ਪੰਜਾਬੀ ਭਾਸ਼ਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪੰਜਾਬੀ ਭਾਸ਼ਾ: ਇਹ ਭਾਸ਼ਾ ਪੰਜਾਬ ਵਿਚ ਰਹਿਣ ਵਾਲੇ ਸਾਰੇ ਧਰਮਾਂ ਵਾਲਿਆਂ ਦੀ ਸਾਂਝੀ ਭਾਸ਼ਾ ਹੈ, ਪਰ ਇਸ ਦੇ ਵਿਕਾਸ ਲਈ ਸਭ ਨਾਲੋਂ ਅਧਿਕ ਘਾਲਣਾਵਾਂ ਸਿੱਖਾਂ ਨੇ ਘਾਲੀਆਂ ਹਨ, ਇਸ ਵਾਸਤੇ ਸਿੱਖ ਸਮਾਜ ਨਾਲ ਇਸ ਦਾ ਅਨਿਖੜਵਾਂ ਸੰਬੰਧ ਹੋ ਗਿਆ ਹੈ ਅਤੇ ਚੂੰਕਿ ਸਿੱਖਾਂ ਦੇ ਧਰਮ-ਗ੍ਰੰਥ ਅਤੇ ਧਾਰਮਿਕ ਸਾਹਿਤ ਇਸੇ ਵਿਚ ਲਿਖਿਆ ਹੋਇਆ ਹੈ। ਇਸ ਲਈ ਇਹ ਸਿੱਖਾਂ ਦੀ ਧਾਰਮਿਕ ਭਾਸ਼ਾ ਵੀ ਬਣ ਗਈ ਹੈ।

ਪੰਜਾਬੀ ਭਾਰਤੀ ਆਰਿਆਈ ਪਰਿਵਾਰ ਦੀ ਭਾਸ਼ਾ ਹੈ। ਇਸ ਦਾ ਭਾਸ਼ਿਕ ਪਿਛੋਕੜ ਸੰਸਕ੍ਰਿਤ ਨਾਲ ਜੁੜਦਾ ਹੈ। ਇਨ੍ਹਾਂ ਦੋਹਾਂ ਦਾ ਮਾਂ-ਧੀ ਦਾ ਰਿਸ਼ਤਾ ਵਿਦਵਾਨਾਂ ਦੁਆਰਾ ਸਥਾਪਿਤ ਹੋ ਚੁਕਿਆ ਹੈ। ਹਿੰਦ-ਯੂਰਪੀ ਭਾਸ਼ਾ-ਪਰਿਵਾਰ ਵਿਚ ਸੰਸਕ੍ਰਿਤ ਨੂੰ ਮਹੱਤਵਪੂਰਣ ਸਥਾਨ ਪ੍ਰਾਪਤ ਹੈ। ਸੰਸਕ੍ਰਿਤ ਭਾਸ਼ਾ ਦੇ ਮੁੱਢਲੇ ਸਰੂਪ ਨੂੰ ਵਖ ਵਖ ਨਾਂ ਦਿੱਤੇ ਜਾਂਦੇ ਰਹੇ ਹਨ, ਕਿਸੇ ਨੇ ਇਸ ਨੂੰ ਵੈਦਿਕ ਭਾਸ਼ਾ ਕਿਹਾ, ਕਿਸੇ ਨੇ ਵੈਦਿਕ ਸੰਸਕ੍ਰਿਤ, ਕਿਸੇ ਨੇ ‘ਛਾਂਦਸ’। ਇਨ੍ਹਾਂ ਨਾਂਵਾਂ ਵਿਚੋਂ ਵਿਦਵਾਨਾਂ ਦੀ ਬਹੁ-ਗਿਣਤੀ ਇਸ ਨੂੰ ‘ਵੈਦਿਕ ਸੰਸਕ੍ਰਿਤ’ ਕਹਿਣ ਦੇ ਹੱਕ ਵਿਚ ਹੈ। ਵੈਦਿਕ ਸੰਸਕ੍ਰਿਤ ਦੀ ਸਰਵ-ਪ੍ਰਥਮ ਰਚਨਾਰਿਗਵੇਦ ’ ਹੈ ਜਿਸ ਦਾ ਮਹੱਤਵ ਭਾਰਤੀ ਸਾਹਿਤ ਵਿਚ ਹੀ ਨਹੀਂ , ਵਿਸ਼ਵ-ਸਾਹਿਤ ਵਿਚ ਵੀ ਹੈ। ਇਸ ਨੂੰ ਮਾਨਵੀ-ਚਿੰਤਨ ਦੇ ਵਿਕਾਸ ਦਾ ਪਹਿਲਾ ਪੜਾ ਮੰਨਿਆ ਜਾਂਦਾ ਹੈ। ਪਰ ਵੈਦਿਕ ਸੰਸਕ੍ਰਿਤ ਦੀ ਮੁੱਢਲੀ ਵਰਤੋਂ ਚੂੰਕਿ ਧਰਮ ਗ੍ਰੰਥ ਲਈ ਹੋਈ ਸੀ , ਇਸ ਲਈ ਇਹ ਧਾਰਮਿਕ ਸਾਹਿਤ ਨੂੰ ਲਿਖਣ ਲਈ ਰੂੜ੍ਹ ਹੋ ਗਈ ਅਤੇ ਆਮ ਲੋਕਾਂ ਦੀਆਂ ਸੋਹਜਾਤਮਕ ਭਾਵਨਾਵਾਂ ਨੂੰ ਇਸ ਰਾਹੀਂ ਵਿਕਸਿਤ ਹੋਣ ਦਾ ਅਵਸਰ ਘਟ ਗਿਆ। ਫਲਸਰੂਪ ਵੈਦਿਕ ਸੰਸਕ੍ਰਿਤ ਦੇ ਨਾਲ ਨਾਲ ਲੌਕਿਕ ਸੰਸਕ੍ਰਿਤ ਦਾ ਵਿਕਾਸ ਹੋਣਾ ਸ਼ੁਰੂ ਹੋ ਗਿਆ। ਵੈਦਿਕ ਸੰਸਕ੍ਰਿਤ ਵਿਚ ਵੇਦਾਂ, ਬ੍ਰਾਹਮਣਾਂ, ਆਰਣੑਯਕਾਂ, ਉਪਨਿਸ਼ਦਾਂ, ਵੇਦਾਂਗਾਂ ਦੀ ਰਚਨਾ ਹੋਈ ਅਤੇ ਲੌਕਿਕ ਸੰਸਕ੍ਰਿਤ ਵਿਚ ਨਾਟਕ , ਕਾਵਿ, ਨੈਤਿਕ ਕਥਾਵਾਂ ਆਦਿ ਦੀ ਸਿਰਜਨਾ ਹੁੰਦੀ ਰਹੀ

ਵੈਦਿਕ ਸੰਸਕ੍ਰਿਤ ਦਾ ਆਰੰਭ ਸਾਧਾਰਣ ਤੌਰ ’ਤੇ ਆਰਯ ਜਾਤੀ ਦੀ ਆਮਦ ਨਾਲ ਸੰਬੰਧਿਤ ਕੀਤਾ ਜਾਂਦਾ ਹੈ। ਆਰਯ ਲੋਕ 1500 ਪੂ.ਈ. ਪੰਜਾਬ ਦੀ ਧਰਤੀ ਉਤੇ ਆਪਣੇ ਪੈਰ ਪਸਾਰ ਚੁੱਕੇ ਸਨ ਅਤੇ ਉਦੋਂ ਤੋਂ ਹੀ ਇਨ੍ਹਾਂ ਦੀ ਭਾਸ਼ਾ ਨੇ ਵਿਕਾਸ ਕਰਨਾ ਸ਼ੁਰੂ ਕਰ ਦਿੱਤਾ ਸੀ। ਪਰ ਇਸ ਵਿਚ ਰੂਪ-ਸਥਿਰਤਾ ਨਹੀਂ ਸੀ। ਰਿਗਵੇਦ ਵਿਚ ਜੋ ਮੰਤ੍ਰ ਸੰਕਲਿਤ ਹਨ ਉਨ੍ਹਾਂ ਵਿਚੋਂ ਪਿਛਲੇ ਮੰਡਲਾਂ ਦੇ ਮੰਤ੍ਰਾਂ ਦੀ ਭਾਸ਼ਾ ਪਹਿਲੇ ਮੰਡਲਾਂ ਨਾਲੋਂ ਵਿਥ ਪਾਂਦੀ ਗਈ ਹੈ ਅਤੇ ਇਹ ਵਿਥ ਦਸਵੇਂ ਮੰਡਲ ਵਿਚ ਹੋਰ ਵੀ ਉਘੜੀ ਹੈ। ਇਸ ਤੋਂ ਬਾਦ ਰਚੇ ਗਏ ਵੈਦਿਕ ਸਾਹਿਤ ਦੀ ਭਾਸ਼ਾ ਵਿਚ ਵੀ ਸਪੱਸ਼ਟ ਅੰਤਰ ਉਪਸਥਿਤ ਹੋਣ ਲਗ ਗਿਆ ਸੀ। ਇਹ ਅੰਤਰ ਇਸ ਦੀ ਪ੍ਰਵਾਹ-ਮਾਨਤਾ ਦਾ ਪ੍ਰਤੀਕ ਹੈ।

ਵੈਦਿਕ ਸੰਸਕ੍ਰਿਤ ਦੇ ਨਾਲ ਨਾਲ ਵਿਕਸਿਤ ਹੋਈ ਲੌਕਿਕ ਸੰਸਕ੍ਰਿਤ ਦੇ ਸਰੂਪ ਨੂੰ ਖੁਰਨੋਂ ਬਚਾਉਣ ਲਈ ਲਗਭਗ ਚਾਰ ਸੌ ਸਾਲ ਪੂ.ਈ. ਵਿਚ ਪਾਣਿਨੀ ਨੇ ਆਪਣੇ ਵਿਆਕਰਣ ‘ਅਸ਼ਟਾਧਿਆਈ ’ ਦੁਆਰਾ ਸੰਸਕ੍ਰਿਤ ਦਾ ਸਰੂਪ ਸਥਾਈ ਤੌਰ’ਤੇ ਨਿਸ਼ਚਿਤ ਕਰ ਦਿੱਤਾ। ਉਸ ਤੋਂ ਬਾਦ ਜੋ ਸਾਹਿਤ ਰਚਿਆ ਗਿਆ, ਉਸ ਦੀ ਭਾਸ਼ਾ ‘ਅਸ਼ਟਾਧਿਆਈ’ ਅਨੁਸਾਰ ਹੀ ਰਖੀ ਗਈ। ਇਸ ਤਰ੍ਹਾਂ ਲੌਕਿਕ ਸੰਸਕ੍ਰਿਤ ਨੂੰ ਟਕਸਾਲੀ ਰੂਪ ਵਿਚ ਬੰਨ੍ਹ ਦਿੱਤਾ ਗਿਆ। ਆਧੁਨਿਕ ਵਿਦਵਾਨਾਂ ਨੇ ਇਸ ਨੂੰ ‘ਕਲਾਸੀਕਲ ਸੰਸਕ੍ਰਿਤ’ ਦਾ ਨਾਂ ਦੇ ਕੇ ਵੈਦਿਕ ਸੰਸਕ੍ਰਿਤ ਤੋਂ ਨਿਖੇੜਿਆ ਹੈ। ਇਸ ਤਰ੍ਹਾਂ ਈਸਵੀ ਸੰਨ ਤੋਂ ਲਗਭਗ 500 ਵਰ੍ਹੇ ਪਹਿਲਾਂ ਕਲਾਸੀਕਲ ਸੰਸਕ੍ਰਿਤ ਨੇ ਵੈਦਿਕ ਸੰਸਕ੍ਰਿਤ ਤੋਂ ਨਿਖੜ ਕੇ ਆਪਣੀ ਸਪੱਸ਼ਟ ਨੁਹਾਰ ਬਣਾਉਣੀ ਸ਼ੁਰੂ ਕਰ ਦਿੱਤੀ ਜਿਸ ਨੂੰ ਇਕ ਸੌ ਸਾਲ ਬਾਦ ਪਾਣਿਨੀ ਨੇ ਸਦਾ ਲਈ ਵਿਆਕਰਣ ਦੇ ਸ਼ਿੰਕਜੇ ਵਿਚ ਕਸ ਦਿੱਤਾ। ਗੁਪਤ ਰਾਜ-ਵੰਸ਼ ਵੇਲੇ ਇਸ ਨੂੰ ਰਾਜ-ਭਾਸ਼ਾ ਵਜੋਂ ਮਾਨਤਾ ਦਿੱਤੀ ਗਈ।

ਸੰਸਕ੍ਰਿਤ ਦੇ ਟਕਸਾਲੀਕਰਣ ਨਾਲ ਉਸ ਦਾ ਸਹਿਜ ਸੁਭਾਵਿਕ ਰੂਪ ਖੁਲ੍ਹ ਤੋਂ ਵਾਂਝਿਆ ਗਿਆ। ਉਸ ਵਿਚ ਜਟਿਲਤਾ ਵਧਣ ਲਗੀ। ਫਲਸਰੂਪ ਸੰਸਕ੍ਰਿਤ ਭਾਸ਼ਾ ਦੋ ਵਰਗਾਂ ਵਿਚ ਵੰਡੀ ਗਈ—ਇਕ ਵੈਦਿਕ ਅਤੇ ਦੂਜਾ ਕਲਾਸੀਕਲ। ਕਲਾਸੀਕਲ ਰੂਪ ਇਕਸੁਰ ਹੋ ਕੇ ਸਦਾ ਲਈ ਬੰਨ੍ਹਿਆ ਗਿਆ ਅਤੇ ਵੈਦਿਕ ਰੂਪ ਵਿਕਾਸ ਕਰਦਾ ਰਿਹਾ। ਹੌਲੀ ਹੌਲੀ ਕਲਾਸੀਕਲ ਸੰਸਕ੍ਰਿਤ ਦਾ ਸੰਬੰਧ ਲੋਕਾਂ ਨਾਲੋਂ ਟੁਟ ਗਿਆ, ਪਰ ਵੈਦਿਕ ਸੰਸਕ੍ਰਿਤ ਲੋਕਾਂ ਦੇ ਨੇੜੇ ਵਿਚਰਦੀ ਰਹੀ ਅਤੇ ਉਸ ਦਾ ਪ੍ਰਵਾਹ ਨਿਰੰਤਰ ਚਲਦਾ ਰਿਹਾ। ਇਸ ਪ੍ਰਵਾਹ ਦੇ ਅਗਲੇ ਪੜਾ ਪਾਲੀ, ਪ੍ਰਾਕ੍ਰਿਤ ਅਤੇ ਅਪਭ੍ਰੰਸ਼ ਭਾਸ਼ਾਵਾਂ ਹਨ।

ਪਾਲੀ ਭਾਸ਼ਾ ਦਾ ਸਮਾਂ ਆਮ ਤੌਰ’ਤੇ ਈਸਵੀ ਸੰਨ ਤੋਂ ਪੰਜ ਸੌ ਸਾਲ ਪਹਿਲਾਂ ਦੇ ਕਾਲ-ਖੰਡ ਵਿਚ ਨਿਸਚਿਤ ਕੀਤਾ ਜਾਂਦਾ ਹੈ। ਇਹ ਭਾਸ਼ਾ ਮੱਧਕਾਲੀਨ ਆਰਿਆਈ ਭਾਸ਼ਾ ਦੀ ਮੁੱਢਲੀ ਅਵਸਥਾ ਦੀ ਸਾਖੀ ਭਰਦੀ ਹੈ। ਇਸ ਦਾ ਨਾਂ ‘ਪਾਲੀ’ ਕਿਉਂ ਪਿਆ, ਇਸ ਬਾਰੇ ਵਿਦਵਾਨਾਂ ਵਿਚ ਮਤ-ਭੇਦ ਹੈ। ਇਸ ਪਰਥਾਇ ਬੌਧੀ ਵਿਦਵਾਨ ਕੋਸਾਂਬੀ ਦੀ ਸਥਾਪਨਾ ਨੂੰ ਅਧਿਕ ਵਜ਼ਨ ਦਿੱਤਾ ਜਾਂਦਾ ਹੈ। ਉਸ ਅਨੁਸਾਰ ਇਸ ਦਾ ਵਿਕਾਸ ‘ਪਾਲੑ’ ਧਾਤੂ ਤੋਂ ਹੋਇਆ ਜਿਸ ਦਾ ਅਰਥ ਹੈ ‘ਰਖਿਆ ਕਰਨਾ’। ਚੂੰਕਿ ਮਹਾਤਮਾ ਬੁੱਧ ਦੇ ਵਿਚਾਰਾਂ ਨੂੰ ਇਸ ਭਾਸ਼ਾ ਵਿਚ ਸੁਰਖਿਅਤ ਕੀਤਾ ਗਿਆ ਸੀ, ਇਸ ਲਈ ਇਸ ਨੂੰ ‘ਪਾਲੀ’ ਕਿਹਾ ਜਾਣ ਲਗਿਆ।

ਪਾਲੀ ਕਿਸੇ ਖ਼ਾਸ ਇਲਾਕੇ ਦੀ ਭਾਸ਼ਾ ਨ ਹੋ ਕੇ ਬੌਧ ਧਰਮ ਦੀ ਭਾਸ਼ਾ ਸੀ ਕਿਉਂਕਿ ਬੌਧ ਧਰਮ ਦਾ ਸਾਰਾ ਮੁੱਢਲਾ ਸਾਹਿਤ (ਜਿਵੇਂ ਤ੍ਰਿਪਿਟਕ, ਮਹਾਵੰਸ਼, ਜਾਤਕ ਆਦਿ) ਇਸੇ ਭਾਸ਼ਾ ਵਿਚ ਲਿਖਿਆ ਗਿਆ ਸੀ। ਮੁੱਖ ਤੌਰ’ਤੇ ਇਸ ਵਿਚ ਮੱਧ-ਭਾਰਤ ਦੀਆਂ ਭਾਸ਼ਾਵਾਂ ਦਾ ਮਿਲਿਆ ਜੁਲਿਆ ਰੂਪ ਸੀ। ਪਰ ਬੌਧ ਧਰਮ ਦੇ ਬਹੁ-ਦਿਸ਼ਾਵੀ ਵਿਕਾਸ ਕਰਕੇ ਇਸ ਵਿਚ ਕੁਝ ਹੋਰ ਇਲਾਕਿਆਂ ਦੇ ਸ਼ਬਦਾਂ ਜਾਂ ਭਾਸ਼ਾਈ ਲੱਛਣਾਂ ਦੇ ਸ਼ਾਮਲ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਧਿਆਨਯੋਗ ਗੱਲ ਇਹ ਹੈ ਕਿ ਅਸ਼ੋਕ ਨੇ ਬੌਧ ਧਰਮ ਦੇ ਪ੍ਰਚਾਰ ਲਈ ਜੋ ਸ਼ਿਲਾਲੇਖ ਆਪਣੇ ਰਾਜ ਦੀਆਂ ਸੀਮਾਵਾਂ ਉਤੇ ਸਥਾਪਿਤ ਕਰਵਾਏ ਸਨ, ਉਨ੍ਹਾਂ ਦੀ ਭਾਸ਼ਾ ਨੂੰ, ਇਲਾਕਾਈ ਬੋਲੀਆਂ ਦੇ ਨੇੜੇ ਰਖਣ ਲਈ, ਕੁਝ ਕੁਝ ਪਾਠ-ਪਰਿਵਰਤਨ ਵੀ ਕਰਵਾਏ ਸਨ, ਜਿਨ੍ਹਾਂ ਕਰਕੇ ਪਾਲੀ ਵਿਚ ਬਾਹਰਲੇ ਤੱਤ੍ਵ ਸ਼ਾਮਿਲ ਹੁੰਦੇ ਰਹੇ। ਹੌਲੀ ਹੌਲੀ ਇਸ ਵਿਚ ਵੈਦਿਕ ਸੰਸਕ੍ਰਿਤ ਤੋਂ ਆਈਆਂ ਸੰਯੁਕਤ ਧੁਨੀਆਂ ਸਰਲ ਹੋ ਕੇ ਦੁੱਤ ਧੁਨੀਆਂ ਵਿਚ ਬਦਲ ਗਈਆਂ ਅਤੇ ਉਸ ਸਮੇਂ ਦੇ ਲੋਕ-ਉੱਚਾਰਣ ਦੇ ਅਨੁਰੂਪ ਹੋ ਗਈਆਂ।

ਪਾਲੀ ਤੋਂ ਬਾਦ ਪ੍ਰਾਕ੍ਰਿਤਾਂ ਦਾ ਯੁਗ ਆਇਆ। ਇਨ੍ਹਾਂ ਵਿਚ ਮੱਧਕਾਲੀਨ ਆਰਿਆਈ ਭਾਸ਼ਾ ਦਾ ਅਧਿਕ ਵਿਕਸਿਤ ਰੂਪ ਮਿਲਦਾ ਹੈ। ‘ਪ੍ਰਾਕ੍ਰਿਤ’ ਸ਼ਬਦ ਉਸ ਭਾਸ਼ਾ ਲਈ ਵਰਤਿਆ ਗਿਆ ਹੈ ਜੋ ਸਹਿਜ ਸੁਭਾਵਿਕ ਢੰਗ ਨਾਲ ਵਿਕਸਿਤ ਹੋਈ ਹੋਵੇ, ਜਿਸ ਵਿਚ ਵਿਆਕਰਣ ਦੀਆਂ ਹੱਦਬੰਦੀਆਂ ਨੇ ਕੋਈ ਉਚੇਚ ਨ ਲਿਆਉਂਦਾ ਹੋਵੇ ਅਤੇ ਜੋ ਆਮ ਜਨਤਾ ਨੇ ਅਪਣਾਈ ਹੋਵੇ। ਉਂਜ ਤਾਂ ਵੈਦਿਕ ਸੰਸਕ੍ਰਿਤ ਵਿਕਸਿਤ ਹੋ ਕੇ ਲੋਕ-ਜੀਵਨ ਵਿਚ ਪ੍ਰਵਾਹਿਤ ਹੋਣ ਨਾਲ ‘ਪ੍ਰਾਕ੍ਰਿਤ’ ਬਣ ਗਈ, ਪਰ ਇਸ ਦੇ ਵਿਕਾਸ ਦੇ ਪੜਾ ਨਿਸਚਿਤ ਕਰਨ ਲਈ ਇਸ ਨੂੰ ਤਿੰਨ ਵਿਕਾਸ-ਕ੍ਰਮਾਂ ਵਿਚ ਵੰਡਿਆ ਗਿਆ ਜਿਨ੍ਹਾਂ ਨੂੰ ਕਾਲ-ਕ੍ਰਮ ਅਨੁਸਾਰ ਪਾਲੀ (500 ਈ.ਪੂ. ਤੋਂ 1 ਈ. ਤਕ), ਪ੍ਰਾਕ੍ਰਿਤ (1 ਈ. ਤੋ 500 ਈ. ਤਕ) ਅਤੇ ਅਪਭ੍ਰੰਸ਼ (501 ਈ. ਤੋਂ 1000 ਈ. ਤਕ) ਕਿਹਾ ਜਾਣ ਲਗਿਆ। ਇਹ ਸਥੂਲ ਵਿਭਾਜਨ ਹੈ, ਸੰਨਾਂ ਦੀ ਸੀਮਾ ਥੋੜੀ ਅਗੇ ਪਿਛੇ ਕੀਤੀ ਜਾ ਸਕਦੀ ਹੈ।

‘ਪਾਲੀ’ ਜਦੋਂ ਬੌਧ ਧਰਮ ਦੀ ਧਾਰਮਿਕ ਭਾਸ਼ਾ ਬਣ ਕੇ ਖੜੋਤ ਨੂੰ ਪ੍ਰਾਪਤ ਹੋਈ ਤਾਂ ਉਸ ਦੇ ਵਿਕਾਸ ਵਿਚ ਯੋਗਦਾਨ ਪਾਉਣ ਵਾਲੀਆਂ ਇਲਾਕਾਈ ਬੋਲੀਆਂ ਉਭਰਨ ਲਗੀਆਂ ਅਤੇ ਉਨ੍ਹਾਂ ਵਿਚ ਸਾਹਿਤਿਕ ਰਚਨਾਵਾਂ ਵੀ ਸਿਰਜੀਆਂ ਜਾਣ ਲਗੀਆਂ। ਉਹੀ ਬੋਲੀਆਂ ਆਪਣੇ ਖੇਤਰਾਂ ਦੀਆਂ ਭਾਸ਼ਾਈ ਵਿਸ਼ਿਸ਼ਟਤਾਵਾਂ ਕਾਰਣ ਇਕ ਦੂਜੀ ਤੋਂ ਨਿਖੜਨ ਲਗੀਆਂ। ਸਮੁੱਚੇ ਤੌਰ’ਤੇ ਉਨ੍ਹਾਂ ਨੂੰ ‘ਪ੍ਰਾਕ੍ਰਿਤ’ ਕਿਹਾ ਜਾਣ ਲਗਿਆ ਅਤੇ ਇਲਾਕਾਈ ਝੁਕਾ ਕਰਕੇ ਉਨ੍ਹਾਂ ਨੂੰ ਕਈ ਵਰਗਾਂ ਵਿਚ ਵੰਡਿਆ ਗਿਆ। ਪ੍ਰਾਕ੍ਰਿਤ ਭਾਸ਼ਾਵਾਂ ਦੇ ਪਹਿਲੇ ਵਿਆਕਰਣਕਾਰ ਵਰਰੁਚੀ ਨੇ ਇਸ ਨੂੰ ਚਾਰ ਵਰਗਾਂ ਵਿਚ ਵੰਡਿਆ ਹੈ—ਮਹਾਰਾਸ਼ਟ੍ਰੀ, ਪੈਸ਼ਾਚੀ, ਮਾਗਧੀ ਅਤੇ ਸ਼ੌਰਸੇਨੀ। ਇਨ੍ਹਾਂ ਚੋਹਾਂ ਨਾਲ ‘ਅਰਧ-ਮਾਗਧੀ’ ਦਾ ਨਾਂ ਜੋੜ ਕੇ ਕੁਲ ਗਿਣਤੀ ਪੰਜ ਵੀ ਕਰ ਦਿੱਤੀ ਜਾਂਦੀ ਰਹੀ ਹੈ। ਪੁਰਾਤਨ ਗ੍ਰੰਥਾਂ ਵਿਚ ਆਰਸ਼, ਚੂਲਿਕਾ, ਪੈਸ਼ਾਚਿਕਾ, ਪ੍ਰਾਚੑਯਾ, ਅਵੰਤੀ, ਨਾਗਰ, ਕੈਕੇਯ, ਸ਼ਾਕਾਰੀ, ਸ਼ਾਬਰੀ, ਟੱਕੀ ਆਦਿ ਕਈ ਹੋਰ ਪ੍ਰਾਕ੍ਰਿਤਾਂ ਦੇ ਨਾਂ ਵੀ ਮਿਲਦੇ ਹਨ ਪਰ ਇਨ੍ਹ੍ਹਾਂ ਵਿਚੋਂ ਕਈ ਨਾਂ ਮੁੱਖ ਪ੍ਰਾਕ੍ਰਿਤਾਂ ਦੇ ਨਾਂਵਾਂ ਦੇ ਨਾਮਾਂਤਰ ਹਨ ਜਾਂ ਉਨ੍ਹਾਂ ਦੀਆਂ ਸ਼ਾਖਾਵਾਂ ਦੇ ਨਾਂ ਹਨ।

‘ਮਹਾਰਾਸ਼ਟ੍ਰੀ ਪ੍ਰਾਕ੍ਰਿਤ’ ਦਾ ਬੋਲਣ-ਖੇਤਰ ਅਜ ਦਾ ਮਹਾਰਾਸ਼ਟ੍ਰ ਪ੍ਰਦੇਸ਼ ਅਤੇ ਉਸ ਦੇ ਨਾਲ ਲਗਦਾ ਕੁਝ ਇਲਾਕਾ ਸੀ ਅਤੇ ਇਸ ਤੋਂ ਮਰਾਠੀ ਭਾਸ਼ਾ ਦਾ ਵਿਕਾਸ ਹੋਇਆ। ‘ਪੈਸ਼ਾਚੀ ਪ੍ਰਾਕ੍ਰਿਤ’ ਦੇ ਨਾਂ ਨੂੰ ਕਿਸੇ ਪਿਸ਼ਾਚ ਦੇਸ਼ ਅਥਵਾ ਕੌਮ ਨਾਲ ਜੁੜਿਆ ਹੋਇਆ ਮੰਨਿਆ ਜਾਂਦਾ ਹੈ। ਕਈਆ ਦਾ ਵਿਚਾਰ ਹੈ ਕਿ ਇਸ ਦਾ ਆਪਣਾ ਸੁਤੰਤਰ ਸਰੂਪ ਅਤੇ ਮਹੱਤਵ ਹੈ ਅਤੇ ਇਹ ਉੱਤਰ-ਪੱਛਮ ਖੇਤਰ ਦੀ ਸਥਾਪਿਤ ਭਾਸ਼ਾ ਰਹੀ ਹੈ। ‘ਮਾਗਧੀ ਪ੍ਰਾਕ੍ਰਿਤ’ ਮਗਧ ਪਦੇਸ਼ ਦੇ ਇਰਦ-ਗਿਰਦ ਬੋਲੀ ਜਾਣ ਵਾਲੀ ਭਾਸ਼ਾ ਦਾ ਨਾਂ ਸੀ। ਇਸ ਦਾ ਇਹ ਨਾਂ ਮਗਧ ਪ੍ਰਦੇਸ਼ ਵਿਚ ਬੋਲੇ ਜਾਣ ਕਰਕੇ ਪਿਆ, ਪਰ ਇਸ ਦਾ ਬੋਲਣ ਖੇਤਰ ਬੰਗਾਲ ਤੋਂ ਅਵਧ ਤਕ ਪਸਾਰਿਆ ਹੋਇਆ ਦਸਿਆ ਜਾਂਦਾ ਹੈ। ‘ਅਰਧਮਾਗਧੀ ਪ੍ਰਾਕ੍ਰਿਤ’ ਬੁਨਿਆਦੀ ਤੌਰ’ਤੇ ਮਾਗਧੀ ਦੀ ਹੀ ਇਕ ਸ਼ਾਖਾ ਹੈ ਜਿਸ ਵਿਚ ਸ਼ੌਰਸੇਨੀ ਅਤੇ ਮਹਾਰਾਸ਼ਟ੍ਰੀ ਪ੍ਰਾਕ੍ਰਿਤਾਂ ਦੇ ਤੱਤ੍ਵ ਵੀ ਸ਼ਾਮਲ ਹੋ ਗਏ ਸਨ। ਇਸ ਦੇ ਬੋਲੇ ਜਾਣ ਦਾ ਵਿਸਤਾਰ ਮਥੁਰਾ ਪ੍ਰਦੇਸ਼ ਤੋਂ ਬਿਹਾਰ ਪ੍ਰਦੇਸ਼ ਤਕ ਦਸਿਆ ਜਾਂਦਾ ਹੈ।

‘ਸ਼ੌਰਸੇਨੀ ਪ੍ਰਾਕ੍ਰਿਤ’ ਸ਼ੂਰਸੇਨ ਖੇਤਰ ਵਿਚ ਬੋਲੀ ਜਾਂਦੀ ਸੀ। ਇਸ ਦਾ ਨਾਂ ਸ਼ੂਰਸੇਨ ਇਲਾਕੇ ਕਰਕੇ ਪਿਆ। ਅਜ ਦਾ ਮਥੁਰਾ ਪ੍ਰਦੇਸ਼ ਪੁਰਾਤਨ ਸ਼ੂਰਸੇਨ ਖੇਤਰ ਹੀ ਸੀ। ਜੈਨੀਆਂ ਦੀ ਦਿਗੰਬਰ ਸ਼ਾਖਾ ਨੇ ਆਪਣੇ ਧਰਮ-ਪ੍ਰਚਾਰ ਲਈ ਇਸ ਦੀ ਵਰਤੋਂ ਕੀਤੀ। ਇਸ ਨੂੰ ਮੱਧ-ਦੇਸ਼ ਦੀ ਭਾਸ਼ਾ ਵੀ ਕਿਹਾ ਜਾਂਦਾ ਹੈ। ਗ੍ਰੀਅਰਸਨ ਦੀ ਸਥਾਪਨਾ ਹੈ ਕਿ ਪੰਜਾਬੀ , ਰਾਜਸਥਾਨੀ ਅਤੇ ਗੁਜਰਾਤੀ ਦੇ ਵਿਕਾਸ ਵਿਚ ਸ਼ੌਰਸੇਨੀ ਪ੍ਰਾਕ੍ਰਿਤ ਦਾ ਬਹੁਤ ਯੋਗਦਾਨ ਹੈ ਕਿਉਂਕਿ ਇਨ੍ਹਾਂ ਭਾਸ਼ਾਵਾਂ ਉਪਰ ਸ਼ੌਰਸੇਨੀ ਦਾ ਕਾਫ਼ੀ ਪ੍ਰਭਾਵ ਹੈ।

ਸਪੱਸ਼ਟ ਹੈ ਕਿ ਪਾਲੀ ਤੋਂ ਬਾਦ ਪ੍ਰਾਕ੍ਰਿਤਾਂ ਹੀ ਭਾਵ -ਸੰਚਾਰ ਦਾ ਮਾਧਿਅਮ ਰਹੀਆਂ। ਇਨ੍ਹਾਂ ਦਾ ਸੰਬੰਧ ਪ੍ਰਾਕ੍ਰਿਤ -ਕਾਲ ਦੇ ਦੂਜੇ ਪੜਾ ਨਾਲ ਹੈ। ਇਨ੍ਹਾਂ ਤੋਂ ਬਾਦ ਅਪਭ੍ਰੰਸ਼ਾਂ ਦਾ ਸਮਾਂ ਆਉਂਦਾ ਹੈ।

‘ਅਪਭ੍ਰੰਸ਼’ ਦਾ ਪ੍ਰਾਕ੍ਰਿਤ-ਭਾਸ਼ਾ ਦੇ ਵਿਕਾਸ-ਕ੍ਰਮ ਵਿਚ ਤੀਜਾ ਸਥਾਨ ਹੈ ਅਤੇ ਇਸ ਦਾ ਸਮਾਂ ਸੰਨ 501 ਤੋਂ 1000 ਈ. ਤਕ ਹੈ। ਇਸ ਪੜਾ ਦੀ ਭਾਸ਼ਾ ਨੂੰ ਪਹਿਲੇ ਦੋ ਪੜਾਵਾਂ ਨਾਲੋਂ ਨਿਖੇੜਨ ਲਈ ‘ਅਪਭ੍ਰੰਸ਼’ ਨਾਂ ਦਿੱਤਾ ਜਾਂਦਾ ਹੈ। ਸ਼ੁਰੂ ਵਿਚ ਸੰਸਕ੍ਰਿਤ ਦੇ ਵਿਗੜੇ ਹੋਏ ਸ਼ਬਦਾਂ ਲਈ ‘ਅਪਭ੍ਰੰਸ਼’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਸੀ, ਪਰ ਬਾਦ ਵਿਚ ਇਹ ਸ਼ਬਦ ਭਾਸ਼ਾ ਲਈ ਵਰਤਿਆ ਜਾਣ ਲਗਿਆ ਜੋ ਵਿਦਵਾਨਾਂ ਅਨੁਸਾਰ ਸਥਾਪਿਤ ਭਾਸ਼ਾ ਤੋਂ ਵਿਗੜੀ ਹੋਈ ਜਾਂ ਭ੍ਰਸ਼ਟੀ ਹੋਈ ਸੀ। ਜਦੋਂ ਪ੍ਰਾਕ੍ਰਿਤਾਂ ਸਾਹਿਤਿਕ ਸਿੰਘਾਸਨ ਮਲ ਬੈਠੀਆਂ ਅਤੇ ਲੋਕਾਂ ਦੀ ਜੀਭ ਤੋਂ ਹਟ ਗਈਆਂ ਤਾਂ ਸਾਧਾਰਣ ਜਨਤਾ ਨੇ ਆਪਣੇ ਨਿੱਤ ਦੇ ਕੰਮ-ਕਾਜ ਅਤੇ ਕਾਰ-ਵਿਹਾਰ ਲਈ ਜਿਨ੍ਹਾਂ ਨਵੀਆਂ ਬੋਲੀਆਂ ਨੂੰ ਵਿਕਸਿਤ ਕੀਤਾ, ਉਹੀ ਅਪਭ੍ਰੰਸ਼ ਅਖਵਾਈਆਂ। ਧਿਆਨ ਦੇਣ ਦੀ ਗੱਲ ਹੈ ਕਿ ਅਪਭ੍ਰੰਸ਼ਾਂ ਜਿਥੇ ਪ੍ਰਾਕ੍ਰਿਤਾਂ ਦੇ ਨਿਯਮਾਂ ਦੀ ਕਿਸੇ ਹੱਦ ਤਕ ਪਾਲਣਾ ਕਰਦੀਆਂ ਹਨ, ਉਥੇ ਆਪਣੀ ਸੁਤੰਤਰ ਹੋਂਦ ਵੀ ਜਤਾਉਂਦੀਆਂ ਹਨ। ਇਹ ਸੁਤੰਤਰਤਾ ਦੋ ਰੂਪਾਂ ਵਿਚ ਸਾਹਮਣੇ ਆਈ ਹੈ। ਇਕ, ਵੈਦਿਕ ਸੰਸਕ੍ਰਿਤ ਤੋਂ ਕੁਝ ਨਿਯਮ ਪ੍ਰਾਕ੍ਰਿਤਾਂ ਦੀ ਵਿਚੋਲਗੀ ਤੋਂ ਬਿਨਾ ਸਿੱਧੇ ਗ੍ਰਹਿਣ ਕਰਨਾ ਅਤੇ ਦੂਜੇ, ਜਨ-ਜੀਵਨ ਵਿਚ ਪਸਰ ਰਹੇ ਨਵੇਂ ਭਾਸ਼ਾਈ ਤਜਰਬਿਆਂ ਦਾ ਸਨਮਾਨ ਕਰਨਾ।

ਭਾਸ਼ਾ ਇਕ ਨਿੱਤ ਵਗਦਾ ਦਰਿਆ ਹੈ ਜੋ ਸਦਾ ਨਵੀਆਂ ਤੋਂ ਨਵੀਆਂ ਭਾਸ਼ਾਵਾਂ ਨੂੰ ਜਨਮ ਦਿੰਦਾ ਹੈ। ਸਮੇਂ ਦੀ ਲੋੜ ਹੀ ਨਵੀਆਂ ਭਾਸ਼ਾਵਾਂ ਦੇ ਪੈਦਾ ਹੋਣ ਦਾ ਮੂਲ ਕਾਰਣ ਹੁੰਦੀ ਹੈ। ਅਤੇ, ਇਸੇ ਲੋੜ ਦੀ ਪੂਰਤੀ ਲਈ ਅਪਭ੍ਰੰਸ਼ਾਂ ਨੇ ਜਨਮ ਲੈ ਕੇ ਆਪਣੀ ਪਛਾਣ ਕਰਾਈ। ਇਨ੍ਹਾਂ ਅਪਭ੍ਰੰਸ਼ਾਂ ਦੀ ਕਿਤਨੀ ਗਿਣਤੀ ਸੀ, ਇਸ ਬਾਰੇ ਕੋਈ ਪੱਕੀ ਗੱਲ ਨਹੀਂ ਕਹੀ ਜਾ ਸਕਦੀ। ਪੁਰਾਤਨ ਗ੍ਰੰਥਾਂ ਵਿਚ ਇਨ੍ਹਾਂ ਦੇ ਦੋ ਦਰਜਨ ਤੋਂ ਵਧ ਨਾਂ ਲਿਖੇ ਮਿਲਦੇ ਹਨ, ਪਰ ਉਹ ਅਸਲ ਵਿਚ ਅਪਭ੍ਰੰਸ਼ ਦੀਆਂ ਇਲਾਕਾਈ ਬੋਲੀਆਂ ਜਾਂ ਉਪ- ਅਪਭ੍ਰੰਸ਼ਾਂ ਹਨ। ਵਿਦਵਾਨਾਂ ਦਾ ਅਨੁਮਾਨ ਹੈ ਕਿ ਹਰ ਇਕ ਪ੍ਰਾਕ੍ਰਿਤ ਦੀ ਕੋਈ ਨ ਕੋਈ ਅਪਭ੍ਰੰਸ਼ ਜ਼ਰੂਰ ਰਹੀ ਹੋਵੇਗੀ। ਮੁੱਖ ਤੌਰ’ਤੇ ਅਪਭ੍ਰੰਸ਼ਾਂ ਦੀ ਗਿਣਤੀ ਪੰਜ ਮੰਨੀ ਜਾਂਦੀ ਹੈ, ਜਿਵੇਂ ‘ਮਹਾਰਾਸ਼ਟ੍ਰੀ’ ਜਿਸ ਤੋਂ ਮਹਾਰਾਸ਼ਟ੍ਰ ਵਿਚ ਬੋਲੀ ਜਾਣ ਵਾਲੀ ਮਰਾਠੀ ਵਿਕਸਿਤ ਹੋਈ ਹੈ। ‘ਮਾਗਧੀ’ ਜਿਸ ਤੋਂ ਬਿਹਾਰੀ, ਬੰਗਾਲੀ, ਉੜੀਆ ਅਤੇ ਆਸਾਮੀ ਭਾਸ਼ਾਵਾਂ ਦਾ ਨਿਕਾਸ ਹੋਇਆ ਹੈ। ‘ਅਰਧ-ਮਾਗਧੀ’ ਜਿਸ ਤੋਂ ਪੂਰਵੀ ਹਿੰਦੀ ਵਿਕਸਿਤ ਹੋਈ ਹੈ। ‘ਸ਼ੌਰਸੇਨੀ’ ਜਿਸ ਤੋਂ ਪੱਛਮੀ ਹਿੰਦੀ, ਪਹਾੜੀ , ਰਾਜਸਥਾਨੀ, ਪੂਰਵੀ ਪੰਜਾਬੀ ਅਤੇ ਗੁਜਰਾਤੀ ਭਾਸ਼ਾਵਾਂ ਦਾ ਉਦਗਮ ਹੋਇਆ ਹੈ। ‘ਕੈਕੇਯ-ਟੱਕੀ’ ਅਪਭ੍ਰੰਸ਼ਾਂ ਜਿਨ੍ਹਾਂ ਤੋਂ ਲਹਿੰਦੀ ਪੰਜਾਬੀ ਅਤੇ ਉਤਰ-ਪੱਛਮ ਦੀਆਂ ਕੁਝ ਹੋਰ ਉਪ-ਅਪਭ੍ਰੰਸ਼ਾਂ ਦਾ ਜਨਮ ਹੋਇਆ ਮੰਨਿਆ ਜਾ ਸਕਦਾ ਹੈ।

ਅਪਭ੍ਰੰਸ਼ਾਂ ਦਾ ਵਿਕਾਸ 1000 ਈ. ਤਕ ਆ ਕੇ ਰੁਕ ਗਿਆ, ਪਰ ਇਹ ਕੋਈ ਅਜਿਹੀ ਕਾਲ-ਰੇਖਾ ਨਹੀਂ, ਜਿਸ ਵਿਚ ਇਧਰ-ਉਧਰ ਹੋਣ ਦੀ ਕੋਈ ਗੁੰਜਾਇਸ਼ ਹੀ ਨ ਹੋਵੇ। ਇਥੇ ਇਕ ਹੋਰ ਵਿਚਾਰਨ ਵਾਲੀ ਗੱਲ ਇਹ ਹੈ ਕਿ ਦਸਵੀਂ-ਬਾਰ੍ਹਵੀਂ ਸਦੀਆਂ ਦੇ ਅੰਤਰਾਲ ਵਿਚ ਇਕ ਅਜਿਹੀ ਭਾਸ਼ਾ ਵੀ ਹੋਂਦ ਵਿਚ ਆਈ ਜਿਸ ਨੂੰ ਸੰਕ੍ਰਾਂਤੀ-ਕਾਲ ਦੀ ਭਾਸ਼ਾ ਕਿਹਾ ਜਾ ਸਕਦਾ ਹੈ। ਉਸ ਨੂੰ ‘ਸਨੇਹ ਰਾਸਯ’, ‘ਕੀਰਤਿਲਤਾ’ ਆਦਿ ਪੁਰਾਤਨ ਗ੍ਰੰਥਾਂ ਵਿਚ ਅਵਹਟ/ ਅਵਹਠ ਕਿਹਾ ਗਿਆ ਹੈ। ਸੰਭਵ ਹੈ ਕਿ ‘ਅਵਹਟ’ ਸ਼ਬਦ ‘ਅਪਭ੍ਰੰਸ਼’ ਜਾਂ ‘ਅਪਭ੍ਰਸ਼ਟ’ ਦਾ ਹੀ ਵਿਕਰਿਤ ਰੂਪ ਹੋਵੇ।

ਪੰਜਾਬੀ ਦਾ ਵਿਕਾਸ ਕਿਸੇ ਇਕ ਅਪਭ੍ਰੰਸ਼ ਤੋਂ ਨ ਹੋ ਕੇ ਦੋ ਤੋਂ ਮੰਨਣਾ ਉਚਿਤ ਹੋਵੇਗਾ ਅਤੇ ਉਨ੍ਹਾਂ ਦੇ ਅਪਭ੍ਰੰਸ਼ਾਂ ਦੇ ਨਾਂ ਹਨ—ਸ਼ੌਰਸੇਨੀ ਅਤੇ ਕੈਕੇਯ-ਟੱਕੀ। ਪੂਰਵੀ ਪੰਜਾਬੀ ਦਾ ਪਿੱਛਾ ਸ਼ੌਰਸੇਨੀ ਨਾਲ ਜੁੜਦਾ ਹੈ ਅਤੇ ਪੱਛਮੀ ਪੰਜਾਬੀ ਦਾ ਕੈਕੇਯ-ਟੱਕੀ ਨਾਲ ਕਿਉਂਕਿ ਇਨ੍ਹਾਂ ਦੋਹਾਂ ਪੰਜਾਬੀਆਂ ਦੀ ਬਣਤਰ ਉਤੇ ਸ਼ੌਰਸੇਨੀ ਅਤੇ ਕੈਕੇਯ-ਟੱਕੀ ਅਪਭ੍ਰੰਸ਼ਾਂ ਦਾ ਬਹੁਤ ਅਧਿਕ ਪ੍ਰਭਾਵ ਹੈ।

ਪੰਜਾਬੀ ਭਾਸ਼ਾ ਦਾ ਇਹ ਨਾਂ ਕਿਵੇਂ ਅਤੇ ਕਦੋਂ ਪਿਆ, ਇਹ ਗੱਲ ਅਜੇ ਪ੍ਰਮਾਣਿਕ ਤੌਰ’ਤੇ ਨਹੀਂ ਨਿਤਰੀ, ਪਰ ਪੰਜਾਬ (ਵੇਖੋ) ਪ੍ਰਦੇਸ਼ ਦੀ ਭਾਸ਼ਾ ਹੋਣ ਕਾਰਣ ਇਹ ਪੰਜਾਬੀ ਅਖਵਾਈ। ਪੰਜਾਬ ਦੇਸ਼ ਦੀ ਧਰਤੀ ਉਤੇ ਬੋਲੀ ਜਾਣ ਵਾਲੀ ਭਾਸ਼ਾ ਨੂੰ ਸ਼ੁਰੂ ਵਿਚ ਕਈ ਨਾਂਵਾਂ ਨਾਲ ਯਾਦ ਕੀਤਾ ਜਾਂਦਾ ਸੀ। ਬਾਹਰੋਂ ਆਏ ਮੁਸਲਮਾਨਾਂ ਨੇ ਇਥੋਂ ਦੀ ਭਾਸ਼ਾ ਨੂੰ ਹਿੰਦਵੀ, ਹਿੰਦਕੋ, ਹਿੰਦੋਈ ਆਦਿ ਨਾਂ ਦਿੱਤੇ ਕਿਉਂਕਿ ਪੰਜਾਬ ਹਿੰਦੁਸਤਾਨ ਦਾ ਅੰਗ ਸੀ, ਫਲਸਰੂਪ ਇਥੋਂ ਦੀ ਭਾਸ਼ਾ ਹਿੰਦੁਸਤਾਨ ਦੀ ਭਾਸ਼ਾ ਤਸੱਵਰ ਕਰਕੇ ਇਸ ਲਈ ਅਜਿਹੇ ਨਾਂਵਾਂ ਦੀ ਵਰਤੋਂ ਕੀਤੀ ਗਈ, ਪਰ ਜਿਉਂ ਜਿਉਂ ਮੁਸਲਮਾਨ ਦਿੱਲੀ ਅਤੇ ਹਿੰਦੁਸਤਾਨ ਦੇ ਹੋਰਨਾਂ ਹਿੱਸਿਆਂ ਵਲ ਵਧਦੇ ਗਏ, ਤਿਉਂ ਤਿਉਂ ਇਹ ਨਾਂ ਦਿੱਲੀ ਦੇ ਆਲੇ-ਦੁਆਲੇ ਦੀ ਭਾਸ਼ਾ ਲਈ ਵਰਤਿਆ ਜਾਣਾ ਸ਼ੁਰੂ ਹੋ ਗਿਆ ਅਤੇ ਪੰਜਾਬੀ ਲਈ ‘ਮੁਲਤਾਨੀ’ ਨਾਂ ਦੀ ਵਰਤੋਂ ਹੋਣ ਲਗੀ ਕਿਉਂਕਿ ਉਦੋਂ ਮੁਲਤਾਨ ਰਾਜਨੈਤਿਕ ਗਤਿ- ਵਿਧੀਆਂ ਦਾ ਕੇਂਦਰ ਸੀ ਅਤੇ ਇਸਲਾਮ ਜਾਂ ਸੂਫ਼ੀਮਤ ਦੇ ਪ੍ਰਚਾਰ ਦਾ ਧੁਰਾ ਸੀ। ਲਾਹੌਰ ਦੀ ਰਾਜਸੀ ਅਹਿਮੀਅਤ ਵਧਣ ਨਾਲ ਅਮੀਰ ਖ਼ੁਸਰੋ ਵਰਗਿਆਂ ਨੇ ਇਥੋਂ ਦੀ ਭਾਸ਼ਾ ਨੂੰ ‘ਮੁਲਤਾਨੀ’ ਦੇ ਨਾਲ ਨਾਲ ‘ਲਾਹੌਰੀ’ ਵੀ ਆਖਿਆ ਹੈ।

            ਗੁਰੂ ਹਰਿਗੋਬਿੰਦ ਜੀ ਦੇ ਸਮਕਾਲੀ ਅਤੇ ‘ਦਬਿਸਤਾਨਿ ਮਜ਼ਾਹਬ’ ਦੇ ਰਚੈਤਾ ਮੋਹਸਨਫ਼ਾਨੀ ਨੇ ਪੰਜਾਬ ਦੀ ਭਾਸ਼ਾ ਨੂੰ ‘ਜ਼ਬਾਨਿ ਜਟਾਨਿ ਪੰਜਾਬ’ ਲਿਖਿਆ। ਇਸ ਦੌਰ ਦੇ ਇਕ ਸੰਤ ਕਵੀ ਸੁੰਦਰ ਦਾਸ ਨੇ ਪੰਜਾਬੀ ਵਿਚ ਅੱਠ ਛੰਦਾਂ ਦੀ ਰਚਨਾ ਕਰਕੇ ਉਸ ਨੂੰ ‘ਪੰਜਾਬੀ ਅਸ਼ਟਕ’ ਨਾਂ ਦਿੱਤਾ। ਇਸ ਤੋਂ ਬਾਦ ਕੰਬੋਹ ਜਾਤੀ ਦੇ ਇਕ ਸੂਰਦਾਸ ਨੇ ਲਖਨਊ ਵਿਚ ‘ਨਲਦਮਨ’ (ਰਚਨਾ-ਕਾਲ 1657 ਈ.) ਨਾਂ ਦਾ ਕਾਵਿ ਲਿਖਦਿਆਂ ਆਪਣੇ ਆਪ ਨੂੰ ‘ਪੰਜਾਬੀ’ ਦਸਿਆ ਹੈ (‘ਪੂਰਬ ਦੇਸ਼ ਪੰਜਾਬੀ ਮਤਿਹਾ’)। ਇਸ ਤੋਂ ਬਾਦ ਹਾਫ਼ਜ਼ ਬਰਖ਼ੁਰਦਾਰ ਨੇ ‘ਸਿਫ਼ਤਾਹੁਲ ਫ਼ਿਕਾ ’ ਵਿਚ ਇਥੋਂ ਦੀ ਭਾਸ਼ਾ ਨੂੰ ਸਪੱਸ਼ਟ ਰੂਪ ਵਿਚ ਪੰਜਾਬੀ ਨਾਂ ਦਿੱਤਾ—ਤੁਰਤ ਪੰਜਾਬੀ ਆਖ ਸੁਣਾਵੀਂ ਜੇ ਕੋ ਹੋਵੇ ਮਾਇਲ ਇਸ ਤੋਂ ਬਾਦ ਪੰਜਾਬ ਪ੍ਰਦੇਸ਼ ਦੀ ਭਾਸ਼ਾ ਲਈ ‘ਪੰਜਾਬੀ’ ਨਾਂ ਵਰਤਣ ਦੀ ਪਿਰਤ ਪੈ ਗਈ। ਇਸ ਤਰ੍ਹਾਂ ਸਹਿਜ ਹੀ ਇਸ ਨਿਰਣੇ’ਤੇ ਪਹੁੰਚਿਆ ਜਾ ਸਕਦਾ ਹੈ ਕਿ ਇਸ ਪ੍ਰਦੇਸ਼ ਦੀ ਭਾਸ਼ਾ ਦੇ ਸ਼ੁਰੂ ਵਿਚ ਕਈ ਨਾਂ ਪ੍ਰਚਲਿਤ ਰਹੇ, ਪਰ 17ਵੀਂ ਸਦੀ ਦੇ ਪਹਿਲੇ ਅੱਧ ਵਿਚ ਇਸ ਭਾਸ਼ਾ ਦਾ ਨਾਂ ਇਸ ਦੇ ਪ੍ਰਦੇਸ਼ ਦੇ ਨਾਂ ਕਰਕੇ ‘ਪੰਜਾਬੀ’ ਵਰਤਿਆ ਜਾਣਾ ਸ਼ੁਰੂ ਹੋਇਆ। ਸਿੱਖ ਭਗਤੀ ਲਹਿਰ ਦੇ ਪ੍ਰਚਾਰ ਲਈ ਵਰਤੀ ਗਈ ਗੁਰਮੁਖੀ ਲਿਪੀ ਨੂੰ ਕਈ ਵਾਰ ਇਸ ਖੇਤਰ ਦੀ ਭਾਸ਼ਾ ਦੇ ਨਾਂ ਨਾਲ ਰਲਗਡ ਕਰ ਦਿੱਤਾ ਜਾਂਦਾ ਹੈ, ਪਰ ਧਿਆਨ ਰਹੇ ਗੁਰਮੁਖੀ ਲਿਪੀ ਹੈ ਅਤੇ ਪੰਜਾਬੀ ਭਾਸ਼ਾ।

ਪੰਦਰ੍ਹਵੀਂ ਸਦੀ ਤਕ ਪਹੁੰਚਦਿਆਂ ਪਹੁੰਚਦਿਆਂ ਪੰਜਾਬੀ ਭਾਸ਼ਾ ਵਿਚ ਕਈ ਨਵੀਆਂ ਪ੍ਰਵ੍ਰਿੱਤੀਆਂ ਨੇ ਜਨਮ ਲਿਆ। ਸ਼ੁਰੂ ਵਿਚ ਇਹ ਅਪਭ੍ਰੰਸ਼ ਤੋਂ ਅਧਿਕ ਪ੍ਰਭਾਵਿਤ ਸੀ, ਇਸ ਨੂੰ ਅਵਹਟ/ਅਵਹਠ ਕਿਹਾ ਜਾਂਦਾ ਸੀ। ਨਾਥ- ਯੋਗੀਆਂ ਦੀਆਂ ਰਚਨਾਵਾਂ ਹਿੰਦਵੀ ਵਿਚ ਸਨ ਕਿਉਂਕਿ ਉਨ੍ਹਾਂ ਵਿਚ ਲਹਿੰਦੀ ਦਾ ਰੰਗ ਇਤਨਾ ਉਘੜਵਾਂ ਨਹੀਂ ਸੀ, ਜਿਤਨਾ ਪੂਰਵੀ ਪੰਜਾਬੀ ਦਾ ਸੀ। ਮੁਸਲਮਾਨਾਂ ਦੀ ਆਮਦ ਨਾਲ ਅਪਭ੍ਰੰਸ਼ ਦਾ ਪ੍ਰਭਾਵ ਘਟਿਆ ਅਤੇ ਅਰਬੀ- ਫ਼ਾਰਸੀ ਦੇ ਸ਼ਬਦ ਪੰਜਾਬੀ ਵਿਚ ਦਾਖ਼ਲ ਹੋਣੇ ਸ਼ੁਰੂ ਹੋ ਗਏ।

ਆਰਯ ਜਾਤੀ ਤੋਂ ਬਾਦ ਬਾਹਰੋਂ ਆਈਆਂ ਹਮਲਾਵਰ ਕੌਮਾਂ ਦੀਆਂ ਭਾਸ਼ਾਵਾਂ ਮਰ ਮਿਟ ਗਈਆਂ ਕਿਉਂਕਿ ਜਦੋਂ ਕੋਈ ਬਾਹਰਲੀ ਕੌਮ ਦਾ ਸਭਿਆਚਾਰ ਅਥਵਾ ਭਾਸ਼ਾ ਹਾਰੀ ਕੋਈ ਕੌਮ ਤੋਂ ਘਟ ਵਿਕਸਿਤ ਹੋਈ ਹੋਵੇਗੀ ਤਾਂ ਹਾਰੀ ਹੋਈ ਕੌਮ ਹੌਲੀ ਹੌਲੀ ਉਸ ਨੂੰ ਆਪਣੇ ਅੰਦਰ ਜਜ਼ਬ ਕਰ ਲਏਗੀ। ਇਹੀ ਕਾਰਣ ਹੈ ਕਿ ਆਰਯ ਜਾਤੀ ਤੋਂ ਬਾਦ ਆਈਆਂ ਕਈ ਕੌਮਾਂ ਦੇ ਹੁਣ ਕੋਈ ਪਛਾਣ -ਚਿੰਨ੍ਹ ਨਹੀਂ ਰਹੇ। ਇਸ ਦੇ ਵਿਪਰੀਤ ਵਿਜੇਤਾ ਕੌਮ ਰਾਜਨੈਤਿਕ ਤੌਰ’ਤੇ ਬਲਵਾਨ ਹੋਣ ਦੇ ਨਾਲ ਨਾਲ ਜੇ ਸਭਿਆਚਾਰਿਕ ਤੌਰ’ਤੇ ਉੱਨਤ ਹੋਵੇ ਤਾਂ ਉਸ ਦੀ ਰਹੁ- ਰੀਤ , ਸਭਿਆਚਾਰ, ਭਾਸ਼ਾ ਆਦਿ ਦਾ ਪ੍ਰਭਾਵ ਗ੍ਰਹਿਣ ਕਰਨ ਲਈ ਹਾਰੀ ਹੋਈ ਕੌਮ ਆਪਣੀਆਂ ਬਿਰਤੀਆਂ ਨੂੰ ਅਨੁਕੂਲ ਕਰ ਲੈਂਦੀ ਹੈ। ਇਸ ਤਰ੍ਹਾਂ ਦੋ ਸਭਿਆਚਾਰਾਂ ਦੇ ਮੇਲ ਵਿਚੋਂ ਨਵਾਂ ਸਭਿਆਚਾਰ ਜਨਮ ਲੈਂਦਾ ਹੈ ਅਤੇ ਭਾਸ਼ਾ ਵੀ ਆਪਣਾ ਸਰੂਪ ਨਿਖਾਰਦੀ ਹੈ। ਮੁਸਲਮਾਨਾਂ ਦੇ ਹਮਲਿਆਂ ਨਾਲ ਦੇਸ਼-ਵਾਸੀਆਂ ਨੂੰ ਪਹਿਲੀ ਵਾਰ ਇਕ ਸੁਵਿਵਸਥਿਤ ਅਤੇ ਆਪਣੇ ਧਰਮ ਲਈ ਪ੍ਰਤਿਬੱਧ ਕੌਮ ਨਾਲ ਵਾਹ ਪਿਆ। ਉਸ ਦੀਆਂ ਸਭਿਆਚਾਰਿਕ ਕੀਮਤਾਂ ਨੂੰ ਦਬਾਇਆ ਨਹੀਂ ਜਾ ਸਕਿਆ। ਕੁਝ ਸਮਾਂ ਸੰਘਰਸ਼ਪੂਰਣ ਬਿਤਾਉਣ ਨਾਲ ਬਾਹਰੋਂ ਆਏ ਲੋਕ ਜਦੋਂ ਸਥਾਈ ਤੌਰ’ਤੇ ਇਥੇ ਵਸਣ ਲਗ ਗਏ ਤਾਂ ਆਪਸੀ ਆਦਾਨ-ਪ੍ਰਦਾਨ ਵਧਿਆ ਅਤੇ ਮੇਲ- ਮਿਲਾਪ ਵਿਚੋਂ ਨਵਾਂ ਸਭਿਆਚਾਰ ਜਨਮਿਆ।

ਫ਼ਰੀਦ ਦੀ ਭਾਸ਼ਾ ਦੀ ਸ਼ਬਦਾਵਲੀ ਅਤੇ ਵਿਆਕਰਣ ਨੂੰ ਵੇਖ ਕੇ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਦੀ ਭਾਸ਼ਾ ਦਾ ਪਿੰਡਾ ਪੰਜਾਬੀ ਹੈ, ਪਰ ਅਰਬੀ-ਫ਼ਾਰਸੀ ਦਾ ਅਸਰ ਵੀ ਵਿਦਮਾਨ ਹੈ। ਸ਼ਬਦਾਵਲੀ ਤਾਂ ਬਾਹਰਲੀ ਵਰਤ ਲਈ ਗਈ, ਪਰ ਵਿਆਕਰਣ ਦੇਸੀ ਹੀ ਰਿਹਾ। ਕਿਉਂ ? ਇਸ ਲਈ ਕਿ ਬਾਹਰੋਂ ਆਏ ਮੁਸਲਮਾਨ ਲੋਕ ਜਦੋਂ ਆਪਣੀਆਂ ਸਭਿਅਚਾਰਿਕ ਪਰੰਪਰਾਵਾਂ ਸਹਿਤ ਪੰਜਾਬ ਵਿਚ ਵਸਣ ਲਗ ਗਏ ਤਾਂ ਉਨ੍ਹਾਂ ਨੇ ਆਪਣੀ ਗ੍ਰਿਹਸਥੀ ਚਲਾਉਣ ਲਈ ਇਥੋਂ ਦੀਆਂ ਔਰਤਾਂ ਨੂੰ ਵਰਤਿਆ। ਉਨ੍ਹਾਂ ਤੋਂ ਪੈਦਾ ਹੋਈ ਨਵੀਂ ਪੀੜ੍ਹੀ ਨੇ ਬੋਲੀ ਤਾਂ ਦੇਸੀ ਮਾਂਵਾਂ ਤੋਂ ਸਿਖੀ , ਕਿਉਂਕਿ ਜੰਗਾਂ ਯੁੱਧਾਂ ਵਿਚ ਰੁਝੇ ਰਹਿਣ ਕਾਰਣ ਉਨ੍ਹਾਂ ਨੂੰ ਵਿਦੇਸ਼ੀ ਬਾਪੂਆਂ ਦਾ ਸੰਪਰਕ ਘਟ ਹੀ ਮਿਲਦਾ। ਜੋ ਮਿਲਿਆ ਅਤੇ ਜਦੋਂ ਮਿਲਿਆ, ਉਸ ਨਾਲ ਉਨ੍ਹਾਂ ਦੀ ਭਾਸ਼ਾ ਦਾ ਕੇਵਲ ਸ਼ਬਦ-ਭੰਡਾਰ ਵਧਿਆ ਕਿਉਂਕਿ ਅਧਿਕਾਂਸ਼ ਸ਼ਬਦਾਵਲੀ ਦੇ ਸਮਾਨਾਰਥਕ ਸ਼ਬਦ ਦੇਸੀ ਭਾਸ਼ਾ ਵਿਚ ਮੌਜੂਦ ਨਹੀਂ ਸਨ, ਪਰ ਭਾਸ਼ਾ ਦਾ ਪਿੰਡਾ ਮੂਲ ਵਾਲਾ ਹੀ ਰਿਹਾ। ਇਸ ਤਰ੍ਹਾਂ ਦੋਹਾਂ ਸਭਿਆਚਾਰਾਂ ਦੇ ਮੇਲ ਨਾਲ ਹੋਂਦ ਵਿਚ ਆਈ ਪੰਜਾਬੀ ਭਾਸ਼ਾ ਉਤੇ ਕੇਵਲ ਅਰਬੀ- ਫ਼ਾਰਸੀ ਦੀ ਸ਼ਬਦਾਵਲੀ ਦਾ ਪ੍ਰਭਾਵ ਮਿਲਦਾ ਹੈ, ਕਿਤੇ ਕਿਤੇ ਸਮਾਂ ਪਾ ਕੇ ਭਾਸ਼ਾਗਤ ਸੋਹਜ ਦੇ ਤੱਤ੍ਵਾਂ (ਅਖਾਣ, ਮੁਹਾਵਰੇ ਅਤੇ ਕਹਿਣ ਦੇ ਅੰਦਾਜ਼) ਦੀ ਹੋਂਦ ਵੀ ਦ੍ਰਿਸ਼ਟੀਗੋਚਰ ਹੁੰਦੀ ਹੈ। ਮੁਸਲਮਾਨੀ ਭਾਸ਼ਾ ਅਤੇ ਸਭਿਆਚਾਰ ਦਾ ਪ੍ਰਭਾਵ ਇਸ ਲਈ ਵੀ ਅਧਿਕ ਹੋਇਆ ਕਿਉਂਕਿ ਮੁਸਲਮਾਨ ਲੋਕ ਸ਼ਹਿਰਾਂ ਤਕ ਹੀ ਸੀਮਿਤ ਨ ਰਹੇ, ਪਿੰਡਾਂ ਵਿਚ ਵੀ ਉਨ੍ਹਾਂ ਨੇ ਆਪਣੇ ਠਿਕਾਣੇ ਬਣਾਏ ਅਤੇ ਜਨਤਾ ਨਾਲ ਸੰਪਰਕ ਕਾਇਮ ਕੀਤਾ। ਇਸ ਤੋਂ ਇਲਾਵਾ ਸੂਫ਼ੀ ਸਾਧਕਾਂ ਨੇ ਵੀ ਆਪਣੇ ਮਤ ਦਾ ਪ੍ਰਚਾਰ ਦੇਸੀ ਭਾਸ਼ਾਵਾਂ ਰਾਹੀਂ ਸਮਾਜਿਕ ਅਤੇ ਮਾਨਸਿਕ ਤੌਰ’ਤੇ ਸਤਾਏ ਹੋਏ ਲੋਕਾਂ ਵਿਚ ਕੀਤਾ ਅਤੇ ਉਨ੍ਹਾਂ ਦੇ ਹੀਣ-ਭਾਵ ਵਾਲੇ ਜ਼ਖ਼ਮਾਂ ਉਤੇ ਮਲਹਮ ਲਗਾਈ। ਮੁਸਲਮਾਨਾਂ ਤੋਂ ਬਾਦ ਅੰਗ੍ਰੇਜ਼ਾਂ ਨੇ ਵੀ ਭਾਰਤੀ ਸੰਸਕ੍ਰਿਤੀ ਅਤੇ ਭਾਸ਼ਾ ਉਤੇ ਆਪਣਾ ਕਾਫ਼ੀ ਪ੍ਰਭਾਵ ਪਾਇਆ, ਪਰ ਇਹ ਪ੍ਰਭਾਵ ਇਤਨਾ ਸਥਾਈ ਨਹੀਂ ਜਿਤਨਾ ਮੁਸਲਮਾਨਾਂ ਦਾ ਸੀ ਕਿਉਂਕਿ ਇਕ ਤਾਂ ਅੰਗ੍ਰੇਜ਼ਾਂ ਨੇ ਇਸ ਦੇਸ਼ ਉਤੇ ਮੁਸਲਮਾਨਾਂ ਤੋਂ ਬਹੁਤ ਘਟ ਸਮੇਂ ਤਕ ਰਾਜ ਕੀਤਾ। ਦੂਜੇ, ਉਨ੍ਹਾਂ ਨੇ ਭਾਰਤ ਨੂੰ ਆਪਣਾ ਸਥਾਈ ਘਰ ਨਹੀਂ ਬਣਾਇਆ, ਬਸ ਹਾਕਮ ਹੀ ਰਹੇ। ਤੀਜੇ , ਉਨ੍ਹਾਂ ਦੀਆਂ ਕਾਰਗੁਜ਼ਾਰੀਆਂ ਅਧਿਕਤਰ ਸ਼ਹਿਰਾਂ ਅਤੇ ਕਸਬਿਆਂ ਤਕ ਸੀਮਿਤ ਰਹੀਆਂ, ਲੋਕਾਂ ਦੇ ਹਿਰਦੇ ਵਿਚ ਉਤਰਨ ਦਾ ਉਨ੍ਹਾਂ ਨੇ ਯਤਨ ਨਹੀਂ ਕੀਤਾ। ਇਸ ਤੋਂ ਸਪੱਸ਼ਟ ਹੈ ਕਿ ਦਸਵੀਂ ਸਦੀ ਤੋਂ ਬਾਦ ਭਾਰਤ ਅਤੇ ਖ਼ਾਸ ਕਰ ਪੰਜਾਬ ਉਤੇ ਮੁਸਲਮਾਨੀ ਸਭਿਆਚਾਰ ਅਤੇ ਅੰਗ੍ਰੇਜ਼ੀ ਸਭਿਆਚਾਰ ਨੇ ਆਪਣੀ ਧਾਕ ਜਮਾਈ।

ਮੁਸਲਮਾਨੀ ਸਭਿਆਚਾਰ ਦੇ ਮੇਲ ਤੋਂ ਪੈਦਾ ਹੋਏ ਪੰਜਾਬੀ ਸਾਹਿਤ ਦੀ ਨੁਹਾਰ 19ਵੀਂ ਸਦੀ ਦੇ ਅੱਧ ਤਕ ਸਾਫ਼ ਪਛਾਣੀ ਜਾ ਸਕਦੀ ਹੈ ਅਤੇ ਉਸ ਤੋਂ ਬਾਦ ਅੰਗ੍ਰੇਜ਼ੀ ਸਭਿਆਚਾਰ ਦਾ ਪਿਆ ਪ੍ਰਭਾਵ ਚਿੰਤਨ ਅਤੇ ਰੂਪਾਕਾਰ ਦੋਹਾਂ ਪੱਖਾਂ ਤੋਂ ਸਪੱਸ਼ਟ ਦ੍ਰਿਸ਼ਟੀਗੋਚਰ ਹੁੰਦਾ ਹੈ। ਇਨ੍ਹਾਂ ਦੋਹਾਂ ਤੋਂ ਇਲਾਵਾ ਸਿੱਖ ਭਗਤੀ ਲਹਿਰ ਨੇ ਵੀ ਪੰਜਾਬੀ ਸਾਹਿਤ ਨੂੰ ਬਹੁਤ ਅਧਿਕ ਪ੍ਰਭਾਵਿਤ ਕੀਤਾ। ਦੇਸੀ ਲਹਿਰ ਹੋਣ ਦੇ ਬਾਵਜੂਦ ਵੀ ਇਸ ਨੇ ਸਾਰੇ ਪੰਜਾਬੀ ਸਭਿਆਚਾਰ ਅਤੇ ਪੰਜਾਬੀ ਸਾਹਿਤ ਨੂੰ ਬਦਲ ਦਿੱਤਾ। ਇਸ ਦੇ ਸਾਹਮਣੇ ਮੁਸਲਮਾਨੀ ਸਭਿਆਚਾਰ ਵੀ ਬੇਬਸ ਸੀ। ਪੁਰਾਤਨ ਪੰਜਾਬੀ ਸਾਹਿਤ ਦੇ ਅੱਧੇ ਤੋਂ ਵਧ ਹਿੱਸੇ ਵਿਚ ਸਿੱਖ ਭਗਤੀ ਲਹਿਰ ਦੇ ਸਪੱਸ਼ਟ ਨਕਸ਼ ਵੇਖੇ ਜਾ ਸਕਦੇ ਹਨ।

ਅੰਗ੍ਰੇਜ਼ਾਂ ਦੇ ਪੰਜਾਬ ਵਿਚ ਪ੍ਰਵੇਸ਼ ਕਰਨ ਤਕ ਪੰਜਾਬੀ ਭਾਸ਼ਾ ਵਿਚ ਹਿੰਦੂ , ਮੁਸਲਮਾਨ ਅਤੇ ਸਿੱਖ ਸਾਰੇ ਆਪਣੀਆਂ ਰਚਨਾਵਾਂ ਕਰਦੇ ਸਨ ਅਤੇ ਇਹ ਸਭ ਦੇ ਸਾਂਝੀ ਭਾਸ਼ਾ ਸੀ ਪਰ ਅੰਗ੍ਰੇਜ਼ ਮਿਸ਼ਨਰੀਆਂ ਦੇ ਆਉਣ ਨਾਲ ਈਸਾਈ ਮਤ ਦਾ ਪ੍ਰਚਾਰ ਸ਼ੁਰੂ ਹੋ ਗਿਆ। ਵਿਜੇਤਾ ਸਰਕਾਰ ਦਾ ਧਰਮ ਹੋਣ ਕਰਕੇ ਇਸ ਨੂੰ ਰੋਕਣ ਦੀ ਹਿੰਮਤ ਵੀ ਘਟ ਲੋਕਾਂ ਵਿਚ ਸੀ। ਸਾਰੇ ਧਰਮਾਂ ਤੋਂ ਲੋਗ ਈਸਾਈ ਧਰਮ ਵਲ ਰੁਚਿਤ ਹੋਣ ਲਗੇ। ਇਸ ਬਿਰਤੀ ਨੂੰ ਠਲ੍ਹ ਪਾਉਣ ਲਈ ਸਭ ਧਰਮਾਂ ਵਾਲਿਆਂ ਨੇ ਆਪਣੇ ਆਪਣੇ ਢੰਗ ਨਾਲ ਪ੍ਰਚਾਰ ਸ਼ੁਰੂ ਕੀਤਾ। ਇਸ ਪ੍ਰਚਾਰ ਲਈ ਮੁਸਲਮਾਨਾਂ ਨੇ ਉਰਦੂ ਭਾਸ਼ਾ ਨੂੰ ਅਪਣਾਇਆ, ਹਿੰਦੂਆਂ ਨੇ ਹਿੰਦੀ ਨੂੰ ਆਪਣੇ ਪ੍ਰਚਾਰ ਦਾ ਮਾਧਿਅਮ ਬਣਾਇਆ। ਰਹਿ ਗਈ ਪੰਜਾਬੀ, ਉਸ ਨੂੰ ਸਿੱਖਾਂ ਨੇ ਅਪਣਾ ਲਿਆ। ਇਹ ਪ੍ਰਚਾਰ ਮੁਹਿੰਮ ਜਿਥੇ ਈਸਾਈ ਮਤ ਦੇ ਵਿਰੁੱਧ ਸੀ, ਉਥੇ ਅੰਗ੍ਰੇਜ਼ ਸਰਕਾਰ ਦੀ ਚਾਲ ਵਿਚ ਫਸ ਕੇ, ਇਨ੍ਹਾਂ ਤਿੰਨਾਂ ਧਰਮਾਂ ਵਾਲਿਆਂ ਨੇ ਆਪਸ ਵਿਚ ਵੀ ਸ਼ਾਬਦਿਕ ਜੰਗ ਛੇੜ ਦਿੱਤੀ। ਇਸ ਪਰਥਾਇ ਤਿੰਨਾਂ ਭਾਸ਼ਾਵਾਂ ਵਿਚ ਬਹੁਤ ਅਧਿਕ ਪ੍ਰਚਾਰਾਤਮਕ ਸਾਹਿਤ ਰਚਿਆ ਗਿਆ ਅਤੇ ਭਾਸ਼ਾਵਾਂ ਧਰਮ-ਚਕਰਾਂ ਵਿਚ ਘਿਰ ਗਈਆਂ। ਸਿੱਖ ਧਰਮ ਦੇ ਹਿੱਸੇ ਪੰਜਾਬੀ ਆਈ। ਇਸ ਤਰ੍ਹਾਂ ਸਿੱਖ ਧਰਮ ਅਤੇ ਪੰਜਾਬੀ ਦਾ ਅਨਿਖੜਵਾਂ ਸੰਬੰਧ ਸਥਾਪਿਤ ਹੋ ਗਿਆ। ਪੰਜਾਬੀ ਸਿੱਖਾਂ ਦੀ ਧਾਰਮਿਕ ਭਾਸ਼ਾ ਬਣ ਗਈ। ਇਸ ਧਾਰਣਾ ਨਾਲ ਆਜ਼ਾਦੀ ਤੋਂ ਬਾਦ ਪੰਜਾਬ ਦੇ ਸਿੱਖਾਂ ਅਤੇ ਹਿੰਦੂਆਂ ਵਿਚ ਤਫ਼ਰਕੇ ਪੈਦਾ ਹੋਣੇ ਸ਼ੁਰੂ ਹੋ ਗਏ। ਫਲਸਰੂਪ ਪੰਜਾਬੀ ਸੂਬਾ (ਵੇਖੋ) ਹੋਂਦ ਵਿਚ ਆਇਆ। ਪਰ ਸਚ ਇਹ ਹੈ ਕਿ ਪੰਜਾਬੀ ਨ ਸਿੱਖਾਂ ਦੀ, ਨ ਹਿੰਦੂਆਂ ਦੀ ਅਤੇ ਨ ਹੀ ਮੁਸਲਮਾਨਾਂ ਦੀ ਭਾਸ਼ਾ ਹੈ, ਸਗੋਂ ਉਨ੍ਹਾਂ ਸਾਰਿਆਂ ਦੀ ਸਾਂਝੀ ਭਾਸ਼ਾ ਹੈ ਜੋ ਪੰਜਾਬੀ ਬੋਲੇ ਜਾਣ ਵਾਲੇ ਖੇਤਰ ਵਿਚ ਰਹਿੰਦੇ ਹਨ, ਜਾਂ ਇਥੋਂ ਦੇ ਜਮ-ਪਲ ਹਨ। ਚਾਹੇ ਪੱਛਮੀ ਪੰਜਾਬ ਵਿਚ ਕਿਉਂ ਨ ਹੋਣ ਅਤੇ ਚਾਹੇ ਉਹ ਭਾਰਤ ਵਿਚ ਪੰਜਾਬ ਤੋਂ ਭਿੰਨ ਕਿਸੇ ਹੋਰ ਪ੍ਰਾਂਤ ਵਿਚ ਹੀ ਕਿਉਂ ਨ ਵਸਦੇ ਹੋਣ ਜਾਂ ਵਿਦੇਸ਼ਾਂ ਵਿਚ ਰਹਿੰਦੇ ਹੋਣ। ਹੁਣ ਇਸ ਪ੍ਰਕਾਰ ਦੀ ਚੇਤਨਾ ਵਿਕਸਿਤ ਹੋਣ ਲਗ ਗਈ ਹੈ ਅਤੇ ਗ਼ੈਰ-ਸਿੱਖ ਵੀ ਇਸ ਨੂੰ ਉਦਾਰਤਾ ਨਾਲ ਅਪਣਾ ਰਹੇ ਹਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15799, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.