ਗ੍ਰੰਥੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗ੍ਰੰਥੀ [ ਨਾਂਪੁ ] ਗ੍ਰੰਥ ਨੂੰ ਪੜ੍ਹਨ ਵਾਲ਼ਾ ਵਿਅਕਤੀ; ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਵਾਲ਼ਾ ਵਿਅਕਤੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1883, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗ੍ਰੰਥੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗ੍ਰੰਥੀ . ਸੰ. ग्रन्थि. ਵਿ— ਗ੍ਰੰਥ ਵਾਲਾ. ਜਿਸ ਪਾਸ ਗ੍ਰੰਥ ਹੈ । ੨ ਗ੍ਰੰਥ ਦੇ ਪੜ੍ਹਨਵਾਲਾ । 4  ੩ ਗੱਠਦਾਰ. ਗੰਢੀਲਾ । ੪ ਸੰਗ੍ਯਾ— ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਵਾਲਾ ਅਤੇ ਸੇਵਾਦਾਰ ਸਿੱਖ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1773, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗ੍ਰੰਥੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗ੍ਰੰਥੀ : ਇਹ ਸ਼ਬਦ ਸੰਸਕ੍ਰਿਤ ਦੇ ‘ ਗ੍ਰੰਥ੍ਨਿੑ’ ਸ਼ਬਦ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਗ੍ਰੰਥ ਪੜ੍ਹਨ ਵਾਲਾ ਜਾਂ ਗ੍ਰੰਥ ਸਿਰਜਣ ਵਾਲਾ । ਸਿੱਖ ਧਰਮ ਵਿਚ ਇਹ ਸ਼ਬਦ ਉਸ ਵਿਅਕਤੀ ਲਈ ਰੂੜ੍ਹ ਹੋ ਗਿਆ ਹੈ ਜੋ ਗੁਰੂ ਗ੍ਰੰਥ ਸਾਹਿਬ ਦੀ ਸੇਵਾ-ਸੰਭਾਲ ਅਤੇ ਪਠਨ-ਪਾਠਨ ਕਰਦਾ ਹੈ । ਹੁਣ ਸਿੱਖ ਧਰਮ ਦੀ ਮਰਯਾਦਾ ਦਾ ਪਾਲਨਾ ਕਰਨਾ-ਕਰਾਉਣਾ , ਧਰਮ ਦਾ ਉਪਦੇਸ਼ ਦੇਣਾ ਅਤੇ ਸਿੱਖ ਧਰਮ ਦਾ ਪ੍ਰਚਾਰ ਕਰਨਾ ਆਦਿ ਕੰਮ ਵੀ ਉਸੇ ਦੇ ਜ਼ਿੰਮੇ ਹੋ ਗਏ ਹਨ ।

ਗ੍ਰੰਥ ਸਾਹਿਬ ਦੀ ਮੂਲ ਬੀੜ ਤਿਆਰ ਹੋ ਜਾਣ ’ ਤੇ ਗੁਰੂ ਅਰਜਨ ਦੇਵ ਜੀ ਨੇ ਉਸ ਦਾ ਪ੍ਰਕਾਸ਼ ਹਰਿਮੰਦਿਰ ਸਾਹਿਬ ਵਿਚ ਕੀਤਾ ਅਤੇ ਬਾਬਾ ਬੁੱਢਾ ਨੂੰ ਉਸ ਦੀ ਸੇਵਾ- ਸੰਭਾਲ ਸੌਂਪੀ । ਗ੍ਰੰਥ ਦੀ ਜ਼ਿੰਮੇਵਾਰੀ ਸੰਭਾਲਣ ਕਰਕੇ ਉਸ ਵਿਅਕਤੀ ਨੂੰ ‘ ਗ੍ਰੰਥੀ’ ਕਿਹਾ ਜਾਣ ਲਗਾ । ਇਸ ਤਰ੍ਹਾਂ ਪੰਜਵੇਂ ਗੁਰੂ ਜੀ ਨੇ ਬਾਬੇ ਬੁੱਢੇ ਨੂੰ ਪਹਿਲਾਂ ਗ੍ਰੰਥੀ ਥਾਪਿਆ । ਉਸ ਸਮੇਂ ਇਹ ਬੜੀ ਆਦਰਯੋਗ ਪਦਵੀ ਸੀ । ਗ੍ਰੰਥ ਸਾਹਿਬ ਨੂੰ ਗੁਰੂ-ਪਦ ਪ੍ਰਾਪਤ ਹੋ ਜਾਣ ਤੋਂ ਬਾਦ ‘ ਗ੍ਰੰਥੀ’ ਦਾ ਮਹੱਤਵ ਹੋਰ ਵੀ ਵਧ ਗਿਆ । ਸਿੱਖ ਧਰਮ ਦੇ ਵਿਸਤਾਰ ਨਾਲ ਅਨੇਕ ਗ੍ਰੰਥੀ ਬਣਾਏ ਜਾਣੇ ਸ਼ੁਰੂ ਹੋਏ , ਪਰ ਮੁੱਖ ਰੂਪ ਵਿਚ ਬਾਬਾ ਬੱਢਾ ਅਤੇ ਭਾਈ ਮਨੀ ਸਿੰਘ ਹੀ ਪ੍ਰਵਾਨਿਤ ਗ੍ਰੰਥੀ ਹਨ । ਸਿੱਖ-ਸਮਾਜ ਵਿਚ ਗ੍ਰੰਥੀਆਂ ਦਾ ਬਹੁਤ ਆਦਰ ਕੀਤਾ ਜਾਂਦਾ ਹੈ । ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰਿਆਂ ਦਾ ਨਿਰਮਾਣ ਕਰਾ ਕੇ ਬਹੁਤ ਸਾਰੇ ਗ੍ਰੰਥੀਆਂ ਦੀ ਨਿਯੁਕਤੀ ਕੀਤੀ ਅਤੇ ਖ਼ਰਚੇ ਦਾ ਕੰਮ ਚਲਾਉਣ ਲਈ ਉਨ੍ਹਾਂ ਨੂੰ ਜਾਗੀਰਾਂ ਤਕ ਦਿੱਤੀਆਂ । ਗ੍ਰੰਥੀ ਨੂੰ ਆਮ ਤੌਰ ’ ਤੇ ਬਾਬਾ ਜੀ , ਭਾਈ ਜੀ , ਗਿਆਨੀ ਜੀ ਸ਼ਬਦਾਂ ਨਾਲ ਸੰਬੋਧਿਤ ਕੀਤਾ ਜਾਂਦਾ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1710, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਗ੍ਰੰਥੀ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗ੍ਰੰਥੀ : ਸੰਸਕ੍ਰਿਤ ਗ੍ਰੰਥਿਕ ( ਵਾਚਕ ) ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ ਜੋ ਗ੍ਰੰਥ ਪੜ੍ਹਦਾ ਹੈ । ਇਹ ਪਦ ਸੰਸਕ੍ਰਿਤ ਦੇ ‘ ਗ੍ਰਥ` ਤੋਂ ਲਿਆ ਗਿਆ ਹੈ ਜਿਸਦਾ ਅਰਥ ਹੈ “ ਬੰਨ੍ਹਣਾ , ਗੰਢ ਜਾਂ ਰੱਸੀ ਨਾਲ ਇਕੱਠਾ ਕਰਨਾ , ( ਸਾਹਿਤਿਕ ਕੰਮ ਨੂੰ ) ਵਿਓਂਤਣਾ ਕਰਨਾ । ” ਸਿੱਖ ਵਰਤੋਂ ਵਿਚ , ਗ੍ਰੰਥ ਵਿਸ਼ੇਸ਼ ਤੌਰ ‘ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਆ ਜਾਂਦਾ ਹੈ ਅਤੇ ਧਰਮ-ਗ੍ਰੰਥ ਅਤੇ ਗ੍ਰੰਥੀ ਪਦ ਧਾਰਮਿਕ ਰਸਮਾਂ ਨੂੰ ਨਿਭਾਉਣ ਵਾਲੇ ਲਈ ਵਰਤਿਆ ਜਾਂਦਾ ਹੈ ਜਿਸਦਾ ਪ੍ਰਮੁਖ ਕੰਮ ਸੰਗਤ ਵਿਚ ਪਵਿੱਤਰ ਗ੍ਰੰਥ ਨੂੰ ਪੜ੍ਹਨਾ ਹੈ ।

 

        ਗ੍ਰੰਥੀ , ਸਿੱਖ ਧਰਮ ਦਾ ਪ੍ਰਮੁਖ ਧਾਰਮਿਕ ਅਧਿਕਾਰੀ ਹੈ , ਪਰ ਇਸ ਨੂੰ ਆਮ ਅਰਥਾਂ ਵਿਚ “ ਪੁਜਾਰੀ” ਨਹੀਂ ਸਮਝਿਆ ਜਾਣਾ ਚਾਹੀਦਾ । ਦੂਜੇ ਪ੍ਰਮੁਖ ਦੱਖਣੀ ਏਸ਼ੀਆਈ ਅਤੇ ਪੱਛਮੀ ਧਾਰਮਿਕ ਸੰਪਰਦਾਵਾਂ ਦੀ ਪੁਜਾਰੀ ਸ਼੍ਰੇਣੀ ਦੇ ਪਦ ਉਹਨਾਂ ਦੇ ਅਫ਼ਸਰਾਂ ਅਤੇ ਉਹ ਜਿਹਨਾਂ ਦੇ ਉਹ ਪੁਜਾਰੀ ਹਨ , ਵਿਚਕਾਰ ਮੁਢਲੀ ਵੰਡ ਸੰਕਲਪ ‘ ਤੇ ਵਿਸ਼ੇਸ਼ ਤੌਰ ‘ ਤੇ ਆਧਾਰਿਤ ਹੁੰਦੇ ਹਨ । ਵੰਸ਼ਗਤ ਬ੍ਰਾਹਮਣ ਪੁਜਾਰੀ ਵਿਰਸੇ ਵਿਚ ਮਿਲੇ ਵਿਸ਼ੇਸ਼ ਧਾਰਮਿਕ ਗੁਣਾਂ ਦੀ ਉੱਤਮਤਾ ਵਿਚ ਭਿੰਨ ਹੁੰਦੇ ਹਨ ਜਿਵੇਂ ਕਿ ਵਿਸ਼ੇਸ਼ ਗ੍ਰੰਥ ਅਤੇ ਮੰਦਰ ਜਾਂ ਇਕ ਧਾਰਮਿਕ ਪਦ ਜਾਂ ਰੁਤਬਾ ਉਹਨਾਂ ਨੂੰ ਸੁਭਾਵਿਕ ਰੂਪ ਵਿਚ ਹੀ ਉਹਨਾਂ ਦੇ ਸ਼ਰਧਾਲੂਆਂ ਤੋਂ ਅਲੱਗ ਕਰ ਦਿੰਦਾ ਹੈ । ਯਹੂਦੀ-ਈਸਾਈ ਪਰੰਪਰਾ ਵਿਚ ਪੁਜਾਰੀ , ਪ੍ਰੋਹਿਤ ਅਤੇ ਯਹੂਦੀ ਪਾਦਰੀ ਅਕਸਰ ਇਲਹਾਮ ਪ੍ਰਾਪਤ ਕਰਨ ਵਾਲੇ ਜਾਂ ਚੁਣੇ ਹੋਏ ਮੰਨੇ ਜਾਂਦੇ ਹਨ ਅਤੇ ਇਸ ਪ੍ਰਕਿਰਿਆ ਨੂੰ ਕਿਸੇ ਨੇ ਸੁਣਿਆ ਵੇਖਿਆ ਨਹੀਂ ਹੁੰਦਾ । ਇਹ ਸਮਾਜ ਦੇ ਵਿਸ਼ਿਸ਼ਟ ਪ੍ਰੋਹਿਤ ਗਰੁੱਪ ਵਿਚ ਸ਼ਾਮਲ ਰਹਿੰਦੇ ਹਨ” ਅਤੇ ਉਹਨਾਂ ਨੂੰ “ ਆਮ” ਮੈਂਬਰਾਂ ਤੋਂ ਅੱਲਗ ਅਪਹੁੰਚ ਵਿਸ਼ੇਸ਼ ਗੂੜ ਗਿਆਨ ਵਾਲੇ ਵਿਅਕਤੀ ਸਮਝਿਆ ਜਾਂਦਾ ਹੈ , ਪਰ ਗ੍ਰੰਥੀ ਦਾ ਪਦ ਆਮ ਵਿਹਾਰਿਕ ਦਰਸਾਇਆ ਗਿਆ ਹੈ ਅਤੇ ਕਿਸੇ ਵੀ ਰਸਮ ਵਿਚ ਗ੍ਰੰਥੀ ਦੀ ਭੂਮਿਕਾ ਸਿਧਾਂਤਿਕ ਤੌਰ ‘ ਤੇ ਕਿਸੇ ਵੀ ਸਿੱਖ ਦੁਆਰਾ ਨਿਭਾਈ ਜਾ ਸਕਦੀ ਹੈ । ਸਿੱਖ ਧਰਮ ਵਿਚ ਗ੍ਰੰਥੀ ਬਣਨ ਲਈ ਸਿੱਖ ਵਿਚ ਸ਼ਾਮਲ ਹੋਣ ਤੋਂ ਇਲਾਵਾ ਹੋਰ ਕੋਈ ਬੰਦਿਸ਼ ਨਹੀਂ ਹੈ ਅਤੇ ਗ੍ਰੰਥੀ ਅਤੇ ਕਿਸੇ ਵੀ ਸਿੱਖ ਵਿਚ ਸੰਬੰਧ ਪੂਰਨ ਰੂਪ ਵਿਚ ਪਦਵੀ ਅਤੇ ਧਾਰਮਿਕ ਮਹੱਤਵ ਪੱਖੋਂ ਬਰਾਬਰੀ ਦਾ ਹੈ ।          

        ਗ੍ਰੰਥੀ , ਗੁਰਦੁਆਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦੇਖ-ਭਾਲ ਕਰਨ ਵਾਲਾ ਹੁੰਦਾ ਹੈ । ਉਹ ਮਰਯਾਦਾ ਪੂਰਵਕ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਤੇ ਸ਼ਾਮ ਨੂੰ ਸੁਖਾਸਨ ਕਰਦਾ ਹੈ । ਇਸਦੇ ਨਾਲ ਹੀ , ਉਹ ਸਵੇਰ ਅਤੇ ਸ਼ਾਮ ਦੀ ਸੇਵਾ ਨਿਭਾਉਂਦਾ ਹੈ ਅਤੇ ਸੰਗਤ ( ਸਥਾਨਿਕ ਸਿੱਖ ਕਮਿਊਨਿਟੀ ) ਜਾਂ ਵਿਅਕਤੀਆਂ ਅਤੇ ਪਰਵਾਰਾਂ ਦੀ ਤਰਫ਼ੋਂ , ਗੁਰਦੁਆਰਿਆਂ ਜਾਂ ਨਿੱਜੀ ਘਰਾਂ ਵਿਚ ਅਖੰਡ ਪਾਠ ਕਰਦਾ ਹੈ । ਛੋਟੇ ਪਿੰਡਾਂ ਜਾਂ ਸ਼ਹਿਰੀ ਕਲੋਨੀਆਂ ਵਿਚ ਉਹ ਦਾਨ ਅਤੇ ਭੇਟਾਵਾਂ ਨਾਲ ਗੁਰਦੁਆਰੇ ਦੇ ਪ੍ਰਬੰਧ ਅਤੇ ਸਾਂਭ-ਸੰਭਾਲ ਲਈ ਜ਼ੁੰਮੇਵਾਰ ਹੁੰਦਾ ਹੈ । ਵੱਡੇ ਗੁਰਦੁਆਰਿਆਂ ਦੀਆਂ ਆਪਣੀਆਂ ਸਥਾਨਿਕ ਪ੍ਰਬੰਧਕ ਕਮੇਟੀਆਂ ਹੁੰਦੀਆਂ ਹਨ ਜੋ ਨਿਯਮਤ ਤਨਖ਼ਾਹ ‘ ਤੇ ਗ੍ਰੰਥੀ ਨਿਯੁਕਤ ਕਰਦੀਆਂ ਹਨ । ਸਿੱਖਾਂ ਦੀ ਨਾ ਤਾਂ ਪਿਤਾ-ਪੁਰਖੀ ਪੁਜਾਰੀ ਜਾਤ ਜਾਂ ਸ਼੍ਰੇਣੀ ਹੁੰਦੀ ਹੈ ਅਤੇ ਨਾ ਹੀ ਉਹਨਾਂ ਦੀ ਪੁਜਾਰੀਆਂ ਅਤੇ ਪਾਦਰੀਆਂ ਨੂੰ ਸਥਾਪਿਤ ਕਰਨ ਦੀ ਕੋਈ ਧਰਮਤੰਤਰੀ ਸੰਸਥਾ ਹੈ; ਸਥਾਨਿਕ ਸੰਗਤ ਨੂੰ ਪ੍ਰਵਾਨਿਤ ਅਤੇ ਮਰਯਾਦਾ ਪੂਰਵਕ ਕਾਰਜ ਕਰਨ ਵਿਚ ਨਿਪੁੰਨ ਕਿਸੇ ਵੀ ਵਿਅਕਤੀ ਨੂੰ ਗ੍ਰੰਥੀ ਥਾਪਿਆ ਜਾ ਸਕਦਾ ਹੈ ਬਸ਼ਰਤੇ ਕਿ ਉਹ ਸਿੱਖ ਆਚਾਰ ਦੀ ਰਵਾਇਤੀ ਮਰਯਾਦਾ ਅਤੇ ਆਦਰਸ਼ਾਂ ਅਨੁਸਾਰ ਸਧਾਰਨ ਗ੍ਰਹਿਸਤੀ ਜੀਵਨ-ਜਾਚ ਦੇ ਨਾਲ -ਨਾਲ ਨਿਰਦੋਸ਼ ਸ਼ਖ਼ਸੀਅਤ ਵਾਲਾ ਅੰਮ੍ਰਿਤਧਾਰੀ ਸਿੱਖ ਹੋਵੇ । ਸਿਧਾਂਤਿਕ ਤੌਰ ‘ ਤੇ , ਗ੍ਰੰਥੀ ਮੁਢਲੇ ਤੌਰ ‘ ਤੇ ਇਕ ਸਿੱਖ ਲਈ ਸ਼ਰਧਾ ਅਤੇ ਨਿਮਰਤਾ ‘ ਤੇ ਜ਼ੋਰ ਦੇਣ ਵਾਲਾ ਆਦਰਸ਼ ਹੈ । ਸਿੱਖ ਗ੍ਰੰਥੀ ਆਮ ਤੌਰ ਤੇ ਕਾਲੇ , ਨੀਲੇ , ਚਿੱਟੇ ਜਾਂ ਪੀਲੇ ਰੰਗ ਦੀਆਂ ਦਸਤਾਰਾਂ ਬੰਨ੍ਹਦੇ ਹਨ ਅਤੇ ਚੋਲਾ ਅਤੇ ਚੂੜੀਦਾਰ ਪਜਾਮਾ ਇਸ ਤਰ੍ਹਾਂ ਪਹਿਨਦੇ ਹਨ ਕਿ ਗਿਟਿਆਂ ਤੇ ਸਲਵਟਾਂ ਪੈਂਦੀਆਂ ਨਜ਼ਰ ਆਉਣ । ਉਹ ਆਪਣੀ ਗਰਦਨ ਦੁਆਲੇ ਢਿੱਲਾ ਚਿੱਟਾ ਪਰਨਾ ਪਾਉਂਦੇ ਹਨ ਜਿਹੜਾ ਸਾਮ੍ਹਣੇ ਵੱਲ ਛਾਤੀ ਤੋਂ ਥੱਲੇ ਵੱਲ ਆਉਂਦਾ ਹੈ । ਉਹਨਾਂ ਦੇ ਕਾਰਜ ਅਤੇ ਕੰਮ ਦਾ ਤੌਰ ਤਰੀਕਾ , ਨਿਯਮ ਅਤੇ ਕੱਟੜਪੁਣੇ ਤੋਂ ਰਹਿਤ , ਇਕ ਵਧੀਆ ਉਦਾਹਰਨ ਪੇਸ਼ ਕਰਦਾ ਹੈ ।

        ਇਤਿਹਾਸਿਕ ਤੌਰ ‘ ਤੇ , ਜਦੋਂ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਵਿਚ ਆਦਿ ਗ੍ਰੰਥ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ ਤਾਂ ਗੁਰੂ ਅਰਜਨ ਦੇਵ ਜੀ ਨੇ ਸਤਿਕਾਰਯੋਗ ਭਾਈ ਬੁੱਢਾ ( 1506-1631 ) ਜੀ ਨੂੰ ਇਸਦਾ ਪਹਿਲਾ ਗ੍ਰੰਥੀ ਥਾਪਿਆ । ਇਹ ਪਦ ਦੀ ਸ਼ੁਰੂਆਤ ਸੀ । ਜਦੋਂ ਪਹਿਲੀ ਸੁਧਾਈ ਦੀ ਸਮਾਪਤੀ ਉਪਰੰਤ ਆਦਿ ਗ੍ਰੰਥ ਦੇ ਉਤਾਰੇ ਕਰਨੇ ਸ਼ੁਰੂ ਕੀਤੇ ਗਏ ਅਤੇ ਜਿਉਂ ਹੀ ਸੰਗਤਾਂ ਦੀ ਗਿਣਤੀ ਵਿਚ ਵਾਧਾ ਹੋਇਆ ਤਾਂ ਸੇਵਾ ਲਈ ਹੋਰ ਗ੍ਰੰਥੀਆਂ ਦੀ ਲੋੜ ਪਈ । ਗੁਰੂ ਗੋਬਿੰਦ ਸਿੰਘ ( 1666-1708 ) ਜੀ ਦੁਆਰਾ ਜੋਤੀ-ਜੋਤਿ ਸਮਾਉਣ ਤੋਂ ਕੁਝ ਸਮਾਂ ਪਹਿਲਾਂ ਹੀ ਆਦਿ ਗ੍ਰੰਥ ਨੂੰ ਗੁਰੂ ਦਾ ਦਰਜਾ ਦੇਣ ਨਾਲ ਗ੍ਰੰਥੀ ਦੇ ਪਦ ਦਾ ਵਿਸ਼ੇਸ਼ ਮਹੱਤਵ ਬਣ ਗਿਆ । ਗ੍ਰੰਥੀ ਵਜੋਂ ਭਾਈ ਬੁੱਢਾ ਤੋਂ ਬਾਅਦ ਹਰਿਮੰਦਰ ਸਾਹਿਬ ਅਜੋਕਾ ਸੁਨਹਿਰੀ ਮੰਦਰ , ਵਿਖੇ ਗੁਰੂ ਗੋਬਿੰਦ ਸਿੰਘ ਜੀ ਦੀ ਵਿਧਵਾ ਮਾਤਾ ਸੁੰਦਰੀ ਜੀ ਨੇ 1721 ਵਿਚ ਭਾਈ ਮਨੀ ਸਿੰਘ ਨੂੰ ਇਸ ਪਦ’ ਤੇ ਨਿਯੁਕਤ ਕੀਤਾ । ਉਹਨਾਂ ਨੂੰ 1737 ਵਿਚ ਸ਼ਹੀਦ ਕਰ ਦਿੱਤਾ ਗਿਆ । ਦਮਨ ਅਤੇ ਅਸ਼ਾਂਤੀ ਦੇ ਅਗਲੇ ਸਮੇਂ ਦੌਰਾਨ , ਜਦੋਂ ਸਿੱਖ ਜੰਗਲਾਂ , ਪਹਾੜਾਂ ਅਤੇ ਰੇਗਿਸਤਾਨਾਂ ਵਿਚ ਲੁਕ ਕੇ ਹੋਂਦ ਬਚਾਉਣ ਲਈ ਗੁਰੀਲਾ ਯੁੱਧ ਕਰ ਰਹੇ ਸਨ , ਸਿੱਖ ਗੁਰਧਾਮਾਂ ਦੀ ਦੇਖ-ਭਾਲ ਨਿਰਮਲੇ ਅਤੇ ਉਦਾਸੀ ਸੰਪਰਦਾਇ ਦੇ ਪੁਜਾਰੀਆਂ ਦੁਆਰਾ ਕੀਤੀ ਗਈ ਜਿਹਨਾਂ ਨੂੰ ਸਾਧੂ ਹੋਣ ਕਾਰਨ ਦਮਨਕਾਰੀ ਮੁਗ਼ਲਾਂ ਅਤੇ ਅਫ਼ਗ਼ਾਨ ਹਾਕਮਾਂ ਨੇ ਕੁਝ ਨਹੀਂ ਕਿਹਾ । ਇਹਨਾਂ ਮੁਢਲੇ ਨਿਗਰਾਨਾਂ ਜਾਂ ਗ੍ਰੰਥੀਆਂ ਵਿਚੋਂ ਬਹੁਤੇ ਵਿਅਕਤੀ ਸਮਰਪਿਤ ਸਨ ਅਤੇ ਉਹਨਾਂ ਵਿਚੋਂ ਕੁਝ ਪ੍ਰਸਿੱਧ ਵਿਦਵਾਨ ਵੀ ਸਨ । ਪਰ ਬਾਅਦ ਵਿਚ , ਜਦੋਂ ਸਿੱਖ ਹਾਕਮਾਂ ਨੇ ਇਹਨਾਂ ਗੁਰਧਾਮਾਂ ਨੂੰ ਵੱਡੀਆਂ ਜਗੀਰਾਂ ਜਾਂ ਜ਼ਮੀਨਾਂ ਦਾਨ ਕਰ ਦਿੱਤੀਆਂ , ਇਹਨਾਂ ਵਿਚ ਭ੍ਰਿਸ਼ਟਾਚਾਰੀ ਫੈਲ ਗਈ ਅਤੇ ਗੁਰਦੁਆਰਿਆਂ ਨੂੰ ਮਹੰਤਾਂ ( ਆਪਣੇ ਆਪ ਨੂੰ ਨਿਗਰਾਨ ਕਹਿਣ ਵਾਲੇ ) ਦੇ ਕਬਜ਼ੇ ਵਿਚੋਂ ਇਕ ਲੰਮੀ ਜਦੋ-ਜਹਿਦ ਰਾਹੀਂ ਅਜ਼ਾਦ ਕਰਾਇਆ ਗਿਆ । ਹਮੇਸ਼ਾਂ ਤੋਂ ਹੀ ਗ੍ਰੰਥੀ ਆਮ ਤੌਰ ‘ ਤੇ ਅੰਮ੍ਰਿਤਧਾਰੀ ਸਿੱਖ ਹੁੰਦੇ ਹਨ । ਉਹਨਾਂ ਨੂੰ ਸਤਿਕਾਰਯੋਗ ਸ਼ਬਦਾਂ ਜਿਵੇਂ ਬਾਬਾ ਜੀ , ਗਿਆਨੀ ਜੀ ਜਾਂ ਭਾਈ ਜੀ ਆਦਿ ਨਾਲ ਸੰਬੋਧਨ ਕੀਤਾ ਜਾਂਦਾ ਹੈ । ਗ੍ਰੰਥੀਆਂ ਦੀ ਸਿੱਖਿਆ ਲਈ ਬਹੁਤ ਸਾਰੀਆਂ ਸੰਸਥਾਵਾਂ ਕੰਮ ਕਰ ਰਹੀਆਂ ਹਨ ਪਰ ਉਹਨਾਂ ਵਿਚੋਂ ਸਭ ਤੋਂ ਵਧੀਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਮ੍ਰਿਤਸਰ ਵਿਖੇ ਚਲਾਇਆ ਜਾ ਰਿਹਾ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਹੈ । ਇਹ ਕਮੇਟੀ ਲੋਕਤੰਤਰੀ ਢੰਗ ਨਾਲ ਚੁਣੀ ਹੋਈ ਸੰਸਥਾ ਹੈ ਜੋ ਕਿ ਕਾਨੂੰਨੀ ਤੌਰ ‘ ਤੇ ਗੁਰਧਾਮਾਂ ਦਾ ਪ੍ਰਬੰਧ ਅਤੇ ਆਮ ਤੌਰ ‘ ਤੇ ਸਿੱਖਾਂ ਦੇ ਧਾਰਮਿਕ ਮਸਲਿਆਂ ਦੀ ਰਹਿਨੁਮਾਈ ਕਰਦੀ ਹੈ ।


ਲੇਖਕ : ਮ.ਜ.ਲ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 378, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.