ਹੁਕਮ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੁਕਮ [ ਨਾਂਪੁ ] ਆਦੇਸ਼ , ਫ਼ਰਮਾਨ; ਅਧਿਕਾਰ , ਇਖ਼ਤਿਆਰ; ਰਜ਼ਾ; ਤਾਸ਼ ਦਾ ਇੱਕ ਰੰਗ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6522, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹੁਕਮ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੁਕਮ . ਅ਼ ਸੰਗ੍ਯਾ— ਆਗ੍ਯਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6325, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹੁਕਮ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਹੁਕਮ : ‘ ਹੁਕਮ’ ਅਰਬੀ ਭਾਸ਼ਾ ਦਾ ਸ਼ਬਦ ਹੈ ਅਤੇ ਇਸ ਦਾ ਕੋਸ਼ਗਤ ਅਰਥ ਹੈ— ਆਗਿਆ , ਫ਼ੁਰਮਾਨ , ਆਦੇਸ਼ । ਅਰਬ ਅਤੇ ਉਸ ਦੇ ਨੇੜੇ ਲਗਦੇ ਦੇਸ਼ਾਂ ਵਿਚ ਇਸ ਸ਼ਬਦ ਦੀ ਵਰਤੋਂ ਸ਼ਾਹੀ ਅਤੇ ਇਲਾਹੀ ਫ਼ੁਰਮਾਨ ਲਈ ਪੁਰਾਤਨ ਸਮੇਂ ਤੋਂ ਹੁੰਦੀ ਆਈ ਹੈ । ਕੁਰਾਨਿਕ ਸਾਹਿਤ ਵਿਚ ਵੀ ਇਹ ਸ਼ਬਦ ਇਨ੍ਹਾਂ ਹੀ ਅਰਥਾਂ ਵਿਚ ਵਰਤਿਆ ਗਿਆ ਹੈ । ਯਾਰ੍ਹਵੀਂ ਸਦੀ ਵਿਚ ਰਚੀ ਗਈ ਸੂਫ਼ੀਮਤ ਦੀ ਸਿੱਧਾਂਤਿਕ ਪੁਸਤਕ ‘ ਕਸ਼ਫੁਲ ਮਹਜੂਬ’ ਵਿਚ ‘ ਹੁਕਮ’ ਦੇ ਸਰੂਪ ਉਤੇ ਪ੍ਰਕਾਸ਼ ਪਾਇਆ ਗਿਆ ਹੈ ਕਿ ਹੁਕਮ ਤੇਜਸਵੀ ਅੱਲ੍ਹਾ ਨੇ ਕਰਨੇ ਹਨ , ਹਰ ਕਿਸੇ ਉਤੇ ਉਸ ਦਾ ਹੁਕਮ ਵਖ ਵਖ ਢੰਗਾਂ ਨਾਲ ਲਾਗੂ ਹੁੰਦਾ ਹੈ ।

                      ਗੁਰਬਾਣੀ ਵਿਚ ਥਾਂ-ਪਰ-ਥਾਂ ‘ ਹੁਕਮ’ ਨੂੰ ਮੰਨਣ ਦੀ ਤਾਕੀਦ ਕੀਤੀ ਗਈ ਹੈ । ਇਸ ਨੂੰ ਮੰਨਣ ਨਾਲ ਹੀ ਅਧਿਆਤਮਿਕ ਸੁਖ ਦੀ ਪ੍ਰਾਪਤੀ ਜਾਂ ਪਰਮਾਤਮਾ ਦੀ ਸੰਜੋਗ -ਅਵਸਥਾ ਦਾ ਅਨੁਭਵ ਹੋ ਸਕਦਾ ਹੈ ( ਹੁਕਮੁ ਮੰਨੈ ਸੋਈ ਸੁਖੁ ਪਾਏ , ਹੁਕਮੇ ਲਏ ਮਿਲਾਇ ) । ਗੁਰਬਾਣੀ ਤੋਂ ਪਹਿਲਾਂ ਦੇ ਨਿਰਗੁਣ ਜਾਂ ਸਗੁਣ ਕਾਵਿ ਵਿਚ ਇਸ ਸ਼ਬਦ ਦੀ ਵਰਤੋਂ , ਵਿਚਾਰ ਅਧੀਨ ਵਿਸ਼ੇਸ਼ ਭਾਵ ਨਾਲ , ਕਿਤੇ ਨਹੀਂ ਹੋਈ । ਇਸ ਲਈ ਗੁਰਬਾਣੀ ਦਾ ਇਹ ਇਕ ਵਿਸ਼ੇਸ਼ ਪਰਿਭਾਸ਼ਿਕ ਸ਼ਬਦ ਕਿਹਾ ਜਾ ਸਕਦਾ ਹੈ ।

                      ਗੁਰਮਤਿ ਵਿਚ ‘ ਹੁਕਮ’ ਤੋਂ ਸਾਰੀ ਸ੍ਰਿਸ਼ਟੀ ਦੀ ਉਤਪੱਤੀ ਮੰਨੀ ਗਈ ਹੈ— ਹੁਕਮੀ ਹੋਵਨਿ ਆਕਾਰ ਹੁਕਮੁ ਕਹਿਆ ਜਾਈ । ਇਸਲਾਮ ਵਿਚ ਵੀ ਸ੍ਰਿਸ਼ਟੀ ਦੀ ਉਤਪੱਤੀ ਹੁਕਮ ਤੋਂ ਹੀ ਮੰਨੀ ਗਈ ਹੈ । ‘ ਕੁਨ ’ ( ਹੋ ਜਾ ) ਅਤੇ ‘ ਫ਼ੀ-ਕੁਨ’ ( ਹੋ ਗਈ ) ਸ਼ਬਦਾਂ ਦੀ ਵਰਤੋਂ ਨਾਲ ਇਸੇ ਗੱਲ ਦੀ ਪੁਸ਼ਟੀ ਹੁੰਦੀ ਹੈ । ਇਸ ਸਿੱਧਾਂਤ ਦੇ ਸਮਾਨਾਂਤਰ ਗੁਰੂ ਨਾਨਕ ਦੇਵ ਜੀ ਨੇ ਵੀ ‘ ਜਪੁਜੀ ’ ਵਿਚ ਕੀਤਾ ਪਸਾਉ ਏਕੋ ਕਵਾਉ ਦੀ ਸਥਾਪਨਾ ਕੀਤੀ ਹੈ । ਪਰ , ਡਾ. ਸ਼ੇਰ ਸਿੰਘ ( ‘ ਗੁਰਮਤਿ ਦਰਸ਼ਨ’ ) ਅਨੁਸਾਰ , ‘ ਕੁਨ’ ਅਤੇ ਗੁਰੂ ਨਾਨਕ ਦੇਵ ਜੀ ਦੇ ‘ ਕਵਾਉ’ ਵਿਚ ਅੰਤਰ ਹੈ । ਇਸਲਾਮ ਦੇ ‘ ਕੁਨ’ ਦੁਆਰਾ ਤੁਰੰਤ ਸ੍ਰਿਸ਼ਟੀ ਦੀ ਰਚਨਾ ਸਿਧ ਹੁੰਦੀ ਹੈ , ਪਰ ਗੁਰੂ ਨਾਨਕ ਦੇਵ ਜੀ ਦੇ ‘ ਕਵਾਉ’ ਰਾਹੀਂ ਸ੍ਰਿਸ਼ਟੀ ਦਾ ਹੌਲੀ ਹੌਲੀ ਪ੍ਰਸਾਰ ਹੁੰਦਾ ਹੈ , ਸਿਲਸਿਲੇਵਾਰ ਵਿਕਾਸ ਹੁੰਦਾ ਹੈ ।

                      ‘ ਹੁਕਮ’ ਸ਼ਬਦ ਦੇ ਮੁੱਢਲੇ ਇਸਲਾਮਿਕ ਸਾਹਿਤ ਵਿਚ ਹੋਏ ਪ੍ਰਯੋਗ ਤੋਂ ਬਾਦ ਖ਼ਲੀਫ਼ਿਆਂ ਦੇ ਯੁਗ ਵਿਚ ਇਸ ਸ਼ਬਦ ਦੇ ਸਰੂਪ ਅਤੇ ਸਮਰਥਾ ਵਿਚ ਕਾਫ਼ੀ ਵਿਕਾਸ ਹੋਇਆ ਅਤੇ ਇਸ ਨੂੰ ਭੌਤਿਕ ਸ਼ਕਤੀ ਦੀ ਪ੍ਰਭੁਤਾ ਅਤੇ ਪ੍ਰਸਾਰ ਦਾ ਪ੍ਰਤੀਕ ਜਿਹਾ ਸਮਝਿਆ ਜਾਣ ਲਗਾ । ਇਹ ਸ਼ਬਦ ਆਪਣੀ ਅਧਿਆਤਮਿਕ ਅਤੇ ਭੌਤਿਕ ਪਿਛੋਕੜ ਸਹਿਤ ਮੁਸਲਮਾਨ ਹਮਲਾਵਰਾਂ ਦੇ ਨਾਲ ਭਾਰਤ ਵਿਚ ਆਇਆ ਅਤੇ ਇਸ ਨੇ ਜਨ-ਭਾਸ਼ਾ ਵਿਚ ਆਪਣਾ ਸਥਾਨ ਬਣਾ ਲਿਆ— ਹੁਕਮ ਕੀਏ ਮਨਿ ਭਾਵਦੇ ਰਾਹਿ ਭੀੜੈ ਅਗੈ ਜਾਵਣਾ ( ਗੁ.ਗ੍ਰੰ. 471 ) । ਦਿੱਲੀ ਦੇ ਸੁਲਤਾਨਾਂ ਦੇ ਹੁਕਮਾਂ ਨੇ ਭਾਰਤੀ ਧਰਮ , ਸਭਿਅਤਾ ਅਤੇ ਸੰਸਕ੍ਰਿਤੀ ਦੀਆਂ ਬੁਨਿਆਦਾਂ ਨੂੰ ਝੰਜੋੜ ਦਿੱਤਾ । ਸਾਰਾ ਜਨ-ਜੀਵਨ ਸੁਲਤਾਨਾਂ ਦੇ ਹੁਕਮਾਂ ਦੇ ਵਸ ਵਿਚ ਹੋ ਗਿਆ ਅਤੇ ਭਾਰਤੀ ਗੌਰਵ ਖੁਰਨ ਲਗ ਗਿਆ ।

                      ਇਸ ਸ਼ਬਦ ਦੁਆਰਾ ਸੰਚਾਰਿਤ ਸਮਰਥਾ ਅਤੇ ਜਨ-ਜੀਵਨ ਉਤੇ ਪਏ ਪ੍ਰਭਾਵ ਤੋਂ ਪ੍ਰੇਰਿਤ ਹੋ ਕੇ ਗੁਰੂ ਨਾਨਕ ਦੇਵ ਜੀ ਦਾ ਕਵੀ ਹਿਰਦਾ ਦ੍ਰਵਿਤ ਹੋ ਗਿਆ ਅਤੇ ਉਨ੍ਹਾਂ ਨੇ ਇਸ ਸ਼ਬਦ ਦੀ ਵਰਤੋਂ ਅਧਿਆਤਮਿਕ ਚਿੰਤਨ ਅਤੇ ਭਗਤੀ -ਭਾਵਨਾ ਦੇ ਖੇਤਰ ਵਿਚ ਸ਼ੁਰੂ ਕੀਤੀ । ਗੁਰੂ ਜੀ ਨੇ ਭਾਵਨਾ ਅਤੇ ਸ਼ਰਧਾ ਦੀ ਅੰਮ੍ਰਿਤਧਾਰਾ ਨਾਲ ਸਿੰਜ ਕੇ ਇਸ ਸ਼ਬਦ ਨੂੰ ਆਪਣੇ ਨਵੇਂ ਅਤੇ ਮੌਲਿਕ ਰੂਪ ਵਿਚ ਗੁਰਬਾਣੀ ਵਿਚ ਸ਼ੁਰੂ ਕੀਤਾ । ਪਰਮਾਤਮਾ ਕਰਤਾ-ਪੁਰਖ ਹੈ , ਇਸ ਲਈ ਉਸ ਦਾ ਆਦੇਸ਼ ਜਾਂ ਆਗਿਆ ਹੀ ‘ ਹੁਕਮ’ ਹੈ ਅਤੇ ਹੁਕਮ ਕਰਨ ਵਾਲਾ ਪਰਮਾਤਮਾ ‘ ਹੁਕਮੀ ’ ਹੈ । ਇਸ ਤਰ੍ਹਾਂ ਇਸ ਸ਼ਬਦ ਦਾ ਇਕ ਨਵਾਂ ਪਰਿਭਾਸ਼ਿਕ ਰੂਪ ਸਾਹਮਣੇ ਆਇਆ ।

                      ਭਿੰਨ ਭਿੰਨ ਵਿਦਵਾਨਾਂ ਨੇ ਇਸ ਸ਼ਬਦ ਦੇ ਨਵੇਂ ਪ੍ਰਯੋਗ ਕਾਰਣ ਇਸ ਦੇ ਵਖ ਵਖ ਅਰਥ ਕੀਤੇ ਹਨ । ਕਿਸੇ ਨੇ ਇਸ ਨੂੰ ਈਸ਼ਵਰੀ ਇੱਛਾ ਜਾਂ ਇਰਾਦਾ ਕਿਹਾ ਹੈ , ਕਿਸੇ ਨੇ ਸ੍ਰਿਸ਼ਟੀ-ਵਿਧਾਨ , ਦੈਵੀ-ਵਿਧਾਨ , ਪਰਮਾਤਮਾ ਦਾ ਸਮੁੱਚਾ ਵਿਧਾਨ , ਪਰਮਾਤਮਾ ਦੇ ਨਿਯਮਾਂ ਦਾ ਸਮੁੱਚ , ਨਿਰਦੇਸ਼ਕ ਸਿੱਧਾਂਤ , ਵਿਸ਼ਵ ਦਾ ਨਿਯੰਤ੍ਰਕ ਨਿਯਮ ਆਦਿ ਅਰਥ ਕੀਤੇ ਹਨ । ਗੁਰੂ ਨਾਨਕ ਦੇਵ ਜੀ ਨੇ ਹੁਕਮ ਦੁਆਰਾ ਹੀ ਸ੍ਰਿਸ਼ਟੀ ਦੀ ਰਚਨਾ ਮੰਨ ਕੇ ਇਸ ਨੂੰ ਵਿਸ਼ਵ-ਵਿਆਪੀ ਨਿਯਮ ਸਿਧ ਕੀਤਾ ਹੈ । ਸ੍ਰਿਸ਼ਟੀ ਦੇ ਆਰੰਭ ਤੋਂ ਪਹਿਲਾਂ ਵੀ ਹੁਕਮ ਮੌਜੂਦ ਸੀ ( ਧਰਣਿ ਗਗਨਾ ਹੁਕਮੁ ਅਪਾਰਾ — ਗੁ.ਗ੍ਰੰ.1035 ) । ‘ ਜਪੁਜੀ’ ਅਨੁਸਾਰ ਹੁਕਮ ਤੋਂ ਹੀ ਸ੍ਰਿਸ਼ਟੀ ਦੇ ਸਾਰੇ ਆਕਾਰ ਹੋਂਦ ਵਿਚ ਆਉਂਦੇ ਹਨ । ਹੁਕਮ ਰਾਹੀਂ ਹੀ ਜੀਵਾਂ ਦੀ ਉਤਪੱਤੀ ਹੁੰਦੀ ਹੈ , ਉਨ੍ਹਾਂ ਨੂੰ ਵਡਿਆਈ ਮਿਲਦੀ ਹੈ , ਹੁਕਮ ਨਾਲ ਹੀ ਉਹ ਮਾੜੇ ਚੰਗੇ ਬਣਦੇ ਹਨ ਅਤੇ ਦੁਖ-ਸੁਖ ਪ੍ਰਾਪਤ ਕਰਦੇ ਹਨ । ਹੁਕਮ ਨਾਲ ਹੀ ਉਹ ਬਖ਼ਸ਼ੇ ਜਾਂਦੇ ਹਨ , ਜਾਂ ਆਵਾਗਵਣ ਵਿਚ ਪੈਂਦੇ ਹਨ । ਸਾਰਾ ਸੰਸਾਰ ਹੁਕਮ-ਵਸ ਹੈ । ਸਚ ਤਾਂ ਇਹ ਹੈ ਕਿ ਸਾਰੀ ਸ੍ਰਿਸ਼ਟੀ ਹੁਕਮ ਦੇ ਪ੍ਰਭਾਵ ਵਿਚ ਹੈ , ਇਸ ਤੋਂ ਬਾਹਰ ਕੁਝ ਵੀ ਨਹੀਂ— ਹੁਕਮੇ ਆਵੈ ਹੁਕਮੇ ਜਾਇ ਆਗੈ ਪਾਛੈ ਹੁਕਮ ਸਮਾਇ ( ਗੁ.ਗ੍ਰੰ.151 ) ।

                      ਉਪਰੋਕਤ ਤੱਥਾਂ ਦੇ ਪ੍ਰਕਾਸ਼ ਵਿਚ ਹੁਕਮ ਦੇ ਸਰੂਪ ਅਤੇ ਸਮਰਥਾ ਨੂੰ ਕੁਝ ਵਿਸਥਾਰ ਨਾਲ ਵਿਚਾਰਨਾ ਉਚਿਤ ਹੋਵੇਗਾ । ਨਿਰਗੁਣ ਭਗਤੀ ਵਿਚ ਪਰਮਾਤਮਾ ਦਾ ਸਰੂਪ ਅਕਥਨੀਯ ਜਾਂ ਵਰਣਨ ਤੋਂ ਪਰੇ ਹੈ । ਉਸ ਵਰਣਨ ਤੋਂ ਪਰੇ ਪਰਮਾਤਮਾ ਦਾ ਹੁਕਮ ਵੀ ਗੁਰੂ ਨਾਨਕ ਦੇਵ ਜੀ ਅਨੁਸਾਰ ਵਰਣਨ ਤੋਂ ਪਰੇ ਹੈ । ‘ ਜਪੁਜੀ’ ਵਿਚ ਹੁਕਮ ਕਹਿਆ ਜਾਈ ਦੀ ਸਥਾਪਨਾ ਹੋਈ ਹੈ । ‘ ਸਿਧ ਗੋਸਟਿ ’ ਵਿਚ ਹੁਕਮ ਦੀ ਅਕਥਨੀਅਤਾ ਲਈ ਗੁਰੂ ਜੀ ਨੇ ‘ ਬਿਸਮਾਦ’ ਸ਼ਬਦ ਦੀ ਵਰਤੋਂ ਕੀਤੀ ਹੈ । ਇਸ ਨੂੰ ਨਾਮ ਦਾ ਸਮਾਨ-ਅਰਥਕ ਮੰਨਿਆ ਗਿਆ ਹੈ— ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ( ਗੁ.ਗ੍ਰੰ.72 ) । ਗੁਰਬਾਣੀ ਅਨੁਸਾਰ ਨਾਮ ਪਰਮਾਤਮਾ ਦਾ ਵਾਚਕ ਸ਼ਬਦ ਹੈ । ਨਾਮ ਪਰਮਾਤਮਾ ਦੀਆਂ ਸਾਰੀਆਂ ਸਮਰਥਤਾਵਾਂ ਦਾ ਤੱਤ੍ਵ ਹੈ— ਜੇਤਾ ਕੀਤਾ ਤੇਤਾ ਨਾਉ ਵਿਣੁ ਨਾਵੈ ਨਾਹੀ ਕੋ ਥਾਉ ( ਗੁ.ਗ੍ਰੰ.4 ) । ਅਤੇ , ਬਾਕੀ ਸਾਰੀਆਂ ਸ਼ਕਤੀਆਂ ਇਸ ਦੇ ਅਧੀਨ ਹਨ ( ਸਰਬ ਜੋਤਿ ਨਾਮੈ ਕੀ ਚੇਰਿ — ਗੁ.ਗ੍ਰੰ.1187 ) । ਇਸ ਤਰ੍ਹਾਂ ਨਾਮ ਅਤੇ ਨਾਮੀ ਵਿਚ ਕੋਈ ਅੰਤਰ ਨਹੀਂ , ਦੋਵੇਂ ਪਰਸਪਰ ਅਭਿੰਨ ਹਨ । ਚੂੰਕਿ ‘ ਨਾਮ’ ‘ ਹੁਕਮ’ ਦਾ ਭਾਵ-ਬੋਧਕ ਹੈ , ਇਸ ਲਈ ‘ ਹੁਕਮ’ ਅਤੇ ‘ ਹੁਕਮੀ’ ਵਿਚ ਵੀ ਕੋਈ ਅੰਤਰ ਨਹੀਂ , ਦੋਵੇਂ ਪਰਸਪਰ ਅਭਿੰਨ ਹਨ ।

                      ਜਿਵੇਂ ਪਰਮਾਤਮਾ ਅਸੀਮ ਅਤੇ ਅਨੰਤ ਹੈ , ਉਸੇ ਤਰ੍ਹਾਂ ਉਸ ਦੇ ਹੁਕਮ ਦਾ ਸਰੂਪ ਵੀ ਹੈ । ਉਹ ਕਿਤਨਾ ਅਨੰਤ ਹੈ , ਕਿਤਨਾ ਵਿਸ਼ਾਲ ਹੈ ? ਇਸ ਦਾ ਅਨੁਮਾਨ ਕਰਨਾ ਵੀ ਸਰਲ ਨਹੀਂ । ਉਸ ਨੂੰ ਨ ਲਿਖਿਆ ਜਾ ਸਕਦਾ ਹੈ ਅਤੇ ਨ ਹੀ ਉਸ ਦਾ ਵਿਖਿਆਨ ਕੀਤਾ ਜਾ ਸਕਦਾ ਹੈ , ਭਾਵੇਂ ਸੈਂਕੜੇ ਕਵੀ ਇਕੱਠੇ ਕਰ ਲਏ ਜਾਣ , ਉਨ੍ਹਾਂ ਲਈ ਉਸ ਦਾ ਤਿਲ-ਮਾਤ੍ਰ ਵਰਣਨ ਕਰ ਸਕਣਾ ਵੀ ਮੁਸ਼ਕਿਲ ਹੈ— ਤੇਰਾ ਹੁਕਮੁ ਜਾਪੀ ਕੇਤੜਾ ਲਿਖਿ ਜਾਣੈ ਕੋਇ ਜੇ ਸਉ ਸਾਇਰ ਮੇਲੀਅਹਿ ਤਿਲੁ ਪੁਜਾਵਹਿ ਰੋਇ ਕੀਮਤਿ ਕਿਨੈ ਪਾਈਆ ਸਭਿ ਸੁਣਿ ਸੁਣਿ ਆਖਹਿ ਸੋਇ ( ਗੁ.ਗ੍ਰੰ.53 ) । ਅਸਲ ਵਿਚ , ਸਭ ਦਿਨ-ਰਾਤ , ਵਾਰ-ਥਿਤ , ਰੁਤ-ਮਾਸ , ਜਲ-ਧਰਤੀ , ਵਾਯੂ-ਅਗਨੀ , ਲੋਕ-ਪਰਲੋਕ , ਸਭ ਉਤੇ ਪਰਮਾਤਮਾ ਦਾ ਹੁਕਮ ਚਲਦਾ ਹੈ । ਸਾਰੀ ਸ੍ਰਿਸ਼ਟੀ , ਉਸ ਦੀ ਸਾਰੀ ਗਤਿ-ਵਿਧੀ , ਸਾਰੀਆਂ ਭੌਤਿਕ , ਅਭੌਤਿਕ ਸ਼ਕਤੀਆਂ ਹੁਕਮ ਅਧੀਨ ਹਨ । ਸਾਰੀ ਸ੍ਰਿਸ਼ਟੀ ਦਾ ਕਾਰਜ-ਵਿਧਾਨ ਵੀ ਹੁਕਮ ਦੁਆਰਾ ਸਿਰੇ ਚੜ੍ਹਦਾ ਹੈ ਅਤੇ ਉਸ ਸਭ ਵਿਚ ਪਰਮਾਤਮਾ ਵਿਆਪਤ ਹੈ ।

                      ਹੁਕਮ ਦੀ ਪਛਾਣ ਕਿਵੇਂ ਕੀਤੀ ਜਾ ਸਕਦੀ ਹੈ ? ਇਸ ਪ੍ਰਸ਼ਨ ਦਾ ਉਤਰ ਦਿੰਦਿਆਂ ਗੁਰੂ ਜੀ ਨੇ ਦਸਿਆ ਹੈ ਕਿ ਹੁਕਮ ਦਾ ਭੇਦ ਚਤੁਰਤਾ ਦੁਆਰਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ— ਹਿਕਮਤਿ ਹੁਕਮਿ ਪਾਇਆ ਜਾਇ ( ਗੁ. ਗ੍ਰੰ.661 ) । ਇਸ ਦੀ ਪਛਾਣ ਸੱਚੇ ਗੁਰੂ ਦੁਆਰਾ ਹੁੰਦੀ ਹੈ— ਸਾਚੇ ਗੁਰ ਤੇ ਹੁਕਮੁ ਪਛਾਨੁ ( ਗੁ.ਗ੍ਰੰ.414 ) । ਗੁਰੂ ਦੀ ਕਿਰਪਾ ਇਸ ਦੀ ਪਛਾਣ ਲਈ ਅਤਿ ਜ਼ਰੂਰੀ ਹੈ । ‘ ਮੂਲ- ਮੰਤ੍ਰ ’ ਵਿਚ ਪਰਮਾਤਮਾ ਦਾ ਜੋ ਸਰੂਪ ਚਿਤਰਿਆ ਗਿਆ ਹੈ , ਉਸ ਦੀ ਪ੍ਰਾਪਤੀ ਦਾ ਸਾਧਨ ‘ ਗੁਰ-ਪ੍ਰਸਾਦਿ’ ਦਸਿਆ ਗਿਆ ਹੈ । ਇਥੇ ਦੋ ਗੱਲਾਂ ਸਪੱਸ਼ਟ ਹਨ । ਇਕ ਇਹ ਕਿ ਪਰਮਾਤਮਾ ( ਹੁਕਮੀ ) ਅਤੇ ਹੁਕਮ ਵਿਚ ਕੋਈ ਅੰਤਰ ਨਹੀਂ , ਜਿਵੇਂ ਕਿਸੇ ਵਸਤੂ ਅਤੇ ਉਸ ਵਸਤੂ ਦੇ ਨਾਂ ਵਿਚ ਕੋਈ ਅੰਤਰ ਨਹੀਂ ਹੁੰਦਾ । ਦੂਜਾ ਇਹ ਕਿ ਪਰਮਾਤਮਾ ਨੂੰ ਪਛਾਣਨ ਜਾਂ ਪ੍ਰਾਪਤ ਕਰਨ ਦੀ ਪ੍ਰਕ੍ਰਿਆ ਵਾਂਗ ਹੁਕਮ ਦੀ ਪਛਾਣ ਜਾਂ ਪ੍ਰਾਪਤੀ ਗੁਰੂ ਦੀ ਕਿਰਪਾ ਦੁਆਰਾ ਹੀ ਸੰਭਵ ਹੈ ।

                      ਜੋ ਵਿਅਕਤੀ ਹੁਕਮ ਦੀ ਪਛਾਣ ਕਰ ਲੈਂਦਾ ਹੈ , ਉਹ ਹੰਕਾਰ ਦੇ ਪ੍ਰਭਾਵ ਤੋਂ ਮੁਕਤ ਹੋ ਜਾਂਦਾ ਹੈ ( ਨਾਨਕ ਹੁਕਮੈ ਜੇ ਬੁਝੈ ਹਉਮੈ ਕਹੈ ਕੋਇ ਗੁ.ਗ੍ਰੰ.1 ) ਅਤੇ ਉਹ ਸਤਿ- ਸਰੂਪ ਪਰਮਾਤਮਾ ਵਿਚ ਹੀ ਸਮਾ ਜਾਂਦਾ ਹੈ ( ਬੂਝੈ ਹੁਕਮੁ ਸੋ ਸਾਚਿ ਸਮਾਵੈ — ਗੁ.ਗ੍ਰੰ.1025 ) । ਮਨੁੱਖ ਦੇ ਜੀਵਨ ਦਾ ਸਰਬੋਤਮ ਮਨੋਰਥ ਪਰਮਾਤਮਾ ਵਿਚ ਸਮਾਉਣਾ ਹੈ , ਇਕਮਿਕ ਹੋਣਾ ਹੈ , ਅਦ੍ਵੈਤ ਅਵਸਥਾ ਨੂੰ ਪ੍ਰਾਪਤ ਕਰਨਾ ਹੈ । ਇਸ ਅਵਸਥਾ ਨੂੰ ਪ੍ਰਾਪਤ ਕਰਨ ਲਈ ਪਰਮਾਤਮਾ ਦੇ ਹੁਕਮ ਨੂੰ ਮੰਨਣਾ ਜਿਗਿਆਸੂ ਲਈ ਲਾਜ਼ਮੀ ਹੈ— ਹੁਕਮਿ ਰਜਾਈ ਜੋ ਚਲੈ ਸੋ ਪਵੈ ਖਜਾਨੇ ( ਗੁ.ਗ੍ਰੰ.421 ) । ‘ ਜਪੁਜੀ’ ਵਿਚੋਂ ਵੀ ਇਸ ਤੱਥ ਦੀ ਪੁਸ਼ਟੀ ਹੋ ਜਾਂਦੀ ਹੈ । ‘ ਜਪੁਜੀ’ ਦੀ ਮੂਲ ਸਮਸਿਆ ਹੈ ਕਿ ਮਨੁੱਖ ਕਿਵੇਂ ਸਚਿਆਰ ਹੋ ਸਕਦਾ ਹੈ ਅਤੇ ਉਸ ਦੇ ਇਰਦ-ਗਿਰਦ ਉਸਰੀ ਮਾਇਕ ਪ੍ਰਪੰਚ ਦੀ ਦੀਵਾਰ ਕਿਵੇਂ ਢਹਿ ਸਕਦੀ ਹੈ ? — ਕਿਵ ਸਚਿਆਰਾ ਹੋਈਐ ਕਿਵ ਕੂੜੇ ਤੁਟੈ ਪਾਲਿ । ਇਸ ਸਮਸਿਆ ਦਾ ਹਲ ਹੁਕਮ ਦੀ ਪਾਲਨਾ ਵਿਚ ਦਸਿਆ ਗਿਆ ਹੈ— ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ

                      ਸਾਰਾਂਸ਼ ਇਹ ਕਿ ਪਰਮਾਤਮਾ ਦੇ ਹੁਕਮ ਨੂੰ ਮੰਨਣਾ ਪਰਮਾਤਮਾ ਨੂੰ ਹੀ ਮੰਨਣਾ ਹੈ । ਜੋ ਉਸ ਦੇ ਹੁਕਮ ਨੂੰ ਮੰਨ ਲੈਂਦੇ ਹਨ ਉਹ ਉਸ ਦੇ ਦੁਆਰ ਉਤੇ ਸ਼ੋਭਾਸ਼ਾਲੀ ਹੁੰਦੇ ਹਨ । ਜੋ ਅਭਿਮਾਨ-ਵਸ ਈਸ਼ਵਰੀ ਹੁਕਮ ਦੀ ਪਾਲਨਾ ਨਹੀਂ ਕਰਦੇ , ਉਹ ਖੁਆਰ ਹੁੰਦੇ ਹਨ— ਮਾਨੈ ਹੁਕਮੁ ਸੋਹੈ ਦਰਿ ਸਾਚੈ ਆਕੀ ਮਰਹਿ ਅਫਾਰੀ ( ਗੁ.ਗ੍ਰੰ.992 ) ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6189, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਹੁਕਮ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੁਕਮ : ਅਰਬੀ ਭਾਸ਼ਾ ਦਾ ਸ਼ਬਦ ਜਿਸਦਾ ਅਰਥ ਆਗਿਆ , ਆਦੇਸ਼ , ਫ਼ੁਰਮਾਨ , ਕਾਨੂੰਨ ਹੈ , ਸਿੱਖ ਵਰਤੋਂ- ਵਿਹਾਰ ਵਿਚ ਪਰਾਭੌਤਿਕ ਰੂਪ ਲੈਂਦਾ ਹੋਇਆ ਦੈਵੀ ਸਿਧਾਂਤ ਜਾਂ ਨਿਯਮ ਵੱਲ ਸੰਕੇਤ ਕਰਦਾ ਹੈ ਜੋ ਸਮੁੱਚੇ ਜਗਤ ਨੂੰ ਚੱਲਾ ਰਿਹਾ ਹੈ । ਸਿੱਖ ਧਰਮ-ਵਿਗਿਆਨ ਵਿਚ ਇਸਦੇ ਮਹੱਤਵ ਵੱਲ ਸੰਕੇਤ ਗੁਰੂ ਗ੍ਰੰਥ ਸਾਹਿਬ ਦੇ ਅਰੰਭ ਵਿਚ ਬਾਣੀ ‘ ਜਪੁ` ਦੀ ਪਹਿਲੀ ਹੀ ਪਉੜੀ ਵਿਚ ਕੀਤਾ ਗਿਆ ਹੈ । ਪਉੜੀ ਦੀ ਅੰਤਿਮ ਤੋਂ ਪਹਿਲੀ ਲਾਈਨ ਵਿਚ ਗੁਰੂ ਨਾਨਕ ਦੇਵ ਜੀ ਬੁਨਿਆਦੀ ਪ੍ਰਸ਼ਨ ਕਰਦੇ ਹਨ ਕਿ ਗਿਆਨ ( ਸਚਿਆਰਪਨ ) ਕਿਵੇਂ ਪ੍ਰਾਪਤ ਕੀਤਾ ਜਾਵੇ : ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਪਉੜੀ ਦੀ ਆਖ਼ਰੀ ਲਾਈਨ ਵਿਚ ਉਹ ਉੱਤਰ ਦਿੰਦੇ ਹੋਏ ਦੱਸਦੇ ਹਨ : ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥ ਅਗਲੀ ਪਉੜੀ ਵਿਚ ਗੁਰੂ ਨਾਨਕ ਦੇਵ ਜੀ ਹੁਕਮ ਦੇ ਸੁਭਾਅ ਅਤੇ ਸ਼ਕਤੀ ਦਾ ਵਰਨਨ ਕਰਦੇ ਹਨ :

                    ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥

                    ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥

                    ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥

                    ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥

                    ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥

                    ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥

          ਹੁਕਮ ਦੀ ਇਸ ਵਿਆਖਿਆ ਤੋਂ ਬਹੁਤ ਸਾਰੇ ਸਿੱਟੇ ਸਾਮ੍ਹਣੇ ਆਉਂਦੇ ਹਨ । ਪਹਿਲਾ ਤਾਂ ਇਹ ਕਿ ਜਿਵੇਂ ਅਕਾਲ ਪੁਰਖ ਆਪਣੀ ਸੰਪੂਰਨਤਾ ਵਿਚ ਮਨੁੱਖੀ ਬੋਧ ਤੋਂ ਪਰੇ ਹੈ ਇਸੇ ਤਰ੍ਹਾਂ ਹੁਕਮ ਵੀ ਆਪਣੇ ਪੂਰੇ ਵਿਸਤਾਰ ਵਿਚ ਮਨੁੱਖੀ ਸੋਝੀ ਤੋਂ ਉੱਪਰ ਹੈ । ਦੂਜਾ , ਇਸ ਨੂੰ ਇਕ ਉਚਿਤ ਹੱਦ ਤਕ ਹੀ ਸਮਝਿਆ ਜਾ ਸਕਦਾ ਹੈ ਅਤੇ ਕੋਈ ਵਿਅਕਤੀ ਇਸ ਨੂੰ ਘੱਟੋ-ਘੱਟ ਇਸ ਤਰ੍ਹਾਂ ਸਮਝ ਸਕਦਾ ਹੈ ਕਿ ਹੁਕਮ ਹੀ ਉਹਨਾਂ ਮਨੁੱਖੀ ਹਾਲਤ ਦੀਆਂ ਭਿੰਨਤਾਵਾਂ ਅਤੇ ਸ੍ਰੇਸ਼ਠਤਾਵਾਂ ਦਾ ਮੂਲ ਸ੍ਰੋਤ ਹੈ ਜਿਹੜੀਆਂ ਮਨੁੱਖੀ ਕੰਟਰੋਲ ਤੋਂ ਪਰੇ ਪ੍ਰਤੀਤ ਹੁੰਦੀਆਂ ਹਨ । ਇਹ ਉਹ ਸਿਧਾਂਤ ਹੈ ਜੋ ਪੈਦਾ ਹੋਏ ਜੀਵਾਂ ਦੇ ਵੱਖ-ਵੱਖ ਰੂਪਾਂ ਨੂੰ ਤੈਅ ਕਰਦਾ ਹੈ । ਇਹ ਤੈਅ ਕਰਦਾ ਹੈ ਕਿ ਕਿਹੜਾ ਉੱਤਮ ਹੋਵੇਗਾ ਅਤੇ ਕਿਹੜਾ ਨੀਚਤਾ ਦੀ ਖੱਡ ਵਿਚ ਸੁੱਟਿਆ ਜਾਣਾ ਹੈ : ਕਿਸ ਨੂੰ ਅਨੰਦ ਪ੍ਰਾਪਤ ਹੋਵੇਗਾ ਅਤੇ ਕਿਹੜਾ ਦੁੱਖਾਂ ਨੂੰ ਭੋਗੇਗਾ , ਕਿਹੜਾ ਮੁਕਤੀ ਹਾਸਲ ਕਰੇਗਾ ਅਤੇ ਕਿਹੜਾ ਜਨਮ-ਮਰਨ ਦੇ ਚੱਕਰਾਂ ਵਿਚ ਫਸਿਆ ਰਹੇਗਾ । ਤੀਜਾ , ਇਹ ਕਿ ਸਾਰੇ ਹੀ ਹੁਕਮ ਦੇ ਅਧੀਨ ਹਨ; ਸਭ ਕੁਝ ਇਸੇ ਦੀ ਪ੍ਰਭੁਤਾ ਹੇਠ ਹੈ । ਚੌਥਾ , ਇਸ ਦੈਵੀ ਸਿਧਾਂਤ ਨੂੰ ਸਮਝਣ ਨਾਲ ਮਨੁੱਖ ਦੀ ਹਉਮੈ ਦਾ ਨਾਸ ਹੋ ਜਾਂਦਾ ਹੈ ਜੋ ਕਿ ਉਸਦੇ ਦੁੱਖਾਂ ਦਾ ਅਤੇ ਉਸਦੀ ਪਰਮਾਤਮਾ ਤੋਂ ਵਿਕਰਤੀ ਦਾ ਕਾਰਨ ਹੈ । ‘ ਜਪੁ` ਬਾਣੀ ਦੀ ਤੀਜੀ ਪਉੜੀ ਵਿਚ ਹੁਕਮ ਨੂੰ ਦੁਬਾਰਾ ਉਹ ਸਿਧਾਂਤ ਮੰਨਿਆ ਗਿਆ ਹੈ ਜੋ ਕਿ ਈਸ਼ਵਰ ਦੀ ਇੱਛਾ ਅਨੁਸਾਰ ਸਮੁੱਚੇ ਬ੍ਰਹਿਮੰਡ ਨੂੰ ਠੀਕ ਤਰ੍ਹਾਂ ਚੱਲਾ ਰਿਹਾ ਹੈ :

                      ਹੁਕਮੀ ਹੁਕਮੁ ਚਲਾਏ ਰਾਹੁ ॥ ਨਾਨਕ ਵਿਗਸੈ ਵੇਪਰਵਾਹੁ ॥

          ਇਹ ਦੈਵੀ ਹੁਕਮ ਬਹੁਤ ਸਾਰੇ ਤਰੀਕਿਆਂ ਨਾਲ ਪ੍ਰਗਟ ਹੁੰਦਾ ਹੈ । ਇਹ ਸ੍ਰਿਸ਼ਟੀ ਰਚਨਾ ਦੇ ਕਾਰਜਕਰਤਾ ਦੇ ਤੌਰ ਤੇ ਸਾਮ੍ਹਣੇ ਆਉਂਦਾ ਹੈ :

          ਹੁਕਮੀ ਸਗਲ ਕਰੇ ਆਕਾਰ ॥ ( ਗੁ.ਗ੍ਰੰ. 150 ) ।

          ਇਹ ਮਨੁੱਖੀ ਹੋਂਦ ਦਾ ਨਿਯਮਬੱਧ ਚੱਕਰ ਨਿਸਚਿਤ ਕਰਦਾ ਹੈ :

          ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ ॥ ( ਗੁ.ਗ੍ਰੰ. 74 ) ।

          ਸਾਰੇ ਇਸ ਦੇ ਅਧੀਨ ਹਨ :

          ਆਖਣੁ ਵੇਖਣੁ ਬੋਲਣੁ ਚਲਣੁ ਜੀਵਣੁ ਮਰਣਾ ਧਾਤੁ ॥

          ਹੁਕਮੁ ਸਾਜਿ ਹੁਕਮੈ ਵਿਚਿ ਰਖੈ ਨਾਨਕ ਸਚਾ ਆਪਿ ॥ ( ਗੁ.ਗ੍ਰੰ. 145 )

         

ਅਤੇ ਇਹ ਈਸ਼ਵਰ ਦੀਆਂ ਸਮੂਹ ਕਿਰਿਆਵਾਂ ਨੂੰ ਇਕ ਸਿਧਾਂਤ ਵਿਚ ਸੰਜੁਗਤ ਕਰਦਾ ਹੈ :

ਨਾ ਜੀਉ ਮਰੈ ਨ ਡੂਬੈ ਤਰੈ ॥

ਜਿਨਿ ਕਿਛੁ ਕੀਆ ਸੋ ਕਿਛੁ ਕਰੈ ॥

ਹੁਕਮੇ ਆਵੈ ਹੁਕਮੇ ਜਾਇ ॥

ਆਗੈ ਪਾਛੈ ਹੁਕਮਿ ਸਮਾਇ ॥ ( ਗੁ.ਗ੍ਰੰ. 151 )

          ਇਹ ਸਿਧਾਂਤ ਦਿਖਾਈ ਦੇ ਰਹੇ ਜਗਤ ਦੀ ਬਣਤਰ ਅਤੇ ਕਾਰਜਸ਼ੀਲਤਾ ਨੂੰ ਨੇਮਬੱਧ ਕਰਦੇ ਵਿਧਾਨ ਵਿਚੋਂ ਬਹੁਤ ਛੇਤੀ ਹੀ ਪ੍ਰਤੱਖ ਹੋ ਜਾਂਦਾ ਹੈ । ਇਹ ਉਦਕਰਖ ਅਤੇ ਆਕਰਖ , ਸੰਯੋਗ ਅਤੇ ਵਿਜੋਗ ਦੇ ਦਵੰਦਾਤਮਿਕ ਵਿਧਾਨ ਨੂੰ ਵੀ ਚਲਾਉਂਦਾ ਹੈ । ਪਰ ਹੁਕਮ ਨਾ ਕੇਵਲ ਉਸਾਰੂ ਜਾਂ ਨਿਯਾਮਿਕ ਸ਼ਕਤੀ ਹੀ ਹੈ ਸਗੋਂ ਇਹ ਤਾਂ ਨੈਤਿਕ ਸੰਜਮ ਨੂੰ ਵੀ ਦਰਸਾਉਂਦੀ ਹੈ । ਸਦਾਚਾਰਿਕ ਸ਼ਬਦਾਵਲੀ ਵਿਚ ਇਹ ਕਰਮ ਦਾ ਸਿਧਾਂਤ- ਕਾਰਨ ਅਤੇ ਕਾਰਜ ਦਾ ਸਿਧਾਂਤ ਹੈ । ਇਹ ਉਸੇ ਤਰ੍ਹਾਂ ਹੁਕਮ ਸਿਧਾਂਤ ਦਾ ਇਕ ਪੱਖ ਹੈ ਜਿਸ ਤਰ੍ਹਾਂ ਦੁਨਿਆਵੀ ਜਗਤ ਦੀ ਨਿਯਮਿਤ ਕਿਰਿਆ ਹੈ । ਦਰਅਸਲ , ਇਹ ਇਕ ਮਹੱਤਵਪੂਰਨ ਪੱਖ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਕਈ ਵਾਰ ਸਪਸ਼ਟ ਤੌਰ ਤੇ ਇਹ ਦ੍ਰਿੜ ਕਰਵਾਇਆ ਹੈ ਕਿ ਇਹ ਸਿਧਾਂਤ ਇਕ ਪੱਕੀ ਸਦੀਵੀ ਸੱਚਾਈ ਹੈ । ਇਸ ਤੋਂ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਹਰ ਇਕ ਵਿਅਕਤੀ ਨੂੰ ਉਹ ਕੰਮ ਕਰਨੇ ਚਾਹੀਦੇ ਹਨ ਜੋ ਕਿ , ਕਰਮ ਸਿਧਾਂਤ ਦੇ ਅਨੁਸਾਰ , ਸ੍ਰੇਸ਼ਠ ਫਲ ਪ੍ਰਦਾਨ ਕਰਨ । ਹੁਕਮ ਨਿਸ਼ਚਿਤ ਹੈ । ਮਨੁੱਖੀ ਜੀਵਨ ਦਾ ਉਦੇਸ਼ ਹੁਕਮ ਨੂੰ ਜਾਨਣਾ ਜਾਂ ਸਮਝਣਾ , ਇਸ ਨੂੰ ਪ੍ਰਵਾਨ ਕਰਨਾ ਅਤੇ ਇਸੇ ਅਨੁਸਾਰ ਆਪਣਾ ਜੀਵਨ ਢਾਲਣਾ ਹੈ ।

          ਪਰ ਹੁਕਮ ਮਨੁੱਖੀ ਬੋਧ ਦੀ ਪਹੁੰਚ ਤੋਂ ਪਰੇ ਹੈ । ਹੁਕਮ ਦਾ ਗਿਆਨ ਬੌਧਿਕ ਪ੍ਰਾਪਤੀ ਨਾ ਹੋ ਕੇ ਅਧਿਆਤਮਿਕ ਪ੍ਰਾਪਤੀ ਹੈ । ਹੁਕਮ ਦੇ ਗਿਆਨ ਦਾ ਅਰਥ ਇਸਦੇ ਸੁਭਾਅ , ਖੇਤਰ ਅਤੇ ਸੀਮਾਵਾਂ ਬਾਰੇ ਜਾਣ ਲੈਣਾ ਹੀ ਨਹੀਂ ਹੈ । ਹੁਕਮ ਨੂੰ ਜਾਨਣਾ ਦਰਅਸਲ ਇਸ ਸਿਧਾਂਤ ਦੀ ਹੋਂਦ ਨੂੰ ਮਹਿਸੂਸ ਕਰਨਾ ਹੈ । ਇਹ ਅੰਦਰੂਨੀ ਬੋਧ ਹੈ; ਇਹ ਬਾਹਰੀ ਜਾਂ ਦੁਨਿਆਵੀ ਤੌਰ ਤੇ ਪ੍ਰਤੱਖ ਨਹੀਂ ਹੁੰਦਾ । ਇਹ ਅਨੁਭਵ ਪਰਮਾਤਮਾ ਦੀ ਬਖ਼ਸ਼ਸ਼ ਰਾਹੀਂ ਹੀ ਸੰਭਵ ਹੋ ਸਕਦਾ ਹੈ , ਅਤੇ ਇਹ ਕੇਵਲ ਉਸ ਵਿਅਕਤੀ ਨੂੰ ਹੀ ਹੋ ਸਕਦਾ ਹੈ ਜੋ ਆਪਣੀ ਇੱਛਾ ਨੂੰ ਗੁਰੂ ( ਪਰਮਾਤਮਾ ) ਦੀ ਇੱਛਾ ਦੇ ਅਧੀਨ ਕਰ ਲੈਂਦਾ ਹੈ ।

          ਹੁਕਮ ਮੰਨਣਾ ਜਾਂ ਆਪਣੇ ਜੀਵਨ ਨੂੰ ਹੁਕਮ ਦੇ ਸਿਧਾਂਤ ਨਾਲ ਇਕਸੁਰ ਕਰ ਲੈਣ ਉੱਤੇ ਜ਼ੋਰ ਦਿੱਤਾ ਗਿਆ ਹੈ , ਪਰ ਹੁਕਮ ਦੀ ਅਨੁਭੂਤੀ ਰਹੱਸਮਈ ਅਨੁਭਵ ਹੈ । ਇਸਨੂੰ ਮਨੁੱਖੀ ਭਾਸ਼ਾ ਰਾਹੀਂ ਪ੍ਰਗਟ ਨਹੀਂ ਕੀਤਾ ਜਾ ਸਕਦਾ । ਹੁਕਮ ਦੀ ਅਨੁਭੂਤੀ ਕੇਵਲ ਇਸ ਸਿਧਾਂਤ ਦੀ ਹੋਂਦ ਨੂੰ ਮਹਿਸੂਸ ਕਰਨਾ ਹੀ ਨਹੀਂ ਬਲਕਿ ਇਹ ਤਾਂ ਅਨੰਦਪੂਰਵਕ ਅੰਦਰੂਨੀ ਬੋਧ ਦੀ ਪ੍ਰਾਪਤੀ ਵੀ ਹੈ । ਇਸ ਅੰਦਰੂਨੀ ਪ੍ਰਕਾਸ਼ ਨਾਲ ਵਿਅਕਤੀ ਉਸ ਨੈਤਿਕ ਮਾਰਗ ਨੂੰ ਸਪਸ਼ਟ ਵੇਖ ਸਕਦਾ ਹੈ ਜਿਸ ਉੱਤੇ ਉਸਨੇ ਚੱਲਣਾ ਹੀ ਹੁੰਦਾ ਹੈ ।

          ਮਨੁੱਖ ਨੂੰ ਇਸ ਹੱਦ ਤਕ ਸੁਤੰਤਰਤਾ ਪ੍ਰਾਪਤ ਹੈ ਕਿ ਉਹ ਹੁਕਮ ਅਨੁਕੂਲ ਜੀਵਨ ਜਿਊਂਣ ਦਾ ਫ਼ੈਸਲਾ ਲੈ ਸਕੇ । ਸੁਤੰਤਰ ਇੱਛਾ ਦੇ ਅਮਲ ਦੀ ਸਮਰੱਥਾ ਉਸਨੂੰ ਇਹ ਆਗਿਆ ਵੀ ਦਿੰਦੀ ਹੈ ਕਿ ਇਹ ( ਜੇਕਰ ਚਾਹੇ ਤਾਂ ) ਇਕਸੁਰਤਾ ਰੱਖਣ ਦੀ ਬਜਾਇ ਇਸਦਾ ਵਿਰੋਧ ਵੀ ਕਰੇ । ਇਹ ਅਧਿਕਾਰ ਪ੍ਰਤੱਖ ਤੌਰ ਤੇ ਗੰਭੀਰ ਰੂਪ ਵਿਚ ਮਹੱਤਵਪੂਰਨ ਹੈ ਕਿਉਂਕਿ ਜਿਸ ਵੀ ਤਰੀਕੇ ਨਾਲ ਇਸਦਾ ਇਸਤੇਮਾਲ ਕੀਤਾ ਜਾਵੇ ਉਸਦੇ ਅਨੁਰੂਪ ਹੀ ਇਹ ਜਾਂ ਤਾਂ ਮੁਕਤੀ ਪ੍ਰਦਾਨ ਕਰੇਗਾ ਜਾਂ ਫਿਰ ਵਿਅਕਤੀ ਦੀ ਪੁਨਰ-ਜਨਮ ਦੀ ਪ੍ਰਕਿਰਿਆ ਨੂੰ ਜਾਰੀ ਰੱਖੇਗਾ । ਪ੍ਰਤੀਕੂਲਸੁਰਤਾ ਆਮ ਅਵਸਥਾ ਹੈ , ਪਰ ਇਹ ਸੱਚਾਈ ਤਕ ਨਹੀਂ ਲੈ ਜਾਂਦੀ ਅਤੇ ਇਸਦਾ ਨਤੀਜਾ ਪੁਨਰ-ਜਨਮ ਦਾ ਗੇੜ ਹੈ , ਅਤੇ ਇਸ ਹਾਲਤ ਦੀਆਂ ਤਕਲੀਫ਼ਾਂ ਵੀ ਨਾਲ-ਨਾਲ ਹੀ ਬਣੀਆਂ ਰਹਿੰਦੀਆਂ ਹਨ । ਦੂਜੇ ਪਾਸੇ ਹੁਕਮ ਪ੍ਰਤੀ ਸਮਰਪਣ ਪਰਮਾਤਮਾ ਨਾਲ ਮਿਲਾਪ ਕਰਾਉਂਦਾ ਹੈ ਜਿਸਦੇ ਫਲਸਰੂਪ ਪੂਰਨ ਸੁਤੰਤਰਤਾ ਪ੍ਰਾਪਤ ਹੁੰਦੀ ਹੈ । ਜਿਸਨੇ ਹੁਕਮ ਨੂੰ ਪਛਾਣ ਲਿਆ ਉਸਨੇ ਸੱਚਾਈ ਨੂੰ ਜਾਣ ਲਿਆ , ਜੋ ਵਿਅਕਤੀ ਨੂੰ ਮੁਕਤੀ ਪ੍ਰਦਾਨ ਕਰਦੀ ਹੈ; ਅਤੇ ਜਿਸਨੇ ਇਸਨੂੰ ਪਛਾਣ ਲਿਆ ਹੈ ਉਹ ਜੀਵਨ ਨੂੰ ਇਸ ਅਨੁਸਾਰ ਢਾਲ ਲੈਂਦਾ ਹੈ ਅਤੇ ਅਕਾਲ ਪੁਰਖ ਨਾਲ ਸਦੀਵੀ ਮਿਲਾਪ ਪ੍ਰਾਪਤ ਕਰਦਾ ਹੈ ਜਿਸਦਾ ਵਰਨਨ ਸ਼ਬਦਾਂ ਤੋਂ ਪਰੇ ਦੀ ਅਵਸਥਾ ਹੈ ।

          ਸਿੱਖ ਧਰਮ ਗ੍ਰੰਥ ਵਿਚ ਹੁਕਮ ਨਾਲ ਮਿਲਦੇ-ਜੁਲਦੇ ਕੁਝ ਹੋਰ ਸ਼ਬਦ ਵੀ ਵਰਤੇ ਗਏ ਹਨ ਜਿਵੇਂ ਆਗਿਆ ( ਸੰਸਕ੍ਰਿਤ ਆਞਿਆ ) ਅਮਰ ( ਅਰਬੀ ਅਮ੍ਰ ) , ਫੁਰਮਾਨ ( ਫ਼ਾਰਸੀ ਫ਼ਰਮਾਨ ) ਅਤੇ ਰਜਾ ( ਅਰਬੀ ਰਜ਼ਾ ਅਤੇ ਪੰਜਾਬੀ ਵਿਚ ਭਾਣਾ ) । ਇਹ ਪਦ ਹੁਕਮ ਦੇ ਇਕਦਮ ਸਮਰੂਪ ਨਹੀਂ ਹਨ । ਅਮਰ ਅਤੇ ਫ਼ੁਰਮਾਨ ਦੋਵਾਂ ਦਾ ਅਰਥ ਹੈ ਆਦੇਸ਼ , ਇਹ ਹੁਕਮ ਦੇ ਸਿੱਖ ਸੰਕਲਪ ਦੁਆਰਾ ਚਿੰਨ੍ਹਤ ਦੈਵੀ ਹੁਕਮ ਨਾਲ ਸੰਬੰਧਿਤ ਨਾ ਹੋ ਕੇ ਇਕ ਵਿਸ਼ੇਸ਼ ਹੁਕਮ , ਆਦੇਸ਼ ਜਾਂ ਕਮਾਂਡ ਨਾਲ ਸੰਬੰਧਿਤ ਹਨ । ਆਗਿਆ ਦਾ ਅਰਥ ਵੀ ਆਦੇਸ਼ ਹੈ ਪਰ ਇਹ ਮਨਜ਼ੂਰੀ ਦਾ ਵੀ ਪ੍ਰਤੀਕ ਹੈ ਜੋ ਕਿ ਹੁਕਮ ਦੇ ਦ੍ਰਿੜ ਸਰੂਪ ਦੀ ਲਖਾਇਕ ਨਹੀਂ । ਰਜਾ ਅਤੇ ਭਾਣਾ ਦੈਵੀ ਇੱਛਾ ਅਤੇ ਅਨੰਦ ਵਿਚੋਂ ਪ੍ਰਗਟ ਹੁੰਦੇ ਹਨ , ਪਰ ਹੁਕਮ ਦਾ ‘ ਇੱਛਾ` ਜਾਂ ‘ ਅਨੰਦ` ਦੇ ਤੌਰ ਤੇ ਅਨੁਵਾਦ ਗੁਰੂ ਨਾਨਕ ਦੇਵ ਜੀ ਦੁਆਰਾ ਵਰਤੇ ਗਏ ਸੰਦਰਭ ਦੇ ਅਨੁਕੂਲ ਨਹੀਂ ਹੈ ਕਿਉਂਕਿ ਇੱਥੇ ਇਹ ਗੁਰੂ ਨਾਨਕ ਦਾ ਅਸਲ ਮਨੋਰਥ ਪ੍ਰਗਟ ਕਰਨ ਵਿਚ ਅਸਫ਼ਲ ਰਹਿੰਦਾ ਹੈ ਅਤੇ ਅੱਲਾਹ ਦੀ ਇੱਛਾ ਦੇ ਇਸਲਾਮੀ ਸਿਧਾਂਤ ਦੇ ਅਨੁਕੂਲ ਹੋ ਸਕਦਾ ਹੈ । ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਵਿਚ ਹੁਕਮ ਦੈਵੀ ਸਥਾਪਨਾ ਅਤੇ ਸਾਂਭ-ਸੰਭਾਲ ਦੇ ਸਿਧਾਂਤ ਨੂੰ ਪ੍ਰਗਟ ਕਰਦਾ ਹੈ ਅਤੇ ਬ੍ਰਹਿਮੰਡ ਦੀ ਕਿਰਿਆ ਅਤੇ ਹੋਂਦ ਨੂੰ ਨਿਯੰਤਰਨ ਵਿਚ ਰੱਖਦਾ ਹੈ । ਇਹ ਭੌਤਿਕ ਅਤੇ ਅਧਿਆਤਮਿਕ ਜਗਤ ਨੂੰ ਕੰਟਰੋਲ ਕਰਦਾ ਹੈ ਅਤੇ ਇਸ ਵਿਚਲੀ ਹਰ ਇਕ ਚੀਜ਼ ਨੂੰ ਸੰਚਾਲਿਤ ਕਰਦਾ ਹੈ । ਇਹ ਸਿਧਾਂਤ ਨਿਯਮਿਤ ਅਤੇ ਸਥਿਰ ਹੈ , ਅਤੇ ਕੁਝ ਹੱਦ ਤਕ ਇਸ ਨੂੰ ਅਨੁਭਵ ਕੀਤਾ ਜਾ ਸਕਦਾ ਹੈ । ਇਹ ਪਹਿਲਾਂ ਹੀ ਦੱਸੇ ਜਾਣ ਯੋਗ ਨਮੂਨੇ ਅਨੁਸਾਰ ਕੰਮ ਕਰਦਾ ਹੈ । ਇਹ ਨਿਯਮਿਤਤਾ ਅਤੇ ਇਕਸੁਰਤਾ ਇਸਨੂੰ ਮੁਸਲਿਮ ਸੰਕਲਪ ਤੋਂ ਅਲੱਗ ਕਰਦੀ ਹੈ । ਇਸਲਾਮ ਵਿਚ ਦੈਵੀ ਇੱਛਾ ਵਚਨਬੱਧ ਨਹੀਂ ਹੈ ਜਦੋਂ ਕਿ ਗੁਰੂ ਨਾਨਕ ਦੇਵ ਜੀ ਦੇ ਵਿਸ਼ਵਾਸ ਦਾ ਹੁਕਮ ਪੱਕੇ ਤੌਰ ਤੇ ਵਚਨਬੱਧ ਹੈ ਅਤੇ ਉਸ ‘ ਤੇ ਨਿਰਭਰ ਰਿਹਾ ਜਾ ਸਕਦਾ ਹੈ । ਹੁਕਮ ਦਾ ਉਚਿਤ ਅਨੁਵਾਦ ‘ ਦੈਵੀ ਵਿਧਾਨ` ਹੋਵੇਗਾ । ਅੰਗਰੇਜ਼ੀ ਸ਼ਬਦਾਂ ਦੇ ਦੋਹਰੇ ਅਰਥਾਂ ਵਿਚੋਂ ਹੁਕਮ ਲਈ ਬਹੁਤ ਸਾਰੇ ਅਰਥ ਪ੍ਰਗਟ ਹੁੰਦੇ ਹਨ । ਕਿਸੇ ਵਿਧਾਨ ਦੀ ਨਿਯਮਬੱਧਤਾ ਅਤੇ ‘ ਆਦੇਸ਼` ਦੋਵੇਂ ਹੀ ਹੁਕਮ ਸ਼ਬਦ ਦੇ ਅਰਥ ਹੋ ਸਕਦੇ ਹਨ । ਗੁਰੂ ਨਾਨਕ ਦੇਵ ਜੀ ਨੇ ਹੁਕਮ ਨੂੰ ਦੋਵੇਂ ਅਰਥਾਂ ਵਿਚ ਵਰਤਿਆ ਹੈ , ਅਨੁਵਾਦ ਦੀ ਤਰ੍ਹਾਂ ਕਿਸੇ ਇਕ ਵਿਸ਼ੇਸ਼ ਅਰਥ ਵਿਚ ਨਹੀਂ ਵਰਤਿਆ ।

          ਇਸ ਤਰ੍ਹਾਂ ਹੁਕਮ ਸਾਰਿਆਂ ਨੂੰ ਕਲਾਵੇ ਵਿਚ ਲੈ ਲੈਣ ਵਾਲਾ ਇਕ ਸਿਧਾਂਤ ਹੈ ਜੋ ਦੈਵੀ ਤੌਰ ਤੇ ਸਥਾਪਿਤ ਸਿਧਾਂਤਾਂ ਦਾ ਸਮੁੱਚ ਹੈ; ਅਤੇ ਇਹ ਅਕਾਲ ਪੁਰਖ ਦੇ ਸੁਭਾਅ ਅਤੇ ਸਰੂਪ ਦਾ ਪ੍ਰਗਟਾਵਾ ਹੈ । ਇਸ ਭਾਵ ਵਿਚ ਅਰਥ ਪੱਖੋਂ ਇਹ ‘ ਸ਼ਬਦ` ਦਾ ਸਮਰੂਪ ਹੈ । ਇਹਨਾਂ ਦੀ ਇਕਰੂਪਤਾ ਉਸੇ ਤਰ੍ਹਾਂ ਦੀ ਹੈ ਜਿਹੜੀ ਸ਼ਬਦ ਨੂੰ ਨਾਮ ਅਤੇ ਗੁਰੂ ਨਾਲ ਜੋੜਦੀ ਹੈ; ਇਹਨਾਂ ਦੇ ਕਾਰਜਾਤਮਿਕ ਆਧਾਰਾਂ ਦਾ ਵੱਖਰੇਵਾਂ ਕੇਵਲ ਬੁਨਿਆਦੀ ਸੱਚ ਨੂੰ ਸਪਸ਼ਟਤਾ ਨਾਲ ਪ੍ਰਗਟ ਕਰਨ ਲਈ ਹੀ ਹੈ । ਸ੍ਰਿਸ਼ਟੀ ਰਚਨਾ ਹੁਕਮ ਦੁਆਰਾ ਸਥਾਪਿਤ ਅਤੇ ਸੰਗਠਿਤ ਹੁੰਦੀ ਹੈ; ਅਤੇ ਇਸ ਸ੍ਰਿਸ਼ਟੀ ਰਚਨਾ ਵਿਚ ਭੌਤਿਕਤਾ ਅਤੇ ਸ਼ਬਦ ਇਸ ਤਰ੍ਹਾਂ ਪ੍ਰਤੱਖ ਹੁੰਦਾ ਹੈ ਕਿ ਨਾਮ ਦਾ ਸਹੀ ਪ੍ਰਗਟਾਵਾ ਹੋ ਸਕੇ । ਹੁਕਮ ਨੂੰ ਸਮਝਣ ਦਾ ਅਰਥ ਪਰਮਾਤਮਾ ਦੇ ਭਾਣੇ ਅਥਵਾ ਰਜ਼ਾ ਨੂੰ ਠੀਕ ਉਸੇ ਤਰ੍ਹਾਂ ਸਮਝਣਾ ਹੈ ਜਿਵੇਂ ਸ਼ਬਦ ਦੀ ਸੋਝੀ ਨਾਮ ਦੀ ਮਹਿਮਾ ਨੂੰ ਗ੍ਰਹਿਣ ਕਰਨ ਵਿਚ ਸਹਾਈ ਹੁੰਦੀ ਹੈ ਜਿਹੜੀ ਕਿ ਸ੍ਰਿਸ਼ਟੀ ਦੀ ਹੋਂਦ ਵਿਚ ਚਾਰੇ ਪਾਸੇ ਮੌਜੂਦ ਹੈ । ਇਸ ਵਿਚ ਅਕਾਲ ਪੁਰਖ ਨੂੰ ਕੇਵਲ ਇਕ , ਕਰਤਾ ਅਤੇ ਪਰਮ ਸੱਤਾ ਦੇ ਤੌਰ ਤੇ ਜਾਣਿਆ ਜਾਂਦਾ ਹੈ; ਇਸ ਤਰ੍ਹਾਂ ਅਕਾਲ ਪੁਰਖ ਨਿਰੰਕਾਰ ਵਿਨਾਸ਼ ਹੋ ਸਕਣ ਵਾਲੀ ਹਰ ਇਕ ਚੀਜ਼ ਤੋਂ ਪਰੇ , ਨਿਰੰਜਨ ਅਤੇ ਸਦੀਵੀ ਹੈ । ਕੋਈ ਵੀ ਵਿਅਕਤੀ ਹੁਕਮ ਦੇ ਬੋਧ ਅਤੇ ਸ਼ਬਦ ਰਾਹੀਂ ਨਾਮ ਸਿਮਰਨ ਦੁਆਰਾ ਆਪਣੀ ਹਉਮੈ ਦਾ ਨਾਸ਼ ਕਰ ਲੈਂਦਾ ਹੈ ਅਤੇ ਸ਼ਾਂਤੀ ਅਤੇ ਇਕਸੁਰਤਾ ਦਾ ਸਰਬ ਸ੍ਰੇਸ਼ਠ ਫਲ ਗ੍ਰਹਿਣ ਕਰਦਾ ਹੈ ।

          ਇਹ ਪ੍ਰਕਿਰਿਆ ਨਿਯਮਿਤ ਹੈ , ਪਰ ਸੰਜਮ ਅਤੇ ਦ੍ਰਿੜਤਾ ਨਿਰੰਤਰ ਅੱਗੇ ਵਧਾਉਂਦੇ ਜਾਂਦੇ ਹਨ ਅਤੇ ਸਰਬ ਸ੍ਰੇਸ਼ਠ ਫਲ ਪਰਮ ਇਕਸੁਰਤਾ ਅਤੇ ਸ਼ਾਂਤੀ ਹੈ । ਸੁਮੇਲਤਾ ਦੇ ਅੰਤਿਮ ਪੜਾਅ ( ਸੱਚ ਖੰਡ ) ਤੇ ਪੁੱਜੇ ਜਿਗਿਆਸੂ ਲਈ ਇਹ ਹੁਕਮ ਦੀ ਪੂਰਨ ਪ੍ਰਾਪਤੀ ਹੈ- ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ॥ ( ਗੁ.ਗ੍ਰੰ. 8 )

          ਅਖੀਰ , ਹੁਕਮ ਉਹ ਮਹੱਤਵਪੂਰਨ ਸਿਧਾਂਤ ਹੈ ਜੋ ਜਗਤ ਨੂੰ ਪੈਦਾ ਕਰਦਾ , ਪਾਲਦਾ ਅਤੇ ਨੇਮਬੱਧ ਚਲਾਉਂਦਾ ਹੈ । ਸਾਰੇ ਜੀਵ ਇਕ ਸਥਾਈ ਹੁਕਮ ਅਧੀਨ ਜੰਮਦੇ , ਜਿਊਂਦੇ ਅਤੇ ਮਰਦੇ ਹਨ । ਅੱਛਾਈ ਅਤੇ ਬੁਰਾਈ ਦੋਵੇਂ ਹੁਕਮ ਦੀ ਪੈਦਾਇਸ਼ ਹਨ । ਜੇ ਕੋਈ ਚੰਗਾ ਹੈ ਤਾਂ ਇਹ ਹੁਕਮ ਦੇ ਕਾਰਨ ਹੈ : ਜੇ ਕੋਈ ਬੁਰਾ ਹੈ ਤਾਂ ਉਹ ਵੀ ਹੁਕਮ ਅਧੀਨ ਹੈ । ਹੁਕਮ ਪਰਮ ਹਸਤੀ , ਜੋ ਕਿ ਸੱਚ ਹੈ , ਦੀ ਨਿਯੰਤਰਨ ਸ਼ਕਤੀ ਹੈ : ਉਸਦਾ ਹੁਕਮ ਵੀ ਉਸ ਦੀ ਤਰ੍ਹਾਂ ਸੱਚ ਹੈ । ਜੀਵਨ ਦਾ ਉਦੇਸ਼ ਹੁਕਮ ਨੂੰ ਅਨੁਭਵ ਕਰਨਾ ਅਤੇ ਉਸ ਅਨੁਸਾਰ ਚੱਲਣਾ ਹੈ । ਇਹ ਅਨੁਭੂਤੀ ਅਖੀਰ ਪਰਮਾਤਮਾ ਦੀ ਬਖ਼ਸ਼ਸ਼ ਦੁਆਰਾ ਪ੍ਰਾਪਤ ਹੁੰਦੀ ਹੈ ।


ਲੇਖਕ : ਡਬਲਿਯੂ.ਐਚ.ਮ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6187, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਹੁਕਮ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਹੁਕਮ ( ਸੰ. ਅ਼ਰਬੀ ਹ਼ੁਕਮ ) ੧. ਆਗ੍ਯਾ ।

੨. ਆਪਣੀ ਮਰਜ਼ੀ ਜੋ ਦੂਸਰੇ ਨੂੰ ਮਨਾਈ ਜਾਵੇ । ਯਥਾ-‘ ਹੁਕਮੁ ਕਰਹਿ ਮੂਰਖ ਗਾਵਾਰ’

੩. ਉਹ ਮਰਜ਼ੀ ਜੋ ਅਕਾਲ ਪੁਰਖ ਵਿੱਚ ਨਿਵਾਸ ਰਖਦੀ ਹੈ , ਜੋ ਉਸ ਦੇ ਦੇਸ਼ ਕਾਲ ਰਹਤ ਸਰੂਪ ਵਾਂਙੂ ਦੇਸ਼ ਕਾਲ ਰਹਤ ਹੈ । ਸਾਡੀ ਮਰਜ਼ੀ ਜੋ ਦੇਸ਼ ਕਾਲ ਵਾਲੇ ਹਾਂ ਦੇਸ਼ ਕਾਲ ਵਾਲੀ ਹੈ , ਪਰ ਉਸ ਦੀ ਦੇਸ਼ ਕਾਲ ਰਹਤ ਦੀ ਅਦੇਸ਼ ਅਕਾਲਕ ਚੇਤਨ ਸੱਤ੍ਯਾ ਵਿਚ ਜੋ ਓਥੋਂ ਦੀ ਅਪਣੀ ਇੱਤਾ ਹੈ ਉਸ ਨੂੰ ਹੁਕਮ ਕਿਹਾ ਹੈ । ਇਹ ਹੁਕਮ , ਉਸ ਦੇ ਸਰੂਪ ਵਾਂਙੂ -ਅਕਹ- ਆਖਿਆ ਹੈ-‘ ਹੁਕਮੁ ਨ ਕਹਿਆ ਜਾਈ’ । ਇਹ ਹੁਕਮ ਪਾਰਬ੍ਰਹਮ ਦੀ ਚੇਤਨ ਸੱਤਾ ਦਾ ਉਹ ਰੰਗ ਹੈ ਜਿਸ ਤੋਂ ਜਗਤ ਦੀ ਉਤਪਤੀ ਪਾਲਨਾ ਆਦਿ ਹੁੰਦੀ ਹੈ ‘ ਹੁਕਮੀ ਹੋਵਨਿ ਆਕਾਰ’ ਇਹ ਹੁਕਮ ਉਸ ਦੀ -ਇੱਛਾ , ਕਾਨੂਨ , ਸ਼ਬਦ- ਕਈ ਪਦਾਂ ਨਾਲ ਟੀਕਾ ਹੋ ਸਕਦਾ ਹੈ; ਪਰ ਇਹ ਜੋ ਕੁਛ ਹੈ ਸਾਡੇ ਦੇਸ਼ ਕਾਲ ਵਾਲੀ ਇੱਛਾ , ਕਾਨੂੰਨ , ਸ਼ਬਦ ਹੁਕਮ ਨਾਲ ਸਦਰਸ਼ਤਾ ਨਹੀਂ ਰਖਦਾ । ਇਸ ਲਈ ਇਹ ਵਿਕਾਰ ਨਹੀਂ ।

ਦੇਖੋ , ‘ ਹੁਕਮੇ ਚਰਣਾ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6187, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਹੁਕਮ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਹੁਕਮ :   ਗੁਰਬਾਣੀ ਵਿਚ ‘ ਹੁਕਮ’ ਸ਼ਬਦ ਪਾਰਿਭਾਸ਼ਕ ਰੂਪ ਵਿਚ ਵਰਤਿਆ ਗਿਆ ਹੈ । ਗੁਰੂ ਨਾਨਕ ਸਾਹਿਬ ਨੇ ‘ ਜਪੁਜੀ’ ਵਿਚ ਲਿਖਿਆ ਹੈ– ‘ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲਿ । ’ ਇਸ ਲਈ ‘ ਹੁਕਮ’ ਦੇ ਨਾਲ ਨਾਲ ਰਜ਼ਾ ਜਾਂ ਭਾਣਾ ਸ਼ਬਦਾਂ ਦੀ ਵਰਤੋਂ ਕੀਤੀ ਮਿਲ ਜਾਂਦੀ ਹੈ । ਫਲਸਰੂਪ ਇਸ ਸੰਦਰਭ ਵਿਚ ਇਨ੍ਹਾਂ ਦੋ ਸ਼ਬਦਾਂ ਨੂੰ ਵਿਚਾਰਨਾ ਵੀ ਬੜਾ ਜ਼ਰੂਰੀ ਹੈ ।

                  ‘ ਹੁਕਮ’ ਅਰਬੀ ਭਾਸ਼ਾ ਦਾ ਸ਼ਬਦ ਹੈ ਅਤੇ ਇਸ ਦਾ ਅਰਥ ਹੈ ‘ ਫ਼ਰਮਾਨ’ । ਕੁਰਾਨਿਕ ਸਾਹਿੱਤ ਵਿਚ ਇਸ ਦੀ ਵਰਤੋਂ ਸ਼ਾਹੀ ਅਥਵਾ ਇਲਾਹੀ ਆਦੇਸ਼ ਲਈ ਹੋਈ ਹੈ । ਇਹ ਸ਼ਬਦ ਇਸੇ ਭਾਵ– ਭੂਮੀ ਸਹਿਤ ਭਾਰਤੀ ਭਾਸ਼ਾਵਾਂ ਵਿਚ ਮੁਸਲਮਾਨਾਂ ਦੇ ਆਉਣ ਨਾਲ ਪ੍ਰਚੱਲਿਤ ਹੋਇਆ । ਮੱਧਯੁਗ ਦੇ ਧਰਮ– ਸਾਧਕਾਂ ਵਿਚੋਂ ਗੁਰੂ ਨਾਨਕ ਦੇਵ ਨੇ ਸਭ ਤੋਂ ਪਹਿਲਾਂ ਇਸ ਦੀ ਵਰਤੋਂ ਕੀਤੀ ਅਤੇ ਸ਼ਰਧਾ ਤੇ ਭਗਤੀ ਭਾਵਨਾ ਦੀ ਅੰਮ੍ਰਿਤ– ਧਾਰਾ ਨਾਲ ਸਿੰਜ ਕੇ ਇਸ ਨੂੰ ਇਕ ਬਿਲਕੁਲ ਨਵਾਂ ਅਤੇ ਮੌਲਿਕ ਅਰਥ ਪ੍ਰਦਾਨ ਕੀਤਾ ਅਤੇ ਇਸ ਤਰ੍ਹਾਂ ਗੁਰਬਾਣੀ ਦਾ ਇਹ ਇਕ ਪਰਿਭਾਸ਼ਕ ਸ਼ਬਦ ਬਣ ਗਿਆ ।

                  ਗੁਰਬਾਣੀ ਵਿਚ ਰੁਚੀ ਵਾਲੇ ਵਿਦਵਾਨਾਂ ਨੇ ਇਸ ਦੀ ਵੱਖਰੇ ਵੱਖਰੇ ਢੰਗ ਨਾਲ ਵਿਆਖਿਆ ਕੀਤੀ ਹੈ । ਕਿਸੇ ਨੇ ਇਸ ਨੂੰ ਸ੍ਰਿਸ਼ਟੀ ਵਿਧਾਨ ( Universal Order ) ਕਿਹਾ , ਤੇ ਕਿਸੇ ਨੇ ਈਸ਼ਵਰੀ ਇੱਛਾ ( Divine Will ) ਦਾ ਸੂਚਕ ਦੱਸਿਆ । ਇਸ ਤਰ੍ਹਾਂ ਪਰਮਾਤਮਾ ਦਾ ਸਮੁੱਚਾ ਵਿਧਾਨ ( Over all Order of the Lord , ) ਈਸ਼ਵਰੀ ਨਿਯਮ ਸਮੂਹ ( A set of the laws of God ) , ਦੈਵੀ ਵਿਧਾਨ ( Divine Order ) ਨਿਰਦੇਸ਼ਕ ਸਿਧਾਂਤ ਅਤੇ ਨਿਯੰਤਰਿਕ ਨਿਯਮ ( Guiding Principle and Controlling Law of Universe ) , ਈਸ਼ਵਰੀ ਸ਼ਕਤੀ , ਆਦਿ ਅਰਥ ਕੀਤੇ ਹਨ । ਅਸਲ ਵਿਚ , ‘ ਹੁਕਮ’ ‘ ਹੁਕਮੀ’ ਦਾ ਪ੍ਰਤੀਕ ਹੈ , ਦੋਹਾਂ ਦੀਆਂ ਵਿਸ਼ੇਸ਼ਤਾਵਾਂ ਇਕ– ਸਾਮਨ ਹਨ । ‘ ਜਪੁਜੀ’ ਅਨੁਸਾਰ ਹੁਕਮ ਵਰਣਨ ਤੋਂ ਪਹੇ ਹੈ ( ‘ ਹੁਕਮ ਨ ਕਹਿਆ ਜਾਈ’ ) । ਇਸ ਦੇ ਸਾਹਮਣੇ ਸਾਰਿਆਂ ਨੂੰ ਆਤਮ– ਸਮਰਪਣ ਕਰਨਾ ਪੈਂਦਾ ਹੈ ਅਤੇ ਜੋ ਅਜਿਹਾ ਕਰਦਾ ਹੈ ਉਹ ‘ ਸਚਿਆਰ’ ਜਾਂ ‘ ਸਦਾਚਾਰੀ’ ਦੀ ਅਵਸਥਾ ਨੂੰ ਪ੍ਰਾਪਤ ਹੁੰਦਾ ਹੈ ।

                  ‘ ਹੁਕਮ ਦੇ ਨਾਲ ਨਾਲ ‘ ਰਜ਼ਾ’ ਸ਼ਬਦ ਦੀ ਵਰਤੋਂ ਵੀ ਹੋਈ ਹੈ । ਇਹ ਵੀ ਅਰਬੀ ਦਾ ਸ਼ਬਦ ਹੈ ਅਤੇ ਇਸ ਦਾ ਅਰਥ ਹੈ ਪ੍ਰਸੰਨਤਾ , ਰਜ਼ਾਮੰਦੀ । ਸੂਫ਼ੀਆਂ ਦੀ ਸ਼ਬਦਾਵਲੀ ਵਿਚ ਈਸ਼ਵਰੀ ਹੁਕਮ ਨਾਲ ਮਨੁੱਖ ਉੱਪਰ ਤੰਗੀ ਜਾਂ ਉਦਾਰਤਾ ਸਹਿਤ ਜੋ ਵਾਰਿਦ ਹੋਵੇ ( ਉਤਰੇ ) ਜਾਂ ਪਰਮਾਤਮਾ ਵੱਲੋਂ ਜੋ ਪ੍ਰਾਪਤ ਹੋਵੇ ਉਸ ਉੱਤੇ ਰਾਜ਼ੀ ਹੋਣਾ ਅਤੇ ਉਸ ਵਿਚ ਪ੍ਰਸੰਨ ਰਹਿਣਾ ‘ ਰਜ਼ਾ’ ਹੈ । ‘ ਕਸ਼ਫੁੱਲ ਮਹਿਜੂਬ’ ਵਿਚ ਸੂਫ਼ੀ ਦੇ ਵਿਸ਼ੇਸ਼ ਗੁਣ ਦੱਸੇ ਗਏ ਹਨ– ‘ ਰਜ਼ਾ’ ਅਤੇ ‘ ਸਬਰ’ । ਉੱਥੇ ‘ ਰਜ਼ਾ’ ਨੂੰ ਤਪੱਸਿਆਂ ਤੋਂ ਉੱਤਮ ਸਿੱਧ ਕੀਤਾ ਗਿਆ ਹੈ ਕਿਉਂਕਿ ਕਿ ‘ ਤਪੱਸਿਆ’ ਸਕਾਮ ( ਕਾਮਨਾ ਸਹਿਤ ) ਹੁੰਦੀ ਹੈ , ਪਰ ‘ ਰਜ਼ਾਂ’ ਨੂੰ ਮੰਨਣ ਨਾਲ ਸਾਰੀਆਂ ਇੱਛਾਵਾਂ ਆਪਣੇ ਆਪ ਪੂਰੀਆਂ ਹੋ ਜਾਂਦੀਆਂ ਹਨ । ਅਨੇਕ ਸੂਫ਼ੀ ਗ੍ਰੰਥਾਂ ਵਿਚ ‘ ਰਜ਼ਾ’ ਦੇ ਮਹੱਤਵ ਦੀ ਸਥਾਪਨਾ ਹੋਈ ਹੈ । ਗੁਰੂ ਨਾਨਕ ਦੇਵ ਨੇ ਇਸ ਸ਼ਬਦ ਦੀ ਭਾਵ– ਗੰਭੀਰਤਾ ਤੋਂ ਪ੍ਰਭਾਵਤ ਹੋ ਕੇ ਪਹਿਲੀ ਵਾਰ ਇਸ ਦੀ ਵਰਤੋਂ ਆਪਣੀ ਬਾਣੀ ਵਿਚ ਕੀਤੀ ਹੈ ।

                  ‘ ਭਾਣਾ’ ਸ਼ਬਦ ਵੀ ਗੁਰਬਾਣੀ ਵਿਚ ਆਮ ਵਰਤਿਆ ਗਿਆ ਹੈ , ਇਸ ਦਾ ਅਰਥ ਵੀ ਇਸ਼ਵਰੀ ਹੁਕਮ , ਪਰਮਾਤਮਾ ਦੀ ਇੱਛਾ ਜਾਂ ਮਰਜ਼ੀ ਕੀਤੀ ਜਾਂਦੀ ਹੈ । ਕੁਝ ਲੋਕ ਇਸ ਦੀ ਵਿਉਤਪੱਤੀ ਸੰਸਕ੍ਰਿਤ ਦੀ ‘ ਭਣ੍’ ਧਾਤੂ ਤੋਂ ਮੰਨਦੇ ਹਨ ਜਿਸ ਦਾ ਅਰਥ ਹੁੰਦਾ ਹੈ ਕਹਿਣਾ , ਵਰਣਨ ਕਰਨਾ , ਪਰ ‘ ਭਣ੍’ ਨਾਲੋਂ ਇਸ ਸ਼ਬਦ ਦੀ ਵਿਉਤਪੱਤੀ ਸੰਸਕ੍ਰਿਤ ਦੇ ਭਾਵਨਾ ( ਅਰਥਾਤ ਇੱਛਾ ) ਸ਼ਬਦ ਤੋਂ ਜ਼ਿਆਦਾ ਸੰਭਾਵਿਤ ਹੈ । ਸਿੱਖ ਧਰਮ ਗ੍ਰੰਥਾਂ ਅਤੇ ਗੁਰਬਾਣੀ ਦੇ ਵਿਆਖਿਆਤਮਕ ਸਾਹਿੱਤ ਵਿਚ ‘ ਰਜ਼ਾ’ ਅਤੇ ‘ ਭਾਣਾ’ ਦੋਵੇਂ ਗੁਰਬਾਣੀ ਵਿਚ ਸਮਾਨਾਰਥਕ ਰੂਪ ਵਿਚ ਵਰਤੇ ਗਏ ਹਨ । ਇਨ੍ਹਾਂ ਵਿਚ ਕੋਈ ਸਪਸ਼ਟ ਅਰਥਗਤ ਭੇਦ ਨਿਸ਼ਚਿਤ ਨਹੀਂ ਕੀਤਾ ਜਾ ਸਕਦਾ ।

                  ਅਸਲ ਵਿਚ ‘ ਹੁਕਮ’ , ‘ ਰਜ਼ਾ’ ਅਤੇ ‘ ਭਾਣਾ’ – ਇਹ ਤਿੰਨੋਂ ਪਰਮਸੱਤਾ ਨਾਲ ਸੰਬੰਧਿਤ ਹਨ ਅਤੇ ਇਨ੍ਹਾਂ ਤਿੰਨਾਂ ਵਿਚ ਕੋਈ ਤਾਤਵਿਕ ਅੰਤਰ ਨਹੀਂ ਹੈ । ਹੁਕਮ ਦੇ ਪਿੱਛੇ ਈਸ਼ਵਰੀ ਇੱਛਾ ਮੌਜੂਦ ਹੈ । ਜੇ ਇੱਛਾ ਨਾ ਹੋਵੇ ਤਾਂ ‘ ਹੁਕਮ’ ਦਾ ਉਪਾਦਨ ਕਾਰਣ ਹੀ ਖ਼ਤਮ ਹੋ ਜਾਂਦਾ ਹੈ । ਜੇ ਇਨ੍ਹਾਂ ਤਿੰਨਾਂ ਵਿਚ ਕੋਈ ਅੰਤਰ ਹੈ ਤਾਂ ਕੇਵਲ ਪ੍ਰਕ੍ਰਿਆ  ( process ) ਦਾ ਹੈ । ‘ ਰਜ਼ਾ’ ਅਤੇ ‘ ਭਾਣਾ’ ਪਰਮਾਤਮਾ ਦੀ ਸਹਿਜ ਵ੍ਰਿਤੀ ਹੈ । ਜਦ ਇਹ ਵ੍ਰਿਤੀ ਆਪਣੀ ਸਹਿਜ ਅਵਸਥਾ ਤੋਂ ਹਟ ਕੇ ਜਾਂ ਇਸ ਦੀ ਸੀਮਾ ਦਾ ਉਲੰਘਣ ਕਰਕੇ ਕੋਈ ਕ੍ਰਿਆਤਮਕ ਰੂਪ ਧਾਰਣ ਕਰਦੀ ਹੈ ਤਾਂ ਉਹ ‘ ਹੁਕਮ’ ਬਣ ਜਾਂਦੀ ਹੈ । ਫਲਸਰੂਪ , ‘ ਰਜ਼ਾ’ ਅਥਵਾ ‘ ਭਾਣਾ’ ਦਾ ਦਾਰਸ਼ਨਿਕ ਸ਼ੈਲੀ ਵਿਚ ‘ ਹੁਕਮ’ ਦੇ ਨਾਲ ਕਾਰਣ – ਕਾਰਜ ਸੰਬੰਧ ਹੈ । ਜਿਵੇਂ ਜਲ ( ਕਾਰਣ ) ਅਤੇ ਜਲਤਰੰਗ ( ਕਾਰਜ ) ਵਿਚ ਕੋਈ ਤਾਤਵਿਕ ਅੰਤਰ ਨਹੀਂ ਹੈ , ਉਸੇ ਤਰ੍ਹਾਂ ‘ ਰਜ਼ਾ’ ਜਾਂ ‘ ਭਾਣਾ’ ( ਕਾਰਣ ) ਅਤੇ ‘ ਹੁਕਮ’ ( ਕਾਰਜ ) ਵਿਚ ਕੋਈ ਅੰਤਰ ਨਹੀਂ ਹੈ । ਪਰ ਜਿਵੇਂ ਜਲ ਅਤੇ ਜਲ– ਤਰੰਗ ਵਿਚ ਵਿਵਹਾਰਕ ਰੂਪ ਵਿਚ ਅੰਤਰ ਹੈ ਉਸੇ ਤਰ੍ਹਾਂ ‘ ਹੁਕਮ’ ਅਤੇ ‘ ਰਾਜ਼ਾ’ ਜਾਂ ‘ ਭਾਣਾ’ ਵਿਚ ਵਿਵਹਾਰਕ ਅੰਤਰ ਅਵੱਸ਼ ਹੈ । ਇਸ ਲਈ ਹੁਕਮ ਈਸ਼ਵਰੀ ਭਾਣਾ ਜਾਂ ਰਜ਼ਾ ਨੂੰ ਕ੍ਰਿਆਤਮਕ ਰੂਪ ਪ੍ਰਦਾਨ ਕਰਨ ਵਾਲਾ ਇਕ ਅਨੁਸ਼ਾਸਨਿਕ ਵਿਧਾਨ ਹੈ । ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ ਗੁਰਬਾਣੀ ਅਨੁਸਾਰ ਹੁਕਮ , ਭਾਣਾ ਅਤੇ ਰਾਜ਼ਾ ਦੇ ਅਨੁਰੂਪ  ਜੀਵਨ ਬਿਤਾਉਣ ਦਾ ਵਿਸ਼ੇਸ਼ ਮਹੱਤਵ ਹੈ । ਇਸ ਨਾਲ ਨਿਰਮਲ ਭਉ ( ਭੈ– ਭਾਵ ) ਦਾ ਵਿਕਾਸ ਹੁੰਦਾ ਹੈ , ਹੰਕਾਰ ਦੀ ਭਾਵਨਾ ਨਸ਼ਟ ਹੁੰਦੀ ਹੈ । ਸਾਧਕ ਦੇ ਵਿਅਕਤਿਤਵ ਵਿਚ ਹਲੀਮੀ , ਨਿਮਰਤਾ ਆਦਿ ਵ੍ਰਿਤੀਆਂ ਦਾ ਸੰਚਾਰ ਹੁੰਦਾ ਹੈ ਅਤੇ ਉਹ ਪਰਮਾਤਮਾ ਦੀ ਸ਼ਰਣ ਵਿਚ ਜਾ ਕੇ ਪੂਰੀ ਤਰ੍ਹਾਂ ਆਤਮ– ਸਮਰਪਣ ਕਰ ਦਿੰਦਾ ਹੈ । ਇਨ੍ਹਾਂ ਤਿੰਨਾਂ ਸ਼ਬਦਾਂ ਦੀ ਵਰਤੋਂ ਗੁਰੂ ਨਾਨਕ ਦੇਵ ਦੀ ਬਾਣੀ ਵਿਚ ਹੋਈ ਹੈ ਜਿਵੇਂ “ ਘਟਿ ਘਟਿ ਬੈਸਿ ਨਿਰੰਤਰਿ ਰਹੀਐ , ਚਾਲਹਿ ਸਤਿਗੁਰ ਭਾਏ । ਸਹਜੇ ਆਏ , ਹੁਕਮਿ ਸਿਧਾਏ ਨਾਨਕ ਸਦਾ ਰਜਾਏ । ” ( ਆ. ਗ੍ਰੰਥ , ਪੰਨਾ ੯੩੮ ) । ਹੁਕਮ ਤੋਂ ਹੀ ਸਾਰੀ ਸ਼ਿੑਸ਼ਟੀ ਦੀ ਉਤਪੱਤੀ ਮੰਨੀ ਗਈ ਹੈ । ( ‘ ਹੁਕਮੀ ਹੋਵਨਿ ਆਕਾਰ’ – ਜਪੁਜੀ ) । ਬਾਕੀ ਗੁਰੂਆਂ ਨੇ ਵੀ ਇਸ ਸ਼ਬਦ ਦੀ ਖੁੱਲ੍ਹ ਕੇ ਵਰਤੋਂ ਕੀਤੀ ਹੈ । ਗੁਰੂ ਅਰਜਨ ਦੇਵ ਨੇ ਸੰਸਾਰ ਦੀ ਸਾਰੀ ਗਤਿ– ਵਿਧੀ ‘ ਹੁਕਮ’ ਜਾਂ ‘ ਭਾਣੇ’ ਦੇ ਅਧੀਨ ਦੱਸੀ ਹੈ , ਇੱਥੋਂ ਤਕ ਕਿ ਪਰਮਾਤਮਾ ਦਾ ਗੁਣਗਾਨ , ਜਪੁ , ਧਿਆਨ , ਬ੍ਰਹਮ– ਗਿਆਨ ਆਦਿ ਸਭ ਦੀ ਪ੍ਰਾਪਤੀ ਇਸੇ ਦੁਆਰਾ ਅਨੁਸ਼ਾਸਿਤ ਹੈ । ਉਨ੍ਹਾਂ ਨੇ ਹੋਰ ਵੀ ਕਿਹਾ ਹੈ– “ ਜੋ ਕਿਛੁ ਵਰਤੈ ਸਭ ਤੇਰਾ ਭਾਣਾ , ਹੁਕਮੁ ਬੂਝੈ ਸੋ ਸਚਿ ਸਮਾਣਾ” ( ਆ. ਗ੍ਰੰਥ , ਪੰਨਾ ੧੯੩ ) । ਇਸ ਲਈ ਗੁਰਬਾਣੀ ਵਿਚ ਬਾਰ ਬਾਰ ‘ ਹੁਕਮ’ , ‘ ਰਜ਼ਾ’ ਜ਼ਾਂ ‘ ਭਾਣਾ’ ਨੂੰ ਮੰਨਣ ਲਈ ਬਲ ਦਿੱਤਾ ਗਿਆ ਹੈ ਅਤੇ ਸਪਸ਼ਟ ਕਿਹਾ ਗਿਆ ਹੈ ਉਸੇ ਵਿਅਕਤੀ ਨੂੰ ਪਰਮਾਤਮਾ ਦੀ ਦਰਗਾਹ ਵਿਚ ਪ੍ਰਮਾਣਿਕਤਾ ਦਾ ਚਿੰਨ੍ਹ ਪ੍ਰਾਪਤ ਹੋ ਸਕਦਾ ਹੈ ਜੋ ਹੁਕਮ ਜਾਂ ਭਾਣੇ ਅਨੁਸਾਰ ਚਲਦਾ ਹੈ– ‘ ਹਰਿ ਕਾ ਭਾਣਾ ਮੰਨਹਿ ਸੇ ਜਨ ਪਰਵਾਣ’ ।

                  [ ਸਹਾ. ਗ੍ਰੰਥ– ਭਾਈ ਜੋਧ ਸਿੰਘ , ਪ੍ਰੋ : ਗੁਚਬਚਨ ਸਿੰਘ ਤਾਲਿਬ : ‘ ਗੁਰੂ ਗ੍ਰੰਥ ਸਾਹਿਬ ਵਿਚ ਹੁਕਮ ਦਾ ਸੰਕਲਪ’ ; ਡਾ.ਗੁਰਸ਼ਰਨ– ਕੌਰ– ਜੱਗੀ : ‘ ਗੁਰੂ ਨਾਨਕ ਬਾਣੀ ਦਾ ਸਿਧਾਂਤਿਕ ਵਿਸ਼ਲੇਸ਼ਣ ]


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3232, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.