ਆਸਾ ਕੀ ਵਾਰ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਸਾ ਕੀ ਵਾਰ : ਗੁਰੂ ਗ੍ਰੰਥ ਸਾਹਿਬ ਦੇ ਤਤਕਰੇ ਵਿਚ ਦਰਜ ਹੈ ਪਰੰਤੂ ਆਮ ਕਰਕੇ ਇਸ ਦਾ ਸਿਰਲੇਖ ਆਸਾ ਦੀ ਵਾਰ ਹੈ ਜਿਸਦਾ ਸ਼ਬਦੀ ਅਰਥ ਹੈ ਆਸਾ ਰਾਗ ਵਿਚ ਇਕ ਵਾਰ । ਇਹ ਗੁਰੂ ਨਾਨਕ ਦੇਵ ਦੀ ਰਚਨਾ ਹੈ ਜੋ ਰਾਗੀਆਂ ਦੁਆਰਾ ਸਿੱਖ ਸੰਗਤਾਂ ਵਿਚ ਅੰਮ੍ਰਿਤ ਵੇਲੇ ਗਾਇਨ ਕੀਤੀ ਜਾਂਦੀ ਹੈ । ਆਸਾ , ਸੂਰਜ ਚੜ੍ਹਣ ਤੋਂ ਪਹਿਲਾਂ ਦੇ ਸਮੇਂ ਦਾ ਰਾਗ ਹੈ ਅਤੇ ਇਸ ਵਾਰ ਨੂੰ ਅੰਮ੍ਰਿਤ ਵੇਲੇ ਗਾਇਨ ਦੀ ਪਰੰਪਰਾ ਗੁਰੂ ਨਾਨਕ ਦੇਵ ਦੇ ਸਮੇਂ ਤੋਂ ਮੰਨੀ ਜਾਂਦੀ ਹੈ । ਇਹ ਕਿਹਾ ਜਾਂਦਾ ਹੈ ਕਿ ਭਾਈ ਲਹਿਣਾ ( ਮਗਰੋਂ ਗੁਰੂ ਅੰਗਦ ਦੇਵ ) ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਇਸ ਦਾ ਗੁਰੂ ਨਾਨਕ ਦੇਵ ਦੀ ਹਾਜ਼ਰੀ ਵਿਚ ਗਾਇਨ ਕੀਤਾ । ਉਸ ਸਮੇਂ ਗੁਰੂ ਨਾਨਕ ਦੇਵ ਦੁਆਰਾ ਰਚਿਤ ਚੌਵੀ ਪਉੜੀਆਂ ਸਨ ਅਤੇ ਜਦੋਂ ਇਸ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਕੀਤਾ ਗਿਆ ਸੀ ਤਾਂ ਜਿਵੇਂ ਕਿ ਗੁਰੂ ਅਰਜਨ ਦੇਵ ਨੇ ਸਿਰਲੇਖ ਵਿਚ ਦਿੱਤਾ ਹੈ ਕੁਝ ਸਲੋਕ ਵੀ ਮਹਲੇ ਪਹਿਲੇ ਕੇ ( ਗੁਰੂ ਨਾਨਕ ਜੀ ਦੇ ) ਲਿਖੇ ਸਨ । ਇਸਦੇ ਵਰਤਮਾਨ ਰੂਪ ਵਿਚ ਚੌਵੀ ਪਉੜੀਆਂ ਅਤੇ ਕੁਲ ਉਨਾਹਟ ਸਲੋਕ ਹਨ ਜਿਨ੍ਹਾਂ ਵਿਚੋਂ 45 ਗੁਰੂ ਨਾਨਕ ਦੇਵ ਦੁਆਰਾ ਅਤੇ 14 ਗੁਰੂ ਅੰਗਦ ਦੇਵ ਦੁਆਰਾ ਰਚੇ ਗਏ ਹਨ । ਇਸ ਦਾ ਗਾਇਨ ਕਰਨ ਸਮੇਂ ਰਾਗੀ ਸਲੋਕਾਂ ਤੋਂ ਪਹਿਲਾਂ ਗੁਰੂ ਰਾਮ ਦਾਸ ਦੇ ਚਾਰ ਪੰਕਤੀਆਂ ਵਾਲੇ ਸਲੋਕ ਪੜ੍ਹਦੇ ਹਨ ਜਿਹੜੇ ਕਿ ਵਖਰੇ ਤੌਰ ਤੇ ਰਾਗ ਆਸਾ ਵਿਚ ਦਰਜ ਹਨ ਅਤੇ ਜਿਨ੍ਹਾਂ ਨੂੰ ਛੱਕੇ ਕਿਹਾ ਜਾਂਦਾ ਹੈ । ਇਸ ਸਭ ਦੇ ਗਾਇਨ ਦੇ ਵਿਚਕਾਰ ਪ੍ਰਮਾਣਾਂ ਵਜੋਂ ਉਹ ਗੁਰੂ ਗ੍ਰੰਥ ਸਾਹਿਬ ਵਿਚਲੇ ਸ਼ਬਦਾਂ ਦਾ ਭਾਈ ਗੁਰਦਾਸ ਅਤੇ ਭਾਈ ਨੰਦ ਲਾਲ ਦੀਆਂ ਰਚਨਾਵਾਂ ਵਿਚੋਂ ਵੀ ਸ਼ਬਦ ਗਾਇਨ ਕਰਦੇ ਹਨ । ਵਾਰ ਦੇ ਅਰੰਭ ਵਿਚ ਗੁਰੂ ਅਰਜਨ ਦੇਵ ਦੁਆਰਾ ਅੰਕਿਤ ਕੀਤੀ ਗਈ ਸੰਗੀਤਿਕ ਹਿਦਾਇਤ ਅਨੁਸਾਰ ਇਹ ਬਾਣੀ ਇਕ ਪੁਰਾਤਨ ਲੋਕ ਵਾਰ ਦੀ ਧੁਨੀ ਤੇ ਗਾਇਨ ਕਰਨ ਲਈ ਹੈ ਜਿਸ ਦਾ ਨਾਇਕ ਇਕ ਸ਼ਹਿਜ਼ਾਦਾ ਸੀ ਜਿਸ ਦਾ ਨਾਂ ( ਹੱਥ ਵੱਢਿਆ ਹੋਣ ਕਰਕੇ ) ਟੁੰਡਾ ਅਸਰਾਜ ਸੀ ।

      ਵਾਰ ਵਿਚ ਸਾਰੀਆਂ ਪਉੜੀਆਂ ਵਿਚ ਵੱਖ ਵੱਖ ਵਿਸ਼ਿਆਂ ਬਾਰੇ ਗੱਲ ਕੀਤੀ ਗਈ ਹੈ ਪਰੰਤੂ ਇਕ ਮੁੱਖ ਕੇਂਦਰੀ ਨੁਕਤਾ , ਜਿਸ ਉਤੇ ਜ਼ੋਰ ਦਿੱਤਾ ਗਿਆ ਹੈ ਉਹ ਹੈ ਮਨੁੱਖ ਦੀ ਸਥਿਤੀ ਅਤੇ ਉਹ ਕਿਵੇਂ ਆਪੇ ਦੇ ਬੰਧਨ ਤੋਂ ਮੁਕਤੀ ਪ੍ਰਾਪਤ ਕਰ ਸਕਦਾ ਹੈ ਅਤੇ ਪਰਮਾਤਮਾ ਨਾਲ ਕਿਵੇਂ ਮਿਲ ਸਕਦਾ ਹੈ । ਮੂਲ ਪਾਠ ਵਿਚ ਸਮਾਜ ਉੱਤੇ ਬਹੁਤ ਪ੍ਰਭਾਵਸ਼ਾਲੀ ਟਿੱਪਣੀਆਂ ਹਨ । ਵਰਤਮਾਨ ਜੀਵਨ ਦੀਆਂ ਬੁਰਾਈਆਂ , ਇਸਦੀਆਂ ਨਾ-ਬਰਾਬਰੀਆਂ ਅਤੇ ਪਾਖੰਡਾਂ ਦਾ ਬਹੁਤ ਸਖ਼ਤੀ ਨਾਲ ਪਾਜ ਉਘੇੜਿਆ ਗਿਆ ਹੈ । ਇਸ ਵਿਚ ਅਜੇਹੀਆਂ ਤੁਕਾਂ ਵੀ ਹਨ ਜਿਨ੍ਹਾਂ ਵਿਚ ਵਰਤਮਾਨ ਇਖਲਾਕੀ ਗਿਰਾਵਟ ਵੱਲ ਇਸ਼ਾਰਾ ਹੈ ਅਤੇ ਇਹ ਵਿਖਾਇਆ ਗਿਆ ਹੈ ਕਿ ਕਿਵੇਂ ਨਿੰਦਾ , ਧੋਖਾ ਅਤੇ ਭਰਮ ਧਰਮ ਦੇ ਨਾਂ ਤੇ ਚਲ ਰਹੇ ਹਨ ਅਤੇ ਕਿਵੇਂ ਲੋਕਾਂ ਨੇ ਆਪਣੇ ਵਿਦੇਸ਼ੀ ਮਾਲਕਾਂ ਦੇ ਪਹਿਰਾਵੇ ਅਤੇ ਭਾਸ਼ਾ ਦੀ ਨਕਲ ਕਰਨੀ ਸ਼ੁਰੂ ਕਰ ਦਿੱਤੀ ਹੈ ।

      ਇਹ ਵਾਰ ਗੁਰੂ ਦੀ ਉਸਤਤ ਨਾਲ ਅਰੰਭ ਹੁੰਦੀ ਹੈ ਜੋ ਇਸ ਸੰਸਾਰ ਵਿਚ ਰੋਸ਼ਨੀ ਲੈ ਕੇ ਆਉਂਦਾ ਹੈ । ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥ ਏਤੇ ਚਾਨਣ ਹੋਂਦਿਆਂ ਗੁਰ ਬਿਨੁ ਘੋਰ ਅੰਧਾਰ ॥ ੨ ॥ ਇਸ ਸਲੋਕ ਰਾਹੀਂ ਗੁਰੂ ਅੰਗਦ ਦੇਵ ਜੀ ਦਸਦੇ ਹਨ ਕਿ ਮਨੁੱਖ ਲਈ ਗੁਰੂ ਦਾ ਉਪਦੇਸ਼ ਕਿੰਨਾ ਮਹੱਤਵਪੂਰਨ ਹੈ । ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਜੋ ਕੁਝ ਮੌਜੂਦ ਹੈ ਸਭ ਕੁਝ ਦਾ ਪੈਦਾ ਕਰਨ ਵਾਲਾ ਪਰਮਾਤਮਾ ਹੈ ਅਤੇ ਆਪਣੀ ਕੀਤੀ ਹੋਈ ਰਚਨਾ ਵਿਚ ਉਹ ਆਪਣੇ ਨਾਮ ਦਾ ਪ੍ਰਗਟਾਵਾ ਕਰਦਾ ਹੈ । ਉਹ ਜੋ ਦਿਆਲੂ ਹੈ ਰਹਿਮ ਅਤੇ ਕਿਰਪਾ ਦਾ ਸ੍ਰੋਤ ਹੈ ( 1 ) । ਜੋ ਆਪਣੇ ਆਪ ਨੂੰ ਉਸਦੇ ਨਾਮ ਨਾਲ ਜੋੜ ਲੈਂਦੇ ਹਨ ਜੀਵਨ ਵਿਚ ਸਫ਼ਲ ਰਹਿੰਦੇ ਹਨ ਅਤੇ ਜੋ ਨਹੀਂ ਜੋੜਦੇ ਨੁਕਸਾਨ ਉਠਾਉਂਦੇ ਹਨ ( 2 ) ।

      ਮਨੁੱਖ ਉਸ ਪਰਮਾਤਮਾ ਦੀ ਮਿਹਰ ਨਾਲ ਹੀ ਗੁਰੂ ਨੂੰ ਪ੍ਰਾਪਤ ਕਰਦਾ ਹੈ ਜੋ ਉਸ ਨੂੰ ਠੀਕ ਰਸਤੇ ਉਤੇ ਤੋਰਦਾ ਹੈ ਅਤੇ ਉਸਦੀ ਹਉਮੈ ਖਤਮ ਕਰਨ ਵਿਚ ਸਹਾਇਤਾ ਕਰਦਾ ਹੈ ( 3 ) । ਗੁਰੂ ਉਸ ਨੂੰ ਸੱਚ ਦਾ ਗਿਆਨ ਪ੍ਰਦਾਨ ਕਰਦਾ ਹੈ । ਗੁਰੂ ਦੀ ਮਦਦ ਤੋਂ ਬਿਨਾਂ ਕੋਈ ਵੀ ਸਚਾਈ ਦਾ ਗਿਆਨ ਪ੍ਰਾਪਤ ਨਹੀਂ ਕਰ ਸਕਦਾ । ਗੁਰੂ ਮਨੁੱਖ ਦੇ ਕੂੜ ਨਾਲ ਬਣੇ ਲਗਾਉ ਨੂੰ ਕਾਬੂ ਕਰਨ ਵਿਚ ਸਹਾਇਤਾ ਕਰਦਾ ਹੈ ਅਤੇ ਮਨੁੱਖ ਨੂੰ ਸਦੀਵੀ ਮੁਕਤੀ ਵੱਲ ਲੈ ਜਾਂਦਾ ਹੈ ( 6 ) । ਜੋ ਸੱਚੇ ਪਰਮਾਤਮਾ ਨੂੰ ਆਪਣੇ ਮਨ ਅੰਦਰ ਵਸਾਉਂਦੇ ਹਨ ਕਦੇ ਵੀ ਪਾਪ ਵਾਲੇ ਪਾਸੇ ਨਹੀਂ ਤੁਰਦੇ । ਉਹਨਾਂ ਦਾ ਰਸਤਾ ਚੰਗੇ ਕੰਮਾਂ ਨਾਲ ਭਰਪੂਰ ਹੈ ਅਤੇ ਉਹ ਚੰਗਿਆਈ ਹੀ ਕਰਦੇ ਹਨ । ਉਹ ਸਰਬੋਤਮ ਸੱਚ-ਪਰਮਾਤਮਾ ਦੀ ਕੀਰਤੀ ਕਰਦੇ ਹਨ ਅਤੇ ਉਸਦੀ ਮਿਹਰ ਵਿਚ ਅਨੰਦ ਮਾਣਦੇ ਹਨ ( 7 ) । ਪਵਿੱਤਰਤਾ ਦੇ ਸਾਰੇ ਬਣਾਉਟੀ ਕੰਮ ਅਤੇ ਧਾਰਮਿਕ ਅਸਥਾਨਾਂ ਤੇ ਕਠਨ ਤਪ ਸਾਧਨਾਂ ਦਾ ਕੋਈ ਵੀ ਬਹੁਤਾ ਲਾਭ ਨਹੀਂ ਹੈ; ਜੋ ਉਸ ਪਰਮਾਤਮਾ ਨੂੰ ਪ੍ਰੇਮ ਕਰਦੇ ਹਨ ਪਰਮਾਤਮਾ ਉਹਨਾਂ ਉਤੇ ਹੀ ਪ੍ਰਸੰਨ ਹੋਵੇਗਾ । ਪਰਮਾਤਮਾ ਦਾ ਸੇਵਕ ਨਾਨਕ ਆਪ ਵੀ ਉਹਨਾਂ ਦੀ ਸੰਗਤ ਦੀ ਜਾਚਨਾ ਕਰਦਾ ਹੈ ਜਿਹੜੇ ਉਸ ਪਰਮਾਤਮਾ ਵਿਚ ਲੀਨ ਰਹਿੰਦੇ ਹਨ ( 9 ) ।

      ਪਰਲੋਕ ਵਿਚ ਜਾਤ ਅਥਵਾ ਤਾਕਤ ਕੰਮ ਨਹੀਂ ਆਏਗੀ । ਜਿਹੜੇ ਪਰਮਾਤਮਾ ਨੂੰ ਭਾਉਂਦੇ ਹਨ ਕੇਵਲ ਉਹਨਾਂ ਨੂੰ ਹੀ ਉਥੇ ਸਤਿਕਾਰ ਮਿਲਦਾ ਹੈ । ਮਿੱਠੇ ਬੋਲ ਅਤੇ ਨਿਮਰਤਾ ਸਾਰੇ ਗੁਣਾਂ ਦਾ ਸਾਰ ਹੈ । ਉੱਚੀ ਕੁਲ ਦੇ ਪਵਿੱਤਰ ਜਨੇਊ ਨੂੰ ਰੱਦ ਕਰਦੇ ਹੋਏ ਗੁਰੂ ਨਾਨਕ ਦੇਵ ਬ੍ਰਾਹਮਣ ਨੂੰ ਦਸਦੇ ਹਨ ਕਿ ਸੂਤ ਦਾ ਉਹ ਧਾਗਾ ਜਿਹੜਾ ਖਰਾਬ ਹੋ ਜਾਂਦਾ ਹੈ ਅਤੇ ਟੁੱਟ ਜਾਂਦਾ ਹੈ ਪਾਉਣ ਦਾ ਕੋਈ ਲਾਭ ਨਹੀਂ ਹੈ । ਇਸਦੀ ਜਗ੍ਹਾ ਦਇਆ ਰੂਪੀ ਕਪਾਹ ਦਾ ਕੱਤਿਆ ਹੋਇਆ , ਸੰਤੋਖ ਰੂਪੀ ਧਾਗੇ ਨਾਲ ਬਣਾਇਆ ਹੋਇਆ , ਜਤ-ਸਤਿ ਨਾਲ ਵੱਟਿਆ ਹੋਇਆ ਜਨੇਊ ਪਾਉਣਾ ਹੀ ਉਹ ਪਸੰਦ ਕਰਨਗੇ । ਜੋ ਉਸਦੇ ਹੁਕਮ ਅਨੁਸਾਰ ਚਲਦਾ ਹੈ ਉਸੇ ਨੂੰ ਹੀ ਮਾਨਤਾ ਮਿਲਦੀ ਹੈ ਅਤੇ ਰੱਬੀ ਦਰਬਾਰ ਵਿਚ ਸਨਮਾਨ ਪੂਰਬਕ ਬੁਲਾਇਆ ਜਾਂਦਾ ਹੈ । ਸਮਕਾਲੀ ਸਮਾਜ ਵਿਚ ਪ੍ਰਚਲਿਤ ਪਾਖੰਡ ਉਤੇ ਟਿੱਪਣੀ ਕਰਦੇ ਹੋਏ ਕਹਿੰਦੇ ਹਨ ਕਿ ਉਹ ਬ੍ਰਾਹਮਣ ਜੋ ਪਰੰਪਰਾਗਤ ਪਹਿਰਾਵਾ ਪਹਿਨਦੇ ਅਤੇ ਆਪਣੇ ਮੱਥਿਆਂ ਤੇ ਤਿਲਕ ਲਗਾਉਂਦੇ ਹਨ ਉਹਨਾਂ ਦਾ ਦਿੱਤਾ ਹੋਇਆ ਅੰਨ ਖਾਂਦੇ ਹਨ ਜਿਨ੍ਹਾਂ ਨੂੰ ਉਹ ਪਲੀਤ ( ਮਲੇਛ ) ਕਹਿੰਦੇ ਹਨ । ਆਪਣੇ ਘਰਾਂ ਅੰਦਰ ਉਹ ਮੂਰਤੀਆਂ ਦੀ ਪੂਜਾ ਕਰਦੇ ਹਨ ਅਤੇ ਬਾਹਰੀ ਤੌਰ ਤੇ ਮੁਸਲਮਾਨਾਂ ਦੀਆਂ ਧਾਰਮਿਕ ਪੁਸਤਕਾਂ ਪੜ੍ਹਦੇ ਹਨ ਅਤੇ ਉਸੇ ਤਰ੍ਹਾਂ ਦਾ ਜੀਵਨ ਜਿਉਂਦੇ ਹਨ । ਜਿਨ੍ਹਾਂ ਨੇ ਗਲ ਵਿਚ ਇਹ ਪਵਿੱਤਰ ਜਨੇਊ ਪਾਇਆ ਹੋਇਆ ਹੈ ਉਹਨਾਂ ਨੇ ਆਪਣੇ ਹੱਥ ਵਿਚ ਕਸਾਈ ਵਾਲੀ ਛੁਰੀ ਫੜੀ ਹੋਈ ਹੈ ।

      ਬੱਚੇ ਨੂੰ ਜਨਮ ਦੇਣ ਵਾਲੀ ਇਸਤਰੀ ਅਪਵਿੱਤਰ ਨਹੀਂ ਹੈ ਹਾਲਾਂਕਿ ਪੁਰਾਤਨ ਪਰੰਪਰਾ ਉਸਨੂੰ ਅਸ਼ੁੱਧ ਮੰਨਦੀ ਹੈ । ਮਨ ਅਪਵਿੱਤਰ ਹੈ ਜਿਸ ਅੰਦਰ ਲਾਲਚ ਦੀ ਭਾਵਨਾ ਭਰੀ ਹੈ; ਜੀਭ ਅਪਵਿੱਤਰ ਹੈ ਜਿਹੜੀ ਝੂਠ ਬੋਲਦੀ ਹੈ; ਉਹ ਅੱਖਾਂ ਅਪਵਿੱਤਰ ਹਨ ਜਿਹੜੀਆਂ ਦੂਸਰੇ ਦੀ ਇਸਤਰੀ ਵਲ ਬੁਰੀ ਭਾਵਨਾ ਨਾਲ ਵੇਖਦੀਆਂ ਹਨ; ਉਹ ਕੰਨ ਅਪਵਿੱਤਰ ਹਨ ਜਿਹੜੇ ਨਿੰਦਾ ਸੁਣਦੇ ਹਨ । ਉਸ ਪਰਮਾਤਮਾ ਬਿਨਾਂ ਕਿਸੇ ਹੋਰ ਵਿਅਕਤੀ ਜਾਂ ਵਸਤੂ ਨਾਲ ਜੁੜਨਾ ਸਭ ਤੋਂ ਵੱਡੀ ਅਪਵਿੱਤਰਤਾ ਹੈ । ਇਸਤਰੀ ਨੂੰ ਬੁਰੀ ਕਿਉਂ ਕਹਿੰਦੇ ਹੋ ਜਿਸਤੋਂ ਵੱਡੇ ਵੱਡੇ ਮਨੁੱਖ ਜਨਮ ਲੈਂਦੇ ਹਨ ?

      ਕਿਸੇ ਨੂੰ ਐਵੇਂ ਹੀ ਬੁਰਾ ਨਾ ਕਹੋ; ਸਾਰੇ ਗਿਆਨ ਦਾ ਇਹੀ ਤੱਤ ਸਾਰ ਹੈ । ਨਾ ਹੀ ਕਿਸੇ ਨੂੰ ਮੂਰਖ ਨਾਲ ਵਿਵਾਦ ਵਿਚ ਪੈਣਾ ਚਾਹੀਦਾ ਹੈ ( 19 ) । ਜੋ ਕੁਬੋਲ ਬੋਲਦਾ ਹੈ ਉਸਦਾ ਮਨ ਅਤੇ ਸਰੀਰ ਦੋਵੇਂ ਹੀ ਕਮਜ਼ੋਰ ਹੁੰਦੇ ਹਨ । ਸੱਚੇ ਪਰਮਾਤਮਾ ਦੇ ਦਰਬਾਰ ਵਿਚ ਉਸ ਦੀ ਪੁੱਛ ਪਰਤੀਤ ਨਹੀਂ ਹੋਣੀ । ਹਮੇਸ਼ਾਂ ਉਸ ਪਰਮਾਤਮਾ ਨੂੰ ਯਾਦ ਕਰੋ ਜਿਸਨੂੰ ਯਾਦ ਕਰਨ ਨਾਲ ਮਨੁੱਖ ਸਦਾ ਅਨੰਦ ਵਿਚ ਰਹਿੰਦਾ ਹੈ ( 21 ) । ਇਹ ਕਿਥੋਂ ਦਾ ਨਿਆਂ ਹੈ ਕਿ ਲੋਕ ਜ਼ਹਿਰ ਬੀਜ ਕੇ ਇਸ ਤੋਂ ਅੰਮ੍ਰਿਤ ਦੀ ਆਸ ਰਖਦੇ ਹਨ ? ਪਰਮਾਤਮਾ ਅਨੰਤ , ਅਸੀਮ ਹੈ; ਉਹ ਆਪ ਹੀ ਕਰਤਾ ਹੈ ਅਤੇ ਆਪ ਹੀ ਵਸਤਾਂ ਦਾ ਕਾਰਣ ਹੈ । ਮਨੁੱਖ ਹੋਰ ਕਿਸ ਕੋਲ ਬੇਨਤੀ ਕਰੇ ( 23 ) ; ਪਰਮਾਤਮਾ ਦੇ ਗੁਣ ਬੇਅੰਤ ਹਨ । ਉਹ ਕਰਤਾ ਹੈ , ਦਿਆਲੂ ਹੈ ਅਤੇ ਸਾਰਿਆਂ ਦਾ ਪਾਲਣਹਾਰ ਹੈ । ਮਨੁੱਖ ਉਹੀ ਕਰਦਾ ਹੈ ਜੋ ਉਸਤੋਂ ਪਰਮਾਤਮਾ ਕਰਾਉਂਦਾ ਹੈ ।


ਲੇਖਕ : ਧ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3129, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.