ਲਾਗ–ਇਨ/ਨਵਾਂ ਖਾਤਾ |
+
-
 
ਸਿੱਖਿਆ

Education_ਸਿੱਖਿਆ: ਸੋਲ ਟ੍ਰਸਟੀ ਲੋਕ ਸ਼ਿਕਸ਼ਣ ਟਰਸਟ ਬਨਾਮ ਕਮਿਸ਼ਨਰ ਆਫ਼ ਇਨਕਮ ਟੈਕਸ (ਏ ਆਈ ਆਰ 1976 ਐਸ ਸੀ 10) ਅਨੁਸਾਰ ਇਨਕਮ ਟੈਕਸ ਐਕਟ1961 ਦੀ ਧਾਰਾ 2 (15) ਵਿਚ ਵਰਤੇ ਗਏ ਸ਼ਬਦ ਸਿਖਿਆ ਦਾ ਮਤਲਬ ਹੈ ਬੱਚਿਆਂ ਨੂੰ ਜੀਵਨ ਦੇ ਕਾਰਜ ਲਈ ਤਿਆਰ ਕਰਨ ਹਿੱਤ ਦਿੱਤੀ ਜਾਂਦੀ ਪ੍ਰਣਾਲੀ-ਬੱਧ ਸਿਖਿਆ-ਦੀਖਿਆ, ਸਕੂਲ ਪਾਉਣਾ ਅਤੇ ਸਿਖਲਾਈ ਦੇਣਾ।

       ਯੂਨੀਵਰਸਿਟੀ ਆਫ਼ ਦਿਹਲੀ ਬਨਾਮ ਰਾਮਨਾਥ (ਏ ਆਈ ਆਰ 1963 ਐਸ ਸੀ 1873) ਵਿਚ ਜਸਟਿਸ ਪੀ ਬੀ ਗਜੇਂਦਰ ਗਦਕਰ ਅਨੁਸਾਰ ਸਿਖਿਆ ਵਿਚ ਸਿਖਲਾਈ ਦਾ ਉਹ ਅਮਲ ਪਲਚਿਆ ਹੁੰਦਾ ਹੈ ਜੋ ਸਕੂਲ ਪਧਤੀ ਰਾਹੀਂ ਵਿਦਿਆਰਥੀ ਦੇ ਹੁਨਰ, ਮਨ ਅਤੇ ਚਲਨ ਦੇ ਵਿਕਾਸ ਅਥਵਾ ਵਾਧੇ ਵਿਚ ਸਹਾਈ ਹੁੰਦਾ ਹੈ।

       ਰਾਮਚੰਦ ਬਨਾਮ ਮਲਕਾ ਪੁਰਾ ਮਿਉਂਸਪੈਲਿਟੀ (ਏ ਆਈ ਆਰ 1970 ਬੰਬੇ 154) ਅਨੁਸਾਰ ਸਿਖਿਆ ਦਾ ਮਤਲਬ ਹੈ ਕਿਸੇ ਕਾਰੋਬਾਰ ਜਾਂ ਪੇਸ਼ੇ ਲਈ ਤੋਂ ਬਿਨਾਂ ਹੋਰ ਆਮ ਵਿਦਿਆ ਵਿਚ ਅਧਿਆਪਨ ਅਤੇ ਸਿਖਲਾਈ।

ਲੇਖਕ : ਰਾਜਿੰਦਰ ਸਿੰਘ ਭਸੀਨ,     ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6279,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/11/2015 12:00:00 AM
ਹਵਾਲੇ/ਟਿੱਪਣੀਆਂ: noreference

ਸਿਖਿਆ

ਸਿਖਿਆ (ਸੰ.। ਸੰਸਕ੍ਰਿਤ ਸਿਕਸ਼ਾ=ਵਿਦ੍ਯਾ ਪ੍ਰਾਪਤ ਕਰਨਾ) ਉਪਦੇਸ਼ , ਸੁਮੱਤ। ਯਥਾ-‘ਸਿਖੀ ਸਿਖਿਆ ਗੁਰ ਵੀਚਾਰਿ’ ਗੁਰ (ਸਿਖਿਆ) ਉਪਦੇਸ਼ ਦਾ ਵੀਚਾਰ ਇਹ ਸਿਖੀ (ਸਿਖ ਧਰਮ ਦਾ ਧਾਰਨ ਕਰਨਾ) ਹੈ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 6279,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਸਿਖਿਆ

ਸਿਖਿਆ. ਉਪਦੇਸ਼. ਨਸੀਹਤ. ਦੇਖੋ, ਸ਼ਿ੖੠. “ਸਾਚ ਸਿਖਿਆ ਕਟੀ ਜਮ ਕੀ ਫਾਸਏ.” (ਧਨਾ ਛੰਤ ਮ: ੫)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6430,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸਿੱਖਿਆ

ਸਿੱਖਿਆ [ਨਾਂਇ] ਪੜ੍ਹਾਈ; ਵਿੱਦਿਆ, ਸ਼ਿਖਸ਼ਾ, ਤਾਲੀਮ, ਸਿਖਲਾਈ, ਟ੍ਰੇਨਿੰਗ; ਉਪਦੇਸ਼ , ਸਬਕ, ਨਸੀਹਤ , ਮੱਤ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6678,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਸਿੱਖਿਆ

ਸਿੱਖਿਆ : ‘ਸਿੱਖਿਆ` ਦੇ ਬੁਨਿਆਦੀ ਅਰਥ ਹਨ ਕਿਸੇ ਨੂੰ ਅਜਿਹੀ ਸਿੱਖਿਆ ਜਾਂ ਉਪਦੇਸ਼ ਦੇਣਾ ਜਿਸ ਨਾਲ ਜੀਵਨ-ਢੰਗ ਜਾਂ ਚੱਜ-ਵਿਹਾਰ ਉੱਚਾ ਹੋ ਸਕੇ। ਸਾਹਿਤ ਦੇ ਖੇਤਰ ਵਿੱਚ ਇਹ ਇੱਕ ਅਜਿਹਾ ਕਾਵਿ-ਰੂਪ ਹੈ ਜੋ ਵਿਆਹੁਲੀ ਲੜਕੀ ਲਈ ਵਿਸ਼ੇਸ਼ ਤੌਰ ਤੇ ਰਚਿਆ ਜਾਂਦਾ ਹੈ। ਇਹ ਕਾਵਿ-ਰੂਪ ਵਿਆਹੁਲੀ ਲੜਕੀ ਦੇ ਵਿਆਹ ਦੇ ਮੌਕੇ ਲਾਵਾਂ ਫੇਰਿਆਂ ਤੋਂ ਬਾਅਦ ਗਾਇਨ ਕੀਤਾ ਜਾਂਦਾ ਹੈ। ਧੇਤੇ (ਧੀ ਵਾਲੀ ਧਿਰ)/ਪੁਤੇਤੇ (ਪੁੱਤ ਵਾਲੀ ਧਿਰ) ਬੜੇ ਧਿਆਨ ਅਤੇ ਸ਼ਰਧਾ ਨਾਲ ਸਿੱਖਿਆ ਸੁਣਦੇ ਹਨ। ਇਸ ਕਾਵਿ ਵੰਨਗੀ ਦਾ ਨਿਭਾਉ ਸਥਾਨ ਵਿਆਹੁਲੀ ਕੁੜੀ ਦਾ ਘਰ ਹੁੰਦਾ ਹੈ। ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਪੂਰੀ ਤਰ੍ਹਾਂ ਵਿਆਹੁਲੀ ਕੁੜੀ ਨੂੰ ਹੀ ਸੰਬੋਧਿਤ ਹੋਇਆ ਜਾਂਦਾ ਹੈ।

     ਪਾਠੀ ਸਿੰਘ ਵੱਲੋਂ ਅਨੰਦ ਪੜ੍ਹਾ ਕੇ ਵਿਆਹ ਦੀ ਰਸਮ ਨੂੰ ਧਾਰਮਿਕ ਪੱਖੋਂ ਸੰਪੂਰਨ ਕਰਨ ਉਪਰੰਤ ਕੁੜੀ ਵਾਲੀ ਧਿਰ ਵੱਲੋਂ ਕੋਈ ਲੜਕੀ (ਛੋਟੀ ਭੈਣ/ਸਹੇਲੀ) ਸਿੱਖਿਆ ਪੜ੍ਹਦੀ ਜਾਂ ਗਾਉਂਦੀ ਹੈ। ਕਈ ਵਾਰੀ ਲੜਕੀ ਦਾ ਭਰਾ ਜਾਂ ਪਾਠੀ ਸਿੰਘ/ਗੁਰਦੁਆਰੇ ਦਾ ਭਾਈ ਜੀ ਕੁੜੀ ਨੂੰ ਸਿੱਖਿਆ ਦੇ ਦਿੰਦੇ ਹਨ। ਵਾਜੇ ਤੇ ਪਾਠੀ ਸਿੰਘ ਜਾਂ ਗੁਰਦੁਆਰੇ ਦੇ ਭਾਈ ਜੀ ‘ਸਿੱਖਿਆ`, ‘ਬਾਬੀ ਦੀ ਸਿੱਖਿਆ ਸੁਣ ਲੈ ਧੀਏ ਪਿਆਰੀਏ` ਦੀ ਦਰਦਨਾਕ ਸੁਰ ਸੁਣ ਕੇ ਸਭ ਦੀਆਂ ਅੱਖਾਂ ਚੋਂ ਮਮਤਾ ਦੇ ਹੰਝੂ ਵਗਣ ਲੱਗ ਪੈਂਦੇ ਹਨ। ਸਿੱਖਿਆ ਪੜ੍ਹਨ, ਲਿਖਣ ਤੇ ਗਾਉਣ ਵਾਲੇ ਨੂੰ ਸਿੱਖਿਆਕਾਰ ਕਿਹਾ ਜਾਂਦਾ ਹੈ। ਮਾਲਵੇ ਦੇ ਇਲਾਕੇ ਖ਼ਾਸ ਕਰ ਕੇ ਫਿਰੋਜ਼ਪੁਰ ਵਿੱਚ ਕੁੜੀ ਦੇ ਜੀਜੇ ਵੱਲੋਂ ਵੀ ਸਿੱਖਿਆ ਪੜ੍ਹ ਦਿੱਤੀ ਜਾਂਦੀ ਹੈ। ਕਈ ਪੇਸ਼ਾਵਰ ਵਿਅਕਤੀ ਵੀ ਸਿੱਖਿਆ ਜਾਂ ਸਿਹਰੇ ਲਿਖਣ ਤੇ ਪੜ੍ਹਨ ਦਾ ਕਾਰਜ ਕਰਦੇ ਹਨ। ਕਈ ਵਾਰ ਉਹਨਾਂ ਪੇਸ਼ਾਵਰ ਵਿਅਕਤੀਆਂ ਜਾਂ ਕਵੀਸ਼ਰਾਂ ਨੂੰ ਵੀ ਸਿੱਖਿਆ ਪੜ੍ਹਨ ਲਈ ਬੁਲਾ ਲਿਆ ਜਾਂਦਾ ਹੈ।

     ਇਸ ਕਾਵਿ-ਰੂਪ ਦਾ ਭਾਵੁਕਤਾ ਨਾਲ ਜ਼ਿਆਦਾ ਸੰਬੰਧ ਹੁੰਦਾ ਹੈ। ਇਹ ਨਾਇਕਾ ਪ੍ਰਧਾਨ ਰਚਨਾ ਹੁੰਦੀ ਹੈ ਪਰ ਇਸ ਵਿੱਚ ਨਾਇਕਾ ਦੀ ਖ਼ੂਬਸੂਰਤੀ ਨੂੰ ਵਧਾਉਣ ਵਾਲੀਆਂ ਚੀਜ਼ਾਂ/ਵਸਤਾਂ/ਸ਼ਿੰਗਾਰ ਦੇ ਸਮਾਨ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ ਸਗੋਂ ਰਿਸ਼ਤਿਆਂ ਦੀ ਭਾਵੁਕ ਸਾਂਝ ਦਾ ਜ਼ਿਆਦਾ ਇਜ਼ਹਾਰ ਹੁੰਦਾ ਹੈ। ਇਸ ਕਰ ਕੇ ਸਿੱਖਿਆ ਦੇ ਨਿਭਾਉ ਸਮੇਂ ਹਾਜ਼ਰ ਵਿਅਕਤੀਆਂ ਵਿੱਚੋਂ ਬਹੁਤੇ ਜਣਿਆਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਸਿੱਖਿਆ ਪੜ੍ਹਨ ਵਾਲਾ ਜੇ ਕੁੜੀ ਦਾ ਵੀਰ ਹੋਵੇ ਤਾਂ ਉਸ ਵੱਲੋਂ ਭੈਣ ਨੂੰ ਸਿੱਖਿਆ ਹੋਰ ਸ਼ਬਦਾਂ ਵਿੱਚ ਦਿੱਤੀ ਜਾਂਦੀ ਹੈ ਤੇ ਜੇ ਭੈਣ ਹੋਵੇ ਤਾਂ ਹੋਰ ਸ਼ਬਦਾਂ ਵਿੱਚ ਪਰੰਤੂ ਦੋਵਾਂ ਦੀ ਸਿੱਖਿਆ ਦਾ ਮਨੋਰਥ ਵਿਆਹੁਲੀ ਨੂੰ ਉੱਚਾ-ਸੁੱਚਾ ਚੱਜ-ਵਿਹਾਰ ਅਪਣਾਉਣ ਤੇ ਸਹੁਰੇ ਪਰਿਵਾਰ ਵਿੱਚ ਹਰ ਜੀਅ ਨਾਲ ਪਿਆਰ ਮੁਹੱਬਤ ਨਾਲ ਪੇਸ਼ ਆਉਣ ਦੀ ਸਿੱਖਿਆ ਦੇਣਾ ਹੁੰਦਾ ਹੈ।

     ‘ਸਿੱਖਿਆ` ਰਾਹੀਂ ਧੀ ਦੇ ਮਾਪਿਆਂ ਵੱਲੋਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹਨਾਂ ਕੋਲ ਧੀ ਨੂੰ ਦੇਣ ਲਈ ਨੇਕ ਵਿਚਾਰ, ਸ਼ੁਭ ਅਸੀਸਾਂ ਜਿਵੇਂ ਸੁਹਾਗਣ ਭਾਗਣ ਰਹਿਣ ਦੀ ਅਸੀਸ, ਹੰਝੂ ਅਤੇ ਪਿਆਰ ਤੋਂ ਸਿਵਾ ਹੋਰ ਕੁਝ ਨਹੀਂ ਹੈ। ਭਾਵੇਂ ਉਹ ਧੀ ਨੂੰ ਪੁੱਤਰਾਂ ਵਾਂਗ ਲਾਡ ਪਿਆਰ ਨਾਲ ਪਾਲ ਪੋਸ ਕੇ ਵੱਡੀ ਕਰਦੇ ਹਨ ਪਰ ਉਹਨਾਂ ਦੀ ਧੀ ਹੁੰਦੀ ਕਿਸੇ ਹੋਰ ਦੀ ਅਮਾਨਤ ਹੈ। ਜਿਸ ਤਰ੍ਹਾਂ ਫੁੱਲਾਂ ਵਿੱਚ ਸਦਾ ਖ਼ੁਸ਼ਬੋ ਨਹੀਂ ਰਹਿ ਸਕਦੀ, ਉਸੇ ਤਰ੍ਹਾਂ ਧੀ ਵੀ ਸਦਾ ਮਾਪਿਆਂ ਕੋਲ ਨਹੀਂ ਰਹਿ ਸਕਦੀ। ਇਸ ਲਈ ਉਸਨੂੰ ਨਿਮਾਣੀ ਗਾਂ ਵਾਂਗ ਜਿੱਧਰ ਜੀ ਕਰਦਾ ਹੈ, ਤੋਰ ਦਿੱਤਾ ਜਾਂਦਾ ਹੈ। ਜਿਸ ਧੀ ਨੂੰ ਮਾਪੇ ਰੋਂਦੀ ਨਹੀਂ ਸਨ ਵੇਖ ਸਕਦੇ, ਉਸ ਨੂੰ ਰੋਂਦੀ ਨੂੰ ਡੋਲੀ ਪਾ ਦਿੱਤਾ ਜਾਂਦਾ ਹੈ। ਧੀ ਨੂੰ ਇਹ ਇਹਸਾਸ ਕਰਵਾਇਆ ਜਾਂਦਾ ਹੈ ਕਿ ਜਿਸ ਨਾਲ ਉਸ ਦੇ ਸੰਜੋਗ ਲਿਖੇ ਹਨ ਉਸ ਦੇ ਲੜ ਲਾਇਆ ਜਾ ਰਿਹਾ ਹੈ :

ਪਿਆਰੇ ਪਤੀ ਦੇ ਲੜ ਲਾ ਕੇ

            ਵੱਖਰੀ ਦੁਨੀਆਂ ਵਸਾ ਰਹੇ ਆਂ।

     ਉਸ ਨੂੰ ਇਹੀ ਸਿੱਖਿਆ ਦਿੱਤੀ ਜਾਂਦੀ ਹੈ ਕਿ ਜਿਹੜੇ ਮਾਪੇ ਉਸ ਨੂੰ ਵਿਆਹ ਕੇ ਲਿਜਾ ਰਹੇ ਹਨ, ਉਹੀ ਉਸ ਦੇ ਅਸਲੀ ਮਾਪੇ ਹਨ। ਇਸ ਲਈ ਉਸ ਨੂੰ ਸਹੁਰੇ ਘਰ ਨੂੰ ਅਸਲੀ ਘਰ ਸਮਝਣ ਅਤੇ ਪਤੀ ਨੂੰ ਭਗਵਾਨ ਸਮਝ ਕੇ ਪੂਜਣ ਦੀ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਨਾਲ ਹੀ ਮਾਪਿਆਂ ਦੇ ਖ਼ਾਨਦਾਨ ਦੀ ਸ਼ਾਨ ਰੱਖਣ ਤੇ ਪਰਿਵਾਰ ਦੀ ਲੱਜ ਰੱਖਣ ਲਈ ਕਿਹਾ ਜਾਂਦਾ ਹੈ। ਕਈ ਵਾਰ ਸਿੱਖਿਆ ਰਾਹੀਂ ਲੜਕੀ ਵਿੱਚ ਦੇਸ਼ ਭਗਤੀ ਦੀ ਭਾਵਨਾ ਵੀ ਪੈਦਾ ਕਰਨ ਦਾ ਯਤਨ ਕੀਤਾ ਜਾਂਦਾ ਹੈ :

ਤੂੰ ਪੁਜਾਰਨ ਤੇ ਉਹ ਭਗਵਾਨ ਤੇਰਾ

ਉਹਦੇ ਚਰਨਾਂ `ਚ ਵਕਤ ਗੁਜ਼ਾਰਦੀ ਰਹੀਂ।

ਉਸ ਘਰ ਨੂੰ ਆਪਣਾ ਘਰ ਸਮਝੀਂ

ਸਹੁਰਾ ਬਾਪ ਤੇ ਸੱਸ ਨੂੰ ਮਾਈ ਸਮਝੀਂ।

ਭੈਣਾਂ ਵਾਂਗ ਨਨਾਣਾਂ ਨੂੰ ਸਮਝਣਾ ਏਂ

ਦਿਉਰਾਂ ਜੇਠਾਂ ਨੂੰ ਆਪਣੇ ਭਾਈ ਸਮਝੀਂ।

ਭਾਰਤ ਮਾਂ ਦੀ ਗੋਦ `ਚ ਪਲੀਏ ਤੂੰ

ਦਿਲ `ਚ ਵਤਨ ਦੀ ਇੱਜ਼ਤ ਸਮਾਈ ਸਮਝੀਂ।

ਕਿਤੇ ਦੇਸ਼ ਨੂੰ ਪਵੇ ਜੇ ਲੋੜ ਤੇਰੀ

            ਆਪਣੇ ਦੇਸ਼ ਦੀ ਲੱਛਮੀ ਬਾਈ ਸਮਝੀਂ।

     ਰਸਮਾਂ ਨਾਲ ਬੱਝੇ ਹੱਥ ਥੀ ਨੂੰ ਡੋਲੀ ਬਿਠਾਉਣ ਲਈ ਮਜਬੂਰ ਹੁੰਦੇ ਹਨ। ਦੁਨੀਆਂ ਵੱਲੋਂ ਬਣਾਈ ਇਹ ਰੀਤ ਨੂੰ ਪੂਰਾ ਕਰਨ ਦੀ ਮਜਬੂਰੀ ਦਾ ਪ੍ਰਗਟਾਵਾ ਇਸ ਕਾਵਿ- ਰੂਪ ਵਿੱਚੋਂ ਨਜ਼ਰ ਆਉਂਦਾ ਹੈ।ਇਸ ਲਈ ਲੋਕਾਂ ਵੱਲੋਂ ਇਸ ਰਿਵਾਜ ਨੂੰ ਪੁਰਾਣਾ ਅਤੇ ਦੁੱਖ ਭਰਿਆ ਰਿਵਾਜ ਕਿਹਾ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਇਸ ਰੀਤ ਨੂੰ ਤਾਂ ਰਾਜੇ-ਰੰਕ ਸਭ ਨਿਭਾਉਂਦੇ ਆਏ ਹਨ ਭਾਵ ਆਪਣੀਆਂ ਧੀਆਂ ਨੂੰ ਸਭ ਵਿਦਾ ਕਰਦੇ ਆਏ ਹਨ। ਸੋ ਉਹ ਵੀ ਇਹ ਰੀਤ ਨਿਭਾ ਰਹੇ ਹਨ।‘ਸਿੱਖਿਆ` ਵਿੱਚ ਧੀ ਨੂੰ ਆਪਣੀ ਮਜਬੂਰੀ ਦਾ ਇਹਸਾਸ ਕਰਵਾਉਣ ਲਈ ਕਦੇ ਉਹ ਰਾਜੇ ਜਨਕ ਦੀ ਉਦਾਹਰਨ ਦਿੰਦੇ ਹਨ ਜਿਸ ਨੇ ਆਪਣੀ ਧੀ ਸੀਤਾ ਨੂੰ ਵਿਦਾ ਕੀਤਾ ਸੀ ਅਤੇ ਕਦੇ ਮਹਿਤਾ ਕਾਲੂ ਦੀ, ਜਿਸ ਨੇ ਬੀਬੀ ਨਾਨਕੀ ਨੂੰ ਵਿਦਾ ਕੀਤਾ ਸੀ। ਉਹ ਧੀ ਅੱਗੇ ਇਸੇ ਬੇਵਸੀ ਦਾ ਇਜ਼ਹਾਰ ਕਰਦੇ ਹਨ ਕਿ ਜੇ ਜੱਗ ਤੇ ਇਹ ਰੀਤ ਨਾ ਚੱਲੀ ਹੁੰਦੀ ਤਾਂ ਕੋਈ ਮਾਂ-ਪਿਉ ਆਪਣੀ ਧੀ ਨੂੰ ਆਪਣੇ ਤੋਂ ਨਾ ਵਿਛੋੜਦਾ। ਆਪਣੇ ਹੱਥੀਂ ਧੀਆਂ ਨੂੰ ਤੋਰਨਾ ਤੇ ਫਿਰ ਉਹਨਾਂ ਦੀ ਜੁਦਾਈ ਦਾ ਸੱਲ ਸਹਿਣਾ ਬੜਾ ਔਖਾ ਹੁੰਦਾ ਹੈ। ਇਸ ਕਰ ਕੇ ਧੀ ਦੀ ਵਿਦਾਈ ਸਮੇਂ ਵੀਰ, ਭੈਣਾਂ ਅਤੇ ਮਾਪਿਆਂ ਤੋਂ ਬਿਨਾਂ ਪੱਥਰ ਦਿਲ ਇਨਸਾਨਾਂ ਦੀਆਂ ਵੀ ਅੱਖਾਂ ਛਲਕਣ ਲੱਗ ਜਾਂਦੀਆਂ ਹਨ :

ਸਾਡਾ ਸੱਖਣਾ ਜਾਨ ਤੋਂ ਜਿਸਮ ਜਾਪੇ,

ਸੁਫਨੇ ਵਾਂਗ ਪਏ ਆਉਣ ਖ਼ਿਆਲ ਬੱਚੀ।

ਕਹੀ ਚੱਲੀ ਏ ਜੱਗ ਦੀ ਚਾਲ ਮੁਢੋਂ,

            ਪਵੇ ਜੁਦਾ ਕਰਨਾ ਪਾਲ-ਪਾਲ ਬੱਚੀ।

     ‘ਸਿੱਖਿਆ` ਵਿੱਚ ਆਪਣੇ ਵਿਹੜੇ ਦੀ ਰੌਣਕ ਭਾਵ ਲੜਕੀ ਨੂੰ ਇਹ ਪ੍ਰੇਰਨਾ ਵੀ ਦਿੱਤੀ ਜਾਂਦੀ ਹੈ ਕਿ ਇਹ ਵੇਲਾ ਭੈਣ-ਭਰਾਵਾਂ ਤੇ ਰਿਸ਼ਤੇਦਾਰਾਂ ਨੂੰ ਛੱਡ ਕੇ ਪਰਾਏ ਦੇਸ ਜਾਣ ਦਾ ਹੈ। ਇਸ ਲਈ ਉਹ ਆਪਣਾ ਦਿਲ ਤਕੜਾ/ਵੱਡਾ ਜੇਰਾ ਕਰ ਲਵੇ। ਸਹੁਰੇ ਘਰ ਜਾ ਕੇ ਸ਼ੁਭ ਗੁਣਾਂ ਨੂੰ ਅਪਣਾਵੇ। ਸੱਸ, ਸਹੁਰੇ, ਪਤੀ, ਨਨਾਣਾਂ, ਜੇਠ- ਜਿਠਾਣੀਆਂ, ਦਿਉਰ-ਦਰਾਣੀਆਂ ਤੇ ਹੋਰ ਵਡੇਰੇ ਰਿਸ਼ਤੇਦਾਰਾਂ ਦਾ ਆਦਰ ਸਤਿਕਾਰ ਕਰੇ ਅਤੇ ਪਿਆਰ ਮੁਹੱਬਤ ਨਾਲ ਪੇਸ਼ ਆਵੇ ਤਾਂ ਕਿ ਸਾਰੇ ਉਸ ਦੀ ਉਪਮਾ ਕਰਨ। ਪੇਕੇ ਪਰਿਵਾਰ ਨਾਲੋਂ ਵਿਛੜ ਕੇ ਨਵਾਂ ਪਰਿਵਾਰ ਸਿਰਜੇ।

     ਮਾਂ ਵੱਲੋਂ ਧੀ ਨੂੰ ਇਹ ਦੁਆ ਕੀਤੀ ਜਾਂਦੀ ਹੈ ਕਿ ਉਸ ਦੇ ਘਰ ਵੱਲੋਂ ਹਮੇਸ਼ਾ ਠੰਡੀ ਹਵਾ ਆਵੇ ਅਰਥਾਤ ਉਸ ਨੂੰ ਸਹੁਰੇ ਘਰ ਕੋਈ ਦੁੱਖ-ਤਕਲੀਫ਼ ਨਾ ਹੋਵੇ। ਧੀ ਨੂੰ ਵਿਦਾ ਕਰਦੀ ਉਹ ਛਮ-ਛਮ ਨੀਰ/ਅੱਥਰੂ ਕੇਰਦੀ ਹੈ। ਉਹ ਆਪਣੇ ਮੋਹ ਦੇ ਮੋਤੀ ਰੋ-ਰੋ ਕੇ ਭੇਟ ਕਰਦੀ ਹੈ ਜਿਸ ਦੀ ਗਵਾਹੀ ਸਿੱਖਿਆਕਾਰ ਆਪਣੀ ਸਿੱਖਿਆ ਰਾਹੀਂ ਦਿੰਦਾ ਹੈ:

ਮਾਂ ਵੇਖ ਕੇ ਡੋਲੀ ਡੋਲ ਗਈ,

ਕਿਵੇਂ ਬਾਬਲ ਝੱਲੂ ਜੁਦਾਈਆਂ ਨੀ।

ਇਹ ਧੀਆਂ ਘਰ ਦੀਆਂ ਰੌਣਕਾਂ ਨੇ,

ਹੋ ਜਾਂਦੀਆਂ ਅੰਤ ਪਰਾਈਆਂ ਨੀ।

ਹਾਏ ਰਸਮ ਦੀ ਬੱਧੀ ਤੁਰ ਚੱਲੀ,

            ਦੱਸੋ ਕੇਹੜਾ ਮੋੜ ਲਿਆਵੇ।

     ‘ਸਿੱਖਿਆ` ਵਿੱਚ ਧੀ ਦੇ ਪਿਤਾ ਦੀ ਦਿਲਗੀਰੀ ਰੂਪਮਾਨ ਹੁੰਦੀ ਹੈ। ਉਹ ਸਮਾਜਿਕ ਰਸਮ ਨਿਭਾਉਂਦਾ ਹੋਇਆ ਆਪਣੇ ਵੱਲੋਂ ਉਸ ਦੇ ਸੁਖੀ-ਖ਼ੁਸ਼ਹਾਲ ਜੀਵਨ ਦੀ ਕਾਮਨਾ ਭਰੀ ਅਸੀਸ ਦਿੰਦਾ ਹੈ। ਭੈਣ ਦੇ ਵਿਛੋੜੇ ਵਿੱਚ ਵੀਰ ਦੇ ਕਾਲਜੇ ਸੱਲ ਪੈਂਦੇ ਹਨ। ਵੀਰ ਉਦਾਸ/ ਗ਼ਮਗੀਨ ਹੋਏ ਅੱਥਰੂ ਕੇਰਦੇ ਹਨ ਤੇ ਭੈਣਾਂ ਦੇ ਪਿਆਰ ਨੂੰ ਦਰਸਾਉਂਦੇ ਹਨ। ਵੀਰ ਵੱਲੋਂ ਉਸ ਨੂੰ ਸੁੱਖਾਂ ਲਈ ਦੁਆਵਾਂ ਤੇ ਪੇਕਿਆਂ ਦੀ ਯਾਦ ਨਾ ਆਉਣ ਲਈ ਅਰਦਾਸਾਂ ਕੀਤੀਆਂ ਜਾਂਦੀਆਂ ਹਨ :

ਜਾ ਮੇਰੀਏ ਭੈਣੇ ਲਾਡਲੀਏ,

ਤੈਨੂੰ ਮੇਰੀ ਉਮਰ ਲੱਗ ਜਾਵੇ।

ਜਿਸ ਘਰ ਵਿੱਚ ਤੇਰਾ ਪੈਰ ਪਵੇ,

ਉੱਥੇ ਦੁਖ ਨਾ ਕਦੀ ਵੀ ਆਵੇ।

ਸਹੁਰੇ ਘਰ ਏਨਾ ਪਿਆਰ ਮਿਲੇ,

            ਤੈਨੂੰ ਭੁੱਲ ਜਾਏ ਪਿਆਰ ਭਰਾਵਾਂ ਦਾ।

     ਸਹੇਲੀਆਂ ਦੀਆਂ ਅੱਖਾਂ ਵਿੱਚੋਂ ਆਪਣੀ ਸਹੇਲੀ ਦੇ ਵਿਛੋੜੇ ਕਾਰਨ ਅੱਥਰੂ ਛਲਕਦੇ ਹਨ। ਉਹ ਉਸ ਨੂੰ ਡਾਰੋਂ ਵਿਛੜੀ ਕੂੰਜ ਨਾਲ ਤੁਲਨਾਉਂਦੀਆਂ ਹਨ ਜਿਸ ਨਾਲ ਫਿਰ ਪਤਾ ਨਹੀਂ ਕਦੋਂ ਮੇਲ ਹੋਣਾ ਹੁੰਦਾ ਹੈ। ਉਹ ਉਸ ਦੇ ਜਾਣ ਤੇ ਤ੍ਰਿੰਞਣਾਂ ਦੇ ਸੁੰਨੇ ਹੋਣ ਦੀ ਗੱਲ ਕਰਦੀਆਂ ਹਨ।

     ਬਹੁਤੇ ਸਿੱਖਿਆ ਲਿਖਣ ਵਾਲਿਆਂ ਨੇ ਧੀਆਂ ਨੂੰ ਪਨੀਰੀ ਵਾਂਗ ਦੱਸਿਆ ਹੈ ਜਿਨ੍ਹਾਂ ਨੂੰ ਇੱਕ ਥਾਂ ਤੋਂ ਪੁੱਟ ਕੇ ਦੂਜੀ ਥਾਂ ਲਗਾਇਆ ਜਾਂਦਾ ਹੈ। ਆਪਣੇ ਹੀ ਖ਼ੂਨ ਨਾਲ ਸਿੰਜੇ ਅਤੇ ਪਾਲ-ਪੋਸ ਕੇ ਵੱਡੇ ਕੀਤੇ ਹੱਡ ਮਾਸ ਦੇ ਪੁਤਲੇ ਨੂੰ ਜਦੋਂ ਆਪਣੇ ਹੱਥੀ ਪਰਾਇਆਂ/ਗ਼ੈਰਾਂ ਨੂੰ ਸੌਂਪਣਾ ਹੁੰਦਾ ਹੈ ਤਾਂ ਉਸ ਵੇਲੇ ਦੇ ਹਾਵ-ਭਾਵ ਸਿੱਖਿਆ ਵਿੱਚ ਇਸ ਤਰ੍ਹਾਂ ਦ੍ਰਿਸ਼ਟੀਗੋਚਰ ਹੁੰਦੇ ਹਨ :

ਧੀਆਂ ਕੀ ਬਣਾਈਆਂ ਬਣਾਉਣ ਵਾਲੇ,

ਪਾਲ ਪੋਸ ਕੇ ਹੱਥੀਂ ਵਿਛੋੜ ਦੇਣਾ।

ਮੋਤੀ ਕੱਢ ਕੇ ਆਪਣੇ ਹਾਰ ਵਿੱਚੋਂ,

ਕਿਸੇ ਹੋਰ ਦੀ ਮਾਲਾ `ਚ ਜੋੜ ਦੇਣਾ।

ਹੱਥੀਂ ਕੱਟ ਦੇਣਾ ਟੁਕੜਾ ਜਿਗਰ ਨਾਲੋਂ,

            ਖ਼ੂਨ ਅੱਖੀਆਂ ਦੇ ਰਾਹੀਂ ਰੋੜ੍ਹ ਦੇਣਾ।

     ਤਾਏ-ਚਾਚੇ, ਭੂਆ-ਫੁੱਫੜ, ਮਾਮੇ-ਮਾਮੀਆਂ, ਭੈਣਾਂ- ਜੀਜੇ, ਭਰਾ-ਭਰਜਾਈਆਂ, ਮਾਸੀਆ-ਮਾਸੜ, ਨਾਨਾ- ਨਾਨੀ, ਦਾਦਾ-ਦਾਦੀ ਸਭ ਲੜਕੀ ਨੂੰ ਦਿਲ ਵਿੱਚ ਪਿਆਰ ਸਾਂਭ ਕੇ ਲਿਜਾਣ ਲਈ ਆਖਦੇ ਹਨ। ਭਾਵੇਂ ਉਹ ਉਸ ਨੂੰ ਧਰਮੀ, ਕਰਮੀ ਤੇ ਨੇਕ ਵਿਚਾਰਾਂ ਨੂੰ ਧਾਰਨ ਕਰਨ ਦੀ ਵੀ ਪ੍ਰੇਰਨਾ ਦਿੰਦੇ ਹਨ ਫਿਰ ਵੀ ਸਿੱਖਿਆ ਦੇ ਨਿਭਾਉ ਦੌਰਾਨ ਚਾਰੇ ਪਾਸੇ ਉਦਾਸੀ ਛਾ ਜਾਂਦੀ ਹੈ, ਹਾਸੇ ਖ਼ਤਮ ਹੋ ਜਾਂਦੇ ਹਨ :

ਮਾਸੀ, ਭੂਆ, ਫੁੱਫੜ ਤੇ ਤਾਏ-ਚਾਚੇ,

ਖਿੜਿਆ ਕੋਈ ਨਾ ਦਿਸੇ ਪਰਿਵਾਰ ਵਿੱਚੋਂ।

ਤੁਰ ਚੱਲੀ ਏਂ ਰੌਣਕੇ ਅੱਜ ਘਰ ਦੀਏ,

ਵਿਹੜਾ ਮਾਪਿਆਂ ਦਾ ਹੋ ਦਿਲਗੀਰ ਗਿਆ।

ਇੱਕ ਦਰ ਹਾਸੇ ਇੱਕ ਦਰ ਅੱਥਰੂ ਨੇ,

ਇਹ ਕੋਈ ਕਿਹੋ ਜਹੀ ਖਿਚ ਤਸਵੀਰ ਗਿਆ।

ਧੀਏ ਛੱਡ ਚੱਲੀ ਏਂ ਦੂਰ ਸਾਨੂੰ,

            ਦਿਲ ਵਿੱਚ ਸਾਂਭ ਕੇ ਸਾਡਾ ਪਿਆਰ ਲੈ ਜਾ।

         ‘ਸਿੱਖਿਆ` ਦੇ ਅਖੀਰ ਤੇ ਸਿੱਖਿਆਕਾਰ ਆਪਣਾ ਉਪਨਾਮ, ਗੋਤ ਜਾਂ ਤਖ਼ੱਲਸ ਅਤੇ ਪਿੰਡ/ਗਰਾਂ ਦਾ ਨਾਂ ਦੱਸਦਾ ਹੋਇਆ ਪੰਡਾਲ ਵਿੱਚ ਹਾਜ਼ਰ ਸਭ ਵਿਅਕਤੀਆਂ ਵੱਲੋਂ ਲੜਕੀ ਨੂੰ ਸਦਾ ਸੁਹਾਗਣ ਰਹਿਣ ਅਤੇ ਭਾਗਾਂ ਵਾਲੀ ਹੋਣ ਦੀ ਅਸੀਸ ਦਿੰਦਾ ਹੈ ਕਿ ਪਰਮਾਤਮਾ ਜੋੜੀ ਦੇ ਸਿਰ ਤੇ ਹਮੇਸ਼ਾਂ ਆਪਣਾ ਹੱਥ ਰੱਖੇ। ਇਹ ਜੋੜੀ ਜੁਗਾਂ ਤੱਕ ਜਵਾਨੀਆਂ ਮਾਣੇ ਅਤੇ ਹੋਰਨਾਂ ਵਾਸਤੇ ਸੁੰਦਰ ਮਿਸਾਲ ਬਣੇ :

           1. ਸਦਾ ਮਹਿਕ ਗ੍ਰਹਿਸਤ ਦੇ ਬਾਗ਼ ਅੰਦਰ,

            ਜੁਗ-ਜੁਗ ਜੀਂਦਾ ਰਹੇ ਸੁਹਾਗ ਤੇਰਾ।

            ਤੇਰੇ ਜੀਵਨ ਦੇ ਚਾਨਣੀ ਪੈਰ ਧੋਵੇ।

            ਸ਼ੁਗਲ ਚੰਨ ਵਾਂਗੂੰ ਚਮਕੇ ਭਾਗ ਤੇਰਾ।

           2. ਗੁਰੂ ਦਾ ਹੱਥ ਜੋੜੀ ਦੇ ਸਿਰ ਤੇ ਰਹੇ,

            ਖ਼ੁਸ਼ੀਆਂ ਨਾਲ ਮਾਲੋ ਮਾਲ ਹੋਵੇ ਜੋੜੀ।

           3. ਅੰਤ ਵਿੱਚ ਹੈ ਇਹੋ ਅਰਦਾਸ ਸਾਡੀ,

            ਰੱਖੇ ਸਦਾ ਹੀ ਸੁਖੀ ਕਰਤਾਰ ਤੈਨੂੰ।

           ਫ਼ਰਜ਼ ਆਪਣੇ ਬੱਚੀਏ ਨਾ ਮੂਲ ਭੁੱਲੀਂ,

            ਸ਼ੋਭਾ ਦੇਂਵਦਾ ਰਹੇ ਸੰਸਾਰ ਤੈਨੂੰ।

           4. ਹੱਥ ਜੋੜ ਕੇ ਅੰਤ ਫਰਿਆਦ ਇਹੋ,

            ਤੇਰਾ ਅਕਾਲ ਪੁਰਖ ਆਪ ਸਹਾਈ ਹੋਵੇ।

            ਹੱਸੇਂ ਵੱਸੇਂ ਤੇ ਖ਼ੁਸ਼ੀਆਂ ਮਾਣਦੀ ਰਹੇਂ,

            ਤੇਰਾ ਗ੍ਰਹਿਸਥ ਜੀਵਨ ਸੁਖਦਾਈ ਹੋਵੇ।

     ਅਸਲ ਵਿੱਚ ‘ਸਿੱਖਿਆ` ਕਾਵਿ-ਰੂਪ ਪ੍ਰਤੀਕ ਹੈ-ਆਤਮਾ (ਪਤਨੀ) ਦਾ ਸਰੀਰ ਵਿੱਚੋਂ ਵਿਛੜ ਕੇ ਪ੍ਰਭੂ ਪਿਆਰੇ (ਪਤੀ) ਨਾਲ ਮਿਲਣ ਦਾ। ਪੰਜਾਬੀ ਵਿੱਚ ਪ੍ਰਸਿੱਧ ਸਟੇਜੀ ਸ਼ਾਇਰ ਚਮਨ ਲਾਲ ਸ਼ੁਗਲ ਨੇ ਕੁਝ ਮੌਲਿਕ ‘ਸਿੱਖਿਆਵਾਂ` ਦੀ ਰਚਨਾ ਕੀਤੀ ਹੈ ਪਰੰਤੂ ਸਮੇਂ ਦੇ ਪਰਿਵਰਤਨ ਅਤੇ ਘਾਟ ਕਾਰਨ ਅੱਜ ਸਿੱਖਿਆ ਪੜ੍ਹਨ ਦਾ ਰੁਝਾਨ ਪਹਿਲਾਂ ਵਾਂਗ ਪ੍ਰਚਲਿਤ ਨਹੀਂ ਰਿਹਾ ਕਿਉਂਕਿ ਸ਼ਹਿਰਾਂ ਦੀ ਅਜੋਕੀ ‘ਆਧੁਨਿਕਤਾ` ਇਸ ਤਰ੍ਹਾਂ ਦੇ ਰੁਝਾਨ ਨੂੰ ਬਹੁਤਾ ਮਹੱਤਵ ਨਹੀਂ ਦਿੰਦੀ। ਹਾਂ, ਪੇਂਡੂ ਮਾਹੌਲ ਵਿੱਚੋਂ ਸਿੱਖਿਆ ਦੀ ਸੁਰ-ਲੈਅ ਅਜੇ ਵੀ ਸੁਣੀ ਜਾ ਸਕਦੀ ਹੈ।

ਲੇਖਕ : ਰਾਜਵੰਤ ਕੌਰ ਪੰਜਾਬੀ,     ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ,     ਹੁਣ ਤੱਕ ਵੇਖਿਆ ਗਿਆ : 6689,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/17/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ