ਗੁਰੂ ਗੋਬਿੰਦ ਸਿੰਘ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਗੁਰੂ ਗੋਬਿੰਦ ਸਿੰਘ (1666–1708): ਮਨੁੱਖੀ ਸਰੂਪ ਵਿੱਚ ਸਿੱਖ ਮਤ ਦੇ ਅੰਤਿਮ ਗੁਰੂ ਗੋਬਿੰਦ ਸਿੰਘ ਸਨ। ਜੋਤੀ-ਜੋਤ ਸਮਾਉਣ ਵੇਲੇ ਉਹਨਾਂ ਦਾ ਆਦੇਸ਼ ਸੀ ਕਿ ਭਵਿੱਖ ਵਿੱਚ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਲਿਆ ਜਾਵੇ। ਇਸੇ ਦੇ ਪਾਠ ਤੋਂ ਹੀ ਜੀਵਨ-ਸੇਧ ਪ੍ਰਾਪਤ ਕੀਤੀ ਜਾਵੇ। ਇਹ ਬੜਾ ਮੌਲਿਕ ਆਦੇਸ਼ ਸੀ ਜਿਸਨੇ ਓਦੋਂ ਤੱਕ ਦੇਹਧਾਰੀ ਗੁਰੂ ਦੀ ਚਲੀ ਆਉਂਦੀ ਪ੍ਰਥਾ ਨੂੰ ਸਮਾਪਤ ਕਰ ਦਿੱਤਾ। ਬੋਲੀ ਵਿੱਚ ਰਚੀ ਗਈ ਬਾਣੀ ਨੂੰ ਸਰਬ ਉੱਚ ਸਥਾਨ ਪ੍ਰਦਾਨ ਕਰ ਦਿੱਤਾ।

     ਇਹਨਾਂ ਦਾ ਜਨਮ 1666 ਨੂੰ ਪਟਨੇ ਸ਼ਹਿਰ ਵਿੱਚ ਮਾਤਾ ਗੁਜਰੀ ਅਤੇ ਪਿਤਾ ਤੇਗ਼ ਬਹਾਦਰ ਦੇ ਘਰ ਹੋਇਆ, ਜਿਹੜੇ ਸਿੱਖ ਮਤ ਦੇ ਨੌਂਵੇਂ ਗੁਰੂ ਸਨ। ਉਹ ਰੂਹਾਨੀ ਰਹਿਬਰ ਹੀ ਨਹੀਂ ਸਨ, ਬਲਕਿ ਉੱਤਮ ਕਵੀ ਤੇ ਚਿੰਤਕ ਵੀ ਸਨ। ਜਿਵੇਂ ਬਚਿੱਤਰ ਨਾਟਕ ਵਿੱਚ ਆਉਂਦਾ ਹੈ, ਜਨਮ ਤੋਂ ਹੀ ਉਹਨਾਂ ਪੁੱਤਰ ਨੂੰ ਭਾਂਤਿ ਭਾਂਤਿ ਦੀ ਸਿੱਛਾ (ਸਿੱਖਿਆ) ਦਿੱਤੀ। ਨਤੀਜਾ ਇਹ ਹੋਇਆ ਕਿ ਬਚਪਨ ਤੋਂ ਹੀ ਗੁਰੂ ਸਾਹਿਬ ਧਰਮ-ਕਰਮ ਦੀ ਜ਼ੁੰਮੇਵਾਰੀ ਸੰਭਾਲਣ ਵਿੱਚ ਨਿਪੁੰਨ ਹੋ ਗਏ। ਇਸੇ ਰਚਨਾ ਵਿੱਚ ਅੱਗੇ ਕਥਨ ਹੈ :

ਜਬ ਹਮ ਧਰਮ-ਕਰਮ ਮੋ ਆਏ

          ਦੇਵ ਲੋਕ ਤਬ ਪਿਤਾ ਸਿਧਾਏ।

     ਪਿਤਾ ਦੇ ਦੇਵ ਲੋਕ ਸਿਧਾਰਨ ਦਾ ਕਾਰਨ ਉਹਨਾਂ ਦੀ ਸ਼ਹਾਦਤ ਸੀ। ਮੁਗ਼ਲ ਰਾਜ ਉਹਨਾਂ ਦੀ ਸਿੱਖਿਆ ਤੋਂ ਬੜਾ ਭੈਅ ਖਾਂਦਾ ਸੀ। ਸ਼ਹਾਦਤ ਦਾ ਪ੍ਰਚਲਿਤ ਕਾਰਨ ਤਾਂ ਇਹ ਮੰਨਿਆ ਗਿਆ ਹੈ ਕਿ ਕਸ਼ਮੀਰੀ ਪੰਡਤਾਂ ਦੀ ਬੇਨਤੀ ਕਬੂਲ ਕਰ ਕੇ ਉਹ ਧਰਮ ਖ਼ਾਤਰ ਸੀਸ ਦੇਣ ਲਈ ਦਿੱਲੀ ਨੂੰ ਰਵਾਨਾ ਹੋ ਗਏ ਸਨ। ਪਰ ਇਤਿਹਾਸਿਕ ਖੋਜ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਉਹਨਾਂ ਦੀ ਸਿੱਖਿਆ ਸਦਕਾ ਲੋਕਾਂ ਵਿੱਚ ਜਾਗ੍ਰਿਤੀ ਆ ਰਹੀ ਸੀ। ਉਸ ਤੋਂ ਭੈਅ ਖਾ ਕੇ ਮੁਗ਼ਲ ਸਰਕਾਰ ਨੇ ਉਹਨਾਂ ਨੂੰ ਬੰਦੀ ਬਣਾ ਲਿਆ। ਦਿੱਲੀ ਲਿਜਾ ਕੇ ਚਾਂਦਨੀ ਚੌਂਕ ਵਿੱਚ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਪਿਤਾ ਦੀ ਸ਼ਹਾਦਤ ਵੇਲੇ ਗੁਰੂ ਗੋਬਿੰਦ ਸਿੰਘ ਦੀ ਉਮਰ ਕੇਵਲ ਨੌਂ ਸਾਲ ਦੀ ਸੀ। ਬਚਪਨ ਤੋਂ ਸਿੱਖਿਆ ਤੇ ਸੁਰੱਖਿਆ ਤੋਂ ਸੁਚੇਤ ਉਹਨਾਂ ਇਸ ਦਰਦਨਾਕ ਘਟਨਾ ਨੂੰ ਸਦਮੇ ਦੀ ਥਾਂ ਵੰਗਾਰ ਵਜੋਂ ਲੈਣਾ ਬਿਹਤਰ ਸਮਝਿਆ। ਇਸ ਦਾ ਪ੍ਰਮਾਣ ਇਹ ਹੈ ਕਿ ਡੂੰਘੀ ਨਿਰਾਸ਼ਾ ਵਿੱਚੋਂ ਉਚਰੀ ਪਿਤਾ ਦੀ ਹੂਕ ਬਲੁ ਛੁਟਕਿਉ ਬੰਧਨ ਪਰੇ ਕਛੂ ਨ ਹੋਤ ਉਪਾਇ ਦਾ ਉੱਤਰ ਉਹਨਾਂ ਨੇ ਬੜੀ ਆਸ਼ਾਮਈ ਸੁਰ ਵਿੱਚ ਦਿੱਤਾ। ਉਹਨਾਂ ਦਾ ਉੱਤਰ ਸੀ ਬਲ ਹੋਆ ਬੰਧਨ ਛੁਟੇ ਸਭ ਕਿਛੁ ਹੋਤ ਉਪਾਇ। ਬਚਪਨ ਤੋਂ ਹੀ ਪੈਦਾ ਹੋਏ ਆਤਮ-ਵਿਸ਼ਵਾਸ ਦਾ ਇਸ ਤੋਂ ਭਲੀ-ਭਾਂਤ ਅੰਦਾਜ਼ਾ ਲੱਗ ਜਾਂਦਾ ਹੈ।

     ਇਸ ਆਤਮ-ਵਿਸ਼ਵਾਸ ਕਾਰਨ ਹੀ ਸੀ ਕਿ ਗੁਰੂ ਸਾਹਿਬ ਨੇ ਮੁਗ਼ਲ ਰਾਜ ਵੱਲੋਂ ਢਾਹੀ ਜਾਣ ਵਾਲੀ ਬਿਪਤਾ ਵਿਰੁੱਧ ਹਰ ਤਰ੍ਹਾਂ ਦੀ ਤਿਆਰੀ ਅਰੰਭ ਦਿੱਤੀ। ਇਸ ਦਾ ਪ੍ਰਥਮ ਪੜਾਅ ਸੀ ਜਾਗ੍ਰਿਤੀ ਦਾ ਮੁਹਾਜ਼ ਉਸਾਰਨਾ, ਜਿਸ ਖ਼ਾਤਰ ਉਹਨਾਂ ਚਿੰਤਕਾਂ ਤੇ ਕਵੀਆਂ ਨੂੰ ਆਪਣੇ ਨਾਲ ਜੋੜਨਾ ਚਾਹਿਆ। ਇਹਨਾਂ ਦੀ ਗਿਣਤੀ ਬਵੰਜਾ ਦੱਸੀ ਜਾਂਦੀ ਹੈ, ਜਿਨ੍ਹਾਂ ਵਿੱਚ ਨੰਦ ਲਾਲ ਗੋਯਾ ਵਰਗਾ ਅਰਬੀ-ਫ਼ਾਰਸੀ ਦਾ ਵਿਦਵਾਨ ਵੀ ਸ਼ਾਮਲ ਸੀ। ਉੱਚਪਾਏ ਦੀ ਰਚਨਾ ਕਰ ਕੇ ਗੁਰੂ ਸਾਹਿਬ ਨੇ ਆਪ ਉਹਨਾਂ ਦੀ ਯੋਗ ਅਗਵਾਈ ਕੀਤੀ। ਬਚਿਤ੍ਰ ਨਾਟਕ, ਜਾਪੁ ਸਾਹਿਬ, ਚੰਡੀ ਦੀ ਵਾਰ, ਅਕਾਲ ਉਸਤਤਿ, ਸ਼ਬਦ ਹਜ਼ਾਰੇ, ਸਵੱਯੇ ਆਦਿ ਉਹਨਾਂ ਦੀਆਂ ਬੇਮਿਸਾਲ ਰਚਨਾਵਾਂ ਹਨ। ਕਈ ਵਿਦਵਾਨਾਂ ਦੀ ਧਾਰਨਾ ਹੈ ਕਿ ਸਮੁੱਚਾ ਦਸਮ ਗ੍ਰੰਥ ਹੀ ਗੁਰੂ ਸਾਹਿਬ ਦੀ ਰਚਨਾ ਹੈ। ਨੀਝ ਨਾਲ ਦੇਖਿਆਂ ਇਹ ਧਾਰਨਾ ਦਰੁਸਤ ਨਹੀਂ ਜਾਪਦੀ। ਗੁਰੂ ਸਾਹਿਬ ਦੀਆਂ ਬਹੁਤੀਆਂ ਰਚਨਾਵਾਂ ਬ੍ਰਜ ਭਾਸ਼ਾ ਵਿੱਚ ਰਚੀਆਂ ਹੋਈਆਂ ਹਨ, ਪੰਜਾਬੀ, ਮਾਰਮਿਕ ਰੂਪ ਵਿੱਚ ਇਹਨਾਂ ਦੇ ਅੰਤਰਗਤ ਸਾਹ ਲੈਂਦੀ ਪ੍ਰਤੀਤ ਹੁੰਦੀ ਹੈ।

     ‘ਗੁਰ ਪਰਸਾਦਿ’ ਦੀ ਥਾਂ ‘ਤਪ ਪਰਸਾਦਿ’ ਇਹਨਾਂ ਰਚਨਾਵਾਂ ਦਾ ਮੁੱਖ ਸੂਤਰ ਸੀ। ਇਸ ਦੇ ਯੋਗ ਹੋਣ ਲਈ ਅਕਾਲ ਪੁਰਖ ਨੂੰ ਮਹਾਂ ਕਾਲ ਵਜੋਂ ਚਿਤਵਣਾ ਜ਼ਰੂਰੀ ਸੀ। ਗਿਆਨ, ਭਗਤੀ ਤੇ ਪ੍ਰੇਮ ਰਾਹੀਂ ਇਸ ਨਾਲ ਅਭੇਦ ਹੋਣ ਖ਼ਾਤਰ, ਸੰਸਾਰ ਦੀਆਂ ਵਸਤਾਂ ਤੋਂ ਨਿਰਲੇਪ ਰਹਿਣਾ ਕਾਫ਼ੀ ਨਹੀਂ। ਇਸ ਦੀ ਅਰਾਧਨਾ ਰਾਹੀਂ ਆਪਣੀ, ਆਪਣੇ ਪਰਿਵਾਰ, ਪੰਥ ਅਤੇ ਲੋਕਾਈ ਦੀ ਸੁਰੱਖਿਆ ਮੰਗਣਾ ਵਧੇਰੇ ਉਚਿਤ ਸੀ। ਆਪ ਹਾਥ ਲੈ ਲਯੋ ਬਚਾਇ ਦੀ ਅਰਜ਼ੋਈ ਸੀ ਜੋ ਗੁਰੂ ਸਾਹਿਬ ਕਰਦੇ ਸਨ। ਗੱਲ ਕੀ ਗੀਤਾ ਵਿੱਚ ਅਰਜੁਨ ਸ਼ਸਤਰ ਉਠਾ ਕੇ ਰਣ-ਖੇਤਰ ਵਿੱਚ ਜਾਣ ਤੋਂ ਮੁਨਕਰ ਸੀ ਤੇ ਭਗਵਾਨ ਕ੍ਰਿਸ਼ਨ ਨੂੰ ਉਪਦੇਸ਼ ਦੇ ਕੇ ਉਸ ਨੂੰ ਯੁੱਧ ਖ਼ਾਤਰ ਤਿਆਰ ਕਰਨਾ ਪਿਆ। ਗੁਰੂ ਸਾਹਿਬ ਤਾਂ ਅਕਾਲ ਪੁਰਖ ਦੀ ਅਰਾਧਨਾ ਸਦਕਾ ਆਪ ਹੀ ਸ਼ਸਤਰਬੱਧ ਹੋ ਚੁੱਕੇ ਸਨ। ਅਕਾਲ ਪੁਰਖ ਨੂੰ ਤਾਂ ਉਹਨਾਂ ਦੇ ਸੰਗ ਵਿਚਰਨ ਦੀ ਹੀ ਉਹ ਅਰਜ਼ੋਈ ਕਰਦੇ ਸਨ। ਨਾਲੇ ਕੋਈ ਰਾਜ ਸਥਾਪਿਤ ਕਰਨਾ ਉਹਨਾਂ ਦਾ ਮੰਤਵ ਨਹੀਂ ਸੀ। ਉਹ ਤਾਂ ਮਜ਼ਲੂਮਾਂ ਦੀ ਖ਼ਾਤਰ, ਦੀਨ-ਦੁਨੀਆ ਦੀ ਰੱਖਿਆ ਲਈ ਇਹ ਖ਼ਤਰਾ ਸਹੇੜ ਰਹੇ ਸਨ। ਤਾਂ ਜੋ ਇਸ ਖ਼ਤਰੇ ਨਾਲ ਪੂਰੀ ਤਰ੍ਹਾਂ ਸਿੱਝਿਆ ਜਾ ਸਕੇ। ਗੁਰਬਾਣੀ ਲੇਵਾ ਸੰਗਤ ਦੀ ਪੰਥ ਵੱਲੋਂ ਸਿਰਜਣਾ ਲਾਜ਼ਮੀ ਸੀ। ਇਹ ਅਲੋਕਾਰ ਵੀ ਗੁਰੂ ਸਾਹਿਬ ਨੇ 1699 ਵਿੱਚ ਵਿਸਾਖੀ ਵਾਲੇ ਦਿਨ ਕਰ ਦਿਖਾਇਆ। ਜਿਹੜੇ ਪੰਜ ਪਿਆਰੇ ਸੀਸ ਵਾਰਨ ਲਈ ਅੱਗੇ ਆਏ, ਉਹਨਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਸਾਹਿਬ ਨੇ ਆਪ ਉਹਨਾਂ ਤੋਂ ਅੰਮ੍ਰਿਤ ਛਕਿਆ ਤੇ ਖਾਲਸਾ ਮੇਰੋ ਰੂਪ ਹੈ ਖਾਸ ਨੂੰ ਸੱਚ ਕਰ ਦਿਖਾਇਆ। ਕਈ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਇਹ ਘਟਨਾ ਇੰਨ- ਬਿੰਨ ਉਸ ਤਰ੍ਹਾਂ ਨਹੀਂ ਸੀ ਵਾਪਰੀ ਜਿਵੇਂ ਆਮ ਵਿਸ਼ਵਾਸ ਕੀਤਾ ਜਾਂਦਾ ਹੈ। ਕੁਝ ਵੀ ਹੋਵੇ, ਉਸ ਦਿਨ ਗੁਰੂ ਸਾਹਿਬ ਨੇ ਕੋਈ ਅਲੋਕਾਰ ਤਾਂ ਕੀਤਾ ਜਿਸਦੇ ਫਲਸਰੂਪ ਨਿਰਲੇਪ ਜੀਵਨ ਬਿਤਾਉਣ ਵੱਲ ਰੁਚਿਤ ਗੁਰਬਾਣੀ ਲੇਵਾ ਸੰਗਤ ਜ਼ੁਲਮ-ਜਬਰ ਵਿਰੁੱਧ ਜੂਝਣ ਵਾਲੇ ਖ਼ਾਲਸਾ ਵਿੱਚ ਤਬਦੀਲ ਹੋ ਗਈ।

     ਜਦੋਂ ਇਹ ਯੁੱਗ-ਪਲਟਾਊ ਘਟਨਾਵਾਂ ਘਟ ਰਹੀਆਂ ਸਨ ਤਾਂ ਗੁਰੂ ਸਾਹਿਬ ਨਾਲ ਖਾਰ ਖਾਣ ਵਾਲੇ ਪਹਾੜੀ ਰਾਜੇ, ਉਹਨਾਂ ਦੇ ਭਾਈਵਾਲ ਸੂਬੇਦਾਰ ਤੇ ਮੁਗ਼ਲ ਰਾਜ ਦੇ ਵਾਲੀ ਕਿਵੇਂ ਵੀ ਚੁੱਪ ਨਹੀਂ ਰਹਿ ਸਕਦੇ ਸਨ। ਸੋ ਪਹਾੜੀ ਰਾਜਿਆਂ ਨਾਲ ਝੜੱਪਾਂ ਹੋਣ ਲੱਗੀਆਂ, ਜੋ ਮੁਗ਼ਲ ਰਾਜ ਨਾਲ ਅਟੱਲ ਟਕਰਾਉ ਵਿੱਚ ਬਦਲ ਗਈਆਂ। ਨਤੀਜੇ ਵਜੋਂ ਅਨੰਦਪੁਰ ਸਾਹਿਬ ਨੂੰ ਘੇਰਾ ਪੈ ਗਿਆ, ਜਿੱਥੋਂ ਗੁਰੂ ਸਾਹਿਬ ਨੂੰ ਹਿਜਰਤ ਕਰਨੀ ਪਈ। ਉਹਨਾਂ ਚਮਕੌਰ ਦੇ ਕਿਲ੍ਹੇ ਵਿੱਚ ਪਨਾਹ ਜਾ ਲਈ, ਜਿੱਥੇ ਮੁਗ਼ਲਾਂ ਨਾਲ ਹੋਈ ਭੇੜ ਵਿੱਚ ਉਹਨਾਂ ਦੇ ਵੱਡੇ ਦੋ ਸਾਹਿਬਜ਼ਾਦੇ ਸ਼ਹੀਦ ਹੋ ਗਏ। ਉੱਥੋਂ ਗੁਰੂ ਸਾਹਿਬ ਮਾਛੀਵਾੜੇ ਆ ਗਏ ਅਤੇ ਮੁਗ਼ਲਾਂ ਤੋਂ ਬਚਦੇ ਬਚਾਉਂਦੇ ਮੁਕਤਸਰ ਦੇ ਜੰਗਲਾਂ ਵਿੱਚ ਜਾ ਪਨਾਹਗੀਰ ਹੋਏ। ਉਹਨਾਂ ਦੀ ਮਾਤਾ ਸਮੇਤ, ਛੋਟੇ ਦੋਨੋਂ ਸਾਹਿਬਜ਼ਾਦੇ, ਸਰਹੰਦ ਦੇ ਸੂਬੇਦਾਰ ਦੇ ਹੱਥ ਲੱਗ ਪਏ। ਜਦੋਂ ਉਹਨਾਂ ਨੇ ਇਸਲਾਮ ਕਬੂਲ ਕਰਨ ਤੋਂ ਨਾਂਹ ਕਰ ਦਿੱਤੀ ਤਾਂ ਉਹਨਾਂ ਨੂੰ ਕੰਧ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ। ਸਦਮੇ ਨੂੰ ਨਾ ਸਹਾਰਦੀ ਹੋਈ ਗੁਰੂ ਸਾਹਿਬ ਦੀ ਮਾਤਾ ਵੀ ਪ੍ਰਾਣ ਤਿਆਗ ਗਈ।

     ਮੁਕਤਸਰ ਨੇੜੇ ਮੁਗ਼ਲਾਂ ਨਾਲ ਗੁਰੂ ਗੋਬਿੰਦ ਸਿੰਘ ਦੀ ਫੇਰ ਟੱਕਰ ਹੋ ਗਈ। ਚਾਲੀ ਮੁਕਤੇ, ਜੋ ਅਨੰਦਪੁਰ ਦੇ ਘੇਰੇ ਸਮੇਂ ਉਹਨਾਂ ਦਾ ਸਾਥ ਛੱਡ ਗਏ ਸਨ, ਹੁਣ ਜਾਨਾਂ ਵਾਰ ਗਏ। ਏਥੋਂ ਗੁਰੂ ਸਾਹਿਬ ਤਲਵੰਡੀ ਸਾਬੋ ਆ ਟਿਕੇ। ਇਸ ਟਿਕਾਉ ਦੌਰਾਨ ਉਹਨਾਂ ਭਾਈ ਮਨੀ ਸਿੰਘ ਨੂੰ ਆਦਿ ਗ੍ਰੰਥ ਲਿਖਵਾਇਆ। ਉਹਨਾਂ ਵੱਲੋਂ ਲਿਖਵਾਈ ਇਹ ਬੀੜ ਹੀ ਪ੍ਰਮਾਣਿਕ ਗੁਰੂ ਗ੍ਰੰਥ ਹੈ, ਜਿਸ ਨੂੰ ਬਾਅਦ ਵਿੱਚ ਉਹਨਾਂ ਗੁਰਿਆਈ ਬਖ਼ਸ਼ ਦਿੱਤੀ। ਆਪ ਉਹ ਦੱਖਣ ਨੂੰ ਚੱਲੇ ਗਏ। ਇਸ ਹਿਜਰਤ ਦੌਰਾਨ ਉਹਨਾਂ ਔਰੰਗ਼ਜ਼ੇਬ ਦੇ ਨਾਮ ਇੱਕ ਲੰਮਾ ਖ਼ਤ ਲਿਖਿਆ, ਜਿਸ ਨੂੰ ਜ਼ਫਰਨਾਮਾ ਕਰ ਕੇ ਜਾਣਿਆ ਜਾਂਦਾ ਹੈ। ਦੱਖਣ ਵਿੱਚ ਉਹ ਗੋਦਾਵਰੀ ਨਦੀ ਕਿਨਾਰੇ ਜਾ ਬਿਰਾਜੇ ਜਿੱਥੇ ਮੰਨਿਆ ਜਾਂਦਾ ਹੈ ਕਿ 1708 ਵਿੱਚ ਉਹ ਜੋਤੀ-ਜੋਤ ਸਮਾ ਗਏ। ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੇ ਲਫਜ਼ਾਂ ਵਿੱਚ ਉਹ ਪਰਮ ਮਨੁੱਖ ਸਨ ਤੇ ਮਰਦ ਅਗੰਮੜਾ ਵੀ ਜੋ ਉਹਨਾਂ ਬਾਰੇ ਰਚੇ ਗਏ ਇੱਕ ਮਹਾਂਕਾਵਿ ਦਾ ਸਿਰਲੇਖ ਹੈ।


ਲੇਖਕ : ਤੇਜਵੰਤ ਸਿੰਘ ਗਿੱਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 14676, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਗੁਰੂ ਗੋਬਿੰਦ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰੂ ਗੋਬਿੰਦ ਸਿੰਘ: ਬਸੰਤ ਕੁਮਾਰ ਬੈਨਰਜ਼ੀ ਦੁਆਰਾ ਸਿੱਖ ਧਰਮ ਦੇ ਦਸਵੇਂ ਅਧਿਆਤਮਿਕ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੀ ਬੰਗਲਾ ਵਿਚ ਲਿਖੀ ਗਈ ਜੀਵਨੀ ਹੈ। ਲੇਖਕ ਦੇ ਕਥਨ ਅਨੁਸਾਰ, ਇਹ ਪੁਸਤਕ ਉਸਦੀ ਪਹਿਲੀ ਪੁਸਤਕ ਸਿੱਖ ਗੁਰੂ ਦੇ ਵਿਚ ਦਸਵੇਂ ਗੁਰੂ ਨਾਲ ਸੰਬੰਧਿਤ ਅਧਿਆਇ ਦਾ ਹੀ ਵਿਸਤ੍ਰਿਤ ਹਿੱਸਾ ਹੈ। ਫਿਰ ਵੀ, ਨਾ ਹੀ ਸਿੱਖ ਗੁਰੂ ਅਤੇ ਨਾ ਹੀ ਸਿੱਖ ਚਰਿਤ੍ਰ ਜਿਸਦੇ ਲਿਖਣ ਦਾ ਲੇਖਕ ਦਾਅਵਾ ਕਰਦਾ ਹੈ, ਉਹ ਵਰਤਮਾਨ ਸਮੇਂ ਵਿਚ ਮੌਜੂਦ ਨਹੀਂ ਹਨ। ਗੁਰੂ ਗੋਬਿੰਦ ਸਿੰਘ ਸਿਰਲੇਖ ਵਾਲੀ ਰਚਨਾ ਪਹਿਲੀ ਵਾਰ 1909 ਵਿਚ ਪ੍ਰਕਾਸ਼ਿਤ ਹੋਈ ਜਿਸਦਾ ਬਾਅਦ ਵਿਚ ਹਿੰਦੀ ਅਤੇ ਅੰਗਰੇਜ਼ੀ ਵਿਚ ਅਨੁਵਾਦ ਕੀਤਾ ਗਿਆ, ਜੋ ਸਿੱਖੀ ਦੇ ਵਿਕਾਸ ਸਮੇਂ ਪੰਜਾਬ ਦੀ ਰਾਜਨੀਤਿਕ ਅਤੇ ਧਾਰਮਿਕ ਹਾਲਾਤਾਂ ਬਾਰੇ ਆਮ ਸਰਵੇਖਣ ਨਾਲ ਸ਼ੁਰੂ ਹੁੰਦੀ ਹੈ। ਲੇਖਕ ਅਨੁਸਾਰ, ਗੁਰੂ ਨਾਨਕ ਦੇਵ ਜੀ ਨੇ ਹਿੰਦੂ ਅਤੇ ਮੁਸਲਮਾਨਾਂ ਦੀ ਸਦਭਾਵਨਾ ਦੀ ਸਿੱਖਿਆ ਦਾ ਸੰਦੇਸ਼ ਦਿੱਤਾ ਸੀ। ਪਰੰਤੂ ਮੁਗ਼ਲਾਂ ਦੀ ਨਿਯਮਿਤ ਧਾਰਮਿਕ ਅਤਿਆਚਾਰਾਂ ਦੀ ਨੀਤੀ ਨੇ ਸਿੱਖਾਂ ਨੂੰ ਸਿਪਾਹੀਆਂ ਦੀ ਕੌਮ ਵਿਚ ਤਬਦੀਲ ਕਰ ਦਿੱਤਾ ਸੀ। ਖ਼ਾਲਸੇ ਦਾ ਜਨਮ ਇਕ ਅਜਿਹੀ ਘਟਨਾ ਵਜੋਂ ਬਿਆਨ ਕੀਤਾ ਗਿਆ ਹੈ ਜਿਸਨੇ “ਸਿੱਖਾਂ ਲਈ ਨਵੇਂ ਰਾਜ ਦੀ ਸਥਾਪਨਾ ਕਰਨ ਦਾ ਰਸਤਾ ਤਿਆਰ ਕੀਤਾ ਅਤੇ ਘੋਰ-ਅਤਿਆਚਾਰ ਦਾ ਸਾਮ੍ਹਣਾ ਕਰਨ ਵੇਲੇ ਉਹਨਾਂ ਦੇ ਵਿਸ਼ਵਾਸ ਨੂੰ ਬਚਾਉਣ ਲਈ ਉਹਨਾਂ ਨੂੰ ਨਵਾਂ ਕੇਂਦਰ ਬਿੰਦੂ ਪ੍ਰਦਾਨ ਕੀਤਾ।” ਲੇਖਕ ਦਾ ਕਹਿਣਾ ਹੈ ਕਿ, “ਗੁਰੂ ਗੋਬਿੰਦ ਸਿੰਘ ਜੀ ਦੇ ਲੜਾਈਆਂ ਵਿਚ ਰੁੱਝੇ ਰਹਿਣ ਦੇ ਬਾਵਜੂਦ, ਇਕਾਂਤਵਾਸੀ (ਸਹਿਜਮਈ) ਜੀਵਨ ਬਤੀਤ ਕੀਤਾ, ਅਤੇ ਆਪਣੀ ਸਫ਼ਲਤਾ ਦੀਆਂ ਘੜੀਆਂ ਵਿਚ ਵੀ ਕਦੇ ਵੀ ਐਸ਼ੋ-ਇਸ਼ਰਤ ਦੀਆਂ ਵਸਤਾਂ ਨੇੜੇ ਨਹੀਂ ਗਏ।” ਇਹ ਪੁਸਤਕ ਗੁਰੂ ਜੀ ਦੇ ਚਰਿੱਤਰ ਅਤੇ ਉਹਨਾਂ ਦੇ ਭਾਰਤ ਦੇ ਇਤਿਹਾਸ ਉੱਤੇ ਪ੍ਰਭਾਵ ਦਾ ਵਿਸਤਾਰਪੂਰਬਕ ਸਪਸ਼ਟੀਕਰਨ ਕਰਦੀ ਹੈ, ਪਰੰਤੂ ਲੇਖਕ ਦੀਆਂ ਹਿੰਦੂ ਰੁਚੀਆਂ ਉਸਦੇ ਵਿਸ਼ਲੇਸ਼ਣ ਨੂੰ ਕਮਜ਼ੋਰ ਕਰਦੀਆਂ ਹਨ। ਬਿਰਤਾਂਤ ਵਿਚ ਕਈ ਤਥੱਮਈ ਗ਼ਲਤੀਆਂ ਹਨ।


ਲੇਖਕ : ਹ.ਬ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12152, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਗੁਰੂ ਗੋਬਿੰਦ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰੂ ਗੋਬਿੰਦ ਸਿੰਘ: ਜੋਗਿੰਦਰਨਾਥ ਗੁਪਤਾ ਦੁਆਰਾ ਬੰਗਾਲੀ ਭਾਸ਼ਾ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਦੀ ਸੰਖੇਪ ਰੂਪ-ਰੇਖਾ ਹੈ। 1923 ਵਿਚ ਪ੍ਰਕਾਸ਼ਿਤ ਹੋਈ, ਇਹ ਪੁਸਤਕ ਸਕੂਲ ਦੇ ਬੱਚਿਆਂ ਲਈ ਬਣਾਈ ਗਈ ਹੈ। ਇਸਦੇ ਕੁੱਲ 53 ਪੰਨਿਆਂ ਵਿਚੋਂ, ਪਹਿਲੇ 12 ਪੰਨੇ , ਪਹਿਲੇ ਨੌਂ ਗੁਰੂਆਂ ਦੇ ਸਮੇਂ ਦੇ ਸਿੱਖਾਂ ਦੇ ਮੁਢਲੇ ਇਤਿਹਾਸ ਨਾਲ ਸੰਬੰਧਿਤ ਹਨ। ਅਗਲੇ 10 ਪੰਨਿਆਂ ਵਿਚ ਉਨ੍ਹਾਂ ਮਹੱਤਵਪੂਰਨ ਇਤਿਹਾਸਿਕ ਘਟਨਾਵਾਂ ਸੰਬੰਧੀ ਵੇਰਵੇ ਦਰਜ਼ ਹਨ ਜੋ 1699 ਦੇ ਵਸਾਖੀ ਵਾਲੇ ਦਿਨ (ਮਾਰਚ 30) ਨੂੰ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਦੀ ਸਿਰਜਣਾ ਦਾ ਕਾਰਨ ਬਣੇ। ਬਾਕੀ ਦੀ ਪੁਸਤਕ ਗੁਰੂ ਗੋਬਿੰਦ ਸਿੰਘ ਜੀ ਦੀਆਂ ਮੁਗ਼ਲਾਂ ਨਾਲ ਸੈਨਿਕ ਲੜਾਈਆਂ ਜਾਂ ਮੁੱਠਭੇੜਾਂ ਅਤੇ 1708 ਵਿਚ ਉਹਨਾਂ ਦੇ ਜੋਤੀ-ਜੋਤਿ ਸਮਾਉਣ ਤੋਂ ਕੁਝ ਸਮਾਂ ਪਹਿਲਾਂ ਉਹਨਾਂ ਦਾ “ਬਹਾਦੁਰ ਸ਼ਾਹ ਨਾਲ ਅਨਿਰਨਾਇਕ ਰਾਜਨੀਤਿਕ ਸਮਝੌਤੇ” ਦੇ ਇਤਿਹਾਸ ਦਾ ਸਰਵੇਖਣ ਕਰਦੀ ਹੈ। ਇਸ ਪੁਸਤਕ ਦਾ ਮਹੱਤਵਪੂਰਨ ਪਹਿਲੂ ਇਹ ਹੈ ਕਿ ਇਸ ਵਿਚ ਸਿੱਖ ਰਹਿਤ ਮਰਯਾਦਾ ਦੀ ਵਿਸਤਾਰ-ਪੂਰਬਕ ਵਿਆਖਿਆ ਦਰਜ ਹੈ। ਤਾਂ ਵੀ, ਇਸ ਪੁਸਤਕ ਵਿਚ ਕੁਝ ਤੱਥਾਤਮਿਕ ਗ਼ਲਤੀਆਂ ਸ਼ਾਮਲ ਹਨ ਅਤੇ ਲੇਖਕ ਨੇ ਗੁਰੂ ਹਰਿਗੋਬਿੰਦ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਅਧੀਨ ਸਿੱਖਾਂ ਵਿਚ ਜੁਝਾਰੂਪੁਣੇ ਜਾਂ ਯੁੱਧਪ੍ਰਿਅਤਾ ਦੇ ਵਾਧੇ ਲਈ ਜੋ ਸਪਸ਼ਟੀਕਰਨ ਦਿੱਤਾ ਹੈ ਉਹ ਬਿਲਕੁਲ ਨਾ ਮੰਨਣਯੋਗ ਹੈ।


ਲੇਖਕ : ਹ.ਬ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12138, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਗੁਰੂ ਗੋਬਿੰਦ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰੂ ਗੋਬਿੰਦ ਸਿੰਘ: ਟਿੰਕਾਰੀ ਬੈਨਰਜੀ ਦੁਆਰਾ ਸਿੱਖ ਧਰਮ ਦੇ ਦਸਵੇਂ ਅਤੇ ਅੰਤਿਮ ਅਧਿਆਤਮਿਕ ਗੁਰੂ , ਗੁਰੂ ਗੋਬਿੰਦ ਸਿੰਘ ਜੀ ਦਾ ਬੰਗਾਲੀ ਭਾਸ਼ਾ ਵਿਚ ਲਿਖਿਆ ਹੋਇਆ ਜੀਵਨ-ਬਿਰਤਾਂਤ ਹੈ। ਲੇਖਕ, ਜੋ 19 ਵੀਂ ਸਦੀ ਦਾ ਨਾਮੀ ਸਾਹਿਤਕਾਰ ਸੀ , ਇਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਬਾਣੀ ਭਗੌਤੀ ਨੂੰ ਸੁਣਨ ਲਈ ਚੱਲਾ ਗਿਆ ਅਤੇ ਇਸ ਬਾਣੀ ਦੇ ਪ੍ਰਭਾਵ ਨੇ ਲੇਖਕ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਲਿਖਣ ਦਾ ਕੰਮ ਆਪਣੇ ਜ਼ੁੰਮੇ ਲੈਣ ਲਈ ਪ੍ਰੇਰਿਤ ਕੀਤਾ, ਜਿਸਨੇ ਉਸਦੀ ਮਿਹਨਤ ਦੇ 30 ਸਾਲ ਲੈ ਲਏ ਅਤੇ ਇਸ ਸਮੇਂ ਦੌਰਾਨ ਉਸਨੇ ਕਲਕੱਤੇ ਵਿਚਲੇ ਬੜਾ ਬਜ਼ਾਰ ਦੇ ਗੁਰਦੁਆਰੇ ਦੇ ਗ੍ਰੰਥੀਆਂ ਅਤੇ ਬੜਾ ਬਜ਼ਾਰ ਸਿੱਖ ਸੰਗਤ ਪਾਸੋਂ ਹਰ ਮੁਮਕਿਨ ਸਹਾਇਤਾ ਪ੍ਰਾਪਤ ਕੀਤੀ। ਇਹ ਪੁਸਤਕ, ਪਹਿਲੀ ਵਾਰ 1896 ਵਿਚ ਪ੍ਰਕਾਸ਼ਿਤ ਹੋਈ; ਇਸ ਪੁਸਤਕ ਦਾ ਤਿੰਨ ਚੌਥਾਈ ਹਿੱਸਾ ਪਹਿਲੇ 9 ਗੁਰੂਆਂ ਦੇ ਜੀਵਨ ਨੂੰ ਸਮਰਪਿਤ ਹੈ ਅਤੇ ਅਖੀਰਲੇ ਤਿੰਨ ਅਧਿਆਇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ-ਪੰਧ ਦਾ ਵਰਨਨ ਕਰਦੇ ਹਨ। ਪਰ ਦੂਜੇ ਸੰਸਕਰਨ ਦਾ ਵੱਡਾ ਹਿੱਸਾ ਜਿਹੜਾ 1918 ਵਿਚ ਪ੍ਰਕਾਸ਼ਿਤ ਹੋਇਆ ਉਸ ਵਿਚ ਦਸਵੇਂ ਗੁਰੂ ਦੀ ਜੀਵਨ ਕਥਾ ਨੂੰ ਲਿਆ ਗਿਆ ਹੈ। ਨਵੇਂ ਸੰਸਕਰਨ ਵਿਚ ਦਸਾਂ ਗੁਰੂਆਂ ਦੇ ਚਿੱਤਰ ਅਤੇ ਦੋ ਨਕਸ਼ੇ ਵੀ ਸ਼ਾਮਲ ਕੀਤੇ ਗਏ ਹਨ ਜਿਹਨਾਂ ਵਿਚੋਂ ਇਕ ਨਕਸ਼ਾ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਮੁੱਖ ਰਾਜਨੀਤਿਕ ਕੇਂਦਰਾਂ ਅਤੇ ਧਾਰਮਿਕ ਅਸਥਾਨਾਂ ਨੂੰ ਦਰਸਾਉਂਦਾ ਹੈ। ਗੁਰੂ ਜੀ ਪ੍ਰਤੀ ਲੇਖਕ ਦਾ ਵਰਤਾਉ ਸੱਚਾ ਜਾਂ ਦਿਲੀ ਪ੍ਰਸੰਸਾਤਮਿਕ ਅਤੇ ਸਤਿਕਾਰ ਵਾਲਾ ਹੈ। ਉਹ ਉਹਨਾਂ (ਗੁਰੂ ਗੋਬਿੰਦ ਸਿੰਘ ਜੀ) ਨੂੰ ਪਰਮਾਤਮਾ ਦਾ ਸੱਚਾ ਸੰਦੇਸ਼ਵਾਹਕ ਮੰਨਦਾ ਹੈ ਅਤੇ ਉਹ ਉਹਨਾਂ ਦੇ ਇਤਿਹਾਸਿਕ ਕਾਰਜਾਂ ਦਾ ਸਾਰਾਂਸ਼ ਇਸ ਪ੍ਰਕਾਰ ਪੇਸ਼ ਕਰਦਾ ਹੈ ਜਿਵੇਂ ਮਨੁੱਖੀ ਦੇਹ ਦਾ ਸਿਰਜਣਹਾਰ, ਸੰਤ ਅਤੇ ਸਿਪਾਹੀ, ਕਮਜ਼ੋਰ ਦੀ ਰੱਖਿਆ ਲਈ ਵਚਨਬੱਧ ਅਤੇ ਰਾਜਸੀ ਜ਼ੁਲਮ ਨੂੰ ਚੁਣੌਤੀ ਹੈ।


ਲੇਖਕ : ਹ.ਬ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12105, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.