ਸੰਤੋਖ ਸਿੰਘ ਧੀਰ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸੰਤੋਖ ਸਿੰਘ ਧੀਰ (1920) : ਭਾਰਤੀ ਸਾਹਿਤ ਅਕਾਦਮੀ ਇਨਾਮ ਜੇਤੂ ਸੰਤੋਖ ਸਿੰਘ ਧੀਰ ਇੱਕ ਪ੍ਰਤਿਬੱਧਤਾ ਵਾਲਾ ਲੇਖਕ ਹੈ ਜਿਸ ਦਾ ਜਨਮ 2 ਦਸੰਬਰ 1920 ਨੂੰ ਪਿਤਾ ਈਸ਼ਰ ਸਿੰਘ ਅਤੇ ਮਾਤਾ ਜਮਨਾ ਦੇਵੀ ਦੇ ਘਰ ਪਿੰਡ ਡਡਹੇੜੀ, ਬਸੀ ਪਠਾਣਾਂ, ਜ਼ਿਲ੍ਹਾ ਪਟਿਆਲਾ (ਅੱਜ-ਕੱਲ੍ਹ ਫਤਹਿਗੜ੍ਹ ਸਾਹਿਬ) ਵਿਖੇ ਹੋਇਆ। ਧੀਰ ਦੇ ਦਾਦਕੇ ਸਿੱਖ ਅਤੇ ਨਾਨਕੇ ਹਿੰਦੂ ਹੋਣ ਕਰ ਕੇ ਉਹ ਆਪਣੇ ਆਪ ਨੂੰ ‘ਮੈਂ ਹਿੰਦੂ ਵੀ ਹਾਂ ਤੇ ਸਿੱਖ ਵੀ` ਆਖਦਾ ਹੈ ਪਰ ਆਪਣੀ ਪਛਾਣ ਹਿੰਦੂ-ਸਿੱਖ ਫ਼ਿਰਕਿਆਂ ਤੋਂ ਮੁਕਤ ਹੋ ਕੇ ਇੱਕ ਕਮਿਊਨਿਸਟ ਵਜੋਂ ਵੇਖਦਾ ਹੈ। ਉਸ ਅਨੁਸਾਰ:
ਹਿੰਦੂ, ਸਿੱਖ, ਮੁਸਲਮਾਨ ਘਰ ਜੰਮਣਾ ਸਬੱਬ ਹੈ ਜਿਸ ਵਿੱਚ ਆਪਣਾ ਕੋਈ ਗੁਣ ਜਾ ਦੋਸ਼ ਨਹੀਂ ਹੈ। ਕਮਿਊਨਿਸਟ ਹੋਣ ਲਈ ਬੰਦੇ ਨੂੰ ਧਰਮਾਂ, ਜਾਤਾਂ ਅਤੇ ਗੋਤਾਂ ਨਾਲੋਂ ਉਪਰ ਉੱਠਣਾ ਪੈਂਦਾ ਹੈ।
ਧੀਰ ਦਾ ਪਿਛੋਕੜ ਪੇਂਡੂ ਹੋਣ ਕਰ ਕੇ ਉਹ ਪੇਂਡੂ ਬੱਚਿਆਂ ਵਾਂਗ ਰੁਲਦਾ-ਖੁਲ੍ਹਦਾ ਵੱਡਾ ਹੋਇਆ। ਵਧੇਰੇ ਸਮਾਂ ਜ਼ਿੰਦਗੀ ਦਾ ਪਿੰਡ ਹੀ ਗੁਜ਼ਾਰਿਆ ਪਰ ਹੁਣ ਫੇਜ਼-10 ਮੋਹਾਲੀ ਵਿਖੇ ਰਹਿ ਰਿਹਾ ਹੈ। ਪਹਿਲਾਂ ਪੇਂਡੂ ਹੋਣਾ, ਦੂਜਾ ਕਸ਼ਤਰੀਆਂ ਦੇ ਘਰ ਜੰਮਣਾ, ਤੀਜਾ ਵੱਡਾ ਅਤੇ ਘੱਟ ਆਮਦਨੀ ਵਾਲਾ ਪਰਿਵਾਰ ਹੋਣਾ ਅਜਿਹੇ ਕਾਰਨ ਸਨ, ਜਿਨ੍ਹਾਂ ਸਦਕਾ ਧੀਰ ਨੂੰ ਜ਼ਿੰਦਗੀ ਵਿੱਚ ਪੈਸੇ, ਜਾਤ- ਪਾਤ ਅਤੇ ਕਿੱਤੇ ਵਿੱਚ ਔਕੜਾਂ, ਕੁੜੱਤਣਾਂ ਭੋਗਣੀਆਂ ਪਈਆਂ। ਗ਼ਰੀਬੀ ਕਰ ਕੇ ਸਕੂਲ ਵਿੱਚ ਛੇ ਜਮਾਤਾਂ ਹੀ ਪੜ੍ਹ ਸਕਿਆ, ਜਿਵੇਂ ਪੇਂਡੂ, ਅਣਪੜ੍ਹ ਅਤੇ ਗ਼ਰੀਬ ਘਰਾਂ ਵਿੱਚ ਆਮ ਹੁੰਦਾ ਹੈ ਉਵੇਂ ਧੀਰ ਨੂੰ ਵੀ ਅੱਠ ਭੈਣ-ਭਰਾਵਾਂ ਵਿੱਚ ਸਭ ਤੋਂ ਵੱਡਾ ਹੋਣ ਕਰ ਕੇ, ਨਿੱਕੀ ਉਮਰੇ ਪਿਤਾ- ਪੁਰਖੀ ਧੰਦੇ ਵਿੱਚ ਪਰਿਪੱਕ ਕਰਨ ਲਈ ਸੂਈ ਹੱਥ ਫੜਾ ਦਿੱਤੀ ਗਈ। ਦਰਜ਼ੀ ਦੇ ਕੰਮ ਵਿੱਚ ਪਰਿਪੱਕ ਹੋਣ ਲਈ ਮਾਮਿਆਂ ਕੋਲ ਦਿੱਲੀ, ਸ਼ਿਮਲਾ ਅਤੇ ਰਾਵਲਪਿੰਡੀ ਧੱਕੇ ਖਾਣੇ ਪਏ। ਮਾਂ ਦਾ ਮਰ ਜਾਣਾ, ਪਿਉ ਦਾ ਕਿਸੇ ਹੋਰ ਤੀਵੀਂ ਨਾਲ ਰਹਿਣਾ, ਨਿੱਕੇ ਭੈਣ-ਭਰਾਵਾਂ ਦਾ ਮੋਹ ਅਤੇ ਜ਼ੁੰਮੇਵਾਰੀਆਂ ਉਸ ਨੂੰ ਪਿੰਡ ਰਹਿਣ ਲਈ ਬੇਵਸ ਕਰਦੀਆਂ ਰਹੀਆਂ। ਜ਼ਿੰਦਗੀ ਦੀਆਂ ਥੁੜਾਂ, ਤੰਗੀਆਂ ਦਾ ਭੰਨਿਆ ਉਹ ਆਪਣਾ ਮੁਕਾਬਲਾ ‘ਵੈਨਗਾਗ` ਨਾਲ ਕਰਦਾ ਹੈ। ਧੀਰ ਮੁਤਾਬਕ :
ਜਿਥੋਂ ਤੀਕਰ ਤੰਗੀਆਂ, ਘਾਟਾਂ ਦਾ ਸਵਾਲ ਹੈ, ਮਹਾਨ ਵੈਨਗਾਗ ਨਾਲੋਂ ਮੈਂ ਪਿੱਛੇ ਨਹੀਂ, ਅੱਗੇ ਹਾਂ। ਮਹਾਨ ਵੈਨਗਾਗ ਨਾਲੋਂ ਮੇਰੀ ਤੰਗੀ ਦਾ ਪੱਧਰ ਕਾਫ਼ੀ ਉੱਚਾ ਚਲਿਆ ਜਾਂਦਾ ਹੈ। ਉਸ ਦੀ ਤੰਗੀ ਯੂਰਪੀ ਹੈ, ਮੇਰੀ ਏਸ਼ੀਆਈ ਤੇ ਫੇਰ ਹਿੰਦੋਸਤਾਨੀ ਹੈ।
ਘਰ ਦੇ ਨਿਰਬਾਹ ਲਈ ਬੱਝਵੀਂ ਆਮਦਨ ਦਾ ਨਾ ਹੋਣਾ, ਨੌਕਰੀ ਨਾ ਮਿਲਣੀ ਅਤੇ ਨਾ ਕਰਨੀ, ਕੁਲਵਕਤੀ ਸਮਾਂ ਇੱਕ ਲੇਖਕ ਦਾ ਜੀਵਨ ਬਤੀਤ ਕਰਨਾ ਅਤੇ ਕਮਿਊਨਿਸਟ ਪਾਰਟੀ ਨਾਲ ਜੁੜੇ ਰਹਿਣਾ ਉਸ ਦੀ ਸੰਘਰਸ਼ਸ਼ੀਲ ਜ਼ਿੰਦਗੀ ਦੀਆਂ ਮਿਸਾਲਾਂ ਹਨ। ਇਸ ਸਭ ਦੇ ਬਾਵਜੂਦ ਵੀ ਉਹ ਮਹਿਸੂਸ ਕਰਦਾ ਹੈ ਕਿ ਮੈਂ ਜ਼ਿੰਦਗੀ ਵਿੱਚ ਫੇਰ ਵੀ ਬਾਦਸ਼ਾਹੀ ਹੀ ਭੋਗੀ ਹੈ। ਜੀਵਨ ਦੀ ਤੰਗਦਸਤੀ ਹੰਢਾਈ ਪਰ ਆਪਣੀ ਮਰਜ਼ੀ ਅਤੇ ਸੁਤੰਤਰਤਾ ਦਾ ਅਨੰਦ ਵੀ ਮਾਣਦਾ ਰਿਹਾ। ਇਸ ਅਜ਼ਾਦੀ ਅਤੇ ਸੁਤੰਤਰਤਾ ਲਈ ਉਹ ਪਦਾਰਥਿਕ ਲਾਲਸਾਵਾਂ ਅਤੇ ਧਨ- ਦੌਲਤ ਦਾ ਤਿਆਗ ਕਰ ਕੇ ਫਾਕੇ ਕੱਟਣ ਲਈ ਤਿਆਰ ਹੋ ਜਾਂਦਾ ਰਿਹਾ। ਇਸ ਅਜ਼ਾਦੀ ਲਈ ਸਕੂਲ ਨੌਕਰੀ ਬਿਹਤਰ ਸਮਝੀ। ਇੰਞ ਹੀ ਫ਼ੌਜ ਦੀ ਜਮਾਂਦਾਰੀ ਦੀ ਭਰਤੀ ਅਤੇ ਨਾਭੇ ਦੇ ਮੁੱਖ ਮੰਤਰੀ ਵੱਲੋਂ ਨੌਕਰੀ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਇਹੀ ਉਹ ਨੁਕਤੇ ਹਨ ਜਿੱਥੇ ਧੀਰ ਆਪਣੇ ਆਪ ਨੂੰ ਆਮ ਲੋਕਾਂ ਦੀਆਂ ਅਜਿਹੀਆਂ ਪਦਾਰਥਿਕ ਫ਼ਾਹੀਆਂ ਲਈ ਭੱਜ-ਦੌੜ ਅਤੇ ਲਾਲਸਾਵਾਂ ਨਾਲੋਂ ਨਿਖੇੜ ਕੇ ਵੇਖਦਾ ਰਿਹਾ ਹੈ।
ਧੀਰ ਅੰਦਰਲੀ ਇਸ ਸੁਤੰਤਰਤਾ ਦੀ ਤਾਂਘ ਨੇ ਉਸ ਨੂੰ ਇੱਕ ਲੇਖਕ ਬਣਨ ਲਈ ਪ੍ਰੇਰਿਤ ਕੀਤਾ ਹੈ। ਘੱਟ ਪੜ੍ਹਿਆ, ਪੇਂਡੂ, ਪਛੜਿਆ, ਮਾੜਾ ਮਾਹੌਲ ਅਤੇ ਘਰੋਗੀ ਆਰਥਿਕ ਸੰਕਟਾਂ ਦੇ ਬਾਵਜੂਦ ਜੇਕਰ ਧੀਰ ਲੇਖਕ ਬਣਿਆ ਹੈ ਤਾਂ ਇਸ ਦਾ ਕਾਰਨ ਉਸ ਦਾ ਜ਼ਿੰਦਗੀ ਬਾਰੇ ਸਪਸ਼ਟ ਨਜ਼ਰੀਆ ਹੈ। ਆਪਣਾ ਸਾਹਿਤਿਕ ਪਿਤਾ ਉਹ ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਮੰਨਦਾ ਹੈ। ਇਸ ਤੋਂ ਬਿਨਾਂ ਮੋਹਨ ਸਿੰਘ, ਸੰਤ ਸਿੰਘ ਸੇਖੋਂ ਤੋਂ ਵੀ ਪ੍ਰਭਾਵਿਤ ਹੋਇਆ ਮੰਨਦਾ ਹੈ। ਉਹ ਇਹਨਾਂ ਦਾ ਪ੍ਰਭਾਵ ਤਾਂ ਕਬੂਲਦਾ ਹੈ ਪਰ ਆਪਣੀ ਮੌਲਿਕ ਪਛਾਣ ਅਤੇ ਸ਼ੈਲੀ ਵੀ ਵਿਕਸਿਤ ਕਰ ਲੈਂਦਾ ਹੈ। ਇਸ ਸ਼ੈਲੀ ਦਾ ਵੱਡਾ ਪੱਖ ਉਸ ਦੀ ਕਮਿਊਨਿਸਟ ਪਾਰਟੀ ਨਾਲ ਸਾਂਝ ਅਤੇ ਲੋਕਪੱਖੀ ਅਗਾਂਹਵਧੂ ਵਿਚਾਰਧਾਰਾ ਸੀ। ਇਹ ਵਿਚਾਰਧਾਰਾ ਉਸ ਦੀਆਂ ਕਵਿਤਾਵਾਂ, ਕਹਾਣੀਆਂ, ਨਾਵਲਾਂ, ਲੇਖ, ਚਿੱਠੀਆਂ ਅਤੇ ਸ੍ਵੈਜੀਵਨੀ ਵਿੱਚ ਸਹਿਜੇ ਹੀ ਪ੍ਰਗਟ ਹੋ ਜਾਂਦੀ ਹੈ।ਸਿੱਟਿਆਂ ਦੀ ਛਾਂ, ਸਵੇਰ ਹੋਣ ਤੱਕ, ਸਾਂਝੀ ਕੰਧ, ਪੱਖੀ, ਇੱਕ ਕੁੱਤਾ ਤੇ ਮੈਂ ਆਦਿ ਉਸ ਦੇ ਕਹਾਣੀ-ਸੰਗ੍ਰਹਿ ਹਨ। ਪੱਖੀ ਕਹਾਣੀ-ਸੰਗ੍ਰਹਿ ਨੂੰ ਸਾਹਿਤ ਅਕਾਦਮੀ ਦਾ ਇਨਾਮ 1996 ਵਿੱਚ ਮਿਲਿਆ। ‘ਸਾਂਝੀ ਕੰਧ`, ‘ਸਵੇਰ ਹੋਣ ਤੱਕ`, ‘ਕੋਈ ਇੱਕ ਸਵਾਰ` ਧੀਰ ਦੀਆਂ ਸ੍ਰੇਸ਼ਠ ਕਹਾਣੀਆਂ ਹਨ ਜਿਨ੍ਹਾਂ ਤੋਂ ਉਸ ਨੂੰ ਬਹੁਤ ਪ੍ਰਸਿੱਧੀ ਮਿਲੀ। ਮੇਰੀ ਕਲਮ (ਸਾਹਿਤਿਕ ਸਵੈ-ਜੀਵਨੀ) ਸ਼ਰਾਬੀ, ਯਾਦਗਾਰ, ਮੈਨੂੰ ਇੱਕ ਸੁਫਨਾ ਆਇਆ, ਹਿੰਦੋਸਤਾਂ ਹਮਾਰਾ ਅਤੇ ਨਵਾਂ ਜਨਮ ਉਸ ਦੇ ਨਾਵਲ ਹਨ।
ਧੀਰ, ਲੇਖਕ ਨੂੰ ਕਵੀ, ਕਹਾਣੀਕਾਰ, ਨਾਵਲਕਾਰ ਦੀਆਂ ਵੰਨਗੀਆਂ ਵਿੱਚ ਵੰਡ ਕੇ ਵੇਖਣਾ ਚੰਗਾ ਨਹੀਂ ਸਮਝਦਾ। ਉਸ ਅਨੁਸਾਰ ਲੇਖਕ ਕਿਸੇ ਵੀ ਵੰਨਗੀ ਵਿੱਚ ਲਿਖੇ, ਉਹ ਲੇਖਕ ਹੀ ਹੁੰਦਾ ਹੈ, ਉਸ ਦੀ ਕਲਮ ਆਪਣੇ ਸਮੇਂ ਦੇ ਯੁੱਧ ਲੜਦੇ ਅਰਜਨ ਨੂੰ ਹੀ ਮੁਖ਼ਾਤਿਬ ਹੋਣੀ ਚਾਹੀਦੀ ਹੈ। ਧੀਰ ਦੀ ਕਲਮ ਦਾ ਅਰਜਨ ਮਜ਼ਦੂਰ ਜਮਾਤ ਹੈ ਜਿਸ ਨੇ ਇਹ ਘੋਲ ਲੜ ਕੇ ਨਵੇਂ ਯੁੱਗ ਦੀ ਸਿਰਜਣਾ ਕਰਨੀ ਹੈ। ਉਸ ਦੀ ਲਿਖਤ ਅੰਦਰਲੇ ਇਹਨਾਂ ਗੁਣਾਂ ਕਾਰਨ ਹੀ ਉਸ ਨੂੰ ਪੰਜਾਬ ਆਰਟਸ ਕੌਂਸਲ, ਚੰਡੀਗੜ੍ਹ, ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਵੱਲੋਂ ਪੁਰਸਕਾਰ, ਪਾਸ਼ ਯਾਦਗਾਰੀ ਐਵਾਰਡ, ਕਰਤਾਰ ਸਿੰਘ ਧਾਲੀਵਾਲ ਐਵਾਰਡ, ਮੋਹਨ ਸਿੰਘ ਵੈਦ, ਇੰਦਰ ਸਿੰਘ ਚੱਕਰਵਰਤੀ ਪੁਰਸਕਾਰ ਅਤੇ ਸ਼ਿਰੋਮਣੀ ਪੰਜਾਬੀ ਸਾਹਿਤਕਾਰ ਆਦਿ ਕਈ ਪੁਰਸਕਾਰ ਮਿਲੇ। ਉਸਨੂੰ ਪੰਜਾਬੀ ਯੂਨੀਵਰਿਸਟੀ ਪਟਿਆਲਾ, ਵੱਲੋਂ ਲਾਈਫ਼ ਫ਼ੈਲੋਸ਼ਿਪ, ਪੰਜਾਬੀ ਸਾਹਿਤ ਸਭਾ ਨਵੀਂ ਦਿੱਲੀ ਤੋਂ ਫ਼ੈਲੋਸ਼ਿਪ ਮਿਲੀ ਹੋਈ ਹੈ।
ਸੋ ਧੀਰ ਦੀ ਜ਼ਿੰਦਗੀ ਦਾ ਸਫ਼ਰ ਇੱਕ ਅਜਿਹੇ ਸਿਰੜੀ ਅਤੇ ਸੰਘਰਸ਼ਸ਼ੀਲ ਪਰ ਨਿਰਸੁਆਰਥ ਮਨੁੱਖ ਦਾ ਹੈ ਜੋ ਰੰਗ, ਨਸਲ, ਧਰਮ, ਦੇਸ਼ ਨਾਲੋਂ ਮਨੁੱਖ ਹੋਣ ਵਿੱਚ ਮਾਣ ਮਹਿਸੂਸ ਕਰਦਾ ਹੈ। ਜਿਸਨੇ ਨਾ ਪਿਤਾ-ਪੁਰਖੀ ਸੂਈ ਧਾਗੇ ਨੂੰ ਕਾਰੋਬਾਰ ਵਿੱਚ ਸੈਟਲ ਹੋਣ ਲਈ ਵਰਤਿਆ, ਨਾ ਹੀ ਕਲਮ ਨੂੰ ਨਿਜੀ ਸੁਆਰਥਾਂ ਅਤੇ ਕੈਰੀਅਰ ਲਈ ਵਰਤਿਆ ਬਲਕਿ ਕਲਮ ਦੀ ਵਫ਼ਾਦਾਰੀ ਲਾਲ ਝੰਡੇ ਅਤੇ ਮਜ਼ਦੂਰਾਂ ਲਈ ਪਾਲੀ। ਉਸ ਦੇ ਹੱਥ ਵਿੱਚ ਸੂਈ ਦੇ ਨਾਲ ਹੀ ਕਲਮ ਆ ਜਾਣੀ ਸ੍ਵੈ ਚੋਣ ਨਾਲੋਂ ਵੱਧ ਹਾਲਾਤਾਂ ਦੀ ਉਪਜ ਹੈ। ਜੋ ਆਪ-ਮੁਹਾਰੇ ਹੀ ਵਾਪਰੀ ਹੈ।
ਲੇਖਕ : ਬਲਕਾਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 7923, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First