ਲਾਹੌਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਲਾਹੌਰ [ ਨਿਪੁ ] ਵੇਖੋ ਲਹੌਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4313, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਲਾਹੌਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਲਾਹੌਰ ( ਨਗਰ ) : ਰਾਵੀ ਨਦੀ ਦੇ ਕੰਢੇ ਉਤੇ ਵਸਿਆ ਇਕ ਪ੍ਰਾਚੀਨ ਨਗਰ ਜੋ ਪਾਕਿਸਤਾਨ ਬਣਨ ਤਕ ਪੰਜਾਬ ਪ੍ਰਾਂਤ ਦੀ ਰਾਜਧਾਨੀ ਰਿਹਾ ਹੈ । ਹੁਣ ਇਹ ਪੱਛਮੀ ਪੰਜਾਬ ਦੀ ਰਾਜਧਾਨੀ ਹੈ । ‘ ਬਚਿਤ੍ਰ-ਨਾਟਕ’ ਦੇ ਆਧਾਰ’ ਤੇ ਇਸ ਨੂੰ ਸ਼੍ਰੀ ਰਾਮ ਚੰਦਰ ਦੇ ਪੁੱਤਰ ‘ ਲਵ’ ਨੇ ਵਸਾ ਕੇ ਇਸ ਦਾ ਨਾਂ ‘ ਲਵ-ਪੁਰ’ ਰਖਿਆ ਸੀ । ਲਵ ਦੇ ਦੂਜੇ ਭਰਾ ‘ ਕੁਸ਼ ’ ਨੇ ਕਸੂਰ ਨਗਰ ਕਾਇਮ ਕੀਤਾ ਸੀ— ਸੀਅ ਸੁਤ ਬਹੁਰਿ ਭਏ ਦੁਇ ਰਾਜਾ ਰਾਜਪਾਟ ਉਨ ਹੀ ਕਉ ਛਾਜਾ ਮਦ੍ਰ ਦੇਸ ਏਸ੍ਵਰਜਾ ਬਰੀ ਜਬ ਭਾਂਤਿ ਭਾਂਤਿ ਕੇ ਜਗ ਕੀਏ ਤਬ ਤਹੀ ਤਿਨੈ ਬਾਂਧੇ ਦੁਇ ਪੁਰਵਾ ਏਕ ਕਸੂਰ ਦੁਤੀਯ ਲਹੁਰਵਾ                               ਮੁਸਲਮਾਨਾਂ ਦੇ ਹਮਲਿਆਂ ਤੋਂ ਪਹਿਲਾਂ ਲਾਹੌਰ ਉਤੇ ਸੋਲੰਕੀ , ਭੱਟੀ ਅਤੇ ਚੌਹਾਨ ਰਾਜਪੂਤਾਂ ਦਾ ਕਬਜ਼ਾ ਰਿਹਾ । ਫਿਰ ਹਿੰਦੂਸ਼ਾਹੀਆਂ ਨੇ ਇਸ ਉਤੇ ਅਧਿਕਾਰ ਕਰ ਲਿਆ ।

ਅਗਸਤ 997 ਈ. ਵਿਚ ਗ਼ਜ਼ਨੀ ਦੇ ਬਾਦਸ਼ਾਹ ਸੁਬਕਤਗੀਨ ਦੀ ਮੌਤ ਤੋਂ ਬਾਦ ਮਹਿਮੂਦ ਗਜ਼ਨਵੀ 27 ਵਰ੍ਹਿਆਂ ਦੀ ਉਮਰ ਵਿਚ ਰਾਜ-ਗੱਦੀ ਉਤੇ ਬੈਠਾ । ਉਸ ਨੇ ਹਿੰਦੁਸਤਾਨ ਉਤੇ ਲਗਾਤਾਰ ਹਮਲੇ ਕਰਕੇ ਜਿਥੇ ਹਿੰਦੁਸਤਾਨੀਆਂ ਦੇ ਆਤਮ-ਬੋਲ ਨੂੰ ਝੰਜੋੜ ਦਿੱਤਾ , ਉਥੇ ਮੁਸਲਮਾਨਾਂ ਲਈ ਹਿੰਦੁਸਤਾਨ ਵਲ ਵਧਣ ਦਾ ਰਾਹ ਮੋਕਲਾ ਕਰ ਦਿੰਤਾ । 27 ਨਵੰਬਰ 1001 ਈ. ਵਿਚ ਉਸ ਨੇ ਰਾਜਾ ਜੈਪਾਲ ਨੂੰ ਹਰਾਇਆ , ਪਰ ਉਸ ਨੇ ਮਹਿਮੂਦ ਨਾਲ ਸਮਝੌਤਾ ਕਰਕੇ ਢਾਈ ਲੱਖ ਦੀਨਾਰ ਅਤੇ 25 ਹਾਥੀ ਨਜ਼ਰਾਨੇ ਵਜੋਂ ਦਿੱਤੇ । ਜੈਪਾਲ ਨੇ ਇਸ ਨਮੋਸ਼ੀ ਤੋਂ ਬਚਣ ਲਈ ਸੰਨ 1002 ਈ. ਦੇ ਸ਼ੁਰੂ ਵਿਚ ਰਾਜ-ਅਧਿਕਾਰ ਆਪਣੇ ਪੁੱਤਰ ਅਨੰਦਪਾਲ ( ਅਨੰਗਪਾਲ ) ਨੂੰ ਸੌਂਪ ਕੇ , ਆਪ ਚਿਤਾ ਵਿਚ ਪ੍ਰਵੇਸ਼ ਕੀਤਾ । ਅਨੰਦਪਾਲ ਦੇ ਸੰਨ 1013 ਈ. ਵਿਚ ਘੋੜੇ ਤੋਂ ਡਿਗ ਕੇ ਮਰਨ ਨਾਲ ਲਾਹੌਰ ਦਾ ਸ਼ਾਸਨ ਫਿਰ ਤੋਂ ਡਾਵਾਂਡੋਲ ਹੋ ਗਿਆ , ਪਰ ਅਨੰਦਪਾਲ ਦੇ ਲੜਕੇ ਤ੍ਰਿਲੋਚਨ- ਪਾਲ ਨੇ ਫਿਰ ਸਥਿਤੀ ਸੰਭਾਲ ਲਈ । ਸੰਨ 1021-22 ਈ. ਤਕ ਉਹ ਮਹਿਮੂਦ ਗ਼ਜ਼ਨਵੀ ਨਾਲ ਜੂਝਦਾ ਰਿਹਾ , ਪਰ ਆਪਣੇ ਹੀ ਆਦਮੀਆਂ ਹੱਥੋਂ ਉਸ ਦੇ ਮਾਰੇ ਜਾਣ ਨਾਲ ਲਾਹੌਰ ਅਤੇ ਪੰਜਾਬ ਸਥਾਈ ਤੌਰ ’ ਤੇ ਮੁਸਲਮਾਨਾਂ ਅਧੀਨ ਹੋ ਗਏ ।

ਮਹਿਮੂਦ ਗ਼ਜ਼ਨਵੀ ਨੇ ਲਾਹੌਰ ਦਾ ਨਾਂ ਮਹਿਮੂਦ- ਪੁਰ ਰਖਿਆ , ਪਰ ਇਹ ਨਾਂ ਬਹੁਤਾ ਪ੍ਰਚਲਿਤ ਨ ਹੋ ਸਕਿਆ । ਸੰਨ 1398 ਈ. ਵਿਚ ਇਸ ਉਤੇ ਤੈਮੂਰ ਨੇ ਆਪਣੀ ਹਕੂਮਤ ਕਾਇਮ ਕੀਤੀ । ਫਿਰ ਇਹ ਲੋਧੀਆਂ ਦੇ ਅਧਿਕਾਰ ਅਧੀਨ ਰਿਹਾ । ਸੰਨ 1524 ਈ. ਵਿਚ ਇਸ ਉਤੇ ਬਾਬਰ ਨੇ ਆਪਣੇ ਚੌਥੇ ਹਮਲੇ ਵੇਲੇ ਕਬਜ਼ਾ ਕਰਕੇ ਮੁਗ਼ਲ ਰਾਜ ਦਾ ਅੰਗ ਬਣਾ ਦਿੱਤਾ । ਉਦੋਂ ਉਸ ਨੇ ਲਾਹੌਰ ਉਤੇ ਬਹੁਤ ਜ਼ੁਲਮ ਢਾਏ । ਹਜ਼ਾਰਾਂ ਨਿਰਦੋਸ਼ ਬੰਦੇ ਮਾਰੇ ਗਏ । ਇਸ ਦੁਖਮਈ ਸਥਿਤੀ ਦਾ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿਚ ਚਿਤ੍ਰਣ ਕਰਦਿਆਂ ਲਿਖਿਆ ਹੈ— ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ ( ਗੁ.ਗ੍ਰੰ.1412 ) । ਇਸ ਕਥਨ ਨੂੰ ਬਾਦ ਵਿਚ ਗੁਰੂ ਨਾਨਕ ਦੇਵ ਜੀ ਵਲੋਂ ਲਾਹੌਰ ਸ਼ਹਿਰ ਨੂੰ ਦਿੱਤਾ ਗਿਆ ਸਰਾਪ ਸਮਝਿਆ ਜਾਣ ਲਗਿਆ । ਸਾਖੀ- ਸਾਹਿਤ ਅਨੁਸਾਰ ਭਾਈ ਸੈਦੋ ਜੋ ਗੁਰੂ ਅਮਰਦਾਸ ਜੀ ਦੇ ਵੇਲੇ ਸਿੱਖ ਬਣਿਆ ਸੀ , ਗੁਰੂ ਜੀ ਦੀ ਹਜ਼ੂਰੀ ਵਿਚ ਸੰਗਤ ਸਹਿਤ ਹਾਜ਼ਰ ਹੋਇਆ ਅਤੇ ਬੇਨਤੀ ਕਰਨ ਲਗਾ ਕਿ ਗੁਰੂ ਨਾਨਕ ਦੇਵ ਜੀ ਵਲੋਂ ਦਿੱਤੇ ਲਾਹੌਰ ਸ਼ਹਿਰ ਨੂੰ ਸਰਾਪ ਨੂੰ ਖ਼ਤਮ ਕਰਨ ਦੀ ਮਿਹਰ ਕਰੋ ।

ਗੁਰੂ ਜੀ ਨੇ ਲਾਹੌਰ ਜਾ ਕੇ ਸਰਾਪ ਨੂੰ ਖ਼ਤਮ ਕਰਦਿਆਂ ਅਗੰਮੀ ਬੋਲ ਉਚਾਰਿਆ ਕਿ ਹੁਣ ਇਹ ਅੰਮ੍ਰਿਤ ਦਾ ਸਰੋਵਰ ਅਤੇ ਗੁਣਾਂ ਦਾ ਘਰ ਹੋਵੇਗਾ— ਅੰਮ੍ਰਿਤਸਰ ਸਿਫ਼ਤੀ ਦਾ ਘਰ ਬਾਦ ਵਿਚ ਭਾਈ ਸੈਦੋ ਗੁਰੂ ਅਰਜਨ ਦੇਵ ਜੀ ਪਾਸ ਵੀ ਗਿਆ ਅਤੇ ਇਹ ਸਾਰੀ ਗੱਲ ਦਸੀ । ਗੁਰੂ ਜੀ ਨੇ ਭਾਈ ਸੈਦੋ ਨੂੰ ‘ ਵਾਹਿਗੁਰੂ’ ਸਿਮਰਨ ਲਈ ਤਾਕੀਦ ਕੀਤੀ ।

ਕਾਬੁਲ ਤੋਂ ਦਿੱਲੀ ਦੇ ਰਸਤੇ ਵਿਚ ਪੈਣ ਕਾਰਣ ਬਾਬਰ ਨੇ ਇਸ ਨਗਰ ਦੀ ਇਤਿਹਾਸਿਕ ਅਹਿਮੀਅਤ ਨੂੰ ਪਛਾਣਿਆ ਅਤੇ ਇਸ ਨੂੰ ਇਕ ਪ੍ਰਕਾਰ ਦੀ ਉੱਤਰ-ਪੱਛਮੀ ਖੇਤਰ ਦੀ ਰਾਜਧਾਨੀ ਬਣਾਇਆ । ਬਾਦ ਦੇ ਮੁਗ਼ਲ ਬਾਦਸ਼ਾਹਾਂ ਨੇ ਇਥੇ ਅਨੇਕ ਪ੍ਰਕਾਰ ਦੀਆਂ ਇਮਾਰਤਾਂ ਬਣਵਾ ਕੇ ਇਸ ਦੇ ਗੌਰਵ ਨੂੰ ਬਣਾਈ ਰਖਿਆ । ਇਸ ਵਿਚ ਹੋਈ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੀ ਘਟਨਾ ਨੇ ਇਸ ਨਗਰ ਦਾ ਸਿੱਖਾਂ ਨਾਲ ਸਿੱਧਾ ਸੰਬੰਧ ਜੋੜਿਆ । ਗੁਰੂ ਹਰਿਗੋਬਿੰਦ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਆਪਣੇ ਜਨ-ਮੁਕਤੀ ਅੰਦੋਲਨਾਂ ਨੂੰ ਕੀਰਤਪੁਰ ਅਤੇ ਆਨੰਦਪੁਰ ਵਲ ਸਥਾਨਾਂਤਰਿਕ ਕਰ ਲੈਣ ’ ਤੇ ਸਿੱਖਾਂ ਨਾਲ ਇਸ ਕੇਂਦਰ ਦੀ ਸਿੱਧੀ ਟੱਕਰ ਕੁਝ ਸਮੇਂ ਲਈ ਟਲ ਗਈ । ਬੰਦਾ ਬਹਾਦਰ ਅਤੇ ਦਲ ਖ਼ਾਲਸਾ ਵੇਲੇ ਸਿੱਖਾਂ ਦੀ ਲਾਹੌਰ ਦੇ ਹਾਕਮਾਂ ਨਾਲ ਪ੍ਰਭੁਤਾ ਸਥਾਪਤੀ ਦਾ ਸੰਘਰਸ਼ ਸ਼ੁਰੂ ਹੋ ਗਿਆ । ਸਿੱਖਾਂ ਨੂੰ ਫੜ ਫੜ ਕੇ ਇਥੇ ਲਿਆਂਦਾ ਜਾਂਦਾ ਅਤੇ ਕਤਲ ਕਰ ਦਿੱਤਾ ਜਾਂਦਾ । ਭੰਗੀਆਂ ਦੀ ਮਿਸਲ ਦੇ ਸਰਦਾਰਾਂ ਨੇ ਅਹਿਮਦ ਸ਼ਾਹ ਦੁਰਾਨੀ ਦੇ ਹਮਲਿਆਂ ਤੋਂ ਬਾਦ ਜੁਲਾਈ 1767 ਈ. ਤੋਂ ਜਨਵਰੀ 1797 ਈ. ਤਕ ਇਸ ਨੂੰ 30 ਸਾਲ ਆਪਣੇ ਅਧਿਕਾਰ ਅਧੀਨ ਰਖਿਆ । ਸੰਨ 1799 ਈ. ਵਿਚ ਇਸ ਉਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਅਧਿਕਾਰ ਸਥਾਪਿਤ ਕਰਕੇ ਲਾਹੌਰ ਦਰਬਾਰ ਕਾਇਮ ਕੀਤਾ । 29 ਮਾਰਚ 1849 ਈ. ਵਿਚ ਇਸ ਉਤੇ ਅੰਗ੍ਰੇਜ਼ਾਂ ਦਾ ਪੂਰੀ ਤਰ੍ਹਾਂ ਕਬਜ਼ਾ ਹੋ ਗਿਆ । ਦੇਸ਼-ਵੰਡ ਵੇਲੇ ਇਹ ਪਾਕਿਸਤਾਨ ਦੇ ਹਿੱਸੇ ਆਇਆ ।

          ਇਸ ਨਗਰ ਵਿਚ ਸਿੱਖ-ਇਤਿਹਾਸ ਨਾਲ ਸੰਬੰਧਿਤ ਇਕ ਦਰਜਨ ਸਥਾਨ ਹਨ , ਜਿਨ੍ਹਾਂ ਵਿਚੋਂ ਗੁਰਦੁਆਰਾ ਡੇਰਾ ਸਾਹਿਬ ਖ਼ਾਸ ਮਹੱਤਵ ਰਖਦਾ ਹੈ ਜਿਥੇ ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ( ਵੇਖੋ ‘ ਗੁਰਦੁਆਰਾ ਡੇਰਾ ਸਾਹਿਬ’ ) । ਇਸ ਤੋਂ ਇਲਾਵਾ ਇਸ ਨਗਰ ਵਿਚ ਹੋਰ ਮਹੱਤਵਪੂਰਣ ਗੁਰੂ-ਧਾਮ ਹਨ :

( 1 )   ਗੁਰਦੁਆਰਾ ਪਾਤਿਸ਼ਾਹੀ ਪਹਿਲੀ ਜੋ ਸਿਰੀਆਂ ਵਾਲੇ ਮਹੱਲੇ ਵਿਚ ਜਵਾਹਰ ਮੱਲ ਦੇ ਚੌਹੱਟੇ ਪਾਸ ਬਣਿਆ ਹੋਇਆ ਹੈ । ਇਥੇ ਗੁਰੂ ਜੀ ਨੇ ਸੇਠ ਦੁਨੀ ਚੰਦ ਨੂੰ ਸਰਾਧ ਆਦਿ ਕਰਨ ਦੀ ਰੀਤ ਤੋਂ ਵਰਜਿਆ ਅਤੇ ਇਸ ਨੂੰ ਪਾਖੰਡ ਕਰਮ ਦਸਦੇ ਹੋਇਆਂ ਹਰਿ-ਭਗਤੀ ਵਲ ਪ੍ਰੇਰਿਤ ਕੀਤਾ ।

( 2 )   ਗੁਰਦੁਆਰਾ ਜਨਮ ਅਸਥਾਨ ਗੁਰੂ ਰਾਮਦਾਸ ਜੋ ਚੂਨਾ ਮੰਡੀ ਵਿਚ ਬਣਿਆ ਹੋਇਆ ਹੈ । ਇਥੇ ਚੌਥੇ ਗੁਰੂ ਸਾਹਿਬ ਦਾ ਜਨਮ ਹੋਇਆ ਸੀ । ਇਸ ਦੇ ਨੇੜੇ ਹੀ ਗੁਰੂ ਰਾਮਦਾਸ ਜੀ ਦੀ ਧਰਮਸ਼ਾਲਾ ਵੀ ਬਣੀ ਹੋਈ ਹੈ ਅਤੇ ਇਸ ਦੇ ਅੰਦਰ ਗੁਰੂ ਅਰਜਨ ਦੇਵ ਜੀ ਦਾ ਦੀਵਾਨਖ਼ਾਨਾ ਵੀ ਹੈ । ਕਹਿੰਦੇ ਹਨ ਕਿ ਇਥੋਂ ਹੀ ( ਗੁਰੂ ) ਅਰਜਨ ਦੇਵ ਜੀ ਨੇ ਮੇਰਾ ਮਨੁ ਲੋਚੈ ਗੁਰਦਰਸਨ ਤਾਈ ... ਵਾਲਾ ਸ਼ਬਦ ਲਿਖ ਕੇ ਪਿਤਾ-ਗੁਰੂ ਨੂੰ ਅੰਮ੍ਰਿਤਸਰ ਭੇਜਿਆ ਸੀ ।

( 3 )   ਡੱਬੀ ਬਾਜ਼ਾਰ ਵਿਚ ਗੁਰੂ ਅਰਜਨ ਦੇਵ ਜੀ ਦੁਆਰਾ ਬਣਵਾਈ ਬਾਉਲੀ ਸਾਹਿਬ ਜੋ ਛੱਜੂ ਨਾਂ ਦੇ ਵਪਾਰੀ ਵਲੋਂ ਦਿੱਤੇ ਧਨ ਨਾਲ ਖੁਦਵਾਈ ਗਈ ਸੀ । ਕਹਿੰਦੇ ਹਨ ਕਿ ਸ਼ਾਹਜਹਾਨ ਬਾਦਸ਼ਾਹ ਵੇਲੇ ਇਹ ਭਰ ਗਈ ਸੀ , ਪਰ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਸਾਫ਼ ਕਰਵਾਇਆ ।

( 4 )   ਗੁਰੂ ਹਰਿਗੋਬਿੰਦ ਸਾਹਿਬ ਨਾਲ ਸੰਬੰਧਿਤ ਦੋ ਗੁਰਦੁਆਰਿਆਂ ਵਿਚੋਂ ਇਕ ਮੁਜ਼ੰਗ ਵਿਚ ਹੈ ਜਿਥੇ ਗੁਰੂ ਸਾਹਿਬ ਕਾਫ਼ੀ ਸਮਾਂ ਟਿਕੇ ਸਨ ਅਤੇ ਦੂਜਾ ਭੱਟੀ ਗੇਟ ਦੇ ਨੇੜੇ ਜਿਥੇ ਮੁਜ਼ੰਗ ਤੋਂ ਆ ਕੇ ਗੁਰੂ ਜੀ ਸੰਗਤਾਂ ਨੂੰ ਉਪਦੇਸ਼ ਦਿੰਦੇ ਸਨ ।

( 5 )   ਕਿਲ੍ਹੇ ਦੇ ਨੇੜੇ ਪੂਰਬ ਦਿਸ਼ਾ ਵਿਚ ਭਾਈ ਮਨੀ ਸਿੰਘ ਦਾ ਸ਼ਹੀਦ ਗੰਜ । ਇਥੇ ਉਹ ਖੂਹ ਵੀ ਹੈ ਜਿਸ ਨੂੰ ਸਿੱਖਾਂ ਦੇ ਸਿਰਾਂ ਨਾਲ ਭਰਵਾ ਦਿੱਤਾ ਗਿਆ ਸੀ ।

( 6 ) ਰੇਲਵੇ ਸਟੇਸ਼ਨ ਦੇ ਨੇੜੇ ਲੰਡਾ ਬਾਜ਼ਾਰ ਵਿਚ ਦੋ ਹੋਰ ਸ਼ਹੀਦਗੰਜ ਵੀ ਹਨ । ਇਕ ਉਹ ਜਿਥੇ ਭਾਈ ਤਾਰੂ ਸਿੰਘ ਨੂੰ ਸ਼ਹੀਦ ਕੀਤਾ ਗਿਆ ਅਤੇ ਦੂਜਾ ਉਹ ਜਿਥੇ ਸਿੰਘਣੀਆਂ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਬੱਚਿਆਂ ਨੂੰ ਟੋਟੇ ਟੋਟੇ ਕੀਤਾ ਗਿਆ ।

( 7 )               ਸਮਾਧ ਮਹਾਰਾਜਾ ਰਣਜੀਤ ਸਿੰਘ , ਜੋ ਗੁਰਦੁਆਰਾ ਡੇਰਾ ਸਾਹਿਬ ਦੇ ਨੇੜੇ ਹੈ ।

ਇਨ੍ਹਾਂ ਵਿਚੋਂ ਅਧਿਕਾਂਸ਼ ਗੁਰਦੁਆਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਸਨ । ਪੰਜਾਬ ਦੀ ਵੰਡ ਤੋਂ ਬਾਦ ਇਹ ਗੁਰੂ-ਧਾਮ ਪਾਕਿਸਤਾਨ ਵਿਚ ਰਹਿ ਗਏ ਸਨ । ਪਾਕਿਸਤਾਨ ਸਰਕਾਰ ਵਲੋਂ ਇਜਾਜ਼ਤ ਮਿਲਣ’ ਤੇ ਹਰ ਸਾਲ ਭਾਰਤ ਤੋਂ ਸਿੱਖਾਂ ਦੇ ਜੱਥੇ ਦਰਸ਼ਨ ਕਰਨ ਲਈ ਜਾਂਦੇ ਹਨ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3791, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਲਾਹੌਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਲਾਹੌਰ ( ਸੰ. । ਪੰਜਾਬੀ ) ਲਾਹੌਰ ਸ਼ਹਿਰ , ਪ੍ਰਸਿੱਧ ਪੰਜਾਬ ( ਪਾਕਸਤਾਨ ) ਦੀ ਰਾਜਧਾਨੀ , ਰਾਵੀ ਨਦੀ ਦੇ ਪੂਰਬਲੇ ਕਿਨਾਰੇ । ਇਹ ਪੁਰਾਤਨ ਸ਼ਹਿਰ ਹੈ , ਮੁਸਲਮਾਨੀ ਹਮਲਿਆਂ ਤੋਂ ਪਹਿਲੇ ਦਾ ਹੈ । ਇਥੇ ਮੁਸਲਮਾਨਾ ਦੇ ਸਮੇਂ ਮੁਸਲਮਾਨਾਂ ਤੋਂ ਅਤ੍ਰਿਕਤ ਦੂਸਰਿਆਂ ਉਤੇ ਬਹੁਤ ਜ਼ੁਲਮ ਹੁੰਦੇ ਰਹੇ ਹਨ । ਯਥਾ-‘ ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ ’ । ਤਥਾ- ਮਹਲਾ ੩ ‘ ਲਾਹੌਰ ਸਹਰੁ ਅੰਮ੍ਰਿਤਸਰੁ ਸਿਫਤੀ ਦਾ ਘਰੁ ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3792, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.