ਅਹਿੰਸਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਹਿੰਸਾ [ ਨਾਂਇ ] ਕਿਸੇ ਨੂੰ ਦੁੱਖ ਨਾ ਦੇਣ ਦਾ ਭਾਵ , ਹਿੰਸਾ ਵਿਰੋਧੀ ਭਾਵ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4352, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਹਿੰਸਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਹਿੰਸਾ. ਸੰ. ਸੰਗ੍ਯਾ— ਹਿੰਸਾ ( ਵਧ ) ਦੇ ਵਿਰੁੱਧ ਕਰਮ. ਜੀਵਾਂ ਦੇ ਪ੍ਰਾਣ ਨਾ ਲੈਣ ਦਾ ਵ੍ਰਤ । ੨ ਕਿਸੇ ਨੂੰ ਦੁੱਖ ਨਾ ਦੇਣਾ. ਯੋਗ ਸ਼ਾਸਤ੍ਰ ਵਿੱਚ ਅਹਿੰਸਾ ਦੇ ੮੧ ਭੇਦ ਲਿਖੇ ਹਨ , ਜਿਨ੍ਹਾਂ ਦਾ ਸਿੱਧਾਂਤ ਇਹ ਹੈ ਕਿ ਮਨ ਤੋਂ ਬਾਣੀ ਤੋਂ ਕਰਮ ਤੋਂ ਦੁੱਖ ਦੇਣ ਦਾ ਕੋਈ ਭੀ ਸੰਕਲਪ ਅਤੇ ਕਰਮ ਹਿੰਸਾ ਵਿੱਚ ਗਿਣਿਆ ਜਾਂਦਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4131, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅਹਿੰਸਾ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Non Violence ਅਹਿੰਸਾ : ਮਾਰਚ , 1922 ਨੂੰ ਅਹਿਮਦਾਬਾਦ ਸੈਸ਼ਨ ਕੋਰਟ ਵਿਚ ਸਮਾਇਤੀ ਭਾਸ਼ਣ ਵਿਚ ਗਾਂਧੀ ਜੀ ਨੇ ਧਰਮ ਪ੍ਰਵਾਹ ਰੂਪ ਵਿਚ ਆਪਣੀ ਫ਼ਿਲਾਸਫ਼ੀ ਨੂੰ ਪ੍ਰਗਟਾਇਆ । ਜਦੋਂ ਉਨ੍ਹਾਂ ਨੇ ਕਿਹਾ ਕਿ ਅਹਿੰਸ ਉਹਨਾਂ ਦੇ ਧਰਮ ਦੀ ਪਹਿਲੀ ਅਤੇ ਅੰਤਿਮ ਵਸਤੂ ਹੋਵੇਗੀ । ਅਹਿੰਸਾ ਸਦਾ ਹੀ ਗਾਂਧੀ ਜੀ ਦੀ ਅਧਿਆਤਮਕਤਾ ਦੇ ਮੌਲਿਕ ਸਿਧਾਂਤ ਅਤੇ ਉਨ੍ਹਾਂ ਦੀ ਰਾਜਨੀਤਿਕ ਫ਼ਿਲਾਸਫ਼ੀ ਦਾ ਅੰਗ ਰਿਹਾ ਹੈ । ਗਾਂਧੀ ਜੀ ਦਾ ਰਾਜਨੀਤਿਕ ਸ਼ਕਤੀ ਪ੍ਰਾਪਤ ਕਰਨ ਲਈ ਹਿੰਸਾ ਦੇ ਰਾਹ ਨੂੰ ਅਪਣਾਉਣ ਵਿਚ ਅਵਿਸ਼ਵਾਸ ਅਤੇ ਇਸ ਨੂੰ ਕ੍ਰਾਂਦੀ ਦੇ ਸਾਧਨ ਸਮਝਣ ਤੋਂ ਇਨਕਾਰ ਕਰਨ ਉਨ੍ਹਾਂ ਦੇ ਰਾਜਨੀਤਿਕ ਜੀਵਨ ਦੇ ਆਰੰਭਕ ਸਾਲਾਂ ਤੋਂ ਹੀ ਉਹਨਾਂ ਦਾ ਨਜ਼ਰੀਆ ਰਿਹਾ ਹੈ । ਗਾਂਧੀ ਜੀ ਦੇ ਰਾਜਨੀਤਿਕ ਕ੍ਰਿਆਵਾਦ ਤੇ ਅਹਿੰਸਾ ਤੋਂ ਬਿਨ੍ਹਾਂ ਝਾਤ ਨਹੀਂ ਮਾਰੀ ਜਾ ਸਕਦੀ । ਉਹਨਾਂ ਦਾ ਸਚਾਈ ਵਿਚ ਡੂੰਘਾ ਵਿਸ਼ਵਾਸ ਸੀ , ਇਸ ਕਰਕੇ ਗਾਂਧੀ ਜੀ ਦੇ ਰਾਜਨੀਤਿਕ ਟੀਚੇ ਮਾਨਵਤਾ ਅਤੇ ਵਿਸ਼ਵਸ਼ਾਂਤੀ ਦੇ ਉੱਚ ਆਦਰਸ਼ਾਂ ਨਾਲ ਸਹਿ-ਸਬੰਧਤ ਸਨ । ਅਹਿੰਸਾ ਵਿਸ਼ਵ-ਸ਼ਾਂਤੀ ਅਤੇ ਭਾਈਚਾਰੇ ਦੀ ਪ੍ਰਤੀਕ ਹੈ । ਜਦੋਂ ਕਿ ਰਾਜਨੀਤਿਕ ਅੰਦੋਲਨ ਸਦਾ ਹੀ ਮੱਤਭੇਦਾਂ ਅਤੇ ਵਿਰੋਧਤਾਵਾਂ ਦਾ ਸੰਗਮ ਹੁੰਦੇ ਹਨ । ਗਾਂਧੀ ਜੀ ਦੀ ਮਹਾਨਤਾ ਪ੍ਰਤੱਖ ਰੂਪ ਵਿਚ ਇਨ੍ਹਾਂ ਦੋਵੇਂ ਪਰਸਪਰ ਵਿਰੋਧੀ ਵਿਚਾਰਾਂ ਨੂੰ ਇਕੱਠਾ ਕਰਕੇ ਇਕ ਸਾਂਝੇ ਮੰਚ ਤੇ ਲਿਆਉਣ ਵਿਚ ਸੀ ਜਿੱਥੇ ਉਹ ਇਕ ਦੂਜੇ ਨੂੰ ਕੱਟਦੇ ਨਹੀਂ ਸਗੋਂ ਇਕ ਦੂਜੇ ਦਾ ਸਮਰੱਥਨ ਕਰਦੇ ਹਨ । ਵਿਸ਼ਵ ਰਾਜਨੀਤਿਕ ਦ੍ਰਿਸ਼ ਵਿਚ ਗਾਂਧੀ ਜੀ ਦੀ ਮਹੱਤਤਾ ਦੂਹਰੀ ਹੈ । ਪਹਿਲਾਂ ਤਾਂ ਉਨ੍ਹਾਂ ਨੇ ਅਹਿੰਸਾ ਨੂੰ ਇਕ ਸ਼ਕਤੀਸ਼ਾਲੀ ਰਾਜਨੀਤਿਕ ਸ਼ਾਸਨ ਵਜੋਂ ਸਥਾਪਤ ਕੀਤਾ ਅਤੇ ਦੂਜਾ ਉਹ ਇਸ ਸਿਧਾਂਤ ਦੇ ਮੁੱਖ ਪ੍ਰਚਾਰਕ ਸਨ ਕਿ ਰਾਜਨੀਤਿਕ ਟੀਚਾ ਅੰਤ ਨੂੰ ਇਕ ਅਜਿਹੇ ਉੱਚ ਅਧਿਆਤਮਕ ਅਤੇ ਮਾਨਵੀ ਟੀਚੇ ਦਾ ਪ੍ਰਗਟਾਵਾ ਸੀ , ਜੋ ਵਿਸ਼ਵ ਸ਼ਾਂਤੀ ਦਾ ਪ੍ਰਤੀਕ ਸੀ । ਗਾਂਧੀ ਜੀ ਲਈ ਸਾਧਨ ਵੀ ਉਦੇਸ਼ ਵਾਂਗ ਮਹੱਤਵਪੂਰਣ ਸਨ ਅਤੇ ਸਾਧਨ ਕੇਵਲ ਇਕੋ ਇਕ ਅਹਿੰਸਾ ਹੀ ਹੋ ਸਕਦਾ ਸੀ ।

          ਗਾਂਧੀ ਜੀ ਹਰ ਪ੍ਰਕਾਰ ਅਧਿਆਤਮਕ ਅਤੇ ਦਾਰਸ਼ਨਿਕ ਵਿਚਾਰਾਂ ਦੀ ਧਰਮ-ਨਿਰਪੇਖਤਾ ਅਤੇ ਖੁਲ੍ਹੇਪਣ ਤੋਂ ਸਭ ਜਾਣੂ ਹਨ । ਉਹਨਾਂ ਨੇ ਵੱਖ ਵੱਖ ਧਾਰਨਾਵਾਂ ਅਤੇ ਦਾਰਸ਼ਨਿਕ ਸਿਧਾਂਤਾਂ ਦੇ ਸੁਮੇਲ ਨਾਲ ਅਹਿੰਸਾ ਨੂੰ ਆਪਣੀ ਸੋਚ ਦਿੱਤੀ । ਗਾਂਧੀ ਜੀ ਕਦੇ ਅਹਿੰਸਾ ਦੇ ਸਿਧਾਂਤ ਦੀ ਨੀਂਹ ਰੱਖਣ ਵਿਚ ਜੈਨ ਧਰਮ ਅਤੇ ਬੁੱਧ ਧਰਮ ਦਾ ਭਾਰੀ ਪ੍ਰਭਾਵ ਕੰਮ ਕਰਨਾ ਸੀ । ਇਹ ਦੋਵੇਂ ਧਰਮ ਹੋਂਦ ਦੇ ਮੂਲ ਸਿਧਾਂਤਾਂ ਵਜੋਂ ਅਹਿੰਸਾ ਦੇ ਹਾਸੀ ਸਨ । ਇਨ੍ਹਾਂ ਦੋ ਧਾਰਮਿਕ ਵਿਚਾਰਧਾਰਾ ਦੁਆਰਾ ਪ੍ਰਚਾਰਿਤ ਬਾਕੀ ਸਾਰੇ ਵਿਚਾਰ ਅਤੇ ਕ੍ਰਿਆਵਾਂ ਅਹਿੰਸਾ ਦੇ ਆਧਾਰ ਤੇ ਆਧਾਰਿਤ ਸਨ । ਗਾਂਧੀ ਜੀ ਇਹਨਾਂ ਦੇ ਧਰਮ ਗ੍ਰੰਥਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸਨ । ਜੈਨੀਆਂ ਦੇ ਅਕਾਰੰਗਾ ਸੂਤਰ ਵਿਚ ਦੱਸਿਆ ਗਿਆ ਹੈ ਕਿ ਸਾਰੇ ਜੀਵ ਪਿਆਰੇ ਅਤੇ ਅਮੁੱਲ ਹਨ ਅਤੇ ਗਾਂਧੀ ਜੀ ਇਸ ਗੱਲ ਵਿਚ ਈਮਾਨਦਾਰੀ ਨਾਲ ਵਿਸ਼ਵਾਸ ਰੱਖਦੇ ਸਨ । ਭਗਵਤ ਗੀਤਾ ਨੇ ਉਨ੍ਹਾਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ । ਈਸਾਈ ਧਰਮ ਦੇ ਦੁਸ਼ਮਣਾਂ ਤੱਕ ਨਾਲ ਪਿਆਰ ਅਤੇ ਹਮਦਰਦੀ ਰੱਖਣ ਦੀ ਭਾਵਨਾ ਦੇ ਸਿਧਾਂਤ ਦਾ ਗਾਂਧੀ ਜੀ ਦੇ ਜੀਵਨ ਤੇ ਕਾਫ਼ੀ ਪ੍ਰਭਾਵ ਪਿਆ । ਇਨ੍ਹਾਂ ਸਾਰੇ ਧਾਰਮਿਕ ਵਿਚਾਰਾਂ ਨੂੰ ਜੋੜਦੇ ਹੋਏ ਗਾਂਧੀ ਜੀ ਇਕ ਅਰਥਪੂਰਣ ਜੀਵਨ ਦੀ ਭਾਲ ਵਿਚ ਸਨ । ਇਹ ਅਜਿਹੇ ਜੀਵਨ ਦੀ ਭਾਲ ਵਿਚ ਜੋ ਸਚਾਈ ਅਤੇ ਈਮਾਨਦਾਰੀ ਤੇ ਆਧਾਰਿਤ ਹੋਵੇ । ਇਕ ਅਜਿਹੇ ਜੀਵਨ ਦੀ ਭਾਲ ਵਿਚ ਜੋ ਆਪਣੀ ਜ਼ਿੰਦਗੀ ਦੀ ਕੀਮਤ ਤੇ ਵੀ ਸਚਾਈ ਅਤੇ ਨਿਆਂ ਲਈ ਡੱਟੇ ਰਹਿਣ ਦਾ ਹੌਸਲਾ ਰੱਖਦਾ ਹੋਵੇ । ਇਸੇ ਦ੍ਰਿਸ਼ਟੀਕੋਣ ਤੋਂ ਗਾਂਧੀ ਜੀ ਨੇ ਅਹਿੰਸਾ ਨੂੰ ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਸਾਧਨ ਦੇ ਰੂਪ ਵਿਚ ਸਵੀਕਾਰਿਆ ਗਿਆ ।

          ਗਾਂਧੀ ਜੀ ਦੇ ਅਹਿੰਸਾ ਦੇ ਸਿਧਾਂਤ ਦੀ ਭਾਰੀ ਆਲੋਚਨਾ ਵੀ ਹੋਈ ਕਿਉਂਕਿ ਉਸੇ ਸਮੇਂ ਹੀ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿਚ ਅਤਿਵਾਦੀ ਵੀ ਪ੍ਰਵੇਸ਼ ਕਰ ਚੁੱਕੇ ਸਨ ਜੋ ਦਮਨਕਾਰੀ ਸਾਧਨ ਤੋਂ ਰਾਜਨੀਤਿਕ ਸ਼ਕਤੀ ਖੋਹਣ ਲਈ ਕੇਵਲ ਹਥਿਆਰਬੰਦ ਇਨਕਲਾਬ ਵਿਚ ਹੀ ਵਿਸ਼ਵਾਸ ਰੱਖਦੇ ਸਨ । ਗਾਂਧੀ ਜੀ ਦਾ ਅਹਿੰਸਾ ਅਤੇ ਨਾ-ਮਿਲਵਰਤਣ ਦੇ ਆਧਾਰ ਤੇ ਸਤਿਅਗ੍ਰਹਿ ਦੀ ਪ੍ਰਣਾਲੀ ਤੇ ਆਮ ਕਰਕੇ ਅਵਿਸ਼ਵਾਸ ਪ੍ਰਗਟਾਇਆ ਜਾਂਦਾ ਸੀ । ਪਰੰਤੂ ਗਾਂਧੀ ਜੀ ਦਾ ਵਿਸ਼ਵਾਸ ਪੱਕਾ ਸੀ । ਇਹ ਵਿਸ਼ਵਾਸ ਹਥਿਆਰਾਂ ਅਤੇ ਵੈਰ-ਵਿਰੋਧ ਤੇ ਆਧਾਰਿਤ ਨਹੀਂ ਸੀ ਸਗੋਂ ਇਹ ਅੰਦਰੂਨੀ ਮਾਨਵੀ ਸਚਾਈ ਅਤੇ ਈਮਾਨਦਾਰੀ ਦੇ ਆਧਾਰ ਤੇ ਸੀ । ਉਸ ਨੇ ਦੱਖਣੀ ਅਫ਼ਰੀਕਾ ਵਿਚ ਆਪਣੇ ਸਿਧਾਂਤਾਂ ਨੂੰ ਸਫ਼ਲਤਾ ਨਾਲ ਲਾਗੂ ਕੀਤਾ ਅਤੇ ਉੁ ਨੂੰ ਇਸ ਦੀ ਸ਼ਕਤੀ ਦਾ ਅਹਿਸਾਸ ਹੋ ਗਿਆ । ਪਰੰਤੂ ਆਪਣੇ ਦੇਸ਼-ਵਾਸੀਆਂ ਨੂੰ ਅਹਿੰਸਾ ਅਪਣਾਉਣ ਲਈ ਤਿਆਰ ਕਰਨਾ ਬਹੁਤ ਮੁਸ਼ਕਿਲ ਕੰਮ ਸੀ । ਗਾਂਧੀ ਜੀ ਨੇ ਆਪਣੇ ਰਾਜਨੀਤਿਕ ਗੁਰੂ ਗੋਪਾਲ ਕ੍ਰਿਸ਼ਨ ਗੋਖਲੇ ਦੀ ਅਗਵਾਈ ਅਨੁਸਾਰ ਇਸ ਦਾ ਭਾਰਤੀ ਰਾਸ਼ਟਰੀ ਕਾਂਗਰਸ ਵਿਚ ਪ੍ਰਚਾਰ ਕਰਨਾ ਸ਼ੁਰੂ ਕੀਤਾ । ਕਾਂਗਰਤ ਤਿਲਕ ਅਤੇ ਲਾਲਾ ਲਾਜਪਤ ਰਾਏ ਜਿਹੇ ਅਤਿਵਾਦੀ ਲੀਡਰਾਂ ਦੀ ਗ੍ਰਿਫ਼ਤਾਰੀ ਆਦਿ ਕਾਰਨ ਰਾਸ਼ਟਰੀ ਲੀਡਰਸ਼ਿਪ ਦੀ ਘਾਟ ਮਹਿਸੂਸ ਕਰ ਰਹੀ ਸੀ ਅਤੇ ਉਸਨੂੰ ਰੋਅਲਟ ਐਕਟ ਤੇ ਰੋਸ ਪ੍ਰਗਟ ਕਰਨ ਲਈ ਫ਼ੌਰੀ ਜ਼ਰੂਰਤ ਸੀ । ਗਾਂਧੀ ਜੀ ਨੇ ਇਸ ਦੀ ਕਮਾਨ ਸੰਭਾਲ ਲਈ ਅਤੇ ਨਾ-ਮਿਲਵਰਤਣ ਦੀ ਲਹਿਰ ਚਲਾ ਕੇ ਆਪਣੇ ਅਹਿੰਸਾ ਦੇ ਢੰਗ ਦਾ ਸਫ਼ਲਤਾਪੂਰਨ ਪ੍ਰਯੋਗ ਕੀਤਾ । ਇਹ ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਇਤਿਹਾਸ ਵਿਚ ਇਕ ਨਵੇਂ ਯੁੱਗ ਦੀ ਆਮਦ ਸੀ । ਭਾਵੇਂ ਅੰਦੋਲਨ ਅਚੇਤ ਰੂਪ ਵਿਚ ਖ਼ਤਮ ਹੋ ਗਿਆ ਪਰੰਤੂ ਇਸ ਦੀ ਮਹੱਤਤਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ।

          ਬਹੁਤੇ ਧਰਮ ਜੀਵਨ ਦਾ ਆਨੰਦ ਮਾਣਨ ਲਈ ਅਹਿੰਸਾ ਦੇ ਹਾਮੀ ਹਨ । ਗਾਂਧੀ ਜੀ ਦੇ ਵਿਚਾਰ ਧਾਰਮਿਕ ਅਤੇ ਪ੍ਰਯੋਗਾਤਮਕ ਸਨ , ਬਤਾਵਨੀ ਸ਼ਾਸਨ ਅਧੀਨ ਦਬੀ ਕੁਚਲੀ ਭਾਰਤੀ ਪਰਜਾ ਵਿਚ ਮੁੜ ਜੀਵਨ ਸੰਚਾਰ ਲਈ ਗਾਂਧੀ ਜੀ ਨੇ ਆਪਣੀ ਅੰਦਰੂਨੀ ਸ਼ਕਤੀ ਰਾਹੀਂ ਰੂਹ ਫ਼ੂਕੀ ਅਤੇ ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾ ਲਿਆ ਕਿ ਅਹਿੰਸਾ ਦੇ ਸਿਧਾਂਤ ਨੂੰ ਅਪਣਾ ਕੇ ਹੀ ਭਾਰਤ ਨੂੰ ਅੰਗਰ੍ਰੇਜ਼ਾਂ ਦੇ ਸ਼ਿਕੰਜੇ ਤੋਂ ਆਜ਼ਾਦ ਕਰਾਇਆ ਜਾ ਸਕਦਾ ਹੈ । ਉਨ੍ਹਾਂ ਦਾ ਕਹਿਣਾ ਸੀ ਕਿ ਹਿੰਸਾ ਨਾਲ ਹਿੰਸਾ ਪੈਦਾ ਹੁੰਦੀ ਹੈ ਅਤੇ ਇਸ ਨਾਲ ਭਾਰਤ ਦੀ ਸਮੱਸਿਆ ਦਾ ਸਮਾਧਾਨ ਨਹੀਂ ਹੋ ਸਕਦਾ । ਅਹਿੰਸਾ ਦੀ ਵੱਡੀ ਆਲੋਚਨਾ ਇਹ ਸੀ ਕਿ ਇਹ ਨੀਚਾ ਦਿਖਾਉਣ ਵਾਲਾ ਅਤੇ ਬੁਜਦਿਲੀ ਵਾਲਾ ਢੰਗ ਸੀ । ਪਰੰਤੂ ਗਾਂਧੀ ਜੀ ਦਾ ਵਿਸ਼ਵਾਸ ਬਿਲਕੁਲ ਇਸ ਦੇ ਉਲਟ ਸੀ । ਉਨ੍ਹਾਂ ਦਾ ਕਹਿਣਾ ਸੀ ਕਿ ਰੋਸ ਪ੍ਰਗਟ ਕਰਨ ਲਈ ਅਹਿੰਸਾ ਦੇ ਸਿਧਾਂਤ ਨੂੰ ਅਪਣਾਉਣ ਵਾਸਤੇ ਨੈਤਿਕ ਮਨੋਬਲ ਦੀ ਲੋੜ ਸੀ । ਉਹ ਸਾਰੀ ਉਮਰ ਹਿੰਸਾ ਦੇ ਵਿਰੁੱਧ ਪ੍ਰਚਾਰ ਕਰਦੇ ਰਹੇ ।

          ਅਹਿੰਸਾ ਨੇ ਭਾਰਤ ਦੀ ਆਜ਼ਾਦੀ ਦੀ ਲਹਿਰ ਵਿਚ ਇਕ ਅਹਿਮ ਭੂਮਿਕਾ ਨਿਭਾਈ ਹੈ । ਇਸ ਨੇ ਸਤਿਆਗ੍ਰਹਿ ਦੇ ਢੰਗ ਨੂੰ ਅਪਣਾਇਆ । ਗਾਂਧੀ ਜੀ ਨੇ ਸਿਵਲ ਨਾਫ਼ਰਮਾਨੀ ਦੀ ਤਕਨੀਕ ਨੂੰ ਆਜ਼ਾਦੀ ਦੇ ਇਕ ਸਾਧਨ ਵਜੋਂ ਪ੍ਰਯੋਗ ਕੀਤਾ । ਸਾਮਨਾਟ ਅਤੇ ਹਥਿਆਰਬੰਦ ਇਨਕਲਾਬ ਜਿਹੀਆਂ ਲਹਿਰਾਂ ਦੇ ਹੁੰਦੇ ਹੋਏ ਵੀ ਗਾਂਧੀ ਜੀ ਦੇ ਅਹਿੰਸਾ ਦੇ ਸਿਧਾਂਤ ਨੇ ਭਾਰਤੀ ਰਾਜਨੀਤੀ ਵਿਚ ਨਵੀਂ ਜਾਨ ਪਾਈ । ਆਜ਼ਾਦੀ ਮਿਲਣ ਤੋਂ ਬਾਅਦ ਵੀ ਗਾਂਧੀ ਜੀ ਬੰਗਾਲ ਵਿਚ ਪਾਗਲ ਹੋਏ ਫ਼ਸਾਦੀਆਂ ਨੂੰ ਅਹਿੰਸਾ ਦਾ ਪੈਗ਼ਾਮ ਦੇਣ ਲਈ ਨੰਗੇ ਪੈਰੀਂ ਘੁੰਮ ਰਹੇ ਸਨ । ਅੰਤ ਨੂੰ ਆਪਣੇ ਆਦਰਸ਼ਾਂ ਦੀ ਖ਼ਾਤਰ ਗਾਂਧੀ ਜੀ ਨੇ ਆਪਣੀ ਬਲੀ ਦੇ ਦਿੱਤੀ ।

          ਗਾਂਧੀ ਜੀ ਅਹਿੰਸਾ ਦੇ ਉਦੇਸ਼ ਕਾਰਨ ਸ਼ਹੀਦ ਹੋਏ । ਉਨ੍ਹਾਂ ਨੇ ਨਾ ਕੇਵਲ ਅਹਿੰਸਾ ਦਾ ਪ੍ਰਚਾਰ ਕੀਤਾ ਸਗੋਂ ਇਸ ਨੂੰ ਅਮਲੀ ਰੂਪ ਵਿਚ ਅਪਣਾਇਆ ਵੀ , ਉਨ੍ਹਾਂ ਦਾ ਜੀਵਨ ਉਨ੍ਹਾਂ ਦੇ ਵਿਚਾਰਾਂ ਦੀ ਉੱਧੀ ਉਦਾਹਰਣ ਸੀ ਅਤੇ ਲੱਖਾਂ ਭਾਰਤੀਆਂ ਨੇ ਉਨ੍ਹਾਂ ਦੇ ਸਾਦਾ ਜੀਵਨ ਅਤੇ ਉਨ੍ਹਾਂ ਦੇ ਮਾਨਵੀ ਆਤਮਾ ਦੀ ਚੰਗਿਆਈ ਵਿਚ ਅਟੁੱਟ ਵਿਸ਼ਵਾਸ ਤੋਂ ਲੱਖਾਂ ਭਾਰਤੀ ਪ੍ਰਭਾਵਿਤ ਹੋਏ । ਉਨ੍ਹਾਂ ਨੇ ਪਿਆਰ ਦੇ ਸ਼ਸਤਰ ਦੀ ਸਹਾਇਤਾ ਨਾਲ ਲੋਕਾਂ ਦੇ ਦਿਲ ਜਿੱਤੇ ਅਤੇ ਭਾਰਤ ਨੂੰ ਆਜ਼ਾਦ ਕਰਵਾਇਆ ।

ਅਮਰੀਕੀ ਪ੍ਰੈਜੀਡੈਂਟ ਬਾਰਕ ਓਬਾਮਾ ਗਾਂਧੀ ਜੀ ਦੀ ਅਹਿੰਸਾ ਦੀ ਫ਼ਿਲਾਸਫ਼ੀ ਦਾ ਭਾਰੀ ਪ੍ਰਸ਼ੰਸ਼ਕ ਹੈ । ਸੰਯੁਕਤ ਰਾਸ਼ਟਰ ਨੇ ਸਾਲ 2010 ਨੂੰ ਅਹਿੰਸਾ ਦਾ ਸਾਲ ਘੋਸ਼ਿਤ ਕੀਤਾ ਹੈ । ਗਾਂਧੀ ਜੀ ਦਾ ਜਨਮ ਦਿਵਸ 2 ਅਕਤੂਬਰ ਹਰ ਸਾਲ ਅਹਿੰਸਾ ਦਿਵਸ ਵਜੋਂ ਮਨਾਇਆ ਜਾਂਦਾ ਹੈ ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3786, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਅਹਿੰਸਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਹਿੰਸਾ : ‘ ਹਿੰਸਾ ’ ਦੇ ਵਿਪਰੀਤ ਬਿਰਤੀ ‘ ਅਹਿੰਸਾ’ ਅਖਵਾਉਂਦੀ ਹੈ । ਹਿੰਦੂ ਧਰਮ-ਸ਼ਾਸਤ੍ਰਾਂ ਅਨੁਸਾਰ ਹਰ ਵੇਲੇ ਅਤੇ ਹਰ ਤਰ੍ਹਾਂ ਨਾਲ ਭਾਵ ਮਨ , ਬਚਨ ਅਤੇ ਕਰਮ ਨਾਲ , ਕਿਸੇ ਵੀ ਜੀਵ ਨਾਲ ਦੁਸ਼ਮਣੀ ਨ ਕਰਨਾ ‘ ਅਹਿੰਸਾ’ ਹੈ । ਯੋਗ ਦਰਸ਼ਨ ਦੇ ਯਮ ਅਤੇ ਨਿਯਮ ਅਹਿੰਸਾ ਦੇ ਸਿੱਧਾਂਤ ਦੀ ਹੀ ਸਥਾਪਨਾ ਕਰਦੇ ਹਨ । ਮਨ , ਬਾਣੀ ਅਤੇ ਕਰਮ ਤੋਂ ਕਿਸੇ ਨੂੰ ਦੁਖ ਦੇਣ ਦਾ ਸੰਕਲਪ ਜਾਂ ਕਰਮਾਚਾਰ ‘ ਹਿੰਸਾ’ ( ਵੇਖੋ ) ਦੇ ਅੰਤਰਗਤ ਸਮਝਿਆ ਜਾਂਦਾ ਹੈ ।

                      ਜੈਨ-ਧਰਮ ਅਨੁਸਾਰ ਸਭ ਜੀਵਾਂ ਨਾਲ ਸੰਜਮ ਭਰਿਆ ਵਿਵਹਾਰ ਹੀ ‘ ਅਹਿੰਸਾ’ ਹੈ । ‘ ਅਹਿੰਸਾ’ ਦੇ ਅਗੋਂ ਦੋ ਭੇਦ ਕੀਤੇ ਗਏ ਹਨ — ਕਰਨ-ਯੋਗ ਅਹਿੰਸਾ ਅਤੇ ਨ ਕਰਨ-ਯੋਗ ਅਹਿੰਸਾ । ਇਨ੍ਹਾਂ ਨੂੰ ਕ੍ਰਮਵਾਰ ਸਕ੍ਰਿਯ ਅਹਿੰਸਾ ਅਤੇ ਨਿਸ਼ਕ੍ਰਿਯ ਅਹਿੰਸਾ ਕਿਹਾ ਜਾਂਦਾ ਹੈ । ਬੌਧ-ਧਰਮ ਵਿਚ ਵੀ ਅਹਿੰਸਾ ਪਾਲਨ ਉਤੇ ਬਲ ਦਿੱਤਾ ਗਿਆ ਹੈ , ਪਰ ਜੈਨ-ਮਤ ਤੋਂ ਘਟ । ਇਨ੍ਹਾਂ ਧਰਮਾਂ ਦੁਆਰਾ ਅਹਿੰਸਾ ਨੂੰ ਪ੍ਰਚਾਰਨ ਪਿਛੇ ਉਪਨਿਸ਼ਦਾਂ ਦੇ ਉਨ੍ਹਾਂ ਰਿਸ਼ੀਆਂ-ਮੁਨੀਆਂ ਦੀ ਪ੍ਰੇਰਣਾ ਜ਼ਰੂਰ ਰਹੀ ਹੈ ਜਿਨ੍ਹਾਂ ਨੇ ਵੈਦਿਕ ਯੁਗ ਦੇ ਹਿੰਸਾਤਮਕ ਯੱਗਾਂ ਦੀ ਨਿਖੇਧੀ ਕੀਤੀ ਸੀ ਅਤੇ ਜੀਵ ਹਤਿਆ ਬੰਦ ਕਰਨ ਲਈ ਜ਼ੋਰ ਦਿੱਤਾ ਸੀ । ਈਸਾਈ-ਮਤ ਵਿਚ ਵੀ ਅਹਿੰਸਾ ਦੇ ਸਿੱਧਾਂਤ ਨੂੰ ਸਤਕਾਰਿਆ ਗਿਆ ਹੈ । ਹਜ਼ਰਤ ਈਸਾ ਨੇ ਪ੍ਰੇਮ ਅਤੇ ਅਹਿੰਸਾ ਰਾਹੀਂ ਵੈਰੀਆਂ ਦੇ ਦਿਲ ਵੀ ਜਿਤ ਲਏ ਸਨ । ਉਨ੍ਹਾਂ ਨੇ ਤਾਂ ਆਪਣੇ ਕਾਤਲਾਂ ਨੂੰ ਵੀ ਮਾਫ਼ ਕਰਨ ਲਈ ਆਪਣੇ ਸੇਵਕਾਂ ਨੂੰ ਤਾਕੀਦ ਕੀਤੀ ਸੀ । ਟਾਲਸਟਾਇ , ਮਹਾਤਮਾ ਗਾਂਧੀ ਆਦਿ ਯੁਗ-ਪੁਰਸ਼ਾਂ ਉਤੇ ਈਸਾ ਦੀ ਵਿਚਾਰਧਾਰਾ ਦਾ ਕਾਫ਼ੀ ਪ੍ਰਭਾਵ ਦ੍ਰਿਸ਼ਟੀਗੋਚਰ ਹੁੰਦਾ ਹੈ ।

                      ਗੁਰਬਾਣੀ ਵਿਚ ਹਿੰਸਾ ਦੀ ਬਿਰਤੀ ਦਾ ਕੋਈ ਸਥਾਨ ਨਹੀਂ । ਹਰਿ ਭਗਤੀ ਵਿਚ ਇਹ ਸਭ ਤੋਂ ਵੱਡੀ ਰੁਕਾਵਟ ਹੈ — ਹਿੰਸਾ ਤਉ ਮਨ ਤੇ ਨਹੀ ਛੂਟੀ ਜੀਅ ਦਇਆ ਨਹੀ ਪਾਲੀ ਪਰਮਾਨੰਦ ਸਾਧ ਸੰਗਤਿ ਮਿਲਿ ਕਥਾ ਪੁਨੀਤ ਚਾਲੀ ( ਗੁ.ਗ੍ਰੰ.1253 ) ਸਪੱਸ਼ਟ ਹੈ ਕਿ ਸਿੱਖ ਧਰਮ ਵਿਚ ਅਕਾਰਣ ਹਿੰਸਾ ਵਰਜਿਤ ਹੈ । ਪਰ ਜਦੋਂ ਜੀਵਾਂ/ ਮਨੁੱਖਾਂ ਉਤੇ ਜ਼ੁਲਮ ਹੋ ਰਿਹਾ ਹੋਵੇ , ਉਨ੍ਹਾਂ ਨੂੰ ਕਤਲ ਕੀਤਾ ਜਾ ਰਿਹਾ ਹੋਵੇ ਅਤੇ ਕਿਸੇ ਸਾਧਨ ਰਾਹੀਂ ਵੀ ਜ਼ਾਲਮਾਂ ਦੀ ਕਾਰਵਾਈ ਨੂੰ ਠਲ੍ਹ ਨ ਪਾਈ ਜਾ ਸਕਦੀ ਹੋਵੇ ਤਾਂ ਸ਼ਸਤ੍ਰ ਦੀ ਵਰਤੋਂ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ — ਚੁ ਕਾਰ ਅਜ਼ ਹਮਾ ਹੀਲਤੇ ਦਰਗੁਜ਼ਸ਼ੑਤ ਹਲਾਲ ਅਸਤ ਬੁਰਦਨ ਬਸ਼ਮਸ਼ੀ ਦਸੑਤ ( ਜ਼ਫ਼ਰਨਾਮਾ ) । ਇਹ ਅਹਿੰਸਾ ਦੇ ਸਿੱਧਾਂਤ ਉਤੇ ਪਹਿਰਾ ਦੇਣ ਲਈ ਕੀਤੀ ਗਈ ‘ ਹਿੰਸਾ’ ਹੈ । ਇਸ ਨੂੰ ‘ ਸਕ੍ਰਿਯ ਹਿੰਸਾ’ ਦਾ ਨਾਂ ਦਿੱਤਾ ਜਾ ਸਕਦਾ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3782, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਅਹਿੰਸਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਹਿੰਸਾ : ਸ਼ਬਦ , ਸ਼ਬਦ ਹਿੰਸਾ ਦੇ ਅਗੇ ਨਾਂਹਵਾਚਕ ਅਗੇਤਰ , ਅ. ਲਗਾ ਕੇ ਬਣਾਇਆ ਜਾਂਦਾ ਹੈ ਜੋ ਸੰਸਕ੍ਰਿਤ ਧਾਤੂ ‘ ਹੰ` ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ‘ ਮਾਰਨਾ` , ‘ ਨੁਕਸਾਨ ਕਰਨਾ` ਜਾਂ ‘ ਜਖ਼ਮੀ ਕਰਨਾ` ਅਤੇ ਇਸ ਤਰ੍ਹਾਂ ਇਸ ਸ਼ਬਦ ਦਾ ਅਰਥ ਹੈ ਨਾ ਮਾਰਨਾ , ਨੁਕਸਾਨ ਨਾ ਕਰਨਾ , ਜਖ਼ਮੀ ਨਾ ਕਰਨਾ । ਇਸ ਦਾ ਆਮ ਅੰਗਰੇਜ਼ੀ ਬਦਲ ਜੋ ‘ ਨਾਨ-ਵਾਇਲੈਂਸ` ਵਰਤਿਆ ਜਾਂਦਾ ਹੈ ਠੀਕ ਨਹੀਂ ਹੈ ਕਿਉਂਕਿ ਇਸ ਤੋਂ ਇਹ ਗਲਤ ਪ੍ਰਭਾਵ ਪੈਂਦਾ ਹੈ ਕਿ ਅਹਿੰਸਾ ਇਕ ਨਾਂਹਵਾਚਕ ਗੁਣ ਹੈ । ਅਹਿੰਸਾ ਦਾ ਭਾਵ ਕੇਵਲ ਸ਼ਕਤੀ ਦੀ ਵਰਤੋਂ ਨਾ ਕਰਨਾ ਹੀ ਨਹੀਂ ਹੈ , ਸ਼ਕਤੀ ਦੀ ਵਰਤੋਂ ਨਾਲ ਨਾ ਮਾਰਨਾ ਅਤੇ ਜ਼ਖਮੀ ਕਰਨਾ ਹੀ ਨਹੀਂ ਹੈ; ਇਸ ਦਾ ਸਕਾਰਾਤਮਿਕ ਭਾਵ ਹਮਦਰਦੀ ਅਤੇ ਉਦਾਰਤਾ ਦੇ ਗੁਣਾਂ ਤੋਂ ਵੀ ਹੈ ਕਿਉਂਕਿ ਜੀਵ ਨੂੰ ਨਾ ਮਾਰਨਾ ਅਤੇ ਜ਼ਖਮੀ ਨਾ ਕਰਨ ਦਾ ਭਾਵ ਇਸ ਦੀ ਰੱਖਿਆ ਅਤੇ ਸੰਭਾਲ ਕਰਨਾ ਹੈ ਅਤੇ ਇਸ ਨਾਲ ਰਹਿਮ ਦਾ ਵਰਤਾਉ ਕਰਨਾ ਹੈ । ਕਿਸੇ ਨੂੰ ਨਾ ਮਾਰਨ ਅਤੇ ਦੁਖੀ ਨਾ ਕਰਨ ਦਾ ਆਦੇਸ਼ ਜੀਵਾਂ ਪ੍ਰਤੀ ਦਇਆ ਦੀ ਅਤੇ ਹਰ ਜੀਵ ਪ੍ਰਤੀ ਸਨਮਾਨ ਦੀ ਭਾਵਨਾ ਤੋਂ ਪੈਦਾ ਹੁੰਦਾ ਹੈ । ਇਹ ਹਿਦਾਇਤ ਕਿ ਜੀਵਾਂ ਨੂੰ ਮਾਰਨ ਅਤੇ ਨੁਕਸਾਨ ਪਹੁੰਚਾਉਣ ਨਾਲ ਮਨੁੱਖ ਅਪਵਿੱਤਰ ਅਤੇ ਪਾਪੀ ਬਣ ਜਾਂਦਾ ਹੈ , ਇਕ ਕਿਸਮ ਦੀ ਉਹਨਾਂ ਨੂੰ ਚੇਤਾਵਨੀ ਹੈ ਜੋ ਦਇਆ ਦੇ ਸਿਧਾਂਤ ਵਲ ਧਿਆਨ ਨਹੀਂ ਦਿੰਦੇ । ਇਸ ਤਰ੍ਹਾਂ ਇਹ ਦਇਆ ਦੇ ਸਿਧਾਂਤ ਨੂੰ ਤਕੜਾ ਕਰਦੀ ਹੈ ਅਤੇ ਜੀਵਨ ਪ੍ਰਤੀ ਸਨਮਾਨ ਦੀ ਭਾਵਨਾ ਨੂੰ ਮੁੜ ਸਥਾਪਿਤ ਕਰਦੀ ਹੈ । ਜਿਵੇਂ ਕਿ ਇਹ ਆਦੇਸ਼ , ਕਿ ਅਹਿੰਸਾ ਦਾ ਪਾਲਣ ਕਰਨਾ ਇਕ ਸਲਾਹੁਣ ਯੋਗ ਗੁਣ ਹੈ ਉਸੇ ਤਰ੍ਹਾਂ ਹੀ ਦਇਆਵਾਨ ਅਤੇ ਸਭ ਜੀਵਾਂ ਪ੍ਰਤੀ ਸੰਵੇਦਨਾਸ਼ੀਲ ਵਿਅਕਤੀਆਂ ਲਈ ਇਹ ਇਕ ਕਿਸਮ ਦੇ ਇਨਾਮ ਦਾ ਵਾਅਦਾ ਹੈ । ਅਹਿੰਸਾ ਵਿਚ ਕਈ ਗੁਣ ਆ ਜਾਂਦੇ ਹਨ ਜਿਵੇਂ ਜੀਵਾਂ ਲਈ ਦਇਆ , ਧਾਰਮਿਕ ਗੁਣ ਪੈਦਾ ਕਰਨਾ , ਸਵੈ ਪਵਿੱਤਰਤਾ ਪ੍ਰਾਪਤ ਕਰਨਾ ਅਤੇ ਹਿੰਸਾ ਅਤੇ ਜ਼ੁਲਮ ਤੋਂ ਪਾਪ ਪੂਰਨ ਨਤੀਜਿਆਂ ਦੇ ਪੈਦਾ ਹੋਣ ਪ੍ਰਤੀ ਭੈ ਪੈਦਾ ਹੋਣਾ । ਇਹਨਾਂ ਸਾਰੇ ਮਨੋਰਥਾਂ ਲਈ ਭਾਰਤ ਵਿਚ ਧਾਰਮਿਕ ਗ੍ਰੰਥਾਂ ਵੱਲੋਂ ਪ੍ਰਮਾਣਿਤ ਅਧਿਕਾਰ ਮਿਲਦੇ ਹਨ ।

      ਸ਼ਬਦ ਅਹਿੰਸਾ ਤੋਂ ਬਿਨਾਂ ਸਾਡੇ ਕੋਲ ਘਟੋ ਘਟ ਤਿੰਨ ਹੋਰ ਸ਼ਬਦ ਹਨ ਜਿਨਾਂ ਦਾ ਵੀ ਇਹੋ ਅਰਥ ਹੈ । ਸਮਰਾਟ ਅਸ਼ੋਕ ਦੇ ਸ਼ਿਲਾਲੇਖ ਨੰ : 4 ਵਿਚ ਅਵਿਹਿੰਸਾ ਅਤੇ ਅਨਾਰੰਭ ਸ਼ਬਦ ਹਨ ਜਦੋਂ ਕਿ ਪੁਰਾਣੇ ਪਾਲੀ ਧਰਮ ਗ੍ਰੰਥਾਂ ਵਿਚ ਇਕ ਕਹਾਵਤ ਹੈ ਪਣਾਤਿਪਾਤ ਵੇਰਮਣਿ । ਸ਼ਬਦ ‘ ਅਵਿਹਿੰਸਾ` ਦਾ ਹੀ ਇਕ ਹੋਰ ਰੂਪ ਹੈ ਜਿਸ ਦਾ ਭਾਵ ਹੈ , ਨਾ-ਮਾਰਨਾ , ਜ਼ਖ਼ਮੀ ਨਾ ਕਰਨਾ , ਹਮਲਾ ਨਾ ਕਰਨਾ , ਨੁਕਸਾਨ ਨਾ ਕਰਨਾ , ਦਇਆਲਤਾ , ਦਇਆ , ਉਦਾਰਤਾ ਅਤੇ ਪਿਆਰ । ਸ਼ਬਦ ਅਨਾਰੰਭ ( ਜਾਂ ਅਨਾਲੰਭ ) ਦਾ ਅਰਥ ਹੈ ਕਤਲ ਨਾ ਕਰਨਾ ( ਜਿਵੇਂ ਕਿ ਜੀਵਾਂ ਕਰਮਕਾਂਡਾਂ ਵਿਚ ਬਲੀ ਆਦਿ ਨ ਦੇਣਾ ਹੈ ) । ਸ਼ਬਦ ਪਾਣਾਤਿਪਤ ਵੇਰਮਣਿ ( ਸੰਸਕ : ਪ੍ਰਾਣਾਤਿਪਾਤ ਵਿਰਤਹ ) ਜਿਸ ਦਾ ਅਰਥ ਹੈ ਜੀਵਾਂ ਨੂੰ ਖ਼ਤਮ ਕਰਨ ਤੋਂ ਸੰਕੋਚ ਕਰਨਾ ।

      ਇਹ ਹੁਣ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਅਹਿੰਸਾ ਦਾ ਸਿੱਧਾਂਤ ਵੈਦਿਕ ਪਰੰਪਰਾ ਦੇ ਘੇਰੇ ਤੋਂ ਬਾਹਰ ਪੈਦਾ ਹੋਇਆ ਹੈ । ਅਵੈਦਿਕ ਤਪਸਵੀ ਸਾਧੂ ਜੋ ਮੁਨੀ ਅਤੇ ਸ਼੍ਰਮਣ ਵਜੋਂ ਜਾਣੇ ਜਾਂਦੇ ਹਨ ਸ਼ਾਇਦ ਅਹਿੰਸਾ ਅਤੇ ਕਰੁਣਾ ਜਾਂ ਦਇਆ ਦੇ ਸਿਧਾਂਤ ਨੂੰ ਪ੍ਰਚਾਰਣ ਵਾਲੇ ਪਹਿਲੇ ਵਿਅਕਤੀ ਸਨ । ਇਸ ਦਾ ਸਾਫ ਜ਼ਿਕਰ ਅਤੇ ਵਿਆਖਿਆ ਧਾਰਮਿਕ ਜੀਵਨ ਵਿਚ ਇਕ ਮਹੱਤਵਪੂਰਨ ਤੱਤ ਦੇ ਤੌਰ ਤੇ ਪਿਛਲੇ ਵੈਦਿਕ ਸਮੇਂ ਵਿਚ ਮਿਲਦੀ ਹੈ ਜੋ ਸਭ ਤੋਂ ਪਹਿਲੇ ਇਤਿਹਾਸਿਕ ਸ਼੍ਰਮਣਾਂ ਜਿਵੇਂ ਕਿ ਪਾਰਸ਼ਵਨਾਥ , ਕਪਿਲਮੁਨੀ , ਕਸ਼ਯਪ , ਬੁੱਧ , ਵਰਧਮਾਨ ਮਹਾਂਵੀਰ ਅਤੇ ਸ਼ਾਕਯਮੁਨੀ ਬੁੱਧ ਆਦਿ ਦਾ ਯੁਗ ਹੈ । ਅਜਿਹਾ ਮੰਨਿਆ ਜਾਂਦਾ ਹੈ ਕਿ ਪਾਰਸ਼ਵਨਾਥ ਨੇ ( ਲਗਪਗ 750 ਈ. ਪੂ. ) ਚਾਰ ( ਚਤੁਰਯਾਮ ) ਕਿਸਮ ਦੇ ਨੈਤਿਕ ਸੰਕੋਚ ਦੀ ਸਿੱਖਿਆ ਦਿੱਤੀ ਜਿਸ ਵਿਚ ਅਹਿੰਸਾ ਦਾ ਵੀ ਜ਼ਿਕਰ ਹੈ ।

      ਦੂਜੇ ਪਾਸੇ , ਪੁਰਾਤਨ ਬ੍ਰਾਹਮਣੀ ਸਾਹਿਤ ਵਿਚ ਅਹਿੰਸਾ ਨੂੰ ਬਹੁਤ ਘੱਟ ਮਾਨਤਾ ਦਿੱਤੀ ਗਈ ਹੈ ਅਤੇ ਜਾਨਵਰਾਂ ਦੀ ਬਲੀ ਦੀ ਪ੍ਰਥਾ ਨੂੰ ਸਨਮਾਨ ਦੇਣਾ ਜਾਰੀ ਰਖਿਆ ਗਿਆ ਹੈ । ਇਸ ਦਾ ਭਾਵ ਹੈ ਕਿ ਮੂਲ ਰੂਪ ਵਿਚ ਇਹ ਸਿਧਾਂਤ ਖਾਸ ਤੌਰ ਤੇ ਸ਼੍ਰਮਣ ਪਰੰਪਰਾ ਨਾਲ ਸੰਬੰਧਿਤ ਸੀ । ਜਾਨਵਰਾਂ ਨੂੰ ਮਾਰਨ ਦੀ ਮਾਨਤਾ ਦਰਅਸਲ ਸੰਸਕਾਰ ਰਾਹੀਂ ਪ੍ਰਮਾਣਿਤ ਸੀ ਪਰੰਤੂ ਇਸ ਨੂੰ ਮਾਰਨ ਦਾ ਵਿਹਾਰਿਕ ਉਦੇਸ਼ ਭੋਜਨ ਵਿਚ ਮਾਸ ਨੂੰ ਸ਼ਾਮਿਲ ਕਰਨਾ ਸੀ ।

      ਸਿੱਖ ਧਰਮ ਵਿਚ ਅਹਿੰਸਾ ਇਕ ਹਾਂ ਪੱਖੀ ਗੁਣ ਹੈ ਅਤੇ ਸਿੱਖ ਧਰਮ ਗ੍ਰੰਥ , ਗੁਰੂ ਗ੍ਰੰਥ ਸਾਹਿਬ ਵਿਚ ਬਹੁਤ ਸ਼ਬਦ ਹਨ ਜਿਨ੍ਹਾਂ ਵਿਚ ਮਨੁੱਖ ਨੂੰ ਦਇਆ ਅਤੇ ਪ੍ਰੇਮ ਦੇ ਨੈਤਿਕ ਗੁਣਾਂ ਨੂੰ ਪੈਦਾ ਕਰਨ ਦੀ ਸਲਾਹ ਦਿੱਤੀ ਗਈ ਹੈ । ਇਹ ਅਹਿੰਸਾ ਨੂੰ ਕੇਵਲ ਹਿੰਸਾ ਦਾ ਨਾ ਹੋਣਾ ਹੀ ਨਹੀਂ ਮੰਨਦਾ ਹੈ । ਪ੍ਰੇਮ , ਨਿਆਂ , ਬਰਾਬਰੀ , ਸਵੈ-ਮਾਣ ਅਤੇ ਸਚਾਈ ਆਦਿ ਕੁਝ ਅਜਿਹੀਆਂ ਸਮਾਜਿਕ ਕਦਰਾਂ-ਕੀਮਤਾਂ ਹਨ ਜਿਨ੍ਹਾਂ ਦੀ ਰੱਖਿਆ ਦੀ ਜੁੰਮੇਵਾਰੀ ਹਿਤ ਹਿੰਸਾ ਵੀ ਜਾਇਜ਼ ਮੰਨੀ ਜਾਏਗੀ ।

      ਸਿੱਖਾਂ ਦੀਆਂ ਸਮਾਜਿਕ ਅਤੇ ਨੈਤਿਕ ਕੀਮਤਾਂ ਸਾਰੀਆਂ ਉਹਨਾਂ ਦੀ ਤੱਤਮੀਮਾਂਸਾ ਤੋਂ ਲਈਆਂ ਗਈਆਂ ਹਨ । ਸਿੱਖ ਧਰਮ ਪਰਮਾਤਮਾ ਦੀ ਇੱਕਤਾ ਵਿਚ ਵਿਸ਼ਵਾਸ ਰੱਖਦਾ ਹੈ ਜੋ ਆਪਣੇ ਪ੍ਰਗਟ ਰੂਪ ਵਿਚ ਸਾਰੀ ਸ੍ਰਿਸ਼ਟੀ ਵਿਚ ਪਸਰਿਆ ਹੋਇਆ ਹੈ । ਇਸ ਲਈ ਇਸ ਭੌਤਿਕ ਸੰਸਾਰ ਵਿਚ ਪੈਦਾ ਕੀਤੇ ਹੋਏ ਸਾਰੇ ਜੀਵ ਉਸ ਪ੍ਰਭੂ ਦਾ ਹੀ ਪ੍ਰਗਟਾਵਾ ਹਨ ਅਤੇ ਅੰਦਰੂਨੀ ਰੂਪ ਵਿਚ ਉਸ ਨਾਲ ਇਕਮਿਕ ਹਨ । ਜੀਵਾਂ ਦਾ ਅੰਦਰੂਨੀ ਤੌਰ ਤੇ ਪਰਮ ਸਤਿ ਨਾਲ ਇਕ ਹੋਣ ਦਾ ਇਹ ਵਿਚਾਰ ਮਨੁੱਖ ਨੂੰ ਦੂਸਰੇ ਜੀਵਾਂ ਤੇ ਹਿੰਸਾ ਕਰਨ ਤੋਂ ਰੋਕਦਾ ਹੈ ਕਿਉਂਕਿ ਇਸ ਤਰਾਂ ਕਰਨਾ ਪਰਮਾਤਮਾ ਨੂੰ ਦੁੱਖ ਪੁਚਾਉਣ ਦੇ ਤੁੱਲ ਹੋਵੇਗਾ । ਸਿੱਖ ਧਰਮ ਵਿਚ ਰੱਬੀ ਇਕਤਾ ਦਾ ਇਹ ਧਾਰਮਿਕ ਸਿਧਾਂਤ ਅਹਿੰਸਾ ਦੇ ਸਾਰੇ ਸਕਾਰਾਤਮਿਕ ਗੁਣਾਂ ਜਿਵੇਂ ਕਿ ਸਮਾਜਿਕ ਬਰਾਬਰੀ , ਪ੍ਰੇਮ , ਦਇਆ , ਸਦ-ਭਾਵਨਾ ਅਤੇ ਮਾਨਵ ਪ੍ਰੇਮ ਦਾ ਆਧਾਰ ਹੈ । ਗੁਰੂ ਅਰਜਨ ਦੇਵ ਜੀ ਆਪਣੇ ਇਕ ਸ਼ਬਦ ਵਿਚ ਮਨੁੱਖ ਨੂੰ ਸਿੱਖਿਆ ਦਿੰਦੇ ਹਨ ‘ ਕਿਸੇ ਜੀਵ ਨੂੰ ਦੁੱਖ ਨਾ ਦੇ ਤਾਂ ਕਿ ਤੂੰ ਆਪਣੇ ਘਰ ਇੱਜ਼ਤ ਨਾਲ ਜਾ ਸਕੇਂ` । ਜੀਵਾਂ ਵੱਲ ਦਇਆ ਰੱਖਣੀ , ਅਠਾਹਠ ਤੀਰਥਾਂ ਤੇ ਜਾਣ ਦੇ ਫਲ ਦੇ ਬਰਾਬਰ ਦੱਸੀ ਗਈ ਹੈ । ਦਇਆ ਨਾਲ ਜੁੜਿਆ ਇਹ ਧਾਰਮਿਕ ਸਿਧਾਂਤ ਅਹਿੰਸਾ ਦੇ ਸਿਧਾਂਤ ਨੂੰ ਪੱਕਾ ਕਰਦਾ ਹੈ । ਗੁਰੂ ਤੇਗ਼ ਬਹਾਦਰ ਜੀ , ਨਾਨਕ ਨੌਂਵੇਂ ਵੀ ਕਹਿੰਦੇ ਹਨ : ਗਿਆਨੀ ਪੁਰਖ ਦਾ ਇਕ ਗੁਣ ਇਹ ਵੀ ਹੈ ਕਿ ਉਹ ਨਾ ਤਾਂ ਕਿਸੇ ਦੂਜੇ ਨੂੰ ਡਰਾਉਂਦਾ ਹੈ ਨਾ ਹੀ ਦੂਜਿਆਂ ਤੋਂ ਆਪ ਡਰਦਾ ਹੈ ।

      ਸਿੱਖ ਪਰੰਪਰਾ , ਨਿਆਂ , ਸਚਾਈ , ਮਨੁੱਖੀ ਅਜ਼ਾਦੀ ਲਈ ਦਿੱਤੀਆਂ ਕੁਰਬਾਨੀਆਂ ਦੀਆਂ ਉਦਾਹਰਨਾਂ ਨਾਲ ਭਰਪੂਰ ਹੈ । ਗੁਰੂ ਅਰਜਨ ਦੇਵ ਅਤੇ ਗੁਰੂ ਤੇਗ਼ ਬਹਾਦਰ ਜੀ ਨੇ ਅਜ਼ਾਦੀ ਅਤੇ ਧਾਰਮਿਕ ਵਿਸ਼ਵਾਸ ਦੇ ਹੱਕ ਨੂੰ ਸਿੱਧ ਕਰਨ ਲਈ ਆਪਣੇ ਜੀਵਨ ਦੀ ਕੁਰਬਾਨੀ ਦੇ ਦਿੱਤੀ । ਦਸਵੇਂ ਨਾਨਕ , ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖ਼ਾਲਸੇ ਦੀ ਸਾਜਨਾ ਅਤੇ ਖ਼ਾਲਸੇ ਦੁਆਰਾ ਤਲਵਾਰ ਦੀ ਵਰਤੋਂ ਦੀ ਪਰਵਾਨਗੀ ਵੀ ਉਹਨਾਂ ਹੀ ਕਦਰਾਂ-ਕੀਮਤਾਂ ਨੂੰ ਸਿੱਧ ਕਰਨ ਲਈ ਦਿੱਤੀ ਗਈ ਸੀ । ਅਹਿੰਸਾ ਦੀਆਂ ਹਾਂ-ਪੱਖੀ ਕੀਮਤਾਂ , ਜਿਵੇਂ ਦਇਆ , ਪ੍ਰੇਮ , ਸਰਬ ਸੰਸਾਰਕ ਭਾਈਚਾਰੇ ਦਾ ਭਾਵ , ਅਜ਼ਾਦੀ ਅਤੇ ਸਵੈ-ਮਾਣ , ਜ਼ਰੂਰ ਸੰਸਾਰ ਵਿਚ ਰਹਿਣੇ ਚਾਹੀਦੇ ਹਨ । ਜੇਕਰ ਇਹਨਾਂ ਦੀ ਉਲੰਘਣਾ ਹੋਵੇ ਤਾਂ ਮਨੁੱਖ ਨੂੰ ਜ਼ਰੂਰ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ । ਜਦੋਂ ਇਸ ਤਰ੍ਹਾਂ ਦੇ ਵਿਰੋਧ ਦੇ ਸਾਰੇ ਰਾਹ ਨਾਕਾਮ ਹੋ ਜਾਣ ਤਾਂ ਗੁਰੂ ਗੋਬਿੰਦ ਸਿੰਘ ਕਹਿੰਦੇ ਹਨ ਕਿ ਤਲਵਾਰ ਦਾ ਪ੍ਰਯੋਗ ਜਾਇਜ਼ ਹੈ- ‘ ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ । ਹਲਾਲਸਤ ਬੁਰਦਨ ਬ ਸ਼ਮਸ਼ੀਰ ਦਸਤ` । ( ਜਫ਼ਰਨਾਮਹ , ਬੰਦ 22 ) । ਤਲਵਾਰ ਦੀ ਵਰਤੋਂ ਕਿਸੇ ਨਿਜੀ ਲਾਭ ਜਾਂ ਵਾਧੇ ਲਈ ਨਹੀਂ; ਇਸ ਦੀ ਵਰਤੋਂ ਆਮ ਭਲਾਈ ਲਈ ਕਰਨੀ ਹੈ । ਅਹਿੰਸਾ ਦੇ ਸਿੱਧਾਂਤ ਦੀ ਇਸ ਤਰਾਂ ਪੁਨਰ ਵਿਆਖਿਆ ਹੋਈ ਹੈ । ਗੁਰੂਆਂ ਨੇ ਇਸ ਦੇ ਸਕਾਰਾਤਮਿਕ ਗੁਣਾਂ ਵਿਚ ਵਿਸ਼ਵਾਸ ਜ਼ਾਹਰ ਕੀਤਾ ਹੈ ਪਰੰਤੂ ਜੇਕਰ ਹਿੰਸਾ ਇਹਨਾਂ ਕੀਮਤਾਂ ਨੂੰ ਤੋੜਨ ਅਤੇ ਵਿਦਰੋਹ ਕਰਨ ਵਾਲਿਆਂ ਲਈ ਜ਼ਰੂਰੀ ਸੀ ਤਾਂ ਇਹ ਅਹਿੰਸਾ ਦਾ ਵਿਰੋਧ ਨਹੀਂ ਸਮਝਿਆ ਜਾਂਦਾ ਸੀ ।


ਲੇਖਕ : ਲ.ਮ.ਜ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3782, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਅਹਿੰਸਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਹਿੰਸਾ :   ਹਿੰਦੂ ਸ਼ਾਸਤਰਾਂ ਦੇ ਪੱਖ ਤੋਂ ‘ ਅਹਿੰਸਾ’ ਦਾ ਅਰਥ ਹੈ– – ਹਰ ਵੇਲੇ ਅਤੇ ਹਰ ਤਰ੍ਹਾਂ ਨਾਲ ( ਮਨ , ਬਚਨ ਅਤੇ ਕਰਮ ਦੁਆਰਾ ) ਕਿਸੇ ਵੀ ਜੀਵ ਨਾਲ ਦੁਸ਼ਮਣੀ ਨਾ ਕਰਨਾ ਅਹਿੰਸਾ ਵਿਚ ਇਸ ਤਰ੍ਹਾਂ ਸਦਾ ਕੇਵਲ ਕਰਮ ਜਾਂ ਬਚਨ ਕਰਕੇ ਹੀ ਸਾਰੇ ਜੀਵਾਂ ਨਾਲ ਦੁਸ਼ਮਣੀ ਨਾ ਕਰਨ ਵਾਲੀ ਗੱਲ ਹੀ ਸ਼ਾਮਿਲ ਨਹੀਂ ਹੁੰਦੀ ਸਗੋਂ ਮਨ ਵਿਚ ਵੀ ਦੁਸ਼ਮਣੀ ਦੇ ਨਾ ਆਉਣ ਦਾ ਸਬੰਧ ਹੁੰਦਾ ਹੈ । ਯੋਗ ਸ਼ਾਸਤਰ ਵਿਚ ਦੱਸੇ ਗਏ ਯਮ ਅਤੇ ਨਿਯਮ ਅਹਿੰਸਾ ਦੇ ਭਾਵ ਵਾਲੇ ਹੀ ਮੰਨੇ ਜਾਂਦੇ ਹਨ । ਜੇ ਉਨ੍ਹਾਂ ਰਾਹੀਂ ਕਿਸੇ ਕਿਸਮ ਦੀ ਹਿੰਸਕ ਰੁਚੀ ਪਰਗਟ ਹੁੰਦੀ ਹੋਵੇ ਤਾਂ ਉਹ ਸਾਧਨ ਦੀ ਸਿੱਧੀ ਵਿਚ ਲਾਭਦਾਇਕ ਜਾਂ ਚੰਗੇ ਨਹੀਂ ਮੰਨੇ ਜਾਂਦੇ । ਸੱਚ ਦੀ ਮਹਿਮਾ ਅਤੇ ਮਹਾਨਤਾ ਹਰ ਥਾਂ ਦੱਸੀ ਗਈ ਹੈ ਪਰ ਜੇ ਕਿਧਰੇ ਅਹਿੰਸਾ ਦੇ ਨਾਲ ਸੱਚ ਦੀ ਟੱਕਰ ਹੁੰਦੀ ਹੈ ਤਾਂ ਉਥੇ ਸੱਚ ਅਸਲ ਵਿਚ ਸੱਚ ਨਹੀਂ ਸਗੋਂ ਕੇਵਲ ਸੱਚ ਦਾ ਪਰਛਾਵਾਂ ਹੀ ਮੰਨਿਆ ਜਾਂਦਾ ਹੈ । ਕੋਈ ਚੀਜ਼ ਜਿਵੇਂ ਦੇਖੀ ਗਈ ਹੋਵੇ ਜਾਂ ਜਿਵੇਂ ਉਸ ਦਾ ਅੰਦਾਜ਼ਾ ਲਾਇਆ ਗਿਆ ਹੋਵੇ , ਉਸ ਦਾ ਉਸੇ ਰੂਪ ਵਿਚ ਸ਼ਬਦਾਂ ਰਾਹੀਂ ਜ਼ਾਹਰ ਕਰਨਾ ਅਤੇ ਮਨ ਰਾਹੀਂ ਸੰਕਲਪ ਕਰਨਾ ‘ ਸੱਚ’ ਅਖਵਾਉਂਦਾ ਹੈ ।   ਪਰ ਇਹ ਬਾਣੀ ਵੀ ਸਭ ਜੀਆਂ ਦੀ ਭਲਾਈ ਲਈ ਹੁੰਦੀ ਹੈ , ਉਨ੍ਹਾਂ ਦੀ ਤਬਾਹੀ ਲਈ ਨਹੀਂ । ਇਸ ਤਰ੍ਹਾਂ ਸੱਚ ਦੀ ਕਸੌਟੀ ਵੀ ਅਹਿੰਸਾ ਹੀ ਹੈ । ਇਸ ਸਬੰਧ ਵਿਚ ਵਾਚਸਪਤੀ ਮਿਸ਼ਰ ਨੇ ‘ ਸੱਤਯ ਤਪਾ’ ਨਾਮੀ ਤਪੱਸਵੀ ਦੇ ਸੱਚੇ ਬਚਨਾਂ ਨੂੰ ਵੀ ਸੱਚ ਦਾ ਪਰਛਾਵਾਂ ਹੀ ਮੰਨਿਆ ਹੈ , ਕਿਉਂਕਿ ਉਸ ਨੇ ਚੋਰਾਂ ਤੋਂ ਪੁੱਛੇ ਜਾਣ ਤੇ ਉਸ ਰਾਹ ਤੇ ਜਾਣ ਵਾਲੇ ਸਾਰਥ ( ਵਪਾਰੀਆਂ ਦੇ ਟੋਲੇ ) ਦਾ ਠੀਕ ਪਤਾ ਦੱਸਿਆ ਸੀ । ਹਿੰਦੂ ਸ਼ਾਸਤਰਾਂ ਵਿਚ ਅਹਿੰਸਾ , ਸੱਚ , ਅਸਤੇਯ ( ਚੋਰੀ ਨਾ ਕਰਨਾ ) , ਬ੍ਰਹਮਚਰਜ ਅਤੇ ਅਪਰਿਗ੍ਰਹਿ ( ਤਿਆਗ ) , ਇਨ੍ਹਾਂ ਪੰਜਾਂ ਯਮਾਂ ਨੂੰ ਕਿਸੇ ਖਾਸ ਕੌਮ , ਦੇਸ਼ ਕਾਲ ਅਤੇ ਸਮੇਂ ਨਾਲ ਸਬੰਧਤਾਨਾ ਹੋਣ ਦੇ ਕਾਰਨ ਸਭ ਲਈ ਇਕੋ ਜਿਹੇ ਲਾਗੂ ਹੋਣ ਵਾਲੇ ਵਿਸ਼ਵ ਵਿਆਪੀ ਅਤੇ ਮਹਾਂਵਰਤ ਆਖਿਆ ਗਿਆ ਹੈ ( ਯੋਗ ਸੂਤਰ 2/31 ) ਅਤੇ ਇਨਾਂ ਵਿਚ ਵੀ ਸਭ ਦਾ ਆਧਾਰ ਹੋਣ ਕਰਕੇ ਅਹਿੰਸਾ ਹੀ ਮਹਾਵਰਤ ਅਖਵਾਉਣ ਦੀ ਹੱਕਦਾਰ ਹੈ ।

                  ਜੈਨ ਧਰਮ ਦੇ ਪੱਖ ਤੋਂ ਸਭ ਜੀਵਾਂ ਨਾਲ ਸੰਜਮ ਵਾਲਾ ਸਲੂਕ ਅਹਿੰਸਾ ਹੈ । ਅਹਿੰਸਾ ਦਾ ਸ਼ਾਬਦਿਕ ਅਰਥ , ਹਿੰਸਾ ਨਾ ਕਰਨਾ ਹੈ । ਇਸ ਦੇ ਪਰਿਭਾਸ਼ਕ ਅਰਥ ‘ ਕਰਨ ਯੋਗ’ ਅਤੇ ‘ ਨਾ ਕਰਨ ਯੋਗ’ ਦੋਵੇਂ ਹਨ । ਮੋਹ ਅਤੇ ਦਵੈਤ ਨਾ ਹੋਣਾ , ਜੀਵਾਂ ਨੂੰ ਨਾ ਮਾਰਨਾ ਜਾਂ ਇਸ ਰੁਚੀ ਨੂੰ ਰੋਕਣਾ , ਨਾ ਕਰਨ ਯੋਗ ਅਹਿੰਸਾ ਹੈ । ਸੱਚ ਦਾ ਵਿਹਾਰ , ਗ੍ਰੰਥਾਂ ਦਾ ਅਧਿਐਨ , ਅਧਿਆਤਮਕ ਸੇਵਾ , ਉਪਦੇਸ਼ , ਗਿਆਨ , ਚਰਚਾ ਆਦਿ ਆਤਮ– ਭਲਾਈ ਦਾ ਵਿਹਾਰ ਆਦਿ ਕਰਨ– ਯੋਗ ਅਹਿੰਸਾ ਹੈ । ਸੰਜਮ ਕਰਨ ਵਾਲੇ ਕੋਲੋਂ ਵੀ ਬਹੁਤ ਸਾਰੇ ਜੀਵ ਮਾਰੇ ਜਾਂਦੇ ਹਨ । ਉਹ ਵੀ ਨਾ ਕਰਨ ਯੋਗ ਅਹਿੰਸਾ ਨਹੀਂ ਹੈ । ਨਾ ਕਰਨ ਯੋਗ ਅਹਿੰਸਾ ਵਿਚ ਕੇਵਲ ਹਿੰਸਾ ਦੀ ਮਨਾਹੀ ਹੁੰਦੀ ਹੈ । ਕਰਨ ਯੋਗ ਅਹਿੰਸਾ ਵਿਚ ਸੱਚ ਦਾ ਪਾਲਣ ਕਰਦਿਆਂ ਚੰਗੇ ਕੰਮ ਕਰਨਾ ਸ਼ਾਮਲ ਹੈ । ਇਹ ਸਥੂਲ ਪੱਖ ਦਾ ਨਿਰਣਾ ਹੈ । ਡੂੰਘੀ ਤਰ੍ਹਾਂ ਸੋਚਿਆ ਜਾਏ ਤਾਂ ਅਸਲੀਅਤ ਕੁਝ ਹੋਰ ਹੈ । ਨਿਖੇਧ ਵਿਚ ਪਰਵਿਰਤੀ ਅਤੇ ਪਰਵਿਰਤੀ ਵਿਚ ਨਿਖੇਧ ਹੁੰਦਾ ਹੀ ਹੈ । ਨਾ ਕਰਨ ਯੋਗ ਅਹਿੰਸਾ ਵਿਚ ਸੱਤ ਬਿਰਤੀ ਅਤੇ ਸਤਿ ਪ੍ਰਵਿਰਤੀ ਵਾਲੀ ਅਹਿੰਸਾ ਵਿਚ ਹਿੰਸਾ ਦਾ ਨਿਖੇਧ ਹੁੰਦਾ ਹੈ । ਅਹਿੰਸਾ ਕਰਨ ਵਾਲਾ ਜੇ ਕਰ ਅੰਦਰਲੀਆਂ ਰੁਚੀਆਂ ਨੂੰ ਸ਼ੁੱਧ ਨਾ ਕਰੇ ਤਾਂ ਉਹ ਅਹਿੰਸਾ ਨਹੀਂ ਹੋਵੇਗੀ ।   ਇਸ ਲਈ ਨਾ ਕਰਨ ਯੋਗ ਅਹਿੰਸਾ ਵਿਚ ਸਤਿ ਬਿਰਤੀ ਦੀ ਲੋੜ ਰਹਿੰਦੀ ਹੈ , ਭਾਵੇਂ ਉਹ ਬਾਹਰਲੀ ਹੋਵੇ , ਜਾਂ ਅੰਦਰਲੀ , ਭਾਵੇਂ ਸਥੂਲ ਹੋਵੇ ਜਾਂ ਸੂਖਮ । ਸਤਿ ਬਿਰਤੀ ਵਾਲੀ ਅਹਿੰਸਾ ਵਿਚ ਹਿੰਸਾ ਦਾ ਨਿਖੇਧ ਹੋਣਾ ਜ਼ਰੂਰੀ ਹੈ । ਇਸ ਤੋਂ ਬਿਨਾਂ ਕੋਈ ਪ੍ਰਵਿਰਤੀ ਸਤਿ ਜਾਂ ਅਹਿੰਸਾ ਨਹੀਂ ਹੋ ਸਕਦੀ , ਇਹ ਪੱਕੀ ਗੱਲ ਹੈ । ਵਿਹਾਰ ਵਿਚ ਨਾ ਕਰਨ ਯੋਗ ਅਹਿੰਸਾ ਨੂੰ ਨਿਸ਼ਕ੍ਰਿਆ ਅਹਿੰਸਾ ਅਤੇ ਕਰਨ ਯੋਗ ਅਹਿੰਸਾ ਨੂੰ ਸਕ੍ਰਿਆ ਅਹਿੰਸਾ ਕਿਹਾ ਜਾ ਸਕਦਾ ਹੈ ।

                  ਜੈਨ ਗ੍ਰੰਥ ਆਚਾਰਾਂਗ ਸੂਤਰ ਵਿਚ , ਜਿਸ ਦਾ ਸਮਾਂ ਲਗ– ਭਗ ਤੀਜੀ– ਚੌਥੀ ਸਦੀ ਈ.ਪੀ. ਹੈ , ਅਹਿੰਸਾ ਦਾ ਉਪਦੇਸ਼ ਇਸ ਤਰ੍ਹਾਂ ਦਿੱਤਾ ਗਿਆ ਹੈ : ਭੂਤ , ਭਵਿੱਖ ਅਤੇ ਵਰਤਮਾਨ ਦੇ ਅਰਹਤ ਇਹੀ ਕਹਿੰਦੇ ਹਨ– – ਕਿਸੇ ਵੀ ਜਿਉਂਦੇ ਜੀਵ ਨੂੰ , ਕਿਸੇ ਵੀ ਜੰਤੂ ਨੂੰ , ਕਿਸੇ ਵੀ  ਚੀਜ਼ ਨੂੰ ਜਿਸ ਵਿਚ ਆਤਮਾ ਹੈ , ਨਾ ਮਾਰੋ , ਨਾ ਉਸ ਨਾਲ ਭੈੜਾ ਸਲੂਕ ਕਰੋ , ਨਾ ਉਸ ਦਾ ਅਪਮਾਨ ਕਰੋ , ਨਾ ਦੁੱਖ ਦਿਉ ਅਤੇ ਨਾ ਹੀ ਉਸ ਨੂੰ ਸਤਾਉ ।

                  ਧਰਤੀ ਪਾਣੀ , ਅੱਗ , ਹਵਾ ਅਤੇ ਬਨਸਪਤੀ ਵਿਚ ਬਹੁਤ ਸਾਰੇ ਵੱਖ– ਵੱਖ ਜੀਵ ਹਨ । ਧਰਤੀ ਆਦਿ ਹਰ ਇਕ ਵਿਚ ਵੱਖ– ਵੱਖ ਵਿਅਕਤਿਤਵ ਵਾਲੇ ਵੱਖ ਵੱਖ ਜੀਵ ਹਨ । ਉਪਰੋਕਤ ਸਥਾਵਰ ( ਅਚੱਲ ) ਜੀਵਾਂ ਤੋਂ ਇਲਾਵਾ ਜੰਗਮ ( ਚੱਲ ) ਜੀਵ ਹਨ । ਇਹ ਹੀ ਜੀਵਾਂ ਦੇ ਛੇ ਵਰਗ ਹਨ ।   ਇਨ੍ਹਾਂ ਤੋਂ ਇਲਾਵਾ ਦੁਨੀਆਂ ਵਿਚ ਹੋਰ ਜੀਵ ਨਹੀਂ ਹਨ ।   ਇਕ ਜਾਂ ਦੂਜੇ ਵਰਗ ਵਿਚ ਹੋਣਾ ਕਰਮਾਂ ਦੀ ਵਚਿੱਤਰ ਅਵਸਥਾ ਹੈ । ਆਪਣੇ ਆਪਣੇ ਕਰਮਾਂ ਅਨੁਸਾਰ ਜੀਵ ਜੰਗਮ ਜਾਂ ਸਥਾਵਰ ਹੁੰਦੇ ਹਨ । ਇਕ ਹੀ ਜੀਵ– ਜਿਹੜਾ ਇਕ ਜਨਮ ਵਿਚ ਜੰਗਮ ਹੁੰਦਾ ਹੈ , ਦੂਜੇ ਜਨਮ ਵਿਚ ਸਥਾਵਰ ਹੋ ਸਕਦਾ ਹੈ । ਜੰਗਮ ਹੋਵੇ ਤਾਂ ਸਥਾਵਰ , ਕਿਸੇ ਚੀਜ਼ ਨੂੰ ਵੀ ਦੁੱਖ ਸੁਖਾਉਂਦਾ ਨਹੀਂ ਹੁੰਦਾ । ਇਹ ਸਮਝ ਕੇ ਮੁਕਤੀ ਦਾ ਚਾਹਵਾਨ ਸਾਰੇ ਜੀਵਾਂ ਲਈ ਆਪਣੇ ਮਨ ਵਿਚ ਅਹਿੰਸਾ ਦਾ ਜਜ਼ਬਾ ਰੱਖੇ ।

                  ਸਾਰੇ ਜੀਵ ਜਿਉਣਾ ਚਾਹੁੰਦੇ ਹਨ , ਮਰਨਾ ਕੋਈ ਨਹੀਂ ਚਾਹੁੰਦਾ । ਇਸ ਲਈ ਦੂਸਰੇ ਲੋਕ ਵੀ ਜੀਵ– ਹੱਤਿਆ ਕਰਨ ਤੋਂ ਵਰਜਦੇ ਹਨ । ਸਾਰੇ ਪਰਾਣੀਆਂ ਨੂੰ ਆਪਣੀ ਉਮਰ ਪਿਆਰੀ ਹੈ , ਸੁਖ ਭਾਉਂਦਾ ਹੈ , ਤੇ ਦੁਖ ਚੰਗਾ ਨਹੀਂ ਲਗਦਾ ।   ਜਿਹੜਾ ਆਦਮੀ ਹਰੀ ਬਨਸਪਤੀ ਦਾ ਨਾਸ ਕਰਦਾ ਹੈ , ਉਹ ਆਪਣੀ ਆਤਮਾ ਨੂੰ ਸਜ਼ਾ ਦੇਂਦਾ ਹੈ । ਉਹ ਦੂਜੇ ਜੀਵਾਂ ਦੀ ਹੱਤਿਆ ਕਰਦਾ ਹੋਇਆ ਪਰਮਾਰਥ ਪੱਖ ਤੋਂ ਆਪਣੀ ਆਤਮਾ ਦੀ ਹੱਤਿਆ ਕਰਦਾ ਹੈ ।

                  ਆਤਮਾ ਦਾ ਅਸ਼ੁੱਧ ਬਦਲਿਆ ਹੋਇਆ ਰੂਪ ਹਿੱਸਾ ਹੈ ; ਇਸ ਦੀ ਪ੍ਰੋੜ੍ਹਤਾ ਵਿਚ ਅਚਾਰੀਆ ਅੰਮ੍ਰਿਤਚੰਦਰ ਨੇ ਲਿਖਿਆ ਹੈ; ਝੂਠ ਆਦਿ ਸਾਰੇ ਵਿਕਾਰ ਆਤਮਾ ਵਿਚ ਵਿਗਾੜ ਪੈਦਾ ਕਰਦੇ ਹਨ , ਇਸ ਲਈ ਉਹ ਸਾਰੇ ਵਿਕਾਰ ਹਿੰਸਾ ਹਨ ।   ਅਸਤਿ ਆਦਿ ਜਿਹੜੇ ਦੋਸ਼ ਦੱਸੇ ਗਏ ਹਨ ਉਹ ਕੇਵਲ ‘ ਸ਼ਿਸ਼ਯ ਬੋਧਾਯ’ ਭਾਵ ਚੇਲਿਆਂ ਦੇ ਗਿਆਨ ਲਈ ਹਨ । ਸੰਖੇਪ ਵਿਚ ਮੋਹ ਅਤੇ ਦਵੈਤ ਦਾ ਨਾ ਪੈਦਾ ਹੋਣਾ ਅਹਿੰਸਾ ਅਤੇ ਉਸ ਦਾ ਪੈਦਾ ਹੋਣਾ ਹਿੰਸਾ ਹੈ । ਵੈਰ ਵਿਰੋਧ ਤੋਂ ਰਹਿਤ ਪ੍ਰਵਿਰਤੀ ਨਾਲ ਵੱੜੀ ਤੋਂ ਵੱੜੀ ਹੱਤਿਆ ਹੋ ਜਾਏ ਤਾਂ ਵੀ ਯਕੀਨੀ ਹਿੰਸਾ ਨਹੀਂ ਹੁੰਦੀ; ਪਰ ਵੈਰ ਵਿਰੋਧ ਦੀ ਪ੍ਰਵਿਰਤੀ ਨਾਲ ਹੱਤਿਆ ਕਰਨ ਲਈ ਕੀਤੀ ਕੋਸ਼ਿਸ਼ , ਹੱਤਿਆ ਨਾ ਹੋਣ ਤੇ ਵੀ , ਹਿੰਸਾ ਹੁੰਦੀ ਹੈ । ਜਿਸ ਦੀ ਪ੍ਰਵਿਰਤੀ ਮੋਹ ਅਤੇ ਦਵੈਤ ਵਾਲੀ ਹੈ , ਉਹ ਆਪਣੀ ਆਤਮਾ ਦੀ ਹੀ ਹੱਤਿਆ ਕਰਦਾ ਹੈ , ਦੂਜੇ ਜੀਆਂ ਨੂੰ ਭਾਵੇਂ ਮਾਰੇ ਭਾਵੇਂ ਨਾ ਮਾਰੇ । ਹਿੱਸਾ ਨਾਲ ਘਿਰਣਾ ਨਾ ਕਰਨਾ ਹੀ ਹਿੱਸਾ ਹੈ ਅਤੇ ਹਿੰਸਾ ਵਿਚ ਮਗਨ ਹੋਣਾ ਵੀ ਹਿੰਸਾ ਹੈ । ਇਸ ਲਈ ਜਿੱਥੇ ਮੋਹ ਅਤੇ ਦਵੈਤ ਦੀ ਭਾਵਨਾ ਹੋਵੇ , ਉਣੇ ਸਦਾ ਪ੍ਰਾਣਾਂ ਦੀ ਹੱਤਿਆ ਹੁੰਦੀ ਹੈ ।

                  ਅਹਿੰਸਾ ਦੀਆਂ ਭੂਮਿਕਾਵਾਂ : ਹਿੰਸਾ ਕਰਨ ਨਾਲ ਹੀ ਮਨੁੱਖ ਪਾਪ ਵਿਚ ਬੱਝ ਜਾਂਦਾ ਹੈ । ਇਸ ਪੱਖ ਤੋਂ ਹਿੰਸਾ ਦੀ ਕੋਈ ਕਿਸਮ ਨਹੀਂ ।   ਹਿੰਸਾ ਦੇ ਕਈ ਕਾਰਨ ਹੁੰਦੇ ਹਨ , ਇਸ ਲਈ ਕਾਰਨ ਦੇ ਪੱਖ ਤੋਂ ਹਿੰਸਾ ਕਈ ਕਿਸਮ ਦੀ ਹੋ ਸਕਦੀ ਹੈ । ਕੋਈ ਜਾਣ ਬੁਝ ਕੇ ਹਿੰਸਾ ਕਰਦਾ ਹੈ ਪਰ ਕੋਈ ਸਹਿਤ ਸੁਭਾ ਹੀ ਹਿੰਸਾ ਕਰ ਬਹਿੰਦਾ ਹੈ । ਕੋਈ ਕਿਸੇ ਮਨੋਰਥ ਲਈ ਹਿੰਸਾ ਕਰਦਾ ਹੈ ਅਤੇ ਕੋਈ ਕਿਸੇ ਮਨੋਰਥ ਤੋਂ ਬਗ਼ੈਰ ਹੀ ।

                  ‘ ਸੂਤਰ ਕ੍ਰਿਤਾਂਗ’ ਵਿਚ ਹਿੰਸਾ ਦੀਆਂ ਪੰਜ ਕਿਸਮਾਂ ਦੱਸੀਆਂ ਗਈਆਂ ਹਨ ( 1 ) ਅਰਥ ਦੰਡ; ( 2 ) ਅਨਰਥ ਦੰਡ ; ( 3 ) ਹਿੰਸਾ ਦੰਡ; ( 4 ) ਅਕਸਮਾਤ ਦੰਡ; ( 5 ) ਦ੍ਰਿਸ਼ਟੀ ਵਿਪਰਿਆਸ ਦੰਡ ।   ਅਹਿੰਸਾ ਆਤਮਾ ਦਾ ਮੁਕੰਮਲ ਤੌਰ ਤੇ ਸ਼ੁੱਧ ਅਵਸਥਾ ਹੈ ।   ਇਹ ਇਕ ਪਾਸੇ ਤਾਂ ਅਖੰਡ ਹੈ ਪਰ ਦੂਜੇ ਪਾਸੇ ਮੋਹ ਨਾਲ ਢਕੀ ਰਹਿੰਦੀ ਹੈ । ਮੋਹ ਦਾ ਜਿੰਨਾ ਨਾਸ ਹੁੰਦਾ ਹੈ , ਉਨਾ ਹੀ ਇਸ ਦਾ ਵਿਕਾਸ ਹੁੰਦਾ ਹੈ । ਘਟਣ ਵਧਣ ਅਨੁਸਾਰ ਇਸ ਮੋੁਹ ਲੀਨਤਾ ਦੇ ਦੋ ਰੂਪ ਹਨ : ( 1 ) ਹਿੰਸਾ ਮਹਾਂਵਰਤ , ( 2 ) ਅਹਿੰਸਾ ਅਣੁਵਰਤ । ਇਨ੍ਹਾਂ ਵਿਚ ਰੂਪ ਦਾ ਫ਼ਰਕ ਨਹੀਂ , ਵੱਧ ਘੱਟ ਹੋਣ ਦਾ ਫ਼ਰਕ ਹੈ ।

                  ਮੁਨੀ ਦੀ ਅਹਿੰਸਾ ਮੁਕੰਮਲ ਹੈ , ਇਸ ਹਾਲਤ ਵਿੱਚ ਸ਼੍ਰਾਵਕ ਦੀ ਅਹਿੰਸਾ ਅਧੂਰੀ ਹੈ । ਮੁਨੀ ਵਾਂਗ ਸ਼੍ਰਾਵਕ ਸਭ ਕਿਸਮ ਦੀ ਅਹਿੰਸਾ ਤੋਂ ਮੁਕਤ ਨਹੀਂ ਰਹਿ ਸਕਿਆ ।   ਮੁਨੀ ਦੇ ਟਾਕਰੇ ਤੇ ਸ਼੍ਰਾਵਕ ਦੀ ਅਹਿੰਸਾ ਬਹੁਤ ਥੋੜ੍ਹੀ ਹੈ । ਉਦਾਹਰਣ ਵਜੋਂ ਮੁਨੀ ਦੀ ਅਹਿੰਸਾ ਜੇ ਵੀਹ ਵਿਸਵੇ ਹੋਵੇ ਤਾਂ ਸ਼੍ਰਾਵਕ ਦੀ ਅਹਿੰਸਾ ਸਵਾ ਵਿਸਵਾ ਹੋਵੇਗੀ । ( ਪੂਰਨ ਅਹਿੰਸਾ ਦੇ ਅੰਸ਼ ਵੀਹ ਹਨ , ਉੱਨ੍ਹਾਂ ਵਿਚ ਸ਼੍ਰਾਵਕ ਦੀ ਅਹਿੰਸਾ ਦਾ ਕੇਵਲ ਸਵਾ ਅੰਸ਼ ਹੈ ) ਇਸ ਦਾ ਕਾਰਨ ਇਹ ਹੈ ਕਿ ਸ਼੍ਰਾਵਕ ਉੱਨੀ ਜੀਵਾਂ ਦੀ ਹਿੰਸਾ ਨੂੰ ਛੱਡ ਸਕਦਾ ਹੈ , ਬੋਲਣ ਵਾਲੇ ਤੇ ਸਥਿਰ ਰਹਿਣ ਵਾਲੇ ਜੀਵਾਂ ਦੀ ਹਿੰਸਾ ਨੂੰ ਨਹੀਂ । ਇਸ ਕਰਕੇ ਉਸ ਦੀ ਅਹਿੰਸਾ ਅੱਧੀ ਅਰਥਾਤ ਦਸ ਅੰਸ਼ ਰਹਿ ਜਾਂਦੀ ਹੈ । ਇਸ ਵਿਚ ਵੀ ਸ਼੍ਰਾਵਕ ਉੱਨੀ ਜੀਵਾਂ ਨੂੰ ਸੰਕਲਪ ਰਾਹੀਂ ਛੱਡ ਦੇਂਦਾ ਹੈ , ਬੁਨਿਆਦੀ ਤੌਰ ਤੇ ਨਹੀਂ । ਸੋ ਇਸ ਦਾ ਆਕਾਰ ਉਸ ਤੋਂ ਵੀ ਅੱਧਾ ਅਰਥਾਤ ਪੰਜ ਅੰਸ਼ ਰਹਿ ਜਾਂਦਾ ਹੈ ਜਾਣ ਬੁੱਝ ਕੇ ਹਿੰਸਾ ਵੀ ਉਨ੍ਹਾਂ ਉੱਨੀ ਜੀਵਾਂ ਦੀ ਛੱਡੀ ਜਾਂਦੀ ਹੈ ਜਿਹੜੇ ਬੇਦੋਸ਼ ਹਨ । ਅਪਰਾਧੀ ਜੰਗਮ ਜੀਵਾਂ ਦੀ ਹਿੰਸਾ ਤੋਂ ਸ਼੍ਰਾਵਕ ਮੁਕਤ ਨਹੀਂ ਹੋ ਸਕਦਾ । ਇਸ ਤਰ੍ਹਾਂ ਉਹ ਅਹਿੰਸਾ ਢਾਈ ਅੰਸ਼ ਰਹਿ ਜਾਂਦੀ ਹੈ । ਬੇਦੋਸ਼ੇ ਉੱਨੀ ਜੀਵਾਂ ਦੀ ਵੀ ਨਿਰਪੇਖ ਹਿੰਸਾ ਨੂੰ ਸ਼੍ਰਾਵਕ ਤਿਆਗਦਾ ਹੈ । ਸਾਪੇਖ ਹਿੰਸਾ ਤਾਂ ਉਸ ਤੋਂ ਹੋ ਹੀ ਜਾਂਦੀ ਹੈ । ਇਸ ਤਰ੍ਹਾਂ ਸ਼੍ਰਾਵਕ ( ਧਰਮ– ਉਪਾਸ਼ਕ ਜਾਂ ਵਰਤ ਧਾਰਨ ਕਰਨ ਵਾਲਾ ਗ੍ਰਿਹਸਥੀ ) ਦੀ ਮਾਤਰਾ ਸਵਾ ਅੰਸ਼ ਰਹਿ ਜਾਂਦੀ ਹੈ । ਇਸ ਪ੍ਰਾਚੀਨ ਗਾਥਾ ਵਿਚ ਇਸੇ ਨੂੰ ਸੰਖੇਪ ਕਰਕੇ ਇਉਂ ਆਖਿਆ ਗਿਆ ਹੈ :


‘ ‘ जीवा  सहुमाथुला , संकप्पा , अारम्भाभवे दुविहा ।
सावराह निरवराहा , सविकखा चैव विरविक्खा ॥ ’ ’

                  ਹਿੰਸਾ ਦੀਆਂ ਇਹ ਅੱਠ ਕਿਸਮਾਂ ਹਨ : – ( 1 ) ਸੂਖਮ ਜੀਵ ਹਿੰਸਾ ; ( 2 ) ਸਕੂਲ ਜੀਵ ਹਿੰਸਾ; ( 3 ) ਸੰਕਲਪ ਹਿੰਸਾ; ( 4 ) ਆਰੰਭ ਹਿੰਸਾ; ( 5 ) ਅਪਰਾਧੀ ਹਿੰਸ; ( 6 ) ਨਿਰ ਅਪਰਾਧ ਹਿੰਸਾ; ( 7 ) ਸਾਪੇਖ ਹਿੰਸਾ; ( 8 ) ਨਿਰਪੇਖ ਹਿੰਸਾ । ਸ਼੍ਰਾਵਕ ਇਨ੍ਹਾਂ ਵਿੱਚੋਂ ਚਾਰ ਕਿਸਮ ਦੀ ( 2 , 3 , 6 , 8 ) ਹਿੰਸਾ ਦਾ ਤਿਆਗ ਕਰਦਾ ਹੈ । ਇਸ ਲਈ ਉਸਦੀ ਅਹਿੰਸਾ ਅਪੂਰਣ ਹੈ ।

                  ਇਸੇ ਤਰ੍ਹਾਂ ਬੁੱਧ ਅਤੇ ਈਸਾਈ ਧਰਮਾਂ ਵਿਚ ਵੀ ਅਹਿੰਸਾ ਦੀ ਬੜੀ ਮਹਿਮਾ ਹੈ । ਵੈਦਿਕ ਹਿੰਸਾਤਮਕ ਯੱਗਾਂ ਦਾ ਉਪਨਿਸ਼ਦਾਂ ਦੇ ਸਮੇਂ ਦੇ ਰਿਸ਼ੀਆਂ ਮੁਨੀਆਂ ਨੇ ਵਿਰੋਧ ਕਰਕੇ ਜਿਸ ਪਰੰਪਰਾ ਨੂੰ ਸ਼ੁਰੂ ਕੀਤਾ ਸੀ ਉਸੇ ਪਰੰਪਰਾ ਦੀ ਪ੍ਰੋੜਤਾ ਜੈਨ ਤੇ ਬੁੱਧ ਧਰਮਾਂ ਨੇ ਕੀਤੀ ।   ਜੈਨ ਅਹਿੰਸਾ ਸਿਧਾਂਤਕ ਪੱਖ ਤੋਂ ਸਾਰੇ ਧਰਮਾਂ ਨਾਲੋਂ ਅਸਾਧਾਰਨ ਸੀ । ਨਿਰਸੰਦੇਹ ਬੁੱਧ ਧਰਮ ਵਿਚ ਅਹਿੰਸਾ ਦੀ ਉਤਨੀ ਮਹੱਤਤਾ ਨਹੀਂ ਜਿੰਨੀ ਕਿ ਜੈਨ– ਧਰਮ ਵਿੱਚ ਹੈ ਪਰ ਬੁੱਧ– ਅਹਿੰਸਾ ਦਾ ਅਸਰ ਵੀ ਸੰਸਾਰ ਤੇ ਬਹੁਤ ਜ਼ਿਆਦਾ ਪਿਆ । ਉਸੇ ਦਾ ਇਹ ਨਤੀਜਾ ਹੋਇਆ ਕਿ ਲੁੱਟ– ਮਾਰ ਕਰਨ ਵਾਲੀਆਂ ਮੱਧ ਏਸ਼ੀਆਂ ਦੀਆਂ ਖੂੰਖਾਰ ਕੌਮਾਂ ਪ੍ਰੇਮ ਅਤੇ ਦਇਆ ਦੀਆਂ ਮੂਰਤੀਆਂ ਬਣ ਗਈਆਂ । ਬੁੱਧ ਧਰਮ ਦੇ ਅਸਰ ਕਰਕੇ ਹੀ ਈਸਾਈ ਵੀ ਅਹਿੰਸਾ ਵੱਖ ਖ਼ਾਸ ਤੌਰ ਤੇ ਖਿੱਚੇ ਗਏ । ਈਸਾ ਨੇ ਜਿਹੜਾ ਤਿਆਗ ਕੀਤਾ , ਉਹ ਪ੍ਰੇਮ ਅਤੇ ਅਹਿੰਸਾ ਦਾ ਹੀ ਪ੍ਰਗਟਾਉ ਸੀ । ਉਸ ਨੇ ਆਪਣੇ ਕਾਤਲਾਂ ਤੱਕ ਦੇ ਭਲੇ ਲਈ ਭਗਵਾਨ ਅੱਗੇ ਬੇਨਤੀ ਕੀਤੀ ਅਤੇ ਆਪਣੇ ਚੇਲਿਆਂ ਨੁੰ ਸਾਫ਼ ਸਾਫ਼ ਕਿਹਾ ਕਿ ਜੇਕਰ ਕੋਈ ਇਕ ਗੱਲ੍ਹ   ਉੱਤੇ ਚਪੇੜ ਮਾਰੇ ਤਾਂ ਦੂਜੀ ਗੱਲ੍ਹ   ਵੀ ਚਪੇੜ ਖਾਣ ਲਈ ਅੱਗੇ ਕਰ ਦਿਉ । ਇਹ ਹਿੰਸਾ ਜਾਂ ਬਦਲੇ ਦੀ ਭਾਵਨਾ ਨੂੰ ਖ਼ਤਮ ਕਰਨ ਲਈ ਹੀ ਸੀ । ਟਾਲਸਟਾਇ ਅਤੇ ਮਹਾਤਮਾ ਗਾਂਧੀ ਉੱਤੇ ਈਸਾ ਦੇ ਇਸ ਅਹਿੰਸਾਤਮਕ ਆਚਰਨ ਦਾ ਬਹੁਤ ਅਸਰ ਹੋਇਆ । ਗਾਂਧੀ ਜੀ ਨੇ ਤਾਂ ਜਿਸ ਅਹਿੰਸਾ ਦਾ ਪ੍ਰਚਾਰ ਕੀਤਾ , ਉਹ ਬਹੁਤ ਹੀ ਮਹੱਤਵ ਵਾਲੀ ਸੀ । ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਵਿਰੋਧ ਅਸਤਿ ਨਾਲ ਹੈ , ਬੁਰਾਈ ਨਾਲ ਨਹੀਂ । ਉਨ੍ਹਾਂ ਦੇ ਵਿਚਾਰਾਂ ਨੂੰ ਮੰਨਣ ਵਾਲੇ ਨੂੰ ਸਦਾ ਪ੍ਰੇਮ ਕਰਨਾ ਚਾਹੀਦਾ ਹੈ , ਹਿੰਸਾ ਨਹੀਂ । ਆਪਣੀ ਆਜ਼ਾਦੀ ਦੀ ਲਹਿਰ ਸਿਖਰ ਤੇ ਹੁੰਦਿਆਂ ਵੀ ਚੋਰਾ– ਚੋਰੀ ਦੇ ਹੱਤਿਆ ਕਾਂਡ ਤੋਂ ਨਾਰਾਜ਼ ਹੋ ਕੇ ਉਨ੍ਹਾਂ ਨੇ ਅੰਦੋਲਨ ਬੰਦ ਕਰ ਦਿੱਤਾ ਸੀ ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1876, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-15, ਹਵਾਲੇ/ਟਿੱਪਣੀਆਂ: no

ਅਹਿੰਸਾ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਅਹਿੰਸਾ : ‘ ਅੰਹਿਸਾ’ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ “ ਜਾਨਦਾਰ ਜੀਵਾਂ ਨੂੰ ਦੁੱਖ ਨਾ ਦੇਣਾ । ” ਡਿਕਸ਼ਨਰੀ ਆਫ ਹਿੰਦੂਇਜ਼ਮ ਅਨੁਸਾਰ ਇਸ ਦਾ ਅਰਥ ਹੈ ਕਿਸੇ ਨੂੰ ਚੋਟ ਜਾਂ ਨੁਕਸਾਨ ਨਾ ਪਹੁੰਚਾਉਣਾ । ਅਹਿੰਸਾ ‘ ਹਨ’ ਜਾਂ ‘ ਹਿਨਸ’ ਸ਼ਬਦ ਤੋਂ ਲਿਆ ਗਿਆ ਹੈ ਜਿਸ ਦਾ ਸ਼ਾਬਦਿਕ ਅਰਥ ਹੈ ‘ ਜਾਨ ਤੋਂ ਨਾ ਮਾਰਨਾ । ’ ਭਾਰਤ ਦੇ ਸਭ ਤੋਂ ਪੁਰਾਣੇ ਗ੍ਰੰਥ ਰਿਗਵੇਦ ਵਿੱਚ ਅਹਿੰਸਾ ਦੇ ਕਈ ਸੰਕੇਤ ਮਿਲਦੇ ਹਨ ਜਿਵੇਂ ਸੋਮੋਵਤੀ ਹਿਨਤਯਸਤ ਭਾਵ ਸੋਮ ਦੇਵਤਾ ਸਾਨੂੰ ਬਚਾਉਂਦਾ ਹੈ ਅਤੇ ਬੁਰਾਈ ਨੂੰ ਖ਼ਤਮ ਕਰਦਾ ਹੈ ।

ਮਨੂ-ਸਮ੍ਰਿਤੀ , ਜੋ ਹਿੰਦੂ ਕਨੂੰਨ ਦਾ ਆਧਾਰ ਹੈ ਜੋ ਪੰਜਵੀਂ ਸਦੀ ਵਿੱਚ ਲਿਖੀ ਗਈ , ਵਿੱਚ ਮਨੂ ਨੇ ਹਿੰਸਾ ਦੀ ਨਿਖੇਧੀ ਕਰਦੇ ਹੋਏ ਅਹਿੰਸਾ ਬਾਰੇ ਕਿਹਾ ਹੈ : ‘ ਭਵਦ ਡੰਡੳ ਹਿੰਨਸਅਮ’ ਭਾਵ ਹਿੰਸਾ ਦੀ ਸਥਿਤੀ ਵਿੱਚ ਮਨੁੱਖ ਨਿਰਦੋਸ਼ ਲੋਕਾਂ ਨੂੰ ਮਾਰਨ ਲਈ ਸਜ਼ਾ ਦਾ ਹੱਕਦਾਰ ਹੈ । ਇਸੇ ਤਰ੍ਹਾਂ ਪਾਲਤੂ ਜਾਨਵਰਾਂ ਜਾਂ ਬਨਸਪਤੀ ਬਿਨਾਂ ਜ਼ਰੂਰਤ ਤੋਂ ਕੱਟਣ ਲਈ ਵੀ ਉਹ ਸਜ਼ਾ ਦਾ ਹੱਕਦਾਰ ਹੈ । ਇਸ ਤਰ੍ਹਾਂ ਮਨੂ ਅਨੁਸਾਰ ਅਹਿੰਸਾ ਦਾ ਭਾਵ ਮਨੁੱਖਾਂ ਨੂੰ ਨਾ ਮਾਰਨਾ ਹੀ ਨਹੀਂ ਸਗੋਂ ਇਸ ਵਿੱਚ ਜਾਨਵਰ ਅਤੇ ਪੌਦਿਆਂ ਨੂੰ ਨਾ ਖ਼ਤਮ ਕਰਨਾ ਵੀ ਸ਼ਾਮਲ ਹੈ ਕਿਉਂਕਿ ਮਨੂ ਅਨੁਸਾਰ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ ਪਰਮਾਤਮਾ ਨੇ ਸ੍ਰਿਸ਼ਟੀ ਪੈਦਾ ਕਰਨ ਸਮੇਂ ਸਾਰੇ ਤਰ੍ਹਾਂ ਦੇ ਜੀਵ ਹਿੰਸਕ ਅਤੇ ਅਹਿੰਸਕ , ਦਿਆਵਾਨ ਅਤੇ ਨਿਰਦਈ , ਚੰਗੇ-ਬੁਰੇ , ਸੱਚੇ-ਝੂਠੇ ਪੈਦਾ ਕੀਤੇ ਅਤੇ ਆਪ ਉਹਨਾਂ ਵਿੱਚ ਵਾਸ ( ਰਹਿਣ ਲਗਾ ) ਕੀਤਾ । ਇੱਥੇ ਹਿੰਸਾ ਦਾ ਅਰਥ ਜਾਨੋਂ ਮਾਰਨਾ ਅਤੇ ਅਹਿੰਸਾ ਦਾ ਅਰਥ ਜਾਨਦਾਰ ਜੀਵਾਂ ਨੂੰ ਕਸ਼ਟ ਨਾ ਪਹੁੰਚਾਉਣਾ ਹੈ ।

ਅਹਿੰਸਾ ਦਾ ਜਾਨ ਤੋਂ ਨਾ ਮਾਰਨ ਤੋਂ ਇਲਾਵਾ ਭਾਵ ਹੈ ਮਨ ਦੀ ਪਵਿੱਤਰਤਾ ਭਾਵ ਬੁਰੇ ਵਿਚਾਰਾਂ ਨੂੰ ਮਨ ਵਿੱਚ ਨਾ ਆਉਣ ਦੇਣਾ , ਸੱਚ ਅਤੇ ਮਧੁਰ ਸ਼ਬਦ ਬੋਲਣਾ ਆਦਿ । ਇਸ ਲਈ ਮਨੂ ਅਨੁਸਾਰ ਅਹਿੰਸਾ ਤਿੰਨ ਪ੍ਰਕਾਰ ਦੀ ਹੈ; ਵਿਚਾਰਾਂ ਵਿੱਚ , ਸ਼ਬਦਾਂ ਵਿੱਚ ਅਤੇ ਕੰਮਾਂ ਵਿੱਚ ।

ਮਨੂ ਅਨੁਸਾਰ ਕਿਸੇ ਦਾ ਧਨ ਚੋਰੀ ਕਰਨ ਬਾਰੇ ਸੋਚਣਾ , ਕਿਸੇ ਨੂੰ ਨੁਕਸਾਨ ਪਹੁੰਚਾਉਣ ਬਾਰੇ ਸੋਚਣਾ , ਅਗਲੇ ਸੰਸਾਰ ਵਿੱਚ ਵਿਸ਼ਵਾਸ ਨਾ ਕਰਨਾ , ਤਿੰਨ ਮਾਨਸਿਕ ਅਨੈਤਿਕਤਾਵਾਂ ਹਨ । ਕਿਸੇ ਨੂੰ ਸਖ਼ਤ ਸ਼ਬਦ ( ਦੁਖਦਾਈ ਸ਼ਬਦ ) ਬੋਲਣਾ , ਝੂਠ ਬੋਲਣਾ ਚੁਗ਼ਲੀ ਕਰਨਾ , ਅਨੈਤਿਕ ਸ਼ਾਬਦਿਕ ਕੰਮ ਹਨ । ਕਿਸੇ ਦਾ ਧਨ ਚੁਰਾਉਣਾ , ਗ੍ਰੰਥਾਂ ਵਿੱਚ ਮਨ੍ਹਾ ਕੀਤੇ ਜੀਵਾਂ ਨੂੰ ਮਾਰਨਾ , ਬਦਕਾਰੀ ਤਿੰਨ ਅਨੈਤਿਕ ਕੰਮ ਹਨ ।

ਅਹਿੰਸਾ ਜੈਨੀਆਂ ਦੇ ਦਰਸ਼ਨ ਅਤੇ ਨੈਤਿਕ ਸਿਧਾਂਤ ਦਾ ਆਧਾਰ ਹੈ । ਇਸ ਕਰਕੇ ਹੀ ਜੈਨ ਧਰਮ ਨੂੰ ਅਹਿੰਸਾ ਦਾ ਸਮਾਨ-ਅਰਥੀ ਸਮਝਿਆ ਜਾਂਦਾ ਹੈ । ਜੈਨ ਧਰਮ ਵਿੱਚ ਕਿਸੇ ਵੀ ਜਾਨਦਾਰ ਵਸਤੂ ਨੂੰ ਨੁਕਸਾਨ ਪਹੁੰਚਾਉਣ ਵਿਰੁੱਧ ਸਖ਼ਤ ਆਦੇਸ਼ ਹਨ । ਜੈਨੀਆਂ ਅਨੁਸਾਰ ਧਰਤੀ , ਪਾਣੀ , ਹਵਾ , ਅਗਨੀ ਦੇ ਅਣੂਆਂ ਤੋਂ ਲੈ ਕੇ ਮਨੁੱਖ ਤੱਕ ਸਭ ਵਸਤਾਂ ਵਿੱਚ ਆਤਮਾ ਹੈ । ਜਿਨ੍ਹਾਂ ਵਿੱਚ ਸਿਰਫ਼ ਚੇਤਨਤਾ ਦੀ ਮਾਤਰਾ ਅਤੇ ਇੰਦਰੀਆਂ ਦੀ ਗਿਣਤੀ ਵਿੱਚ ਫ਼ਰਕ ਹੈ ।

ਅਹਿੰਸਾ ਨਾਲ ਹੀ ਸਾਰੇ ਨੈਤਿਕ ਨਿਯਮਾਂ ਨੂੰ ਸਮਝਣ ਅਤੇ ਅਮਲੀ ਰੂਪ ਵਿੱਚ ਅਪਣਾਉਣ ਵਿੱਚ ਸਹਾਇਤਾ ਮਿਲਦੀ ਹੈ । ਇਹ ਜਾਗਰੂਕਤਾ ਕਿ ਸਾਰੇ ਜੀਵਾਂ ਵਿੱਚ ਆਤਮਾ ਹੈ ਅਤੇ ਸਾਰੇ ਬਰਾਬਰ ਹਨ ਸਾਰੇ ਭੇਦਭਾਵਾਂ ਨੂੰ ਦੂਰ ਕਰਦੀ ਹੈ , ਮਾਫ਼ ਕਰਨਾ ਅਤੇ ਦੂਸਰਿਆਂ ਦੀਆਂ ਵਸਤਾਂ ਦਾ ਲਾਲਚ ਨਾ ਕਰਨਾ ਸਿਖਾਉਂਦੀ ਹੈ । ਇਸ ਤਰ੍ਹਾਂ ਜੈਨ ਧਰਮ ਅਨੁਸਾਰ ਵੀ ਅਹਿੰਸਾ ਪਿਆਰ , ਦਿਆ ਅਤੇ ਦੋਸਤੀ ਦਾ ਸਬਕ ਦਿੰਦੀ ਹੈ ।

ਬੁੱਧ ਧਰਮ ਵੀ ਜਾਨਦਾਰ ਜੀਵਾਂ , ਪੌਦਿਆਂ , ਜਾਨਵਰਾਂ , ਸੂਖ਼ਮ ਜੀਵਾਂ ਨੂੰ ਨਾ ਮਾਰਨ ਦੀ ਸਿੱਖਿਆ ਦਿੰਦਾ ਹੈ । ਇਹ ਸਭ ਗੱਲਾਂ ਬੁੱਧ ਧਰਮ ਤੋਂ ਪਹਿਲਾਂ ਹੀ ਕਹੀਆਂ ਜਾ ਚੁੱਕੀਆਂ ਹਨ । ਬੁੱਧ ਧਰਮ ਦਾ ਯੋਗਦਾਨ ਅਹਿੰਸਾ ਦੇ ਹਾਂ ਪੱਖੀ ( Positive Aspect ) ਸਰੂਪ ਨੂੰ ਸਾਮ੍ਹਣੇ ਲਿਆਉਣਾ ਹੈ ।

ਬੁੱਧ ਧਰਮ ਅਨੁਸਾਰ ਦੁਸ਼ਮਣੀ ਨੂੰ ਕਦੀ ਵੀ ਦੁਸ਼ਮਣੀ ਨਾਲ ਖ਼ਤਮ ਨਹੀਂ ਕੀਤਾ ਜਾ ਸਕਦਾ ਸਗੋਂ ਪਿਆਰ ਅਤੇ ਦੋਸਤੀ ਨਾਲ ਹੀ ਖ਼ਤਮ ਕੀਤਾ ਜਾ ਸਕਦਾ ਹੈ । ਇਹ ਇੱਕ ਅਟੱਲ ਨਿਯਮ ਹੈ । ਬੁੱਧ ਧਰਮ ਅਨੁਸਾਰ ਹਿੰਸਾ ਉੱਪਰ ਕਾਬੂ ਪਾਉਣ ਲਈ ਅਹਿੰਸਾ ਦੀ ਜ਼ਰੂਰਤ ਹੈ ਕਿਉਂਕਿ ਨਫ਼ਰਤ ਨੂੰ ਪਿਆਰ ਨਾਲ ਹੀ ਜਿੱਤਿਆ ਜਾ ਸਕਦਾ ਹੈ । ਬੁੱਧ ਧਰਮ ਪਿਆਰ ਅਤੇ ਮਿੱਤਰਤਾ ਦਾ ਪਾਠ ਪੜ੍ਹਾਉਂਦਾ ਹੈ । ਜੇਕਰ ਵਿਅਕਤੀਗਤ ਸੰਬੰਧਾਂ ਵਿੱਚ ਪਿਆਰ ਹੋਵੇ ਤਾਂ ਸਮਾਜ ਵਿੱਚ ਸਭ ਤਰ੍ਹਾਂ ਦੇ ਝਗੜੇ ਖ਼ਤਮ ਹੋ ਜਾਣਗੇ ।

ਸਿੱਖ ਧਰਮ ਵਿੱਚ ਅਤਿ ਦੀ ਅਹਿੰਸਾ ਤੇ ਤਿਆਗ ਦੇ ਰਸਤੇ ਦੀ ਨਿਖੇਧੀ ਕੀਤੀ ਗਈ ਹੈ । ਸਿੱਖ ਧਰਮ ਵਿੱਚ ਕਿਹਾ ਗਿਆ ਹੈ ਕਿ ਜੈਨੀ ਆਪਣਾ ਪੈਰ ਰੱਖਣ ਤੋਂ ਪਹਿਲਾਂ ਰਸਤਾ ਸਾਫ਼ ਕਰਦੇ ਹਨ ਤਾਂ ਕਿ ਕਿਸੇ ਜੀਵ ਦੀ ਹੱਤਿਆ ਨਾ ਹੋਵੇ ਪਰ ਜੀਵਨ ਦੇਣ ਜਾਂ ਲੈਣ ਵਾਲਾ ਤਾਂ ਸਿਰਫ਼ ਪਰਮਾਤਮਾ ਹੈ । ਜੈਨੀਆਂ ਨੂੰ ਦਲੀਲ ਦਿੰਦੇ ਹੋਏ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਕਹਿੰਦੇ ਹਨ ਕਿ ਅਹਿੰਸਾ ਸਾਪੇਖ ਸੰਕਲਪ ਹੈ । ਅਸੀਂ ਇੱਕ ਜੀਵ ਨੂੰ ਬਚਾਉਣ ਲਈ ਕਿਸੇ ਦੂਸਰੇ ਨੂੰ ਖ਼ਤਮ ਕਰਦੇ ਹਾਂ । ਕੁਦਰਤ ਵੀ ਸੁਰੱਖਿਆ ਦਿੰਦਿਆਂ ਦੂਸਰਿਆਂ ਲਈ ਹਿੰਸਕ ਅਤੇ ਨਾਸ਼ਵਾਨ ਹੋ ਜਾਂਦੀ ਹੈ । ਸਿੱਖ ਗੁਰੂਆਂ ਨੇ ਅਹਿੰਸਾ ਦੇ ਸਥਾਨ ਤੇ ਆਪਣੇ ਸਾਥੀਆਂ ਨਾਲ ਪਿਆਰ ਅਤੇ ਹਮਦਰਦੀ ਦੇ ਰਸਤੇ ਨੂੰ ਤਰਜੀਹ ਦਿੱਤੀ ਹੈ । ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਨੇ ਔਰੰਗਜ਼ੇਬ ਨੂੰ ਲਿਖੇ ਖਤ ਜਿਸਨੂੰ ਜਫ਼ਰਨਾਮਾ ਕਿਹਾ ਜਾਂਦਾ ਹੈ , ਵਿੱਚ ਕਿਹਾ ਹੈ ਕਿ ਜਦੋਂ ਬੁਰਾਈ ਨੂੰ ਦੂਰ ਕਰਨ ਦੇ ਸਾਰੇ ਸਾਧਨ ਖ਼ਤਮ ਹੋ ਜਾਣ ਤਾਂ ਤਲਵਾਰ ਦੀ ਵਰਤੋਂ ਕਰਨੀ ਜਾਇਜ਼ ਹੈ । ਗੁਰੂ ਗੋਬਿੰਦ ਸਿੰਘ ਨੇ ਆਪ ਵੀ ਮੁਗ਼ਲਾਂ ਦੇ ਅਤਿਆਚਾਰਾਂ ਵਿਰੁੱਧ ਕਈ ਲੜਾਈਆਂ ਲੜੀਆਂ ਅਤੇ ਆਪਣੇ ਪਰਵਾਰ ਸਮੇਤ ਸਿੱਖ ਧਰਮ ਲਈ ਮਹਾਨ ਕੁਰਬਾਨੀਆਂ ਕੀਤੀਆਂ ।

ਮਹਾਤਮਾ ਗਾਂਧੀ ਨੂੰ ਵੀ ਅਹਿੰਸਾ ਦਾ ਪੁਜਾਰੀ ਕਿਹਾ ਜਾਂਦਾ ਹੈ । ਮਹਾਤਮਾ ਗਾਂਧੀ ਦੇ ਅਹਿੰਸਾ ਪ੍ਰਤਿ ਵਿਚਾਰ ਪੁਰਾਤਨ ਭਾਰਤੀ ਦਰਸ਼ਨ , ਜਿਸ ਵਿੱਚ ਖ਼ਾਸ ਕਰਕੇ ਉਪਨਿਸ਼ਦ , ਬੁੱਧ ਧਰਮ ਅਤੇ ਜੈਨ ਧਰਮ ਆਉਂਦੇ ਹਨ , ਤੋਂ ਕਾਫ਼ੀ ਪ੍ਰਭਾਵਿਤ ਹਨ । ਮਹਾਤਮਾ ਗਾਂਧੀ ਨੇ ਅਹਿੰਸਾ ਦੇ ਅਰਥਾਂ ਨੂੰ ਨਵੀਂ ਸੇਧ ਦੇ ਕੇ ਉਸ ਦੇ ਖੇਤਰ ਦਾ ਵਿਸਥਾਰ ਕੀਤਾ । ਗਾਂਧੀ ਨੇ ਅਹਿੰਸਾ ਨੂੰ ਸਮਾਜਿਕ , ਆਰਥਿਕ ਅਤੇ ਰਾਜਨੀਤਿਕ ਸਮੱਸਿਆਵਾਂ ਸੁਲਝਾਉਣ ਦੇ ਸਾਧਨ ਦੇ ਰੂਪ ਵਿੱਚ ਵਰਤਿਆ । ਗਾਂਧੀ ਅਨੁਸਾਰ ਅਹਿੰਸਾ ਦੇ ਦੋ ਪੱਖ ਹਨ : ਨਿਖੇਧਾਤਮਕ ਅਤੇ ਵਿਧਾਨਆਤਮਕ । ਨਿਖੇਧਆਤਮਕ ਰੂਪ ਵਿੱਚ ਇਸ ਦਾ ਅਰਥ ਕਿਸੇ ਵੀ ਜਾਨਦਾਰ ਪ੍ਰਾਣੀ ਨੂੰ ਮਾਨਸਿਕ ਜਾਂ ਸਰੀਰਕ ਹਾਨੀ ਨਾ ਪਹੁੰਚਾਉਣਾ ਹੈ । ਆਪਣੀ ਇੱਛਾ ਨਾਲ ਆਪ ਦੁਖ ਸਹਿਣਾ ਅਹਿੰਸਾ ਲਈ ਜ਼ਰੂਰੀ ਹੈ ਨਾ ਕਿ ਇੱਛਾ ਨਾਲ ਕਿਸੇ ਨੂੰ ਹਾਨੀ ਪਹੁੰਚਾਉਣੀ । ਵਿਧਾਨਆਤਮਕ ਰੂਪ ਵਿੱਚ ਅਹਿੰਸਾ ਤੋਂ ਭਾਵ ਜ਼ਿਆਦਾ ਪਿਆਰ ਅਤੇ ਮਹਾਨ ਸੇਵਾ । ਅਹਿੰਸਾ ਵਿੱਚ ਪਿਆਰ ਅਤੇ ਨਿਡਰਤਾ ਹੁੰਦੀ ਹੈ ।

ਅਹਿੰਸਾ ਵਿੱਚ ਵਿਸ਼ਵਾਸ ਰੱਖਣ ਵਾਲੇ ਵਿਅਕਤੀ ਕਿਸੇ ਪ੍ਰਤਿ ਘਿਰਨਾ ਨਹੀਂ ਕਰਦਾ ਅਤੇ ਕਿਸੇ ਨੂੰ ਆਪਣਾ ਵੈਰੀ ਨਹੀਂ ਸਮਝਦਾ । ਗਾਂਧੀ ਦੀ ਅਹਿੰਸਾ ਦਾ ਵਿਧਾਨਆਤਮਕ ਪੱਖ ਆਪਣੇ ਵਿੱਚ ਪਿਆਰ ਅਤੇ ਸਚਾਈ ਨੂੰ ਸਮਾ ਲੈਂਦਾ ਹੈ । ਗਾਂਧੀ ਅਨੁਸਾਰ ਅਹਿੰਸਾ ਅਤੇ ਸਚਾਈ ਆਪਸ ਵਿੱਚ ਇਸ ਤਰ੍ਹਾਂ ਗੁੰਦੇ ਹੋਏ ਹਨ ਕਿ ਇਹਨਾਂ ਵਿੱਚ ਫ਼ਰਕ ਜਾਂ ਇਹਨਾਂ ਨੂੰ ਅਲੱਗ ਕਰਨਾ ਅਸੰਭਵ ਹੈ । ਇਹ ਨਾ ਸਿਰਫ਼ ਸਚਾਈ ਪਾਉਣ ਦਾ ਸਾਧਨ ਮਾਤਰ ਹੈ ਸਗੋਂ ਇਹ ਮਨੁੱਖ ਦਾ ਕਰਤੱਵ ਹੈ । ਗਾਂਧੀ ਲਈ ਸਚਾਈ ਹੀ ਪਰਮਾਤਮਾ ਹੈ । ਸੋ ਜੇਕਰ ਅਸੀਂ ਸਚਾਈ ਦੇ ਰਸਤੇ ਤੇ ਚੱਲਦੇ ਹਾਂ ਭਾਵ ਅਹਿੰਸਾ ਨੂੰ ਅਪਣਾਉਂਦੇ ਹਾਂ ਤਾਂ ਗਾਂਧੀ ਜੀ ਅਨੁਸਾਰ ਇੱਕ ਨਾ ਇੱਕ ਦਿਨ ਜ਼ਰੂਰ ਪਰਮਾਤਮਾ ਨੂੰ ਪਾ ਲਵਾਂਗੇ ।

ਗਾਂਧੀ ਅਨੁਸਾਰ ਅਹਿੰਸਾ ਡਰਪੋਕ ਹੋਣਾ ਨਹੀਂ ਸਗੋਂ ਅਹਿੰਸਾ ਬਹਾਦਰ ਵਿਅਕਤੀ ਦਾ ਗੁਣ ਹੈ ਕਿਉਂਕਿ ਇੱਕ ਬਹਾਦਰ ਵਿਅਕਤੀ ਹੀ ਮੌਤ ਦਾ ਸਾਮ੍ਹਣਾ ਕਰ ਸਕਦਾ ਹੈ । ਗਾਂਧੀ ਅਨੁਸਾਰ ਜਿਸ ਵਿਅਕਤੀ ਦੇ ਹੱਥ ਵਿੱਚ ਤਲਵਾਰ ਹੈ ਉਹ ਤਾਂ ਬਹਾਦਰ ਹੈ ਹੀ ਪਰ ਜੋ ਵਿਅਕਤੀ ਬਿਨਾਂ ਉਂਗਲ ਉਠਾਏ ਸਾਮ੍ਹਣਾ ਕਰਦਾ ਹੈ । ਉਹ ਉਸਤੋਂ ਵੀ ਬਹਾਦਰ ਹੈ ।

ਗਾਂਧੀ ਅਨੁਸਾਰ ਅਹਿੰਸਾ ਹੀ ਘਿਰਨਾ ਅਤੇ ਯੁੱਧ ਖ਼ਤਮ ਕਰਕੇ ਸ਼ਾਂਤੀ ਲਿਆਉਣ ਦਾ ਸੱਚਾ ਮਾਰਗ ਹੈ । ਹਿੰਸਾ ਨਾਲ ਹਿੰਸਾ ਸਹਿਣ ਵਾਲੇ ਵਿਅਕਤੀ ਦੇ ਦਿਲ ਵਿੱਚ ਬਦਲੇ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਉਹ ਬਦਲੇ ਵਿੱਚ ਹੋਰ ਹਿੰਸਕ ਕੰਮ ਕਰਦਾ ਹੈ । ਇਸ ਤਰ੍ਹਾਂ ਹਿੰਸਾ ਵਿੱਚ ਵਾਧਾ ਹੁੰਦਾ ਹੈ । ਸੋ ਆਪਣੇ ਦੁਸ਼ਮਣ ਨੂੰ ਜਿੱਤਣ ਦਾ ਤਰੀਕਾ ਹੈ ਕਿ ਉਸ ਨਾਲ ਪਿਆਰ ਨਾਲ ਵਿਚਾਰ-ਵਟਾਂਦਰਾ ਕਰੋ । ਇਸ ਤਰ੍ਹਾਂ ਘਿਰਨਾ , ਪਿਆਰ ਅਤੇ ਦੋਸਤੀ ਵਿੱਚ ਬਦਲ ਜਾਵੇਗੀ । ਗਾਂਧੀ ਅਨੁਸਾਰ ਇਹ ਜ਼ਰੂਰੀ ਨਹੀਂ ਕਿ ਅਸੀਂ ਹੀ ਹਮੇਸ਼ਾਂ ਠੀਕ ਹੋਈਏ । ਸੋ ਅਹਿੰਸਾ ਅਤੇ ਵਿਚਾਰ- ਵਟਾਂਦਰੇ ਦੁਆਰਾ ਅਸੀਂ ਉਹਨਾਂ ਵਿਅਕਤੀਆਂ ਨੂੰ ਹਾਨੀ ਪਹੁੰਚਾਉਣ ਤੋਂ ਬਚ ਜਾਵਾਂਗੇ ਜੋ ਆਪਣੇ ਵੱਲੋਂ ਠੀਕ ਵਿਚਾਰ ਰੱਖਦੇ ਹੋਣ । ਇਸ ਤਰ੍ਹਾਂ ਗਾਂਧੀ ਅਨੁਸਾਰ ਅਸੀਂ ਬਹੁਤ ਸਾਰੇ ਸਮਾਜਿਕ , ਆਰਥਿਕ , ਅਤੇ ਰਾਜਨੀਤਿਕ ਜਿਵੇਂ ਮਜ਼ਦੂਰ ਅਤੇ ਪੂੰਜੀਪਤੀ , ਨੀਵੀਆਂ ਅਤੇ ਉੱਚੀਆਂ ਜਾਤਾਂ , ਰਾਜ ਕਰਨ ਵਾਲੇ ਤੇ ਪਰਜਾ ਵਿਚਕਾਰ ਝਗੜਿਆਂ ਤੋਂ ਬਚ ਸਕਦੇ ਹਾਂ ।

ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਅਹਿੰਸਾ ਦਾ ਭਾਵ ਕਿਸੇ ਨੂੰ ਮਨ , ਵਚਨ ਅਤੇ ਸਰੀਰ ਤੋਂ ਹਾਨੀ ਨਾ ਪਹੁੰਚਾਉਣਾ ਹੀ ਨਹੀਂ ਸਗੋਂ ਆਪ ਦੁਖ ਸਹਿ ਕੇ ਵੀ ਕਿਸੇ ਦੇ ਸ੍ਵੈ-ਅਭਿਮਾਨ ਨੂੰ ਚੋਟ ਨਾ ਪਹੁੰਚਾਉਣਾ ਅਤੇ ਬਹੁਤ ਸਾਰੀਆਂ ਮੁਸ਼ਕਲਾਂ ਨੂੰ ਹੱਲ ਕਰਨ ਦਾ ਤਰੀਕਾ ਹੈ । ਇਸ ਲਈ ਆਤਮ-ਸੰਜਮ ਅਤੇ ਅਨੁਸਾਸ਼ਨ ਦੀ ਜ਼ਰੂਰਤ ਹੈ । ਸੋ ਅਹਿੰਸਾ ਪਰਮਾਤਮਾ ਨਾਲ ਪਿਆਰ ਦਾ ਹੀ ਰੂਪ ਹੈ ।


ਲੇਖਕ : ਪਰਮਿੰਦਰ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 240, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-02-22-10-34-53, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.