ਸਰਬੱਤ ਖ਼ਾਲਸਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸਰਬੱਤ ਖ਼ਾਲਸਾ : ਇਹ ਸ਼ਬਦ ਸਮੁੱਚੀ ਸਿੱਖ ਕੌਮ ਜਾਂ ਪੰਥ ਦੇ ਵਾਚਕ ਵਜੋਂ 19ਵੀਂ ਸਦੀ ਵਿਚ ਵਰਤਿਆ ਜਾਣ ਲਗਾ । ਬੰਦਾ ਬਹਾਦਰ ਦੀ ਸ਼ਹਾਦਤ ਤੋਂ ਬਾਦ ਸਿੱਖਾਂ ਉਤੇ ਮੁਗ਼ਲ ਸਰਕਾਰ ਵਲੋਂ ਜ਼ੁਲਮ ਦੇ ਦੁਆਰ ਖੋਲ ਦਿੱਤੇ ਗਏ । ਆਪਣੇ ਆਪ ਨੂੰ ਬਚਾਉਣ ਲਈ ਸਿੰਘ ਵੱਡੇ ਨਿੱਕੇ ਜੱਥਿਆਂ ਦੇ ਰੂਪ ਵਿਚ ਜੰਗਲਾਂ , ਛੰਭਾਂ , ਮਾਰੂਥਲਾਂ ਅਤੇ ਪਰਬਤਾਂ ਵਿਚ ਲੁਕ-ਛਿਪ ਕੇ ਸਮਾਂ ਬਤੀਤ ਕਰਨ ਲਗ ਗਏ । ਪਰ ਇਨ੍ਹਾਂ ਲਈ ਵਿਸਾਖੀ ਅਤੇ ਦੀਵਾਲੀ ਦੇ ਮੌਕਿਆਂ ਉਤੇ ਅੰਮ੍ਰਿਤਸਰ ( ਦਰਬਾਰ ਸਾਹਿਬ , ਅਕਾਲ ਤਖ਼ਤ ) ਵਿਚ ਇਕੱਠੇ ਹੋਣਾ ਇਕ ਦਸਤੂਰ ਬਣ ਗਿਆ । ਅਜਿਹੇ ਇਕੱਠਾ ਨੂੰ ਸਮੁੱਚੇ ਪੰਥ ਦਾ ਪ੍ਰਤਿਨਿਧ ਸਮਝੇ ਜਾਣ ਕਾਰਣ ‘ ਸਰਬੱਤ ਖ਼ਾਲਸਾ’ ਕਿਹਾ ਜਾਣ ਲਗਿਆ ।

                      ਸਿੱਖ ਇਤਿਹਾਸ ਅਨੁਸਾਰ ‘ ਸਰਬੱਤ ਖ਼ਾਲਸਾ’ ਦੀ ਇਕ ਮਹੱਤਵਪੂਰਣ ਇਕਤਰਤਾ ਸੰਨ 1723 ਈ. ਦੀ ਦੀਵਾਲੀ ਨੂੰ ਹੋਈ ਸੀ , ਜਿਸ ਵਿਚ ਭਾਈ ਮਨੀ ਸਿੰਘ ਨੇ ਤੱਤ ਖ਼ਾਲਸਾ ਅਤੇ ਬੰਦਈਆਂ ਵਿਚ ਉਠ ਖੜੋਤੇ ਵਿਵਾਦ ਦਾ ਸਮਾਧਾਨ ਕੀਤਾ ਸੀ । ‘ ਸਰਬੱਤ ਖ਼ਾਲਸਾ’ ਦਾ ਦੂਜਾ ਉਲੇਖਯੋਗ ਇਕੱਠ ਭਾਈ ਤਾਰਾ ਸਿੰਘ ਵਾਂ ( ਵੇਖੋ ) ਦੀ ਸ਼ਹਾਦਤ ਤੋਂ ਬਾਦ ਹੋਇਆ ਜਿਸ ਵਿਚ ਗੁਰਮਤੇ ਦੁਆਰਾ ਤਿੰਨ ਫ਼ੈਸਲੇ ਕੀਤੇ ਗਏ । ਇਕ ਸੀ ਮੁਗ਼ਲ ਸਰਕਾਰ ਦੇ ਸੂਹਿਆਂ ਜਾਂ ਖ਼ੁਫ਼ੀਆਂ ਏਜੰਟਾਂ ਨੂੰ ਖ਼ਤਮ ਕਰਨਾ । ਦੂਜਾ ਸੀ ਸਰਕਾਰੀ ਖ਼ਜ਼ਾਨਿਆਂ ਨੂੰ ਇਧਰ-ਉਧਰ ਲੈ ਜਾਣ ਸਮੇਂ ਲੁਟਣਾ ਅਤੇ ਤੀਜਾ ਸੀ ਸਰਕਾਰੀ ਅਸਲ੍ਹਾ-ਖ਼ਾਨਿਆਂ ਤੋਂ ਸ਼ਸਤ੍ਰਾਂ ਨੂੰ ਲੁਟਣਾ ਅਤੇ ਅਸਤਬਲਾਂ ਤੋਂ ਘੋੜਿਆਂ ਨੂੰ ਖਿਸਕਾਉਣਾ । ‘ ਸਰਬੱਤ ਖ਼ਾਲਸਾ’ ਦੀ ਤੀਜੀ ਜ਼ਿਕਰ ਕਰਨਯੋਗ ਇਕਤਰਤਾ ਸੰਨ 1733 ਈ. ਵਿਚ ਹੋਈ ਸੀ ਜਿਸ ਵਿਚ ਲਾਹੌਰ ਦੇ ਸੂਬੇ ਵਲੋਂ ਭੇਜੀ ਜਾਗੀਰ ਅਤੇ ਖ਼ਿਲਤ ਪ੍ਰਵਾਨ ਕੀਤੀ ਗਈ ਸੀ ।

                      ‘ ਸਰਬੱਤ ਖ਼ਾਲਸਾ’ ਦਾ ਸਭ ਤੋਂ ਅਧਿਕ ਮਹੱਤਵ- ਪੂਰਣ ਇਕੱਠ 1748 ਈ. ਦੇ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਚ ਹੋਇਆ । ਇਸ ਵਿਚ ਸਿੱਖ ਜੱਥਿਆਂ ਨੂੰ 11 ਮਿਸਲਾਂ ਵਿਚ ਵੰਡਿਆ ਗਿਆ । ਇਸ ਤੋਂ ਬਾਦ ਬਾਹਰਲੇ ਹਮਲੇ ਘਟਦੇ ਗਏ ਅਤੇ ਸਿੱਖ ਮਿਸਲਾਂ ਆਪਣੀਆਂ ਆਪਣੀਆਂ ਜਾਗੀਰਾਂ ਜਾਂ ਰਿਆਸਤਾਂ ਬਣਾ ਕੇ ਉਥੇ ਸਥਾਪਿਤ ਹੁੰਦੀਆਂ ਗਈਆਂ । ਇਲਾਕਿਆਂ ਦੀ ਖਿਚ-ਧੂਹ ਨਾਲ ਮਿਸਲਾਂ ਵਿਚ ਪਰਸਪਰ ਪ੍ਰੇਮ ਦੀ ਥਾਂ ਵੈਰ ਵਧਣ ਲਗ ਗਿਆ ਅਤੇ ‘ ਸਰਬੱਤ ਖ਼ਾਲਸਾ’ ਦੀਆਂ ਇਕਤਰਤਾਵਾਂ ਵਿਚ ਸ਼ਾਮਲ ਹੋਣ ਦਾ ਰੁਝਾਨ ਘਟਦਾ ਗਿਆ । ਜਦੋਂ ਕਦੇ ‘ ਸਰਬੱਤ ਖ਼ਾਲਸਾ’ ਦੀ ਬੈਠਕ ਬੁਲਾਈ ਜਾਂਦੀ ਉਸ ਵਿਚ ਵੀ ਮਿਸਲਾਂ ਦੇ ਸਰਦਾਰ ਜਾਂ ਮਿਸਲਦਾਰ ਜਾਂ ਉਨ੍ਹਾਂ ਦੇ ਪ੍ਰਤਿਨਿਧ ਹੀ ਸ਼ਾਮਲ ਹੁੰਦੇ ।

                      ਮਹਾਰਾਜਾ ਰਣਜੀਤ ਸਿੰਘ ਦੁਆਰਾ ਸ਼ਕਤੀ ਅਰਜਿਤ ਕਰਨ’ ਤੇ ‘ ਸਰਬੱਤ ਖ਼ਾਲਸਾ’ ਦਾ ਸੰਕਲਪ ਪਿਛੇ ਪੈ ਗਿਆ ਅਤੇ ਉਸ ਤੋਂ ਬਾਦ ਇਸ ਦਾ ਮਹੱਤਵ ਹੀ ਨ ਰਿਹਾ । ਆਧੁਨਿਕ ਯੁਗ ਵਿਚ ਇਸ ਨੂੰ ਪੁਨਰ ਪ੍ਰਚਲਿਤ ਕਰਨ ਦੇ ਯਤਨ ਕੀਤੇ ਗਏ , ਖ਼ਾਸ ਤੌਰ ’ ਤੇ ਬਲੂ ਸਟਾਰ ਓਪਰੇਸ਼ਨ ਤੋਂ ਅਗੇ-ਪਿਛੇ , ਪਰ ਸਿੱਖ ਜਗਤ ਵਿਚ ਪੰਥ ਨੂੰ ਦਰਪੇਸ਼ ਮਸਲਿਆਂ ਦੇ ਸਮਾਧਾਨ ਬਾਰੇ ਸਰਬ-ਸੰਮਤੀ ਨ ਹਣ ਕਾਰਣ ਅਜਿਹੇ ਯਤਨ ਨਿਸਫਲ ਰਹੇ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1932, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਸਰਬੱਤ ਖ਼ਾਲਸਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਰਬੱਤ ਖ਼ਾਲਸਾ : ( ਸੰਸਕ੍ਰਿਤ ਸਰਵ/ਸਰਵਤਸ ਤੋਂ ਸਰਬੱਤ ਜਿਸ ਦਾ ਅਰਥ ਹੈ ਸਾਰਾ ਜਾਂ ਸਮੁੱਚਾ ) ਇਕ ਅਜਿਹਾ ਸ਼ਬਦ ਹੈ ਜਿਸਦੇ ਦੂਹਰੇ ਅਰਥ ਹਨ । ਇਹ ਇਕ ਸੰਕਲਪ ਅਤੇ ਸੰਸਥਾ ਦੋਵੇਂ ਹੀ ਹੈ । ਸੰਕਲਪਾਤਮਿਕ ਤੌਰ ਤੇ ਖ਼ਾਲਸਾ ਸੰਗਤ ਦਾ ਹੀ ਵਿਸਤਾਰ ਹੈ ਜਿਸ ਦੀ ਸਿੱਖ ਧਰਮ ਗ੍ਰੰਥ , ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਹਿਮਾ ਗਾਇਨ ਕੀਤੀ ਗਈ ਹੈ ਕਿਉਂਕਿ ਇਸ ਵਿਚ ਪਰਮਾਤਮਾ ਆਪ ਵਸਦਾ ਪ੍ਰਤੀਤ ਕੀਤਾ ਗਿਆ ਹੈ ( ਗੁ.ਗ੍ਰੰ. 460 , 1314 , 1335 ) । ਇਹਨਾਂ ਅਰਥਾਂ ਵਿਚ ਸਰਬੱਤ ਖ਼ਾਲਸਾ ਇਕ ਰਹਸਾਤਮਿਕ ਹੋਂਦ ਹੈ ਜੋ ਸਮੁੱਚੇ ਸਿੱਖ ਜਗਤ ਨੂੰ ਜੋੜਨ ਵਾਲੀ ਸ਼ਕਤੀ ਹੈ ਜਿਸ ਵਿਚ ਪਰਮਾਤਮਾ ਦੀ ਜੋਤ ਬਿਰਾਜਮਾਨ ਹੁੰਦੀ ਹੈ । ਦਸਵੇਂ ਗੁਰੂ , ਗੁਰੂ ਗੋਬਿੰਦ ਸਿੰਘ ਜੀ ਨੇ ਸੰਗਤ ਨੂੰ ਪਰਮਾਤਮਾ ਦੀ ਇੱਛਾ ਜਾਂ ਖੁਸ਼ੀ ਨੂੰ ਮੰਨਣ ਅਤੇ ਪ੍ਰਗਟ ਕਰਨ ਵਾਲੇ ਖ਼ਾਲਸਾ ਵਿਚ ਬਦਲ ਦਿੱਤਾ । ਸਰਬਲੋਹ ਗ੍ਰੰਥ ਵਿਚ ਇਕ ਤੁਕ ਹੈ ਜੋ ਆਮ ਤੌਰ ਤੇ ਗੁਰੂ ਜੀ ਨਾਲ ਜੋੜੀ ਜਾਂਦੀ ਹੈ : “ ਖ਼ਾਲਸਾ ਅਕਾਲ ਪੁਰਖ ਕੀ ਫ਼ੌਜ” । ਪ੍ਰਗਟਿਉ ਖ਼ਾਲਸਾ ਪਰਮਾਤਮ ਕੀ ਮੌਜ । ” ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਵਿਅਕਤੀਗਤ ਗੁਰੂ ਦੀ ਹੋਂਦ ਨੂੰ ਸਮਾਪਤ ਕਰਦੇ ਹੋਏ ਸਰਬੱਤ ਖ਼ਾਲਸਾ ਰੂਪੀ ਗੁਰੂ ਪੰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਸੱਚਾ ਅਤੇ ਸਦੀਵੀ ਅਧਿਆਤਮਿਕ ਉਤਰਾਧਿਕਾਰੀ ਮੰਨਿਆ ਗਿਆ ਹੈ । ਇਕ ਹੋਰ ਇਤਿਹਾਸਿਕ ਅਰਥਾਂ ਵਿਚ ਸਰਬੱਤ ਖ਼ਾਲਸਾ , ਖ਼ਾਲਸਾ ਗਣਰਾਜ ਦੀ ਸਮੁੱਚੀ ਇੱਛਾ ਸ਼ਕਤੀ ਦੀ ਨੁਮਾਇੰਦਗੀ ਕਰਦਾ ਹੈ ਜਿਸ ਨੂੰ ਕੋਈ ਵੀ ਆਮ ਸਿੱਖ , ਸਰਦਾਰ ਜਾਂ ਸ਼ਹਿਜ਼ਾਦਾ ਮੰਨਣ ਤੋਂ ਇਨਕਾਰੀ ਨਹੀਂ ਹੋ ਸਕਦਾ । ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਸਰਬੱਤ ਖ਼ਾਲਸੇ ਦਾ ਬੁਲਾਇਆ ਗਿਆ ਇਕੱਠ ਸਰਬ-ਉੱਚ ਹੈ ਜਿਸ ਕੋਲ ਵਿਚਾਰ ਕਰਨ ਅਤੇ ਫਿਰ ਅਗੇ ਸਰਬੱਤ ਖ਼ਾਲਸੇ ਦੁਆਰਾ ਲਏ ਗਏ ਫੈਸਲਿਆਂ ਨੂੰ ਲਾਗੂ ਕਰਨ ਦੀਆਂ ਸ਼ਕਤੀਆਂ ਹਨ । ਇਸ ਕੋਲ ਸਿੱਖ ਸੰਗਤ ਨੂੰ ਆਦੇਸ਼ ਦੇਣ ਜਾਂ ਹੁਕਮਨਾਮੇ ਭੇਜਣ ਦੀ ਸ਼ਕਤੀ ਵੀ ਹੈ ।

ਸਰਬੱਤ ਖ਼ਾਲਸੇ ਦੀ ਇਹ ਸੰਸਥਾ ਉਪੱਦਰੀ ਅਤੇ ਬੇਚੈਨ ਕਰਦੇ ਰਹਿਣ ਵਾਲੀ ਅਠਾਰ੍ਹਵੀਂ ਸਦੀ ਦੀਆਂ ਲੋੜਾਂ ਅਤੇ ਮਜਬੂਰੀਆਂ ਵਿਚੋਂ ਪੈਦਾ ਹੋਈ ਹੈ ਜਦੋਂ ਸਿੱਖਾਂ ਨੂੰ ਆਪਣੇ ਘਰ ਘਾਟ ਛੱਡ ਕੇ ਮਜਬੂਰਨ ਦੂਰ ਦੁਰਾਡੇ ਪਹਾੜਾਂ ਅਤੇ ਜੰਗਲਾਂ ਵਿਚ ਜਾ ਕੇ ਵੱਡੇ ਅਤੇ ਛੋਟੇ ਗਰੁਪਾਂ ਵਿਚ ਰਹਿਣਾ ਪਿਆ । ਹਰ ਗਰੁਪ ਵਿਚੋਂ ਅੰਮ੍ਰਿਤਧਾਰੀ ਰਿਸ਼ਟ-ਪੁਸ਼ਟ ਸਿੱਖਾਂ ਨੇ ਹਕੂਮਤ ਨਾਲ ਲੜਨ ਲਈ ਆਪਣੇ ਆਪਣੇ ਜੱਥੇ ਕਾਇਮ ਕਰ ਲਏ । ਸ਼ਾਹੀ ਫੌਜਾਂ ਨਾਲ ਲੜਾਈ ਚਲਦੀ ਰਹਿਣ ਕਾਰਨ ਇਹ ਵਸੋਂ ਤੋਂ ਦੂਰ ਰਹਿੰਦੇ ਸਨ ਅਤੇ ਇਸੇ ਲਈ ਇਹਨਾਂ ਵਿਚ ਵਸਾਖੀ ਅਤੇ ਦੀਵਾਲੀ ਦੇ ਵਿਸ਼ੇਸ਼ ਮੌਕਿਆਂ ਤੇ ਅੰਮ੍ਰਿਤਸਰ ਵਿਖੇ ਇਕੱਠੇ ਹੋਣ ਦੀ ਇਕ ਪਰੰਪਰਾ ਬਣ ਗਈ । ਬਹਾਦਰ ਯੋਧਿਆਂ ਅਤੇ ਆਮ ਸਿੱਖਾਂ ਦੇ ਇਕੱਠ ਜੋ ਸਮੁੱਚੇ ਪੰਥ ਦੀ ਨੁਮਾਇੰਦਗੀ ਕਰਦੇ ਸਨ ਸਰਬੱਤ ਖ਼ਾਲਸਾ ਕਹਿਲਾਏ । ਇਹਨਾਂ ਅਰਥਾਂ ਵਿਚ ਹੁਣ ਵੀ ਅਤੇ ਉਸ ਸਮੇਂ ਵੀ ਸਰਬੱਤ ਖ਼ਾਲਸਾ ਸਮੁੱਚੇ ਪੰਥ ਦੀ ਨੁਮਾਇੰਦਾ ਸੰਸਥਾ ਹੈ ਜਿਸ ਦੇ ਨਾਂ ਤੇ ਵਿਅਕਤੀਗਤ ਰੂਪ ਵਿਚ ਅਤੇ ਸਮੁੱਚੇ ਇਕੱਠ ਦੇ ਰੂਪ ਵਿਚ ਵੀ ਅਰਦਾਸ ਹੁੰਦੀ ਸੀ । ਜਥੇਬੰਦਕ ਨੀਤੀ ਅਤੇ ਆਮ ਮਸਲਿਆਂ ਜਿਨ੍ਹਾਂ ਬਾਰੇ ਕੁਝ ਨਾ ਕੁਝ ਕਰਨ ਦੀ ਲੋੜ ਹੁੰਦੀ ਸੀ ਵਿਚਾਰ ਕਰਕੇ ਸਰਬੱਤ ਖ਼ਾਲਸਾ ਫੈਸਲੇ ਕਰਦਾ ਸੀ । ਵੱਖ ਵੱਖ ਜਥਿਆਂ ਦੀਆਂ ਸਰਗਰਮੀਆਂ ਬਾਰੇ ਧਿਆਨ ਰੱਖਿਆ ਜਾਂਦਾ ਸੀ ਅਤੇ ਉਹਨਾਂ ਦੇ ਮੁਗਲ ਅਤੇ ਅਫ਼ਗਾਨ ਦਮਨਕਾਰੀਆਂ ਅਤੇ ਸਹਿਯੋਗੀ ਜਾਟਾਂ ਅਤੇ ਮਰਾਠਿਆਂ ਨਾਲ ਮਿੱਤਰਤਾ ਦੇ ਸੰਬੰਧਾਂ ਬਾਰੇ ਨੀਤੀਆਂ ਨਿਰਧਾਰਿਤ ਕੀਤੀਆਂ ਜਾਂਦੀਆਂ ਸਨ ।

      ਸਭ ਤੋਂ ਪਹਿਲਾਂ ਸਰਬੱਤ ਖ਼ਾਲਸਾ ਇਕੱਠ ਦੀਵਾਲੀ 1723 ਦੇ ਮੌਕੇ ਤੇ ਹੋਇਆ ਜਦੋਂ ਤੱਤ ਖ਼ਾਲਸਾ ਅਤੇ ਬੰਦਈਆਂ ( ਜੋ ਬੰਦਾ ਸਿੰਘ ਬਹਾਦਰ ਨਾਲ ਸੰਬੰਧਿਤ ਸਨ ) ਵਿਚਕਾਰ ਝਗੜਾ ਹੁੰਦਾ ਹੁੰਦਾ ਰਹਿ ਗਿਆ ਅਤੇ ਭਾਈ ਮਨੀ ਸਿੰਘ ਦੀ ਦਖਲਅੰਦਾਜੀ ਅਤੇ ਸਲਾਹ ਨਾਲ ਮਿੱਤਰਤਾ ਪੂਰਬਕ ਇਸ ਦਾ ਨਿਪਟਾਰਾ ਹੋ ਗਿਆ । ਇਸ ਤੋਂ ਅਗਲਾ ਸਰਬੱਤ ਖ਼ਾਲਸਾ ਦੱਲ-ਵਾਂ ਦੇ ਭਾਈ ਤਾਰਾ ਸਿੰਘ ਦੀ 1726 ਵਿਚ ਹੋਈ ਸ਼ਹਾਦਤ ਦੇ ਛੇਤੀ ਹੀ ਪਿੱਛੋਂ ਹੋਇਆ ਜਿਸ ਵਿਚ ਇਕ ਗੁਰਮਤਾ ਪਾਸ ਹੋਇਆ । ਇਸ ਵਿਚ ਖ਼ਾਲਸੇ ਨੇ ਆਪਣੀਆਂ ਸਰਗਰਮੀਆਂ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ; ਪਹਿਲਾ ਸੀ ਸਥਾਨਿਕ ਅਤੇ ਖੇਤਰੀ ਦਫ਼ਤਰਾਂ ਅਤੇ ਕੇਂਦਰੀ ਖਜ਼ਾਨੇ ਵਿਚ ਲੈਣ ਦੇਣ ਵਾਲੇ ਸਰਕਾਰੀ ਖਜ਼ਾਨਿਆਂ ਨੂੰ ਲੁੱਟਿਆ ਜਾਵੇ; ਦੂਸਰਾ ਹਥਿਆਰਾਂ ਅਤੇ ਘੋੜਿਆਂ ਅਤੇ ਗੱਡੀਆਂ ਲਈ ਸਰਕਾਰੀ ਅਸਲਾਖਾਨਿਆਂ ਅਤੇ ਤਬੇਲਿਆਂ ਉੱਤੇ ਹਮਲਾ ਕੀਤਾ ਜਾਵੇ ਅਤੇ ਤੀਸਰਾ ਸਰਕਾਰੀ ਮੁਖ਼ਬਰਾਂ ਅਤੇ ਝੋਲੀ ਚੁੱਕਾਂ ਨੂੰ ਖ਼ਤਮ ਕੀਤਾ ਜਾਵੇ । ਇਕ ਹੋਰ ਸਰਬੱਤ ਖ਼ਾਲਸਾ 1733 ਵਿਚ ਹੋਇਆ ਜਿਸ ਵਿਚ ਸਰਕਾਰ ਵੱਲੋਂ ਪੇਸ਼ ਕੀਤੀ ਗਈ ਨਵਾਬੀ ਅਤੇ ਜਗੀਰ ਬਾਰੇ ਵਿਚਾਰ ਹੋਇਆ ਅਤੇ ਅੰਤ ਇਸ ਨੂੰ ਪਰਵਾਨ ਕਰ ਲਿਆ ਗਿਆ ਸੀ । 14 ਅਕਤੂਬਰ 1745 ( ਦੀਵਾਲੀ ਦੇ ਦਿਨ ) ਨੂੰ ਸਰਬੱਤ ਖ਼ਾਲਸਾ ਵਿਚ ਪਾਸ ਹੋਏ ਗੁਰਮਤੇ ਅਨੁਸਾਰ ਸਿੱਖਾਂ ਦੇ ਲੜਾਕੂ ਯੋਧਿਆਂ ਨੂੰ 25 ਜਥਿਆਂ ਵਿਚ ਵੰਡਿਆ ਗਿਆ ਜਿਸ ਵਿਚ ਹਰੇਕ ਵਿਚ ਲਗਪਗ 100 ਆਦਮੀ ਸ਼ਾਮਲ ਸਨ । ਇਸ ਉਪਰੰਤ ਦਲ ਖ਼ਾਲਸਾ ਦੇ ਰੂਪ ਵਿਚ 11 ਮਿਸਲਾਂ ਦਾ ਸੰਗਠਨ ਕਰਨ ਲਈ 29 ਮਾਰਚ 1748 ਨੂੰ ਸਰਬੱਤ ਖ਼ਾਲਸਾ ਦਾ ਇਕੱਠ ਹੋਇਆ ।

      ਇਸ ਤਰ੍ਹਾਂ ਸਰਬੱਤ ਖ਼ਾਲਸਾ ਕੇਂਦਰੀ ਸੰਸਥਾ ਬਣ ਗਈ ਜਿਸ ਬਾਰੇ ਕਨਿੰਘਮ ਆਪਣੀ ਪੁਸਤਕ ਏ ਹਿਸਟਰੀ ਆਫ਼ ਦ ਸਿਖਸ ਵਿਚ ਇਸ ਨੂੰ ਮਿਸਲਾਂ ਦੁਆਰਾ ਸਥਾਪਿਤ ‘ ਧਰਮਤੰਤਰੀ ਸਾਮੰਤਵਾਦੀ ਗਠਜੋੜ` ਲਿਖਦਾ ਹੈ । ਪਰੰਤੂ ਜਦੋਂ ਮਿਸਲ ਮੁਖੀ ਆਪਣੇ ਆਪਣੇ ਇਲਾਕਿਆਂ ਵਿਚ ਸਥਾਪਿਤ ਹੋ ਗਏ ਅਤੇ ਜਦੋਂ ਬਾਹਰੋਂ ਹਮਲਾ ਜਾਂ ਦਖਲ ਅੰਦਾਜ਼ੀ ਖ਼ਤਮ ਹੋ ਗਈ ਤਾਂ ਇਹ ਆਪਸ ਵਿਚ ਇਕ ਦੂਜੇ ਨਾਲ ਈਰਖਾ ਕਰਨ ਅਤੇ ਲੜਨ ਲਗ ਪਏ । ਇਸ ਤਰ੍ਹਾਂ ਦੇ ਹਾਲਾਤਾਂ ਵਿਚ ਸਰਬੱਤ ਖ਼ਾਲਸਾ ਇਕੱਠ ਹੋਣੇ ਘੱਟ ਗਏ ਅਤੇ ਇਹਨਾਂ ਦੀ ਮਹੱਤਤਾ ਘਟ ਗਈ । ਇਹਨਾਂ ਦਾ ਸੰਵਿਧਾਨ ਵੀ ਬਦਲ ਗਿਆ । ਪਹਿਲਾਂ ਦੇ ਸੰਵਿਧਾਨ ਅਨੁਸਾਰ ਸਾਰੇ ਹਾਜ਼ਰ ਮੈਂਬਰ ਵਿਚਾਰ ਵਟਾਂਦਰੇ ਵਿਚ ਹਿੱਸਾ ਲੈ ਸਕਦੇ ਸਨ ਪਰੰਤੂ ਹੁਣ ਬਦਲੇ ਹੋਏ ਸੰਵਿਧਾਨ ਅਨੁਸਾਰ ਮਿਸਲ ਮੁਖੀ ਜਾਂ ਉਹਨਾਂ ਦੇ ਵਕੀਲ ਹੀ ਇਸ ਦੇ ਵਿਚਾਰ ਵਟਾਂਦਰੇ ਵਿਚ ਹਿੱਸਾ ਲੈ ਸਕਦੇ ਸਨ । ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਬਾਦਸ਼ਾਹੀ ਸਥਾਪਿਤ ਹੋਣ ਨਾਲ ਇਹ ਸਰਬੱਤ ਸੰਸਥਾ ਅਪ੍ਰਚਲਿਤ ਹੋ ਗਈ । ਅਖੀਰਲਾ ਸਰਬੱਤ ਖ਼ਾਲਸਾ ਜਿਸ ਦੀ ਜਾਣਕਾਰੀ ਉਪਲਬਧ ਹੈ 1805 ਵਿਚ ਮਰਾਠਾ ਮੁਖੀ ਜਸਵੰਤ ਰਾਉ ਹੋਲਕਰ ਬਾਰੇ ਨਿਰਣੈ ਲੈਣ ਬਾਰੇ ਸੀ ਜਿਸਨੂੰ ਬ੍ਰਿਟਿਸ਼ ਨੇ ਹਰਾ ਦਿੱਤਾ ਸੀ ਅਤੇ ਜਿਸਨੇ ਸਿੱਖਾਂ ਦੀ ਮਦਦ ਮੰਗੀ ਸੀ । ਮਹਾਰਾਜਾ ਰਣਜੀਤ ਸਿੰਘ ਨੇ ਇਸ ਸੰਮੇਲਨ ਵਿਚ ਭਾਗ ਲੈਣ ਲਈ ਕੇਵਲ ਚੋਣਵੇਂ ਸਿੱਖ ਮੁਖੀਆਂ ਨੂੰ ਸੱਦਾ ਭੇਜਿਆ ਸੀ । ਇਸ ਵਿਚ ਖੁੱਲ ਕੇ ਵਿਚਾਰ ਵਟਾਂਦਰਾ ਹੋਇਆ ਸੀ ਪਰੰਤੂ ਇਸ ਇਕੱਠ ਦਾ ਰੋਲ ਕੇਵਲ ਸਲਾਹਕਾਰ ਦਾ ਹੀ ਸੀ ਕਿਉਂਕਿ ਅਖ਼ੀਰਲਾ ਫ਼ੈਸਲਾ ਨਵੇਂ ਮਹਾਰਾਜੇ ਰਣਜੀਤ ਸਿੰਘ ਦਾ ਸੀ ।

      ਸਰਬੱਤ ਖ਼ਾਲਸੇ ਦਾ ਬਿਉਰਾ ਸਾਡੇ ਤਕ ਕੁਝ ਨੇੜੇ ਦੇ ਸਮਕਾਲੀਆਂ ਦੀਆਂ ਲਿਖਤਾਂ ਰਾਹੀਂ ਪਹੁੰਚਿਆ ਹੈ । ਇਹਨਾਂ ਅਨੁਸਾਰ ਸਰਬੱਤ ਖ਼ਾਲਸਾ ਹਮੇਸ਼ਾਂ ਅਕਾਲ ਤਖ਼ਤ ਤੇ ਹੀ ਬੁਲਾਇਆ ਜਾਂਦਾ ਸੀ । ਇਸ ਵਿਚ ਸ਼ਾਮਲ ਹੋਣ ਵਾਲੇ ਸਰੋਵਰ ਵਿਚ ਇਸ਼ਨਾਨ ਕਰਨ ਅਤੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਤਖ਼ਤ ਦੇ ਸਾਮ੍ਹਣੇ ਖੁਲ੍ਹੀ ਥਾਂ ਵਿਚ ਇਕੱਠੇ ਹੁੰਦੇ ਸਨ ਜਿਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ ਜਿਸ ਦੀ ਸੇਵਾ ਵਿਚ ਅਕਾਲੀ ( ਨਿਹੰਗ ) ਹੁੰਦੇ ਸਨ । ਜੋਹਨ ਮੈਲਕਾਮ ਆਪਣੀ ਪੁਸਤਕ ਸਕੈਚ ਆਫ ਦ ਸਿਖਸ ਵਿਚ ਲਿਖਦਾ ਹੈ : ਜਦੋਂ ਮੁਖੀ ਅਤੇ ਮੁਖ ਨੇਤਾ ਇਸ ਮੌਕੇ ਤੇ ਆਪਸ ਵਿਚ ਮਿਲਦੇ ਹਨ ਤਾਂ ਇਹ ਸ਼ਰਤੀਆ ਮੰਨ ਲਿਆ ਜਾਂਦਾ ਹੈ ਕਿ ਸਾਰੀਆਂ ਆਪਸੀ ਦੁਸ਼ਮਣੀਆਂ ਭੁਲਾ ਦਿੱਤੀਆਂ ਗਈਆਂ ਹਨ ਅਤੇ ਹਰ ਕੋਈ ਸਾਰਿਆਂ ਦੀ ਭਲਾਈ ਨੂੰ ਧਿਆਨ ਵਿਚ ਰੱਖ ਕੇ ਦੇਸ਼ ਭਗਤੀ ਦੇ ਸ਼ੁੱਧ ਸਿਧਾਂਤ ਤੋਂ ਪ੍ਰੇਰਿਤ ਹੋ ਕੇ ਧਾਰਮਿਕ ਹਿੱਤਾਂ ਅਤੇ ਆਪਣੇ ਸਾਂਝੇ ਸੰਗਠਨ ਤੋਂ ਬਿਨਾਂ ਹੋਰ ਕਿਸੇ ਚੀਜ ਬਾਰੇ ਨਹੀਂ ਸੋਚਦਾ ਹੈ ।

      ਅਰਦਾਸ ਅਤੇ ਕੜਾਹ ਪ੍ਰਸ਼ਾਦ ਵਰਤਾਉਣ ਉਪਰੰਤ ਸਮਾਗਮ ਦੀ ਕਾਰਵਾਈ ਅਰੰਭ ਹੁੰਦੀ ਸੀ :

      ਅਸਲ ਕਬੀਲੇ ਦਾ ਵਖਰੇਵਾਂ ਜਿਹੜਾ ਕਿ ਕਿਸੇ ਹੋਰ ਮੌਕੇ ‘ ਤੇ ਹਮੇਸ਼ਾਂ ਕਾਇਮ ਰੱਖਿਆ ਜਾਂਦਾ ਸੀ , ਇਸ ਮੌਕੇ ਤੇ ਇਕ ਪਾਸੇ ਕਰ ਦਿੱਤਾ ਜਾਂਦਾ ਹੈ ਜਿਸ ਨਾਲ ਸਾਂਝੇ ਹਿੱਤਾਂ ਬਾਰੇ ਪੂਰੀ ਤਰ੍ਹਾਂ ਸਹਿਮਤੀ ਜ਼ਾਹਰ ਕੀਤੀ ਜਾਂਦੀ ਹੈ । ਅਕਾਲੀ ਫਿਰ ਉੱਚੀ ਆਵਾਜ਼ ਵਿਚ ਕਹਿੰਦੇ ਹਨ , ‘ ਸਰਦਾਰ’ , ਇਹ ਗੁਰਮਤਾ ਹੈ` ਫਿਰ ਦੁਬਾਰਾ ਇਸ ਬਾਰੇ ਉੱਚੀ ਸੁਰ ਵਿਚ ਅਰਦਾਸ ਕੀਤੀ ਜਾਂਦੀ ਹੈ । ਫਿਰ ਇਸ ਉਪਰੰਤ ਮੁਖੀ ਇਕੱਠੇ ਬੈਠ ਕੇ ਇਕ ਦੂਸਰੇ ਨੂੰ ਕਹਿੰਦੇ ਹਨ-‘ ਅਸੀਂ ਪਵਿੱਤਰ ਗ੍ਰੰਥ , ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਇਕੱਠੇ ਹੋਏ ਹਾਂ; ਇਸ ਲਈ ਅਸੀਂ ਆਪਣੇ ਪਵਿੱਤਰ ਗ੍ਰੰਥ ਦੀ ਸਹੁੰ ਖਾ ਕੇ ਕਹਿੰਦੇ ਹਾਂ ਕਿ ਅਸੀਂ ਆਪਣੇ ਸਾਰੇ ਅੰਦਰੂਨੀ ਗਿਲੇ ਸ਼ਿਕਵੇ ਭੁਲ ਕੇ ਇਕਮੁਠਤਾ ਦਾ ਵਾਹਦਾ ਕਰਦੇ ਹਾਂ` । ਧਾਰਮਿਕਤਾ ਦੇ ਇਸ ਵਾਤਾਵਰਣ ਅਤੇ ਸੱਚੀ ਦੇਸ਼ ਭਗਤੀ ਨੂੰ ਸਾਰੇ ਗਿਲੇ ਸ਼ਿਕਵੇ ਖਤਮ ਕਰਨ ਲਈ ਵਰਤਿਆ ਜਾਂਦਾ ਹੈ । ਇਸ ਉਪਰੰਤ ਉਹ ਪੰਥ ਨੂੰ ਦਰਪੇਸ਼ ਖ਼ਤਰੇ ਬਾਰੇ ਵਿਚਾਰ ਕਰਦੇ ਹਨ ਅਤੇ ਇਸ ਤੋਂ ਬਚਣ ਦੀਆਂ ਯੋਜਨਾਵਾਂ ਬਣਾਉਂਦੇ ਹਨ ਅਤੇ ਆਪਣੇ ਸਾਂਝੇ ਦੁਸ਼ਮਣ ਦਾ ਟਾਕਰਾ ਕਰਨ ਲਈ ਆਪਣੇ ਆਗੂ ਜਰਨੈਲਾਂ ਦੀ ਚੋਣ ਕਰਦੇ ਹਨ ।

      ਅਜੋਕੇ ਸਮੇਂ ਵਿਚ ਪੰਥ ਨੂੰ ਦਰਪੇਸ਼ ਮਹੱਤਵਪੂਰਨ ਰਾਜਨੀਤਿਕ ਸਮੱਸਿਆਵਾਂ ਬਾਰੇ ਵਿਚਾਰ ਕਰਨ ਲਈ ਸਰਬੱਤ ਖ਼ਾਲਸੇ ਦੀ ਸੰਸਥਾ ਨੂੰ ਪੁਨਰ ਸੁਰਜੀਤ ਕਰਨ ਦੇ ਯਤਨ ਹੋਏ ਹਨ ਪਰੰਤੂ ਇਸ ਦੇ ਸੰਵਿਧਾਨ ਬਾਰੇ ਆਮ ਸਹਿਮਤੀ ਅਜੇ ਤਕ ਨਹੀਂ ਬਣ ਸਕੀ ਹੈ ।


ਲੇਖਕ : ਮ.ਗ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1932, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸਰਬੱਤ ਖ਼ਾਲਸਾ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸਰਬੱਤ ਖ਼ਾਲਸਾ : ‘ ਖ਼ਾਲਸਾ’ ਫ਼ਾਰਸੀ ਸ਼ਬਦ ਹੈ ਜਿਸ ਦਾ ਅਰਥ ਹੈ ਉਹ ਜ਼ਮੀਨ ਜਾਂ ਮਿਲਕ ਜੋ ਬਾਦਸ਼ਾਹ ਦੇ ਅਧੀਨ ਹੋਵੇ ਅਤੇ ਜਿਸ ਉੱਤੇ ਉਸ ਦੇ ਨਿਜੀ ਕਾਰਿੰਦੇ ਕੰਮ ਕਰਨ । ਇਸ ਦਾ ਇਕ ਅਰਥ ( ਖ਼ਾਲਿਸ ਤੋਂ ) ਪਵਿੱਤ੍ਰ ਜਾਂ ਮਿਲਾਵਟ– ਰਹਿਤ ਵੀ ਹੈ । ਦਸਮ ਗ੍ਰੰਥ ਜੀ ਨੇ ਖ਼ਾਲਸਾ ਸਾਜ ਕੇ ਅਜਿਹੇ ਪਵਿੱਤ੍ਰ ਵਿਅਕਤੀਆਂ ਦਾ ਸਮੂਹ ਤਿਆਰ ਕੀਤਾ ਸੀ ਜਿਹੜੇ ਖ਼ੁਦ ਨੂੰ ਸੱਚੇ ਪਾਤਸ਼ਾਹ ( ਵਾਹਿਗੁਰੂ ) ਦੇ ਹੁਕਮ ਅਧੀਨ ਰੱਖਣ । ਸਰਬੱਤ ਖ਼ਾਲਸਾ ਤੋਂ ਭਾਵ ਸਮੁੱਚਾ ਖ਼ਾਲਸਾ ਸਮੂਹ ਹੈ । ਇਤਿਹਾਸ ਅਨੁਸਾਰ ਅੰਮ੍ਰਿਤਧਾਰੀ ਸਿੰਘਾਂ ਦਾ ਉਹ ਸਮੂਹ ਜਿਹੜਾ ਵੈਸਾਖੀ ਅਤੇ ਦੀਵਾਲੀ ਦੇ ਦਿਨ ਜਾਂ ਹੋਰ ਕਿਸੇ ਨੀਅਤ ਦਿਹਾੜੇ ਅਕਾਲ ਤਖ਼ਤ ਜਾਂ ਲੋੜ ਸਮੇਂ ਕਿਸੇ ਹੋਰ ਸਥਾਨ ਤੇ ਇਕੱਠਾ ਹੁੰਦਾ ਸੀ , ਸਰਬੱਤ ਖ਼ਾਲਸਾ ਅਖਵਾਉਂਦਾ ਸੀ । ਇਸ ਪਰੰਪਰਾ ਦਾ ਆਰੰਭ ਮਿਸਲਾਂ ਦੇ ਜ਼ਮਾਨੇ ਤੋਂ ਹੋਇਆ ਤੇ ਇਹ ਅੱਜ ਤਕ ਕਾਇਮ ਹੈ । ਸਰਬੱਤ ਖ਼ਾਲਸਾ ਵਿਚ ਸਿੱਖ ਪੰਥ ਸਾਮ੍ਹਣੇ ਦਰਪੇਸ਼ ਧਾਰਮਿਕ , ਰਾਜਨੀਤਿਕ ਅਤੇ ਹੋਰ ਮਸਲਿਆਂ ਨੂੰ ਸੋਚ ਵਿਚਾਰ ਅਤੇ ਵਾਦ– ਵਿਵਾਦ ਤੋਂ ਬਾਅਦ ਸਰਬਸੰਮਤੀ ਜਾਂ ਬਹੁਤਮ ਦੀ ਪ੍ਰਵਾਨਗੀ ਨਾਲ ਨਜਿੱਠਿਆ ਜਾਂਦਾ ਹੈ ਅਤੇ ਇਸ ਸਮੇਂ ਪਾਸ ਕੀਤੇ ਗਏ ਮੱਤੇ ਗੁਰਮੱਤੇ ਅਖਵਾਉਂਦੇ ਹਨ । ਇਹ ਇਕੱਠ ਗੁਰੂ ਗ੍ਰੰਥ ਸਾਹਿਬ ਅਤੇ ਪੰਜ ਪਿਆਰਿਆਂ ਜਾਂ ਸਿੰਘ ਸਾਹਿਬਾਨ ਦੀ ਹਾਜ਼ਰੀ ਵਿਚ ਹੁੰਦਾ ਹੈ ਅਤੇ ਇਸ ਵਿਚ ਪਾਸ ਕੀਤੇ ਗਏ ਗੁਰਮੱਤੇ ਨੂੰ ਸਾਰਾ ਸਿੱਖ ਜਗਤ ਪ੍ਰਵਾਨ ਕਰਦਾ ਹੈ । ਇਸ ’ ਤੇ ਅਮਲ ਨਾ ਕਰਨ ਵਾਲਾ ਤਨਖ਼ਾਹੀਆ ਘੋਸ਼ਿਤ ਕੀਤਾ ਜਾਂਦਾ ਹੈ । ਸਰਬੱਤ ਖ਼ਾਲਸਾ ਵਿਚ ਹਰ ਧੜੇ ਅਤੇ ਰੂਪ ਜਾਂ ਵਿਚਾਰਧਾਰਾ ਦੇ ਸਿੱਖ ਸ਼ਾਮਲ ਹੋ ਸਕਦੇ ਹਨ ਅਤੇ ਉਹ ਵਾਦ– ਵਿਵਾਦ ਸਮੇਂ ਆਪਣੀ ਰਾਏ ਵੀ ਦੇ ਸਕਦੇ ਹਨ , ਪਰੰਤੂ ਕਿਸੇ ਨਿਰਣੈ ’ ਤੇ ਪੁੱਜਦ ਲਈ ਵੋਟਿੰਗ ਵਿਚ ਕੇਵਲ ਅੰਮ੍ਰਿਤਧਾਰੀ ਸਿੱਖ ਹੀ ਭਾਗ ਲੈ ਸਕਦੇ ਹਨ । ਇਹ ਸਰਬੱਤ ਖ਼ਾਲਸਾ ਦਾ ਇਕੱਠ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਹੀ ਬੁਲਾਇਆ ਜਾਂਦਾ ਹੈ ਪਰੰਤੂ ਲੋੜ ਪੈਣ ’ ਤੇ ਬਾਕੀ ਚਾਰ ਤਖ਼ਤਾਂ ( ਕੇਸਗੜ੍ਹ ਸਾਹਿਬ , ਦਮਦਮਾ ਸਾਹਿਬ , ਪਟਨਾ ਸਾਹਿਬ ਅਤੇ ਹਜੂਰ ਸਾਹਿਬ ) ਦੇ ਸਾਰੇ ਜੱਥੇਦਾਰ ਜਾਂ ਉਨ੍ਹਾਂ ਵਿਚੋਂ ਕੋਈ ਜੱਥੇਦਾਰ ਵੀ ਸਰਬੱਤ ਖ਼ਾਲਸਾ ਦੀ ਇਕਤ੍ਰਤਾ ਦਾ ਸੱਦਾ ਕੇ ਸਕਦੇ ਹਨ ਪਰੰਤੂ ਉਸ ਪ੍ਰਕਾਰ ਦੇ ਸਰਬੱਤ ਖ਼ਾਲਸਾ ਦੇ ਇਕੱਠ ਅਤੇ ਉਸ ਵਿਚ ਪਾਸ ਹੋਏ ਗੁਰਮੱਤਿਆਂ ਲਈ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਦੀ ਸਹਿਮਤੀ ਲਾਜ਼ਮੀ ਹੈ ।

                  ਬਲਯੂ ਸਟਾਰ ਆਪਰੇਸ਼ਨ ਤੋਂ ਬਾਅਦ ਕੁਝ ਧੜੇ ਇਸ ਪਵਿੱਤ੍ਰ ਪਰੰਪਰਾ ਦੀ ਉਲੰਘਣਾ ਵੀ ਕਰ ਰਹੇ ਹਨ ਅਤੇ ਉਹ ਅਜਿਹੇ ‘ ਸਰਬੱਤ ਖ਼ਾਲਸਾ’ ਇਕੱਠ ਆਯੋਜਿਤ ਕਰਦੇ ਹਨ ਜਿਨ੍ਹਾਂ ਵਿਚ ਕੇਵਲ ਇਕੋ ਰਾਜਨੀਤਿਕ ਦਲ ਜਾਂ ਸਿਆਸੀ ਤੇ ਮਜ਼੍ਹਬੀ ਧੜੇ ਦੇ ਸਿੰਘ ਸ਼ਾਮਲ ਹੁੰਦੇ ਹਨ ।

                  [ ਸਹਾ. ਗ੍ਰੰਥ– – ਮ. ਕੋ.; ‘ ਸਚਿੱਤਰ ਕੌਮੀ ਏਕਤਾ’ , ਮਾਰਚ , 1986 ]


ਲੇਖਕ : ਡਾ. ਪ੍ਰੀਤਮ ਸੈਨੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 898, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-04, ਹਵਾਲੇ/ਟਿੱਪਣੀਆਂ: no

ਸਰਬੱਤ ਖ਼ਾਲਸਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸਰਬੱਤ ਖ਼ਾਲਸਾ : ਸਿੱਖ ਧਰਮ ਦੇ ਮੰਨਣ ਵਾਲਿਆਂ ਲਈ ਆਪਣੇ ਧਾਰਮਿਕ ਮਾਮਲੇ ਸੁਲਝਾਉਣ ਲਈ ਇਕ ਖ਼ਾਸ ਤਰ੍ਹਾਂ ਦੀ ਵਿਵਸਥਾ ਹੈ । ਸਿੱਖ ਆਪਣੀ ਹੋਂਦ ਨਾਲ ਸਬੰਧਤ ਮਸਲੇ ਸਰਬੱਤ ਖ਼ਾਲਸਾ ਸਮਾਗਮ ਵਿਚ ਸੁਲਝਾਉਂਦੇ ਹਨ । ਸਰਬੱਤ ਖ਼ਾਲਸਾ ਦਾ ਅਰਥ ਹੈ ਸਮੂਹ ਖ਼ਾਲਸਾ ਜਾਂ ਸਮੁੱਚੇ ਖ਼ਾਲਸੇ ਦੀ ਇਕੱਤਰਤਾ ਜਿਸ ਵਿਚ ਮੰਨਿਆ ਜਾਂਦਾ ਹੈ ਕਿ ਇਸ ਇਕੱਤਰਤਾ ਵਿਚ ਕੀਤੇ ਫ਼ੈਸਲੇ ਸਾਰੇ ਖ਼ਾਲਸੇ ਨੂੰ ਪ੍ਰਵਾਨ ਹਨ ।

              ਸਰਬੱਤ ਖ਼ਾਲਸਾ ਵਿਚ ਅੰਮ੍ਰਿਤਧਾਰੀ ਸਿੰਘ ਦੇ ਹੀ ਸ਼ਾਮਲ ਹੋਣ ਦਾ ਸੰਕੇਤ ਮਿਲਦਾ ਹੈ ਕਿਉਂਕਿ ਖ਼ਾਲਸਾ ਪਦ ਉਸ ਸਿੱਖ ਲਈ ਪ੍ਰਯੋਗ ਕੀਤਾ ਜਾਂਦਾ ਹੈ ਜੋ ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਹੋਵੇ । ਖ਼ਾਲਸੇ ਨੂੰ ਆਪਣੇ ਫ਼ੈਸਲੇ ਆਪ ਕਰਨ ਦਾ ਅਧਿਕਾਰ ਦੇਣ ਦਾ ਪ੍ਰਬੰਧ ਗੁਰੂ ਗੋਬਿੰਦ ਸਿੰਘ ਜੀ ਨੇ ਉਦੋਂ ਹੀ ਕਰ ਦਿਤਾ ਸੀ ਜਦੋਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ । ਇਤਿਹਾਸ ਗਵਾਹ ਹੈ ਕਿ ਜਦੋਂ ਵੀ ਪੰਜ ਪਿਆਰਿਆਂ ਨੇ ਇਕੱਠੇ ਹੋ ਕੇ ਗੁਰੂ ਸਾਹਿਬ ਨੂੰ ਕੋਈ ਆਦੇਸ਼ ਦਿਤਾ ਤਾਂ ਗੁਰੂ ਸਾਹਿਬ ਨੇ ਉਸ ਨੂੰ ਹੁਕਮ ਸਮਝਦਿਆਂ ਉਸ ਦੀ ਪਾਲਣਾ ਕੀਤੀ । ਇਸੇ ਰਵਾਇਤ ਨੂੰ ਅਗੇ ਤੋਰਦਿਆਂ ਖ਼ਾਲਸਾ ਪੰਥ ਨੇ ਅਠਾਰ੍ਹਵੀਂ ਸਦੀ ਵਿਚ ਅਹਿਮ ਮਸਲੇ ਸੁਲਝਾਉਣ ਲਈ ਸਰਬੱਤ ਖ਼ਾਲਸਾ ਦੇ ਸੰਕਲਪ ਦਾ ਪ੍ਰਯੋਗ ਕੀਤਾ ।

              ਸਰਬੱਤ ਖ਼ਾਲਸਾ ਸਿੱਖਾਂ ਵਿਚ ਇਕ ਐਸੀ ਰਵਾਇਤ ਹੈ ਜਿਹੜੀ ਕਾਨੂੰਨ ਬਣਾਉਂਦੀ ਹੈ , ਉਸ ਕਾਨੂੰਨ ਅਨੁਸਾਰ ਚਲਦੀ ਹੈ ਅਤੇ ਉਸੇ ਕਾਨੂੰਨ ਅਨੁਸਾਰ ਨਿਆਂ ਵੀ ਕਰਦੀ ਹੈ ।

              ਸਰਬੱਤ ਖ਼ਾਲਸਾ ਵਿਚ ਪਾਸ ਕੀਤੇ ਮਤੇ ਆਮ ਨਹੀਂ ਸਮਝੇ ਜਾਂਦੇ ਸਗੋਂ ਇਹ ‘ ਗੁਰਮਤੇ’ ਕਰਕੇ ਜਾਣੇ ਜਾਂਦੇ ਹਨ ।

              ਗੁਰਮਤੇ ਕਰਨ ਦੀ ਵਿਧੀ ਇਹ ਹੈ ਕਿ ਜਦੋਂ ਕਿਸੇ ਖ਼ਾਸ ਮਸਲੇ ਬਾਰੇ ਫ਼ੈਸਲਾ ਕਰਨਾ ਹੁੰਦਾ ਹੈ ਤਾਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਖ਼ਾਲਸੇ ਦਾ ਸਮਾਗਮ ਬੁਲਾਇਆ ਜਾਂਦਾ ਹੈ । ਇਸ ਸਮਾਗਮ ਵਿਚ ਵੱਖ ਵੱਖ ਧੜੇ ਸ਼ਾਮਲ ਹੁੰਦੇ ਹਨ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਪੁਜ ਕੇ ਸਭ ਧੜੇਬੰਦੀ ਖਤਮ ਹੋ ਜਾਂਦੀ ਹੈ । ਫਿਰ ਪੰਜ ਪਿਆਰੇ ਵੱਖ ਵੱਖ ਵਿਚਾਰ ਪੇਸ਼ ਕਰਦੇ ਹਨ ਤੇ ਸਰਬ ਸੰਮਤੀ ਨਾਲ ਅਤੇ ਮਤੇ ਪਾਸ ਕਰਦੇ ਹਨ ।

              ਸਰਬੱਤ ਖ਼ਾਲਸਾ ਦੇ ਸਮਾਗਮ ਆਮ ਤੌਰ ਤੇ ਅਕਾਲ ਤਖ਼ਤ ਤੇ ਹੁੰਦੇ ਹਨ । ਅਠਾਰ੍ਹਵੀਂ ਸਦੀ ਵਿਚ ਭਾਈ ਮਨੀ ਸਿੰਘ ਤੋਂ ਲੈ ਕੇ ਅਕਾਲੀ ਫੂਲਾ ਸਿੰਘ ਤਕ , ਸਰਬੱਤ ਖ਼ਾਲਸਾ ਸਮਾਗਮ ਅਕਾਲ ਤਖ਼ਤ ਸਾਹਿਬ ਤੇ ਹੁੰਦੇ ਰਹੇ । ਆਮ ਤੌਰ ਤੇ ਅਕਾਲ ਤਖ਼ਤ ਦਾ ਜਥੇਦਾਰ ਮੁੱਖ-ਪਿਆਰਾ ਹੁੰਦਾ ਸੀ । ਉਹ ਪਹਿਲਾਂ ਆਪਣੇ ਨਾਲ ਚਾਰ ਹੋਰ ਪਿਆਰਿਆਂ ਦੀ ਚੋਣ ਕਰਦਾ ਸੀ , ਫਿਰ ਪੇਸ਼ ਮਸਲੇ ਬਾਰੇ ਵਿਚਾਰ ਕੀਤੀ ਜਾਂਦੀ ਸੀ ।

              ਅਠਾਰ੍ਹਵੀਂ ਸਦੀ ਵਿਚ ਜਦੋਂ ਸਿੰਘ ਜੰਗਲਾਂ ਵਿਚ ਰਹਿੰਦੇ ਸਨ ਅਤੇ ਸਾਰੇ ਸਿੰਘਾਂ ਦਾ ਅਕਾਲ ਤਖ਼ਤ ਸਾਹਿਬ ਤੇ ਪੁੱਜਣਾ ਸੰਭਵ ਨਹੀਂ ਸੀ ਤਾਂ ਵੱਖ ਵੱਖ ਧੜੇ ਆਪਣਾ ਪ੍ਰਤੀਨਿਧ ਭੇਜ ਦਿੰਦੇ ਸਨ ਜਾਂ ਜਿਹੜਾ ਵੀ ਥੋੜ੍ਹਾ ਬਹੁਤ ਇਕੱਠ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਹੁੰਦਾ ਉਸ ਨੂੰ ਹੀ ਸਰਬੱਤ ਖ਼ਾਲਸਾ ਮੰਨ ਲਿਆ ਜਾਂਦਾ ਸੀ ਅਤੇ ਇਸ ਵਿਚ ਮਸਲਿਆਂ ਬਾਰੇ ਵਿਚਾਰ ਕਰ ਕੇ ਫ਼ੈਸਲਾ ਕਰ ਦਿੱਤਾ ਜਾਂਦਾ ਸੀ ।

              ਕੁਝ ਵਿਦਵਾਨਾਂ ਨੇ ਸਰਬੱਤ ਖ਼ਾਲਸਾ ਸਮਾਗਮ ਵਿਚ ਪਾਸ ਕੀਤੇ ਗੁਰਮਤੇ ਦੀ ਤੁਲਨਾ ਭਾਰਤ ਦੀ ਵਰਤਮਾਨ ਪਾਰਲੀਮੈਂਟ ਨਾਲ ਕੀਤੀ ਹੈ । ਜਿਸ ਤਰ੍ਹਾਂ ਪਾਰਲੀਮੈਂਟ ਦਾ ਸਮਾਗਮ ਭਾਵੇਂ ਕਿਤੇ ਵੀ ਹੋਵੇ ਅਤੇ ਕਦੋਂ ਵੀ ਹੋਵੇ , ਉਸ ਰਾਹੀਂ ਪਾਸ ਕੀਤੇ ਬਿਲ , ਕਾਨੂੰਨ ਉਦੋਂ ਤਕ ਨਹੀਂ ਬਣਨਗੇ ਜਦੋਂ ਤਕ ਰਾਸ਼ਟਰਪਤੀ ਉਨ੍ਹਾਂ ਉੱਤੇ ਦਸਖ਼ਤ ਨਹੀਂ ਕਰੇਗਾ । ਇਸੇ ਤਰ੍ਹਾਂ ਸਰਬੱਤ ਖ਼ਾਲਸਾ ਦਾ ਸਮਾਗਮ ਭਾਵੇਂ ਕਿਤੇ ਵੀ ਹੋਵੇ ਤੇ ਕਦੋਂ ਵੀ ਹੋਵੇ ਇਸ ਵਿਚ ਪਾਸ ਕੀਤੇ ਮਤੇ ਸਿੱਖ ਪੰਥ ਲਈ ਹੁਕਮਨਾਮਾ ਜਾਂ ਕਾਨੂੰਨ ਉਦੋਂ ਤਕ ਨਹੀਂ ਬਣੇਗਾ ਜਦੋਂ ਤਕ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਇਨ੍ਹਾਂ ਤੇ ਦਸਖ਼ਤ ਕਰਕੇ ਜਾਰੀ ਨਾ ਕਰ ਦੇਣ । ਹੁਕਮਨਾਮੇ ਨੂੰ ਕਾਨੂੰਨ ਵਾਂਗ ਮੰਨਣਾ ਹਰ ਸਿੱਖ ਲਈ ਲਾਜ਼ਮੀ ਹੋ ਜਾਂਦਾ ਹੈ । ਹੁਕਮਨਾਮਾ ਨਾ ਮੰਨਣ ਵਾਲੇ ਨੂੰ ਸਜ਼ਾ ( ਤਨਖਾਹ ) ਵੀ ਦਿੱਤੀ ਜਾਂਦੀ ਹੈ ।

              ਵਰਤਮਾਨ ਸਮੇਂ ਵਿਚ ਗੁਰਦੁਆਰਿਆਂ ਦੇ ਪ੍ਰਬੰਧ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ ਹੈ । ਇਹ ਸਾਰੇ ਸਿੱਖਾਂ ਦੀ ਪ੍ਰਤੀਨਿਧ ਜਮਾਤ ਹੈ । ਕੁਝ ਵਿਦਵਾਨ ਇਸ ਕਮੇਟੀ ਦੇ ਮੈਂਬਰਾਂ ਨੂੰ ਖ਼ਾਲਸਾ ਪੰਥ ਦੇ ਪ੍ਰਤੀਨਿਧ ਸਮਝਦੇ ਹਨ । ਕੁਝ ਵਿਦਵਾਨਾਂ ਨੇ ਸਰਬੱਤ ਖ਼ਾਲਸਾ ਸਮਾਗਮਾਂ ਵਿਚ ਸਮੂਹ ਸਿਆਸੀ ਅਤੇ ਧਾਰਮਿਕ ਦਲਾਂ ਦੇ ਪ੍ਰਤੀਨਿਧਾਂ ਨੂੰ ਸ਼ਾਮਿਲ ਕਰਨ ਦੀ ਗੱਲ ਕੀਤੀ ਹੈ । ਪ੍ਰੋ. ਸੁਖਦਿਆਲ ਸਿੰਘ ਦੇ ਕਥਨ ਅਨੁਸਾਰ , ਸਰਬੱਤ ਖ਼ਾਲਸੇ ਦਾ ਇਕੱਠ ਬੁਲਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੀ ਅਧਿਕਾਰਸ਼ਾਲੀ ਹਨ । ਇਨ੍ਹਾਂ ਦੋਹਾਂ ਤੋਂ ਸਿਵਾ ਹੋਰ ਕੋਈ ਸਰਬੱਤ ਖ਼ਾਲਸੇ ਦਾ ਇਕੱਠ ਨਹੀਂ ਬੁਲਾ ਸਕਦਾ । ਸਰਬੱਤ ਖ਼ਾਲਸੇ ਦੇ ਇਸ ਇਕੱਠ ਵਿਚ ਸਿੱਖਾਂ ਦੇ ਹਰ ਗਰੁੱਪ ਦਾ ਕੋਈ ਨਾ ਕੋਈ ਪ੍ਰਤੀਨਿਧ ਜ਼ਰੂਰ ਹੋਣਾ ਚਾਹੀਦਾ ਹੈ । ਇਹ ਗਰੁਪ ਰਾਜਨੀਤਕ ਗਰੁਪ ਨਹੀਂ ਗਿਣੇ ਜਾਣੇ ਚਾਹੀਦੇ । ਸਰਬੱਤ ਖ਼ਾਲਸੇ ਦੇ ਇਕੱਠ ਵਿਚ ਹਿੱਸਾ ਲੈ ਸਕਣ ਵਾਲੇ ਗਰੁਪ ਇਹ ਹੋ ਸਕਦੇ ਹਨ : ਅਕਾਲੀ ਦਲ ਅਤੇ ਇਸ ਦੇ ਵੱਖ ਵੱਖ ਗਰੁਪ , ਚੀਫ਼ ਖ਼ਾਲਸਾ ਦੀਵਾਨ , ਸਿੰਘ ਸਭਾਵਾਂ , ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ , ਪੰਜਾਬ ਤੋਂ ਬਾਹਰਲੇ ਰਾਜਾਂ ਦੇ ਸਿਖ ਪ੍ਰਤੀਨਿਧੀ ਬੋਰਡ , ਤਖਤ ਸਾਹਿਬਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਪ੍ਰਤੀਨਿਧ , ਸੰਤ ਸਮਾਜ , ਸਿੱਖ ਐਜੂਕੇਸ਼ਨਲ ਸੰਸਥਾਵਾਂ , ਅਖੰਡ ਕੀਰਤਨੀ ਜਥਾ , ਦਮਦਮੀ ਟਕਸਾਲ ਅਤੇ ਸਿੱਖ ਬੁਧੀਜੀਵੀ ।


ਲੇਖਕ : ਡਾ. ਜਾਗੀਰ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 329, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-10-04-08-04, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.