ਪੁਰਾਤਨ ਜਨਮਸਾਖੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪੁਰਾਤਨ ਜਨਮਸਾਖੀ : ਇਹ ਜਨਮਸਾਖੀ ਭਾਈ ਵੀਰ ਸਿੰਘ ਨੇ ਸੰਪਾਦਿਤ ਕਰਕੇ ਪਹਿਲੀ ਵਾਰ ਸੰਨ 1926 ਈ. ਵਿਚ ਪ੍ਰਕਾਸ਼ਿਤ ਕੀਤੀ । ਇਸ ਨੂੰ ‘ ਪੁਰਾਤਨ’ ਵਿਸ਼ੇਸ਼ਣ ਭਾਈ ਵੀਰ ਸਿੰਘ ਦਾ ਦਿੱਤਾ ਹੋਇਆ ਹੈ ਜੋ ਕੁਝ ਸੀਮਾ ਤਕ ਭ੍ਰਾਂਤੀਪੂਰਣ ਹੈ । ਇਸ ਜਨਮਸਾਖੀ ਦੀਆਂ ਦੋ ਆਧਾਰ ਪੋਥੀਆਂ ਹਨ । ਇਕ ਵਲਾਇਤ ਵਾਲੀ ਜਨਮਸਾਖੀ , ਜਿਸ ਦੀ ਹੱਥ-ਲਿਖਿਤ ਪੋਥੀ ਸੰਨ 1815-16 ਵਿਚ ਐਚ.ਟੀ. ਕੋਲਬਰੁਕ ਨੇ ਈਸਟ ਇੰਡੀਆ ਹਾਊਸ ਦੀ ਲਾਇਬ੍ਰੇਰੀ ਨੂੰ ਦਿੱਤੀ ਸੀ

ਇਸ ਜਨਮਸਾਖੀ ਵਿਚ ਬ੍ਰਿੱਤਾਂਤ ਬੜਾ ਸੰਖਿਪਤ ਹੈ । ਕੁਲ 57 ਸਾਖੀਆਂ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਅਧਿਆਤਮਿਕ ਯਾਤ੍ਰਾਵਾਂ ਨੂੰ ਪੰਜ ਹਿੱਸਿਆਂ ਵਿਚ ਵੰਡਿਆ ਗਿਆ ਹੈ । ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਜੋ ਵਿਵਰਣ ਇਸ ਵਿਚ ਪ੍ਰਸਤੁਤ ਕੀਤਾ ਗਿਆ ਹੈ , ਪਰਵਰਤੀ ਜਨਮਸਾਖੀਆਂ ਵਿਚ ਲਗਭਗ ਉਸੇ ਤੋਂ ਲਾਭ ਉਠਾ ਕੇ ਕੁਝ ਕਲਪਨਾ-ਪ੍ਰਸੂਤ ਪ੍ਰਸੰਗਾਂ ਸਹਿਤ ਵਿਸਤਾਰ ਨਾਲ ਚਿਤਰਿਆ ਗਿਆ ਹੈ ।

                      ਕਰਤ੍ਰਿਤਵ : ‘ ਪੁਰਾਤਨ ਜਨਮਸਾਖੀ’ ਦੇ ਕਰਤਾ ਬਾਰੇ ਸਪੱਸ਼ਟ ਰੂਪ ਵਿਚ ਨ ਕੋਈ ਅੰਦਰਲਾ ਅਤੇ ਨ ਹੀ ਬਾਹਰਲਾ ਪ੍ਰਮਾਣ ਉਪਲਬਧ ਹੈ , ਇਸ ਕਰਕੇ ਇਸ ਦਾ ਕਰਤ੍ਰਿਤਵ ਸੰਦਿਗਧ ਹੈ । ਕਰਤ੍ਰਿਤਵ ਦੀ ਸੰਦਿਗਧਤਾ ਦਾ ਕਾਰਣ ਇਹ ਹੈ ਕਿ ਇਸ ਦੇ ਲੇਖਕ ਨੇ ਸੰਕੋਚਸ਼ੀਲਤਾ ਕਾਰਣ ਲੇਖਕ ਰੂਪ ਵਿਚ ਆਪਣਾ ਨਾਂ ਦੇਣਾ ਮੁਨਾਸਬ ਨਹੀਂ ਸਮਝਿਆ , ਇਸੇ ਲਈ ਇਸ ਦਾ ਕਰਤ੍ਰਿਤਵ ਕਿਆਸ ਦਾ ਵਿਸ਼ਾ ਬਣਿਆ ਹੋਇਆ ਹੈ । ਇਸ ਸੰਬੰਧੀ ਅਨੇਕ ਵਿਦਵਾਨਾਂ ਨੇ ਆਪਣੇ ਮਤ ਪੇਸ਼ ਕੀਤੇ ਹਨ , ਪਰ ਉਨ੍ਹਾਂ ਦੁਆਰਾ ਪ੍ਰਸਤੁਤ ਮਤਾਂ ਦੇ ਵਿਸ਼ਲੇਸ਼ਣ ਤੋਂ ਬਾਦ ਸਹਿਜ ਹੀ ਇਸ ਨਿਰਣੇ’ ਤੇ ਪਹੁੰਚਿਆ ਜਾ ਸਕਦਾ ਹੈ ਕਿ ਇਸ ਜਨਮਸਾਖੀ ਦੇ ਕਰਤ੍ਰਿਤਵ ਨਿਰਣੇ ਬਾਰੇ ਹੁਣ ਤਕ ਪ੍ਰਸਤੁਤ ਕੀਤੇ ਤਰਕ ਭ੍ਰਾਂਤ ਹਨ । ਇਸ ਸੰਬੰਧ ਵਿਚ ਅੰਦਰਲੇ ਅਤੇ ਬਾਹਰਲੇ ਪ੍ਰਮਾਣਾਂ ਦੀ ਪੁਨਰ-ਪਰੀਖਿਆ ਦੀ ਲੋੜ ਹੈ । ਅੰਦਰਲੇ ਪ੍ਰਮਾਣਾਂ ਵਿਚੋਂ ਸਭ ਤੋਂ ਆਧਾਰ-ਭੂਤ ਪ੍ਰਮਾਣ ਇਸ ਦੀ ਭਾਸ਼ਾ ਹੈ । ਇਸ ਦੀ ਭਾਸ਼ਾ ਦੇ ਸਰੂਪ ਨੂੰ ਧਿਆਨ ਨਾਲ ਪੜ੍ਹਿਆਂ ਗਿਆਤ ਹੁੰਦਾ ਹੈ ਕਿ ਇਸ ਦੀ ਬੋਲੀ ਪੱਛਮੀ ਪੰਜਾਬ ਦੀ ਹੈ ਜਿਸ ਨੂੰ ਡਾ. ਗ੍ਰੀਅਰਸਨ ਨੇ ‘ ਲਹਿੰਦਾ ’ ਨਾਂ ਦਿੱਤਾ ਹੈ । ਪਰ ਪੱਛਮੀ ਪੰਜਾਬ ਦੀ ਬੋਲੀ ਦੀਆਂ ਵੀ ਅੱਗੋਂ ਕਈ ਸ਼ਾਖਾਵਾਂ ਹਨ । ਪੋਠੋਹਾਰੀ , ਅਵਾਣਕਾਰੀ , ਝਾਂਗੀ , ਮੁਲਤਾਨੀ ਆਦਿ । ਇਨ੍ਹਾਂ ਸਾਰੀਆਂ ਉਪ-ਬੋਲੀਆਂ ਵਿਚ ਸਮੁੱਚੀ ਸਾਂਝ ਹੋਣ ਦੇ ਬਾਵਜੂਦ ਕੁਝ ਆਪਣੀਆਂ ਨਿਜੀ ਵਿਸ਼ੇਸ਼ਤਾਵਾਂ ਵੀ ਹਨ ਜੋ ਇਨ੍ਹਾਂ ਨੂੰ ਇਕ ਦੂਜੇ ਤੋਂ ਨਿਖੇੜਦੀਆਂ ਹਨ । ਉਨ੍ਹਾਂ ਨਿਜੀ ਵਿਸ਼ੇਸ਼ਤਾਵਾਂ ਨੂੰ ਸਾਹਮਣੇ ਰਖਦੇ ਹੋਇਆਂ ਇਸ ਰਚਨਾ ਦੀ ਆਧਾਰ-ਭੂਤ ਭਾਸ਼ਾ ਅਵਾਣਕਾਰੀ ਸਿੱਧ ਹੁੰਦੀ ਹੈ ਜਿਸ ਦਾ ਬੋਲਣ-ਖੇਤਰ ਕੈਂਬਲਪੁਰ ( ਅਟਕ ) ਜ਼ਿਲ੍ਹੇ ਦੀਆਂ ਫ਼ਤਿਹਜੰਗ , ਪਿੰਡੀ-ਘੇਬ ਅਤੇ ਤਲਾਗੰਗ ਤਹਿਸੀਲਾਂ ਤੋਂ ਇਲਾਵਾ ਮੀਆਂਵਾਲੀ ਜ਼ਿਲ੍ਹੇ ਦੀ ਹੱਦ ਤਕ ਅਤੇ ਦੱਖਣ ਵਲ ਲੂਣ ਦੇ ਪਹਾੜ ਤਕ ਵਿਆਪਤ ਹੈ ।

ਬਾਹਰਲੇ ਪ੍ਰਮਾਣਾਂ ਵਿਚ ਸਭ ਤੋਂ ਪਹਿਲੀ ਮੈਕਾਲਿਫ ਦੀ ਗਵਾਹੀ ( Sikh Religion... ) ਮਹੱਤਵਪੂਰਣ ਹੈ ਜਿਸ ਤੋਂ ਹੇਠਾਂ ਲਿਖੇ ਤੱਥ ਸਾਹਮਣੇ ਆਉਂਦੇ ਹਨ :

( 1 )       ਇਹ ਜਨਮਸਾਖੀ ਸੇਵਾਦਾਸ ਦੀ ਲਿਖੀ ਹੈ ।

( 2 )     ਇਸ ਦੀ ਇਕ ਨਕਲ 1588 ਈ. ਦੀ ਲਿਖੀ ਮੈਕਾਲਿਫ ਪਾਸ ਮੌਜੂਦ ਸੀ ਜੋ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਤੋਂ 16 ਵਰ੍ਹੇ ਪਹਿਲਾਂ ਤਿਆਰ ਹੋਈ ਸੀ ।

( 3 )     ਇਹ ਪੋਠੋਹਾਰ ( ਜੇਹਲਮ ਅਤੇ ਸਿੰਧ ਦੇ ਵਿਚਾਲੇ ਵਾਲੇ ਖੇਤਰ ) ਦੀ ਭਾਸ਼ਾ ਵਿਚ ਲਿਖੀ ਹੈ ।

( 4 )     ਉਪਲਬਧ ਗੁਰਮੁਖੀ ਹੱਥ-ਲਿਖਿਤਾਂ ਵਿਚੋਂ ਇਸ ਦੇ ਅੱਖਰ ਹੋਰਨਾਂ ਨਾਲੋਂ ਅਸੰਦਿਗਧ ਰੂਪ ਵਿਚ ਅਧਿਕ ਪ੍ਰਾਚੀਨ ਹਨ ।

ਭਾਈ ਵੀਰ ਸਿੰਘ ( ਗੁਰਪ੍ਰਤਾਪ ਸੂਰਜ ਗ੍ਰੰਥਾਵਲੀ ) ਨੇ ਸੇਵਾਦਾਸ ਨੂੰ ਪਿੰਡੀ ਘੇਬ ਦੇ ਪਾਸੇ ਦਾ ਮੰਨਿਆ ਹੈ । ਭਾਈ ਕਾਨ੍ਹ ਸਿੰਘ ( ਮਹਾਨਕੋਸ਼ ) ਦੀ ਖੋਜ ਵੀ ਉਪਰਲੇ ਤੱਥਾਂ ਦੇ ਨੇੜੇ-ਤੇੜੇ ਬੈਠਦੀ ਹੈ ।

ਨਿਸ਼ਕਰਸ਼ ਇਹ ਹੈ ਕਿ ‘ ਪੁਰਾਤਨ ਜਨਮਸਾਖੀ’ ਦਾ ਲੇਖਕ ਅਵਾਣਕਾਰੀ ਉਪ-ਬੋਲੀ ਖੇਤਰ ਦੇ ਪਿੰਡੀਘੇਬ ਨਗਰ ਦਾ ਨਿਵਾਸੀ ਸੇਵਾਦਾਸ ਨਾਂ ਦਾ ਕੋਈ ਸਾਧਕ ਸੀ ਜਿਸ ਨੂੰ ਸਾਹਿਤ ਦੀਆ ਕਲਾਤਮਕ ਸੂਖਮਤਾਵਾਂ ਦਾ ਚੰਗਾ ਗਿਆਨ ਸੀ ।

ਰਚਨਾ - ਕਾਲ : ‘ ਪੁਰਾਤਨ ਜਨਮਸਾਖੀ’ ਦੇ ਕਰਤ੍ਰਿਤਵ ਵਾਂਗ ਇਸ ਦਾ ਰਚਨਾ-ਕਾਲ ਵੀ ਸੰਦਿਗਧ ਹੈ । ਇਸ ਦੀ ਕਿਸੇ ਵੀ ਪੁਰਾਣੀ ਹੱਥ-ਲਿਖਿਤ ਵਿਚ ਇਸ ਦੇ ਰਚੇ ਜਾਣ ਦਾ ਸੰਮਤ ਨਹੀਂ ਦਿੱਤਾ ਹੋਇਆ । ਕਿਸੇ ਠੋਸ ਸਬੂਤ ਦੇ ਅਭਾਵ ਕਰਕੇ ਜਨਮਸਾਖੀ ਦੀਆਂ ਅੰਦਰਲੀਆਂ ਅਤੇ ਬਾਹਰਲੀਆਂ ਗਵਾਹੀਆਂ ਦੇ ਆਧਾਰ’ ਤੇ ਹੀ ਇਸ ਦੇ ਰਚਨਾ -ਕਾਲ ਬਾਰੇ ਜਾਣਨ ਦਾ ਯਤਨ ਕੀਤਾ ਜਾ ਸਕਦਾ ਹੈ ।

ਅੰਦਰਲੇ ਪ੍ਰਮਾਣਾਂ ਦੇ ਆਧਾਰ’ ਤੇ ਸਪੱਸ਼ਟ ਹੁੰਦਾ ਹੈ ਕਿ ਇਸ ਜਨਮਸਾਖੀ ਦੀ ਰਚਨਾ ਸੰਨ 1604 ਈ. ਵਿਚ ਹੋਏ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਤੋਂ ਪਹਿਲਾਂ ਹੋ ਚੁਕੀ ਸੀ ।

ਬਾਹਰਲੇ ਪ੍ਰਮਾਣਾਂ ਵਜੋਂ ਮੈਕਾਲਿਫ ਨੇ ਇਸ ਜਨਮ -ਸਾਖੀ ਦੇ ਉਲੇਖ-ਪ੍ਰਸੰਗ ਵਿਚ ਦਸਿਆ ਹੈ ਕਿ ਉਨ੍ਹਾਂ ਨੂੰ ਪ੍ਰਾਪਤ ਇਸ ਦੀਆਂ ਨਕਲਾਂ ਵਿਚ ਇਕ ਅਜਿਹੀ ਵੀ ਹੈ ਜੋ ਗੁਰੂ ਅਰਜਨ ਦੇਵ ਜੀ ਦੁਆਰਾ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਤੋਂ 16 ਵਰ੍ਹੇ ਪਹਿਲਾਂ 1588 ਈ. ( 1645 ਬਿ. ) ਵਿਚ ਲਿਖੀ ਗਈ ਸੀ ਅਤੇ ਜਿਸ ਦੇ ਅੱਖਰ ਹੁਣ ਤਕ ਉਪਲਬਧ ਗੁਰਮੁਖੀ ਲਿਖਿਤਾਂ ਨਾਲੋਂ ਅਧਿਕ ਪ੍ਰਾਚੀਨ ਹਨ । ਅਜਿਹੀ ਜਨਮਸਾਖੀ ਦੀ ਮੌਜੂਦਗੀ ਵਲ ਭਾਈ ਕਾਨ੍ਹ ਸਿੰਘ ਨੇ ਵੀ ‘ ਮਹਾਨਕੋਸ਼’ ਵਿਚ ਸੰਕੇਤ ਕੀਤਾ ਹੈ । ਭਾਈ ਵੀਰ ਸਿੰਘ ਨੇ ਵੀ ਭਾਵੇਂ ਸੰਨ ਨਹੀਂ ਦਿੱਤਾ ਪਰ ਸੇਵਾਦਾਸ ਦੀ ਲਿਖੀ ਜਨਮਸਾਖੀ ਦੀ ਉਪਲਬਧੀ ਨੂੰ ਸਵੀਕਾਰ ਜ਼ਰੂਰ ਕੀਤਾ ਹੈ ।

ਇਸ ਸਾਰੇ ਵਿਸ਼ਲੇਸ਼ਣ ਤੋਂ ਬਾਦ ਸਰਲਤਾ ਪੂਰਵਕ ਇਸ ਨਿਰਣੇ’ ਤੇ ਪਹੁੰਚਿਆ ਜਾ ਸਕਦਾ ਹੈ ਕਿ ‘ ਪੁਰਾਤਨ ਜਨਮਸਾਖੀ’ ਦੀ ਰਚਨਾ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਤੋਂ 16 ਵਰ੍ਹੇ ਪਹਿਲਾਂ ਅਤੇ ਗੁਰੂ ਅਰਜਨ ਦੇਵ ਜੀ ਦੇ ਗੁਰੂ-ਗੱਦੀ ਉਪਰ ਬੈਠਣ ਤੋਂ 7 ਵਰ੍ਹੇ ਬਾਦ ਸੰਨ 1588 ਈ. ( 1645 ਬਿ. ) ਵਿਚ ਹੋਈ ਸੀ ।

                      ਬ੍ਰਿੱਤਾਂਤ ਦਾ ਸਰੂਪ : ਇਸ ਜਨਮਸਾਖੀ ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ-ਚਰਿਤ ਨੂੰ ਅਧਿਆਤਮਿਕ ਦ੍ਰਿਸ਼ਟੀ ਤੋਂ ਮਿਥਿਕ ਰੁਚੀ ਅਧੀਨ ਚਿਤਰਿਆ ਗਿਆ ਹੈ । ਗੁਰੂ ਨਾਨਕ ਦੇਵ ਜੀ ਦੇ ਜੀਵਨ ਵਿਚ , ਕੀ ਸਾਧਾਰਣ ਜੀਵਨ ਵਿਚ ਅਤੇ ਕੀ ਉਪਦੇਸ਼ ਪ੍ਰਸਾਰਿਤ ਕਰਨ ਵੇਲੇ , ਅਨੇਕ ਪ੍ਰਕਾਰ ਦੀਆਂ ਘਟਨਾਵਾਂ ਘਟਿਤ ਹੋਈਆਂ ਸਨ , ਪਰ ਸਾਖੀਕਾਰ ਨੇ ਉਨ੍ਹਾਂ ਸਾਰੀਆਂ ਘਟਨਾਵਾਂ ਵਿਚੋਂ ਕੇਵਲ ਉਹੀ ਘਟਨਾਵਾਂ ਚੁਣੀਆਂ ਹਨ ਜਾਂ ਉਨ੍ਹਾਂ ਦੀ ਹੀ ਕਲਪਨਾ- ਪ੍ਰਸੂਤ ਯੋਜਨਾ ਕੀਤੀ ਹੈ , ਜਿਨ੍ਹਾਂ ਦੁਆਰਾ ਗੁਰੂ ਜੀ ਦੇ ਚਰਿਤ੍ਰ ਨੂੰ ਲੇਖਕ ਦੀ ਮਾਨਸਿਕਤਾ ਅਨੁਰੂਪ ਪੇਸ਼ ਕੀਤਾ ਜਾ ਸਕਦਾ ਸੀ । ਜਨਮ ਦੀ ਘਟਨਾ ਵੇਲੇ ਅਲੌਕਿਕ ਵਾਤਾਵਰਣ ਦੀ ਸ੍ਰਿਸ਼ਟੀ , ਪਾਂਧੇ ਪਾਸ ਪੜ੍ਹਨ ਜਾਣ , ਮੱਝਾਂ ਚਾਰਨ , ਵੈਦ ਨੂੰ ਬੁਲਾਉਣ , ਮੋਦੀਖ਼ਾਨੇ ਦੀ ਨੌਕਰੀ ਕਰਨ ਨਾਲ ਸੰਬੰਧਿਤ ਜਿਤਨੀਆਂ ਘਟਨਾਵਾਂ ਹਨ , ਉਹ ਭਾਵੇਂ ਗੁਰੂ ਜੀ ਦੇ ਵਿਵਹਾਰਿਕ ਜੀਵਨ ਨਾਲ ਸੰਬੰਧਿਤ ਹਨ , ਪਰ ਲੇਖਕ ਨੇ ਉਨ੍ਹਾਂ ਸਾਰੀਆਂ ਨੂੰ ਮਿਥਿਕ ਰੂੜ੍ਹੀਆਂ ਦੇ ਸੰਦਰਭ ਵਿਚ ਇਸ ਪ੍ਰਕਾਰ ਆਯੋਜਿਤ ਕੀਤਾ ਹੈ ਕਿ ਉਨ੍ਹਾਂ ਤੋਂ ਵੀ ਗੁਰੂ ਨਾਨਕ ਦੇਵ ਜੀ ਦੀ ਅਧਿਆਤਮਿਕ ਪ੍ਰਭੁਤਾ ਦਾ ਪ੍ਰਦਰਸ਼ਨ ਹੋਵੇ । ਬਾਕੀ ਸਾਖੀਆਂ ਭਾਵੇਂ ਯਥਾਰਥ ਹਨ ਜਾਂ ਕਲਪਿਤ , ਉਨ੍ਹਾਂ ਦਾ ਸੰਬੰਧ ਇਕਦਮ ਗੁਰੂ ਜੀ ਦੀ ਅਧਿਆਤਮਿਕ ਸਾਧਨਾ ਅਤੇ ਵਿਚਾਰਧਾਰਾ ਨਾਲ ਹੈ । ਉਨ੍ਹਾਂ ਦੀ ਚੋਣ ਆਪਣੇ ਉਦਿਸ਼ਟ ਫਲ ਦੀ ਸਿੱਧੀ ਅਵੱਸ਼ ਕਰਦੀ ਹੈ ।

                      ਗੁਰੂ ਨਾਨਕ ਦਾ ਚਰਿਤ੍ਰ : ਗੁਰੂ ਨਾਨਕ ਦੇਵ ਜੀ ਦੇ ਚਰਿਤ੍ਰ ਵਿਚ ਸਥਿਤੀ ਅਨੁਸਾਰ ਕੋਈ ਪਰਿਵਰਤਨ ਨਹੀਂ ਹੁੰਦਾ । ਉਨ੍ਹਾਂ ਦਾ ਚਰਿਤ੍ਰ ਪਰਿਵਰਤਨ ਜਾਂ ਪ੍ਰਭਾਵ ਤੋਂ ਅਤੀਤ ਹੈ । ਉਹ ਭਾਗ-ਮੁਕਤ ਅਤੇ ਤ੍ਰਿਗਣ-ਅਤੀਤ ਹਨ । ਭਾਗ ਉਨ੍ਹਾਂ ਦੇ ਅਧੀਨ ਹੈ । ਉਹ ਹੋਰਾਂ ਦੇ ਭਾਗ ਬਦਲਣ ਦੇ ਸਮਰਥ ਹਨ । ਇਸ ਲਈ ਚਰਿਤ੍ਰ-ਵਿਕਾਸ ਦੀ ਕਲਾ-ਜੁਗਤ ਉਨ੍ਹਾਂ ਉਤੇ ਲਾਗੂ ਨਹੀਂ ਹੁੰਦੀ । ਬਿਪਤਾ ਦੀ ਗੰਭੀਰ ਸਥਿਤੀ ਉਤਪੰਨ ਹੋ ਕੇ ਛਾਈਂ-ਮਾਈਂ ਹੋ ਜਾਂਦੀ ਹੈ । ਬਿਪਤਾ ਦੇ ਪ੍ਰਭਾਵ ਨੂੰ ਖੰਡਿਤ ਕਰਨ ਲਈ ਸਾਖੀਕਾਰ ਬਾਣੀ ਜਾਂ ਕਰਾਮਾਤ ਜਾਂ ਇਨ੍ਹਾਂ ਦੋਹਾਂ ਨੂੰ ਵਰਤ ਕੇ ਮਿਥਿਕ ਗੁਰੂ ਨਾਨਕ ਦੇਵ ਜੀ ਦੇ ਦੈਵੀ ਸਰੂਪ ਨੂੰ ਉਘਾੜ ਦਿੰਦਾ ਹੈ । ਨਾਇਕ ਗੁਰੂ ਨਾਨਕ ਦੇਵ ਜੀ ਪੂਰਵਵਤ ਆਪਣੀ ਜੋਤਿ ਵਿਸਤਾਰਨ ਲਈ ਕਰਮ-ਰਤ ਦਿਸ ਪੈਂਦੇ ਹਨ । ਇਸ ਤਰ੍ਹਾਂ ਨਾਇਕ ਦਾ ਚਰਿਤ੍ਰ ਸਦਾ-ਸਥਿਰ ਹੈ ।

ਕਰਾਮਾਤੀ ਅਤੇ ਚਮਤਕਾਰ ਪ੍ਰਧਾਨ ਘਟਨਾਵਾਂ ਦੀ ਅਧਿਕਤਾ ਕਾਰਣ ਇਹ ਜਨਮਸਾਖੀ ਇਤਿਹਾਸਿਕ ਸਤਿਅਤਾ ਦੀ ਦ੍ਰਿਸ਼ਟੀ ਤੋਂ ਵਿਸ਼ਵਸਤ ਨਹੀਂ ਹੈ , ਪਰ ਇਸ ਸਭ ਦੇ ਬਾਵਜੂਦ ਇਹ ਗੁਰੂ ਜੀ ਦੇ ਵਿਅਕਤਿਤਵ ਉਤੇ ਅਵੱਸ਼ ਹੀ ਬੜਾ ਯਥਾਰਥ ਪ੍ਰਕਾਸ਼ ਪਾਂਦੀ ਹੈ ਕਿਉਂਕਿ ਇਥੇ ਸਾਖੀਕਾਰ ਨੇ ਗੁਰੂ ਨਾਨਕ ਦੇਵ ਜੀ ਦੇ ਮਿਥਿਕ ਨਾਇਕਤਵ ਦਾ ਚਿਤ੍ਰਣ ਜਨ-ਮਾਨਸ ਅਤੇ ਵਾਤਾਵਰਣ ਉਤੇ ਪਏ ਪ੍ਰਭਾਵ ਦੀ ਕਲਾ-ਜੁਗਤ ਰਾਹੀਂ ਕੀਤਾ ਹੈ । ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦਾ ਮਿਥਿਕ ਜਾਂ ਪੌਰਾਣਿਕ ਸਰੂਪ ਕਿਸੇ ਇਕ ਲੇਖਕ ਜਾਂ ਵਿਅਕਤੀ ਦੀ ਸਿਰਜਨਾ ਨਹੀਂ , ਇਸ ਵਿਚ ਯੁਗੀਨ ਅਨੁਯਾਈਆਂ ਦੇ ਮਨ-ਅੰਤਰ ਦੀ ਸਮੁੱਚੀ ਭਾਵਨਾ ਸਮੋਈ ਹੋਈ ਹੈ ।

ਉਹ ਪਾਰਬ੍ਰਹਮ ਦੇ ਨਿਜ ਭਗਤ ਹਨ , ਜਗਤ ਨਿਸਤਾਰਕ ਮਹਾਪੁਰਖ ਹਨ , ਬ੍ਰਹਮ-ਵਿਦਿਆ ਦੇ ਗਿਆਤਾ ਹਨ , ਵਿਚਿਤ੍ਰ ਕਰਾਮਾਤੀ ਹਨ , ਸਭਨਾਂ ਦੁਆਰਾ ਸਲਾਹੇ ਜਾਣ ਵਾਲੇ ਹਨ । ਉਹ ਸਰਵ ਸਾਂਝੇ ਲੋਕ-ਨਾਇਕ ਹਨ । ਲੋਕ-ਨਾਇਕ ਅਸਲ ਵਿਚ ਉਹੀ ਹੋ ਸਕਦਾ ਹੈ ਜੋ ਸਭ ਦਾ ਸਾਂਝਾ ਹੋਵੇ , ਸਭ ਦਾ ਸਮਭਾਵ ਨਾਲ ਹਿਤ-ਚਿੰਤਨ ਕਰੇ । ਇਸ ਦ੍ਰਿਸ਼ਟੀ ਤੋਂ ਸਾਖੀਕਾਰ ਨੇ ਗੁਰੂ ਨਾਨਕ ਦੇਵ ਜੀ ਨੂੰ ਸਰਵ ਸਾਂਝੇ ਲੋਕ-ਨਾਇਕ ਦੇ ਰੂਪ ਵਿਚ ਪੇਸ਼ ਕੀਤਾ ਹੈ । ਯਾਰ੍ਹਵੀਂ ਸਾਖੀ ਵਿਚ ਜਦੋਂ ਗੁਰੂ ਨਾਨਕ ਦੇਵ ਜੀ ਵੇਈਂ ਨਦੀ ਵਿਚ ਪ੍ਰਵੇਸ਼ ਕਰਨ ਉਪਰੰਤ ਪਰਮਾਤਮਾ ਤੋਂ ਵਿਸ਼ੇਸ਼ ਰੂਪ ਵਿਚ ਵਰਸਾਏ ਹੋਏ ਫਿਰ ਪ੍ਰਗਟ ਹੁੰਦੇ ਹਨ , ਤਾਂ ਉਦੋਂ ਉਨ੍ਹਾਂ ਦਾ ਨਾਅਰਾ ਸੀ ‘ ਨਾ ਕੋ ਹਿੰਦੂ ਹੈ ਨਾ ਕੋ ਮੁਸਲਮਾਨ ਹੈ’ । ਇਸ ਘੋਸ਼ਣਾ ਦੇ ਪਿਛੇ ਧਰਮ ਦੀਆਂ ਸੰਕੀਰਣ ਸੀਮਾਵਾਂ ਨੂੰ ਤੋੜ ਕੇ ਵਿਸ਼ਵ-ਬੰਧੁਤਵ ਦੀ ਭਾਵਨਾ ਕੰਮ ਕਰ ਰਹੀ ਸੀ ।

ਇਸ ਰਚਨਾ ਦੀ ਲਗਭਗ ਹਰ ਸਾਖੀ ਦੀ ਭਾਵਨਾਤਮਕ ਯਾਤ੍ਰਾ ਅਨੇਕਤਾ ਤੋਂ ਏਕਤਾ ਵਲ ਹੈ । ਗੁਰੂ ਜੀ ਨੇ ਆਪਣੇ ਸੁਧਾਰ-ਯਾਨ ਨੂੰ ਕਿਸੇ ਇਕ ਧਰਮ , ਜਾਤਿ ਜਾਂ ਪ੍ਰਦੇਸ਼ ਤਕ ਸੀਮਿਤ ਨਹੀਂ ਰਖਿਆ , ਉਨ੍ਹਾਂ ਦੀ ਦ੍ਰਿਸ਼ਟੀ ਬੜੀ ਵਿਆਪਕ ਸੀ । ਇਹੀ ਕਾਰਣ ਹੈ ਕਿ ਹਿੰਦੂ-ਮੁਸਲਮਾਨ , ਸੂਫ਼ੀ-ਜੋਗੀ , ਕਿਰਤੀ-ਜਾਗੀਰਦਾਰ ਸਭ ਉਨ੍ਹਾਂ ਦੇ ਚਰਿਤ੍ਰ ਤੋਂ ਪ੍ਰਭਾਵਿਤ ਸਨ । ਸਭ ਉਨ੍ਹਾਂ ਦੇ ਸਾਹਮਣੇ ਨਤ-ਮਸਤਕ ਸਨ , ਉਨ੍ਹਾਂ ਦੇ ਇਕ ਪ੍ਰਕਾਰ ਨਾਲ ਅਨੁਯਾਈ ਸਨ , ਸਾਰਿਆਂ ਨੂੰ ਉਨ੍ਹਾਂ ਦੇ ਚਰਿਤ੍ਰ ਵਿਚੋਂ ਆਪਣੇ ਦੁਖਾਂ ਦਾ ਅੰਤ ਨਜ਼ਰ ਆਉਂਦਾ ਸੀ । ਉਨ੍ਹਾਂ ਦੀ ਚਾਰਿਤ੍ਰਿਕ ਸਾਂਝੀਵਾਲਤਾ ਦਾ ਸਮੁੱਚਾ ਬਿੰਬ ਦੇਹਾਂਤ ਦੀ ਘਟਨਾ ਤੋਂ ਪੂਰੀ ਤਰ੍ਹਾਂ ਸਪੱਸ਼ਟ ਹੈ । ਉਨ੍ਹਾਂ ਮ੍ਰਿਤਕ ਸ਼ਰੀਰ ਨੂੰ ਹਿੰਦੂ ਜਲਾਣ ਦੀ ਇੱਛਾ ਰਖਦੇ ਸਨ ਅਤੇ ਮੁਸਲਮਾਨ ਦਬਣ ਦੀ ।

                      ਗੁਰੂ ਜੀ ਇਕ ਮਹਾਨ ਅਤੇ ਅਣਥਕ ਯਾਤ੍ਰੀ ਵੀ ਸਨ । ਆਪਣੇ ਉਦਾਸੀ ਜੀਵਨ-ਕਾਲ ਵਿਚ ਉਨ੍ਹਾਂ ਪ੍ਰਚਾਰ ਦੇ ਉਦੇਸ਼ ਤੋਂ ਬਹੁਤ ਭ੍ਰਮਣ ਕੀਤਾ । ਦੇਸ਼ , ਵਿਦੇਸ਼ ਜਿਥੇ ਵੀ ਉਨ੍ਹਾਂ ਨੂੰ ਅਧਿਆਤਮਿਕ ਅੰਧਕਾਰ ਦਾ ਪਸਾਰਾ ਦਿਸਿਆ; ਉਥੋਂ ਉਹ ਗਏ ਅਤੇ ਉਥੋਂ ਦੇ ਵਾਯੂਮੰਡਲ ਨੂੰ ਨਵ-ਵਿਚਾਰ ਜੋਤਿ ਨਾਲ ਪ੍ਰਕਾਸ਼ਮਾਨ ਕੀਤਾ । ਲਗਭਗ 25 , 000 ਮੀਲਾਂ ਦੀ ਸੁਦੀਰਘ ਯਾਤ੍ਰਾ ਦੌਰਾਨ ਪਤਾ ਨਹੀਂ , ਉਨ੍ਹਾਂ ਨੂੰ ਕਿਤਨੀ ਅਸੁਵਿਧਾ ਹੋਈ ਹੋਵੇਗੀ , ਕਿਤਨੀਆਂ ਤਕਲੀਫ਼ਾਂ ਸਹਿਣੀਆਂ ਪਈਆਂ ਹੋਣਗੀਆਂ । ਪਰ ਉਸ ਸਭ ਨੂੰ ਉਨ੍ਹਾਂ ਖਿੜੇ ਮੱਥੇ ਸਹਿ ਕੇ ਪ੍ਰਚਾਰ-ਯਾਨ ਜਾਰੀ ਰਖਿਆ ।

ਅੰਤ ਵਿਚ ਇਹ ਸਹਿਜ ਹੀ ਕਿਹਾ ਜਾ ਸਕਦਾ ਹੈ ਕਿ ਸਾਖੀਕਾਰ ਨੇ ਗੁਰੂ ਨਾਨਕ ਦੇਵ ਦਾ ਚਰਿਤ੍ਰ ਇਤਨੀ ਅਧਿਕ ਸ਼ਰਧਾ ਅਤੇ ਯੁਗ ਦੀਆਂ ਪਰਿਸਥਿਤੀਆ ਦੀ ਪ੍ਰਚਾਰਾਤਮਕ ਵਿਵਸ਼ਤਾ ਕਾਰਣ ਅਜਿਹੀ ਅੰਧ-ਨਿਸ਼ਠਾ ਨਾਲ ਪ੍ਰਸਤੁਤ ਕੀਤਾ ਹੈ ਕਿ ਉਹ ਇਤਿਹਾਸਿਕ ਗੁਰੂ ਨਾਨਕ ਦੇਵ ਨ ਰਹਿ ਕੇ ਪੌਰਾਣਿਕ ਜਾਂ ਮਿਥਿਕ ਗੁਰੂ ਨਾਨਕ ਦੇਵ ਬਣ ਗਏ । ਪਰ ਯਾਦ ਰਹੇ ਗੁਰੂ ਨਾਨਕ ਦੇਵ ਦੇ ਇਨ੍ਹਾਂ ਦੋਹਾਂ ਰੂਪਾਂ ਵਿਚ ਸਿੱਧਾਂਤਿਕਤਾ ਅਤੇ ਵਿਵਹਾਰਿਕਤਾ ਦੋਹਾਂ ਪੱਖਾਂ ਤੋਂ ਏਕਤਾ ਵਿਦਮਾਨ ਹੈ ।

ਸਾਹਿਤਿਕ ਦ੍ਰਿਸ਼ਟੀ ਤੋਂ ਇਹ ਪੰਜਾਬੀ ਦੇ ਗੱਦ ਦੀ ਮੁਢਲੀ ਰਚਨਾ ਵਾਲਾ ਮਹੱਤਵ ਰਖਦੀ ਹੈ । ਇਸ ਵਿਚ ਗੋਸ਼ਟਾਂ ਰਾਹੀਂ ਅਧਿਆਤਮਿਕ ਚਿੰਤਨ ਦਾ ਰੋਚਕ ਵਿਧੀ ਨਾਲ ਬੋਧ ਕਰਵਾਇਆ ਗਿਆ ਹੈ । ਇਸ ਵਿਚ ਸੰਵਾਦਾਂ ਦੀ ਵੀ ਭਰਮਾਰ ਹੈ । ਇਨ੍ਹਾਂ ਸੰਵਾਦਾਂ ਦੁਆਰਾ ਵਖ ਵਖ ਧਰਮਾਂ ਨੂੰ ਸਮਝਿਆ ਜਾ ਸਕਿਆ ਹੈ । ਲੇਖਕ ਨੇ ਅਨੇਕ ਸਾਖੀ-ਪ੍ਰਸੰਗਾਂ ਵਿਚ ਆਪਣੇ ਚਰਿਤ੍ਰਾਂ ਦੀ ਸੂਖਮ ਮਨੋ- ਵਿਗਿਆਨਿਕ ਅੰਤਰ-ਦ੍ਰਿਸ਼ਟੀ ਦਾ ਪਰਿਚਯ ਦਿੱਤਾ ਹੈ । ਇਸ ਵਿਚਲੀਆਂ ਕਈ ਸਾਖੀਆਂ ਰੂਪਕਾਤਮਕ ( allegorical ) ਹਨ । ਰੂਪਕਾਤਮਕਤਾ ਤੋਂ ਭਾਵ ਹੈ ਜਿਥੇ ਕਿਸੇ ਸਾਖੀ ਵਿਚ ਪਾਤਰ ਆਪਣੇ ਕਾਰਜਾਂ ਦਾ ਗੁਣਾਂ ਦੁਆਰਾ ਪ੍ਰਸਤੁਤ ਤੋਂ ਇਲਾਵਾ ਕਿਸੇ ਪ੍ਰਤੀਯਮਾਨ ਤੱਤ੍ਵ ਜਾਂ ਪ੍ਰਵ੍ਰਿੱਤੀ ਦੀ ਪ੍ਰਤਿਨਿਧਤਾ ਵੀ ਕਰਦਾ ਹੋਵੇ , ਜਿਵੇਂ ਮਰਦਾਨੇ ਦੀ ਭੁਖ ਗਵਾਈ ( 30 ) ਨਾਂ ਦੀ ਸਾਖੀ । ਇਸ ਦੀਆਂ ਸਾਖੀਆਂ ਅਧਿਕਤਰ ਵਿਆਖਿਆ-ਪਰਕ ਹਨ ਅਤੇ ਕੋਈ ਕੋਈ ਉਪਦੇਸ਼ਾਤਮਕ ਵੀ ਹੈ । ਲੇਖਕ ਨੇ ਆਪਣੀ ਗੱਲ ਕਹਿਣ ਵੇਲੇ ਬੜੇ ਸੰਜਮ ਤੋਂ ਕੰਮ ਲਿਆ ਹੈ । ਇਹ ਸੰਜਮ ਬ੍ਰਿੱਤਾਂਤ ਤੋਂ ਲੈ ਕੇ ਵਾਕ-ਵਿਧਾਨ ਤਕ ਵੇਖਿਆ ਜਾ ਸਕਦਾ ਹੈ ।

ਪੰਜਾਬੀ ਵਾਰਤਕ ਦੇ ਵਿਕਾਸ ਵਿਚ ਇਸ ਦਾ ਬੁਨਿਆਦੀ ਯੋਗਦਾਨ ਹੈ । ਇਸ ਦੀ ਭਾਸ਼ਾ ਸਮ੍ਰਿਧ , ਸ਼ੁੱਧ ਅਤੇ ਸੋਹਜ ਭਰਪੂਰ ਹੈ । ਸਾਮੀ ਭਾਸ਼ਾਵਾਂ ਦੇ ਅਨੇਕ ਸ਼ਬਦ ਵਰਤੇ ਗਏ ਹਨ ਜਿਨ੍ਹਾਂ ਦਾ ਮੁਹਾਂਦਰਾ ਤਦਭਵ ਰੂਪ ਵਾਲਾ ਹੈ । ਲੇਖਕ ਨੇ ਆਪਣੀ ਗੱਲ ਬੜੀ ਦ੍ਰਿੜ੍ਹਤਾ ਅਤੇ ਸਪੱਸ਼ਟਤਾ ਨਾਲ ਕਹੀ ਹੈ । ਇਸ ਦੀ ਭਾਸ਼ਾ , ਭਾਵ , ਪ੍ਰਸੰਗ ਅਤੇ ਪਾਤਰ ਅਨੁਕੂਲ ਵੀ ਹੈ । ਇਸ ਦਾ ਪਿੰਡਾ ਪੱਛਮੀ ਉਪ-ਭਾਸ਼ਾ ਵਾਲਾ ਹੈ , ਪਰ ਸਧੁੱਕੜੀ ਦਾ ਵੀ ਰੰਗ ਚੜ੍ਹਿਆ ਹੋਇਆ ਹੈ । ਸਾਖੀਕਾਰ ਨੂੰ ਭਾਸ਼ਾ ਪ੍ਰਯੋਗ ਦੀ ਦ੍ਰਿੜ੍ਹ ਪਕੜ ਪ੍ਰਾਪਤ ਹੈ । ਇਸ ਜਨਮਸਾਖੀ ਨੇ ਪੰਜਾਬੀ ਵਾਰਤਕ ਦਾ ਜੋ ਕਾਵਿਮਈ ਨਮੂਨਾ ਪੇਸ਼ ਕੀਤਾ ਹੈ , ਉਸ ਦਾ ਅਨੁਸਰਣ ਪਰਵਰਤੀ ਜਨਮਸਾਖੀਕਾਰ ਨਹੀਂ ਕਰ ਸਕੇ ।  


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1710, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.