ਗੁਲਾਬ ਸਿੰਘ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਲਾਬ ਸਿੰਘ. ਅਮ੍ਰਿਤ ਛਕਣ ਪਿੱਛੋਂ ਬਾਬਾ ਗੁਲਾਬ ਰਾਇ ਦਾ ਇਹ ਨਾਮ ਹੋਇਆ. ਦੇਖੋ, ਸੂਰਜਮੱਲ ਅਤੇ ਗੁਲਾਬਰਾਇ। ੨ ਇੱਕ ਪ੍ਰੇਮੀ ਖਤ੍ਰੀ , ਜਿਸਨੇ ਦਸ਼ਮੇਸ਼ ਤੋਂ ਅਮ੍ਰਿਤ ਛਕਕੇ ਦੇਸ਼ ਅਤੇ ਕੌਮ ਦੀ ਸੇਵਾ ਕੀਤੀ. ਇਹ ਆਨੰਦਪੁਰ ਦੇ ਜੰਗ ਵਿੱਚ ਸ਼ਹੀਦ ਹੋਇਆ। ੩ ਦੇਖੋ, ਖੁਡਾਲ ਅਕਬਰਵਾਲੀ

ਭਾਈ ਗੁਲਾਬ ਸਿੰਘ ਜੀ ਨਿਰਮਲੇ ਸਾਧੂ , ਜੋ ਸੰਸਕ੍ਰਿਤ , ਹਿੰਦੀ ਅਤੇ ਪੰਜਾਬੀ ਦੇ ਪੰਡਿਤ ਸਨ. ਇਨ੍ਹਾਂ ਦਾ ਜਨਮ ਸੰਮਤ ੧੭੮੯ ਵਿੱਚ ਚੱਬੇ ਜਿਮੀਦਾਰਾਂ ਦੀ ਕੁਲ ਵਿੱਚ ਮਾਤਾ ਗੌਰੀ ਦੇ ਉਦਰੋਂ ਪਿਤਾ ਰਾਯਾ (ਰਾਇਆ) ਦੇ ਘਰ ਪਿੰਡ ਸੇਖਵ, ਜਿਸ ਨੂੰ ਸੇਖਮ ਭੀ ਆਖਦੇ ਹਨ (ਜਿਲਾ ਲਹੌਰ, ਤਸੀਲ ਚੂਣੀਆਂ ਥਾਣਾ ਸਰਾਇਮੁਗਲ) ਵਿੱਚ ਹੋਇਆ.1 ਆਪ ਨੇ ਸੰਤ ਮਾਨ ਸਿੰਘ ਜੀ ਤੋਂ ਸਿੱਖ ਧਰਮ ਦੀ ਦੀ੖੠ ਲਈ ਅਤੇ ਵੇਦਾਂਤਗ੍ਰੰਥ ਪੜ੍ਹੇ,2 ਅਰ ਕਾਸ਼ੀ ਵਿੱਚ ਬਹੁਤ ਸਮਾ ਰਹਿਕੇ ਸੰਸਕ੍ਰਿਤ ਦਾ ਅਭ੍ਯਾਸ ਕੀਤਾ. ਪੰਡਿਤ ਗੁਲਾਬ ਸਿੰਘ ਜੀ ਦੀ ਇਹ ਪ੍ਰਬਲ ਇੱਛਾ ਸੀ ਕਿ ਭਾ੄੠ ਵਿੱਚ ਗ੍ਰੰਥ ਲਿਖਕੇ ਦੇਸ ਦੀ ਸੇਵਾ ਕੀਤੀ ਜਾਵੇ.

ਆਪ ਨੇ ਸੰਮਤ ੧੮੩੪ ਵਿੱਚ ਭਾਵਰਸਾਮ੍ਰਿਤ, ਸੰਮਤ ੧੮੩੫ ਵਿੱਚ ਮੋ੖ਪੰਥ, ਸੰਮਤ ੧੮੩੯ ਵਿੱਚ ਅਧ੍ਯਾਤਮਰਾਮਾਇਣ ਦਾ ਛੰਦਾਂ ਵਿੱਚ ਉਲਥਾ ਅਤੇ ਸੰਮਤ ੧੮੪੯ ਵਿੱਚ ਪ੍ਰਬੋਧਚੰਦ੍ਰ ਨਾਟਕ ਰਚਿਆ. ਇਨ੍ਹਾਂ ਦੇ ਲਿਖੇ ਹੋਰ ਭੀ ਕਈ ਉੱਤਮ ਗ੍ਰੰਥ ਸਨ, ਜੋ ਈਰਖਾ ਵਾਲਿਆਂ ਦੇ ਹੱਥੋਂ ਨ੄਍ ਹੋ ਗਏ।

੫ ਗੁਲਾਬ ਸਿੰਘ ਡੋਗਰਾ. ਅਸਮੈਹਲਪੁਰ ਡਿਉਲੀ ਵਿੱਚ (ਜੋ ਜੰਮੂ ਤੋਂ ਸੱਤ ਕੋਹ ਦੇ ਫਾਸਲੇ ਪੁਰ ਹੈ) ਕੇਸਰੀ ਡੋਗਰੇ ਦੇ ਘਰ ਸਨ ੧੭੮੮ ਵਿੱਚ ਧ੍ਯਾਨ ਸਿੰਘ, ਸਨ ੧੭੯੭ ਵਿੱਚ ਗੁਲਾਬ ਸਿੰਘ, ਸਨ ੧੮੦੧ ਵਿੱਚ ਸੁਚੇਤ ਸਿੰਘ ਜੰਮੇ. ਇਹ ਡੋਗਰੇ ਕਈ ਥਾਂਈਂ ਨੌਕਰੀ ਕਰਦੇ ਕਰਦੇ ਅੰਤ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਭਰਤੀ ਹੋਏ. ਪ੍ਰਾਰਬਧ ਦੇ ਚੱਕਰ ਨਾਲ ਧ੍ਯਾਨ ਸਿੰਘ ਮਹਾਰਾਜਾ ਦੀ ਕ੍ਰਿਪਾ ਦਾ ਪਾਤ੍ਰ ਬਣਕੇ ਸਿਪਾਹੀ ਤੋਂ ਵਧਦਾ ਵਧਦਾ ਡਿਹੁਢੀ ਵਾਲਾ ਬਣ ਗਿਆ, ਅਤੇ ਰਾਜਾ ਦੀ ਪਦਵੀ ਪਾਈ. ਗੁਲਾਬ ਸਿੰਘ ਭੀ ਰਾਜਾ ਬਣਿਆ. ਧ੍ਯਾਨ ਸਿੰਘ ਦੀ ਔਲਾਦ ਹੁਣ ਪੁਣਛ ਰਾਜ ਕਰ ਰਹੀ ਹੈ ਅਤੇ ਗੁਲਾਬ ਸਿੰਘ ਦਾ ਵੰਸ਼ ਜੰਮੂ ਅਤੇ ਕਸ਼ਮੀਰ ਦਾ ਮਹਾਰਾਜਾ ਹੈ. ਦੇਖੋ, ਧ੍ਯਾਨ ਸਿੰਘ.

ਸਿੱਖਰਾਜ ਦੇ ਛਿੰਨ ਭਿੰਨ ਹੋਣ ਪੁਰ ਸਨ ੧੮੪੬ ਵਿੱਚ ਸ੍ਵਾਰਥੀ ਗੁਲਾਬ ਸਿੰਘ ਨੇ ਅੰਗ੍ਰੇਜ਼ੀ ਸਰਕਾਰ ਤੋਂ ਵਡੀ ਚਤੁਰਾਈ ਨਾਲ ਮਹਾਰਾਜਗੀ ਦਾ ਖਿਤਾਬ ਅਤੇ ੭੫ ਲੱਖ ਰੁਪਯੇ ਬਦਲੇ ਕਸ਼ਮੀਰ ਦਾ ਇਲਾਕਾ ਪ੍ਰਾਪਤ ਕੀਤਾ. ਇਸ ਦਾ ਦੇਹਾਂਤ ਅਗਸਤ ਸਨ ੧੮੫੭ ਵਿੱਚ ਹੋਇਆ।3

੬ ਗਿੜਵੜੀ ਨਿਵਾਸੀ ਮਹਾਨ ਪੰਡਿਤ ਗੁਲਾਬ ਸਿੰਘ ਜੀ, ਜਿਨ੍ਹਾਂ ਦੇ ਵਿਦ੍ਯਾਰਥੀ ਸੰਤ ਸਾਧੂ ਸਿੰਘ ਜੀ ਅਤੇ ਪੰਡਿਤ ਤਾਰਾ ਸਿੰਘ ਜੀ ਪ੍ਰਸਿੱਧ ਹੋਏ ਹਨ. ਦੇਖੋ, ਸਾਧੂ ਸਿੰਘ ਅਤੇ ਤਾਰਾ ਸਿੰਘ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4466, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੁਲਾਬ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਲਾਬ ਸਿੰਘ: ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ਦੇ ਤਲਵੰਡੀ ਇਲਾਕੇ ਦਾ ਜਗੀਰਦਾਰ ਜੋ 1848-49 ਦੇ ਅੰਗਰੇਜ਼ਾਂ ਪ੍ਰਤੀ ਵਿਦਰੋਹ ਦੇ ਆਗੂ ਭਾਈ ਮਹਾਰਾਜ ਸਿੰਘ ਨਾਲ ਪਿੰਡ ਜ਼ਹੂਰਾ ਵਿਖੇ ਸ਼ਾਮਲ ਹੋਇਆ ਸੀ। ਮਹਾਰਾਜ ਸਿੰਘ ਦੇ ਹੁਕਮ ‘ਤੇ, ਇਸਨੇ ਪੰਜਾਬ ਦੇ ਮਾਲਵੇ ਖੇਤਰ ਦੇ ਸਿੱਖਾਂ ਨੂੰ ਵਿਦਰੋਹ ਵਿਚ ਸ਼ਾਮਲ ਹੋਣ ਲਈ ਲਿਖਤੀ ਬੇਨਤੀ ਕੀਤੀ ਸੀ। ਇਹ ਉਸਦੇ ਨਾਲ ਦੁਆਬਾ ਖੇਤਰ ਵਿਚ ਵੀ ਘੁੰਮਿਆ ਅਤੇ ਇਸਨੇ ਲੋਕਾਂ ਨੂੰ ਆਗੂ ਦੇ ਸੱਦੇ ‘ਤੇ ਅੱਗੇ ਆਉਣ ਲਈ ਤਿਆਰ-ਬਰ-ਤਿਆਰ ਰਹਿਣ ਲਈ ਪ੍ਰੇਰਿਤ ਕੀਤਾ।


ਲੇਖਕ : ਮ.ਲ.ਅ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4417, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਗੁਲਾਬ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਲਾਬ ਸਿੰਘ (ਅ.ਚ. 1759): ਡੱਲੇਵਾਲੀਆ ਵੰਸ਼ ਦਾ ਸੰਸਥਾਪਕ, ਜਿਸਦਾ ਜਨਮ ਸ਼ਰਧਾ ਰਾਮ ਦੇ ਘਰ ਪਿੰਡ ਡੱਲੇਵਾਲ ਵਿਖੇ ਹੋਇਆ ਸੀ , ਜੋ ਕਿ ਅੰਮ੍ਰਿਤਸਰ ਤੋਂ 50 ਕਿਲੋਮੀਟਰ ਉੱਤਰ-ਪੂਰਬ ਵੱਲ ਰਾਵੀ ਦਰਿਆ ਦੇ ਖੱਬੇ ਕੰਢੇ ‘ਤੇ ਡੇਰਾ ਬਾਬਾ ਨਾਨਕ ਕੋਲ ਹੈ। ਇਹ ਆਪਣੇ ਜਵਾਨੀ ਦੇ ਦਿਨਾਂ ਵਿਚ, ਪਿੰਡ ਵਿਚ ਪਰਚੂਨ ਦੀ ਦੁਕਾਨ ਕਰਦਾ ਸੀ ਅਤੇ ਗੁਲਾਬਾ ਖੱਤਰੀ ਵਜੋਂ ਜਾਣਿਆ ਜਾਂਦਾ ਸੀ। ਸਿੱਖਾਂ ਦੀਆਂ ਬਹਾਦਰੀ ਦੀਆਂ ਕਹਾਣੀਆਂ ਸੁਣ ਕੇ ਇਹ ਅੰਮ੍ਰਿਤਸਰ ਆਇਆ, ਨਵਾਬ ਕਪੂਰ ਸਿੰਘ ਨੂੰ ਮਿਲਣ ਗਿਆ ਅਤੇ ਸਵੈ ਇੱਛਾ ਨਾਲ ਇਸ ਨੇ ਸਿੱਖ ਬਣਨਾ ਚਾਹਿਆ। ਇਸ ਨੂੰ ਲੰਮੇ ਵਾਲ ਰੱਖਣ, ਘੋੜ-ਸਵਾਰੀ ਕਰਨ, ਤੀਰ ਅੰਦਾਜ਼ੀ ਦਾ ਅਭਿਆਸ ਕਰਨ, ਤਲਵਾਰ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਅਤੇ ਇਕ ਸਾਲ ਬਾਅਦ ਫਿਰ ਆਉਣ ਲਈ ਕਿਹਾ ਗਿਆ। ਗੁਲਾਬਾ ਘਰ ਵਾਪਸ ਆ ਗਿਆ ਅਤੇ ਕੁਝ ਨੌਜਵਾਨਾਂ ਨੂੰ ਆਪਣੇ ਸਾਥੀ ਬਣਾਉਣ ਵਿਚ ਇਸ ਨੇ ਸਫ਼ਲਤਾ ਪ੍ਰਾਪਤ ਕੀਤੀ ਅਤੇ ਦਲੇਰੀ ਵਾਲੇ ਕੰਮਾਂ ਨਾਲ ਆਪਣੀ ਜੀਵਨ-ਯਾਤਰਾ ਦਾ ਅਰੰਭ ਕੀਤਾ। ਇਹ ਦਿਵਾਲੀ ਦੇ ਤਿਉਹਾਰ ‘ਤੇ ਆਪਣੇ ਜਥੇ ਸਮੇਤ ਅੰਮ੍ਰਿਤਸਰ ਆਇਆ, ਜਥੇ ਵਿਚੋਂ ਬਹੁਤੇ ਘੋੜ-ਸਵਾਰ ਸਨ। ਨਵਾਬ ਕਪੂਰ ਸਿੰਘ ਇਸ ਤੋਂ ਪ੍ਰਭਾਵਿਤ ਹੋਇਆ ਅਤੇ ਉਸ ਨੇ ਸਿੱਖੀ ਦੀ ਪਹਿਲੀ ਰੀਤ ਨਿਭਾਉਂਦਿਆਂ ਇਸਦਾ ਨਾਂ ਗੁਲਾਬ ਸਿੰਘ ਰੱਖ ਦਿੱਤਾ। 1748 ਵਿਚ ‘ਦਲ ਖ਼ਾਲਸਾ` ਬਣਨ ਸਮੇਂ ਗੁਲਾਬ ਸਿੰਘ, ਜੋ ਪਹਿਲਾਂ ਹੀ 1739 ਵਿਚ ਨਾਦਿਰ ਸ਼ਾਹ ਦੇ ਵਿਰੁੱਧ ਅਤੇ 1746 ਵਿਚ ਛੋਟੇ ਘੱਲੂਘਾਰੇ ਵਿਚ ਬਹਾਦਰੀ ਨਾਲ ਲੜ ਚੁੱਕਿਆ ਸੀ, ਨੂੰ ਡੱਲੇਵਾਲੀਆ ਮਿਸਲ ਦਾ ਮੁੱਖੀ ਘੋਸ਼ਿਤ ਕਰ ਦਿੱਤਾ ਗਿਆ। ਬਾਅਦ ਵਿਚ ਡੱਲੇਵਾਲੀਆ ਅਤੇ ਨਿਸ਼ਾਨਾਂਵਾਲੀਆ ਮਿਸਲਾਂ ਨੂੰ ਅੰਮ੍ਰਿਤਸਰ ਵਿਖੇ ਇਸ ਪਵਿੱਤਰ ਸ਼ਹਿਰ ਦੀ ਰਾਖੀ ਲਈ ਤਾਇਨਾਤ ਕਰ ਦਿੱਤਾ ਗਿਆ। 1757 ਵਿਚ ਜਦੋਂ ਅਹਮਦ ਸ਼ਾਹ ਦੁਰਾੱਨੀ ਦਿੱਲੀ , ਮਥੁਰਾ ਅਤੇ ਆਗਰੇ ਦੇ ਲੁੱਟ ਦੇ ਮਾਲ ਨਾਲ ਲੱਦਿਆ ਹੋਇਆ ਆਪਣੇ ਦੇਸ ਵੱਲ ਵਾਪਸ ਜਾ ਰਿਹਾ ਸੀ ਤਾਂ ਗੁਲਾਬ ਸਿੰਘ ਨੇ ਰਾਤ ਨੂੰ ਬਾਰ-ਬਾਰ ਉਸਦੇ ਮਾਲ ਅਸਬਾਬ ‘ਤੇ ਹਮਲੇ ਕੀਤੇ। ਰਾਵੀ ਅਤੇ ਚੇਨਾਬ ਦੇ ਲਾਂਘਿਆ ਉੱਪਰ ਗੁਲਾਬ ਸਿੰਘ ਨੇ ਬਹੁਤ ਸਾਰੇ ਹੋਰ ਸਿੱਖ ਸਰਦਾਰਾਂ ਸਮੇਤ 400 ਵਿਅਕਤੀਆਂ ਦੇ ਜਥੇ ਦੀ ਅਗਵਾਈ ਕਰਦੇ ਹੋਏ ਬਹੁਤ ਵੱਡੀ ਗਿਣਤੀ ਵਿਚ ਅਫ਼ਗ਼ਾਨਾਂ ਦੇ ਘੋੜਿਆਂ ਉੱਤੇ ਕਬਜ਼ਾ ਕਰ ਲਿਆ ਸੀ। ਗੁਲਾਬ ਸਿੰਘ ਨੇ ਪਾਣੀਪਤ, ਰੋਹਤਕ , ਹਾਂਸੀ ਅਤੇ ਹਿਸਾਰ ਦੀ ਲੁੱਟਮਾਰ ਕੀਤੀ।

     1759 ਵਿਚ, ਗੁਰਦਾਸਪੁਰ ਤੋਂ 27 ਕਿਲੋਮੀਟਰ ਪੱਛਮ ਵਾਲੇ ਪਾਸੇ, ਕਲਾਨੌਰ ਦੇ ਅੰਬੋ ਖ਼ਾਨ ਦੇ ਵਿਰੁੱਧ ਲੜਾਈ ਲੜਦਿਆਂ ਹੋਇਆ ਗੁਲਾਬ ਸਿੰਘ ਅਕਾਲ ਚਲਾਣਾ ਕਰ ਗਿਆ।


ਲੇਖਕ : ਸ.ਸ.ਭ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4417, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਗੁਲਾਬ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਲਾਬ ਸਿੰਘ (1792-1857): ਲਾਹੌਰ ਦੀ ਸਿੱਖ ਰਿਆਸਤ ਦਾ ਇਕ ਪ੍ਰਭਾਵਸ਼ਾਲੀ ਰਾਜ-ਦਰਬਾਰੀ, ਜਿਸਨੂੰ ਜੰਮੂ ਦਾ ਰਾਜਾ ਥਾਪਿਆ ਗਿਆ ਸੀ। ਇਹ ਮੀਆਂ ਕਿਸ਼ੋਰਾ ਸਿੰਘ ਡੋਗਰਾ ਦਾ ਵੱਡਾ ਪੁੱਤਰ ਸੀ ਅਤੇ ਇਸ ਦਾ ਜਨਮ 17 ਅਕਤੂਬਰ 1792 ਨੂੰ ਹੋਇਆ ਸੀ। ਗੁਲਾਬ ਸਿੰਘ 1809 ਵਿਚ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿਚ ਰੋਜ਼ਾਨਾ ਤਿੰਨ ਰੁਪਏ ਦੇ ਭੱਤੇ ‘ਤੇ ਰਸਾਲੇ ਵਿਚ ਸੈਨਿਕ ਦੇ ਤੌਰ ਤੇ ਭਰਤੀ ਹੋਇਆ ਸੀ। ਇਸਨੇ ਛੇਤੀ ਹੀ ਮਹਾਰਾਜੇ ਦੀ ਪ੍ਰਸੰਸਾ ਹਾਸਲ ਕਰ ਲਈ ਅਤੇ ਇਸਨੂੰ 12,000 ਰੁਪਏ ਦੀ ਜਗੀਰ ਦੇ ਨਾਲ 90 ਘੋੜਿਆਂ ਦੀ ਕਮਾਨ ਦਿੱਤੀ ਗਈ। ਪਰਵਾਰ ਦੀ ਕਿਸਮਤ ਉਦੋਂ ਅਚਾਨਕ ਚਮਕ ਪਈ ਜਦੋਂ ਇਸਦੇ ਪਿਤਾ , ਕਿਸ਼ੋਰਾ ਸਿੰਘ ਨੂੰ 1820 ਵਿਚ, ਸਿੱਖ ਮਹਾਰਾਜਾ ਦੁਆਰਾ, ਜੰਮੂ ਦਾ ਮੁਖੀ ਬਣਾਇਆ ਗਿਆ। ਗੁਲਾਬ ਸਿੰਘ ਨੂੰ ਆਪਣੇ ਪਿਤਾ ਨਾਲ ਰਹਿ ਕੇ ਪ੍ਰਬੰਧਕੀ ਮਾਮਲਿਆਂ ਦੀ ਦੇਖ-ਭਾਲ ਕਰਨ ਦੀ ਪ੍ਰਵਾਨਗੀ ਦਿੱਤੀ ਗਈ। 1822 ਵਿਚ, ਕਿਸ਼ੋਰਾ ਸਿੰਘ ਦੀ ਮੌਤ ਹੋਣ ’ਤੇ, ਰਣਜੀਤ ਸਿੰਘ ਨੇ ਇਹ ਪਦਵੀ ਗੁਲਾਬ ਸਿੰਘ ਨੂੰ ਪ੍ਰਦਾਨ ਕੀਤੀ ਅਤੇ 16 ਜੂਨ 1822 ਨੂੰ ਜੰਮੂ ਦੇ ਨੇੜੇ ਅਖ਼ਨੂਰ ਵਿਖੇ ਇਸ ਦੇ ਮੁਖੀ ਬਣਨ ਦੀ ਰਸਮ ਦੀ ਪ੍ਰਧਾਨਗੀ ਕੀਤੀ। ਗੁਲਾਬ ਸਿੰਘ ਨੇ ਆਪਣੇ ਆਪ ਨੂੰ ਕੁਸ਼ਲ ਅਤੇ ਕਾਮਯਾਬ ਸ਼ਾਸਕ ਸਿੱਧ ਕੀਤਾ ਅਤੇ ਇਸਨੇ ਗੁਆਂਢੀ ਰਾਜਪੂਤ ਰਿਆਸਤਾਂ ਉੱਤੇ ਆਪਣਾ ਅਧਿਕਾਰ ਵਧਾ ਲਿਆ। ਇਹ ਉੱਤਮ ਸੈਨਿਕ ਸੀ ਅਤੇ ਇਸਨੇ ਪੰਜਾਬ ਦੀਆਂ ਪਹਾੜੀਆਂ ਅਤੇ ਕਸ਼ਮੀਰ ਦੀਆਂ ਵੱਖ-ਵੱਖ ਮੁਹਿੰਮਾਂ ਵਿਚ ਆਪਣੇ ਸੁਆਮੀ ਮਹਾਰਾਜਾ ਰਣਜੀਤ ਸਿੰਘ ਦੀ ਸੇਵਾ ਕੀਤੀ। ਲਾਹੌਰ ਦੇ ਸਰਕਾਰੀ ਰੋਜ਼ਨਾਮਚਾ ਲੇਖਕ, ਸੋਹਨ ਲਾਲ ਸੂਰੀ ਨੇ ਆਪਣੇ ਦਸਤਾਵੇਜ਼ਾਂ ਵਿਚ, ਮਹਾਰਾਜਾ ਦੁਆਰਾ ਸਮੇਂ-ਸਮੇਂ’ਤੇ ਇਸ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦੇ ਹੋਏ ਇਸਨੂੰ ਤੋਹਫ਼ੇ ਅਤੇ ਰਿਆਇਤਾਂ ਦੇਣ ਦਾ ਰਿਕਾਰਡ ਦਰਜ਼ ਕੀਤਾ ਹੈ। ਪਹਾੜੀ ਪ੍ਰਦੇਸ਼ਾਂ ਤੋਂ ਇਲਾਵਾ, ਗੁਲਾਬ ਸਿੰਘ ਨੇ 25, 45,000 ਰੁਪਏ ਦੇ ਠੇਕੇ ’ਤੇ ਚੇਨਾਬ ਅਤੇ ਜੇਹਲਮ ਦੇ ਵਿਚਕਾਰਲੇ ਇਲਾਕੇ ਲੈ ਲਏ। ਆਪਣੀਆਂ ਜਗੀਰਾਂ ਤੋਂ ਇਲਾਵਾ, ਜਿਹਨਾਂ ਦੀ ਕੁੱਲ ਰਕਮ 7,37,237 ਰੁਪਏ ਬਣਦੀ ਸੀ, ਇਸਦਾ ਲੂਣ ਦੀਆਂ ਖ਼ਾਨਾਂ ਉੱਤੇ ਇਕੱਲੇ ਦਾ ਅਧਿਕਾਰ ਸੀ, ਜਿਹਨਾਂ ਨੂੰ ਇਸਨੇ 8,00,000 ਰੁਪਏ ਦੇ ਪਟੇ ਉੱਤੇ ਲਿਆ ਹੋਇਆ ਸੀ। ਮਾਲੀ ਤੌਰ ਤੇ, ਇਹ ਸਿੱਖ ਰਾਜ ਦਾ ਸਭ ਤੋਂ ਵੱਧ ਕਿਰਪਾ ਪਾਤਰ ਜਗੀਰਦਾਰ ਅਤੇ ਕਰ ਦਾਤਾ ਸੀ। ਭਾਵੇਂ ਇਹ ਮਹਾਰਾਜੇ ਦੇ ਜੀਵਨ ਕਾਲ ਤਕ ਨਿਮਰਤਾਪੂਰਨ ਅਤੇ ਮਹਾਰਾਜੇ ਦਾ ਸਹਾਇਕ ਬਣਿਆ ਰਿਹਾ, ਪਰੰਤੂ ਫਿਰ ਵੀ ਇਹ ਆਪਣੇ ਪਰਵਾਰਿਕ ਮਾਮਲਿਆਂ ਦੀ ਤਰੱਕੀ ਲਈ ਆਪਣੇ ਭਰਾ ਰਾਜਾ ਧਿਆਨ ਸਿੰਘ ਉੱਤੇ ਹੀ ਸਭ ਤੋਂ ਜ਼ਿਆਦਾ ਵਿਸ਼ਵਾਸ ਕਰਦਾ ਸੀ। ਗੁਲਾਬ ਸਿੰਘ ਦੇ ਸਪੁਰਦ ਕੀਤੇ ਹੋਏ 22 ਜ਼ਿਲਿਆਂ ਦੇ ਮਾਲੀਏ ਦੀ ਰਕਮ ਦੀ ਖ਼ੁਦ ਇਸਨੇ ਅਯੋਗ ਵਰਤੋਂ ਕੀਤੀ। ਸਿੱਖਾਂ ਨੂੰ ਟੈਕਸ ਦੇਣ ਵਾਲੇ ਕਈ ਪਹਾੜੀ ਰਾਜਾਂ ਨੂੰ ਇਸਨੇ ਹੜੱਪ ਲਿਆ ਅਤੇ 1836 ਤੋਂ ਲਗਾਤਾਰ ਗੁਲਾਬ ਸਿੰਘ ਦੀ ਅੱਖ ਕਸ਼ਮੀਰ ਉੱਤੇ ਟਿਕੀ ਹੋਈ ਸੀ। ਇਸਦੇ ਚੀਨੀ ਕਬੀਲਿਆਂ ਵਿਰੁੱਧ ਮਨਸੂਬਿਆਂ ਨੂੰ ਅੰਗਰੇਜ਼ਾਂ ਨੇ ਉਤਸ਼ਾਹਿਤ ਨਹੀਂ ਕੀਤਾ ਸੀ, ਫਿਰ ਵੀ ਇਸਨੂੰ ਸਿੱਖਾਂ ਦੇ ਬਰਾਬਰ ਦੀ ਤਾਕਤ ਬਣਨ ਲਈ ਉਹ ਸ਼ਹਿ ਦਿੰਦੇ ਰਹੇ। 1841 ਵਿਚ ਗੁਲਾਬ ਸਿੰਘ, ਖੜਕ ਸਿੰਘ ਦੀ ਵਿਧਵਾ , ਚੰਦ ਕੌਰ ਦੀਆਂ ਜਗੀਰਾਂ ਦਾ ਨਿਗਰਾਨ ਬਣ ਗਿਆ ਅਤੇ ਮਹਾਰਾਣੀ ਦੇ ਗਹਿਣੇ ਅਤੇ ਕੀਮਤੀ ਵਸਤੂਆਂ ਨੂੰ ਜੰਮੂ ਲੈ ਗਿਆ। ਜਿਹਨਾਂ ਦੀ ਇਸਨੇ ਅਯੋਗ ਵਰਤੋਂ ਕੀਤੀ। ਲਾਹੌਰ ਸਰਕਾਰ ਦੇ ਵਿਰੁੱਧ ਇਸ ਦੀਆਂ ਸਾਜ਼ਸ਼ਾਂ ਨੇ ਖ਼ਾਲਸਾ ਫ਼ੌਜ ਨੂੰ ਏਨਾ ਜ਼ਿਆਦਾ ਕ੍ਰੋਧਿਤ ਕਰ ਦਿੱਤਾ ਕਿ 35,000 ਸਿਪਾਹੀਆਂ ਦੀ ਫ਼ੌਜ ਨੂੰ ਇਸਦੇ ਵਿਰੁੱਧ ਜੰਮੂ ਭੇਜਿਆ ਗਿਆ। ਇਸ ਨੂੰ ਬੰਦੀ ਬਣਾ ਕੇ ਜ਼ਮਾਨਤ ਵਜੋਂ ਲਾਹੌਰ ਲਿਆਂਦਾ ਗਿਆ ਅਤੇ ਇਸ ਨੂੰ ਜੰਮੂ ਵਾਪਸ ਜਾਣ ਦੀ ਇਜਾਜ਼ਤ ਉਦੋਂ ਦਿੱਤੀ ਗਈ ਜਦੋਂ ਇਸਨੇ 68,00,000 ਰੁਪਈਆ ਜ਼ੁਰਮਾਨੇ ਵਜੋਂ ਭਰਨਾ ਮੰਨਿਆ ਅਤੇ ਨਾਲ ਹੀ ਇਸਨੇ ਭਵਿਖ ਵਿਚ ਚੰਗੇ ਆਚਰਨ ਦਾ ਵਾਅਦਾ ਕੀਤਾ।

     ਗੁਲਾਬ ਸਿੰਘ ਨੇ ਅੰਗਰੇਜ਼ਾਂ ਨਾਲ ਆਪਣਾ ਸੰਪਰਕ ਬਣਾਈ ਰੱਖਿਆ ਅਤੇ ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਪਹਿਲੇ ਯੁੱਧ (1845-46) ਦੇ ਸਮੇਂ ਬ੍ਰਿਗੇਡੀਅਰ ਵਿਹਲਰ ਨੂੰ ਲੁਧਿਆਣਾ ਵਿਖੇ ਖੂਫ਼ੀਆ ਸੈਨਿਕ ਸੂਚਨਾਵਾਂ ਦੇਂਦਾ ਰਿਹਾ। ਅੰਗਰੇਜ਼ਾਂ ਨੇ ਉਸਦੀ ਯੁੱਧ ਦੇ ਦੌਰਾਨ ਕੀਤੀ ਗਈ ਗੁਪਤ ਸਹਾਇਤਾ ਦੇ ਲਈ ਸਪਸ਼ਟ ਰੂਪ ਵਿਚ ਇਸ ਨੂੰ ਇਨਾਮ ਦਿੱਤੇ ਅਤੇ 16 ਮਾਰਚ 1846 ਦੀ ਅੰਮ੍ਰਿਤਸਰ-ਸੰਧੀ ਦੁਆਰਾ, ਉਹਨਾਂ ਨੇ ਇਸਨੂੰ ਅਤੇ ਇਸਦੇ ਉੱਤਰਾ- ਧਿਕਾਰੀਆਂ ਨੂੰ, ਪਹਾੜੀ ਪ੍ਰਦੇਸ਼ ਅਤੇ ਨਾਲ ਹੀ ਉਹਨਾਂ ਉੱਪਰ ਨਿਰਭਰ ਹੋਣ ਵਾਲੇ ਸਿੰਧ ਦਰਿਆ ਦੇ ਦੱਖਣ ਅਤੇ ਰਾਵੀ ਦਰਿਆ ਦੇ ਪੱਛਮ ਵਾਲੇ ਪਾਸੇ ਸਥਿਤ ਇਲਾਕੇ ਦੇ ਦਿੱਤੇ। ਇਹ ਇਲਾਕੇ ਸਿੱਖ ਰਾਜ ਦਾ ਹਿੱਸਾ ਹੋਣ ਕਾਰਨ , ਯੁੱਧ ਦੇ ਖ਼ਤਮ ਹੋਣ ਤੇ 9 ਮਾਰਚ 1846 ਨੂੰ ਲਾਹੌਰ ਦੀ ਸੰਧੀ ਅਨੁਸਾਰ, ਅੰਗਰੇਜਾਂ ਦੇ ਸਪੁਰਦ ਕਰ ਦਿੱਤੇ ਗਏ ਸਨ। ਇਸ ਲਈ, ਸੰਧੀ ਦੀਆਂ ਹੋਰ ਸ਼ਰਤਾਂ ਅਨੁਸਾਰ, ਗੁਲਾਬ ਸਿੰਘ ਵੀ ਅੰਗਰੇਜ਼ਾਂ ਦਾ ਜਗੀਰਦਾਰ ਬਣ ਗਿਆ ਜਿਹਨਾਂ ਦੀ ਸਰਬਉੱਚਤਾ ਨੂੰ ਇਸਨੇ ਸਵੀਕਾਰ ਕਰ ਲਿਆ ਸੀ।

     30 ਜੂਨ 1857 ਨੂੰ ਜੰਮੂ ਵਿਖੇ ਗੁਲਾਬ ਸਿੰਘ ਦਾ ਦੇਹਾਂਤ ਹੋ ਗਿਆ।


ਲੇਖਕ : ਕੇ.ਜ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4416, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਗੁਲਾਬ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਲਾਬ ਸਿੰਘ (ਅ.ਚ. 1800): ਆਪਣੇ ਪਿਤਾ ਦੇਸੂ ਸਿੰਘ ਦੀ 1782 ਵਿਚ ਮੌਤ ਹੋਣ ਤੋਂ ਬਾਅਦ ਉਸਦੇ ਉੱਤਰਾਧਿਕਾਰੀ ਵਜੋਂ ਭੰਗੀ ਮਿਸਲ ਦਾ ਮੁਖੀ ਜਾਂ ਸਰਦਾਰ ਬਣ ਗਿਆ। ਗੁਲਾਬ ਸਿੰਘ ਨੇ ਅੰਮ੍ਰਿਤਸਰ ਨੂੰ ਆਪਣੀ ਗੱਦੀ ਦੇ ਤੌਰ ‘ਤੇ ਕਾਇਮ ਰੱਖਿਆ ਅਤੇ ਸ਼ਹਿਰ ਨੂੰ ਖੁਬਸੂਰਤ ਬਣਾਉਣ ਲਈ ਕਈ ਇਮਾਰਤਾਂ ਦੀ ਉਸਾਰੀ ਕਰਵਾਈ ਅਤੇ ਬਾਗ਼ ਲਗਵਾਏ। ਇਸਨੇ ਕਸੂਰ ਦੇ ਪਠਾਨ ਸਰਦਾਰਾਂ, ਨਿਜ਼ਾਮ ਉਦ-ਦੀਨ ਅਤੇ ਕੁਤਬ ਉਦ-ਦੀਨ ਨੂੰ ਹਰਾਇਆ ਅਤੇ ਉਹਨਾਂ ਨੂੰ ਆਪਣਾ ਕਰਦਾਇਕ ਬਣਾ ਲਿਆ। 1798 ਵਿਚ, ਸ਼ਾਹ ਜ਼ਮਾਨ ਦੇ ਅੰਤਿਮ ਹਮਲੇ ਸਮੇਂ ਗੁਲਾਬ ਸਿੰਘ ਦੀ ਫ਼ੌਜੀ ਤਾਕਤ 6,000 ਅਤੇ ਚਾਰ ਤੋਪਾਂ ਸਨ। ਇਸਦੇ ਰਾਜ ਵਿਚੋਂ ਇਸਨੂੰ ਦਸ ਲੱਖ ਰੁਪਏ ਦੇ ਕਰੀਬ ਸਲਾਨਾ ਮਾਲੀਏ ਦੀ ਆਮਦਨ ਸੀ। ਲਾਹੌਰ , ਰਣਜੀਤ ਸਿੰਘ ਦੇ ਹੱਥਾਂ ਵਿਚ ਚੱਲੇ ਜਾਣ ਤੇ ਗੁਲਾਬ ਸਿੰਘ ਆਪਣੇ ਲਈ ਖ਼ਤਰੇ ਨੂੰ ਭਾਂਪ ਗਿਆ ਅਤੇ ਇਸ ਨੇ ਉਸਦੇ ਖ਼ਿਲਾਫ਼ ਆਪਣਾ ਧੜਾ ਬਣਾਇਆ। ਗੁਲਾਬ ਸਿੰਘ ਤੋਂ ਇਲਾਵਾ ਇਸ ਸਾਜ਼ਸ਼ੀ ਧੜੇ ਵਿਚ ਗੁਜ਼ਰਾਤ ਦਾ ਸਾਹਿਬ ਸਿੰਘ ਭੰਗੀ , ਜੱਸਾ ਸਿੰਘ ਰਾਮਗੜੀਆ ਅਤੇ ਕਸੂਰ ਦਾ ਨਿਜ਼ਾਮ ਉਦ-ਦੀਨ ਸ਼ਾਮਲ ਸਨ। ਇਹਨਾਂ ਸਾਝੀਆਂ ਫ਼ੌਜਾਂ ਨੇ ਭਸੀਨ ਵੱਲ ਕੂਚ ਕੀਤਾ, ਜੋ ਲਾਹੌਰ ਦੇ ਪੂਰਬ ਵਾਲੇ ਪਾਸੇ ਕੁਝ ਮੀਲ ਦੀ ਦੂਰੀ ‘ਤੇ ਸੀ, ਜਿੱਥੇ ਰਣਜੀਤ ਸਿੰਘ ਵੀ ਆਪਣੀਆਂ ਫ਼ੌਜਾਂ ਸਮੇਤ ਪਹੁੰਚ ਗਿਆ ਸੀ। ਭਸੀਨ ਵਿਚ ਦੋਵੇਂ ਫ਼ੌਜਾਂ ਤਕਰੀਬਨ ਦੋ ਮਹੀਨਿਆਂ ਤਕ ਡੇਰਾ ਲਾਈ ਬੈਠੀਆਂ ਰਹੀਆਂ ਪਰੰਤੂ ਦੋਵਾਂ ਵਿਚੋਂ ਕਿਸੇ ਨੇ ਵੀ ਪਹਿਲ ਕਰਨ ਦਾ ਹੌਂਸਲਾ ਨਾ ਕੀਤਾ। ਇਸ ਤਰ੍ਹਾਂ ਗਤੀਰੋਧ ਜਾਰੀ ਰਿਹਾ ਅਤੇ ਅਚਾਨਕ ਹੀ ਗੁਲਾਬ ਸਿੰਘ ਬਿਮਾਰ ਹੋ ਗਿਆ ਅਤੇ ਅਕਾਲ ਚਲਾਣਾ ਕਰ ਗਿਆ। ਇਹ ਘਟਨਾ 1800 ਨੂੰ ਵਾਪਰੀ ਸੀ।

     ਗੁਲਾਬ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਇਸਦਾ ਦਸ ਸਾਲਾਂ ਦਾ ਪੁੱਤਰ ਗੁਰਦਿਤ ਸਿੰਘ ਇਸਦੀ ਗੱਦੀ ਦਾ ਵਾਰਸ ਬਣਿਆ ਜਿਸਦੀ ਮਾਤਾ ਸੁੱਖਾਂ ਨੇ ਉਸਦੀ ਸਰਪ੍ਰਸਤ ਬਣਕੇ ਮਿਸਲ ਦੇ ਕੰਮਾਂ ਦਾ ਸੰਚਾਲਨ ਕੀਤਾ।


ਲੇਖਕ : ਸ.ਸ.ਭ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4415, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਗੁਲਾਬ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਲਾਬ ਸਿੰਘ (ਅ.ਚ. 1844): ਸਿੱਖ ਫ਼ੌਜ ਵਿਚ ਕਮਾਨ ਅਫ਼ਸਰ ਸੀ ਅਤੇ ਇਸਦਾ ਕਲਕੱਤੀਆ ਉਪਨਾਮ ਇਸ ਲਈ ਪਿਆ ਕਿਉਂਕਿ ਇਹ 1834 ਵਿਚ ਬਰਤਾਨਵੀ ਗਵਰਨਰ-ਜਨਰਲ ਨੂੰ ਕਲਕੱਤੇ ਵਿਚ ਮਿਲਣ ਜਾਣ ਵਾਲੇ ਲਾਹੌਰ ਮਿਸ਼ਨ ਦੇ ਸੁਰੱਖਿਆ ਦਸਤੇ ਦਾ ਮੁਖੀ ਸੀ। ਇਸ ਮਿਸ਼ਨ ਦੀ ਅਗਵਾਈ ਗੁੱਜਰ ਸਿੰਘ ਮਜੀਠਿਆ ਨੇ ਕੀਤੀ ਸੀ। ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਇਸਨੇ ਮਹਾਰਾਜਾ ਦੇ ਸਮਰਥਕ ਸੰਧਾਵਾਲੀਆ ਦੇ ਵਿਰੁੱਧ ਡੋਗਰਾ ਧੜੇ ਦੀ ਹਿਮਾਇਤ ਕੀਤੀ ਸੀ। ਮਈ 1844 ਵਿਚ, ਗੁਲਾਬ ਸਿੰਘ ਨੂੰ ਨੌਰੰਗਾਬਾਦ ਦੇ ਬਾਬਾ ਬੀਰ ਸਿੰਘ ਦੇ ਡੇਰੇ ਵਿਖੇ ਭੇਜ ਦਿੱਤਾ ਗਿਆ, ਜਿੱਥੇ ਡੋਗਰਿਆਂ ਦੇ ਵਿਰੋਧੀ ਅਤਰ ਸਿੰਘ ਸੰਧਾਵਾਲੀਆ ਨੇ ਸ਼ਰਨ ਲਈ ਹੋਈ ਸੀ। ਇਹ ਉੱਥੇ ਇਸ ਵਿਚਾਰ ਨਾਲ ਗਿਆ ਕਿ ਇਹ ਸੰਧਾਵਾਲੀਆ ਸਰਦਾਰ ਨੂੰ ਅਧੀਨਗੀ ਸਵੀਕਾਰ ਕਰਨ ਲਈ ਰਾਜ਼ੀ ਕਰ ਲਵੇਗਾ। ਜਦੋਂ ਗੱਲ-ਬਾਤ ਚੱਲ ਰਹੀ ਸੀ ਤਾਂ ਗੁਲਾਬ ਸਿੰਘ ਦੇ ਸਾਥੀ ਫ਼ੌਜੀਆਂ ਨੇ ਡੇਰੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਸੇ ਘੜਮੱਸ ਵਿਚ ਗੁਲਾਬ ਸਿੰਘ, ਅਤਰ ਸਿੰਘ ਦੀ ਗੋਲੀ ਨਾਲ ਮਾਰਿਆ ਗਿਆ।


ਲੇਖਕ : ਗੁਲ.ਚ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4414, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਗੁਲਾਬ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਲਾਬ ਸਿੰਘ, (ਅ.ਚ. 1882): ਜ਼ਿਲਾ ਗੁਰਦਾਸਪੁਰ ਦੇ ਪਿੰਡ ਭਾਗੋਵਾਲ ਦੇ ਮੀਹਾਂ ਸਿੰਘ ਦਾ ਲੜਕਾ ਸੀ। 1828 ਵਿਚ ਇਸਨੇ ਲਹਿਣਾ ਸਿੰਘ ਮਜੀਠੀਆ ਕੋਲ ਤੋਪਚੀ ਦੇ ਤੌਰ ‘ਤੇ ਨੌਕਰੀ ਕਰ ਲਈ ਅਤੇ 1835 ਵਿਚ ਇਸਨੂੰ ਕਮਾਨ ਅਫ਼ਸਰ ਬਣਾ ਦਿੱਤਾ ਗਿਆ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤਕ ਗੁਲਾਬ ਸਿੰਘ, ਮਜੀਠੀਆ ਸਰਦਾਰ ਦਾ ਜਗੀਰੀ ਸੇਵਾਦਾਰ ਬਣਿਆ ਰਿਹਾ ਪਰੰਤੂ 1841 ਵਿਚ ਮਹਾਰਾਜਾ ਸ਼ੇਰ ਸਿੰਘ ਦੀ ਤਾਜਪੋਸ਼ੀ ਤੋਂ ਬਾਅਦ, ਇਹ ਸਥਾਈ ਜਾਂ ਬਕਾਇਦਾ ਫ਼ੌਜ ਵਿਚ ਭਰਤੀ ਹੋ ਗਿਆ। ਇਸਨੂੰ ਤੋਪਖ਼ਾਨੇ ਦਾ ਕਰਨਲ ਬਣਾ ਦਿੱਤਾ ਗਿਆ ਅਤੇ ਨਾਲ 11 ਤੋਪਾਂ ਦੀ ਕਮਾਨ ਦੇ ਦਿੱਤੀ ਗਈ। ਰਾਜਾ ਹੀਰਾ ਸਿੰਘ ਦੇ ਅਧੀਨ , ਇਸਦੀ ਜਰਨੈਲ ਦੇ ਤੌਰ ‘ਤੇ ਤਰੱਕੀ ਹੋ ਗਈ। 1853 ਵਿਚ ਗੁਲਾਬ ਸਿੰਘ, ਲਹਿਣਾ ਸਿੰਘ ਮਜੀਠੀਆ ਨਾਲ ਪੰਜਾਬ ਤੋਂ ਬਨਾਰਸ ਚੱਲਾ ਗਿਆ ਅਤੇ ਅਗਲੇ ਸਾਲ ਵਾਪਸ ਆ ਗਿਆ। 1863 ਵਿਚ, ਇਸਨੂੰ ਲਹਿਣਾ ਸਿੰਘ ਦੇ ਇੱਕਲੌਤੇ ਪੁੱਤਰ ਦਿਆਲ ਸਿੰਘ ਦਾ ਸਰਪ੍ਰਸਤ ਨਿਯੁਕਤ ਕਰ ਦਿੱਤਾ ਗਿਆ। ਇਸਨੇ ਥੋੜ੍ਹੇ ਸਮੇਂ ਲਈ ਅੰਮ੍ਰਿਤਸਰ ਵਿਚ ਦਰਬਾਰ ਸਾਹਿਬ ਦੇ ਪ੍ਰਬੰਧਕ ਦੇ ਤੌਰ ‘ਤੇ ਵੀ ਕੰਮ ਕੀਤਾ।

     1882 ਵਿਚ, ਗੁਲਾਬ ਸਿੰਘ ਅਕਾਲ ਚਲਾਣਾ ਕਰ ਗਿਆ।


ਲੇਖਕ : ਸ.ਸ.ਭ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4412, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਗੁਲਾਬ ਸਿੰਘ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਗੁਲਾਬ ਸਿੰਘ (ਵੀ.ਚ.) : ਇਸ ਦਾ ਜਨਮ ਪਿੰਡ ਮਨੇਥੀ (ਜ਼ਿਲ੍ਹਾ ਮਹਿੰਦਰਗੜ੍ਹ, ਹਰਿਆਣਾ) ਵਿਖੇ ਸ੍ਰੀ ਰਾਮ ਸੁਖ ਦੇ ਘਰ ਹੋਇਆ। ਇਹ 18 ਜੁਲਾਈ, 1953 ਨੂੰ ਫ਼ੌਜ ਵਿਚ ਭਰਤੀ ਹੋਇਆ। ਸੰਨ 1962 ਦੀ ਭਾਰਤ-ਚੀਨ ਲੜਾਈ ਸਮੇਂ ਇਹ 13 ਕੁਮਾਉਂ ਰੈਜਮੈਂਟ ਵਿਚ ਬਤੌਰ ਨਾਇਕ ਤਾਇਨਾਤ ਸੀ ਜਦੋਂ ਕਿ ਚੀਨੀ ਸੈਨਾ ਨੇ ਭਾਰੀ ਤੋਪਾਂ ਅਤੇ ਮਾਰਟਰਾਂ ਦੀ ਸਹਾਇਤਾ ਨਾਲ ਲੱਦਾਖ਼ ਵਿਚ ਰੇਜਾਂਗਲਾ ਚੌਕੀ ਤੇ ਹਮਲਾ ਕੀਤਾ ਤੇ ਇਸ ਦੱਰੇ ਵਿਚ ਇਕ ਮਸ਼ੀਨਗਨ ਲਾ ਦਿੱਤੀ। 

ਇਸ ਨੇ ਆਪਣੇ ਕਮਾਂਡਰ ਦੇ ਆਦੇਸ਼ ਉੱਤੇ ਲਾਂਸ ਨਾਇਕ ਰਾਮ ਸਿੰਘ ਅਤੇ ਥੋੜ੍ਹੇ ਜਿਹੇ ਜਵਾਨ ਹੋਰ ਨਾਲ ਲੈ ਕੇ ਇਸ ਦੱਰੇ ਤੇ ਧਾਵਾ ਬੋਲ ਦਿੱਤਾ। ਲੜਦੇ ਲੜਦੇ ਇਸ ਦੀ ਟੁਕੜੀ ਲਗਭਗ ਨਿਯਤ ਥਾਂ ਤੇ ਪਹੁੰਚ ਹੀ ਗਈ ਸੀ ਜਦੋਂ ਦੁਸ਼ਮਣ ਦੀ ਮਸ਼ੀਨਗਨ ਦੀ ਬੁਛਾੜ ਇਸ ਨੂੰ ਆ ਲੱਗੀ ਅਤੇ ਇਸ ਨੇ ਉਸੇ ਥਾਂ ਹੀ ਵੀਰਗਤੀ ਪ੍ਰਾਪਤ ਕੀਤੀ।

ਇਸ ਦੀ ਇਸ ਬਹਾਦਰੀ ਤੇ ਬਲੀਦਾਨ ਸਦਕਾ ਇਸ ਨੂੰ ‘ਵੀਰ ਚੱਕਰ’ (ਮਰਨ ਉਪਰੰਤ) ਨਾਲ ਸਨਮਾਨਿਤ ਕੀਤਾ ਗਿਆ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2644, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-13-12-04-35, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.