ਉਦਾਸੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਦਾਸੀ [ ਨਾਂਇ ] ਉਦਾਸ ਹੋਣ ਦੀ ਅਵਸਥਾ , ਫ਼ਿਕਰਮੰਦ ਹੋਣ ਦੀ ਹਾਲਤ , ਵਿਰਾਗ; ਗੁਰੂ ਨਾਨਕ ਦੇਵ ਜੀ ਦੀ ਇੱਕ ਲੰਬੀ ਯਾਤਰਾ; ਸਾਧੂਆਂ ਦੀ ਇੱਕ ਸੰਪਰਦਾਇ [ ਨਾਂਪੁ ] ਉਦਾਸੀ ਸੰਪਰਦਾਇ ਦਾ ਇੱਕ ਸਦੱਸ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7931, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਉਦਾਸੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਦਾਸੀ ਸੰ. उदासीनता— ਉਦਾਸੀਨਤਾ. ਸੰਗ੍ਯਾ— ਉਪਰਾਮਤਾ. ਵਿਰਕ੍ਤਤਾ । ੨ ਨਿਰਾਸਤਾ. “ ਉਸ ਦੇ ਮੂੰਹ ਉੱਪਰ ਉਦਾਸੀ ਛਾਈ ਹੋਈ ਹੈ.” ( ਲੋਕੋ ) ੩ ਉਦਾਸੀਨ. ਵਿ— ਉਪਰਾਮ. ਵਿਰਕ੍ਤ. “ ਗੁਰੁਬਚਨੀ ਬਾਹਰਿ ਘਰਿ ਏਕੋ , ਨਾਨਕ ਭਇਆ ਉਦਾਸੀ.” ( ਮਾਰੂ ਮ : ੧ ) । ੪ ਸੰਗ੍ਯਾ— ਸਿੱਖ ਕ਼ੌਮ ਦਾ ਇੱਕ ਅੰਗ , ਇਹ ਪੰਥ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉਦਾਸੀਨ ਲਿਬਾਸ ਤੋਂ ਆਰੰਭ , ਅਤੇ ਸ਼੍ਰੀ ਗੁਰੂ ਨਾਨਕ ੎ਵਾਮੀ ਦੇ ਵੱਡੇ ਸੁਪੁਤ੍ਰ ਬਾਬਾ ਸ਼੍ਰੀ ਚੰਦ ਜੀ ਦ੍ਵਾਰਾ ਪ੍ਰਵ੍ਰਿੱਤ ਹੋਇਆ ਹੈ. ਬਾਬਾ ਗੁਰਦਿੱਤਾ ਜੀ ਸ਼੍ਰੀ ਚੰਦ ਜੀ ਦੇ ਪਹਿਲੇ ਚੇਲੇ ਬਣੇ. ਅੱਗੇ ਉਨ੍ਹਾਂ ਦੇ ਚਾਰ ਸੇਵਕ—

( ੳ ) ਬਾਲੂਹਸਨਾ. ( ਅ ) ਅਲਮਸਤ. ( ੲ ) ਫੂਲਸ਼ਾਹ ਅਤੇ ( ਸ ) ਗੋਂਦਾ ਅਥਵਾ ਗੋਇੰਦ ਜੀ ਕਰਣੀ ਵਾਲੇ ਸਾਧੂ ਹੋਏ , ਜਿਨ੍ਹਾਂ ਦੇ ਨਾਂਉ ਚਾਰ ਧੂਏਂ ਉਦਾਸੀਆਂ ਦੇ ਪ੍ਰਸਿੱਧ ਹਨ.1

          ਇਨ੍ਹਾਂ ਚਾਰ ਧੂਇਆਂ ( ਧੂਣਿਆਂ ) ਨਾਲ ਛੀ ਬਖ਼ਸ਼ਿਸ਼ਾਂ ਮਿਲਾਕੇ ਦਸਨਾਮੀ ਉਦਾਸੀ ਸਾਧੁ ਕਹੇ ਜਾਂਦੇ ਹਨ. ਛੀ ਬਖ਼ਸ਼ਿਸ਼ਾਂ ਇਹ ਹਨ—

( ੳ ) ਸੁਥਰੇਸ਼ਾਹੀ— ਬਖ਼ਸ਼ਿਸ਼ ਗੁਰੂ ਹਰਿਰਾਇ ਸਾਹਿਬ.

( ਅ ) ਸੰਗਤਸਾਹਿਬੀਏ— ਬਖ਼ਸ਼ਿਸ਼ ਗੁਰੂ ਹਰਿਰਾਇ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ.

( ੲ )   ਜੀਤਮੱਲੀਏ— ਬਖ਼ਸ਼ਿਸ਼ ਗੁਰੂ ਗੋਬਿੰਦ ਸਿੰਘ ਸਾਹਿਬ.

( ਸ ) ਬਖਤਮੱਲੀਏ— ਬਖ਼ਸ਼ਿਸ਼ ਗੁਰੂ ਗੋਬਿੰਦ ਸਿੰਘ ਸਾਹਿਬ.

( ਹ )   ਭਗਤਭਗਵਾਨੀਏ— ਬਖ਼ਸ਼ਿਸ਼ ਗੁਰੂ ਹਰਿਰਾਇ ਸਾਹਿਬ.

( ਕ ) ਮੀਹਾਂਸ਼ਾਹੀਏ— ਬਖ਼ਸ਼ਿਸ਼ ਗੁਰੂ ਤੇਗਬਹਾਦੁਰ ਸਾਹਿਬ.2

          ਉਦਾਸੀਆਂ ਦਾ ਲਿਬਾਸ ਮੰਜੀਠੀ ਚੋਲਾ , ਗਲ ਕਾਲੀ ਸੇਲ੍ਹੀ , ਹੱਥ ਤੂੰਬਾ ਅਤੇ ਸਿਰ ਉੱਚੀ ਟੋਪੀ ਹੈ. ਪਹਿਲਾਂ ਇਸ ਮਤ ਦੇ ਸਾਧੂ ਕੇਸ਼ ਦਾੜੀ ਨਹੀਂ ਮੁਨਾਂਉਂਦੇ ਸਨ , ਪਰ ਹੁਣ ਬਹੁਤ ਜਟਾਧਾਰੀ , ਮੁੰਡਿਤ , ਭਸਮਧਾਰੀ ਨਾਂਗੇ , ਅਤੇ ਗੇਰੂਰੰਗੇ ਵਸਤ੍ਰ ਪਹਿਰਦੇ ਦੇਖੀਦੇ ਹਨ. ਧਰਮਗ੍ਰੰਥ ਸਭ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ. ਦੇਖੋ , ਅਖਾੜਾ ਅਤੇ ਮਾਤ੍ਰਾ. ੨ ਗੁਰੂ ਨਾਨਕ ਪੰਥੀ ਉਦਾਸੀਆਂ ਤੋਂ ਭਿੰਨ , ਇੱਕ ਹੋਰ ਫ਼ਿਰਕਾ ਭੀ ਉਦਾਸੀ ਕਹਾਉਂਦਾ ਹੈ ਜੋ ਗੋਪਾਲਦਾਸ ਨੇ ਚਲਾਇਆ ਹੈ. ਇਸ ਦਾ ਜ਼ਿਕਰ ਬੰਬਈ ਹਾਤੇ ਦੇ ਗੈਜ਼ਟੀਅਰ ਵਿਚ ਦੇਖਿਆ ਜਾਂਦਾ ਹੈ.3 


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7846, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-18, ਹਵਾਲੇ/ਟਿੱਪਣੀਆਂ: no

ਉਦਾਸੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਦਾਸੀ / ਸੰਨਿਆਸੀ ਸਾਧੂ : ਉਦਾਸੀ ( ਉਦਾਸਿਨੑ ) ਸੰਸਕ੍ਰਿਤ ਦਾ ਸ਼ਬਦ ਹੈ ਅਤੇ ਇਸ ਦਾ ਅਰਥ ਹੈ ਵਿਰਕਤ , ਜੋ ਵਿਅਕਤੀ ਸੰਸਾਰਿਕ ਬੰਧਨਾਂ ਤੋਂ ਮੁਕਤ ਹੋਵੇ । ਪ੍ਰਾਚੀਨ ਕਾਲ ਵਿਚ ਆਸ਼੍ਰਮ-ਵਿਵਸਥਾ ਦੇ ਚਾਰ ਵਿਕਾਸ-ਕ੍ਰਮਾਂ ਵਿਚੋਂ ਤੀਜਾ ਬਾਨਪ੍ਰਸਥ ਸੀ । ‘ ਮਨੁ-ਸਮ੍ਰਿਤੀ’ ( 6/1-2 ) ਅਨੁਸਾਰ ਵਿਅਕਤੀ ਨੂੰ ਸੰਸਾਰਿਕ ਕਾਰਜਾਂ ਤੋਂ ਉਦਾਸੀਨ ਹੋ ਕੇ ਤਪ , ਵੇਦ-ਅਧਿਐਨ , ਯੱਗ , ਦਾਨ ਆਦਿ ਕਰਕੇ ਬਨ ਵਿਚ ਜੀਵਨ ਬਿਤਾਉਣਾ ਚਾਹੀਦਾ ਹੈ । ਬਾਨਪ੍ਰਸਥ ਦੀ ਅਵਧੀ ਸਮਾਪਤ ਹੋਣ ਤੋਂ ਬਾਦ ਸੰਨਿਆਸ ਆਸ਼੍ਰਮ ਵਿਚ ਪ੍ਰਵੇਸ਼ ਕਰਨਾ ਹੁੰਦਾ ਹੈ । ‘ ਮਨੁ-ਸਮ੍ਰਿਤੀ’ ( 6/33 ) ਅਨੁਸਾਰ ਇਸ ਵਿਚ ਵਿਅਕਤੀ ਨੂੰ ਸੰਸਾਰਿਕ ਸੰਬੰਧਾਂ ਦਾ ਪੂਰੀ ਤਰ੍ਹਾਂ ਤਿਆਗ ਕਰਕੇ ਅਤੇ ਅ-ਨਾਗਰਿਕ ਹੋ ਕੇ ਇਕ ਥਾਂ ਤੋਂ ਦੂਜੀ ਥਾਂ’ ਤੇ ਘੁੰਮਦੇ ਰਹਿਣਾ ਚਾਹੀਦਾ ਹੈ ।

 

                      ਕਾਲਾਂਤਰ ਵਿਚ , ਸੰਨਿਆਸ-ਆਸ਼੍ਰਮ ਦੀ ਅਵਸਥਾ ਵਿਚ ਪਹੁੰਚਣ ਤੋਂ ਇਲਾਵਾ ਵੀ ਕਈ ਲੋਕ ਸੰਨਿਆਸੀ ਬਣ ਜਾਂਦੇ ਸਨ । ਇਸ ਤਰ੍ਹਾਂ ਦੇ ਕਈ ਸੰਨਿਆਸੀ ਦਲ ਭਾਰਤ ਵਿਚ ਪ੍ਰਾਚੀਨ ਕਾਲ ਤੋਂ ਮੌਜੂਦ ਸਨ । ਉਨ੍ਹਾਂ ਤੋਂ ਹੀ ਬੈਰਾਗੀ , ਕਾਪੜੀ , ਨਾਗੇ , ਉਦਾਸੀ , ਮੋਨੀ ਆਦਿ ਨਾਂ ਵਾਲੇ ਕਈ ਵਰਗ-ਉਪਵਰਗ ਪ੍ਰਚਲਿਤ ਹੋ ਗਏ ।

                      ਗੁਰਬਾਣੀ ਵਿਚ ਸੰਨਿਆਸੀ ਸਾਧੂ ਵਰਗ ਦੇ ‘ ਉਦਾਸੀ’ ( ਵਿਸ਼ੇਸ਼ ਉਪ-ਵਰਗ ) ਵਲ ਸੰਕੇਤ ਮਿਲਦਾ ਹੈ — ਸੋ ਗਿਰਹੀ ਸੋ ਦਾਸ ਉਦਾਸੀ ਜਿਨਿ ਗੁਰਮੁਖਿ ਆਪੁ ਪਛਾਨਿਆ ( ਗੁ.ਗ੍ਰੰ.1332 ) । ਗੁਰੂ ਅਰਜਨ ਦੇਵ ਜੀ ਨੇ ਸਿਰੀ ਰਾਗ ਵਿਚ ਲਿਖਿਆ ਹੈ — ਮੋਨੀ ਮੋਨਿਧਾਰੀ ਸਨਿਆਸੀ ਬ੍ਰਹਮਚਾਰੀ ਉਦਾਸੀ ਉਦਾਸਿ ਰਾਤਾ ( ਗੁ.ਗ੍ਰੰ. 71 ) । ਪਰ ਇਸ ਉਦਾਸੀ ਵਰਗ ਨਾਲ ਗੁਰੂ ਨਾਨਕ ਦੇਵ ਜੀ ਦੇ ਨਾਮ-ਲੇਵਾ ਉਦਾਸੀ-ਮਤ ( ਉਦਾਸੀ ਸੰਪ੍ਰਦਾਇ ) ਦਾ ਕੋਈ ਸੰਬੰਧ ਨਹੀਂ ਹੈ ।

                      ਬੰਬਈ ਪ੍ਰਦੇਸ਼ ਦੇ ਗਜ਼ਟੀਅਰ ( ਸੈਂਚੀ 9 , ਭਾਗ ਪਹਿਲਾ ) ਵਿਚ ਇਕ ‘ ਉਦਾਸੀ’ ਨਾਂ ਨਾਲ ਪ੍ਰਸਿੱਧ ਸੰਪ੍ਰਦਾਇ ਦਾ ਉੱਲੇਖ ਮਿਲਦਾ ਹੈ । ਸੂਰਤ ਦੇ ਬਰਦੋਲੀ ਇਲਾਕੇ ਦੇ ਉਦਾਕਾਂਬਲੀਆ ਵਿਚ ਉਸ ਦਾ ਪ੍ਰਚਾਰ ਅਤੇ ਪ੍ਰਚਲਨ ਸੀ । ਉਸ ਦਾ ਆਰੰਭ ਕਿਸੇ ਗੋਪਾਲਦਾਸ ਨਾਂ ਦੇ ਵਿਅਕਤੀ ਨੇ ਸਤਾਰ੍ਹਵੀਂ ਸਦੀ ਈ. ਦੇ ਸ਼ੁਰੂ ਵਿਚ ਕੀਤਾ । ਪਰ ਉਸ ਦਾ ਵੀ ਨਾਨਕ-ਪੰਥੀ ਉਦਾਸੀ ਮਤ ਨਾਲ ਕੋਈ ਸੰਬੰਧ ਨਹੀਂ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3235, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਉਦਾਸੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Udasi _ਉਦਾਸੀ : ਸੰਸਾਰਕ ਗੱਲਾਂ ਤੋਂ ਪੂਰੀ ਤਰ੍ਹਾਂ ਉਦਾਸੀਨ ਲੋਕਾਂ ਦਾ ਫ਼ਿਰਕਾ । ਇਸ ਫ਼ਿਰਕੇ ਦਾ ਬਾਨੀ ਗੁਰੂ ਨਾਨਕ ਦੇਵ ਜੀ ਦੇ ਬੇਟੇ ਸਿਰੀ ਚੰਦ ਨੂੰ ਮੰਨਿਆਂ ਜਾਂਦਾ ਹੈ ਅਤੇ ਅਜ ਵੀ ਇਹ ਇਕ ਸਿਖ ਸੰਪਰਦਾਇ ਮੰਨੀ ਜਾਂਦੀ ਹੈ । ਜਿਥੋਂ ਤਕ ਸ਼ਬਦ ਦੇ ਪਿਛੋਕੜ ਦਾ ਤੱਲਕ ਹੈ ਪਹਿਲਾਂ ਗੁਰੂ ਨਾਨਕ ਦੇਵ ਜੀ ਦੀਆਂ ਲੰਮੀਆ ਯਾਤਰਾਵਾਂ ਨੂੰ ਉਦਾਸੀ ਦਾ ਨਾਂ ਦਿੱਤਾ ਜਾਂਦਾ ਸੀ

Ultimo_ਪਿਛਲੇ ਮਹੀਨੇ


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7558, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਉਦਾਸੀ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਦਾਸੀ : ਸਿੱਖਾਂ ਦੀ ਇਕਾਂਤਵਾਸੀ ਤਿਆਗੀ ਸੰਪਰਦਾਇ ਜਿਸਦੀ ਸਥਾਪਨਾ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਬਾਬਾ ਸ੍ਰੀ ਚੰਦ ( 1494-1629 ) ਨੇ ਕੀਤੀ ਸੀ । ‘ ਉਦਾਸੀ` ਸੰਸਕ੍ਰਿਤ ਦੇ ਸ਼ਬਦ ‘ ਉਦਾਸੀਨ` ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ- ਆਤਮ-ਸੰਜਮੀ ਜਾਂ ਸਾਧੂ ਅਰਥਾਤ ਉਹ ਮਨੁੱਖ ਜੋ ਸੰਸਾਰਿਕ ਮੋਹ ਮਾਇਆ ਤੋਂ ਵਿਰਕਤ ਜਾਂ ਬੇਪਰਵਾਹ ਹੈ । ਸਿੱਖ ਪਰੰਪਰਾ ਵਿਚ , ਉਦਾਸੀ ਸ਼ਬਦ ਦੀ ਵਰਤੋਂ ਗੁਰੂ ਨਾਨਕ ਜੀ ਦੀਆਂ ਧਰਮ ਪ੍ਰਚਾਰ ਲਈ ਕੀਤੀਆਂ ਚਾਰ ਯਾਤਰਾਵਾਂ ਲਈ ਵੀ ਕੀਤੀ ਗਈ ਹੈ; ਇਸਦੇ ਅਨੁਸਾਰ ਉਦਾਸੀ ਦਾ ਅਰਥ ਆਪਣੇ ਘਰ ਤੋਂ ਲੰਮੇ ਸਮੇਂ ਲਈ ਦੂਰ ਰਹਿਣਾ ਵੀ ਹੈ । ਉਦਾਸੀ ਸਾਧੂਆਂ ਸਮੇਤ ਕਈ ਵਿਦਵਾਨ ਇਸ ਸੰਪਰਦਾਇ ਦਾ ਮੁੱਢ ਪੁਰਾਣਿਕ ਕਾਲ ਨਾਲ ਵੀ ਸੰਬੰਧਿਤ ਮੰਨਦੇ ਹਨ । ਪਰੰਤੂ , ਇਤਿਹਾਸਿਕ ਤੌਰ ਤੇ , ਬਾਬਾ ਸ੍ਰੀ ਚੰਦ ਇਸਦੇ ਬਾਨੀ ਸਨ । ‘ ਮਾਤਰਾ` ਇਕ ਪਵਿੱਤਰ ਮੰਤਰ ਜਾਂ ਰਚਨਾ ਜੋ ਉਦਾਸੀ ਸੰਤ ਬਾਲੂ ਹਸਨਾ ਦੇ ਨਾਂ ਨਾਲ ਜੁੜੀ ਹੋਈ ਹੈ , ਵਿਚ ਇਹ ਦਰਜ ਹੈ ਕਿ ਬਾਬਾ ਸ੍ਰੀ ਚੰਦ ਨੇ ਸੰਪੂਰਨ ਗੁਰੂ , ਗੁਰੂ ਨਾਨਕ ਦੇਵ ਜੀ ਤੋਂ ਗਿਆਨ ਪ੍ਰਾਪਤ ਕੀਤਾ ਸੀ ਅਤੇ ਗੁਰੂ ਨਾਨਕ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ , ਇਹਨਾਂ ਨੇ ਆਪਣੀ ਵਖਰੀ ਸੰਪਰਦਾਇ ਸ਼ੁਰੂ ਕਰ ਲਈ ਸੀ ।

      ਬਾਬਾ ਸ੍ਰੀ ਚੰਦ ਸ਼ਰਧਾਲੂ ਸਿੱਖ ਅਤੇ ਸੰਤ-ਸੁਭਾਅ ਵਾਲੇ ਵਿਅਕਤੀ ਸਨ । ਬਾਬਾ ਸ੍ਰੀ ਚੰਦ ਦਾ ਉਦਾਸੀ ਮਤ ਨੂੰ ਸਥਾਪਿਤ ਕਰਨ ਦਾ ਉਦੇਸ਼ ਆਪਣੇ ਪਿਤਾ ਜੀ ਦੇ ਸਿਧਾਂਤਾਂ ਦਾ ਪ੍ਰਚਾਰ ਕਰਨਾ ਸੀ । ਬਾਬਾ ਸ੍ਰੀ ਚੰਦ ਨੇ ਗੁਰੂ ਨਾਨਕ ਜੀ ਦੇ ਉਤਰਾਧਿਕਾਰੀਆਂ ਨਾਲ ਸੁਹਿਰਦਤਾਪੂਰਨ ਸੰਬੰਧ ਰੱਖੇ । ਕੇਸਰ ਸਿੰਘ ਛਿੱਬਰ ਅਨੁਸਾਰ , 1581 ਈ. ਵਿਚ ਇਹਨਾਂ ਨੇ ਗੁਰੂ ਰਾਮ ਦਾਸ ਜੀ ਦੇ ਜੋਤੀ ਜੋਤ ਸਮਾਉਣ ਦੇ ਮੌਕੇ ਤੇ ਦੋ ਦਸਤਾਰਾਂ , ਇਕ ਜੋਤੀ ਜੋਤ ਸਮਾਏ ਗੁਰੂ ਜੀ ਦੇ ਵੱਡੇ ਸੁਪੁੱਤਰ ਬਾਬਾ ਪ੍ਰਿਥੀ ਚੰਦ ਲਈ ਅਤੇ ਦੂਸਰੀ ਗੁਰੂ ਜੀ ਦੀ ਗੁਰਿਆਈ ਦੀ ਉਤਰਾਧਿਕਾਰਿਤਾ ਨੂੰ ਪਰਵਾਨ ਕਰਦੇ ਹੋਏ ਗੁਰੂ ਅਰਜਨ ਦੇਵ ਜੀ ਲਈ ਭੇਜੀ ਸੀ । 1629 ਈ. ਵਿਚ , ਬਾਬਾ ਸ੍ਰੀ ਚੰਦ ਨੇ ਗੁਰੂ ਹਰਿਗੋਬਿੰਦ ਜੀ ਨੂੰ ਆਪਣਾ ਇਕ ਸੁਪੁੱਤਰ ਧਰਮ-ਪ੍ਰਚਾਰ ਲਈ ਇਹਨਾਂ ਨੂੰ ਦੇਣ ਵਾਸਤੇ ਬੇਨਤੀ ਕੀਤੀ । ਗੁਰੂ ਜੀ ਨੇ ਆਪਣੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਨੂੰ ਇਹਨਾਂ ਦੇ ਸੁਪੁਰਦ ਕਰ ਦਿੱਤਾ । ਬਾਬਾ ਗੁਰਦਿੱਤਾ , ਚਾਹੇ ਵਿਆਹੇ ਹੋਏ ਸਨ ਪਰ ਉਹਨਾਂ ਦਾ ਰੁਝਾਨ ਵੀ ਸੰਤ ਜੀਵਨ-ਸ਼ੈਲੀ ਵੱਲ ਸੀ । ਆਪਣੇ ਅਕਾਲ ਚਲਾਣੇ ਤੋਂ ਪਹਿਲਾਂ , ਬਾਬਾ ਸ੍ਰੀ ਚੰਦ ਨੇ ਬਾਬਾ ਗੁਰਦਿੱਤਾ ਨੂੰ ਉਦਾਸੀ ਮਤ ਵਿਚ ਸ਼ਾਮਲ ਕਰ ਲਿਆ ਸੀ ਅਤੇ ਉਹਨਾਂ ਨੂੰ ਆਪਣਾ ਉਤਰਾਧਿਕਾਰੀ ਵੀ ਨਿਯੁਕਤ ਕਰ ਦਿੱਤਾ ਸੀ ।

      ਬਾਬਾ ਗੁਰਦਿੱਤਾ ਨੇ ਅਲਮਸਤ , ਫੂਲ , ਗੋਇੰਦ ( ਜਾਂ ਗੋਂਦਾ ) ਅਤੇ ਬਾਲੂ ਹਸਨਾ ਨੂੰ ਚਾਰ ਮੁੱਖ ਪ੍ਰਚਾਰਕਾਂ ਵਜੋਂ ਨਿਯੁਕਤ ਕੀਤਾ ਸੀ । ਬਾਬਾ ਗੁਰਦਿੱਤਾ ਨੇ ਇਹਨਾਂ ਚਾਰਾਂ ਨੂੰ ਆਪਣਾ ਚੋਗਾ ਦੇ ਦਿੱਤਾ ਜਿਹੜਾ ਕਿ ਉਦਾਸੀਆਂ ਦਾ ਵਿਸ਼ੇਸ਼ ਲਿਬਾਸ ਬਣ ਗਿਆ ਸੀ । ਬਾਬਾ ਗੁਰਦਿੱਤਾ ਨੇ ਬਾਬਾ ਸ੍ਰੀ ਚੰਦ ਦੀ ਧੂਣੀ ਵਿਚੋਂ ਕੁਝ ਧੁਖਦੇ ਅੰਗਾਰ ਇਹਨਾਂ ਨੂੰ ਆਪਣੇ ਨਾਲ ਨਵੇਂ ਮੱਠਾਂ ਵਿਚ ਲਿਜਾਣ ਲਈ ਦਿੱਤੇ । ਇਹਨਾਂ ਉਦਾਸੀ ਸਾਧੂਆਂ ਨੇ ਇਹਨਾਂ ਅੰਗਾਰਾਂ ਤੋਂ ਹੀ ਆਪਣੇ ਹਰੇਕ ਮੱਠ ਵਿਚ ਇਕ ਨਵੇਂ ਧੂੰਏਂ ਦੀ ਸਥਾਪਨਾ ਕੀਤੀ ਅਤੇ ਇਸ ਤਰ੍ਹਾਂ ‘ ਚਾਰ ਧੂੰਏਂ` ਹੋਂਦ ਵਿਚ ਆਏ ਜਿਹੜੇ ਉਦਾਸੀ ਪ੍ਰਚਾਰ ਲਈ ਸਰਗਰਮ ਕੇਂਦਰ ਬਣ ਗਏ ਸਨ । ਹਰੇਕ ਧੂੰਆਂ , ਉਸਦੇ ਮੁੱਖ ਪ੍ਰਚਾਰਕ ਦੇ ਨਾਂ ਨਾਲ ਜਾਣਿਆਂ ਜਾਣ ਲਗ ਪਿਆ ਸੀ । ਉਦਾਸੀ ਸਿੱਖ ਧਰਮ ਦੇ ਸਰਗਰਮ ਪ੍ਰਚਾਰਕ ਸਾਬਤ ਹੋਏ ਅਤੇ ਇਹਨਾਂ ਨੇ ਇਸ ਧਰਮ ਦਾ ਸੰਦੇਸ਼ ਦੇਸ਼ ਦੇ ਕੋਨੇ-ਕੋਨੇ ਤਕ ਅਤੇ ਦੂਰ ਦੇਸ਼ਾਂ ਤਕ ਵੀ ਪਹੁੰਚਾਇਆ । ਇਹਨਾਂ ਨੇ ਵਿਸ਼ੇਸ਼ ਤੌਰ ਤੇ ਉਹਨਾਂ ਅਸਥਾਨਾਂ ਦਾ ਮੁੜ ਪਤਾ ਲਗਾਇਆ ਜਿਥੇ ਗੁਰੂ ਸਾਹਿਬਾਂ ਨੇ ਚਰਨ ਪਾਏ ਸਨ ਅਤੇ ਜਿਹੜੇ ਸਮਾਂ ਬੀਤਣ ਨਾਲ ਗੁਮਨਾਮ ਹੋ ਗਏ ਸਨ । ਅਜਿਹੇ ਅਸਥਾਨਾਂ ਤੇ ਇਹਨਾਂ ਨੇ ਆਪਣੇ ਡੇਰੇ ਅਤੇ ਸੰਗਤਾਂ ਸਥਾਪਿਤ ਕਰ ਦਿੱਤੀਆਂ ਸਨ ਅਤੇ ਉਥੇ ਇਹ ਗੁਰਬਾਣੀ ਦੀ ਸਿੱਖਿਆ ਦੇਣ ਲਗ ਪਏ ਸਨ । ਇਸ ਤਰ੍ਹਾਂ ਉਦਾਸੀ ਧੂੰਏਂ ਗੁਰੂ ਨਾਨਕ ਜੀ ਦੇ ਉਪਦੇਸ਼ਾਂ ਨੂੰ ਨਾ ਕੇਵਲ ਪੰਜਾਬ ਵਿਚ ਸਗੋਂ ਦੂਰ ਦੁਰਾਡੇ ਥਾਵਾਂ ਤੇ ਵੀ ਪ੍ਰਸਿੱਧ ਕਰਨ ਵਿਚ ਕਾਮਯਾਬ ਰਹੇ ।

      ਇਹਨਾਂ ਚਾਰ ‘ ਧੂਣਿਆਂ` ਤੋਂ ਇਲਾਵਾ , ਇਥੇ ਬਖ਼ਸ਼ਿਸ਼ਾਂ ਨਾਂ ਦੀਆਂ ਹੋਰ ਚਾਰ ਉਦਾਸੀ ਗੱਦੀਆਂ ਵੀ ਹੋਂਦ ਵਿਚ ਆਈਆਂ , ਜਿਹੜੀਆਂ ਕਿ ਗੁਰੂ ਹਰਿ ਰਾਇ ਜੀ , ਗੁਰੂ ਤੇਗ਼ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਦੇ ਸਮੇਂ ਦੌਰਾਨ ਵਿਕਸਿਤ ਹੋਈਆਂ ਸਨ । ਬਖ਼ਸ਼ਿਸ਼ ਤੋਂ ਭਾਵ ਗੁਰੂ ਵੱਲੋਂ ਧਰਮ-ਪ੍ਰਚਾਰ ਲਈ ਇਕ ਵਿਅਕਤੀ ਨੂੰ ਦਿੱਤਾ ਗਿਆ ਪ੍ਰਚਾਰ-ਕਾਰਜ ਸੀ । ਮੁੱਖ ਤੌਰ ਤੇ ਛੇ ਬਖ਼ਸ਼ਿਸ਼ਾਂ ਸਨ , ਜਿਵੇਂ ਕਿ-ਭਗਤ ਭਗਵਾਨੀਏ ( ਭਗਤ ਭਗਵਾਨ ਦੇ ਪੈਰੋਕਾਰ ) ; ਸੁਥਰਾਸ਼ਾਹੀਏ ( ਸੁਥਰਾਸ਼ਾਹ ਦੇ ਪੈਰੋਕਾਰ ) ; ਸੰਗਤ ਸਾਹਿਬੀਏ ( ਸੰਗਤ ਸਾਹਿਬ ਦੇ ਪੈਰੋਕਾਰ ) ; ਮੀਹਾਂ ਸ਼ਾਹੀਏ ਜਾਂ ਮੀਹਾਂ ਦਾਸੀਏ , ਮੀਹਾਂ ਦੇ ਨਾਂ ‘ ਤੇ ਇਹ ਸਿਰਲੇਖ ਗੁਰੂ ਤੇਗ ਬਹਾਦਰ ਜੀ ਵਲੋਂ ਰਾਮਦੇਵ ਨੂੰ ਪ੍ਰਦਾਨ ਕੀਤਾ ਗਿਆ ਸੀ; ਬਖ਼ਤ ਮੱਲੀਏ ( ਬਖ਼ਤ ਮੱਲ ਦੇ ਪੈਰੋਕਾਰ ) ; ਅਤੇ ਜੀਤ ਮੱਲੀਏ ( ਜੀਤ ਮੱਲ ਦੇ ਪੈਰੋਕਾਰ ) ਸਨ । ਇਹਨਾਂ ਬਖਸ਼ਿਸ਼ਾਂ ਦੇ ਸੰਤਾਂ ਨੇ ਦੂਰ-ਦੂਰ ਤਕ ਯਾਤਰਾਵਾਂ ਕੀਤੀਆਂ ਅਤੇ ਭਾਰਤ ਭਰ ਦੀਆਂ ਦੂਰ-ਦੁਰੇਡੀਆਂ ਥਾਵਾਂ ਤੇ ਆਪਣੇ ਡੇਰੇ , ਸੰਗਤਾਂ , ਮੱਠ ਅਤੇ ਅਖਾੜੇ ਸਥਾਪਿਤ ਕੀਤੇ ।

          ਉਦਾਸੀਆਂ ਨੇ ਗੁਰੂ ਨਾਨਕ ਜੀ ਦੇ ਸੰਦੇਸ਼ ਦਾ ਪ੍ਰਚਾਰ ਕੀਤਾ ਅਤੇ ਗੁਰੂ ਸਾਹਿਬਾਨ ਦੀ ਬਾਣੀ ਦਾ ਸਤਿਕਾਰ ਅਤੇ ਜਾਪ ਕੀਤਾ , ਪਰੰਤੂ ਇਹਨਾਂ ਨੇ ਆਪਣੀ ਵੱਖਰੀ ਪਹਿਚਾਣ ਕਾਇਮ ਰੱਖੀ । ਬਾਬਾ ਸ੍ਰੀ ਚੰਦ ਕਦੇ-ਕਦਾਈਂ ਗੁਰੂ ਸਾਹਿਬਾਂ ਨੂੰ ਮਿਲਿਆ ਕਰਦੇ ਸਨ ਜਿਹੜੇ ਇਹਨਾਂ ( ਸ੍ਰੀ ਚੰਦ ਜੀ ) ਨੂੰ ਸੰਤ ਸ਼ਖ਼ਸੀਅਤ ਹੋਣ ਦੇ ਨਾਲ ਨਾਲ ਗੁਰੂ ਨਾਨਕ ਜੀ ਦੇ ਸੁਪੁੱਤਰ ਹੋਣ ਕਰਕੇ ਸਤਿਕਾਰ ਦਿੰਦੇ ਸਨ । ਪਰੰਤੂ ਗੁਰੂ ਸਾਹਿਬਾਨ ਨੇ ਇਹਨਾਂ ਦੇ ਮਤ ਨੂੰ ਕਦੇ ਵੀ ਸਰਪ੍ਰਸਤੀ ਪ੍ਰਦਾਨ ਨਹੀਂ ਕੀਤੀ । ਫਿਰ ਵੀ , ਬਾਬਾ ਸ੍ਰੀ ਚੰਦ ਦੁਆਰਾ ਗੁਰੂ ਹਰਿਗੋਬਿੰਦ ਜੀ ਦੇ ਵੱਡੇ ਸੁਪੁੱਤਰ , ਬਾਬਾ ਗੁਰਦਿੱਤਾ ਨੂੰ ਇਸ ਮਤ ਵਿਚ ਸ਼ਾਮਲ ਕਰ ਲੈਣ ਤੋਂ ਬਾਅਦ , ਉਦਾਸੀਆਂ ਨੇ ਗੁਰੂਆਂ ਵਲੋਂ ਸਹਾਇਤਾ ਅਤੇ ਰਹਿਨੁਮਾਈ ਲੈਣੀ ਸ਼ੁਰੂ ਕਰ ਦਿੱਤੀ ਸੀ । ਗੁਰੂ ਹਰਿਗੋਬਿੰਦ ਜੀ ਦੇ ਉਤਰਾਧਿਕਾਰੀਆਂ ਨੇ ਉਦਾਸੀ ਸਾਧੂਆਂ ਨੂੰ ਬਖ਼ਸ਼ਿਸ਼ਾਂ ਦਿੱਤੀਆਂ ਸਨ ਅਤੇ ਸਿੱਖ ਪਰੰਪਰਾ ਵਿਚ , ਬਹੁਤ ਸਾਰੇ ਉਦਾਸੀ ਸਾਧੂਆਂ ਨੂੰ ਬੜੇ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ । ਉਦਾਹਰਨ ਵਜੋਂ , ਪ੍ਰਸਿੱਧ ਭਗਤ ਭਗਵਾਨ , ਸੰਗਤ ਸਾਹਿਬੀਏ ਮਤ ਦੇ ਭਾਈ ਫੇਰੂ , ਜਿਹਨਾਂ ਨੇ ਗੁਰੂ ਹਰਰਾਇ ਜੀ ਦੇ ਸਮੇਂ ਲੰਗਰ ਵਿਚ ਸੇਵਾ ਕੀਤੀ ਸੀ ਅਤੇ ਰਾਮਦੇਵ ( ਬਾਅਦ ਵਿਚ ਮੀਹਾਂ ਸਾਹਿਬ ਵਜੋਂ ਜਾਣੇ ਗਏ ) ਅਸਲ ਵਿਚ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਵਿਚ ਮਾਸ਼ਕੀ ( ਪਾਣੀ ਲਿਆਉਣ ਵਾਲੇ ) ਸਨ ਜਿਨ੍ਹਾਂ ਨੇ ਆਪਣੀ ਸ਼ਰਧਾਪੂਰਨ ਸੇਵਾ ਲਈ ਗੁਰੂ ਜੀ ਤੋਂ ਮੀਹਾਂ ( ਵਰਖਾ ਦਾਤਾ ) ਦਾ ਖਿਤਾਬ ਪ੍ਰਾਪਤ ਕੀਤਾ ਸੀ । ਮੀਹਾਂ ਨੂੰ ਗੁਰੂ ਜੀ ਨੇ ਉਦਾਸੀਆਂ ਦਾ ਚੋਗਾ ਅਤੇ ਨਿਸ਼ਾਨੀਆਂ ਜਿਵੇਂ ਸੇਲ੍ਹੀ , ਟੋਪੀ , ਚੋਲਾ ਅਤੇ ਇਕ ਨਗਾਰਾ ਪ੍ਰਦਾਨ ਕੀਤੇ ਸਨ । ਰਾਮਦੇਵ ਨੇ ਉਦਾਸੀਆਂ ਦਾ ਆਪਣਾ ਵੱਖਰਾ ਮਤ ਸਥਾਪਿਤ ਕੀਤਾ ਸੀ ਜਿਹੜਾ ਮੀਹਾਂ ਦਾਸੀਏ ਜਾਂ ਮੀਹਾਂ ਸ਼ਾਹੀਏ ਵਜੋਂ ਜਾਣਿਆ ਜਾਣ ਲੱਗਾ ਸੀ । ਇਕ ਹੋਰ ਪ੍ਰਸਿੱਧ ਉਦਾਸੀ ਸਾਧੂ ਮਹੰਤ ਕ੍ਰਿਪਾਲ ਸਨ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਅਧੀਨ ਭੰਗਾਣੀ ਦੀ ਜੰਗ ( 1689 ) ਵਿਚ ਹਿੱਸਾ ਲਿਆ ਸੀ ।

      ਗੁਰੂ ਗੋਬਿੰਦ ਸਿੰਘ ਜੀ ਵਲੋਂ ਮਸੰਦ ਪ੍ਰਥਾ ਦਾ ਅੰਤ ਕਰਨ ਤੋਂ ਬਾਅਦ , ਗੁਰੂ ਨਾਨਕ ਜੀ ਦੇ ਉਪਦੇਸ਼ਾਂ ਦੇ ਪ੍ਰਚਾਰ ਕਰਨ ਦਾ ਕੰਮ ਉਦਾਸੀਆਂ ਦੇ ਹੱਥਾਂ ਵਿਚ ਆ ਗਿਆ ਸੀ ਜਿਨ੍ਹਾਂ ਨੇ ਸਹਿਜੇ-ਸਹਿਜੇ ਗੁਰਦੁਆਰਿਆਂ ਉਪਰ ਵੀ ਆਪਣਾ ਅਧਿਕਾਰ ਸਥਾਪਿਤ ਕਰ ਲਿਆ ਸੀ । ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਆਪਣੇ ਸਿੱਖਾਂ ਸਮੇਤ ਅਨੰਦਪੁਰ ਦਾ ਕਿਲਾ ਖਾਲੀ ਕੀਤਾ ਤਾਂ ਉਦਾਸੀ ਸਾਧੂ , ਗੁਰਬਖ਼ਸ਼ ਦਾਸ ਨੇ ਸਥਾਨਿਕ ਗੁਰਦੁਆਰੇ ਜਿਵੇਂ ਕਿ ਸੀਸ ਗੰਜ ਅਤੇ ਕੇਸਗੜ੍ਹ ਸਾਹਿਬ ਦੀ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਸੰਭਾਲੀ । ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ , ਜਦੋਂ ਗੁਲਾਬ ਰਾਏ ਨਾਮੀ ਇਕ ਢੋਂਗੀ ਨੇ ਅਨੰਦਪੁਰ ਵਿਖੇ ਆਪਣੇ ਆਪ ਨੂੰ ਗੁਰੂ ਐਲਾਨ ਕੀਤਾ ਅਤੇ ਗੁਰਦੁਆਰਿਆਂ ਉੱਪਰ ਆਪਣਾ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ , ਗੁਰਬਖਸ਼ ਦਾਸ ਨੇ ਉਸ ਦੀ ਇਸ ਵਿਓਂਤ ਨੂੰ ਅਸਫਲ ਕਰ ਦਿੱਤਾ । ਗੁਰਬਖਸ਼ ਦਾਸ ਦੇ ਉਤਰਾਧਿਕਾਰੀਆਂ ਵੱਲੋਂ ਅਨੰਦਪੁਰ ਦੇ ਗੁਰਦੁਆਰਿਆਂ ਦੀ ਦੇਖ ਭਾਲ ਲਗਾਤਾਰ ਉਦੋਂ ਤਕ ਕੀਤੀ ਗਈ ਜਦੋਂ ਤਕ ਮੌਜੂਦਾ ਸਮੇਂ ਵਿਚ ਇਸ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਹੱਥਾਂ ਵਿਚ ਨਹੀਂ ਲੈ ਲਿਆ । ਨੰਦੇੜ ਵਿਖੇ , ਜਿਥੇ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਏ ਸਨ , ਮਹੰਤ ਈਸ਼ਰ ਦਾਸ ਉਦਾਸੀ ਨੇ ਦਰਬਾਰ ਗੁਰੂ ਗੋਬਿੰਦ ਸਿੰਘ ( ਹਜ਼ੂਰ ਸਾਹਿਬ ) ਦੀ ਸੇਵਾ ਕੀਤੀ ਸੀ ਅਤੇ 1765 ਬਿਕਰਮੀ/1708 ਈ. ਤੋਂ 1782 ਬਿਕਰਮੀ/1725ਈ. ਤਕ ਇਸ ਗੁਰਦੁਆਰੇ ਦਾ ਪ੍ਰਬੰਧ ਸੰਭਾਲਿਆ ਸੀ । ਮਹੰਤ ਈਸ਼ਰ ਦਾਸ ਤੋਂ ਬਾਅਦ , ਇਹਨਾਂ ਦੇ ਚੇਲੇ , ਗੋਪਾਲ ਦਾਸ ਉਦਾਸੀ ਨੇ ਦਰਬਾਰ ਹਜ਼ੂਰ ਸਾਹਿਬ ਦੀ 1803 ਬਿਕਰਮੀ/1746 ਈ. ਤਕ ਦੇਖਭਾਲ ਅਤੇ ਸੇਵਾ ਕੀਤੀ ਸੀ । ਗੋਪਾਲ ਦਾਸ ਤੋਂ ਬਾਅਦ , ਇਹਨਾਂ ਦੇ ਚੇਲੇ ਸਰਨ ਦਾਸ ਉਦਾਸੀ ਨੇ 30 ਸਾਲਾਂ ਦੇ ਲੰਮੇ ਸਮੇਂ ਤਕ ਇਸ ਗੁਰਦੁਆਰੇ ਦੀ ਸੇਵਾ ਕੀਤੀ ਸੀ । ਸਰਨ ਦਾਸ ਤੋਂ ਬਾਅਦ ਦਰਬਾਰ ਦਾ ਕਬਜ਼ਾ ਉਹਨਾਂ ਸਿੱਖਾਂ ਦੇ ਹੱਥਾਂ ਵਿਚ ਚਲਾ ਗਿਆ ਸੀ ਜਿਹੜੇ ਉਸ ਸਮੇਂ ਪੰਜਾਬ ਚੋਂ ਭਾਰੀ ਗਿਣਤੀ ਵਿਚ ਆਏ ਸਨ ਅਤੇ ਨੰਦੇੜ ਵਿਖੇ ਹੀ ਵਸ ਗਏ ਸਨ । 1768 ਬਿਕਰਮੀ/1711 ਈ. ਵਿਚ ਗੋਦੜ ਫ਼ਕੀਰ ਦੇ ਨਾਂ ਨਾਲ ਜਿਆਦਾ ਜਾਣੇ ਜਾਂਦੇ ਇਕ ਉਦਾਸੀ ਸਾਧੂ , ਸੰਤ ਗੋਪਾਲ ਦਾਸ ਨੂੰ ਭਾਈ ਮਨੀ ਸਿੰਘ ਵੱਲੋਂ ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਦਾ ਗ੍ਰੰਥੀ ਨਿਯੁਕਤ ਕੀਤਾ ਗਿਆ ਅਤੇ ਮਾਤਾ ਸੁੰਦਰੀ ਵਲੋਂ ਗੁਰਦੁਆਰੇ ਦੇ ਨਿਗਰਾਨ ਵਜੋਂ ਅੰਮ੍ਰਿਤਸਰ ਭੇਜਿਆ ਗਿਆ । ਗੋਪਾਲ ਦਾਸ ਨੂੰ ਬਾਅਦ ਵਿਚ ਉਥੋਂ ਬਦਲ ਦਿੱਤਾ ਗਿਆ ਅਤੇ ਉਹਨਾਂ ਦੀ ਥਾਂ ਤੇ ਇਕ ਹੋਰ ਧਰਮੀ ਅਤੇ ਸ਼ਰਧਾਲੂ ਸਿੱਖ ਉਦਾਸੀ , ਭਾਈ ਚੰਚਲ ਸਿੰਘ ਨੂੰ ਨਿਯੁਕਤ ਕੀਤਾ ਗਿਆ ।

      ਉਦਾਸੀ ਆਪਣੇ ਪੈਰੋਕਾਰਾਂ ਨੂੰ ਹਰੇਕ ਜਾਤ ਅਤੇ ਕਿੱਤੇ ਵਿਚੋਂ ਸ਼ਾਮਲ ਕਰਦੇ ਹਨ । ਭਾਵੇਂ ਇਹ ਗੁਰੂ ਨਾਨਕ ਜੀ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਬਾਕੀ ਹੋਰ ਸਿੱਖਾਂ ਵਾਂਗ ਹੀ ਸਤਿਕਾਰ ਦਿੰਦੇ ਸਨ ਪਰ ਇਹ ਆਪਣੀਆਂ ਧਾਰਮਿਕ ਰਹੁ-ਰੀਤਾਂ ਵਿਚ ਸਿੱਖਾਂ ਤੋਂ ਵੱਖਰੇ ਸਨ । ਇਹਨਾਂ ਦੇ ਮੱਠਾਂ ਵਿਚ , ਧਰਮਗ੍ਰੰਥ ਵਜੋਂ ਗੁਰੂ ਗ੍ਰੰਥ ਸਾਹਿਬ ਦਾ ਹੀ ਪਾਠ ਕੀਤਾ ਜਾਂਦਾ ਹੈ ਪਰ ਇਹ ਸਿੱਖ ਰਹਿਤ ਮਰਯਾਦਾ ਨਾਲ ਸਹਿਮਤ ਨਹੀਂ ਹਨ । ਇਹਨਾਂ ਦੀ ਅਰਦਾਸ ਵੀ ਵੱਖਰੀ ਹੈ । ਘੰਟੀਆ ਵਜਾਉਣਾ ਅਤੇ ਨਰਸਿੰਘਾਂ ਜਾਂ ਸਿੰਘੀ ਵਰਗੇ ਸਾਜ਼ ਵਜਾਉਣੇ ਇਹਨਾਂ ਦੀਆਂ ਧਾਰਮਿਕ ਰਹੁ ਰੀਤਾਂ ਦਾ ਹਿੱਸਾ ਹਨ । ਇਹ ਗੁਰੂ ਨਾਨਕ ਜੀ ਅਤੇ ਬਾਬਾ ਸ੍ਰੀ ਚੰਦ ਦੀ ਬੁੱਤ ਪੂਜਾ ਕਰਦੇ ਹਨ । ਇਹਨਾਂ ਦੇ ਜੈਕਾਰੇ ‘ ਵਾਹਗੁਰੂ , ਗਾਜੋ ਜੀ ਵਾਹਗੁਰੂ` ਜਾਂ ‘ ਅਲਖ' ਹਨ । ਉਦਾਸੀਆਂ ਦਾ ਇਹ ਵਿਸ਼ਵਾਸ ਹੈ ਕਿ ‘ ਮਾਤ੍ਰਾ` ਨੂੰ ਪ੍ਰਾਪਤ ਕਰਨ ਤੋਂ ਬਾਅਦ ਕੋਈ ਵੀ ‘ ਪਰਮ ਤੱਤ` ਨੂੰ ਪਾ ਸਕਦਾ ਹੈ ਅਤੇ ਮੁਕਤੀ ਪ੍ਰਾਪਤ ਕਰ ਸਕਦਾ ਹੈ । ‘ ਮਾਤ੍ਰਾ` ਦਾ ਸ਼ਾਬਦਿਕ ਅਰਥ ਮਾਪ ਜਾਂ ਗਿਣਤੀ ਹੈ ਅਤੇ ਛੰਦ-ਸ਼ਾਸਤਰ ਅਤੇ ਵਿਆਕਰਣ ਵਿਚ ਇਸ ਦਾ ਭਾਵ ਕਿਸੇ ਵੀ ‘ ਲਘੂ ਸ੍ਵਰ ਨੂੰ ਉਚਾਰਨ ਕਰਨ ਲਈ ਲੱਗੇ ਸਮੇਂ ਤੋਂ ਹੈ । ਪਰੰਤੂ ਉਦਾਸੀ ਪਰੰਪਰਾ ਵਿਚ ਇਸ ਸ਼ਬਦ ਦਾ ਵਿਸਤਾਰਪੂਰਨ ਅਰਥ ਮੰਤਰ ਜਾਂ ਪਵਿੱਤਰ ਪਾਠ ਹੈ । ਉਦਾਸੀ ਮਾਤ੍ਰਾ ਇਕ ਪ੍ਰਕਾਰ ਦਾ ਪਵਿੱਤਰ ਮੰਤਰ ਅਥਵਾ ਗੁਰ ਹੈ ਜਿਹੜਾ ਚੇਲਿਆਂ ਨੂੰ ਉਪਦੇਸ਼ ਅਤੇ ਨਸੀਹਤ ਅਤੇ ਸਲਾਹ ਵਜੋਂ ਦਿੱਤਾ ਜਾਂਦਾ ਹੈ । ਇਹਨਾਂ ਮਾਤ੍ਰਾਵਾਂ ਦੀ ਬਹੁਤੀ ਗਿਣਤੀ ਗੁਰੂ ਨਾਨਕ , ਬਾਬਾ ਸ੍ਰੀ ਚੰਦ , ਬਾਬਾ ਗੁਰਦਿੱਤਾ , ਅਲਮਸਤ ਅਤੇ ਬਾਲੂ ਹਸਨਾ ਦੇ ਨਾਂ ਨਾਲ ਜੋੜੀ ਗਈ ਹੈ । ਪਰ ਬਾਬਾ ਸ੍ਰੀ ਚੰਦ ਦੇ ਨਾਂ ਨਾਲ ਸੰਬੰਧਿਤ ਮਾਤ੍ਰਾਵਾਂ ਦਾ ਉਦਾਸੀਆਂ ਲਈ ਵਿਸ਼ੇਸ਼ ਮਹੱਤਵ ਹੈ ਅਤੇ ਉਦਾਸੀਆਂ ਦੁਆਰਾ ਇਹਨਾਂ ਦਾ ਬਹੁਤ ਜ਼ਿਆਦਾ ਪਾਲਨ ਕੀਤਾ ਜਾਂਦਾ ਹੈ ।

      ਕੁਝ ਕੁ ਉਦਾਸੀ ਚਿੱਟੇ ਬਸਤਰ ਪਹਿਨਦੇ ਹਨ ਜਦੋਂ ਕਿ ਦੂਜੇ ਗੇਰੁਏ ਜਾਂ ਲਾਲ ਰੰਗ ਦੇ ਬਸਤਰ ਧਾਰਣ ਕਰਦੇ ਹਨ । ਨਾਂਗਾ ਮਤ ਨਾਲ ਸੰਬੰਧ ਰੱਖਣ ਵਾਲੇ ਕਮਰ ਦੇ ਆਲੇ-ਦੁਆਲੇ ਪਿੱਤਲ ਦੀ ਜੰਜੀਰ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਪਹਿਨਦੇ ਅਤੇ ਬਸਤਰਹੀਨ ਰਹਿੰਦੇ ਹਨ । ਕੁਝ ਜਟਾਧਾਰੀ ਹਨ ਅਤੇ ਆਪਣੇ ਸਰੀਰ ਉਤੇ ਸੁਆਹ ਜਾਂ ਭਭੂਤ ਮਲਦੇ ਹਨ । ਕੁਝ ਆਪਣੇ ਸਿਰ , ਗਰਦਨ ਅਤੇ ਕਮਰ ਦੇ ਆਲੇ-ਦੁਆਲੇ ਰੱਸੀ ਲਪੇਟਦੇ ਹਨ । ਇਹ ਸ਼ਰਾਬ ਤੋਂ ਪਰਹੇਜ਼ ਕਰਦੇ ਹਨ , ਪਰ ਕਦੀ-ਕਦਾਈ ਇਹ ਭੰਗ , ਚਰਸ ਅਤੇ ਅਫ਼ੀਮ ਦਾ ਸੇਵਨ ਕਰਦੇ ਮੰਨੇ ਜਾਂਦੇ ਹਨ । ਇਹ ਬ੍ਰਹਮਚਾਰੀ ਜੀਵਨ ਦਾ ਪਾਲਨ ਕਰਦੇ ਹਨ ।

      ਗੁਰੂ ਨਾਨਕ ਜੀ ਦੇ ਸੰਦੇਸ਼ ਦਾ ਪ੍ਰਸਾਰ ਕਰਨ ਤੋਂ ਇਲਾਵਾ , ਉਦਾਸੀ ਕੇਂਦਰ , ਸਿੱਖ ਗਿਆਨ ਦੀ ਵਿੱਦਿਆ ਦੇਣ ਵਾਲਿਆਂ ਵਜੋਂ ਵੀ ਕੰਮ ਕਰਦੇ ਹਨ । ਚੇਲੇ ( ਸਿਖਿਆਰਥੀ ) , ਮੱਠ ਦੇ ਮੁਖੀ ਦੇ ਆਲੇ-ਦੁਆਲੇ ਇਕੱਠੇ ਹੋ ਜਾਂਦੇ ਹਨ , ਜਿਹੜੇ ਇਹਨਾਂ ਨੂੰ ਸਿੱਖ ਅਤੇ ਪੁਰਾਤਨ ਧਰਮ ਗ੍ਰੰਥਾਂ ਵਿਚੋਂ ਸਿੱਖਿਆ ਦਿੰਦੇ ਹਨ । ਇਹਨਾਂ ਮੱਠਾਂ ਦੇ ਮੁਖੀ ਆਪਣੇ ਚੇਲਿਆਂ ਨਾਲ ਤੀਰਥ ਸਥਾਨਾਂ ਦੀ ਯਾਤਰਾ ਕਰਦੇ ਹਨ ਅਤੇ ਚਰਚਾ ਅਤੇ ਗੋਸ਼ਟੀਆਂ ਵਿਚ ਹਿੱਸਾ ਲੈਂਦੇ ਹਨ ।

      ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਬਣੇ ਉਦਾਸੀ ਬੁੰਗੇ ਸਿੱਖਿਆ ਦੇ ਪ੍ਰਮੁੱਖ ਕੇਂਦਰਾਂ ਵਿਚੋਂ ਸਨ । ਅੰਮ੍ਰਿਤਸਰ ਵਿਖੇ ਉਦਾਸੀ ਮੱਠ , ਬ੍ਰਹਮ ਬੂਟਾ ਅਖਾੜਾ ਗੁਰਮੁਖੀ ਸਕੂਲ ਚਲਾਉਂਦਾ ਹੁੰਦਾ ਸੀ ਜਿਥੇ ਵੱਡੀ ਗਿਣਤੀ ਵਿਚ ਵਿਦਿਆਰਥੀ ਹੁੰਦੇ ਸਨ । ਕੁਝ ਉਦਾਸੀ ਕੇਂਦਰ ਭਾਰਤੀ ਪੱਧਤੀ ਦੇ ਅਨੁਸਾਰ ਵੈਦਗੀ ਅਤੇ ਸਰੀਰ ਕ੍ਰਿਆਵਿਗਿਆਨ ਦੀ ਸਿੱਖਿਆ ਵੀ ਦਿੰਦੇ ਸਨ । ਅਜਿਹੀ ਇਕ ਗੱਦੀ ਪੰਡਤ ਸਰੂਪ ਦਾਸ ਉਦਾਸੀ ਦਾ ਬੁੰਗਾ ਸੀ ਜੋ ਆਯੁਰਵੇਦ ਦੇ ਪ੍ਰਸਿੱਧ ਗ੍ਰੰਥ ‘ ਚਰਕ ਸੰਹਿਤਾ` ਦੇ ਅਧਿਕਾਰੀ ਅਤੇ ਪ੍ਰਸਿੱਧ ਵਿਦਵਾਨ ਸਨ ।

      ਅਠਾਰ੍ਹਵੀਂ ਸਦੀ ਦੇ ਸੰਕਟ ਭਰੇ ਦੌਰ ਵਿਚ ਜਦੋਂ ਸਿੱਖਾਂ ਨੇ ਭਾਰੀ ਜ਼ੁਲਮ ਸਹੇ ਸਨ , ਉਦੋਂ ਉਦਾਸੀ ਸਾਧੂਆਂ ਨੇ ਸਿੱਖਾਂ ਦੇ ਗੁਰਦੁਆਰਿਆਂ ਦੀ ਸਾਂਭ-ਸੰਭਾਲ ਆਪਣੇ ਹੱਥਾਂ ਵਿਚ ਲੈ ਲਈ ਸੀ । ਇਹਨਾਂ ਗੁਰਦੁਆਰਿਆਂ ਉੱਤੇ ਉਦਾਸੀਆਂ ਦਾ ਅਧਿਕਾਰ ਵੀਹਵੀਂ ਸਦੀ ਦੇ ਸ਼ੁਰੂ ਦੇ ਦਹਾਕਿਆਂ ਵਿਚ ਉਦੋਂ ਤਕ ਰਿਹਾ ਜਦੋਂ ਤਕ ਸਿੱਖਾਂ ਨੇ ਪੰਜਾਬ ਵਿਧਾਨ ਪਰਿਸ਼ਦ ਦੇ ਅਧਿਨਿਯਮ ਰਾਹੀਂ ਪ੍ਰਬੰਧਕੀ ਕਮੇਟੀ ਨੂੰ ਲੋਕਰਾਜੀ ਢੰਗ ਨਾਲ ਚੁਣੇ ਹੋਏ ਬੋਰਡ ਦੇ ਹੱਥਾਂ ਵਿਚ ਕੇਂਦ੍ਰਿਤ ਨਹੀਂ ਕਰ ਦਿੱਤਾ । ਫਿਰ ਵੀ , ਉਦਾਸੀਆਂ ਦੇ ਆਪਣੇ ਡੇਰੇ ਅਤੇ ਮੱਠ ਦੇਸ਼ ਭਰ ਵਿਚ ਫ਼ੈਲੇ ਹੋਏ ਹਨ । ਉੱਤਰ ਭਾਰਤ ਵਿਚ ਇਹਨਾਂ ਦੇ ਬਹੁਤੇ ਮਹੱਤਵਪੂਰਨ ਕੇਂਦਰਾਂ ਵਿਚੋਂ ਅੰਮ੍ਰਿਤਸਰ ਵਿਖੇ ਬ੍ਰਹਮ ਬੂਟਾ ਅਖਾੜਾ ਅਤੇ ਸੰਗਲਾਂਵਾਲਾ ਅਖਾੜਾ , ਪਟਿਆਲਾ ਵਿਖੇ ਨਿਰੰਜਨੀਆ ਅਖਾੜਾ ਅਤੇ ਹਰਿਦਵਾਰ ਵਿਖੇ ਪੰਚਾਇਤੀ ਅਖਾੜਾ ਹਨ ।


ਲੇਖਕ : ਮ.ਕ. ਅਤੇ ਅਨੁ. ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7544, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਉਦਾਸੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਉਦਾਸੀ ( ਗੁ. । ਸੰਸਕ੍ਰਿਤ ਉਦਾਸੀਨ ) ਵਿਰਕਤ , ਉਦਾਸੀ , ਤ੍ਯਾਗੀ । ਯਥਾ-‘ ਮਨਮੁਖੁ ਮੋਹਿ ਵਿਆਪਿਆ ਬੈਰਾਗੁ ਉਦਾਸੀ ਨ ਹੋਇ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7542, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਉਦਾਸੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਉਦਾਸੀ : ਇਹ ਸ਼ਬਦ ਮੂਲ ਵਿਚ ਉਦਾਸੀਨ ( ਉਦ + ਆਸੀਨ = ਉਪਰ ਬੈਠਾ ) ਹੈ ਇਸ ਦਾ ਅਰਥ ਹੈ ਮੋਹ -ਮਾਇਆ ਤੋਂ ਉਪਰ ਉਠਣ ਵਾਲਾ ਵਿਰੱਕਤ ਸਾਧੂ ਪਰ ਇਹ ਸ਼ਬਦ ਨਾਨਕਸ਼ਾਹੀ ਸਾਧੂਆਂ ਲਈ ਰੂੜ ੍ਹ ਹੋ ਗਿਆ ਹੈ ਉਦਾਸੀ ਸੰਪਰਦਾ ਦੇ ਪੈਰੋਕਾਰਾਂ ਦਾ ਵਿਸ਼ਵਾਸ਼ ਹੈ ਕਿ ਇਸ ਮੱਤ ਦਾ ਮੁੱਢ ਓਅੰਕਾਰ ਤੋਂ ਬੱਝਾ ਸੀ ਫੇਰ ਬਾਬਾ ਸ੍ਰੀ ਚੰਦ ਜੀ ( 1494-1592 ਈ. ) ਨੇ ਉਦਾਸੀ ਮੱਤ ਦਾ ਚੰਗੀ ਤਰ੍ਹਾਂ ਸੰਗਠਨ ਕੀਤਾ ਬਾਬਾ ਸ੍ਰੀ ਚੰਦ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਸਨ ਅਤੇ ਇਨ੍ਹਾਂ ਨੇ ਆਪਣੇ ਵਿਰੱਕਤ ਜੀਵਨ ਦੇ ਲੰਮੇ ਸਮੇਂ ਵਿਚ ਇਸ ਮੱਤ ਦਾ ਪਰਚਾਰ ਕੀਤਾ ਉਦਾਸੀ ਲੋਕ ਇਸ ਦੀ ਸੋਲ ਵੀਂ ਪੀੜ੍ਹੀ ਵਿਚ ਬਨਖੰਡੀ ਜੀ ( 1763-1863 ) ਦਾ ਹੋਣਾ ਦੱਸਦੇ ਹਨ ਜਿਸ ਨੇ ਸੰਨ 1823 ਈ. ਵਿਚ ਸਿੰਧ ਵਿਚ ਸਾਧੂ ਬੇਲਾ ਨਾਂ ਦਾ ਤਰੀਥ ਸਥਾਪਿਤ ਕੀਤਾ ਉਦੋਂ ਤੋਂ ਇਹ ਉਦਾਸੀਆਂ ਦਾ ਮੁਖ ਕੇਂਦਰ ਬਣ ਗਿਆ ਮਗਰੋਂ ਸਿੰਧ ਦੇ ਪਾਕਿਸਤਾਨ ਵਿਚ ਰਹਿ ਜਾਣ ਕਾਰਨ ਬਨਖੰਡੀ ਜੀ ਦੀ ਚੌਥੀ ਪੀੜ੍ਹੀ ਦੇ ਸਾਧੂ ਗਣੇਸ਼ਦਾਸ ਜੀ ਨੇ ਸੰਨ 1949 ਵਿਚ ਆਪਣਾ ਕੇਂਦਰ ਕਾਸ਼ੀ ਦੇ ਭਦੈਨੀ ਮਹੱਲੇ ਵਿਚ ਕਾਇਮ ਕਰ ਲਿਆ ਇਸ ਸੰਪਰਦਾ ਦੇ ਪੈਰੋਕਾਰ ਖ਼ਾਯ ਤੌਰ ਤੇ ਸਿੰਧ ਅਤੇ ਪੰਜਾਬ ਵਿਚ ਹਨ ਉੱਤਰ ੍ਰ ਦੇਸ਼ ਵਿਚ ਇਨ੍ਹਾਂ ਦੇ ਮਸ਼ਹੂਰ ਸਥਾਨ ਹਰਦੁਆਰ , ਕਾਸ਼ੀ ਅਤੇ ਵ੍ਰਿੰਦਾਵਨ ਵਿਚ ਹਨ ਇਹ ਵੀ ਕਿਹਾ ਜਾਂਦਾ ਹੈ ਕਿ ਬਿਹਾਰ ਵਿਚ ਇਨ੍ਹਾਂ ਦੀ ਇਕ ਸ਼ਾਖ ‘ ਭਗਤਗਿਰਿ’ ਨਾਂ ਦੀ ਵੀ ਹੈ , ਜਿਸਦਾ ਪੂਰਾ ਵੇਰਵਾ ਨਹੀਂ ਮਿਲਦਾ ਉਜੈਨ ਵਿਚ ਵੀ ਇਸਦੇ ਪੈਰੋਕਾਰਾਂ ਦਾ ਇਕ ਅਖਾੜਾ ਹੈ ਅਤੇ ਇਕ ਹੋਰ ਅਖਾੜਾ ਤ੍ਰਿਯੰਬਕ ( ਨਾਸਿਕ ) ਵਿਚ ਵੀ ਦੱਸਿਆ ਜਾਂਦਾ ਹੈ ਪਰ ਅਜਿਹੇ ਕੇਂਦਰਾਂ ਵਿਚ ਅਕਸਰ ਕੁੰਭ ਦੇ ਮੇਲੇ ਵੇਲੇ ਹੀ ਰੌਣਕ ਹੁੰਦੀ ਹੈ

                  ਉਦਾਸੀ ਸਾਧੂ ਸੰਸਾਰਕ ਗੱਲਾਂ ਵੱਲੋਂ ਖ਼ਾਸ ਤੌਰ ਤੇ ਨਿਰਲੇਪ ਰਹਿੰਦੇ ਆਏ ਹਨ ਇਨ੍ਹਾਂ ਦੇ ਭੋਲੇ ਭਾਲੇ ਅਤੇ ਅਹਿੰਸਾਤਮਕ ਸੁਭਾ ਦੇ ਕਾਰਨ ਇਨ੍ਹਾਂ ਨੇ ਗੁਰੂ ਅਮਰਦਾਸ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਜੈਨ ਧਰਮ ਤੋਂ ਪ ੍ਰ ਭਾਵਿਤ ਮੰਨ ਲਿਆ ਸੀ ਗੁਰੂ ਹਰਗੋਬਿੰਦ ਜੀ ਦੇ ਸਪੁੱਤਰ ਬਾਬਾ ਗੁਰਦਿੱਤਾ ( 1613-1638 ਈ. ) ਨੇ ਇਸ ਸੰਪਰਦਾ ਦੇ ਸੰਗਠਨ ਅਤੇ ਵਿਕਾਸ ਦੇ ਕੰਮ ਵਿਚ ਸਾਥ ਦਿਤਾ ਅਤੇ ਉਦੋਂ ਤੋਂ ਇਸਦਾ ਵਧੇਰੇ ਪਰਚਾਰ ਵੀ ਹੋਇਆ ਇਸ ਦੀਆਂ ਚਾਰ ਵੱਡੀਆਂ ਸ਼ਾਖਾਵਾਂ ਹਨ : ( 1 ) ਫੂਲ ਸਾਹਿਬ ਵਾਲੀ ਬਹਾਰਦਪੁਰ ਦੀ ਸ਼ਾਖ , ( 2 ) ਬਾਲੂ ਹਸਨਾ ਦੀ ਅਨੰਦਪੁਰ ਦੇ ਨੇੜੇ ਚਰਨ ਕੌਲ ਦੀ ਸ਼ਾਖ਼ , ( 3 ) ਅਲਮਸਤ ਸਾਹਿਬ ਦੀ ਨੈਨੀਤਾਲ ਦੀ ਸ਼ਾਖ ਅਤੇ ( 4 ) ਗੋਂਦਾ ਅਥਵਾ ਗੋਇੰਦ ਸਾਹਿਬ ਦੀ ਸ਼ਿਕਾਰਪੁਰ ਵਾਲੀ ਸ਼ਾਖ ਮਸ਼ਹੂਰ ਹਨ ਅਤੇ ਇਹ ਇਕ ਦੂਜੀ ਤੋਂ ਸੁਤੰਤਰ ਵੀ ਜਾਪਦੀਆਂ ਹਨ ਵਿਲੀਅਮ ਕੁੱਕ ਨੇ ਇਸ ਸੰਪਰਦਾ ਨੂੰ ਨਾਨਕਸ਼ਾਹੀ ਪੰਥ ਦਾ ਨਾਂ ਦੇ ਕੇ ਉਸਦੇ ਮੁਖ ਗੁਰਦੁਆਰੇ ਦਾ ਦੇਹਰਾ ਵਿਚ ਹੋਣਾ ਦਸਿਆ ਹੈ ਫਿਰ ਉਸਨੇ ਇਹ ਵੀ ਲਿਖਿਆ ਹੈ ਕਿ ਪੂਰਬੀ ਭਾਰਤ ਵਿਚ ਇਸ ਦੀਆਂ 370 ਗੱਦੀਆਂ ਦੱਸੀਆਂ ਜਾਂਦੀਆਂ ਹਨ ਇਸ ਸੰਪਰਦਾ ਦੇ ਲੋਕ ਵਧੇਰੇ ਕਰਕੇ ਮਾਲਵੇ , ਜਲੰਧਰ , ਫ਼ੀਰੋਜ਼ਪੁਰ , ਕਾਸ਼ੀ ਅਤੇ ਰੋਹਤਕ ਵਿਚ ਮਿਲਦੇ ਹਨ ਅਤੇ ਉਨ੍ਹਾਂ ਵਿਚੋਂ ਬਹੁਤੇ ਰਮਤੇ ਰਹਿੰਦੇ ਹਨ

                  ਉਦਾਸੀਆਂ ਦੇ ਅਖਾੜਿਆਂ ਅਤੇ ਸੰਪਰਦਾਵਾਂ ਦੀਆਂ ਵੱਖ ਵੱਖ ਸ਼ਾਖਵਾਂ ਨੂੰ ਅਕਸਰ ‘ ਧੂਣੀ’ ਜਾਂ ‘ ਧੂਆਂ’ ਵੀ ਕਹਿੰਦੇ ਹਨ ਇਸਦੇ ਪੈਰੋਕਾਰਾਂ ਵਿਚ ਇਹ ਗੱਲ ਵੀ ਪਰਚਲਤ ਹੈ ਕਿ ਕਾਬਲ ਵਿਖੇ ਇਸਦੇ ਕਿਸੇ ਕੇਂਦਰ ਵਿਚ ਇਸਦੀ ਇਕ ਅਜੀ ਧੂਣੀ ਅਜੇ ਵੀ ਬਲ ਰਹੀ ਹੈ ਜਿਸਨੂੰ ਸ੍ਰੀ ਚੰਦ ਜੀ ਨੇ ਖੁਦ ਜਗਾਇਆ ਸੀ ਉਦਾਸੀ ਲੋਕ ਜਾਂ ਤਾਂ ਨਾਂਗੇ ਹੁੰਦੇ ਹਨ ਅਤੇ ਜਾਂ ਪਰਮਹੰਸ ਨਾਂਗਿਆਂ ਦੇ ਨਾਵਾਂ ਦੇ ਪਿੱਛੇ ਦਾਸ ਜਾਂ ਸ਼ਰਣ ਹੁੰਦਾ ਹੈ  ਅਤੇ ਪਰਮਹੰਸ ਉਦਾਸੀਆਂ ਦੇ ਨਾਵਾਂ ਦੇ ਪਿੱਛੇ ਅਨੰਦ ਸ਼ਬਦ ਜੁੜਿਆ ਹੁੰਦਾ ਹੈ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7543, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-08, ਹਵਾਲੇ/ਟਿੱਪਣੀਆਂ: no

ਉਦਾਸੀ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਉਦਾਸੀ : ‘ ਉਦਾਸੀ’ ਸ਼ਬਦ ਦਾ ਨਿਕਾਸ ਸੰਸਕ੍ਰਿਤ ਸ਼ਬਦ ‘ ਉਦਾਸੀਨ’ ਤੋਂ ਹੋਇਆ ਮੰਨਿਆ ਜਾਂਦਾ ਹੈ । ‘ ਉਦਾਸੀਨ’ ਦਾ ਅਰਥ ਹੇ ਵਿਰਕਤ , ਉਪਰਾਮ; ਮੋਹ– ਰਹਿਤ । ‘ ਉਦਾਸੀ’ ਉਦਾਸੀਨ ਦਾ ਤਦਭਵ ਰੂਪ ਹੈ । ਸਾਧੂ ਗੁਲਾਬ ਦਾਸ ਅਨੁਸਾਰ “ ਉਦਾਸੀ ਸੋਈ ਹੈ ਜੋ ਸਭ ਪਦਾਰਥ ਤੇ ਉਦਾਸ ਹੈ । ” ‘ ਉਦਾਸ’ ਦਾ ਅਰਥ ਹੈ ਕਿਨਾਰੇ ਬੈਠਣਾ , ਪਾਸ ਦੀ ਗੁਜ਼ਰਨਾ । ਇਸ ਤਰ੍ਹਾਂ ਉਦਾਸੀ ਤੋਂ ਭਾਵ ‘ ਵੈਰਾਗਵਾਨ’ ਹੈ । ਸੁਪ੍ਰਸਿੱਧ ਉਦਾਸੀ ਕਵੀ ਸੰਤ ਰੇਣ ਨੇ ਆਪਣੀ ਰਚਨਾ ‘ ਉਦਾਸੀ ਬੋਧ’ ਵਿਚ ਅਤੇ ਬਾਵਾ ਰਾਮਦਾਸ ਉਦਾਸੀ ਲੇ ਆਪਣੀ ਕਾਵਿ– ਰਚਨਾ ‘ ਬਾਣੀ ਬਾਵਾ ਰਾਮਦਾਸ’ ਵਿਚ ਉਦਾਸੀ ਸੰਪ੍ਰਦਾਇ ਅਨੁਸਾਰ ‘ ਉਦਾਸੀ’ ਦੇ ਲੱਛਣ ਆਪਣੇ ਆਪਣੇ ਢੰਗ ਨਾਲ ਦੱਸਣ ਦੇ ਯਤਨ ਕੀਤੇ ਹਨ । ਸੁਆਮੀ ਗੰਗੇਸ਼ੑਵਰਾਨੰਦ ਨੇ ‘ ਸ੍ਰੋਤਮੁਨਿ ਚਰਿਤਾਮ੍ਰਿਤ’ ਵਿਚ ‘ ਉਦਾਸੀਨ’ ਨੂੰ ਉਦ + ਆਸੀਨ ਤੋਂ ਬਣਿਆ ਦੱਸਿਆ ਹੈ । ‘ ਉਦ’ ਦਾ ਅਰਥ ਸਰਵੋਤਕ੍ਰਿਸ਼ਟ ਜਾਂ ਸਰਵ– ਪਾਪ ਵਿਨਿਰਮੁਕਤ ਅਤੇ ‘ ਆਸੀਨ’ ਦਾ ਅਰਥ ਹੈ ਸਥਿਤ । ਪਰ ਕਈ ਵਿਦਵਾਨ ਇਸ ਨਾਲ ਸੰਮਤੀ ਨਹੀਂ ਰੱਖਦੇ ।

                  ਸਿੱਖ ਸਾਹਿੱਤ ਵਿਚ ਇਸ ਸ਼ਬਦ ਦੀ ਵਰਤੋਂ ਤਿੰਨ ਵਿਸ਼ਿਸ਼ਟ ਅਰਥਾਂ ਵਿਚ ਹੋਈ ਹੈ– – ( 1 ) ਮਾਇਆ ਮੁਕਤ ਸਾਧਕ , ( 2 ) ਗੁਰੂ ਨਾਨਕ ਦੀਆਂ ਅਧਿਆਤਮਿਕ ਯਾਤਰਾਵਾਂ , ( 3 ) ਸੰਪ੍ਰਦਾਇ ਵਿਸ਼ੇਸ਼ । ਪਹਿਲੇ ਅਰਥ ਅਨੁਸਾਰ ਗੁਰਮਤਿ ਵਿਚ ਉਦਾਸੀ ਦਾ ਸੰਕਲਪ ਜਗਤ ਤੋਂ ਉਦਾਸੀਨ ਹੋ ਕੇ , ਗ੍ਰਹਿਸਥ ਦਾ ਤਿਆਗ ਕਰਕੇ ਜੰਗਲਾਂ ਵਿਚ ਜਾਣ ਦਾ ਨਹੀਂ ਸਗੋਂ ਮਾਇਆ ਰੂਪੀ ਜਗਤ ਵਿਚ ਰਹਿੰਦੀਆਂ ਕੰਵਲ ਫੁੱਲ ਵਾਂਗ ਨਿਰਲੇਪ ਰਹਿਣ ਦੀ ਸੰਗਯਾ ‘ ਉਦਾਸੀ’ ਹੈ । ਗੁਰਮੁਖ ਵਿਅਕਤੀ ਚਿੱਤ ਦਾ ਉਦਾਸ ਹੈ , ਇਸ ਲਈ ਉਸ ਨੂੰ ਗ੍ਰਹਿਸਥ ਤੇ ਬਿਰਕਤ ਇਕ ਸਮਾਨ ਹਨ “ ਗੁਰਬਚਨੀ ਬਾਹਰਿ ਘਰਿ ਏਕੋ ਨਾਨਕੁ ਭਇਆ ਉਦਾਸੀ” ( ਮ.੧ ) ਅਤੇ “ ਜੀਵਨ ਮੁਕਤ ਜਗਜੀਵਨ ਜੁਗਤਿ ਜਾਲੀ , ਸਲਿਲ ਕਮਲ ਗਤਿ ਮਾਯਾ ਮੇ ਉਦਾਸੀ ਹੈ”   ( ਭਾਈ ਗੁਰਦਾਸ– – – ਕਬਿੱਤ ) ।

                  ਦੂਜੇ ਅਰਥ ਅਨੁਸਾਰ ਗੁਰੂ ਨਾਨਕ ਦੇਵ ਦੀਆਂ ਆਪਣੇ ਗਤੀਸ਼ੀਲ ਪ੍ਰਚਾਰ ਹਿਤ ਕੀਤੀਆਂ ਦੂਰ ਦੁਰਾਡੇ ਦੇਸ਼ਾਂ ਦੀਆਂ ਯਾਤਰਾਵਾਂ ਨੂੰ ‘ ਉਦਾਸੀਆਂ’ ਦਾ ਨਾ ਦਿੱਤਾ ਜਾਂਦਾ ਹੈ । ਗੁਰੂ ਨਾਨਕ ਦੇਵ ਦੀਆਂ ਚਾਰ ਉਦਾਸੀਆਂ ਮੰਨੀਆਂ ਜਾਂਦੀਆਂ ਹਨ । ‘ ਪੁਰਾਤਨ ਜਨਮ– ਸਾਖੀ’ ਅਨੁਸਾਰ ਇਹ ਉਦਾਸੀਆਂ ਗੁਰੂ ਜੀ ਨੇ ਚੌਹਾਂ ਦਿਸ਼ਾਵਾਂ ਵਲ ਵੱਖ– ਵੱਖ ਭੇਖਾਂ ਵਿਚ ਕੀਤੀਆਂ ਸਨ । ਭਾਈ ਗੁਰਦਾਸ ਅਨੁਸਾਰ ਉਦਾਸੀ ਦੀ ਪਿਰਤ ਗੁਰੂ ਨਾਨਕ ਦੇਵ ਨੇ ਪਾਈ ਸੀ । – – “ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ । ”

                  ਤੀਜੇ ਅਰਥ ਅਨੁਸਾਰ ਗੁਰੂ ਨਾਨਕ ਦੇਵ ਜੀ ਦੇ ਸੁਪੱਤਰ ਬਾਬਾ ਸਿਰੀ ਚੰਦ ਨੇ ਉਦਾਸੀ ਸੰਪ੍ਰਦਾਇ ਦਾ ਪ੍ਰਚਲਨ ਕੀਤਾ । ਪਰ ਇਸ ਮੱਤ ਤੇ ਸੰਪ੍ਰਦਾਈ/ਸਨਾਤਨੀ ਵਿਚਾਰਧਾਰਾ ਵਾਲੇ ਵਿਦਵਾਨ ਇਸ ਮੱਤ ਦਾ ਮੂਲ ਬ੍ਰਹਮਾ ਦੇ ਪੁੱਤਰ ਸਨਤ ਕੁਮਾਰ ਨਾਲ ਜਾ ਜੋੜਦੇ ਹਨ । ( ਵੇਖੋ ‘ ਉਦਾਸੀ ਮੱਤ’ ) ।

                    ਪੰਜਾਬੀ ਦੀ ਆਮ ਵਰਤੋਂ ਵਿਚ ਰਾਜ ਭਾਗ ਤਿਆਗ ਕੇ ਜੋਗ ਧਾਰਣ ਕਰਲ ਵਾਲੇ ਨੂੰ ਵੀ ‘ ਉਦਾਸੀ’ ਕਿਹਾ ਗਿਆ ਹੈ , ਜਿਵੇਂ ‘ ਕਥਾ ਉਦਾਸੀ ਗੋਪੀ ਚੰਦ ਕੀ’ ਨਾਂ ਦੀ ਰਚਨਾ ਕਿਸੇ ਅਗਿਆਤ ਕਵੀ ਨੇ ਲਿਖੀ ਹੈ ।

                  [ ਸਹਾ. ਗ੍ਰੰਥ– – ਰਤਨ ਸਿੰਘ ਜੱਗੀ ( ਡਾ. ) : ‘ ਸਾਹਿੱਤ ਸੌਰਭ’ ; ਗਿਆਨੀ ਲਾਲ ਸਿੰਘ : ‘ ਗੁਰਮਤਿ ਮਾਰਤੰਡ’ ; ਗੁਲਾਬ ਦਾਸ ਸਾਧੂ ‘ ਗੁਲਾਬ ਗੀਤਾ’ ( ਹੱਥ– ਲਿਖਤ’ ; ਸੰਤ ਰੇਣ : ‘ ਸੰਤ ਰੇਣ ਗ੍ਰੰਥਾਵਲੀ’ ; ਬਾਵਾ ਰਾਮ ਦਾਸ : ਬਾਣੀ ਬਾਵਾ ਰਾਮ ਦਾਸ ( ਹੱਥ– ਲਿਖਤ ) ]


ਲੇਖਕ : ਡਾ. ਅਜਮੇਰ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3211, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-29, ਹਵਾਲੇ/ਟਿੱਪਣੀਆਂ: no

ਉਦਾਸੀ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਉਦਾਸੀ : ਇਹ ਸ਼ਬਦ ਮੂਲ ਵਿਚ ਉਦਾਸੀਨ ( ਉਦ + ਆਸੀਨ = ਉੱਪਰ ਬੈਠਾ ) ਹੈ । ਇਸ ਦਾ ਅਰਥ ਹੈ ਮੋਹ-ਮਾਇਆ ਤੋਂ ਉੱਪਰ ਉੱਠਣ ਵਾਲਾ ਵਿਰਕਤ ਸਾਧੂ ਪਰ ਇਹ ਸ਼ਬਦ ਨਾਨਕਸ਼ਾਹੀ ਸਾਧੂਆਂ ਲਈ ਰੂੜ੍ਹ ਹੋ ਗਿਆ ਹੈ । ਉਦਾਸੀ ਸੰਪਰਦਾ ਦੇ ਪੈਰੋਕਾਰਾਂ ਦਾ ਵਿਸ਼ਵਾਸ ਹੈ ਕਿ ਇਸ ਮਤ ਦਾ ਮੁੱਢ ਓਅੰਕਾਰ ਤੋਂ ਬਝਾ ਸੀ । ਫਿਰ ਬਾਬਾ ਸ੍ਰੀ ਚੰਦ ਜੀ ( 1494-1592 ਈ. ) ਨੇ ਉਦਾਸੀ ਮਤ ਦਾ ਵਿਧੀ ਬਧ ਸੰਗਠਨ ਕੀਤਾ । ਬਾਬਾ ਸ੍ਰੀ ਚੰਦ ਗੁਰੂ ਨਾਨਕ ਦੇਵੀ ਜੀ ਦੇ ਵੱਡੇ ਸਪੁੱਤਰ ਸਨ ਅਤੇ ਇਨ੍ਹਾਂ ਨੇ ਆਪਣੇ ਵਿਰਕਤ ਜੀਵਨ ਦੇ ਲੰਬੇ ਸਮੇਂ ਵਿਚ ਇਸ  ਮਤ ਦਾ ਪ੍ਰਚਾਰ ਕੀਤਾ । ਇਸ ਸੰਪਰਦਾ ਦੀ ਸੋਲ੍ਹਵੀਂ ਪੀੜ੍ਹੀ ਵਿਚ ਬਨਖੰਡੀ ਜੀ ( 1763-1863 )   ਨੇ 1832 ਈ. ਵਿਚ ਸਿੰਧ  ਵਿਖੇ ਸਾਧੂ ਬੇਲਾ ਨਾਂ ਦਾ ਦਾ ਤੀਰਥ ਸਥਾਪਤ ਕੀਤਾ । ਉਦੋਂ ਤੋਂ ਇਹ ਉਦਾਸੀਆਂ ਦਾ ਮੁੱਖ ਕੇਂਦਰ ਬਣ ਗਿਆ । ਮਗਰੋਂ ਸਿੰਧ ਦੇ ਪਾਕਿਸਤਾਨ ਵਿਚ ਰਹਿ ਜਾਣ ਕਾਰਨ ਬਨਖੰਡੀ ਜੀ ਦੀ ਚੌਥੀ ਪੀੜ੍ਹੀ ਦੇ ਸਾਧੂ ਗਣੇਸ਼ ਦਾਸ ਜੀ ਨੇ 1949 ਈ .  ਵਿਚ ਆਪਣਾ ਕੇਂਦਰ ਕਾਸ਼ੀ ਦੇ ਭਦੇਨੀ ਮਹੱਲੇ ਵਿਚ ਕਾਇਮ ਕਰ ਲਿਆ ।   ਇਸ ਸਪੰਰਦਾ ਦੇ ਬਹੁਤੇ ਪੈਰੋਕਾਰ ਸਿੰਧ ਅਤੇ ਪੰਜਾਬ ਵਿਚ ਹਨ । ਉੱਤਰ ਪ੍ਰਦੇਸ਼ ਵਿਚ ਇਨ੍ਹਾਂ ਦੇ ਮਸ਼ਹੂਰ ਤੀਰਥ ਹਰਿਦੁਆਰ , ਕਾਸ਼ੀ ਅਤੇ ਬਿੰਦਰਾਬਨ ਵਿਚ ਹਨ । ਇਹ ਵੀ ਕਿਹਾ ਜਾਂਦਾ ਹੈ ਕਿ ਬਿਹਾਰ ਵਿਚ ਇਨ੍ਹਾਂ ਦੀ  ਇਕ ਸ਼ਾਖ਼ ʻਭਗਤਗਿਰਿʼ ਨਾਂ ਦੀ ਵੀ ਹੈ ਜਿਸ ਦਾ ਪੂਰਾ ਵੇਰਵਾ ਨਹੀਂ ਮਿਲਦਾ । ਉਜੈਨ ਵਿਚ ਵੀ ਇਸ ਦੇ ਪੈਰੋਕਾਰਾਂ   ਦਾ ਇਕ ਅਖਾੜਾ ਹੈ ਅਤੇ  ਇਕ ਹੋਰ ਅਖਾੜਾ ਤ੍ਰਿਯੰਬਕ ( ਨਾਸਿਕ ) ਵਿਚ ਵੀ ਦੱਸਿਆ ਜਾਂਦਾ ਹੈ ਅਜਿਹੇ ਕੇਂਦਰਾਂ ਵਿਚ ਅਕਸਰ ਕੁੰਭ ਦੇ ਮੇਲੇ ਸਮੇਂ ਹੀ ਰੌਣਕ ਹੁੰਦੀ ਹੈ ।

                            ਉਦਾਸੀ ਸਾਧੂ ਸੰਸਾਰਕ ਗੱਲਾਂ ਵੱਲੋਂ ਖ਼ਾਸ ਤੌਰ ਤੇ ਨਿਰਲੇਪ ਰਹਿੰਦੇ ਆਏ ਹਨ । ਇਨ੍ਹਾਂ ਦੇ ਅਹਿੰਸਾਤਕਮ ਸੁਭਾਅ ਕਾਰਨ ਇਨ੍ਹਾਂ ਨੂੰ ਸ੍ਰੀ ਗੁਰੂ ਅਮਰਦਾਸ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੈਨ ਧਰਮ ਤੋਂ ਪ੍ਰਭਾਵਿਤ ਮੰਨ ਲਿਆ ਸੀ । ਸ੍ਰੀ ਗੁਰੂ ਹਰਿਗੋਬਿੰਦ ਸਿੰਘ ਜੀ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ( 1613-1638 ਈ. ) ਨੇ  ਇਸ ਸੰਪਰਦਾ ਦੇ ਸੰਗਠਨ ਅਤੇ ਵਿਕਾਸ ਪ੍ਰਚਾਰ ਦੇ ਕੰਮ ਵਿਚ ਸਾਥ ਦਿੱਤਾ ਅਤੇ ਉਦੋਂ ਤੋਂ ਇਸ ਦਾ ਵਧੇਰੇ ਪ੍ਰਚਾਰ ਵੀ ਹੋਇਆ । ਇਸ ਦੀਆਂ ਚਾਰ ਵੰਡੀਆਂ ਸ਼ਾਖ਼ਾਵਾਂ ਹਨ- 1. ਫੂਲ ਸਾਹਿਬ ਵਾਲੀ ਬਹਾਦਰਪੁਰ ਦੀ ਸ਼ਾਖ਼ 2 . ਬਾਲੂ ਹਸਨਾ ਦੀ ਅਨੰਦਪੁਰ ਦੇ ਨੇੜੇ ਚਰਨ ਕੌਲ ਸ਼ਾਖ਼ 3. ਅਲਸਮਸਤ ਸਾਹਿਬ ਦੀ ਨੈਨੀਤਾਲ ਦੀ ਸ਼ਾਖ਼ , 4. ਗੋਂਦਾ ਅਥਵਾ ਗੋਇੰਦ ਸਾਹਿਬ ਜੀ ਸ਼ਿਕਾਰਪੁਰ ਵਾਲੀ ਸ਼ਾਖ਼ । ਇਸ ਸ਼ਾਖ਼ਾਵਾਂ ਇਕ ਦੂਜੀ ਤੋਂ ਸੁਤੰਤਰ ਵੀ ਜਾਪਦੀਆਂ ਹਨ । ਵਿਲੀਅਮ ਕੁੱਕ ਨੇ ਇਸ ਸੰਪਰਦਾ ਨੂੰ ਨਾਨਕਸ਼ਾਹੀ ਪੰਥ ਦਾ ਨਾਂ ਦਿੱਤਾ ਅਤੇ ਲਿਖਿਆ ਹੈ ਕਿ ਪੂਰਬੀ ਭਾਰਤ ਵਿਚ ਇਸ ਦੀਆਂ 370 ਗੱਦੀਆਂ ਦੱਸੀਆਂ ਜਾਂਦੀਆਂ ਹਨ । ਇਸ ਸੰਪਰਦਾ ਦੇ ਲੋਕ ਵਧੇਰੇ ਕਰ ਕੇ ਮਾਲਵਾ , ਜਲੰਧਰ , ਫਿਰੋਜ਼ਪੁਰ , ਕਾਸ਼ੀ ਅਤੇ ਰੋਹਤਕ ਵਿਚ ਮਿਲਦੇ ਹਨ ਅਤੇ  ਉਨ੍ਹਾਂ ਵਿਚੋਂ ਬਹੁਤੇ ਇਕ ਥਾਂ ਤੋਂ ਦੂਜੀ ਥਾਂ ਫਿਰਦੇ ਰਹਿੰਦੇ ਹਨ ।  

ਚਾਰ ਧੂਣੀਆਂ ਤੋਂ ਇਲਾਵਾ  ਛੇ ਬਖ਼ਸ਼ਿਸ਼ਾਂ ਵੀ ਉਦਾਸੀ ਸੰਪਰਦਾ ਨਾਲ ਸਬੰਧਤ ਹਨ –

  1. ਸੁਥਰਾ ਸ਼ਾਹੀ-ਬਖ਼ਸ਼ਿਸ਼ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ।
  2. ਭਗਤ ਭਗਵਾਨੀਏ-ਬਖ਼ਸ਼ਿਸ਼ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ।
  3. ਮੀਹਾਂ ਸ਼ਾਹੀਏ-ਬਖ਼ਸ਼ਿਸ਼ ਸ੍ਰੀ ਗੁਰੂ ਤੇਗ਼ ਬਹਾਦਰ ਜੀ ।

4          ਸੰਗਤ ਸਾਹਿਬੀਏ-ਬਖ਼ਸ਼ਿਸ਼ ਸ੍ਰੀ ਗੁਰੂ ਹਰਿ ਰਾਇ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ।

5          ਜੀਤ ਮੱਲੀਏ-ਬਖ਼ਸ਼ਿਸ਼ ਸ੍ਰੀ ਗੋਬਿੰਦ ਸਿੰਘ ਜੀ ।

6          ਬਖ਼ਤ ਮੱਲੀਏ-ਬਖ਼ਸ਼ਿਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ।

              ਉਦਾਸੀਆਂ ਦਾ ਲਿਬਾਸ , ਮਜੀਠੀ ਰੰਗ ਦਾ ਚੋਲਾ , ਗਲ ਵਿਚ ਕਾਲੀ ਸੇਲ੍ਹੀ , ਹੱਥ ਵਿਚ ਤੂੰਬਾ ਅਤੇ ਸਿਰ ਤੇ ਉੱਚੀ ਟੋਪੀ ਹੈ । ਪਹਿਲਾਂ ਇਸ ਮਤ ਦੇ ਧਾਰਨੀ ਸਾਧੂ ਦਾੜ੍ਹੀ ਤੇ ਕੇਸ ਰਖਦੇ ਸਨ ਪਰ ਹੁਣ ਇਨ੍ਹਾਂ ਵਿਚ ਕਈ ਜਟਾਧਾਰੀ ਸਾਧੂ ਅਤੇ ਮੋਨੇ , ਭਸਮਧਾਰੀ ਨਾਂਗੇ ਅਤੇ ਗੇਰੂਏ ਰੰਗ ਦੇ ਕੱਪੜੇ ਪਹਿਨਣ ਵਾਲੇ ਵੀ ਮਿਲਦੇ ਹਨ । ਇਹ ਸਾਰੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਧਰਮ ਗ੍ਰੰਥ ਮੰਨਦੇ ਹਨ । ਭਾਈ ਕਾਨ੍ਹ ਸਿੰਘ ਨਾਭਾ ਉਦਾਸੀ-ਸੰਪਰਦਾ ਨੂੰ ਸਿੱਖ ਧਰਮ ਦਾ ਇਕ ਅੰਗ ਮੰਨਦੇ ਹਨ । ਇਸ ਦੇ ਬਾਵਜੂਦ ਉਦਾਸੀਆਂ ਦੀ ਧਾਰਮਿਕ ਰਹਿਣੀ , ਗੁਰੂ ਖ਼ਾਲਸਾ ਪੰਥ ਦੀ ਰਹਿਣੀ ਤੋਂ ਬਹੁਤ ਭਿੰਨ ਹੈ । ਉਦਾਸੀਆਂ ਦੀ ਧਾਰਮਿਕ ਪਹੁੰਚ ' ਸ਼ਬਦ ਗੁਰੂ' ਤੋਂ ਹੱਟ ਕੇ ਤਪੱਸਵੀ ਅਤੇ ਇਕਾਂਤਕ ਧਾਰਮਿਕ ਜੁਗਤਾਂ ਨਾਲ ਜੁੜੀ ਹੋਈ ਹੋਣ ਕਰ ਕੇ ਉਦਾਸੀ ਸੰਪਰਦਾ ਗੁਰਮਤਿ ਪਰੰਪਰਾ ਨਾਲੋਂ ਦੇਹਧਾਰੀ ਗੁਰੂ ਵਾਲੀ ਪਰੰਪਰਾ ਦੇ ਵਧੇਰੇ ਨੇੜੇ ਚਲੀ ਗਈ ਹੈ ।

              ਉਦਾਸੀਆਂ ਦੇ ਅਖਾੜਿਆਂ ਅਤੇ ਸੰਪਰਦਾਵਾਂ ਦੀਆਂ ਵਖ-ਵਖ ਸ਼ਾਖ਼ਾਵਾਂ ਨੂੰ ਅਕਸਰ ' ਧੂਣੀ ਜਾਂ ' ਧੂਆਂ' ਵੀ ਕਹਿੰਦੇ ਹਨ । ਇਸ ਦੇ ਪੈਰੋਕਾਰਾਂ ਵਿਚ ਇਹ ਗੱਲ ਵੀ ਪ੍ਰਚਲਿਤ ਹੈ ਕਿ ਕਾਬਲ ਵਿਖੇ ਇਸ ਦੇ ਕਿਸੇ ਕੇਂਦਰ ਵਿਚ ਇਸ ਦੀ ਇਕ ਅਜਿਹੀ ਧੂਣੀ ਅਜੇ ਵੀ ਬਲ ਰਹੀ ਹੈ ਜਿਸ ਨੂੰ ਬਾਬਾ ਸ੍ਰੀ ਚੰਦ ਜੀ ਨੇ ਖ਼ੁਦ ਜਗਾਇਆ ਸੀ । ਉਦਾਸੀ ਲੋਕ ਜਾਂ ਤਾਂ ਨਾਂਗੇ ਹੁੰਦੇ ਹਨ ਅਤੇ ਜਾਂ ਪਰਮਹੰਸ । ਨਾਂਗਿਆਂ ਦੇ ਨਾਵਾਂ ਦੇ ਪਿੱਛੇ ਦਾਸ ਲਗਿਆ ਹੁੰਦਾ ਹੈ ਅਤੇ ਪਰਮਹੰਸ ਉਦਾਸੀਆਂ ਦੇ ਨਾਵਾਂ ਦੇ ਪਿੱਛੇ ਅਨੰਦ ਸ਼ਬਦ ਜੁੜਿਆ ਹੁੰਦਾ ਹੈ ।

                              ਬੰਬਈ ਪ੍ਰੈਜ਼ੀਡੈਂਸੀ ਦੇ  ਸੰਨ 1901 ਦੇ ਗਜ਼ਟੀਅਰ ਵਿਚ ਇਕ ਹੋਰ ਉਦਾਸੀ ਸੰਪਰਦਾ ਦਾ ਜ਼ਿਕਰ ਹੈ ਜਿਸ ਦੀ ਨੀਂਹ ਅੱਜ ਤੋਂ ਲਗਭਗ 385 ਸਾਲ ਪਹਿਲਾਂ ਇਕ ਵਿਅਕਤੀ ਸ੍ਰੀ ਗੋਪਾਲ ਦਾਸ ਨੇ ਸੂਰਤ ਦੇ ਖੇਤਰ ਵਿਚ ਰਖੀ ਸੀ ।


ਲੇਖਕ : ਡਾ. ਜਾਗੀਰ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1827, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-13, ਹਵਾਲੇ/ਟਿੱਪਣੀਆਂ: ਹ. ਪੁ. ––ਪੰ. ਵਿ. ਕੋ. ; ਗੁਰਬਾਣੀ ਦੀਆਂ ਵਿਆਖਿਆ ਪ੍ਰਣਾਲੀਆ ਡਾ. ਤਾਰਨ ਸਿੰਘ; ਗੁਰੂ ਗ੍ਰੰਥ ਸੰਕੇਤ ਕੋਸ਼-ਪਿਆਰਾ ਸਿੰਘ ਪਦਮ; ਗਜ਼ਟੀਅਰ ਆੱਫ਼ ਦੀ ਬਾਂਬੇ ਪ੍ਰੈਜ਼ੀਡੈਂਸੀ-1901 (ਜਿਲਦ9.ਭਾਗ 1 547-548); ਉਦਾਸੀ ਸੰਪਰਦਾ ਦਾ ਗੁਰਮਤਿ ਪਰਿਪੇਖ-ਡਾ. ਗੁਰਨਾਮ ਕੌਰ (ਸੰਪਾ. )1994

ਉਦਾਸੀ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਉਦਾਸੀ : ਉਦਾਸੀ ਸਿੱਖਾਂ ਦੀ ਇੱਕ ਪ੍ਰਸਿੱਧ ਸੰਪ੍ਰਦਾਇ ਹੈ , ਜਿਸ ਦੇ ਬਾਨੀ ਗੁਰੂ ਨਾਨਕ ਸਾਹਿਬ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਸਨ । ਉਦਾਸੀ ਸ਼ਬਦ ਦਾ ਕੋਸ਼ਗਤ ਅਰਥ ਹੈ : ਉਦਾਸ , ਬੇਲਾਗ , ਅਪਰਿਚਿਤ , ਸੰਨਿਆਸੀ , ਨਿਰਪੱਖ , ਇੱਛਾ-ਰਹਿਤ , ਉਪਰਾਮ , ਆਦਿ । ਪਰੰਤੂ ਉਦਾਸੀ ਵਿਦਵਾਨਾਂ ਅਨੁਸਾਰ ਇਸ ਸ਼ਬਦ ਦੇ ਅਰਥ ਹਨ ਉਹ ਵਿਰਕਤ ਸਾਧੂ , ਜੋ ਬ੍ਰਹਮ ਵਿੱਚ ਸਥਿਤ ਹੋ ਗਿਆ ਹੋਵੇ । ਗੁਰਮਤਿ ਵਿੱਚ ਗ੍ਰਹਿਸਥ ਵਿੱਚ ਰਹਿੰਦਿਆਂ ਵਿਰਕਤ ਰਹਿਣ ਵਾਲੇ ਵਿਅਕਤੀ ਨੂੰ ਉਦਾਸੀ ਆਖਿਆ ਜਾਂਦਾ ਹੈ ।

ਉਦਾਸੀ ਸੰਪ੍ਰਦਾਇ ਦੇ ਜਨਮ-ਸੰਬੰਧੀ ਵਿਦਵਾਨਾਂ ਨੇ ਵੱਖਰੇ-ਵੱਖਰੇ ਵਿਚਾਰ ਦਿੱਤੇ ਹਨ । ਇਸ ਸੰਪ੍ਰਦਾਇ ਦੇ ਸਾਧੂ ਪ੍ਰਾਚੀਨ ਕਾਲ ਵਿੱਚ ਧਾਰਮਿਕ ਗ੍ਰੰਥਾਂ ਵਿੱਚ ਵਰਤੇ ਗਏ ਇਸ ਸ਼ਬਦ ਨੂੰ ਲੈ ਕੇ ਇਸ ਦਾ ਬਾਨੀ ਪਾਰਬ੍ਰਹਮ ਨੂੰ ਮੰਨਦੇ ਹਨ । ਪਰਮਾਤਮਾ ਤੋਂ ਬ੍ਰਹਮਾ ਦੀ ਉਤਪਤੀ ਹੋਈ ਤੇ ਉਸ ਦੇ ਚਾਰ ਪੁੱਤਰ-ਸਨਕ , ਸਨੰਦਨ , ਸਨਾਤਨ ਤੇ ਸਨਤਕੁਮਾਰ-ਹੋਏ । ਜਿਨ੍ਹਾਂ ਨੇ ਇਸ ਸੰਪ੍ਰਦਾਇ ਨੂੰ ਕਾਇਮ ਕੀਤਾ । ਬਾਬਾ ਸ੍ਰੀ ਚੰਦ ਉਹਨਾਂ ਤੋਂ 166ਵੀਂ ਥਾਂ ’ ਤੇ ਹੋਏ । ਇਉਂ ਇਹ ਸੰਪ੍ਰਦਾਇ ਅਤਿ ਪ੍ਰਾਚੀਨ ਹੈ ਪਰ ਇਸ ਵਿਚਾਰਧਾਰਾ ਦਾ ਆਧਾਰ ਇਤਿਹਾਸਿਕ ਨਹੀਂ ਹੈ ।

ਕੁਝ ਉਦਾਸੀ ਸਾਧੂ ਇਸ ਸੰਪ੍ਰਦਾਇ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਹਨ ਕਿਉਂਕਿ ਉਹਨਾਂ ਦੀ ਬਾਣੀ ਵਿੱਚ ਇਸ ਸ਼ਬਦ ਦਾ ਪ੍ਰਯੋਗ ਮਿਲਦਾ ਹੈ । ਸਿਧਾਂ ਨੇ ਸਤਿਗੁਰੂ ਨੂੰ ਪੁੱਛਿਆ-

              ਕਿਸ ਕਾਰਣਿ ਗ੍ਰਿਹਿ ਤਜਿਓ ਉਦਾਸੀ ॥

                ਤਾਂ ਸ੍ਰੀ ਗੁਰੂ ਜੀ ਨੇ ਜਵਾਬ ਦਿੱਤਾ-

                    ਗੁਰਮੁਖਿ ਖੋਜਤ ਭਏ ਉਦਾਸੀ ॥

ਇਹ ਮਤ ਵੀ ਸਰਬ ਪ੍ਰਵਾਨਿਤ ਨਹੀਂ ਹੈ । ਆਮ ਪ੍ਰਚਲਿਤ ਤੇ ਲਗਪਗ ਪ੍ਰਵਾਨਿਤ ਮਤ ਹੈ ਕਿ ਇਸ ਦਾ ਅਰੰਭ ਬਾਬਾ ਸ੍ਰੀ ਚੰਦ ਜੀ ਨੇ ਕੀਤਾ , ਜੋ ਬਚਪਨ ਤੋਂ ਹੀ ਵੈਰਾਗੀ ਸਨ । ਨਾਮ ਬਾਣੀ ਦਾ ਅਭਿਆਸ ਕਰਦੇ ਸਨ ਅਤੇ ਗੁਰੂ ਨਾਨਕ ਸਾਹਿਬ ਦੇ ਜੇਠੇ ਸਪੁੱਤਰ ਹੋਣ ਕਾਰਨ ਗੁਰਗੱਦੀ ਤੇ ਆਪਣਾ ਹੱਕ ਸਮਝਦੇ ਸਨ ਪਰ ਗੁਰਗੱਦੀ ਨਾ ਮਿਲਣ ਕਾਰਨ ਇਹਨਾਂ ਨੇ ਆਪਣੀ ਨਰਾਜ਼ਗੀ ਦਾ ਇਜ਼ਹਾਰ ਕਰਦਿਆਂ ਇੱਕ ਵੱਖਰੀ ਸੰਪਰਦਾਇ ਅਰੰਭ ਕਰ ਦਿੱਤੀ । ਗੁਰਬਾਣੀ ਵਿੱਚ ਥਾਂ-ਥਾਂ ਇਸ ਸੰਪ੍ਰਦਾਇ ਦੀ ਨਵਿਰਤੀ ਮਾਰਗ ਦੀ ਵਿਚਾਰਧਾਰਾ ਦੀ ਆਲੋਚਨਾ ਕੀਤੀ ਗਈ ਹੈ । ਇਸ ਦੇ ਉਲਟ ਗੁਰਬਾਣੀ ਪ੍ਰਵਿਰਤੀ ਮਾਰਗ ਦੀ ਵਕਾਲਤ ਕਰਦੀ ਹੈ । ਪਰੰਤੂ ਬਾਬਾ ਸ੍ਰੀ ਚੰਦ ਜੀ ਗੁਰੂ ਰਾਮ ਦਾਸ ਅਤੇ ਗੁਰੂ ਅਰਜਨ ਦੇਵ ਜੀ ਨੂੰ ਮਿਲਣ ਜਾਂਦੇ ਰਹੇ ਅਤੇ ਉਹਨਾਂ ਦਾ ਮਾਣ-ਸਤਿਕਾਰ ਵੀ ਕਰਦੇ ਹਨ । ਇੱਕ ਸਾਖੀ ਸਿੱਖ ਜਗਤ ਵਿੱਚ ਪ੍ਰਸਿੱਧ ਹੈ ਕਿ ਗੁਰੂ ਅਰਜਨ ਦੇਵ ਜੀ ਨੂੰ ਮਿਲਣ ਲਈ ਇੱਕ ਦਿਨ ਅਚਾਨਕ ਬਾਬਾ ਸ੍ਰੀ ਚੰਦ ਆਏ ਤਾਂ ਆਪ ਨੇ ਸੁਖਮਨੀ ਸਾਹਿਬ ਦੀਆਂ 16 ਅਸ਼ਟਪਦੀਆਂ ਲਿਖ ਲਈਆਂ ਸਨ । ਬਾਬਾ ਸ੍ਰੀ ਚੰਦ ਨੇ ਆਪਣੇ ਕਰਕੰਵਲਾਂ ਨਾਲ 17ਵੀਂ ਅਸ਼ਟਪਦੀ ਤੋਂ ਪਹਿਲਾਂ ਵਾਲਾ ਸਲੋਕ “ ਆਦਿ ਸਚਿ ਜੁਗਾਦਿ ਸਚੁ” ਲਿਖਿਆ ਤੇ ਜਦੋਂ ਸੁਖਮਨੀ ਸਾਹਿਬ ਸੰਪੂਰਨ ਹੋ ਗਿਆ ਤਾਂ ਗੁਰੂ ਅਰਜਨ ਦੇਵ ਜੀ ਨੇ ਬਾਬਾ ਸ੍ਰੀ ਚੰਦ ਨੂੰ ਸੁਖਮਨੀ ਸਾਹਿਬ ਦਾ ਗੁਟਕਾ ਭੇਟ ਕੀਤਾ ।

ਗੁਰੂ ਹਰਗੋਬਿੰਦ ਸਾਹਿਬ , ਸਾਹਿਬਜ਼ਾਦਿਆਂ ਸਮੇਤ ਪਿੰਡ ਬਾਰਨ ਵਿਖੇ ਬਾਬਾ ਸ੍ਰੀ ਚੰਦ ਨੂੰ ਮਿਲਣ ਲਈ ਗਏ । ਆਪ ਨੇ ਉਦਾਸੀ ਸੰਪ੍ਰਦਾਇ ਨੂੰ ਅੱਗੇ ਚਲਾਉਣ ਹਿਤ ਆਪਣਾ ਜਾਨਸ਼ੀਨ ਥਾਪਣ ਦੇ ਇਰਾਦੇ ਨਾਲ ਗੁਰੂ ਜੀ ਪਾਸੋਂ ਉਹਨਾਂ ਦੇ ਇੱਕ ਪੁੱਤਰ ਦੀ ਮੰਗ ਕੀਤੀ । ਗੁਰੂ ਸਾਹਿਬ ਨੇ ਬਾਬਾ ਗੁਰਦਿਤਾ ਜੀ ਇਹਨਾਂ ਨੂੰ ਅਰਪਣ ਕਰ ਦਿੱਤਾ । ਉਪਰੰਤ ਛੇਤੀ ਹੀ ਬਾਬਾ ਗੁਰਦਿਤਾ ਜੀ ਨੂੰ ਸੇਲੀ ਟੋਪੀ ਦੇ ਕੇ ਉਦਾਸੀ ਸੰਪ੍ਰਦਾਇ ਦੀ ਵਾਗਡੋਰ ਸੰਭਾਲ ਦਿੱਤੀ ਗਈ । ਸਿੱਖ ਧਰਮ ਅੰਦਰ ਇਹ ਇੱਕ ਅਤਿ ਮਹੱਤਵਪੂਰਨ ਮੋੜ ਸੀ । ਉਦਾਸੀ ਪਰੰਪਰਾ ਇਸ ਤੋਂ ਬਾਅਦ ਸਿੱਖੀ ਦੇ ਪ੍ਰਚਾਰ ਦਾ ਮੁੱਖ ਸਾਧਨ ਬਣ ਗਈ । ਉਦਾਸੀ ਪ੍ਰਚਾਰਕਾਂ ਨੇ ਮਸੰਦ ਪਰੰਪਰਾ ਨੂੰ ਫਿੱਕਾ ਪਾ ਦਿੱਤਾ ਅਤੇ ਅਖੀਰ ਉਹ ਪਰੰਪਰਾ ਉੱਕਾ ਹੀ ਖ਼ਤਮ ਹੋ ਗਈ । ਬਾਬਾ ਜੀ ਨੇ ਗੁਰਮਤਿ ਦੇ ਪ੍ਰਚਾਰ ਲਈ ਚਾਰ ਪੈਰੋਕਾਰਾਂ ਨੂੰ ਸੇਲੀ ਟੋਪੀ ਦੇ ਕੇ ਵੱਖ-ਵੱਖ ਸਥਾਨਾਂ ਤੇ ਭੇਜਿਆ । ਇਹ ਚਾਰ ਸਾਧੂ ਵਿਰਕਤ ਤੇ ਜਤੀ ਸਨ । ਇਹਨਾਂ ਦੇ ਚਾਰ ਧੂਣੇ ਪ੍ਰਸਿੱਧ ਹਨ :

1.              ਧੂਣਾ ਬਾਬਾ ਅਲਮਸਤ ਜੀ : ਇਹ ਬੜੇ ਜਤੀ ਤੇ ਕਰਨੀ ਵਾਲੇ ਸਿੱਧ ਪੁਰਸ਼ ਸਨ , ਜਿਨ੍ਹਾਂ ਨੇ ਦੂਰ-ਦੁਰਾਡੇ ਜਾ ਕੇ ਗੁਰਬਾਣੀ ਦਾ ਪ੍ਰਚਾਰ ਕੀਤਾ । ਅੱਗੋਂ ਇਹਨਾਂ ਦੇ ਧੂਣਿਆਂ ਤੇ ਆਸ਼੍ਰਮਾਂ ਦੀ ਗਿਣਤੀ 76 ਹੈ ।

2. ਧੂਣਾ ਬਾਲੂ ਹਸਨਾ ਸਾਹਿਬ ਦਾ : ਬਾਲ ਹਸਨਾ , ਬਾਬਾ ਅਲਮਸਤ ਜੀ ਦੇ ਛੋਟੇ ਭਾਈ ਸਨ , ਜਿਨ੍ਹਾਂ ਨੇ ਪੱਛਮੀ ਪੰਜਾਬ ਵਿੱਚ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ । ਇਹਨਾਂ ਦੇ ਆਸ਼੍ਰਮਾਂ ਦੀ ਗਿਣਤੀ 403 ਹੈ ।

3. ਧੂਣਾ ਗੋਇੰਦ ਸਾਹਿਬ ਜੀ ਦਾ : ਇਹਨਾਂ ਨੂੰ ਗੁਰਮਤਿ ਦੇ ਪ੍ਰਚਾਰ ਲਈ ਦੱਖਣ ਵਿੱਚ ਭੇਜਿਆ ਗਿਆ । ਇਹਨਾਂ ਦੇ ਇਸ ਪਾਸੇ ਕਾਫ਼ੀ ਲੋਕਾਂ ਨੂੰ ਸਿੱਖ ਬਣਾਇਆ ਤੇ ਅਖੀਰ ਉਮਰ ਵਿੱਚ ਪੰਜਾਬ ਆ ਗਏ ਤੇ ਗੁਰਮਤਿ ਪ੍ਰਚਾਰ ਕਰਦੇ ਰਹੇ ।

4. ਧੂਣਾ ਫੂਲ ਸਾਹਿਬ ਦਾ : ਇਹ ਗੋਇੰਦ ਸਾਹਿਬ ਦੇ ਭਰਾ ਸਨ , ਜਿਨ੍ਹਾਂ ਨੇ ਦੁਆਬੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ । ਇਸ ਧੂਣੇ ਵਾਲਿਆਂ ਦੇ 86 ਆਸ਼੍ਰਮ ਹਨ ।

ਉਦਾਸੀ ਸੰਪ੍ਰਦਾਇ ਦੀਆਂ ਹੇਠ ਲਿਖੀਆਂ ਛੇ ਪ੍ਰਸਿੱਧ ਸ਼ਾਖਾਵਾਂ ਹਨ :

1. ਸੁਥਰੇਸ਼ਾਹੀ : ਇਹ ਗੁਰੂ ਹਰਿਗੋਬਿੰਦ ਜੀ ਤੇ ਗੁਰੂ ਹਰਿਰਾਇ ਦਾ ਸੇਵਕ ਸਿੱਖ ਸੀ , ਜਿਸ ਨੇ ਪੰਜਾਬ , ਕਸ਼ਮੀਰ ਤੇ ਬਲਖ-ਬੁਖਾਰੇ ਤੱਕ ਸਿੱਖੀ ਦਾ ਪ੍ਰਚਾਰ ਕੀਤਾ ।

2. ਭਗਤ ਭਗਵਾਨੀਏ : ਬੋਧ ਗਯਾ ਦੇ ਇਸ ਵਿਅਕਤੀ ਨੇ ਜਦੋਂ ਪੰਜਾਬ ਵਿੱਚ ਆ ਕੇ ਗੁਰੂ ਹਰਿਰਾਇ ਸਾਹਿਬ ਦੇ ਦਰਸ਼ਨ ਕੀਤੇ ਤਾਂ ਉਹਨਾਂ ਦਾ ਸ਼ਿਸ਼ ਬਣ ਗਿਆ । ਉਹਨਾਂ ਨੂੰ ਬਾਬਾ ਮਿਹਰਚੰਦ ਪਾਸ ਭੇਜਿਆ , ਜਿਨ੍ਹਾਂ ਨੇ ਇਸ ਨੂੰ ਉਦਾਸੀ ਸੰਪ੍ਰਦਾਇ ਵਿੱਚ ਸ਼ਾਮਲ ਕਰ ਲਿਆ ਤੇ ਪੂਰਬ ਵਿੱਚ ਗੁਰਮਤਿ ਪ੍ਰਚਾਰ ਲਈ ਭੇਜ ਦਿੱਤਾ । ਇਸ ਬਖ਼ਸ਼ਿਸ਼ ਦੇ ਪੂਰਬ ਵਿੱਚ 360 ਆਸ਼੍ਰਮ ਹਨ ।

3. ਸੰਗਤ ਸ਼ਾਹੀਏ : ਇਹ ਗੁਰੂ ਹਰਿਰਾਇ ਜੀ ਦਾ ਸੇਵਕ ਸੀ । ਇਸ ਨੇ ਸਿੱਖੀ ਦੀ ਬੜੀ ਸੇਵਾ ਕੀਤੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਨੂੰ ਸੰਗਤ ਸਾਹਿਬ ਸੱਚੀ ਦਾੜ੍ਹੀ ਨਾ ਬਖ਼ਸ਼ਿਆ ।

4. ਮੀਹਾਂ ਸ਼ਾਹੀਏ : ਇਹ ਗੁਰੂ ਤੇਗ ਬਹਾਦਰ ਦੇ ਸਿੱਖ ਸਨ , ਜਿਨ੍ਹਾਂ ਨੇ ਗੁਰਮਤਿ ਪ੍ਰਚਾਰ ਦੇ ਨਾਲ-ਨਾਲ ਲੰਗਰ ਵੀ ਚਲਾਏ ।

5. ਬਖਤਮੱਲੀਏ : ਇਹ ਗੁਰੂ ਹਰਗੋਬਿੰਦ ਜੀ ਦੇ ਸ਼ਰਧਾਲੂ ਸਨ ਅਤੇ ਕਾਬਲ ਦੇ ਇਲਾਕੇ ਵਿੱਚ ਸਿੱਖੀ ਦੇ ਪ੍ਰਚਾਰਕ ਸਨ । ਇਸ ਬਖ਼ਸ਼ਿਸ਼ ਨੇ ਕੋਈ ਖ਼ਾਸ ਤਰੱਕੀ ਨਹੀਂ ਕੀਤੀ ।

6. ਜੀਤ ਮੱਲੀਏ : ਇਹ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਸਨ , ਜਿਨ੍ਹਾਂ ਨੇ ਗੁਰਮਤਿ ਦਾ ਬਹੁਤ ਪ੍ਰਚਾਰ ਕੀਤਾ । ਇਹਨਾਂ ਦੀ ਮੁੱਖ ਗੱਦੀ ਫਤਹਿਪੁਰ ਵਿਖੇ ਹੈ ।

ਕੁੰਭ ਆਦਿ ਮੇਲਿਆਂ ਸਮੇਂ ਉਦਾਸੀ ਸਾਧੂਆਂ ਨੂੰ ਹਿੰਦੂ ਤੀਰਥ ਅਸਥਾਨਾਂ ਤੇ ਰਹਿਣ ਲਈ ਮੁਸ਼ਕਲ ਹੁੰਦੀ ਸੀ , ਜਿਸ ਕਾਰਨ ਸਾਧੂ ਪ੍ਰੀਤਮ ਦਾਸ ਨੇ ਪ੍ਰਮੁਖ ਤੀਰਥਾਂ ਉੱਪਰ ਅਖਾੜੇ ਸਥਾਪਿਤ ਕੀਤੇ , ਜਿੱਥੇ ਇਹ ਸਾਧੂ ਅਰਾਮ ਤੇ ਸਤਿਕਾਰ ਨਾਲ ਰਹਿ ਸਕਦੇ ਸਨ । ਪ੍ਰਯਾਗ , ਹਰਿਦੁਆਰ , ਕਨਖਲ , ਕੁਰੂਕਸ਼ੇਤਰ , ਉਜੈਨ , ਗੁਦਾਵਰੀ , ਅੰਮ੍ਰਿਤਸਰ , ਪਟਿਆਲਾ ਆਦਿ ਸਥਾਨਾਂ ਤੇ ਇਹ ਅਖਾੜੇ ਅੱਜ ਵੀ ਕਾਇਮ ਹਨ ।

ਉਦਾਸੀ ਸਾਧੂਆਂ ਨੇ ਸਿੱਖ ਗੁਰੂ ਸਾਹਿਬਾਨ ਤੇ ਸਿੱਖ ਧਰਮ ਦੀ ਬਹੁਤ ਸੇਵਾ ਕੀਤੀ । ਜਿੱਥੇ ਗੁਰਮਤਿ ਦਾ ਸੁਨੇਹਾ ਘਰ-ਘਰ ਪਹੁੰਚਾਇਆ , ਉੱਥੇ ਹਰ ਖੇਤਰ ਵਿੱਚ ਇਹਨਾਂ ਨੇ ਸਤਿਗੁਰੂ ਸਾਹਿਬਾਨ ਦਾ ਸਾਥ ਦਿੱਤਾ । ਗੁਰਦੁਆਰੇ ਬਣਾਏ , ਉਹਨਾਂ ਦੀ ਸੇਵਾ-ਸੰਭਾਲ ਆਪਣੇ ਹੱਥਾਂ ਵਿੱਚ ਲਈ । ਜਦੋਂ ਖ਼ਾਲਸਾ ਮੁਗਲਾਂ ਨਾਲ ਟੱਕਰ ਲੈ ਰਿਹਾ ਸੀ ਤੇ ਘਰੋਂ ਬੇਘਰ ਹੋਇਆ ਜੰਗਲਾਂ , ਪਹਾੜਾਂ ਵਿੱਚ ਹੋਂਦ ਕਾਇਮ ਰੱਖਣ ਲਈ ਜੂਝ ਰਿਹਾ ਸੀ ਤਾਂ ਅਜਿਹੇ ਭਿਆਨਕ ਸਮੇਂ ਉਦਾਸੀਆਂ ਨੇ ਗੁਰੂਧਾਮਾਂ ਨੂੰ ਸੰਭਾਲਿਆ ਤੇ ਲੋਕਾਂ ਦੇ ਮਨਾਂ ਵਿੱਚ ਨਾਮ ਬਾਣੀ ਤੇ ਸਤਿਗੁਰੂ ਦੇ ਪ੍ਰੇਮ ਦੀ ਜੋਤ ਜਗਾਈ ਰੱਖੀ । ਗੁਰਮੁਖੀ ਤੇ ਬ੍ਰਹਮ ਵਿੱਦਿਆ ਦਾ ਪ੍ਰਚਾਰ ਕੀਤਾ ।

ਮਹਾਰਾਜਾ ਰਣਜੀਤ ਸਿੰਘ ਉਦਾਸੀ ਸਾਧੂਆਂ ਦਾ ਬੜਾ ਕਦਰਦਾਨ ਤੇ ਸ਼ਰਧਾਲੂ ਸੀ , ਜਿਸ ਨੇ ਗੁਰਦੁਆਰਿਆਂ ਦੇ ਨਾਂ ਭਾਰੀ ਜਗੀਰਾਂ ਤੇ ਜ਼ਮੀਨਾਂ , ਜਾਇਦਾਦਾਂ ਲਗਵਾ ਦਿੱਤੀਆਂ । ਇਸੇ ਤਰ੍ਹਾਂ ਹੋਰ ਸਿੱਖ ਸਰਦਾਰਾਂ ਨੇ ਵੀ ਇਹਨਾਂ ਦੇ ਡੇਰਿਆਂ ਨੂੰ ਬੜਾ ਧਨ ਮਾਲ ਤੇ ਸੰਪਤੀ ਦਾਨ ਕੀਤੀ । ਇਹ ਸਾਧੂ ਇਹਨਾਂ ਧਰਮ-ਅਸਥਾਨਾਂ ਦੇ ਮਾਲਕ ਸਨ । ਮੰਦੇ ਭਾਗਾਂ ਨੂੰ ਕੁਝ ਸਾਧੂਆਂ ਨੇ ਇਹਨਾਂ ਗੁਰਧਾਮਾਂ ਨੂੰ ਨਿੱਜੀ ਮਲਕੀਅਤ ਸਮਝਦੇ ਆਪਹੁਦਰੀਆ ਕਰਨੀਆਂ ਸ਼ੁਰੂ ਕਰ ਦਿੱਤੀਆਂ , ਜਿਨ੍ਹਾਂ ਨੂੰ ਰੋਕਣ ਲਈ ਸਿੱਖਾਂ ਨੇ ਯਤਨ ਕੀਤੇ ਤਾਂ ਇਸ ਦਾ ਸਿੱਟਾ ਨਨਕਾਣਾ ਸਾਹਿਬ ਦਾ ਸਾਕਾ ਨਿਕਲਿਆ । ਪੰਥ ਵਿੱਚ ਰੋਹ ਦੀ ਲਹਿਰ ਦੌੜ ਗਈ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਤੇ ਗੁਰਦੁਆਰਿਆਂ ਦੇ ਨਾਂ ਲੱਗੀਆਂ ਜਾਇਦਾਦਾਂ ਬਚਾਉਣ ਲਈ ਇਹਨਾਂ ਇਹ ਐਲਾਨ ਕਰ ਦਿੱਤਾ ਕਿ ਉਹ ਸਿੱਖ ਨਹੀਂ ਹਨ । ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਸੰਤੋਖ ਕੇ ਰੱਖ ਦਿੱਤੀਆਂ । ਮੂਰਤੀਆਂ ਸਥਾਪਿਤ ਕਰ ਲਈਆਂ । ਅਦਾਲਤ ਵਿੱਚੋਂ ਇਹਨਾਂ ਨੇ ਆਪਣੇ ਹੱਕ ਵਿੱਚ ਫ਼ੈਸਲਾ ਕਰਵਾ ਲਿਆ ਜਿਸ ਕਾਰਨ ਇਹ ਸਿੱਖੀ ਨਾਲੋਂ ਟੁੱਟ ਗਏ ।


ਲੇਖਕ : ਗੁਰਮੁਖ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 598, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-02-22-10-17-39, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅPlease Login First