ਛੋਟਾ ਘੱਲੂਘਾਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛੋਟਾ ਘੱਲੂਘਾਰਾ. ਦੇਖੋ, ਘੱਲੂਘਾਰਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6688, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਛੋਟਾ ਘੱਲੂਘਾਰਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਛੋਟਾ ਘੱਲੂਘਾਰਾ: ਵੇਖੋ ‘ਘੱਲੂਘਾਰਾ ਛੋਟਾ ’।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6653, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਛੋਟਾ ਘੱਲੂਘਾਰਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛੋਟਾ ਘੱਲੂਘਾਰਾ: ਵੱਡੇ ਘੱਲੂਘਾਰੇ ਤੋਂ ਵੱਖਰੀ ਘਟਨਾ ਹੈ। ਇਸ ਬਾਰੇ ਸਿੱਖ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ 1746 ਵਿਚ ਲਾਹੌਰ ਦੀ ਮੁਗ਼ਲ ਸਰਕਾਰ ਨੇ ਸਿੱਖਾਂ ਦਾ ਘਾਣ ਕਰਨ ਲਈ ਤਿੱਖੀ ਦਮਨ-ਮੁਹਿੰਮ ਅਰੰਭੀ। ਇਸ ਸਾਲ ਦੇ ਸ਼ੁਰੂ ਵਿਚ ਲਾਹੌਰ ਦੇ ਉੱਤਰ ਵੱਲ 55 ਕਿਲੋਮੀਟਰ ਦੀ ਦੂਰੀ ਤੇ ਸਥਿਤ ਏਮਨਾਬਾਦ ਦਾ ਫ਼ੌਜਦਾਰ ਜਸਪਤ ਰਾਇ ਸਿੱਖਾਂ ਦੇ ਇਕ ਘੁਮੱਕੜ ਜਥੇ ਨਾਲ ਮੁਕਾਬਲੇ ਵਿਚ ਮਾਰਿਆ ਗਿਆ। ਜਸਪਤ ਰਾਇ ਦਾ ਭਰਾ ਲਖਪਤ ਰਾਇ, ਜੋ ਕਿ ਉਸ ਸਮੇਂ ਲਾਹੌਰ ਵਿਖੇ ਦੀਵਾਨ ਜਾਂ ਮਾਲ ਮੰਤਰੀ ਸੀ , ਨੇ ਬਦਲਾ ਲਊ ਨੀਤੀ ਅਧੀਨ ਗੁੱਸੇ ਵਿਚ ਸਹੁੰ ਖਾ ਕੇ ਐਲਾਨ ਕੀਤਾ ਕਿ ਉਹ ਉਸ ਸਮੇਂ ਤਕ ਸਿਰ ਤੇ ਪਗੜੀ ਨਹੀਂ ਬੰਨੇਗਾ ਅਤੇ ਨਾ ਹੀ ਆਪਣੇ ਆਪ ਨੂੰ ਖੱਤਰੀ , ਜਿਸ ਜਾਤ ਨਾਲ ਉਹ ਸੰਬੰਧਿਤ ਸੀ, ਕਹਾਏਗਾ ਜਦੋਂ ਤਕ ਸਮੁੱਚੇ ਸਿੱਖ ਪੰਥ ਦਾ ਖੁਰਾ ਖੋਜ ਨਹੀਂ ਮਿਟਾ ਦਿੰਦਾ। ਲਾਹੌਰ ਦੇ ਗਵਰਨਰ ਯਾਹੀਆ ਖ਼ਾਨ ਦੀ ਸਹਿਮਤੀ ਨਾਲ ਲਖਪਤ ਰਾਇ ਨੇ ਲਾਹੌਰ ਦੀ ਫ਼ੌਜ ਨੂੰ ਕੂਚ ਕਰਨ ਦਾ ਹੁਕਮ ਦੇ ਦਿੱਤਾ ਅਤੇ ਨਾਲ ਹੀ ਮੁਲਤਾਨ ਬਹਾਵਲਪੁਰ ਅਤੇ ਜਲੰਧਰ ਤੋਂ ਹੋਰ ਫ਼ੌਜ ਮੰਗਵਾ ਲਈ। ਉਸਨੇ ਜਗੀਰਦਾਰ ਪਹਾੜੀ ਸਰਦਾਰਾਂ ਨੂੰ ਚੇਤੰਨ ਕਰ ਦਿੱਤਾ ਅਤੇ ਆਮ ਲੋਕਾਂ ਨੂੰ ਸਿੱਖਾਂ ਵਿਰੁੱਧ ਮੁਹਿੰਮ ਜਾਂ ਜੇਹਾਦ ਲਈ ਭੜਕਾਇਆ। ਸਭ ਤੋਂ ਪਹਿਲਾਂ ਉਸਨੇ ਲਾਹੌਰ ਦੇ ਸਿੱਖ ਵਸਨੀਕਾਂ ਨੂੰ ਫੜ ਲਿਆ ਅਤੇ ਦੀਵਾਨ ਕੌੜਾ ਮੱਲ ਦੀ ਅਗਵਾਈ ਵਿਚ ਹਿੰਦੂ ਪਤਵੰਤਿਆਂ ਦੇ ਗਰੁੱਪ ਦੁਆਰਾ ਕੀਤੀ ਸਿਫ਼ਾਰਸ਼ ਦੇ ਬਾਵਜੂਦ ਉਹਨਾਂ ਨੂੰ ਕਤਲ ਕਰ ਦਿੱਤਾ। ਇੱਥੋਂ ਤਕ ਕਿ ਉਸਨੇ ਆਪਣੇ ਗੁਰੂ , ਸੰਤ ਜਗਤ ਭਗਤ ਗੋਸਾਈਂ ਦੀ ਇਸ ਬੇਨਤੀ ਨੂੰ ਵੀ ਨਜ਼ਰਅੰਦਾਜ ਕਰ ਦਿੱਤਾ ਕਿ ਨਿਯਤ ਦਿਨ ਤੇ ਹੱਤਿਆ ਨਹੀਂ ਹੋਣੀ ਚਾਹੀਦੀ ਕਿਉਂਕਿ ਉਸ ਦਿਨ ਅਮਾਵਸ , ਚੰਦਰ ਮਹੀਨੇ ਦੇ ਵਦੀ ਪੱਖ ਦਾ ਆਖ਼ਰੀ ਦਿਨ ਸੋਮਵਾਰ ਪੈਂਦਾ ਸੀ ਅਤੇ ਇਹ ਦਿਨ ਹਿੰਦੂਆਂ ਲਈ ਪਵਿੱਤਰ ਹੁੰਦਾ ਹੈ। 13 ਚੇਤ 1802 ਬਿਕਰਮੀ/10 ਮਾਰਚ 1746 ਈ. ਨੂੰ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਕਿਉਂਕਿ ਇਹ ਹੁਕਮ ਉਸੇ ਦਿਨ ਦਾ ਹੀ ਸੀ। ਲਖਪਤ ਰਾਇ ਇਕ ਵੱਡੀ ਫੌ਼ਜ ਜਿਸ ਵਿਚ ਘੋੜ ਸਵਾਰ ਅਤੇ ਤੋਪਾਂ ਸ਼ਾਮਲ ਸਨ , ਲੈ ਕੇ ਸਿੱਖਾਂ ਦੀ ਭਾਲ ਵਿਚ ਚੱਲ ਪਿਆ। ਉਸ ਸਮੇਂ ਸਿੱਖਾਂ ਦੇ ਅਜੋਕੇ ਗੁਰਦਾਸਪੁਰ ਦੇ 15 ਕਿਲੋਮੀਟਰ ਦੱਖਣ ਵੱਲ ਕਾਹਨੂਵਾਨ ਦੇ ਸੰਘਣੇ ਅਤੇ ਦਲਦਲੀ ਜੰਗਲਾਂ ਵਿਚ ਛੁਪੇ ਹੋਣ ਦੀ ਸੂਚਨਾ ਮਿਲੀ। ਲਖਪਤ ਰਾਇ ਨੇ ਜੰਗਲ ਨੂੰ ਘੇਰਾ ਪਾ ਲਿਆ ਅਤੇ ਆਪਣੇ ਸ਼ਿਕਾਰ ਦੀ ਯੋਜਨਾਬੱਧ ਭਾਲ ਸ਼ੁਰੂ ਕਰ ਦਿੱਤੀ। ਸਿੱਖ ਕੁਝ ਸਮੇਂ ਲਈ ਬਾਹਰ ਆਉਂਦੇ ਅਤੇ ਹਮਲਾ ਕਰਕੇ ਵਾਪਸ ਚੱਲੇ ਜਾਂਦੇ। ਇਹ ਸਿਲਸਿਲਾ ਕੁਝ ਸਮਾਂ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਪਰ ਗਿਣਤੀ ਅਤੇ ਫ਼ੌਜੀ ਸਮਾਨ ਵਿਚ ਭਾਰੀ ਕਮੀ ਹੋਣ ਕਰਕੇ ਅਖੀਰ ਆਖ਼ਰੀ ਧਾਵਾ ਬੋਲਦੇ ਹੋਏ ਉਹਨਾਂ ਨੇ ਉੱਤਰ-ਪੂਰਬ ਵੱਲ ਪਹਾੜਾਂ ਵਿਚ ਬਚ ਨਿਕਲਣ ਦਾ ਫ਼ੈਸਲਾ ਕੀਤਾ। ਉਹਨਾਂ ਨੇ ਰਾਵੀ ਦਰਿਆ ਪਾਰ ਕੀਤਾ ਅਤੇ ਜੰਮੂ ਅਤੇ ਕਸ਼ਮੀਰ ਦੇ ਅਜੋਕੇ ਕਠੂਆ ਜ਼ਿਲੇ ਵਿਚ ਬਸੌਹਲੀ ਵੱਲ ਵਧੇ ਪਰ ਉੱਥੇ ਦੇ ਹਿੰਦੂ ਪਹਾੜੀ ਰਾਜੇ ਵੀ ਉਹਨਾਂ ਨਾਲ ਉਸੇ ਤਰ੍ਹਾਂ ਪੇਸ਼ ਆਏ ਜਿਵੇਂ ਕਿ ਮੁਸਲਿਮ ਫ਼ੌਜਾਂ ਉਹਨਾਂ ਨੂੰ ਪੱਬਾਂ ਭਾਰ ਹੋ ਕੇ ਲੱਭ ਰਹੀਆਂ ਸਨ। ਇਸ ਹਾਲਤ ਵਿਚ ਹੋਰ ਕੋਈ ਚਾਰਾ ਨਾ ਹੋਣ ਕਰਕੇ ਉਹਨਾਂ ਨੂੰ ਪੜੌਲ ਅਤੇ ਕਠੂਆ ਦੇ ਲਾਗੇ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਬਚੇ ਹੋਏ ਸਿੰਘ ਹੋਰ ਕੋਈ ਚਾਰਾ ਚੱਲਦਾ ਨਾ ਵੇਖ ਆਖ਼ਰੀ ਹੱਲਾ ਬੋਲਦੇ ਹੋਏ ਦੁਸ਼ਮਣ ਦਾ ਘੇਰਾ ਤੋੜ ਕੇ ਰਾਵੀ ਦਰਿਆ ਨੂੰ ਦੁਬਾਰਾ ਪਾਰ ਕਰਨ ਵਿਚ ਸਫ਼ਲ ਹੋ ਗਏ। ਇਸ ਯਤਨ ਵਿਚ ਬਹੁਤ ਸਾਰੇ ਸਿੱਖ ਭਰੇ ਹੋਏ ਦਰਿਆ ਦੀ ਭੇਟ ਚੜ੍ਹ ਗਏ। ਲਖਪਤ ਰਾਇ ਅਜੇ ਵੀ ਉਹਨਾਂ ਦਾ ਪਿੱਛਾ ਕਰ ਰਿਹਾ ਸੀ। ਸਿੱਖਾਂ ਨੇ ਬਿਆਸ ਅਤੇ ਸਤਲੁਜ ਦਰਿਆ ਪਾਰ ਕਰਦੇ ਹੋਏ ਮਾਲਵਾ ਖੇਤਰ ਦੇ ਅੰਦਰੂਨੀ ਪੁਰਾਤਨ ਸ਼ਰਨਗਾਹ, ਲੱਖੀ ਜੰਗਲ , ਵਿਚ ਜਾ ਸ਼ਰਨ ਲਈ। ਇਕ ਅੰਦਾਜੇ ਮੁਤਾਬਕ 1 ਅਤੇ 2 ਮਈ ਨੂੰ ਹੋਈ ਲੜਾਈ ਵਿਚ 7000 ਸਿੱਖ ਮਾਰੇ ਗਏ ਅਤੇ 3000 ਬੰਦੀ ਬਣਾ ਲਏ ਗਏ। ਜੇਤੂ ਮੁਹਿੰਮ ਤੋਂ ਬਾਅਦ ਲਖਪਤ ਰਾਇ ਵਾਪਸ ਲਾਹੌਰ ਆ ਗਿਆ। ਲਾਹੌਰ ਵਿਖੇ ਉਸਨੇ ਬੰਦੀ ਬਣਾਏ ਸਿੱਖਾਂ ਨੂੰ ਦਿੱਲੀ ਗੇਟ ਦੇ ਬਾਹਰ ਨਖ਼ਾਸ ਜਾਂ ਘੋੜਿਆਂ ਦੀ ਮਾਰਕੀਟ ਦੇ ਸਥਾਨ, ਵਿਖੇ ਛੋਟੇ-ਛੋਟੇ ਜਥਿਆਂ ਵਿਚ ਸ਼ਹੀਦ ਕਰ ਦਿੱਤਾ। ਸ਼ਹੀਦ ਸਿੱਖਾਂ ਦੀ ਯਾਦ ਵਿਚ ਇਸ ਅਸਥਾਨ ਤੇ ‘ਸ਼ਹੀਦਗੰਜ ਗੁਰਦੁਆਰਾ` ਬਣਿਆ ਹੋਇਆ ਹੈ। ਲਖਪਤ ਰਾਇ ਨੇ ਹੁਕਮ ਕਰ ਦਿੱਤਾ ਕਿ ਸਿੱਖ ਧਰਮ ਅਸਥਾਨਾਂ ਨੂੰ ਢਾਹ ਦਿੱਤਾ ਜਾਵੇ ਅਤੇ ਉਹਨਾਂ ਦੇ ਧਰਮ ਗ੍ਰੰਥਾਂ ਨੂੰ ਫੂਕ ਦਿੱਤਾ ਜਾਵੇ। ਇੱਥੋਂ ਤਕ ਕਿ ਉਸਨੇ ਇਹ ਵੀ ਹੁਕਮ ਦੇ ਦਿੱਤਾ ਕਿ ਜੇ ਕੋਈ ਗੁਰੂ ਸ਼ਬਦ ਦਾ ਉਚਾਰਨ ਕਰੇ ਤਾਂ ਉਸਨੂੰ ਮਾਰ ਦਿੱਤਾ ਜਾਵੇ। ਗੁੜ ਸ਼ਬਦ ਵਿਚੋਂ ਵੀ ‘ਗੁਰੂ` ਦੀ ਧੁਨੀ ਉਜਾਗਰ ਹੋਣ ਕਰਕੇ ਉਸਨੂੰ ਰੋੜੀ ਕਹੇ ਜਾਣ ਦਾ ਫ਼ੁਰਮਾਨ ਜਾਰੀ ਕਰ ਦਿੱਤਾ। ਮਾਰਚ-ਮਈ 1746 ਦੇ ਭਿਆਨਕ ਘਟਨਾਕ੍ਰਮ ਨੂੰ ਸਿੱਖਾਂ ਨੇ ਪਹਿਲੇ ਘੱਲੂਘਾਰੇ ਦਾ ਨਾਂ ਦਿੱਤਾ ਫਿਰ ਇਸ ਨੂੰ ‘ਛੋਟਾ ਘੱਲੂਘਾਰਾ` ਕਿਹਾ ਗਿਆ ਕਿਉਂਕਿ 16 ਸਾਲ ਬਾਅਦ 5 ਫ਼ਰਵਰੀ 1762 ਨੂੰ ਇਸਦੇ ਮੁਕਾਬਲੇ ਸਿੱਖਾਂ ਦਾ ਇਸ ਤੋਂ ਵੀ ਵੱਡੇ ਪੱਧਰ ਤੇ ਘਾਣ ਹੋਇਆ ਜਿਸ ਨੂੰ ‘ਵੱਡਾ ਘੱਲੂਘਾਰਾ` ਕਿਹਾ ਜਾਣ ਲੱਗਿਆ।

          ਲਖਪਤ ਰਾਇ ਦੀ ਸਿੱਖਾਂ ਨੂੰ ਪੂਰਨ ਤੌਰ ਤੇ ਮਾਰ ਮੁਕਾਉਣ ਦੀ ਸ਼ੇਖ਼ੀ ਛੇਤੀ ਹੀ ਝੂਠੀ ਸਾਬਤ ਹੋਈ। ਲਗ-ਪਗ ਛੇ ਮਹੀਨੇ ਦੇ ਵਿਚ ਹੀ ਸਿੱਖ ਛੋਟੇ-ਛੋਟੇ ਜਥਿਆਂ ਵਿਚ ਅੰਮ੍ਰਿਤਸਰ ਵਿਖੇ ਦੁਬਾਰਾ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ 30 ਮਾਰਚ 1747 ਨੂੰ ਅੰਮ੍ਰਿਤਸਰ ਵਿਖੇ ਸਰਬਤ ਖ਼ਾਲਸਾ ਕਰਕੇ ਇਕ ਗੁਰਮਤਾ ਪਾਸ ਕੀਤਾ ਕਿ ਅੰਮ੍ਰਿਤਸਰ ਵਿਖੇ ਰਾਮ ਰੌਣੀ ਨਾਂ ਦੇ ਕਿਲ੍ਹੇ ਨੂੰ ਪੱਕੀ ਰਿਹਾਇਸ਼ਗਾਹ ਵਜੋਂ ਉਸਾਰਿਆ ਜਾਵੇ।


ਲੇਖਕ : ਬ.ਸ.ਨ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6651, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਛੋਟਾ ਘੱਲੂਘਾਰਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਛੋਟਾ ਘੱਲੂਘਾਰਾ – ਲਾਹੌਰ ਦੇ ਗਵਰਨਰ ਦੀਵਾਨ ਲਖਪਤ ਰਾਏ ਨੂੰ ਜਦੋਂ ਆਪਣੇ ਭਰਾ ਜਸਪਤ ਰਾਏ (ਜੋ ਏਮਨਾਬਾਦ ਦਾ ਫ਼ੌਜਦਾਰ ਸੀ) ਦੀ ਸਿੰਘਾਂ ਹੱਥੋਂ ਹੋਈ ਮੌਤ ਦਾ ਪਤਾ ਲੱਗਾ ਤਾਂ ਉਹ ਪਾਗ਼ਲਾਂ ਵਾਂਗ ਸਿੱਖਾਂ ਵਿਰੁੱਧ ਦੰਦੀਆਂ ਕਰੀਚਣ ਲੱਗਾ। ਉਹ ਲਾਹੌਰ ਦੇ ਸੂਬੇਦਾਰ ਯਹੀਆ ਖ਼ਾਂ ਦੇ ਕੋਲ ਆਇਆ ਤੇ ਆਪਣੀ ਪੱਗ ਉਸ ਦੇ ਪੈਰਾਂ ਉੱਤੇ ਰੱਖ ਕੇ ਕਸਮ ਖਾਧੀ ਕਿ ਹੁਣ ਉਹ ਆਪਣੀ ਪੱਗ ਉਸ ਸਮੇਂ ਹੀ ਸਿਰ ਉੱਤੇ ਬੰਨ੍ਹੇਗਾ ਜਦੋਂ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਦੇਵੇਗਾ।

ਵੱਡੀ ਗਿਣਤੀ ਵਿਚ ਫ਼ੌਜ ਜਿਸ ਵਿਚ ਮੁਗ਼ਲ ਸੈਨਿਕ ਅਤੇ ਸਾਰੇ ਮੁਲਕ ਵਿਚੋਂ ਲਏ ਗਏ ਹੋਰ ਸਹਾਇਕ ਸ਼ਾਮਲ ਸਨ, ਯਹੀਆ ਖ਼ਾਂ ਅਤੇ ਲਖਪਤ ਰਾਏ ਦੀ ਨਿੱਜੀ ਕਮਾਨ ਥੱਲੇ ਸਿੱਖਾਂ ਵਿਰੁੱਧ ਚੜ੍ਹ ਪਏ। ਸਿੱਖ ਪੰਦਰਾਂ ਕੁ ਹਜ਼ਾਰ ਦੀ ਗਿਣਤੀ ਵਿਚ ਸਰਕੰਡੇਦਾਰ ਕਾਹਨੂੰਵਾਨ ਦੇ ਛੰਭ ਵਿਚ ਪਨਾਹ ਲਈ ਬੈਠੇ ਸਨ। ਮੁਗ਼ਲ ਸੈਨਿਕਾਂ ਅਤੇ ਤੋਪਾਂ ਲਈ ਜੰਗਲ ਕੱਟ ਕੇ ਰਸਤਾ ਬਣਾਇਆ ਗਿਆ। ਤੋਪਾਂ ਦੀ ਮਦਦ ਨਾਲ ਸਿੱਖਾਂ ਨੂੰ ਕਾਹਨੂੰਵਾਨ ਛੰਭ ਵਿਚੋਂ ਕੱਢ ਕੇ ਰਾਵੀ ਵੱਲ ਧੱਕ ਦਿੱਤਾ ਗਿਆ ਜਿਥੋਂ ਉਹ ਪੜੋਲ ਤੇ ਕਠੂਆ ਵੱਲ ਨੂੰ ਚਲੇ ਗਏ। ਲਖਪਤ ਰਾਏ ਉਨ੍ਹਾਂ ਦੀਆਂ ਪੈੜਾਂ ਨੱਪਦਾ ਆ ਰਿਹਾ ਸੀ। ਸਿੱਖਾਂ ਕੋਲ ਇਕ ਹੀ ਚਾਰਾ, ਬਸੋਲੀ ਦੀਆਂ ਪਹਾੜੀਆਂ ਵੱਲ ਨੂੰ ਚਲੇ ਜਾਣ ਦਾ ਸੀ ਪਰ ਲਾਹੌਰ ਤੋਂ ਪਹਿਲਾਂ ਹੀ ਪਹੁੰਚ ਚੁੱਕੇ ਸ਼ਾਹੀ ਹੁਕਮਾਂ ਦੀ ਤਾਮੀਲ ਕਰਦਿਆਂ ਪਹਾੜੀਆਂ ਨੇ ਗੋਲੀਆਂ ਅਤੇ ਇੱਟਾਂ ਵੱਟਿਆਂ ਨਾਲ ਸਿੱਖਾਂ ਦਾ ਸਵਾਗਤ ਕੀਤਾ, ਸਥਿਤੀ ਬਹੁਤ ਹੀ ਭਿਆਨਕ ਸੀ। ਸਿੱਖਾਂ ਦੇ ਸਾਹਮਣੇ ਸਿੱਧਾ ਪਹਾੜ ਖੜ੍ਹਾ ਸੀ, ਉਨ੍ਹਾਂ ਦੇ ਸੱਜੇ ਪਾਸੇ ਹੜ੍ਹ ਆਇਆ ਰਾਵੀ ਦਰਿਆ ਸੀ ਤੇ ਪਿੱਛੇ ਮੌਤ ਬਣ ਕੇ ਵੈਰੀ ਚੜ੍ਹੇ ਆ ਰਹੇ ਸਨ। ਸਿੰਘਾਂ ਪਾਸ ਅਸਲੇ ਤੇ ਖ਼ੁਰਾਕ ਦਾ ਕੋਈ ਭੰਡਾਰ ਨਹੀਂ ਸੀ ਤੇ ਉਨ੍ਹਾਂ ਦੇ ਕਮਜ਼ੋਰ ਘੋੜੇ ਪਹਾੜੀ ਢਲਾਣਾਂ ਤੇ ਖੱਡਾਂ ਤੋਂ ਉਖੜ ਉਖੜ ਡਿਗ ਰਹੇ ਸਨ।

ਸਿੰਘਾਂ ਨੇ ਪਿੱਛੇ ਮੁੜਨ ਅਤੇ ਮਾਝੇ ਵੱਲ ਚਲੇ ਜਾਣ ਦਾ ਫ਼ੈਸਲਾ ਕੀਤਾ ਪਰ ਹੜ੍ਹ ਨਾਲ ਸ਼ੂਕਦੇ ਰਾਵੀ ਦਰਿਆ ਨੂੰ ਪਾਰ ਕਰਨਾ ਮੁਸ਼ਕਲ ਸੀ। ਗੁਰਦਿਆਲ  ਸਿੰਘ ਡੱਲੇਵਾਲ ਦੇ ਦੋ ਭਰਾ ਇਹ ਵੇਖਣ ਲਈ ਕਿ ਦਰਿਆ ਨੂੰ ਕਿਸ ਜਗ੍ਹਾ ਤੋਂ ਪਾਰ ਕੀਤਾ ਜਾ ਸਕਦਾ ਹੈ ਆਪਣੇ ਘੋੜਿਆਂ ਸਮੇਤ ਦਰਿਆ ਵਿਚ ਉਤਰੇ ਪਰ ਤੂਫ਼ਾਨੀ ਲਹਿਰਾਂ ਨੇ ਉਨ੍ਹਾਂ ਨੂੰ ਵਾਪਸ ਨਾ ਪਰਤਣ ਦਿੱਤਾ। ਜਦੋਂ ਬਚਣ ਦਾ ਕੋਈ ਰਾਹ ਨਾ ਦਿਸਿਆ ਤਾਂ ਸਿੰਘਾਂ ਨੇ ਇਹ ਫ਼ੈਸਲਾ ਕੀਤਾ ਕਿ ਜਿਹੜੇ ਪੈਦਲ ਹਨ ਉਹ ਤਾਂ ਪਹਾੜਾਂ ਤੇ ਚੜ੍ਹ ਕੇ ਬਚਣ ਦਾ ਯਤਨ ਕਰਨ ਅਤੇ ਜਿਨ੍ਹਾਂ ਪਾਸ ਘੋੜੇ ਹਨ ਉਹ ਦੁਸ਼ਮਣ ਵਿਚ ਦੀ ਆਪਣਾ ਰਾਹ ਬਣਾ ਕੇ ਅੱਗੇ ਨਿਕਲ ਜਾਣ (ਜਿਹੜੇ ਪਹਾੜਾਂ ਵੱਲ ਚਲੇ ਗਏ ਸਨ, ਉਨ੍ਹਾਂ ਨੇ ਮੰਡੀ ਤੇ ਕੁੱਲੂ ਦੇ ਵੱਖ ਵੱਖ ਭਾਗਾਂ ਵਿਚ ਬੜੀ ਔਖਿਆਈ ਵਿਚ ਛੇ ਮਹੀਨੇ ਲੰਘਾਏ ਤੇ ਫ਼ਿਰ ਕੀਰਤਪੁਰ ਦੇ ਅਸਥਾਨ ਉੱਤੇ ਖ਼ਾਲਸੇ ਨੂੰ ਆ ਮਿਲੇ)।

ਸਿੱਖਾਂ ਦਾ ਮੁੱਖ ਜੱਥਾ ਜੋ ਸੁੱਖਾ ਸਿੰਘ ਦੀ ਅਗਵਾਈ ਵਿਚ ਪਿੱਛਾ ਕਰ ਰਹੀ ਦੁਸ਼ਮਣ ਫ਼ੌਜ ਉੱਪਰ ਝਪਟ ਪਿਆ ਸੀ ਜਲਦੀ ਹੀ ਵੈਰੀਆਂ ਦੇ ਘੇਰੇ ਵਿਚ ਆ ਗਿਆ। ਸੈਂਕੜੇ ਸਿੰਘ ਜੂਝਦੇ ਹੋਏ ਕੱਟ ਮਰੇ ਅਤੇ ਬਹੁਤ ਸਾਰਿਆਂ ਨੂੰ ਕੈਦੀ ਬਣਾ ਲਿਆ ਗਿਆ। ਲਖਪਤ ਰਾਏ ਉੱਤੇ ਹਮਲਾ ਕਰਨ ਦੇ ਯਤਨ ਵਿਚ ਸੁੱਖਾ ਸਿੰਘ ਦੀ ਲੱਤ ਜਖ਼ਮੀ ਹੋ ਗਈ। ਜਿਸ ਮੁੱਠਭੇੜ ਵਿਚ ਲਖਪਤ ਰਾਏ ਨੂੰ ਵੀ ਕਾਫ਼ੀ ਨੁਕਸਾਨ ਉਠਾਉਣਾ ਪਿਆ। ਉਸ ਦਾ ਪੁੱਤਰ ਹਰਭਜ ਰਾਏ, ਸੂਬੇਦਾਰ ਯਹੀਆ ਖ਼ਾਂ ਦਾ ਪੁੱਤਰ ਨਾਹਰ ਖ਼ਾਂ, ਫ਼ੌਜਦਾਰ ਕਰਮ ਬਖਸ਼ ਰਸੂਲਨਗਰੀਆ ਤੇ ਮਖਮੂਰ ਖ਼ਾਂ ਆਦਿ ਸਿੰਘਾਂ ਹੱਥੋਂ ਮਾਰੇ ਗਏ। ਇਸ ਘੇਰੇ ਵਿਚੋਂ ਬਚ ਨਿਕਲੇ ਸਿੱਖਾਂ ਦਾ ਜੰਗਲ ਵਿਚ ਪਿੱਛਾ ਕਰ ਕੇ ਉਨ੍ਹਾਂ ਉੱਤੇ ਮੁੜ ਹਮਲਾ ਕੀਤਾ ਗਿਆ। ਹਮਲਾ ਕਰਨ ਵਾਲਿਆਂ ਵਿਚ ਸੈਨਿਕਾਂ ਤੋਂ ਇਲਾਵਾ ਇਸ ਮਕਸਦ ਲਈ ਆਸ ਪਾਸ ਦੇ ਪਿੰਡਾਂ ਤੋਂ ਇਕੱਠੇ ਕੀਤੇ ਲੋਕ ਵੀ ਸਨ। ਇਹ ਵੇਲੇ ਦੇ ਵੇਲੇ ਤਿਆਰ ਕੀਤੇ ‘ਸਿਪਾਹੀ’ ਸਿੱਖਾਂ ਨੇ ਸੌਖਿਆਂ ਹੀ ਆਪਣੇ ਸ਼ਿਕਾਰ ਬਣਾਏ ਅਤੇ ਉਨ੍ਹਾਂ ਵਿਚੋਂ ਬਹੁਤਿਆਂ ਦੇ ਘੋੜੇ ਤੇ ਹਥਿਆਰ ਖੋਹ ਲਏ। ਇਹ ਘਟਨਾ ਪਹਿਲੀ ਜੂਨ, 1746 ਨੂੰ ਵਾਪਰੀ।

ਇਨ੍ਹਾਂ ਸਿੱਖਾਂ ਨੂੰ (ਜੋ 2000 ਦੇ ਲਗਭਗ ਸਨ) ਕੁੱਝ ਸੁੱਖ ਦਾ ਸਾਹ ਮਿਲਿਆ ਤਾਂ ਉਨ੍ਹਾਂ ਨੇ ਰਾਵੀ ਨੂੰ ਪਾਰ ਕਰਕੇ ਗੁਰਦਾਸਪੁਰ ਦੇ ਰਿਆੜਕੀ ਦੇ ਖੇਤਰ ਵਿਚ ਜਾਣ ਦਾ ਫ਼ੈਸਲਾ ਕੀਤਾ। ਜਦੋਂ ਉਹ ਘੋੜਿਆਂ ਰਾਹੀਂ ਤੇ ਤੁਲੇ ਬਣਾ ਕੇ ਰਾਵੀ ਦਰਿਆ ਨੂੰ ਪਾਰ ਕਰ ਕੇ ਉਸ ਦੇ ਪੂਰਬੀ ਕਿਨਾਰੇ ਉੱਤੇ ਆਏ ਤਾਂ ਭੱਠ ਵਾਂਗ ਭੁੱਜਦੀ ਰੇਤ ਨੇ ਉਨ੍ਹਾਂ ਦੀ ਭੁੱਖ ਅਤੇ ਜ਼ਖਮਾਂ ਦੀ ਤਕਲੀਫ ਵਿਚ ਹੋਰ ਵਾਧਾ ਕਰ ਦਿੱਤਾ। ਪੈਦਲਾਂ ਲਈ ਤੁਰਨਾ ਮੁਹਾਲ ਹੋ ਗਿਆ। ਉਨ੍ਹਾਂ ਨੇ ਆਪਣੇ ਬਚੇ ਖੁਚੇ ਕੱਪੜਿਆਂ ਨਾਲੋਂ ਲੀਰਾਂ ਪਾੜ ਕੇ ਆਪਣੇ ਨੰਗੇ ਪੈਰਾਂ ਉੱਤੇ ਬੰਨ੍ਹੀਆਂ ਤੇ ਇਸ ਤਰ੍ਹਾਂ ਕਈ ਮੀਲਾਂ ਦਾ ਪੰਧ ਤਹਿ ਕਰ ਕੇ ਸ੍ਰੀ ਹਰਿਗੋਬਿੰਦਪੁਰ ਦੇ ਅਸਥਾਨ ਤੋਂ ਬਿਆਸ ਦਰਿਆ ਪਾਰ ਕੀਤਾ। ਉਨ੍ਹਾਂ ਨੇ ਆਪਣੀਆਂ ਚੌੜੀਆਂ ਢਾਲਾਂ ਨੂੰ ਰੇਤੇ ਵਿਚ ਦਬਾ ਕੇ ਗਰਮ ਕੀਤਾ ਅਤੇ ਰੋਟੀਆਂ ਪਕਾਉਣ ਵਾਸਤੇ ਵਰਤਿਆ। ਸਿੰਘ ਅਜੇ ਯਹੀਆਪੁਰ ਦੇ ਲਾਗੇ ਬੈੇਠੇ ਹੀ ਸਨ ਕਿ ਸਥਾਨਕ ਪਠਾਣਾਂ ਦੀ ਇਕ ਟੋਲੀ ਉਨ੍ਹਾਂ ਉੱਤੇ ਟੁੱਟ ਪਈ। ਸਿੱਖਾਂ ਨੇ ਇਨ੍ਹਾਂ ਨਾਲ ਸੌਖਿਆਂ ਹੀ ਨਜਿੱਠ ਲੈਣਾ ਸੀ ਪਰ ਉਸੇ ਵਕਤ ਉਨ੍ਹਾਂ ਨੂੰ ਪਤਾ ਲੱਗਾ ਕਿ ਲਖਪਤ ਰਾਏ ਆਪਣੇ ਲਸ਼ਕਰ ਸਮੇਤ ਦਰਿਆ ਪਾਰ ਕਰ ਕੇ ਉਨ੍ਹਾਂ ਵੱਲ ਵੱਧ ਰਿਹਾ ਹੈ। ਸਿੱਖ ਉਥੋਂ ਸਤਲੁਜ ਦਰਿਆ ਵੱਲ ਨੂੰ ਚਲ ਪਏ ਤੇ ਅਲੀਵਾਲ ਦੇ ਸਥਾਨ ਤੋਂ ਦਰਿਆ ਪਾਰ ਕਰ ਕੇ ਮਾਲਵੇ ਵਿਚ ਦਾਖਲ ਹੋ ਗਏ। ਸਿੰਘਾਂ ਦਾ ਪਿੱਛਾ ਕਰ ਰਿਹਾ ਲਖਪਤ ਰਾਏ ਸਿਰੜੀ ਸਿੱਖਾਂ ਨਾਲ ਦਸਤਪੰਜਾ ਲੈਂਦਾ ਲੈਂਦਾ ਥੱਕ ਗਿਆ ਤੇ ਲਾਹੌਰ ਨੂੰ ਵਾਪਸ ਚਲਾ ਗਿਆ। ਇਸ ਮੁਹਿੰਮ ਵਿਚ ਲਖਪਤ ਰਾਏ ਨੇ ਲਗਭਗ 7000 ਸਿੱਖਾਂ ਨੂੰ ਮਾਰ ਦਿੱਤਾ ਤੇ 3000 ਸਿੱਖਾਂ ਨੂੰ ਕੈਦੀ ਬਣਾ ਕੇ ਲਾਹੌਰ ਲੈ ਗਿਆ। ਇਨ੍ਹਾਂ ਕੈਦੀ ਬਣਾਏ ਸਿੱਖਾਂ ਨੂੰ ਲਾਹੌਰ ਦੇ ਨਖਾਸ ਚੌਂਕ ਵਿਚ ਲਿਜਾ ਕੇ ਨਿਰਾਦਰੀ ਭਰੇ ਤਸੀਹੇ ਦੇਣ ਉਪਰੰਤ ਕਤਲ ਕਰ ਦਿੱਤਾ ਗਿਆ। ਉਨ੍ਹਾਂ ਦੇ ਸਿਰਾਂ ਦੇ ਮੀਨਾਰਾਂ ਦੀ ਸ਼ਕਲ ਵਿਚ ਢੇਰ ਲਗਾਏ ਗਏ ਤੇ ਉਨ੍ਹਾਂ ਦੇ ਕੱਟੇ ਵੱਢੇ ਸਰੀਰਾਂ ਨੂੰ ਮਸੀਤ ਦੀਆਂ ਦੀਵਾਰਾਂ ਦੇ ਵਿਚ ਦੱਬ ਦਿੱਤਾ ਗਿਆ।

ਇਹ ਪਹਿਲਾ ਮੌਕਾ ਸੀ ਜਦੋਂ ਸਿੱਖਾਂ ਨੂੰ ਇਕੋ ਵੇਲੇ ਇੰਨਾ ਵੱਡਾ ਨੁਕਸਾਨ ਉਠਾਉਣਾ ਪਿਆ ਸੀ। ਇਸ ਘਟਨਾ ਨੂੰ ਸਿੱਖ ਇਤਿਹਾਸ ਵਿਚ ਪਹਿਲਾ ਘੱਲੂਘਾਰਾ ਜਾਂ ‘ਛੋਟਾ ਘੱਲੂਘਾਰਾ’ ਕਿਹਾ ਗਿਆ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2546, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-13-04-59-38, ਹਵਾਲੇ/ਟਿੱਪਣੀਆਂ: ਹ. ਪੁ. –ਸਿੱ. ਇ.–ਪ੍ਰਿੰ. ਤੇਜਾ ਸਿੰਘ, ਗੰਡਾ ਸਿੰਘ; ਪ੍ਰਾ. ਪੰ. ਪ੍ਰ.–ਰਤਨ ਸਿੰਘ ਭੰਗੂ: ਸਿੱ ਰਾ. ਕਿ. ਬ. –ਸੀਤਲ, ਪੰਥਕ ਉਸਰੀਏ–ਤਰਲੋਕ ਸਿੰਘ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.