ਪਟਿਆਲਾ ਰਿਆਸਤ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪਟਿਆਲਾ ਰਿਆਸਤ : ਹਿੰਦੁਸਤਾਨ ਦੀ ਸਭ ਤੋਂ ਵੱਡੀ ਸਿੱਖ ਰਿਆਸਤ ਜਿਸ ਦੀ ਬੁਨਿਆਦ ਬਾਬਾ ਆਲਾ ਨੇ ਰਖੀ । ਬਾਬਾ ਆਲਾ , ਬਾਬਾ ਫੂਲ ( ਵੇਖੋ ) ਦਾ ਪੋਤਰਾ , ਚੌਧਰੀ ਰਾਮੇ ( ਰਾਮ ਸਿੰਘ ) ਦਾ ਪੁੱਤਰ ਸੀ , ਜੋ ਮਾਈ ਸਾਬੀ ਦੀ ਕੁੱਖੋਂ ਸੰਨ 1694 ਈ. ( ਦੂਜੇ ਮਤ ਅਨੁਸਾਰ 1691 ਈ. ) ਵਿਚ ਪੈਦਾ ਹੋਇਆ ਸੀ । ਅਠਾਰ੍ਹਵੀਂ ਸਦੀ ਵਿਚ ਜਦੋਂ ਦਲ ਖ਼ਾਲਸਾ ਨੇ ਮੱਲਾਂ ਮਾਰਨੀਆਂ ਸ਼ੁਰੂ ਕੀਤੀਆਂ ਤਾਂ ਮਾਲਵਾ ਖੇਤਰ ਵਿਚ ਬਾਬਾ ਆਲਾ ਸਿੰਘ ਨੇ ਆਪਣੀ ਧਾਕ ਜਮਾਉਣੀ ਸ਼ੁਰੂ ਕੀਤੀ । ਦੋਸ਼-ਮੁਕਤ ਚਰਿਤ੍ਰ ਵਾਲਾ ਬਾਬਾ ਆਲਾ ਸਿੰਘ ਤੇਗ਼ ਦਾ ਧੰਨੀ ਅਤੇ ਸੰਤ ਜਾਂ ਫ਼ਕੀਰ ਦੇ ਬਾਣੇ ਵਿਚ ਰਹਿਣ ਵਾਲਾ ਇਕ ਦਰਵੇਸ਼ ਸਰਦਾਰ ਸੀ , ਪਰ ਰਾਜ-ਪ੍ਰਬੰਧ ਵਿਚ ਬੜਾ ਨਿਪੁਣ ਅਤੇ ਰਾਜਨੈਤਿਕ ਗੰਢ-ਤਰੁਪ ਕਰਨ ਵਿਚ ਬੜਾ ਚਤੁਰ ਸੀ । ਸਤਲੁਜ ਤੋਂ ਜਮਨਾ ਤਕ ਇਸ ਦੀ ਟੱਕਰ ਦਾ ਕੋਈ ਚੌਧਰੀ ਨਹੀਂ ਸੀ । ਇਸ ਨੂੰ ਵਿਰਸੇ ਵਿਚ ਕੇਵਲ ਦੋ ਦਰਜਨ ਪਿੰਡਾਂ ਦੀ ਚੌਧਰ ਮਿਲੀ ਸੀ , ਪਰ ਸੰਨ 1761 ਈ. ਤਕ ਇਸ ਅਧੀਨ 726 ਪਿੰਡ ਸਨ । ਇਹੀ ਕਾਰਣ ਹੈ ਕਿ ਅਹਿਮਦ ਸ਼ਾਹ ਦੁਰਾਨੀ ਨੇ ਇਸ ਨੂੰ ਸਰਹਿੰਦ ਦੀ ਸੂਬੇਦਾਰੀ ਦੀ ਅਧੀਨਗੀ ਤੋਂ ਸੁਤੰਤਰ ਕਰ ਦਿੱਤਾ ਸੀ । ਇਸ ਨੇ ਸੰਨ 1722 ਈ. ਵਿਚ ਬਰਨਾਲੇ ਨੂੰ ਆਪਣੀ ਰਿਆਸਤ ਦਾ ਸਦਰ ਮੁਕਾਮ ਬਣਾਇਆ ਅਤੇ ਸੰਨ 1727 ਈ. ਵਿਚ ਲੌਂਗੋਵਾਲ ਵਸਾਇਆ । ਇਸ ਦੀ ਚੜ੍ਹਤ ਨੂੰ ਮਾਲਵੇ ਦੇ ਕਈ ਮੁਸਲਮਾਨ ਚੌਧਰੀਆਂ ਤੋਂ ਜਰਿਆ ਨ ਗਿਆ । ਫਲਸਰੂਪ , ਰਾਏਕੋਟ , ਤਲਵੰਡੀ , ਹਲਵਾਰਾ , ਮੈਲਸੀਆਂ , ਮਲੇਰਕੋਟਲਾ ਦੇ ਚੌਧਰੀਆਂ ਅਤੇ ਜਲੰਧਰ ਦੇ ਫ਼ੌਜਦਾਰ ਨੇ ਰਲ ਕੇ ਬਰਨਾਲੇ ਨੂੰ ਘੇਰ ਲਿਆ । ਬਾਬਾ ਆਲਾ ਨੇ ਖ਼ਾਲਸੇ ਨੂੰ ਸਹਾਇਤਾ ਲਈ ਨਿਮੰਤਰਿਤ ਕੀਤਾ । ਖ਼ਾਲਸੇ ਨੇ ਮਿਲ ਕੇ ਮੁਸਲਮਾਨਾਂ ਨੂੰ ਖਦੇੜ ਦਿੱਤਾ । ਬਾਬਾ ਆਲਾ ਨੇ ਬਾਬਾ ਦੀਪ ਸਿੰਘ ਸ਼ਹੀਦ ਤੋਂ ਅੰਮ੍ਰਿਤ ਪਾਨ ਕੀਤਾ ਅਤੇ ਆਲਾ ਸਿੰਘ ਬਣਿਆ । ਉਸ ਤੋਂ ਬਾਦ ਇਹ ਆਪਣੀ ਤਾਕਤ ਵਧਾਉਣ ਲਈ ਸਰਗਰਮ ਰਿਹਾ । ਦਲ ਖ਼ਾਲਸੇ ਦੀ ਮਦਦ ਨਾਲ ਇਸ ਨੇ ਭਵਾਨੀਗੜ੍ਹ , ਸਨੌਰ , ਬਡਲਾਢਾ , ਸਮਾਣਾ ਅਤੇ ਸੁਨਾਮ ਉਤੇ ਆਪਣਾ ਕਬਜ਼ਾ ਕਰ ਲਿਆ ।

ਬਾਬਾ ਆਲਾ ਸਿੰਘ ਦੀਆਂ ਸਰਗਰਮੀਆਂ ਨੂੰ ਵੇਖ ਕੇ ਅਹਿਮਦ ਸ਼ਾਹ ਦੁਰਾਨੀ ਨੇ ਇਸ ਨੂੰ ਰਾਜਨੈਤਿਕ ਸਰਪ੍ਰਸਤੀ ਪ੍ਰਦਾਨ ਕਰਨੀ ਚਾਹੀ । ਪਰ ਇਸ ਗੱਲੋਂ ਦਲ ਖ਼ਾਲਸਾ ਨਾਰਾਜ਼ ਹੋ ਗਿਆ । ਸ. ਜੱਸਾ ਸਿੰਘ ਆਹਲੂਵਾਲੀਆ ਨੇ ਵਿਚ ਪੈ ਕੇ ਆਲਾ ਸਿੰਘ ਵਲੋਂ ਦਲ ਖ਼ਾਲਸਾ ਪ੍ਰਤਿ ਆਪਣੀ ਗੁਸਤਾਖ਼ੀ ਦੀ ਮਾਫ਼ੀ ਮੰਗਵਾਈ । ਬਾਬਾ ਆਲਾ ਸਿੰਘ ਨੇ ਆਪਣੇ ਪੋਤਰੇ ਕੰਵਰ ਅਮਰ ਸਿੰਘ ਨੂੰ ਸਰਦਾਰ ਆਹਲੂਵਾਲੀਆ ਤੋਂ ਅੰਮ੍ਰਿਤ ਪਾਨ ਕਰਵਾਇਆ । ਸੰਨ 1763 ਈ. ਵਿਚ ਪਟਿਆਲੇ ਦੇ ਕਿਲ੍ਹੇ ਦੀ ਬੁਨਿਆਦ ਰਖੀ । ਸੰਨ 1764 ਈ. ਵਿਚ ਜ਼ੈਨ ਖ਼ਾਨ ਦੇ ਕਤਲ ਤੋਂ ਬਾਦ ਦਲ ਖ਼ਾਲਸਾ ਨੇ ਸਰਹਿੰਦ ਨਗਰ ਸ. ਬੁੱਢਾ ਸਿੰਘ ਨੂੰ ਦਿੱਤਾ , ਜਿਸ ਤੋਂ 25 ਹਜ਼ਾਰ ਰੁਪਏ ਦੇ ਕੇ ਬਾਬਾ ਆਲਾ ਸਿੰਘ ਨੇ ਖ਼ਰੀਦ ਲਿਆ । ਅਹਿਮਦ ਸ਼ਾਹ ਦੁਰਾਨੀ ਨੇ ਸੰਨ 1764 ਈ ਵਿਚ ਆਪਣੇ ਸੱਤਵੇਂ ਹਮਲੇ ਵੇਲੇ ਆਲਾ ਸਿੰਘ ਨੂੰ ਧੌਂਸਾ ਅਤੇ ਝੰਡਾ ਬਖ਼ਸ਼ਿਆ ਅਤੇ ਸਰਹਿੰਦ ਦੀ ਸੂਬੇਦਾਰੀ ਦਿੱਤੀ । 7 ਅਗਸਤ 1765 ਈ. ਨੂੰ ਬਾਬਾ ਆਲਾ ਸਿੰਘ ਦਾ ਦੇਹਾਂਤ ਹੋ ਗਿਆ ।

ਬਾਬਾ ਆਲਾ ਸਿੰਘ ਤੋਂ ਬਾਦ ਉਸ ਦਾ ਪੋਤਰਾ ਅਮਰ ਸਿੰਘ ਗੱਦੀ ਉਤੇ ਬੈਠਾ । ਇਹ ਚੰਗਾ ਯੁੱਧਵੀਰ ਅਤੇ ਨੀਤੀਵਾਨ ਪ੍ਰਸ਼ਾਸਕ ਸੀ । ਇਸ ਨੇ ਆਪਣੀ ਰਿਆਸਤ ਨੂੰ ਹੋਰ ਵਿਸਤਰਿਤ ਕੀਤਾ । ਸ. ਜੱਸਾ ਸਿੰਘ ਆਹਲੂਵਾਲੀਆ ਦੀ ਇਸ ਨੂੰ ਸਰਪ੍ਰਸਤੀ ਪ੍ਰਾਪਤ ਸੀ । ਇਸ ਨੇ ਕਈ ਪ੍ਰਕਾਰ ਦੀਆਂ ਲੜਾਈਆਂ ਲੜੀਆਂ ਅਤੇ ਯਮਨਾ ਤੇ ਸਤਲੁਜ ਦਰਿਆਵਾਂ ਦੇ ਵਿਚਾਲੇ ਦੇ ਮਿਲਖ ਦਾ ਵੱਡਾ ਰਾਜਾ ਬਣਨ ਦਾ ਮਾਣ ਪ੍ਰਾਪਤ ਕੀਤਾ । ਅਹਿਮਦਸ਼ਾਹ ਦੁਰਾਨੀ ਨੇ ਇਸ ਨੂੰ ‘ ਰਾਜਾ-ਏ-ਰਾਜਗਾਨ’ ਦਾ ਖ਼ਿਤਾਬ ਦਿੱਤਾ । ਇਸ ਨੇ ਮਥੁਰਾ ਅਤੇ ਸਹਾਰਨਪੁਰ ਦੀਆਂ ਸੈਂਕੜੇ ਲੜਕੀਆਂ ਨੂੰ ਵਿਦੇਸ਼ੀ ਹਮਲਾਵਰਾਂ ਤੋਂ ਦੋ ਲੱਖ ਰੁਪਏ ਤਾਰ ਕੇ ਆਜ਼ਾਦ ਕਰਵਾਇਆ । ਇਸ ਨੇ ਆਪਣੇ ਪੁੱਤਰ ਸਾਹਿਬ ਸਿੰਘ ਨੂੰ ਸ. ਬਘੇਲ ਸਿੰਘ ਤੋਂ ਅੰਮ੍ਰਿਤ ਪਾਨ ਕਰਵਾਇਆ । ਫਰਵਰੀ 1781 ਈ. ਵਿਚ ਇਸ ਦੇ ਦੇਹਾਂਤ ਤੋਂ ਬਾਦ ਇਸ ਦਾ ਸੱਤ ਸਾਲਾਂ ਦਾ ਪੁੱਤਰ ਸਾਹਿਬ ਸਿੰਘ ਗੱਦੀ ਉਤੇ ਬੈਠਾ ।

ਸਾਹਿਬ ਸਿੰਘ ਦੇ ਨਾਬਾਲਗ਼ ਹੋਣ ਕਰਕੇ ਰਿਆਸਤ ਦਾ ਪ੍ਰਬੰਧ ਪਹਿਲਾਂ ਉਸ ਦੀ ਦਾਦੀ ਹੁਕਮਾ ਦੀਵਾਨ ਨਾਨੂੰਮੱਲ ਦੀ ਮਦਦ ਨਾਲ ਚਲਾਉਂਦੀ ਰਹੀ । ਦਾਦੀ ਦੇ ਦੇਹਾਂਤ ਤੋਂ ਬਾਦ ਇਸ ਦੀ ਭੂਆ ਬੀਬੀ ਰਾਜਿੰਦਰ ਕੌਰ ਨੇ ਕੰਮ ਸੰਭਾਲਿਆ । ਬਾਦ ਵਿਚ ਇਸ ਦੀ ਭੈਣ ਬੀਬੀ ਸਾਹਿਬ ਕੌਰ ਨੇ ਰਾਜ-ਪ੍ਰਬੰਧ ਚਲਾਇਆ । ਇਸ ਨੇ ਮਰਾਠਿਆਂ ਤੋਂ ਰਿਆਸਤ ਨੂੰ ਬਚਾਇਆ ਅਤੇ ਦੀਵਾਨ ਨਾਨੂੰਮੱਲ ਨੂੰ ਉਸ ਦੀਆਂ ਕਾਰ- ਸਤਾਨੀਆ ਦੀ ਸਜ਼ਾ ਦਿੱਤੀ । ਹੋਰ ਵੀ ਕਈ ਸੰਕਟਾਂ ਤੋਂ ਰਿਆਸਤ ਨੂੰ ਸੁਰਖਿਅਤ ਰਖਦੇ ਹੋਇਆਂ ਸੰਨ 1799 ਈ. ਵਿਚ ਆਪਣੇ ਪ੍ਰਾਣ ਤਿਆਗੇ । ਉਸ ਤੋਂ ਬਾਦ ਰਾਣੀ ਆਸ ਕੌਰ ਨੇ ਰਿਆਸਤ ਦਾ ਪ੍ਰਬੰਧ ਚਲਾਇਆ । ਇਸ ਦੇ ਰਾਜ- ਕਾਲ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਪ੍ਰਤਾਪ ਵਧਿਆ । ਉਸ ਦੀ ਸ਼ਕਤੀ ਤੋਂ ਡਰਦਿਆਂ ਸਤਲੁਜ ਪਾਰ ਦੀਆਂ ਸਾਰੀਆਂ ਰਿਆਸਤਾਂ ਨੇ ਮਿਲ ਕੇ ਸੰਨ 1808 ਈ. ਵਿਚ ਅੰਗ੍ਰੇਜ਼ਾਂ ਦੀ ਸਰਪ੍ਰਸਤੀ ਵਿਚ ਜਾਣ ਦਾ ਫ਼ੈਸਲਾ ਕੀਤਾ ਅਤੇ 25 ਅਪ੍ਰੈਲ 1809 ਈ. ਦੇ ਅਹਿਦਨਾਮੇ ਅਨੁਸਾਰ ਸਤਲੁਜ ਪਾਰ ਦੇ ਇਲਾਕੇ ਵਲ ਮਹਾਰਾਜਾ ਰਣਜੀਤ ਸਿੰਘ ਦੀ ਸਰਗਰਮੀ ਰੁਕ ਗਈ । ਸੰਨ 1810 ਈ. ਵਿਚ ਕਰਨਲ ਅਕਟਰ ਲੋਨੀ ਦੀ ਸਿਫ਼ਾਰਸ਼’ ਤੇ ਮੁਗ਼ਲ ਬਾਦਸ਼ਾਹ ਅਕਬਰ ਸਾਨੀ ਨੇ ਸਾਹਿਬ ਸਿੰਘ ਨੂੰ ‘ ਮਹਾਰਾਜਾ’ ਦਾ ਖ਼ਿਤਾਬ ਦਿੱਤਾ । ਇਸ ਦਾ ਦੇਹਾਂਤ ਸੰਨ 1813 ਈ. ਵਿਚ ਹੋਇਆ ।

ਸਾਹਿਬ ਸਿੰਘ ਤੋਂ ਬਾਦ ਉਸ ਦਾ ਪੁੱਤਰ ਕਰਮ ਸਿੰਘ ਮਹਾਰਾਜਾ ਬਣਿਆ । ਇਹ ਇਕ ਯੋਗ ਪ੍ਰਸ਼ਾਸਕ ਸੀ । ਇਸ ਨੇ ਗੋਰਖਿਆਂ ਨਾਲ ਯੁੱਧ ਵਿਚ ਅੰਗ੍ਰੇਜ਼ਾਂ ਦੀ ਮਦਦ ਕੀਤੀ ਅਤੇ ਹਿਮਾਲਯ ਖੇਤਰ ਵਿਚ ਬਹੁਤ ਜਾਗੀਰ ਹਾਸਲ ਕੀਤੀ । ਇਸ ਨੇ ਸਾਰੀਆਂ ਫੂਲਕੀਆਂ ਰਿਆਸਤਾਂ ਦਾ ਮਈ 1834 ਈ. ਨੂੰ ਭਵਾਨੀਗੜ੍ਹ ਵਿਚ ਇਕੱਠ ਕਰਕੇ ਪਰਸਪਰ ਤਾਲਮੇਲ ਵਧਾਉਣ ਦਾ ਉਦਮ ਕੀਤਾ । ਗੁਰੂ-ਧਾਮਾਂ ਦੀ ਉਸਾਰੀ ਕਰਵਾਈ ਅਤੇ ਗੁਜ਼ਾਰੇ ਲਈ ਉਨ੍ਹਾਂ ਨਾਲ ਜਾਗੀਰਾਂ ਲਗਵਾਈਆਂ । ਇਸ ਨੇ ਅੰਗ੍ਰੇਜ਼ ਸਰਕਾਰ ਨਾਲ ਬਣਾਈ ਰਖੀ ਅਤੇ ਅੰਗ੍ਰੇਜ਼-ਸਿੱਖ ਯੁੱਧ ਵਿਚ ਅੰਗ੍ਰੇਜ਼ਾਂ ਦੀ ਮਦਦ ਕੀਤੀ । 23 ਦਸੰਬਰ 1845 ਈ. ਨੂੰ ਇਸ ਦੇ ਦੇਹਾਂਤ ਤੋਂ ਬਾਦ ਇਸ ਦਾ ਪੁੱਤਰ ਨਰਿੰਦਰ ਸਿੰਘ ਮਹਾਰਾਜਾ ਬਣਿਆ ।

ਸੰਨ 1845-46 ਈ. ਦੇ ਅੰਗ੍ਰੇਜ਼-ਸਿੱਖ ਯੁੱਧ ਵਿਚ ਕੀਤੀ ਮਦਦ ਦੇ ਬਦਲੇ ਇਸ ਨੂੰ ਨਾਭੇ ਦੇ ਜ਼ਬਤ ਕੀਤੇ ਇਲਾਕਿਆਂ ਵਿਚੋਂ ਕੁਝ ਕੁ ਇਲਾਕਾ ਮਿਲਿਆ ਅਤੇ ਲਾਡਵੇ ਵਾਲੀ ਕੋਠੀ ਵੀ ਮਿਲੀ । ਸੰਨ 1857 ਈ. ਵਿਚ ਗ਼ਦਰ ਦੌਰਾਨ ਇਸ ਨੇ ਅੰਗ੍ਰੇਜ਼ਾਂ ਦੀ ਬਹੁਤ ਮਦਦ ਕੀਤੀ ਅਤੇ ਬਦਲੇ ਵਿਚ ਨਾਰਨੌਲ ਦਾ ਇਲਾਕਾ ਅਤੇ ਕੁਝ ਹੋਰ ਜਾਇਦਾਦ ਹਾਸਲ ਕੀਤੀ । ਇਸ ਨੇ ਵਿਦਵਾਨਾਂ ਨੂੰ ਸਰਪ੍ਰਸਤੀ ਦਿੱਤੀ । ਸੰਨ 1861 ਈ. ਵਿਚ ਨਾਭਾ ਅਤੇ ਜੀਂਦ ਦੀਆਂ ਰਿਆਸਤਾਂ ਤੋਂ ਮਾਇਕ ਸਹਾਇਤਾ ਲੈ ਕੇ ਪਟਿਆਲਾ ਵਿਚ ਨਿਰਮਲਿਆਂ ਦਾ ਧਰਮ-ਧੁਜਾ ਪੰਚਾਇਤੀ ਅਖਾੜਾ ਸਥਾਪਿਤ ਕੀਤਾ । ਸੰਨ 1862 ਈ.ਵਿਚ ਵਾਇਸਰਾਇ ਦੀ ਕੋਂਸਲ ਦਾ ਮੈਂਬਰ ਬਣਿਆ । 13 ਨਵੰਬਰ 1862 ਈ. ਵਿਚ ਇਸ ਦੀ ਮ੍ਰਿਤੂ ਤੋਂ ਬਾਦ ਇਸ ਦਾ ਨਾਬਾਲਗ਼ ਪੁੱਤਰ ਮਹਿੰਦਰ ਸਿੰਘ ਗੱਦੀ ਉਤੇ ਬੈਠਾ । ਇਸ ਨੇ ਰੋਪੜ ਤੋਂ ਸਰਹਿੰਦ ਨਹਿਰ ਕਢਣ ਲਈ ਕਰੋੜਾਂ ਰੁਪਏ ਖ਼ਰਚ ਕੀਤੇ । ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਅਤੇ ਬੰਗਾਲ ਦੇ ਕਾਲ- ਪੀੜਿਤ ਲੋਕਾਂ ਦੀ ਖੁਲ੍ਹ ਕੇ ਸਹਾਇਤਾ ਕੀਤੀ । 29 ਮਾਰਚ 1875 ਈ. ਨੂੰ ਇਸ ਨੇ ਮਹਿੰਦਰਾ ਕਾਲਜ ਦੀ ਸਥਾਪਨਾ ਕੀਤੀ ਜਿਸ ਵਿਚ ਪੜ੍ਹਨ ਵਾਲਿਆਂ ਦੀ ਫੀਸ ਮਾਫ਼ ਸੀ । ਇਸ ਤੋਂ ਬਾਦ ਇਸ ਦਾ ਲੜਕਾ ਰਾਜਿੰਦਰ ਸਿੰਘ ਗੱਦੀ ਉਤੇ ਬੈਠਾ । ਇਸ ਨੇ ਪੰਜਾਬ ਯੂਨੀਵਰਸਿਟੀ ਨੂੰ ਸਹਾਇਤਾ ਦੇਣ ਤੋਂ ਇਲਾਵਾ , ਲਾਹੌਰ ਵਿਚ ਐਚਿਸਨ ਚੀਫ਼ ਕਾਲਿਜ ਦੀ ਸਥਾਪਨਾ ਵੇਲੇ ਤਕੜੀ ਮਾਇਕ ਸਹਾਇਤਾ ਦਿੱਤੀ । ਇਸ ਦੇ ਰਾਜ-ਕਾਲ ਵਿਚ ਰਾਜਪੁਰਾ-ਬਠਿੰਡਾ ਰੇਲਵੇ ਲਾਈਨ ਵਿਛਾਈ ਗਈ । ਇਹ 28 ਵਰ੍ਹਿਆਂ ਦੀ ਉਮਰ ਵਿਚ ਹੀ ਨਵੰਬਰ 1900 ਈ. ਵਿਚ ਮਰ ਗਿਆ ।

ਆਪਣੇ ਪਿਤਾ ਦੀ ਮ੍ਰਿਤੂ ਤੋਂ ਬਾਦ ਭੂਪਿੰਦਰ ਸਿੰਘ 9 ਵਰ੍ਹਿਆਂ ਦੀ ਉਮਰ ਵਿਚ ਮਹਾਰਾਜਾ ਬਣਿਆ । ਇਸ ਦੇ ਬਾਲਗ਼ ਹੋਣ ਤਕ ਕੌਂਸਲ ਹੀ ਕੰਮ ਚਲਾਉਂਦੀ ਰਹੀ । ਇਸ ਨੇ ਐਚਿਸਨ ਕਾਲਜ ਲਾਹੌਰ ਵਿਚ ਤਾਲੀਮ ਹਾਸਲ ਕੀਤੀ । ਸੰਨ 1909 ਈ. ਵਿਚ ਇਸ ਨੇ ਰਾਜ-ਪ੍ਰਬੰਧ ਆਪਣੇ ਹੱਥ ਵਿਚ ਲਿਆ । ਇਸ ਦਾ ਸ਼ੌਕ ਕ੍ਰਿਕਟ ਅਤੇ ਪੋਲੋ ਦੀਆਂ ਖੇਡਾਂ ਵਿਚ ਸੀ । ਇਸ ਨੇ ਭਾਰਤ ਵਿਚ ਕ੍ਰਿਕਟ ਦੀ ਟੀਮ ਦਾ ਆਯੋਜਨ ਕੀਤਾ ਅਤੇ ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਅਤੇ ਕ੍ਰਿਕਟ ਕਲਬ ਦਾ ਪ੍ਰਧਾਨ ਬਣਿਆ । ਸੰਨ 1926 ਈ. ਤੋਂ ਜੀਵਨ ਅੰਤ ਤਕ ਇਹ ਚੈਂਬਰ ਆਫ਼ ਪ੍ਰਿੰਸਿਜ਼ ( ਨਰੇਂਦ੍ਰ ਮੰਡਲ ) ਦਾ ਚਾਂਸਲਰ ਰਿਹਾ ਅਤੇ 1930 ਈ. ਵਿਚ ਪ੍ਰਿੰਸਿਜ਼ ਦੇ ਪ੍ਰਤਿਨਿਧ ਵਜੋਂ ਲੰਡਨ ਜਾ ਕੇ ਗੋਲ ਮੇਜ਼ ਕਾਨਫ੍ਰੰਸ ਵਿਚ ਹਿੱਸਾ ਲਿਆ । ਇਸ ਨੇ ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਸਥਾਪਨਾ ਵਿਚ ਹੋਰਨਾਂ ਫੂਲਕੀਆਂ ਰਿਆਸਤਾਂ ਨਾਲ ਰਲ ਕੇ ਪੰਜ ਲੱਖ ਰੁਪਏ ਦੀ ਸਹਾਇਤਾ ਕੀਤੀ । ਸੰਨ 1923 ਈ. ਵਿਚ ਹਰਿਮੰਦਿਰ ਸਾਹਿਬ ਅੰਮ੍ਰਿਤਸਰ ਦੀ ਕਾਰ-ਸੇਵਾ ਵਿਚ ਹਿੱਸਾ ਲਿਆ । ਪੰਜਾਬੀ ਨੂੰ ਰਾਜ-ਪ੍ਰਬੰਧ ਦੀ ਭਾਸ਼ਾ ਬਣਾਇਆ । ਭਾਈ ਕਾਨ੍ਹ ਸਿੰਘ ਰਚਿਤ ‘ ਮਹਾਨਕੋਸ਼’ ਨੂੰ ਛਾਪਣ ਲਈ ਸਾਰਾ ਖ਼ਰਚਾ ਕੀਤਾ । ਇਸ ਤਰ੍ਹਾਂ ਇਸ ਨੇ ਹਰ ਖੇਤਰ ਵਿਚ ਵਿਕਾਸ ਕਾਰਜਾਂ ਲਈ ਮਾਇਕ ਸਹਾਇਤਾ ਦਿੱਤੀ ।

ਸੰਨ 1938 ਈ. ਵਿਚ ਆਪਣੇ ਪਿਤਾ ਮਹਾਰਾਜਾ ਭੂਪਿੰਦਰ ਸਿੰਘ ਦੇ ਦੇਹਾਂਤ ਤੋਂ ਬਾਦ ਯਾਦਵਿੰਦਰ ਸਿੰਘ ਮਹਾਰਾਜਾ ਬਣਿਆ । ਐਚਿਸਨ ਕਾਲਜ , ਲਾਹੌਰ ਤੋਂ ਪੜ੍ਹਿਆ ਇਹ ਪ੍ਰਬੁੱਧ ਅਤੇ ਸਚੇਤ ਸ਼ਾਸਕ ਸੀ । ਇਸ ਨੇ ਲੋਕ ਹਿਤਾਂ ਲਈ ਬੜੇ ਕੰਮ ਕੀਤੇ । ਸੰਨ 1943 ਈ. ਵਿਚ ਇਹ ਚੈਂਬਰ ਆਫ਼ ਪ੍ਰਿੰਸਿਜ਼ ਦਾ ਚਾਂਸਲਰ ਬਣਿਆ । ਆਜ਼ਾਦੀ ਮਿਲਣ ਤੋਂ ਪਹਿਲਾਂ ਮਾਰਚ 1947 ਈ. ਵਿਚ ਪੋਠੋਹਾਰ ਵਿਚ ਹੋਈ ਹਿੰਦੂਆਂ-ਸਿੱਖਾਂ ਦੀ ਕਤਲੋ-ਗ਼ਾਰਤ ਵੇਲੇ ਇਸ ਨੇ ਦੰਗਾ- ਪੀੜਿਤਾਂ ਨੂੰ ਆਪਣੀ ਰਿਆਸਤ ਵਿਚ ਵਸਾਇਆ । ਹਿੰਦੁਸਤਾਨੀ ਰਾਜਿਆਂ ਨੂੰ ਭਾਰਤੀ ਸੰਘ ਵਿਚ ਸ਼ਾਮਲ ਹੋਣ ਲਈ ਪ੍ਰੇਰਿਆ । 30 ਅਗਸਤ 1948 ਈ ਨੂੰ ਪੈਪਸੂ ਦਾ ਰਾਜ ਪ੍ਰਮੁਖ ਬਣਾਇਆ ਗਿਆ ਅਤੇ ਸੰਨ 1956 ਈ. ਵਿਚ ਪੈਪਸੂ ਨੂੰ ਪੰਜਾਬ ਵਿਚ ਸ਼ਾਮਲ ਕਰਨ ਲਈ ਇਸ ਨੇ ਹੁੰਗਾਰਾ ਭਰਿਆ । ਇਸ ਤਰ੍ਹਾਂ 5812 ਮੁਰਬਾ ਮੀਲ ਦੀ ਸਭ ਤੋਂ ਵੱਡੀ ਸਿੱਖ ਰਿਆਸਤ ਦਾ ਅੰਤ ਹੋ ਗਿਆ । 17 ਜੂਨ 1974 ਈ. ਨੂੰ ਇਸ ਦੀ ਨਿਦਰਲੈਂਡਜ਼ ਵਿਚ ਮ੍ਰਿਤੂ ਹੋ ਗਈ , ਜਿਥੇ ਇਹ ਭਾਰਤੀ ਰਾਜਦੂਤ ਵਜੋਂ ਜ਼ਿੰਮੇਵਾਰੀ ਨਿਭਾ ਰਿਹਾ ਸੀ । ਉਥੋਂ ਇਸ ਦੀ ਦੇਹ ਨੂੰ ਲਿਆ ਕੇ 21 ਜੂਨ ਨੂੰ ਪਟਿਆਲਾ ਵਿਚ ਸਸਕਾਰ ਕੀਤਾ ਗਿਆ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2140, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.