ਹੋਲੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਹੋਲੀ : ਹੋਲੀ ਰੰਗਾਂ ਨਾਲ ਸੰਬੰਧਿਤ ਮੌਸਮੀ ਤਿਉਹਾਰ ਹੈ ਜੋ ਫੱਗਣ ਮਹੀਨੇ ਦੀ ਪੂਰਨਮਾਸ਼ੀ ਨੂੰ ਭਾਰਤ ਦੇ ਕਈ ਪ੍ਰਾਂਤਾਂ ਵਿੱਚ ਮਨਾਇਆ ਜਾਂਦਾ ਹੈ। ਫੱਗਣ ਮਹੀਨੇ ਨਾਲ ਸੰਬੰਧਿਤ ਹੋਣ ਕਰ ਕੇ ਯੂ.ਪੀ. ਅਤੇ ਹਰਿਆਣੇ ਵਿੱਚ ਇਸ ਤਿਉਹਾਰ ਨੂੰ ਫਾਗ ਵੀ ਕਹਿੰਦੇ ਹਨ। ਦੱਖਣ ਵਿੱਚ ਇਸ ਤਿਉਹਾਰ ਨੂੰ ਕਾਮਦੇਵ ਨਾਲ ਜੋੜ ਕੇ ਮਨਾਏ ਜਾਣ ਕਾਰਨ ਇਸ ਦਾ ਨਾਂ ਕਾਮਦਾਹਨ ਜਾਂ ਕਾਮਾਪੰਡੀਗਈ ਲਿਆ ਜਾਂਦਾ ਹੈ।

     ਹੋਲੀ ਦਾ ਸੰਬੰਧ ਵਧੇਰੇ ਹਰਨਾਖ਼ਸ਼ (ਹਰਣਾਕਸ਼ਪ) ਦੀ ਭੈਣ ਹੋਲਿਕਾ ਨਾਲ ਜੋੜਿਆ ਜਾਂਦਾ ਹੈ। ਇੱਕ ਪੌਰਾਣਿਕ ਕਥਾ ਅਨੁਸਾਰ ਰਾਜਾ ਹਰਨਾਖ਼ਸ਼ ਦਾ ਪੁੱਤਰ ਪ੍ਰਹਿਲਾਦ ਵਿਸ਼ਨੂੰ ਦਾ ਭਗਤ ਸੀ ਪਰ ਹਰਨਾਖ਼ਸ਼ ਸਾਰੀ ਪਰਜਾ ਤੋਂ ਆਪਣਾ ਨਾਮ ਜਪਾਇਆ ਕਰਦਾ ਸੀ। ਉਸ ਨੂੰ ਪੁੱਤਰ ਵੱਲੋਂ ਹੁਕਮ ਨਾ ਮੰਨਣਾ ਪਸੰਦ ਨਹੀਂ ਸੀ। ਉਸ ਨੇ ਪ੍ਰਹਿਲਾਦ ਨੂੰ ਵਿਸ਼ਨੂੰ ਦਾ ਨਾਂ ਜਪਣਾ ਛੱਡ ਕੇ ਉਸ ਦਾ ਨਾਂ ਜਪਣ ਲਈ ਮਜਬੂਰ ਕੀਤਾ ਅਤੇ ਹੁਕਮ ਨਾ ਮੰਨਣ ਦੀ ਸਜ਼ਾ ਵਜੋਂ ਕਈ ਤਰ੍ਹਾਂ ਦੇ ਤਸੀਹੇ ਦਿੱਤੇ। ਕਿਹਾ ਜਾਂਦਾ ਹੈ ਕਿ ਹਰਨਾਖ਼ਸ਼ ਦੀ ਭੈਣ ਹੋਲਿਕਾ ਨੇ ਤਪੱਸਿਆ ਕਰ ਕੇ ਸ਼ਿਵ ਜੀ ਤੋਂ ਅਜਿਹੀ ਫੁਲਕਾਰੀ (ਚਾਦਰ) ਦਾ ਵਰ ਪ੍ਰਾਪਤ ਕੀਤਾ ਸੀ ਜਿਸ ਨੂੰ ਪਿੰਡੇ ਦੁਆਲੇ ਲਪੇਟ ਲੈਣ ਨਾਲ ਅੱਗ ਸਾੜਦੀ ਨਹੀਂ ਸੀ।

     ਹਰਨਾਖ਼ਸ਼ ਨੇ ਭੈਣ ਹੋਲਿਕਾ ਨਾਲ ਰਲ ਕੇ ਸਾਜ਼ਸ਼ ਰਚੀ ਕਿ ਉਹ ਪ੍ਰਹਿਲਾਦ ਨੂੰ ਗੋਦੀ ਵਿੱਚ ਲੈ ਕੇ ਅਗਨੀ ਵਿੱਚ ਬੈਠ ਜਾਵੇ, ਇਉਂ ਕਰਾਮਾਤੀ ਫੁਲਕਾਰੀ (ਚਾਦਰ) ਕਾਰਨ ਉਹ ਤਾਂ ਬਚ ਜਾਵੇਗੀ ਅਤੇ ਪ੍ਰਹਲਾਦ ਸੜ ਜਾਵੇਗਾ। ਪਰ ਕਿਹਾ ਜਾਂਦਾ ਹੈ ਕਿ ਹੋਲਿਕਾ ਦੇ ਅਗਨੀ ਵਿੱਚ ਬੈਠਣ ਸਮੇਂ ਅਜਿਹੀ ਹਨੇਰੀ ਵਗੀ ਕਿ ਉਹ ਕਰਾਮਾਤੀ ਚਾਦਰ ਉੱਡ ਕੇ ਪ੍ਰਹਲਾਦ ਦੁਆਲੇ ਲਿਪਟ ਗਈ ਜਿਸ ਕਾਰਨ ਹੋਲਿਕਾ ਸੜ ਕੇ ਸੁਆਹ ਹੋ ਗਈ ਅਤੇ ਪ੍ਰਹਿਲਾਦ ਬਚ ਗਿਆ।

     ਇਉਂ ਪੌਰਾਣਿਕ ਕਥਾ ਅਨੁਸਾਰ ਹੋਲੀ ਦੇ ਦਿਨਾਂ ਵਿੱਚ ਹਿੰਦੂ ਲੋਕ ਇਸ ਘਟਨਾ ਦੀ ਸਿਮਰਤੀ ਵਿੱਚ ਹੋਲੀ ਦੀ ਢਾਂਡੀ (ਚਿਖਾ/ਅਗਨੀ) ਬਾਲਦੇ ਹਨ ਅਤੇ ਹੋਲਿਕਾ ਦੇ (ਬਦੀ ਦੇ ਪ੍ਰਤੀਕ ਵਜੋਂ) ਸੜ ਮਰਨ ਦੀ ਖ਼ੁਸ਼ੀ ਵਿੱਚ ਇੱਕ-ਦੂਜੇ ਉੱਤੇ ਰੰਗ ਸੁੱਟ ਕੇ ਖ਼ੁਸ਼ੀ ਮਨਾਉਂਦੇ ਹਨ।

     ਹੋਲੀ ਨੂੰ ਬਸੰਤ ਰੁੱਤ ਦਾ ਚਲੀਹਾ ਵੀ ਕਿਹਾ ਜਾਂਦਾ ਹੈ ਕਿਉਂਕਿ ਪੰਜਾਬ ਵਿੱਚ ਹੋਲੀ ਦਾ ਤਿਉਹਾਰ ਬਸੰਤ ਤੋਂ ਚਾਲ੍ਹੀਵੇਂ ਦਿਨ ਆਉਂਦਾ ਹੈ। ਪ੍ਰਾਚੀਨ ਕਾਲ ਵਿੱਚ ਬਸੰਤ ਰੁੱਤ ਦੇ ਆਗਮਨ ਵਜੋਂ ਇਹ ਤਿਉਹਾਰ ਪੰਚਮੀ ਤੋਂ ਲੈ ਕੇ ਹੋਲੀ ਤੱਕ ਚਾਲੀ ਦਿਨ ਮਨਾਇਆ ਜਾਂਦਾ ਸੀ ਜਿਸ ਵਿੱਚ ਲੋਕ ਲਾਲ ਰੰਗ ਦੇ ਕੱਪੜੇ ਪਹਿਨਦੇ ਅਤੇ ਕਾਮਦੇਵ ਦੀ ਪੂਜਾ ਕਰਦੇ ਸਨ, ਇਸ ਤਿਉਹਾਰ ਦਾ ਨਾਂ ‘ਸੁਵਸੰਤਕਾ’ ਲਿਆ ਜਾਂਦਾ ਸੀ।

     ਹੋਲੀ ਨੂੰ ਕਿਰਸਾਣੀ ਨਾਲ ਜੋੜ ਕੇ ਮਨਾਏ ਜਾਣ ਦੇ ਪ੍ਰਮਾਣ ਵੀ ਮਿਲਦੇ ਹਨ। ਇਹਨੀਂ ਦਿਨੀਂ ਕਿਉਂਕਿ ਛੋਲਿਆਂ ਦੇ ਡੱਡਿਆਂ ਵਿੱਚ ਦਾਣਾ ਪੈ ਕੇ ਨਿਸਰ ਰਿਹਾ ਹੁੰਦਾ ਹੈ। ਇਹਨਾਂ ਡੱਡਿਆਂ ਨੂੰ ਕਿਰਸਾਣ ਅੱਗ ਵਿੱਚ ਭੁੰਨ ਕੇ ਖਾਂਦੇ ਹਨ ਜਿਨ੍ਹਾਂ ਨੂੰ ਹੋਲਾਂ ਕਿਹਾ ਜਾਂਦਾ ਹੈ। ਇੱਕ ਵਿਸ਼ਵਾਸ ਅਨੁਸਾਰ ਇਉਂ ਫ਼ਸਲ ਦਾ ਝਾੜ ਵਧੇਰੇ ਹੋਣ ਦੀ ਕਾਮਨਾ ਕੀਤੀ ਜਾਂਦੀ ਹੈ। ਕਿਤਾਬੀ ਹਵਾਲਿਆਂ ਅਨੁਸਾਰ, ਹੋਲਾਂ ਭੁੰਨਣ ਲਈ ਬਾਲੀ ਅੱਗ ਨੂੰ ਵੀ ਇੱਕ ਸਮੇਂ ਹੋਲੀ ਕਿਹਾ ਜਾਂਦਾ ਸੀ।

     ਇੱਕ ਹੋਰ ਕਥਾ ਅਨੁਸਾਰ ਹੋਲੀ ਵਾਲੇ ਦਿਨ ਹੀ ਪੂਤਨਾ ਰਾਖਸ਼ਣੀ ਨੇ ਆਪਣੇ ਥਣਾਂ ਨੂੰ ਜ਼ਹਿਰ ਨਾਲ ਵਿਸ਼ੈਲੇ ਬਣਾ ਕੇ ਅਤੇ ਕ੍ਰਿਸ਼ਨ ਨੂੰ ਦੁੱਧ ਚੁੰਘਾ ਕੇ ਮਾਰਨਾ ਚਾਹਿਆ ਸੀ ਪਰ ਕ੍ਰਿਸ਼ਨ ਨੇ ਪੂਤਨਾਂ ਨੂੰ ਮਾਰ ਕੇ ਉਸ ਦਾ ਉਦਾਰ ਕੀਤਾ ਸੀ ਜਿਸਦੀ ਖ਼ੁਸ਼ੀ ਵਜੋਂ ਲੋਕਾਂ ਨੇ ਇੱਕ-ਦੂਜੇ ’ਤੇ ਰੰਗ ਛਿੜਕ ਕੇ ਅਤੇ ਗੁਲਾਲ ਧੂੜ ਕੇ ਖ਼ੁਸ਼ੀਆਂ ਮਨਾਈਆਂ ਸਨ।

     ਭਾਰਤ ਦੇ ਦੱਖਣੀ ਰਾਜ ਮਦਰਾਸ ਅਤੇ ਕੇਰਲ ਵਿੱਚ ਹੋਲੀ ਦਾ ਤਿਉਹਾਰ ਕਾਮਦੇਵ ਨਾਲ ਸੰਬੰਧਿਤ ਸਮਝ ਕੇ ਮਨਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਕਾਮਦੇਵ ਨੇ ਫੁੱਲਾਂ ਨਾਲ ਜੜੇ ਬਾਣ ਭਗਤੀ ਵਿੱਚ ਲੀਨ ਸ਼ਿਵ ਜੀ ਵੱਲ ਸੁੱਟੇ; ਜਿਸ ਨਾਲ ਸ਼ਿਵ ਜੀ ਕਾਮ ਨਾਲ ਪਰੇਸ਼ਾਨ ਹੋਣ ਲੱਗੇ, ਤਦ ਉਹਨਾਂ ਦੀ ਤੀਜੀ ਅੱਖ ਵਿੱਚੋਂ ਅਗਨੀ ਨਿਕਲੀ ਜਿਸ ਨਾਲ ਕਾਮਦੇਵ ਭਸਮ ਹੋ ਗਏ। ਇਸ ਤੇ ਕਾਮਦੇਵ ਦੀ ਪਤਨੀ ਰਤੀ ਜੋ ਸ਼ਿਵ ਜੀ ਦੀ ਧੀ ਸੀ ਪਤੀ ਦੇ ਵਿਯੋਗ ਵਿੱਚ ਵੈਣ ਪਾਉਣ ਲੱਗੀ। ਓਦੋਂ ਸ਼ਿਵ ਜੀ ਨੇ ਰਤੀ ਨੂੰ ਵਰ ਦਿੱਤਾ ਕਿ ਕਾਮਦੇਵ ਅਨੰਗ ਰੂਪ ਵਿੱਚ ਹਮੇਸ਼ਾਂ ਰਤੀ ਨਾਲ ਰਹਿਣਗੇ। ਅਨੰਗ ਕਾਮਦੇਵ ਦਾ ਸੂਖਮ ਸਰੀਰ ਹੈ। ਦੱਖਣ ਵਿੱਚ ਇਸ ਤਿਉਹਾਰ ਨੂੰ ‘ਕਾਮਦਾਹਨ’ ਕਹਿੰਦੇ ਹਨ। ਹੋਲੀ ਵਾਲੇ ਦਿਨ ਕਾਮਦੇਵ ਨੂੰ ਸਾੜਨ ਦਾ ਕਰਮ-ਕਾਂਡ ਕੀਤਾ ਜਾਂਦਾ ਹੈ। ਅੱਗ ਦੀਆਂ ਲਾਟਾਂ ਵਿੱਚ ਕਾਮਦੇਵ ਦੇ ਪ੍ਰਤੀਕ ਵਜੋਂ ਗੰਨੇ ਲੂਹੇ ਜਾਂਦੇ ਹਨ। ਦੂਜੇ ਭਲਕ ਲੋਕ ਕਾਮਦੇਵ ਦਾ ਸੁਆਂਗ ਭਰਦੇ ਹੋਏ ਨੱਚਦੇ-ਟੱਪਦੇ ਹਨ ਅਤੇ ਰੰਗਾਂ ਨਾਲ ਖ਼ੁਸ਼ੀ ਮਨਾਉਂਦੇ ਹਨ।

     ਇੱਕ ਹੋਰ ਧਾਰਨਾ ਅਨੁਸਾਰ ਕਿਉਂਕਿ ਫੱਗਣ ਦੇ ਮਹੀਨੇ ਬਿਕਰਮੀ ਸੰਮਤ ਨੇ ਮੁੱਕਣਾ ਹੁੰਦਾ ਹੈ ਅਤੇ ਹੋਲੀ ਤੋਂ ਪੰਦਰਾਂ ਦਿਨ ਪਿੱਛੋਂ ਚੇਤਰ ਸੁਦੀ ਏਕਮ ਨੂੰ ਨਵਾਂ ਸੰਮਤ ਅਰੰਭ ਹੋਣਾ ਹੁੰਦਾ ਹੈ, ਇਸ ਲਈ ਹੋਲੀ ਪੁਰਾਤਨ ਨੂੰ ਜਲਾ (ਸਾੜ) ਕੇ ਨਵੀਨ ਦੀ ਆਮਦ ਵਿੱਚ ਰੰਗ ਸੁੱਟ ਕੇ ਖ਼ੁਸ਼ੀ ਮਨਾਉਣ ਵਜੋਂ ਮੌਸਮ ਦਾ ਤਿਉਹਾਰ ਵੀ ਮੰਨਿਆ ਜਾਂਦਾ ਹੈ। ਪੰਜਾਬ ਵਿੱਚ ਹੋਲੀ ਨੂੰ ਰੰਗਾਂ ਦਾ ਤਿਉਹਾਰ ਸਮਝ ਕੇ ਹੀ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਭੇਦ-ਭਾਵ, ਊਚ-ਨੀਚ ਅਤੇ ਜਾਤੀ ਭੇਦ ਮਿਟਾ ਕੇ ਇੱਕ ਦੂਜੇ ਉੱਤੇ ਰੰਗ ਸੁੱਟਦੇ ਹਨ ਅਤੇ ਇੱਕ ਦੂਜੇ ਦੇ ਮੂੰਹ `ਤੇ ਗੁਲਾਲ ਮਲ ਕੇ ਖ਼ੁਸ਼ੀ ਪ੍ਰਗਟਾਉਂਦੇ ਹਨ।

     ਪਹਿਲੇ ਸਮਿਆਂ ਵਿੱਚ ਹੋਲੀ ਤੋਂ ਕੁਝ ਦਿਨ ਪਹਿਲਾਂ ਰਾਸਧਾਰੀਆਂ ਦੀਆਂ ਟੋਲੀਆਂ ਪਿੰਡ-ਪਿੰਡ ਘੁੰਮ ਕੇ ਸੁਆਂਗ ਭਰਦੀਆਂ ਸਨ। ਸੁਆਂਗ ਇੱਕ ਨਾਟਕੀ ਰੂਪ ਨੂੰ ਕਹਿੰਦੇ ਹਨ ਜਿਸ ਵਿੱਚ ਕਲਾਕਾਰ ਇਤਿਹਾਸਿਕ, ਮਿਥਿਹਾਸਿਕ ਅਤੇ ਪ੍ਰਚਲਿਤ ਦੰਤ-ਕਥਾਵਾਂ ਨੂੰ ਆਧਾਰ ਬਣਾ ਕੇ ਨਾਟਕ ਖੇਡਦੇ ਹਨ। ਪੂਰਬੀ ਪੰਜਾਬ ਵਿੱਚ ਹੋਲੀ ਦੀ ਅਗਨੀ ਬਾਲਣ ਦਾ ਬਹੁਤਾ ਰਿਵਾਜ ਨਹੀਂ ਪਰ ਹਰਿਆਣੇ ਅਤੇ ਯੂ.ਪੀ. ਦੇ ਪ੍ਰਭਾਵ ਕਾਰਨ ਹੁਣ ਹੋਲੀ ਬਾਲਣ ਦਾ ਚਲਨ ਵੀ ਵੇਖਣ ਨੂੰ ਮਿਲਦਾ ਹੈ।


ਲੇਖਕ : ਕਿਰਪਾਲ ਕਜ਼ਾਕ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 19145, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਹੋਲੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੋਲੀ (ਨਾਂ,ਇ) ਫੱਗਣ ਦੀ ਪੂਰਨਮਾਸ਼ੀ ਨੁੂੰ ਇੱਕ ਦੂਜੇ ਉੱਤੇ ਰੰਗ ਸੁੱਟ ਕੇ ਮਨਾਇਆ ਜਾਣ ਵਾਲਾ ਤਿਉਹਾਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19130, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਹੋਲੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੋਲੀ [ਨਾਂਇ] ਇੱਕ ਤਿਉਹਾਰ ਜਿਸ ਵਿੱਚ ਲੋਕ ਇੱਕ ਦੂਜੇ ਉੱਤੇ ਰੰਗ ਆਦਿ ਪਾਉਂਦੇ ਹਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19119, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹੋਲੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੋਲੀ ਸੰ. ਹੋਲਾਕਾ ਅਥਵਾ ਹੋਲਿਕਾ. ਸੰਗ੍ਯਾ—ਹੋਲਿਕਾਦਹਨ. ਫੱਗੁਣ ਸੁਦੀ ੧੫ ਦਾ ਤ੍ਯੋਹਾਰ. ਦੇਖੋ, ਢੁੰਡਾ. “ਹੋਲਿ ਦਸਹਰਾ ਦਰਸਨ ਆਵਹੁ.” (ਗੁਪ੍ਰਸੂ) “ਹੋਲੀ ਕੀਨੀ ਸੰਤਸੇਵ.” (ਬਸੰ ਮ: ੫)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18844, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹੋਲੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਹੋਲੀ: ਇਹ ਭਾਰਤ ਦਾ ਇਕ ਮੌਸਮੀ ਤਿਉਹਾਰ ਹੈ ਜਿਹੜਾ ਚੇਤਰ ਦੀ ਪੂਰਣਮਾਸੀ (ਫਗਣ ਸੁਦੀ 15) ਨੂੰ ਮਨਾਇਆ ਜਾਂਦਾ ਹੈ। ਉਦੋਂ ਬਸੰਤ ਰੁਤ ਆਪਣੇ ਜੋਬਨ ਉਤੇ ਹੁੰਦੀ ਹੈ, ਸਰਦੀ ਖ਼ਤਮ ਹੋ ਰਹੀ ਹੁੰਦੀ ਹੈ ਅਤੇ ਗਰਮੀ ਦੇ ਆਗਮਨ ਦਾ ਅਹਿਸਾਸ ਹੋਣ ਲਗਦਾ ਹੈ। ਸਰਦੀ ਨਾਲ ਠਰ੍ਹੀ ਸਾਰੀ ਪ੍ਰਕ੍ਰਿਤੀ ਅੰਗੜਾਈ ਲੈ ਕੇ ਸਾਵਧਾਨ ਹੋ ਰਹੀ ਹੁੰਦੀ ਹੈ। ਹਰ ਪਾਸੇ ਫ਼ਸਲਾਂ ਲਹਿ-ਲਹਾਉਂਦੀਆਂ ਦਿਸ ਪੈਂਦੀਆਂ ਹਨ। ਰੰਗਾ-ਰੰਗ ਦੇ ਫੁਲ ਖਿੜੇ ਹੁੰਦੇ ਹਨ ਅਤੇ ਸਾਰਾ ਵਾਯੂਮੰਡਲ ਇਕ ਸੁਖਾਵੀਂ ਮਹਿਕ ਨਾਲ ਭਰਪੂਰ ਹੁੰਦਾ ਹੈ। ਹਰ ਇਕ ਵਿਅਕਤੀ ਦੇ ਮਨ ਵਿਚ ਖੇੜੇ ਦੀ ਅਵਸਥਾ ਪੈਦਾ ਹੋ ਜਾਂਦੀ ਹੈ, ਉਮੰਗਾਂ ਉਛਲ ਪੈਂਦੀਆਂ ਹਨ। ਇਸ ਮਾਨਸਿਕ ਅਵਸਥਾ ਨੂੰ ਪ੍ਰਗਟਾਉਣ ਲਈ , ਕੁਦਰਤੀ ਰੰਗ-ਸੁਰੰਗਤਾ ਦੇ ਸੰਦਰਭ ਵਿਚ, ਇਕ ਦੂਜੇ ਉਤੇ ਗੁਲਾਲ ਸੁਟਿਆ ਜਾਂਦਾ ਹੈ। ਗੁਲਾਲ ਤੋਂ ਇਲਾਵਾ ਰੰਗ-ਬਰੰਗੇ ਪਾਣੀ ਦੀਆਂ ਪਿਚਕਾਰੀਆਂ ਵੀ ਚਲਾਈਆਂ ਜਾਂਦੀਆਂ ਹਨ। ਕੁਝ ਅਸਭੑਯ ਲੋਕ ਇਕ ਦੂਜੇ ਉਤੇ ਗੰਦ-ਮੰਦ ਸੁਟ ਕੇ ਜਾਂ ਛੇੜਖਾਨੀ ਕਰਕੇ ਖ਼ੁਸ਼ੀ ਨੂੰ ਖ਼ਰੂਦ ਵਿਚ ਬਦਲਣ ਦਾ ਯਤਨ ਵੀ ਕਰਦੇ ਹਨ। ਖਾਣ-ਪੀਣ ਦੇ ਪਦਾਰਥਾਂ ਵਿਚ ਭੰਗ ਮਿਲਾ ਕੇ ਜਾਂ ਗੁਲਾਲ ਵਿਚ ਬਿਛੂ- ਬੂਟੀ ਰਲਾ ਕੇ ਕਈ ਵਾਰ ਵਿਅਰਥ ਦੀ ਪਰੇਸ਼ਾਨੀ ਪੈਦਾ ਕੀਤੀ ਜਾਂਦੀ ਹੈ। ਪੁਰਾਣੇ ਵਕਤਾਂ ਵਿਚ ਰਾਜੇ ਮਹਾਰਾਜੇ ਸੁਗੰਧਿਤ ਪਦਾਰਥਾਂ ਨਾਲ ਹੋਲੀ ਖੇਡਦੇ ਸਨ। ਅਸਲ ਵਿਚ, ਇਹ ਇਕ ਖ਼ੁਸ਼ੀ ਦਾ ਮੌਸਮੀ ਤਿਉਹਾਰ ਹੈ ਜੋ ਕਿਸੇ ਨ ਕਿਸੇ ਰੂਪ ਵਿਚ ਅਨੇਕ ਦੇਸ਼ਾਂ ਵਿਚ ਮਨਾਇਆ ਜਾਂਦਾ ਹੈ।

            ਇਸ ਦਾ ਸੰਬੰਧ ਇਕ ਪੌਰਾਣਿਕ ਆਖਿਆਨ ਨਾਲ ਵੀ ਜੋੜਿਆ ਜਾਂਦਾ ਹੈ। ਸ਼ਿਵ ਤੋਂ ‘ਕਿਸੇ ਦੁਆਰਾ ਨ ਮਾਰੇ ਜਾਣ ’ ਦਾ ਵਰ ਪ੍ਰਾਪਤ ਕਰਕੇ ਹਰਨਾਖਸ਼ (ਹਿਰਣੑਯਕਸ਼ਿਪੁ) ਨਾਂ ਦਾ ਰਾਖਸ਼ ਰਾਜਾ ਸਭ ਨੂੰ ਆਪਣਾ ਨਾਮ ਜਪਾਉਣ ਲਈ ਮਜਬੂਰ ਕਰਨ ਲਗਾ , ਪਰ ਉਸ ਦੇ ਪੁੱਤਰ ਪ੍ਰਹਿਲਾਦ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਹਰਨਾਖਸ਼ ਨੇ ਗੁੱਸੇ ਵਿਚ ਆ ਕੇ ਆਪਣੇ ਪੁੱਤਰ ਨੂੰ ਮਾਰਨ ਦਾ ਕੰਮ ਆਪਣੀ ਭੈਣ ‘ਹੋਲਿਕਾ’ (ਨਾਮਾਂਤਰ ਢੁੰਡਾ) ਨੂੰ ਸੌਂਪਿਆ। ਹੋਲਿਕਾ ਨੇ ਵੀ ਸ਼ਿਵ ਤੋਂ ਅੱਗ ਵਿਚ ਨ ਸੜਨ ਦਾ ਵਰਦਾਨ ਪ੍ਰਾਪਤ ਕੀਤਾ ਹੋਇਆ ਸੀ , ਬਸ਼ਰਤੇ ਕਿ ਉਹ ਸ਼ਿਵ ਵਲੋਂ ਬਖ਼ਸ਼ੀ ਹੋਈ ਫੁਲਕਾਰੀ ਨੂੰ ਆਪਣੇ ਉਪਰ ਓੜ੍ਹੀ ਰਖੇ। ਭਰਾ ਦੇ ਆਦੇਸ਼ ਨੂੰ ਮੰਨ ਕੇ ਹੋਲਿਕਾ ਪ੍ਰਹਿਲਾਦ ਨੂੰ ਗੋਦ ਵਿਚ ਲੈ ਕੇ ਅਗਨੀ ਵਿਚ ਬੈਠ ਗਈ ਪਰ ਦੈਵ-ਵਸ ਉਸ ਦੀ ਫੁਲਕਾਰੀ ਉਸ ਦੇ ਸ਼ਰੀਰ ਤੋਂ ਉਡ ਕੇ ਪ੍ਰਹਿਲਾਦ ਦੇ ਸ਼ਰੀਰ ਉਤੇ ਪਸਰ ਗਈ। ਪ੍ਰਹਿਲਾਦ ਅੱਗ ਵਿਚ ਸੜਨ ਤੋਂ ਬਿਲਕੁਲ ਬਚ ਗਿਆ ਅਤੇ ਹੋਲਿਕਾ ਸੜ ਕੇ ਸੁਆਹ ਹੋ ਗਈ।

            ਪੌਰਾਣਿਕ ਵਿਆਖਿਆਕਾਰਾਂ ਨੇ ਇਸ ਆਖਿਆਨ ਨੂੰ ਪ੍ਰਤੀਕਾਤਮਕ ਅਰਥ ਪ੍ਰਦਾਨ ਕੀਤੇ ਹਨ ਅਤੇ ਇਸ ਘਟਨਾ ਨੂੰ ਬਦੀ ਉਤੇ ਨੇਕੀ ਦੀ ਜਿਤ ਦਸਿਆ ਹੈ। ਫਲਸਰੂਪ ਹੋਲੀ ਤੋਂ ਇਕ ਦਿਨ ਪਹਿਲਾਂ ਫਗਣ ਸੁਦੀ 14 ਦੀ ਰਾਤ ਨੂੰ ਚੌਰਾਹਿਆਂ ਜਾਂ ਵੇਹੜਿਆਂ ਵਿਚ ਲਕੜੀ ਦੇ ਢੇਰ ਲਗਾ ਕੇ ਹੋਲਿਕਾ ਨੂੰ ਸਾੜਿਆ ਜਾਂਦਾ ਹੈ। ਇਸ ਦਿਨ ਕੱਚੇ ਛੋਲੀਏ ਨੂੰ ਵੀ ਅੱਗ ਵਿਚ ਭੁੰਨ ਕੇ ਖਾਇਆ ਜਾਂਦਾ ਹੈ। ਹੋਲਿਕਾ ਦੀ ਅਗਨੀ ਵਿਚ ਸਾੜੇ ਜਾਣ ਕਾਰਣ ਇਨ੍ਹਾਂ ਨੂੰ ‘ਹੋਲਾ ’ ਵੀ ਕਿਹਾ ਜਾਂਦਾ ਹੈ। ਨੇਕੀ ਦੀ ਜਿਤ ਦੀ ਖ਼ੁਸ਼ੀ ਵਿਚ ਦੂਜੇ ਦਿਨ ਖ਼ੂਬ ਮੌਜ ਮੇਲਾ ਮਨਾਇਆ ਜਾਂਦਾ ਹੈ। ਸਮਾਜ ਵਿਗਿਆਨੀਆਂ ਅਨੁਸਾਰ ਇਸ ਮੌਜ ਮੇਲੇ ਦਾ ਰੂਪਾਂਤਰਣ ਹੋਲੀ ਦੇ ਰੂਪ ਵਿਚ ਹੋਇਆ ਪ੍ਰਤੀਤ ਹੁੰਦਾ ਹੈ।

            ਫਲਗੁ (ਅਰਥਾਤ ਬਸੰਤ ਰੁਤ ਜਾਂ ਗੁਲਾਲ) ਨਾਲ ਸੰਬੰਧਿਤ ਹੋਣ ਕਾਰਣ ਇਸ ਨੂੰ ‘ਫਾਗ’ ਵੀ ਕਿਹਾ ਜਾਂਦਾ ਹੈ। ਸਮੁੱਚੇ ਤੌਰ ’ਤੇ ਮੌਸਮ ਦੀ ਬਦਲੀ ਨਾਲ ਪੈਦਾ ਹੋਈ ਖ਼ੁਸ਼ੀ ਨੂੰ ਪ੍ਰਗਟ ਕਰਨ ਵਾਲਾ, ਇਹ ਇਕ ਆਨੰਦਦਾਇਕ ਤਿਉਹਾਰ ਹੈ। ਬਸੰਤ ਰਾਗ ਵਿਚ ਗੁਰੂ ਅਰਜਨ ਦੇਵ ਨੇ ਪਰਮਾਤਮਾ ਨਾਲ ਹੋਏ ਮਹਾਮਿਲਨ ਦੀ ਦਸ਼ਾ ਨੂੰ ਫਾਗ ਜਾਂ ਹੋਲੀ ਦੀ ਮੰਗਲਮਈ ਅਵਸਥਾ ਦੁਆਰਾ ਰੂਪਾਇਤ ਕੀਤਾ ਹੈ— ਆਜੁ ਹਮਾਰੈ ਬਨੈ ਫਾਗ ਪ੍ਰਭੁ ਸੰਗੀ ਮਿਲਿ ਖੇਲਨ ਲਾਗ ਹੋਲੀ ਕੀਨੀ ਸੰਤ ਸੇਵ ਰੰਗੁ ਲਾਗਾ ਅਤਿ ਲਾਲ ਦੇਵ (ਗੁ.ਗ੍ਰੰ. 1180)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18679, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਹੋਲੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਹੋਲੀ ਸੰਸਕ੍ਰਿਤ ਹੋਲਿਕਾ। ਪ੍ਰਾਕ੍ਰਿਤ ਹੋਲੀਆ। ਹੋਲੀ ਦਾ ਤਿਉਹਾਰ , ਹੋਲਿਕਾ ਦੇ ਸੜ ਮਰਨ ਅਤੇ ਪ੍ਰਹਿਲਾਦ ਦੇ ਬਚ ਜਾਣ ਨਾਲ ਸੰਬੰਧਿਤ ਇਕ ਸਾਲਾਨਾ ਉਤਸਵ- ਹੋਲੀ ਕੀਨੀ ਸੰਤ ਸੇਵ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 18670, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਹੋਲੀ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਹੋਲੀ : ‘ਹੋਲੀ ਜਾਂ ‘ਫਾਗ’ ਭਾਰਤ ਦਾ ਇਕ ਮੌਸਮ ਆਧਾਰਿਤ ਧਾਰਮਿਕ ਤਿਉਹਾਰ ਹੈ ਜੋ ਹਰ ਸਾਲ ਮਾਰਚ ਦੇ ਮਹੀਨੇ (ਫਗਣ ਸੁਦੀ 15) ਨੂੰ ਮਨਾਇਆ ਜਾਂਦਾ ਹੈ । ਇਹ ਕਦ ਸ਼ੁਰੂ ਹੋਇਆ, ਇਸ ਸੰਬੰਧ ਵਿਚ ਕੋਈ ਤੱਥ ਆਧਾਰਿਤ ਸੂਚਨਾ ਉਪਲਬਧ ਨਹੀਂ ਹੈ। ਇਹ ਵੈਦਿਕ ਤਿਉਹਾਰ ਤਾਂ ਨਹੀਂ, ਪਰ ਇਸ ਗੱਲ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ ਕਿ ਪੁਰਾਣ ਸਾਹਿੱਤ ਵਿਚ ਵਰਣਿਤ ਮਦਨ ਉਤਸਵਾਂ ਦਾ ਹੀ ਇਹ ਵਿਕਸਿਤ ਰੂਪ ਹੈ। ਮਨਮਥ (ਕਾਮ) ਮਿਤਰ ਬਸੰਤ ਦੇ ਸ਼ੁੱਭ ਆਗਮਨ ਤੇ ਕੀਤੇ ਜਾਣ ਵਾਲੇ ਸਮਾਰੋਹ ਸਮੇਂ ਦੇ ਗੇੜ ਨਾਲ ਹੋਲੀ ਦੇ ਰੂਪ ਵਿਚ ਵਟ ਗਏ। ਪੁਰਾਣਾਂ ਵਿਚ ਬਸੰਤ ਕਾਮਦੇਵ ਦਾ ਪ੍ਰਮੁੱਖ ਸੈਨਾਪਤੀ ਜਾਂ ਸਹਾਇਕ ਮੰਨਿਆ ਜਾਂਦਾ ਹੈ। ਚੇਤਰ ਸ਼ੁਕਲ ਦੁਆਦਸੀ ਨੂੰ ਮਦਨ ਦੁਆਸੀ ਕਿਹਾ ਗਿਆ ਹੈ। ‘ਭਵਿਸ਼ ਪੁਰਾਣ’ ਅਨੁਸਾਰ ਮਦਨ ਉਸਤਵ ਨੂੰ ‘ਚੇਤਨ ਉਤਸਵ’ ਵੀ ਕਿਹਾ ਗਿਆ ਹੈ ਅਤੇ ਕਾਮਦੇਵ ਦੇ ਰਤੀ ਦੇ ਸੰਧੂਰ ਨਾਲ ਚਿੱਤਰ ਬਣਾ ਕੇ ਪੂਜਾ ਕਰਨ ਦਾ ਆਦੇਸ਼ ਵੀ ਹੈ। ਪੁਰਾਤਨ ਸੰਸਕ੍ਰਿਤ ਕਾਵਿ ਵਿਚ ਮਦਨ ਉਤਸਵਾਂ ਅਤੇ ਕਾਮ–ਪਰਕ ਭਾਵਨਾਵਾਂ ਦਾ  ਬੜੀ ਰਸਿਕ ਸ਼ੈਲੀ ਵਿਚ ਚਿਤਰਣ ਕੀਤਾ ਗਿਆ ਹੈ। ਚਾਰੂ ਦੱਤ ਨੇ ‘ਦਸ਼ ਕੁਮਾਰ ਚਰਿਤ’ ਵਿਚ ਬਸੰਤ ਉਤਸਵ ਦੇ ਸਮੇਂ ਮਦਨ ਪੂਜਾ ਤੇ ਕਾਮ ਉਤਸਵ ਦਾ ਰੁਚੀ–ਪੂਰਣ ਵਰਣਨ ਕੀਤਾ ਹੈ। ਇਸ ਉਤਸਵ ਦੇ ਲੋਕ ਨੱਚਦੇ ਟੱਪਦੇ ਗਾਉਂਦੇ ਵਜਾਉਂਦੇ ਸੜਕਾਂ ਤੇ ਨਿਕਲ ਆਉਂਦੇ ਤੇ ਰਾਜਾ ਵੀ ਹੁਲਾਸ ਵਿਚ ਆ ਕੇ ਇਸ ਦਾ ਪੂਰਾ ਪੂਰਾ ਆਨੰਦ ਮਾਣਦਾ। ਨਗਰ ਦੀਆਂ ਤੀਵੀਆਂ ਵੀ ਮਦ–ਮਸਤ ਹੋ ਕੇ ਨੱਚਦੀਆਂ ਤੇ ਗਾਉਂਦੀਆਂ।

          ਕੁਝ ਵਿਦਵਾਨ ਹੋਲੀ ਦਾ ਆਰੰਭ ਸ੍ਰੀ ਕ੍ਰਿਸ਼ਣ ਦੀ ਗੋਪੀਆਂ ਨਾਲ ਪ੍ਰੇਮ–ਕ੍ਰੀੜਾ ਤੋਂ ਮੰਨਦੇ ਹਨ ਜਿਸ ਵਿਚ ਗੁਲਾਲ ਅਤੇ ਰੰਗ ਨੂੰ ਪੂਰਣ ਉਲਾਸ ਨਾਲ ਇਕ ਦੂਜੇ ਉੱਤੇ ਪਾਇਆ ਜਾਂਦਾ ਹੈ। ਇਕ ਹੋਰ ਮੱਤ ਅਨੁਸਾਰ ਹੋਲੀ ਦਾ ਆਰੰਭ ਇਕ ਜ਼ਾਲਮ ਦੈਂਤ ਰਾਜੇ ਹਰਨਾਕਸ਼ ਵਿਰੁੱਧ ਉਸ ਦੇ ਸੁਪੁੱਤਰ ਪ੍ਰਹਿਲਾਦ ਦੁਆਰਾ ਸੱਚਾਈ ਦਾ ਝੰਡਾ ਉੱਚਾ ਕਰਨ ਨਾਲ ਹੋਇਆ ਮੰਨਿਆ ਜਾਂਦਾ ਹੈ। ਰਵਾਇਤ ਅਨੁਸਾਰ ਹਰਨਾਕਸ਼ ਹੰਕਾਰ–ਵਸ ਪਰਮਾਤਮਾ ਦੀ ਬਰਾਬਰੀ ਦਾ ਦਾਅਵਾ ਕਰਨ ਲੱਗਾ ਤੇ ਆਪਣੇ ਹੀ ਨਾਮ ਦਾ ਜਾਪ ਕਰਾਉਣ ਦਾ ਸਾਰੇ ਰਾਜ ਵਿਚ ਕਰ ਦਿੱਤਾ ਪਰ ਉਸ ਦਾ ਆਪਣਾ ਲੜਕਾ ਪOਹਿਲਾਦ ਜੋ ਪOਭੂ ਦਾ ਭਗਤ ਸੀ ਉਸ ਦੇ ਹੁਕਮ ਦੀ ਉਲੰਘਣਾ ਕਰ ਕੇ ਪ੍ਰਭੂ ਭਗਤੀ ਕਰਨ ਲੱਗਾ। ਸਿੱਟੇ ਵਜੋਂ ਉਸ ਲੇ ਪ੍ਰਹਿਲਾਦ ਨੂੰ ਆਪਣੀ ਭੈਣ (ਜਿਸ ਨੂੰ ਅੱਗ ਵਿਚ ਨਾ ਸੜਨ ਦਾ ਵਰ ਸੀ) ਦੀ ਹਦਾਇਤ ਨਾਲ ਸਾੜਨਾ ਚਾਹਿਆ ਪਰ ਉਸ ਸੜ ਗਈ ਤੇ ਪ੍ਰਹਿਲਾਦ ਬਿਲਕੁਲ ਬਚ ਗਿਆ। ਇਸ ਤੇ ਪ੍ਰਹਿਲਾਦ ਨੂੰ ਤੱਤੇ ਥੰਮਾਂ ਨਾਲ ਜੱਫੀ ਪਾਉਣ ਦਾ ਹੁਕਮ ਦਿੱਤਾ ਗਿਆ ਜਿਸ ਤੇ ਭਗਵਾਨ ਨੇ ਕੀੜੀ ਦਾ ਰੂਪ ਧਾਰ ਕੇ ਪ੍ਰਹਿਲਾਦ ਦੀ ਰੱਖਿਆ ਕੀਤੀ। ਪ੍ਰਹਿਲਾਦ ਦਾ ਥੰਮ ਨਾਲ ਚੰਬੜਨਾ ਹੀ ਸੀ ਕਿ ਥੰਮ ਠੰਡਾ ਹੋ ਕੇ ਫੱਟ ਗਿਆ ਤੇ ਵਿਚੋਂ ਭਗਵਾਨ ਨਰ ਸਿੰਘ ਰੂਪ ਵਿਚ ਪ੍ਰਗਟ ਹੋਏ ਤੇ ਹਰਨਾਕਸ਼ ਨੂੰ ਤੇਜ਼ ਨਹੂੰਆਂ ਨਾਲ ਚੀਰ ਦਿੱਤਾ। ਜ਼ਾਲਮ ਬਾਦਸ਼ਾਹ ਦਾ ਖ਼ਾਤਮਾ ਹੋਇਆ ਤੇ ਲੋਕਾਂ ਅਤੇ ਸਾਧੂਆਂ ਸੰਤਾ ਨੇ ਸੁੱਖ ਦਾ ਸਾਹ ਲਿਆ। ਇਸ ਤਰ੍ਹਾਂ ਹੋਲਿਕਾ–ਦਾਹਨ ਦੀ ਰਸਮ ਚਲ ਪਈ।

          ਹੋਲੀ ਮਨਾਉਣ ਦੀਆਂ ਉਪਰੋਕਤ ਭਿੰਨ ਭਿੰਨ ਪਰੰਪਰਾਵਾਂ ਭਾਰਤ ਦੇ ਲਗਭਗ ਹਰ ਇਕ ਪ੍ਰਾਂਤ ਵਿਚ ਸੁੰਤਤਰ ਜਾਂ ਸੰਯੁਕਤ ਰੂਪ ਵਿਚ ਮੌਜੂਦ ਹਨ। ਉੱਤਰੀ ਭਾਰਤ ਵਿਚ ਹੋਲੀ ਦੀ ਕਥਾ ਦਾ ਸੰਬੰਧ ਪ੍ਰਹਿਲਾਦ ਨਾਲ ਹੀ ਜੋੜਿਆ ਜਾਂਦਾ ਹੈ। ਪਰ ਦੱਖਣੀ ਭਾਰਤ ਵਿਚ ਇਹ ਆਪਣੇ ਅਤਿ ਪੁਰਾਣੇ ਰੂਪ ਵਿਚ ਪ੍ਰਚੱਲਿਤ ਹੈ। ਉੱਤਰੀ ਭਾਰਤ ਵਾਲੇ ਜਿੱਥੇ ਹੋਲੀ ਦੇ ਬਹਾਨੇ ਕਾਮਦੇਵ ਨੂੰ ਉਤੇਜਿਤ ਕਰਦੇ ਹਨ ਉੱਥੇ ਦੱਖਣੀ ਭਾਰਤ ਵਾਲੇ ਕਾਮ ਨੂੰ ਭਸਮ ਕਰਦੇ ਹਨ।

          ਬੰਗਾਲ ਵਿਚ ਫੱਗਣ ਦੀ ਚੌਦ੍ਹਵੀਂ ਨੂੰ ਮੰਦਰ ਦੇ ਨੇੜੇ ਜਾਂ ਘਰ ਦੇ ਵਿਹੜੇ ਵਿਚ ਇਕ ਮਨੁੱਖੀ ਪੁਤਲਾ ਤੇ ਕੁੱਲੀ ਬਣਾਈ ਜਾਂਦੀ ਹੈ। ਸ਼ਾਮ ਵੇਲੇ ਬ੍ਰਾਹਮਣ ਪੁਜਾਮੀ ਹੋਮ ਕਰਦਾ ਹੈ ਤੇ ਪਿੱਛੋਂ ਪੁਤਲਾ ਕੁੱਲੀ ਵਿਚ ਰੱਖ ਕੇ ਹੋਮ ਵਾਲੀ ਅੱਗ ਤੋਂ ਹੀ ਉਸ ਨੂੰ ਅੱਗ ਲਾਈ ਜਾਂਦੀ ਹੈ ਤੇ ਇਸ ਸਮੇਂ ਪੁਤਾਲਾ ਸੱਤ ਵਾਰ ਅੱਗ ਦੇ ਉਦਾਲੇ ਘੁੰਮਾਇਆ ਜਾਂਦਾ ਹੈ। ਅਗਲੀ ਸਵੇਰ ਬੁੱਘ ਮੰਦਰ ਵਿਚ ਝੂਲਣੇ ਵਿਚ ਰੱਖਿਆ ਜਾਂਦਾ ਹੈ ਤੇ ਬ੍ਰਾਹਮਣ ਕਈ ਵਾਰ ਰਸਮੀ ਤੌਰ ਤੇ ਝੂਟੇ ਦਿੰਦਾ ਹੈ, ਲੋਕ ਬੁੱਤ ਉਪਰ ਰੰਗ ਛਿੜਕਦੇ ਹਨ ਤੇ ਬ੍ਰਾਹਮਣ ਸਾਰਿਆਂ ਦੇ ਮੱਥੇ ਤੇ ਤਿਲਕ ਲਾਉਂਦਾ ਹੈ। ਪੰਦਰ੍ਹਵੀਂ ਦੀ ਸਾਰੀ ਰਾਤ ਮੇਲਾ ਮਨਾਇਆ ਜਾਂਦਾ ਹੈ। ਇਕ ਦੂਜੇ ਉੱਤੇ ਰੰਗ ਸੁੱਟਿਆ ਜਾਂਦਾ ਹੈ, ਵੱਡੀਆਂ ਭਰਜਾਈਆਂ ਤੇ ਸਾਲੀਆਂ ਨਾਲ ਪ੍ਰੇਮ ਖੇਡ ਖੇਡ ਜਾਂਦੀ ਹੈ। ਗੰਦੇ ਦੇ ਕਾਮ ਉਕਸਾਊ ਗੀਤ ਗਾਏ ਜਾਂਦੇ ਹਨ। ਕੁਝ ਪਿੰਡਾਂ ਵਿਚ ਬੁੱਤ ਨੂੰ ਝੂਲਣੇ ਵਿਚ ਰੱਖ ਕੇ ਜਲੂਸ ਕਢਿਆ ਜਾਂਦਾ ਹੈ। ਗੱਲ ਕੀ ਬੰਗਾਲ ਵਿਚ ਤਿੰਨੋਂ ਪਰੰਪਰਾਵਾਂ ਦਾ ਮਿਸ਼ਰਤ ਰੂਪ ਦ੍ਰਿਸ਼ਟੀਗੋਚਰ ਹੁੰਦਾ ਹੈ।

          ਉੜੀਸਾ ਵਿਚ ਹੋਲੀ ਦਾ ਤਿਉਹਾਰ ਬੰਗਾਲ  ਵਾਂਗ ਹੀ ਮਨਾਇਆ ਜਾਂਦਾ ਹੈ । ਪਰ ਇੱਥੇ ਮਨੁੱਖੀ ਪੁਤਲੇ ਦੀ ਥਾਂ ਭੇਡ ਸਾੜੀ ਜਾਂਦੀ ਹੈ ਅਤੇ ਕਿਧਰੇ ਕਿਧਰੇ ਭੇਡ ਦਾ ਪੁਤਲਾ ਹੀ ਸਾੜਿਆ ਜਾਂਦਾ ਹੈ। ਬਿਹਾਰ ਵਿਚ ਫੱਗਣ ਦੀ ਚੌਦ੍ਹਵੀਂ ਦੀ ਥਾਂ ਪੰਦਰ੍ਹਵੀਂ ਨੂੰ ਹੋਲੀ ਸਾੜੀ ਜਾਂਦੀ ਹੈ। ਹੋਲੀ ਦੇ ਦਿਨਾਂ ਵਿਚ ਕਾਮੁਕ ਕਾਰਜਾਂ ਉਪਰ ਪੈਸਾ ਖਰਚਿਆ ਜਾਂਦਾ ਹੈ ਪਰ ਕ੍ਰਿਸ਼ਣ ਜੀ ਦੇ ਝੂਲਣੇ ਦਾ ਮੇਲਾ ਨਹੀਂ ਮਨਾਇਆ ਜਾਂਦਾ। ਕੁਝ ਕੁ ਥਾਵਾਂ ਉਪਰ ਰਾਮ ਤੇ ਸੀਤਾ ਦੇ ਬੁੱਤਾਂ ਨੂੰ ਵੀ ਝੂਲਣੇ ਵਿਚ ਝੁਲਾਇਆ ਜਾਂਦਾ ਹੈ।

          ਪੰਜਾਬ ਅਤੇ ਰਾਜਪੂਤਾਨੇ ਵਿਚ ਹੋਲੀ ਦਾ ਤਿਉਹਾਰ ਸ੍ਰੀ ਕ੍ਰਿਸ਼ਣ ਦੀ ਪ੍ਰੇਮ–ਕ੍ਰੀੜਾ ਦੀ ਪਰੰਪਰਾ ਵਿਚ ਹੀ ਮਨਾਇਆ ਜਾਂਦਾ ਹੈ ਅਤੇ ਰੰਗ ਤੇ ਗੁਲਾਲ ਸੁੱਟਣ ਦੇ ਨਾਲ ਨਾਲ ਗੰਦ ਮੰਦ ਵੀ ਸੁੱਟਣੋਂ ਸੰਕੋਚ ਨਹੀਂ ਕੀਤਾ ਜਾਂਦਾ। ਉੱਤਰ ਪ੍ਰਦੇਸ਼ ਵਿਚ ਬ੍ਰਜ ਭੂਮੀ ਵਾਲੀ ਕ੍ਰਿਸ਼ਣ ਗੋਪੀ ਪ੍ਰੇਮ–ਕ੍ਰੀੜਾ ਦੇ ਨਾਲ ਨਾਲ ਹੋਲਿਕਾ–ਦਾਹਨ ਦੀ ਰੀਤ ਵੀ ਕੀਤੀ ਜਾਂਦੀ ਹੈ।

          ਭਾਰਤ ਦੇ ਉੱਤਰੀ ਪਹਾੜੀ ਇਲਾਕਿਆਂ ਵਿਚ ਪਾਂਡਵੀ ਹੋਲੀ ਮਨਾਈ ਜਾਂਦੀ ਹੈ। ਇਸ ਦਿਨ ਪੰਜੇ ਪਾਂਡੋ ਉਨ੍ਹਾਂ ਦੇ ਪੰਜ ਆਦਮੀਆਂ ਦੇ ਸ਼ਰੀਰ ਵਿਚ ਪ੍ਰਵੇਸ਼ ਕਰਦੇ ਹਨ ਤੇ ਦਰੋਪਦੀ ਵੀ ਇਕ ਔਰਤ ਵਿਚ ਪ੍ਰਵੇਸ਼ ਕਰਦੀ ਹੈ। ਇਸ ਤਰ੍ਹਾਂ ਅਦਾਕਾਰ ਆਪਣੇ ਕਰਤੱਵਾਂ ਨਾਲ ਲੋਕਾਂ ਨੂੰ ਹੈਰਾਨ ਕਰਦੇ ਹਨ। ਰਿਚਰਡ ਲੈਨੌਏ ਮੈਰੀਏਟ ਦੇ ਹਵਾਲੇ ਨਾਲ ਲਿਖਦਾ ਹੈ ਕਿ ਤੀਵੀਆ ਇਸ ਦਿਨ ਮਰਦਾਂ ਨੂੰ ਮਾਰਦੀਆਂ ਕੁੱਟਦਿਆਂ ਹਨ ਤੇ ਭੰਗੀ ਬ੍ਰਾਹਮਣ ਤੋਂ ਬੇਗ਼ਾਰ ਕਰਾਉਂਦੇ ਹਨ। ਇਸ ਤਰ੍ਹਾਂ ਬਹੁਤ ਸਾਰੇ ਲੋਕ ਇਕ ਦੂਜੇ ਤੇ ਗੰਦ ਮੰਦ ਵੀ ਸੁੱਟਦੇ ਹਨ।

          ਦੱਖਣੀ ਭਾਰਤ ਦੇ ਮਦਰਾਸ ਪ੍ਰਾਂਤ ਵਿਚ ਹੋਲੀ ਨੂੰ ਕਾਮਦਾਹਨਮ, ਕਾਮਪਿੰਦੀਆਂ, ਕਾਮਨੀਪਿੰਦੀਗੀ ਦੇ ਨਾਵਾਂ ਨਾਲ ਜਾਣਿਆ ਜਾਂਦਾ ਹੈ। ਪਰ ਇੱਥੇ ਹੋਲੀ ਘੱਟ ਉਤਸਾਹ ਨਾਲ ਹੀ ਮਨਾਈ ਜਾਂਦੀ ਹੈ। ਪਰ ਮਾਲਾਬਾਰ, ਕੋਚੀਨ ਅਤੇ ਤਰਾਵਨ ਕੋਰ, (ਟਰਾਵਨ ਕੋਰ) ਵਿਚ ਬਿਲਕੁਲ ਹੀ ਨਹੀਂ ਮਨਾਈ ਜਾਂਦੀ। ਹਾਂ ਗੰਜਮ ਜ਼ਿਲ੍ਹੇ ਵਿਚ ਜੋ ਮਦਰਾਸ ਨਾਲੋਂ ਸਭਿਆਚਾਰਕ ਤੌਰ ਤੇ ਗੁਜਰਾਤ ਦੇ ਨੇੜੇ ਹੈ ਹੋਲੀ ਦੀ ਰਸਮ ਇਕ ਮਹੀਨਾ ਪਿੱਛੋਂ ਮਨਾਈ ਜਾਂਦੀ ਹੈ। ਗੁਜਰਾਤ ਵਿਚ ਪਹਿਲਾਂ ਹਰਾ ਨਾਰੀਅਲ ਸਾੜ ਕੇ ਫਿਰ ਸਾਰੇ ਮਿਲ ਕੇ ਉਸ ਦਾ ਪ੍ਰਸਾਦ ਖਾਂਦੇ ਹਨ। ਇਸ ਪਿੱਛੋਂ ਮਨੁੱਖੀ ਪੁਤਲਾ ਸਾੜਿਆ ਜਾਂਦਾ ਹੈ।

          ਹੋਲੀ ਸੰਬੰਧ ਸਭ ਤੋਂ ਪਹਿਲਾ ਉਲੇਖ ਸੰਸਕ੍ਰਿਤ ਸਾਹਿੱਤ ਦੀ ਚੌਥੀ ਸਦੀ ਵਿਚ ਜੈਮਿਨੀ ਦੀ ਲਿਖੀ ‘ਸਵਾਰਾ ਭਾਸ਼ੑਯ’ ਨਾਂ ਦੀ ਰਚਨਾ ਵਿਚ ਮਿਲਦਾ ਹੈ ਤੇ ਦੂਜਾ ਪ੍ਰਸਿੱਧ ਹਵਾਲਾ ਐਲਬਰੂਨੀ ਦਾ ਉਸ ਦੀ ਰਚਨਾ ‘ਅਲਹਿੰਦ’ ਵਿਚ ਮਿਲਦਾ ਹੈ। ਉਸ ਅਨੁਸਾਰ ਹੋਲੀ ਫੱਗਣ ਵਿਚ ਮਨਾਈ ਜਾਂਦੀ ਹੈ ਅਤੇ ਕ੍ਰਿਸ਼ਣ ਝੂਲਾ ਦਾ ਤਿਉਹਾਰ ਚੇਤ ਵਿਚ। ਪਰ ‘ਭਾਗਵਤ ਪੁਰਾਣ’ ਵਿਚ ਕ੍ਰਿਸ਼ਣ ਝੂਲਾ ਸੰਬੰਧੀ ਕੋਈ ਜ਼ਿਕਰ ਨਹੀਂ ਆਇਆ। ਮੱਧਯੁਗ ਤੋਂ ਪਿਛਲੇਰੇ ਸਮੇਂ ਦੇ ਬਾਹਰਲੇ ਸੈਨਾਨੀਆਂ ਦੇ ਸਫ਼ਾਰਨਾਮਿਆਂ ਵਿਚ ਹੋਲੀ ਦੇ ‘ਬਾਦਸ਼ਾਹ ਦੀ ਚੜ੍ਹਤ’ ਵਾਲੀ ਗੱਲ ਦਾ ਜ਼ਿਕਰ ਮਿਲਦਾ ਹੈ। ਇੰਜ ਪ੍ਰਤੀਤ ਹੁੰਦਾ ਹੈ ਕਿ ਇਹ ਰਸਮ ਫ਼ਾਰਸ ਦੀ ਅਜਿਹੀ ਹੀ ਇਕ ਰਸਮ ਦੀ ਪ੍ਰਤਿਛਾਇਆ ਹੈ। ਪੁਰਾਤਨ ਫ਼ਾਰਸ ਵਿਚ ਇਕ ਤਿਉਹਾਰ ਮਨਾਇਆ ਜਾਂਦਾ ਸੀ ਜਿਸ ਵਿਚ ਨਕਲੀ ਬਾਦਸ਼ਾਹ ਨੰਗਾ ਹੀ ਘੋੜੇ ਤੇ ਚੜ੍ਹਕੇ ਗਲੀਆਂ ਵਿਚੋਂ ਦੀ ਲੰਘਦਾ ਸੀ ਤੇ ਉਹ ਹੱਥ ਵਿਚ ਪੱਖਾ ਲੈ ਕੇ ਗਰਮੀ ਦੀ ਸ਼ਕਾਇਤ ਕਰਦਾ ਸੀ ਤੇ ਲੋਕ ਉਸ ਉੱਤੇ ਬਰਫ਼ ਦੇ ਗੋਲੇ ਮਾਰਦੇ ਸਨ। ਉਸ ਦੇ ਨਾਲ ਸੁਰਖਿਆ ਲਈ ਅਸਲ ਬਾਦਸ਼ਾਹ ਦੇ ਨੌਕਰ ਰਹਿੰਦੇ ਸਨ। ਨਕਲੀ ਬਾਦਸ਼ਾਹ ਲੋਕਾਂ ਤੋਂ ਖਰਾਇਤ ਮੰਗਦਾ ਸੀ। ਨਾਂਹ ਕਰਨ ਵਾਲੇ ਉਪਰ ਲਾਲ ਪਾਣੀ ਸੁਟਿਆ ਜਾਂਦਾ ਸੀ। ਰਸਮ ਦੇ ਅੰਤ ਤੇ ਨਕਲੀ ਬਾਦਸ਼ਾਹ ਮਾਰਿਆ ਕੁਟਿਆ ਜਾਂਦਾ ਤੇ ਉਸ ਦਾ ਮੌਜੂ ਉਡਾਇਆ ਜਾਂਦਾ। ਇਨ੍ਹਾਂ ਦਿਨਾਂ ਵਿਚ ਤੀਵੀਆਂ ਤੇ ਆਦਮੀ ਰੱਜ ਕੇ ਸ਼ਰਾਬ ਪੀਦੇਂ, ਇੱਕਠੇ ਲੇਟਦੇ ਦੇ ਭੋਗ ਵਿਲਾਸ ਕਰਦੇ ਸਨ। ਇਹ ਤਿਉਹਾਰ ਸਰਦੀਆਂ ਦੇ ਖ਼ਾਤਮੇ ਸਮੇਂ ਮਨਾਇਆ ਜਾਂਦਾ ਸੀ।

          ਪੁਰਾਣੇ ਬੈਬੀਲੋਨ ਵਿਚ ਵੀ ਨਕਲੀ ਬਾਦਸ਼ਾਹ ਹੀ ਸਾਲਾਨਾ ਰਸਮ ਕੀਤੀ ਜਾਂਦੀ ਸੀ ਜੋ ਕੁਝ ਦਿਨਾਂ ਲਈ ਧਰਤੀ ਤੇ ਰਾਜ ਕਰਦਾ ਸੀ ਜਿਸ ਨੂੰ ਸਾਕੀਆ (Sakaea) ਕਿਹਾਂ ਜਾਂਦਾ ਸੀ। ਇਹ ਤਿਉਹਾਰ ਬਹਾਰ ਦੀ ਰੁੱਤੇ ਮਨਾਇਆ ਜਾਂਦਾ ਸੀ। ਅਨੁਮਾਨ ਹੈ ਕਿ ਬੈਬੀਲੋਨ ਦੀ ਇਸੇ ਰਸਮ ਦਾ ਜਦੋਂ ਹੋਰਨਾਂ ਇਲਾਕਿਆਂ ਅਤੇ ਦੇਸ਼ਾਂ ਵਿਚ ਪ੍ਰਸਰ ਹੋਇਆ ਤਾਂ ਉੱਥੋਂ ਦੀਆਂ ਸਭਿਆਚਾਰਕ ਕਦਰਾਂ–ਕੀਮਤਾਂ ਅਨੁਸਾਰ ਇਸ ਦੇ ਰੂਪ ਵਿਚ ਪਰਿਵਰਤਨ ਹੁੰਦਾ ਰਿਹਾ ਅਤੇ ਵੱਖ ਵੱਖ ਦੇਸ਼ਾਂ ਵਿਚ ਇਸ ਦਾ ਭਿੰਨ ਭਿੰਨ ਤਰ੍ਹਾਂ ਨਾਲ ਵਿਕਾਸ ਹੋਇਆ, ਜਿਵੇਂ ਉਪਰੋਕਤ ਫਾਰਸ ਦੀ ਰਸਮ ਤੋਂ ਸਪਸ਼ਟ ਹੈ। ਪਰ ਭਾਰਤ ਵਿਚ ਹੋਲੀ ਦੀ ਪਰੰਪਰਾ ਆਪਣੇ ਆਪ ਵਿਚ ਸੁੰਤਤਰ ਹੈ ਅਤੇ ‘ਬਾਦਸ਼ਾਹ ਦੀ ਚੜ੍ਹਤ’ ਦੀ ਰਸਮ ਮੱਧਕਾਲ ਤੋਂ ਬਾਅਦ ਕਿਸੇ ਸਮੇਂ ਆਈ ਪ੍ਰਤੀਤ ਹੁੰਦੀ ਹੈ।

          ਸਾਰਾਂਸ਼ ਇਹ ਕਿ ਹੋਲੀ ਦਾ ਤਿਉਹਾਰ ਵੈਦਿਕ ਸਭਿਅਤਾ ਨਾਲ ਸੰਬੰਧਿਤ ਨਹੀਂ ਹੈ। ਸੰਭਵ ਹੈ ਕਿ ਨੀਵੀਆਂ ਜਾਤੀਆਂ ਦੇ ਲੋਕਾਂ ਨੂੰ ਬ੍ਰਾਹਮਣ ਪੁਜਾਰੀਆਂ ਨੇ ਹੋਮ ਦੇ ਮੁਕਾਬਲੇ ਇਹ ਤਿਉਹਾਰ ਮਨਾਉਣ ਦੀ ਖੁੱਲ੍ਹ ਦੇ ਦਿੱਤੀ ਹੋਵੇਗੀ ਅਤੇ ਪਿੱਛੋਂ ਅਨੇਕਾਂ ਮਿਥਕ ਕਥਾਵਾਂ ਇਸ ਨੂੰ ਬ੍ਰਾਹਮਣਵਾਦ ਦਾ ਅੰਗ ਸਿੱਧ ਕਰਨ ਲਈ ਘੜ ਲਈਆਂ ਗਈਆਂ ਹੋਣਗੀਆਂ।

          ਪਰ ਗੁਰੂ ਗੋਬਿੰਦ ਸਿੰਘ ਜੀ ਨੇ ਭਾਰਤ ਵਿਚ ਹੋਲੀ  ਦੀ ਇਸ ਪਰੰਪਰਾ ਦੇ ਸਮਾਨਾਂਤਰ ਆਪਣੀਆਂ ਰੁਚੀਆਂ ਦੇ ਅਨੁਰੂਪ ਲੋਕਾਂ ਦੇ ਮਨ ਅਤੇ ਆਤਮਾ ਨੂੰ ਬਲਵਾਨ ਕਰਨ ਦੇ ਆਸ਼ੇ ਤੋਂ ਇਸ ਨੂੰ ਇਕ ਨਿਰਮਾਣਕਾਰੀ ਰਸਮ ਵਿਚ ਪਰਿਵਰਤਿਤ ਕੀਤਾ। ਹੋਲੀ ਦੀਆਂ ਸਾਰੀਆ ਕਲੂਸ਼ਿਤ ਪ੍ਰਵ੍ਰਿਤਿਆਂ ਨੂੰ ਤਿਆਗ ਕੇ ਇਸ ਸਫਲ ਜੀਵਨ ਜਾਚ ਲਈ ਭਗਤੀ ਤੇ ਸ਼ਕਤੀ ਦੀ ਸਮਾਨ ਲੋੜ ਨੂੰ ਪੂਰਤੀ ਬਖ਼ਸ਼ਣ ਵਾਲੀ ਪ੍ਰੇਰਣਾ ਜਗਾਉਣ ਲਈ ਹੋਲੀ ਨੂੰ ਹੋਲਾ ਮਹੱਲਾ ਦਾ ਰੂਪ ਦਿੱਤਾ ਜਿਸ ਵਿਚ ਸੈਨਿਕ ਸਿਖਲਾਈ ਦੇ ਨਾਲ ਸ਼ਾਸਤਰ ਆਕ੍ਰਮਣ ਕਰਕੇ ਜਿੱਤ–ਪ੍ਰਾਪਤੀ ਰਾਹੀਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ। ਜੇਕਰ ਸਾਰਾ ਭਾਰਤ ਹੋਲੀ ਨੂੰ ਹੋਲਿਕਾ ਦੀ ਯਾਦ ਵਿਚ ਸੁਗੰਧ, ਰੰਗ ਤੇ ਚਿਕੜ ਆਦਿ ਦੀ ਵਰਤੋਂ ਰਾਹੀਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਦੀ ਕਰਦਾ ਹੈ ਤਾਂ ਉਸ ਦੇ ਸਮਾਨਾਂਤਰ ਖ਼ਾਲਸਾ ਹੋਲੇ ਮਹੱਲੇ ਨੂੰ ਸਵੀਕਾਰਦਾ ਹੈ, ਉਸ ਨੂੰ ਸੰਤ–ਸੇਵਾ ਵਜੋਂ ਪ੍ਰਵਾਨ ਕਰਦਾ ਹੈ ਅਤੇ ਆਪਣੀ ਆਤਮਾ ਵਿਚੋਂ ਕੂੜ ਕਸੁੱਤ ਕਢ ਕੇ ਦੈਵੀ ਸਾਤਵਿਕ ਅਤੇ ਅਧਿਆਤਮਿਕ ਭਾਵਾਂ ਨੂੰ ਜਗਾਉਣ ਦਾ ਪ੍ਰਤੀਕ ਬਣਾਉਂਦਾ ਹੈ। ਇਹੋ ਕਾਰਣ ਹੈ ਕਿ ਖ਼ਾਲਸਾ ਹੋਲੀ ਦੇ ਪਰੰਪਰਾਗਤ ਰੂਪ ਦੀ ਥਾਂ ਹੋਲਾ ਮੱਹਲਾ ਮਨਾਉਣ ਵਿਚ ਗੌਰਵ ਸਮਝਦਾ ਹੈ । ਗੁਰੂ ਗੋਬਿੰਦ ਸਿੰਘ ਨੇ 1700 ਈ . ਵਿਚ ਆਪ ਆਨੰਦਪੁਰ ਦੀ ਧਰਤੀ ਤੇ ‘ਹੋਲੋ ਮਹੱਲੇ’ ਦੀ ਰੀਤ ਦਾ ਆਰੰਭ ਕੀਤਾ। ਜਿਸ ਸਥਾਨ ਉਪਰ ਇਹ ਆਰੰਭ ਹੋਇਆ, ਉਸ ਨੂੰ ਅੱਜ ਕੱਲ੍ਹ ‘ਹੋਲ ਗੜ੍ਹ’ ਆਖਦੇ ਹਨ। ‘ਹੋਲ ਗੜ੍ਹ’ ਆਨੰਦਪੁਰ ਦਾ ਪ੍ਰਸਿੱਧ ਕਿਲ੍ਹਾ ਹੈ ਜਿੱਥੇ ਹੁਣ ਸਿੱਖ ਜਗਤ ਵੱਲੋਂ ਹੋਲੋ ਮਹੱਲੋ ਦਾ ਪੁਰਬ ਬੜੀ ਉਮੰਗ ਨਾਲ ਮਨਾਇਆ ਜਾਂਦਾ ਹੈ। ਹੋਲੋ ਮਹੱਲੇ ਦੇ ਪੁਰਬ ਤੇ ਬੇਸ਼ੱਕ ਰੰਗ ਤੇ ਸੁਗੰਧ ਦਾ ਛਿੜਕਾ ਵੀ ਹੁੰਦਾ ਹੈ, ਪਰ ਇਸ ਦਾ ਵਿਸ਼ੇਸ਼ ਚਮਤਕਾਰ ਸ਼ਸਤਰ ਵਿਦਿਆ ਦੇ ਪ੍ਰਦਰਸ਼ਨ ਵਿਚ ਵੇਖਿਆ ਜਾ ਸਕਦਾ ਹੈ।

          [ਸਹਾ. ਗ੍ਰੰਥ–ਮ. ਕੋ, ਗੁ. ਮਾ; Frazer : The Dying God; Crooke : The popular Religion and Folklore of Northern India; Nirmal Kumar Bose; Cultural Anthropology and other Essays]       


ਲੇਖਕ : ਪ੍ਰੋ. ਮੇਵਾ ਸਿੰਘ ਸਿਧੂ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 14166, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-10, ਹਵਾਲੇ/ਟਿੱਪਣੀਆਂ: no

ਹੋਲੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਹੋਲੀ : ਇਹ ਭਾਰਤ ਵਿਚ ਚੇਤਰ ਦੀ ਪੂਰਨਮਾਸ਼ੀ ਵਾਲੇ ਦਿਨ ਮਨਾਇਆ ਜਾਂਦਾ ਰੰਗਾਂ ਦਾ ਇਕ ਮੌਸਮੀ ਤਿਉਹਾਰ ਹੈ। ਇਸ ਤਿਉਹਾਰ ਨੂੰ ਹਿੰਦੂ ਮਿਥਿਹਾਸ ਅਨੁਸਾਰ ਹਿਰਨਯਕਸ਼ਿਪ (ਹਰਣਾਖਸੁ) ਦੀ ਭੈਣ ਹੋਲਿਕਾ ਦੇ ਸੜਨ ਦੇ ਦਿਨ ਨਾਲ ਜੋੜਿਆ ਜਾਂਦਾ ਹੈ। ਹਰਣਾਖਸੁ ਇਕ ਰਾਖਸ਼ਸ ਰਾਜਾ ਸੀ ਜਿਸ ਨੇ ਪਰਜਾ ਨੂੰ ਭੈ-ਭਿਤ ਕਰਕੇ ਸਭ ਨੂੰ ਆਪਣੀ ਪੂਜਾ ਲਈ ਮਜਬੂਰ ਕੀਤਾ ਹੋਇਆ ਸੀ। ਉਸ ਦਾ ਆਪਣਾ ਪੁੱਤਰ ਪ੍ਰਹਿਲਾਦ ਜੋ ਬਚਪਨ ਤੋਂ ਹੀ ਵਿਸ਼ਣੂ ਭਗਤ ਸੀ ਉਸ ਅਗੇ ਨਾਬਰ ਹੋ ਗਿਆ। ਪਾਖੰਡੀ ਰਾਜੇ ਨੇ ਆਪਣੇ ਪੁੱਤਰ ਨੂੰ ਮਾਰਨ ਦੇ ਹੀ ਜਤਨ ਆਰੰਭ ਕਰ ਦਿਤੇ। ਉਨ੍ਹਾਂ ਵਿਚੋਂ ਇਕ ਜਤਨ ਇਹ ਵੀ ਸੀ ਕਿ ਰਾਜੇ ਦੀ ਭੈਣ ਹੋਲਿਕਾ ਜਿਸ ਨੂੰ ਇਹ ਵਰਦਾਨ ਸੀ ਕਿ ਉਹ ਅੱਗ ਵਿਚ ਨਹੀਂ ਸੜੇਗੀ ਉਹ ਬਾਲਕ ਪ੍ਰਹਿਲਾਦ ਨੂੰ ਆਪਣੀ ਗੋਦੀ ਵਿਚ ਲੈ ਕੇ ਚਿਤਾ ਵਿਚ ਬੈਠ ਗਈ ਪਰੰਤੂ ਨਤੀਜਾ ਇਹ ਹੋਇਆ ਕਿ ਹੋਲਿਕਾ ਸੜ ਗਈ ਅਤੇ ਬਾਲਕ ਬਚ ਗਿਆ। ਇੰਜ ਕੁਫ਼ਰ ਅਤੇ ਬਦੀ ਉਪਰ ਸੱਚ ਅਤੇ ਨੇਕੀ ਦੀ ਫ਼ਤਹਿ ਹੋਈ।

          ਇਸ ਤਿਉਹਾਰ ਨੂੰ ਮੌਸਮਾਂ ਦੀ ਬਦਲੀ ਦੇ ਦਿਨ ਵਜੋਂ ਵੀ ਮਨਾਇਆ ਜਾਂਦਾ ਹੈ। ਚਾਰ ਚੁਫ਼ੇਰੇ ਮੌਲਿਆ ਮਾਹੌਲ ਅਤੇ ਪੁੰਗਰੇ ਨਵੇਂ ਫੁੱਲਪਤੀਆਂ ਜਾ ਰਹੀ ਰੁੱਤ ਨੂੰ ਅਲਵਿਦਾ ਕਹਿੰਦੇ ਹਨ। ਕਣਕ ਅਤੇ ਛੋਲਿਆਂ ਦੀਆਂ ਨਿਕਲ ਰਹੀਆਂ ਬੱਲੀਆਂ ਅਤੇ ਡੱਡਿਆਂ ਨੂੰ ਭੁੰਨ ਕੇ ਖਾਧਾ ਅਤੇ ਸ਼ਗਨ ਮਨਾਇਆ ਜਾਂਦਾ ਹੈ। ਇੰਜ ਇਹ ਆ ਰਹੇ ਨਵੇਂ ਦਾਣਿਆਂ ਦੀ ਖੁਸ਼ੀ ਦਾ ਤਿਉਹਾਰ ਵੀ ਮੰਨਿਆ ਜਾਂਦਾ ਹੈ।

          ਇਸ ਤਿਉਹਾਰ ਨੂੰ ਧਾਰਮਕ ਵਿਤਕਰੇ ਤੋਂ ਉਪਰ ਉਠਕੇ ਸਾਰੇ ਲੋਕੀ ਮਨਾਉਂਦੇ ਹਨ। ਹੋਲੀ ਤੋਂ ਪਹਿਲੀ ਸ਼ਾਮ ਨੂੰ ਹੋਲਿਕਾ ਦੀ ਚਿਤਾ ਸਾੜੀ ਜਾਂਦੀ ਹੈ। ਕਈ ਥਾਵਾਂ ਤੇ ਲੋਕ ਇਸ ਮੌਕੇ ਤੇ ਨਚਦੇ, ਗਾਉਂਦੇ ਅਤੇ ਰਾਖਸ਼ ਲੋਕਾਂ ਨੂੰ ਗੰਦੀਆਂ ਗਾਲਾਂ ਆਦਿ ਵੀ ਦਿੰਦੇ ਹਨ। ਇਹ ਤਿਉਹਾਰ ਦੇਸ਼ ਦੇ ਕਈ ਭਾਗਾਂ ਵਿਚ ਇਕ ਹਫ਼ਤਾ-ਭਰ ਵੀ ਮਨਾਇਆ ਜਾਂਦਾ ਹੈ। ਲੋਕ ਖ਼ੁਸ਼ੀ ਵਿਚ ਗੀਤ ਗਾਉਂਦੇ ਵਿਸ਼ੇਸ਼ ਪਕਵਾਨ ਅਤੇ ਮਿਠਿਆਈਆਂ ਆਦਿ ਵੰਡਦੇ ਹਨ। ਹੋਲੀ ਵਾਲੇ ਦਿਨ ਹੋਲਿਕਾ ਦੀ ਚਿਤਾ ਤੋਂ ਰਾਖ ਚੁੱਕ ਕੇ ਬਦੀ ਦੇ ਖ਼ਾਤਮੇ ਦੇ ਸੂਚਕ ਵਜੋਂ ਉਸ ਦਾ ਤਿਲਕ ਕਰਦੇ ਹਨ ਅਤੇ ਪਿਛੋਂ ਆਪਣੇ ਮਿੱਤਰਾਂ ਤੇ ਸਬੰਧੀਆਂ ਉਪਰ ਗੁਲਾਲ ਤੇ ਕੇਸਰ ਆਦਿ ਛਿੜਕਦੇ ਹਨ। ਲੋਕ ਇਸ ਦਿਨ ਰੰਗਾਂ ਨੂੰ ਪਾਣੀ ਵਿਚ ਘੋਲ ਕੇ ਵੀ ਇਕ ਦੂਸਰੇ ਤੇ ਵੀ ਪਾਉਂਦੇ ਹਨ। ਮੁੰਡੇ ਕੁੜੀਆਂ ਆਪਸ ਵਿਚ ਘੁਲ ਮਿਲ ਕੇ ਇਸ ਤਿਉਹਾਰ ਨੂੰ ਮਨਾਉਂਦੇ ਹਨ।

          ਇਹ ਤਿਉਹਾਰ ਭਾਰਤ ਤੋਂ ਬਾਹਰ ਵੀ ਬਹੁਤ ਦੇਸ਼ਾਂ ਵਿਚ ਮਨਾਇਆ ਜਾਂਦਾ ਹੈ। ਪਰ ਉਥੇ ਇਸ ਦੇ ਨਾਂ ਵੱਖਰੇ ਵੱਖਰੇ ਹਨ। ਜਿਵੇਂ ਕਿ ਬਰ੍ਹਮਾ ਵਿਚ ਇਹ ਤਿਉਹਾਰ ਇਸੇ ਮੌਕੇ ਤੇ ਚਾਰ ਦਿਨਾਂ ਲਈ ਰੰਗਾਂ ਦੇ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ। ਲੰਕਾ ਵਿਚ ਭਾਰਤ ਵਾਂਗ ਹੀ ਪਹਿਲਾਂ ਪੂਜਾ ਕਰਕੇ ਫਿਰ ਰੰਗ ਅਤੇ ਗੁਲਾਲ ਖੇਲ੍ਹ ਕੇ ਇਹ ਤਿਉਹਾਰ ਮਨਾਇਆ ਜਾਂਦਾ ਹੈ। ਅਮਰੀਕਾ ਵਿਚ ਇਸ ਤਿਉਹਾਰ ਦਾ ਨਾਂ “ਹੈਲੋਵੀਨ” ਹੈ ਅਤੇ 31 ਅਕਤੂਬਰ ਦੀ ਰਾਤ ਨੂੰ ਮਨਾਇਆ ਜਾਂਦਾ ਹੈ। ਇਟਲੀ ਵਿਚ ਇਸ ਦਾ ਨਾਂ “ਰੇਡਿਕਾ” ਹੈ ਅਤੇ ਫਰਵਰੀ ਵਿਚ ਘਾਹ-ਫੂਸ ਦੀ ਅੱਗ ਬਾਲ ਕੇ ਇਹ ਤਿਉਹਾਰ ਮਨਾਉਂਦੇ ਹਨ। ਫ਼ਰਾਂਸ ਵਿਚ ਇਹ ਮੂਰਖਾਂ ਦਾ ਤਿਉਹਾਰ ਹੈ। ਜੋ ਵੀ ਵਿਅਕਤੀ ਇਸ ਨੂੰ ਮਨਾਉਣ ਦੇ ਰਸਤੇ ਵਿਚ ਰੁਕਾਵਟ ਪਾਉਂਦਾ ਹੈ ਉਸ ਦਾ ਮੂਹ ਕਾਲਾ ਕਰਕੇ ਉਸ ਦੇ ਸਿੰਗ ਲਾ ਕੇ ਉਸ ਨੂੰ ਗਧਾ ਬਣਾ ਕੇ ਜਲੂਸ ਕੱਢਿਆ ਜਾਂਦਾ ਹੈ। ਚੈਕੋਸਲੋਵਾਕੀਆ ਵਿਚ ਇਸਦਾ ਨਾ “ਬੇਲੀਆ ਕੋਨੋਸੇ” ਹੈ। ਇਸ ਦਿਨ ਮੁੰਡੇ ਕੁੜੀਆਂ ਇਕ ਦੂਸਰੇ ਉਪਰ ਅਤਰ ਛਿੜਕਦੇ ਹਨ ਅਤੇ ਘਾਹ-ਫੂਸ ਦੇ ਬਣਾਏ ਗਹਿਣੇ ਦਿੰਦੇ ਹਨ। ਇਸ ਤੋਂ ਇਲਾਵਾ ਇਹ ਤਿਉਹਾਰ ਜਰਮਨੀ, ਅਫ਼ਰੀਕਾ, ਪੋਲੈਂਡ ਅਤੇ ਮਿਸਰ ਆਦਿ ਦੇਸ਼ਾਂ ਵਿਚ ਵੀ ਮਨਾਇਆ ਜਾਂਦਾ ਹੈ। ਪਰੰਤੂ ਪੱਛਮੀ ਏਸ਼ੀਆ ਦਾ ਇਕ ਪ੍ਰਸਿੱਧ ਇਤਿਹਾਸਕਾਰ ਇਸ ਤਿਉਹਾਰ ਨੂੰ ਭਾਰਤ ਵਿਚ ਸਭ ਤੋਂ ਵਧੇਰੇ ਮਹੱਤਵਪੂਰਨ ਹੋਣ ਦਾ ਮਾਣ ਦਿੰਦਾ ਹੈ।

          ਹ. ਪੁ.––ਅਜੀਤ, ਅਕਾਲੀ ਪਤਰਕਾ; ਪੰਜਾਬੀ ਟ੍ਰੀਬਿਊਨ––ਹੋਲੀ ਵਿਸ਼ੇਸ਼ ਅੰਕ, 1980


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 14152, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no

ਹੋਲੀ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਹੋਲੀ :     ਇਹ ਭਾਰਤ ਵਿਚ ਫੱਗਣ ਦੀ ਪੂਰਨਮਾਸ਼ੀ ਵਾਲੇ ਦਿਨ ਮਨਾਇਆ ਜਾਂਦਾ ਰੰਗਾਂ ਦਾ ਇਕ ਮੌਸਮੀ ਤਿਉਹਾਰ ਹੈ। ਇਸ ਤਿਉਹਾਰ ਨੂੰ ਹਿੰਦੂ ਮਿਥਿਹਾਸ ਅਨੁਸਾਰ ਹਿਰਣਯਕਸ਼ਿਪ (ਹਰਣਾਖਸ਼) ਦੀ ਭੈਣ ਹੋਲਿਕਾ ਦੇ ਸੜਨ ਦੇ ਦਿਨ ਨਾਲ ਜੋੜਿਆ ਜਾਂਦਾ ਹੈ। ਹਰਣਾਖਸ਼ ਇਕ ਰਾਖਸ਼ ਸਮਰਾਟ ਸੀ ਜਿਸ ਨੇ ਪਰਜਾ ਨੂੰ ਭੈਅ ਭੀਤ ਕਰ ਕੇ ਸਭ ਨੂੰ ਆਪਣੀ ਪੂਜਾ ਲਈ ਮਜਬੂਰ ਕੀਤਾ ਹੋਇਆ ਸੀ। ਉਸ ਦਾ ਆਪਣਾ ਪੁੱਤਰ ਪ੍ਰਹਿਲਾਦ ਜੋ ਬਚਪਨ ਤੋਂ ਹੀ ਵਿਸ਼ਨੂੰ ਭਗਤ ਸੀ, ਉਸ ਅੱਗੇ ਨਾਬਰ ਹੋ ਗਿਆ। ਪਾਖੰਡੀ ਰਾਜੇ ਨੇ ਆਪਣੇ ਪੁੱਤਰ ਨੂੰ ਹੀ ਮਾਰਨ ਦੇ ਯਤਨ ਆਰੰਭ ਕਰ ਦਿੱਤੇ। ਉਨ੍ਹਾਂ ਵਿਚੋਂ ਇਕ ਯਤਨ ਇਹ ਵੀ ਸੀ ਕਿ ਰਾਜੇ ਦੀ ਭੈਣ ਹੋਲਿਕਾ ਜਿਸ ਨੂੰ ਇਹ ਵਰਦਾਨ ਸੀ ਕਿ ਉਹ ਅੱਗ ਵਿਚ ਨਹੀਂ ਸੜੇਗੀ, ਉਹ ਬਾਲਕ ਪ੍ਰਹਿਲਾਦ ਨੂੰ ਆਪਣੀ ਗੋਦੀ ਵਿਚ ਲੈ ਕੇ ਚਿਤਾ ਵਿਚ ਬੈਠ ਗਈ ਪਰੰਤੂ ਨਤੀਜਾ ਇਹ ਹੋਇਆ ਕਿ ਹੋਲਿਕਾ ਸੜ ਗਈ ਅਤੇ ਬਾਲਕ ਬਚ ਗਿਆ। ਇੰਜ ਕੁਫ਼ਰ ਅਤੇ ਬਦੀ ਉੱਪਰ ਸੱਚ ਅਤੇ ਨੇਕੀ ਦੀ ਫ਼ਤਹਿ ਹੋਈ।

     ਇਸ ਤਿਉਹਾਰ ਨੂੰ ਮੌਸਮਾਂ ਦੀ ਬਦਲੀ ਦੇ ਦਿਨ ਵਜੋਂ ਵੀ ਮਨਾਇਆ ਜਾਂਦਾ ਹੈ। ਰਮਣੀਕ ਮਾਹੌਲ ਅਤੇ ਪੁੰਗਰੇ ਨਵੇਂ ਫੁੱਲ ਪੱਤੀਆਂ, ਜਾ ਰਹੀ ਰੁੱਤ ਨੂੰ ਅਲਵਿਦਾ ਕਹਿੰਦੇ ਹਨ।  ਕਣਕ ਅਤੇ ਛੋਲਿਆਂ ਦੀਆਂ ਨਿਕਲ ਰਹੀਆਂ ਬੱਲੀਆਂ ਅਤੇ ਟਾਟਾਂ (ਹੋਲਾਂ) ਨੂੰ ਭੁੰਨ ਕੇ ਖਾਧਾ ਜਾਂਦਾ  ਅਤੇ ਸ਼ਗਨ ਮਨਾਇਆ ਜਾਂਦਾ ਹੈ। ਇੰਜ ਇਹ ਆ ਰਹੇ ਨਵੇਂ ਦਾਣਿਆਂ ਦੀ ਖੁਸ਼ੀ ਦਾ ਤਿਉਹਾਰ ਵੀ ਮੰਨਿਆ ਜਾਂਦਾ ਹੈ।

    ਇਸ ਤਿਉਹਾਰ ਨੂੰ ਧਾਰਮਕ ਵਿਤਕਰੇ ਤੋਂ ਉੱਪਰ ਉਠ ਕੇ ਸਾਰੇ ਲੋਕੀਂ ਮਨਾਉਂਦੇ ਹਨ। ਹੋਲੀ ਤੋਂ ਪਹਿਲੀ ਸ਼ਾਮ ਨੂੰ ਹੋਲਿਕਾ ਦੀ ਚਿਤਾ ਸਾੜੀ ਜਾਂਦੀ ਹੈ। ਕਈ ਥਾਵਾਂ ਤੇ ਲੋਕ ਇਸ ਮੌਕੇ ਤੇ ਨਚਦੇ ਗਾਉਂਦੇ ਅਤੇ ਰਾਖਸ਼ਾਂ ਨੂੰ ਗੰਦੀਆਂ ਗਾਲ੍ਹਾਂ ਆਦਿ ਵੀ ਦਿੰਦੇ ਹਨ। ਇਹ ਤਿਉਹਾਰ ਦੇਸ਼ ਦੇ ਕਈ ਭਾਗਾਂ ਵਿਚ ਇਕ ਹਫ਼ਤਾ ਭਰ ਵੀ ਮਨਾਇਆ ਜਾਂਦਾ ਹੈ। ਲੋਕ ਖੁਸ਼ੀ ਵਿਚ ਗੀਤ ਗਾਉਂਦੇ, ਵਿਸ਼ੇਸ਼ ਪਕਵਾਨ ਅਤੇ ਮਠਿਆਈਆਂ ਆਦਿ ਵੰਡਦੇ ਹਨ। ਹੋਲੀ ਵਾਲੇ ਦਿਨ ਹੋਲਿਕਾ ਦੀ ਚਿਤਾ ਤੋਂ ਰਾਖ ਚੁੱਕ ਕੇ ਬਦੀ ਦੇ ਖ਼ਾਤਮੇ ਦੇ ਸੂਚਕ ਵੱਜੋਂ ਉਸ ਦਾ ਤਿਲਕ ਕਰਦੇ ਹਨ ਅਤੇ ਪਿੱਂਛੋਂ ਆਪਣੇ ਮਿੱਤਰਾਂ ਤੇ ਸਬੰਧੀਆਂ ਉੱਪਰ ਗੁਲਾਲ ਤੇ ਕੇਸਰ ਆਦਿ ਛਿੜਕਦੇ ਹਨ। ਲੋਕ ਇਸ ਦਿਨ ਰੰਗਾਂ ਨੂੰ ਪਾਣੀ ਵਿਚ ਘੋਲ ਕੇ ਇਕ ਦੂਸਰੇ ਤੇ ਪਾਉਂਦੇ ਹਨ। ਮੁੰਡੇ ਕੁੜੀਆਂ ਆਪਸ ਵਿਚ ਘੁਲ ਮਿਲ ਕੇ ਇਸ ਤਿਉਹਾਰ ਨੂੰ ਮਨਾਉਂਦੇ ਹਨ।

    ਇਹ ਤਿਉਹਾਰ ਭਾਰਤ ਤੋਂ ਬਾਹਰ ਵੀ ਬਹੁਤ ਦੇਸ਼ਾਂ ਵਿਚ ਮਨਾਇਆ ਜਾਂਦਾ ਹੈ ਪਰ ਇਸ ਦੇ ਨਾਂ ਵੱਖਰੇ ਹਨ ਜਿਵੇਂ ਕਿ ਬਰਮਾ ਵਿਚ ਇਹ ਤਿਉਹਾਰ ਇਸੇ ਮੌਕੇ ਤੇ ਚਾਰ ਦਿਨਾਂ ਲਈ ਰੰਗਾਂ ਦੇ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ। ਲੰਕਾ ਵਿਚ ਭਾਰਤ ਵਾਂਗ ਹੀ ਪਹਿਲਾਂ ਪੂਜਾ ਕਰ ਕੇ ਫਿਰ ਰੰਗ ਅਤੇ ਗੁਲਾਲ ਖੇਡ ਕੇ ਇਹ ਤਿਉਹਾਰ ਮਨਾਇਆ ਜਾਂਦਾ ਹੈ। ਅਮਰੀਕਾ ਵਿਚ ਇਸ ਤਿਉਹਾਰ ਦਾ ਨਾਂ ' ਹੈਲੋਵੀਨ ' ਹੈ ਅਤੇ 31 ਅਕਤੂਬਰ ਦੀ ਰਾਤ ਨੂੰ ਮਨਾਇਆ ਜਾਂਦਾ ਹੈ। ਇਟਲੀ ਵਿਚ ਇਸ ਦਾ ਨਾਂ 'ਰੇਡਿਕਾ' ਹੈ ਅਤੇ ਫ਼ਰਵਰੀ ਵਿਚ ਇਕ ਹਫ਼ਤੇ ਲਈ ਮਨਾਇਆ ਜਾਂਦਾ ਹੈ। ਲੋਕੀਂ ਚੁਰਾਹਿਆਂ ਵਿਚ ਘਾਹ ਫੂਸ ਦੀ ਅੱਗ ਬਾਲ ਕੇ ਇਹ ਤਿਉਹਾਰ ਮਨਾਉਂਦੇ ਹਨ। ਫਰਾਂਸ ਵਿਚ ਇਹ ਮੂਰਖਾਂ ਦਾ ਤਿਉਹਾਰ ਹੈ, ਜੋ ਵੀ ਵਿਅਕਤੀ ਇਸ ਨੂੰੰ ਮਨਾਉਣ ਦੇ ਰਸਤੇ ਵਿਚ ਰੁਕਾਵਟ ਪਾਉਂਦਾ ਹੈ ਉਸ ਦਾ ਮੂੰਹ ਕਾਲਾ ਕਰ ਕੇ, ਉਸ ਦੇ ਸਿੰਗ ਲਾ ਕੇ ਜਾਂ ਉਸ ਨੂੰ ਗਧਾ ਬਣਾ ਕੇ ਜਲੂਸ ਕੱਢਿਆ ਜਾਂਦਾ ਹੈ। ਚੈਕੋਸਲਵਾਕੀਆ ਵਿਚ ਇਸ ਦਾ ਨਾਂ 'ਬੇਲੀਆ ਕੋਨੋਸੇ' ਹੈ। ਇਸ ਦਿਨ ਮੁੰਡੇ ਕੁੜੀਆਂ ਇਕ ਦੂਸਰੇ ਉੱਪਰ ਇਤਰ ਛਿੜਕਦੇ ਹਨ ਅਤੇ ਘਾਹ ਫੂਸ ਦੇ ਬਣਾਏ ਗਹਿਣੇ ਦਿੰਦੇ ਹਨ। ਇਸ ਤੋਂ ਇਲਾਵਾ ਇਹ ਤਿਉਹਾਰ ਜਰਮਨ,ਅਫ਼ਰੀਕਾ, ਪੋਲੈਂਡ ਅਤੇ ਮਿਸਰ ਆਦਿ ਦੇਸ਼ਾਂ ਵਿਚ ਵੀ ਮਨਾਇਆ ਜਾਂਦਾ ਹੈ ਪਰੰਤੂ ਪੱਛਮੀ ਏਸ਼ੀਆ ਦਾ ਇਕ ਪ੍ਰਸਿੱਧ ਇਤਿਹਾਸਕਾਰ ਇਸ ਤਿਉਹਾਰ ਨੂੰ ਭਾਰਤ ਵਿਚ ਸਭ ਤੋਂ ਵਧੇਰੇ ਮਹੱਤਵਪੂਰਨ ਹੋਣ ਦਾ ਮਾਣ ਦਿੰਦਾ ਹੈ।

 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7876, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-19-11-04-36, ਹਵਾਲੇ/ਟਿੱਪਣੀਆਂ: ਹ. ਪੁ. –ਅਜੀਤ. ਅਕਾਲੀ ਪੱਤ੍ਰਿਕਾ ਟ੍ਰਿਬਿਊਨ, ਦੇ ਹੋਲੀ ਵਿਸ਼ੇਸ਼ ਅੰਕ. (1980); ਮ. ਕੋ. ; ਪੰ. ਵਿ. ਕੋ.; ਪੰ. ਲੋ. ਵਿ. ਕੋ.

ਹੋਲੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹੋਲੀ, ਇਸਤਰੀ ਲਿੰਗ : ਹਿੰਦੂਆਂ ਦਾ ਇੱਕ ਤਿਉਹਾਰ ਜੋ ਫੱਗਣ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਇਸ ਸਮੇਂ ਲੋਕ ਇੱਕ ਦੂਜੇ ਤੇ ਗੁਲਾਲ ਕੇਸਰ ਆਦਿ ਪਾਉਂਦੇ ਹਨ (ਲਾਗੂ ਕਿਰਿਆ : ਖੇਡਣਾ, ਸਚਾਉਣਾ, ਮਨਾਉਣਾ) 

–ਖ਼ੂਨ ਦੀ ਹੋਲੀ ਖੇਡਣਾ, ਖ਼ੂਨ ਦੀ ਹੋਲੀ ਮਚਾਉਣਾ, ਮੁਹਾਵਰਾ : ਖ਼ੂਨ ਖਰਾਬਾ ਕਰਨਾ, ਕਤਲਾਮ ਮਚਾਉਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2483, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-25-04-19-42, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.