ਸੁੰਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁੰਨ [ ਵਿਸ਼ੇ ] ਜੋ ਮਹਿਸੂਸ ਨਾ ਕਰ ਰਿਹਾ ਹੋਵੇ , ਚੁੱਪ , ਸੁੱਤਾ , ਸੱਖਣਾ , ਖ਼ਾਲੀ , ਠੰਢਾ [ ਨਾਂਪੁ ] ਚਿਤ ਦੀ ਭਾਵਹੀਣ ਅਵਸਥਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11718, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੁੰਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁੰ . ਸੰ. ਸ਼ੂਨ੍ਯ. ਵਿ— ਸੁੰਨਾ. ਖਾਲੀ । ੨ ਜੜ੍ਹ. ਚੇਤਨਤਾ ਰਹਿਤ. “ ਦਿੱਤੀ ਬਾਂਗ ਨਿਮਾਜ ਕਰ ਸੁੰਨ ਸਮਾਨ ਹੋਆ ਜਾਹਾਨਾ.” ( ਭਾਗੁ ) ੩ ਸੰਗ੍ਯਾ— ਬਿੰਦੀ. ਸਿਫਰ. “ ਨਉ ਅੰਗ ਨੀਲ ਅਨੀਲ ਸੁੰਨ.” ( ਭਾਗੁ ) ਬਿੰਦੀ ਨੌ ਅੰਗਾਂ ਨਾਲ ਮਿਲਕੇ ਨੀਲ ਆਦਿਕ ਅਨੰਤ ਗਿਣਤੀ ਬੋਧ ਕਰਾਉਂਦੀ ਹੈ । ੪ ਆਕਾਸ਼. “ ਸੁੰਨਹਿ ਸੁੰਨ ਮਿਲਿਆ.” ( ਮਾਰੂ ਕਬੀਰ ) ਮਹਾਂ ਆਕਾਸ਼ ( ਬ੍ਰਹਮ ) ਨੂੰ ਘਟਾਕਾਸ਼ ( ਜੀਵਾਤਮਾ ) ਮਿਲਿਆ । ੫ ਜਿਸ ਵਿੱਚ ਮਾਇਆ ਦੀ ਚੇ੄਍੠ ਨਹੀਂ. ਅਫੁਰ ਬ੍ਰਹਮ. “ ਘਟਿ ਘਟਿ ਸੁੰਨ ਕਾ ਜਾਣੈ ਭੇਉ.” ( ਸਿਧਗੋਸਟਿ ) ੬ ਪ੍ਰਕ੍ਰਿਤਿ. ਮਾਇਆ , ਕਿਉਂਕਿ ਇਹ ਬ੍ਰਹਮ ਦੀ ਸੱਤਾ ਬਿਨਾ ਸੁੰਨ ( ਸ਼ੂਨ੍ਯ ) ਹੈ. “ ਸੁੰਨਹੁ ਧਰਤਿ ਅਕਾਸ ਉਪਾਏ.” ( ਮਾਰੂ ਸੋਲਹੇ ਮ : ੧ ) ੭ ਜੜ੍ਹਤਾ. ਜਾਡ੍ਯ. “ ਮਿਟੀ ਸੁੰਨ ਚੇਤਨਤਾ ਪਾਈ.” ( ਸਲੋਹ ) ੮ ਮਹਾਂ ਪ੍ਰਲੈ ਦੀ ਉਹ ਦਸ਼ਾ ਜਦ ਕੁਝ ਰਚਨਾ ਨਹੀਂ ਸੀ. “ ਸੁੰਨੇ ਵਰਤੇ ਜਗ ਸਬਾਏ.” ( ਮਾਰੂ ਸੋਲਹੇ ਮ : ੧ ) ੯ ਸੰ. ਸ੍ਵਨ. ਧੁਨਿ. ਸ਼ੋਰ. ਸ਼ਬਦ.1  “ ਸੁੰਨ ਸਮਾਧਿ ਦੋਊ ਤਹਿ ਨਾਹੀ.” ( ਗਉ ਕਬੀਰ ) ਨਾ ਸ੍ਵਨ ( ਸ਼ੋਰ ) ਹੈ ਨਾ ਸਮਾਧਿ. “ ਅਨਹਤ ਸੁੰਨ ਕਹਾ ਤੇ ਹੋਈ ? ” ( ਸਿਧਗੋਸਟਿ ) ਅਨਹਤ ਸ੍ਵਨ ( ਧੁਨਿ ) ਕਹਾਂ ਤੇ ਹੋਈ ?


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11573, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੁੰਨ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁੰਨ : ਸੰਸਕ੍ਰਿਤ ਸ਼ਬਦ ਸ਼ੂਨਯ ( ਪਾਲੀ , ਸੁੰਨ ) ਦਾ ਪੰਜਾਬੀ ਰੂਪ ਜਿਸ ਦੀ ਧਾਤੂ ‘ ਸ਼ਵੀ` ਹੈ ਜਿਹੜੀ ਅੱਗੇ ਹੋਰ ‘ ਸ਼ੂ` ਧਾਤੂ ਨਾਲ ਜੁੜੀ ਹੋਈ ਹੈ । ਇਹਨਾਂ ਦੋਹਾਂ ਹੀ ਧਾਤੂਆਂ ਦਾ ਅਰਥ ਹੈ ‘ ਫੁਲਣਾ` ‘ ਫੈਲਣਾ` ਜਾਂ ‘ ਵਧਣਾ` । ਵਿਉਂਤਪੱਤੀ ਦੇ ਦ੍ਰਿਸ਼ਟੀਕੋਣ ਤੋਂ ਸ਼ੂਨਯ ਸ਼ਬਦ ਨੂੰ ਆਮ ਤੌਰ ਤੇ ‘ ਜ਼ੀਰੋ` ਜਾਂ ਸਿਫਰ ਦੇ ਅਰਥਾਂ ਵਿਚ ਵਰਤਿਆ ਜਾਂਦਾ ਹੈ ਜਿਹੜਾ ਕਿ ਕੁਝ ਨਾ ਹੋਣ ਦਾ ਪ੍ਰਤੀਕ ਹੈ । ਫਿਰ ਵੀ ਸਿਫ਼ਰ ਜਦੋਂ ਕਿਸੇ ਗਣਿਤ ਸ਼ਾਸਤਰੀ ਵੱਲੋਂ ਕਿਸੇ ਹਿੰਦਸੇ ਨਾਲ ਲਾ ਕੇ ਪ੍ਰਯੋਗ ਵਿਚ ਲਿਆਂਦਾ ਜਾਂਦਾ ਹੈ ਤਾਂ ਇਹ ਉਸ ਸੰਖਿਆ ਦਾ ਦਰਜਾ ਦਸ ਗੁਣਾਂ ਵਧਾ ਦਿੰਦੀ ਹੈ ।

      ਸ਼ੂਨਯ ਸ਼ਬਦ ਭਾਰਤ ਦੀ ਧਾਰਮਿਕ ਅਤੇ ਦਾਰਸ਼ਨਿਕ ਸ਼ਬਦਾਵਲੀ ਨਾਲ ਸੰਬੰਧਿਤ ਹੈ ਇਸ ਲਈ ਇਸਦੇ ਅਰਥਾਂ ਨੂੰ ਇਸ ਤੋਂ ਨਿਕਲੇ ਹੋਏ ਦੋ ਸ਼ਬਦਾਂ ਜਿਵੇਂ ਕਿ ਸ਼ੂਨਯਤਾ ਅਤੇ ਸ਼ੂਨਯਵਾਦ ਦੇ ਸੰਦਰਭ ਵਿਚ ਖੋਜਣਾ ਪਵੇਗਾ । ਸ਼ੂਨਯ ਅਤੇ ਸ਼ੂਨਯਵਾਦ ਬੌਧ ਸਾਹਿਤ ਰਾਹੀਂ ਬਹੁਤ ਅਧਿਕ ਪ੍ਰਚਲਿਤ ਹੋ ਚੁੱਕੇ ਹਨ : ਸ਼ੂਨਯਵਾਦ ਤਾਂ ਬੌਧ ਚਿੰਤਨ ਦੀ ਇਕ ਸ਼ਾਖਾ ਨੂੰ ਦਿੱਤਾ ਗਿਆ ਨਾਂ ਹੈ ਅਤੇ ਸ਼ਬਦ ਸ਼ੂਨਯ ਦਾ ਅਰਥ ਖਾਲੀ ਥਾਂ , ਖਾਲੀਪਨ , ਸੁੰਨਸਾਨ ਜਗ੍ਹਾ ਜਾਂ ਇਕੱਲਾਪਨ ਮੰਨਿਆ ਗਿਆ ਹੈ । ਸ਼ੂਨਯਤਾ ਸ਼ਬਦ ਦਾ ਅਰਥ ਖਲਾਅ , ਖਾਲੀਪਨ ਅਤੇ ਅਭਾਵ ਕੀਤਾ ਜਾਂਦਾ ਹੈ । ਸ਼ੂਨਯਵਾਦ ਨੂੰ ਕੁਝ ਨਾ ਹੋਣ ਦਾ ਵਾਦ ਅਥਵਾ ਇਕ ਸਿਧਾਂਤ ਦੇ ਤੌਰ ਤੇ ਵੀ ਅਨੁਵਾਦਿਤ ਕੀਤਾ ਜਾਂਦਾ ਹੈ । ਇਸ ਅਨੁਵਾਦ ਦਾ ਖੋਖਲਾਪਨ ਇਸ ਦੀ ਘਟੀਆ ਵਿਅੰਗ ਸ਼ਕਤੀ ਦੇ ਅੰਦਰ ਹੀ ਵਿੱਦਮਾਨ ਹੈ ਅਤੇ ਇਸੇ ਕਰਕੇ ਇਹ ਸ਼ਬਦ ਬੁੱਧ ਵਿਰੋਧੀ ਖੇਤਰਾਂ ਵਿਚ ਪ੍ਰਚਲਿਤ ਹੋਇਆ । ਬੁੱਧ ਵਿਰੋਧੀ ਬ੍ਰਾਹਮਣੀ ਸ੍ਰੋਤਾਂ ਦੇ ਆਧਾਰ ਤੇ ਮੌਨੀਅਰ ਵਿਲੀਅਮ ਨੇ ਸ਼ੂਨਯਵਾਦ ਨੂੰ 1899 ਵਿਚ ਕਿਸੇ ਵੀ ਮਨੁੱਖੀ ਜਾਂ ਪਰਾਮਨੁੱਖੀ ਸ਼ਕਤੀ ਦੀ ਅਣਹੋਂਦ ਦਾ ਸਿਧਾਂਤ , ਬੁੱਧਮਤ ਅਤੇ ਨਾਸਤਿਕਵਾਦ ਕਿਹਾ ਹੈ ।

      ਸਹੀ ਅਰਥਾਂ ਵਿਚ ਇਹ ਬ੍ਰਾਹਮਣ ਧਰਮਾਚਾਰੀਆਂ , ਕੁਮਾਰਿਲਭੱਟ ਅਤੇ ਸ਼ੰਕਰਾਚਾਰਯ ਵਰਗੇ ਵਿਦਵਾਨਾਂ ਦੀਆਂ ਰਚਨਾਵਾਂ ਵਿਚ ਸ਼ੂਨਯਵਾਦ ਬੁੱਧ ਦਰਸ਼ਨ ਦੀ ਮਾਧਿਅਮਿਕ ਸੰਪਰਦਾ ਲਈ ਵਰਤਿਆ ਗਿਆ ਹੈ । ਬੌਧ ਦਾਰਸ਼ਨਿਕਾਂ ਨੇ ਖੁਦ ਨਾ ਤਾਂ ਇਸ ਸ਼ਬਦ ਦੇ ਨਾਂ ਨੂੰ ਸਵੀਕਾਰ ਕੀਤਾ ਹੈ ਅਤੇ ਨਾ ਹੀ ਇਸ ਨੂੰ ਕਦੀ ਵਰਤਿਆ ਹੈ ।

      ਪਾਲੀ ਧਰਮ ਗ੍ਰੰਥਾਂ ਵਿਚ ਕਈ ਥਾਵਾਂ ਤੇ ਇਹ ਦਸਿਆ ਗਿਆ ਹੈ ਕਿ ਇਹ ਸੰਸਾਰ ਖਾਲੀ ( ਸ਼ੂਨਯ ) ਹੈ; ਇਹ ਆਤਮਾ ਤੋਂ ਖਾਲੀ ਹੈ ਅਤੇ ਆਤਮਾ ਨਾਲ ਸੰਬੰਧਿਤ ਹਰ ਵਸਤੂ ਤੋਂ ਖਾਲੀ ਹੈ । ਸੰਸਾਰ ਵਿਚ ਅਜਿਹੀ ਕੋਈ ਵੀ ਵਸਤੂ ਨਹੀਂ ਹੈ ਜਿਸ ਨਾਲ ਆਤਮਾ ਦੀ ਇਕਰੂਪਤਾ ਮੰਨੀ ਜਾ ਸਕੇ ਜਾਂ ਫਿਰ ਜਿਸ ਬਾਰੇ ਕੋਈ ਕਹਿ ਸਕੇ ਇਹ ਮੇਰੀ ਆਤਮਾ ਹੈ`` । ਪਟਿਸੰਭਿਦਾਮੱਗ ਨਾਮਕ ਗ੍ਰੰਥ ਦੇ ਇਸ ਸਾਰੇ ਭਾਗ ਦਾ ਸਿਰਲੇਖ ‘ ਅਭਾਵ ਦੇ ਪ੍ਰਵਚਨ` ਉੱਤੇ ਹੈ । ਇਸ ਭਾਗ ਵਿਚ 25 ਪ੍ਰਕਾਰ ਦੇ ਖਾਲੀਪਨ ਦਾ ਉਲੇਖ ਹੈ । ਮਹਾਂਯਾਨ ਸੂਤ੍ਰ ਅਤੇ ਸ਼ਾਸਤਰਾਂ ਨੇ ਸ਼ੂਨਯ ਅਤੇ ਸ਼ੂਨਯਤਾ ਨਾਲ ਸੰਬੰਧਿਤ ਸਿਧਾਂਤਾਂ ਦੀ ਵਿਆਖਿਆ ਕੀਤੀ ਅਤੇ ਨਿਰਵਾਣ ਦੀ ਤਕਨੀਕ ਦਾ ਵਿਕਾਸ ਕੀਤਾ ਜਿਹੜੀ ਕਿ ਖਾਲੀਪਨ ( ਸ਼ੂਨਯ ) ਦੇ ਦਰਸ਼ਨ ਤੇ ਆਧਾਰਿਤ ਸੀ । ਬੋਧੀਆਂ ਦੇ ਸੰਸਕ੍ਰਿਤ ਸਾਹਿਤ ਦਾ ਇਕ ਵਰਗ ਜਿਸ ਵਿਚ ਪ੍ਰਗਿਆਪਾਰਮਿਤਾਸੂਤ੍ਰ ਹਨ ਅਤੇ ਇਹਨਾਂ ਸੂਤ੍ਰਾਂ ਵਿਚ ਅਭਾਵ ਅਥਵਾ ਖਾਲੀਪਨ ਦੀ ਵਿਆਖਿਆ ਕੀਤੀ ਗਈ ਹੈ ।

      ਪ੍ਰਗਿਆਪਾਰਮਿਤਾਸੂਤ੍ਰਾਂ ਵਿਚ ਇਹ ਦਸਿਆ ਗਿਆ ਹੈ ਕਿ ਸ਼ੂਨਯਤਾ ਹੀ ਸਾਰੀ ਸੰਸਾਰਿਕ ਵਸਤੂਆਂ ਅਤੇ ਉਹਨਾਂ ਦੇ ਧਰਮਾਂ ਦਾ ਅੰਦਰੂਨੀ ਸਰੂਪ ਹੈ । ਵਸਤੂਆਂ ਖਾਲੀ ਜਾਂ ਸ਼ੂਨਯ ਹਨ ਕਿਉਂ ਕਿ ਉਹ ਸਮੇਂ ਸਥਾਨ ਦੇ ਬੰਧਨ ਵਿਚ ਹਨ; ਉਹ ਬੰਧਨ ਵਿਚ ਹਨ ਕਿਉਂਕਿ ਉਹ ਕਈ ਕਾਰਨਾਂ ਉੱਤੇ ਨਿਰਭਰ ਕਰਦੀਆਂ ਹਨ । ਕਾਰਨ ਤੋਂ ਬਿਨਾਂ ਕੋਈ ਵੀ ਵਸਤੂ ਨਹੀਂ ਹੈ ਇਸ ਲਈ ਸ਼ੂਨਯ ਜਾਂ ਖਾਲੀਪਨ ਤੋਂ ਕੋਈ ਵੀ ਸੁਤੰਤਰ ਨਹੀਂ ਹੈ । ਸਾਰੀਆਂ ਵਸਤੂਆਂ ਅਥਵਾ ਪਰਪੰਚ ਪੈਦਾ ਹੋਣ ਲਈ ਇਕ ਦੂਸਰੇ ਤੇ ਆਧਾਰਿਤ ( ਪ੍ਰਤੀਤਯਸਮੁਤਪਾਦ ) ਹਨ; ਇਸ ਲਈ ਸਾਰਾ ਸੰਸਾਰਿਕ ਪ੍ਰਪੰਚ , ਖਾਲੀਪਨ ( ਸ਼ੂਨਯਤਾ ) ਦਾ ਹੀ ਗੁਣ ਹੈ । ਇਸ ਤੱਥ ਨੂੰ ਧਰਮ-ਸ਼ੂਨਯਤਾ ਕਿਹਾ ਗਿਆ ਹੈ ਅਰਥਾਤ ਵਸਤੂਆਂ ਵਿਚ ਆਪਣੇ ਧਰਮ ਦਾ ਅਭਾਵ ਹੈ ।

      ਈਸਾ ਦੀ ਪਹਿਲੀ ਸਦੀ ਵਿਚ ਜਨਮ ਲੈਣ ਵਾਲਾ ਨਾਗਾਰਜੁਨ ਸ਼ੂਨਯ ਦੇ ਸਿਧਾਂਤ ਦਾ ਮੁੱਖ ਪ੍ਰਣੇਤਾ ਹੈ ਅਤੇ ਇਹ ਸਿਧਾਂਤ ਦਰਅਸਲ ਸਾਰੇ ਦਰਸ਼ਨਾਂ ਦੀ ਮੀਮਾਸਾਂ ਕਰਦਾ ਹੈ । ਪਰਮਸਤਿ ਬਾਰੇ ਅਸਤਿ ( ਹੈ ) ਨਾਸਤਿ ( ਨਹੀਂ ਹੈ ) ਦੇ ਦ੍ਰਿਸ਼ਟੀਕੋਣ ਤੋਂ ਉੱਪਰ ਜਾਂਦੇ ਹੋਏ ਸ਼ੂਨਯਵਾਦੀ ਦਵੰਦਾਤਮਿਕ ਵਿਧੀ ਦਾ ਪ੍ਰਯੋਗ ਕਰਦੇ ਹਨ ਜਿਹੜੀ ਸਾਰੇ ਹੀ ਦ੍ਰਿਸ਼ਟੀਕੋਣਾਂ ਦਾ ਖੰਡਨ ਕਰਦੀ ਹੈ ਪਰੰਤੂ ਨਾਲ ਹੀ ਨਾਲ ਇਹ ਵੀ ਮੰਨਦੇ ਹਨ ਕਿ ਸ਼ੂਨਯਵਾਦ ਵੀ ਆਪਣੇ ਆਪ ਵਿਚ ਕੋਈ ਦ੍ਰਿਸ਼ਟੀਕੋਣ ਨਹੀਂ ਹੈ । ਇਸ ਸਿੱਖਿਆ ਦਾ ਉਦੇਸ਼ ਨਿਰਵਾਣ ਪ੍ਰਾਪਤੀ ਨਾਲ ਸੰਬੰਧਿਤ ਹੈ ਅਤੇ ਦਰਸ਼ਨ ਨਾਲ ਸੰਬੰਧਿਤ ਨਹੀਂ ਹੈ ।

      ਸ਼ੂਨਯ ਦਾ ਅਰਥ ਹੈ ਕਿ ਸੰਸਾਰ ਦੇ ਸਾਰੇ ਪਦਾਰਥ ਸੁਭਾਅ ਤੋਂ ਸ਼ੂਨਯ ਹਨ ਅਰਥਾਤ ਸਾਰੇ ਸੁਭਾਵਾਂ ਦੀ ਆਪਣੇ ਆਪ ਵਿਚ ਕੋਈ ਅੰਦਰੂਨੀ ਪ੍ਰਕ੍ਰਿਤੀ ਅਥਵਾ ਹੋਂਦ ਨਹੀਂ ਹੁੰਦੀ । ਸੁਭਾਅ ਦੀ ਅਣਹੋਂਦ ( ਨਿਹ-ਸਵਭਾਵਨਾ ) ਅਤੇ ਆਤਮਾ ਦੀ ਅਣਹੋਂਦ ( ਨੈਰਾਤਮਯ ) ਇਸ ਲਈ ਖਾਲੀਪਨ ਦੇ ਸਮਾਨਾਰਥੀ ਹਨ । ਖਾਲੀਪਨ ਕੇਵਲ ਵਿਅਕਤੀਆਂ ਦਾ ਹੀ ਸੁਭਾਅ ਨਹੀਂ ਹੈ ਸਗੋਂ ਹਰ ਪਦਾਰਥ ਸੁਭਾਅਵਿਹੀਨ ਹੈ । ਜਿਹੜਾ ਇਸ ਦੋ ਪੱਧਰੀ ਸ਼ੂਨਯਤਾ ਦੀ ਅਨੁਭੂਤੀ ਕਰ ਲੈਂਦਾ ਹੈ ਉਸ ਨੂੰ ਪਾਰਗਾਮੀ ਬੁੱਧੀ ( ਪ੍ਰਗਿਆਪਾਰਮਿਤਾ ) ਪ੍ਰਾਪਤ ਹੋ ਜਾਂਦੀ ਹੈ ।

          ਪ੍ਰਗਿਆਪਾਰਮਿਤਾ ਸੂਤ੍ਰਾਂ ਨੇ ਸ਼ੂਨਯਤਾ ਵਰਗਾ ਵੱਡਾ ਪ੍ਰਤੀਕ ਕੇਵਲ ਸੰਸਾਰਿਕ ਪਦਾਰਥਾਂ ਵਾਸਤੇ ਹੀ ਨਹੀਂ ਵਰਤਿਆ ਸਗੋਂ ਇਸ ਨੂੰ ਪਰਮਸੱਤਾ ਲਈ ਵੀ ਵਰਤਿਆ ਹੈ । ਸੰਸਾਰਿਕ ਵਸਤਾਂ ਨੂੰ ਸ਼ੂਨਯ ਕਿਹਾ ਗਿਆ ਹੈ ਕਿਉਂਕਿ ਉਹ ਕਾਰਨਾਂ ਅਤੇ ਅਵੱਸਥਾਵਾਂ ਤੇ ਨਿਰਭਰ ਹਨ । ਪਰਮਸੱਤਾ ਨੂੰ ਸ਼ੂਨਯ ਕਿਹਾ ਗਿਆ ਹੈ ਕਿਉਂਕਿ ਇਹ ਵਖਰੇਵਿਆਂ ਅਤੇ ਪਛਾਣਾਂ ਤੋਂ ਵਿਹੀਨ ਹੈ । ਸ਼ੂਨਯਤਾ ਪਦਾਰਥਾਂ ਦੇ ਅੰਤਿਮ ਰੂਪ ਵਿਚ ਮਿਥਿਆ ਹੋਣ ਦਾ ਪ੍ਰਗਟਾਵਾ ਕਰਦੀ ਹੈ ਅਤੇ ਨਾਲ ਹੀ ਨਾਲ ਮਨ , ਬਚਨ ਤੋਂ ਪਾਰ ਕਿਸੇ ਪਰਮਸੱਤਾ ਨੂੰ ਨਾ ਚਾਹੁਣ ਦੀ ਇੱਛਾ ਬਾਰੇ ਵੀ ਦੱਸਦੀ ਹੈ ।

      ਸ਼ੂਨਯ ( ਸੁੰਨ ) ਦੀ ਧਾਰਨਾ ਸਿੱਧਾਂ ਅਤੇ ਨਾਥਾਂ ਦੁਆਰਾ ਮੱਧਯੁੱਗ ਦੇ ਵੈਸ਼ਨਵਵਾਦੀ ਸੰਤ ਕਵੀਆਂ ਨੂੰ ਦਿੱਤੀ ਗਈ ਸੀ । ਸਿੱਖ ਗੁਰੂ ਸਾਹਿਬਾਨ ਦੀਆਂ ਰਚਨਾਵਾਂ ਵਿਚ ਅਸੀਂ ਬੁੱਧ ਧਰਮ ਤੋਂ ਬਾਹਰ ਸ਼ੂਨਯ ਦੀ ਧਾਰਨਾ ਦੇ ਵਿਕਾਸ ਦੀ ਆਖਰੀ ਅਵਸਥਾ ਨੂੰ ਦੇਖਦੇ ਹਾਂ । ਸਿੱਖ ਗੁਰੂਆਂ ਨੇ ਸ਼ਬਦ , ਸੁੰਨ , ਸੁੰਨ-ਕਲਾ , ਅਨਹਦਸੁੰਨ ਅਤੇ ਸੁੰਨ-ਸਮਾਧਿ ਨੂੰ ਆਪਣੀਆਂ ਧਾਰਮਿਕ ਰਚਨਾਵਾਂ ਵਿਚ ਕਈ ਵਾਰੀ ਵਰਤਿਆ ਹੈ । ਸਿੱਖ ਸਿਧਾਂਤਾਂ ਵਿਚ ਇਹਨਾਂ ਮੁੱਖ ਸ਼ਬਦਾਂ ਦੇ ਧਿਆਨਪੂਰਵਕ ਵਿਸ਼ਲੇਸ਼ਣ ਤੋਂ ਪਤਾ ਚਲਦਾ ਹੈ ਕਿ ਇਹਨਾਂ ਦਾ ਅਰਥ ਜ਼ਿਆਦਾਤਰ , ਬੁੱਧ ਧਰਮ ਵਿਚਲੇ ਅਰਥ ਨਾਲੋਂ ਵੱਖਰਾ ਹੈ । ਇਕ ਥਾਂ ਤੇ ਫਿਰ ਵੀ ਗੁਰੂਆਂ ਦੇ ਸ਼ਬਦਾਂ ਵਿਚ ਬੁੱਧ ਸੂਤ੍ਰਾਂ ਦੇ ਅਰਥ ਦੀ ਨਿਰੰਤਰਤਾ ਵਿਖਾਈ ਦਿੰਦੀ ਹੈ । ਇਹ ਨਿਰੰਤਰਤਾ ਉਹਨਾਂ ਥਾਵਾਂ ਤੇ ਹੀ ਦਿੱਸਦੀ ਹੈ ਜਿੱਥੇ ਸੁੰਨ ਅਥਵਾ ਸ਼ੂਨਯ ਨੂੰ ਪਰਮਸੱਤਾ ਦੇ ਪ੍ਰਤੀਕ ਵੱਜੋਂ ਵਰਤਿਆ ਗਿਆ ਹੈ । ਇਸ ਤਰ੍ਹਾਂ ਉਦਾਹਰਨ ਦੇ ਤੌਰ ਤੇ ਇਹ ਕਿਹਾ ਗਿਆ ਹੈ ਕਿ ਜਦੋਂ ਵਿਅਕਤੀ ਗੁਰੂ ਦੀ ਸਿੱਖਿਆ ਦੇ ਪ੍ਰਤੀ ਚੇਤੰਨ ਹੋ ਜਾਂਦਾ ਹੈ ਤਾਂ ਉਹ ਜੀਵਤ ਹੀ ਸੁੰਨ ਵਿਚ ਸਮਾ ਜਾਂਦਾ ਹੈ- ਜੀਵਿਤ ਸੁੰਨਿ ਸਮਾਨਿਆ ਗੁਰ ਸਾਖੀ ਜਾਗੀ`` ( ਗੁ.ਗ੍ਰੰ.857 ) । ਇਸ ਵਿਚ ਕੋਈ ਸੰਦੇਹ ਨਹੀਂ ਕਿ ਸਿੱਖ ਧਰਮ ਵਿਚ ਪਰਮਸੱਤਾ ਦੀ ਧਾਰਨਾ ਮਾਧਿਅਮਿਕ ਸੂਤ੍ਰਾਂ ਨਾਲੋਂ ਵੱਖਰੀ ਹੈ ਪਰੰਤੂ ਇਸ ਵਿਚ ਕੋਈ ਸੰਦੇਹ ਨਹੀਂ ਕਿ ਪਰਮਸੱਤਾ ਨੂੰ ਸੁੰਨ ਇਸ ਕਰਕੇ ਕਿਹਾ ਗਿਆ ਹੈ ਕਿਉਂਕਿ ਉਸ ਵਿਚ ਕੋਈ ਦਵੈਤ ਅਤੇ ਵਿਤਕਰਾ ਨਹੀਂ ਹੁੰਦਾ । ਪਰਮਸਤਿ ਬਾਰੇ ਬੋਲਣ ਦੀ ਇਹ ਨਿਖੇਧਾਤਮਿਕ ਰਚਨਾ ਸੁੰਨ ਨਾਮਕ ਪ੍ਰਤੀਕ ਦਾ ਮੂਲ ਕਾਰਜ ਹੈ । ਸਾਰੇ ਹਾਂ ਪੱਖੀ ਵਰਨਨਾਂ ਵਿਚ ਗੁੱਝੇ ਤੌਰ ਤੇ ਸੀਮਾ ਅਤੇ ਪੱਕੀ ਹੋਂਦ ਹੁੰਦੀ ਹੈ । ਸੁੰਨ ਸ਼ਬਦ ਦੱਸਦਾ ਹੈ ਕਿ ਸੱਚ ਸੀਮਾਵਾਂ ਅਤੇ ਦਿੱਸਦੇ ਪਾਸਾਰੇ ਦੀ ਹੋਂਦ ਤੋਂ ਉੱਪਰ ਹੈ । ਬੁੱਧ ਧਰਮ ਦਾ ਖਾਲੀਪਨ ( ਸ਼ੂਨਯ ) ਦੱਸਦਾ ਹੈ ਕਿ ਪਰਮ ਸੱਚ ਦੇ ਬਾਰੇ ਕੋਈ ਸਿਧਾਂਤ ਨਹੀਂ ਘੜਿਆ ਜਾ ਸਕਦਾ; ਸਿੱਖ ਧਰਮ ਵਿਚ ਸੁੰਨ ਇਹ ਸਮਝਾਉਂਦਾ ਹੈ ਕਿ ਧਾਰਨ ਨਾ ਕੀਤੇ ਜਾ ਸਕਣ ਵਾਲੇ ਪਰਮਾਤਮਾ ਲਈ ਕੋਈ ਧਾਰਨਾ ਨਹੀਂ ਬਣਾਈ ਜਾ ਸਕਦੀ ।

      ਸਿੱਖ ਧਰਮ ਵਿਚ ਸੁੰਨ ਦੀ ਧਾਰਨਾ ਦਾ ਇਕ ਮਹੱਤਵਪੂਰਨ ਪੱਖ ਇਹ ਵੀ ਹੈ ਕਿ ਇਸ ਨੂੰ ਨਾਮ ਸਿਮਰਨ ਰਾਹੀਂ ਅਨੁਭਵ ਕੀਤਾ ਜਾ ਸਕਦਾ ਹੈ । ਇਸ ਪੱਖ ਨਾਲ ਵਾਸਤਵ ਵਿਚ ਕਈ ਹਾਂ ਪੱਖੀ ਤੱਤ ਆ ਸ਼ਾਮਲ ਹੁੰਦੇ ਹਨ ਅਤੇ ਨਤੀਜੇ ਵਜੋਂ ਉਸ ਦਿੱਬਸੱਤਾ ਦਾ ਵਿਸਮਾਦੀ ਅਨੁਭਵ ਹਾਂ ਪੱਖੀ ਵਿਸ਼ੇਸ਼ਣਾਂ ਸਮੇਤ ਸਾਖਿਆਤ ਹੋ ਉੱਠਦਾ ਹੈ । ਕੁਝ ਵੀ ਹੋਵੇ , ਇਹ ਹਾਂ ਪੱਖੀ ਵਿਸ਼ੇਸ਼ਣ ਸਹਜ ਅਥਵਾ ਸੁੰਨ ਦੀ ਅੰਦਰੂਨੀ ਅਵਸਥਾ ਵਿਚ ਹੀ ਸਮਾਪਤ ਨਹੀਂ ਹੋ ਜਾਂਦੇ । ਕਬੀਰ ਸੁੰਨ ਸ਼ਬਦ ਨੂੰ ਸੀਮਿਤ ਆਕਾਸ਼ ਅਤੇ ਅਨੰਤ ਆਕਾਸ਼ ਦੇ ਅਰਥਾਂ ਵਿਚ ਪ੍ਰਯੋਗ ਵਿਚ ਲਿਆਉਂਦੇ ਹੋਏ ਇਸ ਨੂੰ ‘ ਘਟਾਕਾਸ਼` ਅਤੇ ‘ ਮਹਾਂਕਾਸ਼` ਕਹਿੰਦੇ ਹਨ । ਜਿਸ ਸੁੰਨ ਵਿਚ ਤਿੰਨੇ ਲੋਕ ਲਿਪਟੇ ਹੋਏ ਹਨ ਉਹ ਮਾਇਆ ਸਮੇਤ ਬ੍ਰਹਮ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਪਰੰਤੂ ਚੌਥੇ ਸੁੰਨ ਬਾਰੇ ਗੁਰੂ ਨਾਨਕ ਇਸ ਤੱਥ ਤੇ ਬਲ ਦਿੰਦੇ ਹਨ ਕਿ ਇਹ ਸੁੰਨ ਸ਼ੁੱਧ ਬ੍ਰਹਮ ਹੈ ਜੋ ਕਿ ਨਿਰਾਕਾਰ ਅਤੇ ਨਿਰਗੁਣ ਹੈ । ਰਾਗ ਮਾਰੂ ਵਿਚ ਗੁਰੂ ਨਾਨਕ ਸੁੰਨ ਨੂੰ ਪਰਮਾਤਮਾ ਦੀ ਸਿਰਜਣਾਤਮਿਕ ਸ਼ਕਤੀ ਦੇ ਤੌਰ ਤੇ ਸਾਮ੍ਹਣੇ ਲਿਆਉਂਦੇ ਹਨ- ਪਉਣ ਪਾਣੀ ਸੁੰਨੈ ਤੇ ਸਾਜੈ ॥ ( ਗੁ.ਗ੍ਰੰ. 1037 ) । ਸਿਧ ਗੋਸਟਿ ਵਿਚ ਸ਼ਬਦ ਸੁੰਨ ਵਿਚੋਂ ਨਾਦ ਦਾ ਅਰਥ ਵੀ ਕੱਢਿਆ ਗਿਆ ਹੈ ਅਤੇ ਇਥੇ ਗੁਰੂ ਨਾਨਕ ਕਹਿੰਦੇ ਹਨ : ਨਉ ਸਰ ਸੁਭਰ ਦਸਵੈ ਪੂਰੇ ॥ ਤਹਿ ਅਨਹਤ ਸੁੰਨ ਵਜਾਵਹਿ ਤੂਰੇ- ਨਉਂ ਦਰਵਾਜਿਆਂ ਨੂੰ ਪ੍ਰੇਮ ਨਾਲ ਭਰ ਕੇ ਦਸਮ ਦੁਆਰ ਰਾਹੀਂ ਅੰਦਰ ਪ੍ਰਵੇਸ਼ ਕੀਤਾ ਜਾਂਦਾ ਹੈ ਅਤੇ ਸੰਗੀਤ ਦੀਆਂ ਧੁਨਾਂ ਦੇ ਰੂਪ ਵਿਚ ਅਨਹਤ-ਸ਼ੂਨਯ ਨੂੰ ਅਨੁਭਵ ਕੀਤਾ ਜਾਂਦਾ ਹੈ ( ਗੁ.ਗ੍ਰੰ.943 ) । ਗੁਰੂ ਗ੍ਰੰਥ ਸਾਹਿਬ ਵਿਚ ਇਸ ਤਰ੍ਹਾਂ ਸੁੰਨ ਸ਼ਬਦ ਨੂੰ ਕਈ ਅਰਥਾਂ ਵਿਚ ਵਰਤਿਆ ਗਿਆ ਹੈ ਅਤੇ ਇਹਨਾਂ ਵਿਚੋਂ ਪ੍ਰਮੁਖ ਰੂਪ ਵਿਚ ਇਸਨੂੰ ਬ੍ਰਹਮ ਮਾਇਆ ਸਮੇਤ ਅਤੇ ਮਾਇਆ ਤੋਂ ਬਿਨਾਂ , ਸ੍ਰਿਸ਼ਟੀ , ਬ੍ਰਹਮ ਦੀ ਸ਼ਕਤੀ ਅਤੇ ਨਾਦ ਅਰਥਾਂ ਵਿਚ ਵਰਤਿਆ ਗਿਆ ਹੈ ।

      ਇਥੇ ਕੰਨਾਂ ਰਾਹੀਂ ਨਾ ਸੁਣਿਆ ਜਾ ਸਕਣ ਵਾਲਾ ਅਨਹਦ ਸ਼ਬਦ ਆਕਾਸ਼ ਮੰਡਲਾਂ ਦੇ ਸੰਗੀਤ ਦੇ ਰੂਪ ਵਿਚ ਲਿਆ ਜਾਂਦਾ ਹੈ ਅਤੇ ਉਸਦੇ ਅਚਰਜ ਵਿਸਮਾਦ ਦਾ ਵਰਨਨ ( ਕਹਨੁ ਨ ਜਾਇ ) ਕੀਤਾ ਗਿਆ ਹੈ । ਸ਼ਾਂਤੀ , ਸੁੱਖ , ਅਨੰਦ ਅਤੇ ਸੰਤੋਖ ਇਸ ਅਵਸਥਾ ਵਿਚ ਪ੍ਰਾਪਤ ਹੁੰਦੇ ਹਨ ਪਰੰਤੂ ਇਸ ਅੰਤਿਮ ਅਵਸਥਾ ਵਿਚ ਅਜਿਹਾ ਕੋਈ ਵੀ ਨਹੀਂ ਹੁੰਦਾ ਜਿਹੜਾ ਇਹਨਾਂ ਨੂੰ ਪ੍ਰਾਪਤ ਕਰਦਾ ਹੈ; ਨਾ ਹੀ ਉੱਥੇ ਕੋਈ ਸੁਣਨ ਵਾਲਾ ਹੁੰਦਾ ਹੈ; ਸੁੰਨ ਸੁੰਨ ਵਿਚ ਹੀ ਮਿਲ ਜਾਂਦਾ ਹੈ , ਖਾਲੀਪਨ , ਖਾਲੀਪਨ ਵਿਚ ਲੀਨ ਹੋ ਜਾਂਦਾ ਹੈ । ਕਬੀਰ ਕਹਿੰਦੇ ਹਨ : ਸੁਨਹਿ ਸੁੰਨੁ ਮਿਲਿਆ ਸਮਦਰਸੀ-ਵਿਅਕਤੀਗਤ ਆਤਮਾ ਪਰਮਾਤਮਾ ਵਿਚ ਮਿਲ ਜਾਂਦੀ ਹੈ ( ਗੁ.ਗ੍ਰੰ. 1103 ) ।

      ਗੁਰਬਾਣੀ ਦੇ ਵਿਆਖਿਆਕਾਰ ਭਾਈ ਗੁਰਦਾਸ ਸੁੰਨ ਨੂੰ ਬ੍ਰਹਮੰਡੀ ਚੁੱਪ ਦੇ ਰੂਪ ਵਿਚ ਵਰਤਦੇ ਹਨ- ਦਿਤੀ ਬਾਂਗਿ ਨਿਵਾਜਿ ਕਰਿ ਸੁੰਨਿ ਸਮਾਨਿ ਹੋਆ ਜਹਾਨਾ ॥ ( 1.35 ) । ਜਿਵੇਂ ਕਿ ਹਠਯੋਗ ਪ੍ਰਦੀਪਿਕਾ ਵਿਚ ਮੰਨਿਆ ਗਿਆ ਹੈ ਕਿ ਗੁਰੂ ਨਾਨਕ ਵੀ ਸੁੰਨ ਨੂੰ ਅੰਦਰ ਬਾਹਰ ਮੰਨਦੇ ਹਨ ਅਤੇ ਤਿੰਨਾਂ ਲੋਕਾਂ ਨੂੰ ਸੁੰਨ ਵਿਚ ਹੀ ਲੀਨ ਮੰਨਦੇ ਹਨ । ਜਿਹੜਾ ਵੀ ਸੁੰਨ ਅਥਵਾ ਸੱਚ ਨੂੰ ਜਾਣ ਲੈਂਦਾ ਹੈ ਉਹ ਪਾਪ ਅਤੇ ਪੁੰਨ ਤੋਂ ਪਰਾਂ ਚਲਾ ਜਾਂਦਾ ਹੈ; ਉਹ ਗਲਤ ਅਤੇ ਉੱਤਮ ਵਰਗਾਂ ਨੂੰ ਵੀ ਪਾਰ ਕਰ ਜਾਂਦਾ ਹੈ ।

      ਇਹ ਜਾਣ ਲੈਣਾ ਚਾਹੀਦਾ ਹੈ ਕਿ ਨਿਰਵਾਣ ਸ਼ਬਦ ਦੀ ਤਰ੍ਹਾਂ ਸ਼ੂਨਯ ਸ਼ਬਦ ਵੀ ਮੱਧਯੁਗ ਦੇ ਸਾਹਿਤ ਦੇ ਪ੍ਰਯੋਗਾਂ ਵਿਚ ਸਹਿਜੇ ਸਹਿਜੇ ਅਰਥ ਬਦਲਦਾ ਗਿਆ ਹੈ । ਸ਼ੂਨਯਤਾ ਦੀ ਮਾਧਿਅਮਿਕ ਧਾਰਨਾ ਨਾਥ ਪੰਥ , ਕਬੀਰ ਪੰਥ ਅਤੇ ਸਿੱਖ ਧਰਮ ਵਿਚ ਆ ਕੇ ਲਗਪਗ ਸਾਰੀ ਦੀ ਸਾਰੀ ਹੀ ਬਦਲ ਗਈ ਹੈ ।


ਲੇਖਕ : ਲ.ਮ.ਜ. ਅਤੇ ਅਨੁ. ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11423, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸੁੰਨ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸੁੰਨ ( ਗੁ. । ਸੰਸਕ੍ਰਿਤ ਸ਼ੂਨ੍ਯ = ਸਖਣਾ । ਪ੍ਰਾਕ੍ਰਿਤ ਸੁੱਣਣੑ । ਪੰਜਾਬੀ ਸੁੰਨ , ਸੂਨ ) ਅਫੁਰ । ਨਿਰਵਿਕਲਪ । ਯਥਾ-‘ ਸੁੰਨ ਸਰੋਵਰਿ ਪਾਵਹੁ ਸੁਖ ’ ।

੨. ਜੰਗਲ , ਬੀਆਬਾਨ , ਸੁਨਸਾਨ । ਯਥਾ-‘ ਨ ਭੀਜੈ ਬਾਹਰਿ ਬੈਠਿਆ ਸੁੰਨਿ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 11422, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.