ਊਧਮ ਸਿੰਘ ਨਾਗੋਕੇ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਊਧਮ ਸਿੰਘ ਨਾਗੋਕੇ (1894-1966 ਈ.): ਮਾਝੇ ਦੇ ਪ੍ਰਸਿੱਧ ਦੇਸ਼ ਅਤੇ ਪੰਥ ਸੇਵਕ ਸ. ਊਧਮ ਸਿੰਘ ਦਾ ਜਨਮ 28 ਅਪ੍ਰੈਲ 1894 ਈ. ਨੂੰ ਭਾਈ ਬੇਲਾ ਸਿੰਘ ਦੇ ਘਰ ਮਾਈ ਆਸ ਕੌਰ ਦੀ ਕੁੱਖੋਂ ਪਿੰਡ ਨਾਗੋਕੇ, ਜ਼ਿਲ੍ਹਾ ਅੰਮ੍ਰਿਤਸਰ ਵਿਚ ਹੋਇਆ। ਤਕੜੇ ਕਦ-ਕਾਠ ਵਾਲੇ ਊਧਮ ਸਿੰਘ ਨੇ ਪਹਿਲਾਂ ਫ਼ੌਜ ਦੀ ਨੌਕਰੀ ਸ਼ੁਰੂ ਕੀਤੀ, ਪਰ ਉਥੋਂ ਦੇ ਕਠੋਰ ਅਨੁਸ਼ਾਸਨ ਨਾਲ ਨ ਪੁਗ ਸਕਣ ਕਾਰਣ ਛਡ ਕੇ, ਸੰਨ 1920 ਈ. ਵਿਚ ਪਿੰਡ ਪਰਤ ਆਏ ਅਤੇ ਗੁਰਦੁਆਰਾ ਸੁਧਾਰ ਲਹਿਰ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਲਗ ਗਏ। ਹਰਿਮੰਦਿਰ ਸਾਹਿਬ ਅੰਮ੍ਰਿਤਸਰ ਦੇ ਤੋਸ਼ਾਖ਼ਾਨੇ ਦੀਆਂ ਚਾਬੀਆਂ ਲੈਣ ਦੇ ਮਾਮਲੇ ਵਿਚ ਆਪ ਨੂੰ ਛੇ ਮਹੀਨੇ ਕੈਦ ਹੋਈ। ਫਿਰ ‘ਗੁਰੂ ਕਾ ਬਾਗ਼ ’ ਮੋਰਚੇ ਵਿਚ ਹਿੱਸਾ ਲੈ ਕੇ ਇਕ ਸਾਲ ਕੈਦ ਕਟੀ। ਜੱਥੇਦਾਰ ਅਕਾਲ-ਤਖ਼ਤ ਦੀ ਹੈਸੀਅਤ ਵਿਚ ਆਪ ਨੇ ਜੈਤੋ ਦੇ ਮੋਰਚੇ ਲਈ ਪਹਿਲੇ ਜੱਥੇ ਦੀ ਅਗਵਾਈ ਕਰਨੀ ਸੀ , ਪਰ ਇਕ ਦਿਨ ਪਹਿਲਾਂ 8 ਫਰਵਰੀ 1924 ਈ. ਨੂੰ ਆਪ ਨੂੰ ਪਕੜ ਲਿਆ ਗਿਆ ਅਤੇ ਦੋ ਸਾਲ ਦੀ ਕੈਦ ਭੁਗਤਣੀ ਪਈ।
ਸੰਨ 1926 ਈ. ਵਿਚ ਕੈਦ ਤੋਂ ਮੁਕਤ ਹੋਣ ’ਤੇ ਆਪ ਨੂੰ ਫਿਰ ਅਕਾਲ-ਤਖ਼ਤ ਦਾ ਜੱਥੇਦਾਰ ਬਣਾਇਆ ਗਿਆ। ਸਿੱਖ ਗੁਰਦੁਆਰਾ ਐਕਟ 1925 ਦੇ ਬਣਨ’ਤੇ ਆਪ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਚੁਣਿਆ ਗਿਆ ਅਤੇ ਸੰਨ 1954 ਈ. ਤਕ ਕਿਸੇ ਨ ਕਿਸੇ ਹੈਸੀਅਤ ਵਿਚ ਆਪ ਇਸ ਕਮੇਟੀ ਨਾਲ ਸੰਬੰਧਿਤ ਰਹੇ। ਇਸ ਦੌਰਾਨ ਆਪ ਦਰਬਾਰ ਸਾਹਿਬ ਕਮੇਟੀ ਦੇ ਮੈਂਬਰ ਵੀ ਰਹੇ ਅਤੇ ਗੁਰੂ ਰਾਮਦਾਸ ਨਿਵਾਸ ਦੀ ਇਮਾਰਤ ਉਸਰਵਾਉਣ ਵਿਚ ਆਪਣੀ ਸ਼ਲਾਘਾਯੋਗ ਭੂਮਿਕਾ ਨਿਭਾਈ। ਸੰਨ 1948 ਈ. ਅਤੇ 1952 ਈ. ਵਿਚ ਆਪ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ।
ਕਾਂਗ੍ਰਸ ਪਾਰਟੀ ਨਾਲ ਆਪ ਸੰਨ 1920 ਈ. ਤੋਂ ਸੰਬੰਧਿਤ ਚਲੇ ਆਏ। ਕਾਂਗ੍ਰਸ ਵਲੋਂ ਚਲਾਏ ‘ਸਿਵਲ ਨਾਫ਼ਰਮਾਨੀ ਅੰਦੋਲਨ’ ਵਿਚ ਭਾਗ ਲੈ ਕੇ ਇਕ ਸਾਲ ਦੀ ਸਜ਼ਾ ਪਾਈ। ਸੰਨ 1942 ਵਿਚ ‘ਭਾਰਤ ਛੋੜੋ ਅੰਦੋਲਨ’ ਵਿਚ ਭਾਗ ਲੈ ਕੇ ਤਿੰਨ ਸਾਲ ਦੀ ਸਜ਼ਾ ਭੁਗਤੀ। ਜੇਲ੍ਹੋਂ ਮੁਕਤ ਹੋਣ ਤੇ ਸੰਨ 1946 ਈ. ਵਿਚ ਪੰਜਾਬ ਲੈਜਿਸਲੇਟਿਵ ਕੌਂਸਲ ਦੇ ਮੈਂਬਰ ਚੁਣੇ ਗਏ। ਦੇਸ਼ ਦੀ ਆਜ਼ਾਦੀ ਤੋਂ ਬਾਦ ਸੰਨ 1952 ਈ. ਵਿਚ ਆਪ ਨੂੰ ਭਾਰਤ ਸੇਵਕ ਸਮਾਜ ਦਾ ਮੁੱਖੀ ਬਣਾਇਆ ਗਿਆ। ਸੰਨ 1953 ਈ. ਵਿਚ ਕਾਂਗ੍ਰਸ ਪਾਰਟੀ ਵਲੋਂ ਰਾਜੑਯ ਸਭਾ ਦੇ ਮੈਂਬਰ ਨਾਮਜ਼ਦ ਹੋਏ ਅਤੇ ਸੰਨ 1960 ਈ. ਤਕ ਇਸ ਪਦੀ ਨੂੰ ਮਾਣਦੇ ਰਹੇ। ਸੰਨ 1960 ਈ. ਵਿਚ ਰਾਜਗੋਪਾਲ ਆਚਰਯ ਵਲੋਂ ਸ਼ੁਰੂ ਕੀਤੀ ਸੁਤੰਤਰ ਪਾਰਟੀ ਵਿਚ ਆਪ ਸ਼ਾਮਲ ਹੋ ਗਏ ਅਤੇ ਉਸ ਦੀ ਪੰਜਾਬ ਸ਼ਾਖਾ ਦੇ ਪਹਿਲੇ ਮੁਖੀ ਬਣੇ।
ਅਕਾਲੀ ਪਾਰਟੀ ਨਾਲ ਸ਼ੁਰੂ ਤੋਂ ਹੀ ਆਪ ਸੰਬੰਧਿਤ ਰਹੇ। ਸੰਨ 1935 ਈ. ਵਿਚ ਆਪ ਨੂੰ ਸ਼ੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਗਿਆ। ਸੰਨ 1942 ਈ. ਤੋਂ ਮਾਸਟਰ ਤਾਰਾ ਸਿੰਘ ਨਾਲ ਮਤ-ਵਿਰੋਧ ਹੋਣ ਕਾਰਣ ਉਨ੍ਹਾਂ ਦੇ ਧੜੇ ਤੋਂ ਵਖ ਹੋ ਗਏ ਅਤੇ 1948 ਈ. ਵਿਚ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵਿਚ ਮਾਸਟਰ ਤਾਰਾ ਸਿੰਘ ਨੂੰ ਹਰਾਇਆ। ਸੰਨ 1947 ਈ. ਦੇ ਦੰਗਿਆਂ ਵੇਲੇ ਆਪ ਨੇ ਦਰਾਬਾਰ ਸਾਹਿਬ ਨੂੰ ਦੰਗਈਆਂ ਤੋਂ ਬਚਾਉਣ ਲਈ ਉਚੇਚੀ ਭੂਮਿਕਾ ਨਿਭਾਈ।
ਅਨੇਕ ਵਾਰ ਜੇਲ੍ਹਾਂ ਵਿਚ ਕੈਦ ਕਟਣ ਕਾਰਣ ਆਪ ਦੀ ਸਿਹਤ ਖ਼ਰਾਬ ਰਹਿਣ ਲਗ ਗਈ। ਫਲਸਰੂਪ 11 ਜਨਵਰੀ, 1966 ਈ. ਨੂੰ ਚੰਡੀਗੜ੍ਹ ਵਿਚ ਆਪ ਦਾ ਦੇਹਾਂਤ ਹੋ ਗਿਆ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1190, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਊਧਮ ਸਿੰਘ ਨਾਗੋਕੇ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਊਧਮ ਸਿੰਘ ਨਾਗੋਕੇ (1894-1966): ਇਸ ਪਿੰਡ ਦੇ ਸਨਮਾਨ ਯੋਗ ਤਿੰਨਾਂ ਵਿਅਕਤੀਆਂ ਵਿਚੋਂ ਇਕ ਸਨ , ਜਿਨ੍ਹਾਂ ਨੇ ਵਰਿਆਂ ਬੱਧੀ ਸ਼ਾਨ ਅਤੇ ਪ੍ਰਭਾਵ ਵਿਚ ਵਾਧਾ ਕੀਤਾ ਅਤੇ ਮਾਝਾ ਪ੍ਰਦੇਸ਼ ਦੇ ਅਜੋਕੇ ਸਮੇਂ ਉੱਪਰ ਆਪਣੀ ਨਿਰਣਾਇਕ ਛਾਪ ਛੱਡੀ। ਇਹਨਾਂ ਨੇ ਦੋ ਹੋਰਾਂ ਨਾਲ ਵੀ ਆਪਣੇ ਨਾਂ ਦੀ ਚੜ੍ਹਤ ਦੀ ਹਿੱਸੇਦਾਰੀ ਪਾਈ। ਇਹ ਤਿੰਨੇ ਸਨ:, ਜਥੇਦਾਰ ਊਧਮ ਸਿੰਘ ਨਾਗੋਕੇ, ਮੋਹਨ ਸਿੰਘ ਨਾਗੋਕੇ (1896-1969) ਅਤੇ ਗਿਆਨੀ ਕਰਤਾਰ ਸਿੰਘ (1902-1974)। ਇਹ ਤਿੰਨੋਂ ਮੁੱਢ ਤੋਂ ਹੀ ਨਾਗੋਕੇ ਪਿੰਡ ਦੇ ਵਾਸੀ ਸਨ। ਗਿਆਨੀ ਕਰਤਾਰ ਸਿੰਘ ਉਹਨਾਂ ਵਿਚੋਂ ਅਜਿਹੇ ਸਨ ਜਿਨ੍ਹਾਂ ਨੇ ਆਪਣਾ ਵਾਸਾ ਲਾਇਲਪੁਰ ਦੀ ਨਵੀਂ ਬਣੀ ਨਹਿਰੀ ਕਲੋਨੀ ਵਿਚ ਕਰ ਲਿਆ ਸੀ ਅਤੇ ਆਪਣੇ ਆਪ ਨੂੰ ਇਸ ਕਲੋਨੀ ਦੇ ਸਰੋਕਾਰਾਂ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਕਰ ਦਿੱਤਾ ਸੀ। ਫਿਰ ਵੀ ਇਹਨਾਂ ਤਿੰਨਾਂ ਨੂੰ ਨਾਗੋਕੇ ਪਿੰਡ ਦੀ ਗੌਰਵਪੂਰਣ ਦੇਣ ਵਜੋਂ ਜਾਣਿਆ ਜਾਂਦਾ ਹੈ।
ਇਹਨਾਂ ਸਭ ਵਿਚੋਂ ਵੱਡੇ , ਊਧਮ ਸਿੰਘ ਦਾ ਜਨਮ 1894 ਵਿਚ, ਜ਼ਿਲਾ ਅੰਮ੍ਰਿਤਸਰ ਦੇ ਉਪਜਾਊ ਪਿੰਡ ਨਾਗੋਕੇ ਦੇ ਭਾਈ ਬੇਲਾ ਸਿੰਘ ਅਤੇ ਮਾਈ ਅਤਰ ਕੌਰ ਦੇ ਘਰ ਹੋਇਆ ਸੀ। ਚੌੜੀ ਛਾਤੀ ਵਾਲੇ ਛੇ ਫੁੱਟ ਲੰਬੇ ਨੌਜਵਾਨ ਊਧਮ ਸਿੰਘ ਨਾਗੋਕੇ ਜਿਵੇਂ ਫ਼ੌਜ ਵਿਚ ਭਰਤੀ ਹੋਣ ਲਈ ਹੀ ਬਣੇ ਸਨ ਅਤੇ ਫ਼ੌਜ ਹੀ ਇਹਨਾਂ ਦੀ ਪਹਿਲੀ ਪਸੰਦ ਸੀ ਪਰੰਤੂ ਇਹ ਫ਼ੌਜ ਵਿਚ ਬਹੁਤ ਥੋੜੇ ਸਮੇਂ ਲਈ ਹੀ ਰਹੇ। ਫ਼ੌਜ ਦੇ ਕਰੜੇ ਨੇਮ ਵਿਧਾਨ ਤੋਂ ਤੰਗ ਆ ਕੇ ਇਹਨਾਂ ਨੇ 1920 ਵਿਚ ਆਪਣੀ ਨੌਕਰੀ ਛੱਡ ਦਿੱਤੀ।
ਊਧਮ ਸਿੰਘ ਨਾਗੋਕੇ ਅਤੇ ਇਹਨਾਂ ਦੇ ਮਿੱਤਰਾਂ ਨੇ ਆਪਣੇ ਆਪ ਨੂੰ ਸਰਗਰਮ ਸਿੱਖ ਮਾਮਲਿਆਂ ਨਾਲ ਜੋੜ ਲਿਆ ਸੀ। 1921 ਵਿਚ ਵਾਪਰੇ ਨਨਕਾਣਾ ਸਾਹਿਬ ਦੇ ਦੁਖਾਂਤ ਨੇ ਰਾਜਨੀਤਿਕ ਸਰਗਰਮੀਆਂ ਦੇ ਬਹੁਤ ਸਾਰੇ ਦਰਵਾਜ਼ੇ ਖੋਲ੍ਹ ਦਿੱਤੇ ਸਨ ਅਤੇ ਕਈ ਉਤਸ਼ਾਹੀ ਨੌਜੁਆਨਾਂ ਨੇ ਰਾਜਨੀਤਿਕ ਅਖਾੜੇ ਵਿਚ ਆਪਣੀ ਥਾਂ ਬਣਾਉਣੀ ਚਾਹੀ। ਊਧਮ ਸਿੰਘ ਨੇ ਗੁਰਦੁਆਰਾ ਸੁਧਾਰ ਵਿਚ ਵਿਸ਼ੇਸ਼ ਰੁਚੀ ਲਈ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਅਧੀਨ ਲਈਆਂ ਗਈਆਂ ਹਰਿਮੰਦਰ ਸਾਹਿਬ ਦੇ ਖਜ਼ਾਨੇ ਦੀਆਂ ਚਾਬੀਆਂ ਨੂੰ ਮੁੜ ਵਾਪਸ ਲੈਣ ਲਈ ਚਲਾਏ ਗਏ ਅਕਾਲੀਆਂ ਦੇ ਸੰਘਰਸ਼ ਵਿਚ ਵੀ ਉਹਨਾਂ ਨੇ ਆਪਣਾ ਯੋਗਦਾਨ ਪਾਇਆ। ਜਦੋਂ ਡਿਪਟੀ ਕਮਿਸ਼ਨਰ ਦੇ ਪ੍ਰਤੀਨਿਧੀ ਨੇ ਦਰਬਾਰ ਸਾਹਿਬ ਦੇ ਅਹਾਤੇ ਵਿਚ ਆ ਕੇ ਚਾਬੀਆਂ ਦੇ ਗੁੱਛੇ ਨੂੰ ਲਾਲ ਕਪੜੇ ਵਿਚ ਬੰਨ ਕੇ ਵਾਪਸ ਕਰ ਦਿੱਤਾ ਤਾਂ ਅਕਾਲੀਆਂ ਨੇ ਇਸ ਗਲ ਨੂੰ ਜਿੱਤ ਦੇ ਸੰਕੇਤ ਵਜੋਂ ਸਮਝਿਆ। ਊਧਮ ਸਿੰਘ ਨਾਗੋਕੇ ਨੂੰ ਛੇ ਮਹੀਨਿਆਂ ਦੀ ਜੇਲ ਦੀ ਸਜ਼ਾ ਹੋਈ ਸੀ ਅਤੇ ਇਹ ਇਸ ਕੇਸ ਨਾਲ ਸੰਬੰਧਿਤ ਰਿਹਾ ਹੋਣ ਵਾਲੇ ਅੰਤਿਮ ਜੱਥੇ ਵਿਚੋਂ ਸਨ। ਇਹ ਗੁਰੂ ਕੇ ਬਾਗ ਮੋਰਚੇ ਵਿਚ ਵੀ ਸ਼ਾਮਲ ਹੋਏ ਅਤੇ ਇਹਨਾਂ ਨੂੰ ਪੁਲਸ ਦੇ ਅਤਿਆਚਾਰਾਂ ਨੂੰ ਵੀ ਸਹਿਣਾ ਪਿਆ। ਇਸ ਸਦੀ ਦੇ ਵੀਹਵੇਂ ਦਹਾਕੇ ਵਿਚ ਜੈਤੋ ਦੇ ਮੋਰਚੇ ਸਮੇਂ ਊਧਮ ਸਿੰਘ ਅਕਾਲ ਤਖ਼ਤ ਦੇ ਜਥੇਦਾਰ ਸਨ ਅਤੇ ਮੋਰਚੇ ਵਾਲੇ ਸਥਾਨ ‘ਤੇ ਜਾਣ ਵਾਲੇ ਪਹਿਲੇ ਸ਼ਹੀਦੀ ਜੱਥੇ ਦੀ ਅਗਵਾਈ ਕਰਨ ਲਈ ਨਿਰਧਾਰਿਤ ਕੀਤੇ ਗਏ ਸਨ। ਪਰੰਤੂ 8 ਫਰਵਰੀ 1924 ਨੂੰ ਇਹਨਾਂ ਦੇ ਕੂਚ ਕਰਨ ਤੋਂ ਕੁਝ ਸਮਾਂ ਪਹਿਲਾਂ ਹੀ ਇਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਦੋ ਸਾਲਾਂ ਲਈ ਜੇਲ ਭੇਜ ਦਿੱਤਾ ਗਿਆ। ਇਹ ਸਮਾਂ ਇਹਨਾਂ ਨੇ ਸੈਂਟਰਲ ਜੇਲ, ਮੁਲਤਾਨ ਵਿਚ ਗੁਜਾਰਿਆ। 1926 ਵਿਚ ਇਹਨਾਂ ਦੇ ਰਿਹਾ ਹੋਣ ‘ਤੇ, ਇਹਨਾਂ ਨੂੰ ਫਿਰ ਦੁਬਾਰਾ ਅਕਾਲ ਤਖ਼ਤ ਦਾ ਜਥੇਦਾਰ ਨਿਯੁਕਤ ਕੀਤਾ ਗਿਆ। ਉਦੋਂ ਤਕ ਸਿੱਖ ਗੁਰਦੁਆਰਾ ਐਕਟ ਨੂੰ ਵੀ ਸੰਵਿਧੀ-ਸੰਗ੍ਰਹਿ (ਕਾਨੂੰਨ-ਪੁਸਤਕ) ਵਿਚ ਸ਼ਾਮਿਲ ਕਰ ਲਿਆ ਗਿਆ ਸੀ। ਇਸ ਐਕਟ ਦੇ ਅਧੀਨ ਹੋਈਆਂ ਚੋਣਾਂ ਵਿਚ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਗਏ ਅਤੇ 1954 ਤਕ ਲਗਾਤਾਰ ਚੁਣੇ ਜਾਂਦੇ ਰਹੇ। 1930 ਤੋਂ 1933 ਤਕ ਦੇ ਸਮੇਂ ਦੌਰਾਨ ਇਹ ਦਰਬਾਰ ਸਾਹਿਬ ਕਮੇਟੀ ਦੇ ਮੈਂਬਰ ਰਹੇ ਅਤੇ ਯਾਤਰੀ ਸਰਾਂ ਤਥਾ ਗੁਰੂ ਰਾਮ ਦਾਸ ਨਿਵਾਸ ਦੀ ਇਤਿਹਾਸਿਕ ਇਮਾਰਤ ਦੀ ਉਸਾਰੀ ਦੇ ਕੰਮ ਕਾਜ ਨੂੰ ਦੇਖਦੇ ਰਹੇ। 1948 ਵਿਚ ਅਤੇ ਦੁਬਾਰਾ ਫਿਰ 1952 ਵਿਚ ਇਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ।
1929 ਵਿਚ, ਜਥੇਦਾਰ ਊਧਮ ਸਿੰਘ ਨਾਗੋਕੇ ਨੇ ਖੇਤੀ ਸੰਬੰਧੀ ਟੈਕਸ ਵਿਚ ਵਾਧਾ ਕੀਤੇ ਜਾਣ ਦੇ ਵਿਰੁੱਧ ਪੰਜਾਬ ਕਿਸਾਨ ਅੰਦੋਲਨ ਦੀ ਅਗਵਾਈ ਕੀਤੀ ਅਤੇ ਇਹਨਾਂ ਨੂੰ ਇਕ ਸਾਲ ਦੀ ਜੇਲ ਹੋਈ। ਇਹਨਾਂ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੁਆਰਾ ਸ਼ੁਰੂ ਕੀਤੇ ਗਏ ਸਤਿਆਗ੍ਰਹਿ ਅੰਦੋਲਨ ਵਿਚ ਹਿੱਸਾ ਲਿਆ ਅਤੇ ਹੋਰ ਇਕ ਸਾਲ ਲਈ ਜੇਲ ਵਿਚ ਰਹੇ। 1935 ਵਿਚ, ਇਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣੇ ਗਏ। 1936-39 ਤਕ ਇਹਨਾਂ ਨੇ ਆਪਣੇ ਜੀਵਨ ਦੇ ਹੋਰ ਚਾਰ ਸਾਲ ਆਜ਼ਾਦੀ ਦੀ ਲਹਿਰ ਦੇ ਲੇਖੇ ਲਾ ਦਿੱਤੇ। ਮਾਰਚ 1942 ਵਿਚ ਭਾਰਤ ਦੀ ਸੁਰੱਖਿਆ ਨੇਮਾਂ ਅਧੀਨ ਇਹਨਾਂ ਲਈ ਇਕ ਵਾਰ ਫਿਰ ਜੇਲ ਦਾ ਸਫ਼ਰ ਇੰਤਜ਼ਾਰ ਕਰ ਰਿਹਾ ਸੀ। ‘ਭਾਰਤ ਛੋੜੋ` ਅੰਦੋਲਨ ਵਿਚ ਉਹਨਾਂ ਨੂੰ ਤਿੰਨ ਸਾਲ ਲਈ ਜੇਲ ਵਿਚ ਰਹਿਣਾ ਪਿਆ।
ਦੂਜੇ ਵਿਸ਼ਵ ਯੁੱਧ ਦੇ ਖ਼ਤਮ ਹੋਣ ਵੇਲੇ ਇਹਨਾਂ ਦੀ ਰਿਹਾਈ ਤੋਂ ਬਾਅਦ, ਜਥੇਦਾਰ ਨਾਗੋਕੇ 1946 ਵਿਚ ਪੰਜਾਬ ਵਿਧਾਨ ਸਭਾ ਅਸੈਂਬਲੀ ਲਈ ਚੁਣੇ ਗਏ, 1952 ਵਿਚ ਉਹ ਕਾਂਗਰਸ ਪਾਰਟੀ ਦੀ ਮੁੱਢਲੀ ਸੰਸਥਾ , ਭਾਰਤ ਸੇਵਕ ਸਮਾਜ ਦੇ ਮੁਖੀ ਨਿਯੁਕਤ ਕੀਤੇ ਗਏ ਅਤੇ 1953 ਵਿਚ ਇਹ ਕਾਂਗਰਸ ਪਾਰਟੀ ਦੇ ਨੁਮਾਇੰਦੇ ਵਜੋਂ ਰਾਜ ਸਭਾ ਲਈ ਚੁਣੇ ਗਏ, ਜਿੱਥੇ ਇਹ ਇਸ ਅਹੁਦੇ ‘ਤੇ 1960 ਤਕ ਕਾਇਮ ਰਹੇ। ਇਸ ਸਮੇਂ ਦੌਰਾਨ ਇਹ ਪੰਜਾਬ ਪ੍ਰਦੇਸ਼ ਕਾਰਜਕਾਰਨੀ ਦੇ ਵੀ ਮੈਂਬਰ ਰਹੇ।
1960 ਵਿਚ ਰਾਜਗੋਪਾਲਚਾਰਯ ਦੀ ‘ਸਵਤੰਤਰ ਪਾਰਟੀ’ ਵਿਚ ਇਹ ਸ਼ਾਮਲ ਹੋ ਗਏ ਅਤੇ 1960-61 ਤਕ ਇਸਦੀ ਪੰਜਾਬ ਸ਼ਾਖਾ ਦੇ ਪ੍ਰਧਾਨ ਰਹੇ। 1960 ਵਿਚ,ਇਹ ਪੰਜਾਬੀ ਸੂਬਾ ਮੋਰਚੇ ਕਾਰਣ ਇਕ ਸਾਲ ਜੇਲ ਵਿਚ ਰਹੇ।
ਊਧਮ ਸਿੰਘ ਨਾਗੋਕੇ ਪੱਕੇ-ਪੈਰਾਂ ਵਾਲੇ ਰਾਜਨੀਤਿਕ ਨੇਤਾ ਸਨ ਅਤੇ ਇਕ ਵਾਰ ਲਏ ਗਏ ਫੈਸਲੇ ਤੋਂ ਕਦੇ ਪਿੱਛੇ ਨਹੀਂ ਹੱਟਦੇ ਸਨ। ਇਹ ਆਪਣੀ ਤੀਖਣ ਸੂਝ-ਬੂਝ, ਹਾਜ਼ਰ-ਜਵਾਬੀ ਅਤੇ ਆਪਣੀ ਸਦਾਚਾਰਿਕ ਦ੍ਰਿੜਤਾ ਲਈ ਮਸ਼ਹੂਰ ਸਨ।
1947 ਵਿਚ, ਊਧਮ ਸਿੰਘ ਜੀ ਨੇ ਹਰਿਮੰਦਰ ਸਾਹਿਬ ਦੇ ਸ਼ਹਿਰ ਨੂੰ ਗੁੱਸੇ ਵਿਚ ਭਟਕੀ ਹੋਈ ਦੁਸ਼ਮਣ ਭੀੜ ਦੇ ਹਮਲੇ ਅਤੇ ਸਾੜ-ਫੂਕ ਤੋਂ ਬਚਾਉਣ ਵਿਚ ਆਪਣਾ ਬਹੁਤ ਯੋਗਦਾਨ ਦਿੱਤਾ ਸੀ। ਇਹਨਾਂ ਦੇ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਇਹਨਾਂ ਦੀ ਪਤਨੀ ਦਾ ਦੇਹਾਂਤ ਹੋ ਗਿਆ ਸੀ ਜੋ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਢਿਲਵਾਂ ਦੀ ਸੀ, ਪਰੰਤੂ ਇਹਨਾਂ ਨੇ ਫਿਰ ਦੁਬਾਰਾ ਕਦੇ ਵੀ ਵਿਆਹ ਨਹੀਂ ਕਰਵਾਇਆ। ਤਕੜਾ ਸ਼ਰੀਰ ਹੋਣ ਦੇ ਬਾਵਜੂਦ ਉਹਨਾਂ ਦੀ ਸੇਹਤ ਮੁੜ-ਮੁੜ ਜੇਲ ਜਾਣ ਕਾਰਣ ਵਿਗੜਦੀ ਗਈ ਅਤੇ 11 ਜਨਵਰੀ 1966 ਨੂੰ ਪੋਸਟਗ੍ਰੇਜੂਏਟ ਇੰਸਟੀਚਿਊਟ ਆਫ਼ ਮੈਡੀਕਲ ਸਾਇਸਿਜ਼, ਚੰਡੀਗੜ੍ਹ ਵਿਖੇ ਇਹ ਅਕਾਲ ਚਲਾਣਾ ਕਰ ਗਏ।
ਲੇਖਕ : ਗ.ਸ.ਢ. ਅਤੇ ਅਨੁ. ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1190, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First