ਸੂਰਜ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੂਰਜ (ਨਾਂ,ਪੁ) ਅਸਮਾਨ ਵਿੱਚ ਦਿਸਦਾ ਗ਼ਰਮ ਅਤੇ ਰੌਸ਼ਨ ਗੋਲਾ ਜਿਸਦੇ ਚੁਫ਼ੇਰੇ ਧਰਤੀ ਘੁੰਮਣ ਨਾਲ ਦਿਨ ਰਾਤ ਅਤੇ ਰੁੱਤਾਂ ਬਦਲਦੀਆਂ ਹਨ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7114, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੂਰਜ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Sun (ਸਅੱਨ) ਸੂਰਜ: ਸੌਰ ਮੰਡਲ (solar system) ਦਾ ਕੇਂਦਰੀ ਪਿੰਡ ਹੈ। ਇਸ ਦਾ ਵਿਆਸ 1,392,000 ਕਿਲੋਮੀਟਰ ਹੈ। ਇਹ ਵਿਚਾਰ ਕੀਤਾ ਜਾਂਦਾ ਹੈ ਕਿ ਇਸ ਦਾ ਅੰਦਰੂਨੀ ਹਿੱਸਾ ਤਰਲ ਹੈ ਜਿਸ ਦੁਆਲੇ ਜਲਦੀਆਂ-ਬਲਦੀਆਂ ਗੈਸਾਂ ਹਨ। ਇਸ ਦੀ ਸਤ੍ਹਾ ਦਾ ਤਾਪਮਾਨ ਲਗਪਗ 6000°C ਜਾਣਿਆ ਜਾਂਦਾ ਹੈ। ਇਹ ਹੀ ਸੌਰ-ਸ਼ੱਕਤੀ (insolation or solar energy) ਦਾ ਸਰੋਤ ਹੈ। ਇਹ ਪ੍ਰਿਥਵੀ ਤੋਂ ਲਗਪਗ 15 ਕਰੋੜ ਕਿਲੋਮੀਟਰ (9.3 ਕਰੋੜ ਮੀਲ) ਦੂਰ ਹੈ। ਇਹ ਆਪਣੀ ਭੂ-ਮੱਧ ਰੇਖਾ ਤੇ 24.5 ਦਿਨਾਂ ਵਿੱਚ ਇਕ ਚੱਕਰ (rotation) ਪੂਰਾ ਕਰਦਾ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7109, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਸੂਰਜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੂਰਜ [ਨਾਂਪੁ] ਗਰਮੀ ਅਤੇ ਰੋਸ਼ਨੀ ਦੇਣ ਵਾਲ਼ਾ ਇੱਕ ਗੋਲ਼ਾ ਜਿਸ ਦੇ ਦੁਆਲ਼ੇ ਧਰਤੀ ਦੇ ਘੁੰਮਣ ਨਾਲ਼ ਦਿਨ-ਰਾਤ ਅਤੇ ਰੁੱਤਾਂ ਬਣਦੀਆਂ ਹਨ, ਰਵੀ, ਆਫ਼ਤਾਬ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7081, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੂਰਜ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸੂਰਜ: ਵਿਗਿਆਨਿਕ ਦ੍ਰਿਸ਼ਟੀ ਤੋਂ ਸੂਰਜ ਮਘਦੀਆਂ ਗੈਸਾਂ ਦਾ ਇਕ ਬਹੁਤ ਵੱਡਾ ਗੋਲਾ ਹੈ। ਇਸ ਵਿਚ ਪ੍ਰਕਾਸ਼, ਗਰਮੀ, ਸ਼ਕਤੀ ਆਦਿ ਪੂਰੀ ਸ਼ਿੱਦਤ ਨਾਲ ਸਮੋਈਆਂ ਹੋਈਆਂ ਹਨ। ਸੂਰਜ-ਮੰਡਲ (ਪਰਿਵਾਰ) ਦੇ ਸਿਤਾਰਿਆਂ ਵਿਚ ਇਸ ਦੀ ਪ੍ਰਧਾਨਤਾ ਹੈ। ਇਹ ਆਕਾਸ਼ ਵਿਚ ਭਾਵੇਂ ਸਭ ਨਾਲੋਂ ਵੱਡਾ ਅਤੇ ਚਮਕੀਲਾ ਦਿਸਦਾ ਹੈ, ਪਰ ਇਸ ਤੋਂ ਵੀ ਵੱਡੇ ਕਈ ਹੋਰ ਸਿਤਾਰੇ ਹਨ। ਇਸ ਦਾ ਸਭ ਨਾਲੋਂ ਵੱਡੇ ਹੋਣ ਦਾ ਅਹਿਸਾਸ ਇਸ ਲਈ ਹੁੰਦਾ ਹੈ ਕਿ ਇਹ ਬਾਕੀਆਂ ਨਾਲੋਂ ਧਰਤੀ ਦੇ ਅਧਿਕ ਨੇੜੇ ਹੈ। ਇਹ ਧਰਤੀ ਨਾਲੋਂ ਔਸਤਨ 14 ਕਰੋੜ ਕਿ.ਮੀ. ਦੂਰ ਹੈ ਅਤੇ ਇਸ ਦਾ ਘੇਰਾ ਧਰਤੀ ਤੋਂ 109 ਗੁਣਾਂ ਵੱਡਾ ਹੈ। ਸੂਰਜ-ਮੰਡਲ ਦੇ ਤਾਰੇ ਗੁਰੁਵਤੀ ਖਿਚ ਕਾਰਣ ਸੂਰਜ ਦੇ ਇਰਦ-ਗਿਰਦ ਪਰਿਕ੍ਰਮਾ ਕਰਦੇ ਹਨ; ਧਰਤੀ ਵੀ ਇਸ ਦੇ ਦੁਆਲੇ ਘੁੰਮਦੀ ਹੈ। ਇਸ ਨਾਲ ਹੀ ਧਰਤੀ ਉਤੇ ਜੀਵਨ ਦਾ ਸੰਚਾਰ ਅਤੇ ਵਿਕਾਸ ਸੰਭਵ ਹੁੰਦਾ ਹੈ।

            ਆਦਿ ਮਨੁੱਖ ਕੁਦਰਤ ਦੀ ਗੋਦ ਵਿਚ ਰਹਿਣ ਕਾਰਣ ਸਾਰੀਆਂ ਪ੍ਰਾਕ੍ਰਿਤਿਕ ਵਸਤੂਆਂ/ਸ਼ਕਤੀਆਂ ਦੇ ਪ੍ਰਭਾਵ ਤੋਂ ਜਾਣੂ ਸੀ। ਜਿਨ੍ਹਾਂ ਸ਼ਕਤੀਆਂ ਤੋਂ ਉਸ ਨੂੰ ਲਾਭ ਹੁੰਦਾ ਸੀ, ਉਨ੍ਹਾਂ ਦੀ ਧੰਨਵਾਦ ਵਜੋਂ ਉਸਤਤ ਕਰਦਾ ਸੀ ਅਤੇ ਜਿਨ੍ਹਾਂ ਤੋਂ ਨੁਕਸਾਨ ਹੁੰਦਾ ਸੀ, ਉਨ੍ਹਾਂ ਦੇ ਮਾੜੇ ਪ੍ਰਭਾਵ ਤੋਂ ਬਚਣ ਲਈ ਪੂਜਾ ਕਰਦਾ ਸੀ। ਇਹੀ ਪ੍ਰਵ੍ਰਿੱਤੀ ਕਾਲਾਂਤਰ ਵਿਚ ਦੇਵ-ਉਪਾਸਨਾ ਵਿਚ ਵਿਕਸਿਤ ਹੁੰਦੀ ਰਹੀ।ਰਿਗਵੇਦ ’ ਵਿਚ ਜਿਨ੍ਹਾਂ ਤਿੰਨ ਦੇਵਤਿਆਂ (ਸੂਰਜ, ਅਗਨੀ ਅਤੇ ਇੰਦ੍ਰ) ਦੀ ਮਹਿਮਾ ਗਾਈ ਗਈ ਹੈ, ਉਨ੍ਹਾਂ ਵਿਚ ਸੂਰਜ ਪ੍ਰਮੁਖ ਹੈ। ‘ਰਿਗਵੇਦ’ ਦੇ 12 ਸੂਕੑਤਾਂ ਵਿਚ ਇਸ ਦੀ ਉਸਤਤ ਕੀਤੀ ਗਈ ਹੈ। ਇਹ ਅਦਿਤੀ ਦੇ ਬਾਰ੍ਹਾਂ ਪੁੱਤਰਾਂ ਵਿਚੋਂ ਇਕ ਹੈ। ਇਸ ਦਾ ਦੇਵਤ੍ਵ ਦੁਪਹਿਰ ਵੇਲੇ ਆਪਣੇ ਸਿਖਰ ਉਤੇ ਹੁੰਦਾ ਹੈ। ਇਸ ਨੂੰ ਵਿਰਾਟ ਪੁਰਸ਼ ਦਾ ਨੇਤਰ ਵੀ ਕਿਹਾ ਜਾਂਦਾ ਹੈ। ਜੋ ਮਨੁੱਖਾਂ ਦੇ ਚੰਗੇ ਅਤੇ ਮਾੜੇ ਕਰਮਾਂ ਨੂੰ ਵੇਖਦਾ ਹੈ। ਇਹ ਅੰਧਕਾਰ ਰੂਪੀ ਰਾਖਸ਼ ਦਾ ਨਾਸ਼ ਕਰਦਾ ਹੈ। ਇਸ ਨੂੰ ਕਿਤੇ ਉਸ਼ਾ ਦਾ ਪੁੱਤਰ ਅਤੇ ਕਿਤੇ ਪਤੀ ਮੰਨਿਆ ਗਿਆ ਹੈ।

            ‘ਮਾਰਕੰਡੇਯ-ਪੁਰਾਣ’ ਵਿਚ ਇਸ ਦੇ ਵਿਆਹ ਸੰਬੰਧੀ ਬ੍ਰਿੱਤਾਂਤ ਮਿਲਦਾ ਹੈ। ਵਿਸ਼ਵਕਰਮਾ ਨੇ ਆਪਣੀ ਪੁੱਤਰੀ ਸੰਗਿਆ (ਨਾਮਾਂਤਰ ਸੰਜਨਾ) ਦਾ ਵਿਆਹ ਸੂਰਜ (ਵਿਵਸ੍ਵਸਾਨ) ਨਾਲ ਕਰ ਦਿੱਤਾ, ਪਰ ਉਹ ਸੂਰਜ ਦਾ ਤੇਜ ਨ ਸਹਾਰ ਸਕੀ ਅਤੇ ਆਪਣੀ ਛਾਇਆ ਨੂੰ ਛਡ ਕੇ ਪੇਕੇ ਘਰ ਪਰਤ ਗਈ। ਧੀ ਦੇ ਸੰਕਟ ਨੂੰ ਖ਼ਤਮ ਕਰਨ ਲਈ ਵਿਸ਼ਵਕਰਮਾ ਨੇ ਸੂਰਜ ਨੂੰ ਖ਼ਰਾਦ ਉਤੇ ਚੜ੍ਹਾ ਕੇ ਉਸ ਦਾ ਤੇਜ ਘਟ ਕੀਤਾ।

            ਸੂਰਜ ਦੀਆਂ ਚਾਰ ਪਤਨੀਆਂ ਸਨ— ਸੰਗਿਆ, ਰਾਗੑਯੀ, ਪ੍ਰਭਾ ਅਤੇ ਛਾਇਆ। ਸੰਗਿਆ ਤੋਂ ਮੁਨੀ ਅਥਵਾ ਮਨੁ ਦਾ ਜਨਮ ਹੋਇਆ। ਰਾਗੑਯੀ ਤੋਂ ਯਮ , ਯਮੁਨਾ ਅਤੇ ਰੇਵੰਤ ਪੈਦਾ ਹੋਏ। ਪ੍ਰਭਾ ਤੋਂ ਪ੍ਰਭਾਤ ਉਤਪੰਨ ਹੋਈ ਅਤੇ ਛਾਇਆ ਨੇ ਸਾਰਵਣਿ, ਸ਼ਨਿ ਅਤੇ ਤਪਤੀ ਨੂੰ ਜਨਮ ਦਿੱਤਾ।

            ‘ਵਿਸ਼ਣੂ ਪੁਰਾਣ ’ ਅਨੁਸਾਰ ਸੂਰਜ ਨਾਲ ਵਿਆਹੀ ਵਿਸ਼ਵਕਰਮਾ ਦੀ ਪੁੱਤਰੀ ਦਾ ਨਾਂ ਸੰਜਨਾ ਸੀ ਜਿਸ ਦੀ ਕੁੱਖੋਂ ਦੋ ਪੁੱਤਰ (ਮਨੁ ਵੈਵਸੑਵਤ ਤੇ ਯਮ) ਅਤੇ ਇਕ ਕੰਨਿਆ (ਯਮੀ) ਪੈਦਾ ਹੋਈ। ਯਮ ਨੂੰ ਪਰਲੋਕ ਦਾ ਰਾਜ-ਅਧਿਕਾਰ ਮਿਲਿਆ, ਯਮੀ ਯਮੁਨਾ ਨਦੀ ਦੇ ਰੂਪ ਵਿਚ ਪ੍ਰਗਟ ਹੋਈ ਅਤੇ ਮਨੁ ਵੈਵਸੑਵਤ ਤੋਂ ਸੂਰਜ ਵੰਸ਼ ਚਲਿਆ। ਇਕ ਹੋਰ ਆਖਿਆਨ ਅਨੁਸਾਰ ਸੰਜਨਾ (ਕਿਤੇ ਕਿਤੇ ਕੋਈ ਅਪੱਛਰਾ) ਸੂਰਜ ਦਾ ਤੇਜ ਨ ਸਹਾਰ ਸਕੀ। ਉਸ ਨੇ ਛਾਇਆ ਨਾਂ ਦੀ ਦਾਸੀ ਨੂੰ ਆਪਣਾ ਰੂਪ ਪ੍ਰਦਾਨ ਕਰਕੇ ਖ਼ੁਦ ਜੰਗਲ ਵਿਚ ਘੋੜੀ ਦੇ ਰੂਪ ਵਿਚ ਤਪਸਿਆ ਕਰਨ ਲਗੀ। ਜਦੋਂ ਸੂਰਜ ਨੂੰ ਪਤਾ ਲਗਾ ਤਾਂ ਉਹ ਘੋੜੇ ਦੇ ਰੂਪ ਵਿਚ ਘੋੜੀ ਬਣੀ ਸੰਜਨਾ ਕੋਲ ਪਹੁੰਚਿਆ ਅਤੇ ਉਸ ਨਾਲ ਸੰਯੋਗ ਕਰਕੇ ਅਸ਼੍ਵਿਨੀ- ਕੁਮਾਰ ਪੈਦਾ ਕੀਤੇ।

            ਸੂਰਜ ਦੀਆਂ ਕਈ ਹੋਰ ਜਾਇਜ਼/ਨਜਾਇਜ਼ ਪਤਨੀਆਂ ਦਾ ਜ਼ਿਕਰ ਵੀ ਮਿਲਦਾ ਹੈ। ‘ਮਹਾਭਾਰਤ ’ ਅਨੁਸਾਰ ਕੁੰਤੀ ਦਾ ਪੁੱਤਰ ਕਰਣ ਸੂਰਜ ਨਾਲ ਕੀਤੇ ਸਹਿਵਾਸ ਤੋਂ ਪੈਦਾ ਹੋਇਆ ਸੀ। ‘ਰਾਮਾਇਣ’ ਦਾ ਮੁੱਖ ਬਾਨਰ ਪਾਤਰ ਸੁਗ੍ਰੀਵ ਵੀ ਸੂਰਜ ਦਾ ਪੁੱਤਰ ਦਸਿਆ ਜਾਂਦਾ ਹੈ।

            ਸੂਰਜ ਦਾ ਤੇਜ ਘਟਾਉਣ ਲਈ ਵਿਸ਼ਵਕਰਮਾ ਦੁਆਰਾ ਖ਼ਰਾਦੇ ਜਾਣ’ਤੇ ਜੋ ਬੁਰਾਦਾ ਡਿਗਿਆ, ਉਸ ਤੋਂ ਵਿਸ਼ਵਕਰਮਾ ਨੇ ਵਿਸ਼ਣੂ ਦਾ ਸੁਦਰਸ਼ਨ ਚਕ੍ਰ , ਸ਼ਿਵ ਦਾ ਤ੍ਰਿਸ਼ੂਲ, ਕਾਰਤਿਕੇਯ ਦਾ ਨੇਜ਼ਾ ਅਤੇ ਕਈ ਹੋਰ ਦੇਵਤਿਆਂ ਦੇ ਹਥਿਆਰ ਬਣਾਏ ਜੋ ਪ੍ਰਚੰਡ ਸ਼ਕਤੀ ਵਾਲੇ ਸਨ। ਪੁਰਾਣ- ਸਾਹਿਤ ਵਿਚ ਸੂਰਜ ਬਾਰੇ ਹੋਰ ਵੀ ਕਈ ਆਖਿਆਨ ਲਿਖੇ ਮਿਲਦੇ ਹਨ।

            ਕੁਲ ਮਿਲਾ ਕੇ ਸੂਰਜ ਇਕ ਮਧਰੇ ਕਦ ਦਾ ਦੇਵਤਾ ਹੈ ਜਿਸ ਦਾ ਸ਼ਰੀਰ ਤਾਂਬੇ ਵਾਂਗ ਭਖਦਾ ਹੈ ਅਤੇ ਅੱਖਾਂ ਅੱਗ ਦੇ ਗੋਲਿਆਂ ਵਾਂਗ ਚਮਕਦੀਆਂ ਹਨ। ਇਹ ਕਿਰਨਾਂ ਨਾਲ ਘਿਰੇ ਸੱਤ ਲਾਲ ਘੋੜਿਆਂ ਵਾਲੇ ਰਥ ਉਤੇ ਸਵਾਰ ਹੋ ਕੇ ਆਕਾਸ਼ ਮੰਡਲ ਦੀ ਸੈਰ ਕਰਦਾ ਹੈ। ਅਰੁਣ ਇਸ ਦਾ ਰਥਵਾਨ ਹੈ। ਇਹ ਵਿਵਸੑਵਤੀ ਜਾਂ ਭਾਸਵਤੀ ਨਗਰ ਵਿਚ ਰਹਿੰਦਾ ਹੈ। ਵੈਵਸੑਵਤ, ਯਮ, ਯਮੀ, ਅਸ਼੍ਵਿਨੀ-ਕੁਮਾਰ, ਰੇਵੰਤ, ਕਰਣ, ਸੁਗ੍ਰੀਵ ਆਦਿ ਇਸ ਦੀ ਸੰਤਾਨ ਹਨ। ਇਸ ਦੇ ਪੁੱਤਰ ਮਨੁ ਵੈਵਸੑਵਤ ਅਤੇ ਫਿਰ ਉਸ ਦੇ ਪੁੱਤਰ ਇਕੑਸ਼ਵਾਕੁ ਤੋਂ ਸੂਰਜ-ਵੰਸ ਦਾ ਵਿਕਾਸ ਹੋਇਆ ਜਿਸ ਅੰਦਰ ਕਾਲਾਂਤਰ ਵਿਚ ਸ੍ਰੀ ਰਾਮ ਚੰਦਰ ਦਾ ਜਨਮ ਹੋਇਆ। ਸੂਰਜ ਦੇਵਤਾ ਦੇ ਰੂਪ ਵਿਚ ਪੂਜੇ ਜਾਣ ਕਾਰਣ ਅਨੇਕ ਸਥਾਨਾਂ ਅਤੇ ਖੇਤਰਾਂ ਵਿਚ ਇਸ ਦੇ ਮੰਦਿਰ ਮਿਲਦੇ ਹਨ, ਖ਼ਾਸ ਤੌਰ ਤੇ ਮੁਲਤਾਨ ਵਿਚ। ਕਸ਼ਮੀਰ ਅਤੇ ਉੜੀਸਾ ਪ੍ਰਦੇਸ਼ਾਂ ਵਿਚ ਵੀ ਇਸ ਦੀ ਬਹੁਤ ਉਪਾਸਨਾ ਹੁੰਦੀ ਸੀ। ਇਸ ਦੇ ਕਈ ਨਾਮਾਂਤਰ ਪ੍ਰਚਲਿਤ ਹਨ, ਜਿਵੇਂ ਵਿਵਸੑਵਤ, ਤੇਜਭਾਨੁ, ਭਾਸਕਰ, ਦਿਨਕਰ, ਮਾਰਤੰਡ, ਆਦਿ।

            ਸਿੱਖ ਧਰਮ ਵਿਚ ਸੂਰਜ ਨੂੰ ਕੋਈ ਦੇਵਤਾ ਜਾਂ ਸੱਤਾ ਮੰਨਣ ਦੀ ਮਾਨਤਾ ਪ੍ਰਵਾਨ ਨਹੀਂ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਵਿਰਚਿਤ ਆਸਾ ਕੀ ਵਾਰ ਅਨੁਸਾਰ ਕੀਹ, ਸੂਰਜ ਕੀਹ ਚੰਦ੍ਰਮਾ ਸਭ ਪਰਮਾਤਮਾ ਦੇ ਅਨੁਸ਼ਾਸਨ ਵਿਚ ਆਪਣੇ ਕਾਰਜਾਂ ਵਿਚ ਲੀਨ ਹਨ— ਭੈ ਵਿਚਿ ਸੂਰਜੁ ਭੈ ਵਿਚ ਚੰਦੁਜਪੁਜੀ ’ ਅਨੁਸਾਰ ਇਸ ਦੀ ਗਿਣਤੀ ਇਕ ਨਹੀਂ ਅਨੇਕ ਹੈ— ਕੇਤੇ ਇੰਦੁ ਚੰਦੁ ਸੂਰ ਕੇਤੇ ਕੇਤੇ ਮੰਡਲ ਦੇਸਬਚਿਤ੍ਰ ਨਾਟਕ ’ ਵਿਚ ਬੇਦੀਆਂ ਨੂੰ ਸੂਰਜਵੰਸ਼ੀ ਮੰਨਿਆ ਗਿਆ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6699, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਸੂਰਜ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸੂਰਜ (ਸੰ.। ਸੰਸਕ੍ਰਿਤ ਸੂਰਯ। ਪੰਜਾਬੀ ਸੂਰਜ) ਸੂਰਜ, ਦਿਨੀਅਰ। ਅਸਮਾਨ ਵਿਚ ਚੱਲ ਰਿਹਾ ਪ੍ਰਕਾਸ਼ ਪੁੰਜ , ਜੋ ਦਿਨ ਵੇਲੇ ਧਰਤੀ ਨੂੰ ਚਾਨਣਾ ਤੇ ਗਰਮੀ ਦੇਂਦਾ ਹੈ, ਜੋ ਖਗੋਲ ਦੇ ਵਿਦਵਾਨਾ ਨੇ ਬੁਧ ਮੰਗਲ ਧਰਤੀ ਆਦਿ ਸਾਰੇ ਗ੍ਰੈਹਾਂ ਦਾ ਕੇਂਦਰ ਵਾਂਙ ਮੰਨਿਆਂ ਹੈ। ਯਥਾ-‘ਸੂਰਜੁ ਚੜਿਆ ਪਿੰਡੁ ਪੜਿਆ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6698, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸੂਰਜ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸੂਰਜ : ਸੂਰਜ ਵੇਖਣ ਵਿਚ ਭਾਵੇਂ ਸਭ ਤੋਂ ਵੱਡਾ ਅਤੇ ਚਮਕਦਾਰ ਲਗਦਾ ਹੈ, ਪਰ ਅਸਲ ਵਿਚ ਇਹ ਭੀ ਇਕ ਨਿੱਕਾ ਜਿਹਾ ਅਤੇ ਘੱਟ ਰੌਸ਼ਨੀ ਵਾਲਾ ਤਾਰਾ ਹੀ ਹੈ। ਭੁਲੇਖੇ ਦਾ ਕਾਰਨ ਇਹ ਹੈ ਕਿ ਸੂਰਜ ਬਾਕੀ ਤਾਰਿਆਂ ਦੇ ਮੁਕਾਬਲੇ ਵਿਚ ਧਰਤੀ ਦੇ ਸਭ ਤੋਂ ਨੇੜੇ ਹੈ। ਸੂਰਜ ਤੋਂ ਬਾਅਦ ਦੂਸਰਾ ਤਾਰਾ ਧਰਤੀ ਤੋਂ ਕੋਈ 3,00,000 ਗੁਣਾ ਵਧੇਰੇ ਦੂਰ ਹੈ। ਸੂਰਜ ਦੀ ਗੁਰੂਤਵੀ ਖਿੱਚ ਵਿਚ ਬੱਧੀ ਸਾਡੀ ਧਰਤੀ ਅਤੇ ਸੂਰਜੀ ਪਰਿਵਾਰ ਦੇ ਬਾਕੀ ਮੈਂਬਰ ਸੂਰਜ ਦੁਆਲੇ ਪਰਿਕਰਮਾ ਕਰਦੇ ਹਨ। ਦੂਜੇ ਸ਼ਬਦਾਂ ਵਿਚ ਸੂਰਜੀ ਪਰਿਵਾਰ ਦੀਆਂ ਸਾਰੀਆਂ ਗਤੀਆਂ ਨੂੰ ਸੂਰਜ ਨਿਯਮਤ ਕਰਦਾ ਹੈ। ਸੂਰਜ ਦੀ ਮਹਾਨਤਾ ਦਾ ਦੂਜਾ ਕਾਰਨ ਇਹ ਹੈ ਕਿ ਸੂਰਜ ਹੀ ਧਰਤੀ ਉਪਰ ਜੀਵਨ ਦਾ ਸੋਮਾ ਹੈ। ਇਸ ਤੋਂ ਪ੍ਰਾਪਤ ਤਾਪ ਅਤੇ ਪ੍ਰਕਾਸ਼ ਤੋਂ ਬਿਨਾ ਧਰਤੀ ਉੱਪਰ ਕਿਸੇ ਭਾਂਤ ਦਾ ਜੀਵਨ ਸੰਭਵ ਨਹੀਂ।

          ਸੂਰਜ ਮਘਦੀਆਂ ਹੋਈਆਂ ਗੈਸਾਂ ਦਾ ਇਕ ਬਹੁਤ ਵੱਡਾ, ਚਮਕੀਲਾ ਅਤੇ ਅਤਿ-ਗਰਮ ਗੋਲਾ ਹੈ। ਸੂਰਜ-ਗ੍ਰਹਿਣ ਸਮੇਂ ਦੂਰਬੀਨਾਂ ਰਾਹੀਂ ਸੂਰਜ ਦੇ ਸਪੈੱਕਟ੍ਰਮ ਲਏ ਜਾ ਸਕਦੇ ਹਨ, ਜੋ ਸਾਨੂੰ ਸੂਰਜ ਦੀ ਅੰਦਰਲੀ ਅਤੇ ਬਾਹਰਲੀ ਬਣਤਰ ਬਾਰੇ ਗਿਆਨ ਦਿੰਦੇ ਹਨ।

          ਵਿੱਥ, ਅਕਾਰ, ਪੁੰਜ ਅਤੇ ਬਣਤਰ––ਸੂਰਜ ਦੇ ਕੇਂਦਰ ਤੋਂ ਧਰਤੀ ਦੇ ਕੇਂਦਰ ਤਕ ਦੀ ਦੂਰੀ ਨੂੰ ਖਗੋਲ-ਵਿਗਿਆਨ ਵਿਚ ਦੂਰੀ ਦੀ ਇਕਾਈ ਮੰਨਿਆ ਜਾਂਦਾ ਹੈ। ਧਰਤੀ ਦਾ ਸੂਰਜ ਦੁਆਲੇ ਦਾ ਗ੍ਰਹਿ-ਪਥ ਅੰਡਾਕਾਰ ਹੈ, ਜਿਸ ਦੀ ਨਾਭੀ ਉੱਪਰ ਸੂਰਜ ਸਥਿਤ ਹੈ। ਇਸ ਲਈ ਧਰਤੀ ਤੋਂ ਸੂਰਜ ਦੀ ਵਿੱਥ ਇਕਸਾਰ ਨਹੀਂ ਰਹਿੰਦੀ। ਔਸਤ ਵਿੱਥ 14,96,00,000 ਕਿ. ਮੀ. ਮੰਨੀ ਗਈ ਹੈ।

          ਵਿੱਥ ਕੱਢਣ ਤੋਂ ਬਾਅਦ ਸੂਰਜ ਦਾ ਅਕਾਰ ਲੱਭਣਾਂ ਮੁਸ਼ਕਲ ਨਹੀਂ। ਪ੍ਰਯੋਗਾਂ ਤੋਂ ਪਤਾ ਲੱਗਿਆ ਹੈ ਕਿ ਸੂਰਜ ਦਾ ਵਿਆਸ ਧਰਤੀ ਨਾਲ 31' 59.3'' ਦਾ ਕੋਣ ਬਣਾਉਂਦਾ ਹੈ, ਇਸ ਲਈ ਸੰਬੰਧ ι=r θ ਤੋਂ ਸੂਰਜ ਦਾ ਵਿਆਸ 13,93,000 ਕਿ. ਮੀ. ਹੈ। ਇਹ ਧਰਤੀ ਦੇ ਵਿਆਸ ਦਾ 109.3 ਗੁਣਾ ਹੈ।

          ਨਿਊਟਨ ਦਾ ਗੁਰੂਤਵੀ ਖਿੱਚ ਦਾ ਨਿਯਮ ਵਰਤ ਕੇ ਸੂਰਜ ਦਾ ਪੁੰਜ ਕੱਢਿਆ ਗਿਆ ਹੈ ਅਤੇ ਇਸ ਦਾ ਮਾਨ 1.99 ⨉ 1030 ਕਿ. ਗ੍ਰਾ. (2.19 ⨉ 1027ਟਨ) ਹੈ, ਜੋ ਧਰਤੀ ਦੇ ਪੁੰਜ ਦਾ 3,33,400 ਗੁਣਾ ਹੈ। ਸਪੱਸ਼ਟ ਹੈ ਕਿ ਸੂਰਜ ਦੀ ਘਣਤਾ ਧਰਤੀ ਦੀ ਘਣਤਾ ਦਾ ਲਗਭਗ ਚੌਥਾ ਹਿੱਸਾ ਹੋਵੇਗੀ। ਕਾਰਨ ਇਹ ਹੈ ਕਿ ਸੂਰਜ ਗੈਸੀ ਪਦਾਰਥਾਂ ਦਾ ਬਣਿਆ ਹੋਇਆ ਹੈ ਅਤੇ ਧਰਤੀ ਠੋਸ ਅਤੇ ਤਰਲ ਪਦਾਰਥਾਂ ਨੂੰ ਮਿਲਾ ਕੇ ਬਣੀ ਹੈ। ਸੂਰਜ ਦੀ ਔਸਤ ਘਣਤਾ 1.41 ਗ੍ਰਾ. ਪ੍ਰਤਿ ਘਣ ਸੈਂ. ਮੀ. ਹੈ।

          ਸੂਰਜ ਦਾ ਪ੍ਰਕਾਸ਼ ਅਤੇ ਤਾਪ––ਧਰਤੀ ਲਈ ਊਰਜਾ ਪ੍ਰਾਪਤ ਕਰਨ ਦਾ ਸਭ ਤੋਂ ਵੱਡਾ ਸੋਮਾ ਸੂਰਜ ਹੈ। ਲੱਖਾਂ ਕਰੋੜਾਂ ਵਰ੍ਹਿਆਂ ਤੋਂ ਇਹ ਧਰਤੀ ਨੂੰ ਤਾਪ ਅਤੇ ਵਿਕੀਰਨ ਊਰਜਾ ਦਿੰਦਾ ਆ ਰਿਹਾ ਹੈ। ਜਿਹੜੀ ਗਰਮੀ ਅਸੀਂ ਹੋਰਨਾਂ ਸਾਧਨਾਂ ਤੋਂ ਪ੍ਰਾਪਤ ਕਰਦੇ ਹਾਂ, ਵਾਸਤਵ ਵਿਚ ਉਹ ਵੀ ਸੂਰਜ ਦੀ ਹੀ ਗਰਮੀ ਹੈ। ਲੱਕੜੀ, ਪੱਥਰ ਦਾ ਕੋਲਾ ਜਾਂ ਬਿਜਲੀ ਕੁਝ ਵੀ ਹੋਵੇ, ਇਨ੍ਹਾਂ ਵਿਚ ਤਾਪ ਦਾ ਸੋਮਾ ਸੂਰਜ ਹੀ ਹੈ। ਸੂਰਜ ਤੋਂ ਆ ਰਹੀ ਊਰਜਾ ਸੂਰਜ ਦੇ ਧੁਰ ਅੰਦਰਲੇ ਭਾਗ (ਕੋਰ) ਵਿਚ ਉਤਪੰਨ ਹੁੰਦੀ ਹੈ। ਇਹ ਊਰਜਾ ਕਿਵੇਂ ਪੈਦਾ ਹੁੰਦੀ ਹੈ, ਇਹ ਬੜਾ ਰੌਚਿਕ ਸਵਾਲ ਹੈ। ਸੂਰਜ ਦੀਆਂ ਗੈਸਾਂ ਵਿਚ ਲਗਭਗ 90% ਹਾਈਡ੍ਰੋਜਨ ਅਤੇ 9% ਹੀਲੀਅਮ ਹੈ। ਸੂਰਜ ਦੇ ਧੁਰ ਅੰਦਰਲੇ ਭਾਗ ਵਿਚ ਹਾਈਡ੍ਰੋਜਨ ਗੈਸ ਨਿਰੰਤਰ ਹੀਲੀਅਮ ਵਿਚ ਬਦਲਦੀ ਰਹਿੰਦੀ ਹੈ। ਹਾਈਡ੍ਰੋਜਨ ਗੈਸ ਦੇ ਚਾਰ ਪਰਮਾਣੂ ਜੁੜ ਕੇ ਹੀਲੀਅਮ ਦਾ ਇਕ ਪਰਮਾਣੂ ਬਣਾਉਂਦੇ ਹਨ ਪਰ ਇਸ ਕਿਰਿਆ ਵਿਚ ਗੈਸ ਦਾ ਕੁਝ ਭਾਗ ਅਲੋਪ ਹੋ ਜਾਂਦਾ ਹੈ। ਇਹ ਅਲੋਪ ਹੋਇਆ ਭਾਗ ਹੀ ਵਿਕੀਰਨ ਊਰਜਾ ਦੇ ਰੂਪ ਵਿਚ ਸੂਰਜ ਦੇ ਅੰਦਰੂਨੀ ਭਾਗਾਂ ਵਿਚੋਂ ਲੰਘ ਕੇ ਸੂਰਜੀ ਸਤ੍ਹਾ ਤੋਂ ਪ੍ਰਕਾਸ਼ ਦੀ ਸ਼ਕਲ ਵਿਚ ਧਰਤੀ ਤਕ ਪਹੁੰਚਦਾ ਹੈ। ਮਾਦੇ ਨੂੰ ਊਰਜਾ ਵਿਚ ਬਦਲਣ ਦਾ ਸਿਧਾਂਤ ਸਭ ਤੋਂ ਪਹਿਲਾਂ ਆਈਨਸਟਾਈਨ ਨੂੰ ਸੁੱਝਿਆ ਸੀ। ਇਹ ਸਿੱਧਾਂਤ E= m ⨉ C2 ਹੈ, ਜਿਥੇ ‘m’ ਪਦਾਰਥਾ ਦਾ ਪੁੰਜ ਅਤੇ ‘C’ ਨਿਰਵਾਯੂ ਵਿਚ ਪ੍ਰਕਾਸ਼ ਦਾ ਵੇਗ ਹੈ।

          ਇਸ ਫ਼ਾਰਮੂਲੇ ਅਨੁਸਾਰ ਇਕ ਗ੍ਰਾਮ ਪਦਾਰਥ ਵਿਚੋਂ 9 ⨉ 1020 ਅਰਗ ਊਰਜਾ ਉਤਪੰਨ ਹੁੰਦੀ ਹੈ। ਇਸ ਦਾ ਅਰਥ ਹੈ ਕਿ 1% ਪੁੰਜ ਨੂੰ ਹਾਈਡ੍ਰੋਜਨ ਤੋਂ ਹੀਲੀਅਮ ਵਿਚ ਤਬਦੀਲ ਹੋਣ ਨਾਲ ਸੂਰਜ ਨੂੰ 109 ਸਾਲਾਂ ਤਕ ਵਿਕੀਰਨ-ਊਰਜਾ ਮਿਲਦੀ ਰਹੇਗੀ। ਸੂਰਜ ਦੇ ਕੋਰ ਵਿਚ ਇਕ ਸੈਕੰਡ ਵਿਚ 6,570 ਲੱਖ ਟਨ ਹਾਈਡ੍ਰੋਜਨ ਤੇ 6,525 ਲੱਖ ਟਨ ਹੀਲੀਅਮ ਵਿਚ ਤਬਦੀਲ ਹੋ ਰਹੀ ਹੈ ਅਤੇ ਇਸ ਤਰ੍ਹਾਂ ਲਗਭਗ 45 ਲੱਖ ਟਨ ਪਦਾਰਥ ਊਰਜਾ ਦਾ ਰੂਪ ਲੈ ਰਿਹਾ ਹੈ। ਸੂਰਜ ਦਾ ਪੁੰਜ ਇੰਨਾ ਜ਼ਿਆਦਾ ਹੈ ਕਿ ਇਹ ਪਿਛਲੇ 5,000 ਕ੍ਰੋੜ ਸਾਲਾਂ ਤੋਂ ਧਰਤੀ ਨੂੰ ਊਰਜਾ ਪ੍ਰਦਾਨ ਕਰ ਰਿਹਾ ਹੈ ਅਤੇ ਅਗਲੇ 5,000 ਕ੍ਰੋੜ ਸਾਲਾਂ ਤਕ ਧਰਤੀ ਨੂੰ ਊਰਜਾ ਦੇਣ ਦੀ ਸਮਰੱਥਾ ਰੱਖਦਾ ਹੈ। ਇਸ ਤੋਂ ਪਿਛੋਂ ਸੂਰਜ ਇਕ ਸ਼ਕਤੀਹੀਣ ਪਦਾਰਥ ਦਾ ਗੋਲਾ ਬਣ ਕੇ ਰਹਿ ਜਾਵੇਗਾ। ਇਸ ਸਮੇਂ ਸੂਰਜ ਦੀ ਚਮਕ ਬੜੀ ਤੀਬਰ ਹੈ। ਇਹ ਪੁੰਨਿਆਂ ਦੇ ਚੰਨ ਨਾਲੋਂ 4,65,000 ਗੁਣਾ, ਸ਼ੁੱਕਰ ਗ੍ਰਹਿ ਨਾਲੋਂ 9 ⨉ 108 ਗੁਣਾ ਅਤੇ ਸਭ ਤੋਂ ਵੱਧ ਚਮਕਦੇ ਤਾਰੇ ਲੁਬਧਕ ਅਰਥਾਤ ਸਿਰਿਅਸ (Sirius) ਨਾਲੋਂ 11 ⨉ 103 ਗੁਣਾਂ ਵਧੇਰੇ ਚਮਕੀਲਾ ਹੈ। ਸੂਰਜੀ ਸਤ੍ਹਾਂ ਦੇ ਪ੍ਰਤਿ ਵਰਗ ਸੈਂ. ਮੀ. ਦੀ ਚਮਕ 50,000 ਕੈਂਡਲ ਪਾਵਰ ਹੁੰਦੀ ਹੈ। ਇਸ ਤੋਂ ਨਿਕਲੀਆਂ ਪ੍ਰਕਾਸ਼ ਕਿਰਨਾਂ ਨੂੰ 1,86,000 ਮੀਲ (2,99,388 ਕਿ. ਮੀ.) ਪ੍ਰਤਿ ਸੈਕੰਡ ਵੇਗ ਨਾਲ ਧਰਤੀ ਤੇ ਪੁਜਣ ਲਈ 8.5 ਮਿੰਟ ਲਗਦੇ ਹਨ। ਕਾਫ਼ੀ ਦੂਰ ਹੋਣ ਕਰਕੇ ਸੂਰਜ ਵਿਚੋਂ ਉਪਜੀ ਸ਼ਕਤੀ ਦਾ ਬਹੁਤ ਥੋੜ੍ਹਾ ਹਿੱਸਾ ਹੀ ਧਰਤੀ ਤਕ ਪਹੁੰਚਦਾ ਹੈ। ਸੂਰਜ ਦਾ ਕੁੱਲ ਊਰਜਾ ਉਤਪਾਦਨ 3.86 ⨉ 1033 ਅਰਗ ਪ੍ਰਤਿ ਸੈਕੰਡ ਹੈ।

          ਸੂਰਜੀ ਤਾਪ-ਅੰਕ (Solar-Constant)––ਜੇ ਮੰਨ ਲਿਆ ਜਾਵੇ ਕਿ ਧਰਤੀ ਦਾ ਆਪਣਾ ਕੋਈ ਵਾਯੂ-ਮੰਡਲ ਨਹੀਂ ਤਾਂ ਸੂਰਜ ਦੀ ਜਿੰਨੀ ਊਰਜਾ ਧਰਤੀ ਦੇ 1 ਵਰਗ ਸੈਂ. ਮੀ. ਹਿੱਸੇ ਉਪਰ ਇਕ ਮਿੰਟ ਵਿਚ ਲੰਬ ਦਿਸ਼ਾ ਵਿਚ ਪਹੁੰਚਦੀ ਹੈ, ਉਸ ਨੂੰ ਸੂਰਜੀ ਤਾਪ-ਅੰਕ ਕਿਹਾ ਜਾਂਦਾ ਹੈ। ਐੱਬਟ (Abbot) ਨੇ ਬਹੁਤ ਪ੍ਰੇਖਣਾਂ ਤੋਂ ਬਾਅਦ ਸੂਰਜੀ ਤਾਪ-ਅੰਕ ਦਾ ਮਾਨ ਲਗਭਗ 2.0 ਕੈਲੋਰੀ ਕੱਢਿਆ ਹੈ, ਜੋ ਅਸਲੀ ਕੀਮਤ ਦੇ ਬਹੁਤ ਨੇੜੇ ਪ੍ਰਤੀਤ ਹੁੰਦਾ ਹੈ। ਸੂਰਜੀ ਤਾਪ-ਅੰਕ ਦੀ ਇਸ ਕੀਮਤ ਨੂੰ ਵਰਤ ਕੇ ਪਤਾ ਲਗਦਾ ਹੈ ਕਿ ਸੂਰਜ ਤੋਂ 9 ਹਾਰਸ ਪਾਵਰ ਊਰਜਾ ਪ੍ਰਤਿ ਵਰਗ ਸੈਂ. ਮੀ. ਨਿਕਲਦੀ ਹੈ ਜਿਸ ਦਾ ਕੇਵਲ 2,200 ਕ੍ਰੋੜਵਾਂ ਹਿੱਸਾ ਹੀ ਧਰਤੀ ਤਕ ਪਹੁੰਚਦਾ ਹੈ।

          ਸੂਰਜ ਦਾ ਤਾਪਮਾਨ––ਸੂਰਤੀ ਸਤ੍ਹਾ ਦਾ ਤਾਪਮਾਨ ਇਕਸਾਰ ਨਹੀਂ। ਸੂਰਜੀ ਕਿਰਨਾਂ ਦੀ ਤਰੰਗ-ਲੰਬਾਈ ਦੀ ਵੰਡ ਤੋਂ ਇਹ ਅਨੁਮਾਨ ਲਗਦਾ ਹੈ ਕਿ ਸੂਰਜ ਕਾਫ਼ੀ ਹੱਦ ਤਕ ਸੰਪੂਰਨ ਕਾਲੀ ਵਸਤ ਹੈ, ਅਰਥਾਤ ਜਿੰਨੀ ਵਿਕੀਰਨ ਇਸ ਵਿਚ ਪੈਦਾ ਹੁੰਦੀ ਹੈ, ਉੱਨੀਂ ਹੀ ਇਸ ਵਿਚੋਂ ਬਾਹਰ ਨਿਕਲ ਜਾਂਦੀ ਹੈ। ਇਹ ਤਰੰਗ-ਲੰਬਾਈ ਦੀ ਵੰਡ 6,000° ਸੈਂ. ਦੀ ਕਾਲੀ ਵਸਤ ਨਾਲ ਮੇਲ ਖਾਂਦੀ ਹੈ। ਇਸ ਲਈ ਸੂਰਜ ਦੀ ਪ੍ਰਭਾਵਸ਼ਾਲੀ ਤਾਪਮਾਨ 6,000° ਸੈਂ. ਹੈ। ਭਾਵ ਇਹ ਸੂਰਜ ਦੀਆਂ ਬਾਹਰਲੀਆਂ ਤਹਿਆਂ ਦੇ ਤਾਪਮਾਨ ਦੀ ਔਸਤ ਕੀਮਤ ਹੈ। ਪਰ ਸੂਰਜ ਦੀ ਟਿੱਕੀ ਉਪਰ ਵੀ ਇਸ ਤਾਪਮਾਨ ਦੀ ਵੰਡ ਇਕਸਾਰ ਨਹੀਂ। ਟਿੱਕੀ ਦੇ ਕੇਂਦਰੀ ਭਾਗਾਂ ਵਿਚੋਂ ਆ ਰਹੀ ਊਰਜਾ ਕਿਉਂਕਿ ਵਧੇਰੇ ਡੂੰਘੇ ਅਤੇ ਗਰਮ ਹਿੱਸਿਆਂ ਵਿਚੋਂ ਲੰਘ ਕੇ ਆਉਂਦੀ ਹੈ ਇਸ ਲਈ ਬਾਹਰੀ ਹਿੱਸਿਆਂ (limb) ਦੇ ਮੁਕਾਲਬਲੇ ਵਿਚ ਇਥੇ ਤਾਪਮਾਨ ਉੱਚਾ ਹੁੰਦਾ ਹੈ। ਸੂਰਜ ਦੇ ਕੇਂਦਰੀ ਭਾਗਾਂ ਦਾ ਪ੍ਰਭਾਵਸ਼ਾਲੀ ਤਾਪਮਾਨ 6,300° ਸੈਂ. ਹੈ ਅਤੇ ਲਿੰਬ ਦੇ ਨੇੜੇ 5,000° ਸੈਂ.। ਇਸੇ ਲਈ ਲਿੰਬ ਦੇ ਨੇੜੇ ਸੂਰਜ ਦੀ ਚਮਕ ਘੱਟ ਜਾਂਦੀ ਹੈ, ਜਿਸ ਨੂੰ ਲਿੰਬ ਡਾਰਕਨਿੰਗ ਦਾ ਨਾਂ ਦਿੱਤਾ ਗਿਆ ਹੈ। ਦੂਰਬੀਨ ਰਾਹੀਂ ਲਈਆਂ ਗਈਆਂ ਸੂਰਜ ਦੀਆਂ ਤਸਵੀਰਾਂ ਵਿਚ ਸਪੱਸ਼ਟ ਨਜ਼ਰ ਆਉਂਦਾ ਹੈ ਕਿ ਸੂਰਜ ਦਾ ਕੇਂਦਰੀ ਭਾਗ ਪੀਲਾ ਅਤੇ ਬਾਹਰਲੀ ਭਾਗ ਲਾਲ ਭਾਹ ਮਾਰਦਾ ਹੈ।

          ਸੂਰਜ ਦੀਆਂ ਗਤੀਆਂ––ਭਾਵੇਂ ਧਰਤੀ ਦੀਆਂ ਗਤੀਆਂ ਦਾ ਅਧਿਐਨ ਕਰਦੇ ਸਮੇਂ ਸੂਰਜ ਨੂੰ ਸਥਿਰ ਹੀ ਮੰਨਿਆ ਜਾਂਦਾ ਹੈ ਪਰ ਧਰਤੀ ਵਾਂਗ ਸੂਰਜ ਦੀਆਂ ਵੀ ਆਪਣੀਆਂ ਗਤੀਆਂ ਹਨ। ਸੂਰਜ ਦੀ ਪਹਿਲੀ ਗਤੀ ਆਪਣੇ ਧੁਰੇ ਦੁਆਲੇ ਪੂਰਬ ਤੋਂ ਪੱਛਮ ਵਲ ਘੁੰਮਣ ਦੀ ਹੈ। ਇਸ ਗਤੀ ਦਾ ਪਤਾ ਪਹਿਲੀ ਵਾਰੀ ਗੈਲਿਲੀਓ ਨੇ 1610 ਵਿਚ ਉਦੋਂ ਲਗਾਇਆ ਜਦੋਂ ਉਸ ਨੇ ਸੂਰਜੀ ਧੱਬਿਆਂ ਦੀ ਬਦਲਦੀ ਹੋਈ ਸਥਿਤੀ ਵਲ ਧਿਆਨ ਦਿੱਤਾ। ਸੂਰਜ ਆਪਣੇ ਧੁਰੇ ਦੁਆਲੇ ਕਿਸੇ ਦ੍ਰਿੜ੍ਹ ਪਿੰਡ ਵਾਂਗ ਨਹੀਂ ਘੁੰਮਦਾ। ਇਸ ਦਾ ਮੱਧ-ਰੇਖਾ ਉਪਰ ਔਸਤ ਘੁੰਮਣ-ਸਮਾਂ 24.65 ਦਿਨ ਹੈ, 20° ਸੂਰਜੀ ਵਿੱਥਕਾਰ ਉਪਰ ਘੁੰਮਣ-ਸਮਾਂ 25.19 ਦਿਨ, 35° ਉਪਰ 26.63 ਦਿਨ ਅਤੇ 60° ਉਪਰ 30.93 ਦਿਨ ਹੈ। ਇਸ ਤੋਂ ਵੀ ਉਚੇਰੇ ਵਿਥਕਾਰਾਂ ਤੇ ਘੁੰਮਣ-ਸਮਾਂ ਹੋਰ ਵੱਧ ਜਾਂਦਾ ਹੈ। ਧਰੁਵਾਂ ਦੇ ਨੇੜੇ ਘੁੰਮਣ-ਸਮਾਂ ਲਗਭਗ 34 ਦਿਨ ਹੋ ਜਾਂਦਾ ਹੈ। ਸੂਰਜ ਦਾ ਘੁੰਮਣ ਧੁਰਾ ਇਕਲਿਪਟਿਕ (ਗ੍ਰਹਿਣ-ਕ੍ਰਾਂਤੀ ਦਾਇਰਾ) ਨਾਲ 7° ਦਾ ਕੋਣ ਬਣਾਉਂਦਾ ਹੈ। ਪੁਲਾੜ ਵਿਚ ਵੀ ਸੂਰਜ ਇਕ ਸਥਿਰ ਪਿੰਡ ਨਹੀਂ ਹੈ। ਸੂਰਜ ਦੀ ਪੁਲਾੜ ਵਿਚਲੀ ਗਤੀ ਦੀ ਦਿਸ਼ਾ ਦਾ ਪਤਾ ਤਾਰਿਆਂ ਦੀ ਨਿੱਜੀ ਗਤੀ (proper motion) ਤੋਂ ਲਗਦਾ ਹੈ ਅਤੇ ਇਸ ਨੂੰ ਤਾਰਾ-ਲੰਬਨ (stellar parallax) ਵਿਧੀ ਨਾਲ ਨਾਪਿਆ ਗਿਆ ਹੈ। ਸੂਰਜ ਦੀ ਪੁਲਾੜ ਵਿਚ ਗਤੀ ਲਗਭਗ 20 ਕਿ. ਮੀ. ਪ੍ਰਤਿ ਸੈਕੰਡ ਹੈ ਅਤੇ ਇਹ ਹਰਕੁਲੀਜ਼ ਤਾਰਾ-ਮੰਡਲ (constellation) ਦੀ ਦਿਸ਼ਾ ਵਿਚ ਹੈ।

          ਸੂਰਜ ਦੀ ਬਣਤਰ––ਸੂਰਜ ਦੀ ਬਣਤਰ ਨੂੰ ਮੁਖ ਤੌਰ ਤੇ ਤਿੰਨ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ :

          1. ਸੂਰਜ ਦਾ ਅੰਦਰੂਨੀ ਭਾਗ; 2. ਸੂਰਜੀ ਵਾਯੂਮੰਡਲ; ਅਤੇ 3. ਸੂਰਜੀ ਸਰਗਰਮੀਆਂ।

          ਅੰਦਰੂਨੀ ਭਾਗ––ਸੂਰਜ ਦੇ ਪੁੰਜ, ਅਰਧ-ਵਿਆਸ ਅਤੇ ਪ੍ਰਕਾਸ਼-ਮਾਨਤਾ ਨੂੰ ਲੈ ਕੇ ਸੂਰਜ ਦੇ ਅੰਦਰ ਤਾਪਮਾਨ, ਘਣਤਾ ਅਤੇ ਦਬਾਉ ਦੀ ਵੰਡ ਦਾ ਹਿਸਾਬ ਇਸ ਢੰਗ ਨਾਲ ਲਗਾਇਆ ਜਾਂਦਾ ਹੈ ਕਿ ਮਕੈਨਿਕੀ ਅਤੇ ਤਾਪ-ਊਰਜਾ ਦੇ ਸੰਤੁਲਨ ਦੀ ਸ਼ਰਤ ਪੂਰੀ ਹੋ ਜਾਂਦੀ ਹੈ। ਸੂਰਜ ਦੇ ਅੰਦਰਲੇ ਭਾਗਾਂ ਬਾਰੇ ਵੱਖ-ਵੱਖ ਕਲਪਨਾਵਾਂ ਕਰਕੇ ਸੂਰਜੀ ਬਣਤਰ ਦੇ ਕਈ ਮਾਡਲ ਬਣਾਏ ਗਏ ਹਨ। ਇਹ ਮਾਡਲ ਬਾਰੀਕੀ ਵਿਚ ਭਿੰਨ ਹੁੰਦੇ ਹੋਏ ਵੀ ਮੋਟੇ ਤੌਰ ਤੇ ਸੂਰਜ ਦੀ ਬਣਤਰ ਇਕੋ ਹੀ ਦਸਦੇ ਹਨ। ਸੂਰਜ ਦੇ ਸਭ ਤੋਂ ਅੰਦਰਲੇ ਹਿੱਸੇ ਨੂੰ ਕੋਰ ਕਹਿੰਦੇ ਹਨ। ਇਥੇ ਤਾਪਮਾਨ ਲਗਭਗ 20 ⨉ 106° K ਹੈ ਅਤੇ ਇਹ ਘਟਦਾ ਘਟਦਾ ਫ਼ੋਟੋਸਫ਼ੀਅਰ ਤੇ ਸਿਰਫ਼ 5,000° K ਰਹਿ ਜਾਂਦਾ ਹੈ। ਕੋਰ ਦੀ ਘਣਤਾ 90 ਗ੍ਰਾ. ਪ੍ਰਤਿ ਘਣ ਸੈਂ. ਮੀ. ਹੈ, ਜੋ ਸੂਰਜੀ ਸਤ੍ਹਾ ਤੇ ਸਿਰਫ਼ 10-7 ਗ੍ਰਾ. ਪ੍ਰਤਿ ਘਣ ਸੈਂ. ਮੀ. ਰਹਿ ਜਾਂਦੀ ਹੈ। ਕੋਰ ਵਿਚ ਸੂਰਜ ਦੀ ਭੱਠੀ ਹੈ ਜਿਥੇ ਲਗਾਤਾਰ 4.3 ਮੀਟ੍ਰਿਕ ਟਨ ਮਾਦਾ ਪ੍ਰਤਿ ਸੈਕੰਡ ਖਪਤ ਹੋ ਰਿਹਾ ਹੈ ਅਤੇ ਬਾਹਰ ਵੱਲ ਪਦਾਰਥਕ ਊਰਜਾ ਭੇਜ ਰਿਹਾ ਹੈ। ਕੋਰ ਦਾ ਅਰਧ-ਵਿਆਸ ਲਗਭਗ 1,50,000 ਕਿ. ਮੀ. ਹੈ। ਸੂਰਜ ਦੇ ਕੇਂਦਰ ਤੋਂ 5 ⨉ 105 ਕਿ. ਮੀ. ਅਰਧ-ਵਿਆਸ ਤਕ ਊਰਜਾ ਦਾ ਵਹਿਣ ਵਿਕੀਰਨ ਰਾਹੀਂ ਹੁੰਦਾ ਹੈ। ਵਿਕੀਰਨ-ਯੁਕਤ ਖੰਡ ਤੋਂ ਬਾਹਰ ਅਤੇ ਫ਼ੋਟੋਸਫ਼ੀਅਰ ਤਕ ਦਾ ਹਿੱਸਾ (ਲਗਭਗ 3,50,000 ਕਿ. ਮੀ.) ਸੰਵਹਿਣ-ਯੁਕਤ ਹੈ ਕਿਉਂਕਿ ਇਥੋਂ ਊਰਜਾ ਸੰਵਹਿਣ ਦੇ ਢੰਗ ਨਾਲ ਲੰਘਦੀ ਹੈ। ਇਹ ਖੰਡ, ਕੋਰ ਵਿਚ ਉਪਜੀ ਊਰਜਾ ਦਾ ਕਾਫ਼ੀ ਹਿੱਸਾ ਆਪਣੇ ਵਿਚ ਜਜ਼ਬ ਕਰ ਲੈਂਦਾ ਹੈ।

          ਸੂਰਜੀ ਕਿਰਨਾ ਦਾ ਸਪੈੱਕਟ੍ਰੋਸਕੋਪੀ ਵਿਸ਼ਲੇਸ਼ਣ ਕਰਨ ਤੇ ਇਹ ਪਤਾ ਲਗਦਾ ਹੈ ਕਿ ਸੂਰਜ ਕਿਹੜੇ ਤੱਤਾਂ ਦਾ ਬਣਿਆ ਹੋਇਆ ਹੈ। ਸੂਰਜੀ ਸਪੈੱਕਟ੍ਰਮ ਵਿਚ ਕਈ ਹਜ਼ਾਰਾਂ ਕਾਲੀਆਂ ਧਾਰੀਆਂ ਮੌਜੂਦ ਹਨ ਜਿਨ੍ਹਾਂ ਨੂੰ ਫ੍ਰਾੱਉਨਹੋਫਰ ਰੇਖਾਵਾਂ ਕਹਿੰਦੇ ਹਨ। ਇਹ ਰੇਖਾਵਾਂ ਸੂਰਜ ਵਿਚ ਉਪਸਥਿਤ ਤੱਤਾਂ ਦੀਆਂ ਲਖਾਇਕ ਹਨ। ਬਾਕੀ ਤੱਤ ਬਹੁਤ ਅਲਪ ਮਾਤਰਾ ਵਿਚ ਹਨ ਜਾਂ ਧਰਤੀ ਦਾ ਵਾਯੂਮੰਡਲ ਇਨ੍ਹਾਂ ਨੂੰ ਜਜ਼ਬ ਕਰ ਲੈਂਦਾ ਹੈ। ਸੂਰਜ ਦਾ ਤਿੰਨ ਚੌਕਾਈ ਭਾਗ ਹਾਈਡ੍ਰੋਜਨ ਗੈਸ ਦਾ ਅਤੇ ਪੰਜਵਾਂ ਹਿੱਸਾ ਹੀਲੀਅਮ ਦਾ ਬਣਿਆ ਹੋਇਆ ਹੈ। ਇਨ੍ਹਾਂ ਤੋਂ ਛੁੱਟ ਆਕਸੀਜਨ, ਨਾਈਟ੍ਰੋਜਨ, ਕਾਰਬਨ, ਲੋਹਾ, ਗੰਧਕ ਆਦਿ ਤੱਤ ਵੀ ਮੌਜ਼ੂਦ ਹਨ।

          ਸੂਰਜ ਵਿਚ ਪ੍ਰਮਾਣੂਆਂ ਦੀ ਗਿਣਤੀ ਦਾ ਆਪਸੀ ਅਨੁਪਾਤ––

ਹਾਈਡ੍ਰੋਜਨ

(H)

10,00,000

ਹੀਲੀਅਮ

(He)

50,000––2,00,000

ਆੱਕਸੀਜਨ

(O)

500

ਨਾਈਟ੍ਰੋਜਨ

(N)

400

ਕਾਰਬਨ

(C)

200

ਮੈਗਨੀਸ਼ੀਅਮ

(Mg)

33

ਸਿਲਿਕਾਨ

(Si)

20

ਸਲਫ਼ਰ

(S)

8

ਐਲੂਮਿਨੀਅਮ

(Al)

2

ਸੋਡੀਅਮ

(Na)

2

ਕੈਲਸੀਅਮ

(Ca)

1.5

ਲੋਹਾ

(Fe)

1.5

ਸੂਰਜੀ ਵਾਯੂਮੰਡਲ (Solar Atmosphere)

          ਫ਼ੋਟੋਸਫ਼ੀਅਰ––ਸੂਰਜ ਦੀ ਦਿਸ ਰਹੀ ਸਤ੍ਹਾ ਨੂੰ ਫ਼ੋਟੋਸਫ਼ੀਅਰ ਜਾਂ ਪ੍ਰਕਾਸ਼ ਮੰਡਲ ਕਹਿੰਦੇ ਹਨ। ਸੂਰਜ ਦਾ ਲਗਭਗ ਸਾਰਾ ਪ੍ਰਕਾਸ਼ ਅਤੇ ਤਾਪ ਇਸ ਖੇਤਰ ਵਿਚੋਂ ਪੁਲਾੜ ਵਿਚ ਪਸਰਦਾ ਹੈ। ਇਸ ਤੋਂ ਹੇਠ੍ਹਾਂ ਸੂਰਜ ਬਿਲਕੁਲ ਅਪਾਰਦਰਸ਼ੀ ਹੈ ਅਤੇ ਇਸ ਤੋਂ ਉਪਰ ਸੂਰਜੀ ਵਾਯੂਮੰਡਲ ਪੂਰਨ ਪਾਰਦਰਸ਼ੀ ਹੈ। ਫ਼ੋਟੋਸਫ਼ੀਅਰ ਦੀ ਮੋਟਾਈ ਲਗਭਗ 400 ਕਿ. ਮੀ. ਹੈ ਤੇ ਇਸ ਦੀਆਂ ਉਪਰਲੀਆਂ ਤਹਿਆਂ ਦਾ ਤਾਪਮਾਨ 42,00° K ਹੈ। ਫ਼ੋਟੋਸਫ਼ੀਅਰ ਦੀ ਬਣਤਰ ਇਕਸਾਰ ਨਹੀਂ ਸਗੋਂ ਦਾਣੇਦਾਰ ਹੈ, ਇੰਜ ਲਗਦਾ ਹੈ ਜਿਵੇਂ ਸਲੇਟੀ ਜਿਹੀ ਜ਼ਮੀਨ ਉਪਰ ਚਾਵਲਾਂ ਦੇ ਅਨੇਕਾ ਦਾਣੇ ਖਿੱਲਰੇ ਪਏ ਹੋਣ (ਚਿਤਰ 1)। ਇਕ ਦਾਣੇ ਦਾ ਵਿਆਸ ਲਗਭਗ 1,000 ਕਿ. ਮੀ. ਹੈ ਅਤੇ ਇਹ ਦਾਣੇ ਸਥਾਈ ਨਹੀਂ ਰਹਿੰਦੇ ਸਗੋਂ ਬਣਦੇ ਅਤੇ ਮਿਟਦੇ ਰਹਿੰਦੇ ਹਨ। ਇਕ ਦਾਣੇ ਦੀ ਔਸਤ ਉਮਰ ਕੋਈ ਤਿੰਨ ਮਿੰਟ ਤਕ ਹੈ। ਇਸ ਦਾ ਕਾਰਨ ਇਹ ਹੈ ਕਿ ਫ਼ੋਟੋਸਫ਼ੀਅਰ ਦੇ ਵੱਖ ਵੱਖ ਹਿੱਸਿਆਂ ਦਾ ਤਾਪਮਾਨ ਵੱਖਰਾ ਵੱਖਰਾ ਹੈ ਅਤੇ ਇਹ ਫ਼ੋਟੋਸਫ਼ੀਅਰ ਤੋਂ ਹੇਠ੍ਹਾਂ ਸੰਵਹਿਣ-ਯੁਕਤ ਖੰਡ ਦਾ ਲਖਾਇਕ ਹੈ। ਚਮਕਦਾਰ ਦਾਣੇ ਹੇਠ੍ਹੋਂ ਉਪਰ ਆ ਰਹੇ ਗਰਮ ਊਰਜਈ ਪਦਾਰਥ ਦੇ ਭਾਗ ਹਨ ਅਤੇ ਸਲੇਟੀ ਭਾਗ ਹੇਠ੍ਹਾਂ ਵੱਲ ਜਾ ਰਹੇ ਠੰਢੇ ਪਦਾਰਥ ਦੀਆਂ ਧਾਰੀਆਂ ਹਨ।

          ਕ੍ਰੋਮੋਸਫ਼ੀਅਰ––ਫ਼ੋਟੋਸਫ਼ੀਅਰ ਤੋਂ ਉੱਪਰ ਗੈਸਾਂ ਦੀ ਇਕ ਬੇਤਰਤੀਬੀ ਜਿਹੀ ਤਹਿ ਹੈ ਜਿਸ ਦੀ ਮੋਟਾਈ ਲਗਭਗ 5,000 ਕਿ. ਮੀ. ਤੋਂ ਲੈ ਕੇ 16,000 ਕਿ. ਮੀ. ਹੈ (ਚਿਤਰ 2)।

          4,800 ਕਿ. ਮੀ. ਤੋਂ ਉਪਰ ਕ੍ਰੋਮੋਸਫ਼ੀਅਰ ਦੀ ਬਣਤਰ ਇਸ ਤਰ੍ਹਾਂ ਦੀ ਹੈ ਕਿ ਇਸ ਦੇ ਹੇਠਲੇ ਭਾਗਾਂ ਵਿਚੋਂ ਗੈਸਾਂ ਦੀਆਂ ਲਪਟਾਂ ਬੜੀ ਤੇਜ਼ ਰਫ਼ਤਾਰ ਨਾਲ ਉਪਰ ਵਲ ਜਾ ਰਹੀਆਂ ਹੋਣ। ਇਨ੍ਹਾਂ ਨੂੰ ਸਪਿਕਿਊਲਜ਼ (spicules) ਕਹਿੰਦੇ ਹਨ। ਕ੍ਰੋਮੋਸਫ਼ੀਅਰ ਵਿਚ ਲਗਭਗ 104 ਸਪਿਕਿਊਲਜ਼ ਹਨ। ਹਰ ਸਪਿਕਿਊਲ 20-30 ਕਿ. ਮੀ. ਪ੍ਰਤਿ ਸੈਕੰਡ ਦੀ ਰਫ਼ਤਾਰ ਨਾਲ ਕ੍ਰੋਮੋਸਫ਼ੀਅਰ ਵਿਚੋਂ ਉਡਦਾ ਹੈ ਅਤੇ ਪੂਰੀ ਉੱਚਾਈ ਤੇ ਪਹੁੰਚ ਕੇ ਥੋੜ੍ਹਾ ਜਿਹਾ ਰੁਕਦਾ ਹੈ। ਫਿਰ ਇਹ ਧੁੰਧਲਾ ਹੋ ਕੇ ਮਿਟ ਜਾਂਦਾ ਹੈ ਜਾਂ ਵਾਪਸ ਕ੍ਰੋਮੋਸਫ਼ੀਅਰ ਵਿਚ ਆ ਰਲਦਾ ਹੈ। ਇਹ ਕਿਰਿਆ ਤਿੰਨ ਮਿੰਟਾਂ ਵਿਚ ਹੀ ਪੂਰੀ ਹੋ ਜਾਂਦੀ ਹੈ।

          ਕ੍ਰੋਮੋਸਫ਼ੀਅਰ ਪੂਰਨ ਤੌਰ ਤੇ ਪਾਰਦਰਸ਼ੀ ਹੈ ਅਤੇ ਪੂਰਨ ਸੂਰਜ ਗ੍ਰਹਿਣ ਸਮੇਂ ਇਸ ਦਾ ਦ੍ਰਿਸ਼ ਵੇਖਣ ਵਾਲਾ ਹੁੰਦਾ ਹੈ। ਇਸ ਦੀਆਂ ਹੇਠਲੀਆਂ ਤਹਿਆਂ ਦਾ ਤਾਪਮਾਨ 4,300° K ਹੈ ਜੋ ਉਪਰਲੀਆਂ ਤਹਿਆਂ (10,000 ਤੋਂ 15,000 ਕਿ. ਮੀ.) ਤਕ ਪਹੁੰਚਦੇ ਪਹੁੰਚਦੇ 10,00,000° K ਹੋ ਜਾਂਦਾ ਹੈ, ਜਿਥੇ ਕਿ ਇਹ ਤਹਿਆਂ ਕਰੋਨਾ ਨਾਲ ਜਾ ਮਿਲਦੀਆਂ ਹਨ।

          ਕਰੋਨਾ (Corona)––ਕ੍ਰੋਮੋਸਫ਼ੀਅਰ ਤੋਂ ਲੱਖਾਂ ਕਿ. ਮੀ. ਉਪਰ ਸੂਰਜੀ ਵਾਯੂਮੰਡਲ ਦਾ ਸਭ ਤੋਂ ਬਾਹਰਲਾ ਭਾਗ ਕਰੋਨਾ ਹੈ ਜੋ ਘੱਟ ਚਮਕੀਲਾ ਹੋਣ ਕਰਕੇ ਕੇਵਲ ਪੂਰਨ ਸੂਰਜ-ਗ੍ਰਹਿਣ ਸਮੇਂ ਹੀ ਵੇਖਿਆ ਜਾ ਸਕਦਾ ਹੈ। ਪਰ ਹੁਣ ਅਜਿਹੇ ਯੰਤਰ ਵੀ ਬਣ ਗਏ ਹਨ ਜੋ ਕਰੋਨਾ ਦੇ ਅੰਦਰਲੇ ਭਾਗਾਂ ਨੂੰ ਸੂਰਜ-ਗ੍ਰਹਿਣ ਤੋਂ ਬਿਨਾਂ ਵੀ ਵੇਖ ਸਕਦੇ ਹਨ। ਕਰੋਨਾ ਦੀ ਬਣਤਰ ਕਾਫ਼ੀ ਗੁੰਝਲਦਾਰ ਹੈ ਪਰ ਦੂਰੋਂ ਇਹ ਚਿੱਟੇ ਮੋਤੀਆਂ ਵਰਗਾ ਚਮਕੀਲਾ ਚੱਕਰ ਵਿਖਾਈ ਦਿੰਦਾ ਹੈ (ਚਿਤਰ 3)।

          ਕਰੋਨਾ ਦਾ ਪ੍ਰਕਾਸ਼ ਰੌਸ਼ਨੀ ਦੇ ਲਿਸ਼ਕਾਰਿਆਂ ਵਰਗਾ ਹੁੰਦਾ ਹੈ ਕਰੋਨਾ ਦੇ ਅੰਦਰਲੇ ਭਾਗਾਂ ਦੀ ਚਮਕ ਸੂਰਜੀ ਚਮਕ ਦਾ 10-6 ਵਾਂ ਹਿੱਸਾ ਹੈ ਅਤੇ ਇਸ ਤੋਂ ਆ ਰਿਹਾ ਪ੍ਰਕਾਸ਼ ਪੂਰਨ ਚੰਦਰਮਾਂ ਦੇ ਪ੍ਰਕਾਸ਼ ਜਿੰਨਾ ਹੈ। ਕਰੋਨਾ ਦੀ ਸ਼ਕਲ ਸੂਰਜੀ ਧੱਬਿਆਂ ਦੀ ਹਲਚਲ ਦੇ ਨਾਲ ਨਾਲ ਬਦਲਦੀ ਰਹਿੰਦੀ ਹੈ। ਸੂਰਜੀ ਧੱਬਿਆਂ ਦੀ ਨਿਊਨਤਮ ਹਲਚਲ ਦੇ ਦੌਰਨ ਕਰੋਨਾ ਦਾ ਪਸਾਰ ਸੂਰਜੀ ਮੱਧ ਰੇਖਾ ਵੱਲ ਵਧੇਰੇ ਹੁੰਦਾ ਹੈ ਅਤੇ ਅਧਿਕਤਮ ਹਲਚਲ ਸਮੇਂ ਇਹ ਸੂਰਜੀ ਟਿੱਕੀ ਦੇ ਹਰ ਹਿੱਸੇ ਤੋਂ ਅਨਿਯਮਿਤ ਰੂਪ ਵਿਚ ਬਾਹਰ ਵੱਲ ਪਸਰਿਆ ਨਜ਼ਰ ਆਉਂਦਾ ਹੈ। ਕਰੋਨਾ ਦਾ ਸਪੈੱਕਟ੍ਰਮ ਸਰਲ ਅਤੇ ਨਿਰੰਤਰ ਹੁੰਦਾ ਹੈ, ਜਿਸ ਵਿਚ ਫ਼੍ਰਾੱਉਨਹੋਫ਼ਰ ਦੀਆਂ ਕਾਲੀਆਂ ਧਾਰੀਆਂ ਦੇ ਨਾਲ ਨਾਲ ਚਮਕਦਾਰ ਧਾਰੀਆਂ ਵੀ ਹੁੰਦੀਆਂ ਹਨ। ਐਡਲਨ (Edlen) ਨੇ ਸਿੱਧ ਕੀਤਾ ਕਿ ਇਹ ਸਪੈੱਕਟ੍ਰਮ ਲੋਹਾ, ਕੈਲਸੀਅਮ, ਨਿਕਲ ਅਤੇ ਆਰਗਾੱਨ ਦੇ ਅਣੂਆਂ ਦੀ ਹੋਂਦ ਦਾ ਸਿੱਟਾ ਹੈ, ਜੋ ਕਰੋਨਾ ਵਿਚ ਆਇਨਿਡ ਅਵਸਥਾ ਵਿਚ ਮੌਜੂਦ ਹੁੰਦੇ ਹਨ।

          ਕਰੋਨਾ ਦੇ ਬਾਹਰੀ ਭਾਗਾਂ ਦਾ ਤਾਪਮਾਨ ਲਗਭਗ 15,00,000° K ਹੈ ਅਤੇ ਕ੍ਰੋਮੋਸਫ਼ੀਅਰ ਦੀਆਂ ਉਪਰਲੀਆਂ ਤਹਿਆਂ ਦਾ ਤਾਪਮਾਨ 5,00,000° K ਦੇ ਨੇੜੇ ਹੈ। ਦਿਲਚਸਪ ਗੱਲ ਤਾਂ ਇਹ ਹੈ ਕਿ ਘੱਟ ਤਾਪਮਾਨ ਵਾਲੇ ਸੂਰਜ ਦੇ ਫ਼ੋਟੋਸਫ਼ੀਅਰ ਤੋਂ ਪ੍ਰਕਾਸ਼ ਦੀਆਂ ਕਿਰਨਾਂ ਕਿਸ ਢੰਗ ਨਾਲ ਕ੍ਰੋਮੋਸਫ਼ੀਅਰ ਤੇ ਕਰੋਨਾ ਤਕ ਪਹੁੰਚਦੀਆਂ ਹਨ। ਖਗੋਲ-ਵਿਗਿਆਨੀ ਅਜੇ ਇਸ ਭੇਦ ਨੂੰ ਨਹੀਂ ਸਮਝ ਸਕੇ ਅਤੇ ਵੱਖੋ ਵੱਖ ਕਲਪਨਾਵਾਂ ਮੰਨ ਕੇ ਖੋਜ ਜਾਰੀ ਹੈ।

          ਸੂਰਜੀ ਸਰਗਰਮੀਆਂ (Solar activity)––ਉਪਰ ਦਿੱਤੀ ਗਈ ਸੂਰਜ ਦੀ ਬਣਤਰ ਤੋਂ ਸਪਸ਼ਟ ਹੈ ਕਿ ਸੂਰਜ ਉਸ ਸਮੇ ਸਥਾਈ ਸੰਤੁਲਨ ਅਵਸਥਾ ਵਿਚ ਹੁੰਦਾ ਹੈ, ਜਦੋਂ ਸੂਰਜ ਵਿਚ ਕਿਸੇ ਪ੍ਰਕਾਰ ਦੀ ਕੋਈ ਵੀ ਕਿਰਿਆ ਨਾ ਹੋ ਰਹੀ ਹੋਵੇ, ਪਰੰਤੂ ਸਮੇਂ ਸਮੇਂ ਸੂਰਜੀ ਸਤ੍ਹਾਂ ਤੋਂ ਕਈ ਪ੍ਰਮਾਰ ਦੀਆਂ ਸਰਗਰਮੀਆਂ ਵੇਖਣ ਵਿਚ ਆਉਂਦੀਆਂ ਹਨ। ਸਮੁੱਚੇ ਤੌਰ ਤੇ ਇਨ੍ਹਾਂ ਨੂੰ ਸੂਰਜੀ ਸਰਗਰਮੀਆਂ ਕਹਿੰਦੇ ਹਨ ਤੇ ਇਹ ਸਾਰੀਆਂ ਸੂਰਜੀ ਸਤ੍ਹਾ ਉਪਰ ਕਿਸੇ ਸਰਗਰਮੀ-ਕੇਂਦਰ (Centre of activity) ਵਿਚੋਂ ਹੀ ਪੈਦਾ ਹੁੰਦੀਆਂ ਹਨ।

          ਸਰਗਰਮੀ-ਕੇਂਦਰ––ਜਦੋਂ ਸੂਰਜੀ ਸਤ੍ਹਾ ਦੇ ਕਿਸੇ ਹਿੱਸੇ ਉਪਰ ਕਿਸੇ ਵੀ ਕਿਰਿਆ ਕਾਰਨ ਇਕ ਚੁੰਬਕੀ ਖੇਤਰ ਪੈਦਾ ਹੋ ਜਾਵੇ ਤਾਂ ਉਹ ਹਿੱਸਾ ਸਰਗਰਮੀ-ਕੇਂਦਰ ਬਣ ਜਾਂਦਾ ਹੈ। ਸਰਗਰਮੀ-ਕੇਂਦਰ ਦਾ ਵਿਆਸ 15,000 ਕਿ. ਮੀ. ਤਕ ਹੋ ਸਕਦਾ ਹੈ ਅਤੇ ਇਹ ਹਿੱਸਾ ਸਧਾਰਨ ਸੂਰਜੀ ਸਤ੍ਹਾ ਨਾਲੋਂ ਬਿਲਕੁਲ ਅੱਡ ਹੀ ਨਜ਼ਰ ਆਉਂਦਾ ਹੈ। ਚੁੰਬਕੀ ਖੇਤਰ ਦੀ ਸਮਰੱਥਾ 50 ਗਾੱਸ ਤੋਂ 4,000 ਗਾੱਸ ਤਕ ਹੋ ਸਕਦੀ ਹੈ ਅਤੇ ਇਸ ਤੋਂ ਪੈਦਾ ਹੋ ਰਹੀਆਂ ਸਰਗਰਮੀਆਂ ਦਾ ਜੀਵਨ ਕਾਲ 3-4 ਦਿਨਾਂ ਤੋਂ ਲੈ ਕੇ ਲਗਭਗ 300 ਦਿਨ ਹੁੰਦਾ ਹੈ ਜਾਂ ਫਿਰ ਇਕ ਸਰਗਰਮੀ-ਕੇਂਦਰ ਵਾਲੀ ਥਾਂ ਤੇ ਹੀ ਦੂਜਾ ਸਰਗਰਮੀ-ਕੇਂਦਰ ਜਨਮ ਲੈ ਲੈਂਦਾ ਹੈ। ਸਰਗਰਮੀ-ਕੇਂਦਰ ਵਿਚੋਂ ਹੇਠ੍ਹਾਂ ਦਿਤੀਆਂ ਸੂਰਜੀ ਸਰਗਰਮੀਆਂ ਪੈਦਾ ਹੁੰਦੀਆਂ ਹਨ :

          1. ਸੂਰਜੀ ਜਵਾਲਾ (Solar prominence);

          2. ਸੂਰਜੀ ਧੱਬੇ (sun spots) ;

          3. ਫੈਕਿਊਲੀ (faculae) ;

          4. ਪਲੇਜਿਜ਼ ਜਾਂ ਫਲਾਕੁਲੀ (plages or flocculi) ਅਤੇ

          5. ਸੂਰਜੀ ਭਾਂਬੜ (flares)।

          ਸੂਰਜੀ ਜਵਾਲਾ––ਸੂਰਜੀ ਸਤ੍ਹਾ ਉਪਰ ਬਹੁਤ ਸੁੰਦਰ ਅਤੇ ਅਦਭੁਤ ਗੈਸਾਂ ਦੇ ਬੱਦਲ ਜਿਹੇ ਹੁੰਦੇ ਹਨ ਜੋ H𝛂 ਪ੍ਰਕਾਸ਼ ਵਿਚ ਲਾਲ ਰੰਗ ਦੇ ਵਿਖਾਈ ਦਿੰਦੇ ਹਨ। ਇਨ੍ਹਾਂ ਨੂੰ ਸੂਰਜੀ ਜਵਾਲਾ ਕਹਿੰਦੇ ਹਨ। ਆਮ ਤੌਰ ਤੇ ਇਹ ਸੂਰਜੀ ਸਤ੍ਹਾ ਉਪਰ ਵਿਰਾਮ ਅਵਸਥਾ ਵਿਚ ਪ੍ਰਤੀਤ ਹੁੰਦੇ ਹਨ ਪਰੰਤੂ ਬਹੁਤਾ ਇਹ ਸੂਰਜੀ ਵਾਯੂਮੰਡਲ ਵਿਚ ਤੈਰਦੇ ਰਹਿੰਦੇ ਹਨ (ਚਿਤਰ 4,5)।

 

          ਸੂਰਜੀ ਜਵਾਲਾਵਾਂ ਵੱਖ ਵੱਖ ਸ਼ਕਲਾਂ, ਅਕਾਰਾਂ ਅਤੇ ਕਿਰਿਆਵਾਂ ਦਾ ਪ੍ਰਗਟਾਵਾ ਕਰਦੀਆਂ ਹਨ ਅਤੇ ਹਰੇਕ ਦੀ ਆਮ ਵਿਆਖਿਆ ਕਰਨੀ ਕਠਿਨ ਹੈ। ਇਨ੍ਹਾਂ ਦੀ ਸਾਂਝੀ ਵਿਸ਼ੇਸ਼ਤਾ ਇਹ ਹੈ ਕਿ ਇਹ ਕ੍ਰੋਮੋਸਫ਼ੀਅਰ ਤੋਂ ਉਪਰ ਗੈਸ ਦੇ ਬੱਦਲ ਜਿਹੇ ਹਨ ਜਿਨ੍ਹਾਂ ਦਾ ਤਾਪਮਾਨ ਕਰੋਨਾ ਨਾਲੋਂ ਕਾਫ਼ੀ ਘੱਟ ਅਤੇ ਘਣਤਾ ਕਾਫ਼ੀ ਵੱਧ ਹੁੰਦੀ ਹੈ। ਦਿਲਚਸਪ ਗੱਲ ਇਹ ਹੈ ਕਿ ਕਈ ਵਾਰੀ ਇਕ ਜਵਾਲਾ ਦੋ ਤਿੰਨ ਦਿਨਾ ਲਈ ਅਲੋਪ ਹੋ ਜਾਂਦੀ ਹੈ, ਪਰ ਫਿਰ ਆਪਣੀ ਪਹਿਲੀ ਥਾਂ ਉਪਰ ਪਹਿਲੇ ਅਕਾਰ ਵਿਚ ਹੀ ਨਜ਼ਰ ਆਉਣ ਲਗ ਪੈਂਦੀ ਹੈ। ਵੱਡੀਆਂ ਜਵਾਲਾਵਾਂ ਦਾ ਪਦਾਰਥ ਮੁੜ ਕੇ ਕ੍ਰੋਮੋਸਫ਼ੀਅਰ ਵਿਚ ਸਮਾ ਜਾਂਦਾ ਹੈ। ਜਵਾਲਾ ਦਾ ਪਦਾਰਥ ਅਮੁੱਕ ਲਗਦਾ ਹੈ ਅਤੇ ਇਹ ਲਗਾਤਾਰ ਕ੍ਰੋਮੋਸਫ਼ੀਅਰ ਵਿਚ ਸਮਾਉਂਦਾ ਰਹਿੰਦਾ ਹੈ। ਅਸੀਂ ਇਸ ਸਿੱਟੇ ਤੇ ਪੁਜਦੇ ਹਾਂ ਕਿ ਸੂਰਜੀ ਜਵਾਲਾਵਾਂ, ਕਰੋਨਾ ਦੇ ਪਦਾਰਥ ਦੀਆਂ ਲਹਿਰਾਂ ਹਨ, ਜੋ ਲਗਾਤਾਰ ਹੇਠ੍ਹਾਂ ਨੂੰ ਕ੍ਰੋਮੋਸਫ਼ੀਅਰ ਦੀ ਦਿਸ਼ਾ ਵਲ ਜਾ ਰਹੀਆਂ ਹਨ। ਇਸ ਕਿਰਿਆ ਦੌਰਾਨ ਲਹਿਰਾਂ ਦਾ ਜੋ ਭਾਗ ਜੋਤੀਮਾਨ ਹੋ ਜਾਂਦਾ ਹੈ ਉਹ ਜਵਾਲਾ ਦਾ ਰੂਪ ਲੈ ਲੈਂਦਾ ਹੈ।

          ਸੂਰਜੀ ਧੱਬੇ––ਸੂਰਜੀ ਧੱਬੇ, ਸਰਗਰਮੀ-ਕੇਂਦਰ ਦਾ ਸਭ ਤੋਂ ਮਹੱਤਵਪੂਰਨ ਰੂਪ ਹਨ। ਸੂਰਜ ਦੀ ਟਿੱਕੀ ਉਪਰ ਇਹ ਕਾਲੇ ਧੱਬੇ ਕਾਫ਼ੀ ਪ੍ਰਬਲ ਚੁੰਬਕੀ ਖੇਤਰਾਂ ਦੇ ਕੇਂਦਰ ਉਪਰ ਸਥਿਤ ਨਜ਼ਰ ਆਉਂਦੇ ਹਨ ਅਤੇ ਇਹ ਆਮ ਤੌਰ ਤੇ ਧੱਬਿਆਂ ਦੇ ਗਰੁੱਪਾਂ ਦੀ ਸ਼ਕਲ ਵਿਚ ਹੁੰਦੇ ਹਨ।

          ਸੂਰਜੀ ਧੱਬਿਆਂ ਦੀ ਚਮਕ ਫ਼ੋਟੋਸਫ਼ੀਅਰ ਦੀ ਚਮਕ ਦਾ ਕੇਵਲ 18% ਹੀ ਹੁੰਦੀ ਹੈ। ਇਸੇ ਲਈ ਇਹ ਕਾਲੇ ਨਜ਼ਰ ਆਉਂਦੇ ਹਨ। ਇਨ੍ਹਾਂ ਦਾ ਤਾਪਮਾਨ ਬਹੁਤ ਘੱਟ 2,000° –4,000° ਸੈਂ. ਦੇ ਲਗਭਗ ਹੈ। ਜਦੋਂ ਕਿਸੇ ਕਾਰਨ ਸੂਰਜੀ ਸਤ੍ਹਾ ਦੇ ਕੁਝ ਹਿੱਸਿਆਂ ਤਕ ਪਹੁੰਚਣ ਲਈ ਥੱਲਿਉਂ ਊਰਜਾ ਦੇ ਵਹਿਣ ਵਿਚ ਰੁਕਾਵਟ ਆ ਜਾਂਦੀ ਹੈ ਤਾਂ ਸੂਰਜੀ ਧੱਬੇ ਪੈਦਾ ਹੋ ਜਾਂਦੇ ਹਨ। ਗਿਆਰਾਂ ਸਾਂਲਾ ਬਾਅਦ ਇਹ ਧੱਬੇ ਵਧੇਰੇ ਮਾਤਰਾ ਵਿਚ ਦਿਸਦੇ ਹਨ।

          ਧੱਬੇ ਦਾ ਕੇਂਦਰੀ ਭਾਗ, ਅੰਬਰਾ ਵਧੇਰੇ ਕਾਲਾ ਅਤੇ ਬਾਹਰੀ ਭਾਗ, ਪਨੰਬਰਾ ਘੱਟ ਕਾਲਾ ਹੁੰਦਾ ਹੈ (ਚਿਤਰ 6)।

          ਸ਼ੁਰੂ ਵਿਚ ਇਹ ਇਕ ਸੁਰਾਖ਼ ਜਿਹਾ ਹੀ ਨਜ਼ਰ ਆਉਂਦਾ ਹੈ। 2,000-3,000 ਕਿ. ਮੀ. ਵਿਆਸ ਦਾ ਇਹ ਸੁਰਾਖ਼ ਕੁਝ ਦਿਨਾਂ ਵਿਚ ਹੀ ਵਧ ਕੇ ਪੂਰਾ ਸੂਰਜੀ ਧੱਬਾ ਬਣ ਜਾਂਦਾ ਹੈ। ਛੋਟੇ ਧੱਬੇ ਕੁਝ ਦਿਨਾਂ ਬਾਅਦ ਹੀ ਅਲੋਪ ਹੋ ਜਾਂਦੇ ਹਨ ਪਰ ਵੱਡੇ ਧੱਬੇ ਕਈ ਕਈ ਮਹੀਨੇ ਬਣੇ ਰਹਿੰਦੇ ਹਨ। ਫਿਰ ਹੌਲੀ ਹੌਲੀ ਸੁੰਗੜਦੇ ਹੋਏ ਇਹ ਧੱਬੇ ਮਿਟ ਜਾਂਦੇ ਹਨ। ਵੱਡੇ ਤੋਂ ਵੱਡੇ ਸੂਰਜੀ ਧੱਬੇ ਦਾ ਵਿਆਸ 1,20,000 ਕਿ. ਮੀ. ਅਤੇ ਧੱਬਿਆਂ ਦੇ ਗਰੁੱਪ ਦਾ ਵਿਆਸ 2,50,000 ਕਿ. ਮੀ. (ਪੂਰਬ-ਪੱਛਮ ਦਿਸ਼ਾ ਵਲ) ਤਕ ਹੈ। ਸੂਰਜੀ ਸਤ੍ਹਾ ਉਪਰ ਇਹ ਧੱਬੇ ਵੱਡੇ ਵੱਡੇ ਭਵਰ (vortices) ਜਿਹੇ ਹਨ ਜਿਨ੍ਹਾਂ ਵਿਚੋਂ ਪਦਾਰਥ ਅੱਗ ਦੀਆਂ ਲਾਟਾਂ ਵਾਂਗ ਵਾ-ਵਰੋਲਿਆਂ ਦੇ ਰੂਪ ਵਿਚ ਬਾਹਰ ਨਿਕਲਦਾ ਹੈ ਅਤੇ ਫਿਰ ਠੰਢਾ ਹੋ ਕੇ ਵਾਪਸ ਭਵਰ ਵਿਚ ਆ ਸਮਾਉਂਦਾ ਹੈ।

          ਸੂਰਜੀ ਧੱਬੇ ਦੀ ਇਹ ਸਰਗਰਮੀ ਕੋਈ 7-10 ਦਿਨ ਤਕ ਰਹਿੰਦੀ ਹੈ।

          ਫੈਕਿਊਲੀ––ਇਹ ਸੂਰਜੀ ਟਿੱਕੀ ਦੇ ਕਿਨਾਰੇ ਵਾਲੇ ਭਾਗਾਂ ਉਪਰ ਸੂਰਜੀ ਧੱਬੇ ਦੁਆਲੇ ਛੋਟੇ ਛੋਟੇ ਚਮਕਦਾਰ ਜਿਹੇ ਖੰਡ ਹਨ ਜਿਨ੍ਹਾਂ ਦੀ ਚਮਕ ਫ਼ੋਟੋਸਫ਼ੀਅਰ ਦੀ ਚਮਕ ਤੋਂ ਕੋਈ 10% ਵਧੇਰੇ ਹੈ। ਜਦੋਂ ਸੂਰਜ ਆਪਣੇ ਧੁਰੇ ਦੁਆਲੇ ਘੁੰਮਦਾ ਹੈ ਤਾਂ ਕਿਨਾਰੇ ਵਾਲਾ ਫ਼ੋਟੋਸਫ਼ੀਅਰ ਘੁੰਮ ਕੇ ਵਿਚਾਲੇ ਆ ਜਾਂਦਾ ਹੈ। ਇਥੇ ਇਸ ਦੀ ਚਮਕ ਵੀ ਵਧ ਜਾਂਦੀ ਹੈ। ਚਮਕ ਦੇ ਵਧਣ ਨਾਲ ਫੈਕਿਊਲੀ ਮੱਧਮ ਪੈ ਕੇ ਅਲੋਪ ਹੋ ਜਾਂਦੇ ਹਨ।

          ਪਲੇਜਿਜ਼––ਇਨ੍ਹਾਂ ਨੂੰ ਫਲਾਕੁਲੀ ਜਾਂ ਕ੍ਰੋਮੋਸਫ਼ੀਅਰੀ ਫੈਕਿਊਲੀ (chromospheric faculae) ਵੀ ਕਹਿੰਦੇ ਹਨ। ਇਹ ਸੂਰਜੀ ਧੱਬਿਆਂ ਦੇ ਆਲੇ ਦੁਆਲੇ ਵੱਡੇ ਵੱਡੇ ਚਮਕਦਾਰ ਖੰਡ ਹਨ ਜੋ ਕਿਸੇ ਤਰਤੀਬ ਵਿਚ ਨਹੀਂ ਹੁੰਦੇ। ਇਨ੍ਹਾਂ ਨੂੰ ਸਪੈੱਕਟ੍ਰੋਹੀਲੀਓਗ੍ਰਾਫ਼ ਦੀ ਮਦਦ ਨਾਲ ਜਾਂ ਦੂਹਰੇ ਰੈਫਰੀਜੈਂਟ ਫ਼ਿਲਟਰ ਜਿਸ ਵਿਚੋਂ ਹਾਈਡ੍ਰੋਜਨ ਦੀ H𝛂  ਜਾਂ ਆਇਨਿਡ ਕੈਲਸੀਅਮ ਦੀ H ਜਾਂ K ਰੇਖਾ ਲੰਘ ਸਕਦੀ ਹੋਵੇ, ਵੇਖਿਆ ਜਾ ਸਕਦਾ ਹੈ। ਕਈ ਵਾਰੀ ਸੂਰਜੀ ਧੱਬੇ ਦੇ ਨਾ ਹੁੰਦਿਆਂ ਵੀ ਪਲੇਜਿਜ਼ ਦਾ ਚੁੰਬਕੀ ਖੇਤਰ ਵੇਖਿਆ ਗਿਆ ਹੈ, ਜਿਸ ਦੀ ਸਮਰੱਥਾ 50-200 ਗਾੱਸ ਤਕ ਹੁੰਦੀ ਹੈ। ਸੂਰਜੀ ਧੱਬਿਆਂ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਉਸ ਖੇਤਰ ਵਿਚੋਂ ਪਲੇਜਿਜ਼ ਬਣਦੇ ਹਨ ਅਤੇ ਸੂਰਜੀ ਧੱਬਿਆਂ ਦੇ ਅਲੋਪ ਹੋਣ ਤੋਂ ਬਾਅਦ ਇਹ ਵੀ ਹੌਲੀ ਹੌਲੀ ਦਿਸਣੋ ਹਟ ਜਾਂਦੇ ਹਨ।

          ਸੂਰਜੀ ਭਾਂਬੜ––ਸਰਗਰਮੀ-ਕੇਂਦਰ ਦਾ ਸਭ ਤੋਂ ਵੱਧ ਦਿਲਚਸਪ ਅਤੇ ਵੇਖਣ-ਯੋਗ ਨਜ਼ਾਰਾ ਸੂਰਜੀ ਭਾਂਬੜ ਹਨ, ਜੋ ਲਾਟਾਂ ਵਾਂਗ ਸਰਗਰਮੀ-ਕੇਂਦਰ ਵਿਚੋਂ ਉਡਦੇ ਹਨ (ਚਿਤਰ 7)।

          ਅਸਲ ਵਿਚ ਇਹ ਪਲੇਜਿਜ਼ ਦਾ ਹੀ ਜੋਤੀਮਾਨ (luminous) ਰੂਪ ਹਨ। ਕੁਝ ਮਿੰਟਾਂ ਵਿਚ ਹੀ ਇਕ ਭਾਂਬੜ ਆਪਣੇ ਪੂਰੇ ਜੋਬਨ ਤੇ ਆ ਜਾਂਦਾ ਹੈ ਅਤੇ ਫਿਰ 15-16 ਮਿੰਟਾਂ ਵਿਚ ਹੌਲੀ ਹੌਲੀ ਅਲੋਪ ਹੋ ਜਾਂਦਾ ਹੈ। ਵੱਡੇ ਸਰਗਰਮੀ-ਕੇਂਦਰ ਵਿਚੋਂ 60-80 ਸੂਰਜੀ ਭਾਂਬੜ ਫੁੱਟਦੇ ਹਨ, ਜਿਨ੍ਹਾਂ ਵਿਚੋਂ ਕਈ ਵਾਰੀ ਇਕ ਜਾਂ ਦੋ 80,000 ਕਿ. ਮੀ. ਤਕ ਚਮਕਦੇ ਹਨ।

          ਸੂਰਜੀ ਭਾਂਬੜ ਅਤੇ ਸੂਰਜੀ ਧੱਬੇ ਇਕੋ ਸਮੇਂ ਵੱਧ ਤੋਂ ਵੱਧ ਸਰਗਰਮੀ ਦਾ ਵਿਖਾਵਾ ਕਰਦੇ ਹਨ। ਭਾਂਬੜ ਦੇ ਨਾਲ ਬਹੁਤੀ ਵਾਰੀ ਸਹਿ-ਲਾਟਾਂ (surges) ਵੀ ਹੁੰਦਆਂ ਹਨ। ਸੂਰਜੀ ਜਵਾਲਾ ਦੇ ਪਦਾਰਥ ਦੀ ਬਣੀ ਹੋਈ ਸਹਿ-ਲਾਟ ਦੀ ਸ਼ਕਲ ਤਲਵਾਰ ਵਰਗੀ ਹੁੰਦੀ ਹੈ ਜੋ ਵਧ ਕੇ ਕਰੋਨਾ ਤਕ ਜਾਂਦੀ ਹੈ ਅਤੇ ਉਸੇ ਰਸਤੇ ਵਾਪਸ ਸੂਰਜੀ ਸਤ੍ਹਾ ਵਿਚ ਸਮਾ ਜਾਂਦੀ ਹੈ (ਚਿਤਰ 8)।

          ਸਹਿ-ਲਾਟ ਦਾ ਵੇਗ ਲਗਭਗ 300 ਕਿ. ਮੀ. ਪ੍ਰਤਿ ਸੈਕੰਡ ਅਤੇ ਲੰਬਾਈ ਲਗਭਗ 1,50,000 ਕਿ. ਮੀ. ਹੁੰਦੀ ਹੈ। ਸਹਿ-ਲਾਟ, ਭਾਂਬੜ ਨਾਲੋਂ ਭਿੰਨ ਹੁੰਦੀ ਹੈ ਅਤੇ ਇਸ ਦਾ ਪਥ ਕਿਸੇ ਵੱਡੇ ਸੂਰਜੀ ਧੱਬੇ ਦੇ ਕੇਂਦਰ ਤੋਂ ਉਲਟ ਦਿਸ਼ਾ ਵਿਚ ਹੁੰਦਾ ਹੈ।

          ਸੂਰਜ ਦੇ ਧਰਤੀ ਉਤੇ ਪ੍ਰਭਾਵ––ਧਰਤੀ ਉਪਰ ਚੁੰਬਕੀ ਤੂਫ਼ਾਨਾਂ ਦੀ ਆਵ੍ਰਿੱਤੀ ਸੂਰਜੀ ਸਰਗਰਮੀ ਦੇ ਚੱਕਰ ਨਾਲ ਬਹੁਤ ਹੱਦ ਤਕ ਮੇਲ ਖਾਂਦੀ ਹੈ। ਜਦੋਂ ਵੀ ਸੂਰਜ ਦੀ ਕੇਂਦਰੀ ਮਧਿਅ੍ਹਾਨ ਰੇਖਾ ਤੋਂ ਕੋਈ ਸੂਰਜੀ ਧੱਬਾ ਲੰਘਦਾ ਹੈ ਤਾਂ ਧਰਤੀ ਦੇ ਵਾਯੂਮੰਡਲ ਵਿਚ ਚੁੰਬਕੀ ਤੂਫ਼ਾਨ ਆਉਂਦਾ ਹੈ ਅਤੇ ਇਹ ਚੱਕਰ 27 ਦਿਨਾਂ ਬਾਅਦ ਦੁਹਰਾਇਆ ਜਾਂਦਾ ਹੈ। 27 ਦਿਨਾਂ ਵਿਚ ਹੀ ਸੂਰਜ ਆਪਣੇ ਧੁਰੇ ਦੁਆਲੇ ਇਕ ਚੱਕਰ ਪੂਰਾ ਕਰਦਾ ਹੈ। ਅਨੁਮਾਨ ਹੈ ਕਿ ਸੂਰਜੀ ਧੱਬੇ ਦੇ ਖੇਤਰ ਵਿਚੋਂ ਬਿਜਲੱਈ-ਚਾਰਜਿਤ ਕਣਾਂ ਦੇ ਉਤਸਰਜਨ ਨਾਲ ਇਹ ਚੁੰਬਕੀ ਤੂਫ਼ਾਨ ਆਉਂਦੇ ਹਨ। ਧਰਤੀ ਲਾਗੇ ਪਹੁੰਚ ਕੇ ਇਹ ਕਣ ਧਰਤੀ ਦੇ ਚੁੰਬਕੀ ਖੇਤਰ ਦੇ ਪ੍ਰਭਾਵ ਹੇਠ ਘੁੰਮਣ-ਘੇਰੀਆਂ ਖਾਂਦੇ ਚੁੰਬਕੀ ਧਰੁਵਾਂ ਵਲ ਖਿੱਚੇ ਚਲੇ ਜਾਂਦੇ ਹਨ। ਧਰਤੀ ਦੇ ਵਾਯੂਮੰਡਲ ਦੀਆਂ ਉਪਰਲੀਆਂ ਤਹਿਆਂ ਵਿਚ ਬਿਜਲੱਈ ਕਰੰਟ ਪੈਦਾ ਹੁੰਦੇ ਹਨ, ਜਿਨ੍ਹਾਂ ਦੇ ਚੁੰਬਕੀ ਪ੍ਰਭਾਵ ਨਾਲ ਤੂਫ਼ਾਨ ਉਤਪੰਨ ਹੁੰਦੇ ਹਨ। ਉੱਤਰ ਧਰੁਵੀ ਜੋਤੀ (Aurora Borealis) ਉਪਰੋਕਤ ਕਿਰਿਆਵਾਂ ਦਾ ਪ੍ਰਤੱਖ ਜੋਤੀਮਾਨ ਰੂਪ ਹੈ।

          ਹ. ਪੁ.––ਮੈਕ. ਐਨ. ਸ. ਟ. 13:264; ਐਨ. ਬ੍ਰਿ. 21:560; ਐਨ. ਬ੍ਰਿ. ਮੈ. 17:798; ਐਨ. ਅਮੈ. 26:19.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4418, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.