ਸ੍ਰਿਸ਼ਟੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸ੍ਰਿਸ਼ਟੀ: ਭਾਰਤੀ ਦਰਸ਼ਨ ਦਾ ਮੂਲਾਧਾਰ ਮੁੱਖ ਰੂਪ ਵਿਚ ਚਾਰ ਵਿਸ਼ਿਆਂ ਉਤੇ ਨਿਰਭਰ ਕਰਦਾ ਹੈ— ਬ੍ਰਹਮ, ਜੀਵ , ਸ੍ਰਿਸ਼ਟੀ ਅਤੇ ਮੁਕਤੀ। ਗੁਰੂ ਗ੍ਰੰਥ ਸਾਹਿਬ ਵਿਚ ਅਨੇਕ ਥਾਂਵਾਂ’ਤੇ ਬਾਣੀਕਾਰਾਂ ਨੇ, ਖ਼ਾਸ ਕਰ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਮਾਨਤਾਵਾਂ ਨੂੰ ਪ੍ਰਗਟ ਕਰਨ ਲਈ ਸ੍ਰਿਸ਼ਟੀ ਦੀ ਰਚਨਾ ਬਾਰੇ ਜੋ ਕਥਨ ਕੀਤੇ ਹਨ, ਜੇ ਉਨ੍ਹਾਂ ਨੂੰ ਇਕਤਰ ਕਰੀਏ ਤਾਂ ਗੁਰਮਤਿ ਦਰਸ਼ਨ ਦੀ ਸ੍ਰਿਸ਼ਟੀ ਸੰਬੰਧੀ ਧਾਰਣਾ ਸਪੱਸ਼ਟ ਹੋ ਜਾਂਦੀ ਹੈ।

            ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾਂ ਸ੍ਰਿਸ਼ਟੀ ਸੰਬੰਧੀ ਭਾਰਤੀ ਚਿੰਤਨ ਦੀ ਇਕ ਲਿੰਬੀ ਪਰੰਪਰਾ ਹੈ। ਵੇਦਾਂ ਵਿਚ ਕਿਤੇ ਅਗਨੀ , ਕਿਤੇ ਇੰਦ੍ਰ, ਕਿਤੇ ਵਿਸ਼ਵਕਰਮਾ ਅਤੇ ਕਿਤੇ ਵਰੁਣ ਦੁਆਰਾ ਸ੍ਰਿਸ਼ਟੀ ਦੀ ਉਤਪੱਤੀ ਮੰਨੀ ਗਈ ਹੈ। ਉਪਨਿਸ਼ਦਾਂ ਵਿਚ ਸ੍ਰਿਸ਼ਟੀ ਦੀ ਉਤਪੱਤੀ ਅਵਿਨਾਸ਼ੀ ਬ੍ਰਹਮ ਤੋਂ ਮੰਨੀ ਗਈ ਹੈ। ਜਿਵੇਂ ਅਗਨੀ ਤੋਂ ਅਸੰਖ ਚਿੰਗਾਰੀਆਂ ਨਿਕਲ ਕੇ ਫਿਰ ਖ਼ਤਮ ਹੋ ਜਾਂਦੀਆਂ ਹਨ, ਉਸੇ ਤਰ੍ਹਾਂ ਹੀ ਅਵਿਨਾਸ਼ੀ ਤੋਂ ਸਾਰਾ ਪਸਾਰਾ ਹੁੰਦਾ ਹੈ ਅਤੇ ਫਿਰ ਉਸੇ ਵਿਚ ਵਿਲੀਨ ਹੋ ਜਾਂਦਾ ਹੈ। (‘ਮੁੰਡਕ-ਉਪਨਿਸ਼ਦ’-2/1/1)। ‘ਪ੍ਰਸ਼ਨ-ਉਪਨਿਸ਼ਦ’ (6/4) ਵਿਚ ਸ੍ਰਿਸ਼ਟੀ-ਕ੍ਰਮ ਉਤੇ ਵੀ ਪ੍ਰਕਾਸ਼ ਪਾਇਆ ਗਿਆ ਹੈ।

            ਜੈਨ-ਮਤ ਅਨੁਸਾਰ ਦ੍ਰਵੑਯ-ਸੰਯੋਗ ਤੋਂ ਸੰਸਾਰ ਦੀ ਉਤਪੱਤੀ ਹੁੰਦੀ ਹੈ। ਇਹ ਨਿੱਤ ਅਤੇ ਅਨਿੱਤ ਦੋਹਾਂ ਤਰ੍ਹਾਂ ਦੀ ਹੁੰਦੀ ਹੈ। ਬੌਧ-ਮਤ ਵਾਲੇ ਜਗਤ ਨੂੰ ਸੁਤੰਤਰ ਸੱਤਾ ਸਮਝਦੇ ਹੋਇਆਂ ਵੀ ਇਸ ਨੂੰ ਪਰਿਵਰਤਨਸ਼ੀਲ ਮੰਨਦੇ ਹਨ। ਪਰਮਾਤਮਾ ਵਿਚ ਵਿਸ਼ਵਾਸ ਨ ਰਖਣ ਕਾਰਣ ਇਨ੍ਹਾਂ ਦੋਹਾਂ ਮਤਾਂ ਅਨੁਸਾਰ ਪਰਮਾਤਮਾ ਤੋਂ ਸ੍ਰਿਸ਼ਟੀ ਦੀ ਉਤਪੱਤੀ ਮੰਨਣ ਦਾ ਪ੍ਰਸ਼ਨ ਹੀ ਨਹੀਂ ਉਠਦਾ।

            ਨਿਆਇ-ਸ਼ਾਸਤ੍ਰ ਵਾਲੇ ਈਸ਼ਵਰ ਨੂੰ ਸੰਸਾਰ ਦਾ ਸਿਰਜਕ, ਪੋਸ਼ਕ ਅਤੇ ਸੰਹਾਰਕ ਮੰਨਦੇ ਹਨ। ਈਸ਼ਵਰ ਨੇ ਵਿਸ਼ਵ ਦਾ ਨਿਰਮਾਣ ਸੁੰਨ ਤੋਂ ਨਹੀਂ ਕੀਤਾ, ਸਗੋਂ ਪਰਮਾਣੂ, ਦਿਕ, ਕਾਲ , ਆਕਾਸ਼, ਮਨ ਅਤੇ ਆਤਮਾ ਆਦਿ ਉਪਾਦਾਨਾਂ ਤੋਂ ਕੀਤਾ ਹੈ। ਸਾਂਖੑਯ ਦਰਸ਼ਨ ਅਨੁਸਾਰ ਪ੍ਰਕ੍ਰਿਤੀ ਸੰਸਾਰ ਦਾ ਆਦਿ ਕਾਰਣ ਹੈ, ਜੋ ਨਿੱਤ, ਜੜ ਅਤੇ ਪਰਿਵਰਤਨਸ਼ੀਲ ਹੈ। ਇਸ ਦਾ ਲਕੑਸ਼ ‘ਪੁਰਸ਼ ’ ਦੀ ਉਦੇਸ਼ਪੂਰਤੀ ਤੋਂ ਭਿੰਨ ਹੋਰ ਕੁਝ ਵੀ ਨਹੀਂ ਹੈ। ਯੋਗ-ਸ਼ਾਸਤ੍ਰ ਦਾ ਦ੍ਰਿਸ਼ਟੀਕੋਣ ਵੀ ਸਾਂਖੑਯ -ਮਤ ਅਨੁਸਾਰੀ ਹੈ। ਉਸ ਅਨੁਸਾਰ ਪ੍ਰਕ੍ਰਿਤੀ ਅਤੇ ਪੁਰਸ਼ ਦੇ ਸੰਯੋਗ ਨਾਲ ਸੰਸਾਰ ਦੀ ਰਚਨਾ ਦਾ ਆਰੰਭ ਹੁੰਦਾ ਹੈ। ਸੰਯੋਗ ਦਾ ਅੰਤ ਹੋਣ ਤੇ ਪ੍ਰਲਯ ਹੁੰਦੀ ਹੈ।

            ਅਦ੍ਵੈਤ-ਵੇਦਾਂਤ ਅਨੁਸਾਰ ਬ੍ਰਹਮਾ, ਚੈਤਨੑਯ, ਸਤਿ, ਨਿਰਗੁਣ, ਨਿਰਾਕਾਰ, ਸੱਚਿਦਾਨੰਦ ਹੈ। ਮਾਇਆ ਨਾਲ ਸੰਬੰਧਿਤ ਬ੍ਰਹਮ ਈਸ਼ਰ ਅਖਵਾਉਂਦਾ ਹੈ। ਇਨ੍ਹਾਂ ਦੋਹਾਂ ਵਿਚ ਕੋਈ ਤਾਤ੍ਵਿਕ ਅੰਤਰ ਨਹੀਂ ਹੈ। ਈਸ਼ਵਰ ਕੇਵਲ ਲੀਲਾ ਲਈ ਹੀ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ, ਇਸ ਲਈ ਇਹ ਸ੍ਰਿਸ਼ਟੀ ਦਾ ਉਪਾਦਾਨ ਕਾਰਣ ਹੈ। ਗੁਣਾਂ ਦੀ ਅਸਮਾਨ ਅਵਸਥਾ ਕਰਕੇ ਮਾਇਆ ਵਿਚ ਕੁਝ ਕ੍ਰਿਆ ਹੁੰਦੀ ਹੈ। ਤਮੋ ਗੁਣ ਦੀ ਪ੍ਰਧਾਨਤਾ ਕਾਰਣ ਪੰਜ ਸੂਖਮ ਭੂਤਾਂ ਦੀ ਉਤਪੱਤੀ ਹੁੰਦੀ ਹੈ। ਪਹਿਲਾਂ ਆਕਾਸ਼, ਆਕਾਸ਼ ਤੋਂ ਵਾਯੂ, ਵਾਯੂ ਤੋਂ ਅਗਨੀ, ਅਗਨੀ ਤੋਂ ਜਲ , ਅਤੇ ਜਲ ਤੋਂ ਪ੍ਰਿਥਵੀ ਦਾ ਵਿਕਾਸ ਹੁੰਦਾ ਹੈ। ਇਨ੍ਹਾਂ ਪੰਜਾਂ ਦਾ ਫਿਰ ਪੰਜ ਤਰ੍ਹਾਂ ਦਾ ਸੰਯੋਗ ਹੁੰਦਾ ਹੈ, ਜਿਸ ਤੋਂ ਪੰਜ ਸਥੂਲ ਭੂਤਾਂ ਦੀ ਉਤਪੱਤੀ ਹੁੰਦੀ ਹੈ। ਇਸ ਕ੍ਰਿਆ ਨੂੰ ‘ਪੰਚੀਕਰਣ’ ਕਹਿੰਦੇ ਹਨ। ਇਹ ਕ੍ਰਿਆ ‘ਵਿਵਰਤ’ ਜਾਂ ‘ਅਧਿਆਸ’ ਅਖਵਾਉਂਦੀ ਹੈ। ਰਾਮਾਨੁਜਾਚਾਰਯ ਅਨੁਸਾਰ ਸ੍ਰਿਸ਼ਟੀ ਵਾਸਤਵਿਕ ਹੈ ਅਤੇ ਜਗਤ ਉਤਨਾ ਹੀ ਸਚ ਹੈ, ਜਿਤਨਾ ਬ੍ਰਹਮ। ਵੇਦਾਂਤ ਦੀਆਂ ਹੋਰ ਸ਼ਾਖਾਵਾਂ ਨੇ ਵੀ ਕੁਲ ਮਿਲਾ ਕੇ ਸਾਂਖੑਯ-ਮਤ ਜਾਂ ਵੇਦਾਂਤ-ਦਰਸ਼ਨ ਦੇ ਆਧਾਰ’ਤੇ ਹੀ ਆਪਣੇ ਦ੍ਰਿਸ਼ਟੀਕੋਣ ਪ੍ਰਗਟ ਕੀਤੇ ਹਨ।

            ਇਸਲਾਮ ਅਨੁਸਾਰ ਅੱਲ੍ਹਾ ਦੇ ਕੇਵਲ ‘ਕੁੰਨ ’ (ਹੋ ਜਾ) ਕਹਿਣ ਨਾਲ ਅਭਾਵ ਤੋਂ ਸ੍ਰਿਸ਼ਟੀ ਦੀ ਉਤਪੱਤੀ ਹੋਈ ਸੀ

            ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਬਾਣੀ ਵਿਚ ਸ੍ਰਿਸ਼ਟੀ ਰਚਨਾ ਬਾਰੇ ਬੁਨਿਆਦੀ ਗੱਲਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਹੀ ਪ੍ਰਗਟ ਹੋਈਆਂ ਹਨ। ਗੁਰੂ ਨਾਨਕ ਦੇਵ ਜੀ ਦਰਸ਼ਨ ਅਤੇ ਸ਼ਾਸਤ੍ਰ ਦੀ ਉਲਝਨ ਵਿਚ ਨਹੀਂ ਫਸੇ। ਰਹੱਸਵਾਦੀ ਸਾਧਕ ਹੋਣ ਨਾਤੇ ਉਹ ਵਾਸਤਵਿਕਤਾ ਨੂੰ ਬਹੁਤ ਨੇੜਿਓਂ ਵੇਖ ਚੁਕੇ ਸਨ। ਇਸ ਲਈ ਉਨ੍ਹਾਂ ਨੇ ਪਰਮਾਤਮਾ ਦੀ ਲੀਲਾਮਈ ਸ੍ਰਿਸ਼ਟੀ ਬਾਰੇ ਕਿਹਾ ਹੈ ਕਿ ਇਸ ਲੀਲਾ ਬਾਰੇ ਸਿਵਾਏ ਪਰਮਾਤਮਾ ਦੇ ਹੋਰ ਕੋਈ ਦਸਣ ਦੇ ਸਮਰਥ ਨਹੀਂ ਹੈ। ਗੁਰੂ ਜੀ ਅਨੁਸਾਰ ਪਰਮਾਤਮਾ ਸ੍ਰਿਸ਼ਟੀ ਦਾ ਆਪ ਹੀ ਰਚੈਤਾ ਅਤੇ ਉਸ ਨੂੰ ਨਿਯੰਤ੍ਰਣ ਵਿਚ ਰਖਣ ਵਾਲਾ ਹੈ— ਸਚੁ ਖੇਲੁ ਤੁਮ੍ਹਾਰਾ ਅਗਮ ਅਪਾਰਾ ਤੁਧੁ ਬਿਨੁ ਕਉਣੁ ਬੁਝਾਏ (ਗੁ.ਗ੍ਰੰ.764)। ਉਸ ਨੇ ਆਪ ਸਾਰੇ ਜਗਤ ਦੀ ਰਚਨਾ ਕਰਕੇ ਫਿਰ ਆਪ ਹੀ ਕੰਮ ਉਤੇ ਲਗਾਇਆ ਹੋਇਆ ਹੈ— ਤੁਧੁ ਆਪੇ ਜਗਤੁ ਉਪਾਇਕੈ ਤੁਧੁ ਆਪੇ ਧੰਧੈ ਲਾਇਆ (ਗੁ.ਗ੍ਰੰ.138)। ਜੀਵਾਂ ਨੂੰ ਪੈਦਾ ਕਰਕੇ ਉਨ੍ਹਾਂ ਦੇ ਕਰਮਾਂ ਦਾ ਲੇਖਾ ਰਖਣ ਲਈ ਪਰਮਾਤਮਾ ਨੇ ਧਰਮ-ਰਾਜ ਦੀ ਨਿਯੁਕਤੀ ਕੀਤੀ ਹੋਈ ਹੈ— ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਇਆ (ਗੁ.ਗ੍ਰੰ.463)।

            ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਸ੍ਰਿਸ਼ਟੀ ਦਾ ਕਾਰਣ ਅਤੇ ਕਰਤਾ ਦੋਵੇਂ ਹੈ। ਇਥੇ ਉਹ ਸਾਂਖੑਯਵਾਦੀਆਂ ਨਾਲ ਸਹਿਮਤ ਨਹੀਂ ਹਨ। ਸਾਂਖੑਯਮਤ ਵਾਲੇ ਸ੍ਰਿਸ਼ਟੀ ਦਾ ਮੂਲ ਕਾਰਣ ਪੁਰਸ਼ ਅਤੇ ਪ੍ਰਕ੍ਰਿਤੀ ਦੋਵੇਂ ਮੰਨਦੇ ਹਨ, ਪਰ ਗੁਰੂ ਨਾਨਕ ਅਨੁਸਾਰ ਪ੍ਰਕ੍ਰਿਤੀ (ਕੁਦਰਤ) ਜਾਂ ਮਾਇਆ ਸਭ ਪਰਮਾਤਮਾ ਦੇ ਅਧੀਨ ਹਨ। ‘ਪੱਟੀ ’ ਨਾਂ ਦੀ ਬਾਣੀ ਵਿਚ ਗੁਰੂ ਜੀ ਨੇ ਕਿਹਾ ਹੈ ਕਿ ਪਰਮਾਤਮਾ ਨੇ ਆਪਣੀ ਲੀਲਾ ਨੂੰ ਵੇਖਣ ਲਈ ਪੰਜ ਤੱਤ੍ਵਾਂ ਤੋਂ ਜਗਤ ਦਾ ਨਿਰਮਾਣ ਕੀਤਾ ਹੈ, ਜਾਂ ਉਨ੍ਹਾਂ ਰਾਹੀਂ ਆਪਣਾ ਨਵਾਂ ਵੇਸ਼ ਧਾਰਣ ਕੀਤਾ ਹੈ। ਉਹ ਪਰਮਾਤਮਾ ਸਭ ਕੁਝ ਵੇਖਦਾ ਹੈ, ਮਸਝਦਾ ਹੈ ਅਤੇ ਜਾਣਦਾ ਹੈ। ਉਹੀ ਜੜ-ਚੇਤਨ ਦੇ ਅੰਦਰ- ਬਾਹਰ ਰਮਣ ਕਰ ਰਿਹਾ ਹੈ— ਪਪੈ ਪਾਤਿਸਾਹੁ ਪਰਮੇਸਰੁ ਵੇਖਣ ਕਉ ਪਰਪੰਚੁ ਕੀਆ ਦੇਖੈ ਬੂਝੈ ਸਭੁ ਕਿਛੁ ਜਾਣੈ ਅੰਤਰਿ ਬਾਹਰਿ ਰਵਿ ਰਹਿਆ (ਗੁ.ਗ੍ਰੰ. 433)। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਸ੍ਰਿਸ਼ਟੀ ਨੂੰ ਈਸ਼ਵਰੀ ਇੱਛਾ ਦਾ ਸਿੱਟਾ ਮੰਨਦੇ ਹਨ।

            ਜਿਗਿਆਸੂ ਦੇ ਮਨ ਵਿਚ ਇਹ ਪ੍ਰਸ਼ਨ ਪੈਦਾ ਹੋ ਸਕਦਾ ਹੈ ਕਿ ਇਸ ਸ੍ਰਿਸ਼ਟੀ ਦੀ ਰਚਨਾ ਕਦੋਂ ਹੋਈ ? ਗੁਰੂ ਨਾਨਕ ਦੇਵ ਜੀ ਨੇ ਇਸ ਪ੍ਰਸ਼ਨ ਨੂੰ ਕਠਿਨ ਦਸਦੇ ਹੋਇਆਂ ਕਿਹਾ ਹੈ ਕਿ ਉਹ ਕਿਹੜੀ ਘੜੀ , ਰੁਤ ਜਾਂ ਮਹੂਰਤ ਸੀ ? ਇਸ ਨੂੰ ਸਪੱਸ਼ਟ ਕਰਨ ਦੇ ਕੋਈ ਵੀ ਸਮਰਥ ਨਹੀਂ ਹੈ। ਜੇ ਕਿਸੇ ਵੀ ਧਰਮ ਵਾਲੇ ਨੂੰ ਪਤਾ ਹੁੰਦਾ ਤਾਂ ਉਹ ਆਪਣੀਆਂ ਧਰਮ ਪੁਸਤਕਾਂ ਵਿਚ ਸਹੀ ਤੱਥ ਉਤੇ ਚਾਨਣਾ ਪਾ ਦਿੰਦੇ। ਜੇ ਇਸ ਸ੍ਰਿਸ਼ਟੀ ਦੀ ਉਤਪੱਤੀ ਦਾ ਕਿਸੇ ਨੂੰ ਸਹੀ ਗਿਆਨ ਹੋ ਸਕਦਾ ਹੈ ਤਾਂ ਉਹ ਕੇਵਲ ਇਸ ਦੇ ਕਰਤਾ ਨੂੰ ਹੀ ਹੈ— ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ (ਗੁ.ਗ੍ਰੰ.4)।

            ਸ੍ਰਿਸ਼ਟੀ ਤੋਂ ਪੂਰਵਾਸਥਾ ਬਾਰੇ ਗੁਰੂ ਨਾਨਕ ਦੇਵ ਜੀ ਨੇ ‘ਸਿਧ ਗੋਸਟਿ ’ ਵਿਚ ਸਿੱਧਾਂ ਦੇ ਪੁਛਣ’ਤੇ ਕਿ ਸ੍ਰਿਸ਼ਟੀ ਰਚਨਾ ਤੋਂ ਪਹਿਲਾਂ ਦੀ ਕੀ ਅਵਸਥਾ ਸੀ ਅਤੇ ਸੁੰਨ ਕਿਥੇ ਵਸਦਾ ਸੀ ? ਦਸਿਆ ਕਿ ਸ੍ਰਿਸ਼ਟੀ ਤੋਂ ਪਹਿਲਾਂ ਦੀ ਅਵਸਥਾ ਬਾਰੇ ਕਲਪਨਾ ਕਰਨਾ ਬਹੁਤ ਵਿਸਮਾਦੀ ਹੈ। ਉਸ ਵੇਲੇ ਸੁੰਨ ਆਪਣੇ ਆਪ ਵਿਚ ਨਿਵਾਸ ਕਰਦਾ ਸੀ। ਕਹਿਣ ਤੋਂ ਭਾਵ ਕਿ ਪਰਮਾਤਮਾ ਆਪਣੀ ਮਹਿਮਾ ਵਿਚ ਹੀ ਪ੍ਰਤਿਸ਼ਠਿਤ ਸੀ— ਆਦਿ ਕਉ ਬਿਸਮਾਦੁ ਬੀਚਾਰੁ ਕਥੀਅਲੇ ਸੁੰਨ ਨਿਰੰਤਰਿ ਵਾਸੁ ਲੀਆ (ਗੁ.ਗ੍ਰੰ.940)। ਮਾਰੂ ਸੋਲਹਿਆਂ ਵਿਚ ਵੀ ਗੁਰੂ ਜੀ ਨੇ ਪੂਰਵਾਵਸਥਾ ਦਾ ਚਿਤ੍ਰਣ ਕੀਤਾ ਹੈ ਕਿ ਉਦੋਂ ਅਨੰਤ ਯੁਗਾਂ ਤਕ ਘੁਪ ਹਨੇਰਾ ਸੀ। ਨ ਉਦੋਂ ਪ੍ਰਿਥਵੀ ਸੀ, ਨ ਹੀ ਆਕਾਸ਼। ਉਦੋਂ ਨ ਦਿਨ ਸੀ ਨ ਰਾਤ , ਨ ਚੰਦ੍ਰਮਾ ਸੀ ਅਤੇ ਨ ਸੂਰਜ , ਆਦਿ—ਅਰਬਦ ਨਰਬਦ ਧੁੰਧੂਕਾਰਾ ਧਰਣਿ ਗਗਨਾ ਹੁਕਮੁ ਅਪਾਰਾ ਨਾ ਦਿਨੁ ਰੈਨਿ ਚੰਦੁ ਸੂਰਜੁ ਸੁੰਨ ਸਮਾਧਿ ਲਗਾਇਦਾ (ਗੁ.ਗ੍ਰੰ.1035)।

            ਸਪੱਸ਼ਟ ਹੈ ਕਿ ਸ੍ਰਿਸ਼ਟੀ ਤੋਂ ਪਹਿਲਾਂ ‘ਸੁੰਨ’ ਹੀ ਵਿਆਪਤ ਸੀ। ਸੁੰਨ ਤੋਂ ਹੀ ਪਵਣ, ਪਾਣੀ , ਅਗਨੀ, ਤ੍ਰਿਦੇਵ ਆਦਿ ਸ੍ਰਿਸ਼ਟੀ ਦੀ ਉਤਪੱਤੀ ਹੋਈ— ਸੁੰਨ ਕਲਾ ਅਪਰੰਪਰਿ ਧਾਰੀ ਆਪਿ ਨਿਰਾਲਮੁ ਅਪਰ ਅਪਾਰੀ ਆਪੇ ਕੁਦਰਤਿ ਕਰਿ ਕਰਿ ਦੇਖੈ ਸੁੰਨਹੁ ਸੁੰਨੁ ਉਪਾਇਦਾ ਪਉਣ ਪਾਣੀ ਸੁੰਨੈ ਤੇ ਸਾਜੇ ਸ੍ਰਿਸਟਿ ਉਪਾਇ ਕਾਇਆ ਗੜ ਰਾਜੇ ਅਗਨਿ ਪਾਣੀ ਜੀਉ ਜੋਤਿ ਤੁਮਾਰੀ ਸੁੰਨੇ ਕਲਾ ਰਹਾਇਦਾ (ਗੁ. ਗ੍ਰੰ.1037)। ਇਥੇ ਸੁੰਨ ਤੋਂ ਭਾਵ ਉਸ ਸਥਿਤੀ ਤੋਂ ਹੈ ਜਦੋਂ ਸੰਸਾਰ ਦੀ ਸਿਰਜਨਾ ਤੋਂ ਪਹਿਲਾਂ ਸਾਰੀਆਂ ਸ਼ਕਤੀਆਂ ਇਕ-ਮਾਤ੍ਰ ਪਰਮਾਤਮਾ ਵਿਚ ਸਮਾਹਿਤ ਸਨ। ਉਦੋਂ ਰੂਪ, ਰੰਗ , ਰੇਖਾ , ਆਕਾਰ, ਪ੍ਰਕਾਰ ਕੁਝ ਵੀ ਨਹੀਂ ਸੀ।

        ਗੁਰੂ ਗ੍ਰੰਥ ਸਾਹਿਬ ਵਿਚ ਸ੍ਰਿਸ਼ਟੀ ਦੀ ਉਤਪੱਤੀ ਦੇ ਤਿੰਨ ਸਿੱਧਾਂਤ ਸਾਹਮਣੇ ਆਉਂਦੇ ਹਨ :

(1)   ਹੁਕਮ ਦੁਆਰਾ ਸ੍ਰਿਸ਼ਟੀ ਦੀ ਰਚਨਾ।

(2)   ਓਅੰਕਾਰ ਦੁਆਰਾ ਸ੍ਰਿਸ਼ਟੀ ਦੀ ਰਚਨਾ।

(3)       ਹਉਮੈ ਦੁਆਰਾ ਸ੍ਰਿਸ਼ਟੀ ਦੀ ਰਚਨਾ।

            ਪਹਿਲੇ ਸਿੱਧਾਂਤ ਅਨੁਸਾਰ ਅਕਥਨੀਯ ਹੁਕਮ ਰਾਹੀਂ ਹੀ ਸਾਰੀ ਸ੍ਰਿਸ਼ਟੀ ਦੀ ਉਤਪੱਤੀ ਅਤੇ ਵਿਸਤਾਰ ਹੋਇਆ ਹੈ— ਹੁਕਮੀ ਹੋਵਨਿ ਆਕਾਰ ਹੁਕਮੁ ਕਹਿਆ ਜਾਈ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ (ਗੁ.ਗ੍ਰੰ.1)।

            ਦੂਜੇ ਸਿੱਧਾਂਤ ਅਨੁਸਾਰ ਓਅੰਕਾਰ ਤੋਂ ਸ੍ਰਿਸ਼ਟੀ ਦੀ ਉਤਪੱਤੀ ਹੋਈ ਹੈ। ‘ਓਅੰਕਾਰ’ ਨਾਂ ਦੀ ਬਾਣੀ ਦੀ ਪਹਿਲੀ ਪਉੜੀ ਵਿਚ ਹੀ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਓਅੰਕਾਰ ਤੋਂ ਬ੍ਰਹਮਾ ਦੀ ਉਤਪੱਤੀ ਹੋਈ, ਓਅੰਕਾਰ ਤੋਂ ਹੀ ਪਰਬਤਾਂ ਅਤੇ ਵੇਦਾਂ ਦਾ ਨਿਰਮਾਣ ਹੋਇਆ ਅਤੇ ਓਅੰਕਾਰ ਦੁਆਰਾ ਹੀ ਲੋਕਾਂ ਦਾ ਉੱਧਾਰ ਹੋਇਆ। ਅਸਲ ਵਿਚ ‘ਓਨਮ’ ਅੱਖਰ ਹੀ ਤਿੰਨਾਂ ਲੋਕਾਂ ਦਾ ਸਾਰ-ਤੱਤ੍ਵ ਹੈ— ਓਅੰਕਾਰਿ ਬ੍ਰਹਮਾ ਉਤਪਤਿ ਓਅੰਕਾਰੁ ਕੀਆ ਜਿਨਿ ਚਿਤਿ ਓਅੰਕਾਰਿ ਸੈਲ ਜੁਗ ਭਏ ਓਅੰਕਾਰਿ ਬੇਦ ਨਿਰਮਏ... ਓਨਮ ਅਖਰੁ ਤ੍ਰਿਭਵਣ ਸਾਰੁ (ਗੁ.ਗ੍ਰੰ. 929-30)।

            ਤੀਜੇ ਸਿੱਧਾਂਤ ਅਨੁਸਾਰ ‘ਹਉਮੈ’ ਦੁਆਰਾ ਸ੍ਰਿਸ਼ਟੀ ਦੀ ਸਿਰਜਨਾ ਹੋਈ ਹੈ। ‘ਸਿਧ ਗੋਸਟਿ ’ ਵਿਚ ਯੋਗੀਆਂ ਦੇ ਪ੍ਰਸ਼ਨ ਕਰਨ’ਤੇ ਕਿ ਜਗਤ ਦੀ ਉਤਪੱਤੀ ਕਿਸ ਕਿਸ ਢੰਗ ਨਾਲ ਹੋਈ ਹੈ ਅਤੇ ਕਿਸ ਕਿਸ ਢੰਗ ਨਾਲ ਇਸ ਦਾ ਵਿਨਾਸ਼ ਹੁੰਦਾ ਹੈ ? ਗੁਰੂ ਜੀ ਨੇ ਉੱਤਰ ਦਿੱਤਾ ਕਿ ਹਉਮੈ ਦੁਆਰਾ ਜਗਤ ਪੈਦਾ ਹੁੰਦਾ ਹੈ ਅਤੇ ਨਾਮ ਨੂੰ ਭੁਲਾ ਦੇਣ ਨਾਲ ਦੁਖ ਸਹਿਣਾ ਪੈਂਦਾ ਹੈ। ਕੋਈ ਗੁਰਮੁਖ ਵਿਅਕਤੀ ਹੀ ਬ੍ਰਹਮ- ਗਿਆਨ ਦੇ ਤੱਤ੍ਵ ਨੂੰ ਵਿਚਾਰ ਕੇ ਸ਼ਬਦ ਜਾਂ ਨਾਮ ਰਾਹੀਂ ਹਉਮੈ ਨੂੰ ਨਸ਼ਟ ਕਰ ਸਕਦਾ ਹੈ— ਹਉਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਾਰਿਐ ਦੁਖੁ ਪਾਈ ਗੁਰਮੁਖਿ ਹੋਵੈ ਸੁ ਗਿਆਨੁ ਤਤੁ ਬੀਚਾਰੈ ਹਉਮੈ ਸਬਦਿ ਜਲਾਏ (ਗੁ. ਗ੍ਰੰ.946)।

            ਸ੍ਰਿਸ਼ਟੀ ਦੀ ਰਚਨਾ-ਪ੍ਰਕ੍ਰਿਆ ਬਾਰੇ ਵੀ ਕਿਤੇ ਕਿਤੇ ਗੁਰੂ ਨਾਨਕ ਦੇਵ ਜੀ ਨੇ ਉੱਲੇਖ ਕੀਤਾ ਹੈ। ਕੁਲ ਮਿਲਾ ਕੇ ਗੁਰੂ ਜੀ ਦੀ ਧਾਰਣਾ ਹੈ ਕਿ ਅਵਿਅਕਤ ਨਿਰਲਿਪਤ ਨਿਰਗੁਣ ਅਵਸਥਾ ਤੋਂ ਹੀ ਸਗੁਣ ਸ੍ਰਿਸ਼ਟੀ ਦੀ ਉਤਪੱਤੀ ਹੋਈ ਹੈ— ਅਵਿਗੋਤ ਨਿਰਮਾਇਲੁ ਉਪਜੇ ਨਿਰਗੁਣ ਤੇ ਸਰਗੁਣੁ ਥੀਆ (ਗੁ.ਗ੍ਰੰ. 940)।

            ਸ੍ਰਿਸ਼ਟੀ ਨੇ ਹੋਂਦ ਕਿਵੇਂ ਧਾਰਣ ਕੀਤੀ ? ਇਸ ਬਾਰੇ ਗੁਰੂ ਨਾਨਕ ਦੇਵ ਜੀ ਨੇ ਸਿਰੀ ਰਾਗ ਵਿਚ ਦਸਿਆ ਹੈ ਕਿ ਸਭ ਤੋਂ ਪਹਿਲਾਂ ਸਤਿ ਸਰੂਪ ਪਰਮਾਤਮਾ ਤੋਂ ਪਵਨ ਉਤਪੰਨ ਹੋਇਆ, ਪਵਨ ਤੋਂ ਜਲ ਦੀ ਉਤਪੱਤੀ ਹੋਈ। ਜਲ ਤੋਂ ਤਿੰਨ ਲੋਕਾਂ— ਆਕਾਸ਼, ਪਾਤਾਲ ਅਤੇ ਮ੍ਰਿਤ ਲੋਕ— ਦਾ ਨਿਰਮਾਣ ਹੋਇਆ— ਸਾਚੈ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ (ਗੁ.ਗ੍ਰੰ.19)। ਪ੍ਰਭਾਤੀ ਰਾਗ ਵਿਚ ਵੀ ਦਸਿਆ ਗਿਆ ਹੈ ਕਿ ਪਰਮਾਤਮਾ ਨੇ ਤਰੰਗ-ਯੁਕਤ ਜਲ, ਅਗਨੀ ਅਤੇ ਪਵਨ ਨਾਮ ਦੇ ਤਿੰਨ ਤੱਤ੍ਵਾਂ ਨੂੰ ਉਤਪੰਨ ਕਰਕੇ ਫਿਰ ਉਨ੍ਹਾਂ ਦੇ ਸੰਯੋਗ ਨਾਲ ਪੰਜ­-ਭੌਤਿਕ ਜਗਤ ਦੀ ਰਚਨਾ ਕੀਤੀ। ਇਨ੍ਹਾਂ ਭੌਤਿਕ-ਤੱਤ੍ਵਾਂ ਨੂੰ ਸੰਸਾਰ-ਨਿਰਮਾਣ ਦੀ ਸ਼ਕਤੀ ਦੇ ਕੇ ਪਰਮਾਤਮਾ ਨੇ ਇਨ੍ਹਾਂ ਨੂੰ ਇਕ ਸੀਮਾ ਦੇ ਅੰਦਰ ਹੀ ਰਖਿਆ ਹੈ— ਜਲੁ ਤਰੰਗ ਅਗਨੀ ਪਵਨੈ ਫੁਨਿ ਤ੍ਰੈ ਮਿਲਿ ਜਗਤੁ ਉਪਾਇਆ ਐਸਾ ਬਲੁ ਛਲੁ ਤਿਨ ਕਉ ਦੀਆ ਹੁਕਮੀ ਠਾਕਿ ਰਹਾਇਆ (ਗੁ.ਗ੍ਰੰ.1345)।

            ਗੁਰੂ ਨਾਨਕ ਦੇਵ ਜੀ ਨੇ ਇਕ ਥਾਂ (ਬਿਲਾਵਲ, ਥਿਤੀ 3-5) ਉਤੇ ਜਗਤ ਦੀ ਉਤਪੱਤੀ ਤੋਂ ਪਹਿਲਾਂ ਦੀ ਅਵਸਥਾ ਨੂੰ ਅੰਡੇ ਦੇ ਉਪਮਾਨ ਦੁਆਰਾ ਚਿਤ੍ਰਿਤ ਕੀਤਾ ਹੈ। ਉਨ੍ਹਾਂ ਦਾ ਮਤ ਹੈ ਕਿ ਪਰਮਾਤਮਾ ਨੇ ਆਪਣੇ ਹੱਥਾਂ ਨਾਲ ਸ੍ਰਿਸ਼ਟੀ ਦੀ ਰਚਨਾ ਕੀਤੀ। ਜਗਤ ਰੂਪੀ ਅੰਡੇ ਨੂੰ ਤੋੜ ਕੇ, ਉਸ ਦੇ ਦੋ ਭਾਗਾਂ ਨੂੰ ਵਖ ਵਖ ਕਰ ਦਿੱਤਾ ਅਤੇ ਇਸ ਤਰ੍ਹਾਂ ਧਰਤੀ ਅਤੇ ਆਕਾਸ਼ ਨੂੰ ਆਪਣਾ ਨਿਵਾਸ-ਸਥਾਨ ਬਣਾਇਆ। ਫਿਰ ਉਨ੍ਹਾਂ ਤੋਂ ਰਾਤ ਅਤੇ ਦਿਨ, ਭੈ ਅਤੇ ਪ੍ਰੇਮ ਅਤੇ ਤ੍ਰਿਦੇਵ ਆਦਿ ਦੇਵੀ-ਦੇਵਤਾ ਪੈਦਾ ਕੀਤੇ। ਫਿਰ ਵੇਦਾਂ, ਬਾਣੀਆਂ , ਖਾਣੀਆਂ, ਪੁਰਾਣਾਂ , ਸ਼ਾਸਤ੍ਰਾਂ ਅਤੇ ਤਿੰਨ ਗੁਣਾਂ ਨੂੰ ਪੈਦਾ ਕੀਤਾ।

            ਉਪਰੋਕਤ ਤੱਥਾਂ ਤੋਂ ਪ੍ਰਗਟ ਹੁੰਦਾ ਹੈ ਕਿ ਗੁਰੂ ਨਾਨਕ ਬਾਣੀ ਵਿਚ ਸ੍ਰਿਸ਼ਟੀ ਦੇ ਕ੍ਰਮ ਸੰਬੰਧੀ ਕੋਈ ਮਤ- ਏਕਤਾ ਨਹੀਂ ਅਤੇ ਨ ਹੀ ਅਜਿਹੀ ਕੋਈ ਮਤ-ਏਕਤਾ ਉਪ- ਨਿਸ਼ਦਾਂ ਜਾਂ ਪੁਰਾਣਾਂ ਵਿਚ ਵੇਖਣ ਨੂੰ ਮਿਲਦੀ ਹੈ। ਇਸ ਨਾਲ ਕਿਸੇ ਸਿੱਧਾਂਤ ਦੀ ਸਥਾਪਨਾ ਨਹੀਂ ਹੁੰਦੀ। ਹਾਂ, ਇਤਨਾ ਕਿਹਾ ਜਾ ਸਕਦਾ ਹੈ ਕਿ ਸ੍ਰਿਸ਼ਟੀ ਦੀ ਰਚਨਾ ਪੰਚ ਭੂਤਾਂ ਤੋਂ ਹੋਈ ਹੈ।

            ਗੁਰੂ ਨਾਨਕ ਦੇਵ ਜੀ ਨੇ ਸ੍ਰਿਸ਼ਟੀ ਨੂੰ ਅਨੰਤ ਦਸਿਆ ਹੈ। ਉਨ੍ਹਾਂ ਦਾ ਮਤ ਹੈ ਕਿ ਕੁਦਰਤ ਦੇ ਕਿਤਨੇ ਹੀ ਰੂਪ ਹਨ, ਕਿਤਨੀਆਂ ਹੀ ਉਸ ਦੀਆਂ ਦਿੱਤੀਆਂ ਵਸਤੂਆਂ ਹਨ। ਕਿਤਨੇ ਹੀ ਉਸ ਦੇ ਜੀਵ ਹਨ ਅਤੇ ਕਿਤਨੇ ਹੀ ਰੂਪ- ਰੰਗ ਹਨ, ਕਿਤਨੀਆਂ ਹੀ ਜਾਤੀਆਂ ਅਤੇ ਉਪ-ਜਾਤੀਆਂ ਹਨ। ਜੀਵਾਂ ਦਾ ਵੀ ਕੋਈ ਅੰਤ ਨਹੀਂ ਹੈ। ਇਨ੍ਹਾਂ ਦੇ ਅਨੇਕ ਵਰਗ ਹਨ। ਗੁਰੂ ਨਾਨਕ ਦੇਵ ਜੀ ਨੇ ‘ਜਪੁਜੀ ’ (ਪਉੜੀ 17-19) ਵਿਚ ਵੀ ਸ੍ਰਿਸ਼ਟੀ ਦੀ ਅਨੰਤਤਾ ਉਤੇ ਝਾਤ ਪਾਈ ਹੈ। ਪਰਮਾਤਮਾ ਦੁਆਰਾ ਨਿਰਮਿਤ ਵਸਤੂਆਂ ਦੇ ਅਸੰਖ ਨਾਂ ਹਨ ਅਤੇ ਅਸੰਖ ਹੀ ਸਥਾਨ ਹਨ। ਮਨ, ਬਾਣੀ ਅਤੇ ਬੁੱਧੀ ਤੋਂ ਪਰੇ ਵੀ ਅਨੰਤ ਲੋਕ ਹਨ। ਉਨ੍ਹਾਂ ਵਸਤੂਆਂ ਅਤੇ ਉਨ੍ਹਾਂ ਦੇ ਨਾਂਵਾਂ ਲਈ ਗੁਰੂ ਜੀ ਨੂੰ ਕਈ ਵਾਰ ‘ਅਸੰਖ’ ਪਦ ਦੀ ਵਰਤੋਂ ਕਾਫ਼ੀ ਪ੍ਰਤੀਤ ਨਹੀਂ ਹੁੰਦੀ। ਸਗੋਂ ‘ਅਸੰਖ’ ਕਹਿ ਕੇ ਵੀ ਵਿਅਰਥ ਵਿਚ ਉਚਿਤ ਅਨੁਚਿਤ ਕਥਨ ਦਾ ਭਾਰ ਚੜ੍ਹਾਉਣਾ ਹੈ। ਅਸਲ ਵਿਚ, ਪਰਮਾਤਮਾ ਦੀ ਸ੍ਰਿਸ਼ਟੀ ਇਤਨੀ ਅਨੰਤ ਹੈ ਕਿ ਉਸ ਨੂੰ ਅਸੰਖ ਸ਼ਬਦ ਨਾਲ ਅਭਿਵਿਅਕਤ ਹੀ ਨਹੀਂ ਕੀਤਾ ਜਾ ਸਕਦਾ— ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਅ ਅਸੰਖ ਕਹਹਿ ਸਿਰਿ ਭਾਰੁ ਹੋਇ (ਗੁ.ਗ੍ਰੰ.4)। ‘ਜਪੁਜੀ’ ਦੀਆਂ ਹੋਰ ਵੀ ਕਈ ਪਉੜੀਆਂ ਅਨੰਤਤਾ ਦੀ ਸਥਿਤੀ ਦਾ ਪ੍ਰਗਟਾਵਾ ਕਰਦੀਆਂ ਹਨ, ਜਿਵੇਂ — ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ (ਗੁ.ਗ੍ਰੰ. 5)।

            ਗੁਰੂ ਨਾਨਕ ਦੇਵ ਜੀ ਨੇ ਸ੍ਰਿਸ਼ਟੀ ਦੀ ਉਤਪੱਤੀ ਅਤੇ ਸੰਚਾਲਨ ਹੀ ਪਰਮਾਤਮਾ ਦੁਆਰਾ ਨਹੀਂ ਮੰਨਿਆ, ਸਗੋਂ ਉਸ ਦਾ ਅੰਤ ਵੀ ਪਰਮਾਤਮਾ ਦੁਆਰਾ ਅਤੇ ਪਰਮਾਤਮਾ ਵਿਚ ਹੀ ਵਿਲੀਨ ਹੋਣ ਦੀ ਗੱਲ ਕਹੀ ਹੈ— ਜਿਨਿ ਸਿਰਿ ਸਾਜੀ ਤਿਨਿ ਫੁਨਿ ਗੋਈ (ਗੁ.ਗ੍ਰੰ.355) ਅਤੇ ਤੁਝ ਤੇ ਉਪਜਹਿ ਤੁਝ ਮਾਹਿ ਸਮਾਵਹਿ (ਗੁ.ਗ੍ਰੰ.1035)। ਉਸ ਨੂੰ ਕਿਸੇ ਤੋਂ ਪੁਛਣ ਦੀ ਲੋੜ ਨਹੀਂ, ਉਹ ਸਰਵ-ਗੁਣ ਸੰਪੰਨ ਹੈ। ਇਸ ਦਾ ਅੰਤ ਕਦ ਹੋਵੇਗਾ ? ਇਸ ਬਾਰੇ ਵੀ ਗੁਰੂ ਜੀ ਚੁਪ ਹਨ। ਬਸ ਇਤਨਾ ਹੀ ਕਿਹਾ ਹੈ— ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ (ਗੁ.ਗ੍ਰੰ.4)।

            ਗੁਰੂ ਗ੍ਰੰਥ ਸਾਹਿਬ ਵਿਚ ਜਗਤ ਦੇ ਸਰੂਪ ਸੰਬੰਧੀ ਵੀ ਬਹੁਤ ਉਕਤੀਆਂ ਮਿਲ ਜਾਂਦੀਆਂ ਹਨ। ਮੁੱਖ ਤੌਰ ’ਤੇ ਇਨ੍ਹਾਂ ਨੂੰ ਦੋ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ— (1) ਜਗਤ ਅਸਤਿ ਹੈ ਅਤੇ (2) ਜਗਤ ਸਤਿ ਹੈ। ਇਹ ਦੋਵੇਂ ਪਰਸਪਰ ਵਿਰੋਧੀ ਮਾਨਤਾਵਾਂ ਹਨ। ਇਨ੍ਹਾਂ ਬਾਰੇ ‘ਜਗਤ ਦਾ ਸਰੂਪ ’ ਇੰਦਰਾਜ ਵਿਚ ਵਿਸਤਾਰ ਸਹਿਤ ਲਿਖਿਆ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3364, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.