ਅਨੰਦੁ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਨੰਦੁ : ਰਾਮਕਲੀ ਰਾਗ ਵਿੱਚ ਰਚੀ ‘ ਅਨੰਦੁ` , ਗੁਰੂ ਅਮਰਦਾਸ ਦੀ ਰਚਨਾ ਹੈ । ਇਹ ਰਚਨਾ ਨਿਤਨੇਮ ਦੀਆਂ ਬਾਣੀਆਂ ਵਿੱਚ ਸ਼ਾਮਲ ਹੈ ਅਤੇ ਲਗਪਗ ਹਰ ਮਹੱਤਵਪੂਰਨ ਸਮੇਂ ਉੱਤੇ ਪੜ੍ਹੀ ਜਾਂਦੀ ਹੈ । ਇਹ ਮੰਨਿਆ ਜਾਂਦਾ ਹੈ ਕਿ ਇਹ ਰਚਨਾ ਮੋਹਰੀ ਦੇ ਘਰ ਪੁੱਤਰ ਦੇ ਜਨਮ ਦੇ ਮੌਕੇ ਉੱਤੇ , 1554 ਵਿੱਚ ਉਚਾਰੀ ਗਈ ਸੀਪਰ ਬਾਣੀ ਦੇ ਅਧਿਆਤਮਿਕ ਵਿਸ਼ੇ ਨੂੰ ਵੇਖਦਿਆਂ ਇਹ ਮਾਨਤਾ ਬਹੁਤੀ ਸਾਰਥਕ ਨਹੀਂ ਜਾਪਦੀ । 40 ਸਲੋਕਾਂ ਦੀ ਇਹ ਬਾਣੀ ਮਨੁੱਖ ਨੂੰ ਆਤਮਿਕ ਵਿਕਾਸ ਦੁਆਰਾ ਅਨੰਦ ਦੀ ਪ੍ਰਾਪਤੀ ਦੀ ਪ੍ਰੇਰਨਾ ਦਿੰਦੀ ਹੈ । ਆਪਣੇ ਮੌਲਿਕ ਸਿਧਾਂਤ ਅਤੇ ਵਿਚਾਰ ਕਰ ਕੇ , ਇਸ ਬਾਣੀ ਦਾ ਅਨੰਦ ਪ੍ਰਾਪਤੀ ਦੀ ਪ੍ਰਾਚੀਨ ਭਾਰਤੀ ਅਧਿਆਤਮਿਕ ਪਰੰਪਰਾ ਵਿੱਚ ਨਵੇਕਲਾ ਸਥਾਨ ਹੈ । ਬਾਣੀ ਵਿੱਚ ਜਿੱਥੇ ਅਨੰਦ ਦੇ ਸੰਕਲਪ ਦੀ ਵਿਆਖਿਆ ਨਵੇਕਲੇ ਰੂਪ ਵਿੱਚ ਕੀਤੀ ਗਈ , ਉੱਥੇ ਮਨੁੱਖ ਨੂੰ ਇਸ ਦੀ ਪ੍ਰਾਪਤੀ ਦਾ ਸਰਲ ਰਾਹ ਵੀ ਸੁਝਾਇਆ ਗਿਆ ਹੈ । ਇਸ ਰਚਨਾ ਦੇ ਕਈ ਪਸਾਰ ਹਨ ਜੋ ਆਪਣੇ ਘੇਰੇ ਵਿੱਚ ਸਿੱਖ ਸਿਧਾਂਤਾਂ ਦੇ ਕਈ ਸੰਕਲਪਾਂ ਨੂੰ ਸਮੇਟਦੇ ਹਨ ।

        ਗੁਰੂ ਅਮਰਦਾਸ ਅਨੁਸਾਰ ਸਤਿਗੁਰੂ ਦੀ ਪ੍ਰਾਪਤੀ ਨਾਲ ਅਨੰਦ ਦੀ ਅਵਸਥਾ ਮਿਲਦੀ ਹੈ । ਇਹ ਪ੍ਰਾਪਤੀ ਸਹਿਜੇ ਹੀ ਹੁੰਦੀ ਹੈ । ਇਸ ਅਵਸਥਾ ਵਿੱਚ ਮਨੁੱਖ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹਿੰਦਾ ਹੈ । ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਤੇ ਸਾਰੇ ਕੰਮ ਸੌਰ ਜਾਂਦੇ ਹਨ । ਪਰ ਇਹ ਅਵਸਥਾ ਉਹੀ ਮਨੁੱਖ ਪ੍ਰਾਪਤ ਕਰ ਸਕਦਾ ਹੈ ਜਿਸ ਉੱਤੇ ਪਰਮਾਤਮਾ ਦੀ ਮਿਹਰ ਹੋਵੇ । ਪਰਮਾਤਮਾ ਦੇ ਨਾਮ ਨੂੰ ਮਨ ਵਿੱਚ ਵਸਾਉਣ ਨਾਲ ਹੀ ਆਤਮਿਕ ਅਨੰਦ ਦੀ ਅਵਸਥਾ ਤੱਕ ਪੁਜਿਆ ਜਾ ਸਕਦਾ ਹੈ । ਨਾਮ ਦੀ ਪ੍ਰਾਪਤੀ ਗੁਰੂ ਦੀ ਮਿਹਰ ਨਾਲ ਹੀ ਹੁੰਦੀ ਹੈ । ਨਾਮ ਮਨ ਵਿੱਚ ਵਸਾਉਣ ਵਾਲਾ ਮਨੁੱਖ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋ ਜਾਂਦਾ ਹੈ । ਉਸ ਦੇ ਹਿਰਦੇ ਵਿੱਚ ਸ਼ਾਂਤੀ ਦਾ ਵਾਸ ਹੋ ਜਾਂਦਾ ਹੈ । ਕਾਮ ਆਦਿਕ ਪੰਜ ਵੈਰੀ ਉਸ ਉੱਤੇ ਅਸਰ ਨਹੀਂ ਪਾ ਸਕਦੇ ।

        ਸਭ ਲੋਕ ਅਨੰਦ ਦੀ ਗੱਲ ਕਰਦੇ ਹਨ ਪਰ ਸੱਚੇ ਅਨੰਦ ਦੀ ਸੂਝ ਤਾਂ ਗੁਰੂ ਤੋਂ ਹੀ ਪ੍ਰਾਪਤ ਹੁੰਦੀ ਹੈ । ਜਿਸ ਮਨੁੱਖ ਦੇ ਅੰਦਰੋਂ ਮਾਇਆ ਦਾ ਮੋਹ ਦੂਰ ਹੋ ਜਾਂਦਾ ਹੈ ਉਸ ਦਾ ਬੋਲ ਸੁਚੱਜਾ ਹੋ ਜਾਂਦਾ ਹੈ । ਇਹੀ ਅਸਲ ਵਿੱਚ ਸੱਚਾ ਅਨੰਦ ਹੈ । ਆਪਣੇ ਉੱਦਮ ਨਾਲ ਮਨੁੱਖ ਅਨੰਦ ਨੂੰ ਪ੍ਰਾਪਤ ਨਹੀਂ ਕਰ ਸਕਦਾ । ਇਸ ਦੇ ਲਈ ਗੁਰੂ ਦੀ ਰਹਿਨੁਮਾਈ ਅਤੇ ਪ੍ਰਭੂ ਦੀ ਕ੍ਰਿਪਾ ਲੋੜੀਂਦੀ ਹੈ । ਇਸ ਲਈ ਸ਼ੁਭ ਸੰਗੀਤ ਦਾ ਵੀ ਵਿਸ਼ੇਸ਼ ਮਹੱਤਵ ਹੈ । ਅਨੰਦ ਦੀ ਪ੍ਰਾਪਤੀ ਨਾਲ ਮਨੁੱਖ ਦੀ ਜੀਵਨ-ਜੁਗਤ ਦੁਨੀਆ ਦੇ ਲੋਕਾਂ ਨਾਲੋਂ ਵੱਖਰੀ ਹੋ ਜਾਂਦੀ ਹੈ ।

        ਗੁਰੂ ਅਮਰਦਾਸ ਫ਼ਰਮਾਉਂਦੇ ਹਨ ਕਿ ਸਤਿਗੁਰੂ ਦੀ ਬਾਣੀ ਪਰਮਾਤਮਾ ਵੱਲੋਂ ਦਿੱਤੀ ਗਈ ਇੱਕ ਅਮਲੋਕ ਦਾਤ ਹੈ । ਇਹ ਆਤਮਿਕ ਅਨੰਦ ਪ੍ਰਾਪਤ ਕਰਨ ਦਾ ਸਾਧਨ ਹੈ । ਸਤਿਗੁਰੂ ਦੀ ਸੱਚੀ ਬਾਣੀ ਮਨੁੱਖ ਨੂੰ ਪਰਮਾਤਮਾ ਨਾਲ ਜੋੜਦੀ ਹੈ ਤੇ ਮਨ ਵਿੱਚ ਅਨੰਦ ਨੂੰ ਬਣਾਈ ਰੱਖਦੀ ਹੈ । ਬਾਣੀ ਦੇ ਅੰਤਿਮ ਸਲੋਕ ਵਿੱਚ ਆਤਮਿਕ ਅਨੰਦ ਦੇ ਲੱਛਣ ਦੱਸੇ ਗਏ ਹਨ । ਅਨੰਦ ਪ੍ਰਾਪਤੀ ਨਾਲ ਮਨੁੱਖ ਦੀ ਸਾਰੀ ਭਟਕਣਾ ਦੂਰ ਹੋ ਜਾਂਦੀ ਹੈ । ਉਸ ਦੇ ਸਭ ਦੁੱਖ ਦੂਰ ਹੋ ਜਾਂਦੇ ਹਨ ਅਤੇ ਮਨ ਵਿੱਚ ਕੋਈ ਚਿੰਤਾ ਨਹੀਂ ਰਹਿੰਦੀ । ਇਹ ਅਵਸਥਾ ਸਤਿਗੁਰੂ ਦੀ ਬਾਣੀ ਦੁਆਰਾ ਪ੍ਰਾਪਤ ਹੁੰਦੀ ਹੈ । ਇਸ ਬਾਣੀ ਵਿੱਚ ਸਤਿਗੁਰ ਤੇ ਸੱਚੀ ਬਾਣੀ ਉੱਤੇ ਬਲ ਦਿੱਤਾ ਗਿਆ ਹੈ । ਬਾਣੀ ਦਾ ਗਾਇਨ ਕਰਨਾ , ਪੜ੍ਹਨਾ ਤੇ ਸੁਣਨਾ ਵਿਸ਼ੇਸ਼ ਮਹੱਤਵਪੂਰਨ ਹੈ ਜਿਸ ਨਾਲ ਅਨੰਦ ਦੀ ਪ੍ਰਾਪਤੀ ਹੁੰਦੀ ਹੈ ।

        ਅਨੰਦ ਇੱਕ ਮਹੱਤਵਪੂਰਨ ਬਾਣੀ ਹੈ ਜਿਸ ਵਿੱਚ ਸਿੱਖ ਬ੍ਰਹਮ-ਵਿੱਦਿਆ ਦਾ ਸਾਰ ਦਿੱਤਾ ਹੋਇਆ ਹੈ । ਆਤਮਿਕ ਸਾਧਨਾਂ ਦੇ ਅਨੁਭਵ ਵਿੱਚੋਂ ਲੰਘ ਕੇ ਸਾਧਕ ਚਰਮ ਅਵਸਥਾ , ਅਨੰਦ ਨੂੰ ਪ੍ਰਾਪਤ ਕਰਦਾ ਹੈ । ਇਹ ਅਵਸਥਾ ਭੌਤਿਕ ਸੁੱਖ ਨਹੀਂ ਸਗੋਂ ਐਸਾ ਆਤਮਿਕ ਅਨੁਭਵ ਹੈ ਜਿਸ ਨੂੰ ਆਤਮਾ ਵਿੱਚ ਸੰਗੀਤ ਦੇ ਰੂਪ ਨਾਲ ਪੇਸ਼ ਕੀਤਾ ਗਿਆ ਹੈ । ਇਸ ਨਾਲ ਮਨੁੱਖ ਦੀ ਜੀਵਨ- ਜਾਚ ਬਦਲ ਜਾਂਦੀ ਹੈ । ਨਿੱਤਨੇਮ ਦੀ ਇਸ ਬਾਣੀ ਦਾ ਸਿੱਖ ਰਹੁ-ਰੀਤਾਂ ਵਿੱਚ ਮਹੱਤਵਪੂਰਨ ਸਥਾਨ ਹੈ ।


ਲੇਖਕ : ਸਬਿੰਦਰਜੀਤ ਸਿੰਘ ਸਾਗਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5636, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਅਨੰਦੁ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਨੰਦੁ. ਦੇਖੋ , ਅਨੰਦ. “ ਅਨੰਦੁ ਭਇਆ ਸੁਖੁ ਪਾਇਆ.” ( ਵਾਰ ਮਾਰੂ ੨ ਮ : ੫ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5276, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅਨੰਦੁ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਨੰਦੁ : ਗੁਰੂ ਅਮਰ ਦਾਸ ਦੀ ਬਾਣੀ ਹੈ ਜਿਸ ਨੂੰ ਸਧਾਰਨ ਤੌਰ ਤੇ ‘ ਅਨੰਦ` ਲਿਖਿਆ ਜਾਂਦਾ ਹੈ ਅਤੇ ਇਹ ਬਾਣੀ ਗੁਰੂ ਨਾਨਕ ਦੇਵ ਜੀ ਦੇ ‘ ਜਪੁ` ਵਾਂਗ ਗੁਰੂ ਗ੍ਰੰਥ ਸਾਹਿਬ ਦੀ ਪ੍ਰਸਿੱਧ ਬਾਣੀ ਹੈ । ਰਾਮਕਲੀ ਰਾਗ ਵਿਚ ਰਚਿਤ ਇਸ ਬਾਣੀ ਦੀਆਂ ਕੁਲ 40 ਪਉੜੀਆਂ ਹਨ । ਇਸ ਦੇ ਛੋਟੇ ਰੂਪ ਵਿਚ ਪਹਿਲੀਆਂ ਪੰਜ ਪਉੜੀਆਂ ਅਤੇ ਅੰਤਲੀ ਪਉੜੀ ਦਾ ਗਾਇਨ ਸਿੱਖ ਸੰਗਤਾਂ ਦੇ ਹਰੇਕ ਦੀਵਾਨ ਦੀ ਸਮਾਪਤੀ ਅਤੇ ਅਰਦਾਸ ਤੋਂ ਪਹਿਲਾਂ ਕੀਤਾ ਜਾਂਦਾ ਹੈ । ਖੁਸ਼ੀ ਗ਼ਮੀ ਦੇ ਅਵਸਰਾਂ ਜਾਂ ਰੱਬੀ ਮਿਹਰ ਦੀ ਉਚੇਚੀ ਯਾਚਨਾ ਸੰਬੰਧੀ ਹੋਣ ਵਾਲੇ ਸੰਗਤੀ ਸਮਾਗਮਾਂ ਵਿਚ ਵੀ ਛੋਟੇ ਅਨੰਦ ਦਾ ਸਮੂਹਿਕ ਪਾਠ ਕੀਤਾ ਜਾਂਦਾ ਹੈ । ਸਿੱਖ ਵਿਵਾਹ ਦੀ ਰਸਮ ਦਾ ਨਾਂ ਇਸ ਬਾਣੀ ਦੇ ਨਾਂ ਤੇ ਹੀ ਅਨੰਦ ਕਾਰਜ ਪੈ ਗਿਆ ਅਤੇ ਵਿਧਾਨਿਕ ਦਸਤਾਵੇਜ਼ਾਂ ਵਿਚ ਵੀ ਅਨੰਦ ਵਿਆਹ ਦਰਜ ਕੀਤਾ ਗਿਆ ਹੈ । ਪਰੰਪਰਾ ਅਨੁਸਾਰ ਗੁਰੂ ਅਮਰਦਾਸ ਜੀ ਨੇ ਅਜੇ ਇਸ ਬਾਣੀ ਨੂੰ ਸਮਾਪਤ ਹੀ ਕੀਤਾ ਸੀ ਜਦੋਂ ਉਹਨਾਂ ਦੇ ਪੋਤਰੇ ਦੇ ਜਨਮ ਦੀ ਉਹਨਾਂ ਨੂੰ ਸੂਚਨਾ ਮਿਲੀ ( ਮੋਹਰੀ ਦਾ ਪੁੱਤਰ , ਮੋਹਰੀ ਉਹਨਾਂ ਦੇ ਦੋਵੇਂ ਪੁੱਤਰਾਂ ਵਿੱਚੋਂ ਛੋਟਾ ਸੀ ) । ਉਸੇ ਵੇਲੇ ਸਮਾਪਤ ਕੀਤੀ ‘ ਅਨੰਦੁ` ਸਿਰਲੇਖ ਵਾਲੀ ਬਾਣੀ ਦੇ ਨਾਂ ‘ ਤੇ ਬੱਚੇ ਦਾ ਨਾਂ ਅਨੰਦ ਰੱਖਿਆ ਗਿਆ ਸੀ । ਸੰਸਕ੍ਰਿਤ ਅਤੇ ਇਸੇ ਤਰ੍ਹਾਂ ਪੰਜਾਬੀ ਵਿਚ , ਅਨੰਦ ਦੇ ਸ਼ਬਦੀ ਅਰਥ ਹਨ , ਆਤਮਿਕ ਸੁਖ । ਤੈਤਰੀਯ ਉਪਨਿਸ਼ਦ ਵਿਚ ਇਹ ਸ਼ਬਦ ‘ ਬ੍ਰਹਮ` ਵਾਸਤੇ ਵਰਤਿਆ ਗਿਆ ਹੈ । ਉਥੇ ਉਸਦਾ ਅਰਥ ਰਸ ਜਾਂ ਭਾਵ ਵੀ ਹੈ । ਗੁਰੂ ਅਮਰ ਦਾਸ ਜੀ ਦੀ ਰਚਨਾ , ਅਨੰਦ ਦੇ ਅਨੁਭਵ ( ਆਤਮਿਕ ਅਨੰਦ ) ਉੱਤੇ ਕੇਂਦਰਿਤ ਹੈ ਜਿਹੜਾ ਮਨੁੱਖੀ ਆਤਮਾ ਦੇ ਪਰਮਾਤਮਾ ਨਾਲ ਮੇਲ ਉਪਰੰਤ ਪੈਦਾ ਹੁੰਦਾ ਹੈ ਅਤੇ ਜੋ ਗੁਰੂ ਦੇ ਹੁਕਮ ਅਨੁਸਾਰ ਲਗਾਤਾਰ ਸਿਮਰਨ ਕਰਨ ਦੁਆਰਾ ਪ੍ਰਾਪਤ ਹੁੰਦਾ ਹੈ । ਇਥੇ ਅਨੰਦ ਸਪਸ਼ਟ ਤੌਰ ਤੇ ਅੰਦਰ ਦੀ ਸ਼ਾਂਤੀ ਅਤੇ ਅਧਿਆਤਮਵਾਦ ਦੀ ਸਥਿਤੀ ਦਾ ਲਖਾਇਕ ਹੈ ਜਿਸ ਦਾ ਭਾਵ ਸ਼ਾਂਤ ਚਿੱਤ , ਅਵਸਥਾ ਹੈ ਜਿਸ ਵਿਚ ਮਨੁੱਖ ਸਾਰੇ ਦੁਖ , ਰੋਗ ਅਤੇ ਸੰਤਾਪ ਤੋਂ ਛੁਟਕਾਰਾ ਪ੍ਰਾਪਤ ਕਰਕੇ ਪਰਮਾਤਮਾ ਨਾਲ ਅਭੇਦ ਹੋਣ ਦਾ ਨਿਸ਼ਾਨਾ ਪ੍ਰਾਪਤ ਕਰਦਾ ਹੈ ।

      ਇਸ ਬਾਣੀ ਦਾ ਸ਼ਬਦਾਂ ਅਨੁਸਾਰ ਸਾਰ-ਅੰਸ਼ ਹੇਠ ਲਿਖੇ ਅਨੁਸਾਰ ਹੈ : ( 1 ) ਗੁਰੂ ਦੀ ਕਿਰਪਾ ਦੁਆਰਾ ਅਨੰਦ ਦੀ ਪ੍ਰਾਪਤੀ ਹੋ ਗਈ ਹੈ ਜਿਸਨੇ ਮੈਨੂੰ ਗਿਆਨ , ਸਮਦ੍ਰਿਸ਼ਟੀ , ਸਹਿਜ ਅਤੇ ਪਰਮਾਤਮਾ ਦੀ ਪ੍ਰਾਪਤੀ ਦੀ ਬਖ਼ਸ਼ਿਸ਼ ਕੀਤੀ ਹੈ; ( 2 ) ਪਰਮਾਤਮਾ ਨੇ ਦੁਖਾਂ ਦਾ ਨਾਸ ਕਰ ਦਿੱਤਾ ਹੈ ਅਤੇ ਮੈਨੂੰ ਪੂਰਨਤਾ ਦੀ ਬਖਸ਼ਿਸ਼ ਕੀਤੀ ਹੈ; ( 3 ) ਉਹ ਮਨੁੱਖ ਨੂੰ ਨਾਮ ਸਮੇਤ ਸਾਰੀਆਂ ਵਸਤਾਂ ਦਿੰਦਾ ਹੈ; ( 4 ) ਨਾਮ , ਜੀਵਨ ਬਖਸ਼ਦਾ ਹੈ , ਇੱਛਾਵਾਂ ਖਤਮ ਕਰਦਾ ਹੈ , ਸ਼ਾਂਤੀ , ਸਹਿਜ ਅਤੇ ਖੁਸ਼ੀ ਦਿੰਦਾ ਹੈ; ( 5 ) ਨਾਮ ਪੰਜ ਵਿਕਾਰਾਂ ਨੂੰ ਦੂਰ ਭਜਾਉਂਦਾ ਹੈ ਅਤੇ ਮੌਤ ਤੋਂ ਛੁਟਕਾਰਾ ਦਿੰਦਾ ਹੈ; ( 6 ) ਨਾਮ ਦੀ ਬਖ਼ਸ਼ਿਸ਼ ਦੀ ਪ੍ਰਾਪਤੀ ਹੁੰਦੀ ਹੈ ਅਤੇ ਨਾਮ ਕੇਵਲ ਰੱਬੀ ਮਿਹਰ ਨਾਲ ਹੀ ਮਿਲ ਸਕਦਾ ਹੈ; ( 7 ) ਗੁਰੂ , ਅਨੰਦ ਦਾ ਸੋਮਾ ਹੈ ਕਿਉਂਕਿ ਉਸ ਦੀ ਸਿੱਖਿਆ ਵੈਰਾਗ ਅਤੇ ਬਿਬੇਕ ਪ੍ਰਦਾਨ ਕਰਦੀ ਹੈ ਅਤੇ ਪਾਪਾਂ ਦਾ ਨਾਸ ਕਰਦੀ ਹੈ; ( 8 ) ਜੀਵ ਗੁਰੂ ਦੀ ਰਹਿਨੁਮਾਈ ਤੋਂ ਬਿਨਾਂ ਅਗਿਆਨ ਦੇ ਹਨੇਰੇ ਵਿਚ ਠੋਕਰਾਂ ਖਾਂਦਾ ਹੈ; ( 9 ) ਗੁਰੂ ਸਾਧਕ ਨੂੰ ਪਵਿੱਤਰ ਸੰਤਾਂ ਦੇ ਸਾਥ ਵਲ ਲਿਜਾਂਦਾ ਹੈ ਜਿਥੇ ਕੇਵਲ ਇਕ ਸ਼ੁੱਧ ਸਰੂਪ ਦਾ ਹੀ ਧਿਆਨ ਧਰਿਆ ਜਾਂਦਾ ਹੈ; ( 10 ) ਇਸ ਤਰ੍ਹਾਂ ਮਨ ਭਰਮ ਵਿਚ ਪਾਉਣ ਵਾਲੀ ਮਾਇਆ ਦੇ ਜਾਲ ਤੋਂ ਬਚ ਜਾਂਦਾ ਹੈ; ( 11 ) ਇਹ ਆਪਣੇ ਆਪ ਨੂੰ ਸਦੀਵੀ ਸੱਚ ਪਰਮਾਤਮਾ ਦੇ ਅੱਗੇ ਸਮਰਪਣ ਕਰਦਾ ਹੈ । ; ( 12 ) ਪਰਮਾਤਮਾ , ਕਰਤਾ ਰੂਪ ਵਿਚ ਪਹੁੰਚ ਤੋਂ ਪਰੇ ਹੈ; ( 13 ) ਦੇਵਤੇ ਅਤੇ ਰਿਸ਼ੀ ਵੀ ਨਾਮ ਦੇ ਜਾਚਕ ਹਨ ਜੋ ਹਉਮੈ ਅਤੇ ਪਾਪ ਨੂੰ ਭਜਾ ਦਿੰਦਾ ਹੈ; ( 14 ) ਭਗਤ ਹਉਮੈ ਰਹਿਤ ਅਤੇ ਇੱਛਾ ਰਹਿਤ ਰਸਤੇ ਉੱਪਰ ਚਲਦੇ ਹਨ; ( 15 ) ਮਨੁੱਖ ਪਰਮਾਤਮਾ ਦੀ ਇੱਛਾ ਅਨੁਸਾਰ ਹੀ ਕਾਰਜਸ਼ੀਲ ਹੈ; ਕੁਝ ਉਸ ਦੀ ਕਿਰਪਾ ਸਦਕਾ ਉਸਦਾ ਸਿਮਰਨ ਕਰਦੇ ਹਨ; ( 16 ) ਜਿਨ੍ਹਾਂ ਉਪਰ ਉਸ ਦੀ ਮਿਹਰ ਹੁੰਦੀ ਹੈ ਉਹ ਗੁਰੂ ਦੀ ਬਾਣੀ ਸੁਣਦੇ ਹਨ; ( 17 ) ਸਿਮਰਨ ਕਰਨ ਨਾਲ ਉਹ ਪਵਿੱਤਰ ਹੋ ਜਾਂਦੇ ਹਨ ਅਤੇ ਆਪਣੇ ਸੰਗੀ ਸਾਥੀਆਂ ਨੂੰ ਵੀ ਮੁਕਤ ਕਰਵਾ ਦਿੰਦੇ ਹਨ; ( 18 ) ਸ਼ੰਕਾ ਅਤੇ ਅਗਿਆਨ ਕੇਵਲ ਨਾਮ ਸਿਮਰਨ ਨਾਲ ਹੀ ਖਤਮ ਹੁੰਦੇ ਹਨ; ਕਰਮ ਕਾਂਡਾਂ ਦੁਆਰਾ ਨਹੀਂ; ( 19 ) ਜਿਤਨਾ ਸਮਾਂ ਸ਼ੰਕਾ ਹੁੰਦੀ ਹੈ ਮਨੁੱਖ ਅਪਵਿੱਤਰ ਹੁੰਦਾ ਹੈ । ਇਕ ਅਪਵਿੱਤਰ ਮਨ ਕਦੇ ਵੀ ਮੁਕਤ ( ਪਰਮ ਅਨੰਦ ) ਅਵਸਥਾ ਪ੍ਰਾਪਤ ਨਹੀਂ ਕਰ ਸਕਦਾ; ( 20 ) ਜੋ ਗੁਰੂ ਦੇ ਦੱਸੇ ਰਸਤੇ ਉੱਪਰ ਅਮਲ ਕਰਦੇ ਹਨ ਅੰਦਰੋਂ ਬਾਹਰੋਂ ਨਿਰਮਲ ਹੁੰਦੇ ਹਨ; ( 21 ) ਸਾਧਕ ਨੂੰ ਆਪਣੀ ਪੂਰੀ ਹਉਮੈ ਛੱਡ ਕੇ ਅਤੇ ਗੁਰੂ ਉੱਪਰ ਪੂਰਨ ਭਰੋਸਾ ਰੱਖ ਕੇ ਪੂਰੀ ਤਰ੍ਹਾਂ ਗੁਰੂ ਦੇ ਸਨਮੁਖ ਸਮਰਪਣ ਕਰਨਾ ਪੈਂਦਾ ਹੈ; ( 22 ) ਗੁਰੂ ਦੀ ਸਹਾਇਤਾ ਅਤੇ ਮਿਹਰ ਬਿਨਾਂ ਮੁਕਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ; ( 23 ) ਸਾਧਕ ਨੂੰ ਗੁਰੂ ਦੇ ਸੱਚੇ ਸ਼ਬਦ ਉੱਤੇ ਮਨ ਇਕਾਗਰ ਕਰਨਾ ਹੋਵੇਗਾ ਅਤੇ ਇਹ ਕੇਵਲ ਉਸਦੀ ਮਿਹਰ ਨਾਲ ਹੀ ਸੰਭਵ ਹੁੰਦਾ ਹੈ; ( 24 ) ਬਾਕੀ ਸਭ ਵਿਦਵਤਾ ਰੰਚਕ ਮਾਤਰ ਹੀ ਹੈ; ( 25 ) ਗੁਰੂ ਦਾ ਸ਼ਬਦ ਇਕ ਸ਼ੁੱਧ ਹੀਰਾ ਹੈ ਜਿਸਨੂੰ ਮਨੁੱਖ ਕੇਵਲ ਪ੍ਰਭੂ-ਕਿਰਪਾ ਦੁਆਰਾ ਹੀ ਪ੍ਰਾਪਤ ਕਰਦਾ ਹੈ; ( 26 ) ਗੁਰੂ ਮਾਇਆ ਦੇ ਬੰਧਨ ਤੋੜਦਾ ਹੈ ਅਤੇ ਇਸ ਤਰ੍ਹਾਂ ਆਤਮਾ ਨੂੰ ਅਜ਼ਾਦ ਕਰ ਦਿੰਦਾ ਹੈ; ( 27 ) ਸਿਮਰਤੀਆਂ ਅਤੇ ਸ਼ਾਸਤਰ ਮਾਇਆ ਦੇ ਪਰਦੇ ਦਾ ਨਾਸ਼ ਨਹੀਂ ਕਰ ਸਕਦੇ; ( 28 ) ਗੁਰੂ ਨਾਮ ਉਤੇ ਧਿਆਨ ਕੇਂਦਰਿਤ ਕਰਨਾ ਸਿਖਾਉਂਦਾ ਹੈ ਜੋ ਮਨੁੱਖ ਦਾ ਰੱਖਿਅਕ ਅਤੇ ਜੀਵਨ ਦਾਤਾ ਹੈ; ( 29 ) ਮਾਇਆ ਮਨੁੱਖ ਨੂੰ ਧਿਆਨ ਤੋਂ ਦੂਰ ਲੈ ਜਾਂਦੀ ਹੈ; ( 30 ) ਮਾਇਆ ਵਿਅਰਥ ਹੈ ਜਦੋਂ ਕਿ ਨਾਮ ਅਮੋਲ ਹੈ; ( 31 ) ਜੋ ਨਾਮ ਸਿਮਰਨ ਕਰਦੇ ਹਨ ਉਹ ਅਸਲ ਪੂੰਜੀ ਇਕੱਠੀ ਕਰਦੇ ਹਨ; ( 32 ) ਨਾਮ ਦਾ ਸੁਆਦ ਸਭ ਤੋਂ ਮਿੱਠਾ ਹੈ ਅਤੇ ਇਹ ਸਾਰੀਆਂ ਇੱਛਾਵਾਂ ਦਾ ਅੰਤ ਕਰ ਦਿੰਦਾ ਹੈ; ( 33 ) ਮਨੁੱਖਾ ਸਰੀਰ ਵਿਚ ਰੱਬੀ ਨਾਮ ਦੀ ਚੰਗਿਆੜੀ ਹੈ; ( 34 ) ਨਾਮ ਦੀ ਪ੍ਰਾਪਤੀ ਆਤਮਿਕ ਅਨੰਦ ਪ੍ਰਦਾਨ ਕਰਦੀ ਹੈ ਅਤੇ ਦੁੱਖਾਂ ਕਲੇਸਾਂ ਦਾ ਖਾਤਮਾ ਕਰਦੀ ਹੈ; ( 35 ) ਉਹ ਮਨੁੱਖ ਧੰਨ ਹੈ ਜੋ ਗੁਰੂ ਅਤੇ ਪਰਮਾਤਮਾ ਵਿਚ ਸ਼ਰਧਾ ਰੱਖਦਾ ਹੈ; ( 36 ) ਉਹ ਅੱਖਾਂ ਧੰਨ ਹਨ ਜੋ ਹਰ ਜਗ੍ਹਾ ਉਸ ਪਰਮਾਤਮਾ ਨੂੰ ਵੇਖਦੀਆਂ ਹਨ; ( 37 ) ਧੰਨ ਹਨ ਉਹ ਕੰਨ ਜੋ ਅੰਮ੍ਰਿਤਮਈ ਮਿੱਠਾ ਨਾਮ ਸੁਣਦੇ ਹਨ; ( 38 ) ਅਨੁਭਵ ਦੀ ਉਹ ਅਵਸਥਾ ਧੰਨ ਹੈ ਜਿਸ ਵਿਚ ਮਨੁੱਖ ਪਰਮਾਤਮਾ ਨੂੰ ਉਸਦੇ ਵਿਰਾਟ ਰੂਪ ਵਿਚ ਦੇਖ ਸਕਦਾ ਹੈ; ( 39 ) ਪਵਿੱਤਰ ਦਿਲਾਂ ਵਿਚ ਵੱਸਣ ਵਾਲਾ ਸੱਚ ਸਭ ਤੋਂ ਵੱਧ ਕੀਮਤੀ ਹੈ ਅਤੇ ( 40 ) ਉਸ ਦੇ ਅਨੁਭਵ ਨਾਲ ਅਨੰਦ ਜਾਂ ਆਤਮਿਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਅਤੇ ਦੁੱਖ , ਰੋਗਾਂ ਅਤੇ ਚਿੰਤਾਵਾਂ ਦਾ ਅੰਤ ਹੋ ਜਾਂਦਾ ਹੈ ।


ਲੇਖਕ : ਤ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5015, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.