ਅਕਾਲ ਤਖ਼ਤ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਕਾਲ ਤਖ਼ਤ : ਸਿੱਖ ਧਾਰਮਿਕ ਪ੍ਰਭੂਸੱਤਾ ਦਾ ਮੁੱਖ ਕੇਂਦਰ ਅਤੇ ਸਿੱਖ ਰਾਜਨੀਤਿਕ ਇਕੱਠਾਂ ਲਈ ਕੇਂਦਰੀ ਸਥਾਨ ਹੈ। ਇਥੋਂ ਕਿਸੇ ਵੀ ਸਿੱਖ ਸਿਧਾਂਤ ਜਾਂ ਰਹਿਤ ਸੰਬੰਧੀ ਮਸਲੇ ਬਾਰੇ ਰਹਿਨੁਮਾਈ ਜਾਂ ਸਪਸ਼ਟੀਕਰਨ ਲਈ ਹੁਕਮਨਾਮੇ ਜਾਰੀ ਕੀਤੇ ਜਾ ਸਕਦੇ ਹਨ। ਇਥੋਂ ਕਿਸੇ ਵੀ ਧਾਰਮਿਕ ਨਿਯਮ ਨੂੰ ਭੰਗ ਕਰਨ ਕਰਕੇ ਜਾਂ ਸਿੱਖ ਹਿਤਾਂ ਦੇ ਜਾਂ ਕਿਸੇ ਵਿਅਕਤੀ ਦੇ ਵਿਰੁੱਧ ਕੀਤੇ ਹੋਏ ਕਿਸੇ ਵੀ ਗਲਤ ਕੰਮ ਲਈ ਤਨਖ਼ਾਹ ਲਗਾਈ ਜਾ ਸਕਦੀ ਹੈ। ਇਥੋਂ ਕਿਸੇ ਵਿਅਕਤੀ ਦੁਆਰਾ ਸਿੱਖ ਧਰਮ ਲਈ ਕੀਤੀ ਕੁਰਬਾਨੀ ਜਾਂ ਕੀਤੀ ਹੋਈ ਮਹਾਨ ਸੇਵਾ ਲਈ ਮਾਨ ਸਨਮਾਨ ਦਿੱਤਾ ਅਤੇ ਦਰਜ ਕੀਤਾ ਜਾਂਦਾ ਹੈ। ਇਸ ਦੀ ਇਮਾਰਤ ਅੰਮ੍ਰਿਤਸਰ ਵਿਚ ਦਰਬਾਰ ਸਾਹਿਬ ਖੇਤਰ ਦੇ ਅੰਦਰ ਅੱਜ-ਕਲ੍ਹ ਗੋਲਡਨ ਟੈਂਪਲ ਵਜੋਂ ਪ੍ਰਸਿੱਧ ਹਰਿਮੰਦਰ ਸਾਹਿਬ ਦੇ ਸਾਮ੍ਹਣੇ ਬਣੀ ਹੋਈ ਹੈ। ਕਾਲ ਦਾ ਨਾਂਹਵਾਚਕ ਸ਼ਬਦ ਅਕਾਲ ਸਮਾਂਤੀਤ ਸਦੀਵੀ, ਅਮਰ ਦਾ ਪ੍ਰਤੀਕ ਹੈ ਅਤੇ ਫ਼ਾਰਸੀ ਵਿਚ ਤਖ਼ਤ ਸ਼ਬਦ ਦਾ ਅਰਥ ਰਾਜਗੱਦੀ ਜਾਂ ਸ਼ਾਹੀ ਸਿੰਘਾਸਣ ਹੈ। ਇਸ ਲਈ ਅਕਾਲ ਤਖ਼ਤ ਦਾ ਅਰਥ ਹੋਇਆ ‘ਸਮਾਂਤੀਤ ਜਾਂ ਸਦੀਵੀ ਸਿੰਘਾਸਣ` ਜਾਂ ‘ਅਕਾਲ ਪੁਰਖ ਦਾ ਸਿੰਘਾਸਣ`। ਸਿੱਖ ਸਿਧਾਂਤ ਪ੍ਰਣਾਲੀ ਵਿਚ ਪਰਮਾਤਮਾ ਨਿਰੰਕਾਰ ਭਾਵ ਅਕਾਰ ਰਹਿਤ ਮੰਨਿਆ ਗਿਆ ਹੈ ਪਰ ਫਿਰ ਵੀ ਉਸਦੀ ਪ੍ਰਭੂਸੱਤਾ ਆਪਣੀ ਰਚਨਾ ਉਤੇ ਜਾਣੀ ਜਾਂਦੀ ਹੈ। ਕਈ ਵਾਰੀ ਉਸ ਨੂੰ ਸੁਲਤਾਨ, ਪਾਤਸ਼ਾਹ, ਸੱਚਾਸ਼ਾਹ ਕਿਹਾ ਗਿਆ ਹੈ; ਉਸਦੇ ਅਸਥਾਨ ਨੂੰ ਸੱਚਾ ਤਖ਼ਤ ਕਿਹਾ ਜਾਂਦਾ ਹੈ ਜਿਸ ਉੱਤੇ ਬੈਠ ਕੇ ਉਹ ਸੱਚਾ ਨਿਆਂਉ ਕਰਦਾ ਹੈ (ਗੁ.ਗ੍ਰੰ.84, 1087)। ਘੱਟੋ ਘੱਟ ਗੁਰੂ ਅਰਜਨ ਦੇਵ ਜੀ (1563-1606) ਦੇ ਸਮੇਂ ਤਕ ਸਿੱਖਾਂ ਵਿਚ ਇਹ ਗੱਲ ਆਮ ਪ੍ਰਚਲਤ ਹੋ ਗਈ ਸੀ ਕਿ ਸਿੱਖ ਗੁਰੂ ਨੂੰ ਸੱਚਾ ਪਾਤਸ਼ਾਹ ਅਤੇ ਗੱਦੀ ਜਿਸ ਉੱਤੇ ਉਹ ਬੈਠਦੇ ਸਨ ਉਸ ਨੂੰ ਤਖ਼ਤ ਅਤੇ ਜਿਥੇ ਸੰਗਤ ਜੁੜਦੀ ਸੀ ਉਸ ਨੂੰ ਦਰਬਾਰ ਕਹਿੰਦੇ ਸਨ। ਗੁਰੂਆਂ ਦੀ ਮਹਿਮਾਂ ਦਾ ਗਾਇਨ ਕਰਦੇ ਹੋਏ ਢਾਡੀ ਬਲਵੰਡ, ਭੱਟ ਨਲ੍ਹ ਅਤੇ ਮਥੁਰਾ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਆਪਣੀ ਬਾਣੀ ਵਿਚ ਸ਼ਬਦ ਤਖ਼ਤ ਦੀ ਵਰਤੋਂ ਇਸੇ ਅਰਥ ਵਿਚ ਕਰਦੇ ਹਨ। ਰਸਮੀ ਤੌਰ ਤੇ ਸਿੱਖ ਧਰਮ ਵਿਚ ਅਧਿਆਤਮਿਕ ਅਤੇ ਦੁਨੀਆਵੀ ਕੰਮਾਂ ਵਾਸਤੇ ਇਕੋ ਜਿਹਾ ਫ਼ਰਜ਼ ਸਮਝਣ ਲਈ ਜਾਂ ਮੀਰੀ ਪੀਰੀ ਦਾ ਸੁਮੇਲ ਕਰਨ ਲਈ ਗੁਰੂ ਅਰਜਨ ਦੇਵ ਦੇ ਸੁਪੁੱਤਰ ਅਤੇ ਗੱਦੀ ਨਸ਼ੀਨ ਗੁਰੂ ਹਰਗੋਬਿੰਦ ਜੀ (1595-1644) ਨੇ ਜੀਵਨ ਦੇ ਸ਼ਾਹੀ ਤੌਰ ਤਰੀਕਿਆਂ ਨੂੰ ਅਪਣਾ ਲਿਆ ਸੀ। ਗੱਦੀ ਨਸ਼ੀਨੀ ਦੀ ਰਸਮ ਲਈ ਗੁਰੂ ਜੀ ਨੇ ਹਰਿਮੰਦਰ ਦੇ ਸਾਮ੍ਹਣੇ ਇਕ ਥੜ੍ਹਾ ਬਣਵਾਇਆ ਜਿਸਦਾ ਨਾਂ ਅਕਾਲ ਤਖ਼ਤ ਰੱਖਿਆ। ਕਵਿਤਾ ਵਿਚ ਲਿਖਿਆ ਹੋਇਆ ਗੁਰਬਿਲਾਸ ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਜੀ ਦੇ ਜੀਵਨ ਬਾਰੇ ਸਭ ਤੋਂ ਪੁਰਾਤਨ ਵਰਨਨ ਹੈ ਅਤੇ ਇਸ ਅਨੁਸਾਰ ਇਸ ਤਖ਼ਤ ਦੀ ਰਚਨਾ ਹਾੜ ਵਦੀ 5, 1663 ਬਿਕਰਮੀ/15 ਜੂਨ 1606 ਨੂੰ ਹੋਈ। ਗੁਰੂ ਜੀ ਨੇ ਨੀਂਹ ਪੱਥਰ ਰਖਿਆ ਅਤੇ ਬਿਨਾਂ ਕਿਸੇ ਤੀਸਰੇ ਵਿਅਕਤੀ ਦੀ ਮਦਦ ਤੋਂ ਕੇਵਲ ਭਾਈ ਬੁੱਢਾ ਅਤੇ ਭਾਈ ਗੁਰਦਾਸ ਨੇ ਇਸ ਦੀ ਉਸਾਰੀ ਸੰਪੂਰਨ ਕੀਤੀ। ਗੁਰੂ ਹਰਗੋਬਿੰਦ ਜੀ ਨੇ ਗੱਦੀ ਨਸ਼ੀਨੀ ਲਈ ਇਸ ਨੂੰ ਵਰਤਿਆ; ਇਹ ਗੱਦੀ ਨਸ਼ੀਨੀ 26 ਹਾੜ ਸੁਦੀ 10, 1663 ਬਿਕਰਮੀ/24 ਜੂਨ 1606 ਨੂੰ ਹੋਈ ਸੀ। ਇਸ ਤਖ਼ਤ ਤੇ ਬੈਠ ਕੇ ਗੁਰੂ ਜੀ ਦੁਨਿਆਵੀ ਕਾਰ ਵਿਹਾਰਾਂ ਦਾ ਨਿਪਟਾਰਾ ਕਰਿਆ ਕਰਦੇ ਸਨ। ਇਥੋਂ ਹੀ ਉਹਨਾਂ ਵੱਲੋਂ ਅਕਾਲ ਤਖ਼ਤ ਦੀ ਰਚਨਾ ਬਾਰੇ ਸੂਚਿਤ ਕਰਨ ਲਈ ਦੂਰ ਦੁਰਾਡੇ ਦੀਆਂ ਸੰਗਤਾਂ ਨੂੰ ਪਹਿਲਾ ਹੁਕਨਾਮਾ ਭੇਜਿਆ ਗਿਆ ਕਿਹਾ ਜਾਂਦਾ ਹੈ ਅਤੇ ਅੱਗੇ ਤੋਂ ਸੰਗਤਾਂ ਨੂੰ ਕਾਰ ਭੇਟਾ ਵਿਚ ਹਥਿਆਰ ਅਤੇ ਘੋੜੇ ਲੈ ਕੇ ਆਉਣਾ ਸ਼ਾਮਲ ਕਰ ਲੈਣ ਲਈ ਕਿਹਾ। ਭਾਈ ਗੁਰਦਾਸ ਨੂੰ ਅਕਾਲ ਤਖ਼ਤ ਦਾ ਧਾਰਮਿਕ ਕਾਰਜ ਸਾਧਕ(ਜਥੇਦਾਰ) ਥਾਪਿਆ ਗਿਆ। ਮਗਰੋਂ ਇਸ ਤਖ਼ਤ ਉਤੇ ਜੋ ਇਮਾਰਤ ਉਸਾਰੀ ਗਈ ਉਸ ਨੂੰ ਅਕਾਲ ਬੁੰਗਾ ਕਿਹਾ ਜਾਂਦਾ ਸੀ ਅਤੇ ਇਸ ਲਈ ਹੁਣ ਇਹ ਤਖ਼ਤ ਸ੍ਰੀ ਅਕਾਲ ਬੁੰਗਾ ਕਰਕੇ ਜਾਣਿਆ ਜਾਂਦਾ ਸੀ। ਭਾਵੇਂ ਕਿ ਇਸ ਦਾ ਸੁਪ੍ਰਸਿੱਧ ਨਾਂ ਅਕਾਲ ਤਖ਼ਤ ਜ਼ਿਆਦਾ ਆਮ ਵਰਤੋਂ ਵਿਚ ਲਿਆ ਜਾਂਦਾ ਹੈ।
ਸਿੱਖ ਚਾਰ ਹੋਰ ਪਵਿੱਤਰ ਸਥਾਨਾਂ ਨੂੰ ਤਖ਼ਤ ਮੰਨਦੇ ਹਨ ਜਿਨ੍ਹਾਂ ਦੇ ਨਾਂ ਹਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ; ਤਖ਼ਤ ਸ੍ਰੀ ਹਰਿਮੰਦਰ ਸਾਹਿਬ, ਪਟਨਾ; ਤਖ਼ਤ ਸੱਚਖੰਡ ਹਜ਼ੂਰ ਸਾਹਿਬ, ਅਬਚਲ ਨਗਰ , ਨੰਦੇੜ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ , ਤਲਵੰਡੀ ਸਾਬੋ। ਇਹ ਚਾਰੇ ਦੇ ਚਾਰੇ ਗੁਰੂ ਗੋਬਿੰਦ ਸਿੰਘ ਜੀ (1666-1708) ਨਾਲ ਸੰਬੰਧਿਤ ਹਨ। ਇਹਨਾਂ ਪੰਜਾਂ ਤਖ਼ਤਾਂ ਦਾ ਇਕੋ ਜਿਹਾ ਸਤਿਕਾਰ ਕੀਤਾ ਜਾਂਦਾ ਹੈ ਪਰੰਤੂ ਅੰਮ੍ਰਿਤਸਰ ਦੇ ਅਕਾਲ ਤਖ਼ਤ ਦਾ ਵਿਸ਼ੇਸ਼ ਅਸਥਾਨ ਹੈ। ਇਤਿਹਾਸਿਕ ਤੌਰ ਤੇ ਤਖ਼ਤਾਂ ਵਿਚੋਂ ਇਹ ਸਭ ਤੋਂ ਪੁਰਾਤਨ ਹੈ ਅਤੇ ਦਰਬਾਰ ਸਾਹਿਬ ਦੇ ਖੇਤਰ ਵਿਚ ਹਰਿਮੰਦਰ ਸਾਹਿਬ ਦੇ ਨਾਲ ਨਾਲ ਇਹ ਸਿੱਖ ਧਰਮ ਦੀ ਰਾਜਧਾਨੀ ਹੈ। ਸਰਬਤ ਖ਼ਾਲਸਾ ਦੇ ਸੰਮੇਲਨ ਪਰੰਪਰਾ ਦੇ ਤੌਰ ਤੇ ਅਕਾਲ ਤਖ਼ਤ ਉਤੇ ਹੁੰਦੇ ਹਨ ਅਤੇ ਇਹ ਉਹੀ ਅਸਥਾਨ ਹੈ ਜਿਥੇ ਪ੍ਰਮੁੱਖ ਸਿੱਖਾਂ ਤੋਂ ਹੋ ਜਾਂਦੀਆਂ ਗੰਭੀਰ ਧਾਰਮਿਕ ਅਵਗਿਆਵਾਂ ਬਾਰੇ ਕੇਸ ਵੀ ਸੁਣੇ ਜਾਂਦੇ ਹਨ ਅਤੇ ਫ਼ੈਸਲੇ ਵੀ ਇਥੇ ਹੀ ਕੀਤੇ ਜਾਂਦੇ ਹਨ। ਅਕਾਲ ਤਖ਼ਤ ਦੁਆਰਾ ਜਾਰੀ ਕੀਤੇ ਹੋਏ ਹੁਕਮਨਾਮੇ ਸਾਰੇ ਦੇ ਸਾਰੇ ਸਿੱਖਾਂ ਅਤੇ ਸਾਰੀਆਂ ਸੰਸਥਾਵਾਂ ਉਤੇ ਲਾਗੂ ਹੁੰਦੇ ਹਨ।
1635 ਦੇ ਸ਼ੁਰੂ ਵਿਚ ਗੁਰੂ ਹਰਗੋਬਿੰਦ ਜੀ ਦੇ ਕੀਰਤਪੁਰ ਜਾਣ ਪਿੱਛੋਂ ਅੰਮ੍ਰਿਤਸਰ ਦੇ ਗੁਰਦੁਆਰਿਆਂ ਦਾ ਪ੍ਰਬੰਧ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਪ੍ਰਿਥੀ ਚੰਦ ਦੇ ਖਾਨਦਾਨ ਦੇ ਹੱਥ ਆ ਗਿਆ ਅਤੇ ਉਸਦਾ ਪੋਤਰਾ ਹਰਿਜੀ (ਦੇ. 1696) ਪਚਵੰਜਾਂ ਸਾਲਾਂ ਤੋਂ ਵੀ ਵਧ ਸਮੇਂ ਲਈ ਇਸ ਦਾ ਮੁਖ਼ਤਾਰ ਬਣਿਆ ਰਿਹਾ। ਮਾਰਚ 1699 ਵਿਚ ਖ਼ਾਲਸੇ ਦੀ ਸਿਰਜਨਾ ਦੇ ਛੇਤੀ ਹੀ ਪਿੱਛੋਂ, ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਨੂੰ ਹਰਿਮੰਦਰ ਅਤੇ ਅਕਾਲ ਤਖ਼ਤ ਦਾ ਪ੍ਰਬੰਧ ਸੰਭਾਲਣ ਲਈ ਖ਼ਾਲਸਾ ਪੰਥ ਦੇ ਨੁਮਾਇੰਦੇ ਦੇ ਤੌਰ ਤੇ ਭੇਜਿਆ। 1716 ਵਿਚ ਬੰਦਾ ਸਿੰਘ ਦੀ ਸ਼ਹਾਦਤ ਤੋਂ ਪਿੱਛੋਂ ਦੇ ਗੜਬੜ ਵਾਲੇ ਸਮੇਂ ਵਿਚ ਅੰਮ੍ਰਿਤਸਰ ਵਿਖੇ ਪਵਿੱਤਰ ਸਰੋਵਰ , ਹਰਿਮੰਦਰ ਅਤੇ ਅਕਾਲ ਤਖ਼ਤ ਸਿੱਖਾਂ ਲਈ ਪ੍ਰੇਰਨਾ ਅਤੇ ਅਧਿਆਤਮਿਕ ਪੁਨਰ ਸੁਰਜੀਤੀ ਦੇ ਸ੍ਰੋਤ ਬਣੇ ਰਹੇ। ਜਦੋਂ ਹਾਲਾਤ ਸੁਖਾਵੇਂ ਹੁੰਦੇ ਰਹੇ ਅਤੇ ਆਮ ਕਰਕੇ ਵਸਾਖੀ ਅਤੇ ਦੀਵਾਲੀ ਦੇ ਮੌਕਿਆਂ ਤੇ ਵੱਖ ਵੱਖ ਜਥੇ ਮੁਸ਼ਕਿਲਾਂ ਦੀ ਪਰਵਾਹ ਨਾ ਕਰਦੇ ਹੋਏ ਅਕਾਲ ਤਖ਼ਤ ਤੇ ਸਰਬੱਤ ਖ਼ਾਲਸਾ ਕਰਨ ਅਤੇ ਨੀਤੀ ਅਤੇ ਯੁੱਧ ਨੀਤੀ ਤੈਅ ਕਰਨ ਲਈ ਇਕੱਤਰ ਹੁੰਦੇ ਸਨ। ਉਦਾਹਰਨ ਦੇ ਤੌਰ ਤੇ 14 ਅਕਤੂਬਰ 1745 ਨੂੰ ਅਕਾਲ ਤਖ਼ਤ ਤੇ ਹੋਏ ਸਰਬੱਤ ਖਾਲਸਾ ਨੇ ਗੁਰਮਤੇ ਰਾਹੀਂ ਆਪਸ ਵਿਚ ਲੜਦੇ ਅਤੇ ਖਿਲਰੇ ਹੋਏ ਵੱਖ ਵੱਖ ਜਥਿਆਂ ਨੂੰ 25 ਜਥਿਆਂ ਵਿਚ ਪੁਨਰਸੰਗਠਿਤ ਕਰ ਦਿੱਤਾ ਜਿਸ ਅਨੁਸਾਰ ਹਰ ਜਥੇ ਵਿਚ ਲਗਪਗ 100 ਸੂਰਬੀਰ ਸਨ। 29 ਮਾਰਚ 1748 ਨੂੰ ਵਸਾਖੀ ਤੇ ਅਕਾਲ ਤਖ਼ਤ ਤੇ ਇਕੱਠ ਹੋਇਆ ਜਿਸ ਵਿਚ ਇਕ ਹੋਰ ਮਤੇ ਰਾਹੀਂ 11 ਮਿਸਲਾਂ ਦਾ ਇਕ ਦਲ ਖ਼ਾਲਸਾ ਨਾਂ ਦਾ ਸੰਗਠਨ ਬਣਾਇਆ ਗਿਆ। 7 ਨਵੰਬਰ 1760 ਨੂੰ ਦੀਵਾਲੀ ਵਾਲੇ ਦਿਨ ਸਰਬੱਤ ਖ਼ਾਲਸਾ ਨੇ ਲਾਹੌਰ ਉੱਤੇ ਹਮਲਾ ਕਰਨ ਅਤੇ ਕਬਜ਼ਾ ਕਰਨ ਦਾ ਫ਼ੈਸਲਾ ਕੀਤਾ। ਇਸ ਸਮੇਂ ਤਕ ਸਿੱਖਾਂ ਨੇ ਕਿਸੇ ਇਲਾਕੇ ਉੱਤੇ ਕਬਜ਼ਾ ਨਹੀਂ ਕੀਤਾ ਸੀ ਅਤੇ ਉਹਨਾਂ ਕੋਲ ਕੇਵਲ ਰਾਮ ਰੌਣੀ ਜਾਂ ਰਾਮਗੜ੍ਹ ਦੀ ਇਕ ਛੋਟੀ ਜਿਹੀ ਗੜ੍ਹੀ ਸੀ ਜਿਹੜੀ ਇਹਨਾਂ ਨੇ 1746 ਵਿਚ ਬਣਾਈ ਸੀ। 10 ਅਪ੍ਰੈਲ 1763 ਨੂੰ ਦੁਬਾਰਾ ਫਿਰ ਅਕਾਲ ਤਖ਼ਤ ਉੱਤੇ ਸਰਬਤ ਖ਼ਾਲਸੇ ਦਾ ਇਕੱਠ ਹੋਇਆ ਅਤੇ ਇਸ ਸਮੇਂ ਇਕ ਗੁਰਮਤੇ ਰਾਹੀਂ ਉਸ ਬ੍ਰਾਹਮਣ ਦੀ ਮਦਦ ਕਰਨ ਦਾ ਫੈਸਲਾ ਕੀਤਾ ਗਿਆ ਜਿਸਨੇ ਇਕ ਫ਼ਰਿਆਦ ਕੀਤੀ ਸੀ ਕਿ ਕਸੂਰ ਦਾ ਅਫ਼ਗਾਨ ਮੁਖੀ ਉਸਦੀ ਪਤਨੀ ਨੂੰ ਜਬਰਦਸਤੀ ਅਗਵਾ ਕਰਕੇ ਲੈ ਗਿਆ ਹੈ।
ਪੰਜਾਬ ਨੂੰ ਕਈ ਮਿਸਲਾਂ ਦੇ ਸੁਤੰਤਰ ਇਲਾਕਿਆਂ ਵਿਚ ਵੰਡ ਦੇਣ ਦੇ ਬਾਵਜੂਦ ਵੀ ਅੰਮ੍ਰਿਤਸਰ ਇਕ ਸਾਂਝੀ ਰਾਜਧਾਨੀ ਬਣਿਆ ਰਿਹਾ ਜਿਥੇ ਸਾਰੇ ਸਰਦਾਰ ਜਾਂ ਮੁਖੀਆਂ ਨੇ ਆਪਣੇ ਆਪਣੇ ਬੁੰਗੇ ਬਣਾ ਲਏ ਸਨ ਅਤੇ ਆਪਣੇ ਆਪਣੇ ਵਕੀਲ ਉਹਨਾਂ ਨੇ ਉਥੇ ਰੱਖੇ ਹੋਏ ਸਨ। ਪਰੰਤੂ ਜਦੋਂ ਸਾਂਝੀ ਨੀਤੀ ਅਤੇ ਕਾਰਜ ਦੀ ਲੋੜ ਘੱਟ ਗਈ ਅਤੇ ਮਿਸਲ ਮੁਖੀਆਂ ਵਿਚਕਾਰ ਦੁਸ਼ਮਨੀ ਵੱਧ ਗਈ ਤਾਂ ਸਰਬੱਤ ਖ਼ਾਲਸਾ ਅਤੇ ਨਤੀਜੇ ਦੇ ਤੌਰ ਤੇ ਅਕਾਲ ਤਖ਼ਤ ਦੀ ਰਾਜਨੀਤਿਕ ਮਹੱਤਤਾ ਘੱਟ ਗਈ। 1805 ਵਿਚ ਭਗੌੜੇ ਮਰਾਠਾ ਸਹਿਜ਼ਾਦੇ ਜਸਵੰਤ ਰਾਉ ਹੋਲਕਰ ਦੀ ਅੰਗਰੇਜ਼ਾਂ ਦੇ ਵਿਰੁੱਧ ਮਦਦ ਦੇ ਸਵਾਲ ਪਿੱਛੋਂ ਮਹਾਰਾਜਾ ਰਣਜੀਤ ਸਿੰਘ ਨੇ ਸਰਬੱਤ ਖ਼ਾਲਸੇ ਦੇ ਇਕੱਠਾਂ ਦੀ ਬਿਲਕੁਲ ਹੀ ਲੋੜ ਮਹਿਸੂਸ ਨਾ ਕੀਤੀ। ਹਾਲਾਂ ਕਿ ਅਕਾਲ ਤਖ਼ਤ ਦੀ ਧਾਰਮਿਕ ਪ੍ਰਭੂਸੱਤਾ ਬਣੀ ਰਹੀ ਅਤੇ ਰਾਜ ਦਰਬਾਰ ਨੇ ਕਦੇ ਵੀ ਇਸ ਨੂੰ ਵੰਗਾਰਿਆ ਨਹੀਂ। ਦਰਅਸਲ ਇਤਿਹਾਸ ਵਿਚ ਅਜਿਹੀਆਂ ਉਦਾਹਰਨਾਂ ਤਾਂ ਸਾਡੇ ਸਾਮ੍ਹਣੇ ਹਨ ਜਦੋਂ ਰਾਜ ਦਰਬਾਰ ਅਕਾਲ ਤਖ਼ਤ ਦੇ ਅਧੀਨ ਹੋ ਕੇ ਚਲਿਆ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਮਾਮਲੇ ਵਿਚ ਅਕਾਲ ਤਖ਼ਤ ਦੇ ਹੁਕਮਾਂ ਦੀ ਪਾਲਣਾ ਕੀਤੀ ਗਈ ਅਤੇ ਜਦੋਂ ਇਖ਼ਲਾਕੀ ਗਲਤੀ ਕਰਨ ਕਰਕੇ, ਮਹਾਰਾਜਾ ਦੀ ਫ਼ੌਜੀ ਮੁਹਿੰਮਾਂ ਵਿਚ ਲੜਨ ਵਾਲੇ, ਅਕਾਲ ਤਖ਼ਤ ਦੇ ਸੰਰਖਿਅਕ ਅਕਾਲੀ ਫੂਲਾ ਸਿੰਘ ਨੇ ਮਹਾਰਾਜੇ ਨੂੰ ਸਜ਼ਾ ਸੁਣਾਈ ਤਾਂ ਮਹਾਰਾਜੇ ਨੇ ਨਿਮਰਤਾ ਨਾਲ ਪਰਵਾਨ ਕਰ ਲਈ। ਧਾਰਮਿਕ ਅਨੁਸ਼ਾਸਨ ਲਾਗੂ ਕਰਨ ਦੇ ਮਾਮਲੇ ਵਿਚ ਪ੍ਰਭੂਸੱਤਾ ਹੋਣ ਦੇ ਬਾਵਜੂਦ ਅਕਾਲ ਤਖ਼ਤ ਰੱਬੀ ਧਰਮ ਵਿਧਾਨ ਲਾਗੂ ਨਹੀਂ ਕਰਦਾ। ਇਹ ਨਾ ਪਾਪ ਮੁਆਫ਼ ਕਰਦਾ ਹੈ ਅਤੇ ਨਾ ਹੀ ਇਹ ਕਿਸੇ ਉਤੇ ਰੱਬੀ ਕਰੋਪੀ ਨਾਜ਼ਲ ਕਰਦਾ ਹੈ।
ਅਠਾਰ੍ਹਵੀਂ ਸਦੀ ਸਮੇਂ ਕਈ ਮੌਕਿਆਂ ਉੱਤੇ ਅਕਾਲ ਤਖ਼ਤ ਦੀ ਹਰਿਮੰਦਰ ਦੇ ਨਾਲ ਹੀ ਬੇਹੁਰਮਤੀ ਹੋਈ ਅਤੇ ਮੁਗਲ ਗਵਰਨਰਾਂ ਅਤੇ ਅਫ਼ਗਾਨ ਹਮਲਾਵਰਾਂ ਦੁਆਰਾ ਇਸ ਨੂੰ ਢਾਹਿਆ ਜਾਂਦਾ ਰਿਹਾ। 1762 ਵਿਚ ਹਰਿਮੰਦਰ ਨੂੰ ਢਾਹੁਣ ਵਾਲੇ ਅਹਮਦ ਸ਼ਾਹ ਦੁੱਰਾਨੀ ਨੇ ਦਸੰਬਰ 1764 ਵਿਚ ਦੁਬਾਰਾ ਹਮਲਾ ਕਰ ਦਿੱਤਾ। ਇਸ ਮੌਕੇ ਮੁਖੀ ਨਿਹੰਗ ਗੁਰਬਖਸ਼ ਸਿੰਘ ਦੀ ਅਗਵਾਈ ਵਿਚ 30 ਸਿੱਖਾਂ ਨੇ ਅਕਾਲ ਤਖ਼ਤ ਦੀ ਰੱਖਿਆ ਲਈ ਬਾਹਰ ਆ ਕੇ ਹਮਲਾਵਰਾਂ ਨਾਲ ਲੋਹਾ ਲਿਆ ਅਤੇ ਅਖੀਰੀ ਦਮ ਤਕ ਲੜਦੇ ਹੋਏ ਸ਼ਹੀਦ ਹੋਏ। ਅਹਮਦ ਸ਼ਾਹ ਨੇ ਅਕਾਲ ਬੁੰਗੇ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ। ਸਿੱਖ ਫਿਰ ਵੀ ਇਸ ਦੇ ਮਲਬੇ ਦੇ ਢੇਰ ਦੇ ਸਾਮ੍ਹਣੇ ਹੀ ਸਰਬੱਤ ਖ਼ਾਲਸਾ ਕਰਦੇ ਰਹੇ ਅਤੇ 10 ਅਪ੍ਰੈਲ 1765 ਨੂੰ ਅਜਿਹੇ ਇਕ ਇਕੱਠ ਵਿਚ ਅਕਾਲ ਤਖ਼ਤ ਅਤੇ ਹਰਿਮੰਦਰ ਨੂੰ ਦੁਬਾਰਾ ਬਣਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਉਦੇਸ਼ ਲਈ ਧਨ ਪਹਿਲਾਂ ਹੀ ਜਨਵਰੀ 1764 ਵਿਚ ਸਰਹਿੰਦ ਦੀ ਜਿੱਤ ਵੇਲੇ ਮਿਲੇ ਪੈਸੇ ਵਿਚੋਂ ਕੱਢ ਕੇ ਰੱਖ ਦਿੱਤਾ ਗਿਆ ਸੀ। ਅਕਾਲ ਤਖ਼ਤ ਨੂੰ ਬਣਾਉਣ ਦਾ ਕੰਮ ਭਾਈ ਦੇਸ ਰਾਜ ਨੂੰ ਸੌਂਪਿਆ ਗਿਆ ਜਿਸ ਨੂੰ ਹੋਰ ਧਨ ਇਕੱਠਾ ਕਰਨ ਲਈ ਗੁਰੂ ਕੀ ਮੋਹਰ ਦੇ ਦਿੱਤੀ ਗਈ ਸੀ। ਅਕਾਲ ਬੁੰਗੇ ਦੀ ਹੇਠਲੀ ਮੰਜ਼ਲ 1774 ਤਕ ਮੁਕੰਮਲ ਹੋ ਚੁੱਕੀ ਸੀ। ਬਾਕੀ ਦੀ ਪੰਜ ਮੰਜ਼ਲੀ ਇਮਾਰਤ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਮੁਕੰਮਲ ਕੀਤੀ ਸੀ। ਸਿਖਰ ਤੇ ਸੁਨਹਿਰੀ ਗੁੰਬਦ ਹਰੀ ਸਿੰਘ ਨਲਵੇ ਨੇ ਆਪਣੇ ਖਰਚੇ ਉੱਤੇ ਬਣਵਾਇਆ ਸੀ। ਜਮੀਨ ਹੇਠਲੇ ਵੱਡੇ ਹਾਲ ਨੂੰ ਮਿਲਾ ਕੇ ਪਹਿਲੀਆਂ ਚਾਰ ਮੰਜ਼ਲਾਂ ਦਾ ਅਗਵਾੜਾ ਅਰਧ ਚੱਕਰ ਵਾਲਾ ਹੈ। ਜਮੀਨੀ ਫਰਸ਼ ਇਕ ਵੱਡਾ ਹਾਲ ਸੀ ਜਿਸ ਨਾਲ ਸੰਗਮਰਮਰ ਦੇ ਥੰਮਲਿਆਂ ਉਪਰ ਡਿਉੜੀ ਬਣੀ ਹੋਈ ਸੀ। ਦੂਸਰੀਆਂ ਦੋ ਮੰਜ਼ਲਾਂ ਦਾ ਅਗਵਾੜਾ ਅੱਗੇ ਵੱਲ ਵਧਿਆ ਹੋਇਆ ਛੱਜਾ ਸੀ ਜੋ ਸਜਾਈਆਂ ਹੋਈਆਂ ਬ੍ਰੈਕਟਾਂ ਉੱਤੇ ਟਿਕਿਆ ਹੋਇਆ ਹੈ। ਤੀਸਰੀ ਮੰਜ਼ਲ ਦੇ ਅਗਵਾੜੇ ਵਿਚ ਇਕ ਵੱਡਾ ਹਾਲ ਹੈ ਜਿਸ ਦੇ ਪਾਸਿਆਂ ਤੇ ਗੈਲਰੀਆਂ ਬਣੀਆਂ ਹੋਈਆਂ ਹਨ ਜਿਨ੍ਹਾਂ ਦੀਆਂ ਨੋਕੀਲੀਆਂ ਡਾਟਾਂ ਖੁੱਲੀਆਂ ਹਨ, ਜੋ ਗਿਣਤੀ ਵਿਚ ਨੌਂ ਹਨ। ਚੌਥੀ ਮੰਜ਼ਲ ਦਾ ਬਾਹਰਲਾ ਪਾਸਾ ਹੇਠਲੀ ਮੰਜ਼ਲ ਦੇ ਕੇਂਦਰੀ ਹਾਲ ਨੂੰ ਢਕਦਾ ਹੈ ਜਿਸ ਦੇ ਛੱਜੇ ਸਜੇ ਹੋਏ ਹਨ ਅਤੇ ਹਰ ਕੋਨੇ ਉੱਤੇ ਇਕ ਗੁੰਮਟੀ ਬਣੀ ਹੋਈ ਹੈ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪਹਿਲੀ ਮੰਜ਼ਲ ਉਪਰ ਕੀਤਾ ਜਾਂਦਾ ਹੈ ਜਿਥੇ ਅਕਾਲ ਤਖ਼ਤ ਦੇ ਜਥੇਦਾਰ ਵੀ ਬੈਠਦੇ ਸਨ। ਦੂਸਰੀ ਮੰਜ਼ਲ ਤੇ ਮਹੱਤਵਪੂਰਨ ਇਕਤਰਤਾਵਾਂ ਕੀਤੀਆਂ ਜਾਂਦੀਆਂ ਸਨ ਅਤੇ ਅੰਮ੍ਰਿਤ ਪ੍ਰਚਾਰ ਕੀਤਾ ਜਾਂਦਾ ਸੀ। ਤੀਸਰੀ ਮੰਜ਼ਲ ਵਿਚਲੇ ਹਾਲ ਵਿਚ ਉਦੋਂ ਤਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਮੀਟਿੰਗਾਂ ਹੁੰਦੀਆਂ ਸਨ ਜਦੋਂ ਤਕ 1930 ਵਿਚ ਇਕ ਵੱਖਰਾ ਬਲਾਕ ਤੇਜਾ ਸਿੰਘ ਸਮੁੰਦਰੀ ਹਾਲ ਇਸ ਉਦੇਸ਼ ਲਈ ਨਹੀਂ ਬਣਿਆ ਸੀ।
ਇਹ ਸੁੰਦਰ ਅਤੇ ਪਵਿੱਤਰ ਇਮਾਰਤ 5-6 ਜੂਨ 1984 ਨੂੰ ਹਿੰਦੁਸਤਾਨ ਦੀ ਸਰਕਾਰ ਵਲੋਂ ਦਰਬਾਰ ਸਾਹਿਬ ਉਤੇ ਕੀਤੇ ਹਮਲੇ ਵਿਚ ਭਾਰਤੀ ਫ਼ੌਜ ਨੇ ਉਪਰੇਸ਼ਨ ਬਲਿਊ ਸਟਾਰ ਰਾਹੀਂ ਢਾਹ ਢੇਰੀ ਕਰ ਦਿੱਤੀ ਸੀ। ਭਾਰਤ ਸਰਕਾਰ ਨੇ ਸਿੱਖਾਂ ਦੀਆਂ ਜ਼ਖਮੀ ਭਾਵਨਾਵਾਂ ਨੂੰ ਸ਼ਾਂਤ ਕਰਨ ਲਈ ਬਿਲਡਿੰਗ ਨੂੰ ਦੁਬਾਰਾ ਬਣਵਾ ਦਿੱਤਾ ਪਰੰਤੂ ਇਹ ਸਿੱਖਾਂ ਨੂੰ ਪਰਵਾਨ ਨਹੀਂ ਸੀ। ਇਸ ਦੁਬਾਰਾ ਬਣੀ ਇਮਾਰਤ ਨੂੰ 1986 ਦੇ ਸ਼ੁਰੂ ਵਿਚ ਢਾਹ ਦਿੱਤਾ ਗਿਆ ਅਤੇ ਇਸ ਦੀ ਥਾਂ ਤੇ ਕਾਰ ਸੇਵਾ ਰਾਹੀਂ ਨਵੀਂ ਇਮਾਰਤ ਉਸਾਰ ਦਿੱਤੀ ਗਈ ਜਿਸ ਉਤੇ ਸੰਗਤ ਦੇ ਦਾਨ ਦਾ ਪੈਸਾ ਲਗਾਇਆ ਗਿਆ।
ਗੁਰੂ ਸਾਹਿਬਾਨ ਵਿਚੋਂ ਅੰਤਿਮ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਵੱਖ ਵੱਖ ਤਖ਼ਤਾਂ ਖਾਸ ਕਰਕੇ ਅਕਾਲ ਤਖ਼ਤ ਸ੍ਰੀ ਅੰਮ੍ਰਿਤਸਰ ਤੋਂ ਖ਼ਾਲਸਾ ਪੰਥ ਦੇ ਨਾਂ ਤੇ ਹੁਕਮਨਾਮੇ ਜਾਰੀ ਹੁੰਦੇ ਰਹੇ। ਧਾਰਮਿਕ ਰਹਿਤ ਮਰਯਾਦਾ ਭੰਗ ਕਰਨ ਵਾਲਾ ਕੋਈ ਵੀ ਸਿੱਖ ਅਕਾਲ ਤਖ਼ਤ ਤੇ ਬੁਲਾਇਆ ਜਾ ਸਕਦਾ ਹੈ, ਉਸ ਨੂੰ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਜਾ ਸਕਦਾ ਹੈ ਅਤੇ ਦੋਸ਼ੀ ਪਾਏ ਜਾਣ ਦੀ ਸੂਰਤ ਵਿਚ ਉਸ ਨੂੰ ਤਨਖ਼ਾਹ ਲਗਾਈ ਜਾਂਦੀ ਹੈ। ਹੁਕਮ ਅਦੂਲੀ ਦਾ ਅਰਥ ਕਿਸੇ ਵਿਅਕਤੀ ਜਾਂ ਸਮੂੰਹ ਲਈ ਸਮਾਜਿਕ ਢਾਂਚੇ ਵਿਚੋਂ ਛੇਕਿਆ ਜਾਣਾ ਹੁੰਦਾ ਹੈ। ਪੰਜਾਬ ਦੇ 19ਵੀਂ ਸਦੀ ਦੇ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਨੂੰ ਉਸ ਸਮੇਂ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਵਲੋਂ ਅਕਾਲ ਤਖ਼ਤ ਤੇ ਪੇਸ਼ ਹੋਣ ਲਈ ਸੱਦਿਆ ਗਿਆ ਸੀ ਕਿਉਂਕਿ ਉਸਨੇ ਸਿੱਖ ਰਹਿਤ ਮਰਯਾਦਾ ਭੰਗ ਕੀਤੀ ਸੀ ਅਤੇ ਇਸ ਲਈ ਉਸਨੂੰ ਪਸਚਾਤਾਪ ਕਰਨ ਲਈ ਕਿਹਾ ਗਿਆ ਸੀ। ਅਜੋਕੇ ਇਤਿਹਾਸ ਵਿਚੋਂ ਬਹੁਤ ਉਦਾਹਰਨਾਂ ਹਨ ਜਿਨ੍ਹਾਂ ਵਿਚੋਂ ਸਭ ਤੋਂ ਵੱਧ ਮਹੱਤਵਪੂਰਨ ਤੇਜਾ ਸਿੰਘ ਭਸੌੜ ਦੀ ਹੈ ਜਿਸ ਨੂੰ ਸਿੱਖ ਧਾਰਮਿਕ ਗ੍ਰੰਥ ਵਿਚ ਤਬਦੀਲੀਆਂ ਕਰਨ ਕਾਰਨ ਉਸ ਦੀ ਨਿਖੇਧੀ ਕੀਤੀ ਗਈ ਸੀ। ਅਕਾਲ ਤਖ਼ਤ ਤੋਂ 26 ਸਾਵਣ 1985 ਬਿਕਰਮੀ/9 ਅਗਸਤ 1928 ਨੂੰ ਨਿਮਨ ਲਿਖਤ ਹੁਕਮਨਾਮਾ ਜਾਰੀ ਕੀਤਾ ਗਿਆ ਸੀ:
ਪੰਚ ਖ਼ਾਲਸਾ ਦੀਵਾਨ (ਪੰਚਖੰਡ) ਭਸੌੜ ਨੇ ਗੁਰਮੁਖੀ ਕੋਰਸ ਨਾਂ ਦੀਆਂ ਪੁਸਤਕਾਂ ਛਾਪੀਆਂ ਹਨ ਜਿਨ੍ਹਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋੜ ਮਰੋੜ ਕੇ ਪੇਸ਼ ਕੀਤੀ ਹੈ ਅਤੇ ਨਾਲ ਹੀ ਇਸਦੀ ਤਰਤੀਬ ਬਦਲੀ ਹੈ। ਗੁਰਮੰਤਰ , ਅਰਦਾਸ ਅਤੇ ਅੰਮ੍ਰਿਤ ਸੰਸਕਾਰ ਵਿਚ ਤਬਦੀਲੀਆਂ ਕੀਤੀਆਂ ਗਈਆਂ ਹਨ। ਇਹ ਸਿੱਖ ਸਿਧਾਂਤ ਦੇ ਪ੍ਰਤੀਕੂਲ ਹੈ। ਇਸ ਲਈ ਬਾਬੂ ਤੇਜਾ ਸਿੰਘ ਅਤੇ ਉਸਦੀ ਧਰਮ ਪਤਨੀ ਬੀਬੀ ਨਿਰੰਜਨ ਕੌਰ ਪੰਥ ਵਿਚੋਂ ਛੇਕੇ ਜਾਂਦੇ ਹਨ। ਪੰਚ ਖ਼ਾਲਸਾ ਦੀਵਾਨ ਦੇ ਬਾਕੀ ਮੈਂਬਰਾਂ ਨੂੰ ਉਹਨਾਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾਂ ਹੋਰ ਕਿਸੇ ਵੀ ਗੁਰਦੁਆਰੇ ਅੰਦਰ ਅਰਦਾਸ ਕਰਨ ਕਰਾਉਣ ਤੋਂ ਮਨਾਹੀ ਕੀਤੀ ਜਾਂਦੀ ਹੈ। ਕਿਸੇ ਵੀ ਸਿੱਖ ਨੂੰ ਪੰਚ ਖ਼ਾਲਸਾ ਦੀਵਾਨ ਵੱਲੋਂ ਛਾਪੇ ਗਏ ਗੁਰਮੁਖੀ ਕੋਰਸ ਖਰੀਦਣੇ ਨਹੀਂ ਚਾਹੀਦੇ ਅਤੇ ਨਾ ਹੀ ਇਹਨਾਂ ਨੂੰ ਆਪਣੇ ਕੋਲ ਰੱਖਣਾ ਚਾਹੀਦਾ ਹੈ। ਪੰਚ ਖ਼ਾਲਸਾ ਦੀਵਾਨ ਜਾਂ ਹੋਰ ਜਿਸ ਕਿਸੇ ਪਾਸ ਵੀ ਇਸ ਪੁਸਤਕ ਦੀਆਂ ਕਾਪੀਆਂ ਹਨ ਉਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜ ਦੇਣਾ ਚਾਹੀਦਾ ਹੈ।
1984 ਵਿਚ ਸਰਕਾਰ ਵਲੋਂ ਦਰਬਾਰ ਸਾਹਿਬ ਉਤੇ ਕੀਤੇ ਹਮਲੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਢਹਿਢੇਰੀ ਹੋ ਗਿਆ ਸੀ ਅਤੇ ਬਾਕੀ ਇਮਾਰਤਾਂ ਦਾ ਵੀ ਭਾਰੀ ਨੁਕਸਾਨ ਹੋਇਆ ਸੀ ਜਿਸਦੀ ਪੁਨਰ ਉਸਾਰੀ ਨਿਹੰਗ ਮੁਖੀ ਬਾਬਾ ਸੰਤਾ ਸਿੰਘ ਰਾਹੀਂ ਸਰਕਾਰ ਨੇ ਕਰਵਾਈ ਸੀ। ਇਸ ਦੋਸ਼ ਤਹਿਤ ਬਾਬਾ ਸੰਤਾ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਦੇ ਹੁਕਮ ਦੀ ਉਲੰਘਣਾ ਕਰਨ ਕਰਕੇ ਪੰਥ ਵਿਚੋਂ ਛੇਕ ਕੇ ਇਕ ਉਦਾਹਰਨ ਕਾਇਮ ਕੀਤੀ ਗਈ ਸੀ (ਹੁਕਮਨਾਮਾ, 8 ਸਾਵਣ 515 ਨਾਨਕਸ਼ਾਹੀ/ 22 ਜੁਲਾਈ 1984)। ਧਾਰਮਿਕ ਅਤੇ ਰਾਜਨੀਤਿਕ ਝਗੜਿਆਂ ਨੂੰ ਨਿਪਟਾਉਣ ਲਈ ਹੁਕਮਨਾਮੇ ਜਾਰੀ ਕੀਤੇ ਗਏ ਹਨ: ਪੰਥ ਲਈ ਵਿਅਕਤੀਗਤ ਸੇਵਾਵਾਂ ਦੀ ਪ੍ਰਸੰਸਾ ਕੀਤੀ ਗਈ ਹੈ ਅਤੇ ਸਿੱਖ ਅਰਦਾਸ ਅਤੇ ਨਿੱਜੀ ਅਰਦਾਸ ਵਿਚ ਕੁਝ ਪੈਰੇ ਸ਼ਾਮਲ ਕਰਨ ਲਈ ਜਦੋਂ ਕੋਈ ਖਾਸ ਇਤਿਹਾਸਿਕ ਹਾਲਾਤ ਪੈਦਾ ਹੋਏ ਹਨ ਹੁਕਮਨਾਮਾ ਜਾਰੀ ਕੀਤਾ ਗਿਆ ਹੈ। 26 ਜੇਠ 1984 ਬਿਕਰਮੀ/8 ਜੂਨ 1927 ਨੂੰ ਅਕਾਲ ਤਖ਼ਤ ਨੇ ਆਪਣੇ ਇਕ ਹੁਕਮਨਾਮੇ ਰਾਹੀਂ ਭਾਈ ਸਾਹਿਬ ਸਰਦਾਰ ਖੜਕ ਸਿੰਘ ਦੇ ਫੈਸਲੇ ਅਤੇ ਦ੍ਰਿੜਤਾ ਲਈ ਅਤੇ ਉਹਨਾਂ ਦੀਆਂ ਪੰਥਕ ਹਿਤ ਲਈ ਕੀਤੀਆਂ ਕੁਰਬਾਨੀਆਂ ਦੀ ਪ੍ਰਸੰਸਾ ਕੀਤੀ। ਇਸੇ ਤਰ੍ਹਾਂ 30 ਭਾਦੋਂ 1988 ਬਿਕਰਮੀ/ 15 ਸਤੰਬਰ 1931 ਨੂੰ ਭਾਈ ਸਾਹਿਬ ਰਣਧੀਰ ਸਿੰਘ ਨੂੰ ਉਹਨਾਂ ਦੀਆਂ ਪੰਥ ਪ੍ਰਤੀ ਕੀਤੀਆਂ ਵਿਸ਼ੇਸ਼ ਸੇਵਾਵਾਂ ਬਦਲੇ ਸਨਮਾਨਿਆ ਗਿਆ ਸੀ। 20 ਅਸੂ 1970 ਬਿਕਰਮੀ/ 4 ਅਕਤੂਬਰ 1913 ਨੂੰ ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਨੇ ਇਕ ਸਿੱਖ ਨੂੰ ਗਾਤਰੇ ਵਾਲੀ ਕਿਰਪਾਨ ਦੀ ਲੰਬਾਈ 1 ਫੁੱਟ ਨਿਰਧਾਰਿਤ ਕਰਕੇ ਪਹਿਨਣ ਲਈ ਹੁਕਮਨਾਮਾ ਜਾਰੀ ਕਰ ਦਿੱਤਾ। 12 ਮਾਘ 483 ਨਾਨਕਸ਼ਾਹੀ/ 25 ਜਨਵਰੀ 1952 ਨੂੰ ਅਕਾਲ ਤਖ਼ਤ ਨੇ ਸਮੁੱਚੇ ਖ਼ਾਲਸਾ ਪੰਥ ਅਤੇ ਸਾਰਿਆਂ ਗੁਰਦੁਆਰਿਆਂ ਦੇ ਗ੍ਰੰਥੀਆਂ ਨੂੰ ਅਰਦਾਸ ਵਿਚ ਨਿਮਨ ਲਿਖਤ ਤੁਕਾਂ ਜੋੜਨ ਲਈ ਆਦੇਸ਼ ਦਿੱਤਾ:
ਹੇ ਅਕਾਲ ਪੁਰਖ , ਮਿਹਰਬਾਨ , ਪੰਥ ਦੇ ਵਾਲੀ ਅਸੀਂ ਅਰਦਾਸ ਕਰਦੇ ਹਾਂ ਕਿ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਅਤੇ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ (1947 ਤੋਂ ਬਾਅਦ) ਵਿਛੋੜਿਆ ਗਿਆ ਹੈ, ਦੀ ਸੇਵਾ ਸੰਭਾਲ ਦਾ ਦਾਨ ਬਖਸ਼ੋ।
ਇਸ ਤਰ੍ਹਾਂ ਦੇ ਹੁਕਮਨਾਮੇ ਤਖ਼ਤ ਦੀ ਮੋਹਰ ਹੇਠ ਹੀ ਜਾਰੀ ਕੀਤੇ ਜਾਂਦੇ ਹਨ ਅਤੇ ਸਮੁੱਚੇ ਪੰਥ ਦੀ ਪਰਵਾਨਗੀ ਇਹਨਾਂ ਨੂੰ ਪ੍ਰਾਪਤ ਹੁੰਦੀ ਹੈ।
ਲੇਖਕ : ਮ.ਗ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11054, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਅਕਾਲ ਤਖ਼ਤ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਅਕਾਲ ਤਖ਼ਤ : ਇਹ ਉਸ ਸਥਾਨ ਦਾ ਨਾਂ ਹੈ ਜਿਸ ਨੂੰ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਨੇ ਬਣਵਾਇਆ ਸੀ। ‘ਇਹ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਦਰਸ਼ਨੀ ਡਿਉੜ੍ਹੀ ਦੇ ਠੀਕ ਸਾਹਮਣੇ ਇਕ ਉੱਚੇ ਸਥਾਨ ਤੇ ਵਾਕਿਆ ਹੈ। ਇਸ ਦੀ ਵਿਉਂਤ ਸ਼ਾਹੀ ਤਖ਼ਤ ਵਰਗੀ ਹੈ ਕਿਉਂਕਿ ਇਹ ‘ਅਕਾਲ ਪੁਰਖ ਦਾ ਤਖ਼ਤ’ ਸਮਝਿਆ ਗਿਆ ਹੈ। ਸ਼ੁਰੂ ਵਿਚ ਇਸ ਦਾ ਨਾਂ ਅਕਾਲ ਬੁੰਗਾ ਰੱਖਿਆ ਗਿਆ ਪਰ ਮਗਰੋਂ ਇਸ ਨੂੰ ‘ਅਕਾਲ ਤਖ਼ਤ’ ਕਹਿਣ ਲੱਗੇ। ਭਾਈ ਕਾਨ੍ਹ ਸਿੰਘ ਨੇ ‘ਗੁਰੂ ਸ਼ਬਦ ਰਤਨਾਕਾਰ ਮਹਾਨ ਕੋਸ਼’ ਵਿਚ ਅਕਾਲ ਤਖ਼ਤ ਦੀ ਨੀਂਹ ਰੱਖਣ ਦਾ ਸਮਾਂ ਸੰਮਤ 1665 (1609 ਈ.) ਦਿੱਤਾ ਹੈ। ਪਰ ਮੈਕਾਲਫ਼ ਆਪਣੀ ਪੁਸਤਕ ‘ਦੀ ਸਿਖ ਰੀਲਿਜ਼ਨ’ ਵਿਚ ‘ਅਕਾਲ ਬੁੰਗੇ’ ਦੀ ਨੀਂਹ ਰੱਖਣ ਦਾ ਸਮਾਂ ਸੰਮਤ 1663 ਦਿਨ ਸੋਮਵਾਰ ਹਾੜ੍ਹ ਦੇ ਚਾਨਣੇ ਪੱਖ ਦੀ ਪੰਜਵੀਂ ਤਾਰੀਖ ਦਸਦਾ ਹੈ। ਗੁਰੂ ਹਰਿਗੋਬਿੰਦ ਸਵੇਰੇ ਅਤੇ ਸ਼ਾਮ ਇਥੇ ਦੀਵਾਨ ਲਾਉਂਦੇ ਅਤੇ ਸੰਗਤਾਂ ਨੂੰ ਦਰਸ਼ਨ ਦਿੰਦੇ ਸਨ। ਇਸ ਦੇ ਸਾਹਮਣੇ ਦੀ ਖੁਲ੍ਹੀ ਥਾਂ ਵਿਚ ਕੁਸ਼ਤੀਆਂ ਤੇ ਹੋਰ ਹਰ ਤਰ੍ਹਾਂ ਦੀਆਂ ਕਸਰਤਾਂ ਵੀ ਹੁੰਦੀਆਂ ਸਨ। ਇਥੇ ਗੁਰੂ ਸਾਹਿਬ ਬੀਰਤਾ-ਭਰਪੂਰ ਵਿਆਖਿਆ ਕਰਦੇ ਅਤੇ ਮਸੰਦਾਂ ਨੂੰ ਮਿਲਦੇ ਸਨ। ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖਤ ਬਣਾਉਣ ਤੋਂ ਗੁਰੂ ਸਾਹਿਬ ਦਾ ਮੰਤਵ ਇਹ ਸੀ ਕਿ ਰੂਹਾਨੀਅਤ ਨੂੰ ਸੰਸਾਰਕ ਮਾਮਲਿਆਂ ਨਾਲ ਚੰਗੀ ਤਰ੍ਹਾਂ ਜੋੜਿਆ ਜਾਵੇ। ਕੁਝ ਚਿਰ ਪਿੱਛੋਂ ਅਕਾਲ ਬੁੰਗਾ ਪੰਥਕ ਜੱਥੇਬੰਦੀ ਦਾ ਕੇਂਦਰ ਬਣ ਗਿਆ। ਇਸੇ ਥਾਂ ਤੇ ਪੰਥਕ ਗੁਰਮਤੇ ਸੋਧੇ ਜਾਂਦੇ ਰਹੇ ਅਤੇ ਭੀੜਾਂ ਸਮੇਂ ਸਿੱਖ ਇਸ ਪਵਿੱਤਰ ਸਥਾਨ ਤੇ ਇਕੱਤਰ ਹੋ ਜਾਂਦੇ ਰਹੇ। ਆਮ ਤੌਰ ਤੇ ਇਕ ਸਾਲ ਵਿਚ ਦੋ ਵਾਰੀ, ਵਿਸਾਖੀ ਅਤੇ ਦੀਵਾਲੀ ਨੂੰ ਦੂਰੋਂ ਦੂਰੋਂ ਸਿੱਖ ਨੇਤਾ ਇਥੇ ਇਕੱਤਰ ਹੁੰਦੇ ਸਨ। ਅਠ੍ਹਾਰਵੀਂ ਸਦੀ. ਈ. ਵਿਚ ਸਿੱਖ ਮਿਸਲਦਾਰ ਅਕਾਲ ਬੁੰਗੇ ਤੇ ਆ ਕੇ ਹੀ ਲੜਾਈ ਤੇ ਸੁਲ੍ਹਾ ਦੇ ਮਤੇ ਸੋਧਦੇ ਰਹੇ। ਇਸ ਤੋਂ ਬਿਨਾਂ ਹਰ ਤਰ੍ਹਾਂ ਦੇ ਆਪਸੀ ਅਤੇ ਪੰਥਕ ਝਗੜਿਆਂ ਦਾ ਨਿਬੇੜਾ ਵੀ ਇਥੇ ਹੀ ਕੀਤਾ ਜਾਂਦਾ ਸੀ। ਅਕਾਲ ਤਖ਼ਤ ਵਿਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ, ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਤੋਂ ਬਿਨਾਂ ਹੇਠ ਲਿਖੇ ਮਹਾਨ ਸਿੱਖ ਵਿਅਕਤੀਆਂ ਅਤੇ ਸ਼ਹੀਦਾਂ ਦੇ ਸ਼ਸਤਰ ਮੌਜੂਦ ਹਨ :––
(1) ਬਾਬਾ ਬੁੱਢਾ ਜੀ
(2) ਭਾਈ ਜੇਠਾ ਜੀ
(3) ਬਾਬਾ ਕਰਮ ਸਿੰਘ ਜੀ ਸ਼ਹੀਦ
(4) ਭਾਈ ਉਦਯ ਸਿੰਘ ਜੀ
(5) ਭਾਈ ਬਿਧੀ ਚੰਦ ਜੀ
(6) ਬਾਬਾ ਗੁਰਖਖਸ਼ ਸਿੰਘ ਜੀ
(7) ਬਾਬਾ ਦੀਪ ਸਿੰਘ ਜੀ
(8) ਬਾਬਾ ਨੌਧ ਸਿੰਘ ਜੀ
(9) ਭਾਈ ਬਚਿੱਤਰ ਸਿੰਘ ਜੀ
ਅਕਾਲ ਤਖ਼ਤ ਨੂੰ ਸਿੱਖ ਕੌਮ ਦੇ ਧਾਰਮਕ ਨੁਕਤੇ ਤੋਂ ਸਰਬ ਸਮਰੱਥ ਮੰਨਿਆ ਗਿਆ ਹੈ। ਜਦ ਕਦੇ ਵੀ ਕੋਈ ਖਾਸ ਧਾਰਮਕ ਮਸਲਾ ਸਾਹਮਣੇ ਆਇਆ ਜਾਂ ਕੌਮ ਉੱਤੇ ਸੰਕਟ ਦਾ ਮੌਕਾ ਬਣਿਆ ਤਾਂ ਉਸ ਸਮੂਹ ਪੰਥਕ ਮੁਖੀਆਂ ਦੀ ਇਕੱਤਰਤਾ ਆਮ ਤੌਰ ਤੇ ਇਥੇ ਹੀ ਸੱਦੀ ਜਾਂਦੀ ਰਹੀ ਹੈ ਤੇ ਅਕਾਲ ਤਖ਼ਤ ਦੇ ਫ਼ੈਸਲਿਆਂ ਨੂੰ ਆਖਰੀ ਹੁਕਮ ਸਮਝ ਕੇ ਮੰਨਿਆ ਜਾਂਦਾ ਰਿਹਾ ਹੈ। ਸਿੱਖ ਮਿਸਲਾਂ ਦੇ ਜ਼ਮਾਨੇ ਵਿਚ ਗੁਰਮਤੇ ਦੀ ਰੀਤ ਦਾ ਆਰੰਭ ਇਸੇ ਥਾਂ ਤੋਂ ਹੋਇਆ ਸੀ।
ਲੇਖਕ : ਗੁਰਚਰਨ ਸਿੰਘ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 9756, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-15, ਹਵਾਲੇ/ਟਿੱਪਣੀਆਂ: no
ਅਕਾਲ ਤਖ਼ਤ ਸਰੋਤ :
ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਅਕਾਲ-ਤਖ਼ਤ : ਅੰਮ੍ਰਿਤਸਰ ਵਿਚ ਹਰਿਮੰਦਰ ਸਾਹਿਬ ਦੀ ਡਿਉੜ੍ਹੀ ਦੇ ਸਾਹਮਣੇ ਸਥਿਤ ਸ਼ਾਹੀ ਤਖ਼ਤ-ਨੁਮਾ ਇਕ ਉੱਚੀ ਇਮਾਰਤ ਜੋ ਗੁਰੂ ਹਰਗੋਬਿੰਦ ਜੀ ਨੇ ਸੰਨ 1606 ਈ. (1663 ਬਿ.) ਵਿਚ ਸ਼ੁਰੂ ਕਰਵਾ ਕੇ ਸੰਨ 1608 ਈ. ਵਿਚ ਮੁਕੰਮਲ ਕਰਵਾਈ।ਇਸ ਦਾ ਨਾਂ ਉਦੋਂ ‘ਅਕਾਲ ਬੁੰਗਾ’ ਰਖਿਆ ਗਿਆ।ਇਸ ਇਮਾਰਤ ਦੇ ਦਰਸ਼ਨੀ ਡਿਉੜ੍ਹੀ ਵਾਲੇ ਪਾਸੇ ਗੁਰੂ ਹਰਿਗੋਬਿੰਦ ਜੀ ਸ਼ਾਮ ਵੇਲੇ ਆਪਣਾ ਸਿੰਘਾਸਨ ਲਗਾਉਂਦੇ ਅਤੇ ਖੁਲ੍ਹੇ ਮੈਦਾਨ ਵਿਚ ਕੁਸ਼ਤੀਆਂ ਅਤੇ ਹੋਰ ਖੇਡਾਂ ਕਰਵਾਉਂਦੇ, ਨਾਲੇ ਸ਼ਸਤ੍ਰਾਂ ਦਾ ਅਭਿਆਸ ਕੀਤਾ ਜਾਂਦਾ।ਇਥੇ ਹੀ ਕਥਾ-ਵਾਰਤਾ ਹੁੰਦੀ, ਢਾਢੀ ਲੋਕ ਵਾਰਾਂ ਗਾਉਂਦੇ।
ਇਸ ਇਮਾਰਤ ਦੇ ਬਣਾਉਣ ਦਾ ਉੱਦੇਸ਼ ਇਹ ਸੀ ਕਿ ਅਧਿਆਤਮਿਕਤਾ ਦੇ ਨਾਲ ਨਾਲ ਸਿੱਖਾਂ ਨੂੰ ਆਤਮ-ਰੱਖਿਆ ਲਈ ਵੀ ਤਿਆਰ ਕੀਤਾ ਜਾਏ। ਫਲਸਰੂਪ ਅਕਾਲ-ਬੁੰਗੇ ਦੀ ਸਥਾਪਨਾ ਨਾਲ ਸਿੱਖ ਧਰਮ ਵਿਚ ਰਾਜਨੈਤਿਕ ਚੇਤਨਾ ਦਾ ਵਿਕਾਸ ਆਰੰਭ ਹੋਇਆ। ਦਸਵੇਂ ਗੁਰੂ ਤੋਂ ਬਾਦ ਇਹੀ ਸਥਾਨ ਸਿੱਖ ਜੱਥੇਬੰਦੀ ਦਾ ਕੇਂਦਰ ਬਣਿਆ। ਸਾਲ ਵਿਚ ਵਿਸਾਖੀ ਅਤੇ ਦਿਵਾਲੀ ਦੇ ਅਵਸਰਾਂ ‘ਤੇ ਸਮੂਹ ਸਿੱਖ ਜੱਥੇਬੰਦੀਆਂ ਇੱਥੇ ਇਕੱਠੀਆਂ ਹੁੰਦੀਆਂ ਸਨ। ਇਸ ਤੋਂ ਇਲਾਵਾ ਸੰਕਟ ਵੇਲੇ ਵੀ ਇਥੇ ਹੀ ਗੁਰਮਤੇ ਪਾਸ ਹੁੰਦੇ ਅਤੇ ਸਿੱਖ ਮਿਸਲਾਂ ਵੇਲੇ ਉਨ੍ਹਾਂ ਦੇ ਝਗੜੇ ਵੀ ਇਥੇ ਹੀ ਨਿਪਟਾਏ ਜਾਂਦੇ। ਤਨਖਾਹੀਏ ਸਿੱਖਾਂ ਨੂੰ ਧਾਰਮਿਕ ਰੀਤੀ ਅਨੁਸਾਰ ਸਜ਼ਾ ਵੀ ਇਥੇ ਹੀ ਦਿੱਤੀ ਜਾਂਦੀ।ਇਸ ਸਥਾਨ ਤੇ ਕੀਤਾ ਗਿਆ ਫ਼ੈਸਲਾ ਅਤੇ ਇਥੋਂ ਜਾਰੀ ਕੀਤਾ ਹੁਕਮਨਾਮਾ ਸਭ ਸਿੱਖ ਜੱਥੇਬੰਦੀਆਂ ਲਈ ਲਾਜ਼ਮੀ ਹੁੰਦਾ।
ਕਾਲਾਂਤਰ ਵਿਚ ਕੇਸਗੜ੍ਹ ਸਾਹਿਬ, ਹਰਿਮੰਦਿਰ ਸਾਹਿਬ (ਪਟਨਾ), ਹਜ਼ੂਰ ਸਾਹਿਬ (ਨਾਂਦੇੜ) ਆਦਿ ਨੂੰ ਤਖ਼ਤ ਰੂਪ ਵਿਚ ਪ੍ਰਵਾਨਿਤ ਕਰ ਲਏ ਜਾਣ ਤੇ ਇਸ ਨੂੰ ‘ਅਕਾਲ ਬੁੰਗਾ’ ਦੀ ਥਾਂ ‘ਅਕਾਲ ਤਖ਼ਤ’ ਕਿਹਾ ਜਾਣ ਲਗਿਆ। ਇਸ ਤਖ਼ਤ ਉਤੇ ਦੋ ਗੁਰੂ ਸਾਹਿਬਾਨਾਂ, ਦੋ ਸਾਹਿਬਜ਼ਾਦਿਆਂ ਤੋਂ ਇਲਾਵਾ ਅਨੇਕ ਸ਼ਹੀਦ ਅਤੇ ਧਰਮੀ ਸਿੰਘਾਂ ਦੇ ਸ਼ਸਤ੍ਰ ਸੰਭਾਲੇ ਹੋਏ ਪਏ ਹਨ। 6 ਜੂਨ, 1984 ਈ. ਨੂੰ ਬਲੂ-ਸਟਾਰ ਓਪਰੇਸ਼ਨ ਵੇਲੇ ਅਕਾਲ ਤਖ਼ਤ ਦੀ ਇਮਾਰਤ ਨੂੰ ਕਾਫ਼ੀ ਨੁਕਸਾਨ ਪਹੁੰਚਿਆ। ਹੁਣ ਪੁਰਾਤਨ ਇਮਾਰਤ ਗਿਰਵਾ ਕੇ, ਉਸੇ ਥਾਂ ਨਵੀਂ ਇਮਾਰਤ ਦੀ ਉਸਾਰੀ ਜਾਰੀ ਹੈ।ਇਸ ਵਲ ਅਨੇਕ ਕਵੀਆਂ ਨੇ ਸੰਕੇਤ ਕੀਤੇ ਹਨ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 9745, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-01, ਹਵਾਲੇ/ਟਿੱਪਣੀਆਂ: no
ਅਕਾਲ ਤਖ਼ਤ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਅਕਾਲ ਤਖ਼ਤ : ਅਕਾਲ ਤਖ਼ਤ ਸਿੱਖਾਂ ਦਾ ਇਕ ਸਤਿਕਾਰ ਯੋਗ ਸਥਾਨ ਹੀ ਨਹੀਂ ਸਗੋ ਇਕ ਸੰਕਲਪ ਵੀ ਹੈ। ਇਹ ਅੰਮ੍ਰਿਤਸਰ ਵਿਖੇ ਸ੍ਰੀ ਹਰਮਿੰਦਰ ਸਾਹਿਬ ਦੀ ਦਰਸ਼ਨੀ ਡਿਉਢੀ ਦੇ ਸਾਹਮਣੇ ਸਥਿਤ ਹੈ। ਇਸ ਪਵਿੱਤਰ ਸਥਾਨ ਨੂੰ ਗੁਰੂ ਹਰਿਗੋਬਿੰਦ ਸਾਹਿਬ ਨੇ ਬਣਵਾਇਆ ਸੀ। ਅਰਥ ਪ੍ਰਸੰਗ ਵਿਚ ਅਕਾਲ ਤਖਤ ਸਾਹਿਬ ਨੂੰ ਅਕਾਲ ਪੁਰਖ, ਭਾਵ ਪ੍ਰਮਾਤਮਾ ਦਾ ਤਖ਼ਤ ਸਮਝਿਆ ਜਾਂਦਾ ਹੈ। ਇਸ ਦੀ ਬਣਤਰ ਸ਼ਾਹੀ ਤਖ਼ਤ ਵਾਂਗ ਉੱਚੇ ਸਥਾਨ ਤੇ ਹੈ। ਉਸ ਸਮੇਂ ਦੀ ਮੁਗ਼ਲ ਰਾਜ ਦਾ ਤਖ਼ਤ ਪਰਜਾ ਤੇ ਜ਼ੁਲਮ ਅਤੇ ਅਤਿਆਚਾਰ ਕਰਦਾ ਸੀ। ਉਸ ਦੇ ਵਿਰੋਧ ਵਿਚ ਗੁਰੂ ਹਰਿਗੋਬਿੰਦ ਜੀ ਨੇ ਇਸ ਤਖ਼ਤ ਦੀ ਸਥਾਪਨਾ ਕੀਤੀ ਅਤੇ ਉਸ ਨੂੰ ਮੁਗ਼ਲਾਂ ਦੇ ਤਖ਼ਤ ਤੋਂ ਵੀ ਵੱਡਾ ''ਰੱਬੀ ਤਖ਼ਤ'' ਕਿਹਾ। ਬਾਅਦ ਵਿਚ ਇਸ ਤਖ਼ਤ ਦਾ ਨਾਂ ਅਕਾਲ ਤਖ਼ਤ ਪ੍ਰਸਿੱਧ ਹੋਇਆ। ਪਹਿਲਾਂ ਪਹਿਲ ਇਸ ਨੂੰ ਅਕਾਲ ਬੁੰਗਾ ਕਹਿੰਦੇ ਸਨ।
ਮਹਾਨ ਕੋਸ਼ ਵਿਚ ਭਾਈ ਕਾਨ੍ਹ ਸਿੰਘ ਨਾਭਾ ਨੇ ਅਕਾਲ ਤਖ਼ਤ ਦੀ ਨੀਂਹ ਰੱਖਣ ਦੀ ਮਿਤੀ 1609 ਈ. (ਸੰਮਤ 1665) ਦੱਸੀ ਹੈ। ਮੈਕਾਲਫ ਨੇ ਆਪਣੀ ਪੁਸਤਕ 'ਦੀ ਸਿੱਖ ਰਿਲੀਜਨ' ਵਿਚ ਅਕਾਲ ਬੁੰਗੇ ਦੀ ਨੀਂਹ ਰੱਖਣ ਦਾ ਦਿਨ ਸੋਮਵਾਰ, ਹਾੜ੍ਹ ਦੇ ਚਾਨਣੇ ਪੱਖ ਦੀ ਪੰਜਾਵੀਂ ਤਿਥੀ ਸੰਮਤ 1663 ਲਿਖਿਆ ਹੈ। ਸ੍ਰੀ ਅਕਾਲ ਤਖ਼ਤ ਦੀ ਰਚਨਾ ਬਾਰੇ 'ਦਬਿਸਤਾਨ–ਇ–ਮਜ਼ਾਹਿਬ' ਦਾ ਹਵਾਲਾ ਦਿੰਦਿਆਂ ਸ. ਅਜੀਤ ਸਿੰਘ ਬਾਘਾ ਨੇ ਲਿਖਿਆ ਹੈ ਕਿ ਬਹੁਤੇ ਲੇਖਕਾਂ ਨੇ ਅਕਾਲ ਤਖ਼ਤ ਨੂੰ ਗੁਰੂ ਹਰਿਗੋਬਿੰਦ ਸਾਹਿਬ ਦਾ ਰਚਿਆ ਮੰਨਿਆ ਹੈ ਪਰ ਇਕ ਲੇਖਕ ਅਨੁਸਾਰ ਗੁਰੂ ਅਰਜਨ ਦੇਵ ਸਾਹਿਬ ਆਪਣੇ ਜੀਵਨ ਵਿਚ ਇਸ ਦੀ ਨੀਂਹ ਰੱਖ ਗਏ ਸਨ। ਮੁਗ਼ਲਾਂ ਨੇ ਗੁਰੂ ਅਰਜਨ ਦੇਵ ਜੀ ਦੁਆਰਾ ਬਣਾਏ 'ਉੱਚੇ ਭਵਨਾਂ ਨੂੰ 'ਮੁਸਾਕਿਨ–ਓ–ਮਨਾਜ਼ਿਲ' ਕਿਹਾ ਹੈ ਜਿਸ ਦੇ ਅਰਥ 'ਡੇਰੇ ਤੇ ਚੁਬਾਰੇ' ਹਨ।
ਗਿਆਨੀ ਗਿਆਨ ਸਿੰਘ ਨੇ ਵੀ ਸ੍ਰੀ ਗੁਰੂ ਹਰਿਗੋਬਿੰਦ ਜੀ ਨੂੰ ਗੁਰੂ ਗੱਦੀ ਦੇਣ ਦਾ ਜ਼ਿਕਰ ਕਰਦਿਆਂ ਅਕਾਲ ਤਖ਼ਤ ਦਾ ਵੀ ਜ਼ਿਕਰ ਕੀਤਾ ਹੈ–
'' ਸਾਕ ਸਿਖ ਲੀਨੇ ਬੁਲਾਇ।
ਪੁਨ ਤਖ਼ਤ ਅਕਾਲ ਦਿਵਾਨ ਲਾਇ।
ਗੁਰ ਕੋ ਸਿੰਘਾਸਨ ਪਰ ਬਿਠਾਇ
ਪੁਨ ਬਾਬਾ ਬੁੱਢਾ ਤਿਲਕ ਲਾਇ।'
ਹਰਿਮੰਦਰ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣ ਉਪਰੰਤ ਗੁਰੂ ਅਰਜਨ ਦੇਵ ਜੀ ਨੇ ਉੱਚੀ ਥਾਂ ਤੇ ਬੈਠਣਾ ਤੇ ਸੌਣਾ ਛੱਡ ਦਿੱਤਾ ਸੀ। ਹਰਿਮੰਦਰ ਸਾਹਿਬ ਦੇ ਸਾਹਮਣੇ ਵਾਲੇ ਸਥਾਨ ਤੇ ਬੈਠ ਕੇ ਗੁਰੂ ਸਾਹਿਬ ਸੰਗਤਾਂ ਨੂੰ ਦਰਸ਼ਨ ਦਿੰਦੇ, ਉਨ੍ਹਾਂ ਦੀਆਂ ਭੇਟਾਵਾਂ ਪ੍ਰਵਾਨ ਕਰਦੇ, ਉਨ੍ਹਾਂ ਦੇ ਦੁੱਖ-ਦਰਦ ਸੁਣਦੇ ਅਤੇ ਉਨ੍ਹਾਂ ਦੇ ਝਗੜੇ ਨਿਬੇੜਦੇ ਸਨ। ਇਸੇ ਲਈ ਸ਼ਰਾਧਾਲੂਆਂ ਨੇ ਇਸ ਅਸਥਾਨ ਨੂੰ 'ਤਖ਼ਤ' ਜਾਂ ਅਕਾਲ 'ਤਖ਼ਤ' ਕਹਿਣਾ ਸ਼ੁਰੂ ਕਰ ਦਿੱਤਾ।
ਪ੍ਰਿੰਸੀਪਲ ਸਤਿਬੀਰ ਸਿੰਘ ਅਨੁਸਾਰ ਅਕਾਲ ਤਖ਼ਤ ਦੀ ਉਸਾਰੀ ਵੇਲੇ ਕਿਸੇ ਮਿਸਤਰੀ, ਮਜ਼ਦੂਰ ਜਾਂ ਤਰਖ਼ਾਣ ਕੋਲੋਂ ਕੰਮ ਨਹੀਂ ਕਰਵਾਇਆ ਸਗੋਂ ਗੁਰੂ ਹਰਿਗੋਬਿੰਦ ਜੀ, ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਆਪ ਸੇਵਾ ਕੀਤੀ, 'ਬੁੱਢੇ ਅਰ ਗੁਰਦਾਸ ਬਨਾਯੋ' ਕਿਉਂਕਿ ਅਕਾਲ ਤਖ਼ਤ ਸਾਰੀ ਮਨੁੱਖਤਾ ਨੂੰ ਅਜ਼ਾਦੀ ਤੇ ਪ੍ਰੇਮ ਦੇ ਸੁਨੇਹਾ ਦੇਣ ਵਾਲਾ ਤਖ਼ਤ ਬਣਨਾ ਸੀ।
ਅਕਾਲ ਤਖ਼ਤ ਦੀ ਬਣਤਰ ਅਤੇ ਨਮੂਨੇ ਦੇ ਵੀ ਵਿਦਵਾਨਾਂ ਨੇ ਕਈ ਅਰਥ ਕੱਢੇ ਹਨ। ਪ੍ਰਿੰਸੀਪਲ ਸਤਿਬੀਰ ਸਿੰਘ ਅਨੁਸਾਰ ਅਕਾਲ ਤਖ਼ਤ ਦਾ ਖੜਵਾਂ ਗੁੰਬਦ ਸੁਰਬੀਰਤਾ ਦਾ ਪ੍ਰਤੀਕ ਹੈ ਤੇ ਹਰਿਮੰਦਰ ਸਾਹਿਬ ਦਾ ਬੇਠਵਾ ਨਿਮਰਤਾ ਦਾ ਪ੍ਰਤੀਕ ਹੈ। ਅਕਾਲ ਤਖ਼ਤ ਦੀ ਮੂਲ ਇਮਾਰਤ 1984 ਈ. ਵਿਚ ਬਲਿਊ ਸਟਾਰ ਆੱਪ੍ਰੇਸ਼ਨ ਸਮੇਂ ਢਹਿ ਢੇਰੀ ਹੋ ਗਈ ਸੀ। ਇਸ ਨੂੰ ਭਾਰਤ ਸਰਕਾਰ ਵੱਲੋਂ ਮੁਰੰਮਤ ਕਰਕੇ ਬਣਾਇਆ ਗਿਆ ਸੀ ਪਰ ਸਿੱਖ ਸੰਗਤਾਂ ਨੂੰ ਸਰਕਾਰੀ ਮਦਦ ਨਾਲ ਬਣੀ ਇਹ ਇਮਾਰਤ ਪ੍ਰਵਾਨ ਨਹੀਂ ਸੀ, ਇਸ ਲਈ ਇਸ ਨੂੰ ਢਾਹ ਕੇ ਨਵੇਂ ਸਿਰਿਓਂ ਬਣਾਇਆ ਗਿਆ ਹੈ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਅਕਾਲ ਤਖ਼ਤ ਦੀ ਰਚਨਾ ਕਰ ਕੇ ਸਿੱਖਾਂ ਦੇ ਜੀਵਨ-ਕਾਰਜ ਵਿਚ ਤਬਦੀਲੀ ਲਿਆਂਦੀ। ਗੁਰੂ ਸਾਹਿਬ ਇਥੇ ਦੀਵਾਨ ਲਾਉਂਦੇ, ਬੀਰਤਾ ਦੀ ਵਿਆਖਿਆ ਕਰਦੇ ਅਤੇ ਸੰਗਤਾਂ ਨੂੰ ਦਰਸ਼ਨ ਦਿੰਦੇ ਸਨ। ਇਸ ਦੇ ਸਾਹਮਣੇ ਦੀ ਖੁੱਲ੍ਹੀ ਥਾਂ ਵਿਚ ਕੁਸ਼ਤੀਆਂ ਅਤੇ ਹੋਰ ਕਈ ਤਰ੍ਹਾਂ ਦੀਆਂ ਕਸਰਤਾਂ ਵੀ ਹੁੰਦੀਆਂ ਸਨ। ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖ਼ਤ ਬਣਾਉਣ ਤੋਂ ਗੁਰੂ ਸਾਹਿਬ ਦਾ ਮੰਤਵ ਇਹ ਸੀ ਕਿ ਅਧਿਆਤਮਕ ਅਤੇ ਸੰਸਾਰਕ ਮਾਮਲਿਆਂ ਵਿਚ ਸੁਮੇਲ ਰਖਿਆ ਜਾ ਸਕੇ।
ਸ੍ਰੀ ਅਕਾਲ ਤਖ਼ਤ ਦੇ ਸਾਹਮਣੇ ਬੜਾ ਖੁੱਲ੍ਹਾ ਵਿਹੜਾ ਹੈ ਜਿਥੇ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਬੈਠ ਸਕਦੇ ਹਨ। ਹਰਿਮੰਦਰ ਸਾਹਿਬ ਵਿਚ ਗੁਰਬਾਣੀ ਦਾ ਕੀਰਤਨ ਹੁੰਦਾ ਸੀ ਅਤੇ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਲੌਢੇ ਪਹਿਰ ਢਾਡੀ ਯੋਧਿਆਂ ਦੀਆਂ ਵਾਰਾਂ ਗਾਉਂਦੇ ਅਤੇ ਸ਼ਰਧਾਲੂ ਆਨੰਦ ਮਾਣਦੇ ਸਨ। ਇਹ ਨਵਾਂ ਉੱਦਮ ਸਿੱਖਾਂ ਵਿਚ ਬੀਰ ਰਸ ਪੈਦਾ ਕਰਨ ਲਈ ਕੀਤਾ ਗਿਆ। ਸਿੱਖ ਇਤਿਹਾਸ ਵਿਚ ਲਿਖਿਆ ਹੈ ਕਿ ਇਥੋਂ ਦਾ ਪਹਿਲਾ ਢਾਡੀ ਅਬਦੁੱਲਾ ਸੀ।
ਇਸ ਤਰ੍ਹਾਂ ਅਕਾਲ ਤਖ਼ਤ ਸਿੱਖ ਪੰਥ ਦੀ ਜਥੇਬੰਦੀ ਦਾ ਕੇਂਦਰ ਬਣ ਗਿਆ। ਇਸੇ ਥਾਂ ਤੇ ਪੰਥਕ ਗੁਰਮਤੇ ਸੋਧੇ ਜਾਂਦੇ ਰਹੇ। ਆਮ ਤੌਰ ਤੇ ਇਕ ਸਾਲ ਵਿਚ ਦੋ ਵਾਰੀ, ਵਿਸਾਖੀ ਅਤੇ ਦੀਵਾਲੀ ਨੂੰ ਦੂਰੋਂ ਦੂਰੋਂ ਸਿੱਖ ਸੰਗਤਾਂ ਇਕੱਤਰ ਹੁੰਦੀਆਂ ਸਨ। ਅਠਾਰ੍ਹਵੀਂ ਸਦੀ ਵਿਚ ਸਿੱਖ ਮਿਸਲਾਂ ਦੇ ਆਗੂ ਅਕਾਲ ਤਖ਼ਤ ਤੇ ਹਾਜ਼ਰ ਹੋ ਕੇ ਲੜਾਈ ਅਤੇ ਸੁਲ੍ਹਾ ਦੇ ਮਤੇ ਸੋਧਦੇ ਸਨ। ਇਥੇ ਹੀ ਹਰ ਤਰ੍ਹਾਂ ਦੇ ਆਪਸੀ ਅਤੇ ਪੰਥਕ ਝਗੜਿਆਂ ਦਾ ਨਿਬੇੜਾ ਕੀਤਾ ਜਾਂਦਾ ਰਿਹਾ ਹੈ। ਅਕਾਲ ਤਖ਼ਤ ਸਿੱਖਾਂ ਵਿਚ ਇਕ ਸਰਵ ਉੱਚ ਸਥਾਨ ਹੈ ਜਿਥੇ ਸਥਾਨਕ ਫੈਸਲਿਆਂ ਲਈ ਅਪੀਲ ਕੀਤੀ ਜਾ ਸਕਦੀ ਹੈ। ਸਿੱਖ ਅਕਾਲ ਤਖ਼ਤ ਦੇ ਫ਼ੈਸਲਿਆਂ ਅਤੇ ਆਦੇਸ਼ਾ ਨੂੰ ਰੱਬੀ ਹੁਕਮ ਸਮਝ ਕੇ ਮੰਨਦੇ ਹਨ। ਇਸ ਤਰ੍ਹਾਂ ਇਹ ਭਗਤੀ ਨਾਲ ਸ਼ਕਤੀ ਦਾ ਸਹਿਵਾਸ ਹੈ। ਹਰਮਿੰਦਰ ਪੀਰੀ ਹੈ ਤੇ ਅਕਾਲ ਤਖ਼ਤ ਮੀਰੀ ਹੈ। ਇਸ ਤਰ੍ਹਾਂ ਸਿੱਖ ਧਰਮ ਵਿਚ ਅਕਾਲ ਤਖ਼ਤ ਦੀ ਰਚਨਾ ਨਾਲ ਮੀਰੀ ਅਤੇ ਪੀਰੀ ਦਾ ਸੰਕਲਪ ਸਾਹਮਣੇ ਆਇਆ।
ਪ੍ਰੋਫ਼ੈਸਰ ਪ੍ਰੀਤਮ ਸਿੰਘ ਅਨੁਸਾਰ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹੀਦੀ ਉਪਰੰਤ ਗੁਰੂ ਹਰਿਗੋਬਿੰਦ ਸਾਹਿਬ ਨੇ ਇਹ ਸਪਸ਼ਟ ਕਰਨ ਲਈ ਕਿ ਦੇਸ਼ ਦੀ ਰਾਜਨੀਤੀ ਦੇ ਮਾਮਲੇ ਵਿਚ ਸਿੱਖ ਲੋਕ ਗੂੰਗੇ ਦਰਸ਼ਕ ਬਣ ਕੇ ਨਹੀਂ ਰਹਿ ਸਕਦੇ, ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਲਈਆਂ ਅਤੇ ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖ਼ਤ ਉਸਰਵਾ ਕੇ ਸਿੱਖਾਂ ਲਈ ਸਵਰਾਜ ਦਾ ਚਿੰਨ੍ਹ ਖੜ੍ਹਾ ਕਰ ਦਿੱਤਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਭਗਤੀ ਸਿਰਫ਼ ਕਮਜ਼ੋਰਾਂ, ਨਿਆਸਰਿਆਂ ਅਤੇ ਨਿਓਟਿਆਂ ਦਾ ਕੰਮ ਨਹੀਂ।
ਹਰਮਿੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਨੂੰ ਇਕ ਰੂਪ ਸਮਝਦਿਆਂ ਪ੍ਰਿੰਸੀਪਲ ਜੋਗਿੰਦਰ ਸਿੰਘ ਲਿਖਦਾ ਹੈ ਕਿ ਸਿੱਖੀ ਵਿਚ ਹਕੀਕੀ ਅਤੇ ਦੁਨਿਆਵੀ ਮਸਲਿਆਂ ਵਾਸਤੇ ਵਖਰੇ ਵਖਰੇ ਅਸੂਲ ਲਾਗੂ ਨਹੀਂ। ਪੀਰੀ ਅਤੇ ਮੀਰੀ ਦਾ ਸਮਰਥਨ ਕਰਦਿਆਂ ਉਸ ਨੇ ਲਿਖਿਆ ਕਿ ਇਥੇ ਊਚ-ਨੀਚ ਦਾ ਭੇਦ ਭਾਵ ਨਹੀਂ ਰਖਿਆ ਜਾਂਦਾ। ਇਸੇ ਲਈ ਇਕੋ ਮੰਦਰ ਦੀਆਂ ਪ੍ਰਕਰਮਾਂ ਅੰਦਰ ਹੀ ਰੂਹਾਨੀ ਤੇ ਦੁਨਿਆਵੀ ਸ਼ਕਤੀ ਦਾ ਪ੍ਰਤੀਕ ਹਰਮਿੰਦਰ ਤੇ ਅਕਾਲ ਤਖ਼ਤ ਬਣਾਏ ਗਏ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਮਰਤਾ ਦਾ ਤਖ਼ਤ ਇਸੇ ਲਈ ਕਿਹਾ ਗਿਆ ਹੈ ਕਿਉਂਕਿ ਇਸ ਦੀ ਮਹਾਨਤਾ ਅਕਹਿ ਹੈ। ਅਕਾਲ ਤਖ਼ਤ ਆਤਮਕ ਬੰਧਨਾ ਅਤੇ ਦੁਨਿਆਵੀ ਬੰਧਨਾ ਤੋਂ ਮੁਕਤੀ ਦਿਵਾਉਣ ਦਾ ਕੇਂਦਰ ਬਣ ਗਿਆ। ਇਹ ਸਾਰਾ ਸੰਗਰਾਮ ਸਮੂਹ ਮਨੁੱਖਤਾ ਦੀ ਭਲਾਈ ਲਈ ਸੀ, ਕਿਸੇ ਇਕ ਸ੍ਰੇਣੀ ਜਾਂ ਜਾਤੀ ਦੇ ਲਾਭ ਲਈ ਨਹੀਂ ਸੀ।
ਮੀਰੀ ਅਤੇ ਪੀਰੀ ਦੀ ਸਿੱਖ ਧਰਮ ਵਿਚ ਇਕਸਾਰਤਾ ਦੀ ਗਵਾਹੀ ਇਥੋਂ ਮਿਲਦੀ ਹੈ : ''ਦੋ ਤਲਵਾਰਾਂ ਬੱਧੀਆਂ, ਇਕ ਮੀਰੀ ਦੀ ਇਕ ਪੀਰੀ ਦੀ। ''
ਗੁਰੂ ਹਰਿਗੋਬਿੰਦ ਜੀ ਸਿੱਖਾਂ ਦੇ ਪਹਿਲੇ ਰੱਬੀ ਬਾਦਸ਼ਾਹ ਸਨ ਜਿਨ੍ਹਾਂ ਦਾ ਰਾਜ ਸਿੰਘਾਸਨ ਅਕਾਲ ਤਖ਼ਤ ਤੇ ਸੀ। ਸੰਨ 1757,1762 ਅਤੇ ਫਿਰ 1764 ਵਿਚ ਤਿੰਨ ਵਾਰ ਮੁਗਲਾਂ ਨੇ 'ਸੱਚਾ ਦਰਬਾਰ' ਢਾਹ ਦਿੱਤਾ ਪਰ ਤਿੰਨ ਵਾਰ ਹੀ ਮੁੜ ਕੇ ਉਸਾਰਿਆ ਗਿਆ। ਹੁਣ ਵੀ ਜਦੋਂ ਸਿੱਖਾਂ ਨੂੰ ਕੋਈ ਅਨਿਆਂ ਹੁੰਦਾ ਜਾਪਦਾ ਹੈ ਉਹ ਜ਼ਬਰ ਦਾ ਟਾਕਰਾ ਕਰਨ ਲਈ ਅਕਾਲ ਤਖ਼ਤ ਤੋਂ ਸ਼ਕਤੀ ਪ੍ਰਾਪਤ ਕਰਦੇ ਹਨ।
ਅਕਾਲ ਤਖ਼ਤ ਉਸ ਇਤਿਹਾਸਕ ਵਿਦਰੋਹ ਦੀ ਪੈਦਾਵਾਰ ਸੀ ਜੋ ਗੁਰੂ ਅਰਜਨ ਦੇਵ ਜੀ ਦੇ ਬਲੀਦਾਨ ਵਿਚੋਂ ਪ੍ਰਗਟ ਹੋਇਆ। ਹਰਿਮੰਦਰ ਸਾਹਿਬ ਕੌਮ ਦੀ ਇਬਾਦਤਗਾਹ ਹੈ, ਅਕਾਲ ਤਖ਼ਤ ਉਸ ਇਬਾਦਤਗਾਹ ਦੀ ਚੌਕੀ ਹੈ। ਅਕਾਲ ਤਖ਼ਤ ਅਸਲ ਵਿਚ ਭਗਤੀ ਤੇ ਸ਼ਕਤੀ ਦੇ ਸੰਤੁਲਨ, ਤਿਆਗ ਅਤੇ ਤੇਗ਼ ਦੇ ਫਲਸਫੇ ਦਾ ਨਾਂ ਹੈ।
ਹਰਿਮੰਦਰ ਮੰਤਰ-ਰੂਪ ਹੈ, ਅਕਾਲ ਤਖ਼ਤ ਤੰਤਰ-ਰੂਪ ਹੈ। ਹਰਿਮੰਦਰ ਤਪ-ਤੇਜ ਦੀ ਰੂਪਮਾਨਤਾ ਹੈ, ਅਕਾਲ ਤਖ਼ਤ ਕਵਚ ਦੀ ਰੂਪਮਾਨਤਾ ਹੈ। ਹਰਿਮੰਦਰ ਅਤੇ ਅਕਾਲ ਤਖ਼ਤ ਦੇ ਦਰਮਿਆਨ ਅਗਮ ਤੇ ਨਿਗਮ ਦਾ ਸਮਿਸ਼ਰਨ ਹੁੰਦਾ ਹੈ, ਸ਼ਿਵ ਤੇ ਸ਼ਕਤੀ ਦਾ ਅਲਿੰਗਨ ਹੁੰਦਾ ਹੈ। ਹਰਿਮੰਦਰ ਵਿਚ ਨਿਰੰਤਰ ਅਮਿਉ ਰਸ ਚੋਂਦਾ ਹੈ, ਅਕਾਲ ਤਖ਼ਤ ਵਿਚ ਧੌਂਸੇ ਵਜਦੇ ਹਨ, ਤੇਗ਼ਾਂ ਲਿਸ਼ਕਦੀਆਂ ਹਨ। ਹਰਿਮੰਦਰ ਵਿਚ ਸ਼ਾਸਤਰ ਦਾ ਪ੍ਰਕਾਸ਼ ਹੈ, ਅਕਾਲ ਤਖ਼ਤ ਵਿਚ ਸ਼ਸਤਰਾਂ ਦੀ ਪ੍ਰਦਰਸ਼ਨੀ ਹੈ।
ਹਰਿਮੰਦਰ ਸਾਹਿਬ ਸਿੱਖ ਕੌਮ ਦੇ ਧਾਰਮਿਕ ਗੌਰਵ ਦਾ ਪ੍ਰਤੀਕ ਹੈ, ਅਕਾਲ ਤਖ਼ਤ ਉਨ੍ਹਾਂ ਦੀ ਰਾਜ ਸੱਤਾ ਦਾ ਚਿੰਨ੍ਹ ਹੈ। ਹਰਿਮੰਦਰ ਸਾਹਿਬ ਸਿੱਖ ਆਚਰਨ ਦੀ ਨਿਰਮਾਣਸ਼ਾਲਾ ਹੈ; ਅਕਾਲ ਤਖ਼ਤ ਉਸ ਆਚਰਨ ਤੋਂ ਉਪਜੇ ਦ੍ਰਿੜ੍ਹ ਸੰਕਲਪ ਦੀ ਆਕ੍ਰਿਤੀ ਹੈ। ਹਰਿਮੰਦਰ ਸਹਿਜ-ਸੁੰਨ ਦਾ ਘਾਟ ਹੈ, ਅਕਾਲ ਤਖ਼ਤ ਉਸ ਘਾਟ ਦਾ ਪਾਸਬਾਨ ਹੈ।
ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਅਕਾਲ ਤਖ਼ਤ ਤੇ ਹੇਠ ਲਿਖੇ ਗੁਰੂ ਸਾਹਿਬਾਨ ਤੇ ਸੂਰਬੀਰ ਮਹਾਪੁਰਖਾਂ ਦੇ ਸ਼ਸਤਰ ਰੱਖੇ ਗਏ ਹਨ :–
1. ਸ੍ਰੀ ਗੁਰੂ ਹਰਿਗੋਬਿੰਦ ਜੀ
2. ਸ੍ਰੀ ਗੁਰੂ ਗੋਬਿੰਦ ਸਿੰਘ ਜੀ
3. ਬਾਬਾ ਅਜੀਤ ਸਿੰਘ ਜੀ
4. ਬਾਬਾ ਜੁਝਾਰ ਸਿੰਘ ਜੀ
5. ਬਾਬਾ ਬੁੱਢਾ ਜੀ
6. ਭਾਈ ਜੇਠਾ ਜੀ
7. ਬਾਬਾ ਕਰਮ ਸਿੰਘ ਸ਼ਹੀਦ
8. ਭਾਈ ਉਦੈ ਸਿੰਘ ਜੀ
9. ਭਾਈ ਬਿਧੀ ਚੰਦ ਜੀ
10. ਬਾਬਾ ਗੁਰਬਖ਼ਸ਼ ਸਿੰਘ ਜੀ
11. ਬਾਬਾ ਦੀਪ ਸਿੰਘ ਜੀ
12. ਬਾਬਾ ਨੌਧ ਸਿੰਘ ਜੀ
13. ਭਾਈ ਬਚਿੱਤਰ ਸਿੰਘ ਜੀ
ਸ੍ਰੀ ਅਕਾਲ ਤਖ਼ਤ ਮੁੱਖ ਰੂਪ ਵਿਚ ਤਿੰਨ ਗੱਲਾਂ ਲਈ ਪ੍ਰਸਿੱਧ ਹੈ।
1. ਇਥੇ ਸਿੱਖ ਕੌਮ ਸਬੰਧੀ ਫ਼ੈਸਲੇ ਕੀਤੇ ਜਾਂਦੇ ਹਨ।
2. ਅੰਮ੍ਰਿਤ ਛਕਾਉਣ ਲਈ ਇਹ ਵੱਡਾ ਕੇਂਦਰ ਹੈ।
3. ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਹਰਿਮੰਦਰ ਸਾਹਿਬ ਵਿਚ ਸੰਤੋਖਣ ਉਪਰੰਤ ਰਾਤ ਸਮੇਂ ਇਥੇ ਵਿਸ਼ਰਾਮ ਲਈ ਰਖਿਆ ਜਾਂਦਾ ਹੈ।
ਅਕਾਲ ਤਖ਼ਤ ਦੇ ਜਥੇਦਾਰ ਨੂੰ ਸਰਵਉੱਚ ਮੰਨਿਆ ਜਾਂਦਾ ਹੈ ਅਤੇ ਇਸ ਦੀ ਚੋਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰਬਤ ਖ਼ਾਲਸਾ ਸਮਾਗਮ ਸਾਹਿਬ ਸਿੱਖ ਕੌਮ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਲੇਖਕ : ਡਾ. ਜਾਗੀਰ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8011, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-23-05-05-54, ਹਵਾਲੇ/ਟਿੱਪਣੀਆਂ: ਹ. ਪੁ.–ਗੁਰਬਿਲਾਸ ਪਾਤਸ਼ਾਹੀ ਛੇਵੀ; ਪੰਥ ਪ੍ਰਕਾਸ਼-ਗਿਆਨੀ ਗਿਆਨ ਸਿੰਘ; ਦੀ ਸਿੱਖ ਰਿਲੀਜਨ-ਮੈਕਾਲਫ਼; ਮ. ਕੋ. ; ਭਗਤੀ ਤੇ ਸ਼ਕਤੀ ਦਾ ਮਹਾਨ ਕੇਂਦਰ-ਸੰਤ ਭਰਪੂਰ ਸਿੰਘ; ਸੌ ਸਵਾਲ-ਪ੍ਰਿੰਸੀਪਲ ਸਤਿਬੀਰ ਸਿੰਘ; ਗੁਰੂ ਇਤਿਹਾਸ, ਪਾ. ਦੂਜੀ ਤੋਂ ਨੌਵੀ-ਪ੍ਰਿੰਸੀਪਲ ਸਾਹਿਬ ਸਿੰਘ; ਮੀਰੀ ਪੀਰੀ ਦੀ ਪਰੰਪਰਾ-ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ
ਵਿਚਾਰ / ਸੁਝਾਅ
Please Login First