ਸਹਜ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਹਜ : ਸਿੱਖ ਸ਼ਬਦਾਵਲੀ ਵਿਚ, ਮਾਨਸਿਕ ਅਤੇ ਅਧਿਆਤਮਿਕ ਸ਼ਾਂਤੀ ਦੀ ਉਹ ਅਵਸਥਾ ਹੈ ਜਿਸ ਵਿਚ ਹਉਮੈ ਦਾ ਨਾਂ-ਮਾਤਰ ਵੀ ਦਖ਼ਲ ਨਹੀਂ ਹੁੰਦਾ। ਇਹ ਅਧਿਆਤਮਿਕ ਸਾਧਨਾਂ ਰਾਹੀਂ ਪ੍ਰਾਪਤ ਕੀਤੀ ਸੁਭਾਵਿਕ ਸ਼ਾਂਤੀ ਹੈ। ਹਉਮੈ ਆਦਿਕਾਲੀਨ ਮਨੁੱਖ ਤੋਂ ਹੀ ਅਭਿੰਨ ਰੂਪ ਵਿਚ ਪੈਦਾ ਹੋਏ ਸਮਾਜਿਕ-ਸਭਿਆਚਾਰਿਕ ਹਾਲਾਤਾਂ ਦਾ ਨਤੀਜਾ ਹੈ ਜੋ ਕਿ ਵਖਰੇਵਿਆਂ ਦੀ ਪ੍ਰਕਿਰਿਆ ਦੇ ਸਿੱਟੇ ਵਜੋਂ ਉਤਪੰਨ ਹੋਏ ਹੁੰਦੇ ਹਨ। ਇਸ ਤਰ੍ਹਾਂ ਹਉਮੈ ਕੇਵਲ ਮਾਨਸਿਕ ਯਥਾਰਥ ਹੈ, ਇਕ ਮਿੱਥਕ ਹੈ ਜੋ ਨਾ ਕੇਵਲ ਮਨੁੱਖੀ ਆਤਮਾ ਦੇ ਆਦਿ ਕਾਲੀਨ ਮੂਲ ਸੁਭਾਅ ਨੂੰ ਢੱਕ ਲੈਣ ਨਾਲ ਸ਼ੁਰੂ ਹੁੰਦੀ ਹੈ ਸਗੋਂ ਸਭ ਤਰ੍ਹਾਂ ਦੀਆਂ ਭਾਵੁਕ ਅਤੇ ਇੱਛਾਮਈ ਅਸ਼ਾਂਤੀਆਂ ਲਈ ਵੀ ਜ਼ਿੰਮੇਵਾਰ ਹੈ। ਜਦੋਂ ਹਉਮੈ ਨੂੰ ਸ਼ਾਤ ਕਰ ਲਿਆ ਜਾਂਦਾ ਹੈ, ਅਤੇ ਵਿਅਕਤੀ ਆਤਮਾ ਦੀ ਸੁਭਾਵਿਕ ਸ਼ਾਂਤ, ਅੰਤਰੀਵੀ ਅਵਸਥਾ ਵਿਚ ਚਲਾ ਜਾਂਦਾ ਹੈ, ਤਾਂ ਇਹ ਮੰਨਿਆ ਜਾਂਦਾ ਹੈ ਕਿ ਉਸਨੂੰ ਸਹਜ ਦੀ ਪ੍ਰਾਪਤੀ ਹੋ ਗਈ ਹੈ। ਭਾਵੇਂ ਕਿ ਇਸਨੂੰ ਇਕ ਅਵਸਥਾ ਕਿਹਾ ਜਾਂਦਾ ਹੈ ਪਰ ਅਸਲ ਵਿਚ ਇਹ ਸਭ ਅਵਸਥਾਵਾਂ ਤੋਂ ਉਪਰ ਹੁੰਦੀ ਹੈ ਕਿਉਂਕਿ ਇਹ ਉਸ ਆਤਮਾ ਵੱਲ ਵਾਪਸ ਮੋੜਾ ਹੈ ਜਿਥੇ ਇਹ ਕਿਸੇ ਵੀ ਭੇਦ ਭਾਵ ਵਾਲੀ “ਅਵਸਥਾ" ਤੋਂ ਪਹਿਲਾਂ ਮੌਜੂਦ ਸੀ ।    

    ਸਹਜ ਸ਼ਬਦ ਸੰਸਕ੍ਰਿਤ ਦੇ ਦੋ ਮੂਲ ਸ਼ਬਦਾਂ ਤੋਂ ਉਤਪੰਨ ਹੋਇਆ ਹੈ : “ਸਹ” ਭਾਵ ਸਾਥ ਅਤੇ “ਜ” ਭਾਵ ਪੈਦਾ ਹੋਣਾ। ਇਸ ਤਰ੍ਹਾਂ ਸਹਜ ਦਾ ਅਰਥ ਹੈ ਸਾਥ ਹੀ ਪੈਦਾ ਹੋਣ ਵਾਲਾ, ਭਾਵ ਜਨਮਜਾਤ। ਇਹ ਵਿਅਕਤੀ ਦੇ ਜਨਮਜਾਤ ਸੁਭਾਉ ਜਾਂ ਆਤਮਾ ਨੂੰ ਜਕੜ ਲੈਣ ਵਾਲੇ ਬਾਹਰੀ ਪ੍ਰਭਾਵਾਂ ਤੋਂ ਪਰ੍ਹਾਂ ਰਹਿਣ ਵਾਲੀ ਸਥਿਤੀ ਹੈ। ਇਸ ਤਰ੍ਹਾਂ “ਸਹਜ" ਆਤਮਾ ਦੀ ਪੁਨਰ ਸੁਤੰਤਰਤਾ ਜਾਂ ਮੁਕਤੀ ਹੈ।        

    ਸਹਜ ਸ਼ਬਦ ਦਾ ਲੰਮਾ ਇਤਿਹਾਸ ਹੈ। ਇਸਦਾ ਮੁੱਢਲਾ ਸੰਕਲਪ ਵਾਮਮਾਰਗੀ ਤਾਂਤਰਿਕ ਸੰਪਰਦਾਇ ਵਿਚੋਂ ਆਇਆ ਹੈ ਜਿਨ੍ਹਾਂ ਦੀ ਸ਼ਬਦਾਵਲੀ ਵਿਚ ਸਹਜ ਨੂੰ ਰੂੜ੍ਹੀਵਾਦੀ ਧਰਮ ਦੀਆਂ ਰੀਤਾਂ ਦੇ ਵਿਰੋਧ ਦੇ ਰੋਸ ਵਜੋਂ ਵਰਤਿਆ ਗਿਆ ਹੈ। ਉਹਨਾਂ ਨੇ ਗੈਰ-ਕੁਦਰਤੀ ਰੂੜ੍ਹੀਵਾਦੀ ਮਰਯਾਦਾਵਾਂ ਦੇ ਬੰਧਨਾਂ ਨੂੰ ਭੰਡਿਆ ਅਤੇ ਕੁਦਰਤੀ ਨੇਮਾਂ ਦੇ ਨਾ-ਉਲੰਘਣ ਨੂੰ ਸਵੀਕਾਰ ਕੀਤਾ। ਇਸ ਤਰਾਂ ਸਹਜ ਭਾਰਤੀ ਨੈਤਿਕ ਨਿਯਮਾਂ ਤੋਂ ਸੁਤੰਤਰਤਾ ਦਾ ਮੁੱਢਲਾ ਸਿਧਾਂਤ ਹੈ।ਸਹਜਯਾਨੀ ਬੋਧੀਆਂ, ਨਾਥ ਯੋਗੀਆਂ ਅਤੇ ਸਹਜਿਯਾ ਸ਼ੈਵਾਂ, ਆਦਿ ਸਾਰਿਆਂ ਨੇ ਆਪਣੇ ਸਮੇਂ ਵਿਚ ਵਿਸ਼ੇਸ਼ ਤਰੀਕੇ ਨਾਲ, ਸਹਜ ਨੂੰ ਅਪਣਾਉਣ ਤੇ ਜ਼ੋਰ ਦਿੱਤਾ, ਪਰ ਇਹ ਸਾਰੇ ਇਕ ਤਰ੍ਹਾਂ ਨਾਲ ਤਾਂਤਰਿਕ ਦਿੱਖ ਵਾਲੇ ਸਨ , ਕਿਉਕਿ ਇਕੱਲੇ ਨਾਥਪੰਥੀਆਂ ਨੂੰ ਛੱਡ ਕੇ ਇਹਨਾਂ ਸੰਪਰਦਾਵਾਂ ਦਾ ਮੂਲ ਉਦੇਸ਼ ਧਾਰਮਿਕ ਸਾਧਨਾਂਵਾਂ ਵਿਚ ਮੈਥੁਨਪਰਕ (ਭੈਰਵੀ ਚੱਕਰ) ਅਭਿਆਸ ਸਨ। ਇਹਨਾਂ ਸੰਪਰਦਾਵਾਂ ਨੂੰ ਮੰਨਣ ਵਾਲੇ ਨੈਤਿਕ ਸੀਮਾਵਾਂ ਦੇ ਵਿਰੋਧ ਨੂੰ ਖੁੱਲ੍ਹ ਕੇ ਦੂਰ ਤੋਂ ਦੂਰ ਲੈ ਗਏ ਅਤੇ ਮੰਨਣ ਲੱਗ ਪਏ ਕਿ ਅਜਿਹੇ ਕੁਦਰਤੀ ਕੰਮ ਜਿਵੇਂ ਕਿ ਮਾਸ ਖਾਣ ਅਤੇ ਸ਼ਰਾਬ ਪੀਣ ਜਿਸ ਨਾਲ ਜੀਵਨ ਨੂੰ ਤੰਦੁਰਸਤੀ ਮਿਲਦੀ ਹੈ, ਜਿਨਸੀ ਸੰਬੰਧ ਜਿਹੜੇ ਜੀਵਨ ਦਾ ਪਸਾਰ ਕਰਦੇ ਹਨ ਅਤੇ ਕੁਦਰਤੀ ਕਿਰਿਆਵਾਂ ਜੋ ਇਹਨਾਂ ਨੂੰ ਸੁਖ਼ਾਲਾ ਬਣਾਉਂਦੀਆਂ ਹਨ ਬਹੁਤ ਹੀ ਪ੍ਰਸੰਸਾ ਯੋਗ ਕੰਮ ਹਨ। ਅਸਲ ਪ੍ਰਕਿਰਿਆ ਵਿਚ, ਇਹ ਪੂਰਨ ਤੌਰ ਤੇ ਕਾਮੁਕ ਭੁੱਖ ਦੀ ਅਧੀਨਗੀ ਹੈ। ਇਸਦੇ ਨਤੀਜੇ ਵਜੋਂ, ਇਹ ਸੰਪਰਦਾਵਾਂ ਬਦਨਾਮ ਹੋ ਗਈਆਂ ਅਤੇ ਸਹਜ ਦੇ ਅਸਲ ਸੰਕਲਪ ਦੇ ਨੈਤਿਕ ਭਾਵਾਰਥਾਂ ਤੇ ਪ੍ਰਸ਼ਨ ਚਿੰਨ੍ਹ ਲੱਗ ਗਏ। ਭਾਰਤੀ ਰਹੱਸਵਾਦੀ ਪਰੰਪਰਾ ਵਿਚ ਸਿੱਖ ਧਰਮ ਦੇ ਗੁਰੂਆਂ ਨੇ ਇਸ ਸ਼ਬਦ ਨੂੰ ਮੁੜ ਪ੍ਰਚਲਿਤ ਕਰਕੇ ਇਸ ਸ਼ਬਦ ਦੇ ਇਤਿਹਾਸ ਵਿਚ ਇਕ ਨਵਾਂ ਮੋੜ ਦਿੱਤਾ। ਉਹਨਾਂ ਨੇ ਨਵੇਂ ਅਰਥਾਂ ਵਿਚ ਇਸਦਾ ਵਿਸਤਾਰ ਕੀਤਾ ਅਤੇ ਇਸਦੇ ਰਹੱਸਵਾਦੀ ਅਰਥ ਨੂੰ ਮਹਾਨ ਅਥਵਾ ਉਦਾਰ ਨੈਤਿਕਤਾ ਅਤੇ ਸੁਹਜਮਈ ਭਾਵਾਰਥਾਂ ਨਾਲ ਜੋੜਿਆ ਜਿਸ ਨਾਲ ਇਹ ਆਤਮਾ ਦੇ ਵਿਕਾਸ ਦਾ ਸਾਧਨ ਬਣਿਆ।

    ਸਹਜ ਦੇ ਸਿੱਖ ਸੰਕਲਪ ਵਿਚ ਉਪਰ ਦਰਸਾਏ ਗਏ ਫਿਰਕਿਆਂ ਦੇ ਇਹ ਅੰਸ਼ ਸ਼ਾਮਲ ਹਨ: (ੳ) ਬਾਹਰੀ ਲੋਕਾਚਾਰ ਦਾ ਪਰਿਤਿਆਗ, (ਅ) ਪਰੋਹਤ ਸੱਤਾ ਦੀ ਅਸਵੀਕ੍ਰਿਤੀ, (ੲ) ਅਧਿਆਤਮਿਕ ਉਨਤੀ ਅਤੇ ਵਿਕਾਸ ਲਈ ਗੁਰੂ ਦੀ ਲੋੜ ਤੇ ਜ਼ੋਰ, (ਸ) ਅਨੁਭਵ ਦੇ ਅਕੱਥ ਅਨੰਦ ਅਤੇ ਅਡੋਲ ਸੰਤੁਲਨ ਦੇ ਰੂਪ ਵਿਚ ਪਰਮ ਸੱਤਾ ਨੂੰ ਸਵੀਕਾਰ ਕਰਨਾ। ਪਰੰਤੂ ਸਿੱਖ ਧਰਮ ਨਾ ਕੇਵਲ ਸਹਜਯਾਨੀਆਂ ਦੀ ਵਾਮਾਚਾਰੀ ਕਿਰਿਆਵਾਂ ਅਤੇ ਨਾਲ ਨਾਲ ਨਾਥ ਪੰਥੀਆਂ ਦੀ ਇਸਤਰੀਆਂ ਦੀ ਨਿਰਾਦਰੀ ਦੇ ਮੁੱਦੇ ਤੇ ਵੱਖ ਹੈ ਸਗੋਂ ਸਿੱਖ ਧਰਮ ਇਹਨਾਂ ਦੇ ਸੰਕਲਪਾਤਮਿਕ ਵਿਸਤਾਰ ਵਿਚ ਵੀ ਭਿੰਨ ਹੈ।ਗੁਰੂ ਸਾਹਿਬਾਨ ਲਈ, ਮਨੁੱਖ ਦਾ ਅਸਲ ਸੁਭਾਅ ਅੰਤਰੀਵੀ ਗਿਆਨ ਜਾਂ ਪ੍ਰਕਾਸ਼ ਦਾ ਸੁਭਾਅ ਹੈ “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ” (ਗੁ.ਗ੍ਰੰ.441)। ਇਸ ਕੁਦਰਤੀ ਆਤਮ-ਤੱਤ ਦੀ ਪੁਨਰ-ਪ੍ਰਾਪਤੀ, ਇਸ ਨਾਲ ਸੰਬੰਧਿਤ ਸ਼ਾਂਤੀ ਅਤੇ ਟਿਕਾਉ ਸਹਜ ਹੈ। ਇਸ ਅਵਸਥਾ ਵਿਚ, ਜੀਵਨ ਕਿਸੇ ਵੀ ਬਣਾਵਟ ਜਾਂ ਬਣਾਉਟੀ ਦਿਖਾਵੇ ਤੋਂ ਨਿਰਲੇਪ ਹੁੰਦਾ ਹੈ ਕਿਉਕਿ ਇਹੀ ਹਉਮੈ ਲਈ ਰਖਿਆ ਕਵਚ ਹੈ ਅਤੇ ਸਹਜ ਵਿਚ ਇਸ ਉੱਤੇ ਜਿੱਤ ਪ੍ਰਾਪਤ ਕੀਤੀ ਜਾਂਦੀ ਹੈ। ਉਸ ਸਮੇਂ ਵਿਅਕਤੀ ਦੀ ਮੁੱਢਲੀ ਸੁਭਾਵਿਕ ਸਹਜ ਪ੍ਰਵਿਰਤੀ ਵਿਚੋਂ ਪ੍ਰੇਮ, ਭਲਾਈ ਅਤੇ ਦਇਆ ਉਤਪੰਨ ਹੁੰਦੇ ਹਨ ।ਸਹਜ ਦਾ ਇਹ ਵਿਸਤ੍ਰਿਤ ਸੰਕਲਪ ਪਰਾਭੌਤਿਕ ਅਵਸਥਾ ਨੂੰ ਮਹੱਤਵ ਦਿੰਦਾ ਹੈ ਜਿਹੜੀ ਵਿਅਕਤੀ ਦੇ ਸਧਾਰਨ ਗੁਣਾਂ ਦੀਆਂ ਵਿਧੀਆਂ ਤੋ ਪਰ੍ਹੇ, ਚੇਤਨਾ ਦੇ ਵਿਹਾਰਿਕ ਪੱਧਰ ਤੋਂ ਪਰ੍ਹੇ ਅਤੇ ਦਵੈਤ ਜਾਂ ਮਾਯਾ ਦੇ ਭੁਲੇਖੇ ਤੋਂ ਪਰੇ ਹੁੰਦੀ ਹੈ।

    ਸਹਜ ਦੇ ਸਿੱਖ ਸੰਕਲਪ ਦੇ ਅਰਥ ਦੇ ਵਧੇਰੇ ਮਹੱਤਵ ਨੂੰ ਜਾਨਣ ਲਈ ਇਸ ਦੇ ਵੱਖ-ਵੱਖ ਪੱਖਾਂ ਤੇ ਵਿਚਾਰ ਕੀਤਾ ਜਾ ਸਕਦਾ ਹੈ। ਇਸਦੇ ਸੰਗਿਆਨਿਕ ਦ੍ਰਿਸ਼ਟੀਕੋਣ ਤੋਂ, ਇਸਨੂੰ ਪ੍ਰਬੁੱਧਤਾ, ਚੇਤਨਾ ਦੀ ਇਕ ਉੱਚਤਮ ਅਵਸਥਾ, ਸਹਜ ਰਹੱਸ ਜਾਂ ਅੰਤਰੀਵੀ ਗਿਆਨ ਦੇ ਤੌਰ ਤੇ ਵੇਖਿਆ ਜਾ ਸਕਦਾ ਹੈ। ਇਸ ਅਵਸਥਾ ਵਿਚ ਅੰਤਰਮੁਖੀ ਅਤੇ ਬਾਹਰਮੁਖੀ ਦਵੈਤਵਾਦ (ਹਉਮੈ ਅਤੇ ਵਿਅਕਤੀਕਰਨ ਦੀ ਪ੍ਰਕਿਰਿਆ ਦਾ ਨਤੀਜਾ) ਖ਼ਤਮ ਹੋ ਜਾਂਦਾ ਹੈ ਕਿਉਂਕਿ ਅੰਤਰਮੁਖੀ, ਬਾਹਰਮੁਖੀ ਦਵੰਦ ਦੇ ਦੁਆਲੇ ਸਾਰੀਆਂ ਦਵੈਤਵਾਦੀ ਭਾਵਨਾਵਾਂ ਵਿਕਸਿਤ ਹੁੰਦੀਆਂ ਹਨ; ਦਵੰਦ ਦੇ ਖ਼ਤਮ ਹੋਣ ਨਾਲ ਦਵੈਤਵਾਦ ਅਲੋਪ ਹੋ ਜਾਂਦਾ ਹੈ, ਦੂਰੀਆਂ ਮਿੱਟ ਜਾਂਦੀਆਂ ਹਨ ਅਤੇ ਪ੍ਰਤੱਖਤਾ ਦੇ ਪ੍ਰਭਾਵ ਨਾਲ ਸੱਚਾਈ ਸਾਮ੍ਹਣੇ ਆ ਜਾਂਦੀ ਹੈ। ਇਸਦੇ ਇੱਛਾਤਮਿਕ ਦ੍ਰਿਸ਼ਟੀਕੋਣ ਵਿਚ, ਸਹਜ, ਸੁਤੰਤਰਤਾ ਦੀ ਅਵਸਥਾ ਹੈ ਜਿਸ ਵਿਚ ਸਭ ਕੁਝ ਸਹਜ ਸੁਭਾਇ ਵਾਪਰਦਾ ਹੈ। ਹਰ ਤਰਾਂ ਦੇ ਵਿਕਸਿਤ, ਭਾਵਾਤਮਿਕ ਅਤੇ ਨੈਤਿਕ ਵਿਵਹਾਰ ਦਾ ਆਧਾਰ ਸਹਜ-ਪ੍ਰਵਿਰਤੀ ਹੈ। ਭਾਵਾਤਮਿਕ ਅਤੇ ਸੁਹਜ ਪੱਧਰਾਂ ਤੇ ਇਹ ਅੰਦਰੂਨੀ ਅਤੇ ਬਾਹਰੀ ਇਕਸੁਰਤਾ ਦੀ ਖੋਜ ਨੂੰ ਮਹੱਤਵ ਦਿੰਦਾ ਹੈ।ਜਿਵੇਂ ਕਿ ਇਹ ਮੰਨਿਆ ਜਾਂਦਾ ਹੈ ਕਿ ਸਹਜ ਵਿਚ, ਸੌਂਦਰਯ ਪ੍ਰਤੱਖੀਕਰਨ ਦਾ ਦਸਮ ਦੁਆਰ ਖੁੱਲ੍ਹ ਜਾਂਦਾ ਹੈ ਅਤੇ ਵਿਅਕਤੀ ਸਿੱਧੇ ਤੌਰ ਤੇ ਲੈਆਤਮਕਿਤਾ ਪ੍ਰਾਪਤ ਕਰਕੇ ਅਨਹਦ ਨਾਦ ਤਕ ਪਹੁੰਚਦਾ ਹੈ ਜਿਸ ਵਿਚ ਸਹਜ ਅਨੰਦ ਦਾ ਬੰਧਨ ਮੁਕਤ ਵਿਆਪਕ ਅਨੁਭਵ ਹੁੰਦਾ ਰਹਿੰਦਾ ਹੈ।

    ਸਹਜ ਵਿਚ ਹੋਂਦ ਦਾ ਡੂੰਘਾ ਮਹੱਤਵ ਉਜਾਗਰ ਹੁੰਦਾ ਹੈ। ਜਦੋਂ ਕਿਸੇ ਦਾ ਝੁਕਾਅ ਇਸ ਵੱਲ ਹੋ ਜਾਂਦਾ ਹੈ ਤਾਂ ਭਾਵਾਤਮਿਕ ਅਸ਼ਾਂਤੀ ਖ਼ਤਮ ਹੋ ਜਾਂਦੀ ਹੈ। ਸੁੱਖ ਅਤੇ ਦੁੱਖ ਸਮੁੰਦਰੀ ਲਹਿਰਾਂ ਵਾਂਗ ਆਉਂਦੇ ਜਾਂਦੇ ਰਹਿੰਦੇ ਹਨ ਪਰ ਅੰਦਰੂਨੀ ਤੌਰ ਤੇ ਵਿਅਕਤੀ ਸਮੁੰਦਰ ਵਾਂਗ ਸ਼ਾਂਤ ਰਹਿੰਦਾ ਹੈ। ਤਦ , ਇਸ ਤਰਾਂ ਲਗਦਾ ਹੈ, ਵਿਅਕਤੀ ਸੁੱਖ ਅਤੇ ਦੁੱਖ ਨੂੰ ਕਪੜੇ ਬਦਲਣ ਵਾਂਗ ਸਮਝਦਾ ਹੈ : ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ (ਗੁ. ਗ੍ਰੰ. 149)। ਇਸ ਤਰਾਂ ਸਹਜ ਮਾਨਸਿਕ ਸੰਤੁਲਨ ਦਾ ਮੁਜੱਸਮਾ ਹੈ ਜਿਸ ਵਿਚ ਸਮੂਹ ਭਾਵਨਾਵਾਂ ਦੀ ਹਲਚਲ ਸ਼ਾਂਤ ਹੋ ਗਈ ਹੁੰਦੀ ਹੈ।ਸੁਆਰਥੀ ਵਿਅਕਤੀ ਦੁਬਿਧਾ ਵਿਚ ਰਹਿੰਦੇ ਹਨ ਅਤੇ ਉਹਨਾਂ ਦੇ ਮਨ ਚਿੰਤਾਂਵਾਂ ਨਾਲ ਭਰੇ ਹੁੰਦੇ ਹਨ ਜੋ ਕਿ ਉਹਨਾਂ ਨੂੰ ਚੇਤੰਨ ਨਹੀਂ ਰਹਿਣ ਦਿੰਦੀਆਂ। ਸੂਝਵਾਨ ਸਹਜ ਵਿਚ ਸੌਂਦੇ ਅਤੇ ਜਾਗਦੇ ਹਨ “ਮਨਮੁਖਿ ਭਰਮੈ ਸਹਸਾ ਹੋਵੈ॥ ਅੰਤਰਿ ਚਿੰਤਾ ਨੀਦ ਨ ਸੋਵੈ॥ ਗਿਆਨੀ ਜਾਗਹਿ ਸਵਹਿ ਸੁਭਾਇ॥ਨਾਨਕ ਨਾਮਿ ਰਤਿਆ ਬਲਿ ਜਾਉ” (ਗੁ. ਗ੍ਰੰ. 646)। ਸ਼ਾਂਤੀ ਇਸ ਅਵਸਥਾ ਦੀ ਪ੍ਰਮਾਣਿਕਤਾ ਦਾ ਚਿੰਨ੍ਹ ਹੈ, ਇਸ ਲਈ ਇਧਰ ਉਧਰ ਭੱਜਣਾ ਅਤੇ ਸਮੂਹ ਕੰਮਾਂ ਦੀ ਬੇਚੈਨੀ ਖ਼ਤਮ ਹੋ ਜਾਂਦੀ ਹੈ। ਭਟਕਣ ਆਪਣੇ ਆਪ ਹੀ ਖ਼ਤਮ ਹੋ ਜਾਂਦੀ ਹੈ ਅਤੇ ਜੀਵਨ ਵਿਚ ਇਕ ਨਵੀਂ ਵਡਿਆਈ ਲੱਭ ਲਈ ਜਾਂਦੀ ਹੈ।

    ਸਹਜ ਨੂੰ ਸੁਤੰਤਰਤਾ ਦੀ ਅਵਸਥਾ ਕਿਹਾ ਗਿਆ ਹੈ। ਇਹ ਤ੍ਰਿਸ਼ਨਾ , ਦਵੰਦ ਅਤੇ ਮਾਯਾ ਦੀ ਸੁਤੰਰਤਾ ਵੱਲ ਸੰਕੇਤ ਹੈ। ਵਿਅਕਤੀ ਸਮਾਜਿਕ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ ਪਰ ਸਮਾਜਿਕ ਜ਼ਿੰਮੇਵਾਰੀਆਂ ਤੋਂ ਭਜਦਾ ਨਹੀਂ। ਇਸ ਦੇ ਉਲਟ,ਵਿਅਕਤੀ ਹਉਮੈ ਦੇ ਪ੍ਰਭਾਵ ਤੋਂ ਮੁਕਤ ਹੋ ਜਾਂਦਾ ਹੈ, ਅਤੇ ਹੁਣ ਇਹ ਕੇਵਲ ਆਪਣੇ ਲਈ ਜੀਵਨ ਨਹੀਂ ਜਿਉਂਦਾ; ਦੂਜਿਆਂ ਲਈ ਜਿਆਦਾ ਜਿਉਂਦਾ ਹੈ। ਸਹਜ ਵਿਚ ਵਿਅਕਤੀ ਸਰੀਰਕ ਲੋੜਾਂ ਦੀ ਅਧੀਨਗੀ ਤੋਂ ਮੁਕਤ ਹੋ ਜਾਂਦਾ ਹੈ।ਇਸ ਅਵਸਥਾ ਵਿਚ ਨਾ ਤਾਂ ਆਲਸ ਅਤੇ ਨਾ ਹੀ ਭੁੱਖ ਬਾਕੀ ਰਹਿੰਦੀ ਹੈ; ਵਿਅਕਤੀ ਹਰੀ ਨਾਮ ਦੇ ਦੈਵੀ ਅਨੰਦੁ ਵਿਚ ਲੀਨ ਰਹਿੰਦਾ ਹੈ। ਜਿਸ ਵਿਅਕਤੀ ਨੂੰ ਸਰਵ-ਵਿਆਪਕ ਆਤਮਾ ਦਾ ਪ੍ਰਕਾਸ਼ ਪ੍ਰਾਪਤ ਹੁੰਦਾ ਹੈ ਉਸਨੂੰ ਦੁਨਿਆਵੀ ਸੁੱਖ ਅਤੇ ਦੁੱਖ ਪ੍ਰਭਾਵਿਤ ਨਹੀਂ ਕਰ ਸਕਦੇ- “ਗੁਰਮੁਖਿ ਅੰਤਰਿ ਸਹਜੁ ਹੈ ਮਨੁ ਚੜਿਆ ਦਸਵੈ ਆਕਾਸਿ॥ ਤਿਥੈ ਊਂਘ ਨ ਭੁਖ ਹੈ ਹਰਿ ਅੰਮ੍ਰਿਤ ਨਾਮੁ ਸੁਖ ਵਾਸੁ॥ ਨਾਨਕ ਦੁਖੁ ਸੁਖੁ ਵਿਆਪਤ ਨਹੀ ਜਿਥੈ ਆਤਮ ਰਾਮ ਪ੍ਰਗਾਸੁ॥” (ਗੁ.ਗ੍ਰੰ. 1414)।

    ਜਦੋਂ ਕੋਈ ਅੰਦਰੂਨੀ ਲੈਅ ਨਾਲ ਇਕਮਿਕ ਹੋ ਜਾਂਦਾ ਹੈ ਤਾਂ ਸਹਜ, ਅੰਦਰ ਹੀ ਇਕ ਸੁਰਤਾ ਦੀ ਚੇਤਨਾ ਦੀ ਮਹਾਨ ਸਹਜਧੁਨੀ ਵੀ ਪੈਦਾ ਕਰਦਾ ਹੈ। ਵਿਅਕਤੀ ਇਕੋ ਸਮੇਂ ਸ਼ਕਤੀਸ਼ਾਲੀ ਬ੍ਰਹਿਮੰਡ ਦੇ ਸਮੁੱਚੇ ਖੇਤਰ ਵਿਚ ਫ਼ੈਲੀ ਹੋਈ ਉਸ ਇਕਸੁਰਤਾ ਅਤੇ ਰਹੱਸਮਈ ਇਕਸਾਰਤਾ ਨੂੰ ਖੋਜ ਲੈਂਦਾ ਹੈ। ਇਸ ਅਨੁਭਵ ਦੀ ਤੀਬਰਤਾ ਬਹੁਤ ਹੀ ਸੁਹਜਾਤਮਿਕ ਅਸਚਰਜਤਾ ਹੈ। ਇਹ ਇੰਦ੍ਰਿਆਵੀ ਵਸਤਾਂ ਦੀ ਪ੍ਰਸੰਨਤਾ ਦੇ ਵਿਰੋਧ ਵਿਚ ਕੇਵਲ “ਅਨੰਦ” ਇਕ ਉਚਤਮ ਕਿਸਮ ਦਾ ਸਿਰਜਣਾਤਮਿਕ ਅਨੰਦ ਹੈ। ਇਸ ਤਰ੍ਹਾਂ ਇਹ, ਪ੍ਰਸੰਨਤਾ ਵਾਂਗ ਅਸਥਾਈ ਨਹੀਂ, ਵਿਸ਼ਾਲ ਅਨੰਦ ਦੀ ਸਦੀਵੀ ਅਵਸਥਾ ਹੈ। ਭਾਵੇਂ ਕਿ ਪ੍ਰਬੁੱਧਤਾ, ਸਹਜ-ਪ੍ਰਵਿਰਤੀ, ਸੁਤੰਤਰਤਾ, ਸੰਤੁਲਨ ਅਤੇ ਇਕਸੁਰਤਾ ਸਹਜ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਮੰਨੀਆਂ ਜਾ ਸਕਦੀਆਂ ਹਨ ਪਰ ਫਿਰ ਵੀ ਇਸ ਅਵਸਥਾ ਦੀਆਂ ਹੋਰ ਬਹੁਤ ਸਾਰੀਆਂ ਸੂਖਮ ਵਿਸ਼ੇਸ਼ਤਾਵਾਂ ਵੀ ਹਨ ਜਿਨ੍ਹਾਂ ਦਾ ਵਰਨਨ ਗੁਰੂ ਗ੍ਰੰਥ ਸਾਹਿਬ ਵਿਚ ਬਹੁਤ ਸਾਰੀਆਂ ਥਾਵਾਂ ਤੇ ਆਉਂਦਾ ਹੈ। ਉਦਾਹਰਨ ਵਜੋਂ ਹੇਠ ਲਿਖੇ ਪਦੇ ਵਿਚ ਇਹ ਇਸ ਪ੍ਰਕਾਰ ਹਨ :

ਸਾਜਨੁ ਦੁਸਟੁ ਜਾ ਕੈ ਏਕੁ ਸਮਾਨੈ॥

ਜੇਤਾ ਬੋਲਣੁ ਤੇਤਾ ਗਿਆਨੈ॥

ਜੇਤਾ ਸੁਨਣਾ ਤੇਤਾ ਨਾਮੁ॥

ਜੇਤਾ ਪੇਖਨੁ ਤੇਤਾ ਧਿਆਨੁ॥

ਸਹਜੇ ਜਾਗਣੁ ਸਹਜੇ ਹੀ ਸੋਇ॥

ਸਹਜੇ ਹੋਤਾ ਜਾਇ ਸੁ ਹੋਇ॥

ਸਹਜਿ ਬੈਰਾਗੁ ਸਹਜੇ ਹੀ ਹਸਨਾ॥

ਸਹਜੇ ਚੂਪ ਸਹਜੇ ਹੀ ਜਪਨਾ॥

ਸਹਜੇ ਭੋਜਨੁ ਸਹਜੇ ਭਾਉ॥

ਸਹਜੇ ਮਿਟਿਓ ਸਗਲ ਦੁਰਾਉ॥

                                                (ਗੁ. ਗ੍ਰੰ., 236)

    ਇਸ ਤਰ੍ਹਾਂ ਇਹ ਉਚੱਤਮ ਅਧਿਆਤਮਿਕ ਅਵਸਥਾ ਹੈ। ਇਸ ਅਵਸਥਾ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ? ਕਰਮ , ਭਾਵੇਂ ਕਿੰਨੇ ਹੀ ਗੁਣਭਰਪੂਰ ਹੋਣ, ਇਸ ਤਕ ਨਹੀਂ ਪਹੁੰਚ ਸਕਦੇ। ਦਰਅਸਲ, ਸਹਜ ਉਦੋਂ ਤਕ ਪੈਦਾ ਨਹੀਂ ਹੋ ਸਕਦਾ ਜਦੋਂ ਤਕ ਵਿਅਕਤੀ ਮਾਇਆ ਵਿਚ ਬੱਝਿਆ ਹੋਇਆ ਹੈ-“ਮਾਇਆ ਵਿਚਿ ਸਹਜੁ ਨ ਊਪਜੈ ਮਾਇਆ ਦੂਜੈ ਭਾਇ” (ਗੁ.ਗ੍ਰੰ. 68)। ਮਾਇਆ ਦੀ ਦੁਨੀਆ ਤੋਂ ਨਿਰਲੇਪ ਹੋਣ ਲਈ, ਵਿਅਕਤੀ ਨੂੰ ਕਰਮ ਦੀ ਜ਼ਰੂਰਤ ਨਹੀਂ, ਗਿਆਨ ਜ਼ਰੂਰੀ ਹੈ ਜੋ ਕਿ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਗੁਰੂ ਅਮਰਦਾਸ ਜੀ ਦਸਦੇ ਹਨ : “ਭਾਈ ਰੇ ਗੁਰ ਬਿਨੁ ਸਹਜੁ ਨ ਹੋਇ।। ਸਬਦੈ ਹੀ ਤੇ ਸਹਜੁ ਊਪਜੈ ਹਰਿ ਪਾਇਆ ਸਚੁ ਸੋਇ।।” (ਗੁ.ਗ੍ਰੰ. 68)। ਸੱਚੇ ਸ਼ਬਦ ਵਿਚੋਂ ਸਹਜਧੁਨੀ ਪੈਦਾ ਹੁੰਦੀ ਹੈ ਅਤੇ ਮਨ ਸਚਾਈ ਵਿਚ ਲੀਨ ਹੋ ਜਾਂਦਾ ਹੈ-“ਸਾਚੈ ਸਬਦਿ ਸਹਜ ਧੁਨੀ ਉਪਜੈ ਮਨਿ ਸਾਚੈ ਲਿਵ ਲਾਈ।।” (ਗੁ. ਗ੍ਰੰ. 1234)। ਅਤੇ ਫਿਰ ਸਹਜ ਦੀ ਧੁਨਿ, ਜੋ ਕਿ ਪਰਮਾਤਮਾ ਦੇ ਦਰ ਤੇ ਵਜ ਰਹੀ ਹੈ, ਜਿਗਿਆਸੂ ਦਾ ਚਿੰਨ੍ਹ ਬਣ ਜਾਂਦੀ ਹੈ-“ਤੇਰੇ ਦੁਆਰੈ ਧੁਨਿ ਸਹਜ ਕੀ ਮਾਥੈ ਮੇਰੇ ਦਗਾਈ।।”(ਗੁ. ਗ੍ਰੰ. 970)।


ਲੇਖਕ : ਜ.ਸ.ਨ. ਅਤੇ ਅਨੁ. ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23411, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸਹਜ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਹਜ ਵੇਖੋ ਸਹਜੁ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 23411, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸਹਜ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਹਜ, (ਸੰਸਕ੍ਰਿਤ) / ਪੁਲਿੰਗ : ੧. ਸਕਾ ਭਾਈ; ੨. ਨਾਲ ਪੈਦਾ ਹੋਣ ਵਾਲਾ, ਜੌੜਾ ਭਾਈ; ੩. ਸੁਭਾਵ, ਖੋ, ਆਦਤ, ਫਿਤਰਤ, ਅਸਲਾ, ਪਰਕਿਰਤੀ; ੪. ਆਨੰਦ, ਸ਼ੋਕ ਦਾ ਅਭਾਵ; ੫. ਗਿਆਨ, ਵਿਸ਼ੇਸ਼ਣ : ਸੁਭਾਵਕ, ਸਰਲ, ਸਹਿਲ, ਸੁਗਮ, ਜਿਸ ਵਿਚ ਜਤਨ ਨਾ ਕਰਨਾ ਪਵੇ

–ਸਹਜ ਜੋਗ, ਪੁਲਿੰਗ : ਹਠ ਯੋਗ ਦੇ ਕਠਨ ਸਾਧਨ ਤੋਂ ਨਿਰਾਲਾ, ਸੁਖਾਲਾ ਯੋਗ, ਗਿਆਨ ਯੋਗ

–ਸਹਜਤਾ, ਇਸਤਰੀ ਲਿੰਗ : ਸਰਲਤਾ, ਸੁਗਮਤਾ, ਸਹੋਦਰਤਾ, ਸਕਾ ਹੋਣ ਦਾ ਭਾਵ

–ਸਹਜਪਦ, ਪੁਲਿੰਗ : ਧਰਮ ਰੱਖਿਅਕ ਗਿਆਨ ਦਾ ਆਖ਼ਰੀ ਦਰਜਾ, ਅਨੰਦ ਦੀ ਪਦਵੀ, ਉੱਤਮ ਪਦਵੀ, ਤੁਰੀਆ ਪਦ, ਚੌਦਾ ਪਦ

–ਸਹਜ ਭਾਏ, ਕਿਰਿਆ ਵਿਸ਼ੇਸ਼ਣ : ਸੁਭਾਵਕ ਹੀ, ਸੁਭਾਵਕ ਤੌਹ ਤੇ, ਅਡੋਲ ਹੀ, ਨਿਰਜਤਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 8655, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-26-04-47-54, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.