ਫੂਲਾ ਸਿੰਘ ਅਕਾਲੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਫੂਲਾ ਸਿੰਘ ਅਕਾਲੀ. ਬਾਂਗਰ ਦੇ ਸੀਹਾਂ ਪਿੰਡ ਨਿਵਾਸੀ ਈਸ਼ਰ ਸਿੰਘ ਦਾ ਸੁਪੁਤ੍ਰ, ਜਿਸ ਦਾ ਜਨਮ ਕਰੀਬ ਸੰਮਤ ੧੮੧੮ ਦੇ ਹੋਇਆ. ਬਾਬਾ ਨਰੈਣ ਸਿੰਘ (ਨੈਣਾ ਸਿੰਘ) ਸ਼ਹੀਦਾਂ ਦੀ ਮਿਸਲ ਦੇ ਰਤਨ ਰੂਪ ਨਿਹੰਗ ਸਿੰਘ ਤੋਂ ਅਮ੍ਰਿਤ ਛਕਕੇ ਨਾਮ ਫੂਲਾ ਸਿੰਘ ਧਾਰਨ ਕੀਤਾ. ਇਹ ਸਤਿਗੁਰੂ ਦੇ ਅਕਾਲੀਬਾਗ ਦਾ ਸੁੰਦਰ ਅਤੇ ਸੁਗੰਧ ਭਰਿਆ ਫੁੱਲ ਸੀ. ਫੂਲਾ ਸਿੰਘ ਨੇ ਆਪਣੇ ਸ਼ੁਭ ਗੁਣਾਂ ਦੇ ਪ੍ਰਭਾਵ ਕਰਕੇ ਅਕਾਲੀਦਲ ਨੂੰ ਆਪਣੇ ਪਿੱਛੇ ਲਾਕੇ ਗੁਰਦ੍ਵਾਰਿਆਂ ਅਤੇ ਕੌਮ ਦੀ ਭਾਰੀ ਸੇਵਾ ਕੀਤੀ. ਭਾਵੇਂ ਆਪ ਆਨੰਦਪੁਰ ਦਮਦਮੇ ਆਦਿਕ ਗੁਰਧਾਮਾਂ ਦੇ ਸੁਧਾਰ ਲਈ ਯਾਤ੍ਰਾ ਕਰਦੇ ਰਹਿਂਦੇ ਸਨ, ਪਰ ਨਿਵਾਸ ਅਸਥਾਨ ਅਮ੍ਰਿਤਸਰ ਜੀ ਸੀ, ਜਿਸ ਥਾਂ ਆਪ ਦੇ ਨਾਮ ਦਾ ਬੁਰਜ ਅਤੇ ਆਪ ਦੇ ਜਥੇ ਦੀ ਅਕਾਲੀਆਂ ਅਥਵਾ ਨਿਹੰਗਾਂ ਦੀ ਛਾਉਣੀ ਹੁਣ ਭੀ ਪ੍ਰਸਿੱਧ ਹੈ.1

ਅਕਾਲੀ ਜੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਅਨੇਕ ਜੰਗਾਂ ਵਿੱਚ ਸਹਾਇਤਾ ਕਰਕੇ ਵਿਜੈ ਪ੍ਰਾਪਤ ਕੀਤੀ. ਖਾਲਸਾ ਨਿਯਮਾਂ ਦੀ ਰਾਖੀ ਲਈ ਨਿਧੜਕਤਾ ਅਜੇਹੀ ਸੀ ਕਿ ਆਪ ਨੇ ਕਈ ਵਾਰ ਮਹਾਰਾਜਾ ਰਣਜੀਤ ਸਿੰਘ ਨੂੰ ਦਿਵਾਨ ਵਿੱਚ ਖੜਾ ਕਰਕੇ ਤਨਖਾਹ ਲਗਾਈ.

੧੪ ਮਾਰਚ ਸਨ ੧੮੨੩ (੧ ਚੇਤ ਸੰਮਤ ੧੮੭੯) ਨੂੰ ਸਰਹੱਦੀ ਗਾਜੀ ਅਤੇ ਮੁਲਖੈਯੇ ਦੀ “ਤਰਕੀ” ਨਾਮਕ ਜੰਗਭੂਮੀ ਦੀ ਭਾਰੀ ਲੜਾਈ ਵਿੱਚ ਖਾਲਸਾਦਲ ਦੀ ਸਹਾਇਤਾ ਕਰਦੇ ਹੋਏ ਜੰਗ ਫਤੇ ਕਰਕੇ ਵਡੀ ਵੀਰਤਾ ਨਾਲ ਫੂਲਾ ਸਿੰਘ ਜੀ ਸ਼ਹੀਦ ਹੋਏ.2  ਆਪ ਦਾ ਸ਼ਹੀਦਗੰਜ ਲੁੰਡੇ ਦਰਿਆ ਦੇ ਕਿਨਾਰੇ ਨੁਸ਼ਹਿਰੇ (ਨੌਸ਼ਹਰ) ਤੋਂ ਚਾਰ ਮੀਲ ਪੂਰਵ ਵਿਦ੍ਯਮਾਨ ਹੈ, ਜਿੱਥੇ ਅਨੇਕ ਅਕਾਲੀ ਨਿਵਾਸ ਕਰਦੇ ਹਨ ਅਰ ਲੰਗਰ ਲਈ ਸਿੰਘ ਸਾਹਿਬ ਦੀ ਲਗਾਈ ਹੋਈ ਜਾਗੀਰ ਜਾਰੀ ਹੈ. ਇੱਥੇ ਹਰ ਸਾਲ ਵੈਸਾਖੀ ਅਤੇ ਦਸ਼ਹਿਰੇ ਦਾ ਮੇਲਾ ਹੁੰਦਾ ਹੈ.

ਅਕਾਲੀ ਜੀ ਗ੍ਰਿਹਸਥੀ ਨਹੀਂ ਸਨ, ਪਰ ਉਨ੍ਹਾਂ ਦੇ ਛੋਟੇ ਭਾਈ ਸੰਤ ਸਿੰਘ ਦੀ ਔਲਾਦ ਹੁਣ ਤਰਨ- ਤਾਰਨ ਆਬਾਦ ਹੈ.

ਅਕਾਲੀ ਫੂਲਾ ਸਿੰਘ ਜੀ ਦੇ ਅੰਗੀਠੇ ਦੇ ਮਹੰਤ ਨੇ ਕੁਝ ਜ਼ਮੀਨ ਵੇਚਣ ਦਾ ਯਤਨ ਕੀਤਾ, ਜਿਸ ਤੋਂ ਸਨ ੧੯੧੬ ਵਿੱਚ ਮਹੰਤ ਤੇ ਸਿੱਖਾਂ ਨੇ ਦਾਵਾ ਕੀਤਾ. ੧੮ ਜੁਲਾਈ ਸਨ ੧੯੧੮ ਨੂੰ ਮੁਕਦਮੇਂ ਦਾ ਫੈਸਲਾ ਹੋਇਆ, ਜਿਸ ਨਾਲ ਮਹੰਤ ਹਟਾਇਆ ਗਿਆ ਅਤੇ ਸ਼ਹੀਦਗੰਜ ਦੇ ਪ੍ਰਬੰਧ ਲਈ ਕਮੇਟੀ ਬਣਾਈ ਗਈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2024, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਫੂਲਾ ਸਿੰਘ ਅਕਾਲੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਫੂਲਾ ਸਿੰਘ ਅਕਾਲੀ (1760-1823 ਈ.): ਇਕ ਖੁੱਦਾਰ, ਸੂਰਵੀਰ ਅਤੇ ਨਿਧੜਕ ਨਿਹੰਗ ਜੱਥੇਦਾਰ ਜਿਸ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਵਿਸਤਾਰ ਵਿਚ ਅਦੁੱਤੀ ਸਹਿਯੋਗ ਦਿੱਤਾ। ਇਸ ਦਾ ਜਨਮ ਸੰਗਰੂਰ ਜ਼ਿਲ੍ਹੇ ਦੇ ਮੂਣਕ ਕਸਬੇ ਤੋਂ ਪੰਜ ਕਿ.ਮੀ. ਪੱਛਮ ਵਾਲੇ ਪਾਸੇ ਸਥਿਤ ਸੀਹਾਂ ਪਿੰਡ ਦੇ ਨਿਵਾਸੀ ਸ. ਈਸ਼ਰ ਸਿੰਘ ਦੇ ਘਰ ਮਾਤਾ ਹਰਿ ਕੌਰ ਦੀ ਕੁੱਖੋਂ 14 ਜਨਵਰੀ 1760 ਈ. ਨੂੰ ਹੋਇਆ। ਈਸ਼ਰ ਸਿੰਘ ਨਿਸ਼ਾਨਾਂ ਵਾਲੀ ਮਿਸਲ ਦਾ ਇਕ ਬਹਾਦਰ ਯੋਧਾ ਸੀ। ਕਹਿੰਦੇ ਹਨ ਜਦੋਂ ਅਹਿਮਦ ਸ਼ਾਹ ਦੁਰਾਨੀ ਨੇ 5 ਫਰਵਰੀ 1762 ਈ. ਨੂੰ ਕੁੱਪਰਹੀੜੇ ਦੇ ਮੁਕਾਮ’ਤੇ ਵੱਡੇ ਘੱਲੂਘਾਰੇ ਵਿਚ ਹਜ਼ਾਰਾਂ ਸਿੰਘ ਸ਼ਹੀਦ ਕੀਤੇ, ਉਦੋਂ ਈਸ਼ਰ ਸਿੰਘ ਵੀ ਘਾਇਲ ਹੋਇਆ ਅਤੇ ਜ਼ਖ਼ਮ ਠੀਕ ਨ ਹੋਣ ਕਾਰਣ ਕੁਝ ਸਮੇਂ ਬਾਦ ਗੁਜ਼ਰ ਗਿਆ। ਉਦੋਂ ਫੂਲਾ ਸਿੰਘ ਦੀ ਉਮਰ ਦੋ ਵਰ੍ਹਿਆਂ ਦੇ ਨੇੜੇ ਸੀ। ਮਰਨ ਤੋਂ ਪਹਿਲਾਂ ਈਸ਼ਰ ਸਿੰਘ ਨੇ ਆਪਣੇ ਦੋਹਾਂ ਪੁੱਤਰਾਂ—ਫੂਲਾ ਸਿੰਘ ਅਤੇ ਸੰਤ ਸਿੰਘ—ਨੂੰ ਆਪਣੇ ਮਿੱਤਰ ਬਾਬਾ ਨਰੈਣ ਸਿੰਘ (ਨੈਣਾ ਸਿੰਘ) ਦੇ ਸਪੁਰਦ ਕੀਤਾ।

ਧਰਮ ਗ੍ਰੰਥਾਂ ਦੇ ਅਧਿਐਨ ਤੋਂ ਬਾਦ ਫੂਲਾ ਸਿੰਘ ਨੂੰ ਸ਼ਸਤ੍ਰ ਵਿਦਿਆ , ਘੋੜ ਸਵਾਰੀ ਅਤੇ ਜੰਗੀ ਕਰਤਬਾਂ ਦੀ ਸਿਖਲਾਈ ਕਰਾਈ ਗਈ। 14 ਵਰ੍ਹਿਆਂ ਦੀ ਉਮਰ ਵਿਚ ਹੀ ਫੂਲਾ ਸਿੰਘ ਦੀ ਮਾਤਾ ਦਾ ਦੇਹਾਂਤ ਹੋ ਗਿਆ। ਇਸ ਨੇ ਆਪਣੀ ਸਾਰੀ ਜਾਇਦਾਦ ਅਤੇ ਘਰ ਬਾਰ ਛੋਟੇ ਭਰਾ , ਸੰਤ ਸਿੰਘ , ਨੂੰ ਦੇ ਕੇ ਖ਼ੁਦ ਨਿਹੰਗ ਬਣ ਕੇ ਸ਼ਹੀਦਾਂ ਦੀ ਮਿਸਲ ਵਿਚ ਜਾ ਰਲਿਆ। ਬਾਬਾ ਨਰੈਣ ਸਿੰਘ ਤੋਂ ਅੰਮ੍ਰਿਤ ਪਾਨ ਕਰਕੇ ਅਤੇ ਉਸ ਦੇ ਜੱਥੇ ਵਿਚ ਰਹਿ ਕੇ ਕਈ ਗੁਰਦੁਆਰਿਆਂ ਦੀ ਸੇਵਾ ਕੀਤੀ ਅਤੇ ਜਦੋਂ ਕੋਈ ਅਵਸਰ ਬਣਿਆ, ਲੜਾਈਆਂ ਵਿਚ ਆਪਣੀ ਸੂਰਵੀਰਤਾ ਵੀ ਵਿਖਾਈ। ਸੰਨ 1800 ਈ. ਵਿਚ ਬਾਬਾ ਨਰੈਣ ਸਿੰਘ ਦੀ ਮ੍ਰਿਤੂ ਤੋਂ ਬਾਦ ਆਪਣੇ ਜੱਥੇ ਦਾ ਜੱਥੇਦਾਰ ਥਾਪਿਆ ਗਿਆ। ਜੱਥੇਦਾਰ ਬਣਨ ਉਪਰੰਤ ਇਹ ਦਰਬਾਰ ਸਾਹਿਬ , ਅਕਾਲ -ਤਖ਼ਤ ਅਤੇ ਸਰੋਵਰ ਦੀ ਕਾਰ-ਸੇਵਾ ਲਈ ਅੰਮ੍ਰਿਤਸਰ ਪਹੁੰਚਿਆ ਅਤੇ ਸਥਾਈ ਤੌਰ ’ਤੇ ਅੰਮ੍ਰਿਤਸਰ ਵਿਚ ਹੀ ਨਿਵਾਸ ਬਣਾ ਲਿਆ। ਇਸ ਦੇ ਡੇਰੇ ਵਾਲੀ ਥਾਂ ਉਤੇ ਹੁਣ ‘ਬੁਰਜ ਬਾਬਾ ਫੂਲਾ ਸਿੰਘ ਅਕਾਲੀ’ (ਛਾਵਣੀ ਨਿਹੰਗਾਂ) ਬਣਿਆ ਹੋਇਆ ਹੈ।

ਜਨਵਰੀ 1802 ਈ. ਵਿਚ ਮਹਾਰਾਜਾ ਰਣਜੀਤ ਸਿੰਘ ਵਲੋਂ ਅੰਮ੍ਰਿਤਸਰ ਦੇ ਭੰਗੀ ਸਰਦਾਰ ਉਤੇ ਕੀਤੇ ਹਮਲੇ ਵੇਲੇ ਇਸ ਨੇ ਵਿਚ ਪੈ ਕੇ ਖ਼ੂਨ ਖ਼ਰਾਬਾ ਹੋਣੋਂ ਬਚਾ ਲਿਆ ਅਤੇ ਮਹਾਰਾਜੇ ਦਾ ਅੰਮ੍ਰਿਤਸਰ ਉਪਰ ਸਹਿਜ ਢੰਗ ਨਾਲ ਅਧਿਕਾਰ ਹੋ ਗਿਆ। ਇਸ ਘਟਨਾ ਦੇ ਫਲਸਰੂਪ ਇਸ ਦਾ ਮਾਣ ਸਤਿਕਾਰ ਬਹੁਤ ਵਧਿਆ। ਮਹਾਰਾਜੇ ਦੇ ਕਹੇ ’ਤੇ ਇਸ ਨੇ ਅੰਗ੍ਰੇਜ਼ ਸਫ਼ੀਰ ਮਿ. ਮੈਟਕਾਫ਼ ਦੇ ਨਾਲ ਆਏ ਮੁਸਲਮਾਨ ਸੈਨਿਕਾਂ ਦੁਆਰਾ ਦਰਬਾਰ ਸਾਹਿਬ ਦੇ ਨੇੜਿਓਂ ਮੁਹੱਰਮ ਦੇ ਅਵਸਰ’ਤੇ ਤਾਜ਼ੀਆ ਕਢਣ ਨਾਲ ਹੋਈ ਅਮਰਯਾਦਾ ਕਾਰਣ ਦੰਡ ਦੇਣਾ ਰੋਕ ਦਿੱਤਾ। ਅੰਮ੍ਰਿਤਸਰ ਦੇ ਨਿਵਾਸ ਦੌਰਾਨ ਇਸ ਨੂੰ ਹੋਰ ਵੀ ਕਈ ਗੁਰੂ-ਧਾਮਾਂ ਦੀ ਸੇਵਾ ਕੀਤੀ।

ਅਕਾਲੀ ਫ਼ੌਜ ਦੇ ਕਮਾਂਡਰ ਵਜੋਂ ਇਸ ਨੇ ਮਹਾਰਾਜੇ ਦੀ ਫ਼ੌਜ ਦੀ ਸਹਾਇਤਾ ਕਰਕੇ ਕਸੂਰ , ਮੁਲਤਾਨ , ਕਸ਼ਮੀਰ ਵਿਚ ਅਦੁੱਤੀ ਵੀਰਤਾ ਦਿਖਾਈ ਅਤੇ ਇਨ੍ਹਾਂ ਇਲਾਕਿਆਂ ਨੂੰ ਸਿੱਖ ਰਾਜ ਵਿਚ ਸ਼ਾਮਲ ਕੀਤਾ। ਇਹ ਸਿੱਖ- ਰਾਜ ਦਾ ਸਚਾ ਹਿਤੈਸ਼ੀ ਸੀ। ਇਹ ਆਮ ਤੌਰ’ਤੇ ਫਰੰਗੀਆਂ, ਅਫ਼ਗ਼ਾਨਾਂ, ਡੋਗਰਿਆਂ ਅਤੇ ਵਿਦੇਸ਼ੀ ਕਾਰਿੰਦਿਆਂ ਉਤੇ ਵਿਸ਼ਵਾਸ ਨਹੀਂ ਕਰਦਾ ਸੀ। ਇਕ ਵਾਰ ਕਿਸੇ ਕਾਰਣ ਮਹਾਰਾਜੇ ਨਾਲ ਨਾਰਾਜ਼ ਹੋ ਕੇ ਆਨੰਦਪੁਰ ਚਲਾ ਗਿਆ। ਪਰ ਜਦੋਂ ਕੌਮੀ ਕਰਤੱਵ ਨਿਭਾਉਣ ਲਈ ਮਹਾਰਾਜੇ ਨੇ ਇਸ ਪਾਸ ਸੁਨੇਹਾ ਭੇਜਿਆ, ਤਾਂ ਸਾਰੀ ਨਾਰਾਜ਼ਗੀ ਛਡ ਕੇ ਅੰਮ੍ਰਿਤਸਰ ਪਰਤ ਆਇਆ। ਖ਼ਾਲਸਾਈ ਨਿਯਮਾਂ ਦੀ ਰਾਖੀ ਕਰਨ ਵੇਲੇ ਇਹ ਮਹਾਰਾਜੇ ਨੂੰ ਵੀ ਭਰੇ ਦੀਵਾਨ ਵਿਚ ਤਨਖ਼ਾਹ ਲਾਉਣ ਤੋਂ ਸੰਕੋਚ ਨਹੀਂ ਕਰਦਾ ਸੀ। ਇਸ ਨੇ ਆਖ਼ਰੀ ਲੜਾਈ ਨੌਸ਼ਹਿਰੇ ਵਿਚ ਲੜੀ ਅਤੇ ਆਪਣੀ ਅਦੁੱਤੀ ਬਹਾਦਰੀ ਨਾਲ ਹਾਰ ਨੂੰ ਜਿਤ ਵਿਚ ਬਦਲ ਕੇ 14 ਮਾਰਚ 1823 ਈ. ਨੂੰ ਵੀਰਗਤੀ ਪ੍ਰਾਪਤ ਕੀਤੀ। ਇਸ ਦੀ ਸਮਾਧ ਨੌਸ਼ਹਿਰੇ ਤੋਂ 6 ਕਿ.ਮੀ. ਦੀ ਵਿਥ ’ਤੇ ਲੁੰਡੇ ਦਰਿਆ (ਕਾਬੁਲ ਨਦੀ) ਦੇ ਕੰਢੇ ਮੌਜੂਦ ਹੈ। ਦੇਸ਼ ਵੰਡ ਤੋਂ ਬਾਦ ਇਹ ਧਰਮ-ਧਾਮ ਪਾਕਿਸਤਾਨ ਵਿਚ ਰਹਿ ਗਿਆ ਹੈ। ਅਕਾਲੀ ਜੀ ਦੀ ਯਾਦ ਵਿਚ ਪੂਸਾ ਰੋਡ ਦਿੱਲੀ ਵਿਚ ਇਕ ਗੁਰਦੁਆਰਾ ਅਤੇ ਸਕੂਲ ਬਣਾਇਆ ਗਿਆ ਹੈ। ਬਾਬਾ ਜੀ ਦੀ ਬਾਣੀ ਅਤੇ ਬਾਣੇ ਨਾਲ ਬਹੁਤ ਪਿਆਰ ਕਰਦੇ ਸਨ। ਇਹ ਸਚੇ ਅਰਥਾਂ ਵਿਚ ਸੰਤ ਸਿਪਾਹੀ ਸਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1992, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.