ਵਰਿਆਮ ਸਿੰਘ ਸੰਧੂ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਵਰਿਆਮ ਸਿੰਘ ਸੰਧੂ (1945) : ਪੰਜਾਬ ਦੀ ਖੇਤੀ ਅਰਥ-ਵਿਵਸਥਾ ਨਾਲ ਸਿੱਧੇ ਤੌਰ ਤੇ ਜੁੜਿਆ ਅਤੇ ਕਿਰਸਾਣੀ ਜੀਵਨ ਨੂੰ ਸਮਕਾਲੀਨ ਹਾਲਾਤ ਦੇ ਸਮਵਿੱਥ ਨਵੀਨ ਦ੍ਰਿਸ਼ਟੀ ਤੋਂ ਸਮਝਣ ਅਤੇ ਪੇਸ਼ ਕਰਨ ਵਾਲਾ ਵਰਿਆਮ ਸਿੰਘ ਸੰਧੂ ਪੰਜਾਬੀ ਦਾ ਇੱਕ ਸਮਰਥ ਕਹਾਣੀਕਾਰ ਹੋਇਆ ਹੈ। ਉਸ ਦਾ ਜਨਮ 10 ਸਤੰਬਰ 1945 ਨੂੰ ਦੀਦਾਰ ਸਿੰਘ ਦੇ ਘਰ ਪਿੰਡ ਚਵਿੰਡਾ ਕਲਾਂ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਘਰ ਵਿੱਚ ਪਿਤਾ ਦੇ ਆਲਸੀ ਸੁਭਾਅ ਕਾਰਨ ਬੱਚਿਆਂ ਦੀ ਪੜ੍ਹਾਈ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਗਿਆ ਸੀ ਪਰ ਵਰਿਆਮ ਸਿੰਘ ਵਿਅਕਤੀਗਤ ਪੱਧਰ ਤੇ ਸੁਚੇਤ ਹੋਣ ਕਰ ਕੇ ਆਪਣੇ ਯਤਨਾਂ ਸਦਕਾ ਹੀ ਬੀ.ਏ., ਬੀ.ਐੱਡ. ਕਰ ਕੇ ਸਕੂਲ ਅਧਿਆਪਕ ਬਣ ਗਿਆ। ਲੰਮੇ ਅਰਸੇ ਤੱਕ ਤਿੰਨ ਬੱਚਿਆਂ ਵਾਲੇ ਪਰਿਵਾਰ ਦਾ ਗੁਜ਼ਾਰਾ ਸੰਧੂ ਅਤੇ ਉਸ ਦੀ ਪਤਨੀ ਦੋਹਾਂ ਦੀ ਸਕੂਲ ਅਧਿਆਪਕੀ ਉਪਰ ਹੀ ਆਧਾਰਿਤ ਰਿਹਾ। ਨੌਕਰੀ ਦੌਰਾਨ ਹੀ ਵਰਿਆਮ ਸੰਧੂ ਨੇ ਐਮ.ਏ., ਐਮ.ਫਿਲ. ਤੱਕ ਦੀ ਵਿੱਦਿਆ ਪ੍ਰਾਪਤ ਕੀਤੀ ਅਤੇ ਲਾਇਲਪੁਰ ਖਾਲਸਾ ਕਾਲਜ ਵਿਖੇ ਪੰਜਾਬੀ ਦਾ ਪ੍ਰੋਫ਼ੈਸਰ ਲੱਗ ਗਿਆ। ਉਹ ਆਸ਼ਾਵਾਦ ਵਿੱਚ ਯਕੀਨ ਰੱਖਣ ਵਾਲਾ ਮਾਰਕਸਵਾਦੀ ਲੇਖਕ ਹੈ। ਪੰਜਾਬ ਦੀ ਛੋਟੀ ਕਿਰਸਾਣੀ ਦਾ ਉਹ ਸਮਰੱਥ ਕਥਾਕਾਰ ਹੈ। ਰਾਜਨੀਤਿਕ ਤੌਰ ਤੇ ਚੇਤੰਨ ਨਾ ਹੋਣ ਕਰ ਕੇ ਉਹ ਨਿਮਨ ਕਿਰਸਾਣੀ ਜਾਂ ਨਿਮਨ ਵਰਗਾਂ ਦੇ ਸੰਕਟਾਂ ਦੀ ਟੇਕ ਕਿਸਮਤ ਤੇ ਰੱਖਣ ਦੀ ਥਾਂ ਸਮਾਜਿਕ, ਰਾਜਨੀਤਿਕ, ਆਰਥਿਕ ਕਾਰਨਾਂ ਨੂੰ ਮਿਥਦਾ ਹੈ। ਉਹ ਸਮੱਸਿਆਵਾਂ ਦੀ ਡੂੰਘਾਈ ਵਿੱਚ ਜਾ ਕੇ ਥਾਹ ਪਾਉਣ ਵਾਲਾ ਵਿਚਾਰਸ਼ੀਲ ਸਾਹਿਤਕਾਰ ਹੈ। ਕਵਿਤਾ ਤੋਂ ਬਾਅਦ ਉਸ ਨੇ ਕਹਾਣੀ ਨੂੰ ਆਪਣੇ ਵਿਚਾਰ ਪ੍ਰਗਟਾਵੇ ਦਾ ਮਾਧਿਅਮ ਬਣਾਇਆ ਹੈ। ਉਸ ਦਾ ਪਹਿਲਾ ਕਹਾਣੀ-ਸੰਗ੍ਰਹਿ ਲੋਹੇ ਦੇ ਹੱਥ ਛਪਿਆ। ਇਸ ਵਿਚਲੀਆਂ ਕਹਾਣੀਆਂ ਦਾ ਰਚਨਾ ਕਾਲ ਪੰਜਾਬ ਵਿੱਚ ਨਕਸਲਵਾੜੀ ਲਹਿਰ ਦਾ ਹੈ। ਪੰਜਾਬ ਦੇ ਗ਼ਰੀਬ ਲੋਕਾਂ ਪ੍ਰਤਿ ਹਮਦਰਦੀ ਅਤੇ ਫਲਸਰੂਪ ਉਪਜੇ ਰੋਹ ਦਾ ਅਨੁਭਵ ਇਹਨਾਂ ਕਹਾਣੀਆਂ ਵਿੱਚ ਪ੍ਰਗਟਾਇਆ ਗਿਆ ਹੈ। ਉਸ ਦੇ ਦੂਸਰੇ ਕਹਾਣੀ-ਸੰਗ੍ਰਹਿ ਅੰਗ ਸੰਗ ਵਿਚਲੀਆਂ ਕਹਾਣੀਆਂ ਵੀ ਸਮਾਜਿਕ ਚੇਤਨਾ ਨੂੰ ਵਿਸ਼ਾ ਵਸਤੂ ਬਣਾਉਂਦੀਆਂ ਹਨ। ਅਗਲੇ ਦੋ ਕਹਾਣੀ-ਸੰਗ੍ਰਹਿ ਭਜੀਆਂ ਬਾਹੀਂ ਅਤੇ ਚੌਥੀ ਕੂੰਟ ਪੰਜਾਬ ਵਿੱਚ ਪੈਦਾ ਹੋਈ ਖਾੜਕੂ ਬਨਾਮ ਆਤੰਕਵਾਦੀ ਲਹਿਰ ਦੇ ਸਰੋਕਾਰਾਂ ਨਾਲ ਸੰਬੰਧਿਤ ਹਨ। ਚੌਥੀ ਕੂੰਟ ਕਹਾਣੀ-ਸੰਗ੍ਰਹਿ ਨੂੰ ਭਾਰਤੀ ਸਹਿਤ ਅਕਾਦਮੀ ਵੱਲੋਂ ਸਰਬੋਤਮ ਇਨਾਮ ਪ੍ਰਾਪਤ ਹੋਇਆ ਹੈ।

     ਵਰਿਆਮ ਸੰਧੂ ਦੀ ਕਹਾਣੀ-ਰਚਨਾ ਭਾਵੇਂ ਗਿਣਤੀ ਪੱਖੋਂ ਬੜੀ ਸੀਮਿਤ ਹੈ ਪਰ ਗੁਣ ਪੱਖੋਂ ਉਹ ਉਸ ਨੂੰ ਪੰਜਾਬੀ ਕਹਾਣੀਕਾਰਾਂ ਦੀ ਪਹਿਲੀ ਕਤਾਰ ਦਾ ਲੇਖਕ ਬਣਾਉਂਦੀ ਹੈ। ਵਰਿਆਮ ਸਿੰਘ ਸੰਧੂ ਪੰਜਾਬ ਦੀ ਖੇਤੀ ਆਧਾਰਿਤ ਅਰਥ-ਵਿਵਸਥਾ ਅਤੇ ਰਾਜਨੀਤਿਕ ਸਰੂਪ ਨੂੰ ਬਹੁਤ ਸੁਚੇਤ ਹੋ ਕੇ, ਡੂੰਘੇ ਵਿਚਾਰ-ਚਿੰਤਨ ਨਾਲ ਸਮਝ ਕੇ ਕਹਾਣੀਆਂ ਲਿਖਦਾ ਹੈ। ਜ਼ਮੀਨ-ਜਾਇਦਾਦ ਦੀ ਨਿੱਜੀ ਮਾਲਕੀ, ਉਪਜ ਅਤੇ ਉਪਯੋਗ ਦੀਆਂ ਵਸਤਾਂ ਬਾਰੇ ਉਸ ਦੀ ਸੂਝ ਤਰਕਸ਼ੀਲ ਹੈ। ਉਹ ਅਮੀਰ ਜਿਮੀਂਦਾਰੀ ਅਤੇ ਗ਼ਰੀਬ ਕਿਰਸਾਣੀ ਵਿਚਲੇ ਫ਼ਰਕ ਨੂੰ ਕਹਾਣੀਆਂ ਵਿੱਚ ਪੇਸ਼ ਕਰਦਾ ਹੈ। ਉਹ ਆਪ ਅਧਿਆਪਕ ਹੈ ਅਤੇ ਨਿਮਨ ਕਿਰਸਾਣੀ ਅਤੇ ਸਕੂਲ ਅਧਿਆਪਕੀ ਮਿਲ ਕੇ ਉਸ ਨੂੰ ਮਧ-ਵਰਗ ਦੇ ਖੇਤਰ ਦਾ ਲੇਖਕ ਬਣਾਉਂਦੀਆਂ ਹਨ। ਇਸੇ ਲਈ ਉਹ ਪੰਜਾਬ ਦੀ ਅਜਿਹੀ ਮਧ-ਸ਼੍ਰੇਣੀ ਦਾ ਲੇਖਕ ਹੈ ਜੋ ਹਮੇਸ਼ਾਂ ਉੱਚਾ ਦਿਸਣ, ਅਮੀਰ ਜੀਵਨ ਜਿਊਂਣ ਦੀ ਲਾਲਸਾ ਵਿੱਚ ਭਟਕਦੀ ਰਹਿੰਦੀ ਹੈ ਪਰ ਆਰਥਿਕ ਪੱਖੋਂ ਉਸ ਦੀ ਸਥਿਤੀ ਹਮੇਸ਼ਾਂ ਡਾਵਾਂਡੋਲ ਹੁੰਦੀ ਹੈ। ਇਸ ਲਈ ਅਸਥਿਰਤਾ ਦਾ ਡਰ, ਇਸ ਡਰ ਵਿੱਚੋਂ ਉਪਜੀਆਂ ਚਿੰਤਾਵਾਂ ਅਤੇ ਸ਼ੰਕੇ, ਅਮੀਰ ਵਰਗ ਨਾਲ ਰਲਣ ਜਾਂ ਉਸ ਵਰਗਾ ਦਿਸਣ ਲਈ ਕੀਤੀ ਜਾਂਦੀ ਜੱਦੋ-ਜਹਿਦ ਅਤੇ ਫਲਸਰੂਪ ਪੈਦਾ ਹੁੰਦਾ ਜੀਵਨ-ਵਿਹਾਰ, ਮਾਨਸਿਕ ਦੁਫੇੜ, ਕਲੇਸ਼, ਦੁਚਿੱਤੀ, ਉਲਝਣ, ਕਚਿਆਈ ਉਸ ਦੀਆਂ ਕਹਾਣੀਆਂ ਵਿੱਚੋਂ ਪ੍ਰਗਟ ਹੁੰਦੇ ਲੱਛਣ ਹਨ। ਉਸ ਦੀਆਂ ਕਹਾਣੀਆਂ ਦੇ ਪਾਤਰ ਜਿਵੇਂ ‘ਦਲਦਲ` ਦਾ ਮਾਸਟਰ, ‘ਤਾਰ ਤੇ ਤੁਰਦਾ ਆਦਮੀ`, ਦਾ ਮਨਜੀਤ, ਅਤੇ ‘ਕੁਰਾਹੀਆ` ਕਹਾਣੀ ਦਾ ਮੁੱਖ ਪਾਤਰ ਹੈਡਮਾਸਟਰ, ਅਜਿਹੀਆਂ ਸਥਿਤੀਆਂ ਦੀ ਪੇਸ਼ਕਾਰੀ ਕਰਦੇ ਹਨ। ਉਸ ਦੇ ਪਾਤਰ ਖ਼ੂਨ ਦੇ ਰਿਸ਼ਤਿਆਂ ਦੀ ਥਾਂ, ਆਰਥਿਕ ਰਿਸ਼ਤਿਆਂ ਨੂੰ ਵੱਧ ਮਹੱਤਵ ਦੇਣ ਲੱਗ ਜਾਂਦੇ ਹਨ, ਇਹੋ ਵਰਤਮਾਨ ਮਧ-ਸ਼੍ਰੇਣੀ ਦੀ ਮਨੋਅਵਸਥਾ ਹੈ। ਉਸ ਦੇ ਸਧਾਰਨ ਪੇਂਡੂ ਪੰਜਾਬੀ ਪਾਤਰਾਂ ਦਾ ਪਸ਼ੂਆਂ ਜਿਹਾ ਜੀਣ- ਥੀਣ ਅਤੇ ਹਰ ਵੇਲੇ ਵਢੂ-ਖਾਊਂ ਕਰਦੇ ਰਹਿਣ ਵਾਲਾ ਸੁਭਾਅ ਸਮਾਜਿਕ ਯਥਾਰਥ ਹੈ। ਅਜਿਹੇ ਲੋਕਾਂ ਨੂੰ ਨਾ ਧਰਮ ਤੋਂ ਠਾਹਰ ਮਿਲਦੀ ਹੈ ਨਾ ਕਿਸੇ ਨਵੇਂ ਜੀਵਨ ਦੇ ਸੁਪਨੇ ਤੋਂ। ਇਸੇ ਕਰ ਕੇ ਇਹ ਖੌਜਲ਼ਦੇ ਰਹਿੰਦੇ ਹਨ। ਇਹਨਾਂ ਦਾ ਜੀਵਨ ਮੌਤ ਵਰਗਾ ਹੈ ਅਤੇ ਮੌਤ ਮੁਕਤੀ ਵਰਗੀ।

     ਵਰਿਆਮ ਸਿੰਘ ਸੰਧੂ ਆਪਣੇ ਸਮਕਾਲੀ ਸਮਾਜ ਵਿਚਲੀ ਵਰਗ ਵੰਡ ਅਤੇ ਇਸ ਵੰਡ ਦੇ ਅਨੁਰੂਪ ਵਿਕਾਸ ਪ੍ਰਕਿਰਿਆ ਨੂੰ ਬੜੀ ਸੂਖਮਤਾ ਸਹਿਤ ਸਮਝ ਕੇ, ਸਾਹਿਤਕ ਰੂਪ ਦੇਂਦਾ ਹੈ। ਉਹ ਸ਼ੋਸ਼ਿਤ ਵਰਗਾਂ ਦੀ ਪਛਾਣ ਅਤੇ ਮੁਕਤੀ ਲਈ ਢੰਗ-ਤਰੀਕਿਆਂ ਦੀ ਸੋਝੀ ਕਰਾਉਣ ਲਈ ਲਿਖਦਾ ਹੈ। ਉਹ ਲੋਕ-ਪੱਖੀ ਪ੍ਰਬੰਧ ਦਾ ਹਾਮੀ ਹੈ। ਉਸ ਦੇ ਹਰ ਕਹਾਣੀ-ਸੰਗ੍ਰਹਿ ਨੇ ਹੀ ਨਹੀਂ ਬਲਕਿ ਹਰ ਕਹਾਣੀ ਨੇ ਛਪਣ ਉਪਰੰਤ ਨਵੀਂ ਪ੍ਰਕਾਰ ਦੀ ਚਰਚਾ ਨੂੰ ਉਭਾਰਿਆ ਹੈ। ਪੰਜਾਬੀ ਕਿਰਸਾਣੀ ਦੀ ਹੋਂਦ ਅਤੇ ਹੋਣੀ, ਨਕਸਲਵਾੜੀ ਲਹਿਰ ਦਾ ਪ੍ਰਭਾਵ, ਕਮਿਊਨਿਸਟ ਵਿਚਾਰਧਾਰਾ ਦਾ ਉਖੜੇ ਕਦਮੀ ਹੋਣਾ, ਪੰਜਾਬ ਸੰਕਟ ਦਾ ਬਹੁਪਰਤੀ ਯਥਾਰਥ, ਉੱਤਰ-ਸੰਕਟੀ ਹਾਲਾਤ ਅਤੇ ਇਹਨਾਂ ਦੇ ਸਮਵਿਥ ਪੰਜਾਬੀ ਲੋਕਾਂ ਦੇ ਵਿਸ਼ਵੀਕਰਨ ਵੱਲ ਨੂੰ ਵਧਦੇ ਕਦਮ ਵਰਿਆਮ ਸੰਧੂ ਦੀ ਕਥਾ-ਰਚਨਾ ਦੁਆਰਾ ਵਿਚਾਰੇ ਗਏ ਮਸਲੇ ਹਨ। ਦਲਿਤ ਚੇਤਨਾ ਦੇ ਨਾਲ-ਨਾਲ ਉਸ ਨੇ ਲੰਮੀ ਕਹਾਣੀ ਅਤੇ ਕਹਾਣੀ ਵਿੱਚ ਫੈਂਟਸੀ ਦੀ ਜੁਗਤ ਨੂੰ ਸਿੱਧ-ਹਸਤ ਹੋ ਕੇ ਨਿਭਾਇਆ ਹੈ। ਉਹ ਚਿੰਨ੍ਹਾਤਮਿਕ ਸ਼ੈਲੀ ਦਾ ਉਸਤਾਦ ਕਥਾਕਾਰ ਹੈ। ਵਿਅੰਗ-ਸਿਰਜਣ-ਵਿਧੀ ਉਸ ਦੀ ਮੁੱਖ ਸ਼ਕਤੀ ਹੈ। ਉਸ ਦੀ ਹਰੇਕ ਰਚਨਾ ਸਮਾਜਮੁਖੀ ਹੈ। ਮਾਰਕਸ- ਵਾਦੀ ਸੂਝ ਕਾਰਨ ਉਹ ਸਮਾਜਿਕ ਚੇਤਨਾ ਨੂੰ ਸਥਿਤੀਆਂ ਨਾਲ ਜੋੜ ਕੇ ਵੇਖਦਾ ਸਮਝਦਾ ਹੈ। ਸਮਾਜ ਦੇ ਵਿਕਾਸ ਨਾਲ ਜੁੜੇ ਤੱਤਾਂ ਦਾ ਵਿਸ਼ਲੇਸ਼ਣ ਕਰਨ ਉਪਰੰਤ ਹੀ ਕਹਾਣੀ ਰਚਨਾ ਦਾ ਅੰਗ ਬਣਾਉਂਦਾ ਹੈ। ਇਸੇ ਭਾਵਨਾ ਅਧੀਨ ਹੀ ਉਹ ਸਿੱਧ-ਪਰੰਪਰਾ ਦੇ ਜੁਝਾਰੂ ਚਿੰਨ੍ਹਾਂ ਦੀ ਪੁਨਰ ਸਿਰਜਣਾ ਕਰਦਾ ਹੈ। ਇਸ ਦੇ ਨਾਲ ਉਹ ਵਿਸ਼ਵ ਦੇ ਕ੍ਰਾਂਤੀਕਾਰੀ ਨਾਇਕਾਵਾਂ ਨਾਲ ਜੁੜੇ ਪ੍ਰਸੰਗਾਂ ਨੂੰ ਵੀ ਸ਼ਾਮਲ ਕਰਦਾ ਹੈ। ਉਹ ਰੂੜ੍ਹੀਵਾਦੀ ਕਦਰਾਂ- ਕੀਮਤਾਂ ਦੇ ਵਿਰੁਧ ਨਵੀਨ ਜੀਵਨ-ਜਾਚ ਦਾ ਪੈਰੋਕਾਰ ਹੈ। ਸੰਸਾਰ ਪੱਧਰ ਦੀਆਂ ਪੁਸਤਕਾਂ ਦੇ ਅਧਿਐਨ ਅਤੇ ਵਿਦੇਸ਼ੀ ਭ੍ਰਮਣ ਨੇ ਉਸ ਵਿੱਚ ਉਦਾਰਵਾਦ ਨੂੰ ਸਮਝਣ ਦੀ ਚਿਣਗ ਭਰੀ ਹੈ। ਉਸ ਦੀਆਂ ਵਿਦੇਸ਼ (ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਪਾਕਿਸਤਾਨ) ਯਾਤਰਾਵਾਂ ਸੰਬੰਧੀ ਸੰਸਮਰਨ ਉਸ ਦੇ ਦੋ ਸਫ਼ਰਨਾਮਿਆਂ, ਪਰਦੇਸੀ ਪੰਜਾਬ ਅਤੇ ਵਗਦੀ ਸੀ ਰਾਵੀ ਵਿੱਚ ਦਰਜ ਹਨ। ਉਸ ਨੇ ਦੋ ਕਹਾਣੀ-ਸੰਗ੍ਰਹਿ ਕਰਵਟ ਅਤੇ ਕਥਾ-ਧਾਰਾ ਸੰਪਾਦਿਤ ਕੀਤੇ ਹਨ ਅਤੇ ਇੱਕ ਆਲੋਚਨਾਤਮਿਕ ਪੁਸਤਕ ਕੁਲਵੰਤ ਸਿੰਘ ਵਿਰਕ ਦਾ ਕਹਾਣੀ-ਸੰਸਾਰ ਵੀ ਪੰਜਾਬੀ ਸਾਹਿਤ ਜਗਤ ਨੂੰ ਅਰਪਣ ਕੀਤੀ ਹੈ। ਉਹ ਦਲਿਤ ਵਰਗ ਵਿੱਚ ਜਮਾਤੀ ਚੇਤਨਾ ਉਜਾਗਰ ਕਰਨ ਹਿਤ ਯਤਨਸ਼ੀਲ ਹੈ। ਉਸ ਨੇ ਕਹਾਣੀ ਅਤੇ ਕਵਿਤਾ ਤੋਂ ਬਿਨਾਂ ਵਾਰਤਕ ਲੇਖਣੀ ਤੇ ਵੀ ਹੱਥ ਅਜਮਾਇਆ ਹੈ। ਕਰਤਾਰ ਸਿੰਘ ਪਹਿਲਵਾਨ ਉਸ ਦੁਆਰਾ ਲਿਖੀ ਜੀਵਨੀ ਪੁਸਤਕ ਹੈ। ਮਾਨਵਤਾ ਦੇ ਸੁਖਮਈ ਜੀਵਨ ਪ੍ਰਤਿ ਉਸ ਦਾ ਹੁੰਗਾਰਾ ਹਾਂ-ਪੱਖੀ ਹੈ। ਵਰਤਮਾਨ ਵਿਸ਼ਵੀਕਰਨ ਦੇ ਦੌਰ ਵਿੱਚ ਵੀ ਉਹ ਮਾਰਕਸਵਾਦ ਦੇ ਅਨੁਸਾਰੀ ਯੁੱਗ-ਚਿੰਤਨ ਦਾ ਹਾਮੀ ਹੈ। ਉਸ ਦੀ ਪ੍ਰਗਤੀਵਾਦੀ ਵਿਚਾਰਧਾਰਾ ਅਨੁਸਾਰ ਸਾਹਿਤ ਸਿਰਜਣਾ ਲਈ ਸਿਧਾਂਤ ਅਤੇ ਅਮਨ ਵਿੱਚ ਸੁਮੇਲ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਤਦ ਹੀ ਕਿਸੇ ਉੱਚ ਪਾਏ ਦੀ ਰਚਨਾ ਦਾ ਉਦੈ ਹੋ ਸਕਦਾ ਹੈ। ‘ਵਾਪਸੀ`, ‘ਡੁੰਮ`, ‘ਅੰਗ-ਸੰਗ`, ‘ਸੁਨਹਿਰੀ ਕਿਣਕਾ`, ‘ਕੁਰਾਹੀਆ`, ‘ਭਜੀਆ ਬਾਹੀਂ`, ਹੁਣ ਮੈਂ ਠੀਕ ਠਾਕ ਹਾਂ, ‘ਚੌਥੀ ਕੂੰਟ`, ‘ਨੌਂ ਬਾਰਾਂ ਦਸ` ਉਸ ਦੀਆਂ ਵਿਸ਼ਵ ਪੱਧਰ ਦੀਆਂ ਉੱਤਮ ਕਹਾਣੀਆਂ ਵਿੱਚ ਸ਼ੁਮਾਰ ਕਰਨ ਯੋਗ ਰਚਨਾਵਾਂ ਹਨ।


ਲੇਖਕ : ਗੁਰਦੇਵ ਸਿੰਘ ਚੰਦੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4421, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.