ਅਨੰਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਨੰਦ [ਨਾਂਪੁ] ਮੌਜ , ਪ੍ਰਸੰਨਤਾ, ਅਥਾਹ ਖ਼ੁਸ਼ੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7388, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਨੰਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਨੰਦ. ਸੰ. आनन्द—ਆਨੰਦ. ਸੰਗ੍ਯਾ—ਖ਼ੁਸ਼ੀ. ਪ੍ਰਸੰਨਤਾ. “ਮਿਟਿਆ ਸੋਗ ਮਹਾ ਅਨੰਦ ਥੀਆ.” (ਆਸਾ ਮ: ੫) ੨ ਰਾਗ ਰਾਮਕਲੀ ਵਿੱਚ ਇੱਕ ਖ਼ਾਸ ਬਾਣੀ , ਜੋ ਤੀਜੇ ਸਤਿਗੁਰੂ ਜੀ ਨੇ ਮੋਹਰੀ ਜੀ ਦੇ ਮਝਲੇ ਪੁਤ੍ਰ ਦੇ ਜਨਮ ਸਮੇਂ ਸੰਮਤ ੧੬੧੧ ਵਿੱਚ ਉੱਚਾਰਣ ਕੀਤੀ1 ਅਤੇ ਪੋਤੇ ਦਾ ਨਾਉਂ ‘ਅਨੰਦ’ ਰੱਖਿਆ। ੩ ਗੁਰੂ ਅਮਰ ਦਾਸ ਜੀ ਦਾ ਪੋਤਾ. ਇਹ ਮਹਾਤਮਾ ਵਡਾ ਕਰਣੀ ਵਾਲਾ ਹੋਇਆ ਹੈ. ਗੁਰੂ ਹਰਿਗੋਬਿੰਦ ਸਾਹਿਬ ਨੇ ਅਨੰਦ ਜੀ ਨੂੰ ਪਾਲਕੀ ਭੇਜਕੇ ਕੀਰਤਪੁਰ ਸਦਵਾਇਆ ਸੀ. ਉਹ ਪਾਲਕੀ ਹੁਣ ਗੋਇੰਦਵਾਲ ਮੌਜੂਦ ਹੈ। ੪ ਸਿੱਖ ਧਰਮ ਅਨੁਸਾਰ ਵਿਆਹ (ਸ਼ਾਦੀ) ਦਾ ਨਾਉਂ ਭੀ ਅਨੰਦ ਬਾਣੀ ਕਰਕੇ ਹੀ ਹੈ. “ਬਿਨਾ ਅਨੰਦ ਬਿਆਹ ਕੇ ਭੁਗਤੇ ਪਰ ਕੀ ਜੋਇ***ਮੇਰਾ ਸਿੱਖ ਨ ਸੋਇ.” (ਰਤਨਮਾਲ) ਦੇਖੋ, ਆਨੰਦ ੪.

    ਅਨੰਦ ਬਾਣੀ ਹੋਰ ਮੰਗਲ ਕਾਰਜਾਂ ਵਿੱਚ ਭੀ ਪੜ੍ਹੀ ਜਾਂਦੀ ਹੈ, ਜੈਸੇ—ਗੁਰੂ ਹਰਿਗੋਬਿੰਦ ਜੀ ਦੇ ਜਨਮ ਸਮੇਂ ਪਾਠ ਹੋਇਆ. “ਗੁਰੁਬਾਣੀ ਸਖੀ ਅਨੰਦ ਗਾਵੈ.” (ਆਸਾ ਮ: ੫) ੫ ਸੰ. अनन्द. ਵਿ—ਨੰਦ (ਖ਼ੁਸ਼ੀ) ਬਿਨਾ. ਪ੍ਰਸੰਨਤਾ ਰਹਿਤ । ੬. ਪੁਤ੍ਰ. ਬਿਨਾ. ਅਪੁਤ੍ਰ. ਔਤ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7308, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅਨੰਦ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਨੰਦ : (ਸੰਸਕ੍ਰਿਤ ਨੰਦ ਤੋਂ ਆਨੰਦ ਭਾਵ ਖੁਸ਼ ਹੋਣਾ, ਪ੍ਰਸੰਨ ਹੋਣਾ) ਇਕ ਅਜਿਹੇ ਰਹੱਸਾਤਮਿਕ ਅਨੁਭਵ, ਅਧਿਆਤਮਿਕ ਖੇੜੇ ਅਥਵਾ ਚੇਤਨਤਾ ਦੀ ਅਵਸਥਾ ਨੂੰ ਦਰਸਾਉਂਦਾ ਹੈ ਜਿਹੜੀ ‘ਜੀਵਨ ਮੁਕਤ` ਦੀ ਹੁੰਦੀ ਹੈ। ਉਪਨਿਸ਼ਦਾਂ ਅਨੁਸਾਰ ਅਨੰਦ ਆਤਮਾ ਜਾਂ ਬ੍ਰਹਮ ਦੇ ਤਿੰਨ ਅੰਤਰੀਵੀ ਗੁਣਾਂ ਵਿਚੋਂ ਇਕ ਹੈ; ਬਾਕੀ ਦੇ ਦੋ ਗੁਣ ਹਨ ‘ਸਤ` ਅਤੇ ‘ਚਿਤ`। ਤੈਤ੍ਰੀਯ ਉਪਨਿਸ਼ਦ (।।.1-5) ਵਿਚ ਜਾ ਕੇ ਇਸ ਪਦ ਦਾ ਅਰਥ ‘ਵਿਸਮਾਦੀ ਖੁਸ਼ੀ` ਬਣ ਗਿਆ। ਜੀਵ ਦੀ ਉਤਪਤੀ ਦੀ ਪਹਿਲੀ ਜਾਂ ਸਭ ਤੋਂ ਨੀਂਵੀ ਅਵਸਥਾ ਨੂੰ ਅੰਨਮਯ ਕੋਸ਼ (ਪਦਾਰਥ) ਕਿਹਾ ਗਿਆ ਹੈ ਜਿਹੜੀ ਵਾਰ-ਵਾਰ ਪ੍ਰਾਣ (ਜੀਵਨ), ਮਨ (ਚੇਤਨਤਾ) ਵਿਗਿਆਨ (ਸਵੈ-ਚੇਤਨਤਾ) ਅਤੇ ਆਨੰਦ ਵਿਚ ਤਬਦੀਲ ਹੁੰਦੀ ਰਹਿੰਦੀ ਹੈ।

    ਸਿੱਖ ਬ੍ਰਹਮ-ਵਿਗਿਆਨ ਅਨੁਸਾਰ, ਅਨੰਦ ਪਰਮ ਸੱਤਾ ਦੇ ਗੁਣਾਂ ਵਿਚੋਂ ਇਕ ਹੈ ; ਇਸ ਲਈ ਇਹ ਜੀਵਾਤਮਾ ਦੀ ਵਿਅਕਤੀਗਤ ਸਥਿਤੀ ਦਾ ਲਖਾਇਕ ਵੀ ਹੋ ਸਕਦਾ ਹੈ ।ਰਾਮਕਲੀ ਰਾਗ ਦੀ ਗੁਰੂ ਅਮਰਦਾਸ ਜੀ ਦੀ ਬਾਣੀ , ਵਿਚ ਅਨੰਦ ਦੀ ਅਨੁਭੂਤੀ ਦਾ ਵਰਨਨ ਕੀਤਾ ਗਿਆ ਹੈ ਕਿ ਕਿਵੇਂ ਜੀਵਾਤਮਾ ਨਾਮ-ਸਿਮਰਨ ਰਾਹੀਂ ਹਰੀ ਨਾਲ ਮਿਲਣ ਦਾ ਅਨੰਦ ਪ੍ਰਾਪਤ ਕਰਦੀ ਹੈ। ਗੁਰੂ ਅਰਜਨ ਦੇਵ ਜੀ ਦਸਦੇ ਹਨ ਕਿ ਉਹਨਾਂ ਆਪਣੇ ਅੱਖੀਂ ਡਿੱਠਾ ਹੈ ਕਿ ਪਰਮ-ਸੱਤਾ ਅਨੰਦ ਰੂਪ ਹੈ-ਅਨਦ ਰੂਪੁ ਸਭੁ ਨੈਨ ਅਲੋਇਆ (ਗੁ. ਗ੍ਰੰ. 387)। ਇਕ ਹੋਰ ਥਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਗੁਰੂ ਨਾਨਕ ਦਾ ਪ੍ਰਭੂ (ਅਕਾਲਪੁਰਖ) ਜਿਹੜਾ ਸਭ ਕਾਰਨਾਂ ਦਾ ਮੂਲ ਹੈ ਅਤੇ ਅੰਤਰਜਾਮੀ ਹੈ, ਉਹ ਵੀ ਅਨੰਦ ਦਾ ਅਨੁਭਵ ਕਰਦਾ ਹੈ-ਕਰਨ ਕਰਾਵਨ ਅੰਤਰਜਾਮੀ॥ ਅਨੰਦ ਕਰੈ ਨਾਨਕ ਕਾ ਸੁਆਮੀ (ਗੁ.ਗ੍ਰੰ.387)। ਆਪਣੀ ਰਚਨਾ ‘ਅਨੰਦ` ਦੇ ਅਰੰਭ ਵਿਚ ਹੀ ਗੁਰੂ ਅਮਰ ਦਾਸ ਜੀ ਦਸਦੇ ਹਨ ਕਿ ਅਨੰਦ ਦਾ ਅਨੁਭਵ ਸੱਚੇ ਗੁਰੂ ਨਾਲ ਮਿਲਾਪ ਹੋਣ ਅਤੇ ਉਸ ਦੀਆਂ ਸਿੱਖਿਆਵਾਂ (ਗੁਰਮਤਿ) ਨੂੰ ਮਨ ਵਿਚ ਵਸਾ ਲੈਣ ਉਪਰੰਤ ਹੁੰਦਾ ਹੈ। ਇਹਨਾਂ ਦਾ ਕਥਨ ਹੈ ਕਿ ਅਨੰਦ ਦੇ ਅਨੁਭਵ ਦੀ ਤਾਂਘ ਮਨੁੱਖ ਅੰਦਰ ਕੁਦਰਤੀ ਵੀ ਹੈ ਅਤੇ ਸਰਵ-ਵਿਆਪੀ ਵੀ-ਅਨੰਦੁ ਅਨੰਦੁ ਸਭ ਕੋ ਕਹੈ (ਗੁ.ਗ੍ਰੰ. 917)। ਪਰੰਤੂ ਅਜਿਹਾ ਅਨੁਭਵ ਮਾਣ ਸਕਣਾ ਵਿਰਲਿਆਂ ਦੀ ਕਿਸਮਤ ਵਿਚ ਹੀ ਹੁੰਦਾ ਹੈ ਕਿਉਂਕਿ ਇਹ ਅਨੁਭਵ ਗੁਰੂ ਦੀ ਨਦਰਿ ਬਿਨਾਂ ਸੰਭਵ ਨਹੀਂ। ਇਹ ਨਦਰਿ ਹੀ ਮਨੁੱਖ ਦੇ ਪਾਪਾਂ ਨੂੰ ਖਤਮ ਕਰਦੀ ਹੈ, ਹਰ ਕਿਸੇ ਨੂੰ “ਗਿਆਨ ਅੰਜੁਨੋ ਨਾਲ ਵਰੋਸਾਉਂਦੀ ਹੈ, ਮੋਹ ਦੀ ਤੰਦ ਨੂੰ ਕੱਟ ਦਿੰਦੀ ਹੈ ਅਤੇ ਅਧਿਆਤਮਿਕ ਪੱਖੋਂ ਉੱਚੀ-ਸੁੱਚੀ ਰਹਿਣੀ-ਬਹਿਣੀ (ਸਬਦੁ ਸਵਾਰਿਆ) ਦੀ ਜਾਚ ਸਿਖਾਉਂਦੀ ਹੈ। ਅਨੰਦ ਦੇ ਅਨੁਭਵ ਲਈ ਇਹ ਕੁਝ ਇਕ ਜ਼ਰੂਰੀ ਸ਼ਰਤਾਂ ਹਨ। ਇਸ ਰਚਨਾ ਦੀ ਅੰਤਲੀ ਪਉੜੀ ਵਿਚ ਗੁਰੂ ਜੀ ਕਹਿੰਦੇ ਹਨ ਕਿ ਅਨੰਦ ਸਾਰੇ ਦੁੱਖਾਂ ਤੋਂ ਮੁਕਤੀ ਦਾ ਹੀ ਨਾਂ ਹੈ। ਇਹ ਵਿਅਕਤੀ ਨੂੰ ਸੰਪੂਰਨਤਾ ਪ੍ਰਦਾਨ ਕਰਦਾ ਹੈ ਅਤੇ ਇਸ ਦੀ ਅਨੁਭੂਤੀ ਦਿੱਬਤਾ ਭਰਪੂਰ ਸ਼ਬਦ ਦੇ ਸੁਣਨ ਨਾਲ ਹੀ ਸੰਭਵ ਹੈ। ਇਸ ਦੇ ਕਾਰਨ ਹੀ ਸਾਰੇ ਦੁੱਖ , ਬਿਮਾਰੀਆਂ ਅਤੇ ਦਰਦ ਨਸ਼ਟ ਹੋ ਜਾਂਦੇ ਹਨ।

    ਅਨੰਦ ਜੀਵਾਤਮਾ ਦੇ ਪਰਮਾਤਮਾ ਵੱਲ ਯਾਤਰਾ ਦੌਰਾਨ ਇਕ ਪੜਾਅ ਦਾ ਨਾਂ ਨਹੀਂ ਸਗੋਂ ਇਹ ਇਹਨਾਂ ਦੋਹਾਂ ਦੇ ਮਿਲਾਪ ਦੀ ਅਵਸਥਾ ਦਾ ਲਖਾਇਕ ਹੈ। ਗੁਰੂ ਜੀਵਾਤਮਾ ਲਈ ਇੱਕੋ ਇਕ ਮਾਰਗ ਦਰਸ਼ਕ ਹੈ ਅਤੇ ਨਾਮ-ਸਿਮਰਨ ਇਸ ਲਈ ਇਕੋ ਇਕ ਸਾਧਨਾ ਹੈ। ਪ੍ਰਭੂ ਦੀ ਨਦਰਿ ਅਰੰਭ ਵਿਚ ਉਤਸ਼ਾਹਿਤ ਕਰਨ ਵਾਲੀ ਤਾਕਤ ਵਜੋਂ ਵੀ ਕੰਮ ਕਰਦੀ ਹੈ ਅਤੇ ਅਖੀਰ ਵਿਚ ਮਿਲਾਪ ਕਰਵਾਉਣ ਵਾਲੇ ਪਾਰਖੂ ਨਿਆਂ ਅਧਿਕਾਰੀ ਦਾ ਕਾਰਜ ਵੀ ਕਰਦੀ ਹੈ।

    ਗੁਰੂ ਨਾਨਕ ਦੇਵ ਜੀ ਨੇ ਆਪਣੀ ਰਚਨਾ ਜਪੁ (ਜੀ) ਵਿਚ ਅਨੰਦ ਨੂੰ ਨਿਹਾਲ ਹੋਣ ਦੀ ਅਵਸਥਾ ਕਿਹਾ ਹੈ। ਸੁਖਮਨੀ ਵਿਚ ਗੁਰੂ ਅਰਜਨ ਦੇਵ ਜੀ ਇਸ ਨੂੰ ‘ਸੁਖ` ਅਥਵਾ ਸ਼ਾਂਤੀ ਦਾ ਨਾਂ ਦਿੰਦੇ ਹਨ। ਗੁਰੂ ਤੇਗ ਬਹਾਦਰ ਜੀ ਇਸ ਨੂੰ ਸਹਿਜ ਦੀ ਸਥਿਤੀ ਵਿਚ ਵਿਚਰ ਰਹੇ ਗਿਆਨੀ ਦੀ ਮਾਨਸਿਕ ਅਵਸਥਾ ਦਾ ਨਾਂ ਦਿੰਦੇ ਹਨ। ਗੁਰੂ ਗੋਬਿੰਦ ਸਿੰਘ ਅਨੁਸਾਰ ਇਹ ਬਹਾਦਰ ਅਤੇ ਗੁਰੂ ਪ੍ਰਤੀ ਸਮਰਪਿਤ ਯੋਧੇ ਦੀ ਉਹ ਮਾਨਸਿਕ ਸਥਿਤੀ ਹੈ ਜਦੋਂ ਉਹ ਪਰਉਪਕਾਰ ਅਤੇ ਤਿਆਗ ਦੇ ਕੰਮਾਂ ਵਿਚ ਅਨੰਦ ਮਹਿਸੂਸ ਕਰਦਾ ਹੈ। ਜਪੁ (ਜੀ) ਦੇ ਸਮੁੱਚੇ ਭਾਵ ਨੂੰ ਸਾਰ ਰੂਪ ਵਿਚ ਬਿਆਨ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਅੰਤਮ ਪਦੇ ਵਿਚ ਕਹਿੰਦੇ ਹਨ ਕਿ ਪਰਮਾਤਮਾ ਦੀ ਨਦਰਿ ਜੀਵਾਤਮਾ ਨੂੰ ਨਿਹਾਲ ਕਰ ਦਿੰਦੀ ਹੈ - ਕਰ ਕਰ ਵੇਖੈ ਨਦਰਿ ਨਿਹਾਲ।


ਲੇਖਕ : ਤ.ਸ. ਅਤੇ ਅਨੁ. ਧ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7084, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਅਨੰਦ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਅਨੰਦ (ਸੰ.। ਸੰਸਕ੍ਰਿਤ ਆਨੰਦ*) ਖੁਸ਼ੀ, ਉਮਾਹ, ਚਾਉ। ਉਤਸ਼ਾਹ

----------

* ਅਨੰਦ ਦਾ ਕੰਨਾ ਉਡ ਗਿਆ ਹੈ, ਮੁਹਾਵਰੇ ਨੇ ਉਸੇ ਤਰ੍ਹਾਂ ਦਾ ਵਟਾਉ ਖਾਧਾ ਹੈ ਜਿਵੇਂ ਪ੍ਰਾਕ੍ਰਿਤਿ ਵਿਚ ‘ਆ’ ਕੰਨੇ ਦਾ ‘ਅ’ ਮੁਕਤਾ ਕਿਤੇ ਕਿਤੇ ਬਣ ਜਾਂਦਾ ਹੈ ਜਿਵੇਂ ਕਾਂਸਿਕ ਦਾ (ਕੰਸਕ) ਕੰਸਓ ਰਹਿ ਜਾਂਦਾ ਹੈ। ਯਾ (ਪ੍ਰਕਾਰ:) ਪਆਰੋ ਦਾ ਪਅਰੋ ਰਹਿ ਜਾਂਦਾ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7084, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.