ਅਮਰ ਸਿੰਘ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਮਰ ਸਿੰਘ ਅਮਰਕੋ ਦਾ ਕਰਤਾ ਇੱਕ ਸੰਸਕ੍ਰਿਤ ਦਾ ਪੰਡਿਤ, ਜਿਸ ਨੇ ਸ਼ਲੋਕਾਂ ਵਿੱਚ ਤਿੰਨ ਕਾਂਡ ਦਾ ਉੱਤਮ ਅਭਿਧਾਨ ਲਿਖਿਆ ਹੈ. ਭਾਈ ਸੰਤੋਖ ਸਿੰਘ ਜੀ ਨੇ ਇਸ ਦਾ ਚੰਗਾ ਉਲਥਾ ਕੀਤਾ ਹੈ. ਦੇਖੋ, ਅਮਰ ਕੋ। ੨ ਮੇਵਾੜਪਤਿ ਰਾਣਾ ਪ੍ਰਤਾਪ ਸਿੰਘ ਦਾ ਜੇਠਾ ਪੁਤ੍ਰ। ੩ ਦੇਖੋ, ਸਲਾਬਤ ਖ਼ਾਂਨ। ੪ ਬਾਬਾ ਆਲਾ ਸਿੰਘ ਜੀ ਦਾ ਪੋਤਾ ਅਤੇ ਟਿੱਕਾ ਸਰਦੂਲ ਸਿੰਘ ਦਾ ਛੋਟਾ ਪੁਤ੍ਰ, ਜਿਸ ਦਾ ਜਨਮ ਹਾੜ ਬਦੀ ੭ ਸੰਮਤ ੧੮੦੫ (ਸਨ ੧੭੪੮) ਨੂੰ ਰਾਣੀ ਹੁਕਮਾਂ ਦੇ ਉਦਰ ਤੋਂ ਹੋਇਆਂ. ਅਠਾਰਾਂ ਵਰ੍ਹੇ ਦੀ ਉਮਰ ਵਿੱਚ ਪਟਿਆਲੇ ਦੀ ਗੱਦੀ ਤੇ ਬੈਠਾ. ਇਸ ਨੇ ਧਰਮਵੀਰ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਤੋਂ ਅਮ੍ਰਿਤ ਛਕਿਆ ਸੀ. ਇਹ ਵਡਾ ਸ਼ੂਰਵੀਰ, ਰਾਜਪ੍ਰਬੰਧ ਵਿੱਚ ਨਿਪੁਣ ਅਤੇ ਪੂਰਾ ਧਰਮਾਤਮਾ ਸੀ. ਇਸ ਦੇ ਵੇਲੇ ਪਟਿਆਲੇ ਦੇ ਰਾਜ ਵਿੱਚ ਬਹੁਤ ਤਰੱਕੀ ਹੋਈ. ਸਨ ੧੭੬੭ ਵਿੱਚ ਰਾਜਾ ਅਮਰ ਸਿੰਘ ਨੇ ਅਹਮਦ ਸ਼ਾਹ ਦੁੱਰਾਨੀ ਤੋਂ ਵੀਹ ਹਜ਼ਾਰ ਹਿੰਦੂ ਮਰਦ ਇਸਤ੍ਰੀਆਂ ਨੂੰ ਕੈਦੋਂ ਛੁਡਾਕੇ “ਬੰਦੀਛੋੜ” ਪਦਵੀ ਪ੍ਰਾਪਤ ਕੀਤੀ. ਇਸ ਦਾ ਦੇਹਾਂਤ ਫੱਗੁਣ ਬਦੀ ੮ ਸੰਮਤ ੧੮੩੮ (ਫਰਵਰੀ ਸਨ ੧੭੮੧) ਨੂੰ ਹੋਇਆ। ੨ ਦੇਖੋ, ਰੂਪ ਕੌਰ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3501, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no
ਅਮਰ ਸਿੰਘ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਮਰ ਸਿੰਘ (1888-1962) : ਗੁਰਦੁਆਰਾ ਸੁਧਾਰ ਲਹਿਰ ਦੇ ਸਮੇਂ ਪ੍ਰਸਿੱਧ ਹੋਇਆ ਸੀ ਅਤੇ ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਦੇ ਝਬਾਲ ਦੇ ਵਸਨੀਕ ਸਰਦਾਰ ਗੋਪਾਲ ਸਿੰਘ ਦੇ ਤਿੰਨਾਂ ਪੁੱਤਰਾਂ ਵਿਚੋਂ ਸਭ ਤੋਂ ਵੱਡਾ ਸੀ। ਇਸ ਦੇ ਪੜਦਾਦੇ, ਸਰਦਾਰ ਗੁਲਾਬ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿਚ ਨੌਕਰੀ ਕੀਤੀ ਸੀ ਅਤੇ ਇਸ ਦੇ ਦਾਦਾ ਸਰਦਾਰ ਹਰਭਗਤ ਸਿੰਘ, ਕੰਵਰ ਨੌ ਨਿਹਾਲ ਸਿੰਘ ਦਾ ਏ.ਡੀ.ਸੀ. (ਸਹਾਇਕ ਕਮਿਸ਼ਨਰ) ਰਿਹਾ ਸੀ। 1888 ਵਿਚ ਜਨਮੇ ਅਮਰ ਸਿੰਘ ਨੇ ਪਿੰਡ ਦੇ ਸਕੂਲ ਅਤੇ ਖ਼ਾਲਸਾ ਕਾਲਜੀਏਟ ਸਕੂਲ, ਅੰਮ੍ਰਿਤਸਰ ਤੋਂ ਵਿੱਦਿਆ ਪ੍ਰਾਪਤ ਕੀਤੀ। ਦਸਵੀਂ ਦੀ ਪਰੀਖਿਆ ਪਾਸ ਕਰਨ ਉਪਰੰਤ ਇਸ ਨੇ ਪੁਲਿਸ ਮਹਿਕਮੇ ਵਿਚ ਨੌਕਰੀ ਕਰ ਲਈ ਅਤੇ ਸਮੇਂ ਨਾਲ ਸਬ-ਇੰਸਪੈਕਟਰ ਬਣ ਗਿਆ। ਇਕ ਵਾਰੀ ਜਦੋਂ ਇਸਨੇ ਪੁਲਿਸ ਕਰਮਚਾਰੀਆਂ ਨੂੰ ਸਿੱਖਾਂ ਦੀਆਂ ਕਿਰਪਾਨਾਂ ਖੋਂਹਦੇ ਹੋਏ ਦੇਖਿਆ ਤਾਂ ਇਸ ਕਾਰਵਾਈ ਦਾ ਵਿਰੋਧ ਕੀਤਾ ਅਤੇ ਪੁਲਿਸ ਕਪਤਾਨ ਨਾਲ ਉਚੇਚੀ ਮੁਲਾਕਾਤ ਕਰ ਕੇ ਦੱਸਿਆ ਕਿ ਸਿੱਖਾਂ ਕੋਲੋਂ ਕਿਰਪਾਨਾਂ ਖੋਹਣ ਦਾ ਭਾਵ ਸਿੱਖਾਂ ਦਾ ਅਪਮਾਨ ਕਰਨਾਂ ਅਤੇ ਉਹਨਾਂ ਦੀ ਧਾਰਮਿਕ ਅਜ਼ਾਦੀ ਭੰਗ ਕਰਨ ਦੇ ਤੁੱਲ ਹੈ।ਬਰਤਾਨਵੀ ਸਰਕਾਰ ਦੁਆਰਾ ਗੁਰਦੁਆਰਾ ਰਕਾਬਗੰਜ ਦਿੱਲੀ ਦੀ ਬਾਹਰਲੀ ਕੰਧ ਦਾ ਢਾਹੇ ਜਾਣਾ, ਸਿੱਖਾਂ ਦੇ ਕਿਰਪਾਨ ਪਹਿਨਣ ਉਪਰ ਪਾਬੰਦੀ ਅਤੇ ਬਜਬਜ ਘਾਟ , ਕਲਕੱਤਾ ਵਿਖੇ ਗੋਲੀ ਚਲਾਉਣ ਵਰਗੀਆਂ ਘਟਨਾਵਾਂ ਦੇ ਪ੍ਰਤੀਕਰਮ ਵਜੋਂ ਅਮਰ ਸਿੰਘ ਨੇ ਪੁਲੀਸ ਤੋਂ ਅਸਤੀਫ਼ਾ ਦੇ ਦਿੱਤਾ। ਇਸਨੇ ਸਰਦਾਰ ਦਾਨ ਸਿੰਘ ਵਛੋਆ ਨਾਲ ਮਿਲ ਕੇ ਆਪਣੇ ਅਤੇ ਗਵਾਂਢੀ ਹਲਕਿਆਂ ਵਿਚ ਲੈਕਚਰਾਂ ਦੀ ਲੜੀ ਰਾਹੀਂ ਆਪਣਾ ਰਾਜਨੀਤਿਕ ਜੀਵਨ ਸ਼ੁਰੂ ਕਰ ਦਿੱਤਾ। ਜੱਲਿਆਂ ਵਾਲਾ ਬਾਗ ਵਿਖੇ ਹੋ ਰਹੇ ਜਲਸੇ ਵਿਚ ਨਿਹੱਥੇ ਲੋਕਾਂ ਉਪਰ ਅੰਨ੍ਹੇ ਵਾਹ ਗੋਲੀ ਚਲਾਉਣ ਵਾਲੇ ਜਨਰਲ ਡਾਇਰ ਨੂੰ ਦਰਬਾਰ ਸਾਹਿਬ ਦੇ ਸਰਬਰਾਹ ਵਲੋਂ ਸਿਰੋਪਾ ਦੇ ਕੇ ਸਨਮਾਨਿਤ ਕਰਨ ਦੀ ਕਾਰਵਾਈ ਵਿਰੁੱਧ ਰੋਸ ਪਰਗਟ ਕਰਨ ਲਈ ਦਰਬਾਰ ਸਾਹਿਬ ਸਮੂਹ ਵਿਚ ਹੀ ਮੰਜੀ ਸਾਹਿਬ (ਦੀਵਾਨ ਅਸਥਾਨ) ਵਿਖੇ ਇਕ ਦੀਵਾਨ ਆਯੋਜਿਤ ਕਰਕੇ ਇਸ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਲੋਂ ਲਾਏ ਮਨਾਹੀ ਦੇ ਹੁਕਮ ਦੀ ਉਲੰਘਣਾ ਕੀਤੀ। ਇਕੱਠ ਹੋਇਆ ਅਤੇ ਸੰਗਤਾਂ ਦੇ ਇਸ ਵਿਸ਼ਾਲ ਇਕੱਠ ਵਿਚ ਡਿਪਟੀ ਕਮਿਸ਼ਨਰ ਅਤੇ ਸਰਬਰਾਹ ਦੀ ਨਿਖੇਧੀ ਦੇ ਮਤੇ ਪਾਸ ਕੀਤੇ ਗਏ।
ਸਰਦਾਰ ਸਰਦੂਲ ਸਿੰਘ ਕਵੀਸ਼ਰ ਨੇ ਬਰਤਾਨਵੀ ਸਰਕਾਰ ਵਲੋਂ ਗੁਰਦੁਆਰਾ ਰਕਾਬਗੰਜ ਦੀ ਢਾਹੀ ਹੋਈ ਚਾਰ ਦੀਵਾਰੀ ਮੁੜ ਬਣਾਉਣ ਲਈ 1 ਦਸੰਬਰ 1920 ਨੂੰ ਦਿੱਲੀ ਵੱਲ ਇਕ ਸ਼ਹੀਦੀ ਜੱਥਾ ਲੈ ਜਾਣ ਦੀ ਕੀਤੀ ਅਪੀਲ ਨੂੰ ਧਿਆਨ ਵਿਚ ਰੱਖਕੇ ਅਤੇ ਮੀਟਿੰਗਾਂ ਨੂੰ ਸੰਬੋਧਨ ਕਰਨ ਲਈ ਇਲਾਕੇ ਦਾ ਤੂਫ਼ਾਨੀ ਦੌਰਾ ਕੀਤਾ। ਸੈਂਟਰਲ ਮਾਝਾ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਹੇਠ ਤਰਨ ਤਾਰਨ ਵਿਖੇ ਮਸਿਆ ਦੇ ਵਿਸ਼ਾਲ ਇਕੱਠ ਵਿਚ ਸੰਗਤਾਂ ਵਲੋਂ ਸਿਆਲਕੋਟ ਵਿਖੇ ਗੁਰਦੁਆਰਾ ਬਾਬੇ ਦੀ ਬੇਰ ਦੀ ਬਦ-ਇੰਤਜ਼ਾਮੀ ਦੀ ਚਰਚਾ ਹੋਈ। ਗੁਰਦੁਆਰਾ ਬਾਬੇ ਦੀ ਬੇਰ ਦੇ ਸਹੀ ਹਾਲਾਤ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਅਮਰ ਸਿੰਘ ਨੂੰ ਭੇਜਣ ਦਾ ਫੈਸਲਾ ਲਿਆ ਗਿਆ। ਅਮਰ ਸਿੰਘ ਅਤੇ ਜਸਵੰਤ ਸਿੰਘ ਦੋਵੇਂ ਭਰਾ ਸਿਆਲਕੋਟ ਗਏ। ਉਥੇ ਜਥੇਦਾਰ ਤੇਜਾ ਸਿੰਘ ਭੁੱਚਰ ਅਤੇ ਜਥੇਦਾਰ ਕਰਤਾਰ ਸਿੰਘ ਝੱਬਰ ਵੀ ਆਪਣੇ ਜੱਥੇ ਲੈ ਕੇ ਇਹਨਾਂ ਨੂੰ ਜਾ ਮਿਲੇ। ਸਰਕਾਰ ਲੋਕ-ਦਬਾਅ ਹੇਠ ਮੰਨ ਗਈ ਅਤੇ ਗੁਰਦੁਆਰੇ ਦਾ ਪ੍ਰਬੰਧ 6 ਅਕਤੂਬਰ 1920 ਨੂੰ ਚੁਣੇ ਹੋਏ ਸਿੱਖਾਂ ਦੀ ਇਕ ਕਮੇਟੀ ਦੇ ਹਵਾਲੇ ਕਰ ਦਿੱਤਾ ਗਿਆ। ਇਸ ਘਟਨਾ ਪਿੱਛੋਂ ਝਬਾਲ ਭਰਾਵਾਂ ਨੂੰ ਸਿੱਖਾਂ ਦੇ ਮਾਮਲਿਆਂ ਵਿਚ ਇਕ ਪ੍ਰਭਾਵੀ ਸ਼ਕਤੀ ਮੰਨਿਆ ਜਾਣ ਲੱਗਾ। ਜਦੋਂ ਸਿੱਖਾਂ ਨੇ ਅਕਾਲ ਤਖ਼ਤ ਦਾ ਪ੍ਰਬੰਧ ਆਪਣੇ ਹੱਥ ਲੈ ਲਿਆ ਅਤੇ 16 ਨਵੰਬਰ 1920 ਨੂੰ ਸ਼੍ਰੋਮਣੀ ਕਮੇਟੀ ਬਣਾਈ ਗਈ ਤਾਂ ਅਮਰ ਸਿੰਘ, ਜਸਵੰਤ ਸਿੰਘ ਅਤੇ ਇਹਨਾਂ ਦਾ ਭਰਾ ਸਰਦਾਰ ਸਰਮੁਖ ਸਿੰਘ ਵੀ ਇਸ ਕਮੇਟੀ ਵਿਚ ਸ਼ਾਮਲ ਕੀਤੇ ਗਏ। ਪੁਜਾਰੀਆਂ ਦੀ ਬੇਦਖ਼ਲੀ ਉਪਰੰਤ ਤਰਨ ਤਾਰਨ, ਦਰਬਾਰ ਸਾਹਿਬ ਦੀ ਅਸਥਾਈ ਪ੍ਰਬੰਧਕ ਕਮੇਟੀ ਵਿਚ ਵੀ ਸਰਦਾਰ ਅਮਰ ਸਿੰਘ ਨੂੰ ਨਾਮਜ਼ਦ ਕੀਤਾ ਗਿਆ। ਅਮਰ ਸਿੰਘ ਨੇ ਓਠੀਆਂ , ਤੇਜਾ ਕਲਾਂ , ਚੋਮਾਲਾ ਸਾਹਿਬ, ਪੰਜਾ ਸਾਹਿਬ , ਪਿਸ਼ਾਵਰ, ਰਮਦਾਸ ਅਤੇ ਝਬਾਲ ਦੇ ਗੁਰਦੁਆਰਿਆਂ ਵਿਚੋਂ ਉਦਾਸੀਆਂ ਦੇ ਕਬਜ਼ਿਆਂ ਦਾ ਅੰਤ ਕਰਨ ਵਿਚ ਅਗਵਾਈ ਵਾਲੀ ਭੂਮਿਕਾ ਨਿਭਾਈ। ਨਨਕਾਣਾ ਸਾਹਿਬ ਦੇ ਸਾਕੇ ਪਿੱਛੋਂ ਇਕ ਵਿਸ਼ਾਲ ਦੀਵਾਨ ਵਿਚ ਜੋਸ਼ੀਲੇ ਭਾਸ਼ਨ ਦੇਣ ਕਾਰਨ ਅਮਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਛੇ ਮਹੀਨੇ ਕੈਦ ਦੀ ਸਜ਼ਾ ਦਿੱਤੀ ਗਈ।
ਅਮਰ ਸਿੰਘ ਨੇ 1922 ਨੂੰ ਲਾਇਲਪੁਰ ਵਿਖੇ ਹੋਈ ਸਿੱਖ ਲੀਗ ਦੇ ਤੀਜੇ ਸਾਲਾਨਾ ਸੈਸ਼ਨ ਦੀ ਪ੍ਰਧਾਨਗੀ ਕੀਤੀ। ਇਸ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੁਆਰਾ ਸ਼ੁਰੂ ਕੀਤੀ ਨਾ-ਮਿਲਵਰਤਣ ਲਹਿਰ ਅਤੇ ਗੁਰਦੁਆਰਾ ਸੁਧਾਰ ਲਈ ਚਲਾਏ ਗਏ ਅਕਾਲੀ ਮੋਰਚਿਆਂ ਵਿਚ ਵੀ ਹਿੱਸਾ ਲਿਆ। 16 ਜੁਲਾਈ 1922 ਨੂੰ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਪ ਪ੍ਰਧਾਨ ਚੁਣਿਆ ਗਿਆ। ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਕੁੰਜੀਆਂ ਬਰਤਾਨਵੀ ਸਰਕਾਰ ਤੋਂ ਵਾਪਿਸ ਲੈਣ ਲਈ ਲੱਗੇ ਮੋਰਚੇ ਸਮੇਂ ਜੋਸ਼ੀਲੇ ਭਾਸ਼ਣ ਦੇਣ ਕਾਰਨ ਅਮਰ ਸਿੰਘ ਨੂੰ ਫ਼ਿਰ ਕੈਦ ਕਰ ਲਿਆ ਗਿਆ। ਗੁਰਦੁਆਰਾ ਐਕਟ ਪਾਸ ਹੋਣ ਉਪਰੰਤ ਸਰਦਾਰ ਅਮਰ ਸਿੰਘ ਦਾ ਝੁਕਾਅ ਕਾਂਗਰਸ ਵੱਲ ਹੋ ਗਿਆ। ਕੁਝ ਸਮੇਂ ਲਈ ਇਹ ਪੰਜਾਬ ਸੂਬਾਈ ਕਾਂਗਰਸ ਕਮੇਟੀ ਦਾ ਪ੍ਰਧਾਨ ਵੀ ਰਿਹਾ। ਅਮਰ ਸਿੰਘ ਅੰਮ੍ਰਿਤਸਰ ਦੇ ਅਜਨਾਲਾ ਤਹਿਸੀਲ ਦੇ ਦਯਾਲ ਭੜੰਗ ਪਿੰਡ ਵਿਚ 28 ਮਾਰਚ 1962 ਨੂੰ ਚਲਾਣਾ ਕਰ ਗਿਆ ਜਿਥੇ ਪੰਜਾਬ ਦੀ ਵੰਡ (1947) ਉਪਰੰਤ ਇਸ ਨੂੰ ਜ਼ਮੀਨ ਅਲਾਟ ਹੋਈ ਸੀ।
ਲੇਖਕ : ਜ.ਜ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3327, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਅਮਰ ਸਿੰਘ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਮਰ ਸਿੰਘ (1888-1948) : ਸ਼ੇਰ-ਇ-ਪੰਜਾਬ ਉਰਦੂ ਅਖ਼ਬਾਰ ਦਾ ਪੱਤਰਕਾਰ, ਵਿਦਵਾਨ ਅਤੇ ਸਿੱਖ ਸਿਆਸਤ ਵਿਚ ਇਕ ਪ੍ਰਸਿੱਧ ਵਿਅਕਤੀ ਸੀ ਜੋ ਪੰਜਾਬ (ਹੁਣ ਪਾਕਿਸਤਾਨ) ਦੇ ਅਟਕ ਜ਼ਿਲੇ ਦੇ ਪਿੰਡ , ਪਿੰਡੀ ਘੇਬ ਵਿਚ 27 ਮਈ 1888 ਨੂੰ ਪੈਦਾ ਹੋਇਆ। ਇਸਦਾ ਦਾਦਾ ਗੌਹਰ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਸਰਕਾਰੀ ਅਮਲੇ ਵਿਚ ਸੀ। ਅਮਰ ਸਿੰਘ ਦਾ ਪਿਤਾ ਗੁਲਾਬ ਸਿੰਘ ਜੰਮੂ ਕਸ਼ਮੀਰ ਦੇ ਮਹਾਰਾਜਾ ਪ੍ਰਤਾਪ ਸਿੰਘ ਕੋਲ ਕਰਮਚਾਰੀ ਸੀ। ਇਸ ਲਈ ਅਮਰ ਸਿੰਘ ਨੇ ਮੁੱਢਲੀ ਸਿੱਖਿਆ ਉਰਦੂ ਫ਼ਾਰਸੀ ਭਾਸ਼ਾਵਾਂ ਵਿਚ ਜੰਮੂ ਕਸ਼ਮੀਰ ਰਿਆਸਤ ਵਿਚ ਹੀ ਪ੍ਰਾਪਤ ਕੀਤੀ। ਪਿਤਾ ਦੀ ਮੌਤ ਪਿੱਛੋਂ ਪਰਵਾਰ ਰਾਵਲਪਿੰਡੀ ਆ ਵੱਸਿਆ ਜਿਥੇ ਅਮਰ ਸਿੰਘ ਨੇ ਪੱਤਰਕਾਰੀ ਨੂੰ ਕਿੱਤੇ ਵਜੋਂ ਅਪਨਾਉਣ ਤੋਂ ਪਹਿਲਾਂ ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਹੇਠ ਉਰਦੂ ਵਿਚ ਇਕ ਹਫ਼ਤਾਵਰੀ ਅਖ਼ਬਾਰ ਲਾਇਲ ਗਜ਼ਟ ਜਾਰੀ ਕੀਤਾ ਜਿਸ ਵਿਚ ਦੀਵਾਨ ਦੀਆਂ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸਰਗਰਮੀਆਂ ਦੇ ਸਮਰਥਨ ਦਾ ਭਰਪੂਰ ਉਲੇਖ ਕੀਤਾ ਜਾਂਦਾ ਸੀ। ਹੌਲੀ ਹੌਲੀ ਇਹ ਦੀਵਾਨ ਦੀਆਂ ਨਰਮ-ਪੰਥੀ ਨੀਤੀਆਂ ਤੋਂ ਨਿਰਾਸ਼ ਹੋ ਗਿਆ ਅਤੇ ਇਸ ਨੇ ਆਪਣੇ ਆਪ ਨੂੰ ਬਾਬਾ ਖੜਕ ਸਿੰਘ ਦੀ ਵਧੇਰੇ ਗਰਮ ਖਿਆਲੀ ਰਾਜਨੀਤੀ ਨਾਲ ਜੋੜ ਲਿਆ। 1921 ਈਸਵੀ ਵਿਚ ਇਸਨੇ ਆਪਣੇ ਅਖ਼ਬਾਰ ਦਾ ਨਾਂ ਬਦਲ ਕੇ ਸ਼ੇਰ-ਇ-ਪੰਜਾਬ ਰੱਖ ਲਿਆ। ਪਿੱਛੋਂ ਸ਼ੇਰ-ਇ-ਪੰਜਾਬ ਅਮਰ ਸਿੰਘ ਦੇ ਉਪ ਨਾਂ ਵਜੋਂ ਹੀ ਪ੍ਰਚਲਿਤ ਹੋ ਗਿਆ। ਪੰਜਾਬ ਦੀ ਵੰਡ ਉਪਰੰਤ ਇਹ ਅਖ਼ਬਾਰ ਦਿੱਲੀ ਤੋਂ ਨਿਰੰਤਰ ਪ੍ਰਕਾਸ਼ਿਤ ਹੋ ਰਿਹਾ ਹੈ।
ਪੱਤਰਕਾਰੀ ਦੇ ਨਾਲ ਨਾਲ ਅਮਰ ਸਿੰਘ ਸਿੱਖ ਰਾਜਨੀਤੀ ਅਤੇ ਜਨਤਿਕ ਮਾਮਲਿਆਂ ਵਿਚ ਵੀ ਸਰਗਰਮ ਸੀ। ਇਹ 16 ਸਾਲਾਂ ਲਈ ਮਿਊਸੀਂਪਲ ਕਮੇਟੀ ਲਾਹੌਰ ਦਾ ਮੈਂਬਰ ਰਿਹਾ। ਇਸੇ ਪ੍ਰਕਾਰ ਇਹ ਸਿੰਘ ਸਭਾ ਲਾਹੌਰ ਅਤੇ ਸਥਾਨਿਕ ਇਤਿਹਾਸਿਕ ਸਿੱਖ ਗੁਰਦੁਆਰਿਆਂ ਦੀ ਪ੍ਰਬੰਧਕੀ ਕਮੇਟੀ ਦਾ ਆਜੀਵਨ ਪ੍ਰਧਾਨ ਵੀ ਰਿਹਾ ਸੀ। 1921 ਵਿਚ ਇਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਬਣਾਇਆ ਗਿਆ ਅਤੇ ਜੈਤੋ ਮੋਰਚੇ ਸਮੇਂ ਇਸਨੂੰ ਗ੍ਰਿਫ਼ਤਾਰ (7 ਜਨਵਰੀ 1924) ਕਰਕੇ ਦੋ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਦਿੱਤੀ ਗਈ ਸੀ। ਇਸ ਨੂੰ ਸਿੱਖ ਗੁਰਦੁਆਰਾ ਐਕਟ ਅਧੀਨ 1926 ਅਤੇ 1930 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਮੈਂਬਰ ਚੁਣਿਆ ਗਿਆ ਸੀ। 1933,1936 ਅਤੇ 1939 (ਅਜ਼ਾਦੀ ਤਕ ਇਸ ਲੜੀ ਵਿਚ ਅਖੀਰਲੀ ਤਾਰੀਖ਼) ਦੀਆਂ ਹੋਈਆਂ ਗੁਰਦੁਆਰਾ ਚੋਣਾਂ ਸਮੇਂ ਇਸਨੂੰ ਨਾਮਜ਼ਦ ਮੈਂਬਰ ਦੇ ਤੌਰ ਤੇ ਲਿਆ ਜਾਂਦਾ ਰਿਹਾ। ਜਦੋਂ 1934 ਵਿਚ ਬਾਬਾ ਖੜਕ ਸਿੰਘ ਨੇ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਕਰ ਲਿਆ ਅਤੇ ਆਪਣੀ ਨਵੀਂ ਪਾਰਟੀ ਸੈਂਟਰਲ ਅਕਾਲੀ ਦਲ ਸਥਾਪਿਤ ਕਰ ਲਈ ਤਾਂ ਸਰਦਾਰ ਅਮਰ ਸਿੰਘ ਨੂੰ ਇਸ ਨਵੀਂ ਪਾਰਟੀ ਦਾ ਸੀਨੀਅਰ ਉਪ-ਪ੍ਰਧਾਨ ਚੁਣਿਆ ਗਿਆ। 1947 ਵਿਚ ਲਾਹੌਰ ਤੋਂ ਆ ਕੇ ਸਰਦਾਰ ਅਮਰ ਸਿੰਘ ਨੇ ਦਿੱਲੀ ਵਿਖੇ ਵਸੇਬਾ ਕਰ ਲਿਆ। 9 ਜੁਲਾਈ 1948 ਨੂੰ ਕਸੌਲੀ ਵਿਖੇ ਇਹ ਅਕਾਲ ਚਲਾਣਾ ਕਰ ਗਏ।
ਅਮਰ ਸਿੰਘ ਕਲਮ ਦਾ ਧਨੀ ਸੀ। ਉਰਦੂ ਗੱਦ ਦਾ ਇਹ ਮੰਨਿਆ ਪ੍ਰਮੰਨਿਆ ਲੇਖਕ ਸੀ। ਇਸ ਨੇ ਆਪਣੀ ਲੇਖਣੀ ਦੁਆਰਾ ਸਮਕਾਲੀ ਰਾਜਨੀਤਿਕ ਅਤੇ ਧਾਰਮਿਕ ਵਿਵਾਦਾਂ ਉਪਰ ਡੂੰਘਾ ਪ੍ਰਭਾਵ ਪਾਇਆ। ਅਮਰ ਸਿੰਘ ਦੇ ਉਪਨਾਮ ‘ਰਿਸਾਲਦਾਰ ਮੇਜਰ` ਨਾਂ ਹੇਠ ਦਾ ਕਾਲਮ ‘ਅਰਗੜਾ` ਟੋਟਕੇ, ਹਾਜ਼ਰ ਜਵਾਬੀ ਅਤੇ ਵਿਅੰਗ ਦਾ ਸੁਮੇਲ ਹੋਣ ਕਾਰਨ ਬੜਾ ਹਰਮਨ ਪਿਆਰਾ ਸੀ। ਅਮਰ ਸਿੰਘ ਉਰਦੂ, ਫ਼ਾਰਸੀ, ਪੰਜਾਬੀ ਵਿਚ ਕਵਿਤਾ ਵੀ ਲਿਖਦਾ ਰਿਹਾ। ਇਸ ਨੇ ਉਮਰ ਖ਼ਯਾਮ ਦੀਆਂ ਰੁਬਾਈਆਂ ਦਾ, ਪੰਜਾਬੀ ਕਵਿਤਾ ਵਿਚ ਅਨੁਵਾਦ ਵੀ ਕੀਤਾ ਸੀ। ਉਰਦੂ ਵਿਚ ਇਸ ਨੇ ਦੋ ਨਾਵਲ ਅਤੇ ਕਈ ਕਹਾਣੀਆਂ ਵੀ ਲਿਖੀਆਂ। ਇਹ ਇਕ ਚੰਗਾ ਲਿਖਾਰੀ ਹੋਣ ਦੇ ਨਾਲ ਪ੍ਰਬੀਨ ਵਕਤਾ ਵੀ ਸੀ ਅਤੇ ਉਰਦੂ ਪੱਤਰਕਾਰਿਤਾ ਵਿਚ ਧਾਰਮਿਕ-ਰਾਜਨੀਤਿਕ ਮਾਮਲਿਆਂ ਸਬੰਧੀ ਇਸ ਦੇ ਭਾਸ਼ਨ ਸਿੱਖ ਸੰਗਤਾਂ ਵਿਚ ਹੁੰਦੇ ਰਹਿੰਦੇ ਸਨ ।
ਲੇਖਕ : ਜ.ਬ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3324, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਅਮਰ ਸਿੰਘ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਅਮਰ ਸਿੰਘ : ਇਹ ਅਮਰ-ਕੋਸ਼ ਦਾ ਲੇਖਕ ਹੈ। ਇਸ ਦਾ ਜੀਵਨ-ਬਿਰਤਾਂਤ ਹਨੇਰੇ ਵਿਚ ਹੈ। ਵਿਦਵਾਨਾਂ ਦੀ ਬਹੁਤ ਮਿਹਨਤ ਮਗਰੋਂ ਵੀ ਇਸ ਉੱਤੇ ਨਾਂ-ਮਾਤਰ ਹੀ ਚਾਨਣਾ ਪਿਆ ਹੈ। ਇਸ ਗੱਲ ਦਾ ਸਬੂਤ ਅਮਰ-ਕੋਸ਼ ਦੇ ਅੰਦਰ ਹੀ ਮਿਲਦਾ ਹੈ ਕਿ ਅਮਰ ਸਿੰਘ ਬੋਧੀ ਸੀ। ਅਮਰ-ਕੋਸ਼ ਦੇ ਮੰਗਲਾ-ਚਰਨ ਵਿਚ ਕਿਸੇ ਹਿੰਦੂ ਦੇਵੀ ਦੇਵਤੇ ਦੀ ਨਹੀਂ ਸਗੋਂ ਗੁਪਤ ਰੂਪ ਵਿਚ ਬੁੱਧ ਦੀ ਉਸਤਤ ਕੀਤੀ ਗਈ ਹੈ। ਇਹ ਪੁਰਾਣੀ ਰਵਾਇਤ ਹੈ ਕਿ ਸ਼ੰਕਰਚਾਰੀਆ ਦੇ ਸਮੇਂ (ਅੱਠਵੀਂ ਸਦੀ) ਅਮਰ ਸਿੰਘ ਦੀਆਂ ਪੁਸਤਕਾਂ ਜਿੱਥੇ ਜਿੱਥੇ ਮਿਲੀਆਂ, ਸਾੜ ਦਿੱਤੀਆਂ ਗਈਆਂ। ਇਸ ਦੇ ਬੋਧੀ ਹੋਣ ਦਾ ਇਕ ਸਬੂਤ ਇਹ ਵੀ ਹੈ ਕਿ ਅਮਰ-ਕੋਸ਼ ਵਿਚ ਬ੍ਰਹਮਾ, ਵਿਸ਼ਨੂੰ ਆਦਿ ਦੇਵਤਿਆਂ ਦੇ ਨਾਵਾਂ ਤੋਂ ਪਹਿਲਾਂ ਬੁੱਧ ਦੇ ਨਾਂ ਦਿੱਤੇ ਗਏ ਹਨ, ਕਿਉਂਕਿ ਬੋਧੀਆਂ ਦੇ ਵਿਸ਼ਵਾਸ ਅਨੁਸਾਰ ਸਭ ਦੇਵੀ ਦੇਵਤੇ ਭਗਵਾਨ ਬੁੱਧ ਤੋਂ ਛੋਟੇ ਹਨ। ਅਮਰ ਸਿੰਘ ਨਾਂ ਤੋਂ ਅਨੁਮਾਨ ਹੁੰਦਾ ਹੈ ਕਿ ਇਸ ਦੇ ਬਜ਼ੁਰਗ ਖੱਤਰੀ ਹੋਣਗੇ। ਅਮਰ ਸਿੰਘ ਦਾ ਸਮਾਂ ਨਿਸ਼ਚੇ ਨਾਲ ਦੱਸਣਾ ਅਸੰਭਵ ਹੀ ਹੈ ਕਿਉਂਕਿ ਇਸ ਨੇ ਆਪਣੇ ਤੋਂ ਪਹਿਲਾਂ ਦੇ ਕੋਸ਼ਕਾਰਾਂ ਦੇ ਨਾਂ ਨਹੀਂ ਦਿੱਤੇ। ਇਸ ਨੇ ਲਿਖਿਆ ਹੈ ਕਿ ‘ਸਮਾਹ੍ਰਿਤਯਾਨਯਤੰਤ੍ਰਾਣਿ’ ਅਰਥਾਤ ਮੈਂ ਹੋਰ ਕੋਸ਼ਾਂ ਤੋਂ ਮਸਾਲਾ ਲਿਆ ਹੈ ਪਰ ਕਿਨ੍ਹਾਂ ਤੋਂ ਲਿਆ ਹੈ, ਇਹ ਨਹੀਂ ਲਿਖਿਆ। ਕਰਨ ਅਤੇ ਪਿਸ਼ਲ ਦਾ ਅਨੁਮਾਨ ਹੈ ਕਿ ਅਮਰ ਸਿੰਘ ਦਾ ਸਮਾਂ 550 ਈ. ਦੇ ਲਗਭਗ ਹੋਵੇਗਾ ਕਿਉਂਕਿ ਇਸ ਨੂੰ ਬਿਕਰਮਾਜੀਤ ਦੇ ਨੌਂ ਰਤਨਾਂ ਵਿਚ ਗਿਣਿਆ ਜਾਂਦਾ ਹੈ ਜਿਨ੍ਹਾਂ ਵਿੱਚੋਂ ਇਕ ਰਤਨ ਵਰਾਹਮਿਹਰ ਦਾ ਨਿਸ਼ਚਿਤ ਸਮਾਂ (ਤ੍ਰਿਪਾਠੀ ਅਨੁਸਾਰ) ਸੰਨ 505-587 ਈ. ਹੈ। ਬਿਊਲਰ ਅਮਰ ਸਿੰਘ ਨੂੰ ਲਖਮਨਸੇਨ ਦੇ ਦਰਬਾਰ ਦਾ ਰਤਨ ਮੰਨਦਾ ਹੈ। ਵਿਲਮਟ ਨੂੰ ਗਯਾ ਵਿਚ ਇਹ ਸ਼ਿਲਾ-ਲੇਖ ਮਿਲਿਆ ਹੈ ਜੋ 949 ਈ. ਦਾ ਹੈ। ਇਸ ਉੱਤੇ ਉਕਰਿਆ ਹੋਇਆ ਹੈ ਕਿ ਵਿਕਰਮਾਦਿੱਤ ਦੇ ਦਰਬਾਰ ਦੇ ਨੌਂ ਰਤਨਾਂ ਵਿਚੋਂ ਇਕ ਰਤਨ, ਅਮਰ ਦੇਵ, ਨੇ ਗਯਾ ਵਿਚ ਬੁੱਧ ਦੀ ਮੂਰਤੀ ਸਥਾਪਤ ਕੀਤੀ ਅਤੇ ਇਕ ਮੰਦਰ ਬਣਵਾਇਆ। ਇਸ ਗੱਲ ਦਾ ਸਬੂਤ ਨਹੀਂ ਮਿਲਦਾ ਕਿ ਕੀ ਇਹ ਅਮਰਦੇਵ ਅਮਰ ਸਿੰਘ ਹੀ ਸੀ। ਕਮਾਲ ਦੀ ਗੱਲ ਹੈ ਕਿ ਅੱਸੀ ਪਚਾਸੀ ਸਾਲਾਂ ਤੋਂ ਉਪਰੋਕਤ ਸ਼ਿਲਾਲੇਖ ਅਤੇ ਉਸ ਦੇ ਅਨੁਵਾਦ ਵੀ ਲੁਪਤ ਹਨ। ਹਲਾਯੁਧ ਨੇ ਵੀ ਆਪਣੇ ਕੋਸ਼ ਵਿਚ ਇਕ ਪ੍ਰਾਚੀਨ ਕੋਸ਼ਕਾਰ ਅਮਰ ਦੱਤ ਦਾ ਨਾਂ ਲਿਖਿਆ ਹੈ। ਯੂਰਪੀਨ ਵਿਦਵਾਨ ਇਸ ਅਮਰਦੱਤ ਨੂੰ ਅਮਰ ਸਿੰਘ ਨਹੀਂ ਮੰਨਦੇ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2614, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-16, ਹਵਾਲੇ/ਟਿੱਪਣੀਆਂ: no
ਅਮਰ ਸਿੰਘ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਅਮਰ ਸਿੰਘ : ਇਹ ਪਟਿਆਲੇ ਦੀ ਰਿਆਸਤ ਅਤੇ ਸ਼ਹਿਰ ਦੇ ਮੁੰਢ ਬੰਨ੍ਹਣ ਵਾਲੇ ਮਹਾਰਾਜਾ ਆਲਾ ਸਿੰਘ ਦਾ ਪੋਤਰਾ ਸੀ। ਇਸ ਦੇ ਪਿਉ ਦਾ ਨਾਂ ਸਰਦੂਲ ਸਿੰਘ ਅਤੇ ਮਾਤਾ ਦਾ ਨਾਂ ਹੁਕਮਾਂ ਸੀ। ਇਸ ਦਾ ਜਨਮ 1748 ਈ. ਵਿਚ ਹੋਇਆ। ਜਦੋਂ ਇਹ 1765 ਈ. ਵਿਚ ਪਟਿਆਲੇ ਦੀ ਗੱਦੀ ਤੇ ਬੈਠਾ ਤਾਂ ਉਸ ਵਕਤ ਇਸ ਦੀ ਉਮਰ ਅਠਾਰਾਂ ਕੁ ਸਾਲ ਦੀ ਸੀ। ਇਸ ਦਾ ਬਚਪਨ ਆਲਾ ਸਿੰਘ ਦੀ ਰਾਣੀ (ਇਸ ਦੀ ਦਾਦੀ) ਫੱਤੋ ਦੀ ਨਿਗਰਾਨੀ ਵਿਚ ਬੀਤਿਆ। ਜਦੋਂ 1767 ਈ. ਵਿਚ ਅਹਿਮਦਸ਼ਾਹ ਅਬਦਾਲੀ ਨੇ ਪੰਜਾਬ ਉੱਤੇ ਅੱਠਵੀਂ ਵਾਰ ਹਮਾਲਾ ਕੀਤਾ ਤਾਂ 17 ਜਨਵਰੀ ਨੂੰ ਜਲੰਧਰ ਦੇ ਨੇੜੇ ਰਾਜਾ ਅਮਰ ਸਿੰਘ ਦੇ ਵਕੀਲ ਨੇ ਪੰਜ ਹਜ਼ਾਰ ਰੁਪਏ ਤੇ ਦੋ ਘੋੜੇ ਅਬਦਾਲੀ ਨੂੰ ਅਤੇ ਦੋ ਦੋ ਹਜ਼ਾਰ ਰੁਪਏ ਉਸ ਦੇ ਵਜ਼ੀਰ ਸ਼ਾਹ ਵਲੀ ਖ਼ਾਂ ਅਤੇ ਜਰਨੈਲ ਜਹਾਂ ਖ਼ਾਂ ਨੂੰ ਭੇਟਾ ਕੀਤੇ। ਅਬਦਾਲੀ ਜਦੋਂ 17 ਮਾਰਚ ਨੂੰ ਕਰਨਾਲ ਜ਼ਿਲ੍ਹੇ ਦੇ ਇਸਮਾਈਲਾਬਾਦ ਕਸਬੇ ਤੋਂ ਵਾਪਸ ਮੁੜਿਆ ਤਾਂ ਦਿੱਲੀ ਦਾ ਮਸ਼ਹੂਰ ਸਰਦਾਰ ਨਜੀਬੁੱਦੌਲਾ ਰੁਹੇਲਾ ਅਤੇ ਰਾਜ ਅਮਰ ਸਿੰਘ ਉਸ ਦੇ ਨਾਲ ਸਨ। ਜਦੋਂ ਇਹ ਅੰਬਾਲੇ ਪੁੱਜੇ ਤਾਂ 18 ਮਾਰਚ ਨੂੰ ਅਬਦਾਲੀ ਨੇ ਨੌਂ ਲੱਖ ਰੁਪਿਆ ਅਮਰ ਸਿੰਘ ਪਾਸੋਂ ਖ਼ਰਾਜ ਮੰਗਿਆ। ਅਮਰ ਸਿੰਘ ਟਾਲ-ਮਟੋਲ ਕਰਨ ਲੱਗਾ। ਇਸ ਗੱਲ ਤੋਂ ਫ਼ਾਇਦਾ ਉਠਾ ਕੇ ਨਜੀਬੁੱਦੌਲਾ ਨੇ ਜਮਨਾ ਅਤੇ ਸਤਲੁਜ ਵਿਚਕਾਰਲੇ ਇਲਾਕੇ ਦੀ ਸਰਦਾਰੀ ਆਪਣੇ ਸਰਦਾਰੀ ਆਪਣੇ ਪੁੱਤਰ ਜ਼ਾਬਤਾ ਖ਼ਾਂ ਲਈ ਲੈ ਲਈ। ਸਰਹੰਦ ਦੇ ਕਿਲ੍ਹੇ ਉੱਤੇ ਉਸ ਨੇ ਕਬਜ਼ਾ ਕਰ ਲਿਆ ਤੇ ਅਮਰ ਸਿੰਘ ਨੂੰ ਉਸ ਵਿਚ ਕੈਦ ਕਰ ਦਿੱਤਾ।
ਇਹ ਸੁਣਦਿਆਂ ਹੀ ਰਾਣੀ ਫੱਤੋ ਸ਼ਾਹ ਵਲੀ ਖ਼ਾਂ ਪਾਸ ਗਈ। ਉਸ ਨੂੰ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਭੇਟਾ ਕੀਤੀਆਂ, ਖ਼ਰਾਜ ਦੀ ਰਕਮ ਵੀ ਅੱਗੇ ਰੱਖੀ ਅਤੇ ਅਰਜ਼ ਕੀਤੀ ਕਿ ਅਮਰ ਸਿੰਘ ਨੂੰ ਨਜੀਬੁੱਦੌਲੇ ਦੇ ਪੰਜਿਓਂ ਛੁਡਾਇਆ ਜਾਏ। ਵਜ਼ੀਰ ਨੇ ਅਬਦਾਲੀ ਨੂੰ ਰਾਜ਼ੀ ਕਰ ਲਿਆ ਤੇ ਅਗਲੇ ਦਿਨ ਸਵੇਰੇ ਹੀ ਅਬਦਾਲੀ ਨੇ ਅਮਰ ਸਿੰਘ ਨੂੰ ਨਜੀਬੁੱਦੌਲਾ ਦੇ ਘਰੋਂ ਬੁਲਵਾ ਲਿਆ। ਉਸ ਨੇ ਅਮਰ ਸਿੰਘ ਨੂੰ ਬਾਦਸ਼ਾਹੀ ਦੇ ਨਿਸ਼ਾਨ (ਖ਼ਿਲਅਤ, ਸ਼ਾਹੀਮੁਰਾਤਬ, ਝੰਡਾ ਅਤੇ ਨਗਾਰਾ ਬਖ਼ਸ਼ੇ ਅਤੇ ਸਰਹੰਦ ਦਾ ਸੂਬੇਦਾਰ ਬਣਾ ਕੇ ‘ਰਾਜਾ-ਇ-ਰਾਜਗਨ’ ਦਾ ਖ਼ਿਤਾਬ ਦਿੱਤਾ।
ਰਾਜਾ ਅਮਰ ਸਿੰਘ ਨੇ ਹੰਡੂਰ, ਬਿਲਾਸਪੁਰ ਅਤੇ ਨਾਹਨ ਦੇ ਰਾਜਿਆਂ ਦੀ ਮਦਦ ਨਾਲ ਕਈ ਇਲਾਕੇ ਜਿੱਤੇ। ਉਸ ਦੇ ਮਨੀਮਾਜਰੇ ਦੇ ਗ਼ਰੀਬ ਦਾਸ ਪਾਸੋਂ ਪੰਜੋਰ ਦਾ ਇਲਾਕਾ ਖੋਹ ਲਿਆ। ਪਟਿਆਲੇ ਦੇ ਲਾਗੇ ਸੈਫ਼ਾਬਾਦ ਦਾ ਕਿਲਾ, ਬਠਿੰਡਾ, ਬੇਗਰਾਮ, ਫ਼ਤਿਹਾਬਾਦ, ਸਰਸਾ ਅਤੇ ਰਾਣੀਆਂ ਨੂੰ ਫ਼ਤਹਿ ਕੀਤਾ। ਜਦੋਂ 1779 ਈ. ਵਿਚ ਦਿੱਲੀ ਦਾ ਵਜ਼ੀਰ ਅਬਦੁਲ ਅਹਿਦ ਪਟਿਆਲੇ ਨੂੰ ਫ਼ਤਿਹ ਕਰਨ ਲਈ ਆਇਆ ਤਾਂ ਇਸ ਨੇ ਉਸ ਨੂੰ ਹਰਾ ਕੇ ਭਜਾ ਦਿੱਤਾ। ਅਮਰ ਸਿੰਘ ਦੀ ਮੌਤ 1781 ਈ. ਵਿਚ ਪੈਂਤੀ ਸਾਲ ਦੀ ਉਮਰ ਵਿਚ ਹੋਈ।
ਹ. ਪੁ.––ਦੀ ਰਾਜਾਜ ਆਫ਼ ਦੀ ਪੰਜਾਬ––ਲੈਪਲ ਗ੍ਰਿਫ਼ਿਨ; ਹਿ. ਸਿ.––ਗੁਪਤਾ।
ਲੇਖਕ : ਹਰੀ ਰਾਮ ਗੁਪਤਾ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2614, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-16, ਹਵਾਲੇ/ਟਿੱਪਣੀਆਂ: no
ਅਮਰ ਸਿੰਘ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਅਮਰ ਸਿੰਘ : ਇਸ ਸੂਰਬੀਰ ਦਾ ਜਨਮ ਪਿੰਡ ਦੁੱਘਰੀ ਵਿਚ ਸਰਦਾਰ ਨਰਾਇਣ ਸਿੰਘ ਦੇ ਘਰ 30 ਅਗਸਤ, 1921 ਨੂੰ ਹੋਇਆ। ਬਚਪਨ ਵਿਚ ਇਸ ਨੇ ਆਪਣੇ ਪਿਤਾ ਦਾ ਖੇਤੀਬਾੜੀ ਵਿਚ ਹੱਥ ਵਟਾਇਆ। ਦੂਜੀ ਵਿਸ਼ਵ ਜੰਗ ਵੇਲੇ ਅਮਰ ਸਿੰਘ 9 ਜੁਲਾਈ, 1942 ਨੂੰ ਸਿਪਾਹੀ ਭਰਤੀ ਹੋ ਗਿਆ। ਇਸ ਨੂੰ ਜ਼ੋਜਿਲਾ ਪਾਸ ਤੇ ਤੈਨਾਤ ਕੀਤਾ ਗਿਆ ਜਿਥੇ 18 ਜੂਨ, 1948 ਨੂੰ ਪਾਕਿਸਤਾਨ ਨੇ ਹਮਲਾ ਕੀਤਾ। ਦੁਸ਼ਮਣ ਦੀ ਭਾਰੀ ਬੰਬਾਰੀ ਕਾਰਨ ਅਮਰ ਸਿੰਘ ਵਾਲੀ ਚੌਕੀ ਦਾ ਤਕਰੀਬਨ ਤੀਜਾ ਹਿੱਸਾ ਤਬਾਹ ਹੋ ਗਿਆ ਅਤੇ ਇਹ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਨੀਮ ਬੇਹੋਸ਼ੀ ਦੀ ਹਾਲਤ ਵਿਚ ਇਹ ਦੁਸ਼ਮਣ ਨੂੰ ਇਕ ਇਕ ਕਰ ਕੇ ਮੌਤ ਦੇ ਘਾਟ ਉਤਾਰਦਾ ਰਿਹਾ ਅਤੇ ਇਸੇ ਹਾਲਤ ਵਿਚ ਇਸ ਇਕੱਲੇ ਬੀਰ ਸਿਪਾਹੀ ਨੇ ਦੁਸ਼ਮਣ ਦੇ ਦੋ ਸੌ ਤੋਂ ਵੱਧ ਸਿਪਾਹੀਆਂ ਦਾ ਮੁਕਾਬਲਾ ਕੀਤਾ।
ਸੋਲ੍ਹਾਂ ਘੰਟੇ ਦੇ ਲਗਾਤਾਰ ਖੂੰਖ਼ਾਰ ਯੁੱਧ ਵਿਚ ਅਮਰ ਸਿੰਘ ਨੇ ਬੜੀ ਬਹਾਦਰੀ ਅਤੇ ਨਿਪੁੰਨਤਾ ਨਾਲ ਆਪਣੀ ਜ਼ਿੰਮੇਵਾਰੀ ਨਿਭਾਈ। ਇਸ ਗੌਰਵਮਈ ਕਾਰਜ ਸਦਕਾ ਇਸ ਨੂੰ ਮਹਾਂਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ।
ਲੇਖਕ : ਕਰਨਲ (ਡਾ.) ਦਲਵਿੰਦਰ ਸਿੰਘ ਗਰੇਵਾਲ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2417, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-27-12-46-13, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First