ਅਹਮਦ ਸ਼ਾਹ ਦੁੱਰਾਨੀ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਹਮਦ ਸ਼ਾਹ ਦੁੱਰਾਨੀ ( 1722-1772 ) : ਅਫ਼ਗਾਨਿਸਤਾਨ ਦਾ ਪਹਿਲਾ ਸੱਦੋਜ਼ਈ ਸ਼ਾਸਕ ਅਤੇ ਦੁੱਰਾਨੀ ਸਾਮਰਾਜ ਦਾ ਮੋਢੀ ਅਫ਼ਗਾਨਾਂ ਦੇ ਅਬਦਾਲੀ ਕਬੀਲੇ ਵਿਚਲੇ ਪੋਪਲਜ਼ਈ ਜਿਰਗੇ ਦੇ ਸੱਦੋਜ਼ਈ ਵਰਗ ਵਿਚੋਂ ਸੀ । 18ਵੀਂ ਸਦੀ ਵਿਚ ਅਬਦਾਲੀ ਮੁੱਖ ਤੌਰ ਤੇ ਹਿਰਾਤ ਦੇ ਨੇੜੇ ਵਸਦੇ ਸਨ । ਅਬਦਾਲੀਆਂ ਨੇ ਅਹਮਦ ਖਾਂ ਦੇ ਪਿਤਾ ਜ਼ਮਾਨ ਖਾਂ ਅਧੀਨ 1728 ਈ. ਤੱਕ ਈਰਾਨੀਆਂ ਦੇ ਹਿਰਾਤ ਉੱਤੇ ਕਬਜ਼ਾ ਕਰਨ ਦੇ ਯਤਨਾਂ ਨੂੰ ਰੋਕੀ ਰੱਖਿਆ ਪਰ ਨਾਦਿਰ ਸ਼ਾਹ ਅੱਗੇ ਮਜਬੂਰ ਹੋ ਕੇ ਉਹਨਾਂ ਨੂੰ ਹਾਰ ਮੰਨਣੀ ਪਈ । ਅਬਦਾਲੀਆਂ ਦੇ ਫ਼ੌਜੀ ਗੁਣਾਂ ਦੀ ਕਦਰ ਕਰਦੇ ਹੋਏ ਨਾਦਿਰ ਸ਼ਾਹ ਨੇ ਉਹਨਾਂ ਨੂੰ ਆਪਣੀ ਫ਼ੌਜ ਵਿਚ ਭਰਤੀ ਕਰ ਲਿਆ । ਅਹਮਦ ਖ਼ਾਨ ਅਬਦਾਲੀ ਨੇ ਨਾਦਿਰ ਦੀ ਨੌਕਰੀ ਵਿਚ ਚੰਗਾ ਨਾਮਣਾ ਖੱਟਿਆ । ਇਹ ਅੰਗ-ਰਖਿਅਕ ਤੋਂ ਉੱਨਤੀ ਕਰਕੇ ਨਾਦਿਰ ਦੀ ਅਬਦਾਲੀ ਫ਼ੌਜ ਦੇ ਦਸਤੇ ਦਾ ਕਮਾਂਡਰ ਬਣ ਗਿਆ ਅਤੇ ਏਸੇ ਹੈਸੀਅਤ ਵਿਚ ਉਹ 1739 ਈ. ਵਿਚ ਨਾਦਿਰ ਸ਼ਾਹ ਨਾਲ ਭਾਰਤ ਫ਼ਤਹਿ ਕਰਨ ਦੀ ਮੁਹਿੰਮ ਵਿਚ ਸ਼ਾਮਲ ਹੋਇਆ । ਜੂਨ 1747 ਵਿਚ , ਨਾਦਿਰ ਸ਼ਾਹ ਨੂੰ ਖ਼ੁਰਾਸਾਨ ਵਿਚ ਕੁਚਾਨ ਵਿਖੇ ਕਿਜ਼ਿਲਬਾਸ਼ੀ ਸਾਜ਼ਸ਼ੀਆਂ ਨੇ ਕਤਲ ਕਰ ਦਿੱਤਾ । ਉਸ ਸਮੇਂ ਪਸਰੀ ਅਰਾਜਕਤਾ ਤੋਂ ਉਤਸ਼ਾਹਿਤ ਹੋ ਕੇ ਅਹਮਦ ਖ਼ਾਨ ਅਤੇ ਅਫ਼ਗਾਨ ਸਿਪਾਹੀ ਕੰਧਾਰ ਵਲ ਕੂਚ ਕਰ ਗਏ । ਰਸਤੇ ਵਿਚ ਅਹਮਦ ਖ਼ਾਨ ਨੂੰ ਅਫ਼ਗਾਨ ਸਿਪਾਹੀਆਂ ਨੇ ਬਾਕਾਇਦਾ ਆਪਣਾ ਨੇਤਾ ਚੁਣ ਲਿਆ ਅਤੇ ਹੁਣ ਇਸਨੂੰ ਅਹਮਦ ਸ਼ਾਹ ਵਜੋਂ ਸੰਬੋਧਿਤ ਕੀਤਾ ਜਾਣ ਲੱਗਾ । ਅਹਮਦ ਸ਼ਾਹ ਨੇ ਆਪਣੇ ਆਪ ਦੁੱਰ-ਇ-ਦੁੱਰਾਨ ( ਮੋਤੀਆਂ ਦਾ ਮੋਤੀ ) ਖ਼ਿਤਾਬ ਧਾਰਨ ਕਰ ਲਿਆ ਜਿਸਤੋਂ ਬਾਅਦ ਅਬਦਾਲੀ ਕਬੀਲਾ ਦੁੱਰਾਨੀ ਨਾਂ ਨਾਲ ਪ੍ਰਸਿੱਧ ਹੋ ਗਿਆ । ਕੰਧਾਰ ਵਿਚ ਇਸ ਦੀ ਤਾਜਪੋਸ਼ੀ ਹੋਈ ਜਿਥੇ ਇਸ ਦੇ ਨਾਂ ਦੇ ਸਿੱਕੇ ਜਾਰੀ ਕੀਤੇ ਗਏ । ਕੰਧਾਰ ਨੂੰ ਆਪਣਾ ਕੇਂਦਰ ਬਣਾ ਕੇ ਇਸ ਨੇ ਆਪਣਾ ਇਲਾਕਾ ਗਜ਼ਨੀ , ਕਾਬੁਲ ਅਤੇ ਪਿਸ਼ਾਵਰ ਤਕ ਵਧਾ ਲਿਆ । ਇਸ ਪ੍ਰਕਾਰ ਆਪਣੇ ਆਪ ਨੂੰ ਨਾਦਿਰ ਸ਼ਾਹ ਦਾ ਵਾਰਸ ਜਾਣਦੇ ਹੋਏ ਅਹਮਦ ਸ਼ਾਹ ਨੇ ਉਹਨਾਂ ਸਾਰੇ ਪੂਰਬੀ ਇਲਾਕਿਆਂ ਉਪਰ ਆਪਣਾ ਹੱਕ ਜਤਲਾਉਣਾ ਸ਼ੁਰੂ ਕੀਤਾ ਜੋ ਨਾਦਿਰ ਸ਼ਾਹ ਨੇ ਮੁਗਲ ਬਾਦਸ਼ਾਹ ਤੋਂ ਹਥਿਆਏ ਸਨ । ਅਹਮਦ ਸ਼ਾਹ ਨੇ 1747 ਅਤੇ 1769 ਦੌਰਾਨ ਹਿੰਦੁਸਤਾਨ ਉਤੇ ਨੌਂ ਵਾਰੀ ਹਮਲਾ ਕੀਤਾ । ਦਸੰਬਰ 1747 ਵਿਚ ਇਹ ਪਿਸ਼ਾਵਰ ਤੋਂ ਆਪਣੀ ਪਹਿਲੀ ਭਾਰਤੀ ਮੁਹਿੰਮ ਲੈ ਕੇ ਨਿਕਲਿਆ । ਜਨਵਰੀ 1748 ਤਕ ਇਸ ਨੇ ਲਾਹੌਰ ਅਤੇ ਸਰਹਿੰਦ ਆਪਣੇ ਅਧੀਨ ਕਰ ਲਏ । ਇਸਦੇ ਅੱਗੇ ਵਧਣ ਨੂੰ ਰੋਕਣ ਲਈ ਦਿੱਲੀ ਤੋਂ ਮੁਗਲ ਫ਼ੌਜਾਂ ਨੂੰ ਭੇਜਿਆ ਗਿਆ । ਅਹਮਦ ਸ਼ਾਹ ਕੋਲ ਇਸ ਸਮੇਂ ਤੋਪਖ਼ਾਨਾ ਨਹੀਂ ਸੀ ਅਤੇ ਇਸ ਦੀ ਸੈਨਾ ਦੀ ਗਿਣਤੀ ਵੀ ਥੋੜ੍ਹੀ ਸੀ ਜਿਸ ਕਰਕੇ ਮਾਰਚ 1748 ਵਿਚ ਮੁਇਨ-ਉਲ-ਮੁਲਕ ਅਧੀਨ ਮੁਗ਼ਲ ਸੈਨਾ ਨੇ ਅਹਮਦ ਸ਼ਾਹ ਨੂੰ ਮਾਨੂੰਪੁਰ ਦੇ ਸਥਾਨ ‘ ਤੇ ਹਰਾਇਆ । ਮੁਇਨ ਉਲ-ਮੁਲਕ ਦਿੱਲੀ ਦੇ ਵਜ਼ੀਰ ਕਮਰ-ਉਦ-ਦੀਨ ਦਾ ਪੁੱਤਰ ਸੀ । ਕਮਰ-ਉਦ-ਦੀਨ ਪਹਿਲੀ ਝੜਪ ਵਿਚ ਮਾਰਿਆ ਗਿਆ ਸੀ । ਅਹਮਦ ਸ਼ਾਹ ਅਫ਼ਗਾਨਿਸਤਾਨ ਵਾਪਸ ਪਰਤ ਗਿਆ । ਮੁਗ਼ਲ ਬਾਦਸ਼ਾਹ ਨੇ ਮੁਈਨ ਉਲ-ਮੁਲਕ ਨੂੰ ਪੰਜਾਬ ਦਾ ਨਾਜ਼ਮ ( ਗਵਰਨਰ ) ਨਿਯੁਕਤ ਕਰ ਦਿੱਤਾ ਪਰ ਇਸ ਤੋਂ ਪਹਿਲਾਂ ਕਿ ਮੁਈਨ ਉਲ-ਮੁਲਕ ਆਪਣੀ ਸਥਿਤੀ ਮਜ਼ਬੂਤ ਕਰ ਲੈਂਦਾ , ਅਹਮਦ ਸ਼ਾਹ ਨੇ ਦਸੰਬਰ 1749 ਵਿਚ ਮੁੜ ਸਿੰਧ ਨਦੀ ਨੂੰ ਪਾਰ ਕਰ ਲਿਆ । ਮੁਈਨ ਉਲ-ਮੁਲਕ ਨੂੰ ਦਿੱਲੀ ਦੇ ਬਾਦਸ਼ਾਹ ਵੱਲੋਂ ਕੋਈ ਸਹਾਇਤਾ ਨਾ ਮਿਲਣ ਕਰਕੇ ਉਸਨੇ ਅਹਮਦ ਸ਼ਾਹ ਨਾਲ ਸਮਝੌਤਾ ਕਰ ਲਿਆ । ਦਿੱਲੀ ਦੀਆਂ ਹਿਦਾਇਤਾਂ ਮੁਤਾਬਿਕ ਅਹਮਦ ਸ਼ਾਹ ਨੂੰ ‘ ਚਹਾਰ ਮਹਾਲ` ( ਗੁਜਰਾਤ , ਔਰੰਗਾਬਾਦ , ਸਿਆਲਕੋਟ ਅਤੇ ਪਸਰੂਰ ) ਦੇ ਮਾਲੀਏ ਦੀ ਅਦਾਇਗੀ ਪਰਵਾਨ ਕਰ ਲਈ ਗਈ । ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਨੇ 1739 ਵਿਚ ਨਾਦਿਰ ਸ਼ਾਹ ਨੂੰ ਵੀ ‘ ਚਹਾਰ ਮਹਾਲ` ਦੇ ਮਾਲੀਏ ਦੀ ਅਦਾਇਗੀ ਕਰਨੀ ਮੰਨੀ ਹੋਈ ਸੀ । ‘ ਚਹਾਰ ਮਹਾਲ` ਦੇ ਮਾਲੀਏ ਦਾ ਭੁਗਤਾਨ ਨਾ ਹੋਣ ਕਰਕੇ 1751-52 ਵਿਚ ਅਹਮਦ ਸ਼ਾਹ ਨੇ ਹਿੰਦੁਸਤਾਨ ਉਤੇ ਤੀਸਰਾ ਹਮਲਾ ਕੀਤਾ । ਇਸ ਨੇ ਚਾਰ ਮਹੀਨੇ ਲਾਹੌਰ ਦਾ ਘੇਰਾ ਘੱਤੀ ਰੱਖਿਆ ਅਤੇ ਇਸ ਦੇ ਨਾਲ ਲੱਗਦੇ ਇਲਾਕੇ ਨੂੰ ਤਬਾਹ ਕਰ ਦਿੱਤਾ ਗਿਆ । ਅੰਤ ਮਾਰਚ 1752 ਵਿਚ ਮੁਈਨ ਉਲ-ਮੁਲਕ ਹਾਰ ਗਿਆ ਪਰ ਅਹਮਦ ਸ਼ਾਹ ਨੇ ਲਾਹੌਰ ਤੇ ਮੁਲਤਾਨ ਦੇ ਇਲਾਕਿਆਂ ਨੂੰ ਬਾਦਸ਼ਾਹ ਵਲੋਂ ਰਸਮੀ ਤੌਰ ‘ ਤੇ ਆਪਣੇ ਰਾਜ ਵਿਚ ਸ਼ਾਮਿਲ ਕਰਕੇ ਮੁਈਨ ਉਲ-ਮੁਲਕ ਨੂੰ ਹੀ ਨਾਜ਼ਮ ਵਜੋਂ ਬਹਾਲ ਕਰ ਦਿੱਤਾ । ਅਪ੍ਰੈਲ 1752 ਤਕ ਅਹਮਦ ਸ਼ਾਹ ਵਾਪਸ ਅਫ਼ਗਾਨਿਸਤਾਨ ਚਲਾ ਗਿਆ । ਮੁਈਨ ਉਲ-ਮੁਲਕ ਨੂੰ ਪੰਜਾਬ ਦੀ ਗੜਬੜ ਵਾਲੀ ਹਕੂਮਤ ਰਾਸ ਨਾ ਆਈ । ਨਵੰਬਰ 1753 ਵਿਚ ਉਸ ਦੀ ਮੌਤ ਨੇ ਇਥੇ ਪਈ ਅਰਾਜਕਤਾ ਨੂੰ ਹੋਰ ਵਧਾ ਦਿੱਤਾ । ਕੁਝ ਸਮੇਂ ਲਈ ਰਾਜ ਸੱਤਾ ਉਸਦੀ ਵਿਧਵਾ , ਮੁਗਲਾਨੀ ਬੇਗਮ , ਦੇ ਹੱਥਾਂ ਵਿਚ ਸੀ ਜਿਸ ਦੀਆਂ ਆਪ ਹੁਦਰੀਆਂ ਕਾਰਨ ਕਈ ਬਗਾਵਤਾਂ ਉੱਠ ਖੜੀਆਂ ਹੋਈਆਂ । ਮੁਗਲ ਵਜ਼ੀਰ ਇਮਾਦ ਉਲ-ਮੁਲਕ ਨੇ ਇਸ ਆਪਾ-ਧਾਪੀ ਦਾ ਲਾਭ ਉਠਾਉਂਦੇ ਹੋਏ ਪੰਜਾਬ ਨੂੰ ਆਪਣੇ ਰਾਜ ਨਾਲ ਮਿਲਾ ਲਿਆ ਅਤੇ ( ਜਲੰਧਰ ਦੁਆਬ ਦੇ ਫ਼ੌਜਦਾਰ ) ਆਦੀਨਾ ਬੇਗ ਖ਼ਾਨ ਨੂੰ ਇਥੋਂ ਦਾ ਨਾਜ਼ਮ ਨਿਯੁਕਤ ਕਰ ਦਿੱਤਾ । ਉਧਰ ਅਹਮਦ ਸ਼ਾਹ ਨੇ ਆਪਣੇ ਖੁੱਸੇ ਹੋਏ ਇਲਾਕੇ ਨੂੰ ਵਾਪਿਸ ਲੈਣ ਲਈ ਤੁਰੰਤ ਹਮਲਾ ਕਰ ਦਿੱਤਾ । ਉਹ ਦਸੰਬਰ 1756 ਦੇ ਅੰਤ ਤਕ ਲਾਹੌਰ ਪਹੁੰਚ ਗਿਆ ਅਤੇ ਬਿਨਾਂ ਕਿਸੇ ਰੁਕਾਵਟ 28 ਜਨਵਰੀ 1757 ਨੂੰ ਦਿੱਲੀ ਵਿਚ ਆ ਦਾਖਲ ਹੋਇਆ । ਸ਼ਹਿਰ ਲੁੱਟਿਆ ਗਿਆ ਅਤੇ ਨਿਹੱਥੇ ਨਿਵਾਸੀਆਂ ਦਾ ਕਤਲੇਆਮ ਕੀਤਾ ਗਿਆ । ਮਥੁਰਾ , ਵਰਿੰਦਾਵਨ ਅਤੇ ਆਗਰੇ ਦੇ ਵਸਨੀਕਾਂ ਨਾਲ ਵੀ ਇਹੋ ਕੁਝ ਹੋਇਆ । ਮਾਰਚ 1757 ਦੇ ਅੰਤ ਤੱਕ ਉਸ ਦੀਆਂ ਫ਼ੌਜਾਂ ਵਿਚ ਹੈਜ਼ਾ ਫੈਲਣ ਕਰਕੇ ਅਹਮਦ ਸ਼ਾਹ ਨੂੰ ਭਾਰਤ ਵਿਚੋਂ ਵਾਪਸ ਜਾਣ ਲਈ ਮਜ਼ਬੂਰ ਹੋਣਾ ਪਿਆ । ਸਰਹਿੰਦ ਦਾ ਇਲਾਕਾ ਅਫ਼ਗਾਨ ਸਾਮਰਾਜ ਨਾਲ ਮਿਲਾ ਲਿਆ ਗਿਆ । ਰੁਹੀਲਾ ਸਰਦਾਰ ਨਜੀਬ ਉਦ-ਦੌਲਾ ਨੂੰ ਜਿਸ ਨੇ ਉਸਦੀ ਸਹਾਇਤਾ ਕੀਤੀ ਸੀ , ਦਿੱਲੀ ਦਾ ਸ਼ਾਸਕ ਬਣਾਇਆ ਗਿਆ ਅਤੇ ਉਸਦੇ ਆਪਣੇ ਪੁੱਤਰ ਤੈਮੂਰ ਨੂੰ ਪੰਜਾਬ ਦਾ ਵਾਇਸਰਾਇ ਨਿਯੁਕਤ ਕੀਤਾ ਗਿਆ । ਅਹਮਦ ਸ਼ਾਹ ਦੇ ਭਾਰਤ ਵਿਚੋਂ ਨਿਕਲਦੇ ਸਾਰ ਹੀ ਸਿੱਖਾਂ ਨੇ ਆਦੀਨਾ ਬੇਗ ਨਾਲ ਰਲ ਕੇ ਤੈਮੂਰ ਵਿਰੁੱਧ ਵਿਦਰੋਹ ਖੜ੍ਹਾ ਕਰ ਦਿੱਤਾ । 1758 ਵਿਚ ਆਦੀਨਾ ਬੇਗ ਨੇ ਅਫ਼ਗਾਨਾਂ ਨੂੰ ਪੰਜਾਬ ਵਿਚੋਂ ਕੱਢਣ ਲਈ ਮਰਾਠਿਆਂ ਨੂੰ ਸੱਦਾ ਦਿੱਤਾ । ਮਰਾਠਿਆਂ ਨੇ ਪੰਜਾਬ ਵਿਚ ਆਪਣੀ ਸਫ਼ਲਤਾ ਪਿੱਛੋਂ ਸਿੰਧ ਦਰਿਆ ਪਾਰ ਕਰਕੇ ਕੁਝ ਮਹੀਨਿਆਂ ਲਈ ਪਿਸ਼ਾਵਰ ਉੱਤੇ ਕਬਜ਼ਾ ਕਰੀ ਰੱਖਿਆ । ਇਹਨਾਂ ਘਟਨਾਵਾਂ ਨੇ ਇਕ ਵਾਰ ਫਿਰ ਅਹਮਦ ਸ਼ਾਹ ਨੂੰ ਭਾਰਤ ਵਿਚ ( 1759-61 ) ਲਿਆਂਦਾ । ਅਫ਼ਗਾਨਾਂ ਦੇ ਅੱਗੇ ਵਧਣ ਤੋਂ ਪਹਿਲਾਂ ਹੀ ਮਰਾਠਿਆਂ ਨੇ ਪੰਜਾਬ ਖਾਲੀ ਕਰ ਦਿੱਤਾ ਅਤੇ ਦਿੱਲੀ ਵੱਲ ਪਿੱਛੇ ਹਟ ਗਏ । 14 ਜਨਵਰੀ 1761 ਨੂੰ ਮਰਾਠਿਆਂ ਨੂੰ ਪਾਨੀਪਤ ਵਿਖੇ ਘੇਰ ਲਿਆ ਗਿਆ । ਮਰਾਠਿਆਂ ਨੂੰ ਚੋਖਾ ਨੁਕਸਾਨ ਹੋਇਆ ।

      ਪਾਨੀਪਤ ਤੋਂ ਪਿੱਛੋਂ ਅਹਮਦ ਸ਼ਾਹ ਨੇ ਸਿੱਖਾਂ ਦੀ ਦਿਨ ਪ੍ਰਤੀ ਦਿਨ ਵਧਦੀ ਸ਼ਕਤੀ ਵੱਲ ਵਿਸ਼ੇਸ਼ ਧਿਆਨ ਦੇਣਾ ਯੋਗ ਸਮਝਿਆ ਜੋ ਲਗਾਤਾਰ ਅਹਮਦ ਸ਼ਾਹ ਦੀ ਸੰਚਾਰ ਵਿਵਸਥਾ ਨੂੰ ਵਖਤ ਪਾਈ ਰਖਦੇ ਸਨ । ਅਫ਼ਗਾਨ ਹਮਲਾਵਾਰ ਅਹਮਦ ਸ਼ਾਹ ਦਾ ਛੇਵਾਂ ਹਮਲਾ ( 1762 ) ਖਾਸ ਕਰਕੇ ਸਿੱਖਾਂ ਵਲ ਸੇਧਿਤ ਸੀ । ਇਸ ਨੂੰ ਖਬਰਾਂ ਮਿਲ ਚੁਕੀਆਂ ਸਨ ਕਿ ਉਸ ਦੀ ਭਾਰਤ ਵਾਪਸੀ ਤੋਂ ਤੁਰੰਤ ਬਾਅਦ ਸਿੱਖਾਂ ਨੇ ਪੰਜਾਬ ਵਿਚ ਇਸ ਵਲੋਂ ਥਾਪੇ ਗਏ ਹੁਕਮਰਾਨ ਜਨਰਲ ਨੂਰ ਉਦ-ਦੀਨ ਬਾਮਜ਼ਈ ਨੂੰ ਹਰਾ ਕੇ ਬੜੀ ਤੇਜ਼ੀ ਨਾਲ ਉਹ ਆਪ ਸਾਰੇ ਪੰਜਾਬ ਵਿਚ ਪਸਰ ਰਹੇ ਸਨ ਅਤੇ ਉਹਨਾਂ ਨੇ ਆਪਣੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਲਾਹੌਰ ਦਾ ਰਾਜਾ ਐਲਾਨ ( 1761 ) ਕਰ ਦਿੱਤਾ ਸੀ । ਆਪਣੇ ਖੋਹੇ ਇਲਾਕੇ ਉਹਨਾਂ ਤੋਂ ਮੁੜ ਹਾਸਲ ਕਰਨ ਦੇ ਇਰਾਦੇ ਨਾਲ ਅਹਮਦ ਸ਼ਾਹ ਨੇ ਕੰਧਾਰ ਤੋਂ ਕੂਚ ਕੀਤਾ । ਪੂਰੀ ਤੱਤਪਰਤਾ ਨਾਲ ਅਗਾਂਹ ਵਧਦੇ ਹੋਏ ਅਹਮਦ ਸ਼ਾਹ ਨੇ ਸਿੱਖਾਂ ਨੂੰ ਉਸ ਸਮੇਂ ਘੇਰ ਲਿਆ ਜਦੋਂ ਉਹ ਸਤਲੁਜ ਪਾਰ ਕਰਕੇ ਮਾਲਵਾ ਇਲਾਕੇ ਵਿਚ ਜਾਣ ਦਾ ਯਤਨ ਕਰ ਰਹੇ ਸਨ । ਇਸ ਸਮੇਂ ਕੁਲ ਸਿੱਖ ਵੱਸੋਂ ਦਾ ਇਕ ਵੱਡਾ ਹਿੱਸਾ ਮਾਲਵੇ ਵੱਲ ਵਧਦੀ ਇਸ ਵਹੀਰ ਵਿਚ ਸ਼ਾਮਲ ਸੀ । ਜੋਸ਼ੀਲੇ ਯੋਧਿਆਂ ਤੋਂ ਇਲਾਵਾ ਇਹਨਾਂ ਵਿਚ ਕਾਫ਼ੀ ਗਿਣਤੀ ਵਿਚ ਬੁੱਢੇ , ਇਸਤਰੀਆਂ ਅਤੇ ਬੱਚੇ ਵੀ ਸਨ , ਜਿਨ੍ਹਾਂ ਨੂੰ ਇਲਾਕੇ ਦੇ ਧੁਰ ਅੰਦਰ ਵੱਲ ਸੁਰੱਖਿਆ ਲਈ ਲਿਜਾਇਆ ਜਾ ਰਿਹਾ ਸੀ । ਅਹਮਦ ਸ਼ਾਹ ਨੇ ਇਸ ਵਹੀਰ ਤੇ ਅਚਾਨਕ ਧਾਵਾ ਬੋਲ ਦਿੱਤਾ । ਇਸ ਅਚਾਨਕ ਹਮਲੇ ਤੋਂ ਅਚੰਭਿਤ ਸਿੱਖਾਂ ਨੇ ਸੁਰੱਖਿਆ ਦੇ ਲੋੜਵੰਦਾਂ ਅਤੇ ਬੱਚਿਆਂ ਨੂੰ ਸੁਰੱਖਿਆ ਘੇਰੇ ਵਿਚ ਲੈ ਲਿਆ ਅਤੇ ਵੈਰੀ ਦਾ ਡੱਟ ਦੇ ਮੁਕਾਬਲਾ ਕਰਨ ਦੀ ਵਿਉਂਤਬੰਦੀ ਕੀਤੀ । ਇਸ ਤਰ੍ਹਾਂ ਉਹਨਾਂ ਅੱਗੇ ਵਧਣਾ ਜਾਰੀ ਰੱਖਿਆ ਅਤੇ ਹਮਲਾਵਰਾਂ ਅਤੇ ਉਹਨਾਂ ਦੇ ਭਾਰਤੀ ਸੈਨਿਕਾਂ ਨਾਲ ਲੜਦੇ ਵੀ ਰਹੇ । ਅਹਮਦ ਸ਼ਾਹ ਸਿੱਖਾਂ ਦੇ ਘੇਰੇ ਨੂੰ ਤੋੜ ਕੇ ਭਾਰੀ ਗਿਣਤੀ ਵਿਚ ਸਿੱਖਾਂ ਦਾ ਕਤਲੇਆਮ ਕਰਨ ਵਿਚ ਸਫ਼ਲ ਹੋ ਗਿਆ । ਮਾਲੇਰਕੋਟਲੇ ਤੋਂ 9 ਕਿਲੋਮੀਟਰ ਦੂਰ ਕੁੱਪ ਪਿੰਡ ਦੇ ਨੇੜੇ ਇਕੋ ਦਿਨ ( 5 ਫਰਵਰੀ 1762 ) ਦੀ ਲੜਾਈ ਵਿਚ ਲਗਪਗ 25000 ਸਿੱਖ ਮਾਰੇ ਗਏ ਸਨ । ਇਹ ਸਾਕਾ ਸਿੱਖ ਇਤਿਹਾਸ ਵਿਚ ‘ ਵੱਡਾ ਘੱਲੂਘਾਰਾ` ਨਾਂ ਨਾਲ ਪ੍ਰਸਿੱਧ ਹੈ । ਪਰੰਤੂ ਫਿਰ ਵੀ ਸਿੱਖ ਕੁਚਲੇ ਨਾ ਜਾ ਸਕੇ । ਇਸ ਵੱਡੇ ਘੱਲੂਘਾਰੇ ਦੇ ਚਾਰ ਮਹੀਨਿਆਂ ਵਿਚ ਹੀ ਸਿੱਖਾਂ ਨੇ ਸਰਹਿੰਦ ਦੇ ਅਫ਼ਗਾਨ ਗਵਰਨਰ ਨੂੰ ਕਰਾਰੀ ਹਾਰ ਦਿੱਤੀ ਅਤੇ ਉਸ ਤੋਂ ਅਗਲੇ ਚਾਰ ਮਹੀਨਿਆਂ ਪਿੱਛੋਂ ਹੀ ਅਪ੍ਰੈਲ 1762 ਵਿਚ ਅਹਮਦ ਸ਼ਾਹ ਦੁਆਰਾ ਬਾਰੂਦ ਨਾਲ ਉਡਾ ਦਿੱਤੇ ਗਏ ਹਰਿਮੰਦਰ ਸਾਹਿਬ ( ਅੰਮ੍ਰਿਤਸਰ ) ਵਿਖੇ ਉਹ ਦੀਵਾਲੀ ਮਨਾ ਰਹੇ ਸਨ ।

      ਅਹਮਦ ਸ਼ਾਹ ਨੇ ਸਿੱਖਾਂ ਦੇ ਖਿਲਾਫ਼ ਇਕ ਹੋਰ ਯੁੱਧ ਦੀ ਯੋਜਨਾ ਬਣਾਈ ਅਤੇ ਆਪਣੇ ਬਲੋਚ ਭਾਈਵਾਲ ਅਮੀਰ ਨਾਸਿਰ ਖ਼ਾਨ ਨੂੰ ਇਸ ਸਾਹਸ-ਪੂਰਨ ਕੰਮ ਲਈ ਨਾਲ ਚਲਣ ਲਈ ਕਿਹਾ । ਅਕਤੂਬਰ 1764 ਵਿਚ ਅਹਮਦ ਸ਼ਾਹ ਅਫ਼ਗਾਨਿਸਤਾਨ ਤੋਂ ਚੱਲਿਆ ਅਤੇ ਲਾਹੌਰ ਵਿਖੇ ਪੜਾਅ ਕਰਕੇ 1 ਦਸੰਬਰ 1764 ਨੂੰ ਇਸ ਨੇ ਅੰਮ੍ਰਿਤਸਰ ਉੱਪਰ ਹਮਲਾ ਕਰ ਦਿੱਤਾ । ਜੰਗਨਾਮਹ ਦੇ ਲੇਖਕ ਕਾਜ਼ੀ ਨੂਰਮੁਹੰਮਦ ( ਕਾਜ਼ੀ ਨੂਰ ਮੁਹੰਮਦ ਬਲੋਚ ਡਿਵੀਜ਼ਨ ਦੀ ਸ਼ਾਹੀ ਫ਼ੌਜ ਵਿਚ ਸ਼ਾਮਲ ਸੀ ) , ਦੇ ਸ਼ਬਦਾਂ ਵਿਚ ਤੀਹ ਸਿੱਖਾਂ ਦਾ ਇਕ ਛੋਟਾ ਜਿਹਾ ਜਥਾ “ ਗਾਜ਼ੀਆਂ ਨਾਲ ਭਿੜ ਪਿਆ , ਉਹਨਾਂ ਨੂੰ ਲਹੂ ਲੁਹਾਨ ਕੀਤਾ ਅਤੇ ਆਪਣੇ ਗੁਰੂ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ" । ਅਹਮਦ ਸ਼ਾਹ ਮੁੱਖ ਖ਼ਾਲਸਾ ਫ਼ੌਜ ਨਾਲ ਟਾਕਰਾ ਕਰਨ ਤੋਂ ਬਚ ਕੇ ਸਰਹਿੰਦ ਪੁੱਜ ਗਿਆ । ਪਰ ਇਸ ਤੋਂ ਅੱਗੇ ਨਹੀਂ ਵਧ ਸਕਿਆ । ਵਾਪਸੀ ਤੇ ਜਦੋਂ ਅਹਮਦ ਸ਼ਾਹ ਦੀਆਂ ਫ਼ੌਜਾਂ ਜਲੰਧਰ ਦੁਆਬ ਵਿਚੋਂ ਲੰਘ ਰਹੀਆਂ ਸਨ ਤਾਂ ਸਿੱਖ ਸਰਦਾਰ ਜੱਸਾ ਸਿੰਘ ਆਹਲੂਵਾਲੀਆ , ਜੱਸਾ ਸਿੰਘ ਰਾਮਗੜ੍ਹੀਆ , ਚੜ੍ਹਤ ਸਿੰਘ ਸੁੱਕਰਚੱਕੀਆ , ਝੰਡਾ ਸਿੰਘ ਭੰਗੀ ਅਤੇ ਜੈ ਸਿੰਘ ਕਨ੍ਹਈਆ ਸ਼ਾਹੀ ਕਾਫ਼ਲੇ ਉਤੇ ਲਗਾਤਾਰ ਹਮਲੇ ਕਰਦੇ ਰਹੇ । ਸਿੱਖਾਂ ਦੀਆਂ ਕਾਰਵਾਈਆਂ ਨੇ ਅਹਮਦ ਸ਼ਾਹ ਨੂੰ ਬਹੁਤ ਦੁਖੀ ਕੀਤਾ ਕਿਉਂਕਿ ਇਹ ਬਹੁਤ ਮਾਲ ਅਸਬਾਬ ਸਿੱਖਾਂ ਕੋਲੋਂ ਖੁਹਾ ਬੈਠਾ ਸੀ । ਚਨਾਬ ਦਰਿਆ ‘ ਚ ਆਏ ਹੜ੍ਹ ਦੇ ਨਾਲ ਇਸ ਦਾ ਬਹੁਤ ਸਾਰਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਅਤੇ ਇਸ ਤਰ੍ਹਾਂ ਮਾਰਿਆ ਕੁੱਟਿਆ ਅਹਮਦ ਸ਼ਾਹ ਵਾਪਸ ਅਫ਼ਗਾਨਿਸਤਾਨ ਪਹੁੰਚਿਆ ।

      ਸਿੱਖਾਂ ਕੋਲ ਇਸਦਾ ਭਾਰਤੀ ਰਾਜ ਚਲੇ ਜਾਣ ਦੇ ਵਿਚਾਰ ਤੋਂ ਅਹਮਦ ਸ਼ਾਹ ਲਗਾਤਾਰ ਭੈ-ਭੀਤ ਰਹਿਣ ਲੱਗਾ ਅਤੇ ਇਸੇ ਲਈ ਇਸ ਨੇ 1766 ਈ. ਦੇ ਅੰਤ ਵਿਚ ਸਿੱਖਾਂ ਨੂੰ ਸਜ਼ਾ ਦੇਣ ਲਈ ਇਕ ਹੋਰ ਮੁਹਿੰਮ ਦੀ ਅਗਵਾਈ ਕੀਤੀ । ਭਾਰਤ ਉਤੇ ਇਹ ਇਸਦਾ ਅੱਠਵਾਂ ਹਮਲਾ ਸੀ । ਸਿੱਖਾਂ ਨੇ ਮੁੜ ਲੁਕਾ-ਛਿਪੀ ( ਗੁਰੀਲਾ ਯੁੱਧ ਢੰਗ ) ਦੀ ਖੇਡ ਅਪਨਾ ਲਈ । ਅਫ਼ਗਾਨ ਨੁਮਾਇੰਦੇ ਕਾਬੁਲੀ ਮੱਲ ਅਤੇ ਉਸ ਦੇ ਭਤੀਜੇ ਅਮੀਰ ਸਿੰਘ ਤੋਂ ਖੋਹਿਆ ਲਾਹੌਰ ਉਹਨਾਂ ਖਾਲੀ ਕਰ ਦਿੱਤਾ ਅਤੇ ਅੰਮ੍ਰਿਤਸਰ ਵਿਖੇ ਅਫ਼ਗਾਨ ਜਰਨੈਲ ਜਹਾਨ ਖ਼ਾਨ ਦਾ ਇਤਨਾ ਜ਼ੋਰਦਾਰ ਟਾਕਰਾ ਕੀਤਾ ਕਿ ਉਹ ਵਾਪਿਸ ਮੁੜਨ ਲਈ ਮਜ਼ਬੂਰ ਹੋ ਗਿਆ । ਇਸ ਯੁੱਧ ਵਿਚ 6000 ਦੁੱਰਾਨੀ ਫ਼ੌਜੀ ਮਾਰੇ ਗਏ । ਅਹਮਦ ਸ਼ਾਹ ਨੇ ਲਹਿਣਾ ਸਿੰਘ ਭੰਗੀ ਨੂੰ ਲਾਹੌਰ ਦੀ ਨਜ਼ਾਮਤ ਵੀ ਪੇਸ਼ ਕੀਤੀ ਪਰੰਤੂ ਉਸਨੇ ਇਹ ਪੇਸ਼ਕਸ਼ ਠੁਕਰਾ ਦਿੱਤੀ । ਜੱਸਾ ਸਿੰਘ ਆਹਲੂਵਾਲੀਆ 30000 ਸਿੱਖਾਂ ਨਾਲ ਅਫ਼ਗਾਨ ਕੈਂਪ ਦੇ ਨੇੜੇ ਹੀ ਰਿਹਾ ਅਤੇ ਉਸ ਦੇ ਸਿੱਖ ਸਿਪਾਹੀਆਂ ਨੇ ਰੱਜ ਕੇ ਲੁੱਟ-ਮਾਰ ਕੀਤੀ । ਅਹਮਦ ਸ਼ਾਹ ਪਹਿਲਾਂ ਕਦੇ ਵੀ ਏਨਾ ਬੇਬਸ ਨਹੀਂ ਹੋਇਆ ਸੀ । ਇਸ ਨਾ-ਬਰਾਬਰੀ ਦੇ ਭਿਆਨਕ ਯੁੱਧ ਦਾ ਨਤੀਜਾ ਹੁਣ ਸਪਸ਼ਟ ਰੂਪ ਵਿਚ ਸਿੱਖਾਂ ਦੇ ਪੱਖ ਵਿਚ ਸੀ । ਸਪਸ਼ਟ ਪਤਾ ਲੱਗ ਗਿਆ ਕਿ ਇਸ ਦਾ ਭਾਰਤ ਦਾ ਰਾਜ ਹੁਣ ਸਿੱਖਾਂ ਦੀ ਦਇਆ ਦਾ ਹੀ ਪਾਤਰ ਹੋ ਚੁੱਕਾ ਹੈ । ਹੋਣੀ ਅੱਗੇ ਇਸਨੇ ਸਿਰ ਝੁਕਾ ਦਿੱਤਾ । ਇਸਦੇ ਆਪਣੇ ਸਿਪਾਹੀ ਬੇਚੈਨ ਹੋ ਰਹੇ ਸਨ ਅਤੇ ਪੰਜਾਬ ਦੀ ਗਰਮੀ ਸਹਿਨ ਕਰਨੀ ਉਹਨਾਂ ਲਈ ਮੁਸ਼ਕਲ ਹੋ ਰਹੀ ਸੀ । ਆਖਰ ਇਸ ਨੇ ਵਾਪਸ ਪਰਤਣ ਦਾ ਫ਼ੈਸਲਾ ਕਰ ਲਿਆ । ਸਿੱਖਾਂ ਦੇ ਹੱਲਿਆਂ ਤੋਂ ਬਚਣ ਲਈ ਇਸ ਵਾਰ ਇਹ ਜਰਨੈਲੀ ਸੜਕ ਤੇ ਵਾਪਸ ਨਾ ਮੁੜਿਆ । ਅਹਮਦ ਸ਼ਾਹ ਦੀ ਵਾਪਸੀ ਹੁੰਦੇ ਸਾਰ ਹੀ ਸਿੱਖਾਂ ਨੇ ਆਪੋ ਆਪਣੇ ਇਲਾਕੇ ਮੱਲ ਲਏ ।

              1769 ਦੇ ਸ਼ੁਰੂ ਵਿਚ ਅਹਮਦ ਸ਼ਾਹ ਆਖਰੀ ਵਾਰ ਪੰਜਾਬ ਵੱਲ ਆਇਆ । ਸਿੰਧ ਅਤੇ ਜਿਹਲਮ ਪਾਰ ਕਰਕੇ ਚਨਾਬ ਦੇ ਖੱਬੇ ਕੰਢੇ ਗੁਜਰਾਤ ਨਗਰ ਦੇ ਉੱਤਰ-ਪੱਛਮ ਵੱਲ ਜਕਾਲੀਆਂ ਨੇੜੇ ਇਸ ਨੇ ਪੜਾਅ ਕੀਤਾ । ਇਸ ਸਮੇਂ ਤੱਕ ਸਿੱਖ ਇਸ ਇਲਾਕੇ ਵਿਚ ਪਹਿਲਾਂ ਨਾਲੋਂ ਆਪਣੇ ਆਪ ਨੂੰ ਪੱਕੇ ਪੈਰਾਂ ‘ ਤੇ ਖੜ੍ਹਾ ਕਰ ਚੁੱਕੇ ਸਨ । ਉਧਰ ਅਹਮਦ ਸ਼ਾਹ ਦੀ ਫ਼ੌਜ ਵਿਚ ਫੁੱਟ ਪੈ ਗਈ ਜਿਸ ਕਰਕੇ ਇਸਨੂੰ ਅਫ਼ਗਾਨਿਸਤਾਨ ਮੁੜਨ ਲਈ ਮਜ਼ਬੂਰ ਹੋਣਾ ਪਿਆ । 1772 ਈ. ਵਿਚ ਇਸ ਦੀ ਨੱਕ ਦੇ ਜ਼ਖ਼ਮ ਕਾਰਨ ਕੰਧਾਰ ਵਿਖੇ ਮੌਤ ਹੋ ਗਈ । ਕਿਹਾ ਜਾਂਦਾ ਹੈ ਕਿ ਅਹਮਦ ਸ਼ਾਹ ਦਾ ਇਹ ਜ਼ਖ਼ਮ ਇਸ ਨੂੰ ਉਦੋਂ ਲੱਗਾ ਸੀ ਜਦੋਂ ਇਸ ਨੇ 1762 ਈ. ਵਿਚ ਹਰਿਮੰਦਰ ਸਾਹਬਿ ( ਅੰਮ੍ਰਿਤਸਰ ) ਨੂੰ ਬਾਰੂਦ ਨਾਲ ਉਡਾਉਣ ਦਾ ਹੁਕਮ ਦਿੱਤਾ ਸੀ ਤਾਂ ਮਲਬੇ ਵਿਚੋਂ ਇੱਟ ਦਾ ਇਕ ਟੋਟਾ ਅਹਮਦ ਸ਼ਾਹ ਦੇ ਨੱਕ ‘ ਤੇ ਆਣ ਵੱਜਾ ਸੀ । ਜਦੋਂ ਅਹਮਦ ਸ਼ਾਹ ਦੀ ਮੌਤ ਹੋਈ ਤਾਂ ਉਸ ਸਮੇਂ ਉਸਦਾ ਸਾਮਰਾਜ ਔਕਸਸ ਤੋਂ ਸਿੰਧ ਅਤੇ ਤਿੱਬਤ ਤੋਂ ਖ਼ੁਰਾਸਾਨ ਤੱਕ ਫੈਲਿਆ ਹੋਇਆ ਸੀ । ਇਸ ਵਿਚ ਕਸ਼ਮੀਰ , ਪਿਸ਼ਾਵਾਰ , ਮੁਲਤਾਨ , ਸਿੰਧ , ਬਲੋਚਿਸਤਾਨ , ਖ਼ੁਰਾਸਾਨ , ਹਿਰਾਤ , ਕੰਧਾਰ , ਕਾਬੁਲ ਅਤੇ ਬਲਖ਼ ਸ਼ਾਮਲ ਸਨ ।


ਲੇਖਕ : ਬ.ਜ.ਹ. ਅਤੇ ਅਨੁ: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2053, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.