ਅਕਬਰ, ਬਾਦਸ਼ਾਹ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਕਬਰ, ਬਾਦਸ਼ਾਹ (1542-1605 ਈ.): ਇਹ ਬਾਬਰ ਦੇ ਪੁੱਤਰ ਹੁਮਾਯੂੰ ਦੇ ਘਰ ਬੇਗਮ ਹਮੀਦਾਬਾਨੂ ਦੀ ਕੁਖੋਂ 15 ਅਕਤੂਬਰ 1542 ਈ. (ਕਈਆਂ ਨੇ 23 ਨਵੰਬਰ ਲਿਖਿਆ ਹੈ) ਨੂੰ ਅਮਰਕੋਟ (ਸੂਬਾ ਸਿੰਧ) ਵਿਚ ਪੈਦਾ ਹੋਇਆ। ਉਦੋਂ ਹੁਮਾਯੂੰ ਸ਼ੇਰ ਸ਼ਾਹ ਸੂਰੀ ਤੋਂ ਹਾਰ ਖਾ ਕੇ ਹਿੰਦੁਸਤਾਨ ਤੋਂ ਭਜ ਗਿਆ ਸੀ। ਇਸ ਦਾ ਬਚਪਨ ਆਪਣੇ ਚਾਚੇ ਕਾਮਰਾਨ ਕੋਲ ਕਾਬਲ ਦੇ ਕਿਲ੍ਹੇ ਵਿਚ ਬੀਤਿਆ। ਇਸ ਨੂੰ ਪੜ੍ਹਨ ਲਿਖਣ ਵਿਚ ਕੋਈ ਰੁਚੀ ਨਹੀਂ ਸੀ, ਪਰ ਲੜਾਈ ਦੇ ਕਰਤਬਾਂ ਵਿਚ ਬਹੁਤ ਦਿਲਚਸਪੀ ਲੈਂਦਾ ਸੀ। ਬਚਪਨ ਵਿਚ ਹੀ ਇਸ ਨੇ ਯੁੱਧਾਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। 20 ਜਨਵਰੀ 1556 ਈ. ਨੂੰ ਹੁਮਾਯੂੰ ਦੇ ਦੇਹਾਂਤ ਪਿਛੋਂ ਪੌਣੇ ਚੌਦਾਂ ਵਰ੍ਹਿਆਂ ਦੀ ਉਮਰ ਵਿਚ ਆਪਣੇ ਉਸਤਾਦ ਬੈਰਾਮ ਖ਼ਾਨ ਦੀ ਦੇਖ-ਰੇਖ ਵਿਚ ਇਹ ਹਿੰਦੁਸਤਾਨ ਦੀ ਗੱਦੀ ਉਤੇ ਬੈਠਾ।

            ਦਿੱਲੀ ਦੀ ਅਫ਼ਗ਼ਾਨ ਸੈਨਾ ਨਾਲ ਅਕਬਰ ਦੀ ਸੈਨਾ ਦੀ ਪਾਨੀਪਤ ਦੇ ਮੈਦਾਨ ਵਿਚ ਜੰਮ ਕੇ ਲੜਾਈ ਹੋਈ। 5 ਨਵੰਬਰ 1556 ਈ. ਨੂੰ ਮੁਗ਼ਲ ਫ਼ੌਜ ਦੀ ਜਿਤ ਹੋਈ ਅਤੇ ਅਕਬਰ ਦਾ ਅਫ਼ਗ਼ਾਨਾਂ ਦੇ ਡਰ ਤੋਂ ਛੁਟਕਾਰਾ ਹੋਇਆ। ਇਸ ਨੇ ਆਗਰਾ ਨੂੰ ਆਪਣੀ ਰਾਜਧਾਨੀ ਬਣਾ ਕੇ ਉਸ ਦਾ ਨਾਂ ‘ਅਕਬਰਾਬਾਦ’ ਰਖਿਆ।

            ਕੁਝ ਸਮਾਂ ਬੈਰਾਮ ਖ਼ਾਨ ਨੇ ਰਾਜ ਦੀ ਵਾਗ-ਡੋਰ ਸੰਭਾਲੀ ਰਖੀ, ਪਰ ਅਕਬਰ ਉਸ ਦੀ ਮਨਮਰਜ਼ੀ ਵਾਲੇ ਵਿਵਹਾਰ ਤੋਂ ਸੰਤੁਸ਼ਟ ਨਹੀਂ ਸੀ। ਉਸ ਨੇ ਆਗਰੇ ਤੋਂ ਦਿੱਲੀ ਆ ਕੇ ਬੈਰਾਮ ਖ਼ਾਨ ਨੂੰ ਬਰਤਰਫ਼ ਕਰ ਦਿੱਤਾ ਅਤੇ ਖ਼ੁਦ ਰਾਜ ਦਾ ਕਾਰਜ-ਭਾਰ ਸੰਭਾਲ ਲਿਆ। ਬੈਰਾਮ ਖ਼ਾਨ ਨੇ ਵਿਰੋਧ ਕੀਤਾ, ਪਰ ਉਸ ਨੂੰ ਕੈਦ ਕਰ ਲਿਆ ਗਿਆ ਅਤੇ ਅੰਤ ਵਿਚ ਉਸ ਨੂੰ ਮੱਕੇ ਵਲ ਚਲੇ ਜਾਣ ਲਈ ਛਡ ਦਿੱਤਾ ਗਿਆ।

            ਇਸ ਨੇ ਹੌਲੀ ਹੌਲੀ ਸਾਰੇ ਸਿਰਕਸ਼ ਸਰਦਾਰਾਂ ਤੋਂ ਆਪਣਾ ਰਾਜ-ਮਾਰਗ ਸਾਫ਼ ਕੀਤਾ ਅਤੇ ਨਾਲ ਹੀ ਆਪਣੇ ਰਾਜ ਦਾ ਵਿਸਤਾਰ ਕਰਨਾ ਸ਼ੁਰੂ ਕੀਤਾ ਅਤੇ ਜਲਦੀ ਹੀ ਰਾਜਸਥਾਨ ਵਿਚਲੇ ਮਾਲਵਾ , ਅੰਬੇਰ (ਆਮੇਰ) ਅਤੇ ਜੋਧਪੁਰ ਦੇ ਇਲਾਕਿਆਂ ਤਕ ਆਪਣਾ ਅਧਿਕਾਰ-ਖੇਤਰ ਵਧਾ ਲਿਆ। ਆਪਣੀ ਸਿਆਣਤ ਨਾਲ ਇਸ ਨੇ ਰਾਜਪੂਤ ਰਾਜਿਆਂ ਨੂੰ ਆਪਣੇ ਅਧੀਨ ਕਰਨ ਦਾ ਯਤਨ ਕੀਤਾ। ਧਾਰਮਿਕ ਉਦਾਰਤਾ ਵਿਖਾਉਂਦੇ ਹੋਇਆਂ ਕੈਦੀਆਂ ਨੂੰ ਗ਼ੁਲਾਮ ਬਣਾਉਣ, ਜਜ਼ੀਆ ਵਸੂਲ ਕਰਨ ਅਤੇ ਤੀਰਥ- ਯਾਤ੍ਰਾ ਉਤੇ ਰੋਕ ਲਗਾਉਣ ਦੀਆਂ ਪ੍ਰਥਾਵਾਂ ਨੂੰ ਖ਼ਤਮ ਕਰ ਦਿੱਤਾ। ਪਰ ਰਾਜਪੂਤ ਰਾਜਿਆਂ ਵਿਚੋਂ ਬਹੁਤਿਆਂ ਨੇ ਅਕਬਰ ਦੀ ਪ੍ਰਭੁਤਾ ਸਵੀਕਾਰ ਨ ਕੀਤੀ। ਜੈਪੁਰ ਅਤੇ ਜੋਧਪੁਰ ਦੇ ਰਾਜਿਆਂ ਨੇ ਅਕਬਰ ਨਾਲ ਭਾਵੇਂ ਆਪਣੇ ਪਰਿਵਾਰਿਕ ਸੰਬੰਧ ਕਾਇਮ ਕਰ ਲਏ ਪਰ ਮੇਵਾੜ (ਮੇਵਾਰ) ਦੇ ਮਹਾਰਾਣਾ ਉਦੈ ਸਿੰਘ ਨੇ ਅਕਬਰ ਦੀ ਪਰਵਾਹ ਨ ਕੀਤੀ। ਉਸ ਨੂੰ ਦੰਡ ਦੇਣ ਲਈ ਅਕਬਰ ਨੇ ਚਤੌੜਗੜ੍ਹ ਉਤੇ ਹਮਲਾ ਕੀਤਾ। ਮਹਾਰਾਣਾ ਘਾਇਲ ਹੋ ਕੇ ਕਿਲ੍ਹੇ ਵਿਚੋਂ ਨਿਕਲ ਗਿਆ, ਪਰ ਜੈਮਲ ਅਤੇ ਫੱਤਾ ਨਾਂ ਦੇ ਰਾਜਪੂਤ ਯੋਧੇ ਅਦੁੱਤੀ ਵੀਰਤਾ ਨਾਲ ਲੜਦੇ ਹੋਏ ਮਾਰੇ ਗਏ। ਇਨ੍ਹਾਂ ਦਾ ਜਸ ਵੀਰ-ਕਾਵਿ ਦਾ ਵਿਸ਼ਾ ਬਣ ਗਿਆ।

            ਸੰਨ 1567 ਈ. ਵਿਚ ਚਤੌੜਗੜ੍ਹ ਅਤੇ ਰਣਥੰਭੌਰ ਦੇ ਕਿਲ੍ਹਿਆਂ ਉਤੇ ਅਕਬਰ ਨੇ ਕਬਜ਼ਾ ਕਰਕੇ ਅਤੇ ਆਪਣੇ ਰਾਜ ਦੀਆਂ ਸੀਮਾਵਾਂ ਕਾਲਿੰਜਰ, ਮਾਰਵਾੜ ਅਤੇ ਬੀਕਾਨੇਰ ਤਕ ਵਧਾਉਂਦਾ ਹੋਇਆ ਗੁਜਰਾਤ ਤਕ ਜਾ ਪਹੁੰਚਿਆ। ਇਧਰ ਪੂਰਬ ਵਲ ਇਸ ਨੇ ਸੰਨ 1572-74 ਈ. ਵਿਚ ਬੰਗਾਲ ਅਤੇ ਬਿਹਾਰ ਦੇ ਪ੍ਰਾਂਤਾਂ ਨੂੰ ਆਪਣੇ ਅਧੀਨ ਕਰ ਲਿਆ। ਫਿਰ ਸਹਿਜੇ ਸਹਿਜੇ ਇਸ ਨੇ ਕਸ਼ਮੀਰ , ਅਫ਼ਗਾਨਿਸਤਾਨ, ਬਲੋਚਿਸਤਾਨ ਅਤੇ ਸਿੰਧ ਤਕ ਆਪਣੀ ਰਾਜ-ਸੀਮਾ ਵਧਾਈ ਅਤੇ ਦੱਖਣ ਵਿਚ ਵੀ ਆਪਣੀ ਪ੍ਰਭੁਤਾ ਸਥਾਪਿਤ ਕੀਤੀ। ਇਸੇ ਤਰ੍ਹਾਂ ਇਸ ਨੇ ਇਕ ਬਹੁਤ ਵੱਡਾ ਅਤੇ ਸ਼ਕਤੀਸ਼ਾਲੀ ਰਾਜ ਕਾਇਮ ਕੀਤਾ। ਦਮੋਦਰ ਨੇ ਆਪਣੇ ‘ਹੀਰ ’ ਦੇ ਕਿੱਸੇ ਵਿਚ ਸੰਕੇਤ ਕੀਤਾ ਹੈ — ਪਾਤਸ਼ਾਹੀ ਜੋ ਅਕਬਰ ਸੰਦੀ, ਹੀਲ ਹੁੱਜਤ ਕਾਈ

            ਅਕਬਰ ਨੇ ਨਿੱਤ ਵਧਦੇ ਰਾਜ ਨੂੰ ਬੜੇ ਸੁਚੱਜੇ ਢੰਗ ਨਾਲ ਚਲਾਇਆ। ਆਮਦਨ ਦੇ ਸਾਧਨਾਂ ਨੂੰ ਵਿਵਸਥਿਤ ਰੂਪ ਦਿੱਤਾ। ਸਾਰੇ ਧਰਮਾਂ ਪ੍ਰਤਿ ਉਦਾਰਤਾ ਦਾ ਰਵੈਯਾ ਅਪਣਾਉਂਦੇ ਹੋਇਆ ‘ਦੀਨ-ਏ-ਇਲਾਹੀ’ ਦੀ ਸਥਾਪਨਾ ਕੀਤੀ ਜਿਸ ਵਿਚ ਹਰ ਧਰਮ ਵਾਲਾ ਸ਼ਾਮਲ ਹੋ ਸਕਦਾ ਸੀ। ਉਸ ਦੇ ਮੁੱਖ ਸਿੱਧਾਂਤ ਇਸ ਪ੍ਰਕਾਰ ਸਨ— ਪਰਮਾਤਮਾ ਵਿਚ ਦ੍ਰਿੜ੍ਹ ਵਿਸ਼ਵਾਸ , ਬਾਦਸ਼ਾਹ ਪ੍ਰਤਿ ਭਗਤੀ ਭਾਵਨਾ ਜਾਂ ਆਸਥਾ, ਮਾਸ ਖਾਣ ਅਤੇ ਜੀਵ ਹਤਿਆ ਕਰਨ ਦੀ ਮਨਾਹੀ , ਇਸਤਰੀ ਸਹਿਵਾਸ ਵਿਚ ਸੰਜਮ ਅਤੇ ਸ਼ੁੱਧਤਾ, ਸਮੇਂ ਸਮੇਂ ਦਾਨ ਅਤੇ ਭੰਡਾਰੇ ਲਗਾਉਣਾ। ਇਸ ਨਵੇਂ ਧਰਮ ਵਿਚ ਸ਼ਾਮਲ ਹੋਣ ਲਈ ਅਕਬਰ ਖ਼ੁਦ ਹਰ ਇਕ ਨੂੰ ਦੀਕਸ਼ਿਤ ਕਰਦਾ ਸੀ। ਇਸ ਧਰਮ ਦੇ ਵਿਅਕਤੀ ਜਦੋਂ ਆਪਸ ਵਿਚ ਮਿਲਦੇ ਤਾਂ ‘ਅੱਲਾ-ਹੂ-ਅਕਬਰ’ ਕਹਿੰਦੇ ਅਤੇ ਉੱਤਰ ਵਿਚ ‘ਜੱਲੇ-ਜਲਾਲ-ਹੂ’ ਉਚਾਰਦੇ। ਇਹ ਲੋਕ ਆਪਣੀ ਪਗੜੀ ਵਿਚ ਅਕਬਰ ਦਾ ਇਕ ਨਿੱਕਾ ਜਿਹਾ ਚਿੱਤਰ ਵੀ ਰਖਦੇ। ਪਰ ਕੱਟੜਵਾਦੀ ਮੁਲਾਣਿਆਂ ਨੇ ਅਕਬਰ ਦੇ ਇਸ ਨਵੇਂ ਧਰਮ ਦਾ ਵਿਰੋਧ ਕੀਤਾ। ਕਈਆਂ ਪ੍ਰਾਂਤਾਂ ਵਿਚ ਬਗ਼ਾਵਤ ਵੀ ਹੋਈ, ਜੋ ਭਾਵੇਂ ਅਕਬਰ ਨੇ ਆਪਣੀ ਸੂਝ ਨਾਲ ਦਬਾ ਦਿੱਤੀ ਪਰ ਆਪਣੇ ਨਵੇਂ ਧਰਮ ਦੇ ਪ੍ਰਚਾਰ ਨੂੰ ਹੌਲੀ ਹੌਲੀ ਘਟਾ ਦਿੱਤਾ ਅਤੇ ਇਸ ਤਰ੍ਹਾਂ ਇਹ ਧਰਮ ਅਕਬਰ ਦੇ ਜੀਵਨ -ਕਾਲ ਵਿਚ ਹੀ ਖ਼ਤਮ ਹੋ ਗਿਆ।

            ਅਕਬਰ ਨੇ ਕਈ ਸਮਾਜਿਕ ਅਤੇ ਧਾਰਮਿਕ ਸੁਧਾਰ ਕੀਤੇ ਅਤੇ ਬਹੁਤ ਸਾਰੇ ਹਿੰਦੂ ਧਰਮ ਗ੍ਰੰਥਾਂ ਨੂੰ ਫ਼ਾਰਸੀ ਵਿਚ ਅਤੇ ਇਸਲਾਮਿਕ ਧਰਮ ਗ੍ਰੰਥਾਂ ਨੂੰ ਭਾਖਾ ਵਿਚ ਅਨੁਵਾਦ ਕਰਵਾਇਆ ਤਾਂ ਜੋ ਦੋਹਾਂ ਧਰਮਾਂ ਵਾਲੇ ਇਕ ਦੂਜੇ ਦੇ ਸਭਿਆਚਾਰ ਨੂੰ ਸਮਝ ਸਕਣ। ਇਹ ਵਿਦਵਾਨਾਂ ਅਤੇ ਕਲਾਕਾਰਾਂ ਦਾ ਕਦਰਦਾਨ ਸੀ। ‘ਮਹਿਮਾ ਪ੍ਰਕਾਸ਼ ’ ਅਨੁਸਾਰ ਅਕਬਰ ਬਾਦਸ਼ਾਹ ਗੁਰੂ ਅਮਰਦਾਸ ਜੀ ਦੇ ਦਰਬਾਰ ਵਿਚ, ਪਹਿਲਾਂ ਲੰਗਰ ਛਕ ਕੇ ਹਾਜ਼ਰ ਹੋਇਆ ਸੀ। ਭਾਈ ਸੰਤੋਖ ਸਿੰਘ ਦੇ ਕਥਨ ਅਨੁਸਾਰ, ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿਚ ਵੀ ਹਾਜ਼ਰ ਹੋਇਆ ਸੀ। ਅਬੁਲ ਫ਼ਜ਼ਲ ਨੇ ‘ਅਕਬਰਨਾਮਾ’ ਵਿਚ ਲਿਖਿਆ ਹੈ ਕਿ ਅਕਬਰ 24 ਨਵੰਬਰ 1598 ਈ. ਨੂੰ ਗੁਰੂ ਅਰਜਨ ਦੇਵ ਪਾਸ ਗੋਇੰਦਵਾਲ ਗਿਆ ਸੀ। ਗੁਰੂ ਜੀ ਦੇ ਕਹੇ ’ਤੇ ਸੋਕੇ ਦੇ ਮਾਰੇ ਕਿਸਾਨਾਂ ਦਾ ਮਾਲੀਆ ਅਕਬਰ ਨੇ ਮਾਫ਼ ਕੀਤਾ ਸੀ। ਇਕ ਹੋਰ ਕਥਨ ਅਨੁਸਾਰ ਜਦੋਂ ਅਕਬਰ ਬਟਾਲੇ ਠਹਿਰਿਆ ਹੋਇਆ ਸੀ ਤਾਂ ਗੁਰੂ ਜੀ ਦੇ ਵਿਰੋਧੀਆਂ ਨੇ ਬਾਦਸ਼ਾਹ ਅਗੇ ਸ਼ਿਕਾਇਤ ਕੀਤੀ ਕਿ ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਵਿਚ ਇਸਲਾਮ ਅਤੇ ਹੋਰਨਾਂ ਧਰਮਾਂ ਦੇ ਵਿਰੋਧੀ ਅੰਸ਼ ਸ਼ਾਮਲ ਕੀਤੇ ਹਨ। ਅਕਬਰ ਨੇ ਗੁਰੂ ਜੀ ਨੂੰ ਬਟਾਲੇ ਬੁਲਾਇਆ। ਗੁਰੂ ਜੀ ਨੇ ਬਾਬਾ ਬੁੱਢਾ ਅਤੇ ਭਾਈ ਗੁਰਦਾਸ ਨੂੰ ਗ੍ਰੰਥ ਸਾਹਿਬ ਸਹਿਤ ਉਥੇ ਭੇਜਿਆ। ਅਕਬਰ ਨੇ ਗ੍ਰੰਥ ਸਾਹਿਬ ਨੂੰ ਆਪਣੀ ਇੱਛਾ ਅਨੁਸਾਰ ਕੁਝ ਥਾਂਵਾਂ ਤੋਂ ਪੜ੍ਹਵਾਇਆ। ਤਸਲੀ ਹੋ ਜਾਣ’ਤੇ ਗ੍ਰੰਥ ਸਾਹਿਬ ਅਗੇ 51 ਮੋਹਰਾਂ ਭੇਂਟ ਕੀਤੀਆਂ ਅਤੇ ਬਾਬਾ ਬੁੱਢਾ ਅਤੇ ਭਾਈ ਗੁਰਦਾਸ ਨੂੰ ਖ਼ਿਲਤਾਂ ਦੇ ਕੇ ਆਦਰ ਸਹਿਤ ਵਿਦਾ ਕੀਤਾ। ਗੁਰੂ ਜੀ ਲਈ ਵੀ ਇਕ ਕੀਮਤੀ ਖ਼ਿਲਤ ਭੇਜੀ।

            ਦੱਖਣ ਦੀਆਂ ਲੜਾਈਆਂ ਵਿਚ ਰੁਝੇ ਹੋਣ ਕਾਰਣ ਅਕਬਰ ਦੇ ਲੜਕੇ ਸਲੀਮ (ਜਹਾਂਗੀਰ) ਨੇ ਬਗ਼ਾਵਤ ਕੀਤੀ, ਪਰ ਸੰਨ 1603 ਈ. ਵਿਚ ਉਸ ਨੇ ਮਾਫ਼ੀ ਮੰਗ ਕੇ ਪਿਤਾ ਦੀ ਅਧੀਨਗੀ ਸਵੀਕਾਰ ਕਰ ਲਈ। 16 ਅਕਤੂਬਰ 1605 ਈ. ਨੂੰ ਅਕਬਰ ਦਾ ਆਗਰੇ ਵਿਚ ਦੇਹਾਂਤ ਹੋਇਆ। ਇਹ ਬਹੁਤ ਪ੍ਰਤਾਪੀ, ਗੰਭੀਰ , ਉਦਾਰ, ਹਰਮਨ ਪਿਆਰਾ ਅਤੇ ਦੂਰਦਰਸ਼ੀ ਸ਼ਾਸਕ ਸੀ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3075, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.