ਓਅੰਕਾਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਓਅੰਕਾਰ [ ਨਾਂਪੁ ] ਓਮ ਸ਼ਬਦ; ਪਰਮਾਤਮਾ ਦਾ ਵਾਚਕ , ਈਸ਼ਵਰ , ਰੱਬ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1937, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਓਅੰਕਾਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਓਅੰਕਾਰ ओ३म्. ਇਸ ਸ਼ਬਦ ਦਾ ਮੂਲ ਅਵ ( अव ) ਧਾਤੁ ਹੈ , ਜਿਸ ਦਾ ਅਰਥ ਹੈ ਰਖ੍ਯਾ ( ਰ੖੠ ) ਕਰਨਾ , ਬਚਾਉਣਾ , ਤ੍ਰਿਪਤ ਹੋਣਾ , ਫੈਲਨਾ ਆਦਿ. ਅਵੑ ਦੇ ਅੰਤ ਮਨੑ ਪ੍ਰਤ੍ਯਯ ਆਂਉਣ ਤੋਂ ਓਅੰ ਬਣਦਾ ਹੈ. ‘ ਓਅੰ’ ਸ਼ਬਦ ਸਭ ਦੀ ਰਖ੍ਯਾ ਕਰਨ ਵਾਲੇ ਕਰਤਾਰ ਦਾ ਬੋਧਕ ਹੈ. “ ਓਅੰ ਸਾਧ ਸਤਿਗੁਰ ਨਮਸਕਾਰੰ.” ( ਬਾਵਨ ) “ ਓਅੰ ਪ੍ਰਿਯ ਪ੍ਰੀਤਿ ਚੀਤਿ.” ( ਸਾਰ ਮ : ੫ ) ਇਸ ਦੇ ਪਯ੗੠ਯ ਸ਼ਬਦ— “ ਪ੍ਰਣਵ” ਅਤੇ “ ਉਦਗੀਥ” ਭੀ ਹਨ.

 

          ਓਅੰਕਾਰ ਸ਼ਬਦ ਦਾ ਅਰਥ ਹੈ— ਓਅੰ ਧੁਨਿ ( ਓਅੰ ਦਾ ਉੱਚਾਰਣ )

          “ ਪ੍ਰਿਥਮ ਕਾਲ ਜਬ ਕਰਾ ਪਸਾਰਾ । ਓਅੰਕਾਰ ਤੇ ਸ੍ਰਿਸਿ† ਉਪਾਰਾ.” ( ਵਿਚਿਤ੍ਰ )

          “ ਓਅੰਕਾਰ” ਸ਼ਬਦ ਕਰਤਾਰ ਦਾ ਬੋਧਕ ਭੀ ਦੇਖੀਦਾ ਹੈ.1  “ ਓਅੰਕਾਰ ਏਕੋ ਰਵਿ ਰਹਿਆ.” ( ਕਾਨ ਮ : ੪ ) “ ਓਅੰਕਾਰ ਅਕਾਰ ਕਰਿ ਪਵਣ ਪਾਣੀ ਬੈਸੰਤਰ ਸਾਜੇ.” ( ਭਾਗੁ )

          ਸੰਸਕ੍ਰਿਤ ਦੇ ਵਿਦ੍ਵਾਨਾ ਨੇ ੳ ਅ ਮ ਤਿੰਨ ਅੱਖਰਾਂ ਨੂੰ ਬ੍ਰਹਮਾ ਵਿ੄ਨੁ ਸ਼ਿਵ ਮੰਨਕੇ ਓਅੰ ਨੂੰ ਤਿੰਨ ਦੇਵ ਰੂਪ ਕਲਪਿਆ ਹੈ , 2  ਪਰ ਗੁਰੁਮਤ ਵਿੱਚ ਓਅੰ ਦੇ ਮੁੱਢ ਏਕਾ ਅੰਗ ਲਿਖਕੇ ਸਿੱਧ ਕੀਤਾ ਹੈ ਕਿ ਕਰਤਾਰ ਇੱਕ ਹੈ. “ ਏਕਾ ਏਕੰਕਾਰ ਲਿਖਿ ਵੇਖਾਲਿਆ । ਊੜਾ ਓਅੰਕਾਰ ਪਾਸਿ ਬਹਾਲਿਆ.” ( ਭਾਗੁ )

          ੨ ਮੱਧ ਭਾਰਤ ਦੇ ਜਿਲੇ ਨੀਮਾੜ ਵਿੱਚ ਨਰਮਦਾ ਨਦੀ ਦੇ ਮਾਂਧਾਤਾ ਟਾਪੂ ( ਦ੍ਵੀਪ ) ਵਿੱਚ ਇਸ ਨਾਉਂ ਦਾ ਇੱਕ ਵਡਾ ਪ੍ਰਸਿੱਧ ਹਿੰਦੂਮੰਦਿਰ ਹੈ , ਸਤਿਗੁਰੂ ਨਾਨਕ ਦੇਵ ਜੀ ਨੇ ਇਸੇ ਥਾਂ ‘ ਦੱਖਣੀ ਓਅੰਕਾਰ’ ਉੱਚਾਰਣ ਕੀਤਾ ਹੈ.3  ੩ ਵ੍ਯ— ਹਾਂ । ੪ ਸਤ੍ਯ. ਯਥਾਰਥ. ਠੀਕ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1888, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-18, ਹਵਾਲੇ/ਟਿੱਪਣੀਆਂ: no

ਓਅੰਕਾਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਅੰਕਾਰ ( ਤੀਰਥ/ਮੰਦਿਰ ) : ਇਹ ਸ਼ੈਵ-ਮਤ ਦਾ ਇਕ ਪ੍ਰਸਿੱਧ ਤੀਰਥ ਹੈ । ‘ ਕਪਿਲ ਤੰਤ੍ਰ ’ ਵਿਚ ਇਸ ਦੀ ਗਿਣਤੀ ਅਠਾਹਠ ਤੀਰਥਾਂ ਵਿਚ ਕੀਤੀ ਗਈ ਹੈ ( ਵੇਖੋ ‘ ਅਠਸਠ- ਤੀਰਥ’ ) । ਇਹ ਮੱਧ-ਭਾਰਤ ਦੇ ਨਿਮਾੜ ਜ਼ਿਲ੍ਹੇ ਅੰਦਰ ਨਰਮਦਾ ਨਦੀ ਵਿਚ ਮਾਂਧਾਤਾ ਟਾਪੂ ਉਪਰ ਸਥਿਤ ਹੈ । ਪੁਰਾਣ -ਪ੍ਰਸੰਗ ਅਨੁਸਾਰ ਸੂਰਜ ਵੰਸ਼ ਦੇ ਪ੍ਰਤਾਪੀ ਰਾਜਾ ਮਾਂਧਾਤਾ ਨੇ ਇਥੇ ਸ਼ਿਵ ( ਸ਼ੰਕਰ ) ਦੀ ਉਪਾਸਨਾ ਅਤੇ ਤਪਸਿਆ ਕੀਤੀ ਸੀ । ਸ਼ਿਵ ਦੇ 12 ਜੋਤਿਰਲਿੰਗਾਂ ਵਿਚੋਂ ਓਅੰਕਾਰੇਸ਼੍ਵਰ ਦੀ ਸਥਾਪਨਾ ਇਸ ਤੀਰਥ ਵਿਚ ਹੋਈ ਦਸੀ ਜਾਂਦੀ ਹੈ । ਇਥੇ ਅਮਲੇਸ਼੍ਵਰ ਨਾਂ ਦਾ ਇਕ ਹੋਰ ਸ਼ਿਵ-ਲਿੰਗ ਵੀ ਹੈ ।

                      ਇਕ ਹੋਰ ਪ੍ਰਸੰਗ ਅਨੁਸਾਰ ਵਿੰਧਿਆਚਲ ਦੀ ਆਰਾਧਨਾ ਤੋਂ ਪ੍ਰਸੰਨ ਹੋ ਕੇ ਸ਼ਿਵ ਇਥੇ ਓਅੰਕਾਰੇਸ਼੍ਵਰ ਰੂਪ ਵਿਚ ਵਿਰਾਜਮਾਨ ਹੈ । ਇਸ ਤੀਰਥ ਦਾ ਨਾਂ ਓਅੰਕਾਰੇਸ਼੍ਵਰ ਇਸ ਲਈ ਹੀ ਪਿਆ ਦਸਿਆ ਜਾਂਦਾ ਹੈ ਕਿਉਂਕਿ ਇਸ ਟਾਪੂ ਦੀ ਸ਼ਕਲ ‘ ਓਅੰ’ ਨਾਲ ਮੇਲ ਖਾਂਦੀ ਹੈ । ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਦੌਰਾਨ ਇਸ ਤੀਰਥ ਉਤੇ ਗਏ ਸਨ । ਸਿੱਖ ਰਵਾਇਤਾਂ ਅਨੁਸਾਰ ‘ ਓਅੰਕਾਰ’ ( ਵੇਖੋ ) ਨਾਂ ਦੀ ਬਾਣੀ ਦਾ ਇਥੇ ਹੀ ਉੱਚਾਰਣ ਹੋਇਆ ਸੀ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1735, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਓਅੰਕਾਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਅੰਕਾਰ ( ਬਾਣੀ ) : ਰਾਮਕਲੀ ਰਾਗ ਅਧੀਨ ਸੰਕਲਿਤ ਇਕ ਵਡਾਕਾਰੀ ਬਾਣੀ , ਜਿਸ ਦੀ ਰਚਨਾ ਗੁਰੂ ਨਾਨਕ ਦੇਵ ਜੀ ਨੇ ਕੀਤੀ ਹੈ । ਇਸ ਬਾਣੀ ਨੂੰ ਕਈ ਵਿਦਵਾਨ ‘ ਦਖਣੀ ਓਅੰਕਾਰ’ ਵੀ ਕਹਿੰਦੇ ਹਨ , ਪਰ ਅਸਲ ਵਿਚ , ‘ ਦਖਣੀ’ ਸ਼ਬਦ ਰਾਮਕਲੀ ਰਾਗ ਦੀ ਦਖਣੀ ਜਾਤਿ ਜਾਂ ਪ੍ਰਕਾਰ ਲਈ ਵਰਤਿਆ ਗਿਆ ਹੈ , ਨ ਕਿ ‘ ਓਅੰਕਾਰ’ ਬਾਣੀ ਦੇ ਵਿਸ਼ੇਸ਼ਣ ਵਜੋਂ ਆਇਆ ਹੈ । ਇਸ ਦੇ ਰਚਨਾ-ਕਾਲ ਅਤੇ ਰਚਨਾ- ਸਥਾਨ ਦੇ ਸੰਬੰਧ ਵਿਚ ਵਿਦਵਾਨਾਂ ਵਿਚ ਮਤ-ਏਕਤਾ ਨਹੀਂ ਹੈ । ਗਿਆਨੀ ਗਿਆਨ ਸਿੰਘ ਨੇ ‘ ਤਵਾਰੀਖ ਗੁਰੂ ਖ਼ਾਲਸਾ ’ ਵਿਚ ਇਸ ਨੂੰ ਗੁਰੂ ਨਾਨਕ ਦੇਵ ਜੀ ਵਲੋਂ ਪੰਡਿਤ ਬੈਜ ਨਾਥ ਪ੍ਰਤਿ ਬਚਪਨ ਵਿਚ ਉਚਾਰਿਆ ਲਿਖਿਆ ਹੈ ।

                      ਪੰਡਿਤ ਤਾਰਾ ਸਿੰਘ ਨਰੋਤਮ ਨੇ ‘ ਗੁਰਮਤਿ ਨਿਰਣਯ ਸਾਗਰ ’ ਵਿਚ ਦਸਿਆ ਹੈ ਕਿ ਗੁਰੂ ਨਾਨਕ ਦੇਵ ਨੇ ਇਸ ਬਾਣੀ ਦਾ ਉੱਚਾਰਣ ਦੱਖਣ ਵਿਚ ਨਰਮਦਾ ਨਦੀ ਦੇ ਕੰਢੇ ਉਤੇ ਸਥਿਤ ‘ ਓਅੰਕਾਰ ਤੀਰਥ/ਮੰਦਿਰ’ ( ਵੇਖੋ ) ਦੇ ਪਾਂਡੇ ਪ੍ਰਤਿ ਕੀਤਾ ਸੀ । ਸੰਪ੍ਰਦਾਈ ਗਿਆਨੀ ਅਤੇ ਭਾਈ ਕਾਨ੍ਹ ਸਿੰਘ ਵੀ ਇਸੇ ਮਤ ਦੇ ਹਨ । ‘ ਪੁਰਾਤਨ ਜਨਮਸਾਖੀ ’ ਦੀ ਸਤਾਰ੍ਹਵੀਂ ਸਾਖੀ ਅਨੁਸਾਰ ਇਹ ਬਾਣੀ ਬਨਾਰਸ ਦੇ ਪੰਡਿਤ ਚਤੁਰਦਾਸ ਨੂੰ ਸੰਬੋਧਨ ਕੀਤੀ ਗਈ ਸੀ । ‘ ਪ੍ਰਾਣਸੰਗਲੀ ’ ਦੇ 35ਵੇਂ ਅਧਿਆਇ ਅਨੁਸਾਰ ਇਸ ਨੂੰ ਰਾਜਕੁਮਾਰਾਂ ਨੂੰ ਪੜ੍ਹਾਉਣ ਵਾਲੇ ਪੰਡਿਤ ਪ੍ਰਤਿ ਉਚਾਰਿਆ ਗਿਆ ਹੈ ।

                      ਇਨ੍ਹਾਂ ਤੱਥਾਂ ਦੇ ਆਧਾਰ’ ਤੇ ਇਸ ਦੇ ਰਚਨਾ -ਸਥਾਨ ਅਤੇ ਰਚਨਾ-ਕਾਲ ਬਾਰੇ ਕਿਸੇ ਨਿਰਣੇ ਉਤੇ ਨਹੀਂ ਪਹੁੰਚਿਆ ਜਾ ਸਕਦਾ ਹੈ । ਓਅੰਕਾਰ ਮੰਦਿਰ ( ਤੀਰਥ ) ਨਾਲ ਇਸ ਨੂੰ ਸੰਬੰਧਿਤ ਕੀਤੇ ਜਾਣ ਪਿਛੇ ਸ਼ਾਇਦ ‘ ਦਖਣੀ’ ਸ਼ਬਦ ਕੁਝ ਪ੍ਰਭਾਵ ਪਾਉਂਦਾ ਹੋਵੇ , ਪਰ ਇਹ ਸ਼ਬਦ ਰਾਗ ਦੀ ਜਾਤਿ ਨਾਲ ਸੰਬੰਧ ਰਖਦਾ ਹੈ , ਨ ਕਿ ਦੱਖਣ ਦਿਸ਼ਾ ਨਾਲ । ‘ ਓਅੰਕਾਰ’ ਦਾ ਸੰਬੰਧ ਓਅੰਕਾਰ ਤੀਰਥ ਨਾਲ ਵੀ ਨਹੀਂ ਜੁੜਦਾ , ਕਿਉਂਕਿ ਇਹ ਰਚਨਾ ਵਰਣਮਾਲਾ ਆਧਾਰਿਤ ਹੋਣ ਕਾਰਣ ਆਰੰਭ ਵਿਚ ‘ ਓ’ ਅੱਖਰ ਦੀ ਅਧਿਆਤਮਿਕ ਭਾਵ- ਭੂਮੀ ਨੂੰ ਓਅੰਕਾਰ ਦੇ ਪ੍ਰਸੰਗ ਵਿਚ ਸਪੱਸ਼ਟ ਕਰਦੀ ਹੈ । 54 ਪਦਿਆਂ ਦੀ ਇਸ ਬਾਣੀ ਵਿਚ ਇਕ ਦੋ ਥਾਂਵਾਂ ਨੂੰ ਛਡ ਕੇ ਹੋਰ ਕਿਤੇ ਵੀ ਅੱਖਰਾਂ ਜਾਂ ਮਾਤ੍ਰਾਵਾਂ ਦਾ ਉੱਚਾਰਣ ਨਹੀਂ ਦਿੱਤਾ ਗਿਆ । ਹਰ ਇਕ ਪਦੇ ਦੇ ਪਹਿਲੇ ਸ਼ਬਦ ਤੋਂ ਹੀ ਉਸ ਵਿਚਲੇ ਅੱਖਰ ਜਾਂ ਮਾਤ੍ਰਾ ਦਾ ਅਨੁਮਾਨ ਲਗਾਉਣਾ ਪੈਂਦਾ ਹੈ । ਇਸ ਨਾਲ ਸੰਬੰਧਿਤ ਵਰਣਮਾਲਾ ‘ ਦੇਵਨਾਗਰੀ ’ ਪ੍ਰਤੀਤ ਹੁੰਦੀ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਗੁਰਮੁਖੀ ਵਰਣਮਾਲਾ ਉਤੇ ਆਧਾਰਿਤ ‘ ਪਟੀ ’ ਨਾਂ ਦੀ ਰਚਨਾ ਆਸਾ ਰਾਗ ਵਿਚ ਵਖਰੇ ਤੌਰ ’ ਤੇ ਕੀਤੀ ਹੈ ।

                      ਇਸ ਬਾਣੀ ਵਿਚ ਗੁਰੂ ਨਾਨਕ ਦੇਵ ਜੀ ਦੇ ਸਾਰੇ ਦਾਰਸ਼ਨਿਕ ਅਤੇ ਧਾਰਮਿਕ ਵਿਚਾਰ ਕਿਸੇ ਨ ਕਿਸੇ ਰੂਪ ਵਿਚ ਪ੍ਰਗਟਾਏ ਹੋਏ ਮਿਲ ਜਾਂਦੇ ਹਨ । ਇਸ ਰਚਨਾ ਦੀ ਮੂਲ ਬਿਰਤੀਰਹਾਉਵਾਲੀਆਂ ਤੁਕਾਂ ਵਿਚ ਦਸੀ ਗਈ ਹੈ ਕਿ ਹੇ ਪਾਂਡੇ! ਜੇ ਕੁਝ ਲਿਖਣਾ ਹੀ ਹੈ ਤਾਂ ਸੰਸਾਰਿਕ ਜੰਜਾਲਾਂ ਨੂੰ ਛਡ ਕੇ ਰਾਮ-ਨਾਮ ਲਿਖ — ਸੁਣਿ ਪਾਡੇ ਕਿਆ ਲਿਖਹੁ ਜੰਜਾਲਾ ਲਿਖੁ ਰਾਮ ਨਾਮ ਗੁਰਮੁਖਿ ਗੋਪਾਲਾ ( ਗੁ.ਗ੍ਰੰ.930 ) ।

                      ਇਸ ‘ ਰਾਮ-ਨਾਮ’ ਦੀ ਵਿਆਖਿਆ ਸਾਰੀ ਬਾਣੀ ਵਿਚ ਹੋਈ ਹੈ । ਓਅੰਕਾਰ ਸਰੂਪ ਬ੍ਰਹਮ ਤੋਂ ਸਾਰੀ ਸ੍ਰਿਸ਼ਟੀ , ਗਿਆਨ , ਜੋਤਿ ਅਤੇ ਚਿੱਤ ਦੀ ਉਤਪੱਤੀ ਹੋਈ ਹੈ । ਗੁਰੂ ਦੀ ਸਿਖਿਆ ਦੁਆਰਾ ਨਾਮ ਰੂਪੀ ਵਸਤੂ ਦੀ ਪ੍ਰਾਪਤੀ ਹੁੰਦੀ ਹੈ । ਨਾਮ ਤੋਂ ਬਿਨਾ ਸਾਰਾ ਸੰਸਾਰ ਕੱਚਾ ਅਤੇ ਨਿਰਾਧਾਰ ਹੈ । ਸਤਿ-ਸੰਗਤ ਨਾਲ ਮਨ ਨੂੰ ਧੀਰਜ ਪ੍ਰਾਪਤ ਹੁੰਦਾ ਹੈ । ਦ੍ਵੈਤ -ਭਾਵ ਕਰਕੇ ਮਨੁੱਖ ਵਿਚ ਆਤਮ-ਗਿਆਨ ਨਸ਼ਟ ਹੋ ਜਾਂਦਾ ਹੈ । ਆਤਮ-ਗਿਆਨ ਦੀ ਪ੍ਰਾਪਤੀ ਗੁਰੂ ਦੁਆਰਾ ਸੰਭਵ ਹੈ । ਆਤਮ-ਗਿਆਨ ਦੀ ਪ੍ਰਾਪਤੀ ਨਾਲ ਸੰਸਾਰ ਵਿਚ ਵਿਸ਼ੇ-ਵਾਸਨਾਵਾਂ ਉਤੇ ਜਿਤ ਪ੍ਰਾਪਤ ਹੁੰਦੀ ਹੈ । ਇਸ ਦਾ ਮੂਲ ਸਾਧਨ ਮਨ ਨੂੰ ਵਸ ਵਿਚ ਕਰਨਾ ਹੈ । ਮਨਮੁਖ ਵਿਅਕਤੀ ਅਗਿਆਨੀ ਅਤੇ ਮੂਰਖ ਹੈ ਅਤੇ ਵਿਅਰਥ ਵਿਚ ਮਾਇਆ ਦੁਆਰਾ ਠਗਿਆ ਜਾ ਰਿਹਾ ਹੈ । ਸਾਰਾ ਸੰਸਾਰ ਯਮ ਦੇ ਮਾਰਗ ਉਤੇ ਚਲ ਰਿਹਾ ਹੈ ਅਤੇ ਮਾਇਆ ਦੇ ਪ੍ਰਭਾਵ ਨੂੰ ਨਸ਼ਟ ਕਰਨ ਵਿਚ ਕੋਈ ਵੀ ਸਮਰਥ ਨਹੀਂ ਹੈ ।

                      ਉੱਤਮ ਕਰਮਾਂ ਦੁਆਰਾ ਸਚ ਅਤੇ ਸੁਖ ਦੀ ਪ੍ਰਾਪਤੀ ਹੁੰਦੀ ਹੈ । ਮੁਕਤੀ ਲਈ ਨਾਮ-ਸਾਧਨਾ ਬਹੁਤ ਜ਼ਰੂਰੀ ਹੈ । ਨਾਮ ਰੂਪੀ ਸ਼ਬਦ ਨੂੰ ਪਛਾਣ ਲੈਣ ’ ਤੇ ਜੀਵਾਤਮਾ ਦੀ ਹਉਮੈ ਨਸ਼ਟ ਹੋ ਜਾਂਦੀ ਹੈ , ਚਿੱਤ ਸਥਿਰ ਹੋ ਜਾਂਦਾ ਹੈ ਅਤੇ ਅੰਧਕਾਰਮਈ ਮਨ ਪ੍ਰਕਾਸ਼ਮਈ ਮਨ ਦੁਆਰਾ ਜੋਤੀਮਾਨ ਹੋ ਜਾਂਦਾ ਹੈ ।

                      ਗੁਰਮੁਖ ਵਿਅਕਤੀ ਹਰਿ-ਨਾਮ ਨੂੰ ਗਾਉਂਦਾ ਹੈ । ਦੁਖ-ਸੁਖ ਨੂੰ ਧੁਪ ਅਤੇ ਛਾਂ ਵਾਂਗ ਸਮਝ ਕੇ ਸੰਸਾਰਿਕ ਬੰਧਨਾਂ ਨੂੰ ਕਟਦਾ ਹੋਇਆ ਹਰਿ ਦੇ ਨਾਮ ਵਿਚ ਹੀ ਸਮਾ ਜਾਂਦਾ ਹੈ । ਸ਼ਰੀਰ ਰੂਪੀ ਬ੍ਰਿਛ ਉਤੇ ਮਨ ( ਜੀਵਾਤਮਾ ) ਰੂਪੀ ਪੰਛੀ ਨਿਵਾਸ ਕਰਦਾ ਹੈ । ਇਸ ਬ੍ਰਿਛ ਉਤੇ ਇਕ ਹੋਰ ਸ੍ਰੇਸ਼ਠ ਪੰਛੀ ( ਅਰਥਾਤ ਪਰਮਾਤਮਾ ) ਵੀ ਨਿਵਾਸ ਕਰਦਾ ਹੈ । ਜਦ ਉਹ ਪੰਛੀ ਗਿਆਨ ਇੰਦ੍ਰੀਆਂ ਨੂੰ ਵਸ ਵਿਚ ਕਰਕੇ ਪਰਮਾਤਮ- ਤੱਤ੍ਵ ਨੂੰ ਚੁਗਦਾ ਹੈ ਤਾਂ ਉਸ ਨੂੰ ਸੰਸਾਰਿਕ ਬੰਧਨ ਨਹੀਂ ਪੈਂਦੇ । ਪਰ ਜੇ ਉਹ ਪੰਛੀ ਪਰਮਾਤਮਾ ਤੋਂ ਵਖ ਹੋ ਕੇ ਵਿਸ਼ੇ-ਰੂਪੀ ਸੁੰਦਰ ਚੋਗੇ ਨੂੰ ਵੇਖਦਾ ਹੈ ਤਾਂ ਉਸ ਦੇ ਖੰਭ ਟੁਟ ਜਾਂਦੇ ਹਨ ਅਤੇ ਉਹ ਮਾਇਆ ਦੇ ਫੰਦੇ ਵਿਚ ਫਸ ਜਾਂਦਾ ਹੈ ।

                      ਸੰਸਾਰ ਸਾਗਰ ਨੂੰ ਤਰਨਾ ਬਹੁਤ ਔਖਾ ਹੈ । ਆਸਾ -ਨਿਰਾਸ਼ਾ ਤੋਂ ਉਚੇ ਉਠ ਕੇ ਹੀ ਇਸ ਨੂੰ ਤਰਿਆ ਜਾ ਸਕਦਾ ਹੈ । ਇਸ ਸੰਸਾਰ ਵਿਚ ਕੇਵਲ ਪਰਮਾਤਮਾ ਹੀ ਸਥਿਰ ਹੈ , ਬਾਕੀ ਸਭ ਕੁਝ ਨਾਸ਼ਮਾਨ ਹੈ । ਮਨੁੱਖਾਂ ਵਿਚ ਅਵਗੁਣਾਂ ਦੇ ਨਾਲ ਨਾਲ ਗੁਣ ਵੀ ਮੌਜੂਦ ਰਹਿੰਦੇਹਨ , ਪਰ ਅਗਿਆਨ -ਵਸ ਉਨ੍ਹਾਂ ਨੂੰ ਆਪਣੇ ਗੁਣ ਨਹੀਂ ਦਿਸਦੇ । ਇਹ ਗੁਣ ਕੇਵਲ ਗੁਰੂ ਦੀ ਕ੍ਰਿਪਾ ਨਾਲ ਹੀ ਦਿਸ ਪੈਂਦੇ ਹਨ । ਸ੍ਰਿਸ਼ਟੀ ਦੇ ਰਚੈਤਾ ਦਾ ਭੇਦ ਕੋਈ ਵੀ ਨਹੀਂ ਪਾ ਸਕਦਾ ।

                      ਉਸੇ ਪਾਂਧੇ ਨੂੰ , ਵਾਸਤਵ ਵਿਚ , ਪੜ੍ਹਿਆ ਹੋਇਆ ਕਹਿਣਾ ਚਾਹੀਦਾ ਹੈ ਜੋ ਸਹਿਜ ਭਾਵ ਨਾਲ ਬ੍ਰਹਮ ਵਿਦਿਆ ਨੂੰ ਜਾਣਦਾ ਹੋਵੇ । ਮਨਮੁਖ ਵਿਅਕਤੀ ਵਿਦਿਆ ਨੂੰ ਵੇਚਦਾ ਹੈ । ਇਸ ਤਰ੍ਹਾਂ ਉਹ ਵਿਸ਼ ਕਮਾਉਂਦਾ ਹੈ ਅਤੇ ਵਿਸ਼ ਦਾ ਹੀ ਸੇਵਨ ਕਰਦਾ ਹੈ । ਉਹ ਗੁਰੂ ਦਾ ਸ਼ਬਦ ਨਹੀਂ ਪਛਾਣਦਾ ਕਿਉਂਕਿ ਅਜਿਹਾ ਕਰ ਸਕਣ ਲਈ ਉਸ ਕੋਲ ਸੂਝ ਨਹੀਂ ਹੈ । ਗੁਰਮੁਖ ਵਿਅਕਤੀ ਹੀ ਸੱਚਾ ਸਿਖਿਅਕ ਹੈ ਜੋ ਜਿਗਿਆਸੂਆਂ ਨੂੰ ਸਹੀ ਬੁੱਧੀ ਪ੍ਰਦਾਨ ਕਰਦਾ ਹੈ ।

                      ਇਸ ਤਰ੍ਹਾਂ ਇਸ ਰਚਨਾ ਦਾ ਮੁੱਖ ਉੱਦੇਸ਼ ਹੈ ਕਿ ਬ੍ਰਹਮ-ਵਿਦਿਆ , ਅਦ੍ਵੈਤਾਵਸਥਾ , ਗੁਰਮੁਖਤਾ , ਸ਼ਬਦ-ਰੂਪ ਆਤਮ-ਧਨ ਆਦਿ ਨੂੰ ਅਪਣਾ ਕੇ ਅਤੇ ਨਾਮ-ਸਾਧਨਾ ਵਿਚ ਲੀਨ ਹੋ ਕੇ ਅਧਿਆਤਮਿਕ ਭਵਿਸ਼ ਉਜਲਾ ਕਰ ਲਿਆ ਜਾਏ ।

                      ਇਸ ਬਾਣੀ ਵਿਚ 54 ਪਦਿਆਂ ਤੋਂ ਇਲਾਵਾ ਦੋ ਤੁਕਾਂ ਦਾ ‘ ਰਹਾਉ’ ਵੀ ਹੈ । ਇਸ ਵਿਚਲੇ 10 ਪਦੇ ਚਾਰ ਚਾਰ ਤੁਕਾਂ ਵਾਲੇ , 41 ਅੱਠ ਅੱਠ ਤੁਕਾਂ ਵਾਲੇ ਅਤੇ ਤਿੰਨ ਨੌਂ ਨੌਂ ਤੁਕਾਂ ਵਾਲੇ ਹਨ । ਪਦਿਆਂ ਉਤੇ ਕਿਸੇ ਖ਼ਾਸ ਛੰਦ ਦੇ ਲੱਛਣ ਲਾਗੂ ਨਹੀਂ ਹੁੰਦੇ । ਹਾਂ , ਕਿਤੇ ਕਿਤੇ ਦੌਹਰੇ , ਚੌਪਈ ਅਤੇ ਦੁਵੈਯੇ ਦੀ ਛਾਇਆ ਵੇਖੀ ਜਾ ਸਕਦੀ ਹੈ । ਇਸ ਦੀ ਭਾਸ਼ਾ ਪੰਜਾਬੀ ਪ੍ਰਭਾਵਿਤ ਸਧੁੱਕੜੀ ਹੈ । ਅਰਬੀ-ਫ਼ਾਰਸੀ ਦੇ ਸ਼ਬਦ ਦੋ ਦਰਜਨ ਤੋਂ ਵਧ ਨਹੀਂ ਹਨ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1735, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਓਅੰਕਾਰ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਓਅੰਕਾਰ : ਓਅੰਕਾਰ’ ( ਸੰਖਿਪਤ ਰੂਪ ਓਅੰ ) ਬ੍ਰਹਮ ਦਾ ਵਾਚਕ ਸ਼ਬਦ ਹੈ । ਵੈਦਿਕ ਸਾਹਿੱਤ ਤੋਂ ਸੰਤ ਸਾਹਿੱਤ ਤਕ ਇਸ ਸ਼ਬਦ ਦੀ ਖੁੱਲ਻ ਕੇ ਵਰਤੋਂ ਹੋਈ ਹੈ । ਮਾਂਡੂਕੑਯ ਉਪਨਿਸ਼ਦ ( 1 ) ਵਿਚ ਓਅੰਕਾਰ ਨੂੰ ਨਿੱਤ ਵਸਤੂ ਕਹਿ ਕੇ ਇਸ ਨੂੰ ਸਰਬ ਪ੍ਰਕਾਸ਼ਮਈ ਦਸਿਆ ਗਿਆ ਹੈ । ਭੂਤ , ਭਵਿਖਤ ਅਤੇ ਵਰਤਮਾਨ ਵਿਚ ਓਅੰਕਾਰ ਹੀ ਹੈ । ਤ੍ਰੈਕਾਲ ਤੋਂ ਪਰੇ ਸਤਿ ਸਰੂਪ ਬ੍ਰਹਮ ਵੀ ਓਅੰਦਾਰ ਹੀ ਹੈ । ਇਸੇ ਤਰ੍ਹਾਂ ਛਾਂਦੋਗੑਯ ਉਪਨਿਸ਼ਦ ( 2/23/3 ) ਵਿਚ ‘ ਓਅੰਕਾਰ’ ਤੋਂ ਸਾਰੀ ਸ੍ਰਿਸ਼ਟੀ ਦਾ ਵਿਸਤਾਰ ਅਤੇ ਸਰਬ– ਵਿਆਪਕ ਮੰਨਿਆ ਗਿਆ ਹੈ । ਬਾਅਦ ਵਿਚ ਓਅੰ ( ਓਅਮ ) ਨੂੰ ਤ੍ਰੈਦੇਵਾਂ ( ਬ੍ਰਹਮਾ , ਵਿਸ਼ਨੂੰ ਅਤੇ ਮਹੇਸ਼ ) ਦਾ ਸੂਚਕ ਸ਼ਬਦ ਕਲਪਤਿ ਕੀਤਾ ਜਾਣ ਲੱਗਾ ਅਤੇ ਕਿਤੇ ਕਿਤੇ ਇਸ ਨੂੰ ਤਿੰਨ ਅਵਸਥਾਵਾਂ ( ਜਾਗ੍ਰਿਤ , ਸੁਪਨ ਅਤੇ ਸੁਖੋਪਤੀ ) ਦਾ ਵਾਚਕ ਵੀ ਮੰਨਿਆ ਜਾਣ ਲਗ ਪਿਆ । ਇਸ ਤਰ੍ਹਾਂ ਇਸ ਸ਼ਬਦ ਦੀ ਭਾਵਨਾ ਦਾ ਇਕ ਤੋਂ ਅਨੇਕ ਅਰਥਾਂ ਵਿਚ ਵਿਕਾਸ ਹੁੰਦਾ ਰਿਹਾ ਹੈ ।

                  ਗੁਰਬਾਣੀ ਵਿਚ ਇਸ ਸ਼ਬਦ ਦੀ ਵਰਤੋਂ ਬ੍ਰਹਮ ਦੇ ਵਾਚਕ ਸ਼ਬਦ ਵਜੋਂ ਹੋਈ ਹੈ । ਗੁਰੂ ਨਾਨਕ ਨੇ ‘ ਓਅੰਕਾਰ’ ਨੂੰ ਸਭ ਤੋਂ ਨਿਰਾਲਾ , ਵਿਲੱਖਣ , ਅਮਰ ਅਤੇ ਅਜੋਨੀ ਦਸਦੇ ਹੋਇਆਂ ਉਸ ਨੂੰ ਜਾਤਿ– ਮੁਕਤ ਅਤੇ ਸੰਸਾਰਿਕ ਪ੍ਰਪੰਚ ਤੋਂ ਅਤੀਤ ਮੰਨਿਆ ਹੈ ਜੋ ਘਟ ਘਟ ਵਾਸੀ ਵੀ ਹੈ ( ਆ. ਗ੍ਰੰ. ੮੩੯ , ਬਿਲਾਵਲ ਥਿਤੀ/੧ ) । ਉਸ ਓੁਅੰਕਾਰ ਤੋਂ ਹੀ ਬ੍ਰਹਮਾ ਦੀ ਉਤਪਤੀ ਹੋਈ ਹੈ , ਉਸ ਨੇ ਓਅੰਕਾਰ ਦਾ ਹੀ ਆਪਣੇ ਮਨ ਵਿਚ ਚਿੰਤਨ ਕੀਤਾ ਹੈ । ਓਅੰਕਾਰ ਤੋਂ ਹੀ ਪਰਬਤ , ਯੁੱਗ , ਵੇਦ ਆਦਿ ਹੋਂਦ ਵਿਚ ਆਏ ਹਨ । ਇਸ ਸ਼ਬਦ ਰਾਹੀਂ ਹੀ ਵਿਅਕਤੀ ਦਾ ਸੁਧਾਰ ਹੁੰਦਾ ਹੈ । ਓਨਾਮ ਅੱਖਰ ਹੀ ਤਿੰਨ ਲੋਕਾਂ ਦਾ ਸਾਰ– ਤੱਤ ਹੈ ( ਆ. ਗ੍ਰੰ. ੯੨੯ , ਓੁਅੰਕਾਰ/੧ ) । ਤ੍ਰੈਮੂਰਤੀ ਲਈ ਵਰਤੇ ਜਾਣ ਕਰ ਕੇ ਇਸ ਸ਼ਬਦ ਦੇ ਭ੍ਰਾਂਤ ਅਰਥਾਂ ਨੂੰ ਨਿਸ਼ਚਿਤ ਕਰਨ ਲਈ ਗੁਰੂ ਨਾਨਕ ਦੇਵ ਨੇ ਮੂਲ ਮੰਤਰ ਵਿਚ ਇਸ ਤੋਂ ਪਹਿਲਾਂ ‘ ੧’ ਅੰਕ ਲਗਾ ਦਿੱਤਾ ਹੈ । ਭਾਈ ਕਾਨ੍ਹ ਸਿੰਘ ਤੇ ਮਤ ਅਨੁਸਾਰ ‘ ਓਅੰ’ ਦੇ ਮੁੱਢ ਵਿਚ ਏਕਾ ਲਿਖ ਕੇ ਕਰਤਾਰ ਨੂੰ ਇਕ ਅਤੇ ਅਦੁੱਤੀ ਸਿੱਧ ਕੀਤਾ ਗਿਆ । ਗੁਰਬਾਣੀ ਪਰਮਾਤਮਾ ਨੂੰ ਇਕ ਮੰਨਦੀ ਹੈ । ਗੁਰੂ ਨਾਨਕ ਦੇਵ ਅਨੁਸਾਰ ਪਰਮਾਤਮਾ ਆਪ ਹੀ ਪਟੀ , ਲੇਖਨੀ ਅਤੇ ਲੇਖ ਵੀ ਹੈ । ਉਹ ਪਰਮਾਤਮਾ ਇਕ ਹੈ , ਦੂਜਾ ਕਹਿਣ ਦੀ ਲੋੜ ਨਹੀਂ ( ਆ.ਗ੍ਰੰ. ੧੨੯੧ ) , ਕਿਉਂਕਿ ਗੁਰੂ ਨਾਨਕ ਦੇਵ ਦਾ ਵਿਸ਼ਵਾਸ ਸੀ ਕਿ ‘ ਏਕੋ’ ਲੇਵੈ ਏਕੋ ਦੇਵੈ ਅਵਰ ਨਾ ਦੂਜਾ ਮੈ ਸੁਣਿਆ” ( ਆ. ਗ੍ਰੰ. ੪੩੩ ) । ਇਸ ਤਰ੍ਹਾਂ ‘ ਓਅੰਕਾਰ’ ਤੋਂ ਪਹਿਲਾਂ ‘ ੧’ ਅੰਕ ਦੀ ਵਰਤੋਂ ਨਾਲ ਗੁਰਬਾਣੀ ਦੀ ਇਕੇਸ਼ਵਰਵਾਦੀ ਭਾਵਨਾ ਵੀ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦੀ ਹੈ । ਪਰਮਾਤਮਾ ਨੂੰ ਇਕ ਮੰਨਣ ਦੀ ਗੱਲ ਵੈਦਿਕ ਸਾਹਿੱਤ ਵਿਚ ਮਿਲ ਜਾਂਦੀ ਹੈ , ਜਿਵੇਂ ਰਿਗਵੇਦ ( ਨਾਸਦੀਯ ਸੂਕਤ ) , ਛਾਂਦੋਗੑਯ ਉਨਿਸ਼ਦ ( 6/2/1 ) ਅਤੇ  ਬ੍ਰਹਮ ਉਪਨਿਸ਼ਦ ( 16 ) , ਪਰ ਇਨ੍ਹਾਂ ਪ੍ਰਸੰਗਾਂ ਵਿਚ ‘ ਓਅੰਕਾਰ’ ਪਦ ਦੀ ਵਰਤੋਂ ਨਹੀਂ ਹੋਈ । ਅਸਲ ਵਿਚ ਗੁਰੂ ਨਾਨਕ ਦੇਵ ਨੇ ‘ ੧’ ਅੰਕ ਦੀ ਵਰਤੋਂ ਨਾਲ ‘ ਓਅੰਦਾਰ’ ਸ਼ਬਦ ਨੂੰ ਪਰੰਪਰਾਗਤ ਮਰਯਾਦਾਵਾਦ ਅਤੇ ਸਗੁਣ ਸਾਧਨਾ ਪੱਧਤੀ ਤੋਂ ਵੱਖ ਕਰ ਕੇ ਪੂਰੀ ਤਰ੍ਹਾਂ ਨਿਰਗੁਣ ਭਾਵ– ਭੂਮੀ ਵਿਚ ਇਕ ਨਵਾਂ ਰੂਪ ਦੇ ਕੇ ਚਿਤਰਿਆ ਹੈ ।

                  ‘ ਓੁਅੰਕਾਰ ਦਾ ਇਕ ਪ੍ਰਯਾਯ ‘ ਸ਼ਬਦ’ ਵੀ ਹੈ । ‘ ਓਅੰਕਾਰ’ ਵਾਂਗ ‘ ਸ਼ਬਦ– ਬ੍ਰਹਮ’ ਦੀ ਧਾਰਨਾ ਰਿਗਵੇਦ ( 1/164/45 ) ਤੋਂ ਚਲੀ ਆ ਰਹੀ ਹੈ । ਕਠ ਉਪਨਿਸ਼ਦ ( 1/2/16 ) ਅਨੁਸਾਰ ਸ਼ਬਦ ਬ੍ਰਹਮ ਦੀ ਗਿਆਨ ਪ੍ਰਾਪਤੀ ਨਾਲ ਮਨੁੱਖ ਮਨ– ਇੱਛੇ ਫਲ ਪ੍ਰਾਪਤ ਕਰ ਸਕਦਾ ਹੈ । ਪ੍ਰਸ਼ਨ ਉਪਨਿਸ਼ਦ ( 4/10 ) ਹੈ । ‘ ਬ੍ਰਹਮ– ਸੂਤ੍ਰ’ ਦੇ ਸ਼ੰਕਰ ਭਾਸ਼ੑਯ ( 1/3/28 ) ਵਿਚ ਸ਼ਬਦ ਤੋਂ ਸੰਸਾਰ ਦੀ ਉਤਪੱਤੀ ਦਸੀ ਗਈ ਹੈ । ਪੁਰਾਣ ਸਾਹਿੱਤ , ਸਿੱਧ ਸਾਹਿੱਤ ਅਤੇ ਨਾਥ ਸਾਹਿੱਤ ਵਿਚ ਵੀ ‘ ਸ਼ਬਦ ਬ੍ਰਹਮ’ ਦੀ ਧਾਰਨਾ ਕਿਸੇ ਨਾ ਕਿਸੇ ਰੂਪ ਵਿਚ ਪ੍ਰਚੱਲਿਤ ਰਹੀ ਹੈ । ‘ ਅਨਹਦ ਨਾਦ’ ਵੀ ਅਸਲੋਂ ‘ ਸ਼ਬਦ ਬ੍ਰਹਮ’ ਦੀ ਸਥਾਪਨਾ ਦਾ ਰੂਪਾਂਤਰ ਹੈ । ਨਿਰਗੁਣ ਅਤੇ ਸਗੁਣ ਸਾਧਨਾ ਪ੍ਰਣਾਲੀਆਂ ਵਿਚ ਵੀ ‘ ਸ਼ਬਦ ਬ੍ਰਹਮ’ ਦੀ ਮਾਨਤਾ ਮਿਲ ਜਾਂਦੀ ਹੈ । ਗੁਰਬਾਣੀ ਵਿਚ ਵੀ ‘ ਸ਼ਬਦ ਬ੍ਰਹਮ’ ਨੂੰ ਚਿਤਰਿਆ ਗਿਆ ਹੈ । ‘ ਸਿਧ ਗੋਸਟਿ’ ( 58– 61 ) ਵਿਚ ਸਿੱਧਾਂ ਦੇ ਇਸ ਪ੍ਰਸ਼ਨ “ ਉਸ ਸ਼ਬਦ ਦਾ ਨਿਵਾਸ ਕਿੱਥੇ ਹੈ ਜਿਸ ਰਾਹੀਂ ਸੰਸਾਰ ਸਾਗਰ ਤਰਿਆ ਜਾਂਦਾ ਹੈ” ਦਾ ਉੱਤਰ ਦਿੰਦਿਆਂ ਗੁਰੂ ਨਾਨਕ ਦੇਵ ਨੇ ਕਿਹਾ ਹੈ ਕਿ ਉਹ ਸ਼ਬਦ ਸਰਬਤ ਵਸ ਰਿਹਾ ਹੈ , ਉਹ ਅਲੱਖ ਅਤੇ ਸਰਬ ਵਿਆਪਕ ਹੈ । ਪਰਮਾਤਮਾ ਦੀ ਕ੍ਰਿਪਾ ਦ੍ਰਿਸ਼ਟੀ ਨਾਲ ਉਹ ਹਿਰਦੇ ਵਿਚ ਵਸ ਸਕਦਾ ਹੈ । ਇਸ ਸ਼ਬਦ ਨੂੰ ਪਛਾਣਨ ਨਾਲ ਮਨੁੱਖ ਵਰਣ– ਚਿੰਨ੍ਹ ਤੋਂ ਪਰੇ ਹੋ ਜਾਂਦਾ ਹੈ , ਫਿਰ ਉਸ ਉਤੇ ਮਾਯਾ ਦਾ ਪ੍ਰਭਾਵ ਵੀ ਨਹੀਂ ਪੈ ਸਕਦਾ ਹੈ । ਜੋ ਵਿਅਕਤੀ ਸ਼ਬਦ ਦੇ ਰੰਗ ਵਿਚ ਰੰਗ ਜਾਂਦਾ ਹੈ , ਉਹ ਪਰਮਾਤਮਾ ਰੂਪੀ , ਅੰਮ੍ਰਿਤ ਪ੍ਰਾਪਤ ਕਰ ਕੇ ਤ੍ਰਿਪਤ ਹੋ ਜਾਂਦਾ ਹੈ । ਇਸ ਤਰ੍ਹਾਂ ‘ ਓਅੰਕਾਰ’ ਅਤੇ ਸ਼ਬਦ ਵਿਚ ਕੋਈ ਤਾਤਵਿਕ ਅੰਤਰ ਨਹੀਂ ਹੈ । ਗੁਰੂ ਨਾਨਕ ਦੇਵ ਨੇ ਸ਼ਬਦ ਬ੍ਰਹਮ ਦੀ ਭਾਵਨਾ ਨੂੰ ਯੋਗਿਕ ਅਤੇ ਤਾਂਤਰਿਕ ਸੀਮਾ ਤੋਂ ਬਾਹਰ ਦਢ ਕੇ ਭਾਵਾਤਮਕ ਰੂਪ ਪ੍ਰਦਾਨ ਕੀਤਾ ਹੈ । ਇਹ ਸ਼ਬਦ ਆਪ ਹੀ ਗੁਰੂ , ਪੀਰ , ਗਹਿਰ ਗੰਭੀਰ ਹੈ ਅਤੇ ਇਸ ਤੋਂ ਬਿਨਾ ਸਾਰਾ ਜਗਤ ਬਾਵਲਾ ਹੈ । ( ‘ ਸ਼ਬਦੁ ਗੁਰ ਪੀਰਾ , ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਓਰਾਨੰ’ – ਆ. ਗੰ. ੬੩੫ ) । ਇਸ ਸ਼ਬਦ ਨੂੰ ਘੜਨ ਦੀ ਵਿਧੀ ਨੂੰ ਟਕਸਾਲ ਦੇ ਰੂਪਕ ਰਾਹੀਂ ਸਪਸ਼ਟ ਕਰਦੇ ਹੋਇਆਂ ਗੁਰੂ ਨਾਨਕ ਨੇ ਜਪੁਜੀ ( ੩੮ ) ਵਿਚ ਕਿਹਾ ਹੈ ਕਿ ਸੰਜਮ ਭੱਠੀ ਹੈ , ਧੀਰਜ ਸੁਨਿਆਰਾ ਹੈ , ਬੁੱਧੀ ਅਹਿਰਣ ਹੈ , ਗੁਰੂ ਗਿਆਨ ਰੂਪ ਵੇਦ ਹਥੌੜਾ ਹੈ , ਪਰਮਾਤਮਾ ਦਾ ਭੈ ਧੌਂਕੜੀ ਹੈ , ਤਪਸਿਆ ਅਗਨੀ ਹੈ , ਪ੍ਰਭੂ ਕੁਠਾਲੀ ਹੈ । ਇਸ ਸੱਚੀ ਟਕਸਾਲ ਵਿਚ ਸ਼ਬਦ ਰਪੀ ਸਿੱਕਾ ਢਾਲਿਆ ਜਾਂਦਾ ਹੈ ।

                  ‘ ਓਅੰਕਾਰ’ ਅਤੇ ‘ ਸ਼ਬਦ’ ਨੂੰ ‘ ਪ੍ਰਣਵ’ ਦਾ ਪ੍ਰਯਾਯ ਵੀ ਮੰਨਿਆ ਜਾਂਦਾ ਹੈ । ‘ ਪਾਤੰਜਲ ਯੋਗਸੂਤ੍ਰ’ ( 1/27 ) ਵਿਚ ‘ ਪ੍ਰਣਵ’ ਨੂੰ ਈਸ਼ਵਰ ਦਾ ਵਾਚਕ ਮੰਨਿਆ ਗਿਆ ਹੈ ( ਤਸੑਯ ਵਾਚਕ : ਪ੍ਰਣਵ ) । ਤਾਂਤਰਿਕ ਸਾਹਿੱਤ ਵਿਚ ਪ੍ਰਣਵਵਾਦ ਦੀ ਸਥਾਪਨਾ ਨਾਦ– ਬਿੰਦੂ ਦੇ ਰੂਪ ਵਿਚ ਹੋਈ ਹੈ । ਇਹ ਉਨ੍ਹਾਂ ਦਾ ਨਾਦ ਯੋਗ ਹੈ । ਡਾ. ਹਜ਼ਾਰੀ ਪ੍ਰਸਾਦ ਦ੍ਵਿਵੇਦੀ ਅਨੁਸਾਰ ‘ ਨਾਦ ਅਤੇ ਬਿੰਦੂ ਅਸਲ ਵਿਚ ਸੰਪੂਰਣ ਬ੍ਰਹਮੰਡ ਵਿਚ ਵਿਆਪਤ ਅਨਾਹਤ ਨਾਦ/ਅਨਹਦ ਨਾਦ ਦਾ ਵਿਅਕਤੀ ਵਿਚ ਵਿਅਕਤ ਰੂਪ ਹੈ । … ਇਹ ਨਾਦ ਅਸਲੋਂ ਉਪਾਧੀ– ਰਹਿਤ ਹੋਣ ਤੇ ‘ ਪ੍ਰਣਵ’ ਜਾਂ ‘ ਓਅੰਕਾਰ’ ਅਖਵਾਂਦਾ ਹੈ” ਇਹੀ ਸ਼ਬਦ ਹੈ । ਗੁਰਬਾਣੀ ਵਿਚ ਸ਼ਬਦ ਅਤੇ ਨਾਮ , ਸ਼ਬਦ ਅਤੇ ਗੁਰੂ ਸ਼ਬਦ ( ਗੁਰਬਾਣੀ ) ਵਿਚ ਵੀ ਕੋਈ ਅੰਤਰ ਨਹੀਂ ਮੰਨਿਆ ਗਿਆ । ਇਨ੍ਹਾਂ ਦੇ ਸਰੂਪ ਅਤੇ ਸਮਰਥਾਵਾਂ ਆਪਸ ਵਿਚ ਮੇਲ ਖਾਂਦੀਆਂ ਹਨ । ‘ ਸਿਧ ਗੋਸੀਟ’ ( 72 ) ਵਿਚ ਗੁਰੂ ਨਾਨਕ ਦੇਵ ਨੇ ਕਿਹਾ ਹੈ :

ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ ਬਿਨੁ ਨਾਵੈ ਜੋਗੁ ਨ ਹੋਈ ।

ਨਾਮੇ ਰਾਤੇ ਅਨਦਿਨੁ ਮਾਤੇ ਨਾਮੈ ਤੈ ਸੁਖੁ ਹੋਈ ।

ਨਾਮੇ ਹੀ ਤੇ ਸਭੁ ਪਰਗੁਟੁ ਹੋਵੈ ਨਾਮੈ ਸੋਝੀ ਪਾਈ

ਬਿਨੁ ਨਾਵੇ ਭੇਖ ਕਰਹਿ ਬਹੁ ਤੇਰੇ ਸਚੈ ਆਪਿ ਖੁਆਈ ।

ਸਤਿਗੁਰ ਤੇ ਨਾਮੁ ਪਾਈਐ ਅਉਧੂ ਜੋਗ ਜੁਗਤਿ ਤਾ ਹੋਈ ।

                  ਇਸ ਤਰ੍ਹਾਂ ਓਅੰਕਾਰ , ਸ਼ਬਦ , ਗੁਰੂ ਸ਼ਬਦ , ਨਾਮ ਆਦਿ ਸ਼ਬਦ ਸਮਾਨ ਭਾਵ ਸੂਚਕ ਹਨ । ਕਿਤੇ ਕਿਤੇ ‘ ਹੁਕਮ ( ਵੇਖੇ ) ਨੂੰ ਵੀ ਇਸ ਦਾ ਸਮਾਨ ਅਰਥਕ ਮੰਨ ਲਿਆ ਜਾਂਦਾ ਹੈ ।

[ ਸਹਾ. ਗ੍ਰੰਥ– ਡਾ. ਹਜ਼ਾਰੀ ਪ੍ਰਸਾਦ ਦ੍ਵਿਵੇਦੀ : ‘ ਕਬੀਰ’ ; ਹਿ. ਸਾ. ਕੋ. ( ) ; ਮ. ਕੋ. , ; ਡਾ. ਰਤਨ ਸਿੰਘ ਜੱਗੀ : ‘ ਗੁਰੂ ਨਾਨਕ– ਵਿਅਕਤਿਤ੍ਵ , ਕ੍ਰਿਤਿਤ੍ਵ ਔਰ ਚਿੰਤਨ ( ਹਿੰਦੀ ) ; ਡਾ. ਦਲੀਪ ਸਿੰਘ ਦੀਪ : ‘ ਜਪੁਜੀ– ਇਕ ਤੁਲਨਾਤਮਕ ਅਧਿਐਨ’ ]


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 815, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-31, ਹਵਾਲੇ/ਟਿੱਪਣੀਆਂ: no

ਓਅੰਕਾਰ ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਓਅੰਕਾਰ : ਇਹ ਬ੍ਰਹਮਾ ਦਾ ਵਾਚਕ ਸ਼ਬਦ ਹੈ । ‘ ਪ੍ਰਣਵ’ ਇਸ ਦਾ ਸਮਾਨਾਰਥਕ ਸ਼ਬਦ ਹੈ । ਵੈਦਿਕ ਸਾਹਿੱਤ ਤੋਂ ਲੈ ਕੇ ਸੰਤ ਸਾਹਿੱਤ ਤਕ ਇਸ ਸ਼ਬਦ ਦੀ ਵਰਤੋਂ ਕੀਤੀ ਗਈ ਹੈ । ‘ ਮਾਂਡੂਕ੍ਰਯ ਉਪਨਿਸ਼ਦ’ ( 1 ) ਵਿਚ ਓਅੰਕਾਰ ਨੂੰ ਨਿੱਤ ਵਸਤੂ ਕਹਿ ਕੇ ਇਸ ਨੂੰ ਸਰਵ ਪ੍ਰਕਾਸ਼ਮਈ ਦੱਸਿਆ ਗਿਆ ਹੈ । ਭੂਤ ਭਵਿਖ ਅਤੇ ਵਰਤਮਾਨ ਵਿਚ ਓਅੰਕਾਰ ਹੀ ਹੈ । ਤ੍ਰੈਕਾਲ ਤੋਂ ਪਰੇ ਸਤਿ ਸਰੂਪ ਬ੍ਰਹਮ ਵੀ ਓਅੰਕਾਰ ਹੀ ਹੈ ਇਸੇ ਤਰ੍ਹਾਂ ‘ ਛਾਂਦੋਗ੍ਰਯ ਉਪਨਿਸ਼ਦ’ ( 2/23/3 ) ਵਿਚ ਓਅੰਕਾਰ ਤੋਂ ਸਾਰੀ ਸ੍ਰਿਸ਼ਟੀ ਦਾ ਵਿਸਤਾਰ ਅਤੇ ਸਰਵ-ਵਿਆਪਕ ਮੰਨਿਆ ਗਿਆ ਹੈ । ‘ ਯਾਗ੍ਰਯਵਲ੍ਰਕ੍ਰਯ ਸਮ੍ਰਿਤੀ’ ਅਨੁਸਾਰ ਜਿਵੇਂ ਪਲਾਸ਼ ਦਾ ਪਤਾ ਇਕ ਤੀਲੇ ਨਾਲ ਉਠਾਇਆ ਜਾ ਸਕਦਾ ਹੈ , ਉਸੇ ਤਰ੍ਹਾਂ ਇਹ ਸੰਸਾਰ ਓਅੰਕਾਰ ਨਾਲ ਧਾਰਣ ਕੀਤਾ ਜਾ ਸਕਦਾ ਹੈ । ਇਸ ਦੀ ਸਰੂਪਗਤ ਭਾਵਨਾ ਨਿਰਗੁਣ ਵਾਲੀ ਹੈ ।

ਤਿੰਨ ਵਰਣਾ ( ਅਕਾਰ , ਉਕਾਰ , ਮਕਾਰ ) ਨਾਲ ਬਣੇ ਹੋਣ ਕਾਰਨ ਕਾਲਾਂਤਰ ਵਿਚ ਇਸ ਨਾਲ ਸਗੁਣ ਭਾਵਨਾ ਵੀ ਜੋੜ ਦਿੱਤੀ ਗਈ । ਇਸ ਦੀ ਵਿਅਖਿਆ ਕਰਦਿਆਂ ਅਕਾਰ ਨੂੰ ਵਿਸ਼ਣੂ , ਉਕਾਰ ਨੂੰ ਮਹੇਸ਼ ਅਤੇ ਮਕਾਰ ਨੂੰ ਬ੍ਰਹਮਾ ਦਾ ਬੋਧਕ ਮੰਨ ਕੇ ਸਮੁਚੇ ਤੌਰ ਤੇ ਇਸ ਨੂੰ ਤ੍ਰੈਦੇਵਾਂ ਦਾ ਪ੍ਰਤੀਕ ਸਿੱਧ ਕੀਤਾ ਜਾਣ ਲਗਿਆ । ਇਸ ਤਰ੍ਹਾਂ ਇਸ ਦਾ ਭਾਵਾਤਮਕ ਸਰੂਪ ਨਿਰਗੁਣੀ ਅਤੇ ਸਗੁਣੀ ਦੋਹਾਂ ਤਰ੍ਹਾਂ ਦੀਆਂ ਅਧਿਆਤਮਿਕ ਪਰੰਪਰਾਵਾਂ ਨਾਲ ਸੰਬੰਧਿਤ ਹੋ ਗਿਆ ।

      ਗੁਰਬਾਣੀ ਵਿਚ ਇਸ  ਸ਼ਬਦ ਦੀ ਵਰਤੋਂ ਨਿਰਗੁਣ ਬ੍ਰਹਮ ਦੇਵਾਚਕ ਸ਼ਬਦ ਵਜੋਂ ਹੋਈ ਹੈ ਅਤੇ ਇਸ ਬਾਰੇ ਸਗੁਣਵਾਦੀ ਪਵ੍ਰਿੱਤੀ ਨੂੰ ਖ਼ਤਮ ਕਰਨ ਲਈ ਮੂਲ-ਮੰਤ੍ਰ ਦੇ ਆਰੰਭ ਵਿਚ ‘ ਇਕ’ ਅੰਕ ਲਗਾਇਆ ਗਿਆ ਹੈ । ਭਾਈ ਕਾਨ੍ਹ ਸਿੰਘ ਦੇ ਮਤ ਅਨੁਸਾਰ ਵੀ ‘ ਓਅੰ’ ਦੇ ਆਰੰਭ ਵਿਚ ਏਕਾ ਲਿਖ ਕੇ ਕਰਤਾਰ ਨੂੰ ਇਕ ਅਤੇ ਅਦੁੱਤੀ ਸਿੱਧ ਕੀਤਾ ਗਿਆ ਹੈ । ਗੁਰੂ ਨਾਨਕ ਦੇਵ ਨੇ ‘ ਥਿਤੀ’ ( 1 ) ਨਾਂ ਦੀ ਬਾਣੀ ਵਿਚ ਓਅੰਕਾਰ ਨੂੰ ਸਭ ਤੋਂ ਨਿਰਾਲਾ , ਵਿਲੱਖਣ , ਅਮਰ ਅਤੇ ਅਜੂਨੀ ਦਸਦੇ ਹੋਇਆਂ ਇਸ ਨੂੰ ਜਾਤਿ-ਮੁਕਤ ਅਤੇ ਸੰਸਾਰਿਕ ਪ੍ਰਪੰਚ ਤੋਂ ਅਤੀਤ ਮੰਨਿਆ ਹੈ । ਇਹ ਘਟ-ਘਟ ਵਾਸੀ ਵੀ ਹੈ । ਰਾਮਕਲੀ ਰਾਗ ਵਿਚ ਸੰਕਿਲਤ ‘ ਓਅੰਕਾਰ’ ਨਾਂ ਦੀ ਬਾਣੀ ਦੇ ਆਰੰਭ ਵਿਚ ਹੀ ਇਹ ਸਥਾਪਨਾ ਕੀਤੀ ਗਈ ਹੈ ਕਿ ਓਅੰਕਾਰ ਤੋਂ ਹੀ ਬ੍ਰਹਮਾ ਦੀ ਉਤਪੱਤੀ ਹੋਈ ਹੈ , ਉਸ ਨੇ ਓਅੰਕਾਰ ਦਾ ਹੀ ਆਪਣੇ ਮਨ ਵਿਚ ਚਿੰਤਨ ਕੀਤਾ ਹੈ । ਓਅੰਕਾਰ ਤੋਂ ਹੀ ਪਰਬਤ , ਯੁਗ , ਵੇਦ ਆਦਿ ਹੋਂਦ ਵਿਚ ਆਏ ਹਨ । ਇਸ ਸ਼ਬਦ ਰਾਹੀਂ ਹੀ ਵਿਅਕਤੀ ਦਾ ਸੁਧਾਰ ਹੁੰਦਾ ਹੈ । ਓਨਮ ਅੱਖਰ ਹੀ ਤਿੰਨ ਲੋਕਾਂ ਦਾ ਸਾਰ ਤੱਤ ਹੈ— ‘ ਓਅੰਕਾਰਿ ਬ੍ਰਹਮਾ ਉਤਪਤਿ । / ਓਅੰਕਾਰੁ ਕੀਆ ਜਿਨਿ ਚਿਤਿ । / ਓਅੰਕਾਰ ਸੈਲ ਜੁਗ ਭਏ । / ਓਅੰਕਾਰਿ ਬੇਦ ਨਿਰਮਾਏ । / ਓਅੰਕਾਰ ਸਬਦਿ ਉਧਾਰੇ । / ਓਅੰਕਾਰਿ ਗੁਰਮੁਖਿ ਤਰੇ । /ਓਨਮ ਅਖਰ ਸੁਣਹੁ ਬੀਚਾਰੁ । / ਓਨਮ ਅਖਰੁ ਤ੍ਰਿਭਵਣ ਸਾਰੁ । 1 ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 815, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-11-30, ਹਵਾਲੇ/ਟਿੱਪਣੀਆਂ: no

ਓਅੰਕਾਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਅੰ / ਓਅੰਕਾਰ : ਭਾਰਤੀ ਅਧਿਆਤਮਿਕ ਪਰੰਪਰਾ ਵਿਚ ‘ ਓਅੰ’ ਜਾਂ ‘ ਓਅੰਕਾਰ ’ ਬ੍ਰਹਮ-ਵਾਚਕ ਸ਼ਬਦ ਹੈ । ‘ ਪ੍ਰਣਵ’ ਇਸ ਦਾ ਸਮਾਨਾਰਥਕ ਸ਼ਬਦ ਹੈ । ਵੈਦਿਕ ਸਾਹਿਤ ਤੋਂ ਲੈ ਕੇ ਸੰਤ ਸਾਹਿਤ ਤਕ ਇਸ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ । ‘ ਮਾਂਡੂਕੑਯ ਉਪਨਿਸ਼ਦ ’ ( 1 ) ਵਿਚ ‘ ਓਅੰਕਾਰ’ ਨੂੰ ਨਿੱਤ ਵਸਤੂ ਕਹਿ ਕੇ ਇਸ ਨੂੰ ਸਰਵ-ਪ੍ਰਕਾਸ਼ਮਈ ਦਸਿਆ ਗਿਆ ਹੈ । ਭੂਤ , ਭਵਿਖ ਅਤੇ ਵਰਤਮਾਨ ਵਿਚ ਓਅੰਕਾਰ ਹੀ ਹੈ । ਤ੍ਰੈਕਾਲ ਤੋਂ ਪਰੇ ਸਤਿ-ਸਰੂਪ ਬ੍ਰਹਮ ਵੀ ਓਅੰਕਾਰ ਹੀ ਹੈ । ਇਸੇ ਤਰ੍ਹਾਂ ‘ ਛਾਂਦੋਗੑਯ ਉਪਨਿਸ਼ਦ’ ( 2/23/3 ) ਵਿਚ ਓਅੰਕਾਰ ਤੋਂ ਸਾਰੀ ਸ੍ਰਿਸ਼ਟੀ ਦਾ ਵਿਸਤਾਰ ਅਤੇ ਇਸ ਨੂੰ ਸਰਵ-ਵਿਆਪਕ ਮੰਨਿਆ ਗਿਆ ਹੈ । ‘ ਯਾਗੑਯਵਲੑਕੑਯ ਸਮ੍ਰਿਤੀ’ ਅਨੁਸਾਰ ਜਿਵੇਂ ਪਲਾਸ਼ ਦਾ ਪਤਾ ਇਕ ਤੀਲੇ ਨਾਲ ਉਠਾਇਆ ਜਾ ਸਕਦਾ ਹੈ , ਉਸੇ ਤਰ੍ਹਾਂ ਇਹ ਸੰਸਾਰ ਓਅੰਕਾਰ ਨਾਲ ਧਾਰਣ ਕੀਤਾ ਜਾ ਸਕਦਾ ਹੈ । ਇਸ ਦੀ ਸਰੂਪਗਤ ਭਾਵਨਾ ਨਿਰਗੁਣ ਵਾਲੀ ਹੈ ।

 

                      ਤਿੰਨ ਵਰਣਾਂ ( ਅਕਾਰ , ਉਕਾਰ , ਮਕਾਰ ) ਨਾਲ ਬਣੇ ਹੋਣ ਕਾਰਣ ਕਾਲਾਂਤਰ ਵਿਚ ਇਸ ਨਾਲ ਸਗੁਣ ਭਾਵਨਾ ਵੀ ਜੋੜ ਦਿੱਤੀ ਗਈ । ਇਸ ਦੀ ਵਿਆਖਿਆ ਕਰਦਿਆਂ ‘ ਅਕਾਰ’ ਨੂੰ ਵਿਸ਼ਣੂ , ‘ ਉਕਾਰ’ ਨੂੰ ਮਹੇਸ਼ ਅਤੇ ‘ ਮਕਾਰ ’ ਨੂੰ ਬ੍ਰਹਮਾ ਦਾ ਬੋਧਕ ਮੰਨ ਕੇ ਸਮੁੱਚੇ ਤੌਰ ’ ਤੇ ਇਸ ਨੂੰ ਤ੍ਰੈਦੇਵਾਂ ਦਾ ਪ੍ਰਤੀਕ ਸਿੱਧ ਕੀਤਾ ਜਾਣ ਲਗਿਆ । ਇਸ ਤਰ੍ਹਾਂ ਇਸ ਦਾ ਭਾਵਾਤਮਕ ਸਰੂਪ ਨਿਰਗੁਣੀ ਅਤੇ ਸਗੁਣੀ ਦੋਹਾਂ ਤਰ੍ਹਾਂ ਦੀਆਂ ਅਧਿਆਤਮਿਕ ਪਰੰਪਰਾਵਾਂ ਨਾਲ ਸੰਬੰਧਿਤ ਹੋ ਗਿਆ ।

                      ‘ ਓਅੰ’ ਅਤੇ ਓਅੰਕਾਰ’ ਦੋਵੇਂ ਸ਼ਬਦ ਗੁਰਬਾਣੀ ਵਿਚ ਨਿਰਗੁਣ ਬ੍ਰਹਮ ਦੇ ਵਾਚਕ ਰੂਪ ਵਿਚ ਵਰਤੇ ਗਏ ਹਨ — ਓਅੰ ਪ੍ਰਿਅ ਪ੍ਰੀਤਿ ਚੀਤਿ ਪਹਿਲਰੀਆ ( ਗੁ.ਗ੍ਰੰ. 1213 ) ; ਓਅੰਕਾਰਿ ਏਕੋ ਰਵਿ ਰਹਿਆ ਸਭੁ ਏਕਸ ਮਾਹਿ ਸਮਾਵੈਗੋ ( ਗੁ.ਗ੍ਰੰ.1310 ) । ਇਸ ਬਾਰੇ ਪ੍ਰਚਲਿਤ ਸਗੁਣਵਾਦੀ ਪ੍ਰਵਿੱਤੀ ਨੂੰ ਖ਼ਤਮ ਕਰਨ ਲਈ ਮੂਲ-ਮੰਤ੍ਰ ਦੇ ਆਰੰਭ ਵਿਚ ‘ ੧’ ਅੰਕ ਲਗਾਇਆ ਗਿਆ ਹੈ । ਭਾਈ ਕਾਨ੍ਹ ਸਿੰਘ ਦੇ ਮਤ ਅਨੁਸਾਰ ‘ ਓਅੰ’ ਦੇ ਆਰੰਭ ਵਿਚ ਏਕਾ ਲਿਖ ਕੇ ਕਰਤਾਰ ਨੂੰ ਇਕ ਅਤੇ ਅਦੁੱਤੀ ਸਿੱਧ ਕੀਤਾ ਗਿਆ ਹੈ । ਗੁਰੂ ਨਾਨਕ ਦੇਵ ਜੀ ਨੇ ‘ ਥਿਤੀ ’ ( 1 ) ਨਾਂ ਦੀ ਬਾਣੀ ਵਿਚ ਓਅੰਕਾਰ ਨੂੰ ਸਭ ਤੋਂ ਨਿਰਾਲਾ , ਵਿਲੱਖਣ , ਅਮਰ ਅਤੇ ਅਜੂਨੀ ਦਸਦੇ ਹੋਇਆਂ ਇਸ ਨੂੰ ਜਾਤਿ-ਮੁਕਤ ਅਤੇ ਸੰਸਾਰਿਕ ਪ੍ਰਪੰਚ ਤੋਂ ਅਤੀਤ ਮੰਨਿਆ ਹੈ । ਇਹ ਘਟ-ਘਟ ਵਾਸੀ ਵੀ ਹੈ ।

                      ਰਾਮਕਲੀ ਰਾਗ ਵਿਚ ਸੰਕਲਿਤ ‘ ਓਅੰਕਾਰ’ ਨਾਂ ਦੀ ਬਾਣੀ ਦੇ ਆਰੰਭ ਵਿਚ ਹੀ ਇਹ ਸਥਾਪਨਾ ਕੀਤੀ ਗਈ ਹੈ ਕਿ ਓਅੰਕਾਰ ਤੋਂ ਹੀ ਬ੍ਰਹਮਾ ਦੀ ਉਤਪੱਤੀ ਹੋਈ ਹੈ , ਉਸ ਨੇ ਓਅੰਕਾਰ ਦਾ ਹੀ ਆਪਣੇ ਮਨ ਵਿਚ ਚਿੰਤਨ ਕੀਤਾ ਹੈ । ਓਅੰਕਾਰ ਤੋਂ ਹੀ ਪਰਬਤ , ਯੁਗ , ਵੇਦ ਆਦਿ ਹੋਂਦ ਵਿਚ ਆਏ ਹਨ । ਇਸ ਸ਼ਬਦ ਰਾਹੀਂ ਹੀ ਵਿਅਕਤੀ ਦਾ ਸੁਧਾਰ ਹੁੰਦਾ ਹੈ । ਓਨਮ ਅੱਖਰ ਹੀ ਤਿੰਨ ਲੋਕਾਂ ਦਾ ਸਾਰ ਤੱਤ੍ਵ ਹੈ — ਓਅੰਕਾਰਿ ਬ੍ਰਹਮਾ ਉਤਪਤਿ ਓਅੰਕਾਰੁ ਕੀਆ ਜਿਨਿ ਚਿਤਿ ਓਅੰਕਾਰਿ ਸੈਲ ਜੁਗ ਭਏ ਓਅੰਕਾਰਿ ਬੇਦ ਨਿਰਮਏ ਓਅੰਕਾਰਿ ਸਬਦਿ ਉਧਰੇ ਓਅੰਕਾਰਿ ਗੁਰਮੁਖਿ ਤਰੇ ਓਨਮ ਅਖਰ ਸੁਣਹੁ ਬੀਚਾਰੁ ਓਨਮ ਅਖਰੁ ਤ੍ਰਿਭਵਣ ਸਾਰੁ


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1734, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-06, ਹਵਾਲੇ/ਟਿੱਪਣੀਆਂ: no

ਓਅੰਕਾਰ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਓਅੰਕਾਰ   : ਇਸ ਸ਼ਬਦ ਦੀ ਵਰਤੋਂ ਸਿੱਖਾਂ ਦੇ ਧਾਰਮਕ ਸਾਹਿਤ ਵਿਚ ਆਮ ਕੀਤੀ ਗਈ ਹੈ ਕਿਉਂਕਿ ਇਹ ਸਿੱਖ ਧਰਮ ਚਿੰਤਨ ਨਾਲ ਸਬੰਧਤ ਮਹੱਤਵਪੂਰਨ ਸੰਕਲਪ ਹੈ । ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ' ੴ' ਦੇ   ਨੂੰ ਓਅੰਕਾਰਸੰਗਿਆ ਦਿਤੀ ਗਈ ਹੈ । ਭਾਈ ਵੀਰ ਸਿੰਘ ਜੀ ਦੇ ਵਿਚਾਰ ਅਨੁਸਾਰ ' ' ਗੁਰੂ ਜੀ ਨੇ  ਪਹਿਲ ਦਿੱਤੀ ਹੈ ਭਾਵ ਸ੍ਵਰਾਂ ਵਿਚ ' ਨੂੰ ਸ਼੍ਰੋਮਣੀ ਸ੍ਵਰ ਥਾਪਿਆ ਹੈ । ਇਸ ਕਰ ਕੇ ਇਸ ਦਾ   ' ਰੂਪ ਬਣਾ ਕੇ ਅਗਮ ਅਗੋਚਰ ਪ੍ਰਮਾਤਮਾ ਨੂੰ ਘਟ ਘਟ ਵਾਸੀ ਤੇ ਸਾਰੀ ਰਚਨਾ ਦਾ ਮੁੱਢ , ਮੂਲ ਤੇ ਫ਼ਿਰ ਸਾਰੇ ਸਾਰੇ ਪਸਾਰੇ ਵਿਚ ਵਿਆਪਕ ਕਰਤਾ ਦੱਸਣ ਲਈ ' ੧' ਦੇ ਨਾਲ ਲਾ ਦਿਤਾ । ' ' ਪ੍ਰੋ. ਸਾਹਿਬ ਸਿੰਘ ਜੀ ਦੇ ਵਿਚਾਰ ਅਨੁਸਾਰ    ਦੋ ਹਿੱਸੇ ਹਨ ਓ ਅਤੇ  । ' ਦੇ ਅਰਥਾਂ ਬਾਰੇ ਉਹ ਲਿਖਦੇ ਹਨ ਕਿ ਵੇਦਾਂ ਆਦਿ ਦੇ ਆਰੰਭ ਤੇ ਅਖ਼ੀਰ ਵਿਚ ਅਰਦਾਸ ਜਾਂ ਕਿਸੇ ਪਵਿੱਤਰ ਧਰਮ ਕਾਰਜ ਦੇ ਆਰੰਭ ਵਿਚ ਅੱਖਰ ' ਓ' ( Ȝ ) ਨੂੰ ਪਵਿੱਤਰ ਸਮਝਦਿਆਂ ਪ੍ਰਯੋਗ ਕੀਤਾ ਜਾਂਦਾ ਹੈ ।

              ਅਮਰ ਕੋਸ਼ ਵਿਚ ਇਸ ਦਾ ਅਰਥ ' ਬ੍ਰਹਮ' ਦੱਸਿਆ ਗਿਆ ਹੈ । ਭਾਈ ਕਾਨ੍ਹ ਸਿੰਘ ਨੇ ਇਸ ਦਾ ਮੂਲ ' ਅਵ' ( अव् ) ਧਾਤੂ ਮੰਨਿਆ ਹੈ ਜਿਸ ਦੇ ਅਰਥ ਰੱਖਿਆ ਕਰਨ ਵਾਲਾ ਪ੍ਰਵਾਨ ਕੀਤੇ ਹਨ । ਪ੍ਰੋ. ਸਾਹਿਬ ਸਿੰਘ ਅਨੁਸਾਰ ਗੁਰੂ ਗ੍ਰੰਥ ਸਾਹਿਬ ਵਿਚ ' ਅਰਥਾਂ ਨੂੰ ਨਿਸ਼ਚਿਤ ਕਰਨ ਵਾਸਤੇ ' ਪਹਿਲਾਂ ' ੧' ਲਿਖ ਦਿੱਤਾ ਹੈ :

                              ਏਕਾ ਏਕੰਕਾਰ ਲਿਖਿ ਵੇਖਾਲਿਆ ।

                              ਊੜਾ ਓਅੰਕਾਰ ਪਾਸਿ ਬਹਾਲਿਆ ।

                                                                                                                                                                                              ( ਭਾਈ ਗੁਰਦਾਸ )

              ਇਸ ਲਈ ਇਥੇ ਇਸ ਦਾ ਭਾਵ ਹੈ ਕਿ '   ਦਾ ਅਰਥ ਹੈ ਉਹ ਹਸਤੀ ਜੋ ਇਕ ਹੈ , ਜਿਸ ਜਿਹਾ ਹੋਰ ਕੋਈ ਨਹੀਂ ਅਤੇ ਜਿਸ ਵਿਚ ਇਹ ਜਗਤ ਸਮਾ ਜਾਂਦਾ ਹੈ ।

              ' ਓ' ਉਪਰ ਪਏ ਚਿੰਨ੍ਹ ' ਜਿਸ ਦੇ ਪਾਉਣ ਨਾਲ ' ਓ' ਦੀ ਸ਼ਕਲ ' ਬਣ ਜਾਂਦੀ ਹੈ , ਦਾ ਉਚਾਰਨ ' ਕਾਰ' ਹੈ । ' ਕਾਰ' ਸੰਸਕ੍ਰਿਤ ਦਾ ਪਿਛੇਤਰ ਹੈ । ਆਮ ਤੌਰ ਤੇ ਇਹ ਪਿਛੇਤਰ ' ਨਾਵਾਂ' ਦੇ ਅਖੀਰ ਵਿਚ ਵਰਤਿਆ ਜਾਂਦਾ ਹੈ । ਇਸ ਦਾ ਅਰਥ ਹੈ ' ਇਕ ਰਸ' ਜਿਸ ਵਿਚ ਕੋਈ ਤਬਦੀਲੀ ਨਾ ਆਵੇ' । ' ਉਮੰਗ' ਨਾਲ ਉਚਾਰਨ ਕੀਤੀ ਜਾਂਦੀ ' ਕਾਰ' ਦਾ ਅਰਥ ਭਾਈ ਕਾਨ੍ਹ ਸਿੰਘ ' ਧੁਨੀ' ਕਰਦੇ ਹਨ ਪਰ ਭਾਈ ਵੀਰ ਸਿੰਘ ਜੀ ਇਸ ਦੇ ਅਰਥ ' ਕੇਵਲ' ਕਰਦੇ ਹਨ । ਉਨ੍ਹਾਂ ਅਨੁਸਾਰ ' ਓਅੰਕਾਰ' ਦਾ ਅਰਥ ਹੈ– ' ਕੇਵਲ ਓਅੰ' ।

              ਕਈ ਵਿਦਵਾਨਾਂ ਨੇ'       ਨੂੰ ਓਮ ਮੰਨਦਿਆਂ ਉਸ ਦੇ ਓ.ਅ. ਮ. .ਤਿੰਨ ਭਾਗ ਕਰਦੇ ਉਨ੍ਹਾਂ ਦੇ ਭਾਵ ਬ੍ਰਹਮਾ , ਵਿਸ਼ਨੂੰ ਅਤੇ ਮਹੇਸ਼ ਦਿੱਤੇ ਹਨ ਭਰ ਭਾਈ ਕਾਨ੍ਹ ਸਿੰਘ ਜਿਹੇ ਵਿਦਵਾਨ ਨੇ ' ਓਅੰਕਾਰ' ਨੂੰ ਖੰਡ ਖੰਡ ਕਰਨ ਵਾਲੀ ਬਿਰਤੀ ਦਾ ਖੰਡਨ ਕੀਤਾ ਹੈ । ਪ੍ਰੋ. ਸਾਹਿਬ ਸਿੰਘ ਨੇ ਇਸ ਗੱਲ ਉੱਪਰ ਜ਼ੋਰ ਦਿੱਤਾ ਹੈ ਕਿ ਗੁਰਮਤਿ ਵਿਚ ਓਅੰ ਦੇ ਮੁੱਢ ਵਿਚ ' ਏਕਾ ਅੰਕ' ਲਿਖ ਕੇ ਇਹ ਸਿੱਧ ਕੀਤਾ ਹੈ ਕਿ ਗੁਰਮਤਿ ਵਿਚ ਓਅੰਕਾਰ ਨੂੰ ਇਕ ਧੁਨ ਕਿਹਾ ਗਿਆ ਹੈ ਜੋ ਅਖੰਡ ਨਾਦ ਵਿਚ ਲਗਾਤਾਰ ਜਾਰੀ ਰਹਿੰਦੀ ਹੈ ।

              ਓਅੰਕਾਰ ਏਕ ਧੁਨਿ ਏਕੈ ਏਕੈ ਰਾਗ ਅਲਾਪੈ ǁ

                                                                              ( ਰਾਮਕਲੀ ਮ. ਪ. ਪੰਨਾ 885 )

              ਸ੍ਰੀ ਗੁਰੂ ਨਾਨਕ ਦੇਵ ਜੀ ਨੇ ' ਨੂੰ ਸਾਰੀ ਰਚਨਾ ਦਾ ਰਚਣਹਾਰ ਮੰਨਿਆ ਹੈ । ਗੁਰੂ ਰਾਮਦਾਸ ਜੀ , ਗੁਰੂ ਅਰਜਨ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਓਅੰਕਾਰ ਨੂੰ ਸ੍ਰਿਸ਼ਟੀ ਦਾ ਨਿਰਮਾਤਾ ਮੰਨਦੇ ਹਨ ।

                           


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 264, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-23-11-56-45, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ; ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ-ਪ੍ਰੋ ਸਾਹਿਬ ਸਿੰਘ; ਗੁਰਮਤਿ ਵਿਆਖਿਆਨ-ਪ੍ਰਿੰਸੀਪਲ ਹਰਿਭਜਨ ਸਿੰਘ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.