ਜਗਤ ਦਾ ਸਰੂਪ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਜਗਤ ਦਾ ਸਰੂਪ: ਜਗਤ ਦੇ ਸਰੂਪ ਸੰਬੰਧੀ ਗੁਰਬਾਣੀ ਵਿਚ ਦੋ ਪ੍ਰਕਾਰ ਦੇ ਕਥਨ ਮਿਲਦੇ ਹਨ— ਇਕ, ਜਗਤ ਸਤਿ (ਸਚਾ) ਹੈ; ਦੂਜਾ , ਜਗਤ ਅਸਤਿ (ਝੂਠਾ) ਹੈ। ਇਨ੍ਹਾਂ ਦੋਹਾਂ ਵਿਚੋਂ ਵੀ ਦੂਜੇ ਪ੍ਰਕਾਰ ਦੇ ਕਥਨਾਂ ਦੀ ਭਰਮਾਰ ਹੈ। ਜਗਤ ਸਚਾ ਹੈ, ਇਸ ਬਾਰੇ ਬਹੁਤ ਘਟ ਉੱਲੇਖ ਹਨ। ਦੋਹਾਂ ਤਰ੍ਹਾਂ ਦੇ ਇਹ ਕਥਨ ਇਕ ਵਾਰ ਤਾਂ ਪਰਸਪਰ ਵਿਰੋਧੀ ਲਗਦੇ ਹਨ ਅਤੇ ਭਰਮ ਪੈਦਾ ਕਰਦੇ ਹਨ, ਪਰ ਉਂਜ ਅਜਿਹੀ ਗੱਲ ਨਹੀਂ ਹੈ।

            ਪਹਿਲਾਂ ਜਗਤ ਦੀ ਅਸਤਿਤਾ ਨੂੰ ਵੇਖਣਾ ਉਚਿਤ ਹੋਵੇਗਾ। ਇਸ ਅਸਤਿਤਾ ਦਾ ਪ੍ਰਗਟਾਵਾ ਦੋ ਢੰਗਾਂ ਨਾਲ ਕੀਤਾ ਗਿਆ ਹੈ। ਇਕ ਸਾਧਾਰਣ ਵਿਧੀ ਰਾਹੀਂ ਅਤੇ ਦੂਜਾ ਉਪਮਾਨ-ਦ੍ਰਿਸ਼ਟਾਂਤ ਵਿਧੀ ਦੁਆਰਾ। ਗੁਰੂ ਨਾਨਕ ਦੇਵ ਜੀ ਨੇ ਦੁਨੀਆ ਮੁਕਾਮੇ ਫਾਨੀ ਅਤੇ ਨਾਨਕ ਦੁਨੀਆ ਚਾਰਿ ਦਿਹਾੜੇ ਕਹਿ ਕੇ ਸਾਰੀ ਗੱਲ ਨਿਬੇੜ ਦਿੱਤੀ ਹੈ।

            ਸਿਰੀ ਰਾਗ ਵਿਚ ਸੰਸਾਰ ਨੂੰ ਸਥਾਈ ਨਿਵਾਸ ਬਣਾਉਣ ਵਾਲੇ ਯੋਗੀ ਜਾਂ ਫ਼ਕੀਰ ਨੂੰ ਸੰਬੋਧਨ ਕਰਦਿਆਂ ਦਸਿਆ ਗਿਆ ਹੈ ਕਿ ਜਿਸ ਸੰਸਾਰ ਨੂੰ ਉਹ ਸਥਾਈ ਸਮਝਦਾ ਹੈ, ਉਹ ਸਥਾਈ ਮੁਕਾਮ ਨਹੀਂ ਹੈ। ਇਹ ਸੰਸਾਰ ਆਣ-ਜਾਣ ਵਾਲਾ ਪਰਿਵਰਤਨਸ਼ੀਲ ਹੈ। ਆਕਾਸ਼ ਅਤੇ ਧਰਤੀ , ਦਿਨ ਅਤੇ ਸੂਰਜ , ਰਾਤ ਅਤੇ ਚੰਦ੍ਰਮਾ , ਤਾਰਿਆਂ ਦਾ ਸਮੂਹ ਸਭ ਨਸ਼ਟ ਹੋ ਜਾਣ ਵਾਲੇ ਹਨ। ਸਦਾ ਸਦੀਵੀ ਤਾਂ ਕੇਵਲ ਇਕ ਪਰਮਾਤਮਾ ਹੀ ਹੈ—ਮੁਕਾਮੁ ਤਿਸ ਨੋ ਆਖੀਐ ਜਿਸੁ ਸਿਸਿ ਹੋਵੀ ਲੇਖੁ ਅਸਮਾਨੁ ਧਰਤੀ ਚਲਸੀ ਮੁਕਾਮੁ ਓਹੀ ਏਕੁ ਦਿਨ ਰਵਿ ਚਲੈ ਨਿਸਿ ਸਸਿ ਚਲੈ ਤਾਰਿਕਾ ਲਖ ਪਲੋਇ ਮੁਕਾਮੁ ਓਹੀ ਏਕੁ ਹੈ ਨਾਨਕਾ ਸਚੁ ਬੁਗੋਇ (ਗੁ.ਗ੍ਰੰ.64)। ਅਸਲ ਵਿਚ, ਇਹ ਜਗਤ ਧੂਏ ਕਾ ਧਵਲਹਰੁ, ਸਭੁ ਜਗੁ ਚਲਣਹਾਰੁ ਹੈ, ਅਸਥਾਈ ਹੈ। ‘ਮਾਝ ਕੀ ਵਾਰ’ ਦੀ 8ਵੀਂ ਪਉੜੀ ਵਿਚ ਤਾਂ ਸਭ ਕੁਝ ਨਸ਼ਟ ਹੋਣ ਵਾਲਾ ਕਹਿ ਦਿੱਤਾ ਗਿਆ ਹੈ— ਰਾਜੇ ਰਯਤਿ ਸਿਕਦਾਰ ਕੋਇ ਰਹਸੀਓ ਹਟ ਪਟਣ ਬਾਜਾਰ ਹੁਕਮੀ ਢਹਸੀਓ... (ਗੁ.ਗ੍ਰੰ.141)।

            ਸੰਸਾਰ ਦੇ ਰਾਜ , ਮਾਲ , ਜੋ ਬਨ ਆਦਿ ਸਭ ਛਾਇਆ ਦੇ ਸਮਾਨ ਹਨ (ਰਾਜੁ ਮਾਲੁ ਜੋਬਨੁ ਸਭੁ ਛਾਂਵ— ਗੁ.ਗ੍ਰੰ.1257)। ਇਹ ਜੁਆਰੀਏ ਦੇ ਧਨ ਵਾਂਗ ਛਿਣ- ਮਾਤ੍ਰ ਹਨ ਅਤੇ ਫੁਲਾਂ ਵਾਂਗ ਥੁੜਚਿਰੇ ਹਨ। ਚਾਰ ਦਿਨ ਮੌਜ-ਮੇਲਾ ਕੀਤਾ ਜਾ ਸਕਦਾ ਹੈ, ਫਿਰ ਸ਼ਰੀਰ ਬਿਰਧ ਹੋ ਕੇ ਨਸ਼ਟ ਹੋ ਜਾਂਦਾ ਹੈ। ਇਸ ਸੰਸਾਰ ਵਿਚ ਜੋ ਆਇਆ ਹੈ, ਉਸ ਨੇ ਆਪਣੀ ਵਾਰੀ ਉੱਤੇ ਤੁਰ ਜਾਣਾ ਹੈ (ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐਗੁ.ਗ੍ਰੰ.474)।

            ਅਸਤਿ ਤੋਂ ਇਲਾਵਾ ਜਗਤ ਨੂੰ ਮਿਥਿਆ ਜਾਂ ਝੂਠਾ ਵੀ ਕਿਹਾ ਗਿਆ ਹੈ। ‘ਆਸਾ ਕੀ ਵਾਰ ’ ਵਿਚ ਗੁਰੂ ਨਾਨਕ ਦੇਵ ਜੀ ਦੀ ਸਥਾਪਨਾ ਹੈ ਕਿ ਰਾਜਾ , ਪ੍ਰਜਾ, ਸੰਸਾਰ, ਮੰਡਪ , ਚੌਬਾਰੇ, ਚੌਬਾਰਿਆਂ ਵਿਚ ਬੈਠਣ ਵਾਲੇ, ਸੋਨਾ , ਚਾਂਦੀ ਅਤੇ ਇਨ੍ਹਾਂ ਧਾਤਾਂ ਤੋਂ ਤਿਆਰ ਕੀਤੇ ਜਾਣ ਵਾਲੇ ਗਹਿਣੇ ਅਤੇ ਉਨ੍ਹਾਂ ਨੂੰ ਪਹਿਨਣ ਵਾਲੇ, ਕਾਇਆ , ਕਪੜੇ, ਰੂਪ , ਮੀਆਂ, ਬੀਵੀ ਆਦਿ ਸਭ ਝੂਠੇ ਹਨ, ਮਿਥਿਆ ਹਨ, ਖਪ ਖਪ ਕੇ ਨਸ਼ਟ ਹੋ ਰਹੇ ਹਨ। ਮਿਥਿਆ ਵਿਚ ਫਸੇ ਹੋਏ ਜੀਵ ਮਿਥਿਆ ਨਾਲ ਹੀ ਪ੍ਰੇਮ ਕਰ ਰਹੇ ਹਨ ਅਤੇ ਪਰਮਾਤਮਾ ਨੂੰ ਹੀ ਭੁਲਾ ਬੈਠੇ ਹਨ। ਅਸਲ ਵਿਚ, ਸੰਸਾਰ ਚਲਾਇਮਾਨ ਹੈ। ਅਜਿਹੀ ਅਵਸਥਾ ਵਿਚ ਕਿਸ ਨਾਲ ਮਿਤਰਤਾ ਕਾਇਮ ਕੀਤੀ ਜਾਏ। ਸਭ ਕੁਝ ਮਿਥਿਆ ਹੀ ਮਿਥਿਆ ਹੈ, ਸਿਵਾਏ ਪਰਮਾਤਮਾ ਦੇ, ਸਭ ਝੂਠ ਦਾ ਪਸਾਰਾ ਹੈ— ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰ ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨ੍ਹਣਹਾਰੁ ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ (ਗੁ.ਗ੍ਰੰ.468)। ਇਸ ਪ੍ਰਕਾਰ ਦੀ ਅਭਿਵਿਅਕਤੀ ਅਨੇਕ ਪ੍ਰਸੰਗਾਂ ਵਿਚ ਹੋਈ ਮਿਲ ਜਾਂਦੀ ਹੈ।

            ਸੰਸਾਰ ਦੀ ਨਸ਼ਵਰਤਾ ਦੀ ਗੱਲ ਨੂੰ ਦ੍ਰਿੜ੍ਹ ਕਰਵਾਉਣ ਲਈ ਉਪਮਾਨ-ਦ੍ਰਿਸ਼ਟਾਂਤ ਦੀ ਜੁਗਤ ਵਰਤੀ ਗਈ ਹੈ। ਇਸ ਕਥਨ-ਸ਼ੈਲੀ ਵਿਚ ਸੰਸਾਰ ਨੂੰ ਬਾਜੀਗਰ ਦੀ ਬਾਜ਼ੀ , ਚੌਪੜ ਦੀ ਖੇਡ , ਸੂਤਰ ਦੇ ਧਾਗੇ ਵਾਂਗ ਕੱਚਾ ਮੰਨਿਆ ਗਿਆ ਹੈ। ਮਲਾਰ ਰਾਗ ਵਿਚ ਇਸ ਨੂੰ ਕਾਗ਼ਜ਼ ਦੇ ਕਿਲ੍ਹੇ ਵਰਗਾ ਕਿਹਾ ਗਿਆ ਹੈ ਜੋ ਪਾਣੀ ਬੂੰਦ ਜਾਂ ਹਵਾ ਦੇ ਝੌਂਕੇ ਨਾਲ ਆਪਣੀ ਸਥਿਤੀ ਖ਼ਤਮ ਕਰ ਲੈਂਦਾ ਹੈ— ਕਾਗਦ ਕੋਟੁ ਇਹੁ ਜਗੁ ਹੈ ਬਪੁਰੋ ਰੰਗਨਿ ਚਿਹਨ ਚਤੁਰਾਈ ਨਾਨ੍ਹੀ ਸੀ ਬੂੰਦ ਪਵਨੁ ਪਤਿ ਖੋਵੈ ਜਨਮਿ ਮਰੈ ਖਿਨੁ ਤਾਈਂ (ਗੁ.ਗ੍ਰੰ. 1274)। ਇਸ ਜਗਤ ਨੂੰ ਵਿਅਰਥ , ਵਿਸ਼-ਵਤ, ਖੋਟੀ ਰਾਸ , ਕਾਜਲ ਦੀ ਕੋਠਰੀ, ਭਸਮ ਦੇ ਰੰਗ ਵਾਲਾ ਕਿਹਾ ਗਿਆ ਹੈ। ਸਪੱਸ਼ਟ ਹੈ ਕਿ ਜਗਤ ਸੰਬੰਧੀ ਗੁਰਬਾਣੀ ਦੀ ਸਾਰੀ ਉਪਮਾਨ ਅਤੇ ਪ੍ਰਤੀਕ ਯੋਜਨਾ ਨਾਸ਼ਮਾਨਤਾ, ਹੀਨਤਾ ਅਤੇ ਥੁੜ- ਚਿਰਤਾ ਦੀ ਸੂਚਕ ਹੈ। ਜਿਵੇਂ ਗਵਾਲੇ ਦੀ ਚਰਾਂਦ ਬੜੇ ਥੋੜੇ ਸਮੇਂ ਲਈ ਹੁੰਦੀ ਹੈ, ਉਸੇ ਤਰ੍ਹਾਂ ਸੰਸਾਰ ਦੀ ਸਥਿਤੀ ਹੈ।

            ਗੁਰਬਾਣੀ ਵਿਚ ਜਗਤ ਨੂੰ ਸਚ ਵੀ ਮੰਨਿਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਪਰਮਾਤਮਾ ਦੇ ਬਣਾਏ ਹੋਏ ਖੰਡ, ਬ੍ਰਹਿਮੰਡ ਸਭ ਸਚੇ ਹਨ, ਲੋਕ ਅਤੇ ਆਕਾਰ, ਕਾਮ ਅਤੇ ਵਿਚਾਰ, ਹਕੂਮਤ ਅਤੇ ਦਰਬਾਰ , ਹੁਕਮ ਅਤੇ ਫ਼ਰਮਾਨ, ਕ੍ਰਿਪਾ ਅਤੇ ਕ੍ਰਿਪਾ-ਪ੍ਰਾਪਤੀ ਦੇ ਪ੍ਰਮਾਣ ਸਭ ਸਚੇ ਹਨ। ਸਚੇ ਪਾਤਿਸ਼ਾਹ ਦੀ ਕੁਦਰਤ ਵੀ ਸਚੀ ਹੈ— ਸਚੇ ਤੇਰੇ ਖੰਡ ਸਚੇ ਬ੍ਰਹਮੰਡ ਸਚੇ ਤੇਰੇ ਲੋਅ ਸਚੇ ਆਕਾਰ ਸਚੇ ਤੇਰੇ ਕਰਣੇ ਸਰਬ ਬੀਚਾਰ ਸਚਾ ਤੇਰਾ ਅਮਰੁ ਸਚਾ ਦੀਬਾਣੁ ਸਚਾ ਤੇਰਾ ਹੁਕਮੁ ਸਚਾ ਫੁਰਮਾਣੁ ਸਚਾ ਤੇਰਾ ਕਰਮੁ ਸਚਾ ਨੀਸਾਣੁ ਸਚੇ ਤੁਧੁ ਆਖਹਿ ਲਖ ਕਰੋੜਿ ਸਚੈ ਸਭਿ ਤਾਣਿ ਸਚੈ ਸਭਿ ਜੋਰਿ ਸਚੀ ਤੇਰੀ ਸਿਫਤਿ ਸਚੀ ਸਾਲਾਹ ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ (ਗੁ.ਗ੍ਰੰ.463)। ਸਾਰਾ ਸੰਸਾਰ ਆਤਮ-ਸਰੂਪੀ ਹੈ। ਇਸ ਦਾ ਸਾਰਾ ਖੇਲ ਸਚਾ ਹੈ— ਆਤਮ ਰਾਮੁ ਸੰਸਾਰਾ ਸਾਚਾ ਖੇਲੁ ਤੁਮ੍ਹਾਰਾ (ਗੁ.ਗ੍ਰੰ.764)। ਇਸ ਪ੍ਰਕਾਰ ਦੇ ਹੋਰ ਵੀ ਕਈ ਕਥਨ ਮਿਲ ਜਾਂਦੇ ਹਨ। ਜਗਤ ਨੂੰ ਗੁਰੂ ਅਮਰਦਾਸ ਨੇ ‘ਅਨੰਦੁਬਾਣੀ ਵਿਚ ‘ਹਰਿ ਕਾ ਰੂਪ’ ਕਿਹਾ ਹੈ।

            ਉਪਰੋਕਤ ਵਿਸ਼ਲੇਸ਼ਣ ਤੋਂ ਜਗਤ ਸਤਿ ਅਤੇ ਅਸਤਿ ਦੋਵੇਂ ਹੈ। ਇਥੇ ਅੰਤਰ­-ਵਿਰੋਧ ਪੈਦਾ ਹੋਇਆ ਦਿਸਦਾ ਹੈ, ਪਰ ਅੰਤਰ-ਵਿਰੋਧ ਦੀ ਕੋਈ ਗੱਲ ਨਹੀਂ ਹੈ। ਅਸਲ ਵਿਚ, ਗੁਰਬਾਣੀ ਵਿਚਲੀਆਂ ਕੁਝ ਕੁ ਟੂਕਾਂ ਨੂੰ ਆਧਾਰ ਬਣਾ ਕੇ ਇਸ ਨਿਸ਼ਕਰਸ਼ ਉਪਰ ਪਹੁੰਚਣਾ ਕਿ ਗੁਰਬਾਣੀ ਵਿਚ ਜਗਤ ਨੂੰ ਸਚ ਮੰਨਿਆ ਗਿਆ ਹੈ, ਠੀਕ ਨਹੀਂ ਹੈ। ਕਿਸੇ ਸਿੱਧਾਂਤ ਦੇ ਵਿਸ਼ਲੇਸ਼ਣ ਵੇਲੇ ਸਦਾ ਕਿਸੇ ਰਚਨਾ ਦੇ ਸਮੁੱਚੇ ਸਰੂਪ ਜਾਂ ਪ੍ਰਭਾਵ ਨੂੰ ਗ੍ਰਹਿਣ ਕਰਨਾ ਹੁੰਦਾ ਹੈ, ਨ ਕਿ ਕੁਝ ਕੁ ਕਥਨਾਂ ਨੂੰ। ਜੇ ਜਗਤ ਸਚਮੁਚ ਸਚਾ ਹੁੰਦਾ ਤਾਂ ਉਸ ਦੇ ਅਸਤਿ ਰੂਪ ਦਾ ਗੁਰੂ ਗ੍ਰੰਥ ਸਾਹਿਬ ਵਿਚ ਇਤਨੇ ਵਿਸਤਾਰ ਨਾਲ ਉਕਤੀ-ਜੁਗਤੀ, ਅਤੇ ਉਪਮਾਨ-ਦ੍ਰਿਸ਼ਟਾਂਤ ਨਾਲ ਵਰਣਨ ਨ ਕੀਤਾ ਜਾਂਦਾ। ਗੁਰਬਾਣੀ ਵਿਚ ਅਦ੍ਵੈਤਵਾਦ ਅਤੇ ਵਿਸ਼ਿਸ਼ਟਾਦ੍ਵੈਤਵਾਦ ਦੋਹਾਂ ਸਿੱਧਾਂਤਾਂ ਦੀ ਨਾਲੋਂ ਨਾਲ ਸਵੀਕ੍ਰਿਤੀ ਸੰਭਵ ਨਹੀਂ ਹੋ ਸਕਦੀ।

            ਗੁਰਬਾਣੀ ਅਦ੍ਵੈਤਵਾਦੀ ਹੈ। ਗੁਰਬਾਣੀ ਦਾ ਅਦ੍ਵੈਤਵਾਦ ਸ਼ੰਕਰਾਚਾਰਯ ਦਾ ਸ਼ਾਸਤ੍ਰੀ ਅਦ੍ਵੈਤਵਾਦ ਭਾਵੇਂ ਨ ਸਹੀ, ਪਰ ਬਾਣੀਕਾਰ ਅਦ੍ਵੈਤਵਾਦ ਵਾਂਗ ਜਗਤ ਨੂੰ ਅਸਤਿ ਮੰਨਦੇ ਹਨ। ਅਸਲ ਵਿਚ, ਅਧਿਅਸਤ ਵਸਤੂ (ਰੱਸੀ) ਸਤਿ (ਸੱਪ) ਨਹੀਂ ਹੋ ਸਕਦੀ। ਜੇ ਜਗਤ ਨੂੰ ਵਿਸ਼ਿਸ਼ਟਾਦ੍ਵੈਤਵਾਦੀਆ ਵਾਂਗ ਸਤਿ ਮੰਨ ਲਿਆ ਜਾਏ, ਤਾਂ ਗੁਰਬਾਣੀ ਵਿਚ ਵਿਰੋਧੀ ਤੱਤ੍ਵਾਂ ਦੀ ਹੋਂਦ ਮੰਨਣੀ ਪਵੇਗੀ। ਪਰ ਅਜਿਹੀ ਗੱਲ ਮੂਲੋਂ ਨਹੀਂ ਹੈ। ਗੁਰਬਾਣੀ ਦੀ ਵਿਚਾਰਧਾਰਾ ਬਿਲਕੁਲ ਸਪੱਸ਼ਟ ਹੈ ਅਤੇ ਹਰ ਪ੍ਰਕਾਰ ਦੇ ਵਿਰੋਧੀ ਤੱਤ੍ਵਾਂ ਤੋਂ ਮੁਕਤ ਹੈ। ਇਸ ਲਈ ਜਗਤ ਦੇ ਸਰੂਪ ਸੰਬੰਧੀ ਗੁਰਬਾਣੀ ਦਾ ਦ੍ਰਿਸ਼ਟੀਕੋਣ ਭਾਰਤੀ ਦਾਰਸ਼ਨਿਕ ਸਰੋਤਾਂ ਦੇ ਸੰਦਰਭ ਵਿਚ ਹੀ ਸਮਝਣਾ ਉਚਿਤ ਹੋਵੇਗਾ।

            ਗੁਰਬਾਣੀ ਵਿਚ ਜਗਤ ਨੂੰ ਮਾਇਆ ਦਾ ਸਾਕਾਰ ਰੂਪ ਮੰਨਿਆ ਗਿਆ ਹੈ। ਨਾਮਰੂਪਾਤਮਕ ਜਗਤ ਜਾਂ ਸ੍ਰਿਸ਼ਟੀ ਪਰਿਵਰਤਨਸ਼ੀਲ ਹੈ, ਇਸ ਲਈ ਇਸ ਨੂੰ ਸਤਿ ਨਹੀਂ ਕਿਹਾ ਜਾ ਸਕਦਾ। ਸਤਿ ਦਾ ਵਾਸਤਵਿਕ ਸਰੂਪ ਬਦਲਦਾ ਨਹੀਂ ਹੈ, ਅਪਰਿਵਰਤਨਸ਼ੀਲ ਹੁੰਦਾ ਹੈ। ਫਿਰ ਗੁਰਬਾਣੀ ਵਿਚ ਜਗਤ ਨੂੰ ਸਤਿ ਕਿਉਂ ਕਿਹਾ ਗਿਆ ਹੈ ? ਉੱਤਰ ਹੈ ਕਿ ਜੇ ਜਗਤ ਦੇ ਉਪਾਦਾਨ ਕਾਰਣ (ਪ੍ਰਭੂ) ਨੂੰ ਸਤਿ ਮੰਨ ਲਿਆ ਜਾਏ, ਤਾਂ ਉਸ ਦੇ ਕਾਰਜ (ਜਗਤ) ਨੂੰ ਵੀ ਸਤਿ ਮੰਨਣਾ ਪਵੇਗਾ। (ਨਾਨਕ ਸਚੇ ਕੀ ਸਾਚੀ ਕਾਰ)। ਸੰਸਾਰ ਦਾ ਉਪਾਦਾਨ ਕਾਰਣ ਅਸਤਿ ਨਹੀਂ ਹੋ ਸਕਦਾ। ਤਾਂ ਫਿਰ ਉਸ ਦੁਆਰਾ ਉਤਪੰਨ ਕੀਤੀ ਹੋਈ ਵਸਤੂ (ਸ੍ਰਿਸ਼ਟੀ) ਅਵੱਸ਼ ਸਤਿ ਹੈ (ਜਾ ਤੂੰ ਸਚਾ ਤਾ ਸਭੁ ਕੋ ਸਚਾ ਕੂੜਾ ਕੋਇ ਹੋਈਗੁ.ਗ੍ਰੰ.145), ਕਿਉਂਕਿ ਸ੍ਰਿਸ਼ਟੀ ਦੀ ਹਰ ਇਕ ਵਸਤੂ ਦੀ ਸੱਤਾ ਸਪੱਸ਼ਟ ਦ੍ਰਿਸ਼ਟੀਗੋਚਰ ਹੋ ਰਹੀ ਹੈ। ਪਰਮਾਤਮਾ ਨੇ ਜੋ ਰਚਿਆ ਹੈ ਉਹ ਵੀ ਸਤਿ ਹੈ।

            ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕਾਰਜ ਜਗਤ ਅਜਿਹਾ ਸਤਿ ਨਹੀਂ, ਜਿਹੋ ਜਿਹਾ ਉਪਾਦਾਨ ਕਾਰਣ ਪਰਮਾਤਮਾ ਸਤਿ ਹੈ। ਅਸਲ ਵਿਚ, ਸੋਚਿਆ ਜਾਏ ਤਾਂ ਸਿੱਧ ਹੁੰਦਾ ਹੈ ਕਿ ਪਰਮਾਤਮਾ ਪਰਮਾਰਥਿਕ ਸਤਿ ਹੈ ਅਤੇ ਜਗਤ ਵਿਵਹਾਰਿਕ ਸਤਿ ਹੈ। ਗੁਰਬਾਣੀ ਪ੍ਰਤਿਪਾਦਿਤ ਜੀਵਨ-ਜੁਗਤ ਨਿਵ੍ਰਿੱਤੀ ਮਾਰਗੀ ਨਹੀਂ ਹੈ। ਵਿਵਹਾਰ ਵਿਚ ਗੁਰਬਾਣੀ ਨਿਸ਼ਕਾਮ ਕਰਮ ਕਰਨ ਵਿਚ ਵਿਸ਼ਵਾਸ ਰਖਦੀ ਹੈ। ਨ ਕਿ ਬੌਧੀਆਂ ਅਤੇ ਸ਼ੰਕਰਾਚਾਰਯ ਵਾਂਗ ਗ੍ਰਿਹਸਥ ਧਰਮ ਦੇ ਤਿਆਗ ਵਿਚ ਯਕੀਨ ਰਖਦੀ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿਚ ਜਾਗਤਿਕ ਜੀਵਨ ਬਤੀਤ ਕਰਦੇ ਹੋਇਆਂ ਮੋਹ-ਮਾਇਆ ਤੋਂ ਅਤੀਤ ਜਾਂ ਨਿਰਲਿਪਤ ਰਹਿਣ ਦੀ ਗੱਲ ਬਾਰ ਬਾਰ ਕਹੀ ਹੈ (ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਤਉ ਪਾਈਐਗੁ.ਗ੍ਰੰ.730)। ਸਿੱਧ ਹੈ ਕਿ ਗੁਰਬਾਣੀ ਨ ਨਿਵ੍ਰਿੱਤੀ ਮਾਰਗ ਵਿਚ ਵਿਸ਼ਵਾਸ ਰਖਦੀ ਹੈ ਅਤੇ ਨ ਹੀ ਪ੍ਰਵ੍ਰਿੱਤੀ ਮਾਰਗ ਵਿਚ। ਇਹ ਅਸਲੋਂ ਦੋਹਾਂ ਦੀ ਮੱਧਵਰਤੀ ਹੈ।

            ਨਿਸ਼ਕਾਮ ਕਰਮ ਬਾਣੀਕਾਰਾਂ ਲਈ ਸ਼ੁਭ ਅਤੇ ਸ੍ਰੇਸ਼ਠ ਕਰਮ ਹਨ। ਜਗਤ ਉਨ੍ਹਾਂ ਲਈ ਕਰਮ-ਭੂਮੀ ਹੈ। ਇਸ ਲਈ ਕਰਮ-ਖੇਤਰ ਦੇ ਨਾਤੇ ਹੀ ਉਨ੍ਹਾਂ ਨੇ ਜਗਤ ਨੂੰ ਸਤਿ, ਅਰਥਾਤ ‘ਵਿਵਹਾਰਿਕ ਸਤਿ’ ਕਿਹਾ ਹੈ। ਜੇ ਉਨ੍ਹਾਂ ਦਾ ਜਗਤ ਸਚਮੁਚ ਸਚਾ ਹੁੰਦਾ, ਤਾਂ ਉਨ੍ਹਾਂ ਦੁਆਰਾ ਮਾਇਆ ਦੀ ਮਾਨਤਾ ਦੀ ਗੱਲ ਹੀ ਨ ਕੀਤੀ ਹੁੰਦੀ। ਬਾਣੀਕਾਰਾਂ ਨੇ ਬਾਰ ਬਾਰ ਮਾਇਆ ਤੋਂ ਮੁਕਤੀ ਪ੍ਰਾਪਤੀ ਦੀ ਗੱਲ ਕਹੀ ਹੈ। ਉਨ੍ਹਾਂ ਦਾ ਜਗਤ ਨੂੰ ਵਿਵਹਾਰਿਕ ਸਤਿ ਮੰਨਣ ਦਾ ਕਾਰਣ ਸ਼ੁੱਧ ਅਤੇ ਸਾਤਵਿਕ ਜੀਵਨ ਬਤੀਤ ਕਰਨਾ ਸੀ। ਉਨ੍ਹਾਂ ਦਾ ਸਾਤਵਿਕ ਜੀਵਨ ਸੰਬੰਧੀ ਆਦਰਸ਼ ਇਹ ਸੀ ਕਿ ਬਿਰਤੀਆ ਨੂੰ ਮਾਇਆ ਤੋਂ ਉਲਟਾ ਕੇ ਮਨ ਨੂੰ ਆਤਮ-ਸਰੂਪ ਨਿਜ-ਘਰ (ਪ੍ਰਕਾਸ਼ਮਈ ਮਨ) ਵਿਚ ਲੈ ਆਇਆ ਜਾਏ। ਇਸ ਤਰ੍ਹਾਂ ਬਾਣੀ ਵਿਚ ਜਗਤ ਨੂੰ ਅਸਤਿ ਜਾਂ ਅਵਾਸਤਵਿਕ ਮੰਨ ਕੇ ਕੇਵਲ ਵਿਵਹਾਰ ਦੇ ਖੇਤਰ ਵਿਚ ਉਸ ਨੂੰ ਤਿਆਗਣ ਯੋਗ ਨਹੀਂ ਮੰਨਿਆ।

            ਪਰਮਾਰਥਿਕ ਦ੍ਰਿਸ਼ਟੀ ਤੋਂ ਜਗਤ ਮਿਥਿਆ, ਝੂਠਾ ਅਤੇ ਭ੍ਰਾਮਕ ਹੈ। ਅਜਿਹੀ ਭਾਵਨਾ ਨੂੰ ਪਾਲਣ ਜਾਂ ਵਿਕਸਿਤ ਕਰਨ ਨਾਲ ਹੀ ਜੀਵ ਅਧਿਆਤਮਿਕਤਾ ਦੇ ਮਾਰਗ ਉਤੇ ਅਗੇ ਵਧਦਾ ਹੈ। ਗੁਰਬਾਣੀ ਦਾ ਕੋਰੀ ਦਾਰਸ਼ਨਿਕਤਾ ਵਿਚ ਵਿਸ਼ਵਾਸ ਨਹੀਂ ਹੈ। ਬਾਣੀਕਾਰਾਂ ਦਾ ਉਦੇਸ਼ ਮਨੁੱਖਾਂ ਨੂੰ ਸਨਮਾਰਗ ਉਤੇ ਪਾਣਾ ਸੀ। ਉਨ੍ਹਾਂ ਨੇ ਸੰਸਾਰਿਕ ਸੰਬੰਧਾਂ ਅਤੇ ਪਦਾਰਥਾਂ ਪ੍ਰਤਿ ਮੋਹ ਦੇ ਭੈੜੇ ਸਿੱ-ਟਿਆਂ ਨੂੰ ਮਾਨਵੀ ਗੁਣਾਂ ਦੇ ਵਿਨਾਵਸ਼ ਦਾ ਕਾਰਣ ਮੰਨਿਆ ਹੈ। ਕੇਵਲ ਇਸੇ ਦ੍ਰਿਸ਼ਟੀ ਤੋਂ ਉਨ੍ਹਾਂ ਦਾ ਸੰਸਾਰ ਅਤੇ ਸੰਸਾਰਿਕ ਸੰਬੰਧਾਂ ਅਤੇ ਪਦਾਰਥਾਂ ਵਿਚ ਮੋਹ ਜਾਂ ਵਿਸ਼ਵਾਸ ਨਹੀਂ ਹੈ। ਪਰੰਤੂ ਉਨ੍ਹਾਂ ਨੂੰ ਤਿਆਗਣਾ ਅਤੇ ਸੰਨਿਆਸੀ ਬਣਨਾ ਬਾਣੀਕਾਰਾਂ ਨੂੰ ਪਸੰਦ ਨਹੀਂ ਸੀ। ਇਸ ਲਈ ਉਨ੍ਹਾਂ ਦਾ ਜਗਤ ਵਿਵਹਾਰਿਕ ਦ੍ਰਿਸ਼ਟੀ ਤੋਂ ਸਤਿ ਹੈ।

            ਵਾਸਤਵ ਵਿਚ ਨਾਮਰੂਪਾਤਮਕ ਜਗਤ ਦਾ ਮੂਲਾਧਾਰ ਤੱਤ੍ਵ ਬ੍ਰਹਮ ਹੈ। ਬ੍ਰਹਮ ਹੀ ਪਰਮਾਰਥਿਕ ਸੱਤਾ ਹੈ ਅਤੇ ਉਹ ਵੀ ਸਰਵ-ਵਿਆਪਕ ਹੈ। ਨਾਮ-ਰੂਪਾਤਮਕ ਜਗਤ ਦੀ ਉਤਪੱਤੀ ਅਤੇ ਸਥਿਤੀ ਸਤਿ ਸਰੂਪੀ ਹੈ। ਸਤਿ ਸਰੂਪ ਪਰਮਾਤਮਾ ਤੋਂ ਬਿਨਾ ਉਸ ਦੀ ਕੋਈ ਹੋਂਦ ਜਾਂ ਵਜੂਦ ਹੀ ਨਹੀਂ ਹੈ। ਇਸ ਲਈ ਪਰਮਾਰਥਿਕ ਦ੍ਰਿਸ਼ਟੀ ਤੋਂ ਜਗਤ ਮਿਥਿਆ ਹੈ, ਅਸਤਿ ਹੈ। ਹਾਂ, ਵਿਵਹਾਰਿਕ ਦ੍ਰਿਸ਼ਟੀ ਤੋਂ ਜਗਤ ਨੂੰ ਅਵੱਸ਼ ਹੀ ਸਤਿ ਮੰਨਣਾ ਵਾਜਬ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2509, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.