ਕਾਰ-ਸੇਵਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਰ - ਸੇਵਾ [ ਨਾਂਪੁ ] ਧਾਰਮਿਕ ਸਥਾਨ ਉੱਤੇ ਬਿਨਾਂ ਕਿਸੇ ਸੇਵਾ-ਫਲ਼ ਦੇ ਕੀਤੀ ਸੇਵਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1828, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਾਰ-ਸੇਵਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਕਾਰ - ਸੇਵਾ : ਫ਼ਾਰਸੀ ਅਤੇ ਸੰਸਕ੍ਰਿਤ ਭਾਸ਼ਾਵਾਂ ਦੇ ਪਿਛੋਕੜ ਵਾਲੇ ‘ ਕਾਰ ’ ਸ਼ਬਦ ਦਾ ਅਰਥ ਹੈ— ਕੰਮ , ਕਾਰਜ , ਕ੍ਰਿਆ । ਪ੍ਰਯੋਗ ਵੇਲੇ ਸੰਦਰਭ ਅਨੁਸਾਰ ਇਸ ਸ਼ਬਦ ਦੇ ਅਰਥਾਂ ਦੇ ਘੇਰੇ ਵਿਚ ਕੁਝ ਵਿਸਤਾਰ ਵੀ ਕਰ ਲਿਆ ਜਾਂਦਾ ਰਿਹਾ ਹੈ । ਸਿੱਖ-ਜਗਤ ਵਿਚ ਇਹ ਸ਼ਬਦ ‘ ਸੇਵਾ ’ ਅਤੇ ‘ ਭੇਂਟ ’ ਨਾਲ ਮਿਲ ਕੇ ਦੋ ਸੰਯੁਕਤ ਰੂਪ ਧਾਰਣ ਕਰਦਾ ਹੈ , ਜਿਵੇਂ ‘ ਕਾਰ- ਸੇਵਾ’ ਅਤੇ ‘ ਕਾਰ-ਭੇਟ ’ ( ਵੇਖੋ ) । ਇਨ੍ਹਾਂ ਵਿਚੋਂ ਕਾਰ- ਸੇਵਾ ਦਾ ਪਰਿਭਾਸ਼ਿਕ ਅਰਥ ਬਣਦਾ ਹੈ— ਸ਼ਰੀਰਿਕ ਉਦਮ ਰਾਹੀਂ ਸੇਵਾ ਕਰਨਾ । ਗੁਰੂ-ਧਾਮਾਂ ਦੀ ਉਸਾਰੀ , ਸਮਾਜਿਕ ਜਾਂ ਲੋਕ- ਭਲਾਈ ਦੇ ਕਾਰਜਾਂ ਆਦਿ ਵਿਚ ਵਿਅਕਤੀਗਤ ਜਾਂ ਸਮੂਹਿਕ ਤੌਰ ’ ਤੇ ਸ਼ਾਮਲ ਹੋ ਕੇ ਸ਼ਰੀਰਿਕ ਉਦਮ ਨਾਲ ਹਿੱਸਾ ਪਾਉਣਾ ਆਦਿ ਇਸ ਸੇਵਾ ਦੇ ਅਨੇਕ ਰੂਪ ਹਨ ।

                      ਇਸ ਪ੍ਰਕਾਰ ਦੀ ਸੇਵਾ ਦਾ ਆਰੰਭ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਦੌਰਾਨ ਸ਼ਰਧਾਲੂਆਂ ਤੋਂ ਲੋਕ-ਹਿਤ ਦੇ ਕਾਰਜਾਂ ਨੂੰ ਸੰਪੰਨ ਕਰਾਉਣ ਲਈ ਕੀਤਾ ਸੀਗੁਰੂ ਜੀ ਨੇ ਅੰਤਿਮ ਸਮੇਂ ਕਰਤਾਰਪੁਰ ਵਿਚ ਰਹਿ ਕੇ ਇਸੇ ਪ੍ਰਕਾਰ ਦੀ ਸੇਵਾ ਦਾ ਜਜ਼ਬਾ ਆਪਣੇ ਅਨੁਯਾਈਆ ਦੇ ਮਨ ਵਿਚ ਭਰਿਆ । ਗੋਇੰਦਵਾਲ ਵਿਚ ਬਾਉਲੀ ਦੀ ੳਸਾਰੀ , ਗੁਰੂ ਰਾਮਦਾਸ ਸਰੋਵਰ ਅਤੇ ਹਰਿਮੰਦਿਰ ਸਾਹਿਬ ਦੀ ਉਸਾਰੀ ਲਈ ਕਾਰ-ਸੇਵਾ ਦੀ ਵਿਧੀ ਅਪਣਾਈ ਜਾਂਦੀ ਰਹੀ । ਉਸ ਤੋਂ ਬਾਦ ਸਿੱਖ-ਜਗਤ ਵਿਚ ਇਸ ਨੂੰ ਅਧਿਆਤ- ਮਿਕ ਕਾਰਜ ਵਜੋਂ ਮਾਨਤਾ ਦੇ ਦਿੱਤੀ ਗਈ ।

                      ਹਰਿਮੰਦਿਰ ਸਾਹਿਬ ਅੰਮ੍ਰਿਤਸਰ ਦੇ ਸਰੋਵਰ ਦੀ ਕਾਰ-ਸੇਵਾ ਇਤਿਹਾਸਿਕ ਮਹੱਤਵ ਰਖਦੀ ਹੈ । ਮੁਸਲਮਾਨ ਪ੍ਰਸ਼ਾਸਕਾਂ ਅਤੇ ਹਮਲਾਵਰਾਂ ਦੁਆਰਾ ਇਸ ਧਰਮ-ਮੰਦਿਰ ਦੀ ਬੇਅਦਬੀ ਕੀਤੀ ਜਾਂਦੀ ਰਹੀ ਅਤੇ ਸਰੋਵਰ ਨੂੰ ਪੂਰਵਾ ਕੇ ਸਿੱਖਾਂ ਦੇ ਇਸ ਧਰਮ-ਕੇਂਦਰ ਨੂੰ ਖ਼ਤਮ ਕਰਨ ਦੇ ਯਤਨ ਕੀਤੇ ਜਾਂਦੇ ਰਹੇ । ਪਰ ਜਨ-ਸਮੂਹ ਨੇ ਇਨ੍ਹਾਂ ਚੁਣੌਤੀਆਂ ਦਾ ਕਾਰ-ਸੇਵਾ ਰਾਹੀਂ ਸਾਹਮਣਾ ਕੀਤਾ ਅਤੇ ਸਰੋਵਰ ਦੀ ਸਫ਼ਾਈ ਕੀਤੀ । 20ਵੀਂ ਸਦੀ ਵਿਚ 17 ਜੂਨ 1923 ਈ. ਨੂੰ ਸਰੋਵਰ ਦੀ ਕਾਰ-ਸੇਵਾ ਰਾਹੀਂ ਸਫਾਈ ਕੀਤੀ ਗਈ । ਫਿਰ 50 ਵਰ੍ਹੇ ਬਾਦ 31 ਮਾਰਚ 1973 ਈ. ਨੂੰ ਸਰੋਵਰ ਦੀ ਕਾਰ-ਸੇਵਾ ਸ਼ੁਰੂ ਕੀਤੀ ਗਈ । ਕਹਿੰਦੇ ਹਨ ਕਿ ਉਸ ਦਿਨ 10 ਲੱਖ ਵਿਅਕਤੀ ਸ਼ਾਮਲ ਹੋਣ ਲਈ ਆਏ ਸਨ ਅਤੇ ਉੁਹ ਕੰਮ 10 ਦਿਨਾਂ ਵਿਚ ਸੰਪੰਨ ਹੋਇਆ ਸੀ । 25 ਮਾਰਚ 2004 ਈ. ਵਿਚ ਫਿਰ ਸਰੋਵਰ ਦੀ ਕਾਰ-ਸੇਵਾ ਕਰਵਾਈ ਗਈ ਹੈ ।

                      ਹੁਣ ਗੁਰੂ-ਧਾਮਾਂ ਦੀ ਉਸਾਰੀ , ਸਰੋਵਰਾਂ ਦੀ ਸਫ਼ਾਈ , ਸਰਾਵਾਂ ਆਦਿ ਦਾ ਨਿਰਮਾਣ , ਜਨ-ਹਿਤ ਲਈ ਸੜਕਾਂ , ਸਰਾਵਾਂ ਆਦਿ ਦੀ ਸਿਰਜਨਾ ਵਿਚ ਇਸ ਸੇਵਾ ਦੇ ਵਖਰੇ ਵਖਰੇ ਰੂਪ ਵੇਖੇ ਜਾ ਸਕਦੇ ਹਨ । ਸਿੱਖ-ਜਗਤ ਦੀ ਇਹ ਬਿਰਤੀ ਇਤਨੀ ਸ਼ੋਭਾ-ਸ਼ਾਲੀ ਅਤੇ ਉਪਯੋਗੀ ਹੈ ਕਿ ਹੋਰਨਾਂ ਧਰਮਾਂ ਵਾਲੇ ਵੀ ਇਸ ਦਾ ਅਨੁਸਰਣ ਕਰਨ ਲਗ ਗਏ ਹਨ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1654, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਕਾਰ-ਸੇਵਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਰ-ਸੇਵਾ : ਪਵਿੱਤਰ ਸਰੋਵਰਾਂ ਅਤੇ ਮੰਦਰਾਂ ਦੀ ਉਸਾਰੀ ਅਤੇ ਸਫ਼ਾਈ ਲਈ ਸਰੀਰਿਕ ਕਿਰਤ ਦੇ ਪਾਏ ਸਵੈ-ਇੱਛਤ ਯੋਗਦਾਨ ਨੂੰ ਕਿਹਾ ਜਾਂਦਾ ਹੈ । ਸਿੱਖ ਧਰਮ ਵਿਚ ਇਸਦਾ ਵਿਸ਼ੇਸ਼ ਮਹੱਤਵ ਹੈ । ਗੁਰੂ ਸਾਹਿਬਾਨ ਨੇ ਸੇਵਾ ਨੂੰ ਸਵੈ-ਅਨੁਭੂਤੀ ਦੇ ਸਾਧਨ ਵਜੋਂ ਪ੍ਰਚਾਰਿਆ ਹੈ । ਸਿੱਖ ਧਰਮ ਗ੍ਰੰਥ ਵਿਚ ਦੱਸਿਆ ਗਿਆ ਹੈ - ਸੇਵਾ ਕਰਤ ਹੋਇ ਨਿਹਕਾਮੀ ॥ ਤਿਸ ਕਉ ਹੋਤ ਪਰਾਪਤਿ ਸੁਆਮੀ ॥ ( ਗੁ.ਗ੍ਰੰ. 286 ) । ਕਾਰ ਨੂੰ ਦੋ ਤਰ੍ਹਾਂ ਨਾਲ ਸਮਝਿਆ ਜਾ ਸਕਦਾ ਹੈ । ਸੰਸਕ੍ਰਿਤ ਅਤੇ ਫ਼ਾਰਸੀ ਭਾਸ਼ਾ ਵਿਚ ਇਸ ਸ਼ਬਦ ਦਾ ਅਰਥ ਹੈ-ਕਾਰਜ , ਕਾਰਵਾਈ , ਕੰਮ , ਕਿਰਿਆ , ਸੇਵਾ ਆਦਿ । ਇਸ ਤਰ੍ਹਾਂ ਪਰਉਪਕਾਰ ਹਿਤ ਕੀਤਾ ਕੋਈ ਵੀ ਸਰੀਰਿਕ ਕਾਰਜ , ਕਿਰਿਆ ਜਾਂ ਸੇਵਾ ਆਦਿ ਨੂੰ ਕਾਰ- ਸੇਵਾ ਦੇ ਅਰਥਾਂ ਵਿਚ ਦੇਖਿਆ ਜਾ ਸਕਦਾ ਹੈ । ਸਿੱਖ ਸ਼ਬਦਾਵਲੀ ਵਿਚ ਇਹ ਸ਼ਬਦ ਸੰਗਤ ਦੁਆਰਾ ਇਮਾਰਤ ਦੀ ਉਸਾਰੀ , ਮੁਰੰਮਤ ਜਾਂ ਨਵਿਆਉਣ ਦੇ ਪ੍ਰੋਜੈਕਟਾਂ ਵਿਚ ਪਾਏ ਜਾਣ ਵਾਲੇ ਨਿਸ਼ਕਾਮ ਸਵੈ-ਇੱਛਤ ਯੋਗਦਾਨ ਲਈ ਵਰਤਿਆ ਜਾਂਦਾ ਹੈ । ਹੁਣ ਤਕ ਇਕ ਦੂਜੇ ਅਤੇ ਹੋਰ ਵਧੇਰੇ ਪ੍ਰਚਲਿਤ ਭਾਵ ਵਿਚ ਕਿਹਾ ਜਾਂਦਾ ਹੈ ਕਿ ‘ ਕਾਰ’ ਸ਼ਬਦ ਅਰਬੀ ਭਾਸ਼ਾ ਦੇ ‘ ਕਾਅਰ’ ਤੋਂ ਲਿਆ ਗਿਆ ਹੈ ਜਿਸਦਾ ਅਰਥ ਹੈ , “ ( ਖੂਹ ਦੇ ) ਤਲ ਤਕ ਜਾਣਾ , ਡੂੰਘਾ ਕਰਨਾ , ਤਲਾ , ਡੂੰਘਾਈ ਆਦਿ” ਸਰੋਵਰ ਦੇ ਤਲ ਤੇ ਇਕੱਠੇ ਹੋਏ ਕੂੜੇ ਅਤੇ ਗਾਰ ਨੂੰ ਸਰੀਰਿਕ ਮਿਹਨਤ ਦੁਆਰਾ ਬਾਹਰ ਕੱਢਣ ਲਈ ਕਈ ਸਾਲਾਂ ਤੋਂ ਕਾਰ-ਸੇਵਾ ਸ਼ਬਦ ਵਿਸ਼ੇਸ਼ ਤੌਰ ਤੇ ਵਰਤਿਆ ਜਾਂਦਾ ਹੈ । ਮਰਦ ਅਤੇ ਔਰਤਾਂ , ਬਜ਼ੁਰਗ ਅਤੇ ਜਵਾਨ , ਉੱਤਮ ਅਤੇ ਨਿਮਨ ਵਰਗ ਨਾਲ ਸੰਬੰਧਿਤ ਸਿੱਖ ਕਾਰ-ਸੇਵਾ ਵਿਚ ਹਿੱਸਾ ਲੈਣਾ ਆਪਣੀ ਖ਼ੁਸ਼ਕਿਸਮਤੀ ਸਮਝਦੇ ਹਨ । ਰਵਾਇਤ ਹੈ ਕਿ ਵਧ ਤੋਂ ਵਧ ਲੋਕਾਂ ਨੂੰ ਕਾਰ-ਸੇਵਾ ਦਾ ਮੌਕਾ ਦੇਣ ਲਈ ਮਸ਼ੀਨੀ ਢੰਗ ਦੀ ਬਜਾਏ ਸਧਾਰਨ ਤਰੀਕੇ ਨਾਲ ਟੋਕਰੀਆਂ ਦੀ ਵਰਤੋਂ ਕਰਦੇ ਹੋਏ ਇਹ ਕਾਰਜ ਕੀਤਾ ਜਾਂਦਾ ਹੈ । ਇਹ ਕਾਰਜ ਮਰਯਾਦਾ ਪੂਰਬਕ ਅਰੰਭ ਕੀਤਾ ਜਾਂਦਾ ਹੈ । ਨਿਰਮਲਤਾ ਦੇ ਪੁੰਜ ਪੰਜ ਪਿਆਰੇ ਚੁਣੇ ਜਾਂਦੇ ਹਨ । ਕਾਰਜ ਨੂੰ ਸਫ਼ਲਤਾ ਪੂਰਵਕ ਸਿਰੇ ਚਾੜ੍ਹਨ ਲਈ ਅਕਾਲ ਪੁਰਖ ਅੱਗੇ ਅਰਦਾਸ ਕਰਨ ਉਪਰੰਤ ਪੰਜ ਪਿਆਰੇ ਮੌਜੂਦ ਸੰਗਤ ਦੀ ਹਾਜ਼ਰੀ ਵਿਚ ਪਹਿਲਾ ਟੱਕ ਲਾਉਂਦੇ ਹਨ ਅਤੇ ਸ਼ਬਦ ਪੜ੍ਹਦੇ ਹੋਏ ਉਸਨੂੰ ਟੋਕਰੀ ਵਿਚ ਭਰ ਕੇ ਸਿਰ ਉੱਤੇ ਚੁੱਕ ਕੇ ਸਰੋਵਰ ਦੇ ਕੰਢੇ ਜਾ ਸੁੱਟਦੇ ਹਨ । ਇਸ ਤੋਂ ਬਾਅਦ ਸਤਿਨਾਮ ਵਾਹਿਗੁਰੂ , ਪਰਮਾਤਮਾ ਦੇ ਸੱਚੇ ਨਾਮ ਦਾ ਜਾਪ ਕਰਦੀਆਂ ਸਮੂਹ ਸੰਗਤਾਂ ਕਾਰ-ਸੇਵਾ ਵਿਚ ਲੱਗ ਜਾਂਦੀਆਂ ਹਨ । ਜਦੋਂ ਇਹ ਕਾਰਜ ਸੰਪੂਰਨ ਹੋ ਜਾਂਦਾ ਹੈ ਤਾਂ ਸਰੋਵਰ ਨੂੰ ਪਾਣੀ ਨਾਲ ਭਰਿਆ ਜਾਂਦਾ ਹੈ ਅਤੇ ਸ਼ੁਕਰਾਨੇ ਦੀ ਅਰਦਾਸ ਕੀਤੀ ਜਾਂਦੀ ਹੈ ।

          ਸਿੱਖ ਦਸਤਾਵੇਜ਼ਾਂ ਤੋਂ ਗਿਆਤ ਹੁੰਦਾ ਹੈ ਕਿ ਸਮੇਂ- ਸਮੇਂ ਤੇ ਹੋਈ ਕਾਰ-ਸੇਵਾ ਰਾਹੀਂ ਜੋ ਅੰਮ੍ਰਿਤ ਸਰੋਵਰ ਸਾਮ੍ਹਣੇ ਆਇਆ ਉਸੇ ਤੋਂ ਹੀ ਇਸ ਨਗਰ ਦਾ ਨਾਂ ਅੰਮ੍ਰਿਤਸਰ ਪ੍ਰਸਿੱਧ ਹੋਇਆ ਹੈ । ਇਸ ਸਰੋਵਰ ਦੀ ਖੁਦਾਈ ਗੁਰੂ ਰਾਮਦਾਸ ਜੀ ( 1534-81 ) ਨੇ ਅਰੰਭ ਕਰਵਾਈ । ਕੱਚੇ ਕਿਨਾਰਿਆਂ ਅਤੇ ਮੀਂਹ ਦੇ ਪਾਣੀ ਨਾਲ ਇਸ ਸਰੋਵਰ ਵਿਚ ਫਿਰ ਮਿੱਟੀ ਭਰਨੀ ਸ਼ੁਰੂ ਹੋ ਗਈ ਸੀਗੁਰੂ ਅਰਜਨ ਦੇਵ ਜੀ ( 1563-1606 ) ਨੇ ਪਹਿਲੀ ਕਾਰ-ਸੇਵਾ ਕਰਵਾਈ ਸੀ ਜਿਸ ਵਿਚ ਇਸ ਦੀ ਮਿੱਟੀ ਕੱਢਣ ਦੇ ਨਾਲ-ਨਾਲ ਇਸ ਦੇ ਕਿਨਾਰਿਆਂ ਨੂੰ ਇੱਟਾਂ ਨਾਲ ਪੱਕਾ ਕਰਕੇ ਹੇਠਾਂ ਜਾਣ ਲਈ ਪਉੜੀਆਂ ਬਣਵਾਈਆਂ ਗਈਆਂ ਸੀ । ਉਹਨਾਂ ਨੇ ਇਸ ਦੇ ਵਿਚਕਾਰ ਹਰਿਮੰਦਰ ਦੀ ਉਸਾਰੀ ਕਰਵਾਈ ਅਤੇ ਇਸ ਦੇ ਅੰਦਰ ਜਾਣ ਲਈ ਇਕ ਰਸਤਾ ਬਣਵਾਇਆ । ਇਹ ਕਾਰਜ ਕਈ ਸਾਲ ਤਕ ਕਾਰ-ਸੇਵਾ ਰਾਹੀਂ ਚੱਲਦਾ ਰਿਹਾ । ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਕੀਰਤਪੁਰ ਅਤੇ ਚੱਕ ਨਾਨਕੀ ਵਿਖੇ ਗੁਰਗੱਦੀ ਸਥਾਪਿਤ ਹੋ ਜਾਣ ਕਾਰਨ ਲਗ- ਪਗ ਇਕ ਸਦੀ ਤਕ ਅੰਮ੍ਰਿਤਸਰ ਵਿਖੇ ਕਿਸੇ ਕਾਰ- ਸੇਵਾ ਦਾ ਜ਼ਿਕਰ ਨਹੀਂ ਮਿਲਦਾ । 1746 ਵਿਚ , ਲਾਹੌਰ ਦੇ ਗਵਰਨਰ ਯਾਹੀਆ ਖ਼ਾਨ ਦੇ ਮਾਲ ਮੰਤਰੀ ਲਖਪਤ ਰਾਏ ਦਾ ਭਰਾ ਜਸਪਤ ਰਾਏ ਸਿੱਖਾਂ ਨਾਲ ਇਕ ਮੁਕਾਬਲੇ ਵਿਚ ਮਾਰਿਆ ਗਿਆ ਜਿਸ ਦਾ ਬਦਲਾ ਲੈਣ ਲਈ ਉਸਨੇ ਸਿੱਖਾਂ ਵਿਰੁੱਧ ਦਮਨਕਾਰੀ ਮੁਹਿੰਮ ਦਾ ਅਰੰਭ ਕਰ ਦਿੱਤਾ ਸੀ । ਇਸ ਮੁਹਿੰਮ ਦੇ ਸਿੱਟੇ ਵਜੋਂ ਛੋਟਾ ਘੱਲੂਘਾਰਾ ਸਾਮ੍ਹਣੇ ਆਇਆ ਜਿਸ ਵਿਚ ਸਿੱਖਾਂ ਦਾ ਭਾਰੀ ਜਾਨੀ ਨੁਕਸਾਨ ਹੋਣ ਦੇ ਨਾਲ ਪਵਿੱਤਰ ਧਰਮ ਅਸਥਾਨ ਹਰਿਮੰਦਰ ਸਾਹਿਬ ਨੂੰ ਢਾਹ ਦਿੱਤਾ ਗਿਆ ਅਤੇ ਇਸ ਦੇ ਸਰੋਵਰ ਨੂੰ ਪੂਰ ਦਿੱਤਾ ਗਿਆ ਸੀ । ਅਗਲੇ ਸਾਲ ਸਿੱਖਾਂ ਨੇ ਇਸ ਦਾ ਪ੍ਰਬੰਧ ਫਿਰ ਆਪਣੇ ਹੱਥਾਂ ਵਿਚ ਲੈ ਲਿਆ ਅਤੇ ਇਸ ਦੇ ਸਰੋਵਰ ਨੂੰ ਕਾਰ-ਸੇਵਾ ਰਾਹੀਂ ਸਾਫ਼ ਕਰ ਦਿੱਤਾ । ਮਈ 1757 ਵਿਚ , ਅਹਮਦ ਸ਼ਾਹ ਦੁੱਰਾਨੀ ਦੇ ਪੁੱਤਰ ਤੈਮੂਰ ਸ਼ਾਹ ਦੇ ਅਧੀਨ ਪੰਜਾਬ ਦੇ ਗਵਰਨਰ ਅਤੇ ਫ਼ੌਜੀ ਕਮਾਂਡਰ ਜਹਾਨ ਖ਼ਾਨ ਨੇ ਇਸ ਨੂੰ ਦੁਬਾਰਾ ਪੂਰ ਦਿੱਤਾ ਸੀ । ਅਪ੍ਰੈਲ 1758 ਵਿਚ , ਸਿੱਖਾਂ ਅਤੇ ਮਰਾਠਿਆਂ ਦੀਆਂ ਸਾਂਝੀਆਂ ਫ਼ੌਜਾਂ ਨੇ ਤੈਮੂਰ ਅਤੇ ਜਹਾਨ ਖ਼ਾਨ ਨੂੰ ਪੰਜਾਬ ਤੋਂ ਬਾਹਰ ਕੱਢ ਦਿੱਤਾ ਅਤੇ ਉਹਨਾਂ ਦੇ ਗ੍ਰਿਫ਼ਤਾਰ ਕੀਤੇ 200 ਅਫ਼ਗ਼ਾਨ ਸਿਪਾਹੀਆਂ ਤੋਂ ਸਰੋਵਰ ਦੀ ਸਫ਼ਾਈ ਕਰਵਾਈ ਗਈ । ਸਿੱਖਾਂ ਨੇ ਇਸ ਕਾਰ-ਸੇਵਾ ਵਿਚ ਉਹਨਾਂ ਦੀ ਸਹਾਇਤਾ ਕੀਤੀ ਸੀ । ਪੰਜ ਸਾਲ ਬਾਅਦ 1762 ਵਿਚ , ਅਹਮਦ ਸ਼ਾਹ ਦੁੱਰਾਨੀ ਨੇ ਪੰਜਾਬ ਵਿਚ ਸਿੱਖਾਂ ਉੱਤੇ ਇਕ ਵੱਡਾ ਹਮਲਾ ਕਰਕੇ ਇਹਨਾਂ ਦਾ ਭਾਰੀ ਨੁਕਸਾਨ ਕੀਤਾ , ਜਿਸ ਨੂੰ ਵੱਡੇ ਘੱਲੂਘਾਰੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਉਹ ਅਜੇ ਵੀ ਇਸ ਤੋਂ ਸੰਤੁਸ਼ਟ ਨਹੀਂ ਸੀ ਇਸ ਕਰਕੇ ਉਸ ਨੇ ਦੋ ਮਹੀਨੇ ਬਾਅਦ ਵਸਾਖੀ ਦੇ ਮੌਕੇ ਅੰਮ੍ਰਿਤਸਰ ਤੇ ਹਮਲਾ ਕਰਕੇ ਹਰਿਮੰਦਰ ਸਾਹਿਬ ਨੂੰ ਬਾਰੂਦ ਨਾਲ ਉਡਾ ਦਿੱਤਾ ਅਤੇ ਇਸ ਦੇ ਸਰੋਵਰ ਨੂੰ ਕੁੜੇ-ਕਰਕਟ ਨਾਲ ਭਰ ਦਿੱਤਾ । ਸਿੱਖਾਂ ਨੇ ਇਸ ਅਪਮਾਨ ਦਾ ਬਦਲਾ ਲੈ ਲਿਆ ਸੀ । ਮਈ 1762 ਵਿਚ , ਜੱਸਾ ਸਿੰਘ ਆਹਲੂਵਾਲੀਏ ਦੀ ਅਗਵਾਈ ਵਿਚ ਸਿੱਖਾਂ ਦੀ ਜੁਝਾਰੂ ਜਥੇਬੰਦੀ ਦਲ ਖ਼ਾਲਸਾ ਨੇ ਸਿਰਹਿੰਦ ( ਸਰਹਿੰਦ ) ਵਿਖੇ ਇਹਨਾਂ ਦੀਆਂ ਫ਼ੌਜਾਂ ਤੇ ਹਮਲਾ ਕਰ ਦਿੱਤਾ । ਇਹਨਾਂ ਦੇ ਫ਼ੌਜਦਾਰ ਜ਼ੈਨ ਖ਼ਾਨ ਦੀ ਹਾਰ ਹੋਈ ਅਤੇ ਉਸ ਨੇ 50 , 000 ਰੁਪਏ ਹਰਜਾਨਾ ਦੇ ਕੇ ਸਿੱਖਾਂ ਨਾਲ ਸ਼ਾਂਤੀ ਸਥਾਪਿਤ ਕੀਤੀ ਸੀ । ਇਸ ਦਾ ਲਾਹਾ ਲੈਂਦੇ ਹੋਏ ਸਿੱਖਾਂ ਨੇ ਅਕਤੂਬਰ 1762 ਵਿਚ ਫਿਰ ਤੋਂ ਅੰਮ੍ਰਿਤਸਰ ਤੇ ਆਪਣਾ ਅਧਿਕਾਰ ਕਰ ਲਿਆ ਸੀ । 17 ਅਕਤੂਬਰ ਨੂੰ ਦਿਵਾਲੀ ਦੇ ਦਿਨ ਦੁੱਰਾਨੀ ਨੇ ਫਿਰ ਤੋਂ ਸਿੱਖਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਪਰ ਨਿਰਾਸਤਾ ਹੱਥ ਲੱਗੀ । ਸ਼ਾਂਤੀ ਦੇ ਸਮੇਂ ਸਿੱਖਾਂ ਨੇ ਰੂਹ ਨਾਲ ਪਵਿੱਤਰ ਸਰੋਵਰ ਦੀ ਕਾਰ-ਸੇਵਾ ਕੀਤੀ । ਜਨਵਰੀ 1764 ਵਿਚ , ਸਿੱਖਾਂ ਨੇ ਸਿਰਹਿੰਦ ( ਸਰਹਿੰਦ ) ਨੂੰ ਜਿੱਤ ਲਿਆ । ਬਦਕਿਸਮਤ ਸ਼ਹਿਰ ਨੂੰ ਤਬਾਹ ਕਰਕੇ ਇਸ ਦੀ ਲੁੱਟਮਾਰ ਕੀਤੀ ਗਈ । ਇਹ ਫ਼ੈਸਲਾ ਕੀਤਾ ਗਿਆ ਕਿ ਲੁੱਟੇ ਹੋਏ ਧਨ ਨਾਲ ਹਰਿਮੰਦਰ ਦੀ ਪੁਨਰ-ਉਸਾਰੀ ਅਤੇ ਇਸ ਦੇ ਸਰੋਵਰ ਦੇ ਕਿਨਾਰਿਆਂ ਅਤੇ ਪਰਕਰਮਾ ਨੂੰ ਪੱਕਾ ਕੀਤਾ ਜਾਵੇ । ਇਹ ਕਾਰਜ ਭਾਈ ਦੇਸ ਰਾਜ ਨੂੰ ਸੋਂਪਿਆ ਗਿਆ ਜਿਸ ਨੇ 1776 ਵਿਚ ਇਸ ਨੂੰ ਸੰਪੂਰਨ ਕੀਤਾ ਸੀ ।

          1842 ਵਿਚ , ਅਗਲੀ ਕਾਰ-ਸੇਵਾ ਭਾਈ ਗੁਰਮੁਖ ਸਿੰਘ ਦੀ ਨਿਗਰਾਨੀ ਹੇਠ ਹੋਈ । 1923 ਵਿਚ , ਇਕਾਸੀ ਸਾਲ ਬਾਅਦ , ਨਵੀਂ ਬਣੀ ਸ਼਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਰ-ਸੇਵਾ ਦੀ ਯੋਜਨਾ ਉਲੀਕੀ ਸੀ । ਇਸ ਦੀ ਤਿਆਰੀ ਲਈ ਸਰੋਵਰ ਵਿਚ ਮਿੱਟੀ ਦਾ ਬੰਨ ਮਾਰ ਕੇ ਇਸ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ । ਸਰੋਵਰ ਦੇ ਇਕ ਹਿੱਸੇ ਦੇ ਪਾਣੀ ਨੂੰ ਦੂਜੇ ਹਿੱਸੇ ਵਿਚ ਪਾਇਆ ਗਿਆ ਤਾਂ ਕਿ ਖ਼ਾਲੀ ਅੱਧੇ ਸਰੋਵਰ ਨੂੰ ਡੂੰਘਾ ਕੀਤਾ ਜਾ ਸਕੇ । 17 ਜੂਨ 1923 ਨੂੰ ਇਸ ਕਾਰਜ ਦਾ ਅਰੰਭ ਇਕ ਭਾਰੀ ਸਮਾਗਮ ਰਾਹੀਂ ਕੀਤਾ ਗਿਆ । ਅੰਮ੍ਰਿਤਸਰ ਦੇ ਸੰਤ ਸ਼ਾਮ ਸਿੰਘ , ਘੋਲੀਆ ਦੇ ਸੰਤ ਗੁਲਾਬ ਸਿੰਘ , ਚੂਹੜਕਾਣੇ ਦੇ ਜਥੇਦਾਰ ਤੇਜਾ ਸਿੰਘ , ਅਨੰਦਪੁਰ ਸਾਹਿਬ ਦੇ ਸੋਢੀ ਪ੍ਰੀਤਮ ਸਿੰਘ ਅਤੇ ਸਰਦਾਰ ਮਹਿਤਾਬ ਸਿੰਘ ਨੂੰ ਪੰਜ ਪਿਆਰਿਆਂ ਦੇ ਰੂਪ ਵਿਚ ਵੱਡੇ ਜਲੂਸ ਰਾਹੀਂ ਹਰਿਮੰਦਰ ਸਾਹਿਬ ਲਿਆਂਦਾ ਗਿਆ । ਪੰਜ ਸੋਨੇ ਦੇ ਬੇਲਚੇ ਅਤੇ ਪੰਜ ਵੱਡੇ ਚਾਂਦੀ ਦੇ ਤਸਲੇ ਹਰਿ ਕੀ ਪਉੜੀ ਵਿਖੇ ਰੱਖੇ ਗਏ । ਅਰਦਾਸ ਉਪਰੰਤ ਪੰਜ ਪਿਆਰਿਆਂ ਵਿਚ ਹਰ ਇਕ ਨੇ ਇਕ ਬੇਲਚਾ ਅਤੇ ਤਸਲਾ ਚੁੱਕਿਆ ਅਤੇ ਖ਼ਾਲੀ ਕੀਤੇ ਸਰੋਵਰ ਵਿਚੋਂ ਬੇਲਚੇ ਨਾਲ ਕੁਝ ਗਾਰ ਤਸਲੇ ਵਿਚ ਪਾਈ ਅਤੇ ਇਸ ਨੂੰ ਚੁੱਕ ਕੇ ਪਰਕਰਮਾ ਦੇ ਦੂਜੇ ਪਾਸੇ ਸੁੱਟ ਦਿੱਤਾ । ਜ਼ਿਲੇਵਾਰ ਇਕੱਤਰ ਹੋਏ ਸ਼ਰਧਾਲੂਆਂ ਨੇ ਸੇਵਾ ਵਿਚ ਭਾਗ ਲਿਆ ਸੀ । ਇੱਥੋਂ ਤਕ ਕਿ ਪਟਿਆਲੇ ਦੇ ਮਹਾਰਾਜਾ ਭੂਪਿੰਦਰ ਸਿੰਘ ( 1891-1938 ) ਅਤੇ ਦੂਜੇ ਸਿੱਖ ਸਰਦਾਰਾਂ ਨੇ ਵੀ ਇਸ ਪਵਿੱਤਰ ਕਾਰਜ ਵਿਚ ਹਿੱਸਾ ਲਿਆ ਸੀ । ਅੰਮ੍ਰਿਤਸਰ ਵਿਖੇ ਪਿਛਲੀ ਕਾਰ-ਸੇਵਾ 1973 ਵਿਚ ਹੋਈ ਸੀ । ਇਸ ਸਮੇਂ ਹੋਈ ਕਾਰ-ਸੇਵਾ ਵਿਚ ਜਿਨ੍ਹਾਂ ਪੰਜ ਪਿਆਰਿਆਂ ਨੂੰ ਸ਼ਾਮਲ ਕੀਤਾ ਗਿਆ ਉਹ ਵੱਖ-ਵੱਖ ਸਿੱਖ ਧਾਰਮਿਕ ਅਸਥਾਨਾਂ ਦੇ ਨਵੀਨੀਕਰਨ ਲਈ ਸਮਰਪਿਤ ਵਜੋਂ ਵਿਸ਼ੇਸ਼ ਤੌਰ ਤੇ ਜਾਣੇ ਜਾਂਦੇ ਹਨ । ਉਹਨਾਂ ਦੇ ਨਾਮ ਸਨ - ਸੰਤ ਗੁਰਮੁਖ ਸਿੰਘ , ਸੰਤ ਖੜਕ ਸਿੰਘ , ਸੰਤ ਜੀਵਨ ਸਿੰਘ , ਸੰਤ ਸੇਵਾ ਸਿੰਘ ਅਤੇ ਸੰਤ ਮਹਿੰਦਰ ਸਿੰਘ । ਸਰੋਵਰਾਂ ਵਿਚੋਂ ਸਭ ਤੋਂ ਵੱਡੇ ਤਰਨ ਤਾਰਨ ਦੇ ਪਵਿੱਤਰ ਸਰੋਵਰ ਦੀ ਕਾਰ-ਸੇਵਾ 10 ਜਨਵਰੀ 1931 ਤੋਂ 31 ਮਈ 1932 ਤਕ ਚੱਲੀ । ਸਮੁੱਚੇ ਦੇਸ ਵਿਚ ਵੱਖ-ਵੱਖ ਥਾਵਾਂ ਤੇ ਕਾਰ-ਸੇਵਾ ਰਾਹੀਂ ਚੱਲ ਰਹੇ ਉਸਾਰੀ ਕਾਰਜਾਂ ਨੇ ਸਿੱਖ ਧਰਮ ਵਿਚਲੀ ਸੇਵਾ ਦੀ ਪਰੰਪਰਾ ਨੂੰ ਸੁਰਜੀਤ ਕੀਤਾ ਹੋਇਆ ਹੈ ਜਿਸ ਨਾਲ ਸ਼ਰਧਾਲੂਆਂ ਦੇ ਮਨਾਂ ਵਿਚ ਨਿਮਰਤਾ , ਬਰਾਬਰੀ , ਸਵੈਮਾਨ ਅਤੇ ਹੱਥੀਂ ਕਿਰਤ ਜਿਹੇ ਸਦਗੁਣਾਂ ਦੀ ਭਾਵਨਾ ਵਿਕਸਿਤ ਹੋ ਰਹੀ ਹੈ ।


ਲੇਖਕ : ਭ.ਕ.ਸ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1653, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.