ਕਵੀਸ਼ਰੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕਵੀਸ਼ਰੀ : ਕਵੀਸ਼ਰੀ ਕਵੀ+ਈਸ਼ਵਰ ਸ਼ਬਦ ਦਾ ਸੁਮੇਲ ਮੰਨਿਆ ਜਾਂਦਾ ਹੈ। ਕਵੀ ਦੀ ਈਸ਼ਵਰੀ ਕਿਰਤ (ਭਾਵ ਸਹਿਜ ਭਾਅ ਨਾਲ ਕੀਤੀ ਰਚਨਾ) ਨੂੰ ਕਵੀਸ਼ਰੀ ਕਿਹਾ ਜਾਂਦਾ ਹੈ ਪਰ ਕਵੀਸ਼ਰੀ ਪਦ ਹਰੇਕ ਕਵੀ ਦੁਆਰਾ ਰਚੀ ਕਵਿਤਾ ਲਈ ਨਹੀਂ ਸਗੋਂ ਇੱਕ ਖ਼ਾਸ ਕਿਸਮ ਦੀ ਕਵਿਤਾ ਲਈ ਵਰਤਿਆ ਜਾਂਦਾ ਹੈ ਜੋ ਕਵਿਤਾ ਲੋਕ- ਸੱਭਿਆਚਾਰਿਕ ਦੇ ਪੱਖਾਂ `ਤੇ ਕੇਂਦਰਿਤ ਹੋਵੇ ਅਤੇ ਬੋਲੀ ਦੇ ਲੋਕ-ਮੁਹਾਵਰੇ ਵਿੱਚ ਸਰਲ ਢੰਗ ਨਾਲ ਲਿਖੀ ਗਈ ਹੋਵੇ। ਕਵੀਸ਼ਰੀ ਦਾ ਇੱਕ ਗੁਣ ਇਹ ਵੀ ਹੈ ਕਿ ਇਹ ਸ੍ਰੋਤੇ ਨੂੰ ਮੁੱਖ ਰੱਖ ਕੇ ਲਿਖੀ ਜਾਂਦੀ ਹੈ।

     ਕਵੀਸ਼ਰੀ ਦਾ ਸਥਾਨ ਲੋਕ-ਕਾਵਿ ਅਤੇ ਸਾਹਿਤਿਕ ਕਾਵਿ ਦੇ ਵਿੱਚ ਵਿਚਾਲੇ ਨਿਸ਼ਚਿਤ ਕੀਤਾ ਜਾ ਸਕਦਾ ਹੈ। ਇਸ ਲਈ ਕਵੀਸ਼ਰੀ ਨੂੰ ਸਾਹਿਤਿਕ ਕਾਵਿ ਅਤੇ ਲੋਕ-ਕਾਵਿ ਨਾਲੋਂ ਨਿਖੇੜ ਕੇ ਹੀ ਪਛਾਣਿਆ ਜਾ ਸਕਦਾ ਹੈ। ਕਵੀਸ਼ਰੀ ਦੀ ਮੁਢਲੀ ਪਛਾਣ ਲੋਕ-ਮਨ ਦੀ ਪੇਸ਼ਕਾਰੀ ਹੈ। ਕਵੀਸ਼ਰ ਆਪਣੇ ਨਿਜੀ ਅਨੁਭਵ ਨੂੰ ਬਿਆਨ ਕਰਨ ਦੀ ਥਾਂ ਸਮੂਹਿਕ ਅਨੁਭਵ ਨੂੰ ਬਿਆਨ ਕਰਦਾ ਹੈ। ਦੂਜਾ, ਕਵੀਸ਼ਰ ਲੋਕਾਂ ਵਿੱਚ ਪ੍ਰਚਲਿਤ ਕਿਸੇ ਘਟਨਾ, ਪਾਤਰ ਜਾਂ ਵਿਅਕਤੀ ਵਿਸ਼ੇਸ਼ ਬਾਰੇ ਓਵੇਂ ਦੇ ਵੇਰਵੇ ਅਤੇ ਤੱਥ ਪੇਸ਼ ਨਹੀਂ ਕਰਦਾ ਜਿਵੇਂ ਉਹਨਾਂ ਬਾਰੇ ਉਹ ਖ਼ੁਦ ਸੋਚਦਾ ਹੈ, ਸਗੋਂ ਅਜਿਹੇ ਵੇਰਵੇ ਅਤੇ ਤੱਥ ਪੇਸ਼ ਕਰਦਾ ਹੈ ਜਿਵੇਂ ਲੋਕ ਉਸ ਘਟਨਾ ਪਾਤਰ ਜਾਂ ਵਿਅਕਤੀ ਵਿਸ਼ੇਸ਼ ਬਾਰੇ ਸੋਚਦੇ ਹਨ। ਕਵੀਸ਼ਰੀ ਮਾਲਵੇ ਦੀ ਵਿਲੱਖਣ ਅਤੇ ਗੌਰਵਮਈ ਪਰੰਪਰਾ ਹੈ ਜਿਸ ਦਾ ਜਨਮ 19ਵੀਂ ਸਦੀ ਵਿੱਚ ਹੋਇਆ ਮੰਨਿਆ ਜਾਂਦਾ ਹੈ। ਕਵੀਸ਼ਰੀ ਵਿੱਚ ਮਾਲਵਾ ਖੇਤਰ ਦੇ ਮਨੋਰੰਜਨ, ਰਹਿਣ- ਸਹਿਣ, ਵਹਿਮ-ਭਰਮ, ਰੀਤੀ-ਰਿਵਾਜ, ਮੇਲੇ ਤਿਉਹਾਰ, ਆਚਾਰ-ਵਿਵਹਾਰ ਆਦਿ ਦਾ ਬੜਾ ਭਰਪੂਰ ਵਰਣਨ ਹੋਇਆ ਮਿਲਦਾ ਹੈ। ਕਵੀਸ਼ਰਾਂ ਦੀ ਬਹੁ-ਗਿਣਤੀ ਭਾਵੇਂ ਜ਼ਿਆਦਾ ਪੜ੍ਹੀ ਲਿਖੀ ਨਹੀਂ ਹੈ ਪਰ ਛੰਦ ਰਚਨਾ ਕਰਨ ਵਿੱਚ ਉਹਨਾਂ ਨੂੰ ਪੂਰਨ ਅਬੂਰ ਹਾਸਲ ਹੁੰਦਾ ਹੈ। ਇੱਕ ਧਾਰਨਾ ਅਨੁਸਾਰ, ਕਵੀਸ਼ਰੀ ਪਰੰਪਰਾ ਬਹੁਤ ਪ੍ਰਾਚੀਨ ਹੈ ਅਤੇ ਇਹਦਾ ਪਿਛੋਕੜ ਭੱਟ-ਕਵੀਆਂ ਨਾਲ ਜਾ ਰਲਦਾ ਹੈ ਕਿਉਂਕਿ ਹਰੇਕ ਕਬੀਲੇ ਦੇ ਭੱਟ ਉਸ ਕਬੀਲੇ ਦੇ ਵਿਸ਼ੇਸ਼ ਵਿਅਕਤੀਆਂ, ਸੂਰਮਿਆਂ ਅਤੇ ਕਰਮ ਯੋਗੀਆਂ ਦੀ ਮਹਿਮਾ ਗਾਉਂਦੇ ਅਤੇ ਉਜਾਗਰ ਕਰਦੇ ਰਹੇ ਹਨ। ਸਮੇਂ ਦੇ ਬੀਤਣ ਨਾਲ ਭੱਟਾਂ ਨੇ ਆਪਣੀ ਸੁਤੰਤਰ ਹੋਂਦ ਕਾਇਮ ਕਰ ਲਈ ਅਤੇ ਉਹ ਇੱਕ ਪਿੰਡ ਤੋਂ ਦੂਜੇ ਪਿੰਡ ਦੀਆਂ ਸੱਥਾਂ ਅਤੇ ਇਕੱਠਾਂ ਵਿੱਚ ਵਿਚਰਨ ਲੱਗੇ। ਉਹਨਾਂ ਕਿਸੇ ਇੱਕ ਕਬੀਲੇ ਨੂੰ ਕਾਵਿ-ਅਨੰਦ ਦੇਣ ਦੀ ਥਾਂ ਲੋਕ- ਸਮੂਹ ਨੂੰ ਆਪਣਾ ਸ੍ਰੋਤਾ ਬਣਾਇਆ। ਇਸ ਦੇ ਨਾਲ- ਨਾਲ ਉਹਨਾਂ ਨੇ ਲੋਕ-ਧਾਰਾ ਦੀ ਸਮਗਰੀ ਨੂੰ ਆਪਣੀ ਕਾਵਿ ਦੀ ਵਸਤੂ ਬਣਾ ਕੇ ਲੋਕਾਂ ਨੂੰ ਸੁਹਜ-ਰਸ ਦੇਣ ਦੀ ਪਿਰਤ ਪਾਈ। ਭੱਟਾਂ ਦੀ ਇਹੋ ਪਰੰਪਰਾ ਸਮਾਂ ਪਾ ਕੇ ਕਵੀਸ਼ਰੀ ਦੇ ਰੂਪ ਵਿੱਚ ਪਰਿਵਰਤਿਤ ਹੋਈ।

     ਕਵੀਸ਼ਰੀ ਭਾਵੇਂ ਕਈ ਪੱਖਾਂ ਤੋਂ ਭੱਟਾਂ ਨਾਲ ਰਲਦੀ- ਮਿਲਦੀ ਦਿਸਦੀ ਹੈ, ਪਰ ਕਈ ਗੱਲਾਂ ਦੀ ਸਾਂਝ ਦੇ ਬਾਵਜੂਦ ਭੱਟ ਅਤੇ ਕਵੀਸ਼ਰ ਇੱਕ ਦੂਜੇ ਤੋਂ ਵੱਖਰੇ ਹਨ। ਭੱਟਾਂ ਦਾ ਪੇਸ਼ਾ ਜੱਦੀ ਰਿਹਾ ਹੈ ਜਿਸ ਵਿੱਚ ਆਪਣੇ ਜਜਮਾਨ ਦੀ ਸਿਫ਼ਤ ਕਰਨਾ ਉਹਨਾਂ ਦਾ ਧੰਦਾ ਸੀ। ਭੱਟ ਲਈ ਸਿਫ਼ਤ ਸਲਾਹ ਲਿਖਣਾ ਉਸ ਦੀ ਮਜਬੂਰੀ ਸੀ। ਭੱਟ ਕੇਵਲ ਖ਼ੁਦ ਗਾਉਣ ਲਈ ਹੀ ਰਚਨਾ ਕਰਦੇ ਸਨ ਅਤੇ ਆਪਣੇ ਪੁਰਖਿਆਂ ਤੋਂ ਪ੍ਰਾਪਤ ਰਚਨਾਵਾਂ ਨੂੰ ਆਪਣੀ ਸਿਮਰਤੀ ਵਿੱਚ ਸਾਂਭ ਕੇ ਰੱਖਦੇ ਸਨ। ਪਰ ਇਸ ਦੇ ਉਲਟ ਕਵੀਸ਼ਰ ਦਾ ਧੰਦਾ ਜੱਦੀ ਨਹੀਂ ਹੈ। ਜਦ ਤੱਕ ਕੋਈ ਕਵੀਸ਼ਰ ਖ਼ੁਦ ਰਚਨਾ ਨਹੀਂ ਕਰਦਾ ਤਦ ਤੱਕ ਕੋਈ ਵਿਅਕਤੀ ਕਵੀਸ਼ਰ ਨਹੀਂ ਅਖਵਾ ਸਕਦਾ। ਪੰਜਾਬ ਦੇ ਬਹੁਤੇ ਕਵੀਸ਼ਰਾਂ ਦਾ ਰੋਜ਼ੀ ਰੋਟੀ ਲਈ ਧੰਦਾ ਕੋਈ ਹੋਰ ਰਿਹਾ ਹੈ। ਕਵੀਸ਼ਰ ਜਜਮਾਨਾਂ ਨਾਲ ਵੀ ਨਹੀਂ ਜੁੜਿਆ ਹੁੰਦਾ। ਉਹ ਸਗੋਂ ਕਿਸੇ ਇਕੱਲੇ ਟੱਬਰ ਦੀ ਸਿਫ਼ਤ ਸਲਾਹ ਕਰਨ ਦੀ ਥਾਂ ਸਾਰੇ ਪਿੰਡ ਦੇ ਲੋਕਾਂ ਦੀ ਸੁਹਜ-ਤ੍ਰਿਪਤੀ ਕਰਦਾ ਹੈ। ਕਈ ਹਾਲਤਾਂ ਵਿੱਚ ਕਵੀਸ਼ਰ ਕੇਵਲ ਆਪਣੇ ਗਾਉਣ ਲਈ ਹੀ ਰਚਨਾ ਨਹੀਂ ਕਰਦੇ ਸਗੋਂ ਕਵੀਸ਼ਰਾਂ ਨੇ ਰਾਸਧਾਰੀਆਂ ਲਈ ਸਵਾਂਗ, ਢਾਡੀਆਂ ਲਈ ਵਾਰਾਂ ਅਤੇ ਆਮ ਲੋਕਾਂ ਦੇ ਪੜ੍ਹਨ ਗਾਉਣ ਲਈ ਕਿੱਸੇ ਵੀ ਲਿਖੇ ਹਨ।

     ਕਵੀਸ਼ਰ ਕਿਉਂਕਿ ਆਮ ਲੋਕਾਂ ਦੇ ਮਨੋਰੰਜਨ ਲਈ ਕਵਿਤਾ ਲਿਖਦੇ ਹਨ, ਇਸ ਲਈ ਉਹ ਅਜਿਹੀਆਂ ਘਟਨਾਵਾਂ, ਕਥਾਵਾਂ ਜਾਂ ਵਿਸ਼ਿਆਂ ਨੂੰ ਚੁਣਦੇ ਹਨ ਜਿਨ੍ਹਾਂ ਵਿੱਚ ਆਮ ਲੋਕਾਂ ਦੀ ਦਿਲਚਸਪੀ ਹੋਵੇ। ਕਵੀਸ਼ਰ ਆਪਣੀ ਕਵਿਤਾ ਲਈ ਵਿਸ਼ੇ ਜਾਂ ਤਾਂ ਲੋਕ-ਸੰਸਕ੍ਰਿਤੀ ਦੇ ਵੱਡੇ ਪਸਾਰੇ ਵਿੱਚੋਂ ਚੁਣਦੇ ਹਨ ਜਾਂ ਪੁਰਾਣੇ ਅਤੇ ਨਵੇਂ ਦੇ ਵਿਰੋਧ ਵਿੱਚੋਂ ਉਪਜੇ ਤਣਾਉ ਨੂੰ ਆਪਣੀ ਕਵੀਸ਼ਰੀ ਦਾ ਆਧਾਰ ਬਣਾਉਂਦੇ ਹਨ ਜਾਂ ਪੀੜ੍ਹੀਆਂ ਦੀ ਖਿੱਚੋਤਾਣ ਅਤੇ ਰਿਸ਼ਤਿਆਂ ਦੇ ਆਪਸੀ ਟਕਰਾਉ ਵਿੱਚੋਂ ਉਪਜੀਆਂ ਸਥਿਤੀਆਂ ਨੂੰ ਆਪਣੀ ਰਚਨਾ ਦਾ ਆਧਾਰ ਬਣਾਉਂਦੇ ਹਨ। ਇਸ ਤਰ੍ਹਾਂ ਕਵੀਸ਼ਰੀ ਦਾ ਪਿੜ ਬਹੁਤ ਮੋਕਲਾ ਹੋ ਜਾਂਦਾ ਹੈ।

     ਕਵੀਸ਼ਰਾਂ ਨੇ ਪੌਰਾਣਿਕ ਪ੍ਰਸੰਗਾਂ ਨੂੰ ਵੀ ਆਪਣੀ ਕਵੀਸ਼ਰੀ ਦਾ ਆਧਾਰ ਬਣਾਇਆ ਹੈ ਕਿਉਂਕਿ ਆਮ ਆਦਮੀ ਪੌਰਾਣਿਕ ਕਥਾਵਾਂ ਨੂੰ ਸੁਣਨ ਵਿੱਚ ਧਾਰਮਿਕ ਆਸਥਾ ਸਮਝਦਾ ਹੈ। ਅਜਿਹੇ ਪੌਰਾਣਿਕ ਪ੍ਰਸੰਗਾਂ ਵਿੱਚ ਮੇਘਦੂਤ ਦੀ ਪਤਨੀ ਸਲੋਚਨਾ, ਧਰੂ ਭਗਤ, ਦਰੋਪਤੀ, ਸੀਤਾ ਹਰਨ, ਹਰੀਸ਼ ਚੰਦਰ, ਸਤੀ ਸਵਿਤਰੀ, ਨਲ ਦਮਯੰਤੀ, ਸੁਕੰਨਿਆ ਆਦਿ ਦੇ ਪ੍ਰਸੰਗ ਵਧੇਰੇ ਲਿਖੇ ਗਏ ਹਨ।

     ਦੰਤ-ਕਥਾਵਾਂ ਅਤੇ ਸਾਖੀਆਂ ਵੀ ਆਮ ਆਦਮੀਆਂ ਦੀ ਦਿਲਚਸਪੀ ਦਾ ਕਾਰਨ ਬਣਦੀਆਂ ਰਹੀਆਂ ਹਨ ਕਿਉਂਕਿ ਆਮ ਲੋਕ ਦੈਵੀ ਸ਼ਕਤੀਆਂ ਵਿੱਚ ਆਸਥਾ (ਸ਼ਰਧਾ) ਰੱਖਦੇ ਹਨ। ਜਦੋਂ ਦੈਵੀ ਸ਼ਕਤੀਆਂ ਕਿਸੇ ਮਾਨਵ ਨਾਲ ਜੁੜ ਕੇ ਪ੍ਰਗਟ ਹੋਣ ਤਾਂ ਅਜਿਹੇ ਮਾਨਵ, ਸੁਭਾਵਿਕ ਹੀ ਲੋਕਾਂ ਲਈ ਮਾਨ-ਸਨਮਾਨ ਦੇ ਅਧਿਕਾਰੀ ਹੋ ਜਾਂਦੇ ਹਨ। ਅਜਿਹੇ ਕਈ ਕਿੱਸੇ ਕਵੀਸ਼ਰਾਂ ਨੇ ਲਿਖੇ ਹਨ, ਜਿਵੇਂ ਪੂਰਨ-ਭਗਤ, ਪਰਤਾਪੀ, ਬੀਬੀ ਭਾਨੀ, ਬਾਬਾ ਦੀਪ ਸਿੰਘ, ਨਾਨਕੀ ਦਾ ਵੀਰ, ਮੋਰਚਾ ਗੁਰੂ ਕਾ ਬਾਗ਼ ਆਦਿ।

     ਕਵੀਸ਼ਰਾਂ ਨੇ ਬਹੁਤੀ ਰਚਨਾ ਅਜਿਹੇ ਕਿੱਸਿਆਂ ਦੇ ਰੂਪ ਵਿੱਚ ਵੀ ਕੀਤੀ ਹੈ ਜਿਹੜੇ ਕਿੱਸੇ ਵੱਡੇ ਕਿੱਸਾਕਾਰਾਂ ਵੱਲੋਂ ਲਿਖਣ ਤੋਂ ਵਾਂਝੇ ਰਹਿ ਗਏ, ਜਿਵੇਂ-ਰੋਡਾ ਜਲਾਲੀ, ਬੇਗੋ ਨਾਰ, ਕਾਕਾ ਪ੍ਰਤਾਪੀ, ਕਰਤਾਰੀ ਜਮੀਤ, ਰਤਨੀ ਸੁਨਿਆਰੀ, ਸੋਰਠ ਬੀਜਾ ਆਦਿ।

     ਕਵੀਸ਼ਰਾਂ ਨੇ ਜਿੱਥੇ ਸੋਹਣੀ ਮਹੀਂਵਾਲ, ਹੀਰ ਰਾਂਝਾ, ਮਿਰਜ਼ਾ ਸਾਹਿਬਾਂ ਜਾਂ ਸ਼ੀਰੀ ਫ਼ਰਹਾਦ ਵਰਗੇ ਕਿੱਸੇ ਲਿਖੇ, ਉੱਥੇ ਉਹਨਾਂ ਨੇ ਆਮ ਲੋਕਾਂ ਵਿੱਚ ਪ੍ਰਚਲਿਤ ਸੂਰਬੀਰ ਯੋਧਿਆਂ, ਵੈਲੀਆਂ, ਡਾਕੂਆਂ ਦੀਆਂ ਕਥਾਵਾਂ ਦੇ ਪ੍ਰਸੰਗ ਵੀ ਲਿਖੇ ਹਨ। ਜਿਨ੍ਹਾਂ ਵਿੱਚ ਦੁੱਲਾ ਭੱਟੀ, ਜੈਮਲ ਫੱਤਾ, ਸੁੱਚਾ ਸਿੰਘ ਸੂਰਮਾ, ਜਿਉਣਾ ਮੌੜ ਅਤੇ ਜਾਨੀ ਚੋਰ ਜਿਹੇ ਕਿੱਸੇ ਵੀ ਹਨ।

     ਕਵੀਸ਼ਰੀ ਵਿੱਚ ਇੱਕ ਵੱਖਰੀ ਕਿਸਮ ਦੇ ਵਿਸ਼ੇ ਬਾਰੇ ਵੀ ਬਹੁਤ ਸਾਰੀ ਕਾਵਿ-ਰਚਨਾ ਲਿਖੀ ਗਈ ਹੈ। ਜਿਸ ਦੀ ਵੰਨਗੀ ਕੇਵਲ ਕਵੀਸ਼ਰੀ ਵਿੱਚ ਹੀ ਮਿਲਦੀ ਹੈ। ਇਸ ਵੰਨਗੀ ਦਾ ਨਾਂ ਜੰਞਾਂ ਅਤੇ ਝਗੜੇ ਹੈ।

     ਝਗੜਾ ਕਾਵਿ-ਰਚਨਾ ਵਿੱਚ ਕਵੀਸ਼ਰ ਦੋ ਧਿਰਾਂ ਵਿੱਚ ਵਾਦ-ਵਿਵਾਦ ਸਿਰਜ ਕੇ ਕਵਿਤਾ ਲਿਖਦਾ ਹੈ। ਦੋਵੇਂ ਧਿਰਾਂ ਆਪਣੇ-ਆਪ ਨੂੰ ਠੀਕ ਸਿੱਧ ਕਰਦੀਆਂ ਹੋਈਆਂ ਇੱਕ ਦੂਜੀ ਧਿਰ ਨੂੰ ਨਿੰਦਦੀਆਂ ਹਨ। ਝਗੜੇ ਵਿੱਚ ਕਵੀਸ਼ਰ ਆਪਣੇ ਵੱਲੋਂ ਕੁਝ ਨਹੀਂ ਕਹਿੰਦਾ, ਦੋਹਾਂ ਪਾਸਿਆਂ ਦੇ ਸੰਵਾਦ ਹੀ ਕਥਾ ਬਿਰਤਾਂਤ ਨੂੰ ਸਿਰਜਦੇ ਹਨ ਅਤੇ ਕਹਾਣੀ ਨੂੰ ਅੱਗੇ ਤੋਰਦੇ ਹਨ। ਆਪਸੀ ਗੱਲ- ਬਾਤ ਵਿਅੰਗ ਅਤੇ ਕਟਾਖਸ਼ ਦੇ ਰੂਪ ਵਿੱਚ ਹੁੰਦੀ ਹੈ ਜਿਸ ਨੂੰ ਕਵੀਸ਼ਰ ਰੋਚਕ ਬਣਾ ਕੇ ਪੇਸ਼ ਕਰਦਾ ਹੈ। ਅਜਿਹੇ ਝਗੜਿਆਂ ਵਿੱਚ ਚਾਹ ਤੇ ਲੱਸੀ ਦਾ ਝਗੜਾ, ਨਰਮੇ ਤੇ ਕਪਾਹ ਦਾ ਝਗੜਾ, ਜੀਜੇ ਤੇ ਸਾਲੀ ਦਾ ਝਗੜਾ, ਦਿਓਰ ਤੇ ਭਾਬੀ ਦਾ ਝਗੜਾ, ਨੂੰਹ ਤੇ ਸੱਸ ਦਾ ਝਗੜਾ, ਛੜੇ ਤੇ ਕਬੀਲਦਾਰ ਦਾ ਝਗੜਾ, ਦਾੜ੍ਹੀ ਤੇ ਗੁੱਤ ਦਾ ਝਗੜਾ, ਰੂਹ ਤੇ ਬੁੱਤ ਦਾ ਝਗੜਾ, ਚੋਰ ਤੇ ਸਾਧ ਦਾ ਝਗੜਾ, ਲੰਡੇ ਤੇ ਮੀਣੇ ਦਾ ਝਗੜਾ ਆਦਿ ਮਸ਼ਹੂਰ ਰਹੇ ਹਨ।

     ਕਵੀਸ਼ਰੀ ਵਿੱਚ ਇੱਕ ਹੋਰ ਤਰ੍ਹਾਂ ਦੀ ਵੀ ਕਾਵਿ- ਰਚਨਾ ਮਿਲਦੀ ਹੈ ਜਿਸ ਨੂੰ ਜੰਞਾਂ ਜਾਂ ਪੱਤਲ-ਕਾਵਿ ਕਿਹਾ ਜਾਂਦਾ ਹੈ।

     ਪੱਤਲ ਦਰਖ਼ਤਾਂ ਦੇ ਪੱਤਰਾਂ ਦੀ ਬਣਾਈ ਥਾਲੀ ਨੂੰ ਕਿਹਾ ਜਾਂਦਾ ਹੈ। ਪਹਿਲੇ ਸਮਿਆਂ ਵਿੱਚ ਬਰਾਤ (ਜੰਞ) ਪੱਤਲਾਂ ਵਿੱਚ ਰੋਟੀ ਖਾਂਦੀ ਸੀ। ਕਵੀਸ਼ਰੀ ਵਿੱਚ ਇਹ ਕਾਵਿ-ਰੂਪ ਪੱਤਲ ਵਿੱਚ ਪਈ ਰੋਟੀ ਕਾਰਨ ਪ੍ਰਚਲਿਤ ਹੋ ਗਿਆ।

     ਮਾਲਵੇ ਵਿੱਚ ਜਦੋਂ ਜੰਞ ਰੋਟੀ ਖਾਣ ਬੈਠਦੀ ਹੈ ਤਾਂ ਦੁਲਹਨ ਦੀਆਂ ਸਹੇਲੀਆਂ ਜਾਂ ਕੋਈ ਉਚੇਚਾ ਸੱਦ ਕੇ ਲਿਆਂਦਾ ਕਵੀਸ਼ਰ, ਇੱਕ ਵਿਸ਼ੇਸ਼ ਪ੍ਰਕਾਰ ਦੀ ਕਵਿਤਾ ਪੜ੍ਹਦਿਆਂ ਹੋਇਆਂ ਰੋਟੀ ਅਤੇ ਹੋਰ ਪਦਾਰਥ ਖਾਣ ਤੋਂ ਵਰਜਦਾ ਹੈ। ਇਸ ਕਿਰਿਆ ਨੂੰ ਜੰਞ ਬੰਨ੍ਹਣਾ ਕਹਿੰਦੇ ਹਨ। ਫਿਰ ਬਰਾਤੀਆਂ ਵਿੱਚੋਂ ਕੋਈ ਸੱਜਣ ਜਵਾਬੀ ਗੀਤ ਉਚਾਰ ਕੇ, ਰੋਟੀ ਅਤੇ ਹੋਰ ਪਦਾਰਥਾਂ ਨੂੰ (ਖਾਣ ਤੋਂ ਵਰਜਿਤ ਹੋਇਆ ਨੂੰ) ਬੰਧਨ ਤੋਂ ਮੁਕਤ ਕਰ ਦਿੰਦਾ ਹੈ। ਇਹ ਇੱਕ ਤਰ੍ਹਾਂ ਜੰਞ ਬੰਨ੍ਹਣ ਵਾਲੇ ਪੱਤਲ-ਕਾਵਿ ਨੂੰ ਖੰਡਨ ਕਰਨ ਵਾਲੀ ਕਾਵਿ ਜੁਗਤ ਹੈ ਜਿਸ ਨੂੰ ਪੱਤਲ, ਭਾਵ ਜੰਞ ਛੁਡਾਉਣੀ ਕਹਿੰਦੇ ਹਨ।

     ਕਿਹਾ ਜਾਂਦਾ ਹੈ ਕਿ ਪ੍ਰਾਚੀਨ ਸਮਿਆਂ ਵਿੱਚ ਜਦੋਂ ਕਬੀਲਿਆਂ ਦਾ ਵੈਰ-ਵਿਰੋਧ ਚੱਲਦਾ ਸੀ ਅਤੇ ਲੋਕ ਧੱਕੇ ਨਾਲ ਲਾੜੀ ਵਿਆਹ ਕੇ ਲੈ ਜਾਂਦੇ ਸਨ, ਤਾਂ ਧੀ ਵਾਲੀ ਧਿਰ ਜਾਦੂ-ਟੂਣੇ ਅਤੇ ਤੰਤਰ-ਮੰਤਰ ਨਾਲ ਰੋਟੀ ਬੰਨ੍ਹ ਦਿੰਦੀ ਸੀ। ਲੋਕ ਵਿਸ਼ਵਾਸ ਸੀ ਕਿ ਮੰਤਰ ਨਾਲ ਬੰਨ੍ਹਿਆ ਭੋਜਨ ਪਚਦਾ ਨਹੀਂ ਅਤੇ ਰੋਗ ਪੈਦਾ ਕਰਦਾ ਹੈ। ਇਸ ਲਈ ਬਰਾਤੀ ਆਪਣੇ ਮਾਂਦਰੀ ਨੂੰ ਨਾਲ ਲੈ ਜਾਂਦੇ ਸਨ। ਜੋ ਮੰਤਰ ਦੁਆਰਾ ਭੋਜਨ ਦੇ ਦੁਸ਼ਟ ਪ੍ਰਭਾਵ ਨੂੰ ਖ਼ਤਮ ਕਰ ਦਿੰਦਾ ਸੀ। ਕਿਹਾ ਜਾਂਦਾ ਹੈ ਕਿ ਉਹ ਪ੍ਰਾਚੀਨ ਰੀਤ ਹੀ ਸਮਾਂ ਪਾ ਕੇ ਮਨੋਰੰਜਨ ਦਾ ਸਾਧਨ ਬਣ ਗਈ, ਜਿਸ ਨੂੰ ਕਵੀਸ਼ਰਾਂ ਨੇ ਨਵੇਂ ਰੰਗ ਭਰ ਕੇ ਪੇਸ਼ ਕੀਤਾ।

     ਮਾਲਵੇ ਵਿੱਚ ਕਵੀਸ਼ਰਾਂ ਦੀ ਲੰਮੀ ਪਰੰਪਰਾ ਮਿਲਦੀ ਹੈ, ਜਿਸ ਵਿੱਚ ਭਗਵਾਨ ਸਿੰਘ, ਹਜੂਰਾ ਸਿੰਘ, ਸਾਧੂ ਸਦਾਰਾਮ, ਪੰਡਤ ਗੋਕਲ ਚੰਦ, ਦੌਲਤ ਰਾਮ, ਰੌਣਕੀ ਰਾਮ, ਰਣ ਸਿੰਘ, ਗੰਗਾ ਸਿੰਘ, ਪੰਡਤ ਕਿਸ਼ੋਰ ਚੰਦ, ਮਾਘੀ ਸਿੰਘ, ਮੱਘਰ ਸਿੰਘ ਆਰਿਫ਼, ਪੰਡਤ ਪੂਰਨ ਚੰਦ, ਸ਼ੇਰ ਸਿੰਘ ਸੰਦਲ, ਬਾਬੂ ਰਜਬ ਅਲੀ, ਸਾਧੂ ਦਯਾ ਸਿੰਘ ਆਰਿਫ਼, ਚੰਦ ਸਿੰਘ ਮਰ੍ਹਾਝ, ਮੋਹਨ ਸਿੰਘ ਰੋਡੇ, ਛਜੂ ਸਿੰਘ, ਸੁਰੈਣ ਸਿੰਘ ਆਰਿਫ਼, ਇੰਦਰ ਸਿੰਘ ਵੈਦ, ਧੰਨਾ ਸਿੰਘ ਗੁਲਸ਼ਨ ਅਤੇ ਰਾਮੂਵਾਲੀਆ ਦੇ ਨਾਂ ਵਰਣਨਯੋਗ ਹਨ।

     ਕਵੀਸ਼ਰਾਂ ਨੇ ਕਈ ਕਿਸਮ ਦੇ ਛੰਦਾਂ ਵਿੱਚ ਕਵੀਸ਼ਰੀ ਦੀ ਰਚਨਾ ਕੀਤੀ ਹੈ। ਜਿਵੇਂ-ਦੋਹਰੇ, ਕਲੀਆਂ, ਬੋਲੀਆਂ, ਕਬਿੱਤ, ਕੋਰੜਾ ਛੰਦ, ਸੌਦਾ ਛੰਦ, ਸਵੈਯਾ, ਕੁੰਡਲੀਆ, ਡਿਉਢਾ ਛੰਦ, ਦਵੈਯਾ, ਕਮਾਦੀ ਛੰਦ, ਬਹੱਤਰ ਕਲਾ ਛੰਦ, ਸੁਭਾਗ ਛੰਦ, ਚੁਹੱਤਰ ਕਲਾ ਛੰਦ ਆਦਿ।

     ਕਵੀਸ਼ਰੀ ਦੀ ਸਭ ਤੋਂ ਵੱਡੀ ਪਛਾਣ ਇਹ ਹੈ ਕਿ ਇਹ ਬਿਲਕੁਲ ਸਾਦੀ ਬੋਲੀ ਅਤੇ ਆਮ ਆਦਮੀ ਦੇ ਸਮਝ ਆਉਣ ਵਾਲੀ ਕਾਵਿ ਛੰਦ ਰਚਨਾ ਹੁੰਦੀ ਹੈ, ਜਿਸ ਨੂੰ ਦੋ, ਤਿੰਨ ਜਾਂ ਚਾਰ ਵਿਅਕਤੀ ਢੱਡ ਸਾਰੰਗੀ ਨਾਲ ਜਾਂ ਬਿਨਾਂ ਸਾਜਾਂ ਤੋਂ ਗਾਉਂਦੇ ਹਨ। ਇਹਨਾਂ ਕਵੀਸ਼ਰਾਂ ਵਿੱਚੋਂ ਇੱਕ ਕਵੀਸ਼ਰ ਮੋਹਰੀ ਹੁੰਦਾ ਹੈ ਜੋ ਗਾਏ ਜਾ ਰਹੇ ਪ੍ਰਸੰਗ ਦੀ ਵਿੱਚ-ਵਿੱਚ ਵਿਆਖਿਆ ਕਰ ਕੇ ਪ੍ਰਸੰਗ ਨੂੰ ਅੱਗੇ ਤੋਰਦਾ ਹੋਇਆ ਹੋਰ ਵੀ ਦਿਲਚਸਪ ਬਣਾਉਂਦਾ ਹੈ।


ਲੇਖਕ : ਕਿਰਪਾਲ ਕਜ਼ਾਕ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 8670, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਕਵੀਸ਼ਰੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਵੀਸ਼ਰੀ (ਨਾਂ,ਇ) ਪੰਜਾਬ ਦੇ ਮਾਲਵਾ ਖੇਤਰ ਦੀ ਪ੍ਰਸਿੱਧ ਪੰਜਾਬੀ ਕਾਵਿ-ਪਰੰਪਰਾ; ਕਵੀ ਦਾ ਕਿੱਤਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8669, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਵੀਸ਼ਰੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਵੀਸ਼ਰੀ [ਨਾਂਇ] (ਮਲ) ਕਵੀਸ਼ਰ ਦੀ ਰਚਨਾ , ਕਾਵਿ, ਕਵਿਤਾ; ਬਿਨਾਂ ਸਾਜ਼ਾਂ ਤੋਂ ਗਾਈ ਜਾਣ ਵਾਲ਼ੀ ਖ਼ਾਸ ਲਹਿਜੇ ਦੀ ਕਵਿਤਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8657, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਵੀਸ਼ਰੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਕਵੀਸ਼ਰੀ: ਸਿੱਖ ਧਰਮ ਦੇ ਪ੍ਰਚਾਰ ਅਤੇ ਸਿੱਖ-ਸ਼ਖ਼ਸੀਅਤਾਂ ਪ੍ਰਤਿ ਆਦਰ ਅਤੇ ਆਸਥਾ ਪੈਦਾ ਕਰਨ ਵਿਚ ਮਾਲਵੇ ਦੀ ‘ਕਵੀਸ਼ਰੀ’ ਦਾ ਕਾਫ਼ੀ ਯੋਗਦਾਨ ਰਿਹਾ ਹੈ। ਕਵੀਸ਼ਰੀ ਪੰਜਾਬੀ ਬ੍ਰਿੱਤਾਂਤਿਕ ਕਾਵਿ ਦੀ ਇਕ ਮਹੱਤਵਪੂਰਣ ਧਾਰਾ ਹੈ। ਇਹ ਲੌਕਿਕ ਵੀ ਹੈ ਅਤੇ ਵਿਲੱਖਣ ਵੀ। ਇਸ ਧਾਰਾ ਦਾ ਉਦਭਵ ਪੰਜਾਬ ਦੇ ਮਾਲਵਾ ਖੇਤਰ ਵਿਚ ਉਨ੍ਹੀਵੀਂ ਸਦੀ ਦੇ ਆਰੰਭ ਵਿਚ ਹੋਇਆ ਮੰਨਿਆ ਜਾਂਦਾ ਹੈ। ਉਨ੍ਹੀਵੀਂ ਸਦੀ ਦੇ ਪਿਛਲੇ ਅੱਧ ਅਤੇ ਵੀਹਵੀਂ ਸਦੀ ਦੇ ਪਹਿਲੇ ਅੱਧ ਵਿਚ ਇਹ ਕਾਵਿ- ਧਾਰਾ ਆਪਣੇ ਜੋਬਨ ’ਤੇ ਰਹੀ ਹੈ। ਇਹ ਮਾਲਵਾ ਖੇਤਰ ਦੀ ਸਾਧਾਰਣ ਜਨਤਾ ਦੇ ਸਮਾਜਿਕ , ਧਾਰਮਿਕ, ਆਰਿਥਕ ਅਤੇ ਸਭਿਆਚਾਰਿਕ ਜੀਵਨ ਦੀ ਸਚਿੱਤਰ ਐਲਬਮ ਪੇਸ਼ ਕਰਦੀ ਹੈ। ਜਨ-ਸਾਧਾਰਣ ਵਿਚ ਇਹ ਬਹੁਤ ਲੋਕ-ਪ੍ਰਿਯ ਰਹੀ ਹੈ। ਪੰਜਾਬੀ ਦੇ ਹੋਰ ਕਿਸੇ ਵੀ ਸਾਹਿਤ-ਰੂਪ ਰਾਹੀਂ ਮਾਲਵੇ ਦੇ ਸੰਸਕ੍ਰਿਤਿਕ ਜੀਵਨ ਦਾ ਇਤਨਾ ਭਰਪੂਰ, ਬਹੁਪੱਖੀ ਅਤੇ ਯਥਾਰਥ ਪ੍ਰਗਟਾਵਾ ਨਹੀਂ ਹੋਇਆ, ਜਿਤਨਾ ਕਵੀਸ਼ਰੀ ਰਾਹੀਂ ਹੋਇਆ ਹੈ।

            ਕਵੀਸ਼ਰੀ ਵਿਚ ਅਧਿਕਤਰ ਬ੍ਰਿੱਤਾਂਤਿਕ ਕਾਵਿ ਦੀ ਰਚਨਾ ਹੋਈ ਹੈ। ਇਸ ਨੂੰ ਕਿੱਸਾ-ਕਾਵਿ ਦਾ ਪੂਰਕ ਵੀ ਕਿਹਾ ਜਾ ਸਕਦਾ ਹੈ। ਕਿੱਸਾ-ਕਾਵਿ ਵਰਗੀਆਂ ਰਚਨਾਵਾਂ ਨੂੰ ਕਵੀਸ਼ਰੀ ਵਿਚ ‘ਚਿੱਠਾ’ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਇਨ੍ਹਾਂ ਰਚਨਾਵਾਂ ਦੇ ਨਾਇਕ ਲੋਕ-ਪੱਧਰ ਦੇ ਹੁੰਦੇ ਹਨ ਜੋ ਸਾਧ-ਸੰਤ ਤੋਂ ਲੈ ਕੇ ਵੀਰ ਪਰਾਕ੍ਰਮੀ, ਪ੍ਰੇਮੀ ਜਾਂ ਦਿਆਲੂ ਕੋਈ ਵੀ ਹੋ ਸਕਦੇ ਹਨ।

            ਅਧਿਕਾਂਸ਼ ਕਵੀਸ਼ਰੀ ਕਥਾ-ਕਾਵਿ ਰੂਪ ਵਿਚ ਮਿਲਦੀ ਹੈ। ਇਹ ਰਚਨਾਵਾਂ ਕਿੱਸਿਆਂ ਵਰਗੀਆਂ ਹੁੰਦੀਆਂ ਹਨ ਕਿਉਂਕਿ ਇਹ ਸਾਹਿਤਿਕ ਕਿੱਸਿਆਂ ਨਾਲੋਂ ਸੁਭਾ , ਸਰੂਪ, ਵਿਧਾਨ ਅਤੇ ਨਿਭਾ ਦੇ ਪੱਖ ਤੋਂ ਕਾਫ਼ੀ ਫ਼ਰਕ ਰਖਦੀਆਂ ਹਨ। ਕਵੀਸ਼ਰਾਂ ਨੇ ਜਿਥੇ ਪ੍ਰੇਮ-ਆਖਿਆਨਾਂ ਦੀ ਪੇਂਡੂ ਅੰਦਾਜ਼ ਨਾਲ ਮਲਵਈ ਉਪਭਾਸਖਾ ਵਿਚ ਸਿਰਜਨਾ ਕੀਤੀ ਹੈ, ਉਥੇ ਉਨ੍ਹਾਂ ਨੇ ਸਥਾਨਕ ਪ੍ਰੀਤ-ਕਥਾਵਾਂ ਨੂੰ ਵੀ ਕਾਵਿ-ਬੱਧ ਕੀਤਾ ਹੈ। ਇਥੇ ਧਿਆਨਯੋਗ ਗੱਲ ਇਹ ਹੈ ਕਿ ਕਵੀਸ਼ਰਾਂ ਨੇ ਅਖਾੜਿਆਂ ਵਿਚ ਲੋਕ-ਮਨੋਰੰਜਨ ਲਈ ਭਾਵੁਕ ਜਿਹੀ ਪੇਸ਼ਕਾਰੀ ਕਰਨੀ ਹੁੰਦੀ ਸੀ ਅਤੇ ਉਨ੍ਹਾਂ ਦੇ ਸਰੋਤੇ ਸਾਧਾਰਣ ਸੂਝ-ਬੂਝ ਵਾਲੇ ਬੰਦੇ ਹੁੰਦੇ ਸਨ , ਇਸ ਲਈ ਕਥਾਨਕ ਦੀ ਕਲਾਤਮਕਤਾ ਦੇ ਚੱਕਰ ਵਿਚ ਉਹ ਨਹੀਂ ਪਏ ਅਤੇ ਨ ਹੀ ਪਾਤਰਾਂ ਦੇ ਮਨੋ-ਵਿਸ਼ਲੇਸ਼ਣ ਦੀ ਉਨ੍ਹਾਂ ਨੇ ਲੋੜ ਮਹਿਸੂਸ ਕੀਤੀ।

            ਕਵੀਸ਼ਰਾਂ ਨੇ ਲੋਕਾਂ ਦੀਆਂ ਵੀਰ-ਰਸੀ ਰੁਚੀਆਂ ਦੀ ਤ੍ਰਿਪਤੀ ਲਈ ਸਿਰਕਢ ਸਥਾਨਕ ਸੂਰਮਿਆਂ ਬਾਰੇ ਚਿੱਠੇ ਜਾਂ ਸਾਕੇ ਲਿਖੇ। ਜਿਵੇਂ ਦੁੱਲਾ ਭੱਟੀ , ਜੈਮਲ ਫੱਤਾ, ਸੁੱਚਾ ਸਿੰਘ ਸੂਰਮਾ , ਜੀਉਣਾ ਮੌੜ , ਜਾਨੀ ਚੋਰ ਆਦਿ। ਇਹ ਰਚਨਾਵਾਂ ਵੀ ਵਾਰਾਂ ਜਾਂ ਜੰਗਨਾਮਿਆਂ ਦੀ ਪੱਧਰ ਦੀਆਂ ਨ ਹੋ ਕੇ ਲੋਕ-ਪੱਧਰ ਦੀਆਂ ਹਨ, ਜਿਨ੍ਹਾਂ ਵਿਚ ਵੀਰ-ਭਾਵਨਾ ਨੂੰ ਛਿਣਕ ਰੂਪ ਵਿਚ ਉਜਾਗਰ ਕੀਤਾ ਹੁੰਦਾ ਹੈ।

            ਪ੍ਰੇਮ ਅਤੇ ਵੀਰਤਾ ਦੀ ਭਾਵਨਾ ਤੋਂ ਇਲਾਵਾ ਕਵੀਸ਼ਰਾਂ ਨੇ ਕਈ ਧਾਰਮਿਕ ਪ੍ਰਸੰਗਾਂ ਨੂੰ ਵੀ ਚਿਤਰਿਆ ਹੈ ਜਿਨ੍ਹਾਂ ਦੇ ਮੁੱਖ ਤੌਰ ’ਤੇ ਦੋ ਰੂਪ ਹਨ। ਇਕ ਉਹ ਪ੍ਰਸੰਗ ਹਨ ਜਿਨ੍ਹਾਂ ਦਾ ਸੰਬੰਧ ਭਾਰਤੀ ਪੌਰਾਣਿਕ ਪਰੰਪਰਾਵਾਂ ਨਾਲ ਹੈ, ਜਿਵੇਂ ਧ੍ਰੂ ਭਗਤ , ਪ੍ਰਹਿਲਾਦ, ਸਤੀ ਸਲੋਚਨਾ, ਮੋਰਧ੍ਵਜ, ਨਲ- ਦਮਯੰਤੀ, ਲਵ-ਕੁਸ਼, ਸੀਤਾ-ਸੁਅੰਬਰ ਆਦਿ। ਦੂਜੇ ਉਹ ਪ੍ਰਸੰਗ ਹਨ ਜਿਨ੍ਹਾਂ ਵਿਚ ਸਿੱਖ ਧਰਮ ਨਾਲ ਸੰਬੰਧਿਤ ਘਟਨਾਵਾਂ, ਗੁਰੂ ਸਾਹਿਬਾਨ ਦੇ ਉਪਕਾਰਾਂ, ਸਾਹਿਬਜ਼ਾਦਿਆਂ ਅਤੇ ਸਿੱਖ-ਧਰਮੀਆਂ ਦੇ ਬਲਿਦਾਨਾਂ ਨੂੰ ਚਿਤਰਿਆ ਹੁੰਦਾ ਹੈ। ਸਿੱਖ-ਸ਼ਹੀਦਾਂ ਦੇ ਸਾਕਿਆਂ, ਸਾਹਿਬਜ਼ਾਦਿਆਂ ਦੇ ਬਲਿਦਾਨਾਂ ਅਤੇ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੀਆਂ ਅਦੁੱਤੀ ਕੁਰਬਾਨੀਆਂ ਨੂੰ ਜਿਸ ਤੀਬਰਤਾ ਨਾਲ ਲੋਕ-ਹਿਰਦੇ ਵਿਚ ਕਵੀਸ਼ਰਾਂ ਨੇ ਬਿਠਾਇਆ ਹੈ, ਉਸ ਦਾ ਕੋਈ ਮੁਕਾਬਲਾ ਨਹੀਂ। ਸਿੱਖਾਂ ਦੇ ਧਾਰਮਿਕ ਜਾਂ ਰਾਜਸੀ ਮੋਰਚਿਆਂ ਵੇਲੇ ਕਵੀਸ਼ਰਾਂ ਅਤੇ ਢਾਢੀਆਂ ਵਲੋਂ ਵਧਾਇਆ ਉਤਸਾਹ ਆਪਣੀ ਵਿਸ਼ੇਸ਼ ਭੂਮਿਕਾ ਨਿਭਾਉਂਦਾ ਆ ਰਿਹਾ ਹੈ।

            ਕਵੀਸ਼ਰੀ ਵਿਚ ਸਮਕਾਲੀ ਭਖਦੀਆਂ ਸਮਸਿਆਵਾਂ, ਰਾਜਸੀ ਮਾਮਲਿਆਂ, ਸਮਾਜਿਕ ਅਨਾਚਾਰਾਂ ਨੂੰ ਵੀ ਕਲਮਬੰਦ ਕੀਤਾ ਗਿਆ ਹੈ। ਕਵੀਸ਼ਰ ਇਨ੍ਹਾਂ ਸਮਸਿਆਵਾਂ ਬਾਰੇ ਆਪਣੇ ਪ੍ਰਤਿਕਰਮ ਨੂੰ ਦਰਸਾਉਂਦੇ ਹੋਇਆਂ ਲੋਕਾਂ ਦੀ ਜਾਣਕਾਰੀ ਵਿਚ ਵਾਧਾ ਵਰਦੇ ਹਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8203, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਕਵੀਸ਼ਰੀ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕਵੀਸ਼ਰੀ :  ਕਵੀਸ਼ਰੀ ਮਾਲਵੇ ਦੀ ਇਕ ਵਿਸ਼ੇਸ਼ ਪ੍ਰਕਾਰ ਦੀ ਕਾਵਿ ਤੇ ਗਾਇਣ ਸ਼ੈਲੀ ਹੈ ਜੋ ਆਪਣੇ ਸਮਾਜਕ, ਇਤਿਹਾਸਕ, ਸੰਸਕ੍ਰਿਤਿਕ ਤੇ ਭੂਗੋਲਿਕ ਕਾਰਣਾਂ ਕਰ ਕੇ ਉਨ੍ਹੀਵੀਂ ਸਦੀ ਈ. ਦੇ ਆਰੰਭ ਵਿਚ, ਸਥਾਨਕ ਸਿੱਖ–ਭੂਪਵਾਦ ਦੇ ਸੰਸਕ੍ਰਿਤਿਕ ਪ੍ਰਭਾਵ ਦੇ ਫਲ ਸਰੂਪ ਵਧੇਰੇ ਪ੍ਰਚੱਲਿਤ ਹੌਈ। ਉਨ੍ਹੀਵੀਂ ਸਦੀ ਦੇ ਦੂਜੇ ਅੱਧ ਤੇ ਵੀਹਵੀਂ ਸਦੀ ਦੇ ਪਹਿਲੇ ਚਾਰ ਦਹਾਕਿਆਂ ਤਕ ਇਹ ਆਪਣੇ ਸਿੱਖਰ ਉੱਤੇ ਰਹੀ ਅਤੇ ਦੇਸ਼ ਦੇ ਬਟਵਾਰੇ ਨਾਲ ਇਸ ਦੇ ਪਤਨ ਹੋ ਗਿਆ। ਇਸ ਦੇ ਸਰੂਪ ਬਾਰੇ ਭਗਵਾਨ ਸਿੰਘ ਦਾ ਕਥਨ ਹੈ :

                   “ਹਵਾਓ ਦਾ ਮੁਨਾਰਾ ਸਾਰਾ ਕਾਰਜ ਕਵੀਸ਼ਰੀ ਦਾ,

                   ਨੇਕੀ ਬਦੀ ਆਪ ਬੱਧਵਾਨਾ ਹੈ ਸੰਭਾਲਣੀ।”                                (ਭਗਵਾਨ ਸਿੰਘ)

          ‘ਕਵੀਸ਼ਰੀ’ ਸ਼ਬਦ ਦੀ ਵਿਉਤਪੱਤੀ ‘ਕਵੀਸ਼ਰ’ ਸ਼ਬਦ ਤੋ ਹੋਈ ਹੈ ਅਤੇ ‘ਕਵੀਸ਼ਰ’ ਸ਼ਬਦ ਕਾਵਿ+ਈਸ਼ਵਰ ਤੋਂ ਬਣਿਆ ਹੈ ਜਾਦਾ ਭਾਵ ਹੈ ਸ਼੍ਰੇਸ਼ਠ ਕਵੀ। ‘ਕਵੀਸ਼ਰੀ’ ਸ਼ੁਬਦ ਨੂੰ ਕੇਸਰ ਸਿੰਘ ਛਿੱਬਰ ਨੇ ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ (ਰਚਿਤ 1769 ਈ. ) ਵਿਚ ਇਸ ਪ੍ਰਕਾਰ ਵਰਤਿਆ ਹੈ:

                   ‘ਮਿਹਰਬਾਨ ਪੁਤ ਪ੍ਰਿਥੀਏ ਦਾ ਕਬੀਸਰੀ ਕਰੇ’

          ਕਵੀਸ਼ਰੀ ਪਿੰਗਲ ਅਨੁਸਾਰ ਛੰਦਬੱਧ ਸ਼ਾਇਰੀ ਅਤੇ ਸਾਜ਼ ਵਿਹੂਣੀ ਗਾਇਕੀ ਹੈ। ਇਸ ਦਾ ਪਿਛੋਕੜ–ਢਾਡੀ–ਪਰੰਪਰਾ ਵਿਚ ਜਾ ਮਿਲਦਾ ਹੈ ਭਾਵੇਂ ਕਈ ਵਿਦਾਵਾਨ ਇਸ ਨੂੰ ਭੱਟ–ਪਰੰਪਰਾ ਦਾ ਬਦਲਿਆ ਹੋਇਆ ਰੂਪ ਖ਼ਿਆਲ ਕਰਦੇ ਹਨ ਜੋ ਤੱਥ ਆਧਾਰਿਤ ਨਹੀਂ। ਢਾਡੀਆਂ ਦਾ ਸਮਾਜ, ਰਾਜ ਦਰਬਾਰ, ਸਰੋਤੇ, ਉਸਤਾਦੀ ਸਾਗ਼ਿਰਦੀ ਸਾਹਿੱਤ–ਭਾਸ਼ਾ, ਵਿਸ਼ਾ–ਅਨੁਭੂਤੀ ਆਦਿ ਨਾਲ ਜੋ ਅੰਤਰ–ਸੰਬੰਧ ਹੈ, ਉਹੀ ਕਵੀਸ਼ਰ ਦਾ ਹੈ। ਕਵੀਸ਼ਰ ਵੀ ਢਾਡੀਆਂ ਵਾਂਗ ‘ਧਾਰਮਿਕ’ ਤੇ ਖੁੱਲ੍ਹੇ ਦੋ ਵੰਨਗੀਆਂ ਵਿਚ ਮਿਲਦੇ ਹਨ।

          ਕਵੀਸ਼ਰੀ ਮਾਲਵੇ ਦੀਆਂ ਖੁਸ਼ਕ ਰੋਹੀਆਂ ਵਿਚ ਉਗਿਆ ਕਾਵਿ–ਕੇਸੂ ਦਾ ਫੁੱਲ ਹੈ ਜਿਸ ਵਿਚ ਸਿੱਧ ਪੱਧਰੇ ਲੋਕਾਂ ਦੀਆਂ ਭਾਵਨਾਵਾਂ ਦੀ ਰੱਤੜੀ ਭਾਅ ਲਿਸ਼ਕਦੀ ਹੈ ਅਤੇ ਇਸ ਵਿਚ ਸ਼ਾਹੀਬਾਗ਼ਾ ਦੀ ਚੇਮਲੀ ਦੀ ਸੁਗੰਧ ਨਹੀਂ ਹੈ। ਕਵੀਸ਼ਰ ਦੇ ਤਿੰਨ ਰੂਪ ਹਨ––(1) ਕਵੀ/ਕਿੱਸਾਕਾਰ, (2) ਕਵੀਸ਼ਰ, (3) ਗਵੱਈਆ /ਗਾਇਕ/।ਕਵੀ/ਕਿੱਸਕਾਰ ਉਹ ਕਵੀਸ਼ਰ ਹਨ ਜੋ ਕੇਵਲ ਕਵੀਸ਼ਰੀ ਲਿਖਦੇ ਹਨ ਪਰ ਆਪ ਨਹੀਂ ਗਾਉਂਦੇ । ਇਨ੍ਹਾਂ ਦੀ ਰਚਨਾ ਦਾ ਸ੍ਵਰ ਸਾਹਿਤਿਕ ਹੁੰਦਾ ਹੈ। ਦੂਜੇ ਪ੍ਰਕਾਰ ਦੇ ਉਹ ਕਵੀਸ਼ਰ ਹਨ ਜੋ ਆਪ ਹੀ ਲਿਖਦੇ ਅਤੇ ਆਪ ਹੀ ਆਪਣੀ ਰਚਨਾ ਦਾ ਗਾਇਣ ਕਰਦੇ ਹਨ। ਗਵੱਈਏ ਜਾਂ ਗਾਇਕ ਆਪ ਨਹੀਂ ਲਿਖਦੇ ਸਗੋਂ ਆਪਣੇ ਉਸਤਾਦ ਜਾਂ ਕਿਸੇ ਹੋਰ ਦੀ ਰਚਨਾ ਗਾਉਂਦੇ ਹਨ। ਸਮੇਂ ਅਤੇ ਲੋੜ ਅਨੁਸਾਰ ਗਮੰਤਰੀ ਰਚਨਾ ਵਿਚ ਘਾਟਾ ਵਾਧਾ ਕਰਦੇ ਰਹਿੰਦੇ ਹਨ ਜਿਸ ਨਾਲ ਹੌਲੀ ਹੌਲੀ ਰਲਾ ਪੈ ਪੈ ਕੇ ਰਚਨਾ ਦਾ ਰੂਪ ਤੇ ਸੁਭਾਵ ਲੋਕ–ਕਾਵਿ ਵਾਲਾ ਬਣ ਜਾਂਦਾ ਹੈ।

          ਕਵੀਸ਼ਰ ਇਕੋ ਸਮੇਂ ਕਵੀ, ਗਾਇਕ, ਵਿਆਖਿਆਕਾਰ, ਵਕਤਾ, ਫਿਲਬਦੀਂਹ ਛੰਦ ਕਹਿਣ ਵਾਲਾ, ਪਿੰਗਲ ਪ੍ਰਬੀਨ, ਉਸਤਾਦ, ਸਾਧੂ ਦਰਵੇਜ਼ ਜਾਂ ਆਰਿਫ਼ ਹੋ ਸਕਦਾ ਹੈ। ਇਸ ਲਈ ਉਹ ਕਾਵਿ+ਈਸ਼ਵਰ ਹੈ। ਇਸ ਦੀ ਰਚਨਾ ਪ੍ਰੰਪਰਾਵਾਦੀ ਤੇ ਲੋਕ ਰੂੜ੍ਹੀਆਂ ਦੇ ਅਨੁਸਾਰ ਹੁੰਦੀ ਹੈ। ਸਮਾਜ ਦੇ ਦੁਖਦਾਈ ਜੀਵਨ ਦੇ ਪ੍ਰਭਾਵ ਹੇਠ ਹੀ ਇਨ੍ਹਾਂ ਦੀਆਂ ਰਚਨਾਵਾਂ ਵਿਚ ਉਦਾਸੀਨਤਾ, ਵੈਰਾਗਾਤਮਕਤਾ ਤੇ ਪਲਾਇਣਵਾਦ ਦੀ ਰੁਚੀ ਵੀ ਪ੍ਰਤੱਖ ਉਜਾਗਰ ਹੁੰਦੀ ਹੈ।

          ਕਵੀਸ਼ਰੀ–ਪਰੰਪਰਾ ਦੇ ਜਨਮ ਹੋਣ ਨਾਲ ਹੀ ਮਾਲਵੇ ਦੇ ਸਾਹਿੱਤਕਾਰਾਂ ਦਾ ਪੰਜਾਬੀ ਸਾਹਿੱਤ ਵਿਚ ਭਰਵਾਂ ਪ੍ਰਵੇਸ਼ ਹੁੰਦਾ ਹੈ। ਲੋਕਕਕਵਿਤਤ੍ਵ ਨਾਲ ਭਰਪੂਰ ਕਵੀਸ਼ਰੀ ਨੇ ਮਾਲਵੇ ਦੇ ਗ਼ਰੀਬ ਅਨਪੜ੍ਹ ਤੇ ਦੱਬੇ ਕੁੱਚਲੇ ਕਿਰਤੀ–ਕਿਸਾਨਾਂ ਦਾ ਸੰਬੰਧ ਪੰਜਾਬੀ ਸਾਹਿੱਤ ਨਾਲ ਜੋੜੀ ਰੱਖਿਆ ਜਿਸ ਦਾ ਕਾਰਣ ਕਿੱਸਾ ਮਾਲਵੇ ਦੇ ਪਿੰਡ ਪਿੰਡ ਤਾਂ ਕੀ ਘਰ ਘਰ ਪਹੁੰਚ ਗਿਆ। ਕਈ ਕਿੱਸੇ ਅਨਪੜ੍ਹ–ਹਾਲੀਆਂ ਪਾਲੀਆਂ ਦੇ ਜ਼ਬਾਨੀ ਕੰਠ ਸਨ ਅਤੇ ‘ਹੀਰ’ (ਭਗਵਾਨ ਸਿੰਘ), ‘ਜ਼ਿੰਦਗੀ ਬਿਲਾਸ’ (ਸਾਧੂ ਦਯਾ ਸਿੰਘ), ‘ਰੂਪ ਬਸੰਤ’ (ਦੌਲਤ ਰਾਮ) ਆਦਿ ਕਿੱਸੇ ਲੱਖਾਂ ਦੀ ਗਿਣਤੀ ਵਿਚ ਛਪੇ ਹਨ।

          ਕਵੀਸ਼ਰੀ ਮਾਲਵੇ ਦੇ ਸਭਿਆਚਾਰ ਦੀ ਰੰਗੀਨ ਐਲਬਮ ਹੈ ਹਿਸ  ਵਿਚ ਮਾਲਵੇ ਦੀਆਂ ਰਸਮਾਂ ਰਿਵਾਜ਼ਾਂ, ਰਹੁ ਰੀਤਾਂ, ਵਹਿਮਾਂ, ਭਰਮਾਂ, ਰਹਿਣ ਸਹਿਣ, ਪੁਰਾਤਨ–ਰੂੜ੍ਹੀਆਂ, ਲੋਕ–ਵਾਰਤਾਵਾਂ, ਲੋਕ ਵਿਸ਼ਵਾਸਾਂ, ਇਤਿਹਾਸਕ ਪ੍ਰਸੰਗਾਂ, ਮਿਥਿਹਾਸਕ ਕਥਾਵਾਂ, ਸਥਾਨਕ ਯੁੱਧਾਂ ਜੰਗਾਂ, ਗਹਿਣੇ ਗੱਟਿਆਂ, ਬਸਤਰਾਂ, ਪਸ਼ੂਆਂ , ਭਾਂਡਿਆਂ ਆਦਿ ਦੀ ਅਦੁੱਤੀ ਤਸਵੀਰ ਖਿੱਚੀ ਮਿਲਦੀ ਹੈ।

          ਕਵੀਸ਼ਰੀ ਵਿਚ ਸਥਾਨਕ ਡਾਕੂਆਂ ਤੇ ਵੈਲੀਆਂ ਦੇ ਕਿੱਸੇ ਬਹੁਤ ਲਿਖੇ ਗਏ ਹਨ। ‘ਝਗੜੇ’, ‘ਪੱਤਲ’ ਜਾਂ ‘ਜੰਝ’ ਇਸ ਦੇ ਦੋ ਹੋਰ ਪ੍ਰਤਿਨਿਧ ਕਾਵਿ–ਰੂਪ ਹਨ। ਕਵੀਸ਼ਰੀ ਵਿਚ ਕਿੱਸੇ ਨੂੰ ‘ਚਿੱਠਾ’ ਵੀ ਕਿਹਾ ਜਾਂਦਾ ਹੈ। ਮਾਲਵੇ ਦੇ ਮੇਲਿਆਂ ਬਾਰੇ ਵੀ ਕਈ ਚਿੱਠੇ ਪ੍ਰਾਪਤ ਹਨ।

          ਮਾਲਵੇ ਦੀ ਕਵੀਸ਼ਰੀ ਦੀ ਇਕ ਹੋਰ ਵੱਡੀ ਪ੍ਰਾਪਤੀ ਹਿੰਦੂ ਮਿਥਿਹਾਸ ਨੂੰ ਸੁਰਜੀਤ ਕਰਨ ਦੀ ਰੁਚੀ ਹੈ। ਇਸ ਵਿਚ ਪਹਿਲੀ ਵਾਰ ਬਾਬੂ ਰਜਬ ਅਲੀ, ਰੀਟਾ ਦੀਨ ਆਦਿ ਮੁਸਲਮਾਨ ਕਵੀਸ਼ਰਾਂ ਨੇ ਹਿੰਦੂ ਮਿਥਿਹਾਸ ਨਾਲ ਸੰਬੰਧਿਤ ਰਚਨਾਵਾਂ ਨੂੰ ਛੰਦਬੱਧ ਕੀਤਾ। ਸਿੱਖੀ ਨਾਲ ਸੰਬੰਧਿਤ ਪ੍ਰਸੰਗਾਂ ਨੂੰ ਵੀ ਪਹਿਲੀ ਵਾਰ ਸਥਾਨਕ ਪੱਧਰ ਤੇ ਕਾਵਿ–ਬੱਧ ਕੀਤਾ ਗਿਆ ਹੈ।

          ਛੰਦ–ਵਿਵਿਧਤਾ ਕਵੀਸ਼ਰੀ ਦਾ ਇਕ ਵਿਲੱਖਣ ਗੁਣ ਹੈ।ਕਵੀਸ਼ਰਾਂ ਨੇ ਆਪਣੇ ਕਿੱਸਿਆਂ ਵਿਚ ਭਿੰਨ ਭਿੰਨ ਪ੍ਰਕਾਰ ਦੇ ਇੰਨੇ ਛੰਦ ਵਰਤੇ ਹਨ ਜਿਨ੍ਹਾਂ ਤੋਂ ਪੰਜਾਬੀ ਲਈ ਲੋੜੀਂਦਾ ਤੇ ਪ੍ਰਮਾਣਿਕ ਪਿੰਗਲ–ਕੋਸ਼ ਤਿਆਰ ਹੋ ਸਕਦਾ ਹੈ। ਮਲਵਈ ਕਵੀਸ਼ਰਾ ਨੇ ਸਾਧਾਰਣ ਤੇ ਅਣਗੌਲੇ ਲੋਕਾਂ ਦੀ ਆਮ ਬੋਲ ਚਾਲ ਦੀ ਭਾਖਾ ਮਲਵਈ ਵਿਚ ਆਪਣਾ ਕਾਵਿ ਸਿਰਜ ਕੇ ਇਸ ਨੂੰ ਪ੍ਰੌਢ, ਪ੍ਰਫੁੱਲਿਤ, ਅਮੀਰ, ਮਿਆਰੀ ਤੇ ਅਦਬੀ ਬਣਾ ਦਿੱਤਾ ਹੈ। ਇਨ੍ਹਾਂ ਨੇ ਆਪਣੇ ਕਿੱਸਿਆਂ ਵਿਚ ਇੰਨੇ ਮਲਵਈ ਸ਼ਬਦ ਵਰਤੇ ਹਨ ਕਿ ਜਿਨ੍ਹਾਂ ਤੋਂ ਮਲਵਈ–ਸ਼ਬਦ –ਕੋਸ਼ ਤਿਆਰ ਕੀਤਾ ਜਾ ਸਕਦਾ ਹੈ। ਇਹ ਕਿੱਸੇ ਮਲਵਈ ਮੁਹਵਾਰੇ ਤੇ ਅਖਾਣਾਂ ਦੀ ਖਾਣ ਹਨ।

          ਕਵੀਸ਼ਰੀ ਕਾਵਿ–ਧਾਰਾ ਵਿਚ ਸੈਂਕੜੇ ਕਵੀਸ਼ਰ ਸ਼ਾਮਲ ਹੋਏ। ਇਨ੍ਹਾਂ ਵਿਚ ਕੁਝ ਬਹੁਤ ਪ੍ਰਮੱਖ ਤੇ ਪ੍ਰਸਿੱਧੀ ਵਾਲੇ ਹਨ ਪਰ ਬਹੁਤੇ ਸਾਧਾਰਣ ਤੇ ਤੁਕ–ਬਾਜ਼ ਹੀ ਸਨ। ਵੱਧ ਤੋਂ ਵੱਧ ਕਿੱਸੇ ਲਿਖਣ ਦੀ ਰੁਚੀ, ਵੱਧ ਤੋਂ ਵੱਧ ਕਿੱਸੇ ਲਿਖਣ ਦੀ ਰੁਚੀ, ਵੱਧ ਤੋਂ ਵੱਧ ਕਿੱਸੇ ਛਪਵਾਉਣ, ਇਕੋ ਰਚਨਾ ਨੂੰ ਵੱਖ ਵੱਖ ਛੰਦਾਂ ਵਿਚ ਲਿਖਣ, ਛਪਵਾਉਣ ਦੀ ਕਾਹਲ, ਸ਼ੋਹਰਤ, ਦੀ ਭੁੱਖ, ਸੀਮਿਤ ਗਿਆਨ ਆਦਿ ਕਾਰਣ ਕਰਕੇ ਬਹੁਤ ਕਵੀਸ਼ਰਾਂ ਦਾ ਸਾਹਿਤਿਕ ਪੱਧਰ ਬਹੁਤ ਨੀਵਾਂ ਸੀ। ਮਾਲਵੇ ਦਾ ਸ਼ੋਮਣੀ ਕਵੀਸ਼ਰ ਭਗਵਾਨ ਸਿੰਘ ਹੈ। ਜੋਗ ਸਿੰਘ, ਸਾਧੂ ਸਦਾ ਰਾਮ, ਦੋਲਤ ਰਾਮ, ਰਾਣਾ ਸਿੰਘ, ਬਾਬੂ ਰਜਬ ਅਲੀ, ਦਯਾ ਸਿੰਘ ਆਰਿਫ਼ , ਪੰਡਿਤ ਕਿਸ਼ੋਰ ਚੰਦ, ਪੰਡਿਤ ਗੋਕਲ ਚੰਦ, ਪੰਡਿਤ ਪੂਰਨ ਚੰਦ, ਮਾਘੀ ਸਿੰਘ ਆਦਿ ਹੋਰ ਪ੍ਰਮੁੱਖ ਕਵੀਸ਼ਰ ਹਨ। ਕਵੀਸ਼ਰੀ ਮਾਲਵੇ ਵਿਚ ਬਲੀ ਇਕ ਸਾਹਿਤਿਕ–ਚੇਤਨਤਾ ਦੀ ਲਹਿਰ ਸੀ ਜਿਸ ਵਿਚ ਸੈਂਕੜੇ ਕਵੀਸ਼ਰਾਂ ਨੇ ਸਰਾਗਰਮ ਹਿੱਸਾ ਲਿਆ ਅਤੇ ਜਿਨ੍ਹਾਂ ਨੇ ਹਜ਼ਾਰਾਂ ਕਿੱਸੇ ਲਿਖੇ,ਛਪਵਾਏ ਤੇ ਗਾਏ। ਕਵੀਸ਼ਰੀ–ਕਾਵਿ ਦਾ ਇਕ ਵੱਡਾ ਹਿੱਸਾ ਅਜੇ ਤਕ ਅਣਛਪਿਆ ਹੈ।

[ਸਹਾ. ਗ੍ਰੰਥ––ਮ. ਕੋ; ਕੇਸਰ ਸਿੰਘ ਛਿੱਬਰ : ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’; ਡਾ. ਰਤਨ ਸਿੰਘ ਜੱਗੀ ਅਤੇ ਡਾ. ਅਜਮੇਰ ਸਿੰਘ (ਸੰਪ.) : ‘ਕਵੀਸ਼ਰੀ ਪਰੰਪਰਾ’]             


ਲੇਖਕ : ਡਾ. ਅਜਮੇਰ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4164, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.