ਅਕਾਲੀ ਲਹਿਰ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਕਾਲੀ ਲਹਿਰ : ਵੀਹਵੀਂ ਸਦੀ ਦੇ ਪਹਿਲੇ ਵੀਹਵੇਂ ਸਾਲਾਂ ਵਿਚ ਸਿੱਖ ਗੁਰਦੁਆਰਿਆਂ ਦੀ ਅਜ਼ਾਦੀ ਲਈ , ਸਿੱਖਾਂ ਦੀ ਲੰਮੀ ਜਥੇਬੰਦ ਮੁਹਿੰਮ ਹੈ ਜੋ ਗੁਰਦੁਆਰਾ ਸੁਧਾਰ ਲਹਿਰ ਜਾਂ ਗੁਰਦੁਆਰਾ ਅੰਦੋਲਨ ਆਦਿ ਕਈ ਨਾਵਾਂ ਨਾਲ ਜਾਣੀ ਜਾਂਦੀ ਅਤੇ ਬਿਆਨ ਕੀਤੀ ਗਈ ਹੈ । ਇਸ ਅੰਦੋਲਨ ਨੇ ਖਾਸ ਕਰਕੇ ਪੇਂਡੂ ਲੋਕਾਂ ਤੋਂ ਬੜੀ ਉਤਸ਼ਾਹਪੂਰਨ ਹਿਮਾਇਤ ਪ੍ਰਾਪਤ ਕੀਤੀ ਅਤੇ ਮਾਰਚ ਕਰਨੇ , ਦੀਵਾਨ ਲਗਾਉਣੇ ਅਤੇ ਮੁਜ਼ਾਹਰੇ ਕਰਨੇ ਆਦਿ ਰਾਹੀਂ ਸ਼ਾਂਤਮਈ ਅੰਦੋਲਨ ਦਾ ਰੂਪ ਧਾਰਨ ਕੀਤਾ । ਇਹਨਾਂ ਰਾਹੀਂ ਸਿੱਖ ਆਪਣੇ ਧਰਮ ਅਸਥਾਨਾਂ ਦੇ ਪ੍ਰਬੰਧ ਕਰਨ ਦੇ ਅਧਿਕਾਰ ਦਾ ਦਾਹਵਾ ਕਰਦੇ ਸਨ । ਇਸ ਕਾਰਨ ਕਈ ਗੰਭੀਰ ਘਟਨਾਵਾਂ ਹੋਈਆਂ ਜਿਨ੍ਹਾਂ ਵਿਚ ਉਹਨਾਂ ਦੀ ਸਹਿਨਸ਼ਕਤੀ ਨੂੰ ਸਰਕਾਰੀ ਦਬਾਉ ਨੀਤੀ ਨੇ ਪੂਰੀ ਤਰ੍ਹਾਂ ਪਰਖਿਆ । ਇਸ ਘਟਨਾ-ਕ੍ਰਮ ਵਿਚੋਂ ਵਿਰੋਧ ਕਰਨ ਵਾਲਿਆਂ ਵਜੋਂ ਜਾਣੇ ਜਾਂਦੇ ਅਕਾਲੀ ਆਪਣੇ ਉਦੇਸ਼ ਵਿਚ ਸਫ਼ਲ ਹੋ ਗਏ ਅਤੇ ਗੁਰਦੁਆਰਿਆਂ ਦਾ ਪ੍ਰਬੰਧ ਸਿੱਖਾਂ ਦੀ ਨੁਮਾਇੰਦਾ ਕਮੇਟੀ ਨੂੰ ਕਾਨੂੰਨ ਰਾਹੀਂ ਸੌਂਪ ਦਿੱਤਾ ਗਿਆ । ਮਹਾਰਾਜਾ ਰਣਜੀਤ ਸਿੰਘ ( 1780-1839 ) ਦੀ ਸਰਕਾਰ ਨੇ ਸਿੱਖਾਂ ਦੇ ਗੁਰਦੁਆਰਿਆਂ ਦੇ ਪ੍ਰਬੰਧ ਵਿਚ ਦਖ਼ਲ ਅੰਦਾਜ਼ੀ ਤੋਂ ਗੁਰੇਜ਼ ਕੀਤਾ ਸੀ । ਸਰਕਾਰ ਨੇ ਉਹਨਾਂ ਵਿਚੋਂ ਪ੍ਰਮੁੱਖ ਗੁਰਦੁਆਰਿਆਂ ਦੇ ਨਾਂ ਜ਼ਮੀਨਾਂ ਅਤੇ ਹੋਰ ਭੇਟਾਵਾਂ ਦਿੱਤੀਆਂ ਸਨ ਪਰੰਤੂ ਇਹਨਾਂ ਦਾ ਪ੍ਰਬੰਧ ਉਦਾਸੀਆਂ ਜਾਂ ਜੱਦੀ ਪੁਜਾਰੀਆਂ ਦੇ ਹੱਥ ਵਿਚ ਰਹਿਣ ਦਿੱਤਾ ਜਿਨ੍ਹਾਂ ਨੇ ਇਹਨਾਂ ਦੀ ਸੇਵਾ ਸੰਭਾਲ ਆਮ ਤੌਰ ਤੇ ਉਹਨਾਂ ਦਿਨਾਂ ਤੋਂ ਹੀ ਸੰਭਾਲੀ ਹੋਈ ਸੀ ਜਦੋਂ ਮੁਗਲਾਂ ਦੇ ਜੁਲਮ ਤੋਂ ਬਚਣ ਲਈ ਸਿੱਖ ਦੂਰ ਪਹਾੜੀਆਂ ਅਤੇ ਰੇਗਿਸਤਾਨਾਂ ਵਿਚ ਜਾਣ ਲਈ ਮਜਬੂਰ ਹੋ ਗਏ ਸਨ । ਸਿੱਖ ਧਾਰਮਿਕ ਢਾਂਚੇ ਦੇ ਵਿਪਰੀਤ ਇਕ ਕਿਸਮ ਦਾ ਪੇਸ਼ਾਵਰਾਨਾਂ ਮੱਠਵਾਦ ਕਈ ਪੀੜ੍ਹੀਆਂ ਤੋਂ ਪੈਦਾ ਹੋ ਗਿਆ ਸੀ । ਇਸ ਦੇ ਕੁਝ ਮਾੜੇ ਸਿੱਟੇ ਸਪਸ਼ਟ ਤੌਰ ਤੇ ਸਿੱਖ ਰਾਜ ਦੇ ਖ਼ਤਮ ਹੋਣ ਉਪਰੰਤ ਸਾਮ੍ਹਣੇ ਆਏ । ਇਹਨਾਂ ਵਿਚੋਂ ਜ਼ਿਆਦਾਤਰ ਪੁਜਾਰੀ ਆਪਣੇ ਧਾਰਮਿਕ ਫ਼ਰਜਾਂ ਵੱਲੋਂ ਕੁਤਾਹੀ ਕਰਨ ਲੱਗ ਪਏ ਸਨ । ਦਾਨ ਵਿਚ ਮਿਲੀ ਹੋਈ ਜ਼ਮੀਨ ਸਮੇਤ ਉਹਨਾਂ ਨੇ ਧਾਰਮਿਕ ਜਾਇਦਾਦ ਨੂੰ ਆਪਣੀ ਨਿੱਜੀ ਜਾਇਦਾਦ ਬਣਾ ਲਿਆ ਅਤੇ ਉਹਨਾਂ ਦਾ ਜੀਵਨ ਭੋਗ ਵਿਲਾਸ ਅਤੇ ਐਸ਼ ਪ੍ਰਸਤੀ ਦੇ ਦਾਗਾਂ ਵਾਲਾ ਬਣ ਗਿਆ ਸੀ । ਸਿੱਖ ਗੁਰਦੁਆਰਿਆਂ ਵਿਚ ਸਧਾਰਨ ਪੂਜਾ ਪਾਠ ਦੀਆਂ ਵਿਧੀਆਂ ਨੂੰ ਬਹੁਤ ਵਿਖਾਵੇ ਭਰਪੂਰ ਬਣਾ ਕੇ ਖਰਚੀਲਾ ਬਣਾ ਦਿੱਤਾ ਗਿਆ ਸੀ । ਸਿੰਘ ਸਭਾ ਦੇ ਪ੍ਰਚਾਰ ਕਾਰਨ ਤਾਜ਼ਾ ਤਾਜ਼ਾ ਬੰਧਨ ਮੁਕਤ ਹੋਏ ਸਿੱਖਾਂ ਨੂੰ ਇਹ ਸਭ ਕੁਝ ਸਿੱਖੀ ਦੇ ਅਸੂਲ ਤੋਂ ਵਿਪਰੀਤ ਲਗ ਰਿਹਾ ਸੀ । ਸਿੰਘ ਸਭਾ ਦੇ ਪ੍ਰਚਾਰ ਰਾਹੀਂ ਪ੍ਰਾਪਤ ਕੀਤੀ ਪੁਨੀਤ ਪ੍ਰਤੀਕ੍ਰਿਆ ਨੇ ਸਿੱਖਾਂ ਨੂੰ ਉਹਨਾਂ ਦੇ ਪਵਿੱਤਰ ਧਾਰਮਿਕ ਅਸਥਾਨਾਂ ਵਿਚ ਅਧੋਗਤੀ ਅਤੇ ਭੈੜੇ ਪ੍ਰਬੰਧ ਦੇ ਖਿਲਾਫ਼ ਵਿਦਰੋਹ ਕਰਨ ਲਈ ਮਜਬੂਰ ਕਰ ਦਿੱਤਾ ।

      ਉਹਨਾਂ ਦੇ ਕੇਂਦਰੀ ਧਰਮ ਅਸਥਾਨ , ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਦਾ ਨਿਯੰਤਰਣ ਬ੍ਰਿਟਿਸ਼ ਡਿਪਟੀ ਕਮਿਸ਼ਨਰ ਵਲੋਂ ਨਿਯੁਕਤ ਕੀਤੇ ਸਿੱਖ ਮੈਨੇਜਰ ਦੁਆਰਾ ਕੀਤਾ ਜਾਂਦਾ ਸੀ । ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਮੂਰਤੀਆਂ ਰੱਖੀਆਂ ਹੋਈਆਂ ਸਨ । ਪੰਡਤ ਅਤੇ ਜੋਤਸ਼ੀ ਦਰਬਾਰ ਸਾਹਿਬ ਦੀ ਹੱਦ ਅੰਦਰ ਬਿਨਾਂ ਰੋਕ ਟੋਕ ਆਪਣਾ ਧੰਦਾ ਕਰਦੇ ਸਨ । ਹਰਿਮੰਦਰ ਸਾਹਿਬ ਵਿਚ ਸਵੇਰੇ 9 ਵਜੇ ਤੋਂ ਪਹਿਲਾਂ ਪਛੜੀਆਂ ਜਾਤੀਆਂ ਨੂੰ ਜਾਣ ਦੀ ਆਗਿਆ ਨਹੀਂ ਸੀ । ਇਹ ਸਿੱਖ ਧਰਮ ਦੀ ਸਿੱਖਿਆ ਦੇ ਵਿਰੁੱਧ ਸੀ ਜਿਸ ਵਿਚ ਨਾ ਤਾਂ ਜਾਤ ਪਾਤ ਮੰਨੀ ਗਈ ਹੈ ਅਤੇ ਨਾ ਹੀ ਮੂਰਤੀ ਪੂਜਾ ਦੀ ਆਗਿਆ ਹੈ । ਅੰਗਰੇਜ਼ਾਂ ਦੇ ਆਉਣ ਤੋਂ ਹੀ ਲੈ ਕੇ ਸਿੱਖਾਂ ਵਿਚ ਇਕ ਭਾਵਨਾ ਬਣ ਚੁਕੀ ਸੀ ਕਿ ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਦਾ ਪ੍ਰਬੰਧ ਤਸੱਲੀਬਖਸ਼ ਹੋਣ ਤੋਂ ਕੋਹਾਂ ਦੂਰ ਹੈ । ਪ੍ਰਚਲਿਤ ਕੀਤੇ ਜਾ ਚੁੱਕੇ ਧਾਰਮਿਕ ਰੀਤੀ ਰਿਵਾਜ ਕਈ ਪੱਖਾਂ ਤੋਂ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਦੇ ਉਲਟ ਸਨ । ਇਸ ਵਿਰੋਧ ਦੀ ਇਕੋ ਇਕ ਸੁਣਾਈ ਦੇਣ ਵਾਲੀ ਆਵਾਜ਼ ਠਾਕਰ ਸਿੰਘ ਸੰਧਾਵਾਲੀਆ ਦੀ ਸੀ ਜੋ ਪਿਛਲੀ ਸਦੀ ਦੇ ਸੱਤਰ੍ਹਵਿਆਂ ਵਿਚ ਸ੍ਰੀ ਦਰਬਾਰ ਸਾਹਿਬ ਕਮੇਟੀ ਦਾ ਇਕ ਮੈਂਬਰ ਸੀ । ਖ਼ਾਲਸਾ ਦੀਵਾਨ ਲਾਹੌਰ ਨੇ ਆਪਣੇ ( 6-8 ਅਪ੍ਰੈਲ 1907 ) ਦੇ ਸ਼ੈਸਨ ਵਿਚ ਇਹ ਸੁਝਾਅ ਦਿੱਤਾ ਕਿ ਸਰਕਾਰ ਦੁਆਰਾ ਦਰਬਾਰ ਸਾਹਿਬ ਦਾ ਨਿਯੁਕਤ ਕੀਤਾ ਗਿਆ ਮੈਨੇਜਰ ਹਟਾਇਆ ਜਾਏ ਅਤੇ ਇਸ ਦੀ ਜਗ੍ਹਾ ਸਿੱਖ ਮੁਖੀਆਂ ਦੀ ਇਕ ਕਮੇਟੀ ਨਿਯੁਕਤ ਹੋਣੀ ਚਾਹੀਦੀ ਹੈ । ਇਸੇ ਤਰ੍ਹਾਂ ਖ਼ਾਲਸਾ ਦੀਵਾਨ ਮਾਝਾ ਨੇ 9-10 ਅਪ੍ਰੈਲ 1907 ਦੀ ਆਪਣੀ , ਤਰਨ ਤਾਰਨ ਦੀ ਮੀਟਿੰਗ ਵਿਚ ਗੁਰਦੁਆਰਿਆਂ ਦੇ ਪ੍ਰਬੰਧ ਸੰਬੰਧੀ ਆਪਣੀ ਚਿੰਤਾ ਦਰਜ ਕਰਾਈ ਸੀ ।

              12 ਅਕਤੂਬਰ 1920 ਨੂੰ ਅੰਮ੍ਰਿਤਸਰ ਦੇ ਜੱਲ੍ਹਿਆਂਵਾਲਾ ਬਾਗ ਵਿਖੇ ਖ਼ਾਲਸਾ ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਹਾਇਤਾ ਨਾਲ ਸਿੱਖ ਪੱਛੜੀਆਂ ਸ਼੍ਰੇਣੀਆਂ ਦੀ ਇਕ ਇਕੱਤਰਤਾ ਹੋਈ ਸੀ । ਅਗਲੀ ਸਵੇਰੇ ਉਹਨਾਂ ਵਿਚੋਂ ਕੁਝ ਕੁ ਨੂੰ ਹਰਿਮੰਦਰ ਸਾਹਿਬ ਲੈ ਜਾਇਆ ਗਿਆ ਪਰੰਤੂ ਪੁਜਾਰੀਆਂ ਨੇ ਉਹਨਾਂ ਵਲੋਂ ਲਿਆਂਦੇ ਪ੍ਰਸ਼ਾਦ ਨੂੰ ਲੈਣ ਤੋਂ ਅਤੇ ਉਹਨਾਂ ਲਈ ਅਰਦਾਸ ਕਰਨ ਤੋਂ ਇਨਕਾਰ ਕਰ ਦਿੱਤਾ । ਉਹਨਾਂ ਦੇ ਸਮਰਥਕਾਂ ਨੇ ਇਸ ਦਾ ਵਿਰੋਧ ਕੀਤਾ । ਆਖ਼ਰ ਵਿਚ ਇਕ ਸਮਝੌਤਾ ਹੋਇਆ ਅਤੇ ਇਹ ਫ਼ੈਸਲਾ ਹੋ ਗਿਆ ਕਿ ਗੁਰੂ ਸਾਹਿਬ ਦਾ ਮੁੱਖ ਵਾਕ ਲਿਆ ਜਾਵੇ । ਜਿਵੇਂ ਕਿ ਰਵਾਇਤ ਹੈ , ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਅਤੇ ਪਹਿਲਾ ਹੁਕਮਨਾਮਾ ਜੋ ਆਇਆ ਉਹ ਇਸ ਤਰਾਂ ਸੀ :                    

  ਨਿਰਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ ॥ ( ਗੁ.ਗ੍ਰੰ. , 638 )

      ਗੁਰੂ ਦਾ ਹੁਕਮ ਸਪਸ਼ਟ ਤੌਰ ਤੇ ਉਹਨਾਂ ਦੇ ਹੱਕ ਵਿਚ ਸੀ ਜਿਨ੍ਹਾਂ ਨੂੰ ਪੁਜਾਰੀਆਂ ਨੇ ਕੌਮ ਦੇ ਪੂਰੇ ਮੈਂਬਰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ । ਸੁਧਾਰਵਾਦੀ ਸਿੱਖਾਂ ਲਈ ਇਹ ਜਿੱਤ ਸੀ । ਸਿੱਖ ਸੁਧਾਰਵਾਦੀਆਂ ਵਲੋਂ ‘ ਨੀਵੀਆਂ ਸ਼੍ਰੇਣੀਆਂ` ਨੂੰ ਦਿੱਤੇ ਨਾਂ ਮਜ਼੍ਹਬੀ ( ਧਾਰਮਿਕ ਸ਼ਰਧਾਲੂ ) ਸਿੱਖਾਂ ਦਾ ਕੜਾਹਪ੍ਰਸਾਦ , ਪਰਵਾਨ ਕਰ ਲਿਆ ਗਿਆ । ਇਸ ਉਪਰੰਤ ਸਾਰੀ ਸੰਗਤ ਹਰਿਮੰਦਰ ਸਾਹਿਬ ਸਾਮ੍ਹਣੇ ਤਖ਼ਤ ਅਕਾਲ ਬੁੰਗੇ ਵੱਲ ਨੂੰ ਚੱਲ ਪਈ । ਪੁਜਾਰੀ ਤਖ਼ਤ ਛੱਡ ਕੇ ਚਲੇ ਗਏ ਸਨ ਅਤੇ ਦਰਸ਼ਨ ਕਰਨ ਗਏ ਯਾਤਰੂਆਂ ਨੇ ਇਸ ਦੇ ਪ੍ਰਬੰਧ ਲਈ ਆਪਣੇ ਨੁਮਾਇੰਦਿਆਂ ਦੀ ਇਕ ਪੰਝੀ ਮੈਂਬਰੀ ਕਮੇਟੀ ਬਣਾ ਦਿੱਤੀ । ਗੁਰਦੁਆਰਿਆਂ ਦੀ ਅਜ਼ਾਦੀ ਲਈ ਇਹ ਲਹਿਰ ਦਾ ਅਰੰਭ ਸੀ । ਅਕਾਲੀਆਂ ਨੇ ਮਹੰਤਾਂ ਜਾਂ ਰਖਿਅਕ ਜਾਣੇ ਜਾਂਦੇ ਜੱਦੀ-ਪੁਸ਼ਤੀ ਪੁਜਾਰੀਆਂ ਦੇ ਕਬਜ਼ੇ ਚੋਂ ਆਪਣੇ ਪਵਿੱਤਰ ਸਥਾਨਾਂ ਨੂੰ ਮੁਕਤ ਕਰਾਉਣ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ । ਇਕ ਕੇਂਦਰੀ ਪ੍ਰਬੰਧਕ ਕਮੇਟੀ ਸਥਾਪਿਤ ਕਰਨ ਦੇ ਖਿਆਲ ਨਾਲ ਸਿੱਖਾਂ ਦੇ ਹਰ ਹਿੱਸੇ ਦੇ ਸਿੱਖ ਨੁਮਾਇੰਦਿਆਂ ਦਾ ਇਕ ਇਕੱਠ ਤਖ਼ਤ ਅਕਾਲ ਬੁੰਗੇ ਦੇ ਨਵੇਂ ਜਥੇਦਾਰ ਵਲੋਂ 15 ਨਵੰਬਰ 1920 ਨੂੰ ਬੁਲਾਇਆ ਗਿਆ । ਹੋਣ ਵਾਲੀ ਇਸ ਇਕੱਤ੍ਰਤਾ ਤੋਂ ਦੋ ਦਿਨ ਪਹਿਲਾਂ ਸਰਕਾਰ ਨੇ ਦਰਬਾਰ ਸਾਹਿਬ ਦਾ ਪ੍ਰਬੰਧ ਕਰਨ ਲਈ 36 ਸਿੱਖਾਂ ਦੀ ਆਪਣੀ ਇਕ ਕਮੇਟੀ ਸਥਾਪਤ ਕਰ ਦਿੱਤੀ । ਭਾਈ ਜੋਧ ਸਿੰਘ ਅਤੇ ਖ਼ਾਲਸਾ ਕਾਲਜ , ਅੰਮ੍ਰਿਤਸਰ ਦੇ ਉਹਨਾਂ ਦੇ ਸਹਿਯੋਗੀਆਂ ਵਲੋਂ ਮਹਾਰਾਜਾ ਭੂਪਿੰਦਰ ਸਿੰਘ ਪਟਿਆਲਾ ਨੂੰ ਸਰਕਾਰ ਅਤੇ ਸਿੱਖਾਂ ਵਿਚ ਦਖਲ ਦੇਣ ਲਈ ਪਹੁੰਚ ਕਰਨ ਅਤੇ ਮਹਾਰਾਜਾ ਦੇ ਕਹਿਣ ਤੇ ਇਹ ਕਮੇਟੀ ਪੰਜਾਬ ਦੇ ਲੈਫਟੀਨੈਂਟ-ਗਵਰਨਰ ਦੁਆਰਾ ਨਿਯੁਕਤ ਕੀਤੀ ਗਈ ਸੀ । ਸਿੱਖਾਂ ਨੇ ਆਪਣੀ ਮਿਥੀ ਹੋਈ ਇਕੱਤਰਤਾ 15 ਨਵੰਬਰ ਨੂੰ ਕੀਤੀ ਅਤੇ 175 ਮੈਂਬਰਾਂ ਦੀ ਇਕ ਕਮੇਟੀ ਬਣਾ ਦਿੱਤੀ ਜਿਸ ਵਿਚ ਸਰਕਾਰ ਵਲੋਂ ਨਿਯੁਕਤ ਕੀਤੇ ਹੋਏ 36 ਨੁਮਾਇੰਦੇ ਭੀ ਸ਼ਾਮਲ ਕਰ ਲਏ ਗਏ । ਇਸ ਦਾ ਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਿਆ ਗਿਆ । ਇਸ ਕਮੇਟੀ ਦਾ ਪਹਿਲਾ ਇਕੱਠ 12 ਦਸੰਬਰ 1920 ਨੂੰ ਅਕਾਲ ਤਖ਼ਤ ਸਾਹਿਬ ਵਿਖੇ ਕੀਤਾ ਗਿਆ । ਸਰਦਾਰ ਸੁੰਦਰ ਸਿੰਘ ਮਜੀਠਿਆ , ਸਰਦਾਰ ਹਰਬੰਸ ਸਿੰਘ ਅਟਾਰੀ ਅਤੇ ਭਾਈ ਜੋਧ ਸਿੰਘ ਨੂੰ ਕ੍ਰਮਵਾਰ ਪ੍ਰਧਾਨ , ਮੀਤ ਪ੍ਰਧਾਨ ਅਤੇ ਸਕੱਤਰ ਚੁਣਿਆ ਗਿਆ । ਵਧ ਗਰਮ ਖਿਆਲੀ ਤੱਤਾਂ ਨੇ ਅਰਧ-ਫ਼ੌਜੀ ਦਲਾਂ ਦੇ ਵਲੰਟੀਅਰਾਂ ਦਾ ਸੰਗਠਨ ਕੀਤਾ ਜੋ ਅਕਾਲੀ ਦਲ ( ਅਮਰ ਸਿੰਘਾਂ ਦੀ ਫ਼ੌਜ ) ਕਹਿਲਾਇਆ । ਅਕਾਲੀ ਦਲ ਨੇ ਆਦਮੀ ਇਕੱਠੇ ਕਰਨੇ ਅਤੇ ਉਹਨਾਂ ਨੂੰ ਹਠੀ ਮਹੰਤਾਂ ਤੋਂ ਗੁਰਦੁਆਰੇ ਆਪਣੇ ਕਬਜ਼ੇ ਵਿਚ ਲੈਣ ਲਈ ਕੰਮ ਕਰਨ ਦੀ ਸਿੱਖਿਆ ਦੇਣੀ ਸੀ । ਇਸ ਨਾਲ ਹੀ ਗੁਰਮੁਖੀ ਦਾ ਇਕ ਅਖ਼ਬਾਰ ਛਾਪੇ ਜਾਣ ਦਾ ਸੰਕੇਤ ਵੀ ਮਿਲ ਗਿਆ ਜਿਸ ਨੂੰ ਵੀ ‘ ਅਕਾਲੀ` ਕਿਹਾ ਜਾਂਦਾ ਸੀ ।

      ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹੋਂਦ ਵਿਚ ਆਉਣ ਨੇ ਸਿੱਖ ਧਾਰਮਿਕ ਸੰਸਥਾਵਾਂ ਅਤੇ ਜਾਇਦਾਦਾਂ ਦੇ ਸੁਧਾਰ ਦੀ ਲਹਿਰ ਵਿਚ ਤੇਜੀ ਲੈ ਆਂਦੀ । ਅਕਸਰ ਹੁੰਦੇ ਸ਼ਕਤੀ ਪ੍ਰਦਰਸ਼ਨਾਂ ਕਾਰਨ ਬਣਨ ਵਾਲੀ ਸਿੱਖ ਵਿਚਾਰ ਧਾਰਾ ਦੇ ਦਬਾਅ ਹੇਠ ਮਹੰਤਾਂ ਨੇ ਚੁਣੀਆਂ ਹੋਈਆਂ ਕਮੇਟੀਆਂ ਨੂੰ ਗੁਰਦੁਆਰਿਆਂ ਦੀਆਂ ਜਾਇਦਾਦਾਂ ਸੌਂਪਣੀਆਂ ਅਰੰਭ ਕਰ ਦਿੱਤੀਆਂ ਅਤੇ ਤਨਖ਼ਾਹਦਾਰ ਗ੍ਰੰਥੀ ਹੋਣਾ ਮੰਨ ਲਿਆ । ਇਥੋਂ ਤਕ ਕਿ ਸੰਵਿਧਾਨਿਕ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦੇ ਸਥਾਪਿਤ ਹੋਣ ਤੋਂ ਪਹਿਲਾਂ ਹੀ ਅਨੇਕਾਂ ਗੁਰਦੁਆਰੇ ਸੁਧਾਰਵਾਦੀਆਂ ਦੇ ਪ੍ਰਬੰਧ ਹੇਠ ਆ ਗਏ । ਫਿਰ ਵੀ ਉਹਨਾਂ ਅਸਥਾਨਾਂ ਤੇ ਇਹ ਤਬਦੀਲੀ ਏਨੀ ਸੌਖੀ ਨਹੀਂ ਸੀ ਜਿਥੇ ਪੁਜਾਰੀ ਪੱਕੇ ਪੈਰੀਂ ਟਿਕੇ ਹੋਏ ਸਨ ਜਾਂ ਫਿਰ ਸਰਕਾਰ ਨੇ ਭੀ ਆਮ ਲੋਕਾਂ ਦੇ ਦਬਾਅ ਨੂੰ ਰੋਕਣ ਵਿਚ ਉਹਨਾਂ ਦੀ ਮਦਦ ਕੀਤੀ ਸੀ । ਅੰਮ੍ਰਿਤਸਰ ਦੇ ਨੇੜੇ ਤਰਨ ਤਾਰਨ ਵਿਖੇ ਗੁਰਦੁਆਰੇ ਦੇ ਸੰਚਾਲਕਾਂ ਨੇ ਅਚੇਤ ਹੀ ਸੁਧਾਰਵਾਦੀਆਂ ਦੇ ਪ੍ਰਤੀਨਿਧੀਆਂ ਉੱਤੇ ਹਮਲਾ ਕਰ ਦਿੱਤਾ ਜਿਨ੍ਹਾਂ ਨੂੰ ਗੱਲ-ਬਾਤ ਲਈ ਗੁਰਦੁਆਰੇ ਵਿਚ ਬੁਲਾਇਆ ਗਿਆ ਸੀ । ਉਹਨਾਂ ਵਿਚੋਂ ਬਘੇਲ ਸਿੰਘ ਮਿਸਲ ਦੇ ਮੁਖੀ ਦਾ ਇਕ ਜਾਨਸ਼ੀਨ ਹਜ਼ਾਰਾ ਸਿੰਘ ਅੱਲਾਦੀਨਪੁਰ 20 ਜਨਵਰੀ 1921 ਨੂੰ ਪੁਜਾਰੀਆਂ ਦੇ ਹਮਲੇ ਦਾ ਸ਼ਿਕਾਰ ਹੋ ਗਿਆ । ਅਗਲੇ ਦਿਨ ਉਹ ਅਕਾਲ ਚਲਾਣਾ ਕਰ ਗਿਆ ਅਤੇ ਗੁਰਦੁਆਰਾ ਸੁਧਾਰ ਦੇ ਪਹਿਲੇ ਸ਼ਹੀਦ ਵਜੋਂ ਜਾਣਿਆ ਗਿਆ । ਵਾਸੂ ਕੋਟ ਦਾ ਇਕ ਹੋਰ ਅਕਾਲੀ , ਹੁਕਮ ਸਿੰਘ ਭੀ , 4 ਫਰਵਰੀ 1921 ਨੂੰ ਜਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਚਲਾਣਾ ਕਰ ਗਿਆ ।

      ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਨਨਕਾਣਾ ਸਾਹਿਬ ਸਭ ਤੋਂ ਵੱਧ ਹਿੰਸਕ ਦ੍ਰਿਸ਼ ਵਾਲੀ ਜਗ੍ਹਾ ਸੀ । ਇਥੋਂ ਦੀ ਸੇਵਾ ਸੰਭਾਲ ਕਰਨ ਵਾਲਾ ਨਰੈਣ ਦਾਸ ਮਹੰਤਾਂ ਵਿਚੋਂ ਸਭ ਤੋਂ ਵੱਧ ਧਨਵਾਨ ਸੀ ਅਤੇ ਲੋਕਾਂ ਵਿਚ ਬਦਨਾਮ ਸੀ । ਨਨਕਾਣਾ ਸਾਹਿਬ ਗੁਰਦੁਆਰੇ ਦੀ ਮੁਖ਼ਤਾਰੀ ਦੇ ਸਮੇਂ ਦੌਰਾਨ ਉਥੇ ਕਈ ਬਦਕਾਰੀਆਂ ਸ਼ੁਰੂ ਹੋ ਗਈਆਂ ਸਨ । 20 ਫਰਵਰੀ 1921 ਨੂੰ ਸਵੇਰੇ 150 ਅਕਾਲੀਆਂ ਦਾ ਇਕ ਜਥਾ ਗੁਰਦੁਆਰੇ ਆਇਆ ਤਾਂ ਨਰੈਣ ਦਾਸ ਦੀ ਰੱਖੀ ਹੋਈ ਨਿੱਜੀ ਫ਼ੌਜ ਨੇ ਉਹਨਾਂ ਤੇ ਗੋਲੀਆਂ ਦੀ ਵਾਛੜ ਸ਼ੁਰੂ ਕਰ ਦਿੱਤੀ । ਜਥੇ ਦਾ ਮੁਖੀ ਭਾਈ ਲਛਮਣ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਸ਼ਹੀਦ ਹੋ ਗਿਆ । ਇਕ ਬਹੁਤ ਸਤਿਕਾਰਿਤ ਨੇਤਾ , ਭਾਈ ਦਲੀਪ ਸਿੰਘ , ਜਿਸ ਦੇ ਮਹੰਤ ਨਾਲ ਚੰਗੇ ਸੰਬੰਧ ਸਨ ਉਸ ਕੋਲ ਇਸ ਤਰ੍ਹਾਂ ਸਿੱਖਾਂ ਨੂੰ ਮਾਰਨ ਤੋਂ ਰੋਕਣ ਲਈ ਅਗੇ ਆਇਆ ਤਾਂ ਉਸਨੂੰ ਭੀ ਮਹੰਤ ਨੇ ਆਪਣੇ ਪਿਸਤੌਲ ਨਾਲ ਮਾਰ ਦਿੱਤਾ । ਜਥੇ ਵਿਚੋਂ ਕਈ ਤਾਂ ਮਹੰਤ ਦੇ ਆਦਮੀਆਂ ਦੁਆਰਾ ਅੰਨੇ ਵਾਹ ਗੋਲੀਆਂ ਚਲਾਉਣ ਨਾਲ ਸ਼ਹੀਦ ਹੋ ਗਏ । ਇਸ ਕਤਲੇਆਮ ਦੀਆਂ ਖ਼ਬਰਾਂ ਨਾਲ ਸਾਰੇ ਪਾਸੇ ਸੋਗ ਛਾ ਗਿਆ । ਨਨਕਾਣੇ ਵਿਚ ਦੁੱਖ ਦਾ ਪ੍ਰਗਟਾਵਾ ਕਰਨ ਲਈ ਆਇਆਂ ਵਿਚੋਂ ਪੰਜਾਬ ਦਾ ਬ੍ਰਿਟਿਸ਼ ਲੈਫਟੀਨੈਂਟ-ਗਵਰਨਰ , ਸਰ ਐਡਵਰਡ ਮੈਕਲੇਗਨ ਵੀ ਸੀ । ਮਹਾਤਮਾ ਗਾਂਧੀ ਵੀ ਮੁਸਲਮਾਨ ਨੇਤਾਵਾਂ , ਸ਼ੌਕਤ ਅਲੀ ਅਤੇ ਮੁਹੰਮਦ ਅਲੀ , ਨਾਲ ਆਏ । ਨਰੈਣ ਦਾਸ ਅਤੇ ਉਸ ਦੇ ਕੁਝ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਧਰਮ ਅਸਥਾਨ ਦਾ ਪ੍ਰਬੰਧ ਸਰਕਾਰ ਨੇ ਸਿੱਖਾਂ ਦੀ ਸੱਤ ਮੈਂਬਰੀ ਕਮੇਟੀ ਦੇ ਮੁਖੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਸਰਦਾਰ ਹਰਬੰਸ ਸਿੰਘ ਅਟਾਰੀ ਨੂੰ ਸੌਂਪ ਦਿੱਤਾ ।

      ਜਦੋਂ ਪੰਜਾਬ ਸਰਕਾਰ ਨੇ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਚਾਬੀਆਂ 7 ਨਵੰਬਰ 1921 ਨੂੰ ਆਪਣੇ ਕਬਜ਼ੇ ਵਿਚ ਕਰ ਲਈਆਂ ਤਾਂ ਇਕ ਹੋਰ ਸੰਕਟ ਖੜਾ ਹੋ ਗਿਆ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਰੋਸ ਪ੍ਰਗਟ ਕੀਤਾ ਅਤੇ ਦੁਨੀਆਂ ਭਰ ਦੇ ਸਿੱਖਾਂ ਨੂੰ ਸਰਕਾਰ ਦੀ ਇਸ ਕਾਰਵਾਈ ਦੀ ਨਿਖੇਧੀ ਕਰਨ ਲਈ ਮੀਟਿੰਗਾਂ ਕਰਨ ਦਾ ਸੱਦਾ ਦਿੱਤਾ । ਇਸ ਤੋਂ ਅਗੇ ਆਪਣਾ ਰੋਸ ਜਤਾਉਣ ਦਾ ਇਕ ਹੋਰ ਤਰੀਕਾ ਇਹ ਸੁਝਾਇਆ ਗਿਆ ਕਿ ਜਿਸ ਦਿਨ ਪ੍ਰਿੰਸ ਆਫ਼ ਵੇਲਜ਼ ਭਾਰਤੀ ਬੰਦਰਗਾਹ ‘ ਤੇ ਪੈਰ ਰੱਖੇ , ਉਸ ਦਿਨ ਕੰਮ ਦੀ ਹੜਤਾਲ ਰਖੀ ਜਾਏ । ਸ਼੍ਰੋਮਣੀ ਕਮੇਟੀ ਵਲੋਂ ਸਿੱਖਾਂ ਨੂੰ ਪ੍ਰਿੰਸ ਦੀ ਯਾਤਰਾ ਦੇ ਸੰਬੰਧ ਵਿਚ ਹੋਣ ਵਾਲੇ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਤੋਂ ਭੀ ਰੋਕ ਦਿੱਤਾ ਗਿਆ । ਬ੍ਰਿਟਿਸ਼ ਜੇਲਾਂ ਭਰਨ ਲਈ ਵਾਲੰਟੀਅਰ ਕਾਲੇ ਕੱਪੜੇ ਪਹਿਨ ਕੇ ਅਤੇ ਗੁਰੂ ਗ੍ਰੰਥ ਸਾਹਿਬ ਵਿਚੋਂ ਸ਼ਬਦ ਗਾਇਨ ਕਰਦੇ ਹੋਏ ਟੋਲੀਆਂ ਵਿਚ ਅੱਗੇ ਵਧੇ । ਸਾਬਕਾ ਫ਼ੌਜੀਆਂ ਨੇ ਆਪਣੀਆਂ ਪੈਨਸ਼ਨਾਂ ਛੱਡ ਦਿੱਤੀਆਂ ਅਤੇ ਅਕਾਲੀਆਂ ਨਾਲ ਰਲ ਗਏ । ਵੱਧ ਰਹੇ ਅੰਦੋਲਨ ਦੇ ਦਬਾਅ ਹੇਠ ਸਰਕਾਰ ਝੁੱਕ ਗਈ ਅਤੇ 19 ਜਨਵਰੀ 1922 ਨੂੰ ਇਕ ਸਰਕਾਰੀ ਕਰਮਚਾਰੀ ਨੇ , ਲਾਲ ਕੱਪੜੇ ਵਿਚ ਲਪੇਟ ਕੇ , ਕੁੰਜੀਆਂ ਦਾ ਗੁੱਛਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ , ਸਰਦਾਰ ਖੜਕ ਸਿੰਘ ਦੇ ਹਵਾਲੇ ਕਰ ਦਿੱਤਾ । ਮਹਾਤਮਾ ਗਾਂਧੀ ਨੇ ਤਾਰ ਭੇਜ ਕੇ ਸੁਨੇਹਾ ਦਿੱਤਾ ਕਿ , “ ਅਜ਼ਾਦੀ ਦੀ ਪਹਿਲੀ ਲੜਾਈ ਜਿੱਤੀ ਗਈ ਹੈ । "

      ਗੁਰੂ ਕਾ ਬਾਗ , ਅੰਮ੍ਰਿਤਸਰ ਤੋਂ 20 ਕਿਲੋਮੀਟਰ ਉੱਤਰ ਵੱਲ ਗੁਰੂ ਅਰਜਨ ਦੇਵ ਜੀ ਦੀ ਯਾਦ ਨਾਲ ਸੰਬੰਧਿਤ ‘ ਗੁਰੂ ਕਾ ਬਾਗ` ਇਕ ਛੋਟਾ ਜਿਹਾ ਗੁਰਦੁਆਰਾ ਹੈ ਜਿਥੇ ਅਕਾਲੀ ਲਹਿਰ ਦੀ ਲੜੀ ਵਿਚ ਸਭ ਤੋਂ ਵੱਧ ਅਨੋਖਾ ਮੋਰਚਾ ਲੱਗਾ । 9 ਅਗਸਤ 1922 ਨੂੰ ਕਾਨੂੰਨ ਦੀ ਉਲੰਘਣਾ ਦੇ ਦੋਸ਼ ਹੇਠ ਪੰਜ ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜੋ ਗੁਰੂ ਕੇ ਲੰਗਰ ਲਈ ਗੁਰਦੁਆਰੇ ਦੀ ਜ਼ਮੀਨ ਵਿਚੋਂ ਲੱਕੜਾਂ ਲੈਣ ਲਈ ਗਏ ਸਨ । ਅਗਲੇ ਦਿਨ ਗ੍ਰਿਫ਼ਤਾਰ ਕੀਤੇ ਸਿੱਖਾਂ ਉੱਤੇ ਸੰਖੇਪ ਮੁਕੱਦਮਾ ਚਲਾਇਆ ਗਿਆ ਅਤੇ ਉਹਨਾਂ ਨੂੰ ਛੇ ਮਹੀਨੇ ਦੀ ਸਖ਼ਤ ਸਜ਼ਾ ਦੇ ਦਿੱਤੀ ਗਈ । ਬਿਨਾਂ ਡਰੇ ਸਿੱਖ ਹਰ ਰੋਜ਼ ਟੋਲੀਆਂ ਵਿਚ ਇਸ ਜਗ੍ਹਾ ਤੋਂ ਲੱਕੜ ਕੱਟਣ ਲਈ ਆਉਂਦੇ ਅਤੇ ਗ੍ਰਿਫ਼ਤਾਰੀ ਦਿੰਦੇ ਅਤੇ ਸਜ਼ਾ ਭੁਗਤਦੇ । 30 ਅਗਸਤ ਪਿੱਛੋਂ ਪੁਲਿਸ ਨੇ ਵਲੰਟੀਅਰਾਂ ਨੂੰ ਡਰਾਉਣ ਲਈ ਸਖ਼ਤ ਨੀਤੀ ਅਖ਼ਤਿਆਰ ਕਰ ਲਈ । ਜਿਹੜੇ ਹੁਣ ਗੁਰੂ ਕੇ ਬਾਗ ਵਿਚੋਂ ਲੱਕੜਾਂ ਕੱਟਣ ਲਈ ਆਉਂਦੇ ਉਹਨਾਂ ਨੂੰ ਬੇਰਹਿਮੀ ਨਾਲ ਉਦੋਂ ਤਕ ਕੁੱਟਿਆ ਜਾਂਦਾ ਜਦੋਂ ਤਕ ਉਹ ਬੇਹੋਸ਼ ਹੋ ਕੇ ਧਰਤੀ ਤੇ ਡਿਗ ਨਾ ਜਾਂਦੇ । ਸਿੱਖਾਂ ਨੇ ਇਹ ਸਾਰਾ ਕੁਝ ਸੰਜਮ ਨਾਲ ਸਹਿਨ ਕੀਤਾ ਅਤੇ ਮਾਰ ਖਾਣ ਲਈ ਦਿਨੋ ਦਿਨ ਜਿਆਦਾ ਗਿਣਤੀ ਵਿਚ ਜਾਣ ਲਗੇ । ਇੰਡੀਅਨ ਨੈਸ਼ਨਲ ਕਾਂਗਰਸ ਵਲੋਂ ਬਣਾਈ ਅੰਮ੍ਰਿਤਸਰ ਜਾਣ ਵਾਲੀ ਇਕ ਕਮੇਟੀ ਨੇ ਅਕਾਲੀਆਂ ਦੀ ਪ੍ਰਸੰਸਾ ਕੀਤੀ ਅਤੇ ਪੁਲਿਸ ਵਲੋਂ ਕੀਤੀਆਂ ਜਾ ਰਹੀਆਂ ਜ਼ਿਆਦਤੀਆਂ ਦੀ ਨਿਖੇਧੀ ਕੀਤੀ । ਇਕ ਈਸਾਈ ਮਿਸ਼ਨਰੀ ਰੈਵ.ਸੀ.ਐਫ. ਐਂਡਰੀਊ 12 ਸਤੰਬਰ 1922 ਨੂੰ ਅੰਮ੍ਰਿਤਸਰ ਆਇਆ ਅਤੇ ਈਸਾ ਮਸੀਹ ਵਾਂਗ ਅਕਾਲੀਆਂ ਦੇ ਚੁੱਪ ਕਰਕੇ ਮਾਰ ਖਾਈ ਜਾਣ ਤੋਂ ਬਹੁਤ ਪ੍ਰਭਾਵਿਤ ਹੋਇਆ । ਉਸ ਦੇ ਕਹਿਣ ਤੇ ਪੰਜਾਬ ਦਾ ਲੈਫਟੀਨੈਂਟ-ਗਵਰਨਰ ਸਰ ਐਡਵਾਰਡ ਮੈਕਲੈਗਨ ਗੁਰੂ ਕੇ ਬਾਗ ਵਿਖੇ ਆਇਆ ( 13 ਸਤੰਬਰ ) ਅਤੇ ਉਸਨੇ ਮਾਰ ਕੁਟਾਈ ਬੰਦ ਕਰਨ ਦਾ ਹੁਕਮ ਦੇ ਦਿੱਤਾ । ਚਾਰ ਦਿਨਾਂ ਪਿੱਛੋਂ ਇਸ ਜਗ੍ਹਾ ਤੋਂ ਪੁਲੀਸ ਹਟਾ ਲਈ ਗਈ । ਉਸ ਸਮੇਂ ਤਕ 5605 ਅਕਾਲੀ ਗ੍ਰਿਫ਼ਤਾਰ ਹੋ ਚੁੱਕੇ ਸਨ ਜਿਨ੍ਹਾਂ ਵਿਚੋਂ 936 ਹਸਪਤਾਲ ਵਿਚ ਸਨ । ਅਕਾਲੀਆਂ ਨੇ ਝਗੜੇ ਵਾਲੀ ਜ਼ਮੀਨ ਦੇ ਨਾਲ ਹੀ ਗੁਰਦੁਆਰਾ ਗੁਰੂ ਕੇ ਬਾਗ ਦਾ ਕਬਜ਼ਾ ਵੀ ਪ੍ਰਾਪਤ ਕਰ ਲਿਆ ।

      ਗੁਰੂ ਕੇ ਬਾਗ ਦੀ ਘਟਨਾ ਨੇ ਸਿੱਖਾਂ ਵਿਚ ਅੰਗਰੇਜ਼ਾਂ ਦੇ 70 ਸਾਲਾ ਰਾਜ ਵਿਚ ਸਭ ਤੋਂ ਵੱਧ ਧਾਰਮਿਕ ਜਜ਼ਬਾ ਪੈਦਾ ਕਰ ਦਿੱਤਾ । ਵਲੰਟੀਅਰਾਂ ਦੇ ਅਦਾਲਤੀ ਮੁਕੱਦਮਿਆਂ ਦੀ ਬਹੁਤ ਦਿਲਚਸਪੀ ਨਾਲ ਪੈਰਵੀ ਕੀਤੀ ਜਾਂਦੀ ਸੀ ਅਤੇ ਜਦੋਂ ਦੋਸ਼ੀਆਂ ਨੂੰ ਸਜ਼ਾ ਭੁਗਤਾਉਣ ਲਈ ਜੇਲ੍ਹਾਂ ਵਿਚ ਭੇਜਿਆ ਜਾਂਦਾ ਸੀ ਤਾਂ ਭਾਰੀ ਗਿਣਤੀ ਵਿਚ ਸੰਗਤਾਂ ਉਹਨਾਂ ਦਾ ਰਸਤਿਆਂ ਉਪਰ ਸਵਾਗਤ ਕਰਦੀਆਂ ਸਨ । 30 ਅਕਤੂਬਰ 1922 ਨੂੰ ਨੌਸ਼ਹਿਰਾ ਜੇਲ ਲਿਜਾਏ ਜਾ ਰਹੇ ਕੈਦੀਆਂ ਨੂੰ ਭੋਜਨ ਛਕਾਉਣ ਲਈ ਬਹੁਤ ਸਾਰੇ ਪੁਰਸ਼ ਅਤੇ ਇਸਤਰੀਆਂ ਪੰਜਾ ਸਾਹਿਬ ਵਿਖੇ ਰੇਲ ਦੀ ਪਟੜੀ ਉਪਰ ਲੰਮੇ ਪੈ ਗਏ ਤਾਂ ਕਿ ਉਹਨਾਂ ਨੂੰ ਲਿਜਾਣ ਵਾਲੀ ਗੱਡੀ ਰੋਕੀ ਜਾ ਸਕੇ ਅਤੇ ਕੈਦੀਆਂ ਨੂੰ ਪ੍ਰਸ਼ਾਦਾ-ਪਾਣੀ ਛਕਾਇਆ ਜਾ ਸਕੇ । ਦੋ ਸਿੱਖ , ਪਰਤਾਪ ਸਿੰਘ ਅਤੇ ਕਰਮ ਸਿੰਘ ਡਰਾਈਵਰ ਦੇ ਗੱਡੀ ਰੋਕੇ ਜਾਣ ਤੋਂ ਪਹਿਲਾਂ ਹੀ ਕੁਚਲੇ ਜਾਣ ਕਾਰਨ ਸ਼ਹੀਦ ਹੋ ਗਏ ਸਨ ।

      ਅਹਿੰਸਾ ਦੀ ਨੀਤੀ ਬਾਰੇ ਸ਼੍ਰੋਮਣੀ ਕਮੇਟੀ ਦੀ ਪ੍ਰਤੀਬੱਧਤਾ ਨੂੰ ਸਾਰੇ ਸਿੱਖਾਂ ਨੇ ਸਵੀਕਾਰ ਨਹੀਂ ਕੀਤਾ । ਨਨਕਾਣਾ ਸਾਹਿਬ ਦੇ ਸਾਕੇ ਅਤੇ ਗੁਰੂ ਕੇ ਬਾਗ ਵਿਖੇ ਪੁਲਿਸ ਦੇ ਵਰਤਾਉ ਨੇ ਕੁਝ ਕੁ ਸਿੱਖਾਂ ਨੂੰ ਅੰਦਰ-ਖਾਤੇ ਜੁਝਾਰੂ ਲਹਿਰ ਦਾ ਸੰਗਠਨ ਕਰਨ ਲਈ ਪ੍ਰੇਰਿਆ । ਇਹ ਜੁਝਾਰੂ , ਜੋ ਆਪਣੇ ਆਪ ਨੂੰ ਬਬਰ ( ਸ਼ੇਰ ) ਅਕਾਲੀ ਕਹਿੰਦੇ ਸਨ , ਜ਼ਿਆਦਾਤਰ ਗਦਰ ਪਾਰਟੀ ਅਤੇ ਛੁੱਟੀ ਤੇ ਆਏ ਫ਼ੌਜੀਆਂ ਵਿਚੋਂ ਸਨ । ਬਬਰਾਂ ਦੀ ਹਿੰਸਾ ਥੋੜੇ ਸਮੇਂ ਲਈ ਹੀ ਸੀ । 1923 ਦੀ ਗਰਮੀ ਤਕ ਜ਼ਿਆਦਤਰ ਬਬਰ ਗ੍ਰਿਫ਼ਤਾਰ ਕੀਤੇ ਜਾ ਚੁਕੇ ਸਨ । ਲਾਹੌਰ ਸੈਂਟਰਲ ਜੇਲ ਵਿਚ 15 ਅਗਸਤ 1923 ਨੂੰ ਗੁਪਤ ਰੂਪ ਵਿਚ ਇਹਨਾਂ ਤੇ ਮੁਕੱਦਮਾ ਚਲਾਇਆ ਗਿਆ ਅਤੇ ਇਸ ਦੀ ਪ੍ਰਧਾਨਗੀ ਇਕ ਅੰਗਰੇਜ਼ ਜੱਜ ਨੇ ਕੀਤੀ । 91 ਦੋਸ਼ੀਆਂ ਵਿਚੋਂ ਦੋ ਤਾਂ ਮੁਕੱਦਮੇ ਸਮੇਂ ਜੇਲ੍ਹ ਵਿਚ ਹੀ ਅਕਾਲ ਚਲਾਣਾ ਕਰ ਗਏ , 34 ਨੂੰ ਛੱਡ ਦਿੱਤਾ ਗਿਆ , ਜਥੇਦਾਰ ਕ੍ਰਿਸ਼ਨ ਸਿੰਘ ਗੜਗਜ ਸਮੇਤ ਛੇ ਨੂੰ ਮੌਤ ਦੀ ਸਜ਼ਾ ਦਿੱਤੀ ਗਈ , ਜਦੋਂ ਕਿ ਬਾਕੀ ਰਹਿੰਦੇ 49 ਨੂੰ ਵੱਖ ਵੱਖ ਕਿਸਮ ਦੀ ਸਜ਼ਾ ਦਿੱਤੀ ਗਈ ਸੀ ।

      ਅੰਗਰੇਜ਼ਾਂ ਦੁਆਰਾ ਗੱਦੀਓਂ ਉਤਾਰ ਦਿੱਤੇ ਗਏ ਰਜਵਾੜਿਆਂ ਦੀ ਰਿਆਸਤ ਨਾਭਾ ਦੇ ਸ਼ਾਸਕ ਮਹਾਰਾਜਾ ਰਿਪੁਦਮਨ ਸਿੰਘ ਨਾਲ ਸਿੱਖਾਂ ਦੀ ਇਕਮੁਠਤਾ ਪ੍ਰਗਟ ਕਰਨ ਲਈ ਜੈਤੋ ਦੇ ਗੁਰਦੁਆਰਾ ਗੰਗਸਰ ਵਿਖੇ ਚਲ ਰਹੇ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਵਿਚ ਪੁਲਿਸ ਦੁਆਰਾ ਵਿਘਨ ਪਾ ਕੇ ਇਕ ਹੋਰ ਅਕਾਲੀ ਮੋਰਚਾ ਸਿੱਖਾਂ ਉਪਰ ਠੋਸਿਆ ਗਿਆ ਸੀ । ਸ਼ਾਂਤਮਈ ਵਿਰੋਧਕਾਰੀਆਂ ਦੇ ਦਲ ਆਪਣੇ ਪੂਜਾ ਪਾਠ ਕਰਨ ਦੀ ਅਜ਼ਾਦੀ ਦੇ ਹੱਕ ਜਤਲਾਉਣ ਲਈ ਹਰ ਰੋਜ਼ ਜੈਤੋ ਆਉਣ ਲਗ ਪਏ । ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੂੰ ਸਰਕਾਰ ਨੇ ਗੈਰ ਕਾਨੂੰਨੀ ਕਰਾਰ ਦੇ ਦਿੱਤਾ ਸੀ ਅਤੇ ਹੋਰ ਉੱਘੇ ਨੇਤਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ । ਉਹਨਾਂ ਉੱਤੇ ਬਾਦਸ਼ਾਹ ਦੇ ਖਿਲਾਫ਼ ਜੰਗ ਕਰਨ ਦੀ ਸਾਜ਼ਸ਼ ਦਾ ਦੋਸ਼ ਲਗਾਇਆ ਗਿਆ ਅਤੇ ਮੁਕੱਦਮਾ ਚਲਾਉਣ ਲਈ ਉਹਨਾਂ ਨੂੰ ਲਾਹੌਰ ਕਿਲੇ ਵਿਚ ਲੈ ਜਾਇਆ ਗਿਆ । ਅੰਦੋਲਨ ਜਾਰੀ ਰਿਹਾ ਅਤੇ ਜੈਤੋ ਜਾਣ ਵਾਲੇ ਜਥਿਆਂ ਦਾ ਅਕਾਰ 25 ਤੋਂ ਵਧਾ ਕੇ ਸੌ ਤਕ ਕਰ ਦਿੱਤਾ ਗਿਆ ਅਤੇ ਫਿਰ ਗਿਣਤੀ ਸੌ ਤੋਂ ਪੰਜ ਸੌ ਤਕ ਕਰ ਦਿੱਤੀ ਗਈ । ਇਸ ਤਰ੍ਹਾਂ ਦੇ ਇਕ ਜਥੇ ਉਪਰ 21 ਫਰਵਰੀ 1924 ਨੂੰ ਰਿਆਸਤੀ ਪੁਲਿਸ ਦੁਆਰਾ ਗੋਲੀ ਚਲਾਈ ਗਈ ਜਿਸ ਦਾ ਨਤੀਜਾ ਇਹ ਹੋਇਆ ਕਿ ਬਹੁਤ ਸਾਰੇ ਸ਼ਹੀਦ ਹੋ ਗਏ ।

      ਮਈ 1924 ਵਿਚ ਸਰ ਮੈਲਕਮ ਹੈਲੀ ਦੇ ਪੰਜਾਬ ਦੇ ਗਵਰਨਰ ਬਣਨ ਨਾਲ ਸਰਕਾਰ ਨਰਮ ਪੈਣੀ ਸ਼ੁਰੂ ਹੋ ਗਈ । ਲਾਹੌਰ ਜੇਲ੍ਹ ਵਿਚ ਬੰਦ ਅਕਾਲੀ ਨੇਤਾਵਾਂ ਨਾਲ ਗਲਬਾਤ ਸ਼ੁਰੂ ਕੀਤੀ ਗਈ । ਇਕ ਬਿੱਲ , ਜਿਸ ਵਿਚ ਉਹਨਾਂ ਦੀਆਂ ਮੰਗਾਂ ਸਨ , ਪੰਜਾਬ ਲੈਜਿਸਲੇਟਿਵ ਕੌਂਸਲ ਵਿਚ ਪੇਸ਼ ਕੀਤਾ ਗਿਆ ਅਤੇ ਸਿੱਖ ਗੁਰਦੁਆਰਾ ਐਕਟ 1925 ਦੇ ਨਾਂ ਹੇਠ 1925 ਵਿਚ ਪਾਸ ਕੀਤਾ ਗਿਆ । ਜਦੋਂ ਇਹ ਕਾਨੂੰਨ-ਪੁਸਤਕ ( ਸਟੈਚਿਊਟ ਬੁਕ ) ਵਿਚ ਪਾਇਆ ਗਿਆ ਤਾਂ ਐਕਟ ਦੀ ਅਨੁਸੂਚੀ-1 ਵਿਚ ਦਰਜ ਲਗਪਗ ਸਾਰੇ ਇਤਿਹਾਸਿਕ ਗੁਰਦੁਆਰੇ ਜਿਨਾਂ ਦੀ ਗਿਣਤੀ 241 ਸੀ , ਸਿੱਖ ਗੁਰਦੁਆਰੇ ਐਲਾਨ ਕਰ ਦਿੱਤੇ ਗਏ ਅਤੇ ਉਹ ਸੈਂਟਰਲ ਬੋਰਡ- ਜਿਸ ਦਾ ਨਾਂ ਪਿੱਛੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਿਆ ਗਿਆ- ਦੇ ਪ੍ਰਬੰਧ ਅਧੀਨ ਰੱਖੇ ਗਏ । ਅਨੁਸੂਚੀ 1 ਅਤੇ ॥ ਵਿਚ ਜੋ ਗੁਰਦੁਆਰੇ ਦਰਜ ਨਹੀਂ ਸਨ ਉਹਨਾਂ ਨੂੰ ਸੈਂਟਰਲ ਬੋਰਡ ਦੇ ਪ੍ਰਬੰਧ ਹੇਠ ਲਿਆਉਣ ਲਈ ਸੈਕਸ਼ਨ 7 ਵਿਚ ਕਾਰਜ ਵਿਧੀ ਰੱਖੀ ਗਈ ਸੀ । ਇਸ ਐਕਟ ਦੇ ਪਾਸ ਹੋਣ ਨਾਲ ਅਕਾਲੀ ਅੰਦੋਲਨ ਖਤਮ ਹੋ ਗਿਆ ।

      ਗੁਰਦੁਆਰਾ ਸੁਧਾਰ ਲਈ ਅਕਾਲੀ ਅੰਦੋਲਨ ਵਿਚ ਲਗਪਗ ਚਾਲੀ ਹਜ਼ਾਰ ਅਕਾਲੀ ਜੇਲ ਗਏ । ਚਾਰ ਸੌ ਸ਼ਹੀਦ ਹੋਏ ਜਦੋਂ ਕਿ ਦੋ ਹਜ਼ਾਰ ਜਖ਼ਮੀ ਹੋਏ । ਸੱਠ ਲੱਖ ਰੁਪਿਆ ਜੁਰਮਾਨੇ ਅਤੇ ਜ਼ਬਤ ਕੀਤੀ ਜਾਇਦਾਦਾਂ ਦੇ ਰੂਪ ਵਿਚ ਦਿੱਤਾ ਗਿਆ ਅਤੇ ਪਿੰਡਾਂ ਵਿਚ ਰਹਿੰਦੇ ਲਗਪਗ ਸੱਤ ਸੌ ਸਿੱਖ ਸਰਕਾਰੀ ਕਰਮਚਾਰੀਆਂ ਨੇ ਆਪਣੀਆਂ ਨੌਕਰੀਆਂ ਗੁਆਈਆਂ । ਇਸ ਤੋਂ ਇਲਾਵਾ ਸਿੱਖਾਂ ਦੀ ਸਰਕਾਰ ਅਤੇ ਫ਼ੌਜੀ ਭਰਤੀ ਉਤੇ ਲਗਈ ਹੋਈ ਪਾਬੰਦੀ ਬਾਦ ਵਿਚ ਇਸ ਐਕਟ ਦੇ ਸਿੱਟੇ ਵਜੋਂ , ਹਟਾ ਲਈ ਗਈ ।


ਲੇਖਕ : ਸ.ਸ.ਭ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2608, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਅਕਾਲੀ ਲਹਿਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

                  ਅਕਾਲੀ ਲਹਿਰ : ਪਹਿਲਾਂ ਪਹਿਲਾਂ ਗੁਰਦੁਆਰਿਆਂ ਦੀ ਸੇਵਾ ਤੇ ਪ੍ਰਬੰਧ ਪ੍ਰੇਮੀ ਸਿਖਾਂ , ਸਾਧੂਆਂ ਤੇ ਨਿਰਮਲਿਆਂ ਦੇ ਹੱਥ ਵਿੱਚ ਸੀ । ਸਮੇਂ ਦੇ ਗੇੜ ਨਾਲ ਇਹ ਲੋਕ ਗੁਰਦੁਆਰਿਆਂ ਦੇ ਮਾਲਕ ਬਣ ਬੈਠੇ , ਸਿਖੀ ਪ੍ਰਚਾਰ ਘਟ ਗਿਆ ਅਤੇ ਗੁਰ-ਮਰਯਾਦਾ ਵਿਚ ਪਤਨ ਆ ਗਿਆ ਜਿਸ ਕਰਕੇ ਸਰਦਾਰ ਠਾਕੁਰ ਸਿੰਘ ਸੰਧਾਵਾਲੀਏ ਆਦਿ ਸਜਣਾਂ ਨੇ 1873 ਈ. ਵਿਚ ਸਿੰਘ ਸਭਾ ਲਹਿਰ ਚਲਾਈ ਜਿਸ ਦਾ ਉਦੇਸ਼ ਸਿੱਖਾਂ ਵਿਚ ਸੁਧਾਰ ਤੇ ਵਿੱਦਿਆ ਦਾ ਪ੍ਰਚਾਰ ਕਰਨਾ ਸੀ । ਇਹ ਲਹਿਰ 1914 ਈ. ਤਕ ਬੜੇ ਜ਼ੋਰਾਂ ਤੇ ਰਹੀ ਅਤੇ ਇਸ ਵਿਚ ਕਾਫ਼ੀ ਕਾਮਯਾਬੀ ਵੀ ਹੋਈ । ਗੁਰਦੁਆਰਿਆਂ ਦੇ ਪੁਜਾਰੀ ਤੇ ਮਹੰਤ ਇਸ ਲਹਿਰ ਦੇ ਵਿਰੁੱਧ ਸਨ ਤੇ ਸਿੰਘ ਸਭਾ ਵਾਲਿਆਂ ਦੇ ਅਰਦਾਸੇ ਗੁਰਦੁਆਰਿਆਂ ਵਿਚ ਨਹੀਂ ਕੀਤੇ ਜਾਂਦੇ ਸਨ । ਗੁਰਦੁਆਰਿਆਂ ਦੇ ਮਹੰਤਾਂ ਵਿਰੁੱਧ ਮੁਕਦਮੇ ਵੀ ਹੁੰਦੇ ਰਹੇ , ਕਈ ਜਗ੍ਹਾ ਸਮਝੌਤੇ ਹੋ ਜਾਂਦੇ ਰਹੇ ਪਰ ਸਮੁੱਚੇ ਤੌਰ ਤੇ ਗੁਰਦੁਆਰਿਆਂ ਦਾ ਸੁਧਾਰ ਨਾ ਹੋ ਸਕਿਆ । ਸੰਨ 1914 ਤੋਂ 1919 ਤਕ ਹੇਠ ਲਿਖੀਆਂ ਘਟਨਾਵਾਂ ਪੇਸ਼ ਆਈਆਂ । ( ੳ ) ਕ੍ਰਿਪਾਨ ਦਾ ਸਵਾਲ , ( ਅ ) 1914-15 ਵਿਚ ਗਦਰ ਲਹਿਰ , ( ੲ ) ਜਰਮਨੀ ਦੀ ਜੰਗ , ( ਸ ) 13 ਅਪਰੈਲ 1919 ਨੂੰ ਜਲ੍ਹਿਆਂ ਵਾਲੇ ਬਾਗ਼ ਅੰਮ੍ਰਿਤਸਰ ਦਾ ਖ਼ੂਨੀ ਸਾਕਾ , ( ਹ ) ਕਾਂਗਰਸ ਵਲੋਂ ਅੰਗਰੇਜ਼ੀ ਸਰਕਾਰ ਨਾਲ ਨਾ-ਮਿਲਵਰਤਣ । ਇਨ੍ਹਾਂ ਘਟਨਾਵਾਂ ਕਰਕੇ ਸਿੰਘ ਸਭਾ ਲਹਿਰ ਮੱਧਮ ਪੈ ਗਈ ।

                  ਸਮੇਂ ਦੇ ਪਰਿਵਰਤਨ ਨਾਲ ਅਚਾਨਕ ਅਕਾਲੀ ਲਹਿਰ ਸ਼ੁਰੂ ਹੋ ਗਈ । 12 ਅਕਤੂਬਰ , 1920 ਨੂੰ ਅੰਮ੍ਰਿਤਸਰ ਜਲ੍ਹਿਆਂ ਵਾਲੇ ਬਾਗ਼ ਵਿੱਚ ਖਾਲਸਾ ਬਰਾਦਰੀ ਵਲੋਂ ਦੀਵਾਨ ਕਰ ਕੇ ਅਛੂਤਾਂ ਨੂੰ ਅੰਮ੍ਰਿਤ ਛਕਾਇਆ ਗਿਆ । ਬਾਵਾ ਹਰਿਕਿਸ਼ਨ ਸਿੰਘ , ਪ੍ਰੋਫ਼ੈਸਰ ਤੇਜਾ ਸਿੰਘ ਆਦਿ ਸੱਜਣ ਸੰਗਤ ਸਮੇਤ ਇਨ੍ਹਾਂ ਸਿੰਘਾਂ ਦਾ ਪ੍ਰਸ਼ਾਦ ਲੈ ਕੇ ਦਰਬਾਰ ਸਾਹਿਬ ਪਹੁੰਚੇ । ਉੱਥੇ ਭਾਈ ਗੁਰਬਚਨ ਸਿੰਘ ਗ੍ਰੰਥੀ ਸੇਵਾ ਵਿਚ ਸੀ । ਉਸ ਨੇ ਕਿਹਾ ਕਿ ਅੱਗੇ ਅਖੌਤੀ ਅਛੂਤਾਂ ਦਾ ਅਰਦਾਸਾ ਨਹੀਂ ਹੁੰਦਾ । ਪਰਸਪਰ ਵਿਚਾਰ ਨਾਲ ਇਹ ਫੈਸਲਾ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਦਾ ਵਾਕ ਲੈ ਕੇ ਜੈਸਾ ਹਕਮ ਆਵੇ , ਵੈਸਾ ਕੀਤਾ ਜਾਵੇ । ਵਾਕ ਲੈਣ ਤੇ ਇਹ ਵਾਕ ਆਇਆ “ ਸੋਰਠਿ ਮਹਲਾ ੩ ਦੁਤੁਕੀ” ।

          “ ਨਿਰਗੁਣਿਆ ਨੋ ਆਪੇ ਬਖਸ਼ ਲਏ ਭਾਈ ਸਤਿਗੁਰ ਦੀ ਸੇਵਾ ਲਾਇ … .” ਇਸ ਵਾਕ ਦੇ ਆਸ਼ੇ ਅਨੁਸਾਰ ਅਰਦਾਸਾ ਕਰਕੇ ਕੜਾਹ ਪ੍ਰਸ਼ਾਦ ਵਰਤਾਇਆ ਗਿਆ । ਇਹ ਕੌਤਕ ਦੇਖ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੁਜਾਰੀ ਤਖ਼ਤ ਛੱਡ ਕੇ ਚਲੇ ਗਏ । ਡਿਪਟੀ ਕਮਿਸ਼ਨਰ ਅਤੇ ਸਰਬਰਾਹ ਦੇ ਕਹਿਣ ਤੇ ਵੀ ਉਹ ਵਾਪਸ ਨਾ ਆਏ । ਡਿਪਟੀ ਕਮਿਸ਼ਨਰ ਨੇ ਨੌਂ ਸਜਣਾਂ ਦੀ ਕਮੇਟੀ ਬਣਾ ਦਿੱਤੀ , ਜਿਸ ਦੇ ਸਾਰੇ ਮੈਂਬਰ ਹੀ ਗੁਰਦੁਆਰਾ ਸੁਧਾਰ ਤੇ ਹਾਮੀ ਸਨ । ਡਾਕਟਰ ਸੈਫ਼ੂਦੀਨ ਕਿਚਲੂ ਨੇ ਸਿੰਘਾਂ ਨੂੰ ਇਹ ਸਲਾਹ ਦਿੱਤੀ ਕਿ ਤੁਹਾੜਾ ਕਬਜ਼ਾ ਨਾਜਾਇਜ਼ ਨਹੀਂ ਕਿਉਂਕਿ ਤੁਸੀਂ ਤਖ਼ਤ ਸਾਹਿਬ ਧਰਮ-ਸਥਾਨ ਸੁੰਨਾ ਪਿਆ ਸੰਭਾਲਿਆ ਹੈ । ਇਸ ਤਰ੍ਹਾਂ ਅਚਾਨਕ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਜਾਰੀ ਹੋਈ , ਜਿਸ ਦਾ ਦੂਜਾ ਨਾਮ ਅਕਾਲੀ ਲਹਿਰ ਹੈ ।

                  ਸ਼ਰੋਮਣੀ ਕਮੇਟੀ ਦੀ ਬਣਤਰ ਤੇ ਗੁਰਦੁਆਰਿਆਂ ਦਾ ਪ੍ਰਬੰਧ– – ਗੁਰਦੁਆਰਿਆਂ ਦੇ ਪ੍ਰਬੰਧ ਵਾਸਤੇ ਕਮੇਟੀ ਬਣਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਕੇ 15 ਨਵੰਬਰ , 1920 ਨੂੰ ਪੰਥਕ ਇਕੱਠ ਸੱਦਿਆ ਗਿਆ ਤੇ 15 , 16 ਨਵੰਬਰ ਦੀ ਸਾਂਝੀ ਇੱਕਤਰਤਾ ਵਿੱਚ 175 ਸਿੰਘਾਂ ਦੀ ਇਕ ਪ੍ਰਤੀਨਿਧ ਕਮੇਟੀ ਚੁਣੀ ਗਈ ਜਿਸ ਦਾ ਨਾਮ ਸ਼ਰੋਮਣੀ ਕਮੇਟੀ ਰੱਖਿਆ ਗਿਆ । 12 ਦਸੰਬਰ , 1920 ਨੂੰ ਇਸ ਕਮੇਟੀ ਦੀ ਪਹਿਲੀ ਇਕੱਤ੍ਰਤਾ ਹੋਈ ਤੇ 30 ਅਪਰੈਲ , 1921 ਨੂੰ ਇਹ ਰਜਿਸਟਰ ਹੋਈ । 14 ਅਗਸਤ ਨੂੰ ਨਾਮਜ਼ਦਗੀਆਂ ਕਰਕੇ 27 ਅਗਸਤ , 1921 ਨੂੰ ਇਹ ਕਮੇਟੀ ਮੁਕੰਮਲ ਹੋਈ । ਇਸ ਦੀ ਪਹਿਲੀ ਜਨਰਲ ਇਕੱਤ੍ਰਤਾ ਬੁਲਾਈ ਗਈ । ਸ਼ਰੋਮਣੀ ਕਮੇਟੀ ਦਾ ਪ੍ਰਤਾਪ ਇਤਨਾ ਵਧਿਆ ਕਿ ਸੈਂਕੜੇ ਗੁਰਦੁਆਰੇ ਇਸ ਨਾਲ ਸਬੰਧਤ ਹੋ ਗਏ । 6 , 7 ਅਕਤੂਬਰ , 1920 ਨੂੰ ਗੁਰਦੁਆਰਾ ਬਾਬੇ ਦੀ ਬੇਰ ਸਿਆਲਕੋਟ ਉੱਤੇ , 20 ਨਵੰਬਰ , 1920 ਨੂੰ ਗੁਰਦੁਆਰਾ ਪੰਜਾ ਸਾਹਿਬ ਉੱਤੇ , 27 ਦਸੰਬਰ , 1920 ਨੂੰ ਗੁਰਦੁਆਰਾ ਖਰਾ ਸੌਦਾ ( ਬਾਰ ) ਉੱਤੇ ਪੰਥਕ ਕਬਜ਼ਾ ਹੋਇਆ । 24 ਜਨਵਰੀ , 1921 ਨੂੰ ਅੰਮ੍ਰਿਤਸਰ ਦੀ ਇਕ ਇਕੱਤ੍ਰਤਾ ਵਿੱਚ ਸ਼ਰੋਮਣੀ ਅਕਾਲੀ ਦਲ ਕਾਇਮ ਹੋਇਆ । 27 ਜਨਵਰੀ , 1921 ਨੂੰ ਤੇਜਾ ਸਿੰਘ ਭੁੱਚਰ ਤੇ ਕਰਤਾਰ ਸਿੰਘ ਝੱਬਰ ਜੱਥੇ ਲੈ ਕੇ ਤਰਨਤਾਰਨ ਆਏ । ਸੁਲ੍ਹਾ ਦੀ ਗਲਬਾਤ ਹੁੰਦਿਆਂ ਹੀ ਪੁਜਾਰੀਆਂ ਨੇ ਦਰਬਾਰ ਸਾਹਿਬ ਦੇ ਅੰਦਰ ਹਮਲਾ ਕਰ ਦਿੱਤਾ । ਇਥੇ ਹੁਕਮ ਸਿੰਘ ਤੇ ਹਜ਼ਾਰਾ ਸਿੰਘ ਸ਼ਹੀਦਾ ਹੋ ਗਏ , 17 ਸਿੰਘ ਫੱਟੜ ਹੋਏ , 18 ਪੁਜਾਰੀ ਵੀ ਫੱਟੜ ਹੋਏ । 31 ਜਨਵਰੀ , 1921 ਨੂੰ ਗੁਰੂ ਕੇ ਬਾਗ ਦਾ ਕਬਜ਼ਾ ਲਿਆ । ਮਹੰਤ ਨੇ ਲਿਖਤ ਦਿੱਤੀ ਕਿ ਗੁਰਦੁਆਰਾ ਸ਼ਰੋਮਣੀ ਕਮੇਟੀ ਦੇ ਹਵਾਲੇ ਕਰਦਾ ਹਾਂ ਪਰ ਪਿੱਛੋਂ ਕਿਸੇ ਨੂੰ ਪੰਜ ਸੌ ਰੁਪਇਆ ਦੇ ਕੇ ਲਿਖਤ ਸ਼ਰੋਮਣੀ ਕਮੇਟੀ ਦੇ ਦਫਤਰੋਂ ਖਿਸਕਾ ਲਈ ਤੇ ਸਮਝੌਤੇ ਤੋਂ ਮੁਕਰ ਗਿਆ ।

                  ਨਨਕਾਣਾ ਸਾਹਿਬ– – ਨਨਕਾਣਾ ਸਾਹਿਬ ਦੇ ਮਹੰਤ ਨਰਾਇਣ ਦਾਸ ਦਾ ਵਤੀਰਾ ਧਾਰਮਕ ਅਸੂਲਾਂ ਦੇ ਵਿਰੁੱਧ ਸੀ । ਉਸ ਨੇ ਮਿਰਾਸਣ ਘਰ ਵਸਾ ਲਈ ਸੀ । ਜੜ੍ਹਾਂਵਾਲੇ ਦੀਆਂ ਛੇ ਬੀਬੀਆਂ ਦੀ ਬੇਇਜ਼ਤੀ ਹੋਣ ਕਰਕੇ ਸੰਗਤਾਂ ਵਿਚ ਰੋਹ ਫੈਲ ਗਿਆ । ਅਕਤੂਬਰ , 1920 ਵਿਚ ਧਾਰੋਵਾਲੀ ਵਿਚ ਦੀਵਾਨ ਹੋਇਆ ਅਤੇ ਮਤਾ ਪਾਸ ਕਰਕੇ ਮਹੰਤ ਨੂੰ ਸੂਚਨਾ ਦਿਤੀ ਗਈ ਕਿ ਉਹ ਆਪਣਾ ਤੇ ਪ੍ਰਬੰਧ ਦਾ ਸੁਧਾਰ ਕਰੇ । ਮਹੰਤ ਦੇ ਬਦਮਾਸ਼ ਸੱਦ ਕੇ ਲੜਾਈ ਦੀ ਤਿਆਰੀ ਕਰ ਲਈ । 24 ਜਨਵਰੀ , 1921 ਨੂੰ ਸ਼ਰੋਮਣੀ ਕਮੇਟੀ ਨੇ ਮਹੰਤ ਨੂੰ ਆਪਣੇ ਸੁਧਾਰ ਦੀ ਪ੍ਰੇਰਣਾ ਦੇਣ ਲਈ 5 , 6 ਮਾਰਚ , 1921 ਨੂੰ ਨਨਕਾਣੇ ਸਾਹਿਬ ਦੀਵਾਨ ਕਰਨ ਦਾ ਫ਼ੈਸਲਾ ਕੀਤਾ । 20 ਫ਼ਰਵਰੀ , 1921 ਨੂੰ ਧਾਰੋਵਾਲ ਦੇ ਲਛਮਣ ਸਿੰਘ ਦਾ ਜਥਾ ਚੰਦਰਕੋਟ ਤੋਂ ਨਨਕਾਣਾ ਸਾਹਿਬ ਪਹੁੰਚਿਆ । ਭਾ. ਦਲੀਪ ਸਿੰਘ ਦੀ ਚਿੱਠੀ ਭਾ. ਵਰਿਮਆਮ ਸਿੰਘ ਨੇ ਭਾ. ਲਛਮਣ ਸਿੰਘ ਨੂੰ ਰੇਲ ਦੇ ਫਾਟਕ ਪਾਸ ਦਿੱਤੀ ਕਿ ਜਥਾ ਮੁੜ ਆਵੇ । ਭਾ. ਲਛਮਣ ਸਿੰਘ ਮੁੜ ਪਿਆ ਪਰ ਭਾ. ਟਹਿਲ ਸਿੰਘ ਨੇ ਕਿਹਾ ਕਿ ਮੈਂ ਤਾਂ ਸ਼ਹੀਦ ਹੋਣ ਦਾ ਅਰਦਾਸਾ ਕਰਕੇ ਆਇਆ ਹਾਂ , ਜਿਸ ਕਰਕੇ ਜਥਾ ਗੁਰਦੁਆਰਾ ਜਨਮ ਅਸਥਾਨ ਵੱਲ ਪਿਆ । ਸਰੋਵਰ ਤੇ ਇਸ਼ਨਾਨ ਕਰਕੇ ਨੌਂ ਵਜੇ ਜਥਾ ਗੁਰਦੁਆਰੇ ਵਿਚ ਦਾਖਲ ਹੋਇਆ ਤੇ ਅੰਦਰੋਂ ਦਰਵਾਜ਼ੇ ਬੰਦ ਕਰ ਲਏ । ਜਥਾ ਕੀਰਤਨ ਕਰ ਰਿਹਾ ਸੀ । ਮਹੰਤ ਨੇ ਹਮਲਾ ਕਰਕੇ ਗੋਲੀਆਂ ਗੰਡਾਸਿਆਂ , ਛਵੀਆਂ ਨਾਲ ਸਿੰਘਾਂ ਦਾ ਕਲਤਾਮ ਸ਼ੁਰੂ ਕਰ ਦਿੱਤੀ । ਲੋਥਾਂ ਦੇ ਟੁਕੜੇ ਟੁਕੜੇ ਕਰਕੇ ਮਿੱਟੀ ਦੇ ਤੇਲ ਨਾਲ ਸਾੜੀਆਂ ਗਈਆਂ । ਭਾ. ਲਛਮਣ ਸਿੰਘ ਨੂੰ ਜੰਡ ਨਾਲ ਬੰਨ੍ਹ ਕੇ ਸਾੜਿਆ ਗਿਆ । ਭਾ. ਦਲੀਪ ਸਿੰਘ ਸਾਂਗਲੇ ਵਾਲੇ ਨੇ ਇਹ ਖਬਰ ਸੁਣ ਕੇ ਮਹੰਤ ਨੂੰ ਇਹ ਕਤਲਾਮ ਰੋਕਣ ਲਈ ਕਿਹਾ ਤਾਂ ਮਹੰਤ ਨੇ ਕਿਹਾ ‘ ਕੀ ਤੂੰ ਸਿਖ ਨਹੀਂ ? ’ ਤੇ ਉਸ ਨੇ ਗੋਲੀ ਮਾਰ ਕੇ ਭਾ. ਦਲੀਪ ਸਿੰਘ ਨੂੰ ਮਾਰ ਦਿੱਤਾ ਤੇ ਪਿੱਛੋਂ ਭੱਠੀ ਵਿਚ ਸੁਟ ਕੇ ਫੂਕ ਦਿੱਤਾ । ਇਸ ਸਾਕੇ ਦੀ ਖਬਰ ਸੁਣ ਕੇ ਹਜ਼ਾਰਾਂ ਸਿੰਘਾਂ ਦਾ ਇਕੱਠ ਹੋਇਆ , ਜਥੇਦਾਰ ਕਰਤਾਰ ਸਿੰਘ ਝੱਬਰ 22 ਸੌ ਸਿੰਘਾਂ ਦਾ ਜੱਥਾ ਲੈ ਕੇ ਪਹੁੰਚਿਆ । ਸ਼ਹੀਦਾਂ ਦੀ ਗਿਣਤੀ , ਜੋ ਮਲੂਮ ਹੋ ਸਕੀ ਹੈ , ਉਹ 89 ਹੈ । 21 ਫਰਵਰੀ ਨੂੰ ਗੁਰਦੁਆਰੇ ਦੀਆਂ ਚਾਬੀਆਂ ਸਿਖਾਂ ਨੂੰ ਦਿੱਤੀਆਂ ਗਈਆਂ । 23 ਫਰਵਰੀ ਨੂੰ ਲਾਟ ਸਾਹਿਬ ਪੰਜਾਬ ਆਇਆ ਤੇ ਪ੍ਰਸਿੱਧ ਸੱਜਣ ਪਹੁੰਚੇ , ਇਸੇ ਦਿਨ ਸ਼ਹੀਦਾਂ ਦੀਆਂ ਲੋਥਾਂ , ਕਟੇ-ਵਢੇ ਅੰਗ ਬਾਹਾਂ ਆਦਿ ਇਕੱਠੇ ਕਰਕੇ ਸੰਸਕਾਰ ਕੀਤਾ ਗਿਆ । ਅਰਦਾਸਾ ਭਾਈ ਜੋਧ ਸਿੰਘ ਨੇ ਕੀਤਾ । ਮਾਰਚ ਦੇ ਸ਼ੁਰੂ ਵਿਚ ਮਹਾਤਮਾ ਗਾਂਧੀ , ਮੌਲਾਨਾ ਸ਼ੌਕਤ ਅਲੀ ਆਦਿ ਕਾਂਗਰਸੀ ਲੀਡਰ ਨਨਕਾਣੇ ਸਾਹਿਬ ਆਏ ਤੇ ਕਤਲ ਦੇ ਮੁਕਦਮੇ ਵਿਚ ਸਰਕਾਰ ਨਾਲ ਨਾ-ਮਿਲਵਰਤਣ ਕਰਨ ਦੀ ਸਲਾਹ ਦਿੱਤੀ । ਇਕ ਦਿਨ ਲਾਲਾ ਲਾਜਪਤ ਰਾਏ ਵੀ ਆਏ । 6 ਮਾਰਚ , 1921 ਨੂੰ ਨਨਕਾਣੇ ਸਾਹਿਬ ਗੁਰਦੁਆਰਾ ਕਮੇਟੀ ਦੀ ਮੀਟਿੰਗ ਵਿਚ ਮਾਸਟਰ ਤੋਤਾ ਸਿੰਘ ਨੇ ਸਰਕਾਰ ਨਾਲ ਨਾ-ਮਿਲਵਰਤਣ ਕਰਨ ਦਾ ਮਤਾ ਪੇਸ਼ ਕੀਤਾ । ਹਰਬੰਸ ਸਿੰਘ ਅਟਾਰੀ , ਜੋਧ ਸਿੰਘ ਤੇ ਕਰਤਾਰ ਸਿੰਘ ਝੱਬਰ ਨੇ ਇਸ ਕਮੇਟੀ ਦੀ ਵਿਰੋਧਤਾ ਕੀਤੀ ਪਰ ਸਿੰਘ ਨਾ ਮੰਨੇ ਤੇ ਮਤਾ ਪਾਸ ਹੋ ਗਿਆ । ਮਤੇ ਦੀਆਂ ਨਕਲਾਂ ਸਰਕਾਰ ਨੂੰ ਭੇਜੀਆਂ ਗਈਆਂ । ਇਸ ਦਾ ਅਸਰ ਇਹ ਹੋਇਆ ਕਿ 8 ਮਾਰਚ , ਨੂੰ ਗਵਰਨਰ ਪੰਜਾਬ ਨੇ ਲਾਹੌਰ ਵਿਚ ਸਿਖ ਲੀਡਰਾਂ ਦੀ ਕਾਨਫਰੰਸ ਸੱਦੀ , ਇਕ ਐਲਾਨ ਪ੍ਰਕਾਸ਼ਤ ਕੀਤਾ ਗਿਆ ਕਿ ਕੋਈ ਜਥਾ ਕਿਸੇ ਗੁਰਦੁਆਰੇ ਉੱਤੇ ਕਬਜ਼ਾ ਨਾ ਕਰੇ , ਕੋਈ ਸਿਖ ਨੌਂ ਇੰਚ ਤੋਂ ਵੱਡੀ ਕਿਰਪਾਨ ਨਾ ਰੱਖੇ ਅਤੇ ਵੱਡੇ ਟਕੂਏ ਜ਼ਬਤ ਕੀਤੇ ਜਾਣ । 11 ਮਾਰਚ ਨੂੰ ਗ੍ਰਿਫ਼ਤਾਰੀਆਂ ਸ਼ੁਰੂ ਹੋਈਆਂ । ਜ਼ਬਰਦਸਤੀ ਕਬਜ਼ੇ ਕਰਨ ਦੇ ਮੁਕਦਮੇ ਚੱਲੇ । ਲੱਖਾ ਸਿੰਘ ਨੂੰ ਦੋ ਸਾਲ , ਤੇਜਾ ਸਿੰਘ ਭੁੱਚਰ ਨੂੰ ਨੌਂ ਸਾਲ , ਕਰਤਾਰ ਸਿੰਘ ਝੱਬਰ ਨੂੰ 18 ਸਾਲ ਤੇ ਮਲਵਈਆਂ ਦੇ ਜੱਥੇ ਨੂੰ ਦੋ ਦੋ ਸਾਲ ਕੈਦ ਦੀ ਸਜ਼ਾ ਹੋਈ । ਨਨਕਾਣੇ ਸਾਹਿਬ ਦੇ ਕਤਲ ਦੇ ਮੁਕਦਮੇ ਵਿਚ ਰਿਹਾਣਾ ਮਾਛੀ ਤੇ ਇਕ ਦੋ ਬੰਦਿਆਂ ਨੂੰ ਫਾਂਸੀ ਤੇ ਮਹੰਤ ਨੂੰ ਕੈਦ ਦੀ ਸਜ਼ਾ ਹੋਈ । ਇਸ ਤਰ੍ਹਾਂ ਗੁਰਦੁਆਰਾ ਲਹਿਰ ਦੀ ਸਰਕਾਰ ਨਾਲ ਸਿੱਧੀ ਟੱਕਰ ਹੋ ਗਈ । ਅੰਗਰੇਜ਼ੀ ਸਰਕਾਰ ਦੀ ਨੀਤੀ ਸਿੱਖਾਂ ਵਿਰੁੱਧ ਹੋ ਗਈ ਜੋ ਸੰਨ 1947 ਤਕ ਸਿੱਖਾਂ ਦੇ ਉਲਟ ਹੀ ਰਹੀ ।

                  ਚਾਬੀਆਂ ਦਾ ਮੋਰਚਾ– – 7 ਨਵੰਬਰ , 1921 ਦੀ ਸ਼ਾਮ ਨੂੰ ਤਿੰਨ ਚਾਰ ਵਜੇ ਅਮਰ ਨਾਥ ਪੀ. ਏ. ਸੀ. ਪੁਲਿਸ ਨੂੰ ਨਾਲ ਲੈ ਕੇ ਸੁੰਦਰ ਸਿੰਘ ਰਾਮਗੜ੍ਹੀਆ , ਮੀਤ ਪ੍ਰਧਾਨ ਸ਼ਰੋਮਣੀ ਕਮੇਟੀ ਤੇ ਪ੍ਰਧਾਨ ਦਰਬਾਰ ਸਾਹਿਬ ਕਮੇਟੀ ਦੇ ਘਰੋਂ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਲੈ ਕੇ ਚਲਾ ਗਿਆ । ਸਰਕਾਰ ਨੇ ਕਪਤਾਨ ਬਹਾਦਰ ਸਿੰਘ ਨੂੰ ਦਰਬਾਰ ਸਾਹਿਬ ਦਾ ਸਰਬਰਾਹ ਨਿਯਤ ਕੀਤਾ ਤੇ 15 ਨਵੰਬਰ ਨੂੰ ਉਸ ਨੂੰ ਚਾਬੀਆਂ ਦੇ ਕੇ ਦਰਬਾਰ ਸਾਹਿਬ ਭੇਜਿਆ । ਪਰ ਉਹ ਪੰਥ ਦੇ ਰੁਖ ਦੇ ਸ਼ਰਮ ਦਾ ਮਾਰਿਆ ਮੁੜ ਗਿਆ । ਸਰਕਾਰ ਕਿਸੇ ਸਿੱਖ ਨੂੰ ਦਰਬਾਰ ਸਾਹਿਬ ਦੀ ਸਰਬਰਾਹੀ ਲਈ ਨਾ ਲਭ ਸਕੀ । ਡਿਪਟੀ ਕਮਿਸ਼ਨਰ , ਅੰਮ੍ਰਿਤਸਰ ਥਾਂ ਥਾਂ ਜਲਸੇ ਕਰ ਕੇ ਗਲਤ-ਫਹਿਮੀਆਂ ਫੈਲਾਉਣ ਲੱਗਾ ਤਾਂ ਸਿੱਖਾਂ ਨੇ ਵੀ ਅਸਲੀ ਵਾਕਿਆਤ ਦੱਸਣ ਲਈ ਥਾਂ ਥਾਂ ਦੀਵਾਨ ਕਰਨੇ ਸ਼ੁਰੂ ਕਰ ਦਿੱਤੇ । 26 ਨਵੰਬਰ , 1921 ਨੂੰ ਅਜਨਾਲੇ ਵਿਚ ਵੀ ਇਕ ਐਸਾ ਦੀਵਾਨ ਹੋਇਆ । ਸ਼ਰੋਮਣੀ ਕਮੇਟੀ ਦੇ ਦੋ ਪਤਵੰਤੇ ਮੈਂਬਰ ਜ਼ੈਲਦਾਰ ਹਰਨਾਮ ਸਿੰਘ ਤੇ ਪੰਡਿਤ ਦੀਨਾ ਨਾਥ ਗ੍ਰਿਫਤਾਰ ਹੋ ਗਏ । ਇਸ ਤਰ੍ਹਾਂ ਦੀਵਾਨਾਂ ਵਿਚ ਹਿੱਸਾ ਲੈਣ ਵਾਲਿਆਂ ਦੀਆਂ ਗ੍ਰਿਫ਼ਤਾਰੀਆਂ ਦੀ ਗਿਣਤੀ 193 ਤਕ ਪਹੁੰਚ ਗਈ । ਓੜਕ ਸਰਕਾਰ ਨੇ ਕੈਦੀ ਰਿਹਾ ਕਰ ਦਿੱਤੇ ਤੇ 19 ਜਨਵਰੀ , 1922 ਨੂੰ ਅਕਾਲ ਤਖਤ ਸਾਹਿਬ ਸਜੇ ਹੋਏ ਦੀਵਾਨ ਵਿਚ ਚਾਬੀਆਂ ਬਾਬਾ ਖੜਕ ਸਿੰਘ , ਪ੍ਰਧਾਨ ਸ਼ਰੋਮਣੀ ਕਮੇਟੀ ਦੇ ਹਵਾਲੇ ਕੀਤੀਆਂ ਗਈਆਂ । ਮਹਾਤਮਾ ਗਾਂਧੀ ਨੇ ਬਾਬਾ ਖੜਕ ਸਿੰਘ ਜੀ ਨੂੰ ਤਾਰ ਦਿੱਤੀ ‘ ਹਿੰਦੁਸਤਾਨ ਦੀ ਆਜ਼ਾਦੀ ਦੀ ਪਹਿਲੀ ਫੈਸਲਾ-ਕੁਨ ਲੜਾਈ ਜਿੱਤੀ ਗਈ , ਵਧਾਈ” । ਮਗਰੋਂ ਫ਼ਰਵਰੀ , 1922 ਵਿਚ ਫੇਰ ਗ੍ਰਿਫਤਾਰੀਆਂ ਸ਼ੁਰੂ ਹੋਈਆਂ , ਤਿੰਨਾਂ ਮਹੀਲਿਆਂ ਵਿਚ ਦੋ ਹਜ਼ਾਰ ਦੇ ਕਰੀਬ ਸਿੰਘ ਕਿਰਪਾਨ ਪਹਿਣਨ , ਕਾਲੀ ਦਸਤਾਰ ਬੰਨ੍ਹਣ ਤੇ ਤਾਜ਼ਾਰੀ ਚੌਕੀਆਂ ਦੇ ਖਰਚ ਨਾ ਦੇਣ ਦੇ ਬਹਾਨੇ ਗ੍ਰਿਫ਼ਤਾਰ ਕੀਤੇ ਗਏ ।

                  ਗੁਰੂ ਕਾ ਬਾਗ਼– – ਗੁਰੂ ਕਾ ਬਾਗ਼ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਮਹੰਤ ਸੁੰਦਰ ਦਾਸ ਨੇ 31 ਜਨਵਰੀ , 1921 ਨੂੰ ਸ਼ਰੋਮਣੀ ਕਮੇਟੀ ਵੱਲੋਂ 11 ਸੱਜਣਾਂ ਦੀ ਕਮੇਟੀ ਹੇਠ ਕੰਮ ਕਰਨਾ ਮੰਨ ਲਿਆ ਸੀ ਪਰ ਨਨਕਾਣੇ ਸਾਹਿਬ ਦੇ ਸਾਕੇ ਪਿੱਛੋਂ ਮਹੰਤ ਆਪਣੇ ਇਕਰਾਰ ਤੋਂ ਫਿਰ ਗਿਆ । ਜਿਸ ਕਰ ਕੇ 23 ਅਗਸਤ , 1921 ਨੂੰ ਗੁਰਦੁਆਰੇ ਦਾ ਚਾਰਜ ਸ਼ਰੋਮਣੀ ਕਮੇਟੀ ਨੇ ਆਪ ਸੰਭਾਲ ਲਿਆ । ਉਥੋਂ ਸਿੰਘ ਸਦਾ ਹੀ ਗੁਰੂ ਕੇ ਲੰਗਰ ਲਈ ਲਕੜਾਂ ਲਿਆਉਂਦੇ ਹੁੰਦੇ ਸਨ । 8 ਅਗਸਤ , 1922 ਨੂੰ ਜਿੰਨ੍ਹਾਂ ਪੰਜਾਂ ਸਿੰਘਾਂ ਨੇ ਇਕ ਸੁੱਕੀ ਲੱਕੜ ਵੱਢ ਕੇ ਬਾਲਣ ਬਣਾਇਆ ਸੀ , ਉਹ 9 ਅਗਸਤ , 1922 ਨੂੰ ਫੜੇ ਗਏ । ਇਹ ਗ੍ਰਿਫ਼ਤਾਰੀ ਮਹੰਤ ਦੀ ਸ਼ਕਾਇਤ ਕਰਨ ਤੇ ਨਹੀਂ ਬਲਕਿ ਬੇਦੀ ਬ੍ਰਿਜ ਲਾਲ ਸਿੰਘ ਦੀ ਡਾਇਰੀ ਕਾਰਨ ਹੋਈ । 17 ਅਗਸਤ ਨੂੰ ਸੁਪਰਡੈਂਟ ਪੁਲਿਸ , ਪੁਲਿਸ ਸਮੇਤ ਗੁਰੂ ਕੇ ਬਾਗ ਪਹੁੰਚ ਗਿਆ । ਸਿੰਘ ਅੱਗੇ ਵਾਂਗ ਬਾਲਣ ਲੰਗਰ ਲਈ ਲਿਆਉਂਦੇ ਰਹੇ , ਪਹਿਲਾਂ ਤਾਂ ਪੁਲਿਸ ਚੁਪ ਰਹੀ ਪਰ 23 ਅਗਸਤ ਨੂੰ ਉਥੇ ਗ੍ਰਿਫ਼ਤਾਰੀਆਂ ਸ਼ੁਰੂ ਕਰ ਦਿੱਤੀਆਂ । 26 ਅਗਸਤ , 1922 ਨੂੰ ਅੰਮ੍ਰਿਤਸਰ ਆਉਣ ਵਾਲੇ ਯਾਤਰੀਆਂ ਨੂੰ ਰਸਤੇ ਵਿਚ ਰੋਕਣਾ ਤੇ ਫੜਨਾ ਸ਼ੁਰੂ ਕਰ ਦਿੱਤਾ । ਸਿੰਘ ਹਰ ਰੋਜ਼ ਗੁਰੂ ਕੇ ਬਾਗ਼ ਜਾਂਦੇ ਰਹੇ ਤੇ ਗ੍ਰਿਫ਼ਤਾਰ ਹੁੰਦੇ ਰਹੇ । 31 ਅਗਸਤ , 1922 ਨੂੰ ਜਦੋਂ ਸੌ ਸਿਘਾਂ ਦਾ ਫੌਜੀ ਜਥਾ ਸੂਬੇਦਾਰ ਅਮਰ ਸਿੰਘ ਦੀ ਜਥੇਦਾਰੀ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰੂ ਕੇ ਬਾਗ਼ ਨੂੰ ਚਲਿਆ ਤਾਂ ਪਬਲਿਕ ਦੇਖ ਦੇਖ ਕੇ ਹੈਰਾਨ ਹੋ ਰਹੀ ਸੀ । ਕਚਹਿਰੀ ਪਾਸ ਸੂਬੇਦਾਰ ਅਮਰ ਸਿੰਘ ਨਾਲ ਡਿਪਟੀ ਕਮਿਸ਼ਨਰ ਨੇ ਗਲਬਾਤ ਕੀਤੀ ਕਿ ਸਾਡੀ ਸਿੱਖਾਂ ਨਾਲ ਸੱਤਰ ਸਾਲ ਦੀ ਦੋਸਤੀ ਕਾਇਮ ਰਹਿਣੀ ਚਾਹੀਦੀ ਹੈ । ਸੂਬੇਦਾਰ ਸਾਹਿਬ ਨੇ ਕਿਹਾ ਕਿ ਇਹ ਸਾਡੇ ਧਰਮ ਦਾ ਸਵਾਲ ਹੈ । ਇਸ ਲਈ ਮੇਰੀ ਥਾਂ ਸ਼ਰੋਮਣੀ ਕਮੇਟੀ ਨਾਲ ਗਲ ਬਾਤ ਕਰਨੀ ਚਾਹੀਦੀ ਹੈ । ਇਹ ਜਥਾ ਤਾਂ ਗ੍ਰਿਫ਼ਤਾਰ ਕੀਤਾ ਗਿਆ ਪਰ ਬਾਕੀ ਜਥਿਆਂ ਉਤੇ ਬੜੀ ਬੇਰਹਿਮੀ ਨਾਲ ਮਾਰ ਕੁਟਾਈ ਸ਼ੁਰੂ ਹੋ ਗਈ । ਇਥੋਂ ਤੀਕ ਕਿ ਫੱਟੜ ਸਿੰਘਾਂ ਦੀ ਗਿਣਤੀ ਤੇਰਾਂ ਸੌ ਤਕ ਪਹੁੰਚ ਗਈ । 13 ਸਤੰਬਰ ਨੂੰ ਗਵਰਨਰ , ਪੰਜਾਬ ਅੰਮ੍ਰਿਤਸਰ ਆਇਆ ਤੇ ਮਾਰ ਕੁਟਾਈ ਬੰਦ ਹੋ ਗਈ । ਗ੍ਰਿਫ਼ਤਾਰੀਆਂ ਸ਼ੁਰੂ ਹੋ ਗਈਆਂ । ਕੁਝ ਦਿਨ ਤਾਂ ਵੀਹ ਵੀਹ ਸਿੰਘ ਹਰ ਰੋਜ਼ ਗ੍ਰਿਫ਼ਤਾਰ ਹੁੰਦੇ ਰਹੇ । 10 ਅਕਤੂਬਰ ਤੋਂ ਸੌ ਸੌ ਸਿੰਘਾ ਦਾ ਜਥਾ ਰੋਜ਼ ਗ੍ਰਿਫ਼ਤਾਰ ਹੋਣ ਲੱਗਾ । 17 ਅਕਤੂਬਰ , 1922 ਨੂੰ ਸਰ ਗੰਗਾ ਰਾਮ ਇੰਜੀਨੀਅਰ , ਲਾਹੌਰ ਨੇ ਮਹੰਤ ਪਾਸੋਂ ਗੁਰਦੁਆਰੇ ਦੀ ਜ਼ਮੀਨ ਠੇਕੇ ਲੈ ਕੇ ਸਰਕਾਰ ਨੂੰ ਲਿਖ ਦਿਤਾ ਕਿ ਮੈਨੂੰ ਪਲਿਸ ਦੀ ਲੋੜ ਨਹੀਂ । ਇਸ ਤਰ੍ਹਾਂ ਸਰਕਾਰ ਨੇ ਸਰ ਗੰਗਾ ਰਾਮ ਨੂੰ ਵਿਚ ਪਾ ਕੇ ਇਸ ਮੋਰਚੇ ਤੋਂ ਖਹਿੜਾ ਛੁਡਾਇਆ । ਇਸ ਮੋਰਚੇ ਵਿਚ ਗ੍ਰਿਫ਼ਤਾਰੀਆਂ ਦੀ ਗਿਣਤੀ 5605 ਤਕ ਪਹੁੰਚ ਗਈ । ਜਿਨ੍ਹਾਂ ਵਿਚ 35 ਸ਼ਰੋਮਣੀ ਕਮੇਟੀ ਦੇ ਮੈਂਬਰ ਸਨ । ਤੇਰਾਂ ਸੌ ਫਟੜ ਇਨ੍ਹਾਂ ਤੋਂ ਵਖਰੇ ਸਨ । ਮਈ , 1923 ਵਿਚ ਸਰਕਾਰ ਨੇ ਗੁਰੂ ਕੇ ਬਾਗ ਦੇ ਮੋਰਚੇ ਦੇ ਕੈਦੀ ਇਹ ਕਹਿ ਕੇ ਰਿਹਾ ਕਰ ਦਿੱਤੇ ਕਿ ਅਪਰੈਲ , 1923 ਦੇ ਅੰਮ੍ਰਿਤਸਰ ਦੇ ਹਿੰਦੂ-ਮੁਸਲਿਮ ਫ਼ਸਾਦ ਨੂੰ ਰੋਕਣ ਤੇ ਅਮਨ ਕਾਇਮ ਰੱਖਣ ਵਿਚ ਸਿੱਖਾਂ ਨੇ ਬੜੀ ਮਦਦ ਕੀਤੀ ਹੈ ।

                  ਜੈਤੋ– – ਸੰਨ 1922-23 ਵਿਚ ਪਟਿਆਲੇ ਤੇ ਨਾਭੇ ਦੇ ਮਹਾਰਾਜਿਆਂ ਵਿਚਕਾਰ ਝਗੜਾ ਹੋ ਕੇ ਮੁਕਦਮੇ ਚਲੇ । ਅਦਾਲਤ ਨੇ ਮਹਾਰਾਜੇ ਨਾਭਾ ਵਿਰੁੱਧ ਫੈਸਲਾ ਦਿੱਤਾ ਤੇ ਪੰਜਾਹ ਲੱਖ ਰੁਪਇਆ ਹਰਜਾਨਾ ਪਾਇਆ । ਨਾਭੇ ਦੇ ਮਹਾਰਾਜਾ ਰਿਪਦੁਮਣ ਸਿੰਘ ਤੋਂ ਸਰਕਾਰ ਨੇ ਇਹ ਲਿਖਤ ਲੈ ਲਈ ਕਿ ‘ ਮੈਂ ਆਪਣੀ ਮਰਜ਼ੀ ਨਾਲ ਗੱਦੀ ਛੱਡਦਾ ਹਾਂ । ਮਹਾਰਾਜਾ ਨਾਭਾ ਗੁਰਦੁਆਰਾ ਸੁਧਾਰ ਲਹਿਰ ਦਾ ਹਾਮੀ ਸੀ । ਇਸ ਕਰਕੇ ਉਸ ਨੂੰ 9 ਜੁਲਾਈ , 1923 ਨੂੰ ਗੱਦੀਉ ਲਾਹਕੇ ਦੇਹਰਾਦੂਨ ਭੇਜ ਦਿੱਤਾ । ਸਿੱਖਾਂ ਵਿਚ ਐਜੀਟੇਸ਼ਨ ਸ਼ੁਰੂ ਹੋ ਗਈ । ਸ਼ਰੋਮਣੀ ਕਮੇਟੀ ਨੇ 5-6 ਅਗਸਤ ਨੂੰ ਇਹ ਮਤਾ ਪਾਸ ਕਰਕੇ ਨਾਭੇ ਦਾ ਸਵਾਲ ਹੱਥ ਵਿਚ ਲੈ ਲਿਆ ਕਿ ਇਹ ਘਟਨਾ ਸਿੱਖ ਪੰਥਕ ਜਥੇਬੰਦੀ ਤੇ ਸੱਟ ਹੈ ਤੇ ਸ਼ਰੋਮਣੀ ਕਮੇਟੀ ਯਥਾ ਸ਼ਕਤ ਮਹਾਰਾਜਾ ਨਾਭਾ ਨਾਲ ਇਨਸਾਫ ਕਰਾਉਣ ਦਾ ਜਤਨ ਕਰੇਗੀ । 9 ਸਤੰਬਰ , 1922 ਨੂੰ ਨਾਭਾ ਦਿਨ ਮਨਾਇਆ ਗਿਆ , ਥਾਂ ਥਾਂ ਜਲੂਸ ਨਿਕਲੇ , ਅਖੰਡ ਪਾਠ ਕਰਕੇ ਮਹਾਰਾਜੇ ਦੇ ਹੱਕ ਵਿਚ ਅਰਦਾਸੇ ਸੋਧੇ ਹੋਏ । ਸਰਕਾਰ ਨੇ 12 ਅਕਤੂਬਰ , 1923 ਨੂੰ ਸ਼ਰੋਮਣੀ ਕਮੇਟੀ ਤੇ ਸ਼ਰੋਮਣੀ ਅਕਾਲੀ ਦਲ ਨੂੰ ਕਾਨੂੰਨ ਵਿਰੁੱਧ ਕਰਾਰ ਦੇ ਦਿੱਤਾ । 13-14 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਸ਼ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਸਾਰੇ ਮੈਂਬਰ ਫੜ ਲਏ ਗਏ ਜਿਨ੍ਹਾਂ ਦੀ ਗਿਣਤੀ ਸੱਠ ਸੀ । ਇਨ੍ਹਾਂ ਉੱਤੇ ਬਾਦਸ਼ਾਹ ਦੇ ਵਿਰੁੱਧ ਸਾਜ਼ਸ਼ ਕਰਨ ਦਾ ਮੁਕੱਦਮਾ ਚਲਾਇਆ ਗਿਆ , ਜੋ ਤਿੰਨ ਸਾਲ ਤਕ ਚਲਦਾ ਰਿਹਾ । ਨਾਭਾ ਦਿਨ ਸਬੰਧੀ ਜਲੂਸ ਕੱਢਣ ਤੇ ਤਕਰੀਰਾਂ ਕਰਨ ਬਾਰੇ ਗ੍ਰਿਫ਼ਤਾਰੀਆਂ ਸ਼ੁਰੂ ਹੋ ਗਈਆਂ । ਜੈਤੋਂ ਦੇ ਗੁਰਦੁਆਰਾ ਗੰਗਸਰ ਵਿਚ 14 ਸਤੰਬਰ , 1923 ਨੂੰ ਉਥੇ ਦੇ ਸਿੰਘਾਂ ਦੇ ਮੁਖੀ ਰਾਇ ਸਿੰਘ ਉਰਫ ਦਲਜੀਤ ਸਿੰਘ ਪਿੰਡ ਕਾਉਣੀ , ਤਹਿਸੀਲ ਮੁਕਤਸਰ , ਜ਼ਿਲ੍ਹਾ ਫ਼ੀਰੋਜ਼ਪੁਰ ਨੇ ਅਖੰਡ ਪਾਠ ਆਰੰਭ ਕਰਵਾ ਦਿੱਤਾ । ਰਾਇ ਸਿੰਘ ਕਾਮਾ ਗਾਟਾ ਮਾਰੂ ਜਹਾਜ਼ ਦੇ ਮੁਸਾਫਰ ਤੇ ਜਹਾਜ਼ ਦੀ ਕਮੇਟੀ ਦਾ ਸਕੱਤਰ ਸੀ । ਫੌਜ ਤੇ ਪੁਲਿਸ ਨੇ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਪਾਠੀ ਨੂੰ ਉਠਾ ਕੇ ਆਪਣਾ ਪਾਠੀ ਬਿੱਠਾ ਦਿੱਤਾ । ਇਸ ਤਰ੍ਹਾਂ ਅਖੰਡ ਪਾਠ ਵਿਚ ਵਿਘਨ ਪਾਉਣ ਤੇ ਗੁਰਦੁਆਰੇ ਵਿਚ ਜਾਣ ਦੀ ਬੰਦਸ਼ ਹੋਣ ਕਰ ਕੇ ਸੰਗਤਾਂ ਵਿਚ ਰੋਹ ਫੈਲ ਗਿਆ ਤੇ ਜੈਤੋ ਵਿਚ ਮੋਰਚਾ ਲਗ ਗਿਆ । ਖੰਡਨ ਹੋਏ ਅਖੰਡ ਪਾਠ ਦੇ ਪ੍ਰਾਸਚਿਤ ਵਜੋਂ 25 ਸਤੰਬਰ 1923 ਨੂੰ ਮੁੜ ਅਖੰਡ ਪਾਠ ਅਰੰਭ ਕਰਨ ਲਈ ਪੰਝੀ ਪੰਝੀ ਸਿੰਘਾਂ ਦੇ ਜਥੇ ਹਰ ਰੋਜ਼ ਸ੍ਰੀ ਅਕਾਲ ਤਖਤ ਤੋਂ ਸ਼ਾਂਤ-ਮਈ ਰਹਿਣ ਦਾ ਪ੍ਰਣ ਲੈ ਕੇ ਰਵਾਨਾ ਹੋਣ ਲਗ ਪਏ । ਰਿਆਸਤੀ ਪੁਲਿਸ ਉਨ੍ਹਾਂ ਨੂੰ ਫੜ ਕੇ ਤੇ ਮਾਰ ਕੁਟ ਕੇ ਰਾਜਸਥਾਨ ਦੇ ਇਲਾਕੇ ਬਾਬਲ ਕਾਂਟੀ ਵੱਲ ਛੱਡ ਆਉਂਦੀ । ਉਸ ਵੇਲੇ ਅਕਾਲੀਆਂ ਦਾ ਇਕ ਅੱਡਾ ਮੁਕਤਸਰ ਵਿਚ ਤੇ ਦੂਜਾ ਰੀਵਾੜੀ ਵਿਚ ਸੀ । ਇਸ ਤਰ੍ਹਾਂ ਅੰਮ੍ਰਿਤਸਰ , ਮੁਕਤਸਰ , ਜੈਤੋ , ਬਾਬਲ ਕਾਂਟੀ ਤੇ ਰੀਵਾੜੀ ਤਕ ਢਾਈ ਤਿੰਨ ਸੌ ਮੀਲ ਵਿਚ ਇਹ ਮੋਰਚਾ ਲੱਗਾ ਹੋਇਆ ਸੀ । ਜਨਵਰੀ , 1924 ਤਕ ਪੰਜ ਹਜ਼ਾਰ ਸਿੰਘ ਗ੍ਰਿਫ਼ਤਾਰ ਹੋ ਚੁੱਕੇ ਸਨ । ਉਸ ਵੇਲੇ ਦਰਬਾਰ ਸਾਹਿਬ ਮੁਕਤਸਰ ਦਾ ਮੈਨੇਜਰ ਡਾਕਟਰ ਅਵਤਾਰ ਸਿੰਘ , ਪਿੰਡ ਵੱਡੀਆਲੀ ਜ਼ਿਲਾ ਲੁਧਿਆਣਾ ਸੀ । ਉਸ ਨੇ ਸ਼ਰੋਮਣੀ ਕਮੇਟੀ ਨੂੰ ਪੰਜ ਪੰਜ ਸੌ ਦੇ ਜੱਥੇ ਭੇਜਣ ਦੀ ਤਜਵੀਜ਼ ਲਿਖ ਭੇਜੀ ਜੋ ਪਰਵਾਨ ਹੋਈ ਤੇ ਪੰਜ ਸੌ ਦਾ ਪਹਿਲਾ ਸ਼ਹੀਦੀ ਜੱਥਾ 9 ਫਰਵਰੀ , 1924 ਨੂੰ ਬਸੰਤ ਪੰਚਮੀ ਵਾਲੇ ਦਿਨ ਕਾਲੇ ਦਸਤਾਰੇ , ਕਾਲੇ ਪਟਕੇ ਅਤੇ ਬਸੰਤੀ ਚੋਲੇ ਪਹਿਨ ਕੇ ਸ਼ਾਂਤਮਈ ਰਹਿਣ ਦਾ ਪ੍ਰਣ ਲੈਂਦਾ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਰਵਾਨਾ ਹੋਇਆ । ਬੈਂਡ ਬਾਜੇ ਤੇ ਝੁਲਦੇ ਨਿਸ਼ਾਨਾਂ ਨਾਲ ਜਥੇ ਦਾ ਮਾਰਚ ਵੇਖਣ ਵਾਲਿਆਂ ਲਈ ਇਕ ਅਚੰਭਾ ਸੀ । 29 ਫ਼ਰਵਰੀ , 1924 ਨੂੰ ਇਹ ਜੈਤੋ ਪਹੁੰਚਿਆ ।

                  ਰਿਆਸਤ ਨਾਭਾ ਦੇ ਕਰਮਚਾਰੀਆਂ , ਐਡਮਿਨਿਸਟਰੇਟਰ ਮਿਸਟਰ ਵਿਲਸਨ ਜਾਨਸਟਨ ਨਾਭਾ ਨੇ ਜੱਥੇ ਨੂੰ ਰੋਕਣ ਲਈ ਝਾਫੇ ਲਾ ਕੇ ਗੱਡਿਆਂ ਦੀ ਕਤਾਰ ਖੜੀ ਕੀਤੀ ਹੋਈ ਸੀ । ਪਿੱਛੇ ਪੁਲਿਸ ਬੈਠੀ ਸੀ , ਨਾਲ ਮਸ਼ੀਨਗਨ ਬੀੜੀ ਹੋਈ ਸੀ । ਜੈਤੋ ਦੇ ਕਿਲ੍ਹੇ ਤੇ ਪਲਟਨ ਗੋਲੀ ਚਲਾਉਣ ਲਈ ਬੈਠੀ ਸੀ । ਜਦੋਂ ਜੱਥਾ ਟਿੱਬੀ ਸਾਹਿਬ ਪਹੁੰਚਿਆ ਤਾ ਵਿਲਸਨ ਜਾਨਸਟਨ ਨੇ ਜੱਥੇ ਨੂੰ ਸ਼ਰਤਾਂ ਸੁਣਾਉਣੀਆਂ ਸ਼ੁਰੂ ਕੀਤੀਆਂ । ਜਥੇ ਅੱਗੇ ਵਧ ਰਿਹਾ ਸੀ । ਪਿੰਡ ਬਾਂਦਰ ਦੇ ਇਕ ਪਹਿਲਵਾਨ ਫੁੰਮਣ ਸਿੰਘ ਨੇ ਵਿਲਸਨ ਸਾਹਿਬ ਦੀ ਘੋੜੀ ਨੂੰ ਛਿਟੀ ਲਾ ਦਿੱਤੀ । ਵਿਲਸਨ ਨੇ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ । ਜੱਥੇ ਦਾ ਡਾਕਟਰ ਬਰਗਾੜੀ ਤੋਂ ਹੀ ਖਿਸਕ ਗਿਆ ਸੀ । ਉਸ ਵੇਲੇ ਮੁਕਤਸਰ ਦੇ ਗੁਰਦੁਆਰੇ ਦੇ ਹਸਪਤਾਲ ਤੋਂ ਡਾਕਟਰ ਕੇਹਰ ਸਿੰਘ , ਪਿੰਡ ਸਿਧਵਾਂ ਬੇਟ , ਜ਼ਿਲ੍ਹਾ ਲੁਧਿਆਣਾ ਜਥੇ ਦੇ ਨਾਲ ਹੋ ਤੁਰਿਆ । ਉਸਨੇ ਦੱਸਿਆ ਕਿ ਮਸ਼ੀਨਗਨ ਦਾ ਫਾਇਰ ਹੋਣ ਨਾਲ ਬਹੁਤ ਸਿੰਘ ਡਿੱਗੇ ਪਰ ਮਸ਼ੀਨਗਨ ਵਿਚ ਗੋਲੀ ਅੜ ਗਈ ਤੇ ਫਾਇਰ ਬੰਗ ਹੋ ਗਿਆ । ਪਲਟਨ ਦਾ ਫਾਇਰ ਉੱਚਾ ਸੀ , ਇਸ ਕਰਕੇ ਨੁਕਸਾਨ ਘਟ ਹੋਇਆ । ਪਰ ਕੁਲ ਸਤਾਈ ਹਜ਼ਾਰ ਕਾਰਤੂਸ ਚਲਾਏ ਗਏ । ਸ਼ਰੋਮਣੀ ਕਮੇਟੀ ਦਾ ਖ਼ਿਆਲੇ ਹੈ ਕਿ ਸੌ ਸਿੰਘ ਸ਼ਹੀਤ ਤੇ ਤਿੰਨ ਸੌ ਫੱਟੜ ਹੋਏ । ਦੂਜਾ ਖ਼ਿਆਲ ਹੈ ਕਿ ਪੰਜਾਹ ਸਿੰਘ ਸ਼ਹੀਦ ਹੋਏ । ਜਿਨ੍ਹਾਂ ਦਾ ਸੰਸਕਾਰ ਨਾਭੇ ਦੇ ਅਫਸਰਾਂ ਨੇ ਜੈਤੋ ਦੀ ਸ਼ਮਸ਼ਾਨ ਭੂਮੀ ਵਿਚ ਕਰ ਦਿੱਤਾ । ਫਿਰ ਇਕ ਫੌਜੀ ਮੇਜਰ ਆਇਆ । ਉਸ ਨੇ ਕਿਹਾ ਕਿ “ ਜੋ ਕੁਝ ਹੂਆ ਵੁਹ ਹੂਆ ਅਬ ਹਮ ਤੁਮਾਰੀ ਮਦਦ ਕਰ ਸਕਤੇ ਹੈਂ । ” ਡਾਕਟਰ ਕੇਹਰ ਸਿੰਘ ਦੇ ਕਹਿਣ ਤੇ ਉਸ ਨੇ ਮਲ੍ਹਮ ਪੱਟੀ ਦਾ ਸਾਮਾਨ ਦੋ ਖੱਚਰਾਂ ਉੱਤੇ ਲੱਦ ਕੇ ਭੇਜਿਆ । ਫਟੜਾਂ ਦੀ ਲੋੜੀਂਦੀ ਮਲ੍ਹਮ ਪੱਟੀ ਕੀਤੀ ਗਈ । ਜਥੇ ਨੂੰ ਫੜ ਕੇ ਕਿਲ੍ਹੇ ਵਿਚ ਲੈ ਗਏ । ਡਾਕਟਰ ਕੇਹਰ ਸਿੰਘ ਤੇ ਡਾਕਟਰ ਸੈਫ਼ੂਦੀਨ ਕਿਚਲੂ ਭੀ ਫੜੇ ਗਏ । ਗੋਲੀ ਚੱਲਣ ਪਿੱਛੋਂ ਰਸਾਲੇ ਦੇ ਸਵਾਰਾਂ ਨੇ ਸੰਗਤਾਂ ਨੂੰ ਘੋੜਿਆ ਹੇਠ ਲਤਾੜ ਕੇ ਖਿੰਡਾ ਦਿੱਤਾ । ਹਕੂਮਤ ਨਾਭਾ ਦੇ ਮੋਇਆਂ ਤੇ ਫੱਟੜਾਂ ਦੀ ਕੋਈ ਗਿਣਤੀ ਨਾ ਕੀਤੀ । ਜਦ ਜਥਾ ਬਰਗਾੜੀ ਦੇ ਮੁਕਾਮ ਤੇ ਸੀ ਉਦੋਂ ਅਮਰੀਕਾ ਦੇ ਅਖਬਾਰ ‘ ਨਿਊਯਾਰਕ ਟਾਈਮਜ਼’ ਦਾ ਪੱਤਰ-ਪ੍ਰੇਰਕ ਮਿਸਟਰ ਸੇਵਲਜ਼ੀਮਾਂਡ ਜਥੇ ਦੇ ਨਾਲ ਸੀ । ਉਸਨੇ ਅਫ਼ਸਰਾਂ ਨੂੰ ਦੱਸਿਆਂ ਤੇ ਮਹਾਤਮਾ ਗਾਂਧੀ ਨੂੰ ਵੀ ਚਿੱਠੀ ਲਿਖੀ ਤੇ ਦੱਸਿਆ ਕਿ ਜਥਾ ਬਿਲਕੁਲ ਸ਼ਾਂਤਮਈ ਸੀ ਪਰ ਫੇਰ ਵੀ ਰਿਆਸਤ ਨਾਭਾ ਦੇ ਕਰਮਚਾਰੀਆਂ ਨੇ 24 ਸਿੰਘਾਂ ਅਤੇ ਮਾਈ ਕਿਸ਼ਨ ਕੌਰ ਪਿੰਡ ਕਾਉਂਕੇ , ਜ਼ਿਲ੍ਹਾ ਲੁਧਿਆਣਾ ਉਤੇ ਇਹ ਮੁਕੱਦਮਾ ਬਣਾ ਕੇ ਸਜ਼ਾਵਾਂ ਦੇ ਦਿੱਤੀਆਂ ਕਿ ਇਨ੍ਹਾਂ ਨੇ ਤਸ਼ੱਦਦ ਕੀਤਾ ਹੈ ਤੇ ਛੇ ਹਜ਼ਾਰ ਲੋਕਾਂ ਨੇ ਪੁਲਿਸ ਆਦਿ ਉੱਤੇ ਹਮਲਾ ਕੀਤਾ ਹੈ । ਇਨ੍ਹਾਂ ਵਿਚ ਹੀ ਪਹਿਲੇ ਸ਼ਹੀਦੀ ਜਥੇ ਦਾ ਜਥੇਦਾਰ ਊਧਮ ਸਿੰਘ ਤੇ ਰੋਡਿਆਂ ਵਾਲੇ ਸ : ਸੁੱਚਾ ਸਿੰਘ ਤੇ ਦੁੱਲਾ ਸਿੰਘ ਸਨ । ਇਹ ਸਿੰਘ ਤਾਂ ਕਈ ਸਾਲ ਪਿੱਛੋਂ ਰਿਹਾ ਹੋਏ । ਪਰ ਡਾ : ਕੇਹਰ ਸਿੰਘ , ਗ੍ਰੰਥੀ ਲਾਭ ਸਿੰਘ ਤੇ ਹੋਰ ਗੁਰੂ ਗ੍ਰੰਥ ਸਾਹਿਬ ਦੇ ਸੇਵਾਦਾਰ ਛੇਤੀ ਹੀ ਰਿਹਾ ਕਰ ਦਿੱਤੇ ਗਏ । ਜਥੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਸਮੇਤ ਬਾਬਲ ਦੇ ਕਿਲ੍ਹੇ ਵਿਚ ਭੇਜਿਆ ਗਿਆ । ਦੂਜਾ ਪੰਜ ਸੌ ਦਾ ਸ਼ਹੀਦੀ ਜਥਾ 28 ਫ਼ਰਵਰੀ , 1924 ਨੂੰ ਸ੍ਰੀ ਅਕਾਲ ਤਖ਼ਤ ਤੋਂ ਚਲਿਆ ਤੇ 14 ਮਾਰਚ ਨੂੰ ਜੈਤੋ ਪਹੁੰਚਿਆ । ਪੰਡਤ ਮਦਨ ਮੋਹਨ ਮਾਲਵੀਆ ਤੇ ਹੋਰ ਕਈ ਸੱਜਣ ਤੇ ਸੈਂਟਰਲ ਅਸੈਂਬਲੀ ਦੇ ਕਈ ਮੈਂਬਰ ਜੈਤੋ ਪਹੁੰਚੇ ਹੋਏ ਸਨ । ਉਨ੍ਹਾਂ ਦੇ ਵਿਚ ਪੈਣ ਕਰਕੇ ਜਥੇ ਨੇ ਗ੍ਰਿਫ਼ਤਾਰੀ ਦੇ ਦਿੱਤੀ । ਪੰਜ ਪੰਜ ਸੌ ਦੇ ਸਿੰਘਾਂ ਦੇ ਸਤਾਰਾਂ ਜਥੇ ਗਏ । ਇਕ ਜਥਾ ਸੱਤ ਸਿੰਘਾਂ ਦਾ ਤੇ ਇਕ ਹਰ ਕੈਨੇਡੀਅਨ ਜਥਾ ਜਿਸ ਦੇ ਸਿੰਘ ਕੈਨੇਡਾ ਤੋਂ ਆਏ ਸਨ । ਇਹ ਕੁਲ ਮਿਲਾ ਕੇ 19 ਜਥੇ ਗਏ । ਜੈਤੋ ਦੇ ਮੋਰਚੇ ਵਿਚ ਜਥਿਆਂ ਵਿਚ ਜਾਣ ਵਾਲੇ ਸਿੰਘਾਂ ਦੀ ਗਿਣਤੀ 14 ਹਜ਼ਾਰ ਦੱਸੀ ਜਾਂਦੀ ਹੈ ।

                  ਸਰ ਮੈਲਕਮਹੇਲੀ ਲੇ ਪੰਜਾਬ ਦਾ ਗਵਰਨਰ ਬਣ ਕੇ ਸਰਕਾਰ ਦੇ ਹਾਮੀ ਸਿੱਖਾਂ ਦੀਆਂ ਸੁਧਾਰ ਕਮੇਟੀਆਂ ਅਕਾਲੀਆਂ ਦੇ ਮੁਕਾਬਲੇ ਲਈ ਬਣਾਈਆਂ । ਸੁਧਾਰ ਕਮੇਟੀ ਵਾਲਿਆਂ ਸਰਕਾਰ ਦੇ ਇਸ਼ਾਰੇ ਉੱਤੇ ਝੰਡਾ ਸਿੰਘ ਵਕੀਲ ਪਿੰਡ ਗਾਲਬ ਜ਼ਿਲ੍ਹਾ ਲੁਧਿਆਣਾ ਦੀ ਲੀਡਰੀ ਹੇਠ ਜੈਤੋ ਅਖੰਡ ਪਾਠ ਕਰਨ ਲਈ ਜਥਾ ਭੇਜਿਆ । ਇਸ ਦੇ ਮੁਕਾਬਲੇ ਤੇ ਸ਼ਰੋਮਣੀ ਕਮੇਟੀ ਨੇ 60 ਸਿੱਖਾਂ ਦਾ ਜਥਾ ਭੇਜਿਆ । ਸਰਕਾਰੀ ਜਥੇ ਨੇ ਸ਼ਰਤਾਂ ਮੰਨ ਲਈਆਂ ਤੇ ਅਖੰਡ ਪਾਠ ਸ਼ੁਰੂ ਕਰ ਦਿੱਤਾ । ਅਕਾਲੀ ਜਥੇ  ਨੇ ਸ਼ਰਤਾਂ ਨਾ ਮੰਨੀਆਂ ਤੇ ਉਹ ਗ੍ਰਿਫ਼ਤਾਰ ਹੋ ਗਿਆ । ਸਰਕਾਰੀ ਜੱਥੇ ਦੇ ਪਾਠ ਦਾ ਕੋਈ ਅਸਰ ਨਾ ਹੋਇਆ ਤੇ ਮੋਰਚਾ ਲੱਗਾ ਰਿਹਾ ।

                  ਗੁਰਦੁਆਰਾ ਸੁਧਾਰ ਲਹਿਰ ਦਾ ਜ਼ੋਰ , ਸਿੱਖਾਂ ਦੇ ਦਿਲੀ ਜਜ਼ਬਾਤ ਤੇ ਉਨ੍ਹਾਂ ਦੀਆਂ ਕੁਰਬਾਨੀਆਂ ਦੇਖ ਕੇ ਸਰਕਾਰ ਨੇ ਮਹਿਸੂਸ ਕੀਤਾ ਕਿ ਗੁਰਦੁਆਰਿਆਂ ਦੇ ਪ੍ਰਬੰਧ ਲਈ ਕੋਈ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ । ਸੰਨ 1921 ਵਿਚ ਸਰਕਾਰ ਨੇ ਗੁਰਦੁਆਰਾ ਬਿਲ ਬਣਾਇਆ , ਪਰ ਤਸੱਲੀ-ਬਖ਼ਸ਼ ਨਾ ਹੋਣ ਕਰਕੇ ਗਲ ਸਿਰੇ ਨਾ ਚੜ੍ਹੀ । ਜੂਨ , 1924 ਵਿਚ ਲੈਫਟੀਨੈਂਟ ਜਨਰਲ ਬਰਡਵੁਡ ਕਮਾਂਡਰ-ਇਨ-ਚੀਫ ਦੇ ਰਾਹੀਂ ਸਮਝੌਤੇ ਤੇ ਗੁਰਦੁਆਰਾ ਕਾਨੂੰਨ ਦੀ ਗਲ ਬਾਤ ਸ਼ੁਰੂ ਹੋਈ ਪਰ ਇਹ ਵੀ ਸਿਰੇ ਨਾ ਚੜ੍ਹੀ । ਓੜਕ ਬੜੀਆਂ ਬਹਿਸਾਂ ਤੇ ਯਤਨਾਂ ਪਿੱਛੋਂ 7 ਜੁਲਾਈ , 1925 ਨੂੰ ਗੁਰਦੁਆਰਾ ਐਕਟ ਨੰਬਰ 8 ( 1925 ) ਪਾਸ ਹੋਇਆ , ਜਿਸ ਦੀ ਮਨਜ਼ੂਰੀ ਗਵਰਨਰ ਜਨਰਲ ਨੇ 28 ਜੁਲਾਈ , 1925 ਨੂੰ ਦਿੱਤੀ ਤੇ ਇਹ ਐਕਟ 1 ਨਵੰਬਰ , 1925 ਤੋਂ ਲਾਗੂ ਹੋ ਗਿਆ । ਨੌਂ ਜੁਲਾਈ , 1925 ਨੂੰ ਸਰ ਮੈਲਕਮਹੇਲੀ ਨੇ ਪੰਜਾਬ ਕੌਂਸਲ ਵਿਚ ਐਲਾਨ ਕੀਤਾ ਕਿ ਜੈਤੋ ਵਿਚ ਅਖੰਡਪਾਠ ਕਰਨ ਦੀ ਖੁਲ੍ਹ ਦਿੱਤੀ ਗਈ ਹੈ ਤੇ ਜੋ ਅਕਾਲੀ ਕੈਦੀ ਇਹ ਕਹਿਣਗੇ ਕਿ ਅਸੀਂ ਗੁਰਦੁਆਰਾ ਐਕਟ ਉੱਤੇ ਅਮਲ ਕਰਾਂਗੇ ਉਨ੍ਹਾਂ ਨੂੰ ਰਿਹਾ ਕਰ ਦਿੱਤਾ ਜਾਵੇਗਾ । ਇਸ ਐਕਟ ਅਨੁਸਾਰ ਗੁਰਦੁਆਰਾ ਸੈਂਟਰਲ ਬੋਰਡ ਦੇ ਮੈਂਬਰਾਂ ਦੀ ਚੋਣ ਹੋ ਕੇ 4 ਸਤੰਬਰ , 1926 ਦੀ ਇਕਤੱਤਰਤਾ ਵਿਚ 14 ਮੈਂਬਰ ਨਾਮਜ਼ਦ ਕੀਤੇ ਗਏ । ਮੁਕੰਮਲ ਬੋਰਡ ਦੀ ਇਕੱਤਰਤਾ 2 ਅਕਤੂਬਰ , 1926 ਨੂੰ ਹੋਈ । ਅਹੁਦੇਦਾਰਾਂ ਤੇ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਦੀ ਚੋਣ ਹੋਣ ਪਿੱਛੋਂ ਮਤਾ ਪਾਸ ਹੋਇਆ ਕਿ ਸੈਂਟਰਲ ਬੋਰਡ ਦਾ ਨਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਖਿਆ ਜਾਵੇ । ਸਰਕਾਰ ਨੇ ਵੀ ਇਹ ਨਾਂ ਆਪਣੀ ਅਧਿਸੂਚਨਾ ਮਿਤੀ 17 ਜਨਵਰੀ , 1927 ਰਾਹੀਂ ਪਰਵਾਨ ਕਰ ਲਿਆ । ਪੁਰਾਣੀ ਸ਼ਰੋਮਣੀ ਕਮੇਟੀ ਨੇ ਨਵੀਂ ਸ਼ਰੋਮਣੀ ਕਮੇਟੀ ਨੂੰ 27 ਨਵੰਬਰ , 1926 ਨੂੰ ਚਾਰਜ ਦੇਣਾ ਸ਼ੁਰੂ ਕੀਤਾ ਤੇ 4 ਦਸੰਬਰ , 1926 ਨੂੰ ਮੁਕੰਮਲ ਚਾਰਜ ਦੇ ਕੇ ਆਪਣੇ ਆਪ ਨੂੰ ਨਵੀਂ ਸ਼ਰੋਮਣੀ ਕਮੇਟੀ ਵਿਚ ਲੀਨ ਕਰ ਦਿੱਤਾ । ਸ਼ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਤੇ ਸੱਜਣ 13 ਅਕਤੂਬਰ , 1923 ਨੂੰ ਗ੍ਰਿਫ਼ਤਾਰ ਕੀਤੇ ਗਏ ਸਨ ਉਨ੍ਹਾਂ ਵਿੱਚੋਂ ਸ਼ਰੋਮਣੀ ਕਮੇਟੀ ਦੇ ਦਫ਼ਤਰ ਦਾ ਸਟਾਫ਼ 24 ਫਰਵਰੀ , 1925 ਨੂੰ ਰਿਹਾ ਕੀਤਾ ਗਿਆ । ਸਰਦਰ ਬਹਾਦਰ ਮਹਿਤਾਬ ਸਿੰਘ ਆਦਿਕ 23 ਮੈਂਬਰ 24 ਜਨਵਰੀ , 1926 ਨੂੰ ਇਹ ਕਹਿਣ ਉੱਤੇ ਰਿਹਾ ਕੀਤੇ ਗਏ ਕਿ ਉਹ ਗੁਰਦੁਆਰਿਆਂ ਦਾ ਸੁਧਾਰ ਗੁਰਦੁਆਰਾ ਕਾਨੂੰਨ ਅਨੁਸਾਰ ਕਰਨਗੇ । ਮਾਸਟਰ ਤਾਰਾ ਸਿੰਘ ਆਦਿ 14 ਮੈਂਬਰਾਂ ਤੋਂ ਇਹ ਕਹਿ ਕੇ ਮੁਕੱਦਮਾ 27 ਸਤੰਬਰ , 1926 ਨੂੰ ਵਾਪਸ ਲਿਆ ਗਿਆ ਕਿ ਗੁਰਦੁਆਰਾ ਐਕਟ ਬਣ ਗਿਆ ਹੈ ਤੇ ਸੈਂਟਰਲ ਬੋਰਡ ਦੀ ਚੋਣ ਹੋ ਗਈ ਹੈ ਇਸ ਲਈ ਮੁਕੱਦਮਾ ਜਾਰੀ ਰੱਖਣ ਦੀ ਲੋੜ ਨਹੀਂ । ਸ : ਤੇਜਾ ਸਿੰਘ ਸਮੁੰਦਰੀ 17 ਜੁਲਾਈ , 1926 ਨੂੰ ਜੇਲ੍ਹ ਵਿਚ ਹੀ ਪੂਰਾ ਹੋ ਗਿਆ ਤੇ ਬਾਕੀ ਮੈਂਬਰ ਸਮੇਂ ਸਮੇਂ ਸਿਰ ਰਿਹਾ ਹੁੰਦੇ ਗਏ । ਸਰਕਾਰ ਨੇ ਸ਼ਰੋਮਣੀ ਕਮੇਟੀ ਤੇ ਸ਼ਰੋਮਣੀ ਅਕਾਲੀ ਦਲ ਨੂੰ ਕਾਨੂੰਨ ਵਿਰੁੱਧ ਕਰਾਰ ਦੇਣ ਵਾਲਾ ਆਰਡਰ 13 ਸਤੰਬਰ , 1926 ਨੂੰ ਵਾਪਸ ਲੈ ਲਿਆ ।

                  ਜੈਤੋ ਅਖੰਡ ਪਾਠ– – ਗੁਰਦੁਆਰਾ ਐਕਟ ਪਾਸ ਹੋਣ ਤੇ ਸਰਕਾਰ ਨੇ ਉਥੇ ਅਖੰਡ ਪਾਠ ਕਰਨ ਦੀ ਖੁਲ੍ਹ ਦੇ ਦਿੱਤੀ । ਸਤਾਰ੍ਹਵਾਂ ਸ਼ਹੀਦੀ ਜਥਾ ਅਜੇ ਰਸਤੇ ਵਿਚ ਹੀ ਸੀ ਕਿ ਇਕ ਸਪੈਸ਼ਲ ਜਥੇ ਨੇ ਜੈਤੋ ਜਾ ਕੇ ਗੁਰਦੁਆਰਾ ਗੰਗਸਰ ਵਿਚ ਅਖੰਡ ਪਾਠ ਅਰੰਭ ਕਰ ਦਿੱਤਾ । 27 ਜੁਲਾਈ ਤੋਂ ਨਾਭੇ ਦੇ ਬੀੜਾਂ ਤੋਂ ਰਿਹਾ ਹੋ ਕੇ ਜਥੇ ਜੈਤੋ ਪਹੁੰਚਣ ਲਗ ਪਏ । ਇਕ ਸੌ ਇਕ ਅਖੰਡ ਪਾਠਾਂ ਦਾ ਭੋਗ 6 ਅਗਸਤ , 1925 ਨੂੰ ਪਿਆ । ਸੰਤ ਅਤਰ ਸਿੰਘ ਮਸਤੂਆਣਾ ਉਥੇ ਪਹੁੰਚੇ ਹੋਏ ਸਨ । ਨੌਂ ਅਗਸਤ ਤਕ ਸਭ ਜੱਥੇ ਤਰਨਤਾਰਨ ਪਹੁੰਚ ਗਏ । ਦਸ ਅਗਸਤ ਨੂੰ ਜਥੇ ਜਲੂਸ ਬਣਾ ਕੇ ਸ਼੍ਰੀ ਅੰਮ੍ਰਿਤਸਰ ਪਹੁੰਚੇ । ਸਭ ਜਥਿਆਂ ਨੂੰ ਸਿਰੋਪੇ ਦੇ ਕੇ ਵਿਦਾ ਕੀਤਾ ਗਿਆ । ਤਸ਼ੱਦਦ ਦੇ ਇਲਜ਼ਾਮ ਵਾਲੇ ਸਿੰਘਾਂ ਨੂੰ ਜੱਥਿਆਂ ਨਾਲੋਂ ਕੁਝ ਸਾਲ ਪਿੱਛੋਂ ਰਿਹਾ ਕੀਤਾ ਗਿਆ ।

                  ਜੈਤੋ ਦੇ ਮੋਰਚੇ ਵਾਲੇ ਹੀ ਗੁਰਦੁਆਰਾ ਸੰਗਤ ਸਾਹਿਬ ਭਾਈ ਫੇਰੂ ਜ਼ਿਲ੍ਹਾ ਲਾਹੌਰ ਵਿਚ ਵੀ ਭਾਰੀ ਮੋਰਚਾ 15 ਦਸੰਬਰ , 1923 ਨੂੰ ਲੱਗਾ , ਜਿਸ ਵਿਚ ਹਜ਼ਾਰ ਸਿੰਘ ਕੈਦ ਹੋਏ । ਇਹ ਮੋਰਚਾ 20 ਸਤੰਬਰ 1925 ਨੂੰ ਬੰਦ ਕੀਤਾ ਗਿਆ ਕਿਉਂਕਿ ਉਥੇ ਇਕ ਆਦਮੀ ਸਿੰਘਾਂ ਦੇ ਹੱਥੋਂ ਹੀ ਮਾਰ ਕੁਟਾਈ ਦੇ ਕਾਰਣ ਮਰ ਗਿਆ ਸੀ । ਇਸ ਮੋਰਚੇ ਦੇ ਸਿੰਘ ਆਪਣੀ ਆਪਣੀ ਕੈਦ ਕੱਟ ਕੇ ਹੀ ਰਿਹਾ ਹੁੰਦੇ ਰਹੇ ਸਨ ।

                  ਸਾਰੀ ਅਕਾਲੀ ਲਹਿਰ ਵਿਚ 40 ਹਜ਼ਾਰ ਸਿੰਘ ਜੇਲ੍ਹਾਂ ਵਿਚ ਗਏ , ਪੰਜ ਸੌ ਸਿੰਘ ਸ਼ਹੀਦ ਹੋਏ ਤੇ 16 ਲੱਖ ਰੁਪਇਆ ਖ਼ਰਚ ਹੋਇਆ । ਜੋ ਲੋਕ ਸਿਵਲ ਤੇ ਫ਼ੌਜ ਦੇ ਮਹਿਕਮਿਆਂ ਵਿਚੋਂ ਨੌਕਰੀਆਂ ਤੋਂ ਕੱਢੇ ਗਏ , ਜਿਨ੍ਹਾਂ ਦੀਆਂ ਪੈਨਸ਼ਨਾਂ ਜ਼ਬਤ ਹੋਈਆਂ , ਜਿਨ੍ਹਾਂ ਦੀਆਂ ਜ਼ੈਲਦਾਰੀਆਂ , ਨੰਬਰਦਾਰੀਆਂ ਖੋਹੀਆਂ ਗਈਆਂ , ਉਹ ਨੁਕਸਾਨ ਵਖਰਾ ਹੈ । ਅਕਾਲੀ ਲਹਿਰ 1920 ਤੋਂ 1925 ਤੱਕ ਪੂਰੇ ਪੰਜ ਸਾਲ ਚਲਦੀ ਰਹੀ । ਸਿੰਘ ਸਭਾ ਲਹਿਰ ਉਸਾਰੂ ਪ੍ਰੋਗਰਾਮ ਵਾਲੀ , ਪ੍ਰੇਮ ਤੇ ਤਿਆਗ ਵਾਲੀ ਲਹਿਰ ਸੀ । ਅਕਾਲੀ ਲਹਿਰ ਸਿੱਖ ਇਤਿਹਾਸ ਦਾ ਕੁਰਬਾਨੀ ਦਾ ਕਾਂਡ ਸੀ ।

                  ਸਰਦਾਰ ਬਹਾਦਰ ਮਹਿਤਾਬ ਸਿੰਘ ਤੇ ਗਿਆਨੀ ਸ਼ੇਰ ਸਿੰਘ ਆਦਿ ਕੁਝ ਸੱਜਣ ਇਹ ਕਹਿ ਕੇ ਰਿਹਾ ਹੋਏ ਕਿ ਅਸੀਂ ਗੁਰਦੁਆਰਾ ਐਕਟ ਅਨੁਸਾਰ ਗੁਰਦੁਆਰਿਆਂ ਦਾ ਸੁਧਾਰ ਕਰਾਂਗੇ । ਇਸ ਤੇ ਮਾਸਟਰ ਤਾਰਾ ਸਿੰਘ ਨੇ ਸ਼ਰਤਾਂ ਮੰਨਣ ਦਾ ਸਵਾਲ ਖੜਾ ਕਰ ਕੇ ਇਨ੍ਹਾਂ ਸੱਜਣਾਂ ਵਿਰੁੱਧ ਸ਼ਰੋਮਣੀ ਅਕਾਲੀ ਦਲ ਵੱਲੋਂ ਸਖ਼ਤ ਐਜੀਟੇਸ਼ਨ ਸ਼ੁਰੂ ਕਰ ਦਿੱਤੀ । ਉਸ ਵੇਲੇ ਸ਼ਰੋਮਣੀ ਕਮੇਟੀ ਦੀ ਵਾਗ ਡੋਰ ਸਰਦਾਰ ਬਹਾਦਰ ਮਹਿਤਾਬ ਸਿੰਘ ਦੀ ਪਾਰਟੀ ( ਖਾਲਸਾ ਪਾਰਟੀ ) ਦੇ ਹੱਥ ਵਿਚ ਸੀ । ਇਸ ਪਾਟੋਧਾੜ ਵਾਲੇ ਵਾਯੂ ਮੰਡਲ ਨੂੰ ਠੀਕ ਕਰਨ ਲਈ ਦੋਹਾਂ ਪਾਰਟੀਆਂ ਨੇ ਹੇਠ ਲਿਖੇ ਸੱਤ ਸਾਲਸ ਮੰਨੇ : –

                  1. ਸ੍ਰ : ਜੋਗਿੰਦਰ ਸਿੰਘ ਵਕੀਲ ਰਾਇਪੁਰ ਜ਼ਿਲ੍ਹਾ ਲੁਧਿਆਣਾ , ਜੋ ਪਟਿਆਲੇ ਰਹਿੰਦੇ ਸਨ । 2. ਸ : ਨਰਾਇਣ ਸਿੰਘ ਬੈਰਿਸਟਰ ਗੁਜਰਾਂਵਾਲਾ , 3. ਸ : ਅਭੈ ਸਿੰਘ ਬੀ. ਏ. ਐਲ. ਐਲ. ਬੀ. ਹੈਡਮਾਸਟਰ , 4. ਪ੍ਰਿੰਸੀਪਲ ਗੰਗਾ ਸਿੰਘ , ਅੰਮ੍ਰਿਤਸਰ , 5. ਸ : ਪ੍ਰਤਾਪ ਸਿੰਘ ਬੀ. ਏ. ਬੀ. ਟੀ ਹੈਡ ਮਾਸਟਰ ਕੈਰੋਂ , 6. ਪ੍ਰਿੰਸੀਪਲ ਤੇਜਾ ਸਿੰਘ ਤੇ 7. ਗਿਆਨੀ ਗੁਰਮੁਖ ਸਿੰਘ ਮੁਸਾਫ਼ਰ । ਇਨ੍ਹਾਂ ਸੱਤਾਂ ਸਾਲਸਾਂ ਨੇ 6 ਜੂਨ , 1926 ਨੂੰ ਆਪਣਾ ਫ਼ੈਸਲਾ ਲਿਖ ਕੇ ਦੋਹਾਂ ਧਿਰਾਂ ਨੂੰ ਸੁਣਾਇਆ ਤੇ 7 ਜੂਨ ਸਵੇਰੇ ਇਹੋ ਫ਼ੈਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਜ਼ੂਰ ਸੰਗਤਾਂ ਨੂੰ ਸੁਣਾਇਆ ਗਿਆ । ਇਸ ਫ਼ੈਸਲੇ ਦਾ ਭਾਵ ਇਹ ਸੀ ਕਿ ਰਿਹਾ ਹੋ ਕੇ ਆਏ ਸੱਜਣਾਂ ਨੂੰ ਗੁਰਦੁਆਰਾ ਐਕਟ ਨੂੰ ਮੰਨਣ ਦਾ ਭਰੋਸਾ ਦੇਣ ਦੀ ਲੋੜ ਨਹੀਂ ਸੀ ਪਰ ਉਹ ਐਸਾ ਕਰਨ ਲਈ ਮਜ਼ਬੂਰ ਸਨ । ਦੋਹਾਂ ਧਿਰਾਂ ਨੇ ਫ਼ੈਸਲਾ ਮੰਨਣ ਦਾ ਇਕਰਾਰ ਕੀਤਾ , ਪਰ ਇਸ ਇਕਰਾਰ ਉੱਤੇ ਅਮਲ ਨਾ ਹੋਇਆ ਤੇ 18 ਜੂਨ , 1926 ਨੂੰ ਮਾਸਟਰ ਤਾਰਾ ਸਿੰਘ ਪਾਟਰੀ ਵਲੋਂ ਸਰਦਾਰ ਬਹਾਦਰ ਮਹਿਤਾਬ ਸਿੰਘ ਪਾਰਟੀ ਤੋਂ ਕਬਜ਼ਾ ਲੈਣ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਫ਼ਸਾਦ ਹੋਇਆ । ਸ : ਮਹਿੰਦਰ ਸਿੰਘ ਸਿੱਧਵਾਂ ਜਨਰਲ ਸਕੱਤਰ ਸ਼ਰੋਮਣੀ ਕਮੇਟੀ ਤੇ ਅਕਾਲ ਤਖ਼ਤ ਸਾਹਿਬ ਦੇ ਕਈ ਸੇਵਾਦਾਰ ਤੇ ਗ੍ਰੰਥੀ ਫੱਟੜ ਹੋਏ । ਮਿਸਟਰ ਵਾਹ ਡਿਪਟੀ ਕਮਿਸ਼ਨਰ ਨੇ ਫ਼ੌਜ ਤੇ ਪੁਲਿਸ ਲਿਆ ਕੇ ਕਬਜ਼ਾ ਸ਼ਰੋਮਣੀ ਕਮੇਟੀ ਨੂੰ ਦਿਵਾਇਆ । ਮਹਾਰਾਜਾ ਰਿਪੁਦਮਨ ਸਿੰਘ ਗੁਰਦੁਆਰਾ ਐਕਟ ਮੰਨਣ ਦਾ ਹਾਮੀ ਨਹੀਂ ਸੀ । ਪਰ ਰਿਆਸਤ ਤੋਂ ਜਲਾਵਤਨੀ ਕਾਰਣ ਉਹ ਸ਼ਰੋਮਣੀ ਅਕਾਲੀ ਦਲ ਦਾ ਹਮਾਇਤੀ ਹੋ ਗਿਆ । ਇਸ ਤੋਂ ਪਿੱਛੋਂ ਸ਼ਰੋਮਣੀ ਅਕਾਲੀ ਦਲ ਜਾਂ ਚੋਣਾਂ ਲੜਦਾ ਰਿਹਾ ਜਾਂ ਮੋਰਚੇ ਲਾਉਂਦਾ ਰਿਹਾ । ਚੋਣਾਂ ਵੇਲੇ ਖ਼ਾਲਸਾ ਪਾਰਟੀ ਤੇ ਅਕਾਲੀ ਪਾਰਟੀ ( ਮਾਸਟਰ ਤਾਰਾ ਸਿੰਘ ਪਾਰਟੀ ) ਵਿਚਕਾਰ ਟਾਕਰਾ ਹੁੰਦਾ । ਬਹੁਸੰਮਤੀ ਸਦਾ ਅਕਾਲੀ ਪਾਰਟੀ ਦੀ ਹੀ ਹੁੰਦੀ ਰਹੀ । ਨੌਂ ਜੂਨ , 1930 ਨੂੰ ਦੋਹਾਂ ਧਿਰਾਂ ਵਿਚਕਾਰ ਸਮਝੌਤਾ ਹੋਇਆ ਪਰ ਉਹ ਵੀ ਕਾਇਮ ਨਾ ਰਿਹਾ । ਫਿਰ 1936 ਵਿਚ ਬਾਬਾ ਸੋਹਣ ਸਿੰਘ ਭਕਨਾ ਤੇ ਬਾਬਾ ਵਿਸਾਖਾ ਸਿੰਘ ਸਾਲਸ ਬਣੇ । ਇਹ ਸਾਲਸੀ ਫ਼ੈਸਲਾ ਵੀ ਤੋੜ ਨਾ ਚੜ੍ਹਿਆ; ਸਹਿਜੇ ਸਹਿਜੇ ਖ਼ਾਲਸਾ ਪਾਰਟੀ ਦੇ ਸੱਜਣ ਵਖਰੇ ਵਖਰੇ ਹੋ ਗਏ । ਗਿਆਨੀ ਸ਼ੇਰ ਸਿੰਘ , ਮਾਸਟਰ ਤਾਰਾ ਸਿੰਘ ਨਾਲ ਜਾ ਰਲੇ ਅਤੇ ਅਕਾਲੀ ਪਾਰਟੀ ਦੇ ਸੱਜਣਾਂ ਵਿਚ ਵੀ ਮਤਭੇਦ ਹੋ ਗਿਆ । ਉਨ੍ਹਾਂ ਵਿੱਚੋਂ ਵੀ ਇਕ ਹਿੱਸਾ ਕਾਂਗਰਸ ਵਿਚ ਜਾ ਰਲਿਆ । ਸੰਨ 1962 ਤੋਂ ਅਕਾਲੀ ਦਲ ਦੇ ਦੋ ਧੜੇ ਹੋ ਗਏ; ਇਕ ਸੰਤ ਫਤਿਹ ਸਿੰਘ , ਗੰਗਾ ਨਗਰ ਦਾ ਤੇ ਦੂਜਾ ਮਾਸਟਰ ਤਾਰਾ ਸਿੰਘ ਦਾ । ਇਨ੍ਹਾਂ ਵਿਚ ਸਖ਼ਤ ਟੱਕਰ ਚਲਦੀ ਰਹੀ ਹੈ । 1964 ਦੀਆਂ ਗੁਰਦੁਵਾਰਾ ਚੋਣਾਂ ਵਿੱਚ ਸੰਤ ਫਤਿਹ ਸਿੰਘ ਦੇ ਧੜੇ ਨੂੰ ਬਹੁਸੰਮਤੀ ਪ੍ਰਾਪਤ ਹੋਈ ।

                  ਅੰਗੇਰੇਜ਼ੀ ਰਾਜ ਸਮੇਂ ਸਿੱਖਾਂ ਦੀਆਂ ਇਹ ਚਾਰ ਮੰਗਾਂ ਸਨ : ( 1 ) ਸਿੱਖ ਯੂਨੀਵਰਸਿਟੀ ਦੀ ਸਥਾਪਤੀ , ( 2 ) ਪੰਜਾਬ ਵਿਚ 30 ਫ਼ੀ ਸਦੀ ਅਧਿਕਾਰਾਂ ਦੀ ਮੰਗ , ( 3 ) ਗੁਰਦੁਆਰਾ ਕਾਨੂੰਨ ਦੀ ਮਨਜ਼ੂਰੀ ਤੇ ( 4 ) ਮਹਾਰਾਜਾ ਨਾਭਾ ਦੀ ਮੁੜ ਗੱਦੀ ਤੇ ਬਹਾਲੀ । ਦੇਸ਼ ਦੀ ਵੰਡ ਵੇਲੇ ਖਾਲਸਾ ਰਾਜ ਦੀ ਮੰਗ ਸੀ । ਇਨ੍ਹਾਂ ਵਿੱਚੋਂ ਕੇਵਲ ਗੁਰਦੁਆਰਾ ਕਾਨੂੰਨ ਦੀ ਮੰਗ ਹੀ ਪੂਰੀ ਹੋਈ । ਕਾਂਗਰਸ ਰਾਜ ਸਮੇਂ ਪੰਜਾਬੀ ਸੂਬਾ ਤੇ ਪੰਜਾਬੀ ਬੋਲੀ ਨੂੰ ਦਫਤਰੀ ਬੋਲੀ ਬਣਾਉਣ ਦੀ ਮੰਗ ਪੈਦਾ ਹੋਈ । ਪਹਿਲੀ ਨਵੰਬਰ , 1966 ਨੂੰ ਭਾਸ਼ਾ ਦੇ ਆਧਾਰ ਤੇ ਪੰਜਾਬ ਦੀ ਵੰਡ ਕਰਕੇ ਦੋ ਵੱਖ ਵੱਖ ਰਾਜ ਪੰਜਾਬ ਅਤੇ ਹਰਿਆਣਾ ਕਾਇਮ ਕਰ ਦਿੱਤੇ ਅਤੇ ਪੰਜਾਬੀ ਯੂਨੀਵਰਸਿਟੀ ਬਣ ਗਈ ਤੇ ਪੰਜਾਬੀ ਬੋਲੀ ਗੁਰਮੁਖੀ ਅੱਖਰਾਂ ਵਿਚ ਰਾਜ ਪੱਧਰ ਤਕ ਦਫ਼ਤਰੀ ਬੋਲੀ ਬਣਾ ਦਿੱਤੀ ਗਈ ।


ਲੇਖਕ : ਗਿਆਨੀ ਨਾਹਰ ਸਿੰਘ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1205, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-15, ਹਵਾਲੇ/ਟਿੱਪਣੀਆਂ: no

ਅਕਾਲੀ ਲਹਿਰ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਕਾਲੀ ਲਹਿਰ   :     ਗੁਰਦੁਆਰਿਆਂ ਦੇ ਪੰਥਰ ਪ੍ਰਬੰਧ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ 12 ਅਕਤੂਬਰ , 1920 ਨੂੰ ਆਰੰਭ ਹੋਈ ਗੁਰਦੁਆਰਾ ਸੁਧਾਰ ਲਹਿਰ ਦਾ ਹੀ ਦੂਜਾ ਨਾਂ ਅਕਾਲੀ ਲਹਿਰ ਹੈ । ਪਹਿਲਾਂ-ਪਹਿਲ ਗੁਰਦੁਆਰਿਆਂ ਦੀ ਸੇਵਾ ਅਤੇ ਪ੍ਰਬੰਧ ਪ੍ਰੇਮੀ ਸਿੱਖਾਂ , ਸਾਧੂਆਂ ਅਤੇ ਨਿਰਮਲਿਆਂ ਦੇ ਹੱਥ ਵਿਚ ਸੀ । ਸਮੇਂ ਦੇ ਗੇੜ ਨਾਲ ਇਹ ਲੋਕ ਗੁਰਦੁਆਰਿਆਂ ਦੇ ਮਾਲਕ ਬਣ ਬੈਠੇ , ਸਿੱਖੀ ਪ੍ਰਚਾਰ ਘਟ ਗਿਆ ਅਤੇ ਗੁਰ-ਮਰਿਯਾਦਾ ਵਿਚ ਪਤਨ ਆ ਗਿਆ । ਠਾਕੁਰ ਸਿੰਘ ਸੰਧਾਵਾਲੀਆ ਆਦਿ ਨੇ 1873ਈ. ਵਿਚ ਸਿੰਘ ਸਭਾ ਲਹਿਰ ਚਲਾਈ ਜਿਸ ਦਾ ਮੁੱਖ ਉਦੇਸ਼ ਸਿੱਖਾਂ ਵਿਚ ਸੁਧਾਰ ਤੇ ਵਿਦਿਆ ਦਾ ਪ੍ਰਚਾਰ ਕਰਨਾ ਸੀ । ਇਹ ਲਹਿਰ 1914 ਈ. ਤਕ ਬੜੇ ਜ਼ੋਰਾਂ ਉੱਤੇ ਰਹੀ ਅਤੇ ਇਸ ਵਿਚ ਕਾਫ਼ੀ ਕਾਮਯਾਬੀ ਵੀ ਹਾਸਲ ਹੋਈ । ਗੁਰਦੁਆਰਿਆਂ ਦੇ ਪੁਜਾਰੀ ਅਤੇ ਮਹੰਤ ਇਸ ਲਹਿਰ ਦੇ ਵਿਰੁੱਧ ਸਨ ਅਤੇ ਸਿੰਘ ਸਭਾ ਵਾਲਿਆਂ ਦੇ ਅਰਦਾਸੇ ਗੁਰਦੁਆਰਿਆਂ ਵਿਚ ਨਹੀਂ ਹੋਣ ਦਿੱਤੇ ਜਾਂਦੇ ਸਨ । ਗੁਰਦੁਆਰਿਆਂ ਵਿਚ ਨਹੀਂ ਹੋਣ ਦਿੱਤੇ ਜਾਂਦੇ ਸਨ । ਗੁਰਦੁਆਰਿਆਂ ਦੇ ਮਹੰਤਾਂ ਵਿਰੁਧ ਮੁਕੱਦਮੇ ਵੀ ਹੁੰਦੇ ਰਹੇ । ਕਈ ਜਗ੍ਹਾ ਸਮਝੋਤੇ ਹੋ ਜਾਂਦੇ ਰਹੇ ਪਰ ਸਮੁੱਚੇ ਤੌਰ ਉੱਤੇ ਗੁਰਦੁਆਰਿਆਂ ਦਾ ਸੁਧਾਰ ਨਾ ਹੋ ਸਕਿਆ । ਸੰਨ 1914 ਤੋਂ 1919 ਤਕ ਕੁਝ ਅਹਿਮ ਘਟਨਾਵਾਂ ਵਾਪਰੀਆਂ ਜਿਨ੍ਹਾਂ ਵਿਚ ( ੳ ) ਕ੍ਰਿਪਾਨ ਦਾ ਸਵਾਲ ( ਅ ) 1914-15 ਦੀ ਗ਼ਦਰ ਲਹਿਰ , ( ੲ ) ਜਰਮਨੀ ਦੀ ਜੰਗ , ( ਸ ) 13 ਅਪ੍ਰੈਲ , 1919 ਨੂੰ ਜ਼ਲ੍ਹਿਆਂ ਵਾਲੇ ਬਾਗ਼ , ਅੰਮ੍ਰਿਤਸਰ ਦਾ ਖ਼ੂਨੀ ਸਾਕਾ ਅਤੇ ( ਹ ) ਕਾਂਗਰਸ ਵੱਲੋਂ ਅੰਗਰੇਜ਼ੀ ਸਰਕਾਰ ਨਾਲ ਨਾ-ਮਿਲਵਰਤਨ ਸ਼ਾਮਲ ਸਨ । ਇਨ੍ਹਾਂ ਘਟਨਾਵਾਂ ਕਰ ਕੇ ਸਿੰਘ ਸਭਾ ਲਹਿਰ ਮੱਧਮ ਪੈ ਗਈ ।

              ਸਮੇਂ ਦੇ ਪਰਿਵਰਤਨ ਨਾਲ ਅਕਾਲੀ ਲਹਿਰ ਸ਼ੁਰੂ ਹੋ ਗਈ । ਇਕ ਹੋਰ ਘਟਨਾ ਜੋ 12 ਅਕਤੂਬਰ , 1920 ਨੂੰ ਵਾਪਰੀ , ਉਸ ਨੇ ਵੀ ਗੁਰਦੁਆਰਾ ਸੁਧਾਰ ਲਹਿਰ ਜਾਂ ਅਕਾਲੀ ਲਹਿਰ ਨੂੰ ਅੱਗੇ ਤੋਰਿਆ । ਇਸ ਦਿਨ ਅੰਮ੍ਰਿਤਸਰ ਜਲ੍ਹਿਆਂ ਵਾਲੇ ਬਾਗ਼ ਵਿਚ ਖ਼ਾਲਸਾ ਬਰਾਦਰੀ ਵੱਲੋਂ ਦੀਵਾਨ ਕਰ ਕੇ ਅਛੂਤਾਂ ਨੂੰ ਅੰਮ੍ਰਿਤ ਛਕਾਇਆ ਗਿਆ । ਬਾਵਾ ਹਰਕਿਸ਼ਨ ਸਿੰਘ , ਪ੍ਰੋ. ਤੇਜਾ ਸਿੰਘ ਆਦਿ ਮੋਹਰੀ ਸੱਜਣ ਸੰਗਤ ਸਮੇਤ ਇਨ੍ਹਾਂ ਸਿੰਘਾਂ ਦਾ ਪ੍ਰਸ਼ਾਦ ਲੈ ਕੇ ਦਰਬਾਰ ਸਾਹਿਬ ਪਹੁੰਚੇ । ਕੁਝ ਵਿਰੋਧ ਤੋਂ ਮਗਰੋਂ ਪਰਸਪਰ ਵਿਚਾਰ ਨਾਲ ਫ਼ੈਸਲਾ ਕਰ ਕੇ ਗੁਰੂ ਗ੍ਰੰਥ ਸਾਹਿਬ ਦੇ ਵਾਕ ' ਨਿਰਗੁਣਿਆ ਨੋ ਆਪੇ ਬਖਸ ਲਏ ਭਾਈ ਸਤਿਗੁਰ ਕੀ ਸੇਵਾ ਲਾਇ' ਦੇ ਆਸ਼ੇ ਅਨੁਸਾਰ ਅਰਦਾਸਾ ਕਰ ਕੇ ਕੜਾਹ ਪ੍ਰਸ਼ਾਦ ਵਰਤਾਇਆ ਗਿਆ । ਇਹ ਦੇਖ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੁਜਾਰੀ ਤਖ਼ਤ ਛੱਡ ਕੇ ਚਲੇ ਗਏ ।

              ਪੁਜਾਰੀਆਂ ਅਤੇ ਸਿੱਖਾਂ ਦੇ ਤਕਰਾਰ ਨੂੰ ਵੇਖਦੇ ਹੋਏ ਡਿਪਟੀ ਕਮਿਸ਼ਨਰ ਨੇ ਨੌਂ ਸੱਜਣਾ ਦੀ ਕਮੇਟੀ ਬਣਾ ਦਿੱਤੀ ਜਿਸ ਦੇ ਸਾਰੇ ਮੈਂਬਰ ਹੀ ਗੁਰਦੁਆਰਾ ਸੁਧਾਰ ਦੇ ਹਾਮੀ ਸਨ ।

              ਇਸ ਤਰ੍ਹਾਂ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸੁਧਾਰਨ ਲਈ ਅਤੇ ਸਾਰੇ ਗੁਰਦੁਆਰਿਆਂ ਨੂੰ ਪੰਥਕ ਪ੍ਰਬੰਧ ਵਿਚ ਲਿਆਉਣ ਵਾਸਤੇ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋ ਗਈ । ਇਸੇ ਲਹਿਰ ਦਾ ਦੂਜਾ ਨਾਂ ਅਕਾਲੀ ਲਹਿਰ ਹੈ । ਇਹ ਲਹਿਰ 12 ਅਕਤੂਬਰ , 1920 ਨੂੰ ਸ਼ੁਰੂ ਹੋਈ ਅਤੇ 15 ਨਵੰਬਰ , 1920 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਇਮ ਹੋਈ । ਇਹ ਲਹਿਰ ਭਾਵੇਂ ਧਾਰਮਿਕ ਸੀ ਪਰ ਸਰਕਾਰ ਦੇ ਦਖ਼ਲ ਕਾਰਨ ਇਸ ਲਹਿਰ ਨੇ ਹੋਰ ਰੂਪ ਧਾਰਨ ਕਰ ਲਿਆ । ਇਸ ਲਹਿਰ ਦੌਰਾਨ ਤਰਨਤਾਰਨ , ਨਨਕਾਣਾ ਸਾਹਿਬ , ਭਾਈ ਫੇਰੂ , ਗੁਰੂ ਕੇ ਬਾਗ਼ ਅਤੇ ਜੈਤੋ ਵਿਚ ਮੋਰਚੇ ਲੱਗੇ ( ਵਿਸਥਾਰ ਲਈ ਵੇਖੋ ਨਨਕਾਣਾ ਸਾਹਿਬ ਦਾ ਸਾਕਾ ਅਤੇ ਗੁਰੂ ਕਾ ਬਾਗ਼ ਮੋਰਚਾ ) 9 ਜੁਲਾਈ , 1923 ਵਿਚ ਨਾਭੇ ਦੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਗੱਦੀਉਂ ਲਾਹ ਦਿੱਤਾ ਗਿਆ ਜਿਸ ਕਰ ਕੇ ਇਹ ਲਹਿਰ ਹੋਰ ਵੀ ਤੇਜ਼ ਹੋ ਗਈ । ਨਵੰਬਰ , 1921 ਵਿਚ ਸਰਕਾਰੀ ਕਰਮਚਾਰੀ ਲਾਲ ਅਮਰਨਾਥ ਨੇ ਸਰ ਸੁੰਦਰ ਸਿੰਘ ( ਸਰਬਰਾਹ ਦਰਬਾਰ ਸਾਹਿਬ , ਅੰਮ੍ਰਿਤਸਰ ) ਤੋਂ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਲੈ ਲਈਆਂ ਜਿਸ ਕਰ ਕੇ ਐਜੀਟੇਸ਼ਨ ਬਹੁਤ ਵਧ ਗਈ । ਸਰਕਾਰ ਨੂੰ ਕੋਈ ਸਰਕਾਰੀ ਸਿੱਖ ਚਾਬੀਆਂ ਲੈਣ ਵਾਲਾ ਨਾ ਮਿਲਿਆ । ਓੜਕ ਕੁਝ ਵੱਸ ਨਾ ਚਲਦਾ ਵੇਖ ਕੇ 19 ਜਨਵਰੀ , 1922 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹਜ਼ੂਰੀ ਵਿਚ ਸਜੇ ਦੀਵਾਨ ਵਿਚ ਚਾਬੀਆਂ ਬਾਬਾ ਖੜਕ ਸਿੰਘ ਦੇ ਹਵਾਲੇ ਕੀਤੀਆਂ ਗਈਆਂ । ਇਸ ਦਿਨ ਮਹਾਤਮਾ ਗਾਂਧੀ ਨੇ ਬਾਬਾ ਖੜਕ ਸਿੰਘ ਨੂੰ ਇਹ ਤਾਰ ਭੇਜੀ  :

              The First decisive battle of freedom of Inida won , Congratulations.                             – M.k Gandhi           

              ( ਹਿੰਦੁਸਤਾਨ ਦੀ ਆਜ਼ਾਦੀ ਦੀ ਪਹਿਲੀ ਫ਼ੈਸਲਾਕੁਨ ਲੜਾਈ ਜਿੱਤੀ ਗਈ ਹੈ , ਵਧਾਈ ਹੋਵੇ-ਐਮ. ਕੇ. ਗਾਧੀ ) ।

              ਇਸ ਤਾਰ ਵਾਲੇ ਸ਼ਬਦਾਂ ਤੋਂ ਅਕਾਲੀ ਲਹਿਰ ਵੀ ਅਜ਼ਾਦੀ ਦੀ ਲਹਿਰ ਮੰਨੀ ਗਈ । ਇਹ 12 ਅਕਤੂਬਰ , 1920 ਤੋਂ 20 ਸਤੰਬਰ , 1925 ਤਕ ਪੰਜ ਸਾਲ ਚਲਦੀ ਰਹੀ ਜਿਸ ਵਿਚ ਪੰਜ ਸੌ ਸਿੰਘ ਸ਼ਹੀਦ ਹੋਏ । ਚਾਲ੍ਹੀ ਹਜ਼ਾਰ ਸਿੰਘ ਜੇਲ੍ਹਾਂ ਵਿਚ ਵਿਚ ਗਏ । ਗੁਰਦੁਆਰਾ ਐਕਟ ਪਾਸ ਹੋਣ ਉੱਤੇ ਇਹ ਲਹਿਰ ਸਮਾਪਤ ਹੋਈ ਪਰ ਮਹਾਰਾਜਾ ਨਾਭਾ ਨੂੰ ਮੁੜ ਗੱਦੀ ਉੱਤੇ ਬਹਾਲ ਕਰਨ ਦਾ ਸਵਾਲ ਵਿਚੇ ਰਹਿ ਗਿਆ । ਨਨਕਾਣਾ ਸਾਹਿਬ ਦੇ ਸਾਕੇ ਵਿਚ 89 ਸਿੰਘ ਸ਼ਹੀਦ ਹੋਏ । 21 ਫ਼ਰਵਰੀ , 1924 ਨੂੰ ਜੈਤੋ ਵਿਚ ਪਹਿਲੇ ਸ਼ਹੀਦੀ ਜੱਥੇ ਤੋ ਗੋਲੀ ਚੱਲੀ ਤੇ 40-50 ਸਿੰਘ ਸ਼ਹੀਦ ਹੋਏ । ਜੈਤੋ ਵਿਚ ਮੋਰਚਾ , ਆਖੰਡ ਪਾਠ ਦੇ ਖੰਡਤ ਹੋ ਜਾਣ ਕਰ ਕੇ 15 ਸਤੰਬਰ , 1923 ਨੂੰ ਲੱਗਾ ਜੋ ਦੋ ਸਾਲ ਚਲਾ ਰਿਹਾ । ਇਸ ਵਿਚ ਪੰਜ ਪੰਜ ਸੌ ਦੇ 17 ਜੱਥੇ ਗਏ । ਇਕ ਜੱਥਾਂ 90 ਸਿੰਘਾਂ ਦਾ ਅਤੇ ਇਕ ਕੈਨੇਡੀਅਨ ਜੱਥਾ 25 ਸਿੰਘਾਂ ਦਾ ਗਿਆ । ਸਭ ਤੋਂ ਵੱਡੇ ਦੋ ਮੋਰਚੇ ਸਨ । ਪਹਿਲਾ ਮੋਰਚਾ ਗੁਰੂ ਕੇ ਬਾਗ਼ ਦਾ ਸੀ ਜੋ 1922 ਵਿਚ ਲੱਗਾ । ਇਸ ਵਿਚ ਜੱਥਿਆਂ ਉੱਤੇ ਬੜੀ ਬੇਰਹਿਮੀ ਨਾਲ ਪੁਲਿਸ ਨੇ ਮਾਰ ਕੁਟਾਈ ਕੀਤੀ । ਇਹ ਮਾਰ ਕੁਟਾਈ 17 ਦਿਨ ਜਾਰੀ ਰਹੀ ਜਿਸ ਨਾਲ 1300 ਸਿੱਖ ਫੱਟੜ ਹੋਏ ਅਤੇ ਕੁਝ ਸ਼ਹੀਦ ਹੋਏ । ਇਸ ਮੋਰਚੇ ਵਿਚ 569 ਸਿੰਘ ਗ੍ਰਿਫ਼ਤਾਰ ਹੋਏ । ਗੁਰੂ ਕੇ ਬਾਗ਼ ਦੇ ਮੋਰਚੇ ਦੀਆਂ ਧੁੰਮਾਂ ਸਾਰੀ ਦੁਨੀਆ ਵਿਚ ਪੈ ਗਈਆਂ ਸਨ । ਦੂਜੇ ਦੇਸ਼ਾਂ ਦੀਆਂ ਅਖ਼ਬਾਰਾਂ ਦੇ ਰਿਪੋਰਟਰ ਸਭ ਕੁਝ ਅੱਖੀਂ ਦੇਖ ਕੇ ਖ਼ਬਰਾਂ ਬਾਹਰ ਭੇਜਦੇ ਸਨ । ਅਕਾਲੀ ਲਹਿਰ ਦੇ ਸਮੇਂ ਹੀ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਹੋਈ ਜੋ 17 ਜੂਨ , 1923 ਨੂੰ ਸ਼ੁਰੂ ਹੋ ਕੇ ਇਕ ਮਹੀਨਾ ਜਾਰੀ ਰਹੀ । ਇਹ ਨਜ਼ਾਰਾ ਵੀ ਦੇਖਣਯੋਗ ਸੀ । ਕਾਰਸੇਵਾ ਦੇ ਆਰੰਭ ਕਰਨ ਦੇ ਮੌਕੇ ਤੇ ਦੋ ਲੱਖ ਸਿੱਖਾਂ ਦਾ ਜਲੂਸ ਪਿਪਲੀ ਸਾਹਿਬ ਤੋਂ ਸ਼ੁਰੂ ਹੋ ਕੇ ਦਰਬਾਰ ਸਾਹਿਬ ਤਕ ਚਲਦਾ ਰਿਹਾ ।

              ਇਉਂ ਹੀ ਗੁਰਦੁਆਰਾ ਬਾਬੇ ਦੀ ਬੇਰ ( ਸਿਆਲਕੋਟ ) ਦੇ ਨਾਬਾਲਗ਼ ਮਹੰਤ ਦਾ ਸਰਪਰਸਤ ਇਕ ਪਤਿਤ ਗੰਡਾ ਸਿੰਘ ਨੂੰ ਲਾਏ ਜਾਣ ਕੇ ਖਿਲਾਫ਼ ਸ਼ਹਿਰ ਦੇ ਸਿੱਖਾਂ ਵੱਲੋਂ ਚੁਣੀ ਇਕ ਸਿੱਖ ਕਮੇਟੀ ਨੂੰ ਪ੍ਰਬੰਧ ਸੌਂਪ ਦੇਣਾ ਮੰਨ ਕੇ 6 ਅਕਤੂਬਰ , 1920 ਨੂੰ ਕਮਿਸ਼ਨਰ , ਲਾਹੌਰ ਡਿਵੀਜ਼ਨ ਨੇ ਇਥੇ ਭੜਕ ਰਹੇ ਹਾਲਾਤ ਨੂੰ ਰੋਕ ਲਿਆ ਸੀ । ਇਸ ਲਹਿਰ ਦੇ ਆਗੂਆਂ ਵੱਲੋਂ ਅਕਾਲ ਤਖ਼ਤ ਦੇ ਪ੍ਰਬੰਧ ਦਾ ਮਸਲਾ ਹੱਲ ਕਰਨ ਲਈ ਇਕ ਇਕੱਠ ਕੀਤਾ ਗਿਆ ।

              ਉਥੇ ਕੋਈ ਪੁਜਾਰੀ ਹਾਜ਼ਰ ਨਾ ਹੋਣ ਕਾਰਨ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬੁਲਾਉਣ ਲਈ ਉਨ੍ਹਾਂ ਦੇ ਵਾਕਫ਼ਕਾਰ ਭੇਜੇ ਗਏ ਪਰ ਉਨ੍ਹਾਂ ਦੇ ਆਉਣ ਤੋਂ ਇਨਕਾਰੀ ਹੋਣ ਉੱਤੇ ਕਈ ਹਜ਼ਾਰ ਦੀ ਹਾਜ਼ਰ ਸੰਗਤ ਵਿਚ ਨਾਂ ਲਿਖਾਉਣ ਲਈ ਅਪੀਲ ਕੀਤੀ ਗਈ । ਸਤਾਰਾਂ ਸੱਜਣਾ ਨੇ ਆਪਣੇ ਆਪ ਨੂੰ ਸੇਵਾ ਲਈ ਪੇਸ਼ ਕੀਤਾ । ਉਨ੍ਹਾਂ ਵਿਚੋਂ ਸੰਗਤ ਨੇ ਭਾਈ ਭੇਜਾ ਸਿੰਘ ਭੁੱਚਰ ਜਥੇਦਾਰ ਮਾਝਾ ਖ਼ਾਲਸਾ ਦੀਵਾਨ ਨੂੰ ਅਕਾਲ ਤਖ਼ਤ ਦਾ ਜਥੇਦਾਰ ਥਾਪਦੇ ਹੋਏ , 17 ਵਾਲੰਟੀਅਰਾਂ ਨੂੰ ਸੇਵਾ ਸੰਭਲ ਦਿੱਤੀ । ਇਉਂ ਤਖ਼ਤ ਦਾ ਪ੍ਰਬੰਧ ਪੰਥ ਨੇ ਸੰਭਾਲ ਲਿਆ । ਜਥੇਦਾਰ ਤੇਜਾ ਸਿੰਘ ਨੇ ਉਸੇ ਦਿਨ ਹੁਕਮਨਾਮਾ ਜਾਰੀ ਕਰ ਕੇ 15 ਨਵੰਬਰ , 1920 ਨੂੰ ਗੁਰਦੁਆਰਿਆਂ ਦੇ ਕੀਤੇ ਜਾਣ ਵਾਲੇ ਪ੍ਰਬੰਧ ਦੀ ਵਿਉਂਤ ਬਣਾਉਣ ਲਈ ਸਰਬੱਤ ਖ਼ਾਲਸਾ ਦੀ ਇਕੱਤਰਤਾ ਬੁਲਾ ਲਈ ਜਿਸ ਵਿਚ ਦਸ ਹਜ਼ਾਰ ਤੋਂ ਵੱਧ ਸਿੱਖ ਹਾਜ਼ਰ ਹੋਏ । ਉਨ੍ਹਾਂ ਵਲੋਂ ਜ਼ਿਲ੍ਹੇਵਾਰ ਨੁਮਾਇੰਦੇ ਚੁਣੇ ਗਏ ਅਤੇ ਇਉਂ ਚੁਣੇ 175 ਸਿੰਘਾਂ ਦੀ ਸੰਸਥਾ ਬਣਾ ਲਈ ਗਈ ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਂ ਦਿੱਤਾ ਗਿਆ । ਇਸ ਕਮੇਟੀ ਨੂੰ ਅਧਿਕਾਰ ਦਿੱਤਾ ਗਿਆ ਕਿ ਇਹ ਪੰਜਾਬ ਦੇ ਸਾਰੇ ਗੁਰਦੁਆਰੇ ਆਪਣੇ ਪ੍ਰਬੰਧ ਹੇਠ ਲਿਆਵੇ । ਇਸ ਕਾਰਜ ਵਿਚ ਕਮੇਟੀ ਦੀ ਸਹਾਇਤਾ ਲਈ ਸ਼੍ਰੋਮਣੀ ਅਕਾਲੀ ਦਲ ਸਥਾਪਤ ਕੀਤਾ ਗਿਆ ਅਤੇ ਗੁਰਦੁਆਰਿਆਂ ਦੇ ਕਬਜ਼ੇ ਕਰਨ ਸਮੇਂ ਸਬੰਧਤ ਮਹੰਤਾਂ ਵੱਲੋਂ ਮੁਕਾਬਲਾ ਜਾਂ ਸਰਕਾਰ ਵੱਲੋਂ ਦਖ਼ਲ ਹੋਣ ਦੀ ਸੂਰਤ ਵਿਚ ਅਹਿੰਸਾ ਦੀ ਨੀਤੀ ਅਪਨਾਉਣ ਦਾ ਫ਼ੈਸਲਾ ਕੀਤਾ ਗਿਆ ।

              ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ , ਅਕਾਲ ਤਖ਼ਤ ਸਾਹਿਬ ਉੱਤੇ ਕਬਜ਼ਾ ਅਤੇ ਛੇਤੀ ਪਿੱਛੋਂ ਸ਼੍ਰੋਮਣੀ ਅਕਾਲੀ ਦਲ ਦਾ ਕਾਇਮ ਹੋਣਾ ਅਤੇ ਕੇਂਦਰੀ ਮਾਝਾ ਦੀਵਾਨ ਅਤੇ ਖਰਾ ਸੌਦਾ ਬਾਰ ਖ਼ਾਲਸਾ ਦੀਵਾਨ ਵਰਗੇ ਸਥਾਨਕ ਜੱਥਿਆਂ ਦਾ ਇਸ ਵਿਚ ਸ਼ਾਮਲ ਹੋ ਜਾਣਾ ਵੱਡੇ ਥੰਮ੍ਹ ਸਨ ਜਿਨ੍ਹਾਂ ਉੱਤੇ ਅਕਾਲੀ ਲਹਿਰ ਦੀ ਉਸਾਰੀ ਹੋਈ । ਗੁਰਦੁਆਰਾ ਪੰਜਾ ਸਾਹਿਬ ਦੇ ਮਹੰਤ ਮਿਠਾ ਸਿੰਘ ਦੀ ਮੌਤ ਦੀ ਖ਼ਬਰ ਮਿਲਣ ਉੱਤੇ ਭਾਈ ਕਰਤਾਰ ਸਿੰਘ ਝੱਬਰ ਕੁਝ ਹੋਰ ਸਿੰਘਾਂ ਨੂੰ ਨਾਲ ਲੈ ਕੇ ਪੰਜਾ ਸਾਹਿਬ ਜਾ ਪਹੁੰਚਿਆ ਅਤੇ 19-20 ਨਵੰਬਰ , 1920 ਨੂੰ ਗੁਰਦੁਆਰਾ ਪੰਜਾ ਸਾਹਿਬ ਦਾ ਕਬਜ਼ਾ ਲੈ ਲਿਆ । 26 ਜਨਵਰੀ , 1921 ਨੂੰ ਗੁਰਦੁਆਰਾ ਤਰਨਤਾਰਨ ਦਾ ਕਬਜ਼ਾ ਲੈ ਲਿਆ ਗਿਆ ਜਿਸ ਵਿਚ ਦੋ ਸਿੰਘ ਸ਼ਹੀਦ ਹੋਏ । ਨਨਕਾਣਾ ਸਾਹਿਬ ਗੁਰਦੁਆਰਾ ਜਨਮ ਅਸਥਾਨ ਦੇ ਮਹੰਤ ਨਰੈਣ ਦਾਸ ਦੀ ਆਚਰਣ ਹੀਣਤਾ ਅਤੇ ਗੁਰਦੁਆਰੇ ਦੀ ਜਾਇਦਾਦ ਖ਼ੁਰਦ-ਬੁਰਦ ਕਰਨ ਦੀ ਸਿੱਖਾਂ ਵਿਚ ਬੜੀ ਚਰਚਾ ਸੀ ਅਤੇ ਇਲਾਕੇ ਦੇ ਅਕਾਲੀ ਸਿੱਖ ਤੁਲੇ ਹੋਏ ਸਨ ਕਿ ਗੁਰਦੁਆਰੇ ਉੱਤੇ ਕਬਜ਼ਾ ਕੀਤਾ ਜਾਵੇ । ਦੂਜੇ ਪਾਸੇ ਮਹੰਤ ਨੇ ਵੀ ਮੁਕਾਬਲੇ ਲਈ ਬਦਮਾਸ਼ਾਂ ਦਾ ਗਰੋਹ , ਦਾਰੂ-ਸਿੱਕਾਂ ਅਤੇ ਸ਼ਸਤਰ ਆਦਿ ਤਿਆਰ ਰੱਖੇ ਹੋਏ ਸਨ । ਪਿੰਡ ਧਾਰੋਵਾਲੀ ਦੇ ਜਥੇਦਾਰ ਲਛਮਣ ਸਿੰਘ ਅਤੇ ਭਾਈ ਕਰਤਾਰ ਸਿੰਘ ਝੱਬਰ ਨੇ ਆਪੋ ਵਿਚ ਮਿਥ ਲਿਆ ਹੋਇਆ ਸੀ ਕਿ ਲਛਮਣ ਸਿੰਘ ਧਾਰੋਵਾਲੀ ਤੋਂ ਅਤੇ ਝੱਬਰ ਖਰਾ ਸੌਦਾ , ਚੂਹੜ ਕਾਣੇ ਤੋਂ ਆਪਣੇ ਆਪਣੇ ਜੱਥੇ ਸਮੇਤ 19-20 ਫ਼ਰਵਰੀ ਦੀ ਵਿਚਲੀ ਰਾਤ ਚਲ ਕੇ ਗੁਰਦੁਆਰੇ ਉੱਤੇ ਕਬਜ਼ਾ ਕਰਨਗੇ ਪਰ ਮਾਸਟਰ ਤਾਰਾ ਸਿੰਘ ਅਤੇ ਭਾਈ ਤੇਜਾ ਸਿੰਘ ਸਮੁੰਦਰੀ ਵੱਲੋਂ ਭੇਜੇ ਗਏ ਭਾਈ ਦਲੀਪ ਸਿੰਘ ਸਾਹੋਵਾਲ ਅਤੇ ਭਾਈ ਜਸਵੰਤ ਸਿੰਘ ਝਬਾਲ ਨੇ ਝੱਬਰ ਦੇ ਜੱਥੇ ਨੂੰ ਖਰੇ ਸੌਦੇ ਹੀ ਰੋਕ ਲਿਆ ਪਰ ਭਾਈ ਦਲੀਪ ਸਿੰਘ , ਲਛਮਣ ਸਿੰਘ ਧਾਰੋਵਾਲੀ ਦੇ ਜੱਥੇ ਨੂੰ ਰੋਕ ਲੈਣ ਵਿਚ ਸਫ਼ਲ ਨਾ ਹੋਇਆ ਕਿਉਂਕਿ ਉਹ ਇਸ ਨਮਿਤ ਅਰਦਾਸ ਕਰ ਕੇ ਚਲ ਚੁੱਕੇ ਸਨ । ਇਸ ਤਰ੍ਹਾਂ ਧਾਰੋਵਾਲੀ ਤੋਂ ਚਲਿਆਂ ਲਗਭਗ 130 ਸਿੰਘਾਂ ਦਾ ਜੱਥਾ 20 ਫ਼ਰਵਰੀ ਸਵੇਰੇ 6 ਵਜੇ ਗੁ. ਜਨਮ-ਅਸਥਾਨ ਦਾਖ਼ਲ ਹੋ ਗਿਆ ਜਿਥੇ ਸਾਰੇ ਸਿੰਘ ਹੀ ਮਹੰਤ ਦੇ ਆਦਮੀਆਂ ਹੱਥੋਂ ਫੱਟੜ ਹੋਏ ਅਤੇ ਕੁਝ ਸਿੰਘ ਮਿੱਟੀ ਦਾ ਤੇਲ ਪਾਕੇ ਜੀਉਂਦੇ ਸਾੜ ਦਿੱਤੇ ਗਏ । ਭਾਈ ਦਲੀਪ ਸਿੰਘ ਜੋ ਮਹੰਤ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਗੁਰਦੁਆਰੇ ਪੁੱਜ ਚੁੱਕਾ ਸੀ , ਵੀ ਮਹੰਤ ਹੱਥੋਂ ਗੋਲੀ ਦਾ ਨਿਸ਼ਾਨਾ ਬਣਿਆ ਅਤੇ ਉਸ ਨੂੰ ਗੁਰਦੁਆਰੇ ਤੋਂ ਬਾਹਰ ਬਲਦੇ ਆਵੇ ਵਿਚ ਸੁੱਟ ਦਿੱਤਾ ਗਿਆ ।

              ਇਸ ਸਾਕੇ ਦੀ ਖ਼ਬਰ ਗੁਰਦੁਆਰਾ ਸੱਚਾ ਸੌਦੇ ਪੁੱਜਣ ਉੱਤੇ ਭਾਈ ਕਰਤਾਰ ਸਿੰਘ ਝੱਬਰ 2200 ਸਿੰਘਾਂ ਦੇ ਜੱਥੇ ਸਮੇਤ ਨਨਕਾਣਾ ਸਾਹਿਬ ਵੱਲ ਚਲ ਪਿਆ । ਤਦ ਤਕ ਗੁਰਦੁਆਰਾ ਜਨਮ-ਅਸਥਾਨ ਨੂੰ ਗੋਰਾ ਫ਼ੌਜ ਨੇ ਘੇਰੇ ਵਿਚ ਲੈ ਲਿਆ ਸੀ ਅਤੇ ਫ਼ੌਜੀ ਜਰਨੈਲ , ਡੀ.ਸੀ. ਸ਼ੇਖੂਪੁਰਾ ਅਤੇ ਕਮਿਸ਼ਨਰ ਮਿ. ਕਿੰਗ. ਝੱਬਰ ਦੇ ਜੱਥੇ ਨੂੰ ਰੋਕਣ ਲਈ ਉਥੇ ਪਹੁੰਚੇ ਹੋਏ ਸਨ । ਲੰਬੀ ਗੱਲਬਾਤ ਦੇ ਬਾਵਜੂਦ ਜਦੋਂ ਜੱਥਾਂ ਰੁਕਦਾ ਨਾ ਦਿਸਿਆ ਤਾਂ ਕਮਿਸ਼ਨਰ ਨੇ ਗੁਰਦੁਆਰੇ ਨੂੰ ਲੱਗੇ ਤਾਲਿਆਂ ਦੀਆਂ ਚਾਬੀਆਂ ਝੱਬਰ ਨੂੰ ਦਿੰਦੇ ਹੋਏ ਪ੍ਰਬੰਧ ਲਈ ਇਕ ਆਰਜ਼ੀ ਕਮੇਟੀ ਬਣਾ ਲੈਣ ਲਈ ਕਿਹਾ । ਸੱਤ ਸਿੱਖਾਂ ਦੀ ਕਮੇਟੀ ਸ. ਹਰਬੰਸ ਸਿੰਘ ਅਟਾਰੀ ਦੀ ਪ੍ਰਧਾਨਗੀ ਹੇਠ ਥਾਪੇ ਜਾਣ ਉੱਤੇ 21 ਫ਼ਰਵਰੀ ਸ਼ਾਮ ਦੇ ਪੰਜ ਵਜੇ ਗੁਰਦੁਆਰਿਆਂ ਦੇ ਦੁਆਲੇ ਲਾਈ ਫ਼ੌਜ ਹਟਾ ਕੇ ਕਬਜ਼ਾ ਦੇ ਦਿੱਤਾ ਗਿਆ ।

              ਜਲਦੀ ਹੀ ਪਿੱਛੋਂ ਸਿੱਖਾਂ ਵੱਲੋਂ ਨਨਕਾਣਾ ਸਾਹਿਬ ਦੇ ਸਾਕੇ ਦੇ ਕੇਸ ਵਿਚ ਨਾ-ਮਿਲਵਰਤਨ ਦਾ ਮਤਾ ਪਾਸ ਕਰ ਦੇਣ ਉੱਤੇ ਅੰਗਰੇਜ਼ ਸਰਕਾਰ ਅਕਾਲੀ ਲਹਿਰ ਨੂੰ ਸਿਆਸੀ ਲਹਿਰ ਸਮਝਣ ਲੱਗ ਗਈ ਅਤੇ ਸਿੱਖਾਂ ਉੱਤੇ ਹੋਰ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ । ਦਰਬਾਰ ਸਾਹਿਬ , ਅੰਮ੍ਰਿਤਸਰ ਦੇ ਤੋਸੇਖ਼ਾਨੇ ਦੀਆਂ ਚਾਬੀਆਂ ਡੀ. ਸੀ. , ਅੰਮ੍ਰਿਤਸਰ ਨੇ ਸਰਬਰਾਹ ਪਾਸੋਂ ਲੈ ਲਈਆਂ ਜਿਸ ਉੱਤੇ ਗੋਲਡਨ ਟੈਂਪਲ ਕੀਜ਼ ਅਫ਼ੇਅਰ ਸ਼ੁਰੂ ਹੋ ਗਿਆ ਜਿਸ ਵਿਚ ਸ਼੍ਰੋਮਣੀ ਕਮੇਟੀ ਦੀ ਅੰਤ੍ਰੰਗ ਬਾਡੀ ਦੀ ਸਾਰੇ ਦੇ ਸਾਰੇ ਮੈਂਬਰਾਂ ਸਮੇਤ ਕਈ ਹੋਰ ਸਿੱਖ ਮੁਖੀ ( ਕੁੱਲ 198 ਸਿੱਖ ) ਫੜ ਲਏ ਗਏ । ਇਸ ਦੇ ਨਾਲ ਹੀ ਸਿੰਘਾਂ ਵੱਲੋਂ ਕਾਲੀ ਪੱਗ ਬੰਨ੍ਹਣ ਦੇ ਖ਼ਿਲਾਫ਼ ਫੜੋ-ਫੜੀ ਸ਼ੁਰੂ ਹੋ ਜਾਣ ਉੱਤੇ ਕਾਲੀ ਦਸਤਾਰ ਦਾ ਮੋਰਚਾ ਛਿੜ ਪਿਆ ।

              ਮੌਜੂਦਾ ਸ਼੍ਰੋਮਣੀ ਅਕਾਲੀ ਦਲ ਜੋ ਹੁਣ ਕਈ ਧੜਿਆਂ ਵਿਚ ਵੰਡਿਆ ਹੋਇਆ ਮਿਲਦਾ ਹੈ ਇਸੇ ਹੀ ਲਹਿਰ ਦੀ ਉਪਜ ਕਿਹਾ ਜਾ ਸਕਦਾ ਹੈ ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 693, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-24-03-43-42, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.