ਦੇਵ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਦੇਵ (1947): ਚਿੱਤਰਕਾਰ ਤੇ ਕਵੀ ਦੇਵ ਨਵੀਂ ਪੰਜਾਬੀ ਕਵਿਤਾ ਦਾ ਨਵੇਕਲਾ ਤੇ ਵਿਸ਼ੇਸ਼ ਕਵੀ ਹੈ। ਜੋ ਅੰਤਰ- ਰਾਸ਼ਟਰੀ ਪੱਧਰ ਤੇ ਇੱਕ ਚਿੱਤਰਕਾਰ ਵਜੋਂ ਆਪਣੀ ਪਛਾਣ ਬਣਾ ਚੁੱਕਾ ਹੈ। ਦੇਵ ਦਾ ਜਨਮ 5 ਸਤੰਬਰ 1947 ਨੂੰ ਨੈਰੋਬੀ ਵਿਖੇ ਹੋਇਆ। ਉਸ ਦਾ ਪਾਲਣ-ਪੋਸ਼ਣ ਲੁਧਿਆਣਾ ਦੇ ਜਗਰਾਉਂ ਇਲਾਕੇ ਵਿੱਚ ਹੋਇਆ। ਦੇਵ ਜਗਰਾਉਂ, ਲੁਧਿਆਣਾ, ਦਿੱਲੀ ਆਦਿ ਸ਼ਹਿਰਾਂ ਵਿੱਚ ਆਵਾਸ ਕਰਨ ਤੋਂ ਬਾਅਦ ਅਫ਼ਰੀਕਾ ਤੇ ਕੀਨੀਆਂ ਚਲਾ ਗਿਆ। ਆਧੁਨਿਕ ਅਮੂਰਤ ਚਿੱਤਰਕਲਾ ਉਸ ਦਾ ਵਿਸ਼ੇਸ਼ ਖੇਤਰ ਬਣ ਗਿਆ। ਫਿਰ ਉਸ ਨੇ ਯੂਰਪ ਵਿੱਚ ਸਵਿਟਜ਼ਰਲੈਂਡ, ਫ਼੍ਰਾਂਸ ਤੇ ਸਪੇਨ ਵਰਗੇ ਦੇਸ਼ਾਂ ਵਿੱਚ ਆਪਣੇ ਸਟੂਡੀਓ ਕਾਇਮ ਕਰ ਕੇ ਇੱਕ ਚਿੱਤਰਕਾਰ ਵਜੋਂ ਵਿਲੱਖਣ ਪਹਿਚਾਣ ਬਣਾ ਲਈ ਪਰ ਇਸ ਦੇ ਨਾਲ ਉਸ ਨੇ ਪੰਜਾਬੀ ਵਿੱਚ ਕਾਵਿ-ਸਿਰਜਣਾ ਕੀਤੀ।

     ਦੇਵ ਦਾ ਪਹਿਲਾ ਕਾਵਿ-ਸੰਗ੍ਰਹਿ ਵਿਦਰੋਹ 1970 ਵਿੱਚ ਪ੍ਰਕਾਸ਼ਿਤ ਹੋਇਆ। ਇਸ ਤੋਂ ਬਾਅਦ ਦੂਸਰੇ ਕਿਨਾਰੇ ਦੀ ਤਲਾਸ਼ (1978), ਮਤਾਬੀ ਮਿੱਟੀ (1983), ਪ੍ਰਸ਼ਨ ਤੇ ਪਰਵਾਜ਼ (1992) ਅਤੇ ਸ਼ਬਦਾਂਤ (1999) ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਕੇ ਸਾਮ੍ਹਣੇ ਆਏ। ਸ਼ਬਦਾਂਤ ਪੁਸਤਕ ਤੇ ਉਸ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲ ਚੁੱਕਾ ਹੈ। ਉਸ ਦੀ ਸਮੁੱਚੀ ਕਾਵਿ-ਰਚਨਾ ਹੁਣ ਤੋਂ ਪਹਿਲਾਂ ਨਾਂ ਦੀ ਕਾਵਿ-ਪੁਸਤਕ ਵਿੱਚ ਛਪ ਚੁੱਕੀ ਹੈ। ਆਧੁਨਿਕ ਅਮੂਰਤ ਚਿੱਤਰਕਲਾ ਦੇ ਖੇਤਰ ਵਿੱਚ ਅੰਤਰ- ਰਾਸ਼ਟਰੀ ਪੱਧਰ ਤੇ ਪਛਾਣ ਬਣਾਉਣ ਦੇ ਨਾਲ ਉਸ ਨੇ ਆਧੁਨਿਕ ਪੰਜਾਬੀ ਕਵਿਤਾ ਲਈ ਸਰੋਕਾਰਾਂ ਦੀ ਵਿਸ਼ਾਲਤਾ ਲਿਆਂਦੀ ਹੈ।

     ਦੇਵ ਦੀ ਕਵਿਤਾ ਦੀ ਮੂਲ ਸੁਰ ਵਿਦਰੋਹੀ ਤੇ ਕਾਵਿ- ਸ਼ੈਲੀ ਨਵੇਕਲੀ ਹੈ ਪਰ ਉਸ ਦਾ ਵਿਦਰੋਹ ਕਿਸੇ ਨਾਹਰੇ ਜਾਂ ਆਦਰਸ਼ ਵਿੱਚ ਢਲ ਕੇ ਸ਼ਾਂਤ ਨਹੀਂ ਹੋ ਜਾਂਦਾ। ਉਹ ਹਰ ਤਰ੍ਹਾਂ ਦੀ ਸੰਕੀਰਨਤਾ ਤੇ ਕੱਟੜਤਾ ਤੋਂ ਮੁਕਤ ਹੈ। ਦੇਵ ਕੋਲ ਪਿੰਡ ਤੋਂ ਲੈ ਕੇ ਮਹਾਂਨਗਰ ਤੇ ਅਤਿ ਵਿਕਸਿਤ ਪੱਛਮੀ ਦੇਸ਼ਾਂ ਦਾ ਅਨੁਭਵ ਤੇ ਚੇਤਨਾ ਹੈ। ਇਸੇ ਲਈ ਉਹ ਪਰੰਪਰਿਕ ਚੌਖਟਿਆਂ ਤੇ ਪੂਰਬ-ਨਿਰਧਾਰਿਤ ਧਾਰਨਾਵਾਂ ਵਿੱਚ ਬੱਝ ਕੇ ਕਾਵਿ ਸਿਰਜਣਾ ਨਹੀਂ ਕਰਦਾ। ਇਸੇ ਕਰ ਕੇ ਉਸ ਦੀ ਸ਼ੈਲੀ ਤੇ ਸੰਚਾਰ ਵੀ ਪਰੰਪਰਿਕ ਨਹੀਂ ਹੈ। ਉਸ ਦੀ ਕਾਵਿ ਚੇਤਨਾ ਹਰ ਤਰ੍ਹਾਂ ਦੀਆਂ ਪਰੰਪਰਿਕ ਰਵਾਇਤਾਂ ਤੇ ਬੰਧਨਾਂ ਤੋਂ ਬਗ਼ਾਵਤੀ ਹੈ। ਉਸ ਦੀ ਕਵਿਤਾ ਉਸ ਦੇ ਨਿੱਜ ਤੋਂ ਲੈ ਕੇ ਲੋਕਾਈ ਦੇ ਵਿਸ਼ਾਲ ਹਿਤਾਂ ਨੂੰ ਮੁਖਾਤਬ ਹੁੰਦੀ ਹੈ। ਉਸ ਨੇ ਆਧੁਨਿਕ ਪੂੰਜੀਵਾਦੀ ਜੀਵਨ-ਜਾਚ ਵਿੱਚ ਪਸਰੇ ਅਮਾਨਵੀਪਣ ਨੂੰ ਤਿੱਖੀ ਸੁਰ ਵਿੱਚ ਨਕਾਰਿਆ ਹੈ।

     ਦੇਵ ਦੀ ਕਵਿਤਾ ਨਿਰੰਤਰ ਇੱਕ ਤਲਾਸ਼ ਦੀ ਕਵਿਤਾ ਹੈ। ਪਰਵਾਸ ਉਸ ਲਈ ਨਿਤ ਇੱਕ ਨਵੇਂ ਅਨੁਭਵ ਵਾਂਗ ਹੈ। ਪਰਵਾਸੀ ਲੇਖਕਾਂ ਵਾਂਗ ਉਹ ਆਪਣੀ ਕਵਿਤਾ ਵਿੱਚ ਭੂਹੇਰਵੇ ਦਾ ਰੁਦਨ ਨਹੀਂ ਕਰਦਾ। ਉਹ ਪਰਵਾਸ ਦੇ ਵਰਤਾਰੇ ਨੂੰ ਦੇਸ ਕਾਲ ਦੀਆਂ ਸੀਮਾਵਾਂ ਤੋਂ ਤੋੜ ਕੇ ਬ੍ਰਹਿਮੰਡ ਦੀ ਨਿਰੰਤਰ ਅਨੁਭਵਸ਼ੀਲਤਾ ਵਜੋਂ ਗ੍ਰਹਿਣ ਕਰਦਾ ਹੈ। ਦੇਵ ਦੇ ਕਾਵਿ ਅਵਚੇਤਨ ਚੋਂ ਪੰਜਾਬ ਦੇ ਸੱਭਿਆਚਾਰ ਦੀਆਂ ਪ੍ਰਤਿਧੁਨੀਆਂ ਵੀ ਬਾਰ-ਬਾਰ ਗੂੰਜਦੀਆਂ ਹਨ। ਪਰ ਇਹ ਯਾਦਾਂ ਤੇ ਸਿਮਰਤੀਆਂ ਉਸ ਨੂੰ ਭੂਤਮੁਖੀ ਨਹੀਂ ਬਣਾਉਂਦੀਆਂ। ਆਪਣੀ ਪੁਸਤਕ ਪ੍ਰਸ਼ਨ ਤੇ ਪਰਵਾਜ਼ ਵਿੱਚ ਉਹ ਪੰਜਾਬ ਸੰਕਟ ਨੂੰ ਮੁਖਾਤਬ ਹੁੰਦਾ ਹੈ। ਉਹ ਰਾਜਸੀ ਤੇ ਧਾਰਮਿਕ ਕੱਟੜਤਾ ਨੂੰ ਵਿਅੰਗ ਦਾ ਨਿਸ਼ਾਨਾ ਬਣਾਉਂਦੇ ਹੋਏ ਰੱਦ ਕਰਦਾ ਹੈ। ਉਹ ਮੱਧ- ਵਰਗੀ ਮੌਕਾਪ੍ਰਸਤ ਮਾਨਸਿਕਤਾ ਤੇ ਅਖੌਤੀ ਬੁੱਧੀਜੀਵੀ ਵਰਗ ਨੂੰ ਆਪਣੇ ਤਿੱਖੇ ਵਿਅੰਗ ਦਾ ਨਿਸ਼ਾਨਾ ਬਣਾਉਂਦਾ ਹੈ। ਉਸ ਦੀ ਕਵਿਤਾ ਮਰਯਾਦਾ, ਸੱਤਾ, ਧਰਮ, ਦੇਸ਼ ਭਗਤੀ ਆਦਿ ਸਭ ਉੱਤੇ ਪ੍ਰਸ਼ਨ ਚਿੰਨ੍ਹ ਲਗਾਉਂਦੀ ਹੈ।

     ਉਸ ਦੀ ਕਾਵਿ-ਪੁਸਤਕ ਸ਼ਬਦਾਂਤ ਨਾਲ ਉਸ ਦੀ ਸ਼ਬਦ ਸਿਰਜਣਾ, ਕਾਵਿ-ਯੋਗਤਾ ਹੋਰ ਪਰਿਪੱਕ ਰੂਪ ਵਿੱਚ ਉੱਭਰ ਕੇ ਸਾਮ੍ਹਣੇ ਆਉਂਦੀ ਹੈ। ਉਹ ਪਰੰਪਰਿਕ/ ਧਾਰਮਿਕ ਸ਼ਬਦਾਂ ਤੇ ਹਵਾਲਿਆਂ ਨੂੰ ਨਵੀਂ ਚੇਤਨਾ ਨਾਲ ਪੇਸ਼ ਕਰ ਕੇ ਨਵੇਂ ਤੇ ਕ੍ਰਾਂਤਕਾਰੀ ਅਰਥ ਸਿਰਜਦਾ ਹੈ। ਉਹ ਘਰ, ਪਰਿਵਾਰ, ਪਰੰਪਰਾ ਤੇ ਹਰ ਤਰ੍ਹਾਂ ਦੀ ਸੱਤਾ ਤੇ ਵਿਵਸਥਾ ਨਾਲ ਵਿਦਰੋਹ ਥਾਪ ਕੇ ਤੁਰਦਾ ਹੈ। ਉਹ ਇਹਨਾਂ ਸੰਸਥਾਵਾਂ ਦੀ ਹਰ ਤਰ੍ਹਾਂ ਦੀ ਕੈਦ ਘੁਟਨ ਨੂੰ ਵਿਅੰਗਮਈ ਸੁਰ ਵਿੱਚ ਨਕਾਰਦਾ ਹੋਇਆ ਅਜ਼ਾਦੀ ਤੇ ਸੁਤੰਤਰਤਾ ਦੇ ਨਵੇਂ ਚਿੰਨ੍ਹ ਉਭਾਰਦਾ ਹੈ ਜਿਵੇਂ ਪਰਵਾਜ਼, ਖੰਭ, ਪਰਿੰਦੇ ਸਫ਼ਰ ਆਦਿ। ਉਸ ਨੂੰ ਭਾਰਤੀ ਤੇ ਪੱਛਮੀ ਸਮਾਜ ਦੋਹਾਂ ਅੰਦਰ ਜਿੱਥੇ ਕਿਤੇ ਕੱਟੜਤਾ ਕੋਝ ਤੇ ਦਮਨ ਨਜ਼ਰ ਆਉਂਦਾ ਹੈ, ਉਸ ਦੀ ਕਵਿਤਾ ਵਿੱਚ ਤਿੱਖੇ ਵਿਅੰਗ ਹੇਠ ਆਉਂਦਾ ਹੈ। ਦੇਵ ਭਾਸ਼ਾ ਦੀ ਸੀਮਾ ਤੇ ਸਮਰੱਥਾ ਤੋਂ ਭਲੀ-ਭਾਂਤ ਜਾਣੂ ਹੈ। ਉਹ ਆਪਣੀ ਗੱਲ ਦਾ ਸੰਚਾਰ ਸਿਰਫ਼ ਸ਼ਬਦਾਂ ਰਾਹੀਂ ਹੀ ਨਹੀਂ ਸਗੋਂ ਚਿੱਤਰਨੁਮਾ ਲਕੀਰਾਂ ਬਿੰਦੀਆਂ, ਡੈਸ਼ਾਂ ਦੀ ਵਰਤੋਂ ਰਾਹੀਂ ਵੀ ਕਰਦਾ ਹੈ। ਉਹ ਨਵੇਂ ਕਾਵਿ-ਚਿੰਨ੍ਹ ਤੇ ਕਾਵਿ-ਬਿੰਬ ਦੀ ਸਿਰਜਣ ਦੀ ਅਥਾਹ ਕਾਵਿ-ਪ੍ਰਤਿਭਾ ਦਾ ਮਾਲਕ ਹੈ। ਉਸ ਦੀ ਕਵਿਤਾ ਭਾਰਤੀ ਇਤਿਹਾਸ, ਧਰਮ ਤੇ ਮਿਥਿਹਾਸ ਤੋਂ ਲੈ ਕੇ ਅਨੇਕਾਂ ਵਿਸ਼ਵਕੋਸ਼ੀ ਹਵਾਲਿਆਂ ਤੇ ਵੇਰਵਿਆਂ ਨਾਲ ਭਰੀ ਹੋਈ ਹੈ।

     ਦੇਵ ਪੰਜਾਬੀ ਦਾ ਭਾਵੁਕ ਜਾਂ ਨਾਹਰੇ ਮਾਰਨ ਵਾਲਾ ਕਵੀ ਨਹੀਂ ਸਗੋਂ ਬੌਧਿਕ ਤੇ ਚੇਤੰਨ ਕਵੀ ਹੈ ਜੋ ਵਿਸ਼ਵ ਪੱਧਰ ਤੇ ਵਾਪਰ ਰਹੀਆਂ ਹਰ ਤਰ੍ਹਾਂ ਦੀਆਂ ਤਬਦੀਲੀਆਂ ਤੋਂ ਜਾਣੂ ਹੈ। ਉਹ ਪੰਜਾਬੀ ਕਾਵਿ-ਸੰਮੇਲਨਾਂ ਤੇ ਕਾਨਫਰੰਸਾਂ ਤੋਂ ਬਚ ਕੇ ਵਿਚਰਨ ਵਾਲਾ ਕਵੀ ਹੈ। ਉਸ ਦਾ ਆਪਣੇ ਬਾਰੇ ਕਹਿਣਾ ਹੈ ਕਿ ਉਹ ਪੰਜਾਬੀ ਦਾ ਕਵੀ ਨਹੀਂ ਸਗੋਂ ਪੰਜਾਬੀ ਵਿੱਚ ਲਿਖਦਾ ਕਵੀ ਹੈ। ਉਸ ਦੀ ਕਵਿਤਾ ਵਿਚਲੀ ਖ਼ਾਨਾਬਦੋਸ਼ੀ ਤੇ ਅਵਾਮੀ ਸਿਰਜਣਾਤਮਿਕ ਹੈ।


ਲੇਖਕ : ਕੁਲਵੀਰ ਗੋਜਰਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 12909, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਦੇਵ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦੇਵ [ਨਾਂਪੁ] ਦੇਵ, ਫ਼ਰਿਸ਼ਤਾ , ਦਿਓਤਾ; ਚੰਗਾ ਮਨੁੱਖ, ਬੇਹਤਰ ਮਨੁੱਖ, ਸਾਊ ਬੰਦਾ , ਸਲੀਕੇ ਵਾਲ਼ਾ ਵਿਅਕਤੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12904, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਦੇਵ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦੇਵ. ਸੰ. देव्. ਧਾ—ਖੇਡਣਾ, ਕ੍ਰੀੜਾ ਕਰਨਾ। ੨ ਸੰਗ੍ਯਾ—ਦੇਵਤਾ. ਸੁਰ. “ਨਾਮ ਧਿਆਵਹਿ ਦੇਵ ਤੇਤੀਸ.” (ਸਵੈਯੇ ਮ: ੩ ਕੇ) ਦੇਖੋ, ਲੈਟਿਨ Deus.। ੩ ਗੁਰੂ. “ਦੇਵ, ਕਰਹੁ ਦਇਆ ਮੋਹਿ ਮਾਰਗਿ ਲਾਵਹੁ.” (ਆਸਾ ਕਬੀਰ) ੪ ਰਾਜਾ । ੫ ਮੇਘ. ਬੱਦਲ। ੬ ਪੂਜ੍ਯ ਦੇਵਤਾ ਦੀ ਮੂਰਤਿ. “ਬਾਹਰਿ ਦੇਵ ਪਖਾਲੀਐ ਜੇ ਮਨ ਧੋਵੈ ਕੋਇ.” (ਗੂਜ ਮ: ੧) ੭ ਪਾਰਬ੍ਰਹਮ. ਕਰਤਾਰ । ੮ ਪਾਰਸੀਆਂ ਦੇ ਧਰਮਗ੍ਰੰਥ ੐੹ਦ ਵਿੱਚ ਦੇਵ ਦਾ ਅਰਥ ਅਸੁਰ ਹੈ। ੯ ਦੇਖੋ, ਦੇਉ ੩ ਅਤੇ ੪.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12370, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਦੇਵ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਦੇਵ: ਹਿੰਦੂ ਧਰਮ ਵਿਚ ‘ਦੇਵ’ ਸ਼ਬਦ ਆਦਰ ਵਾਚਕ ਹੈ। ਸੰਸਕ੍ਰਿਤ ਦੀ ‘ਦਿਵੑ’ ਧਾਤੂ ਤੋਂ ਬਣੇ ਇਸ ਸ਼ਬਦ ਦਾ ਅਰਥ ਹੈ ‘ਚਮਕਣਾ’ ਇਸ ਤਰ੍ਹਾਂ ਜੋ ਪ੍ਰਕਾਸ਼ਮਾਨ ਹੈ, ਤੇਜਸਵੀ ਹੈ, ਉਹ ‘ਦੇਵ’ ਹੈ। ਅਜ-ਕਲ ਦੇਵ ਅਤੇ ਦੇਵਤਾ ਸ਼ਬਦ ਸਮਾਨਾਰਾਥਕ ਬਣ ਚੁਕੇ ਹਨ, ਪਰ ਮੂਲ ਰੂਪ ਵਿਚ ਇਹ ਸਮਾਨਾਰਥਕ ਨਹੀਂ ਸਨ। ‘ਦੇਵਤਾ’ (ਵੇਖੋ) ਸ਼ਬਦ ਇਸਤਰੀ ਲਿੰਗ ਹੈ ਅਤੇ ਦੇਵੀ ਦੇ ਅਰਥਾਂ ਵਿਚ ਵਰਤਿਆ ਜਾਂਦਾ ਹੈ। ‘ਚੰਡੀ ਦੀ ਵਾਰ ’ ਵਿਚ ਵੀ ਇਸ ਦੀ ਦੇਵੀ ਦੇ ਅਰਥ ਵਿਚ ਵਰਤੋਂ ਹੋਈ ਹੈ—ਏਵਡ ਮਾਰ ਵਿਹਾਣੀ ਉਪਰ ਰਾਕਸਾਂ ਬਿਜਲ ਜਿਉਂ ਝਰਲਾਣੀ ਉਠੀ ਦੇਵਤਾ36

ਦੇਵਗਣ ਕੌਣ ਹਨ ? ਇਸ ਸੰਬੰਧ ਵਿਚ ਡਾ. ਸੰਪੂਰਣਾਨੰਦ ਦੀ ਸਥਾਪਨਾ ਹੈ ਕਿ ਇਹ ਲੋਕ ਪੁਰਾਤਨ ਕਾਲ ਦੇ ਯੋਗੀ ਸਨ ਜਿਨ੍ਹਾਂ ਨੇ ਆਪਣੀ ਕਠੋਰ ਤਪਸਿਆ ਰਾਹੀਂ ਵਿਸ਼ਵ ਵਿਚ ਉੱਚਾ ਸਥਾਨ ਪ੍ਰਾਪਤ ਕੀਤਾ ਸੀ। ਜਿਸ ਦੇਵ ਨੇ ਜਿਸ ਸ਼ਕਤੀ ਦਾ ਵਿਸ਼ੇਸ਼ ਉਦਬੋਧ ਕੀਤਾ ਹੈ, ਉਸ ਨੂੰ ਉਸੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ।

            ਦੇਵ ਦੀ ਥਾਂ ਉਤੇ ‘ਦੇਵਤਾ’ ਸ਼ਬਦ ਦੇ ਪ੍ਰਚਲਨ ਬਾਰੇ ਵਿਦਵਾਨਾਂ ਦਾ ਮਤ ਹੈ ਕਿ ਜਦ ਤਕ ਵੈਦਿਕ ਯੱਗ ਹੁੰਦੇ ਰਹੇ , ਵੇਦਾਂ ਦਾ ਅਧਿਐਨ ਵੀ ਹੁੰਦਾ ਰਿਹਾ। ਬੌਧ-ਕਾਲ ਤੋਂ ਬਾਦ ਯੱਗਾਂ ਦਾ ਰਿਵਾਜ ਬਹੁਤ ਘਟ ਗਿਆ। ਫਲਸਰੂਪ ਮੰਤ੍ਰਾਂ ਵਲੋਂ ਵੀ ਲੋਕਾਂ ਦਾ ਧਿਆਨ ਹਟ ਗਿਆ। ‘ਦੇਵਤਾ’ ਸ਼ਬਦ ਦਾ ਲਕੑਸ਼ ਭੁਲ-ਭੁਲਾ ਗਿਆ। ਦੇਵਤਿਆਂ ਦੇ ਪ੍ਰਤੀਕ ਰੂਪ ਵਿਚ ਇੰਦ੍ਰ ਆਦਿ ਨਾਂ ਪਹਿਲਾਂ ਤੋਂ ਹੀ ਪ੍ਰਚਲਿਤ ਸਨ। ‘ਦੇਵਤਾ’ ਸ਼ਬਦ ਦੇ ਇਸਤਰੀ-ਲਿੰਗ ਹੋਣ ਵਲੋਂ ਵੀ ਧਿਆਨ ਹਟ ਗਿਆ। ਪ੍ਰਤੀਕ ਮੂਲ ਬਣ ਗਏ। ਇੰਦ੍ਰ-ਦੇਵ, ਵਿਸ਼ਣੂ- ਦੇਵ, ਵਰੁਣ-ਦੇਵ ਦੀ ਥਾਂ ਇੰਦ੍ਰ-ਦੇਵਤਾ, ਵਿਸ਼ਣੂ- ਦੇਵਤਾ, ਵਰੁਣ-ਦੇਵਤਾ ਬਣ ਗਏ।

          ‘ਦੇਵ’ ਸ਼ਬਦ ਦੇ ਅਰਥ ਵਿਚ ਪਰਿਵਰਤਨ ਜਾਂ ਵਿਗਾੜ ਕਿਉਂ ਹੋਇਆ ? ਇਸ ਦਾ ਆਪਣਾ ਹੀ ਇਤਿਹਾਸ ਹੈ। ਇਤਿਹਾਸਕਾਰਾਂ ਅਨੁਸਾਰ ਹਜ਼ਾਰਾਂ ਵਰ੍ਹੇ ਪਹਿਲਾਂ ਆਰਯਾਂ ਵਿਚ ਕੁਝ ਕੁ ਧਾਰਮਿਕ ਪ੍ਰਸ਼ਨਾਂ ਨੂੰ ਲੈ ਕੇ ਸੰਘਰਸ਼ ਚਲਿਆ। ਇਨ੍ਹਾਂ ਪ੍ਰਸ਼ਨਾਂ ਬਾਰੇ ਹੁਣ ਪੂਰੀ ਜਾਣਕਾਰੀ ਨਹੀਂ ਮਿਲਦੀ, ਪਰ ਇਨ੍ਹਾਂ ਵਿਚੋਂ ਇਕ ਪ੍ਰਸ਼ਨ ਇੰਦ੍ਰ ਨੂੰ ਦੇਵ-ਰਾਜ ਮੰਨਣ ਬਾਰੇ ਸੀ। ਜਿਹੜੇ ਇੰਦ੍ਰ ਨੂੰ ਦੇਵ-ਰਾਜ ਮੰਨਣ ਲਈ ਤਿਆਰ ਨਹੀਂ ਸਨ, ਉਹ ਦੇਸ਼ ਛਡ ਕੇ, ਘੁੰਮਦੇ ਘੁੰਮਾਉਂਦੇ ਈਰਾਨ ਜਾ ਪਹੁੰਚੇ। ਪਾਰਸੀ ਉਨ੍ਹਾਂ ਦੇ ਹੀ ਵੰਸਜ਼ ਮੰਨੇ ਜਾਂਦੇ ਹਨ। ਇਸ ਲਈ ਵੇਦਾਂ ਵਿਚ ਇੰਦ੍ਰ ਨੂੰ ਨ ਮੰਨਣ ਵਾਲਿਆਂ ਦੀ ਲਾਅਨਤ ਮਲਾਮਤ ਕੀਤੀ ਗਈ ਹੈ। ਧਾਰਮਿਕ ਵੈਰ ਵਿਰੋਧ ਦੇ ਸਿੱਟੇ ਵਜੋਂ ਕੁਝ ਕੁ ਮਹੱਤਵਪੂਰਣ ਧਾਰਮਿਕ ਸ਼ਬਦਾਂ ਦਾ ਵੀ ਵੰਡ-ਵੰਡਾਰਾ ਹੋ ਗਿਆ ਜਿਨ੍ਹਾਂ ਵਿਚ ‘ਦੇਵ’ ਅਤੇ ‘ਅਸੁਰ ’ ਸ਼ਬਦ ਵੀ ਸ਼ਾਮਲ ਹਨ।

            ਜਿਵੇਂ ਕਿ ਪਹਿਲਾਂ ਦਸਿਆ ਗਿਆ ਹੈ ‘ਦੇਵ’ ਦਾ ਅਰਥ ਹੈ ਪ੍ਰਕਾਸ਼ਮਾਨ ਜਾਂ ਤੇਜਸਵੀ। ਆਚਾਰਯ ਸਾਯਣ ਨੇ ‘ਅਸੁਰ’ ਦੀ ਵਿਉਤਪੱਤੀ ਕਰਦਿਆਂ ਦਸਿਆ ਹੈ ਕਿ ਜੋ ਸਭ ਨੂੰ ਪਰੇ ਸੁਟ ਦਿੰਦਾ ਹੈ, ਉਹ ‘ਅਸੁਰ’ ਹੈ, ਅਰਥਾਤ ਪ੍ਰਬਲ ਹੈ। ਇਸ ਤਰ੍ਹਾਂ ਸ਼ੁਰੂ ਵਿਚ ‘ਦੇਵ’ ਅਤੇ ‘ਅਸੁਰ’ ਦੋਹਾਂ ਦਾ ਵਾਚੑਯਾਰਥ ਇਕੋ ਹੀ ਸੀ। ਦੇਵ-ਗਣ ਤੇਜਸਵੀ ਵੀ ਸਨ ਅਤੇ ਪ੍ਰਬਲ ਵੀ, ਇਸ ਲਈ ਉਹ ਅਸੁਰ ਵੀ ਸਨ। ਇਸੇ ਅਰਥ ਵਿਚ ਇਨ੍ਹਾਂ ਦੋਹਾਂ ਸ਼ਬਦਾਂ ਦੀ ਵਰਤੋਂ ਵੇਦਾਂ ਵਿਚ ਹੋਈ ਹੈ।

            ਧਾਰਮਿਕ ਵਿਰੋਧ ਨੇ ਇਨ੍ਹਾਂ ਦੋਹਾਂ ਸ਼ਬਦਾਂ ਨੂੰ ਵੀ ਵੰਡ ਦਿੱਤਾ। ਈਰਾਨੀਆਂ (ਪਾਰਸੀਆਂ) ਨੇ ‘ਅਸੁਰ’ ਸ਼ਬਦ ਨੂੰ ਅਪਣਾਇਆ ਅਤੇ ਭਾਰਤੀਆਂ ਨੇ ‘ਦੇਵ’ ਨੂੰ। ਫਲਸਰੂਪ ਈਰਾਨੀ ਸਮੁਦਾਇ ਵਿਚ ‘ਦੇਵ’ ਸ਼ਬਦ ਨਿੰਦਣਯੋਗ ਬਣ ਗਿਆ ਅਤੇ ਭਾਰਤੀਆਂ ਵਿਚ ‘ਅਸੁਰ’ ਸ਼ਬਦ ਦੀ ਵੀ ਇਹੀ ਦੁਰਗਤ ਹੋਈ। ਮੁਸਲਮਾਨ ਹਮਲਾਵਰਾਂ ਨਾਲ ‘ਦੇਵ’ (ਦੇਉ) ਸ਼ਬਦ ਨਿੰਦਣਯੋਗ ਅਰਥ ਸਹਿਤ ਮੁੜ ਹਿੰਦੁਸਤਾਨ ਵਿਚ ਆਇਆ। ਇਸ ਦੀ ਪ੍ਰਤਿਕ੍ਰਿਆ ਵਜੋਂ ਸਵਦੇਸ਼ੀ ‘ਦੇਵ’ ਸ਼ਬਦ ਆਪਣਾ ਮਹੱਤਵ ਖੋਹ ਬੈਠਾ ਅਤੇ ਭਾਰਤੀਆਂ ਨੇ ਇਸ ਲਈ ਆਪਣਾ ਹੋਰ ਸ਼ਬਦ ‘ਦੇਵਤਾ’ ਅਧਿਕ ਵਰਤਣਾ ਸ਼ੁਰੂ ਕਰ ਦਿੱਤਾ ਅਤੇ ‘ਦੇਵ’ ਸ਼ਬਦ ਆਪਣੇ ਮਾੜੇ ਅਰਥਾਂ ਵਿਚ ਜਨ-ਸਾਧਾਰਣ ਦੀ ਵਰਤੋਂ ਵਿਚ ਆ ਗਿਆ ਜਿਵੇਂ ਲਾਲ ਦੇਵ, ਕਾਲਾ ਦੇਵ। ਅਸਲੋਂ , ਇਹ ਇਕ ਭਿਆਨਕ ਸਰੂਪ ਅਤੇ ਚੰਗੇ ਕਦ-ਕਾਠ ਵਾਲੇ ਵਿਅਕਤੀ ਲਈ ਵਰਤਿਆ ਜਾਣ ਲਗਾ। ਇਸ ਨੂੰ ‘ਦੇਉ’ ਰੂਪ ਵਿਚ ਪੰਜਾਬੀ ਵਿਚ ਉਚਾਰਿਆ ਅਤੇ ਲਿਖਿਆ ਜਾਂਦਾ ਹੈ।

            ਗੁਰਬਾਣੀ ਵਿਚ ‘ਦੇਵ’ ਸ਼ਬਦ ਅਤੇ ‘ਦੇਵਤਾ’ ਸ਼ਬਦ ਵਿਚ ਕੋਈ ਤਾਤਵਿਕ ਭੇਦ ਨਹੀਂ ਦਰਸਾਇਆ ਗਿਆ, ਇਨ੍ਹਾਂ ਨੂੰ ਦਾਨਵ ਦੇ ਪ੍ਰਤਿਰੂਪ ਵਜੋਂ ਵਰਤਿਆ ਗਿਆ ਹੈ, ਜਿਵੇਂ ਦੇਵ ਦਾਨਵ ਅਗਣਤ ਅਪਾਰਾ (ਗੁ.ਗ੍ਰੰ. 1037); ਦੇਵ ਦਾਨਵ ਗਣ ਗੰਧਰਬ ਸਾਜੇ ਸਭਿ ਲਿਖਿਆ ਕਰਮ ਕਮਾਇਦਾ (ਗੁ.ਗ੍ਰੰ.1038)।

            ਭਾਰਤੀ ਵਿਰਸੇ ਵਾਲੀਆਂ ਪੰਜਾਬੀ ਰਚਨਾਵਾਂ ਵਿਚ ‘ਦੇਵ’ ਜਾਂ ‘ਦੇਉ’ ਸ਼ਬਦ ਦੀ ਵਰਤੋਂ ਆਮ ਤੌਰ ’ਤੇ ਦੇਵਤਾ ਦੇ ਅਰਥਾਂ ਵਿਚ ਹੋਈ ਹੈ, ਜਿਵੇਂ ‘ਚੰਡੀ ਦੀ ਵਾਰ ’ ਵਿਚ —ਦਿਤੇ ਦੇਵ ਭਜਾਈ ਸਭਨਾ ਰਾਕਸਾਂ; ਦਿਤੇ ਦੇਉ ਭਜਾਈ ਮਿਲ ਕੈ ਰਾਕਸੀ ਪਰ ਮੁਸਲਮਾਨੀ ਪਿਛੋਕੜ ਵਾਲੀਆਂ ਪੰਜਾਬੀ ਰਚਨਾਵਾਂ ਵਿਚ ਇਹ ਸ਼ਬਦ ਵਿਪਰੀਤ ਅਰਥਾਂ ਵਿਚ ਵਰਤਿਆ ਗਿਆ ਹੈ। ‘ਸੈਫ਼ੁੱਲ-ਮਲੂਕ’ ਕਿੱਸੇ ਦੇ ਲੇਖਕ ਮੀਆ ਮੁਹੰਮਦ ਬਖ਼ਸ਼ ਨੇ ਤਾਂ ਇਸ ਨੂੰ ਸ਼ੈਤਾਨ ਦਾ ਸਮਾਨਾਰਥਕ ਦਸਿਆ ਹੈ—ਦੇਵ ਆਦਮ ਦੇ ਦੁਸ਼ਮਣ ਮੁਢੋਂ ਨਾਹੀ ਤਕਿ ਸੁਖਾਂਦੇ ਜੇ ਛੁਪੇ ਤਾਂ ਮੁਸ਼ਕੇ ਲਗ ਕੇ ਹਰ ਹੀਲੇ ਫੜਿ ਖਾਂਦੇ ਜਿਸ ਦਿਨ ਮਿਹਤਰ ਆਦਮ ਅਗੇ ਰਬ ਸਜੂਦ ਕਰਾਇਆ ਸਭਨਾਂ ਮਲਕਾਂ ਸਿਜਦਾ ਕੀਤਾ, ਦੇਵ ਨਾ ਸੀਸ ਨਿਵਾਇਆ ਖ਼ੁਦਾਵੰਦ ਦਾ ਫ਼ੁਰਮਾਨ ਮੰਨਿਉਸ ਆਦਮ ਦਿਲੋਂ ਨਾ ਭਾਇਆ ਲੱਅਨਤ ਦਾ ਸ਼ੈਤਾਨ ਕਹਾ ਕੇ ਤੌਕ ਗਲੇ ਵਿਚ ਪਾਇਆ ਇਸ ਤਰ੍ਹਾਂ ‘ਦੇਵ’ ਸ਼ਬਦ ਦੋ ਭਾਵ-ਭੂਮੀਆਂ ਉਤੇ ਟਿਕਿਆ ਹੋਇਆ ਹੈ। ਹੋਰ ਵਿਸਤਾਰ ਲਈ ਵੇਖੋ ‘ਦੇਵਤਾ’।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12294, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਦੇਵ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਦੇਵ (ਸੰ.। ਸੰਸਕ੍ਰਿਤ ਦੇਵ=ਜੋ ਸ੍ਵਰਗ ਵਿਚ ਕ੍ਰੀੜਾ ਕਰੇ) ਦੇਵਤਾ। ਯਥਾ-‘ਤੀਰਥ ਦੇਵ ਦੇਹੁਰਾ ਪੋਥੀ ’।

                         ਦੇਖੋ, ‘ਦੇਵਸਥਾਨਿ’

੨. (ਪ੍ਰਕਾਸ਼ ਰੂਪ , ਜਿਸਦੀ ਸ਼ਕਤੀ ਨਾਲ ਸਭ ਲੋਕ ਕ੍ਰੀੜਾ ਕਰਣ) ਪੂਜ੍ਯ ਪੁਰਖ ਭਾਵ ਪਰਮਾਤਮਾ। ਯਥਾ-‘ਦੇਵ ਕਰਹੁ ਦਇਆ ਮੋਹਿ ਮਾਰਗਿ ਲਾਵਹੁ’।

੩. (ਸੰਬੋ.*) ਹੇ ਭਾਈ। ਯਥਾ-ਲੈ ਨਰਜਾ ਮਨੁ ਤੋਲੇ ਦੇਵ’।

----------

* ਦੇਵ ਪਦ -ਬਚੇ, ਵਿਹਾਰੀ ਆਦਮੀ, ਤੀਰੰਦਾਜ਼, ਬ੍ਰਹਮਣ, ਕਾਯਸਥ ਕਈ ਅਰਥਾਂ ਵਿਚ ਆਉਂਦਾ ਹੈ। ਪੰਜਾਬੀ ਵਿਚ ਜਿਸ ਤਰ੍ਹਾਂ ਭਾਈ ਪਦ ਵਰਤੀਦਾ ਹੈ, ਸੁਣ ਭਾਈ ਗਲ ਇਕ ਹੀ- ਤਿਵੇਂ ਇਸ ਪਦ ਦਾ ਬੀ ਵਰਤਾਉ ਸੰਬੋਧਨ ਵਿਚ ਰਿਹਾ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 12294, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਦੇਵ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਦੇਵ : ਪੰਜਾਬੀ ਦੇ ਇਸ ਕਵੀ ਤੇ ਚਿਤਰਕਾਰ ਦਾ ਜਨਮ ਫ਼ਰਵਰੀ , 1947 ਵਿਚ ਜਗਰਾਓਂ ਵਿਖੇ ਹੋਇਆ । ਇਸ ਨੇ ਵਿਦਿਆ ਪ੍ਰਾਪਤ ਉਪਰੰਤ ਚਿਤਰਕਾਰੀ ਨੂੰ ਕਿੱਤੇ ਵਜੋਂ ਅਪਣਾਇਆ । ਦੇਵ  ਆਰਟ ਗੈਲਰੀ, ਰੂਬੀਗਨ , ਬਰਨ (ਸਵਿਟਜ਼ਰਲੈਂਡ) ਅੱਜਕੱਲ੍ਹ ਰੋਜ਼ੀ–ਰੋਟੀ ਦੇ ਸਾਧਨ ਦੇ ਨਾਲ ਨਾਲ ਦੇਵ ਦੀ ਕਲਾ ਸਾਧਨਾ ਦਾ ਵੀ ਸਥਾਨ ਬਣ ਚੁੱਕੀ ਹੈ।

ਇਸ ਦੀ ਸ਼ਾਇਰੀ ਕਦੀ ਵਿਦਰੋਹ ਦੀ ਸੁਰ ਅਲਾਪਦੀ ਹੈ ਤੇ ਕਦੀ ਦੂਸਰੇ ਕਿਨਾਰੇ ਦੀ ਤਲਾਸ਼ ਵਿਚ ਭਟਕਦੀ ਹੈ। ਇਕ ਭਾਵੁਕ ਕਵੀ ਤੇ ਸੂਖ਼ਮ ਭਾਵੀ ਚਿਤਰਕਾਰ ਹੋਣ ਦੇ ਨਾਤੇ ਇਹ  ਆਪਣੀਆਂ ਕਵਿਤਾਵਾਂ ਵਿਚ ਗੂੜ੍ਹੇ ਰੰਗ ਤੇ ਚਿਤਰਾਂ ਵਿਚ ਡੂੰਘੇ ਅਰਥ ਭਰਦਾ ਹੈ ।

 ਵਿਦਰੋਹ, ਦੂਸਰੇ ਕਿਨਾਰੇ ਦੀ ਤਲਾਸ਼, ਮਤਾਬੀ  ਮਿੱਟੀ, ਪ੍ਰਸ਼ਨ ਤੇ ਪ੍ਰਵਾਜ਼ ਇਸ ਦੀਆਂ ਪ੍ਰਸਿੱਧ ਕਾਵਿ ਪੁਸਤਕਾਂ ਹਨ।

 ਸੰਨ 1991 ਵਿਚ ਇਸ ਨੂੰ  ਪੰਜਾਬੀ ਅਕੈਡਮੀ ਦਿੱਲੀ ਵੱਲੋਂ ਸਰਵੋਤਮ ਕਵੀ ਅਤੇ 1992 ਈ. ਵਿਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਬਦੇਸ਼ੀ ਪੰਜਾਬੀ ਸਾਹਿਤਕਾਰ ਵਜੋਂ ਸਨਮਾਨਿਤ ਕੀਤਾ ਗਿਆ ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1559, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-25-03-44-38, ਹਵਾਲੇ/ਟਿੱਪਣੀਆਂ: ਹ. ਪੁ. –ਸ. ਸੁ. ਭਾ. ਵਿ. ਪੰ. (1991-92)

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.