ਏ।

ਉਪਰੋਕਤ ਜੰਗਨਾਮਿਆਂ ਦੇ ਮੁਕਾਬਲੇ ਸ਼ਾਹ ਮੁਹੰਮਦ ਅਸਿੱਧੇ ਤੌਰ’ਤੇ ਇਸ ਜੰਗਨਾਮੇ ਵਿਚਲੇ ਨਾਇਕ ਦੀਆਂ ਖ਼ੂਬੀਆਂ ਨੂੰ ਬਿਆਨ ਕਰਦਾ ਹੈ। ਅਜਿਹਾ ਕਰਦਿਆ ਉਹ ਰਣਜੀਤ ਸਿੰਘ ਨੂੰ ਪਿੱਠ-ਭੂਮੀ ਵਿਚ ਰੱਖਦਿਆਂ ਉਸ ਨੂੰ ਨਾਇਕ ਵਜੋਂ ਉਭਾਰਨ ਦਾ ਯਤਨ ਕਰਦਾ ਹੈ। ਇਸ ਤੋਂ ਇਲਾਵਾ ਜੰਗ ਦੇ ਵੇਰਵਿਆਂ ਨੂੰ ਵਿਸਥਾਰ ਵਿਚ ਪੇਸ਼ ਕਰਦਾ ਹੋਇਆ ਸ਼ਾਹ ਮੁਹੰਮਦ ਬਹਾਦਰੀ ਤੇ ਬੁਜ਼ਦਿਲੀ ਦੇ ਵੇਰਵਿਆਂ ਨੂੰ ਵੀ ਸਮਾਨਾਂਤਰ ਪੇਸ਼ ਕਰਦਾ ਹੈ। ਅਜਿਹਾ ਕਰਦਿਆਂ ਉਹ ਵਰਤਮਾਨ ਵਿਚ ਪ੍ਰਚੱਲਿਤ ਉਪਮਾਵਾਂ ਦਾ ਪ੍ਰਯੋਗ ਕਰਦਾ ਹੈ। ਉਦਾਹਰਨ ਦੇ ਤੌਰ’ਤੇ ਉਹ ਤਾਕਤਵਰ ਧਿਰ ਲਈ ‘ਬਾਜ਼’ ਅਤੇ ਕਮਜ਼ੋਰ ਧਿਰ ਲਈ ‘ਕ¨ਜ’ ਆਦਿ ਜਿਹੀਆਂ ਉਪਮਾਂਵਾਂ ਵਰਤਦਾ ਹੈ। ਇਸ ਤਰ੍ਹਾਂ ਦੀਆਂ ਉਪਮਾਂਵਾਂ ਦਾ ਪ੍ਰਯੋਗ ਇਸ ਜੰਗਨਾਮੇ ਵਿਚ ਵਾਰ-ਵਾਰ ਆਉਂਦਾ ਹੈ। ਅਜਿਹਾ ਕਰਦਿਆਂ ਕਵੀ ਪੰਜਾਬੀ ਭਾਸ਼ਾ ਦੇ ਪ੍ਰਚੱਲਿਤ ਤੇ ਪ੍ਰਵਾਣਿਤ ਮੁਹਾਵਰੇ ਨੂੰ ਨਵੀਂ ਸ਼ਕਤੀ ਤੇ ਨਵੀਨ ਲਿਸ਼ਕ ਪ੍ਰਦਾਨ ਕਰਨ ਦਾ ਯਤਨ ਕਰਦਾ ਹੈ, ਜਿਹੜੀ ਮੱਧਕਾਲ ਦੇ ਬਹੁਤ ਥੋੜ੍ਹੇ ਜੰਗਨਾਮਾਕਾਰਾਂ ਦੇ ਹਿੱਸੇ ਆਈ ਹੈ। ਇਸ ਦੇ ਮੁਕਾਬਲੇ ਮੁਕਬਲ ਦੁਆਰਾ ਲਿਖਿਆ ਗਿਆ ਜੰਗਨਾਮਾ ਭਾਵੇਂ ਵੀਰ ਰਸ ਅਤੇ ਕਰੁਣਾ ਰਸ ਨਾਲ ਭਰਪੂਰ ਹੈ ਪਰ ਇਹ ਜੰਗਨਾਮਾ ਵੀ ਸ਼ਾਹ ਮੁਹੰਮਦ ਦੇ ਜੰਗਨਾਮੇ ਦੀ ਬਰਾਬਰੀ ਨਹੀਂ ਕਰ ਸਕਿਆ। ਉਦਾਹਰਨ ਦੇ ਤੌਰ’ਤੇ ਮੁਕਬਲ ਦੁਆਰਾ ਲਿਖੇ ਗਏ ਜੰਗਨਾਮੇ ਦੀਆਂ ਹੇਠ ਲਿਖਿਆਂ ਸਤਰਾਂ ਵੇਖੀਆਂ ਜਾ ਸਕਦੀਆਂ ਹਨ, ਜਿੰਨ੍ਹਾਂ ਵਿਚ ਉਹ ਜੰਗਨਾਮੇ ਦੇ ਨਾਇਕ ਦੀ ਸਿਫ਼ਤ ਕਰਦਾ ਹੋਇਆ ਜੰਗ ਦੇ ਦ੍ਰਿਸ਼ ਨੂੰ ਪੇਸ਼ ਕਰ ਰਿਹਾ ਹੈ :

ਪੜ੍ਹ ਬਿਸਮਿਲਾ ਜ਼ੁਲਫ਼ਿਕਾਰ, ਕਰ ਮਿਆਨੋਂ ਵੱਖ,

ੇਜ ਚਮਕਦਾ ਓਸ ਦਾ, ਸੂਰਜ ਝਮਕੇ ਅੱਖ

ਰ ਕੇ ਨਾਅਰਾ ਹੈਦਰੀ, ਜਾਇ ਖਲਾ ਮੈਦਾਨ,

      ਰਜ਼ਿਸ਼ ਖਾਧੀ ਪਿਰਥਮੀ, ਕੰਬੇ ਸਭ ਅਸਮਾਨ

ਸ਼ਾਹ ਮੁਹੰਮਦ ਦੀ ਇਕ ਖ਼ਾਸੀਅਤ ਇਹ ਵੀ ਹੈ ਕਿ ਆਪਣੇ ਬੈਂਤ ਦੀਆਂ ਅਖ਼ੀਰਲੀਆਂ ਸਤਰਾਂ ਵਿਚ ਉਹ ਕੋਈ ਨਾ ਕੋਈ ਉਪਦੇਸ਼ ਦੇਣ ਦਾ ਯਤਨ ਕਰਦਾ ਹੈ। ਉਹ ਆਪਣੀ ਰਚਨਾ ਵਿਚ ਕਈ ਥਾਵਾਂ’ਤੇ ਵੱਖ-ਵੱਖ ਘਟਨਾਵਾਂ ਨੂੰ ਚਲਚਿੱਤਰਾਂ ਦੀ ਤਰ੍ਹਾ ਪੇਸ਼ ਕਰਦਾ ਹੈ, ਜਿਸ ਦੇ ਸਿੱਟੇ ਵਜੋਂ ਇਹ ਵੱਖ-ਵੱਖ ਘਟਨਾਵਾਂ ਪਾਠਕ ਦੇ ਚੇਤਨ ਤੇ ਅਵਚੇਤਨ ਅੰਦਰ ਵੱਖ-ਵੱਖ ਦ੍ਰਿਸ਼ਾਂ ਨੂੰ ਪੈਦਾ ਕਰਨ ਦਾ ਯਤਨ ਕਰਦੀਆ ਹਨ। ਇਹ ਵੱਖ-ਵੱਖ ਦ੍ਰਿਸ਼ ਇਕ ਦੂਜੇ ਨਾਲ ਜੁੜ ਕੇ ਹੀ ਇਕ ਮਹਾਂ-ਦ੍ਰਿਸ਼ ਦੀ ਸਿਰਜਣਾ ਕਰਦੇ ਹਨ। ਇਹ ਮਹਾਂ-ਦ੍ਰਿਸ਼ ਹਿੰਦ ਅਤੇ ਪੰਜਾਬ ਵਿਚਕਾਰ ਚੱਲ ਰਹੇ ਯੁੱਧ ਦੇ ਸਮੁੱਚੇ ਮਹੌਲ ਨੂੰ ਸਜੀਵ ਕਰ ਦਿੰਦਾ ਹੈ। ਉਹ ਵੱਖ-ਵੱਖ ਫ਼ੌਜੀ ਅਧਿਕਾਰੀਆਂ ਦੀ ਮਾਨਸਿਕਤਾ ਨੂੰ ਥੋੜ੍ਹੇ ਜਹੇ ਸ਼ਬਦਾਂ ਰਾਹੀਂ ਹੀ ਪਾਠਕਾਂ ਜਾਂ ਸ੍ਰੋਤਿਆਂ ਸਾਹਮਣੇ ਲੈ ਆਉਂਦਾ ਹੈ। ਅਜਿਹਾ ਕਰਦਿਆਂ ਉਹ ਬੋਲਚਾਲ ਦੀ ਭਾਸ਼ਾ ਨੂੰ ਕਾਵਿ ਭਾਸ਼ਾ ਵਿਚ ਢਾਲਣ ਲਈ ਵਿਅੰਗ ਤੇ ਕਟਾਖ਼ਸ਼ ਦੀਆਂ ਜੁਗਤਾਂ ਬਾਖ਼ੂਬੀ ਵਰਤ ਜਾਂਦਾ ਹੈ। ਇਸ ਸੰਦਰਭ ਵਿਚ ਡਾ. ਹਰਿਭਜਨ ਸਿੰਘ ਭਾਟੀਆ ਦੇ ਵਿਚਾਰ ਵਰਣਨਯੋਗ ਹਨ ਕਿ “ਉਸ ਦੁਆਰਾ ਕੀਤੇ ਗਏ ਵਿਅੰਗ ਤੇ ਚੋਟ ਵਿਚੋਂ ਉਹਦਾ ਤੀਬਰ ਅਨੁਭਵ ਵੀ ਝਲਕਦਾ ਹੈ ਅਤੇ ਵਿਸ਼ਾਲ ਸੋਝੀ ਵੀ। ਇਸੇ ਵਿਅੰਗ ਤੇ ਕਟਾਖ਼ਸ਼ ਦੀ ਭਾਸ਼ਾ ਦੀ ਵਰਤੋਂ ਸਦਕਾ ਉਹ ਆਪਣੇ ਪਾਤਰਾਂ ਦੇ ਅੰਦਰਲੇ ਤੇ ਬਾਹਰਲੇ ਨੂੰ ਇਕੋ ਵੇਲੇ ਸਾਹਮਣੇ ਲੈ ਆਉਂਦਾ ਹੈ। ਵਿਅੰਗ ਤੇ ਚੋਟ ਉਹ ਸਿੱਖ ਸੈਨਿਕਾਂ ਉੱਪਰ ਵੀ ਕਰਦਾ ਹੈ ਅਤੇ ਰਾਣੀ ਜਿੰਦਾਂ ਉੱਪਰ ਵੀ।”8

ਯੁੱਧ ਦਾ ਚਿੱਤਰਨ ਕਰਨ ਲੱਗਿਆਂ ਸ਼ਾਹ ਮੁਹੰਮਦ ਸਿੱਖ ਸੈਨਿਕਾਂ ਉੱਪਰ ਕਟਾਖ਼ਸ਼ ਜਾਂ ਵਿਅੰਗ ਕਸਦਾ ਹੋਇਆ ਕਾਵਿਕ ਤਨਾਓ ਨੂੰ ਉਸ ਦੇ ਪ੍ਰਚੰਡ ਰੂਪ ਵਿਚ ਚਿੱਤਰਨ ਦਾ ਯਤਨ ਕਰਦਾ ਹੈ। ਭਾਸ਼ਾ ਦੀ ਵਿਅੰਗਮਈ ਤੇ ਕਟਾਖ਼ਸ਼ੀ ਸ਼ੈਲੀ ਦੀ ਵਰਤੋਂ ਕਰਦਾ ਹੋਇਆ ਕਵੀ ਦੂਸਰੀਆਂ ਭਾਸ਼ਾਵਾਂ ਦੀ ਵਰਤੋਂ ਰਾਹੀਂ ਜੰਗਨਾਮੇ ਦੀ ਭਾਸ਼ਾ ਦੀ ਵਿਲੱਖਣਤਾ ਨੂੰ ਕਾਇਮ ਰੱਖਦਾ ਹੈ। ਆਪਣੇ ਵਿਚਾਰਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕਵੀ ਸਧਾਰਨ ਜਨਤਾ ਵਿਚ ਪ੍ਰਚਲਿਤ ਲੋਕ ਭਾਸ਼ਾ ਦੀ ਤਤਸਮ ਤੇ ਤਦਭਵ ਸ਼ਬਦਾਵਲੀ ਦੀ ਵਰਤੋਂ ਕਰਦਾ ਹੈ। ਅਰਬੀ ਤੇ ਫ਼ਾਰਸੀ ਸ਼ਬਦਾਵਲੀ ਦੀ ਵਰਤੋਂ ਦੇ ਨਾਲ-ਨਾਲ ਉਹ ਅੰਗਰੇਜ਼ੀ ਸ਼ਬਦਾਵਲੀ ਦਾ ਪ੍ਰਯੋਗ ਵੀ ਕਰਦਾ ਹੈ, ਜਿਸ ਤੋਂ ਪੰਜਾਬੀ ਸਭਿਆਚਾਰ ਦੀ ਅੰਗਰੇਜ਼ੀ ਸਭਿਆਚਾਰ ਨਾਲ ਅੰਤਰ-ਕਿਰਿਆ ਵਿਚ ਪੈਣ ਦੀ ਪ੍ਰਕਿਰਿਆ ਦਾ ਪਤਾ ਚਲਦਾ ਹੈ। ਅਜਿਹੀ ਪ੍ਰਕਿਰਿਆ ਤੋਂ ਬਾਅਦ ਪੰਜਾਬੀ ਭਾਸ਼ਾ ਵਿਚ ਆਈ ਤਬਦੀਲੀ ਨੂੰ ਸ਼ਾਹ ਮੁਹੰਮਦ ਨੇ ਬੜਾ ਨੇੜੇ ਤੋਂ ਪਹਿਲੀ ਵਾਰ ਪੇਸ਼ ਕਰਨ ਦਾ ਯਤਨ ਕੀਤਾ ਹੈ। ਵੱਖ-ਵੱਖ ਪੰਜਾਬੀ ਅਖਾਣਾਂ ਤੇ ਮੁਹਾਵਰਿਆਂ ਦੀ ਵਰਤੋਂਕਰਦਿਆਂ ਸ਼ਾਹ ਮੁਹੰਮਦ ਨੇ ਪੰਜਾਬੀ ਸਭਿਆਚਾਰ ਦੇ ਨੈਣ-ਨਕਸ਼ ਉਭਾਰਨ ਦੇ ਯਤਨ ਕੀਤੇ ਹਨ। ਇਸ ਦੇ ਮੁਕਾਬਲੇ ਅਣੀ ਰਾਏ ਦੁਆਰਾ ਲਿਖੇ ਗਏ ਜੰਗਨਾਮੇ ਵਿਚ ਗੁਰੂ ਗੋਬਿੰਦ ਸਿੰਘ ਅਤੇ ਮੁਗ਼ਲ ਸੈਨਾ ਵਿਚਕਾਰ ਹੋਏ ਯੁੱਧ ਦਾ ਵਰਣਨ ਹੈ। ਇਸ ਜੰਗਨਾਮੇ ਦੇ ਕੁੱਲ 68 ਬੰਦ ਹਨ। ਸ਼ਾਹ ਮੁਹੰਮਦ ਦੇ ਮੁਕਾਬਲੇ ਅਣੀ ਰਾਏ ਦੁਆਰਾ ਰਚਿਤ ਇਹ ਜੰਗਨਾਮਾ ਯੁੱਧ ਵਰਣਨ ਵਿਚ ਬਹੁਤਾ ਅਸਰਦਾਰ ਨਹੀਂ ਹੈ। ਇਸ ਜੰਗਨਾਮੇ ਦੀ ਭਾਸ਼ਾ ਅਤੇ ਸ਼ਬਦ ਚੋਣ ਸ਼ਾਹ ਮੁਹੰਮਦ ਦੇ ਜੰਗਨਾਮੇ ਜਿੰਨੀ ਪ੍ਰਭਾਵਸ਼ਾਲੀ ਨਹੀਂ ਹੈ, ਜਿਸ ਕਰਕੇ ਇਹ ਜੰਗਨਾਮਾ ਆਪਣੇ ਪਾਠਕਾਂ/ਸ੍ਰੋਤਿਆਂ ਉੱਪਰ ਉਹ ਪ੍ਰਭਾਵ ਨਹੀਂ ਪਾਉਂਦਾ ਜੋ ਸ਼ਾਹ ਮੁਹੰਮਦ ਦਾ ਜੰਗਨਾਮਾ ਪਾਉਂਦਾ ਹੈ। ਉਦਾਹਰਨ ਦੇ ਤੌਰ’ਤੇ ਅਸੀਂ ਅਣੀ ਰਾਏ ਦੁਆਰਾ ਰਚਿਤ ਜੰਗਨਾਮੇ ਦੀਆਂ ਹੇਠ ਲਿਖੀਆਂ ਸਤਰਾਂ ਵੇਖ ਸਕਦੇ ਹਾਂ :

ਮਚੀ ਮਾਰ ਭਾਗੋ ਦੁਹੂੰ ਓਰ ਐਸੀ।

ਈ ਭੀਰ ਕੁਰਖੇਤ ਕੇ ਖੇਤ ਜੈਸੀ।

ੁਟੈ ਤੋਪ ਬੰਦੂਕ ਘੁਰੰਨਾਲ ਗੋਲਾ।

ਰੇ ਊਖ ਕੇ ਪੂਖ ਮੈਂ ਬਜ੍ਰ ਓਲਾ।

ਲੇ ਤਾਨ ਕਮਾਨ ਸੋ ਤੀਰ ਤਿੱਖੇ।

ਨੋ ਭੂਮਿ ਭਾਰੱਥ ਪਾਰੱਥ ਪਿੱਖੇ।

ਕਿਤੇ ਬਾਨ ਕੁਹਕੰਤ ਭੁਵਕੰਤ ਆਵੈ।

      ਡੈ ਆਗ ਜਿਉਂ ਲਾਗ ਜਿਉਂ ਨਾਗ ਧਾਵੈ। 59

ਇਸ ਤੋਂ ਸਪੱਸ਼ਟ ਹੈ ਕਿ ਅਣੀ ਰਾਏ ਦੇ ਮੁਕਾਬਲੇ ਸ਼ਾਹ ਮੁਹੰਮਦ ਪੰਜਾਬੀ ਲੋਕ-ਜੀਵਨ ਤੇ ਸ਼ੈਲੀ ਤੋਂ ਪੂਰੀ ਤਰ੍ਹਾਂ ਵਾਕਫ਼ ਸੀ ਕਿਉਂਕਿ ਉਸ ਦੇ ਜੰਗਨਾਮੇ ਦੇ ਹਰ ਬੋਲ ਵਿਚੋਂ ਪੰਜਾਬੀ ਭਾਸ਼ਾ ਤੇ ਸਭਿਆਚਾਰ ਦੇ ਵਿਕੋਲਿਤਰੇ ਰੰਗ ਦ੍ਰਿਸ਼ਟੀਗੋਚਰ ਹੁੰਦੇ ਹਨ। ਇਹੋ ਕਾਰਨ ਹੈ ਕਿ ਸ਼ਾਹ ਮੁਹੰਮਦ ਦੁਆਰਾ ਰਚਿਤ ਜੰਗਨਾਮਾ ਮੱਧਕਾਲੀਨ ਬਿਰਤਾਂਤਿਕ ਕਾਵਿਧਾਰਾ ਦੀ ਅਜਿਹੀ ਮੁੱਲਵਾਨ ਪੂੰਜੀ ਹੋ ਨਿਬੜਿਆ ਹੈ ਜੋ ਕੇਵਲ ਇਤਿਹਾਸਿਕ ਤੱਥਾਂ ਨੂੰ ਹੀ ਨਹੀਂ ਬਲਕਿ ਪੰਜਾਬੀ ਸਭਿਆਚਾਰ ਦੇ ਬੁਨਿਆਦੀ ਜੀਵਨ ਮੁੱਲਾਂ ਨੂੰ ਅਤੇ ਪਰੰਪਰਾਗਤ ਤੇ ਨਵੀਨ ਕਾਵਿ-ਰੂੜ੍ਹੀਆਂ ਨੂੰ ਵੀ ਆਪਣੇ ਅੰਦਰ ਸਮੋਈ ਬੈਠਾ ਹੈ। ਇਸ ਤੋਂ ਇਲਾਵਾ ਵਿਅੰਗ ਤੇ ਕਟਾਖ਼ਸ਼ ਦਾ ਉਚਿਤ ਪ੍ਰਯੋਗ, ਬਿੰਬਾਤਮਿਕ ਸ਼ੈਲੀ ਦੀ ਵਰਤੋਂ, ਮਿਸ਼ਰਿਤ ਵਿਧਾ ਦੀ ਸਿਰਜਣਾ, ਲਟਕਾਓ ਦਾ ਪ੍ਰਯੋਗ, ਤਨਾਉਮਈ ਸਥਿਤੀਆਂ ਦੀ ਪੇਸ਼ਕਾਰੀ, ਜੰਗ ਦਾ ਬਰੀਕੀ ਨਾਲ ਚਿੱਤਰਨ ਆਦਿ ਗੁਣ ਇਸ ਜੰਗਨਾਮੇ ਨੂੰ ਪੰਜਾਬੀ ਜੰਗਨਾਮਾ ਸਾਹਿਤ ਵਿਚ ਨਿਵੇਕਲਾ ਸਥਾਨ ਪ੍ਰਦਾਨ ਕਰਦੇ ਹਨ। ਇਹੋ ਕਾਰਨ ਹੈ ਕਿ ਸ਼ਾਹ ਮੁਹੰਮਦ ਦਾ ਇਹ ਜੰਗਨਾਮਾ ਭਾਵੇਂ ਮੱਧਕਾਲੀਨ ਕਾਵਿ ਨਾਲ ਸੰਬੰਧਿਤ ਹੈ ਪਰ ਇਸ ਰਚਨਾ ਕਾਰਨ ਸ਼ਾਹ ਮੁਹੰਮਦ ਦਾ ਨਾਂ ਜੰਗਨਾਮਾ ਸਾਹਿਤ ਦੇ ਇਤਿਹਾਸ ਦੇ ਪੰਨਿਆਂ’ਤੇ ਗੂੜ੍ਹੇ ਤੇ ਸੁਨਿਹਰੀ ਅੱਖਰਾਂ ਵਿਚ ਲਿਖਿਆ ਜਾ ਚੁੱਕਾ ਹੈ।

ਜਿਵੇਂ ਕਿ ਪਹਿਲਾਂ ਵੀ ਦੱਸਿਆ ਜਾ ਚੁੱਕਾ ਹੈ ਸ਼ਾਹ ਮੁਹੰਮਦ ਦੇ ਇਸ ਜੰਗਨਾਮੇ ਵਿਚ ਅੰਗਰੇਜ਼ ਸਾਮਰਾਜ ਦੀ ਗ਼ੁਲਾਮੀ ਪ੍ਰਤੀ ਘਿਰਣਾ ਅਤੇ ਪੰਜਾਬ ਦੀ ਅਜ਼ਾਦੀ ਲਈ ਤੜਪ ਦ੍ਰਿਸ਼ਟੀਗੋਚਰ ਹੁੰਦੀ ਹੈ। ਇਹੋ ਕਾਰਨ ਹੈ ਕਿ ਉਹ ਆਪਣੇ ਜੰਗਨਾਮੇ ਵਿਚ ਉਨ੍ਹਾਂ ਦੇਸ਼ ਭਗਤਾਂ, ਬਹਾਦਰਾਂ ਤੇ ਸੂਰਵੀਰਾਂ ਦਾ ਗੁਣ-ਗਾਣ ਕਰਦਾ ਹੈ, ਜਿੰਨ੍ਹਾਂ ਨੇ ਅੰਗਰੇਜ਼ ਸਾਮਰਾਜ ਨਾਲ ਲੋਹਾ ਲਿਆ ਅਤੇ ਪੰਜਾਬ ਦੀ ਅਜ਼ਾਦੀ ਲਈ ਆਪਣੇ ਖ਼ੂਨ ਦਾ ਆਖ਼ਰੀ ਕਤਰਾ ਤੱਕ ਵਹਾਅ ਦਿੱਤਾ। ਇਸ ਤੋਂ ਅਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਸ਼ਾਹ ਮੁਹੰਮਦ ਦੇ ਦਿਲ ਵਿਚ ਅੰਗਰੇਜ਼ ਸਾਮਰਾਜ ਦੇ ਪੰਜਾਬ ਵਿਚ ਦਾਖ਼ਲੇ ਦੀ ਡ¨ਘੀ ਪੀੜ ਛੁਪੀ ਹੋਈ ਹੈ। ਰਣਜੀਤ ਸਿੰਘ ਕਾਲ ਦੇ ਸਾਂਝੇ ਸਭਿਆਚਾਰ ਦਾ ਮੁੱਦਈ ਹੋਣ ਕਰਕੇ ਉਹ ਅੰਗਰੇਜ਼ ਹਾਕਮਾਂ ਦੀ ਪੰਜਾਬ ਵਿਚ ਆਮਦ ਪ੍ਰਤੀ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਾ ਹੈ। ਉਹ ਪੰਜਾਬ ਦੇ ਸਾਂਝੇ ਸਭਿਆਚਾਰਕ ਇਤਿਹਾਸ ਨੂੰ ਵਿਸ਼ਾ ਬਣਾਉਂਦਾ ਹੋਇਆ ਕਟਾਖ਼ਸ਼ਮਈ ਸ਼ੈਲੀ ਦੀ ਵਰਤੋਂ ਵਿਅੰਗਤਾਮਿਕ ਕਥਨਾਂ ਦੀ ਪੇਸ਼ਕਾਰੀ ਲਈ ਕਰਦਾ ਹੈ। ਇਸ ਸੰਦਰਭ ਵਿਚ ਪ੍ਰੋ. ਕਿਰਪਾਲ ਸਿੰਘ ਕਸੇਲ ਦੇ ਕਥਨਾਂ ਨੂੰ ਵਿਚਾਰਿਆ ਜਾ ਸਕਦਾ ਹੈ, ਜਿਨ੍ਹਾਂ ਵਿਚ ਉਹਨਾਂ ਨੇ ਸ਼ਾਹ ਮੁਹੰਮਦ ਦੀ ਤੁਲਨਾ ਵਾਰਸ ਸ਼ਾਹ ਨਾਲ ਕੀਤੀ ਹੈ :

ਸ਼ਾਹ ਮੁਹੰਮਦ ਦੇ ਬੋਲ ਉਨ੍ਹਾਂ ਵਿਰਲੇ ਵਿਅਕਤੀਆਂ ਦੇ ਬੋਲਾ ਵਿਚੋਂ ਹਨ, ਅਤੇ ਏਨੀ ਕਾਟਵੀਂ ਗੱਲ ਸ਼ਾਇਦ ਵਾਰਸ ਸ਼ਾਹ ਤੋਂ ਪਿਛੋਂ ਸ਼ਾਹ ਮੁਹੰਮਦ ਹੀ ਕਰ ਸਕਿਆ ਹੈ। ਭਾਵੇਂ ਵਾਰਸ ਸ਼ਾਹ ਤੇ ਸ਼ਾਹ ਮੁਹੰਮਦ ਦੀਆਂ ਰਚਨਾਵਾਂ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਹੈ, ਫਿਰ ਵੀ ਦੋਹਾਂ ਦੀਆਂ ਸੁਰਾਂ ਸਾਂਝੀਆਂ ਹਨ, ਕਲਾ ਦਾ ਰੰਗ ਮਿਲਦਾ ਹੈ। ਇਕ ਦੀ ਆਤਮਾ ਦੂਜੇ ਵਿਚ ਭਿੱਜੀ ਹੋਈ ਹੈ ਤੇ ਦੋਵੇਂ ਹੀ ਪੰਜਾਬ ਦੇ ਸਮੁੱਚੇ ਜਨ-ਜੀਵਨ ਨੂੰ ਆਪਣੇ ਵਿਚ ਸਮੋ ਕੇ ਬੋਲਦੇ ਹਨ। ਬੋਲਦੇ ਵੀ ਲੋਕਾਂ ਦੀ ਜ਼ੁਬਾਨ ਵਿਚ ਹਨ, ਲੋਕਾਂ ਦੇ ਛੰਦ ਵਿਚ ਅਤੇ ਲੋਕਾਂ ਦੇ ਲਹਿਜ਼ੇ ਨੂੰ ਪਹਿਲ ਦਿੰਦੇ ਹਨ; ਕਿਉਂਕਿ ਇਹ ਦੋਵੇਂ ਮਹਾਂਕਵੀ ਉਸ ਸਰਵਜਨਕ ਲੋਕ-ਪ੍ਰਿਯਤਾ ਨੂੰ ਪ੍ਰਾਪਤ ਕਰ ਗਏ, ਜੋ ਕਿਸੇ ਪ੍ਰਤਿਭਾਸ਼ਾਲੀ ਮਹਾਂਕਵੀ ਦੇ ਹਿੱਸੇ ਆਉਂਦੀ ਹੈ।9

ਸ਼ਾਹ ਮੁਹੰਮਦ ਆਪਣੀ ਇਸ ਰਚਨਾ ਵਿਚ ਭਾਵੇਂ ਕੁਝ ਇਤਿਹਾਸਿਕ ਘਟਨਾਵਾਂ ਦਾ ਜ਼ਿਕਰ ਕਰਨ ਲੱਗਿਆਂ ਉਲਾਰ ਵੀ ਹੋ ਜਾਂਦਾ ਹੈ, ਇਸ ਦੇ ਬਾਵਜੂਦ ਉਸ ਦਾ ਇਹ ਜੰਗਨਾਮਾ ਸਾਹਿਤਿਕ, ਸਭਿਆਚਾਰਕ ਅਤੇ ਇਤਿਹਾਸਿਕ ਤੌਰ’ਤੇ ਪੰਜਾਬੀ ਸਾਹਿਤ ਵਿਚ ਇਕ ਗੌਰਵਮਈ ਸਥਾਨ ਰੱਖਦਾ ਹੈ। ਸ਼ਾਹ ਮੁਹੰਮਦ ਬੁਨਿਆਦੀ ਤੌਰ’ਤੇ ਰਾਣੀ ਜਿੰਦ ਕੌਰ ਨੂੰ ਦੋਸ਼ੀ ਮੰਨਦਾ ਹੈ ਅਤੇ ਮਿਸਰ ਲਾਲ ਸਿੰਘ ਅਤੇ ਤੇਜਾ ਸਿੰਘ ਜਹੇ ਖ਼ਾਲਸਾ ਫ਼ੌਜ ਦੇ ਗ਼ਦਾਰ ਅਫ਼ਸਰਾਂ ਬਾਰੇ ਚੁੱਪ ਸਾਧ ਲੈਂਦਾ ਹੈ, ਜਦੋਂ ਕਿ ਉਸ ਦੇ ਸਮਕਾਲੀ ਕਵੀ ਜਿਵੇਂ ਮਟਕ, ਕਾਨ੍ਹ ਸਿੰਘ ਬੰਗਾ ਆਦਿ ਇਹਨਾਂ ਸਿੱਖ ਗ਼ਦਾਰ ਅਫ਼ਸਰਾਂ ਦੀ ਗ਼ਦਾਰੀ ਦਾ ਭਾਂਡਾ ਭੰਨਦੇ ਹਨ। ਉਦਾਹਰਨ ਦੇ ਤੌਰ ਤੇ ਕਵੀ ਮਟਕ, ਤੇਜਾ ਸਿੰਘ ਤੇ ਲਾਲ ਸਿੰਘ ਦੀ ਗ਼ਦਰੀ ਕਾਰਨ ਸਿੱਖਾਂ ਦੀ ਹਾਰ ਹੋਈ ਮੰਨਦਾ ਹੋਇਆ ਲਿਖਦਾ ਹੈ :

 ਲਾਲੂ ਦੀ ਲਾਲੀ ਗਈ, ਤੇਜੂ ਦਾ ਗਿਆ ਤੇਜ,

      ਣਿ ਵਿਚ ਪਿੱਠ ਦਿਖਾਇ ਕੇ ਮੋਢਾ ਆਏ ਫੇਰ।

ਇਸ ਦੇ ਬਾਵਜੂਦ ਸ਼ਾਹ ਮੁਹੰਮਦ ਦੁਆਰਾ ਇਤਿਹਾਸ ਪ੍ਰਤੀ ਅਪਣਾਏ ਗਏ ਸਮੁੱਚੇ ਦ੍ਰਿਸ਼ਟੀਕੋਣ ਪ੍ਰਤੀ ਉਂਗਲ ਨਹੀਂ ਉਠਾਈ ਜਾ ਸਕਦੀ ਕਿਉਂਕਿ ਇਹ ਊਣਤਾਈਆਂ ਨਾ ਤਾਂ ਉਸ ਦੀ ਪੰਜਾਬ ਪ੍ਰਤੀ ਅਪਣਾਈ ਗਈ ਦੇਸ਼ ਭਗਤੀ ਨੂੰ ਕੋਈ ਚੁਣੌਤੀ ਦਿੰਦੀਆ ਹਨ ਅਤੇ ਨਾ ਹੀ ਇਹ ਉਸ ਦੇ ਇਤਿਹਾਸਿਕ ਕਵੀ ਹੋਣ ਦੇ ਗੌਰਵ ਨੂੰ ਕੋਈ ਨੁਕਸਾਨ ਪਹੁੰਚਾਉਂਦੀਆਂ ਹਨ। ਹਕੀਕਤ ਇਹ ਹੈ ਕਿ ਸ਼ਾਹ ਮੁਹੰਮਦ ਦੀ ਇਹ ਰਚਨਾ ਤਤਕਾਲੀਨ ਸਮੇਂ ਦੀਆਂ ਬਲਵਾਨ ਤੇ ਨਿਰਨਾ-ਯੁਕਤ ਇਤਿਹਾਸਿਕ ਘਟਨਾਵਾਂ ਨੂੰ ਆਪਣੇ ਅੰਦਰ ਸਮੋਈ ਬੈਠੀ ਹੈ। ਭਾਵੇਂ ਕੇਵਲ 105 ਬੰਦਾਂ ਦਾ ਇਹ ਜੰਗਨਾਮਾ ਵੇਖਣ ਨੂੰ ਸੀਮਿਤ ਜਿਹਾ ਲੱਗਦਾ ਹੈ ਪਰ ਇਹ ਆਪਣੇ ਅੰਤਰੀਵ ਵਿਸਤਾਰ ਵਿਚ ਵਿਸਥਾਰਪੂਰਬਕ ਅਤੇ ਸੰਪੂਰਨ ਕਿਹਾ ਜਾ ਸਕਦਾ ਹੈ। ਪੰਜਾਬੀ ਜੰਗਨਾਮਾ ਸਾਹਿਤ ਦੇ ਇਤਿਹਾਸ ਵਿਚ ਇਸ ਜੰਗਨਾਮੇ ਵਰਗੀਆਂ ਬਹੁਤ ਘੱਟ ਰਚਨਾਵਾਂ ਦ੍ਰਿਸ਼ਟੀਗੋਚਰ ਹੁੰਦੀਆ ਹਨ, ਜੋ ਇਸ ਵਾਂਗ ਆਪਣੇ ਸਮੇਂ ਦੇ ਯਥਾਰਥ ਦੇ ਅਨੇਕ ਪੱਖਾਂ ਨੂੰ ਏਨੀ ਸੁਹਿਰਦਤਾ ਤੇ ਗੰਭੀਰਤਾ ਨਾਲ ਸਮੋਈ ਬੈਠੀਆਂ ਹਨ। ਇਹੋ ਕਾਰਨ ਹੈ ਕਿ ਸ਼ਾਹ ਮਹੁੰਮਦ ਨੇ ਆਪਣੀ ਇਸ ਰਚਨਾ ਵਿਚ ਕੁੱਜੇ ਵਿਚ ਸਮੁੰਦਰ ਬੰਦ ਕਰਨ ਦਾ ਇਕ ਖ਼ੂਬਸੂਰਤ ਪ੍ਰਮਾਣ ਪੇਸ਼ ਕੀਤਾ ਹੈ।

ਸ਼ਾਹ ਮੁਹੰਮਦ ਦੁਆਰਾ ਰਚਿਤ ਜੰਗਨਾਮੇ ਵਿਚ ਜੰਗਨਾਮੇ ਦੇ ਹੀ ਨਹੀਂ ਬਲਕਿ ਮਹਾਂਕਾਵਿ, ਕਿੱਸਾ, ਵਾਰ ਆਦਿ ਦੇ ਗੁਣ ਵੀ ਸਮਾਏ ਹੋਏ ਹਨ। ਵੀਰ ਰਸੀ ਵਰਣਨ ਤੇ ਨਿਭਾਅ ਦੇ ਸਿੱਟੇ ਵਜੋਂ ਇਸ ਵਿਚ ਵਾਰ ਦੇ ਕਈ ਗੁਣ ਮੌਜੂਦ ਹਨ। ਇਸ ਤਰ੍ਹਾਂ ਕਈ ਹੋਰ ਪੱਖਾਂ ਤੋਂ ਇਸ ਵਿਚ ਮਹਾਂਕਾਵਿ ਤੇ ਕਿੱਸੇ ਦੇ ਰੰਗ ਵੀ ਵੇਖੇ ਜਾ ਸਕਦੇ ਹਨ। ਪਰ ਵਿਸ਼ੇ ਦੇ ਵਿਸਥਾਰ ਦੇ ਨਜ਼ਰੀਏ ਤੋਂ ਅਸੀਂ ਇਸ ਜੰਗਨਾਮੇ ਨੂੰ ਦੋ ਹਿੱਸਿਆਂ ਵਿਚ ਵੰਡਦੇ ਹੋਏ। ਅਗਾਂਹ ਇਸ ਜੰਗਨਾਮੇ ਵਿਚਲੀ ਸਾਮੱਗਰੀ ਜਾਂ ਬਿਰਤਾਂਤ ਨੂੰ ਵੀ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ। ਆਪਣੇ ਸ਼ੁਰੂਆਤ ਵਾਲੇ ਬੰਦਾਂ ਵਿਚ ਸ਼ਾਹ ਮੁਹੰਮਦ ਪਰਾ-ਸਰੀਰਿਕ ਸੰਕੇਤਕ ਛੋਹਾਂ ਅਤੇ ਰਣਜੀਤ ਸਿੰਘ ਦੇ ਵਿਅਕਤਿਤਵ ਨੂੰ ਬਿਆਨ ਕਰਦਾ ਹੈ। ਇਸ ਉਪਰੰਤ ਉਹ ਲਾਹੌਰ ਦਰਬਾਰ ਵਿਚ ਵਾਪਰੇ ਕਤਲ-ਕਾਂਡਾਂ ਨੂੰ ਜੰਗਨਾਮੇ ਦੇ ਲਗਪਗ ਅੱਧੇ ਹਿੱਸੇ ਵਿਚ ਵਿਸ਼ਾ ਬਣਾਉਂਦਾ ਹੈ। ਜੰਗਨਾਮੇ ਦੇ ਅਗਲੇ ਅੱਧੇ ਹਿੱਸੇ ਵਿਚ ਹਿੰਦ-ਪੰਜਾਬ ਦੇ ਜੰਗ ਨੂੰ ਵਿਸ਼ਾ ਬਣਾਇਆ ਗਿਆ ਹੈ। ਅਜਿਹਾ ਕਰਦਿਆਂ ਸ਼ਾਹ ਮੁਹੰਮਦ ਲਗਭਗ ਸਾਰੇ ਬੰਦਾਂ ਵਿਚ ਇਤਿਹਾਸ ਦੀ ਯਥਾਰਥਕਤਾ ਨੂੰ ਪੇਸ਼ ਕਰਨ ਦਾ ਯਤਨ ਕਰਦਾ ਹੈ। ਇਹੋ ਕਾਰਨ ਹੈ ਕਿ ਡਾ. ਸੁਤਿੰਦਰ ਸਿੰਘ ਨੂਰ10, ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਵਿਚ ਪੈਦਾ ਹੋਈ ਬੁਰਛਾਗਰਦੀ ਨੂੰ ਤਬਦੀਲੀ ਦਾ ਦੌਰ ਮੰਨਦਾ ਹੈ। ਉਹ ਗ੍ਰਮਸ਼ੀ ਦੇ ਹਵਾਲੇ ਨਾਲ ਲਿਖਦਾ ਹੈ ਕਿ ਇਸ ਸਮੇਂ ਦੌਰਾਨ ਪੰਜਾਬ Organic Ideology ਤੋਂ ਕੋਹਾਂ ਦੂਰ ਜਾ ਚੁੱਕਾ ਸੀ। ਇਸ ਦੌਰਾਨ ਹੀ ਬੰਦਾ ਬਹਾਦਰ ਤਕ ਸਾਹਮਣੇ ਆ ਚੁੱਕੇ ਵਿਰੋਧ ਅੱਖੋਂ ਓਹਲੇ ਹੋ ਚੁੱਕੇ ਸਨ ਅਤੇ ਫਿਊਡਲ ਜਮਾਤ ਨੂੰ ਵਿਕਸਿਤ ਹੋਣ ਦਾ ਪੂਰਾ ਮੌਕਾ ਮਿਲ ਚੁੱਕਾ ਸੀ। ਇਸ ਤਰ੍ਹਾਂ ਡਾ. ਨੂਰ ਇਸ ਸਮੇਂ ਪੈਦਾ ਹੋਈ ਆਪ ਹੁਦਰੀ ਵਿਚਾਰਧਾਰਾ ਦੇ ਬੀਜ ਦੇ ਸਿੱਟੇ ਵਜੋਂ ਸ਼ਾਹ ਮੁਹੰਮਦ ਨੂੰ ਆਧੁਨਿਕ ਸਮੇਂ ਨਾਲ ਜੋੜਦਾ ਹੋਇਆ ਉਸ ਨੂੰ ਆਧੁਨਿਕ ਕਵਿਤਾ ਦਾ ਪਲੇਠਾ ਕਵੀ ਮੰਨਦਾ ਹੈ।

ਸ਼ਾਹ ਮੁਹੰਮਦ ਕੇਵਲ ਵਿਸ਼ੇ ਦੇ ਪੱਖ ਤੋਂ ਹੀ ਨਹੀਂ ਬਲਕਿ ਰੂਪ ਦੇ ਪੱਖੋਂ ਵੀ ਬਾਕੀ ਜੰਗਨਾਮਾਕਾਰਾਂ ਦੇ ਮੁਕਾਬਲੇ ਇਕ ਚੇਤੰਨ ਕਵੀ ਦੇ ਤੌਰ’ਤੇ ਉੱਭਰਦਾ ਹੈ। ਉਹ ਬਹੁਤ ਹੀ ਕਲਾਤਮਿਕ ਵਿਧੀ ਨੂੰ ਅਪਣਾਉਂਦਾ ਹੋਇਆ ਸਮੱਗਰੀ ਦੀ ਕਾਂਟ-ਛਾਂਟ ਕਰਦਾ ਹੈ ਅਤੇ ਸੰਕੇਤਿਕ ਸ਼ੈਲੀ ਨੂੰ ਵਰਤਦਾ ਹੈ। ਉਸ ਦੁਆਰਾ ਵਰਤੀ ਗਈ ਅਜਿਹੀ ਸ਼ੈਲੀ ਤੋਂ ਹੀ ਅਸੀਂ ਅਨੁਮਾਨ ਲਗਾ ਸਕਦੇ ਹਾਂ ਕਿ ਉਹ ਇਕ ਰਸਿਕ, ਅਨੁਭਵੀ ਅਤੇ ਹੰਢਿਆ ਹੋਇਆ ਕਵੀ ਸੀ। ਉਸ ਨੇ ਆਪਣੇ ਸਮੇਂ ਦੀ ਸਭ ਤੋਂ ਵੱਡੀ ਅਤੇ ਮਹੱਤਵਪੂਰਨ ਇਤਿਹਾਸਿਕ ਘਟਨਾ ਨੂੰ ਬੈਂਤ ਵਿਚ ਲਿਖ ਕੇ ਲੋਕ-ਪ੍ਰਿਯਤਾ ਹਾਸਲ ਕੀਤੀ। ਬੈਂਤ ਛੰਦ ਦੇ ਵਰਣਨ ਅਤੇ ਨਿਭਾਅ ਰਾਹੀਂ ਜਿਸ ਤਰ੍ਹਾਂ ਸ਼ਾਹ ਮੁਹੰਮਦ ਨੇ ਇਸ ਛੰਦ ਨੂੰ ਸਫ਼ਲਤਾ-ਪੂਰਬਕ ਪ੍ਰਯੋਗ ਵਿਚ ਲਿਆਂਦਾ ਹੈ, ਉਸ ਦੇ ਸਿੱਟੇ ਵਜੋਂ ਬੈਂਤ ਪੰਜਾਬ ਦਾ ਮੌਲਿਕ ਤੇ ਨਿਰੋਲ ਆਪਣਾ ਛੰਦ ਹੀ ਬਣ ਗਿਆ ਹੈ। ਬੈਂਤ ਦੇ ਖ਼ੂਬਸੂਰਤ ਨਿਭਾਅ ਕਾਰਨ ਹੀ ਇਸ ਜੰਗਨਾਮੇ ਵਿਚ ਅਨੇਕਾਂ ਕਾਵਿਕ ਗੁਣ ਤੇ ਉਪ-ਗੁਣ ਪੈਦਾ ਹੋਏ ਹਨ, ਜੋ ਕਿਸੇ ਹੋਰ ਪੰਜਾਬੀ ਜੰਗਨਾਮਾਕਾਰ ਦੇ ਹਿੱਸੇ ਨਹੀਂ ਆਏ। ਸੰਜਮ, ਸੰਕੇਤਿਕ ਤੇ ਸਪੱਸ਼ਟ ਬਿਆਨ ਵਿਚ ਸ਼ਾਹ ਮੁਹੰਮਦ ਦਾ ਕੋਈ ਸਾਨੀ ਨਹੀਂ ਹੈ। ਆਪਣੇ ਵਿਚਾਰਾਂ ਨੂੰ ਬਿਆਨ ਕਰਨ ਲੱਗਿਆਂ ਸ਼ਾਹ ਮੁਹੰਮਦ ਜੰਗ ਲੜਨ ਵਾਲੀਆਂ ਦੋਵੇਂ ਧਿਰਾਂ ਦੀ ਬੀਰਤਾ ਨੂੰ ਬੜਾ ਬੇਲਾਗ਼ ਹੋ ਕੇ ਪੇਸ਼ ਕਰਦਾ ਹੈ। ਜੰਗ ਦਾ ਵਰਣਨ ਕਰਦੇ ਸਮੇਂ ਉਸ ਦੀ ਸ਼ੈਲੀ ਤੇ ਸ਼ਬਵਾਦਲੀ ਬੀਰ ਰਸੀ, ਕਲਤਾਮਿਕ ਤੇ ਸ਼ਕਤੀਸ਼ਾਲੀ ਬਣ ਜਾਂਦੀ ਹੈ। ਇਸ ਦੇ ਨਾਲ ਹੀ ਦੁਖਾਂਤਕ ਪੱਖ ਨੂੰ ਪੇਸ਼ ਕਰਨ ਲੱਗਿਆਂ ਉਹ ਕਰੁਣਾ ਰਸ ਨੂੰ ਇਤਿਹਾਸਿਕ ਤੱਥ ਦੀ ਰੌਸ਼ਨੀ ਵਿਚ ਪ੍ਰਸਤੁਤ ਕਰਦਾ ਹੈ। ਇਤਿਹਾਸਿਕ ਬਿਰਤਾਂਤਿਕ ਸ਼ੈਲੀ ਤੋਂ ਇਲਾਵਾ ਇਸ ਜੰਗਨਾਮੇ ਦਾ ਨਾਟਕੀ ਬਿਆਨ ਵੀ ਪਾਠਕਾਂ ਦਾ ਧਿਆਨ ਕੇਂਦਰਿਤ ਕਰਦਾ ਹੈ।

ਸ਼ਾਹ ਮੁਹੰਮਦ ਆਪਣੀਆਂ ਕਾਵਿ ਛੋਹਾਂ ਰਾਹੀਂ ਪਾਤਰਾਂ ਦੀ ਮਾਨਸਿਕਤਾ ਤੇ ਉਨ੍ਹਾਂ ਦਾ ਨਿਖੇੜ ਬੜੀ ਖ਼ੂਬਸੂਰਤੀ ਨਾਲ ਪੇਸ਼ ਕਰਦਾ ਹੈ। ਕਲਾਤਮਿਕ ਪੱਖ ਤੋਂ ਵੱਖ-ਵੱਖ ਪਾਤਰਾਂ ਦਾ ਚਰਿੱਤਰ ਚਿੱਤਰਨ ਵੀ ਉੱਤਮ ਨਮੂਨੇ ਦਾ ਹੋਇਆ ਹੈ। ਸ਼ਾਹ ਮੁਹੰਮਦ ਸਭ ਤੋਂ ਵਡੇਰਾ ਨਿਰਮਾਣ ਉਨ੍ਹਾਂ ਜਮਾਤੀ ਪਾਤਰਾਂ ਦਾ ਕਰਦਾ ਹੈ, ਜੋ ਉਸ ਵੇਲੇ ਸੈਨਾ ਦੇ ਮੁਖੀ ਤੇ ਪੰਚ ਬਣ ਬੈਠੇ ਸਨ। ਸ਼ਾਹ ਮੁਹੰਮਦ ਬੜੀ ਦਲੇਰੀ ਤੇ ਖ਼ੂਬਸੂਰਤੀ ਨਾਲ ਇਹਨਾਂ ਪਾਤਰਾਂ ਦੇ ਉਤਾਵਲੇਪਣ, ਬੇਬਸੀ, ਸੁਆਰਥ ਆਦਿ ਨੂੰ ਕਟਾਖ਼ਸ਼ਮਈ ਢੰਗ ਨਾਲ ਬਿਆਨ ਕਰਦਾ ਹੈ। ਇਸ ਬਿਆਨ ਤੋਂ ਅਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਹ ਇਕ ਲੋਕ-ਪੱਖੀ ਇਤਿਹਾਸਕਾਰ ਵਾਂਗ ਵੱਖ-ਵੱਖ ਘਟਨਾਵਾਂ ਦਾ ਵਿਸਤਾਰਪੂਰਵਕ ਬਿਆਨ ਹੀ ਨਹੀਂ ਕਰਦਾ ਸਗੋਂ ਇਕ ਕਵੀ ਵਾਂਗ ਇਹਨਾਂ ਘਟਨਾਵਾਂ ਨੂੰ ਵੱਖ-ਵੱਖ ਚਿਹਨਾਂ ਤੇ ਬਿੰਬਾਂ ਰਾਹੀਂ ਪੇਸ਼ ਕਰਨ ਦਾ ਯਤਨ ਵੀ ਕਰਦਾ ਹੈ। ਸ਼ਾਹ ਮੁਹੰਮਦ ਦੀ ਪ੍ਰਸਿੱਧੀ ਦਾ ਇਕ ਪ੍ਰਮੁੱਖ ਕਾਰਨ ਉਸ ਦੁਆਰਾ ਵਰਤੀ ਗਈ ਬਿੰਬਾਵਲੀ ਕਰਕੇ ਵੀ ਹੈ। ਇਸ ਤੋਂ ਬਿਨਾਂ ਢੁੱਕਵੇਂ ਅਲੰਕਾਰ, ਰੂਪਕਾਂ ਤੇ ਉਪਮਾਵਾਂ ਰਾਹੀਂ ਉਹ ਸਮੁੱਚੇ ਯਥਾਰਥ ਨੂੰ ਰੂਪਮਾਨ ਕਰਨ ਦਾ ਯਤਨ ਕਰਦਾ ਹੈ। ਇਸ ਮਕਸਦ ਲਈ ਉਹ ਠੇਠ, ਸਰਲ ਤੇ ਮੁਹਵਾਰੇਦਾਰ ਭਾਸ਼ਾ ਦਾ ਪ੍ਰਯੋਗ ਬੜੀ ਖ਼ੂਬਸੂਰਤੀ ਨਾਲ ਕਰਦਾ ਹੈ। ਇਸ ਤਰ੍ਹਾਂ ਸ਼ਾਹ ਮੁਹੰਮਦ ਆਪਣੇ ਇਸ ਜੰਗਨਾਮੇ ਦੇ ਅਰੰਭ ਤੋਂ ਲੈ ਕੇ ਅੰਤ ਤਕ ਰੂਪ, ਭਾਵ, ਸ਼ੈਲੀ, ਭਾਸ਼ਾ ਆਦਿ ਦਾ ਆਪਸੀ ਸੰਤੁਲਨ ਕਾਇਮ ਰੱਖਦਾ ਹੈ। ਇਸ ਦੇ ਮੁਕਾਬਲੇ ਪੰਜਾਬੀ ਵਿਚ ਲਿਖੇ ਗਏ ਬਹੁਤ ਸਾਰੇ ਜੰਗਨਾਮਿਆਂ ਵਿਚ ਭਾਸ਼ਾ ਦੇ ਪੱਖ ਤੋਂ ਅਨੇਕਾਂ ਊਣਤਾਈਆਂ ਵੇਖੀਆਂ ਜਾ ਸਕਦੀਆਂ ਹਨ। ਉਦਾਹਰਨ ਦੇ ਤੌਰ’ਤੇ ਕਵੀ ਸੈਨਾਪਤੀ ਦੁਆਰਾ ਲਿਖਿਆ ਗਿਆ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਅਧਾਰਿਤ ਜੰਗਨਾਮਾ ਵੇਖਿਆ ਜਾ ਸਕਦਾ ਹੈ। ਇਸ ਜੰਗਨਾਮੇ ਦੀ ਭਾਸ਼ਾ ਪੰਜਾਬੀ ਨਾਲੋਂ ਬ੍ਰਜ ਦੇ ਜ਼ਿਆਦਾ ਨੇੜੇ ਹੈ। ਇਸ ਤੋਂ ਇਲਾਵਾ ਇਸ ਵਿਚ ਅਰਬੀ-ਫ਼ਾਰਸੀ ਭਾਸ਼ਾ ਦੀ ਵਰਤੋਂ ਵੀ ਕੀਤੀ ਗਈ ਹੈ। ਅਜਿਹੀ ਮਿੱਸੀ ਭਾਸ਼ਾ ਦਾ ਨਮੂਨਾ ਇਸ ਪ੍ਰਕਾਰ ਹੈ :

ਸੰਤ ਜਨਾ ਪ੍ਰਤਾਪ, ਦੁਰਤ ਮਿਟਾਵਣੀ।

ਬਚਨ ਗੋਬਿੰਦ, ਸੋਭਾ ਗਾਵਣੀ।

ੇਵਾ ਸਫ਼ਲ ਅਨੂਪ, ਜੋ ਤੁਧ ਭਾਵਣੀ।

ੇਰੀ ਉਪਮਾ ਅਪਰ ਅਪਾਰ, ਬਹੁਤ ਸੁਹਾਵਣੀ।

      ੇਰੀ ਗਤ ਮਿਤਿ ਲਖੀ ਨਾ ਜਾਇ, ਚਰਨ ਲਿਵ ਲਾਵਣੀ। 68

ਜਿਸ ਤਰ੍ਹਾਂ ਸ਼ਾਹ ਮੁਹੰਮਦ ਆਪਣੇ ਜੰਗਨਾਮੇ ਦਾ ਆਰੰਭ ਹਮਦ ਤੋਂ ਕਰਦਾ ਹੈ ਉਸੇ ਤਰ੍ਹਾਂ ਹੀ ਕਾਨ੍ਹ ਸਿੰਘ ਬੰਗਾ ਆਪਣੇ ਜੰਗਨਾਮੇ ਦੀ ਸ਼ੁਰੂਆਤ ਸੱਚੇ ਕਰਤਾਰ ਦੀ ਸਿਫ਼ਤ ਕਰਕੇ ਕਰਦਾ ਹੈ:

ਸਿਫ਼ਤ ਕਰੂੰ ਸੱਚਾ ਜੋ ਕਰਤਾਰ ਹੈ।

ਜਿਸੇ ਲੇਖ ਲਿਖਨੇ ਕੋ ਅਖ਼ਤਿਆਰ ਹੈ।

ਮਿਹਰਬਾਂ ਕਰੈ ਜਗਤ ਕੀ ਪਰਵਰੀ।

      ਹੀਂ ਸਾਥ ਉਸ ਕੋਊ ਸਰਵਰੀ।

ਇਸੇ ਤਰ੍ਹਾਂ ਹੀ ਨਿਹਾਲ ਸਿੰਘ ਆਪਣੇ ਜੰਗਨਾਮੇ ‘ਬੈਂਤਾਂ ਸ਼ੇਰ ਸਿੰਘ ਕੀਆਂ ’ ਵਿਚ ਜਵਾਲਾ ਦੇਵੀ ਦੀ ਅਰਾਧਨਾ ਕਰਦਾ ਹੋਇਆ ਲਿਖਦਾ ਹੈ :

ਦਲ ਦੁਰਜਨ ਕੇ ਦਾਹਨੀ ਜੈ ਜੈ ਮਾਤਾ ਜਵਾਲ।

      ੁੰਦਰ ਸੋਭਾ ਭਵਨ ਕੀ, ਦਰਸ਼ਨ ਸਿੰਘ ਨਿਹਾਲ। 1

ਨਿਹਾਲ ਸਿੰਘ ਨੇ ਸ਼ਾਹ ਮੁਹੰਮਦ ਵਾਂਗ ਹੀ ਆਪਣੇ ਜੰਗਨਾਮੇ ਵਿਚ ਰਚਨਾ ਮਿਤੀ, ਰਚਨਾ ਵਰ੍ਹਾ ਅਤੇ ਰਚਨਾ ਸਥਾਨ ਦੇਣ ਦਾ ਵੇਰਵਾ ਇਸ ਪ੍ਰਕਾਰ ਦਿੱਤਾ ਹੈ :

ਸੰਮਤ ਉੱਨੀ ਸੈ ਵਿਖੈ, ਅੱਸੂ ਪਹਿਲੀ ਆਹਿ।

      ਹੋ ਹੰਗਾਮਾ ਹੋਇਆ, ਤਖ਼ਤ ਲਾਹੌਰ ਕੀ ਜਾਹਿ। 35

ਕਾਨ੍ਹ ਸਿੰਘ ਬੰਗਾ ਵੀ ਆਪਣੇ ਜੰਗਨਾਮੇ ਦੇ ਅਖ਼ੀਰ ਵਿਚ ਆਪਣਾ ਨਾਂ, ਜ਼ਾਤ, ਗੋਤ , ਪਿੰਡ ਆਦਿ ਦਾ ਸੰਕੇਤ ਇਸ ਪ੍ਰਕਾਰ ਦਿੰਦਾ ਹੈ :

ਅਜਬ ਦੇਸ ਦੁਆਬਾ ਮੇਂ ਬੰਗਾ ਮਕਾਨ

      ੀਆ ਜੰਗਨਾਮਾ ਉਸੀ ਦਰਮਿਆਨ। 449

ਉਪਰੋਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਸ਼ਾਹ ਮੁਹੰਮਦ ਦੀ ਰਚਨਾ ਬਾਕੀ ਜੰਗਨਾਮਾਕਾਰਾਂ ਨਾਲੋਂ ਹਰ ਪੱਖੋਂ ਸ੍ਰੇਸ਼ਟ ਹੈ। ਸ਼ਾਹ ਮੁਹੰਮਦ ਦੇ ਜੰਗਨਾਮੇ ਦੀ ਇਹਨਾਂ ਜੰਗਨਾਮਿਆਂ ਨਾਲੋਂ ਇਤਿਹਾਸਿਕ ਤੇ ਸਾਹਿਤਕ ਪੱਖ ਤੋਂ ਵੱਧ ਮਹਾਨਤਾ ਹੈ। ਹਕੀਕਤ ਇਹ ਹੈ ਕਿ ਬਾਕੀ ਜੰਗਨਾਮਾਕਾਰਾਂ ਦੀਆਂ ਰਚਨਾਵਾਂ ਏਨੀਆਂ ਸਰਵਸ੍ਰੇਸ਼ਟ ਤੇ ਪ੍ਰਭਾਵਸ਼ਾਲੀ ਨਹੀਂ ਹਨ। ਇਹੀ ਕਾਰਨ ਹੈ ਕਿ ਸ਼ਾਹ ਮੁਹੰਮਦ ਇਨ੍ਹਾਂ ਲਈ ਚਾਨਣ ਮੁਨਾਰਾ ਸਿੱਧ ਹੁੰਦਾ ਹੈ। ਸ਼ਾਹ ਮੁਹੰਮਦ ਜਿਥੇ ਅਲੰਕਾਰ ਪ੍ਰਬੰਧ ਲਈ ਕੋਈ ਉਚੇਚ ਕਰਦਾ ਨਜ਼ਰ ਨਹੀਂ ਆਉਂਦਾ ਉਥੇ ਉਹ ਸ਼ਬਦ ਪ੍ਰਬੰਧ ਵਿਚ ਢੁੱਕਵੀਂ ਸ਼ਬਦਾਵਲੀ ਦੇ ਪ੍ਰਯੋਗ ਵਿਚ ਪੂਰੀ ਪ੍ਰਬੀਨਤਾ ਵਿਖਾਉਂਦਾ ਹੈ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਸ਼ਾਹ ਮੁਹੰਮਦ ਪੰਜਾਬੀ ਦਾ ਪਹਿਲਾ ਕਵੀ ਹੋ ਨਿਬੜਿਆ ਹੈ, ਜਿਸ ਨੇ ਯਥਾਰਥ ਭੂਮੀ’ਤੇ ਵਿਚਰਦਿਆਂ ਇਸ ਜੰਗਨਾਮੇ ਦੀ ਰਚਨਾ ਕੀਤੀ। ਉਸ ਨੇ ਦੇਸ਼ ਪਿਆਰ ਦੀ ਕਵਿਤਾ ਨੂੰ ਰਚਦਿਆਂ ਰਣਜੀਤ ਸਿੰਘ ਦੀ ਬਹਾਦਰੀ ਅਤੇ ਸਾਂਝੀਵਾਲਤਾ ਦੀ ਭਾਵਨਾ ਨੂੰ ਸ਼ਰਧਾਂਜਲੀ ਅਰਪਨ ਕੀਤੀ। ਉਸ ਨੇ ਕੇਵਲ ਸਿੱਖ ਫੌਜ ਦੀ ਹੀ ਨਹੀਂ ਸਗੋਂ ਅੰਗਰੇਜ਼ ਫ਼ੌਜ ਦੀ ਦਲੇਰੀ, ਬਹਾਦਰੀ, ਸੂਰਵੀਰਤਾ ਦਾ ਵੀ ਬੜੀ ਭਾਵਨਾਮਈ ਰੁਚੀ ਨਾਲ ਚਿੱਤਰਨ ਕੀਤਾ। ਇਹੋ ਕਾਰਨ ਹੈ ਕਿ ਉਸ ਦੇ ਅਜਿਹੇ ਚਿੱਤਰਨ ਵਿਚ ਬੇਲਾਗਤਾ, ਅਤਿਕਥਨੀ ਦੇ ਅਭਾਵ ਆਦਿ ਵੀ ਦ੍ਰਿਸ਼ਟੀਗੋਚਰ ਹੁੰਦੇ ਹਨ। ਪੰਜਾਬ ਦੀ ਹੱਡ-ਬੀਤੀ ਨੂੰ ਸ਼ਾਹ ਮੁਹੰਮਦ ਨੇ ਜਿਸ ਵਿਅੰਗ, ਕਟਾਖ਼ਸ਼ ਅਤੇ ਸੰਜਮ ਨਾਲ ਕਲਮਬੰਦ ਕੀਤਾ ਹੈ, ਉਸ ਤੋਂ ਸ਼ਾਹ ਮੁਹੰਮਦ ਦੇ ਇਕ ਚੇਤੰਨ ਅਤੇ ਦਲੇਰ ਕਵੀ ਹੋਣ ਦਾ ਪਤਾ ਚਲਦਾ ਹੈ। ਉਸ ਨੇ ਲਾਹੌਰ ਦਰਬਾਰ ਦੀ ਖ਼ਾਨਾਜੰਗੀ ਅਤੇ ਅੰਗਰੇਜ਼ ਸਾਮਰਾਜ ਨਾਲ ਹੋਈ ਪਹਿਲੀ ਲੜਾਈ ਦੀ ਹਰ ਮਹੱਤਵਪੂਰਨ ਘਟਨਾ ਨੂੰ ਇਸ ਜੰਗਨਾਮੇ ਵਿਚ ਇਕ ਲੜੀ ਵਿਚ ਪਰੋ ਕੇ ਪੇਸ਼ ਕੀਤਾ ਹੈ। ਏਨੇ ਵੱਡੇ ਪਾਸਾਰ ਵਾਲੇ ਘਟਨਾ-ਕ੍ਰਮ ਨੂੰ ਬਹੁਤ ਹੀ ਸਮਝ ਤੇ ਸੂਝ ਨਾਲ ਪੇਸ਼ ਕਰਕੇ ਸ਼ਾਹ ਮੁਹੰਮਦ ਨੇ ਇਸ ਸ਼ਾਹਕਾਰ ਦੀ ਰਚਨਾ ਕੀਤੀ ਹੈ। ਲੋਕ ਕਵੀ ਹੋਣ ਦੇ ਨਾਤੇ ਉਸ ਨੇ ਇਕ ਅਜਿਹੀ ਬਿਰਤਾਂਤਕੀ ਰਚਨਾ ਰਚੀ ਹੈ ਜਿਸ ਵਿਚ ਉਹ ਸਹਿਜ-ਸੁਭਾਅ ਹੀ ਇਸ ਦਰਦਨਾਕ ਗਾਥਾ ਵਿਚ ਗੱਲਬਾਤੀ ਢੰਗ ਵਰਤਦਾ ਹੋਇਆ ਦ੍ਰਿਸ਼ਟੀਗੋਚਰ ਹੁੰਦਾ ਹੈ। ਇਸ ਜੰਗਨਾਮੇ ਦੀ ਕਥਾ ਵਸਤੂ ਜਿਥੇ ਨਾਟਕੀ ਰੌਚਕਤਾ ਨਾਲ ਭਰਪੂਰ ਹੈ ਉਥੇ ਠੇਠ ਤੇ ਮੁਹਾਵਰੇਦਾਰ ਭਾਸ਼ਾ ਨੇ ਇਸ ਨੂੰ ਹੋਰ ਵੀ ਮਹੱਤਵਪੂਰਨ ਬਣਾ ਦਿੱਤਾ ਹੈ। ਉਪਰੋਕਤ ਸਾਰੀਆਂ ਗੱਲਾਂ ਤੋਂ ਸਿੱਧ ਹੁੰਦਾ ਹੈ ਕਿ ਸ਼ਾਹ ਮੁਹੰਮਦ ਦਾ ਪੰਜਾਬੀ ਜੰਗਨਾਮਾ ਸਾਹਿਤ ਵਿਚ ਹੀ ਨਹੀਂ ਸਗੋਂ ਮੱਧਕਾਲੀਨ ਪੰਜਾਬੀ ਸਾਹਿਤ ਵਿਚ ਵੀ ਮਹੱਤਵਪੂਰਨ ਯੋਗਦਾਨ ਹੈ। ਇਹ ਯੋਗਦਾਨ ਕੇਵਲ ਵਿਸ਼ੇ ਦੇ ਪੱਖ ਤੋਂ ਹੀ ਨਹੀਂ ਬਲਕਿ ਜੰਗਨਾਮੇ ਦੇ ਰੂਪਕ ਪੱਖ ਤੋਂ ਵੀ ਹੈ। ਇਹੋ ਕਾਰਨ ਹੈ ਕਿ ਸ਼ਾਹ ਮੁਹੰਮਦ ਦਾ ਇਹ ਸ਼ਾਹਕਾਰ ਸਦੀਆਂ ਤੱਕ ਜ਼ਿੰਦਾ ਰਹੇਗਾ।

ਹਵਾਲੇ ਤੇ ਟਿੱਪਣੀਆਂ

1.   ਡਾ. ਗੁਰਦੇਵ ਸਿੰਘ, ਪੰਜਾਬੀ ਜੰਗਨਾਮੇ, ਪੰਨਾ 8.

2.   ਉਹੀ, ਪੰਨਾ XXVI

3.   ਸ਼ਮਸ਼ੇਰ ਸਿੰਘ ਅਸ਼ੋਕ, ਪ੍ਰਾਚੀਨ ਜੰਗਨਾਮੇ, ਪੰਨਾ 231.

4.   ਆਈ. ਸੇਰੇਬਰੀਆਕੋਵ, ਅਨੁਵਾਦ ਸ੍ਰੀਮਤੀ ਜੀ. ਮਨਜੀਤ ਸਿੰਘ ਅਤੇ ਜੀ. ਸਿੰਘ, ਪੰਜਾਬੀ ਸਾਹਿਤ, ਪੰਨਾ 86.

5.   ਸਾਹਿਤ ਅਵਲੋਕਨ, ਪੰਨੇ 78-89

6.   ਉਹੀ, ਪੰਨਾ 79

7.   ਉਹੀ, ਪੰਨਾ 81

8.   ਬਲਬੀਰ ਸਿੰਘ ਪੂਨੀ, ਜੰਗ ਸਿੰਘਾਂ ਤੇ ਅੰਗਰੇਜ਼ਾਂ, ਪੰਨਾ 29.

9.   ਕਿਰਪਾਲ ਸਿੰਘ ਕਸੇਲ ਅਤੇ ਹੋਰ, ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ, ਪੰਨਾ 354.

10. ਡਾ. ਸੁਤਿੰਦਰ ਸਿੰਘ ਨੂਰ, ਆਧੁਨਿਕ ਪੰਜਾਬੀ ਕਾਵਿ : ਸਿਧਾਂਤਕ ਪਰਿਪੇਖ, ਪੰਨੇ 14-15.

ਲੇਖਕ : ਭੀਮ ਇੰਦਰ ਸਿੰਘ,
ਸਰੋਤ : ਸ਼ਾਹ ਮੁਹੰਮਦ ਜੀਵਨ ਤੇ ਰਚਨਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3089, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-03-20, ਹਵਾਲੇ/ਟਿੱਪਣੀਆਂ: no

ਸ਼ਾਹ ਮੁਹੰਮਦ ਦਾ ਪੰਜਾਬੀ ਜੰਗਨਾਮਾ ਸਾਹਿਤ ਵਿਚ ਸਥਾਨ ਸਰੋਤ : ਸ਼ਾਹ ਮੁਹੰਮਦ ਜੀਵਨ ਤੇ ਰਚਨਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਤਕਰਾ

ਸ਼ਾਹ ਮੁਹੰਮਦ ਅਤੇ ਉਸ ਦਾ ਯੁੱਗ

ਸ਼ਾਹ ਮੁਹੰਮਦ ਦੀ ਇਤਿਹਾਸਿਕ ਚੇਤਨਾ

ਸ਼ਾਹ ਮੁਹੰਮਦ ਦੀ ਸਿਆਸੀ ਚੇਤਨਾ

ਸ਼ਾਹ ਮੁਹੰਮਦ ਦੀ ਸਭਿਆਚਾਰਕ ਚੇਤਨਾ

ਜੰਗਨਾਮਾ ਸ਼ਾਹ ਮੁਹੰਮਦ-ਸਾਹਿਤਿਕ ਪਰਿਪੇਖ

ਜੰਗਨਾਮਾ ਸ਼ਾਹ ਮੁਹੰਮਦ-ਵਿਧਾ ਦੀ ਸਮੱਸਿਆ

ਸ਼ਾਹ ਮੁਹੰਮਦ ਦਾ ਪੰਜਾਬੀ ਜੰਗਨਾਮਾ ਸਾਹਿਤ ਵਿਚ ਸਥਾਨ

ਮੂਲ-ਪਾਠ

ਸਹਾਇਕ ਪੁਸਤਕ-ਸੂਚੀ

ਸ਼ਾਹ ਮੁਹੰਮਦ ਦਾ ਪੰਜਾਬੀ ਜੰਗਨਾਮਾ ਸਾਹਿਤ ਵਿਚ ਸਥਾਨ

ਇਸ ਸਮੇਂ ਦਾ ਸ਼ਾਹਕਾਰ ਸ਼ਾਹ ਮੁਹੰਮਦ ਰਚਿਤ ਸਿੰਘਾਂ ਤੇ ਅੰਗਰੇਜ਼ਾਂ ਦੀ ਲੜਾਈਹੈ ਜਿਸ ਦਾ ਸ਼ੁੱਧ ਨਾਮ, ਕਵੀ ਦੀ ਆਪਣੀ ਹੀ ਉਕਤੀ ਅਨੁਸਾਰ ਜੰਗ ਹਿੰਦ ਪੰਜਾਬਹੋਣਾ ਚਾਹੀਦਾ ਹੈ।...ਆਪ ਦੀ ਰਚਨਾ ਅੰਗਰੇਜ਼ਾਂ ਤੇ ਸਿੱਖਾਂ ਦੀ ਲੜਾਈਇਕ ਉੱਚ ਪਾਏ ਦੀ ਕਵਿਤਾ ਹੈ ਤੇ ਇਸੇ ਕਰਕੇ ਆਪ ਦਾ ਨਾਮ ਸਦਾ ਲਈ ਰੌਸ਼ਨ ਹੈ।...ਨਿਰਸੰਦੇਹ ਇਹ ਪੰਜਾਬ ਦੀ ਆਨ-ਸ਼ਾਨ ਤੇ ਸੂਰਵੀਰਤਾ ਦਾ ਦਰਦ ਭਰਿਆ ਗੀਤ ਹੈ, ਜਿਸ ਨੂੰ ਜਿਉਂ-ਜਿਉਂ ਪੰਜਾਬ ਵਧੇ ਫੁੱਲੇਗਾ, ਗਾਏਗਾ।

-ਸੰਤ ਸਿੰਘ ਸੇਖੋਂ, ਪੰਜਾਬੀ ਸਾਹਿਤ ਦਾ ਇਤਿਹਾਸ

ਆਪਣੇ ਭੂਗੋਲਿਕ ਤੇ ਇਤਿਹਾਸਿਕ ਕਾਰਨਾਂ ਕਰਕੇ ਪੰਜਾਬ ਵਿਚ ਵੀਰ ਸਾਹਿਤ ਵਾਂਗ ਜੰਗਨਾਮਾ ਸਾਹਿਤ ਦੀ ਰਚਨਾ ਵੀ ਕਾਫ਼ੀ ਲੰਮੇ ਸਮੇਂ ਤੋਂ ਹੁੰਦੀ ਆਈ ਹੈ। ਪੰਜਾਬੀ ਵਿਚ ਪਹਿਲਾ ਜੰਗਨਾਮਾ ਪੀਰ ਮੁਹੰਮਦ ਕਾਸਬੀ ਦੁਆਰਾ 1681 ਈ. (1092 ਹਿ.) ਵਿਚ ਲਿਖਿਆ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਹਾਫ਼ਿਜ਼ ਬਰਖ਼ੁਰਦਾਰ ਅਤੇ ਮੁਕਬਲ ਨੇ ਵੀ ਹਜ਼ਰਤ ਮੁਹੰਮਦ ਦੇ ਜੀਵਨ ਸੰਬੰਧੀ ਜੰਗਨਾਮੇ ਲਿਖੇ ਹਨ। ਇਸ ਉਪਰੰਤ ਅਣੀ ਰਾਏ ਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਜੀਵਨ ਸੰਬੰਧੀ ਜੰਗਨਾਮਾ ਰਚਿਆ ਗਿਆ। ਹਾਮਦ ਦੁਆਰਾ ਲਿਖਿਆ ਗਿਆ ਜੰਗਨਾਮਾ ਪੰਜਾਬੀ ਦਾ ਕਾਫ਼ੀ ਪ੍ਰਸਿੱਧ ਜੰਗਨਾਮਾ ਹੈ। ਇਹ ਜੰਗਨਾਮੇ ਫ਼ਾਰਸੀ ਲਿਪੀ ਵਿਚ ਹੋਣ ਕਾਰਨ ਇਕ ਖ਼ਾਸ ਤਰ੍ਹਾਂ ਦੇ ਪਾਠਕ ਵਰਗ ਤਕ ਮਹਿਦੂਦ ਰਹੇ। ਪੰਜਾਬੀ ਦੇ ਆਰੰਭਲੇ ਜੰਗਨਾਮੇ ਇਕ ਵਿਸ਼ੇਸ਼ ਧਰਮ ਨਾਲ ਸੰਬੰਧਤ ਹੋਣ ਕਾਰਨ ਬਾਕੀ ਧਰਮਾਂ ਦੇ ਲੋਕਾਂ ਉੱਪਰ ਬਹੁਤ ਡ¨ਘਾ ਪ੍ਰਭਾਵ ਨਾ ਪਾ ਸਕੇ। ਇਸ ਦੇ ਬਾਵਜੂਦ ਜੰਗਨਾਮਾ-ਕਾਵਿ-ਪਰੰਪਰਾ ਪੰਜਾਬੀ ਵਿਚ ਲੰਮੇ ਸਮੇਂ ਤੋਂ ਚੱਲੀ ਆ ਰਹੀ ਦ੍ਰਿਸ਼ਟੀਗੋਚਰ ਹੁੰਦੀ ਹੈ। ਤਾਜ਼ੀਆਂ ਖੋਜਾਂ ਦੇ ਆਧਾਰ’ਤੇ ਡਾ. ਗੁਰਦੇਵ ਸਿੰਘ ਨੇ ਪੰਜਾਬੀ ਦੇ ਕੁਝ ਮੁੱਢਲੇ ਜੰਗਨਾਮਿਆਂ ਦਾ ਉਲੇਖ ਆਪਣੀ ਪੁਸਤਕ ‘ਪੰਜਾਬੀ ਜੰਗਨਾਮੇ’1 ਵਿਚ ਕੀਤਾ ਹੈ। ਉਦਾਹਰਨ ਦੇ ਤੌਰ’ਤੇ ‘ਜੰਗਨਾਮਾ ਕਰਬਲਾ’, ‘ਜੰਗਨਾਮਾ ਮੁਹੰਮਦ ਬਿਨ ਹਨੀਫ਼’,‘ਜੰਗਨਾਮਾ ਇਮਾਮ ਹੁਸੈਨ’, ‘ਜੰਗ ਇਮਾਮ ਹਨੀਫ਼’, ‘ਜੰਗਿ ਕਲਾ ’ ਆਦਿ ਮੁੱਢਲੇ ਪੰਜਾਬੀ ਜੰਗਨਾਮੇ ਪ੍ਰਮੁੱਖ ਹਨ।

ਪੀਰ ਮੁਹੰਮਦ ਕਾਸਬੀ ਦੁਆਰਾ ਰਚੇ ਗਏ ਪੰਜਾਬੀ ਦੇ ਪਹਿਲੇ ਜੰਗਨਾਮੇ ਦੇ ਤਿੰਨ ਅਧਿਆਏ ਅਤੇ ਦੋ ਭਾਗ ਹਨ। ਇਸ ਜੰਗਨਾਮੇ ਨੂੰ 1982 ਈ. ਵਿਚ ਪਹਿਲੀ ਵਾਰ ਸੰਪਾਦਤ ਕਰਕੇ ਡਾ. ਸ਼ਹਿਬਾਜ਼ ਮਲਿਕ ਦੁਆਰਾ ਲਾਹੌਰ (ਪਾਕਿਸਤਾਨ) ਤੋਂ ਪ੍ਰਕਾਸ਼ਿਤ ਕਰਵਾਇਆ ਗਿਆ। ਪੀਰ ਮੁਹੰਮਦ ਨੇ ਆਪਣੇ ਇਸ ਜੰਗਨਾਮੇ ਨੂੰ ‘ਰਸਾਲਾ’ ਕਿਹਾ ਹੈ। ਸ਼ਾਹ ਮੁਹੰਮਦ ਦੇ ਜੰਗਨਾਮੇ ਵਾਂਗ ਇਸ ਜੰਗਨਾਮੇ ਵਿਚ ਵੀ ਕਰੁਣਾ ਰਸ ਅਤੇ ਵੀਰ ਰਸ ਮੌਜੂਦ ਹੈ। ਪੁਰਾਣੀ ਲਹਿੰਦੀ ਪੰਜਾਬੀ ਭਾਸ਼ਾ ਵਿਚ ਲਿਖੇ ਇਸ ਜੰਗਨਾਮੇ ਵਿਚ ਇਮਾਮ ਹੁਸੈਨ ਦੀ ਸ਼ਹੀਦੀ ਦਾ ਵਰਣਨ ਇਸ ਪ੍ਰਕਾਰ ਕੀਤਾ ਗਿਆ ਹੈ :

ਬੇਟਾ ਹਜ਼ਰਤ ਅਲੀ ਦਾ, ਹੋਇਆ ਪਾਕ ਸ਼ਹੀਦ।

ੋਵਣ ਲੱਗੀ ਪ੍ਰਿਥਮੀ, ਸੁੱਖ ਨਾ ਸੋਗ ਯਜ਼ੀਦ।

ੌਣ ਤਜੱਲੀ ਨੂਰ ਦੀ, ਅਰਸ਼ੋਂ ਬਰਸਣ ਫੁੱਲ।

      ਾਤਮ ਕੀਤਾ ਕਰਬਲਾ, ਜੰਗਲ ਸਾਰੇ ਹੁੱਲ।

ਪੀਰ ਮੁਹੰਮਦ ਕਾਸਬੀ ਤੋਂ ਇਲਾਵਾ 1725 ਈ. (1136 ਹਿ.) ਵਿਚ ਕਵੀ ਰੁਕਨਦੀਨ ਨੇ ਵੀ ‘ਇਮਾਮ ਹੁਸੈਨ’ ਦਾ ਜੰਗਨਾਮਾ ਲਿਖਿਆ, ਜਿਸ ਵਿਚ ਹਿੰਦੀ ਦੇ ਛੰਦ ਨੂੰ ਹੀ ਵਧੇਰੇ ਸੌਖੇਰਾ ਕਰਕੇ ਵਰਤਿਆ ਗਿਆ ਹੈ। ਇਸ ਦੇ ਸਿੱਟੇ ਵਜੋਂ ਇਸ ਜੰਗਨਾਮੇ ਵਿਚ ਹਿੰਦੀ ਭਾਸ਼ਾ ਦੇ ਸ਼ਬਦਾਂ ਦੀ ਭਰਮਾਰ ਹੈ। ਉਦਾਹਰਨ ਦੇ ਤੌਰ’ਤੇ ਇਸ ਜੰਗਨਾਮੇ ਦੀਆਂ ਹੇਠ ਲਿਖੀਆਂ ਸਤਰਾਂ ਤੋਂ ਅਸੀਂ ਇਸ ਗੱਲ ਦਾ ਅੰਦਾਜ਼ਾ ਸਹਿਜੇ ਹੀ ਲਗਾ ਸਕਦੇ ਹਾਂ :

ਹਿੰਦੀ ਬਹਿਰ ਸੁਖੱਲਾ ਕਰਕੇ, ਲਿਪੀ ਦੇਖ ਕਿਤਾਬੋਂ।

      ਕੋਈ ਬਹਿਰ ਖ਼ਤਾਈ ਹੋਵੇ, ਬਾਹਰ ਹੱਦ ਹਿਸਾਬੋਂ।

ਉਪਰੋਕਤ ਜੰਗਨਾਮਿਆਂ ਦੇ ਮੁਕਾਬਲੇ ਗੁਰਮੁਖੀ ਲਿਪੀ ਵਿਚ ਸਭ ਤੋਂ ਪਹਿਲਾ ਜੰਗਨਾਮਾ ਅਣੀ ਰਾਏ ਦੁਆਰਾ ਲਿਖਿਆ ਮਿਲਦਾ ਹੈ। ਇਹ ਜੰਗਨਾਮਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਜੀਵਨ ਬਾਰੇ ਲਿਖਿਆ ਹੋਇਆ ਹੈ। ਇਸ ਦੀ ਭਾਸ਼ਾ ਉੱਪਰ ਬ੍ਰਜ ਭਾਸ਼ਾ ਦਾ ਕਾਫ਼ੀ ਪ੍ਰਭਾਵ ਦ੍ਰਿਸ਼ਟੀਗੋਚਰ ਹੁੰਦਾ ਹੈ। ਇਹ ਜੰਗਨਾਮਾ ਦੋਹਰਿਆਂ, ਕਬਿੱਤਾਂ ਤੇ ਸਵੱਇਆਂ ਵਿਚ ਰਚਿਆ ਗਿਆ ਹੈ। ਇਸ ਤੋਂ ਇਲਾਵਾ ਨਿਰੋਲ ਪੰਜਾਬੀ ਵਿਚ ਹੀ ਇਮਾਮ ਹੁਸੈਨ ਦਾ ‘ਰੋਜ਼ਾਤੁਲ ਸ਼ੁਹਦਾ’ ਨਾਂ ਦਾ ਜੰਗਨਾਮਾ ਮਿਲਦਾ ਹੈ। ਇਸ ਜੰਗਨਾਮੇ ਦਾ ਕਵੀ ਰੁੱਕਨਦੀਨ ਲਾਹੌਰੀ ਹੀ ਹੈ, ਜਿਸ ਨੇ ਆਪਣਾ ਇਹ ਜੰਗਨਾਮਾ 1724 ਈ. ਵਿਚ ਮੁਕੰਮਲ ਕੀਤਾ। ਉਪਰੋਕਤ ਜੰਗਨਾਮਿਆਂ ਨੂੰ ਪੜ੍ਹਨ ਤੋਂ ਬਾਅਦ ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਇਹ ਜੰਗਨਾਮੇ ਰੂਪ ਤੇ ਵਿਸ਼ੇ ਦੇ ਪੱਖ ਤੋਂ ਸ਼ਾਹ ਮੁਹੰਮਦ ਦੇ ਜੰਗਨਾਮੇ ਦਾ ਮੁਕਾਬਲਾ ਨਾ ਕਰ ਸਕੇ।

ਅਠਾਰਵੀਂ ਸਦੀ ਵਿਚ ਲਿਖੇ ਗਏ ਜੰਗਨਾਮਿਆਂ ਵਿਚੋਂ ਸਭ ਤੋਂ ਪ੍ਰਸਿੱਧ ਜੰਗਨਾਮਾ ਮੁਕਬਲ ਦੁਆਰਾ ਲਿਖਿਆ ਹੋਇਆ ਮੰਨਿਆ ਜਾਂਦਾ ਹੈ। ਇਹ ਜੰਗਨਾਮਾ ਉਸ ਨੇ 1747 ਈ. ਵਿਚ ਲਿਖਿਆ ਪਰ ਇਹ ਵੀ ਸ਼ਾਹ ਮੁਹੰਮਦ ਵਰਗੀ ਪ੍ਰਸਿੱਧੀ ਹਾਸਲ ਨਾ ਕਰ ਸਕਿਆ। ਇਸ ਤੋਂ ਬਾਅਦ ਕਰਬਲਾ ਦੀ ਜੰਗ ਸੰਬੰਧੀ ਹੀ ‘ਜੰਗ ਹਾਮਦ’ ਨਾਂ ਅਧੀਨ ਹਾਮਦ ਨਾਂ ਦੇ ਕਵੀ ਨੇ ਜੰਗਨਾਮਾ ਲਿਖਿਆ। ਇਸ ਜੰਗਨਾਮੇ ਵਿਚ ਭਾਵੇਂ ਕਰੁਣਾ ਰਸ ਦੀ ਪ੍ਰਧਾਨਤਾ ਹੈ ਪਰ ਇਸ ਜੰਗਨਾਮੇ ਵਿਚ ਰੂਪਕ ਤੇ ਵਿਸ਼ੇ ਦੇ ਪੱਖ ਤੋਂ ਅਨੇਕ ਊਣਤਾਈਆਂ ਹਨ। ਇਹਨਾਂ ਜੰਗਨਾਮਿਆਂ ਤੋਂ ਇਲਾਵਾ ਇਸ ਸਮੇਂ ਦੌਰਾਨ ਕੁਝ ਧਾਰਮਿਕ ਜੰਗਨਾਮੇ ਵੀ ਲਿਖੇ ਗਏ। ਇਹਨਾਂ ਜੰਗਨਾਮਿਆਂ ਦਾ ਸੰਬੰਧ ਇਸਲਾਮ ਧਰਮ ਦੇ ਮੁਖੀਆਂ ਨਾਲ ਹੈ। ਇਸ ਸੰਦਰਭ ਵਿਚ ਹਾਫ਼ਿਜ਼ ਬਰਖ਼ੁਰਦਾਰ ਰਾਂਝਾ ਦੁਆਰਾ ਲਿਖਿਆ ‘ਜੰਗਨਾਮਾ ਮੁਹੰਮਦ ਬਿਨ ਹਨੀਫ਼’, ਮੁਹੰਮਦ ਬਖ਼ਸ਼ ਦੁਆਰਾ ਰਚਿਤ ‘ਜੰਗਨਾਮਾ ਉਮਰ ’, ਹਾਤਮ ਅਲੀ ਦਾ ਰਚਿਆ ‘ਇਮਾਮ ਅਲੀ ਉਲਹਕ’ ਮੀਆਂ ਮੁਸਤਫ਼ਾ ਦਾ ਲਿਖਿਆ ‘ਜੰਗਨਾਮਾ ਇਮਾਮ ਅਲੀ’ ਕਵੀ ਅਹਿਮਦ ਯਾਰ ਦੇ ਲਿਖੇ ‘ਜੰਗਿ ਬਦਰ’, ‘ਜੰਗਿ ਉਰਦੂ’, ‘ਜੰਗਿ ਖੰਦਕ’ ਆਦਿ ਵਿਸ਼ੇਸ਼ ਹਨ। ਪਰ ਇਹਨਾਂ ਜੰਗਨਾਮਿਆਂ ਵਿਚ ਕਾਵਿ ਗੁਣਾਂ ਦੀ ਬਹੁਤ ਵੱਡੀ ਘਾਟ ਹੈ, ਜਿਸ ਕਰਕੇ ਇਹ ਵੀ ਸ਼ਾਹ ਮੁਹੰਮਦ ਦੁਆਰਾ ਰਚਿਤ ਜੰਗਨਾਮੇ ਵਿਚਲੇ ਕਾਵਿਕ ਗੁਣਾਂ ਦਾ ਮੁਕਾਬਲਾ ਨਹੀਂ ਕਰ ਸਕਦੇ।

ਉਨ੍ਹੀਵੀਂ ਸਦੀ ਵਿਚ ਵੀ ਕਈ ਮਹੱਤਵਪੂਰਨ ਜੰਗਨਾਮੇ ਲਿਖੇ ਗਏ। ਸ਼ਾਹ ਮੁਹੰਮਦ ਤੋਂ ਇਲਾਵਾ ਇਸ ਸਦੀ ਵਿਚ ਹੋਰ ਵੀ ਬਹੁਤ ਸਾਰੇ ਜੰਗਨਾਮੇ ਰਚੇ ਗਏ ਹਨ। ਡਾ. ਗੁਰਦੇਵ ਸਿੰਘ2 ਨੇ ਕੁਝ ਅਣਗੌਲੇ ਜੰਗਨਾਮਿਆਂ ਦੇ ਨਾਂ ਹੇਠ ਲਿਖੇ ਅਨੁਸਾਰ ਦੱਸੇ ਹਨ :

1.  ਜੰਗ ਚੀਨ, ਕ੍ਰਿਤ ਵਸਾਵਾ ਸਿੰਘ

2.  ਬਾਰਾਂਮਾਹ ਜੰਗ ਚੀਨ, ਕ੍ਰਿਤ ਵਸਾਵਾ ਸਿੰਘ

3.  ਜੰਗਨਾਮਾ ਜ਼ੈਤੂਨ, ਅਮੀਰ ਬਖ਼ਸ਼

4.  ਵੱਡਾ ਜੰਗਨਾਮਾ, ਅਮੀਰ ਅਲੀ ਸ਼ਾਇਰ

5.  ਦਾਸਤਾਨਿ ਅਮੀਰ ਹਮਜ਼ਹ, ਇਮਾਮ ਬਖ਼ਸ਼ ਪੱਸੀਆਂ ਵਾਲਾ

6.  ਜੰਗ ਉਹਦ, ਅਹਿਮਦਯਾਰ

7.  ਜੰਗ ਬਦਰ, ਅਹਿਮਦਯਾਰ

8.  ਜੰਗਨਾਮਾ ਸਿੰਘਾਂ ਤੇ ਪਠਾਣਾ, ਕਾਦਿਰ ਯਾਰ

9.   ਜੰਗ ਤੀਰ੍ਹਾ, ਸੋਭਾ ਸਿੰਘ

10.  ਜੰਗਨਾਮਾ (ਸ਼ਹਾਦਤਨਾਮਾ) ਇਮਾਮ ਹੁਸੈਨ, ਮੁਹੰਮਦ ਦੀਨ

11.  ਸ਼ਹਾਦਤ ਹਜ਼ਰਤ ਇਮਾਮ ਕਾਸਿਮ, ਘਸੀਟਾ ਕਾਸਬੀ

     12. ਜੰਗਨਾਮਾ ਹਜ਼ਰਤ ਸ਼ੇਰ ਸ਼ਾਹ ਗ਼ਾਜ਼ੀ, ਅਲ੍ਹਾ ਦੀਨ , ਆਦਿ।

ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖਾਂ ਤੇ ਅੰਗਰੇਜ਼ਾਂ ਦੀ ਪਹਿਲੀ ਲੜਾਈ ਸੰਬੰਧੀ ਸ਼ਾਹ ਮੁਹੰਮਦ ਤੋਂ ਇਲਾਵਾ ਕਾਨ੍ਹ ਸਿੰਘ ਬੰਗਾ ਨੇ ‘ਜੰਗਨਾਮਾ ਲਾਹੌਰ’ ਅਤੇ ਦੂਸਰਾ ਜੰਗਨਾਮਾ ਮਟਕ ਨਾਂ ਦੇ ਕਵੀ ਨੇ ਲਿਖਿਆ। ਇਹ ਦੋਵੇਂ ਜੰਗਨਾਮੇ ਆਪਣੀ ਮਿਸਾਲ ਆਪ ਹਨ ਪਰ ਇਹ ਸ਼ਾਹ ਮੁਹੰਮਦ ਦੇ ਜੰਗਨਾਮੇ ਜਿੰਨੀ ਪ੍ਰਸਿੱਧੀ ਹਾਸਲ ਨਹੀਂ ਕਰ ਸਕੇ। ਜਿਥੇ ਸ਼ਾਹ ਮੁਹੰਮਦ ਆਪਣਾ ਜੰਗਨਾਮਾ ਦੇਸ਼ ਪਿਆਰ ਦੀ ਭਾਵਨਾ ਨਾਲ ਲਿਖਦਾ ਹੈ ਉਥੇ ਕਾਨ੍ਹ ਸਿੰਘ ਬੰਗਾ ਨੇ ਆਪਣਾ ਜੰਗਨਾਮਾ ਇਕ ਅੰਗਰੇਜ਼ ਹਾਕਮ ਮਿਸਟਰ ਵੈਨਇਸਟਾਟ ਦੇ ਕਹਿਣ’ਤੇ ਲਿਖਿਆ। ਇਸ ਜੰਗਨਾਮੇ ਨੂੰ ਲਿਖਣ ਦਾ ਮਕਸਦ ਇਸ ਜੰਗ ਵਿਚ ਅੰਗਰੇਜ਼ ਹਾਕਮਾਂ ਹੱਥੋਂ ਹੋਈ ਸਿੱਖ ਫ਼ੌਜ ਦੀ ਹਾਰ ਨੂੰ ਪੇਸ਼ ਕਰਨਾ ਸੀ। ਇਸ ਗੱਲ ਦਾ ਪ੍ਰਗਟਾਵਾ ਇਸ ਜੰਗਨਾਮੇ ਦੀਆਂ ਹੇਠ ਲਿਖੀਆਂ ਸਤਰਾਂ ਤੋਂ ਹੋ ਜਾਂਦਾ ਹੈ :

ਉੱਨੀ ਸੈ ਕੇ ਊਪਰ ਬਿਤੈ ਦੋਇ ਸਾਲ।

              ੀਆ ਮੁਲਕ ਅੰਗਰੇਜ਼ ਐਸਾ ਕਮਾਲ। 445

 ਜਾਂ

ਹਾ ਵੈਨਇਸਟਾਟ ਦੀ ਜੋ ਬਤਾ।

      ਸਿੰਘਨ ਹਮਾਰੀ ਸ਼ਿਕਸਤੋ ਫਤਹ। 446

ਕਾਨ੍ਹ ਸਿੰਘ ਬੰਗਾ ਤੋਂ ਇਲਾਵਾ ਕਵੀ ਮਟਕ ਰਾਇ ਦੁਆਰਾ ਲਿਖਿਆ ਜੰਗਨਾਮਾ ਕੇਂਦਰੀ ਪੰਜਾਬੀ ਵਿਚ ਲਿਖਿਆ ਹੋਇਆ ਹੈ। ਇਹ ਜੰਗਨਾਮਾ ਆਪਣੇ ਅਧੂਰੇ ਰੂਪ ਵਿਚ ਮਿਲਦਾ ਹੈ। ਇਸ ਦੇ ਪਹਿਲੇ ਦੋ ਬੰਦਾਂ ਤੋਂ ਬਿਨਾਂ ਕੇਵਲ 35 ਬੰਦ ਹੀ ਉਪਲਬਧ ਹਨ। ਇਹਨਾਂ ਬੰਦਾਂ ਵਿਚ ਕਵੀ ਨੇ ਹਰ ਬੰਦ ਵਿਚ ਚਾਰ-ਚਾਰ ਡਿਊਢਾਂ ਦਾ ਪ੍ਰਯੋਗ ਕੀਤਾ ਹੈ। ਇਸ ਜੰਗਨਾਮੇ ਦੀਆਂ ਵੀ ਭਾਵੇਂ ਆਪਣੀਆਂ ਖ਼ੂਬੀਆਂ ਤੇ ਖ਼ਾਮੀਆਂ ਹਨ ਪਰ ਇਹ ਜੰਗਨਾਮਾ ਵੀ ਸ਼ਾਹ ਮੁਹੰਮਦ ਦੇ ਜੰਗਨਾਮੇ ਵਾਂਗ ਸਿਖਰਾਂ ਨੂੰ ਛੋਹ ਨਹੀਂ ਸਕਿਆ। ਸ਼ਾਹ ਮੁਹੰਮਦ ਵਾਂਗ ਹੀ ਮਟਕ ਰਾਇ ਮੁਦਕੀ, ਫੇਰੂ ਸ਼ਹਿਰ , ਅਲੀਵਾਲ ਅਤੇ ਸਭਰਾਵਾਂ ਆਦਿ ਦੇ ਜੰਗਾਂ ਨੂੰ ਬੜੇ ਹੀ ਯਥਾਰਥਵਾਦੀ ਅਤੇ ਕਰੁਣਾਮਈ ਢੰਗ ਨਾਲ ਚਿੱਤਰਦਾ ਹੈ। ਸ਼ਾਹ ਮੁਹੰਮਦ ਨਾਲੋਂ ਉਸਦੀ ਵੱਖਰਤਾ ਇਹ ਹੈ ਕਿ ਤੇਜਾ ਸਿੰਘ ਤੇ ਲਾਲ ਸਿੰਘ ਨੂੰ ਦੇਸ਼ ਧ੍ਰੋਹੀ ਮੰਨਦਾ ਹੋਇਆ ਉਹਨਾਂ ਨੂੰ ਫਿਟਲਾਹਨਤਾਂ ਪਾਉਂਦਾ ਹੈ :

ਦੋ ਮਹੀਨੇ ਉਤਰੇ ਸੁਤਲਦ੍ਰ ਦੇ ਸਿਰਾਣੇ, ਵੱਡੇ ਸਿਆਣੇ।

ੇਜਾ ਸਿੰਘ ਔਰ ਲਾਲ ਸਿੰਘ ਹੈਨ ਮੁਸਾਇਬ ਪੁਰਾਣੇ, ਕਰਦੇ ਭਾਣੇ।

ਾਹਰੋਂ ਗੱਲਾਂ ਕਰਨ ਮਿੱਠੀਆਂ, ਅੰਦਰੋਂ ਖੋਟ ਕਰਾਣੇ, ਕਰਦੇ ਭਾਣੇ।

      ਹਿਤ ਮਟਕ ਸ਼ਿਆਮ ਸਿੰਘ ਸਰਦਾਰ, ਸਭੀ ਜੱਗ ਜਾਣੇ, ਲਾਜ ਪਛਾਣੇ।

ਮਟਕ ਵੀ ਸ਼ਾਹ ਮੁਹੰਮਦ ਵਾਂਗ ਅੰਗਰੇਜ਼ ਸਾਮਰਾਜ ਦੀਆਂ ਚਾਲਾਂ ਨੂੰ ਸਮਝਦਾ ਸੀ ਕਿ ਅੰਗਰੇਜ਼ਾਂ ਨੇ ਪੰਜਾਬ ਉੱਪਰ ਕਬਜ਼ਾ ਕਰ ਕੇ ਇਥੋਂ ਦੇ ਵਸਨੀਕਾਂ ਦੀ ਲੁੱਟ-ਖਸੁੱਟ ਕਰਨੀ ਹੈ। ਅੰਗਰੇਜ਼ ਸਾਮਰਾਜ ਦੀ ਇਸ ਲੋਟੂ ਨੀਤੀ ਪ੍ਰਤੀ ਮਟਕ ਲਿਖਦਾ ਹੈ :

     ਪੈਸਾ ਸਾਥੋਂ ਮੰਗੇ ਫਿਰੰਗੀ ਅਸੀਂ ਗਰੀਬ ਵਿਚਾਰੇ, ਖੇਤੀਆਂ ਵਾਲੇ।

ਮਟਕ, ਸ਼ਾਹ ਮੁਹੰਮਦ ਵਾਂਗ ਇਸ ਜੰਗ ਦਾ ਪਿਛੋਕੜ ਨਹੀਂ ਦਿੰਦਾ ਸਗੋਂ ਸ਼ੁਰੂ ਵਿਚ ਹੀ ਜੰਗ ਦਾ ਹਾਲ ਲਿਖਣ ਲੱਗ ਪੈਂਦਾ ਹੈ। ਮਟਕ ਨੇ ਭਾਵੇਂ ਇਹ ਜੰਗਨਾਮਾ ਡਿਊਢ ਵਿਚ ਲਿਖਿਆ ਹੈ ਪਰ ਇਸ ਵਿਚ ਉਹ ਰੰਗ ਨਹੀਂ ਆਇਆ ਜੋ ਸ਼ਾਹ ਮੁਹੰਮਦ ਦੇ ਬੈਂਤਾਂ ਰਾਹੀਂ ਆਇਆ ਹੈ। ਇਹੋ ਕਾਰਨ ਹੈ ਕਿ ਸ਼ਾਹ ਮੁਹੰਮਦ ਵਾਂਗ ਉਸਦਾ ਜੰਗਨਾਮਾ ਪ੍ਰਸਿੱਧ ਨਾ ਹੋ ਸਕਿਆ। ਇਸੇ ਤਰ੍ਹਾਂ ਕਾਨ੍ਹ ਸਿੰਘ ਬੰਗਾ ਦੁਆਰਾ ਲਿਖਿਆ ਜੰਗਨਾਮਾ ਵੀ ਸ਼ਾਹ ਮੁਹੰਮਦ ਦੇ ਜੰਗਨਾਮੇ ਵਾਂਗ ਸਾਹਿਤਕ ਅਤੇ ਇਤਿਹਾਸਿਕ ਤੌਰ’ਤੇ ਮਹਾਨਤਾ ਪ੍ਰਾਪਤ ਨਾ ਕਰ ਸਕਿਆ। ਉਸ ਨੇ ਆਪਣੇ ਜੰਗਨਾਮੇ ਵਿਚ ਅੰਗਰੇਜ਼ ਹਾਕਮਾਂ ਦੇ ਖ਼ੂਬ ਸੋਹਲੇ ਗਾਏ ਹਨ ਕਿਉਂਕਿ ਉਸ ਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਦੀ ਨੌਕਰੀ ਕਰ ਲਈ ਸੀ। ਉਸ ਦੁਆਰਾ ਲਿਖਿਆ ਜੰਗਨਾਮਾ ਪੜ੍ਹਨ ਤੋਂ ਬਾਅਦ ਪਤਾ ਚਲਦਾ ਹੈ ਕਿ ਉਹ ਲਾਹੌਰ ਦਰਬਾਰ ਦੇ ਕਾਫ਼ੀ ਨੇੜੇ ਸੀ। ਇਹੋ ਕਾਰਨ ਹੈ ਕਿ ਉਹ ਸਿੱਖਾਂ ਦੀ ਹਾਰ ਦਾ ਕਾਰਨ ਜਿੱਥੇ ਰਾਣੀ ਜਿੰਦਾਂ ਦੇ ਸੁਆਰਥ ਨੂੰ ਮੰਨਦਾ ਹੈ, ਉਥੇ ਸੰਧਾਵਾਲੀਏ ਸਰਦਾਰਾਂ ਦੀ ਆਪਸੀ ਦੁਸ਼ਮਣੀ, ਸਿੱਖ ਫ਼ੌਜ ਵਿਚਲੀ ਬੁਰਛਾਗਰਦੀ, ਰਾਜਾ ਗੁਲਾਬ ਸਿੰਘ, ਤੇਜਾ ਸਿੰਘ ਅਤੇ ਲਾਲ ਸਿੰਘ ਨੂੰ ਉਹ ਪ੍ਰਮੁੱਖ ਦੋਸ਼ੀ ਮੰਨਦਾ ਹੈ। ਕਾਨ੍ਹ ਸਿੰਘ, ਭਾਈ ਵੀਰ ਸਿੰਘ ਦੀ ਮੌਤ ਦਾ ਦੁੱਖ ਮੰਨਾਉਂਦਾ ਹੋਇਆ ਸਿੱਖ ਫ਼ੌਜ ਵਿਚਲੀ ਬੁਰਛਾਗਰਦੀ ਨੂੰ ਪ੍ਰਗਟ ਕਰਦਾ ਹੋਇਆ ਲਿਖਦਾ ਹੈ :

ਅਤਰ ਸਿੰਘ ਪੀਛੇ ਕਿਆ ਜੋਸ਼ ਥਾ।

ਾਈ ਵੀਰ ਸਿੰਘ ਮੇਂ ਨਾ ਕੁਛ ਦੋਸ਼ ਥਾ।

ਡਾ ਕਰ ਤਥੈ ਉਸ ਕਾ ਡੇਰਾ ਦੀਆ।

      ਬੀ ਸਾਧ ਸੰਤੈ ਜੁ ਪੁਰਜੈ ਕੀਆ।

ਪੰਜਾਬ ਦੀ ਤਤਕਾਲੀਨ ਤ੍ਰਾਸਦੀ ਬਾਰੇ ਭਾਵੇਂ ਇਨ੍ਹਾਂ ਕਵੀਆਂ ਨੇ ਜੰਗਨਾਮੇ ਰਚੇ ਹਨ ਪਰ ਸ਼ਾਹ ਮੁਹੰਮਦ ਦੁਆਰਾ ਰਚਿਤ ਜੰਗਨਾਮਾ ਆਪਣੀ ਮਿਸਾਲ ਆਪ ਹੈ। ਪੰਜਾਬ ਦੀ ਤ੍ਰਾਸਦੀ ਦੀ ਹੂਕ ਜੋ ਸ਼ਾਹ ਮੁਹੰਮਦ ਦੇ ਜੰਗਨਾਮੇ ਵਿਚ ਪੇਸ਼ ਹੋਈ ਹੈ ਉਹ ਕਿਸੇ ਹੋਰ ਕਵੀ ਦੇ ਜੰਗਨਾਮੇ ਵਿਚ ਦ੍ਰਿਸ਼ਟੀਗੋਚਰ ਨਹੀਂ ਹੁੰਦੀ। ਇਸ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਉਸ ਨੇ ਆਪਣੇ ਅੱਖੀਂ ਰਣਜੀਤ ਸਿੰਘ ਦਾ ਰਾਜ ਉਭਰਦਿਆਂ ਡਿੱਠਾ ਸੀ। ਇਹੋ ਵਜ੍ਹਾ ਸੀ ਕਿ ਜਦੋਂ ਛੋਟੇ ਜਿਹੇ ਅਰਸੇ ਤੋਂ ਬਾਅਦ ਇਹ ਰਾਜ ਢਹਿੰਦੀਆ ਕਲਾਵਾਂ ਵੱਲ ਜਾਂਦਾ ਹੈ ਤਾਂ ਸ਼ਾਹ ਮੁਹੰਮਦ ਆਪਣੇ ਦਿਲ ਦੀ ਹੂਕ ਨੂੰ ਜੰਗਨਾਮੇ ਰਾਹੀਂ ਰੂਪਮਾਨ ਕਰਦਾ ਹੈ। ਉਹ ਪੰਜਾਬ ਦੇ ਲਗਪਗ ਸੱਤ ਸਾਲਾਂ ਦੀਆਂ ਤ੍ਰਾਸਦਿਕ ਇਤਿਹਾਸਿਕ ਗਤੀਵਿਧੀਆਂ ਦਾ ਚਿੱਤਰਨ ਬੜੇ ਹੀ ਕਰੁਣਾਮਈ ਢੰਗ ਨਾਲ ਕਰਦਾ ਹੈ। ਇਸ ਪ੍ਰਸੰਗ ਵਿਚ ਭਾਵੇਂ ਇਸ ਜੰਗਨਾਮੇ ਨੂੰ ਦੇਸ਼ ਪਿਆਰ ਦੀਆਂ ਭਾਵਨਾਵਾਂ ਦੀ ਕੇਵਲ ਚਲੰਤ ਅਭਿਵਿਅਕਤੀ ਕਿਹਾ ਜਾਂਦਾ ਹੈ ਇਸ ਦੇ ਬਾਵਜੂਦ ਮੁੱਖ ਤੌਰ’ਤੇ ਇਹ ਜੰਗਨਾਮਾ ਦੇਸ਼-ਪਿਆਰ ਦੀ ਭਾਵਨਾ ਨਾਲ ਹੀ ਲਬਰੇਜ਼ ਹੈ। ਇਸ ਪੱਖ ਤੋਂ ਸ਼ਾਹ ਮੁਹੰਮਦ ਨੂੰ ਪੰਜਾਬੀ ਦਾ ਪਹਿਲਾ ਜੰਗਨਾਮਾਕਾਰ ਮੰਨਿਆ ਜਾ ਸਕਦਾ ਹੈ ਜਿਸ ਨੇ ਏਨੀ ਸ਼ਿੱਦਤ ਨਾਲ ਦੇਸ਼-ਪਿਆਰ ਦੀ ਭਾਵਨਾ ਨੂੰ ਯਥਾਰਥਵਾਦੀ ਢੰਗ ਨਾਲ ਪੇਸ਼ ਕੀਤਾ ਹੈ। ਉਸ ਨੇ ਇਹ ਜੰਗਨਾਮਾ ਕਿਸੇ ਇਕ ਫ਼ਿਰਕੇ ਜਾਂ ਧਰਮ ਨੂੰ ਮੁੱਖ ਰੱਖ ਕੇ ਨਹੀਂ ਰਚਿਆ ਬਲਕਿ ਸਮੁੱਚੀ ਪੰਜਾਬੀਅਤ ਉੱਪਰ ਆਉਣ ਵਾਲੇ ਡ¨ਘੇ ਸੰਕਟਾਂ ਨੂੰ ਧਰਮ ਨਿਰਪੱਖਤਾ ਦੀ ਪਿੱਠ-ਭੂਮੀ ਵਿਚ ਬਿਆਨ ਕੀਤਾ ਹੈ। ਇਸ ਗੱਲ ਦਾ ਸੰਕੇਤ ਸਾਨੂੰ ਸ਼ਾਹ ਮੁਹੰਮਦ ਦੁਆਰਾ ਰਣਜੀਤ ਸਿੰਘ ਦੀ ਬਹਾਦਰੀ ਅਤੇ ਸਾਂਝੀਵਾਲਤਾ ਦੀ ਭਾਵਨਾ ਨੂੰ ਸ਼ਰਧਾਂਜਲੀ ਪ੍ਰਗਟ ਕਰਨ ਤੋਂ ਮਿਲ ਜਾਂਦਾ ਹੈ। ਇਸ ਤੋਂ ਇਲਾਵਾ ਉਸ ਨੇ ਪੰਜਾਬੀ ਫ਼ੌਜ ਦੀ ਜੰਗ ਦੌਰਾਨ ਦਖਾਈ ਬਹਾਦਰੀ ਦੇ ਗੁਣਗਾਣ ਵੀ ਕੀਤੇ ਹਨ। ਸਿੱਖ ਫ਼ੌਜ ਦੀ ਬਹਾਦਰੀ ਨੂੰ ਭਾਵੇਂ ਕਾਨ੍ਹ ਸਿੰਘ ਬੰਗਾ ਨੇ ਵੀ ਆਪਣੇ ਜੰਗਨਾਮੇ ਵਿਚ ਪ੍ਰਸਤੁਤ ਕੀਤਾ ਹੈ ਪਰ ਉਸਦੀ ਰਚਨਾ ਵਿਚ ਸ਼ਾਹ ਮੁਹੰਮਦ ਵਰਗੀ ਕਲਾਤਮਿਕਤਾ ਦ੍ਰਿਸ਼ਟੀਗੋਚਰ ਨਹੀਂ ਹੁੰਦੀ। ਉਦਾਹਰਨ ਦੇ ਤੌਰ’ਤੇ ਕਾਨ੍ਹ ਸਿੰਘ ਬੰਗਾ ਦੇ ‘ਜੰਗਨਾਮਾ ਲਾਹੌਰ’ ਦੀਆਂ ਹੇਠ ਲਿਖਿਆਂ ਸਤਰਾਂ ਵੇਖੀਆਂ ਜਾ ਸਕਦੀਆਂ ਹਨ :

ਲਗੀ ਲੈਨ ਤੋਪੇਂ ਕਈ ਕੋਸ ਮੇਂ

ਹੀਂ ਉਨ ਕੀ ਗਿਨਤੀ ਪਰੇ ਹੋਸ਼ ਮੇਂ।

ੁਬਾਰੇ ਜੰਬੂਰੋਂ ਕੀ ਗਿਣਤੀ ਨਹੀਂ।

      ਸੀ ਬਾਦਸ਼ਾਹੀ ਨ ਦੇਖੀ ਕਹੀਂ।

ਕਾਨ੍ਹ ਸਿੰਘ ਬੰਗਾ ਜਾਂ ਹੋਰ ਜੰਗਨਾਮਕਾਰਾਂ ਦੇ ਮੁਕਾਬਲੇ ਸ਼ਾਹ ਮੁਹੰਮਦ ਦੀ ਲੋਕ ਪੱਖੀ ਸੋਚ ਸਦਕਾ ਹੀ ਉਸ ਨੂੰ ਇਕ ਕੌਮੀ ਜਾਂ ਰਾਸ਼ਟਰੀ ਕਵੀ ਦਾ ਦਰਜਾ ਦਿੱਤਾ ਜਾ ਸਕਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਸ ਨੇ ਸਾਮਰਾਜਵਾਦ ਦੇ ਵਧ ਰਹੇ ਪ੍ਰਭਾਵ ਅਤੇ ਜਾਗੀਰਦਾਰੀ ਸਮਾਜ ਦੇ ਡਿੱਗ ਰਹੇ ਕਲਸਾਂ ਨੂੰ ਚਿੱਤਰਦਿਆਂ ਧਾਰਮਿਕ ਤੇ ਫਿਰਕੂ ਭਾਵਨਾਵਾਂ ਤੋਂ ਉੱਪਰ ਉੱਠ ਕੇ ਪੇਸ਼ਕਾਰੀ ਕੀਤੀ ਹੈ। ਪੰਜਾਬੀ ਜੰਗਨਾਮਾ ਸਾਹਿਤ ਵਿਚ ਪਹਿਲੀ ਵਾਰ ਉਸ ਨੇ ਅੰਗਰੇਜ਼ਾਂ ਵੱਲੋਂ ਕੀਤੇ ਜਾ ਰਹੇ ਕਬਜ਼ੇ ਦੀ ਕੂਟਨੀਤੀ ਦਾ ਪਰਦਾ ਫ਼ਾਸ਼ ਕਰਦਿਆਂ ਅੰਗਰੇਜ਼ ਸਾਮਰਾਜ ਦੀਆਂ ਭੂਗੋਲਿਕ ਵਿਸਤਾਰ ਦੀਆਂ ਯੋਜਨਾਵਾਂ ਨੂੰ ਵੀ ਉਘਾੜਨ ਦਾ ਯਤਨ ਕੀਤਾ। ਸ਼ਾਹ ਮੁਹੰਮਦ ਅਨੁਸਾਰ ਅੰਗਰੇਜ਼ਾਂ ਨੇ ਲਾਹੌਰ ਦਰਬਾਰ ਵਿਚਲੀ ਫੁੱਟ ਅਤੇ ਖ਼ਾਨਾਜੰਗੀ ਦਾ ਭਰਪੂਰ ਲਾਭ ਉਠਾ ਕੇ ਆਪਣੇ ਰਾਜ ਦਾ ਵਿਸਤਾਰ ਕਰਨ ਦੇ ਯਤਨ ਕੀਤੇ। ਇਸ ਤਰ੍ਹਾਂ ਉਸ ਨੇ ਪੰਜਾਬੀ ਰਾਜ ਦੇ ਡਿਗਦੇ ਮਿਨਾਰਾਂ ਨੂੰ ਸਾਰੇ ਦੇਸ਼ ਦੀ ਮਰਿਯਾਦਾ ਦੇ ਨਸ਼ਟ ਹੋਣ ਦਾ ਪ੍ਰਤੀਕ ਤਸੱਵਰ ਕੀਤਾ। ਅਜਿਹਾ ਕਰਦਿਆ ਉਹ ਸ਼ੁਰੂ ਤੋਂ ਲੈ ਕੇ ਅੰਤ ਤੀਕ ਆਪਣੀ ਪੂਰੀ ਰਚਨਾ ਦੀ ਰੌਚਕਤਾ ਵਿਚ ਕੋਈ ਵਿਘਨ ਨਹੀਂ ਪੈਣ ਦਿੰਦਾ। ਉਸ ਦੀ ਵਰਣਨ ਸ਼ਕਤੀ, ਸੁੰਦਰ ਸ਼ਬਦ ਚੋਣ , ਵਿਅੰਗ ਉਕਤੀਆਂ ਅਤੇ ਪਾਤਰਾਂ ਦੇ ਮਨੋਭਾਵ ਵੀ ਰੌਚਕਤਾ ਵਿਚ ਵਾਧਾ ਕਰਦੇ ਹਨ। ਉਹ ਆਪਣੇ ਬਿਆਨ ਵਿਚ ਸਥਿਲਤਾ ਨਹੀਂ ਆਉਣ ਦਿੰਦਾ।

ਸ਼ਾਹ ਮੁਹੰਮਦ ਨੇ ਤਤਕਾਲੀਨ ਪੰਜਾਬ ਦੇ ਇਤਿਹਾਸ ਨੂੰ ਕਾਵਿਕ ਰੰਗ ਵਿਚ ਪੇਸ਼ ਕਰਦਿਆਂ ਇਕ ਨਵੀਂ ਤੇ ਨਿਰੋਲ ‘ਜੰਗਨਾਮਾ’ ਕਾਵਿ-ਰੂਪ ਵਿਧਾ ਨੂੰ ਵੀ ਇਕ ਨਵਾਂ ਰੂਪ ਦਿੱਤਾ ਹੈ। ਆਪਣੇ ਜੰਗਨਾਮੇ ਰਾਹੀਂ ਉਸ ਨੇ ਇਤਿਹਾਸ ਨੂੰ ਕਵਿਤਾ ਦੁਆਰਾ ਪੇਸ਼ ਕਰਕੇ ਜੰਗਨਾਮਾ ਪ੍ਰੰਪਰਾ ਨੂੰ ਉਤਸ਼ਾਹਿਤ ਕਰਦਿਆਂ ਅੰਗਰੇਜ਼ ਸਾਮਰਾਜ ਦੁਆਰਾ ਪੰਜਾਬ ਦੀ ਹੋਈ ਹਾਰ ਨੂੰ ਉਦਾਸ ਸੁਰ ਵਿਚ ਸਫ਼ਲਤਾਪੂਰਬਕ ਪੇਸ਼ ਕੀਤਾ। ਕਰੁਣਾ ਰਸ ਦੀ ਉਦਾਸੀਨ ਸ਼ੈਲੀ ਰਾਹੀਂ ਉਹ ਪੰਜਾਬ ਦੀ ਹਾਰ ਦਾ ਦੁੱਖ ਪ੍ਰਗਟ ਕਰਦਾ ਹੋਇਆ ਤਤਕਾਲੀਨ ਸਮਾਜਿਕ ਤੇ ਸਿਆਸੀ ਦਸ਼ਾ ਤੇ ਦਿਸ਼ਾ ਨੂੰ ਵੀ ਪ੍ਰਗਟ ਕਰਨ ਦਾ ਯਤਨ ਕਰਦਾ ਹੈ। ਅਜਿਹਾ ਕਰਦਿਆਂ ਉਹ ਰਾਸ਼ਟਰੀ ਸਦਭਾਵਨਾ ਅਤੇ ਕੌਮੀ ਏਕਤਾ ਦਾ ਕਵੀ ਹੋ ਨਿਬੱੜਦਾ ਹੈ। ਉਸ ਦੀ ਪ੍ਰਸਿੱਧੀ ਦਾ ਕਾਰਨ ਉਸ ਦਾ ਇਤਿਹਾਸਕਾਰ, ਕਵੀ, ਦੇਸ਼ ਭਗਤ , ਫਿਲਾਸਫ਼ਰ, ਮਨੋਵਿਗਿਆਨੀ ਆਦਿ ਹੋਣਾ ਵੀ ਹੈ, ਜਿਸ ਦੇ ਸਿੱਟੇ ਵਜੋਂ ਉਸ ਦੀ ਲਿਖਣ ਸ਼ੈਲੀ ਵਿਚ ਆਪਣੇ ਸਮਕਾਲੀਆਂ ਨਾਲੋਂ ਵੱਖਰਾਪਨ ਤੇ ਨਿਵੇਕਲਾਪਨ ਆਉਂਦਾ ਹੈ।

ਇਹੋ ਕਾਰਨ ਹੈ ਕਿ ਸ਼ਾਹ ਮੁਹੰਮਦ ਦੁਆਰਾ ਰਚਿਤ ਇਸ ਜੰਗਨਾਮੇ ਨੂੰ ਪੰਜਾਬੀ ਜੰਗਨਾਮਾ ਸਾਹਿਤ ਵਿਚ ਇਕ ਮੀਲ-ਪੱਥਰ ਮੰਨਿਆ ਜਾਂਦਾ ਹੈ। ਹੀਰ ਵਾਰਿਸ ਤੋਂ ਬਾਅਦ ਜਿਸ ਪੰਜਾਬੀ ਕ੍ਰਿਤ ਨੂੰ ਸਭ ਤੋਂ ਵੱਧ ਪੜ੍ਹਿਆ ਤੇ ਮਾਣਿਆ ਗਿਆ ਹੈ, ਉਹ ਸ਼ਾਹ ਮੁਹੰਮਦ ਦਾ ਜੰਗਨਾਮਾ ਹੀ ਹੈ। ਇਸ ਦਾ ਕਾਰਨ ਇਸ ਜੰਗਨਾਮੇ ਦੀ ਭਾਸ਼ਾ ਠੇਠ , ਸਾਦੀ ਅਤੇ ਰਸਵੰਤ ਹੋਣਾ ਵੀ ਹੈ ਅਤੇ ਵਰਣਨ ਦਾ ਸੰਜਮ ਭਰਪੂਰ ਹੋਣਾ ਵੀ ਹੈ। ਉਹ ਘਟਨਾਵਾਂ ਨੂੰ ਬਿਆਨ ਕਰਨ ਲੱਗਿਆਂ ਲੰਮੇ ਬਿਰਤਾਂਤ ਵਿਚ ਨਹੀਂ ਪੈਂਦਾ ਸਗੋਂ ਸੰਖੇਪ ਵਿਚ ਹੀ ਸਾਰੀਆਂ ਘਟਨਾਵਾਂ ਨੂੰ ਇਕ ਲੜੀ ਵਿਚ ਪ੍ਰੋਣ ਦਾ ਯਤਨ ਕਰਦਾ ਹੈ। ਦੂਸਰੇ ਪਾਸੇ ਅਠਾਰਵੀਂ ਸਦੀ ਵਿਚ ਮੁਕਬਲ ਦੁਆਰਾ ਰਚੇ ਗਏ ਪ੍ਰਸਿੱਧ ਜੰਗਨਾਮੇ ਵਿਚ ਇਮਾਮ ਹੁਸੈਨ ਦੀ ਅਦੁੱਤੀ ਸ਼ਹਾਦਤ ਬਾਰੇ ਇਕ ਲੰਮਾ ਬਿਰਤਾਂਤ ਸਿਰਜਿਆ ਗਿਆ ਹੈ, ਜਿਸ ਕਾਰਨ ਇਹ ਜੰਗਨਾਮਾ ਬਹੁਤਾ ਪ੍ਰਭਾਵ ਨਾ ਪਾ ਸਕਿਆ। ਉਦਾਹਰਨ ਦੇ ਤੌਰ’ਤੇ ਹੇਠ ਲਿਖੀਆਂ ਸਤਰਾਂ ਵਿਚ ਮੁਕਬਲ, ਇਮਾਮ ਹੁਸੈਨ ਦੀ ਸ਼ਹੀਦੀ ਦਾ ਵਰਣਨ ਬਿਰਤਾਂਤਮਈ ਢੰਗ ਨਾਲ ਇਸ ਤਰ੍ਹਾਂ ਕਰਦਾ ਹੈ :

ਪਹਿਲੋਂ ਮੈਂ ਹੁਸੈਨ ਦੀ ਕਹੀ ਸ਼ਹਾਦਤ ਜਾਣ।

ਕਿੱਸਾ ਮੂਲ ਨਾ ਆਖਿਆ ਆਹਾ ਵਿਚ ਪਛਾਣ।

ੈਂ ਵਿਚ ਡਿੱਠਾ ਖ਼ੁਆਬ ਦੇ ਹਜ਼ਰਤ ਹਸਨ ਹੁਸੈਨ।

ਜਿਗਰ ਰਸੂਲ ਅਲ੍ਹਾ ਦੇ ਸ਼ਰ ਅੰਦਰ ਸਕਲੈਨ।

ੋਹਾਂ ਨੇ ਫੁਰਮਾਇਆ ਆਜ਼ਿਜ਼ ਤਾਈਂ ਜਾਣ।

ਾਲਤ ਸਾਡੀ ਜੋ ਹੋਈ ਕਰ ਹੁਣ ਕੁਲ ਅਯਾਂ।

ਇਸ ਦੇ ਮੁਕਾਬਲੇ ਸ਼ਾਹ ਮੁਹੰਮਦ ਨੇ ਆਪਣੇ ਜੰਗਨਾਮੇ ਰਾਹੀਂ ਸਿੱਖਾਂ ਤੇ ਅੰਗਰੇਜ਼ਾਂ ਦੀ ਪਹਿਲੀ ਜੰਗ ਦਾ ਪਹਿਲੀ ਵਾਰ ਬੜੇ ਹੀ ਖ਼ੂਬਸੂਰਤ ਤਰੀਕੇ ਨਾਲ ਵਰਣਨ ਕਰਨ ਦਾ ਯਤਨ ਕੀਤਾ। ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਲਾਹੌਰ ਦਰਬਾਰ ਵਿਚ ਜੋ ਕਤਲਾਂ ਦੀ ਲੜੀ ਸ਼ੁਰੂ ਹੁੰਦੀ ਹੈ, ਸ਼ਾਹ ਮੁਹੰਮਦ ਉਸ ਦਾ ਬਿਆਨ ਬੜੀ ਦਲੇਰੀ, ਵਿਅੰਗ, ਸੰਜਮ ਅਤੇ ਚੇਤੰਨਤਾ ਨਾਲ ਕਰਦਾ ਹੈ। ਉਹ ਵੱਖ-ਵੱਖ ਦੁਖਾਂਤਿਕ ਘਟਨਾਵਾਂ ਨੂੰ ਭੌਤਿਕ ਕਾਰਨਾਂ ਕਰਕੇ ਨਹੀਂ ਸਗੋਂ ਪਰਾਸਰੀਰਿਕ ਸ਼ਕਤੀਆਂ ਕਾਰਨ ਪੈਦਾ ਹੋਈਆਂ ਮੰਨਦਾ ਹੈ। ਇਹੋ ਕਾਰਨ ਹੈ ਕਿ ਉਹ ਸਭ ਅਮੀਰਾਂ ਤੇ ਵਜ਼ੀਰਾਂ ਨੂੰ ਹੋਣੀ ਦੇ ਹੱਥਾਂ ਵਿਚ ਕਠਪੁਤਲੀ ਬਣਾ ਕੇ ਪੇਸ਼ ਕਰਦਾ ਹੈ। ਭਾਵੇਂ ਉਹ ਸਭ ਘਟਨਾਵਾਂ ਨੂੰ ਰੱਬ ਦੀ ਰਜ਼ਾ ਨਾਲ ਜੋੜ ਦਿੰਦਾ ਹੈ। ਇਸ ਦੇ ਬਾਵਜੂਦ ਸ਼ਾਹ ਮੁਹੰਮਦ ਦੀ ਇਹ ਰਚਨਾ ਪੰਜਾਬੀ ਕੌਮ ਦੇ ਉਸ ਦੁਖਾਂਤ ਨੂੰ ਸਫ਼ਲਤਾ-ਪੂਰਬਕ ਸਿਰਜਣ ਵਿਚ ਸਫ਼ਲ ਹੁੰਦੀ ਹੈ, ਜਿਸ ਵਿਚ ਪੰਜਾਬੀਆਂ ਦੇ ਸਾਂਝੇ ਰਾਜ ਦਾ ਅੰਤ ਹੋ ਜਾਂਦਾ ਹੈ ਅਤੇ ਅੰਗਰੇਜ਼ ਸਾਮਰਾਜਵਾਦ ਪੰਜਾਬ ਨੂੰ ਆਪਣੇ ਕਬਜ਼ੇ ਹੇਠ ਲੈ ਲੈਂਦਾ ਹੈ। ਸ਼ਾਹ ਮੁਹੰਮਦ ਲਈ ਇਹ ਸਿਰਫ਼ ਇਕ ਫਿਰਕੇ ਜਾਂ ਜ਼ਾਤ ਦੀ ਹਾਰ ਨਹੀਂ ਹੈ ਸਗੋਂ ਉਸ ਪੰਜਾਬੀ ਰਾਜ ਦੀ ਹਾਰ ਹੈ, ਜਿਸ ਪੰਜਾਬੀ ਰਾਜ ਵਿਚ ਹਿੰਦੂ, ਮੁਸਲਮਾਨ ਅਤੇ ਸਿੱਖ ਭਾਈਚਾਰਾ ਬੜੇ ਪ੍ਰੇਮ ਤੇ ਇਤਫ਼ਾਕ ਨਾਲ ਰਹਿੰਦਾ ਹੈ। ਸ਼ਾਹ ਮੁਹੰਮਦ ਦੁਆਰਾ ਪੇਸ਼ ਕੀਤੇ ਤਤਕਾਲੀਨ ਪੰਜਾਬੀ ਸਮਾਜ ਨੂੰ ਸਿਰਜਣ ਵਾਲੇ ਇਨ੍ਹਾਂ ਪੱਖਾਂ ਵੱਲ ਇਸ਼ਾਰਾ ਕਰਦਿਆ ਸ਼ਮਸ਼ੇਰ ਸਿੰਘ ਅਸ਼ੋਕ ਲਿਖਦੇ ਹਨ ਕਿ “ਸ਼ਾਹ ਮੁਹੰਮਦ ਨੇ ਇਸ ਲੜਾਈ ਦਾ ਹਾਲ ਬੈਂਤਾਂ ਵਿਚ ਬੜੇ ਦਰਦਨਾਕ ਢੰਗ ਨਾਲ ਦਿੱਤਾ ਹੈ ਅਤੇ ਬਹਾਦਰੀ ਤੇ ਦੇਸ਼ ਭਗਤੀ ਇਸ ਵਿਚ ਆਪ ਮੁਹਾਰੀ ਮ¨ਹੋਂ ਬੋਲਦੀ ਹੈ। ਸਿਰਫ ਸਿੱਖ ਹੀ ਨਹੀਂ ਸਗੋਂ ਮੁਸਲਮਾਨ ਅਤੇ ਹਿੰਦੂ ਵੀ ਉਸ ਵੇਲੇ ਸਿੱਖ ਰਾਜ ਨੂੰ ਆਪਣਾ ਰਾਜ ਸਮਝਦੇ ਸਨ, ਤੇ ਇਸ ਸਤਜੁਗੀ ਰਾਜ ਦੀ ਛਤ੍ਰ ਛਾਇਆ ਹੇਠ ਪਰਸਪਰ ਪਿਆਰ-ਗਲਵਕੜੀਆਂ ਪਾ ਕੇ ਭਰਾਵਾਂ ਵਾਂਗ ਰਹਿੰਦੇ ਸਨ।”3

ਸ਼ਾਹ ਮੁਹੰਮਦ ਦੀ ਅਜਿਹੀ ਸੋਚ ਦਾ ਹੀ ਸਿੱਟਾ ਹੈ ਕਿ ਇਹ ਜੰਗ ਦੋ ਫ਼ੌਜਾਂ ਵਿਚਕਾਰ ਨਹੀਂ ਬਲਕਿ ਦੋ ਵੱਖ-ਵੱਖ ਮੁਲਕਾਂ ਵਿਚਕਾਰ ਲੜੀ ਵਿਖਾਈ ਗਈ ਹੈ। ਇਹ ਦੋ ਮੁਲਕ ਪੰਜਾਬ ਅਤੇ ਹਿੰਦ ਹਨ। ਆਪਣੇ-ਆਪਣੇ ਦੇਸ਼ ਦੀ ਸੁਰੱਖਿਆ ਅਤੇ ਇਜ਼ੱਤ ਲਈ ਦੋਵਾਂ ਪਾਸਿਆਂ ਦੇ ਸਿਪਾਹੀ ਮਰ-ਮਿਟਣ ਲਈ ਤਿਆਰ ਹੁੰਦੇ ਹਨ ਪਰ ਸ਼ਾਹ ਮੁਹੰਮਦ ਅਨੁਸਾਰ ਪੰਜਾਬੀ ਸਿਪਾਹੀਆਂ ਵਿਚ ਆਪਣੇ ਦੇਸ਼ ਲਈ ਮਰ-ਮਿਟਣ ਦੀ ਭਾਵਨਾ ਦੂਸਰਿਆਂ ਨਾਲੋਂ ਵੱਧ ਹੈ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਸ਼ਾਹ ਮੁਹੰਮਦ ਦੇ ਜ਼ਿਹਨ ਵਿਚ ਖੇਤਰੀ ਕੌਮੀਅਤ ਦੀ ਭਾਵਨਾ ਡ¨ਘੇ ਤੌਰ’ਤੇ ਵਸੀ ਹੋਈ ਹੈ। ਇਹੋ ਕਾਰਨ ਹੈ ਕਿ ਸ਼ਾਹ ਮੁਹੰਮਦ ਜਦੋਂ ਪੰਜਾਬੀ ਫ਼ੌਜ ਦੀ ਗੱਲ ਕਰਦਾ ਹੈ ਤਾਂ ‘ਕ¨ਜਾਂ ਨਜ਼ਰ ਆਈਆਂ ਬਾਜਾਂ ਭੁੱਖਿਆਂ ਨੂੰ’ ਵਰਗੇ ਰੂਪਕਾਂ ਰਾਹੀਂ ਉਸ ਦੀ ਤਾਰੀਫ਼ ਕਰਦਾ ਹੈ। ਸ਼ਾਹ ਮੁਹੰਮਦ ਅਨੁਸਾਰ ਪੰਜਾਬੀਆਂ ਦੀ ਇਸ ਬਹਾਦਰੀ ਦੀ ਭਾਵਨਾ ਦੇ ਬਾਵਜੂਦ ਅਖ਼ੀਰ ਉਨ੍ਹਾਂ ਨੂੰ ਹਾਰ ਦਾ ਮ¨ਹ ਵੇਖਣਾ ਪੈਂਦਾ ਹੈ। ਇਸ ਦੇ ਸਿੱਟੇ ਵਜੋਂ ਉਹ ਜੰਗ ਦੇ ਮੈਦਾਨ ਵਿਚੋਂ ਹੀ ਨਹੀਂ ਭੱਜਦੇ ਬਲਕਿ ਆਪਣੇ ਟਿਕਾਣਿਆਂ ਤੋਂ ਵੀ ਪੱਤਰੇ ਵਾਚ ਜਾਂਦੇ ਹਨ। ਪ੍ਰਸਿੱਧ ਸਾਹਿਤ-ਇਤਿਹਾਸਕਾਰ ਆਈ.ਸੇਰੇਬਰੀਆਕੋਵ ਪੰਜਾਬੀਆਂ ਦੀ ਇਸ ਬਹਾਦਰੀ ਦੇ ਬਾਵਜੂਦ ਹੋਈ ਹਾਰ ਦੇ ਵਰਣਨ ਸੰਬੰਧੀ ਸ਼ਾਹ ਮੁਹੰਮਦ ਦੀ ਪੇਸ਼ਕਾਰੀ ਦੀ ਸਿਫ਼ਤ ਕਰਦਾ ਹੋਇਆ ਲਿਖਦਾ ਹੈ :

ਕਵੀ ਦੀ ਹਮਦਰਦੀ ਲੋਕਾਂ ਨਾਲ ਹੈ। ਉਹ ਬੜੇ ਮਾਣ ਨਾਲ ਅਤੇ ਬੜੇ ਜ਼ੋਰ ਨਾਲ ਬਿਆਨ ਕਰਦਾ ਹੈ ਕਿ ਸਾਰੇ ਪੰਜਾਬੀ ਲੋਕ ਇਕਮੁੱਠ ਹਨ। ....ਪ੍ਰੰਤੂ ਬਹਾਦਰਾਂ ਦੇ ਜੋਸ਼ੀਲੇ ਯਤਨ ਅਸਫ਼ਲ ਰਹੇ। ਕਵੀ ਜਿਸ ਸਿੱਟੇ’ਤੇ ਪੁਜਿਆ ਹੈ, ਉਹ ਦੁਖਦਾਇਕ ਹੈ। ਸਿੱਖ ਸਰਦਾਰ ਆਪਣੀਆਂ ਫ਼ੌਜਾਂ ਨੂੰ ਠੀਕ ਤਰ੍ਹਾਂ ਨਾ ਸੰਭਾਲ ਸਕੇ ਤੇ ਨਾ ਹੀ ਲੋਕਾਂ ਦੇ ਦੇਸ਼ ਭਗਤੀ ਦੇ ਉਭਾਰ ਦਾ ਲਾਭ ਉਠਾ ਸਕੇ,ਲੋਕ ਜਿਹੜੇ ਸੁਤੰਤਰਤਾ ਦੀ ਰਾਖੀ ਲਈ ਉੱਠ ਖੜੋਤੇ ਸਨ।4 

ਇਸ ਜੰਗ ਦੇ ਦੌਰਾਨ ਪੰਜਾਬੀ ਫ਼ੌਜ ਅੰਦਰ ਜੋ ਪਰਿਵਰਤਨ ਵਾਪਰਦਾ ਹੈ, ਉਸ ਪਰਿਵਰਤਨ ਨੂੰ ਦਰਸਾਉਣ ਲਈ ਸ਼ਾਹ ਮੁਹੰਮਦ ਕਾਵਿ ਪ੍ਰਵਚਨ ਵਿਚ ਖੰਡਨ-ਮੰਡਨ ਦੀ ਸਾਹਿਤਿਕ ਜੁਗਤ ਦਾ ਪ੍ਰਯੋਗ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਸ ਨੇ ਇਤਿਹਾਸ ਨੂੰ ਸਰਬਕਾਲੀ ਸੰਦਰਭ ਨਾਲ ਜੋੜਨ ਅਤੇ ਤਤਕਾਲ ਨੂੰ ਨਿਕਟ ਅਤੀਤ ਨਾਲ ਸੰਬੰਧਿਤ ਕਰਨ ਦਾ ਯਤਨ ਕੀਤਾ ਹੈ। ਅਜਿਹਾ ਕਰਦਿਆਂ ਉਹ ਆਪਣੇ ਸਮੇਂ ਵਿਚ ਪ੍ਰਚਲਿਤ ਧਾਰਮਿਕ-ਅਧਿਆਤਮਕ ਵਾਤਾਵਰਨ ਵਿਚਲੇ ਮੂਲ ਸਿਧਾਂਤਾਂ ਜਿਵੇਂ ਨਾਸ਼ਮਾਨਤਾ, ਹੋਣੀ ਅਤੇ ਧੁਰੋਂ ਲਿਖੇ ਪੂਰਬਲੇ ਕਰਮਾਂ ਆਦਿ ਦੀ ਸਹਾਇਤਾ ਲੈਣ ਦੀ ਕੋਸ਼ਿਸ਼ ਕਰਦਾ ਹੈ। ਉਹ ਆਪਣੇ ਸਮੇਂ ਦੌਰਾਨ ਵਾਪਰੇ ਖ਼ੂਨੀ ਸਾਕੇ ਨੂੰ ਪੇਸ਼ ਕਰਦਾ ਹੋਇਆ ਅਤੀਤ ਨੂੰ ਉਚਿਆਉਣ ਦਾ ਯਤਨ ਵੀ ਕਰਦਾ ਹੈ। ਇਸ ਦਾ ਭਾਵ ਇਹ ਕਿ ਉਹ ਜੰਗਨਾਮੇ ਵਿਚ ਕਈ ਥਾਵਾਂ’ਤੇ ਰਣਜੀਤ ਸਿੰਘ ਦੇ ਰਾਜ ਦੀ ਪ੍ਰਸੰਸਾ ਕਰਦਾ ਹੈ। ਇਸ ਦੇ ਸਿੱਟੇ ਵਜੋਂ ਜਿਥੇ ਵਰਤਮਾਨ ਦੀਆ ਘਟਨਾਵਾਂ ਨੂੰ ਅਤੀਤ ਤੋਂ ਨਵੇਂ ਅਰਥ ਪ੍ਰਦਾਨ ਹੁੰਦੇ ਹਨ, ਉਥੇ ਵਿਸਤਾਰ ਤੇ ਵਿਆਖਿਆ ਦਾ ਪ੍ਰਗਟਾਵਾ ਵੀ ਹੁੰਦਾ ਹੈ। ਇਕ ਖੁਸ਼ਹਾਲ ਅਤੇ ਬੇਹਤਰ ਰਾਜ ਦੀ ਸਮਾਪਤੀ ਤੋਂ ਬਾਅਦ ਪੈਦਾ ਹੋਈ ਸਥਿਤੀ ਬਾਰੇ ਉਦਾਸੀਨਤਾ ਪੈਦਾ ਹੁੰਦੀ ਹੈ। ਕਵੀ ਵੱਲੋਂ ਵਰਤੇ ਗਏ ਸੰਕੇਤ ਜਿਵੇਂ ‘ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ, ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਮਹਾਬਲੀ ਰਣਜੀਤ ਸਿੰਘ, ਅੱਛਾ ਰੱਜ ਕੇ ਰਾਜ ਕਮਾਇ ਗਿਆ’, ਆਦਿ ਤੋਂ ਪਤਾ ਚਲਦਾ ਹੈ ਕਿ ਕਵੀ ਤਤਕਾਲੀਨ ਤ੍ਰਾਸਦੀ ਦੇ ਕਾਰਨਾਂ ਨੂੰ ਰਣਜੀਤ ਸਿੰਘ ਦੇ ਰਾਜਕਾਲ ਦੇ ਅੰਤ ਨਾਲ ਜੋੜਨ ਦਾ ਯਤਨ ਕਰਦਾ ਹੈ। ਇਸ ਦੇ ਮੁਕਾਬਲੇ ਕਾਨ੍ਹ ਸਿੰਘ ਬੰਗਾ ਦੁਆਰਾ ਲਿਖਿਆ ‘ਜੰਗਨਾਮਾ ਲਾਹੌਰ’ ਜਦੋਂ ਰਣਜੀਤ ਸਿੰਘ ਦੀ ਵੀਰਤਾ ਬਾਰੇ ਦੱਸਦਾ ਹੈ ਤਾਂ ਉਹ ਪਾਠਕ’ਤੇ ਬਹੁਤਾ ਪ੍ਰਭਾਵ ਨਹੀਂ ਪਾਉਂਦਾ। ਆਪਣੀ ਸਾਹਿਤਕ, ਭਾਸ਼ਾਈ ਅਤੇ ਕਲਾਤਮਿਕ ਕਮਜ਼ੋਰੀ ਕਾਰਨ ਇਹ ਜੰਗਨਾਮਾ ਰਣਜੀਤ ਸਿੰਘ ਵਰਗੇ ਨਾਇਕ ਨੂੰ ਉਸ ਪੱਧਰ ਤਕ ਨਹੀਂ ਸਿਰਜ ਸਕਿਆ ਜਿਸ ਪੱਧਰ ਤਕ ਸ਼ਾਹ ਮੁਹੰਮਦ ਸਿਰਜ ਸਕਿਆ ਹੈ। ‘ਜੰਗਨਾਮਾ ਲਾਹੌਰ’ ਦੀਆਂ ਹੇਠ ਲਿਖੀਆਂ ਸਤਰਾਂ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ :

ਮਹਾਰਾਜਾ ਰਣਜੀਤ ਸਿੰਘ ਥਾ ਬਨਾਮ।

             ੱਖੇ ਖ਼ੌਫ਼ ਖਾਲਿਕ ਕਾ ਦਿਲ ਮੇਂ ਤਮਾਮ। 27

ਜਾਂ

ੂਈ ਦਿਨ ਬਦਿਨ ਜੀਤ ਸਰਕਾਰ ਕੀ।

      ੋ ਦੁਸ਼ਮਨ ਕਰੈ ਸਿਫ਼ਤ ਦਰਬਾਰ ਕੀ। 40

ਇਸ ਦੇ ਉਲਟ, ਕਵੀ ਮਟਕ ਦੁਆਰਾ ਲਿਖੇ ਜੰਗਨਾਮੇ ਵਿਚ ਵੀ ਭਾਵੇਂ ਕਈ ਊਣਤਾਈਆਂ ਰਹਿ ਗਈਆਂ ਹਨ ਇਸ ਦੇ ਬਾਵਜੂਦ ਉਹ ਯੁੱਧ ਚਿੱਤਰਣ ਅਤੇ ਨਾਇਕ ਸ਼ਾਮ ਸਿੰਘ ਦੀ ਵਡਿਆਈ ਕਰਨ ਵਿਚ ਕਾਮਯਾਬ ਹੋਇਆ ਹੈ। ਉਹ ਆਪਣੇ ਜੰਗਨਾਮੇ ਵਿਚ ਸ਼ਾਮ ਸਿੰਘ ਅਟਾਰੀਵਾਲੇ ਦੇ ਰੋਲ ਨੂੰ ਬਹੁਤ ਹੀ ਬਹਾਦਰੀ ਵਾਲਾ ਮੰਨਦਾ ਹੋਇਆ ਇਸ ਤਰ੍ਹਾਂ ਪੇਸ਼ ਕਰਦਾ ਹੈ:

ਪਹਿਰ ਰਾਤ ਸਮੇਂ ਇਸ਼ਨਾਨ ਸ਼ਾਮ ਸਿੰਘ ਵਿਚ ਨਦੀ ਦੇ ਵੜਿਆ, ਜਪੁਜੀ ਪੜਿਆ।

ੁੰਨ ਦਾਨ ਬਹੁ ਕੀਏ ਮਰਦ ਨੇ, ਧਿਆਨ ਗੁਰਾਂ ਦਾ ਧਰਿਆ, ਭੈਜੁਲ ਤਰਿਆ।

ਨਿਮਸਕਾਰ ਕਰ ਸ਼ਸਤਰ ਪਹਿਰੇ, ਤੋੜਾ ਬੰਦੂਕੀ ਜੜਿਆ, ਜ਼ਰਾ ਨਾ ਡਰਿਆ।

      ਹਿਤ ਮਟਕ ਅਬ ਜੁੱਧ ਧਰਮ ਕਾ, ਸ਼ਿਆਮ ਸਿੰਘ ਰਣ ਚੜਿਆ, ਖੰਡਾ ਫੜਿਆ।

ਕਵੀ ਮਟਕ ਯੁੱਧ ਦਾ ਵਰਣਨ ਵੀ ਇਸੇ ਪ੍ਰਕਾਰ ਕਰਦਾ ਹੈ :

ਦੋਹੀਂ ਧਿਰੀਂ ਤੰਬੂਰ ਖੜਕਦੇ, ਲੜਦੇ ਨਦੀ ਕਿਨਾਰੇ, ਮੁਲਖਾਂ ਵਾਰੇ।

ੱਲਣ ਬੰਦੂਕਾਂ ਔਰ ਰਹਿਕਲੇ, ਤੇਗੋਂ ਦਮਕਣਿ ਭਾਰੇ, ਬਣੇ ਦੁਧਾਰੇ।

ੱਜਣ ਸੂਰਮੇ ਸਨਮੁਖ ਹੋ ਕੇ, ਰਣ ਦੇ ਵਿਚ ਪੁਕਾਰੇ, ਲੈਣ ਹੁਲਾਰੇ।

      ਹਿਤ ਮਟਕ ਗੋਲਾ ਪਿਆ ਬਰਸੇ, ਵਗਦੇ ਰੁਦ੍ਰ ਪ੍ਰਨਾਰੇ, ਲੈਣ ਹੁਲਾਰੇ।

ਡਾ. ਧਰਮ ਸਿੰਘ ਦੁਆਰਾ ਲੱਭਿਆ ਜੰਗਨਾਮਾ ‘ਸੀਹਰਫ਼ੀ ਜੰਗਨਾਮਾ ਹਰੀ ਸਿੰਘ ਜੀ ਕਾ’ ਪੰਜਾਬੀ ਜੰਗਨਾਮਾ ਸਾਹਿਤ ਵਿਚ ਮਹੱਤਵਪੂਰਨ ਵਾਧਾ ਹੈ।5 ਜਿਵੇਂਕਿ ਇਸ ਜੰਗਨਾਮੇ ਦੇ ਨਾਂ ਤੋਂ ਹੀ ਸਪੱਸ਼ਟ ਹੈ, ਇਹ ਹਰੀ ਸਿੰਘ ਨਲੂਏ ਦੇ ਜੀਵਨ ਬਿਰਤਾਂਤ ਅਤੇ ਜਮਰੌਦ ਦੀ ਪ੍ਰਸਿੱਧ ਲੜਾਈ ਨੂੰ ਇਤਿਹਾਸਿਕ ਵੇਰਿਵਿਆਂ ਰਾਹੀਂ ਪ੍ਰਗਟ ਕਰਦਾ ਹੈ। ਕਵੀ ਗੁਰਮੁਖ ਸਿੰਘ ਦੁਆਰਾ ਰਚਿਤ ਇਸ ਜੰਗਨਾਮੇ ਵਿਚ ਰਣਜੀਤ ਸਿੰਘ ਕਾਲ ਦੀਆਂ ਇਤਿਹਾਸਿਕ ਘਟਨਾਵਾਂ ਦਾ ਮਿਤੀਬੱਧ ਵਰਣਨ ਕੀਤਾ ਗਿਆ ਹੈ। ਇਸ ਦੇ ਬਾਵਜੂਦ ਕਲਾਤਮਿਕ ਪੱਖ ਤੋਂ ਇਹ ਜੰਗਨਾਮਾ ਵੀ ਸ਼ਾਹ ਮੁਹੰਮਦ ਦੁਆਰਾ ਰਚਿਤ ਜੰਗਨਾਮੇ ਦਾ ਮੁਕਾਬਲਾ ਨਹੀਂ ਕਰਦਾ। ਇਹ ਜੰਗਨਾਮਾ ਆਪਣੇ ਸੀਮਤ ਘੇਰੇ ਅਤੇ ਨਿਸ਼ਚਿਤ ਹੱਦਬੰਦੀਆਂ ਕਾਰਨ ਕਲਾਤਮਿਕਤਾ ਦੇ ਉਨ੍ਹਾਂ ਅੰਬਰਾਂ ਨੂੰ ਛੂਹ ਨਾ ਸਕਿਆ, ਜਿੰਨ੍ਹਾਂ ਨੂੰ ਛੂਹਣ ਵਿਚ ਸ਼ਾਹ ਮੁਹੰਮਦ ਦੁਆਰਾ ਰਚਿਤ ਜੰਗਨਾਮੇ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਕਵੀ ਗੁਰਮੁਖ ਸਿੰਘ ਦੀ ਕਲਾਤਮਿਕ ਸੀਮਤਾਈ ਸੰਬੰਧੀ ਡਾ. ਧਰਮ ਸਿੰਘ ਦੇ ਹੇਠ ਲਿਖੇ ਸ਼ਬਦ ਵਰਣਨਯੋਗ ਹਨ :

‘ਸੀਹਰਫ਼ੀ ਜੰਗਨਾਮਾ ਹਰੀ ਸਿੰਘ ਜੀ ਕਾ’ ਵਿਚ ਵੀ ਇਸ ਦੇ ਕਰਤਾ ਗੁਰਮੁਖ ਸਿੰਘ ਦੀ ਕਲਾ ਪਾਤਰਾਂ, ਭੂਗੋਲਿਕ ਵੇਰਵੇ ਅਤੇ ਗਿਣਵੇਂ ਚੁਣਵੇਂ ਬੰਦਾਂ ਹੇਠ ਦਬ ਕੇ ਰਹਿ ਗਈ ਹੈ। ਗੁਰਮੁਖ ਸਿੰਘ ਦਾ ਦ੍ਰਿਸ਼ਟੀਕੋਣ ਇਤਿਹਾਸ ਮੁੱਖ ਹੈ, ਕਲਾ ਮੁੱਖ ਨਹੀਂ ਹਾਂ ਕਿਤੇ ਕਿਤੇ ਰਸਾਲਿਆਂ ਦੀ ਚੜਤ ਅਤੇ ਯੁੱਧ ਦੇ ਵਰਣਨ ਵਿਚ ਉਸ ਨੇ ਆਪਣੀ ਕਲਾਤਮਿਕਤਾ ਦਾ ਪ੍ਰਭਾਵ ਪਾਉਣ ਦੀ ਜ਼ਰੂਰ ਕੋਸ਼ਿਸ਼ ਕੀਤੀ ਹੈ।6

ਇਸ ਤੋਂ ਇਲਾਵਾ ਡਾ. ਧਰਮ ਸਿੰਘ ਜੰਗਨਾਮਾਕਾਰ ਗੁਰਮੁਖ ਸਿੰਘ ਸੰਬੰਧੀ ਪ੍ਰਮਾਣਿਕਤਾ ਨੂੰ ਸ਼ਾਹ ਮੁਹੰਮਦ ਦੇ ਜੰਗਨਾਮੇ ਦੇ ਹਵਾਲੇ ਰਾਹੀਂ ਪੇਸ਼ ਕਰਦੇ ਹੋਏ ਲਿਖਦੇ ਹਨ ਕਿ “ਸ਼ਾਹ ਮੁਹੰਮਦ ਦੇ ਜੰਗਨਾਮੇ ਵਿਚ ਜਿਥੇ ਰਾਜਾ ਧਿਆਨ ਸਿਘ ਦੇ ਕਤਲ ਦੀ ਗੱਲ ਚੱਲਦੀ ਹੈ, ਉਥੇ ਇਹ ਸਤਰਾਂ ਆਉਂਦੀਆਂ ਹਨ :

ਗੁਰਮੁਖ ਸਿੰਘ ਗਿਆਨੀ ਨੇ ਮਤ ਦਿੱਤੀ,

      ੁਸੀਂ ਇਹ ਕਿਉਂ ਜੀਂਵਦਾ ਛੱਡਿਆ ਜੇ।7

ਜਿਸ ਤਰ੍ਹਾਂ ਸ਼ਾਹ ਮੁਹੰਮਦ ਦੁਆਰਾ ਰਚਿਤ ਜੰਗਨਾਮੇ ਵਿਚ ਸਿੱਖ ਫ਼ੌਜ ਦੇ ਗੁਣਗਾਣ ਗਾਏ ਗਏ ਹਨ ਉਸੇ ਤਰ੍ਹਾਂ ਗੁਰਮੁਖ ਸਿੰਘ ਦੁਆਰਾ ਰਚਿਤ ਜੰਗਨਾਮੇ ਵਿਚ ਵੀ ਹਰੀ ਸਿੰਘ ਨਲੂਆ ਅਤੇ ਸਿੱਖ ਫ਼ੌਜ ਦੀ ਵੀਰਤਾ ਅਤੇ ਪ੍ਰਸਿੱਧੀ ਨੂੰ ਪੇਸ਼ ਕੀਤਾ ਗਿਆ ਹੈ। ਉਦਾਹਰਨ ਦੇ ਤੌਰ’ਤੇ ਗੁਰਮੁਖ ਸਿੰਘ ਆਪਣੇ ਜੰਗਨਾਮੇ ਵਿਚ ਯੁੱਧ ਵਰਣਨ ਦੇ ਨਾਲ-ਨਾਲ ਹਰੀ ਸਿੰਘ ਨਲੂਏ ਦੀ ਸੂਰਵੀਰਤਾ ਤੇ ਪ੍ਰਸਿੱਧੀ ਦੀ ਤਸਵੀਰ ਨੂੰ ਇਸ ਤਰ੍ਹਾਂ ਪੇਸ਼ ਕਰਦਾ ਹੈ :

ਦਾਲ-ਦੇਸ ਦੇਸੀਂ ਮਸ਼ਹੂਰ ਹੋਇਆ,

ਰੀ ਸਿੰਘ ਜਿਹਾ ਨਹੀਂ ਕੋਈ ਰਾਜਾ।

ਾਹਣ ਢੋਇ ਕਿ ਹਾਥੀਆਂ ਪਾਰ ਹੁਣੇ।

ੌਜਾਂ ਬੇੜੀਆਂ ਤੇ ਚਲਵਾਇ ਵਾਜਾ।

ਾਰ ਅਟਕ ਤੋਂ ਤੁਰੰਤ ਹੀ ਸਿੰਘ ਹੋਏ,

ੇਰਾ ਵਿਚ ਡੁਢੇਰ ਦੇ ਜਾਇ ਛਾਜਾ।

ੁਰਮੁੱਖ ਸਿੰਘ ਪੰਜਤਰਾਂ ਦੇ ਮਾਰਨੇ ਨੂੰ

      ਰੀ ਸਿੰਘ ਵੰਗਾਰਿਆ ਹੈ ਸਜਾਦਾ। 8

ਸ਼ਾਹ ਮੁਹੰਮਦ ਵਾਂਗ ਹੀ ਗੁਰਮੁਖ ਸਿੰਘ ਵੀ ਤਤਕਾਲੀਨ ਸਿੱਖ ਫ਼ੌਜ ਦੀ ਮੈਦਾਨ-ਏ-ਜੰਗ ਵਿਚ ਵਿਖਾਈ ਗਈ ਬਹਾਦਰੀ ਨੂੰ ਪੇਸ਼ ਕਰਦਾ ਹੋਇਆ ਲਿਖਦਾ ਹੈ :

ਕਾਫ਼-ਕੜਕ ਕੇ ਪਏ ਨੀ ਸਿੰਘ ਸੂਰੇ,

ਦੋਂ ਮਾਰ ਮਚੀ ਹੈ ਅਪਾਰ ਭਯਾ।

ਕੀ ਜੋਗਣੀ ਤਾਕਣੀ ਮਾਸਹਾਰੀ,

ਾਰਦ ਨੱਚਿਆ ਪੇਖ ਕੇ ਸਾਰ ਭਯਾ।

ਇਆ ਜੁਧ ਤੇ ਵਾਰ ਨਾ ਪਾਰ ਕੋਈ,

ਏ ਸਾਰ ਉੱਤੇ ਵੱਡਾ ਸਾਰ ਭਯਾ।

ੁਰਮੁੱਖ ਸਿੰਘ ਮਾਰੂ ਬੜੇ ਪੰਚ ਤੂਰੇ।

      ੂਰੇ ਆਣ ਦੇ ਮਾਰ ਪੁਕਾਰ ਭਯਾ। 22

ਇਸੇ ਤਰ੍ਹਾਂ ਹੀ ਸਰਦਾਰ ਹਰੀ ਸਿੰਘ ਨਲੂਏ ਦੀ ਬਹਾਦਰੀ ਸੰਬੰਧੀ ਕਵੀ ਰਾਮ ਦਿਆਲ ਨੇ ਜੰਗਨਾਮਾ ਲਿਖਿਆ ਹੈ, ਜਿਸ ਵਿਚ ਉਸ ਨੇ ਨਲੂਏ ਦੁਆਰਾ ਲੜਿਆ ਗਿਆ ਜਮਰੌਧ ਦਾ ਯੁੱਧ, ਉਸਦੀ ਮੌਤ, ਰਣਜੀਤ ਸਿੰਘ ਉੱਪਰ ਨਲੂਏ ਦੀ ਮੌਤ ਦਾ ਪ੍ਰਭਾਵ, ਮਹਾਂ ਸਿੰਘ ਦੀ ਵੀਰਤਾ ਅਤੇ ਉਸ ਦੇ ਗੁਣ-ਗਾਣ ਕੀਤੇ ਹਨ। ਇਹ ਜੰਗਨਾਮਾ ਭਾਵੇਂ ਸ਼ਾਹ ਮੁਹੰਮਦ ਦੇ ਜੰਗਨਾਮੇ ਵਾਂਗ ਬੈਂਤ ਵਿਚ ਲਿਖਿਆ ਗਿਆ ਹੈ ਪਰ ਇਹ ਕਲਾਤਮਿਕ ਤੌਰ’ਤੇ ਕਾਫ਼ੀ ਕਮਜ਼ੋਰ ਜੰਗਨਾਮਾ ਸਿੱਧ ਹੁੰਦਾ ਹੈ। ਇਸ ਦੀ ਬੋਲੀ ਭਾਵੇਂ ਸਰਲ ਤੇ ਠੇਠ ਪੰਜਾਬੀ ਹੈ ਪਰ ਦੁਆਬੀ ਤੇ ਫ਼ਾਰਸੀ ਦਾ ਪ੍ਰਭਾਵ ਵੀ ਦ੍ਰਿਸ਼ਟੀਗੋਚਰ ਹੁੰਦਾ ਹੈ। ਉਦਾਹਰਨ ਦੇ ਤੌਰ ਤੇ ਹੇਠ ਲਿਖਿਆਂ ਸਤਰਾਂ ਵਿਚ ਕਵੀ, ਹਰੀ ਸਿੰਘ ਨਲੂਏ ਦੀ ਯੁੱਧਬੀਰਤਾ ਦਾ ਵਰਣਨ ਕਰਦਾ ਹੋਇਆ ਲਿਖਦਾ ਹੈ :

ਹਰੀ ਸਿੰਘ ਸਰਦਾਰ ਨੇ ਯੁੱਧ ਕੀਤਾ,

ਜਿਉਂ ਕਰ ਪਾਂਡਵਾਂ ਕੌਰਵਾਂ ਅੰਤ ਕੀਤਾ।

ੇਖ ਜੁੱਧ ਸਰਦਾਰ ਦਾ ਖੁਸ਼ੀ ਹੁੰਦੇ,

      ਸ ਵਾਰ ਬੈਕੁੰਠ ਤੋਂ ਆਇ ਲੀਤਾ।

ਇਸ ਤੋਂ ਇਲਾਵਾ 1857 ਦੀ ਭਾਰਤ ਦੀ ਪਹਿਲੀ ‘ਜੰਗ-ਏ-ਆਜ਼ਾਦੀ’ ਦੀ ਲੜਾਈ ਸੰਬੰਧੀ ਖਜ਼ਾਨ ਸਿੰਘ ਨੇ ‘ਜੰਗਨਾਮਾ ਦਿੱਲੀ’ ਲਿਖਿਆ ਹੈ। ਇਸ ਦੀ ਬੋਲੀ ਉੱਪਰ ਹਿੰਦੀ ਦਾ ਰੰਗ ਭਾਰੂ ਹੈ। ਆਪਣੇ ਇਸ ਜੰਗਨਾਮੇ ਵਿਚ ਉਹ ਪਟਿਆਲੇ ਦੇ ਮਹਾਰਾਜਾ ਨਰਿੰਦਰ ਸਿੰਘ ਨੂੰ 1857 ਦੇ ਗ਼ਦਰ ਵੇਲੇ ਉਚੇਚੀ ਭਰਤੀ ਕਰਕੇ ਅੰਗਰੇਜ਼ ਸਾਮਰਾਜਵਾਦ ਦੀ ਮਦਦ ਕਰਦੇ ਹੋਏ ਵਖਾਉਂਦਾ ਹੈ। ਉਦਾਹਰਨ ਦੇ ਤੌਰ’ਤੇ ਉਸ ਦੁਆਰਾ ਹੇਠ ਲਿਖੀਆਂ ਸਤਰਾਂ ਵੇਖੀਆਂ ਜਾ ਸਕਦੀਆਂ ਹਨ, ਜਿਸ ਵਿਚ ਉਹ ਇਸ ਮੌਕੇ’ਤੇ ਕੀਤੀ ਗਈ ਭਰਤੀ ਦੀ ਪੇਸ਼ਕਾਰੀ ਨੂੰ ਇਸ ਤਰ੍ਹਾਂ ਬਿਆਨ ਕਰਦਾ ਹੈ :

-ਤੇ ਤੇਗ਼ ਮੈਦਾਨ ਵਿਚ ਬਹੁਤ ਚੱਲੇ, ਨਾਲ ਤੇਗ਼ ਦੇ ਰਾਜ ਕਮਾਂਵਦਾ ਏ,

ੜਤਲ ਸ਼ੇਰ ਦੀ ਚੜੇ ਮੈਦਾਨ ਅੰਦਰ, ਕਿਲ੍ਹੇ ਮਾਰ ਲੈਂਦਾ ਫਤਹਿ ਪਾਂਵਦਾ ਏ,

ਦੋਂ ਭਾਂਜ ਪੈਂਦੀ ਵੱਡੇ ਖ਼ਹਿਬਰਾਂ ਨੂੰ, ਜਦੋਂ ਧਮਕ ਪਿਸ਼ੌਰ ਨੂੰ ਜਾਂਵਦਾ ਏ,

      ਾਦਰਯਾਰ ਕੰਧਾਰੀਆ ਦੋਸਤ ਮੁਹੰਮਦ, ਡਰਦਾ ਕਾਬਲੋਂ ਉਰ੍ਹਾਂ ਨਾ ਆਂਵਦਾ ਏ।

ਉਪਰੋਕਤ ਜੰਗਨਾਮਿਆਂ ਦੇ ਮੁਕਾਬਲੇ ਸ਼ਾਹ ਮੁਹੰਮਦ ਅਸਿੱਧੇ ਤੌਰ’ਤੇ ਇਸ ਜੰਗਨਾਮੇ ਵਿਚਲੇ ਨਾਇਕ ਦੀਆਂ ਖ਼ੂਬੀਆਂ ਨੂੰ ਬਿਆਨ ਕਰਦਾ ਹੈ। ਅਜਿਹਾ ਕਰਦਿਆ ਉਹ ਰਣਜੀਤ ਸਿੰਘ ਨੂੰ ਪਿੱਠ-ਭੂਮੀ ਵਿਚ ਰੱਖਦਿਆਂ ਉਸ ਨੂੰ ਨਾਇਕ ਵਜੋਂ ਉਭਾਰਨ ਦਾ ਯਤਨ ਕਰਦਾ ਹੈ। ਇਸ ਤੋਂ ਇਲਾਵਾ ਜੰਗ ਦੇ ਵੇਰਵਿਆਂ ਨੂੰ ਵਿਸਥਾਰ ਵਿਚ ਪੇਸ਼ ਕਰਦਾ ਹੋਇਆ ਸ਼ਾਹ ਮੁਹੰਮਦ ਬਹਾਦਰੀ ਤੇ ਬੁਜ਼ਦਿਲੀ ਦੇ ਵੇਰਵਿਆਂ ਨੂੰ ਵੀ ਸਮਾਨਾਂਤਰ ਪੇਸ਼ ਕਰਦਾ ਹੈ। ਅਜਿਹਾ ਕਰਦਿਆਂ ਉਹ ਵਰਤਮਾਨ ਵਿਚ ਪ੍ਰਚੱਲਿਤ ਉਪਮਾਵਾਂ ਦਾ ਪ੍ਰਯੋਗ ਕਰਦਾ ਹੈ। ਉਦਾਹਰਨ ਦੇ ਤੌਰ’ਤੇ ਉਹ ਤਾਕਤਵਰ ਧਿਰ ਲਈ ‘ਬਾਜ਼’ ਅਤੇ ਕਮਜ਼ੋਰ ਧਿਰ ਲਈ ‘ਕ¨ਜ’ ਆਦਿ ਜਿਹੀਆਂ ਉਪਮਾਂਵਾਂ ਵਰਤਦਾ ਹੈ। ਇਸ ਤਰ੍ਹਾਂ ਦੀਆਂ ਉਪਮਾਂਵਾਂ ਦਾ ਪ੍ਰਯੋਗ ਇਸ ਜੰਗਨਾਮੇ ਵਿਚ ਵਾਰ-ਵਾਰ ਆਉਂਦਾ ਹੈ। ਅਜਿਹਾ ਕਰਦਿਆਂ ਕਵੀ ਪੰਜਾਬੀ ਭਾਸ਼ਾ ਦੇ ਪ੍ਰਚੱਲਿਤ ਤੇ ਪ੍ਰਵਾਣਿਤ ਮੁਹਾਵਰੇ ਨੂੰ ਨਵੀਂ ਸ਼ਕਤੀ ਤੇ ਨਵੀਨ ਲਿਸ਼ਕ ਪ੍ਰਦਾਨ ਕਰਨ ਦਾ ਯਤਨ ਕਰਦਾ ਹੈ, ਜਿਹੜੀ ਮੱਧਕਾਲ ਦੇ ਬਹੁਤ ਥੋੜ੍ਹੇ ਜੰਗਨਾਮਾਕਾਰਾਂ ਦੇ ਹਿੱਸੇ ਆਈ ਹੈ। ਇਸ ਦੇ ਮੁਕਾਬਲੇ ਮੁਕਬਲ ਦੁਆਰਾ ਲਿਖਿਆ ਗਿਆ ਜੰਗਨਾਮਾ ਭਾਵੇਂ ਵੀਰ ਰਸ ਅਤੇ ਕਰੁਣਾ ਰਸ ਨਾਲ ਭਰਪੂਰ ਹੈ ਪਰ ਇਹ ਜੰਗਨਾਮਾ ਵੀ ਸ਼ਾਹ ਮੁਹੰਮਦ ਦੇ ਜੰਗਨਾਮੇ ਦੀ ਬਰਾਬਰੀ ਨਹੀਂ ਕਰ ਸਕਿਆ। ਉਦਾਹਰਨ ਦੇ ਤੌਰ’ਤੇ ਮੁਕਬਲ ਦੁਆਰਾ ਲਿਖੇ ਗਏ ਜੰਗਨਾਮੇ ਦੀਆਂ ਹੇਠ ਲਿਖਿਆਂ ਸਤਰਾਂ ਵੇਖੀਆਂ ਜਾ ਸਕਦੀਆਂ ਹਨ, ਜਿੰਨ੍ਹਾਂ ਵਿਚ ਉਹ ਜੰਗਨਾਮੇ ਦੇ ਨਾਇਕ ਦੀ ਸਿਫ਼ਤ ਕਰਦਾ ਹੋਇਆ ਜੰਗ ਦੇ ਦ੍ਰਿਸ਼ ਨੂੰ ਪੇਸ਼ ਕਰ ਰਿਹਾ ਹੈ :

ਪੜ੍ਹ ਬਿਸਮਿਲਾ ਜ਼ੁਲਫ਼ਿਕਾਰ, ਕਰ ਮਿਆਨੋਂ ਵੱਖ,

ੇਜ ਚਮਕਦਾ ਓਸ ਦਾ, ਸੂਰਜ ਝਮਕੇ ਅੱਖ

ਰ ਕੇ ਨਾਅਰਾ ਹੈਦਰੀ, ਜਾਇ ਖਲਾ ਮੈਦਾਨ,

      ਰਜ਼ਿਸ਼ ਖਾਧੀ ਪਿਰਥਮੀ, ਕੰਬੇ ਸਭ ਅਸਮਾਨ।

ਸ਼ਾਹ ਮੁਹੰਮਦ ਦੀ ਇਕ ਖ਼ਾਸੀਅਤ ਇਹ ਵੀ ਹੈ ਕਿ ਆਪਣੇ ਬੈਂਤ ਦੀਆਂ ਅਖ਼ੀਰਲੀਆਂ ਸਤਰਾਂ ਵਿਚ ਉਹ ਕੋਈ ਨਾ ਕੋਈ ਉਪਦੇਸ਼ ਦੇਣ ਦਾ ਯਤਨ ਕਰਦਾ ਹੈ। ਉਹ ਆਪਣੀ ਰਚਨਾ ਵਿਚ ਕਈ ਥਾਵਾਂ’ਤੇ ਵੱਖ-ਵੱਖ ਘਟਨਾਵਾਂ ਨੂੰ ਚਲਚਿੱਤਰਾਂ ਦੀ ਤਰ੍ਹਾ ਪੇਸ਼ ਕਰਦਾ ਹੈ, ਜਿਸ ਦੇ ਸਿੱਟੇ ਵਜੋਂ ਇਹ ਵੱਖ-ਵੱਖ ਘਟਨਾਵਾਂ ਪਾਠਕ ਦੇ ਚੇਤਨ ਤੇ ਅਵਚੇਤਨ ਅੰਦਰ ਵੱਖ-ਵੱਖ ਦ੍ਰਿਸ਼ਾਂ ਨੂੰ ਪੈਦਾ ਕਰਨ ਦਾ ਯਤਨ ਕਰਦੀਆ ਹਨ। ਇਹ ਵੱਖ-ਵੱਖ ਦ੍ਰਿਸ਼ ਇਕ ਦੂਜੇ ਨਾਲ ਜੁੜ ਕੇ ਹੀ ਇਕ ਮਹਾਂ-ਦ੍ਰਿਸ਼ ਦੀ ਸਿਰਜਣਾ ਕਰਦੇ ਹਨ। ਇਹ ਮਹਾਂ-ਦ੍ਰਿਸ਼ ਹਿੰਦ ਅਤੇ ਪੰਜਾਬ ਵਿਚਕਾਰ ਚੱਲ ਰਹੇ ਯੁੱਧ ਦੇ ਸਮੁੱਚੇ ਮਹੌਲ ਨੂੰ ਸਜੀਵ ਕਰ ਦਿੰਦਾ ਹੈ। ਉਹ ਵੱਖ-ਵੱਖ ਫ਼ੌਜੀ ਅਧਿਕਾਰੀਆਂ ਦੀ ਮਾਨਸਿਕਤਾ ਨੂੰ ਥੋੜ੍ਹੇ ਜਹੇ ਸ਼ਬਦਾਂ ਰਾਹੀਂ ਹੀ ਪਾਠਕਾਂ ਜਾਂ ਸ੍ਰੋਤਿਆਂ ਸਾਹਮਣੇ ਲੈ ਆਉਂਦਾ ਹੈ। ਅਜਿਹਾ ਕਰਦਿਆਂ ਉਹ ਬੋਲਚਾਲ ਦੀ ਭਾਸ਼ਾ ਨੂੰ ਕਾਵਿ ਭਾਸ਼ਾ ਵਿਚ ਢਾਲਣ ਲਈ ਵਿਅੰਗ ਤੇ ਕਟਾਖ਼ਸ਼ ਦੀਆਂ ਜੁਗਤਾਂ ਬਾਖ਼ੂਬੀ ਵਰਤ ਜਾਂਦਾ ਹੈ। ਇਸ ਸੰਦਰਭ ਵਿਚ ਡਾ. ਹਰਿਭਜਨ ਸਿੰਘ ਭਾਟੀਆ ਦੇ ਵਿਚਾਰ ਵਰਣਨਯੋਗ ਹਨ ਕਿ “ਉਸ ਦੁਆਰਾ ਕੀਤੇ ਗਏ ਵਿਅੰਗ ਤੇ ਚੋਟ ਵਿਚੋਂ ਉਹਦਾ ਤੀਬਰ ਅਨੁਭਵ ਵੀ ਝਲਕਦਾ ਹੈ ਅਤੇ ਵਿਸ਼ਾਲ ਸੋਝੀ ਵੀ। ਇਸੇ ਵਿਅੰਗ ਤੇ ਕਟਾਖ਼ਸ਼ ਦੀ ਭਾਸ਼ਾ ਦੀ ਵਰਤੋਂ ਸਦਕਾ ਉਹ ਆਪਣੇ ਪਾਤਰਾਂ ਦੇ ਅੰਦਰਲੇ ਤੇ ਬਾਹਰਲੇ ਨੂੰ ਇਕੋ ਵੇਲੇ ਸਾਹਮਣੇ ਲੈ ਆਉਂਦਾ ਹੈ। ਵਿਅੰਗ ਤੇ ਚੋਟ ਉਹ ਸਿੱਖ ਸੈਨਿਕਾਂ ਉੱਪਰ ਵੀ ਕਰਦਾ ਹੈ ਅਤੇ ਰਾਣੀ ਜਿੰਦਾਂ ਉੱਪਰ ਵੀ।”8

ਯੁੱਧ ਦਾ ਚਿੱਤਰਨ ਕਰਨ ਲੱਗਿਆਂ ਸ਼ਾਹ ਮੁਹੰਮਦ ਸਿੱਖ ਸੈਨਿਕਾਂ ਉੱਪਰ ਕਟਾਖ਼ਸ਼ ਜਾਂ ਵਿਅੰਗ ਕਸਦਾ ਹੋਇਆ ਕਾਵਿਕ ਤਨਾਓ ਨੂੰ ਉਸ ਦੇ ਪ੍ਰਚੰਡ ਰੂਪ ਵਿਚ ਚਿੱਤਰਨ ਦਾ ਯਤਨ ਕਰਦਾ ਹੈ। ਭਾਸ਼ਾ ਦੀ ਵਿਅੰਗਮਈ ਤੇ ਕਟਾਖ਼ਸ਼ੀ ਸ਼ੈਲੀ ਦੀ ਵਰਤੋਂ ਕਰਦਾ ਹੋਇਆ ਕਵੀ ਦੂਸਰੀਆਂ ਭਾਸ਼ਾਵਾਂ ਦੀ ਵਰਤੋਂ ਰਾਹੀਂ ਜੰਗਨਾਮੇ ਦੀ ਭਾਸ਼ਾ ਦੀ ਵਿਲੱਖਣਤਾ ਨੂੰ ਕਾਇਮ ਰੱਖਦਾ ਹੈ। ਆਪਣੇ ਵਿਚਾਰਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕਵੀ ਸਧਾਰਨ ਜਨਤਾ ਵਿਚ ਪ੍ਰਚਲਿਤ ਲੋਕ ਭਾਸ਼ਾ ਦੀ ਤਤਸਮ ਤੇ ਤਦਭਵ ਸ਼ਬਦਾਵਲੀ ਦੀ ਵਰਤੋਂ ਕਰਦਾ ਹੈ। ਅਰਬੀ ਤੇ ਫ਼ਾਰਸੀ ਸ਼ਬਦਾਵਲੀ ਦੀ ਵਰਤੋਂ ਦੇ ਨਾਲ-ਨਾਲ ਉਹ ਅੰਗਰੇਜ਼ੀ ਸ਼ਬਦਾਵਲੀ ਦਾ ਪ੍ਰਯੋਗ ਵੀ ਕਰਦਾ ਹੈ, ਜਿਸ ਤੋਂ ਪੰਜਾਬੀ ਸਭਿਆਚਾਰ ਦੀ ਅੰਗਰੇਜ਼ੀ ਸਭਿਆਚਾਰ ਨਾਲ ਅੰਤਰ-ਕਿਰਿਆ ਵਿਚ ਪੈਣ ਦੀ ਪ੍ਰਕਿਰਿਆ ਦਾ ਪਤਾ ਚਲਦਾ ਹੈ। ਅਜਿਹੀ ਪ੍ਰਕਿਰਿਆ ਤੋਂ ਬਾਅਦ ਪੰਜਾਬੀ ਭਾਸ਼ਾ ਵਿਚ ਆਈ ਤਬਦੀਲੀ ਨੂੰ ਸ਼ਾਹ ਮੁਹੰਮਦ ਨੇ ਬੜਾ ਨੇੜੇ ਤੋਂ ਪਹਿਲੀ ਵਾਰ ਪੇਸ਼ ਕਰਨ ਦਾ ਯਤਨ ਕੀਤਾ ਹੈ। ਵੱਖ-ਵੱਖ ਪੰਜਾਬੀ ਅਖਾਣਾਂ ਤੇ ਮੁਹਾਵਰਿਆਂ ਦੀ ਵਰਤੋਂਕਰਦਿਆਂ ਸ਼ਾਹ ਮੁਹੰਮਦ ਨੇ ਪੰਜਾਬੀ ਸਭਿਆਚਾਰ ਦੇ ਨੈਣ-ਨਕਸ਼ ਉਭਾਰਨ ਦੇ ਯਤਨ ਕੀਤੇ ਹਨ। ਇਸ ਦੇ ਮੁਕਾਬਲੇ ਅਣੀ ਰਾਏ ਦੁਆਰਾ ਲਿਖੇ ਗਏ ਜੰਗਨਾਮੇ ਵਿਚ ਗੁਰੂ ਗੋਬਿੰਦ ਸਿੰਘ ਅਤੇ ਮੁਗ਼ਲ ਸੈਨਾ ਵਿਚਕਾਰ ਹੋਏ ਯੁੱਧ ਦਾ ਵਰਣਨ ਹੈ। ਇਸ ਜੰਗਨਾਮੇ ਦੇ ਕੁੱਲ 68 ਬੰਦ ਹਨ। ਸ਼ਾਹ ਮੁਹੰਮਦ ਦੇ ਮੁਕਾਬਲੇ ਅਣੀ ਰਾਏ ਦੁਆਰਾ ਰਚਿਤ ਇਹ ਜੰਗਨਾਮਾ ਯੁੱਧ ਵਰਣਨ ਵਿਚ ਬਹੁਤਾ ਅਸਰਦਾਰ ਨਹੀਂ ਹੈ। ਇਸ ਜੰਗਨਾਮੇ ਦੀ ਭਾਸ਼ਾ ਅਤੇ ਸ਼ਬਦ ਚੋਣ ਸ਼ਾਹ ਮੁਹੰਮਦ ਦੇ ਜੰਗਨਾਮੇ ਜਿੰਨੀ ਪ੍ਰਭਾਵਸ਼ਾਲੀ ਨਹੀਂ ਹੈ, ਜਿਸ ਕਰਕੇ ਇਹ ਜੰਗਨਾਮਾ ਆਪਣੇ ਪਾਠਕਾਂ/ਸ੍ਰੋਤਿਆਂ ਉੱਪਰ ਉਹ ਪ੍ਰਭਾਵ ਨਹੀਂ ਪਾਉਂਦਾ ਜੋ ਸ਼ਾਹ ਮੁਹੰਮਦ ਦਾ ਜੰਗਨਾਮਾ ਪਾਉਂਦਾ ਹੈ। ਉਦਾਹਰਨ ਦੇ ਤੌਰ’ਤੇ ਅਸੀਂ ਅਣੀ ਰਾਏ ਦੁਆਰਾ ਰਚਿਤ ਜੰਗਨਾਮੇ ਦੀਆਂ ਹੇਠ ਲਿਖੀਆਂ ਸਤਰਾਂ ਵੇਖ ਸਕਦੇ ਹਾਂ :

ਮਚੀ ਮਾਰ ਭਾਗੋ ਦੁਹੂੰ ਓਰ ਐਸੀ।

ਈ ਭੀਰ ਕੁਰਖੇਤ ਕੇ ਖੇਤ ਜੈਸੀ।

ੁਟੈ ਤੋਪ ਬੰਦੂਕ ਘੁਰੰਨਾਲ ਗੋਲਾ।

ਰੇ ਊਖ ਕੇ ਪੂਖ ਮੈਂ ਬਜ੍ਰ ਓਲਾ।

ਲੇ ਤਾਨ ਕਮਾਨ ਸੋ ਤੀਰ ਤਿੱਖੇ।

ਨੋ ਭੂਮਿ ਭਾਰੱਥ ਪਾਰੱਥ ਪਿੱਖੇ।

ਕਿਤੇ ਬਾਨ ਕੁਹਕੰਤ ਭੁਵਕੰਤ ਆਵੈ।

      ਡੈ ਆਗ ਜਿਉਂ ਲਾਗ ਜਿਉਂ ਨਾਗ ਧਾਵੈ। 59

ਇਸ ਤੋਂ ਸਪੱਸ਼ਟ ਹੈ ਕਿ ਅਣੀ ਰਾਏ ਦੇ ਮੁਕਾਬਲੇ ਸ਼ਾਹ ਮੁਹੰਮਦ ਪੰਜਾਬੀ ਲੋਕ-ਜੀਵਨ ਤੇ ਸ਼ੈਲੀ ਤੋਂ ਪੂਰੀ ਤਰ੍ਹਾਂ ਵਾਕਫ਼ ਸੀ ਕਿਉਂਕਿ ਉਸ ਦੇ ਜੰਗਨਾਮੇ ਦੇ ਹਰ ਬੋਲ ਵਿਚੋਂ ਪੰਜਾਬੀ ਭਾਸ਼ਾ ਤੇ ਸਭਿਆਚਾਰ ਦੇ ਵਿਕੋਲਿਤਰੇ ਰੰਗ ਦ੍ਰਿਸ਼ਟੀਗੋਚਰ ਹੁੰਦੇ ਹਨ। ਇਹੋ ਕਾਰਨ ਹੈ ਕਿ ਸ਼ਾਹ ਮੁਹੰਮਦ ਦੁਆਰਾ ਰਚਿਤ ਜੰਗਨਾਮਾ ਮੱਧਕਾਲੀਨ ਬਿਰਤਾਂਤਿਕ ਕਾਵਿਧਾਰਾ ਦੀ ਅਜਿਹੀ ਮੁੱਲਵਾਨ ਪੂੰਜੀ ਹੋ ਨਿਬੜਿਆ ਹੈ ਜੋ ਕੇਵਲ ਇਤਿਹਾਸਿਕ ਤੱਥਾਂ ਨੂੰ ਹੀ ਨਹੀਂ ਬਲਕਿ ਪੰਜਾਬੀ ਸਭਿਆਚਾਰ ਦੇ ਬੁਨਿਆਦੀ ਜੀਵਨ ਮੁੱਲਾਂ ਨੂੰ ਅਤੇ ਪਰੰਪਰਾਗਤ ਤੇ ਨਵੀਨ ਕਾਵਿ-ਰੂੜ੍ਹੀਆਂ ਨੂੰ ਵੀ ਆਪਣੇ ਅੰਦਰ ਸਮੋਈ ਬੈਠਾ ਹੈ। ਇਸ ਤੋਂ ਇਲਾਵਾ ਵਿਅੰਗ ਤੇ ਕਟਾਖ਼ਸ਼ ਦਾ ਉਚਿਤ ਪ੍ਰਯੋਗ, ਬਿੰਬਾਤਮਿਕ ਸ਼ੈਲੀ ਦੀ ਵਰਤੋਂ, ਮਿਸ਼ਰਿਤ ਵਿਧਾ ਦੀ ਸਿਰਜਣਾ, ਲਟਕਾਓ ਦਾ ਪ੍ਰਯੋਗ, ਤਨਾਉਮਈ ਸਥਿਤੀਆਂ ਦੀ ਪੇਸ਼ਕਾਰੀ, ਜੰਗ ਦਾ ਬਰੀਕੀ ਨਾਲ ਚਿੱਤਰਨ ਆਦਿ ਗੁਣ ਇਸ ਜੰਗਨਾਮੇ ਨੂੰ ਪੰਜਾਬੀ ਜੰਗਨਾਮਾ ਸਾਹਿਤ ਵਿਚ ਨਿਵੇਕਲਾ ਸਥਾਨ ਪ੍ਰਦਾਨ ਕਰਦੇ ਹਨ। ਇਹੋ ਕਾਰਨ ਹੈ ਕਿ ਸ਼ਾਹ ਮੁਹੰਮਦ ਦਾ ਇਹ ਜੰਗਨਾਮਾ ਭਾਵੇਂ ਮੱਧਕਾਲੀਨ ਕਾਵਿ ਨਾਲ ਸੰਬੰਧਿਤ ਹੈ ਪਰ ਇਸ ਰਚਨਾ ਕਾਰਨ ਸ਼ਾਹ ਮੁਹੰਮਦ ਦਾ ਨਾਂ ਜੰਗਨਾਮਾ ਸਾਹਿਤ ਦੇ ਇਤਿਹਾਸ ਦੇ ਪੰਨਿਆਂ’ਤੇ ਗੂੜ੍ਹੇ ਤੇ ਸੁਨਿਹਰੀ ਅੱਖਰਾਂ ਵਿਚ ਲਿਖਿਆ ਜਾ ਚੁੱਕਾ ਹੈ।

ਜਿਵੇਂ ਕਿ ਪਹਿਲਾਂ ਵੀ ਦੱਸਿਆ ਜਾ ਚੁੱਕਾ ਹੈ ਸ਼ਾਹ ਮੁਹੰਮਦ ਦੇ ਇਸ ਜੰਗਨਾਮੇ ਵਿਚ ਅੰਗਰੇਜ਼ ਸਾਮਰਾਜ ਦੀ ਗ਼ੁਲਾਮੀ ਪ੍ਰਤੀ ਘਿਰਣਾ ਅਤੇ ਪੰਜਾਬ ਦੀ ਅਜ਼ਾਦੀ ਲਈ ਤੜਪ ਦ੍ਰਿਸ਼ਟੀਗੋਚਰ ਹੁੰਦੀ ਹੈ। ਇਹੋ ਕਾਰਨ ਹੈ ਕਿ ਉਹ ਆਪਣੇ ਜੰਗਨਾਮੇ ਵਿਚ ਉਨ੍ਹਾਂ ਦੇਸ਼ ਭਗਤਾਂ, ਬਹਾਦਰਾਂ ਤੇ ਸੂਰਵੀਰਾਂ ਦਾ ਗੁਣ-ਗਾਣ ਕਰਦਾ ਹੈ, ਜਿੰਨ੍ਹਾਂ ਨੇ ਅੰਗਰੇਜ਼ ਸਾਮਰਾਜ ਨਾਲ ਲੋਹਾ ਲਿਆ ਅਤੇ ਪੰਜਾਬ ਦੀ ਅਜ਼ਾਦੀ ਲਈ ਆਪਣੇ ਖ਼ੂਨ ਦਾ ਆਖ਼ਰੀ ਕਤਰਾ ਤੱਕ ਵਹਾਅ ਦਿੱਤਾ। ਇਸ ਤੋਂ ਅਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਸ਼ਾਹ ਮੁਹੰਮਦ ਦੇ ਦਿਲ ਵਿਚ ਅੰਗਰੇਜ਼ ਸਾਮਰਾਜ ਦੇ ਪੰਜਾਬ ਵਿਚ ਦਾਖ਼ਲੇ ਦੀ ਡ¨ਘੀ ਪੀੜ ਛੁਪੀ ਹੋਈ ਹੈ। ਰਣਜੀਤ ਸਿੰਘ ਕਾਲ ਦੇ ਸਾਂਝੇ ਸਭਿਆਚਾਰ ਦਾ ਮੁੱਦਈ ਹੋਣ ਕਰਕੇ ਉਹ ਅੰਗਰੇਜ਼ ਹਾਕਮਾਂ ਦੀ ਪੰਜਾਬ ਵਿਚ ਆਮਦ ਪ੍ਰਤੀ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਾ ਹੈ। ਉਹ ਪੰਜਾਬ ਦੇ ਸਾਂਝੇ ਸਭਿਆਚਾਰਕ ਇਤਿਹਾਸ ਨੂੰ ਵਿਸ਼ਾ ਬਣਾਉਂਦਾ ਹੋਇਆ ਕਟਾਖ਼ਸ਼ਮਈ ਸ਼ੈਲੀ ਦੀ ਵਰਤੋਂ ਵਿਅੰਗਤਾਮਿਕ ਕਥਨਾਂ ਦੀ ਪੇਸ਼ਕਾਰੀ ਲਈ ਕਰਦਾ ਹੈ। ਇਸ ਸੰਦਰਭ ਵਿਚ ਪ੍ਰੋ. ਕਿਰਪਾਲ ਸਿੰਘ ਕਸੇਲ ਦੇ ਕਥਨਾਂ ਨੂੰ ਵਿਚਾਰਿਆ ਜਾ ਸਕਦਾ ਹੈ, ਜਿਨ੍ਹਾਂ ਵਿਚ ਉਹਨਾਂ ਨੇ ਸ਼ਾਹ ਮੁਹੰਮਦ ਦੀ ਤੁਲਨਾ ਵਾਰਸ ਸ਼ਾਹ ਨਾਲ ਕੀਤੀ ਹੈ :

ਸ਼ਾਹ ਮੁਹੰਮਦ ਦੇ ਬੋਲ ਉਨ੍ਹਾਂ ਵਿਰਲੇ ਵਿਅਕਤੀਆਂ ਦੇ ਬੋਲਾ ਵਿਚੋਂ ਹਨ, ਅਤੇ ਏਨੀ ਕਾਟਵੀਂ ਗੱਲ ਸ਼ਾਇਦ ਵਾਰਸ ਸ਼ਾਹ ਤੋਂ ਪਿਛੋਂ ਸ਼ਾਹ ਮੁਹੰਮਦ ਹੀ ਕਰ ਸਕਿਆ ਹੈ। ਭਾਵੇਂ ਵਾਰਸ ਸ਼ਾਹ ਤੇ ਸ਼ਾਹ ਮੁਹੰਮਦ ਦੀਆਂ ਰਚਨਾਵਾਂ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਹੈ, ਫਿਰ ਵੀ ਦੋਹਾਂ ਦੀਆਂ ਸੁਰਾਂ ਸਾਂਝੀਆਂ ਹਨ, ਕਲਾ ਦਾ ਰੰਗ ਮਿਲਦਾ ਹੈ। ਇਕ ਦੀ ਆਤਮਾ ਦੂਜੇ ਵਿਚ ਭਿੱਜੀ ਹੋਈ ਹੈ ਤੇ ਦੋਵੇਂ ਹੀ ਪੰਜਾਬ ਦੇ ਸਮੁੱਚੇ ਜਨ-ਜੀਵਨ ਨੂੰ ਆਪਣੇ ਵਿਚ ਸਮੋ ਕੇ ਬੋਲਦੇ ਹਨ। ਬੋਲਦੇ ਵੀ ਲੋਕਾਂ ਦੀ ਜ਼ੁਬਾਨ ਵਿਚ ਹਨ, ਲੋਕਾਂ ਦੇ ਛੰਦ ਵਿਚ ਅਤੇ ਲੋਕਾਂ ਦੇ ਲਹਿਜ਼ੇ ਨੂੰ ਪਹਿਲ ਦਿੰਦੇ ਹਨ; ਕਿਉਂਕਿ ਇਹ ਦੋਵੇਂ ਮਹਾਂਕਵੀ ਉਸ ਸਰਵਜਨਕ ਲੋਕ-ਪ੍ਰਿਯਤਾ ਨੂੰ ਪ੍ਰਾਪਤ ਕਰ ਗਏ, ਜੋ ਕਿਸੇ ਪ੍ਰਤਿਭਾਸ਼ਾਲੀ ਮਹਾਂਕਵੀ ਦੇ ਹਿੱਸੇ ਆਉਂਦੀ ਹੈ।9

ਸ਼ਾਹ ਮੁਹੰਮਦ ਆਪਣੀ ਇਸ ਰਚਨਾ ਵਿਚ ਭਾਵੇਂ ਕੁਝ ਇਤਿਹਾਸਿਕ ਘਟਨਾਵਾਂ ਦਾ ਜ਼ਿਕਰ ਕਰਨ ਲੱਗਿਆਂ ਉਲਾਰ ਵੀ ਹੋ ਜਾਂਦਾ ਹੈ, ਇਸ ਦੇ ਬਾਵਜੂਦ ਉਸ ਦਾ ਇਹ ਜੰਗਨਾਮਾ ਸਾਹਿਤਿਕ, ਸਭਿਆਚਾਰਕ ਅਤੇ ਇਤਿਹਾਸਿਕ ਤੌਰ’ਤੇ ਪੰਜਾਬੀ ਸਾਹਿਤ ਵਿਚ ਇਕ ਗੌਰਵਮਈ ਸਥਾਨ ਰੱਖਦਾ ਹੈ। ਸ਼ਾਹ ਮੁਹੰਮਦ ਬੁਨਿਆਦੀ ਤੌਰ’ਤੇ ਰਾਣੀ ਜਿੰਦ ਕੌਰ ਨੂੰ ਦੋਸ਼ੀ ਮੰਨਦਾ ਹੈ ਅਤੇ ਮਿਸਰ ਲਾਲ ਸਿੰਘ ਅਤੇ ਤੇਜਾ ਸਿੰਘ ਜਹੇ ਖ਼ਾਲਸਾ ਫ਼ੌਜ ਦੇ ਗ਼ਦਾਰ ਅਫ਼ਸਰਾਂ ਬਾਰੇ ਚੁੱਪ ਸਾਧ ਲੈਂਦਾ ਹੈ, ਜਦੋਂ ਕਿ ਉਸ ਦੇ ਸਮਕਾਲੀ ਕਵੀ ਜਿਵੇਂ ਮਟਕ, ਕਾਨ੍ਹ ਸਿੰਘ ਬੰਗਾ ਆਦਿ ਇਹਨਾਂ ਸਿੱਖ ਗ਼ਦਾਰ ਅਫ਼ਸਰਾਂ ਦੀ ਗ਼ਦਾਰੀ ਦਾ ਭਾਂਡਾ ਭੰਨਦੇ ਹਨ। ਉਦਾਹਰਨ ਦੇ ਤੌਰ ਤੇ ਕਵੀ ਮਟਕ, ਤੇਜਾ ਸਿੰਘ ਤੇ ਲਾਲ ਸਿੰਘ ਦੀ ਗ਼ਦਰੀ ਕਾਰਨ ਸਿੱਖਾਂ ਦੀ ਹਾਰ ਹੋਈ ਮੰਨਦਾ ਹੋਇਆ ਲਿਖਦਾ ਹੈ :

 ਲਾਲੂ ਦੀ ਲਾਲੀ ਗਈ, ਤੇਜੂ ਦਾ ਗਿਆ ਤੇਜ,

      ਣਿ ਵਿਚ ਪਿੱਠ ਦਿਖਾਇ ਕੇ ਮੋਢਾ ਆਏ ਫੇਰ।

ਇਸ ਦੇ ਬਾਵਜੂਦ ਸ਼ਾਹ ਮੁਹੰਮਦ ਦੁਆਰਾ ਇਤਿਹਾਸ ਪ੍ਰਤੀ ਅਪਣਾਏ ਗਏ ਸਮੁੱਚੇ ਦ੍ਰਿਸ਼ਟੀਕੋਣ ਪ੍ਰਤੀ ਉਂਗਲ ਨਹੀਂ ਉਠਾਈ ਜਾ ਸਕਦੀ ਕਿਉਂਕਿ ਇਹ ਊਣਤਾਈਆਂ ਨਾ ਤਾਂ ਉਸ ਦੀ ਪੰਜਾਬ ਪ੍ਰਤੀ ਅਪਣਾਈ ਗਈ ਦੇਸ਼ ਭਗਤੀ ਨੂੰ ਕੋਈ ਚੁਣੌਤੀ ਦਿੰਦੀਆ ਹਨ ਅਤੇ ਨਾ ਹੀ ਇਹ ਉਸ ਦੇ ਇਤਿਹਾਸਿਕ ਕਵੀ ਹੋਣ ਦੇ ਗੌਰਵ ਨੂੰ ਕੋਈ ਨੁਕਸਾਨ ਪਹੁੰਚਾਉਂਦੀਆਂ ਹਨ। ਹਕੀਕਤ ਇਹ ਹੈ ਕਿ ਸ਼ਾਹ ਮੁਹੰਮਦ ਦੀ ਇਹ ਰਚਨਾ ਤਤਕਾਲੀਨ ਸਮੇਂ ਦੀਆਂ ਬਲਵਾਨ ਤੇ ਨਿਰਨਾ-ਯੁਕਤ ਇਤਿਹਾਸਿਕ ਘਟਨਾਵਾਂ ਨੂੰ ਆਪਣੇ ਅੰਦਰ ਸਮੋਈ ਬੈਠੀ ਹੈ। ਭਾਵੇਂ ਕੇਵਲ 105 ਬੰਦਾਂ ਦਾ ਇਹ ਜੰਗਨਾਮਾ ਵੇਖਣ ਨੂੰ ਸੀਮਿਤ ਜਿਹਾ ਲੱਗਦਾ ਹੈ ਪਰ ਇਹ ਆਪਣੇ ਅੰਤਰੀਵ ਵਿਸਤਾਰ ਵਿਚ ਵਿਸਥਾਰਪੂਰਬਕ ਅਤੇ ਸੰਪੂਰਨ ਕਿਹਾ ਜਾ ਸਕਦਾ ਹੈ। ਪੰਜਾਬੀ ਜੰਗਨਾਮਾ ਸਾਹਿਤ ਦੇ ਇਤਿਹਾਸ ਵਿਚ ਇਸ ਜੰਗਨਾਮੇ ਵਰਗੀਆਂ ਬਹੁਤ ਘੱਟ ਰਚਨਾਵਾਂ ਦ੍ਰਿਸ਼ਟੀਗੋਚਰ ਹੁੰਦੀਆ ਹਨ, ਜੋ ਇਸ ਵਾਂਗ ਆਪਣੇ ਸਮੇਂ ਦੇ ਯਥਾਰਥ ਦੇ ਅਨੇਕ ਪੱਖਾਂ ਨੂੰ ਏਨੀ ਸੁਹਿਰਦਤਾ ਤੇ ਗੰਭੀਰਤਾ ਨਾਲ ਸਮੋਈ ਬੈਠੀਆਂ ਹਨ। ਇਹੋ ਕਾਰਨ ਹੈ ਕਿ ਸ਼ਾਹ ਮਹੁੰਮਦ ਨੇ ਆਪਣੀ ਇਸ ਰਚਨਾ ਵਿਚ ਕੁੱਜੇ ਵਿਚ ਸਮੁੰਦਰ ਬੰਦ ਕਰਨ ਦਾ ਇਕ ਖ਼ੂਬਸੂਰਤ ਪ੍ਰਮਾਣ ਪੇਸ਼ ਕੀਤਾ ਹੈ।

ਸ਼ਾਹ ਮੁਹੰਮਦ ਦੁਆਰਾ ਰਚਿਤ ਜੰਗਨਾਮੇ ਵਿਚ ਜੰਗਨਾਮੇ ਦੇ ਹੀ ਨਹੀਂ ਬਲਕਿ ਮਹਾਂਕਾਵਿ, ਕਿੱਸਾ, ਵਾਰ ਆਦਿ ਦੇ ਗੁਣ ਵੀ ਸਮਾਏ ਹੋਏ ਹਨ। ਵੀਰ ਰਸੀ ਵਰਣਨ ਤੇ ਨਿਭਾਅ ਦੇ ਸਿੱਟੇ ਵਜੋਂ ਇਸ ਵਿਚ ਵਾਰ ਦੇ ਕਈ ਗੁਣ ਮੌਜੂਦ ਹਨ। ਇਸ ਤਰ੍ਹਾਂ ਕਈ ਹੋਰ ਪੱਖਾਂ ਤੋਂ ਇਸ ਵਿਚ ਮਹਾਂਕਾਵਿ ਤੇ ਕਿੱਸੇ ਦੇ ਰੰਗ ਵੀ ਵੇਖੇ ਜਾ ਸਕਦੇ ਹਨ। ਪਰ ਵਿਸ਼ੇ ਦੇ ਵਿਸਥਾਰ ਦੇ ਨਜ਼ਰੀਏ ਤੋਂ ਅਸੀਂ ਇਸ ਜੰਗਨਾਮੇ ਨੂੰ ਦੋ ਹਿੱਸਿਆਂ ਵਿਚ ਵੰਡਦੇ ਹੋਏ। ਅਗਾਂਹ ਇਸ ਜੰਗਨਾਮੇ ਵਿਚਲੀ ਸਾਮੱਗਰੀ ਜਾਂ ਬਿਰਤਾਂਤ ਨੂੰ ਵੀ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ। ਆਪਣੇ ਸ਼ੁਰੂਆਤ ਵਾਲੇ ਬੰਦਾਂ ਵਿਚ ਸ਼ਾਹ ਮੁਹੰਮਦ ਪਰਾ-ਸਰੀਰਿਕ ਸੰਕੇਤਕ ਛੋਹਾਂ ਅਤੇ ਰਣਜੀਤ ਸਿੰਘ ਦੇ ਵਿਅਕਤਿਤਵ ਨੂੰ ਬਿਆਨ ਕਰਦਾ ਹੈ। ਇਸ ਉਪਰੰਤ ਉਹ ਲਾਹੌਰ ਦਰਬਾਰ ਵਿਚ ਵਾਪਰੇ ਕਤਲ-ਕਾਂਡਾਂ ਨੂੰ ਜੰਗਨਾਮੇ ਦੇ ਲਗਪਗ ਅੱਧੇ ਹਿੱਸੇ ਵਿਚ ਵਿਸ਼ਾ ਬਣਾਉਂਦਾ ਹੈ। ਜੰਗਨਾਮੇ ਦੇ ਅਗਲੇ ਅੱਧੇ ਹਿੱਸੇ ਵਿਚ ਹਿੰਦ-ਪੰਜਾਬ ਦੇ ਜੰਗ ਨੂੰ ਵਿਸ਼ਾ ਬਣਾਇਆ ਗਿਆ ਹੈ। ਅਜਿਹਾ ਕਰਦਿਆਂ ਸ਼ਾਹ ਮੁਹੰਮਦ ਲਗਭਗ ਸਾਰੇ ਬੰਦਾਂ ਵਿਚ ਇਤਿਹਾਸ ਦੀ ਯਥਾਰਥਕਤਾ ਨੂੰ ਪੇਸ਼ ਕਰਨ ਦਾ ਯਤਨ ਕਰਦਾ ਹੈ। ਇਹੋ ਕਾਰਨ ਹੈ ਕਿ ਡਾ. ਸੁਤਿੰਦਰ ਸਿੰਘ ਨੂਰ10, ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਵਿਚ ਪੈਦਾ ਹੋਈ ਬੁਰਛਾਗਰਦੀ ਨੂੰ ਤਬਦੀਲੀ ਦਾ ਦੌਰ ਮੰਨਦਾ ਹੈ। ਉਹ ਗ੍ਰਮਸ਼ੀ ਦੇ ਹਵਾਲੇ ਨਾਲ ਲਿਖਦਾ ਹੈ ਕਿ ਇਸ ਸਮੇਂ ਦੌਰਾਨ ਪੰਜਾਬ Organic Ideology ਤੋਂ ਕੋਹਾਂ ਦੂਰ ਜਾ ਚੁੱਕਾ ਸੀ। ਇਸ ਦੌਰਾਨ ਹੀ ਬੰਦਾ ਬਹਾਦਰ ਤਕ ਸਾਹਮਣੇ ਆ ਚੁੱਕੇ ਵਿਰੋਧ ਅੱਖੋਂ ਓਹਲੇ ਹੋ ਚੁੱਕੇ ਸਨ ਅਤੇ ਫਿਊਡਲ ਜਮਾਤ ਨੂੰ ਵਿਕਸਿਤ ਹੋਣ ਦਾ ਪੂਰਾ ਮੌਕਾ ਮਿਲ ਚੁੱਕਾ ਸੀ। ਇਸ ਤਰ੍ਹਾਂ ਡਾ. ਨੂਰ ਇਸ ਸਮੇਂ ਪੈਦਾ ਹੋਈ ਆਪ ਹੁਦਰੀ ਵਿਚਾਰਧਾਰਾ ਦੇ ਬੀਜ ਦੇ ਸਿੱਟੇ ਵਜੋਂ ਸ਼ਾਹ ਮੁਹੰਮਦ ਨੂੰ ਆਧੁਨਿਕ ਸਮੇਂ ਨਾਲ ਜੋੜਦਾ ਹੋਇਆ ਉਸ ਨੂੰ ਆਧੁਨਿਕ ਕਵਿਤਾ ਦਾ ਪਲੇਠਾ ਕਵੀ ਮੰਨਦਾ ਹੈ।

ਸ਼ਾਹ ਮੁਹੰਮਦ ਕੇਵਲ ਵਿਸ਼ੇ ਦੇ ਪੱਖ ਤੋਂ ਹੀ ਨਹੀਂ ਬਲਕਿ ਰੂਪ ਦੇ ਪੱਖੋਂ ਵੀ ਬਾਕੀ ਜੰਗਨਾਮਾਕਾਰਾਂ ਦੇ ਮੁਕਾਬਲੇ ਇਕ ਚੇਤੰਨ ਕਵੀ ਦੇ ਤੌਰ’ਤੇ ਉੱਭਰਦਾ ਹੈ। ਉਹ ਬਹੁਤ ਹੀ ਕਲਾਤਮਿਕ ਵਿਧੀ ਨੂੰ ਅਪਣਾਉਂਦਾ ਹੋਇਆ ਸਮੱਗਰੀ ਦੀ ਕਾਂਟ-ਛਾਂਟ ਕਰਦਾ ਹੈ ਅਤੇ ਸੰਕੇਤਿਕ ਸ਼ੈਲੀ ਨੂੰ ਵਰਤਦਾ ਹੈ। ਉਸ ਦੁਆਰਾ ਵਰਤੀ ਗਈ ਅਜਿਹੀ ਸ਼ੈਲੀ ਤੋਂ ਹੀ ਅਸੀਂ ਅਨੁਮਾਨ ਲਗਾ ਸਕਦੇ ਹਾਂ ਕਿ ਉਹ ਇਕ ਰਸਿਕ, ਅਨੁਭਵੀ ਅਤੇ ਹੰਢਿਆ ਹੋਇਆ ਕਵੀ ਸੀ। ਉਸ ਨੇ ਆਪਣੇ ਸਮੇਂ ਦੀ ਸਭ ਤੋਂ ਵੱਡੀ ਅਤੇ ਮਹੱਤਵਪੂਰਨ ਇਤਿਹਾਸਿਕ ਘਟਨਾ ਨੂੰ ਬੈਂਤ ਵਿਚ ਲਿਖ ਕੇ ਲੋਕ-ਪ੍ਰਿਯਤਾ ਹਾਸਲ ਕੀਤੀ। ਬੈਂਤ ਛੰਦ ਦੇ ਵਰਣਨ ਅਤੇ ਨਿਭਾਅ ਰਾਹੀਂ ਜਿਸ ਤਰ੍ਹਾਂ ਸ਼ਾਹ ਮੁਹੰਮਦ ਨੇ ਇਸ ਛੰਦ ਨੂੰ ਸਫ਼ਲਤਾ-ਪੂਰਬਕ ਪ੍ਰਯੋਗ ਵਿਚ ਲਿਆਂਦਾ ਹੈ, ਉਸ ਦੇ ਸਿੱਟੇ ਵਜੋਂ ਬੈਂਤ ਪੰਜਾਬ ਦਾ ਮੌਲਿਕ ਤੇ ਨਿਰੋਲ ਆਪਣਾ ਛੰਦ ਹੀ ਬਣ ਗਿਆ ਹੈ। ਬੈਂਤ ਦੇ ਖ਼ੂਬਸੂਰਤ ਨਿਭਾਅ ਕਾਰਨ ਹੀ ਇਸ ਜੰਗਨਾਮੇ ਵਿਚ ਅਨੇਕਾਂ ਕਾਵਿਕ ਗੁਣ ਤੇ ਉਪ-ਗੁਣ ਪੈਦਾ ਹੋਏ ਹਨ, ਜੋ ਕਿਸੇ ਹੋਰ ਪੰਜਾਬੀ ਜੰਗਨਾਮਾਕਾਰ ਦੇ ਹਿੱਸੇ ਨਹੀਂ ਆਏ। ਸੰਜਮ, ਸੰਕੇਤਿਕ ਤੇ ਸਪੱਸ਼ਟ ਬਿਆਨ ਵਿਚ ਸ਼ਾਹ ਮੁਹੰਮਦ ਦਾ ਕੋਈ ਸਾਨੀ ਨਹੀਂ ਹੈ। ਆਪਣੇ ਵਿਚਾਰਾਂ ਨੂੰ ਬਿਆਨ ਕਰਨ ਲੱਗਿਆਂ ਸ਼ਾਹ ਮੁਹੰਮਦ ਜੰਗ ਲੜਨ ਵਾਲੀਆਂ ਦੋਵੇਂ ਧਿਰਾਂ ਦੀ ਬੀਰਤਾ ਨੂੰ ਬੜਾ ਬੇਲਾਗ਼ ਹੋ ਕੇ ਪੇਸ਼ ਕਰਦਾ ਹੈ। ਜੰਗ ਦਾ ਵਰਣਨ ਕਰਦੇ ਸਮੇਂ ਉਸ ਦੀ ਸ਼ੈਲੀ ਤੇ ਸ਼ਬਵਾਦਲੀ ਬੀਰ ਰਸੀ, ਕਲਤਾਮਿਕ ਤੇ ਸ਼ਕਤੀਸ਼ਾਲੀ ਬਣ ਜਾਂਦੀ ਹੈ। ਇਸ ਦੇ ਨਾਲ ਹੀ ਦੁਖਾਂਤਕ ਪੱਖ ਨੂੰ ਪੇਸ਼ ਕਰਨ ਲੱਗਿਆਂ ਉਹ ਕਰੁਣਾ ਰਸ ਨੂੰ ਇਤਿਹਾਸਿਕ ਤੱਥ ਦੀ ਰੌਸ਼ਨੀ ਵਿਚ ਪ੍ਰਸਤੁਤ ਕਰਦਾ ਹੈ। ਇਤਿਹਾਸਿਕ ਬਿਰਤਾਂਤਿਕ ਸ਼ੈਲੀ ਤੋਂ ਇਲਾਵਾ ਇਸ ਜੰਗਨਾਮੇ ਦਾ ਨਾਟਕੀ ਬਿਆਨ ਵੀ ਪਾਠਕਾਂ ਦਾ ਧਿਆਨ ਕੇਂਦਰਿਤ ਕਰਦਾ ਹੈ।

ਸ਼ਾਹ ਮੁਹੰਮਦ ਆਪਣੀਆਂ ਕਾਵਿ ਛੋਹਾਂ ਰਾਹੀਂ ਪਾਤਰਾਂ ਦੀ ਮਾਨਸਿਕਤਾ ਤੇ ਉਨ੍ਹਾਂ ਦਾ ਨਿਖੇੜ ਬੜੀ ਖ਼ੂਬਸੂਰਤੀ ਨਾਲ ਪੇਸ਼ ਕਰਦਾ ਹੈ। ਕਲਾਤਮਿਕ ਪੱਖ ਤੋਂ ਵੱਖ-ਵੱਖ ਪਾਤਰਾਂ ਦਾ ਚਰਿੱਤਰ ਚਿੱਤਰਨ ਵੀ ਉੱਤਮ ਨਮੂਨੇ ਦਾ ਹੋਇਆ ਹੈ। ਸ਼ਾਹ ਮੁਹੰਮਦ ਸਭ ਤੋਂ ਵਡੇਰਾ ਨਿਰਮਾਣ ਉਨ੍ਹਾਂ ਜਮਾਤੀ ਪਾਤਰਾਂ ਦਾ ਕਰਦਾ ਹੈ, ਜੋ ਉਸ ਵੇਲੇ ਸੈਨਾ ਦੇ ਮੁਖੀ ਤੇ ਪੰਚ ਬਣ ਬੈਠੇ ਸਨ। ਸ਼ਾਹ ਮੁਹੰਮਦ ਬੜੀ ਦਲੇਰੀ ਤੇ ਖ਼ੂਬਸੂਰਤੀ ਨਾਲ ਇਹਨਾਂ ਪਾਤਰਾਂ ਦੇ ਉਤਾਵਲੇਪਣ, ਬੇਬਸੀ, ਸੁਆਰਥ ਆਦਿ ਨੂੰ ਕਟਾਖ਼ਸ਼ਮਈ ਢੰਗ ਨਾਲ ਬਿਆਨ ਕਰਦਾ ਹੈ। ਇਸ ਬਿਆਨ ਤੋਂ ਅਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਹ ਇਕ ਲੋਕ-ਪੱਖੀ ਇਤਿਹਾਸਕਾਰ ਵਾਂਗ ਵੱਖ-ਵੱਖ ਘਟਨਾਵਾਂ ਦਾ ਵਿਸਤਾਰਪੂਰਵਕ ਬਿਆਨ ਹੀ ਨਹੀਂ ਕਰਦਾ ਸਗੋਂ ਇਕ ਕਵੀ ਵਾਂਗ ਇਹਨਾਂ ਘਟਨਾਵਾਂ ਨੂੰ ਵੱਖ-ਵੱਖ ਚਿਹਨਾਂ ਤੇ ਬਿੰਬਾਂ ਰਾਹੀਂ ਪੇਸ਼ ਕਰਨ ਦਾ ਯਤਨ ਵੀ ਕਰਦਾ ਹੈ। ਸ਼ਾਹ ਮੁਹੰਮਦ ਦੀ ਪ੍ਰਸਿੱਧੀ ਦਾ ਇਕ ਪ੍ਰਮੁੱਖ ਕਾਰਨ ਉਸ ਦੁਆਰਾ ਵਰਤੀ ਗਈ ਬਿੰਬਾਵਲੀ ਕਰਕੇ ਵੀ ਹੈ। ਇਸ ਤੋਂ ਬਿਨਾਂ ਢੁੱਕਵੇਂ ਅਲੰਕਾਰ, ਰੂਪਕਾਂ ਤੇ ਉਪਮਾਵਾਂ ਰਾਹੀਂ ਉਹ ਸਮੁੱਚੇ ਯਥਾਰਥ ਨੂੰ ਰੂਪਮਾਨ ਕਰਨ ਦਾ ਯਤਨ ਕਰਦਾ ਹੈ। ਇਸ ਮਕਸਦ ਲਈ ਉਹ ਠੇਠ, ਸਰਲ ਤੇ ਮੁਹਵਾਰੇਦਾਰ ਭਾਸ਼ਾ ਦਾ ਪ੍ਰਯੋਗ ਬੜੀ ਖ਼ੂਬਸੂਰਤੀ ਨਾਲ ਕਰਦਾ ਹੈ। ਇਸ ਤਰ੍ਹਾਂ ਸ਼ਾਹ ਮੁਹੰਮਦ ਆਪਣੇ ਇਸ ਜੰਗਨਾਮੇ ਦੇ ਅਰੰਭ ਤੋਂ ਲੈ ਕੇ ਅੰਤ ਤਕ ਰੂਪ, ਭਾਵ, ਸ਼ੈਲੀ, ਭਾਸ਼ਾ ਆਦਿ ਦਾ ਆਪਸੀ ਸੰਤੁਲਨ ਕਾਇਮ ਰੱਖਦਾ ਹੈ। ਇਸ ਦੇ ਮੁਕਾਬਲੇ ਪੰਜਾਬੀ ਵਿਚ ਲਿਖੇ ਗਏ ਬਹੁਤ ਸਾਰੇ ਜੰਗਨਾਮਿਆਂ ਵਿਚ ਭਾਸ਼ਾ ਦੇ ਪੱਖ ਤੋਂ ਅਨੇਕਾਂ ਊਣਤਾਈਆਂ ਵੇਖੀਆਂ ਜਾ ਸਕਦੀਆਂ ਹਨ। ਉਦਾਹਰਨ ਦੇ ਤੌਰ’ਤੇ ਕਵੀ ਸੈਨਾਪਤੀ ਦੁਆਰਾ ਲਿਖਿਆ ਗਿਆ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਅਧਾਰਿਤ ਜੰਗਨਾਮਾ ਵੇਖਿਆ ਜਾ ਸਕਦਾ ਹੈ। ਇਸ ਜੰਗਨਾਮੇ ਦੀ ਭਾਸ਼ਾ ਪੰਜਾਬੀ ਨਾਲੋਂ ਬ੍ਰਜ ਦੇ ਜ਼ਿਆਦਾ ਨੇੜੇ ਹੈ। ਇਸ ਤੋਂ ਇਲਾਵਾ ਇਸ ਵਿਚ ਅਰਬੀ-ਫ਼ਾਰਸੀ ਭਾਸ਼ਾ ਦੀ ਵਰਤੋਂ ਵੀ ਕੀਤੀ ਗਈ ਹੈ। ਅਜਿਹੀ ਮਿੱਸੀ ਭਾਸ਼ਾ ਦਾ ਨਮੂਨਾ ਇਸ ਪ੍ਰਕਾਰ ਹੈ :

ਸੰਤ ਜਨਾ ਪ੍ਰਤਾਪ, ਦੁਰਤ ਮਿਟਾਵਣੀ।

ਬਚਨ ਗੋਬਿੰਦ, ਸੋਭਾ ਗਾਵਣੀ।

ੇਵਾ ਸਫ਼ਲ ਅਨੂਪ, ਜੋ ਤੁਧ ਭਾਵਣੀ।

ੇਰੀ ਉਪਮਾ ਅਪਰ ਅਪਾਰ, ਬਹੁਤ ਸੁਹਾਵਣੀ।

      ੇਰੀ ਗਤ ਮਿਤਿ ਲਖੀ ਨਾ ਜਾਇ, ਚਰਨ ਲਿਵ ਲਾਵਣੀ। 68

ਜਿਸ ਤਰ੍ਹਾਂ ਸ਼ਾਹ ਮੁਹੰਮਦ ਆਪਣੇ ਜੰਗਨਾਮੇ ਦਾ ਆਰੰਭ ਹਮਦ ਤੋਂ ਕਰਦਾ ਹੈ ਉਸੇ ਤਰ੍ਹਾਂ ਹੀ ਕਾਨ੍ਹ ਸਿੰਘ ਬੰਗਾ ਆਪਣੇ ਜੰਗਨਾਮੇ ਦੀ ਸ਼ੁਰੂਆਤ ਸੱਚੇ ਕਰਤਾਰ ਦੀ ਸਿਫ਼ਤ ਕਰਕੇ ਕਰਦਾ ਹੈ:

ਸਿਫ਼ਤ ਕਰੂੰ ਸੱਚਾ ਜੋ ਕਰਤਾਰ ਹੈ।

ਜਿਸੇ ਲੇਖ ਲਿਖਨੇ ਕੋ ਅਖ਼ਤਿਆਰ ਹੈ।

ਮਿਹਰਬਾਂ ਕਰੈ ਜਗਤ ਕੀ ਪਰਵਰੀ।

      ਹੀਂ ਸਾਥ ਉਸ ਕੋਊ ਸਰਵਰੀ।

ਇਸੇ ਤਰ੍ਹਾਂ ਹੀ ਨਿਹਾਲ ਸਿੰਘ ਆਪਣੇ ਜੰਗਨਾਮੇ ‘ਬੈਂਤਾਂ ਸ਼ੇਰ ਸਿੰਘ ਕੀਆਂ’ ਵਿਚ ਜਵਾਲਾ ਦੇਵੀ ਦੀ ਅਰਾਧਨਾ ਕਰਦਾ ਹੋਇਆ ਲਿਖਦਾ ਹੈ :

ਦਲ ਦੁਰਜਨ ਕੇ ਦਾਹਨੀ ਜੈ ਜੈ ਮਾਤਾ ਜਵਾਲ।

      ੁੰਦਰ ਸੋਭਾ ਭਵਨ ਕੀ, ਦਰਸ਼ਨ ਸਿੰਘ ਨਿਹਾਲ। 1

ਨਿਹਾਲ ਸਿੰਘ ਨੇ ਸ਼ਾਹ ਮੁਹੰਮਦ ਵਾਂਗ ਹੀ ਆਪਣੇ ਜੰਗਨਾਮੇ ਵਿਚ ਰਚਨਾ ਮਿਤੀ, ਰਚਨਾ ਵਰ੍ਹਾ ਅਤੇ ਰਚਨਾ ਸਥਾਨ ਦੇਣ ਦਾ ਵੇਰਵਾ ਇਸ ਪ੍ਰਕਾਰ ਦਿੱਤਾ ਹੈ :

ਸੰਮਤ ਉੱਨੀ ਸੈ ਵਿਖੈ, ਅੱਸੂ ਪਹਿਲੀ ਆਹਿ।

      ਹੋ ਹੰਗਾਮਾ ਹੋਇਆ, ਤਖ਼ਤ ਲਾਹੌਰ ਕੀ ਜਾਹਿ। 35

ਕਾਨ੍ਹ ਸਿੰਘ ਬੰਗਾ ਵੀ ਆਪਣੇ ਜੰਗਨਾਮੇ ਦੇ ਅਖ਼ੀਰ ਵਿਚ ਆਪਣਾ ਨਾਂ, ਜ਼ਾਤ, ਗੋਤ , ਪਿੰਡ ਆਦਿ ਦਾ ਸੰਕੇਤ ਇਸ ਪ੍ਰਕਾਰ ਦਿੰਦਾ ਹੈ :

ਅਜਬ ਦੇਸ ਦੁਆਬਾ ਮੇਂ ਬੰਗਾ ਮਕਾਨ।

      ੀਆ ਜੰਗਨਾਮਾ ਉਸੀ ਦਰਮਿਆਨ। 449

ਉਪਰੋਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਸ਼ਾਹ ਮੁਹੰਮਦ ਦੀ ਰਚਨਾ ਬਾਕੀ ਜੰਗਨਾਮਾਕਾਰਾਂ ਨਾਲੋਂ ਹਰ ਪੱਖੋਂ ਸ੍ਰੇਸ਼ਟ ਹੈ। ਸ਼ਾਹ ਮੁਹੰਮਦ ਦੇ ਜੰਗਨਾਮੇ ਦੀ ਇਹਨਾਂ ਜੰਗਨਾਮਿਆਂ ਨਾਲੋਂ ਇਤਿਹਾਸਿਕ ਤੇ ਸਾਹਿਤਕ ਪੱਖ ਤੋਂ ਵੱਧ ਮਹਾਨਤਾ ਹੈ। ਹਕੀਕਤ ਇਹ ਹੈ ਕਿ ਬਾਕੀ ਜੰਗਨਾਮਾਕਾਰਾਂ ਦੀਆਂ ਰਚਨਾਵਾਂ ਏਨੀਆਂ ਸਰਵਸ੍ਰੇਸ਼ਟ ਤੇ ਪ੍ਰਭਾਵਸ਼ਾਲੀ ਨਹੀਂ ਹਨ। ਇਹੀ ਕਾਰਨ ਹੈ ਕਿ ਸ਼ਾਹ ਮੁਹੰਮਦ ਇਨ੍ਹਾਂ ਲਈ ਚਾਨਣ ਮੁਨਾਰਾ ਸਿੱਧ ਹੁੰਦਾ ਹੈ। ਸ਼ਾਹ ਮੁਹੰਮਦ ਜਿਥੇ ਅਲੰਕਾਰ ਪ੍ਰਬੰਧ ਲਈ ਕੋਈ ਉਚੇਚ ਕਰਦਾ ਨਜ਼ਰ ਨਹੀਂ ਆਉਂਦਾ ਉਥੇ ਉਹ ਸ਼ਬਦ ਪ੍ਰਬੰਧ ਵਿਚ ਢੁੱਕਵੀਂ ਸ਼ਬਦਾਵਲੀ ਦੇ ਪ੍ਰਯੋਗ ਵਿਚ ਪੂਰੀ ਪ੍ਰਬੀਨਤਾ ਵਿਖਾਉਂਦਾ ਹੈ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਸ਼ਾਹ ਮੁਹੰਮਦ ਪੰਜਾਬੀ ਦਾ ਪਹਿਲਾ ਕਵੀ ਹੋ ਨਿਬੜਿਆ ਹੈ, ਜਿਸ ਨੇ ਯਥਾਰਥ ਭੂਮੀ’ਤੇ ਵਿਚਰਦਿਆਂ ਇਸ ਜੰਗਨਾਮੇ ਦੀ ਰਚਨਾ ਕੀਤੀ। ਉਸ ਨੇ ਦੇਸ਼ ਪਿਆਰ ਦੀ ਕਵਿਤਾ ਨੂੰ ਰਚਦਿਆਂ ਰਣਜੀਤ ਸਿੰਘ ਦੀ ਬਹਾਦਰੀ ਅਤੇ ਸਾਂਝੀਵਾਲਤਾ ਦੀ ਭਾਵਨਾ ਨੂੰ ਸ਼ਰਧਾਂਜਲੀ ਅਰਪਨ ਕੀਤੀ। ਉਸ ਨੇ ਕੇਵਲ ਸਿੱਖ ਫੌਜ ਦੀ ਹੀ ਨਹੀਂ ਸਗੋਂ ਅੰਗਰੇਜ਼ ਫ਼ੌਜ ਦੀ ਦਲੇਰੀ, ਬਹਾਦਰੀ, ਸੂਰਵੀਰਤਾ ਦਾ ਵੀ ਬੜੀ ਭਾਵਨਾਮਈ ਰੁਚੀ ਨਾਲ ਚਿੱਤਰਨ ਕੀਤਾ। ਇਹੋ ਕਾਰਨ ਹੈ ਕਿ ਉਸ ਦੇ ਅਜਿਹੇ ਚਿੱਤਰਨ ਵਿਚ ਬੇਲਾਗਤਾ, ਅਤਿਕਥਨੀ ਦੇ ਅਭਾਵ ਆਦਿ ਵੀ ਦ੍ਰਿਸ਼ਟੀਗੋਚਰ ਹੁੰਦੇ ਹਨ। ਪੰਜਾਬ ਦੀ ਹੱਡ-ਬੀਤੀ ਨੂੰ ਸ਼ਾਹ ਮੁਹੰਮਦ ਨੇ ਜਿਸ ਵਿਅੰਗ, ਕਟਾਖ਼ਸ਼ ਅਤੇ ਸੰਜਮ ਨਾਲ ਕਲਮਬੰਦ ਕੀਤਾ ਹੈ, ਉਸ ਤੋਂ ਸ਼ਾਹ ਮੁਹੰਮਦ ਦੇ ਇਕ ਚੇਤੰਨ ਅਤੇ ਦਲੇਰ ਕਵੀ ਹੋਣ ਦਾ ਪਤਾ ਚਲਦਾ ਹੈ। ਉਸ ਨੇ ਲਾਹੌਰ ਦਰਬਾਰ ਦੀ ਖ਼ਾਨਾਜੰਗੀ ਅਤੇ ਅੰਗਰੇਜ਼ ਸਾਮਰਾਜ ਨਾਲ ਹੋਈ ਪਹਿਲੀ ਲੜਾਈ ਦੀ ਹਰ ਮਹੱਤਵਪੂਰਨ ਘਟਨਾ ਨੂੰ ਇਸ ਜੰਗਨਾਮੇ ਵਿਚ ਇਕ ਲੜੀ ਵਿਚ ਪਰੋ ਕੇ ਪੇਸ਼ ਕੀਤਾ ਹੈ। ਏਨੇ ਵੱਡੇ ਪਾਸਾਰ ਵਾਲੇ ਘਟਨਾ-ਕ੍ਰਮ ਨੂੰ ਬਹੁਤ ਹੀ ਸਮਝ ਤੇ ਸੂਝ ਨਾਲ ਪੇਸ਼ ਕਰਕੇ ਸ਼ਾਹ ਮੁਹੰਮਦ ਨੇ ਇਸ ਸ਼ਾਹਕਾਰ ਦੀ ਰਚਨਾ ਕੀਤੀ ਹੈ। ਲੋਕ ਕਵੀ ਹੋਣ ਦੇ ਨਾਤੇ ਉਸ ਨੇ ਇਕ ਅਜਿਹੀ ਬਿਰਤਾਂਤਕੀ ਰਚਨਾ ਰਚੀ ਹੈ ਜਿਸ ਵਿਚ ਉਹ ਸਹਿਜ-ਸੁਭਾਅ ਹੀ ਇਸ ਦਰਦਨਾਕ ਗਾਥਾ ਵਿਚ ਗੱਲਬਾਤੀ ਢੰਗ ਵਰਤਦਾ ਹੋਇਆ ਦ੍ਰਿਸ਼ਟੀਗੋਚਰ ਹੁੰਦਾ ਹੈ। ਇਸ ਜੰਗਨਾਮੇ ਦੀ ਕਥਾ ਵਸਤੂ ਜਿਥੇ ਨਾਟਕੀ ਰੌਚਕਤਾ ਨਾਲ ਭਰਪੂਰ ਹੈ ਉਥੇ ਠੇਠ ਤੇ ਮੁਹਾਵਰੇਦਾਰ ਭਾਸ਼ਾ ਨੇ ਇਸ ਨੂੰ ਹੋਰ ਵੀ ਮਹੱਤਵਪੂਰਨ ਬਣਾ ਦਿੱਤਾ ਹੈ। ਉਪਰੋਕਤ ਸਾਰੀਆਂ ਗੱਲਾਂ ਤੋਂ ਸਿੱਧ ਹੁੰਦਾ ਹੈ ਕਿ ਸ਼ਾਹ ਮੁਹੰਮਦ ਦਾ ਪੰਜਾਬੀ ਜੰਗਨਾਮਾ ਸਾਹਿਤ ਵਿਚ ਹੀ ਨਹੀਂ ਸਗੋਂ ਮੱਧਕਾਲੀਨ ਪੰਜਾਬੀ ਸਾਹਿਤ ਵਿਚ ਵੀ ਮਹੱਤਵਪੂਰਨ ਯੋਗਦਾਨ ਹੈ। ਇਹ ਯੋਗਦਾਨ ਕੇਵਲ ਵਿਸ਼ੇ ਦੇ ਪੱਖ ਤੋਂ ਹੀ ਨਹੀਂ ਬਲਕਿ ਜੰਗਨਾਮੇ ਦੇ ਰੂਪਕ ਪੱਖ ਤੋਂ ਵੀ ਹੈ। ਇਹੋ ਕਾਰਨ ਹੈ ਕਿ ਸ਼ਾਹ ਮੁਹੰਮਦ ਦਾ ਇਹ ਸ਼ਾਹਕਾਰ ਸਦੀਆਂ ਤੱਕ ਜ਼ਿੰਦਾ ਰਹੇਗਾ।

ਹਵਾਲੇ ਤੇ ਟਿੱਪਣੀਆਂ

1.   ਡਾ. ਗੁਰਦੇਵ ਸਿੰਘ, ਪੰਜਾਬੀ ਜੰਗਨਾਮੇ, ਪੰਨਾ 8.

2.   ਉਹੀ, ਪੰਨਾ XXVI

3.   ਸ਼ਮਸ਼ੇਰ ਸਿੰਘ ਅਸ਼ੋਕ, ਪ੍ਰਾਚੀਨ ਜੰਗਨਾਮੇ, ਪੰਨਾ 231.

4.   ਆਈ. ਸੇਰੇਬਰੀਆਕੋਵ, ਅਨੁਵਾਦ ਸ੍ਰੀਮਤੀ ਜੀ. ਮਨਜੀਤ ਸਿੰਘ ਅਤੇ ਜੀ. ਸਿੰਘ, ਪੰਜਾਬੀ ਸਾਹਿਤ, ਪੰਨਾ 86.

5.   ਸਾਹਿਤ ਅਵਲੋਕਨ, ਪੰਨੇ 78-89

6.   ਉਹੀ, ਪੰਨਾ 79

7.   ਉਹੀ, ਪੰਨਾ 81

8.   ਬਲਬੀਰ ਸਿੰਘ ਪੂਨੀ, ਜੰਗ ਸਿੰਘਾਂ ਤੇ ਅੰਗਰੇਜ਼ਾਂ, ਪੰਨਾ 29.

9.   ਕਿਰਪਾਲ ਸਿੰਘ ਕਸੇਲ ਅਤੇ ਹੋਰ, ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ, ਪੰਨਾ 354.

10. ਡਾ. ਸੁਤਿੰਦਰ ਸਿੰਘ ਨੂਰ, ਆਧੁਨਿਕ ਪੰਜਾਬੀ ਕਾਵਿ : ਸਿਧਾਂਤਕ ਪਰਿਪੇਖ, ਪੰਨੇ 14-15.

ਲੇਖਕ : ਭੀਮ ਇੰਦਰ ਸਿੰਘ,
ਸਰੋਤ : ਸ਼ਾਹ ਮੁਹੰਮਦ ਜੀਵਨ ਤੇ ਰਚਨਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3085, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-03-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

Please Login First

    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.