ਗਉੜੀ ਕੀ ਵਾਰ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਉੜੀ ਕੀ ਵਾਰ : ਗੁਰੂ ਅਰਜਨ ਦੇਵ ਜੀ ਦੁਆਰਾ ਲਿਖੀ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਬਾਈ ਵਾਰਾਂ ਵਿਚੋਂ ਇਕ ਹੈ । ਵਾਰ , ਲੋਕ ਕਾਵਿ-ਰੂਪ ਹੈ ਜਿਸ ਨੂੰ ਪਵਿੱਤਰ ਸਿੱਖ ਗ੍ਰੰਥ ਵਿਚ ਅਧਿਆਤਮਿਕ ਭਾਵਾਂ ਦੀ ਪੇਸ਼ਕਾਰੀ ਲਈ ਵਰਤੋਂ ਵਿਚ ਲਿਆਂਦਾ ਗਿਆ ਹੈ । ਗਉੜੀ ਰਾਗ ਵਿਚ ਰਚਿਤ ਹੋਣ ਕਾਰਨ ਇਸ ਦਾ ਨਾਂ ਗਉੜੀ ਕੀ ਵਾਰ ਰੱਖਿਆ ਗਿਆ ਹੈ । ਜਿੱਥੇ ਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਵਾਰਾਂ ਦਾ ਸੰਬੰਧ ਹੈ , ਇਹਨਾਂ ਦੇ ਸ਼ੁਰੂ ਵਿਚ ਇਹ ਦਰਜ ਕੀਤਾ ਹੋਇਆ ਹੈ ਕਿ ਵਾਰ ਨੂੰ ਠੀਕ ਤਰੀਕੇ ਨਾਲ ਕਿਸ ਧੁਨੀ ਵਿਚ ਗਾਇਆ ਜਾਣਾ ਚਾਹੀਦਾ ਹੈ । ਉਸ ਸਮੇਂ ਦੀ ਮਸ਼ਹੂਰ ਲੋਕ-ਗਾਥਾ ‘ ਰਾਇ ਕਮਾਲਦੀ ਮੌਜਦੀ ਕੀ ਵਾਰ’ ਦੀ ਧੁਨੀ ਬਾਰੇ ਸਿਰਲੇਖ ਤੋਂ ਸਪਸ਼ਟ ਹੁੰਦਾ ਹੈ ਕਿ ਗਉੜੀ ਕੀ ਵਾਰ ਨੂੰ ਇਸ ਵਾਰ ਦੀ ਧੁਨੀ ਤੇ ਗਾਉਣ ਦਾ ਆਦੇਸ਼ ਦਿੱਤਾ ਗਿਆ ਹੈ । ਇਹ ਵਾਰ ਮੌਜਦੀ ( ਮੁਅਜ਼ਉਦ-ਦੀਨ ) ਦੀ ਬਹਾਦਰੀ ਦਾ ਵਰਨਨ ਕਰਦੀ ਹੈ , ਜਿਹੜਾ ਆਪਣੇ ਚਾਚੇ ਕਮਾਲਦੀ ( ਕਮਾਲ ਉਦ-ਦੀਨ ) , ਦੇ ਵਿਰੁੱਧ ਲੜਿਆ ਅਤੇ ਉਸ ਨੂੰ ਹਰਾਇਆ ਸੀ । ਉਹ ਤਤਕਾਲੀਨ ਕੇਂਦਰੀ ਪੰਜਾਬ ਦੇ , ਬਾਰ ਇਲਾਕੇ ਦੇ ਮੁਸਲਮਾਨ ਰਾਜਪੂਤ ਫ਼ੌਜੀ ਸਰਦਾਰ ਜਾਂ ਸਰਬਰਾਹ ਸਨ । ਵਾਰ ਦੇ ਅੰਤ ਵਿਚ ਅੰਤਿਕਾ ਵਜੋਂ ਸ਼ਬਦ ‘ ਸੁਧ ਕੀਚੇ’ ਦਰਜ਼ ਕੀਤਾ ਗਿਆ ਹੈ ਜੋ ਇਹ ਦਰਸਾਉਂਦਾ ਹੈ ਕਿ ਜਿਸ ਮੂਲ ਪਾਠ ਦਾ ਅਸਲੀ ਪੰਨਿਆਂ ਤੋਂ ਹੂ-ਬ-ਹੂ ਉਤਾਰਾ ਕੀਤਾ ਗਿਆ ਹੈ , ਉਹਨਾਂ ਦੀ ਭਲੀ-ਭਾਂਤ ਜਾਂਚ ਕਰ ਲਈ ਜਾਵੇ ਅਤੇ ਜੇ ਕੋਈ ਗ਼ਲਤੀ ਜਾਂ ਅਸ਼ੁੱਧੀ ਹੋਵੇ ਤਾਂ ਉਸ ਨੂੰ ਠੀਕ ਕਰ ਦਿੱਤਾ ਜਾਵੇ ।

          ਵਾਰ ਵਿਚ 21 ਪਉੜੀਆਂ ਅਤੇ 42 ਸਲੋਕ ਸੰਮਿਲਿਤ ਹਨ ਜੋ ਸਾਰੇ ਗੁਰੂ ਅਰਜਨ ਦੇਵ ਜੀ ਦੁਆਰਾ ਰਚੇ ਗਏ ਹਨ । ਇਹ ਵਾਰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਹੁਤ ਸਾਰੀਆਂ ਉਹਨਾਂ ਵਾਰਾਂ ਵਰਗੀ ਨਹੀਂ ਹੈ ਜਿਨ੍ਹਾਂ ਵਿਚ ਪਉੜੀ ਦੇ ਕਰਤਾ ਦੇ ਸਲੋਕਾਂ ਨਾਲ ਹੋਰ ਦੂਜੇ ਗੁਰੂ ਸਾਹਿਬਾਨ ਦੇ ਸਲੋਕ ਵੀ ਦਰਜ ਹਨ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨ ਸਮੇਂ ਗੁਰੂ ਅਰਜਨ ਦੇਵ ਜੀ ਨੇ ਸੰਮਿਲਿਤ ਕੀਤਾ ਹੈ । ਹਰ ਇਕ ਪਉੜੀ ਵਿਚ ਪੰਜ ਪੰਕਤੀਆਂ ਸ਼ਾਮਲ ਹਨ , ਜਿਨ੍ਹਾਂ ਦੀ ਲੰਮਾਈ ਬੇਸ਼ਕ ਇਕੋ ਜਿਹੀ ਨਹੀਂ ਹੈ ਪਰ ਆਪਸ ਵਿਚ ਲੈਅ ਮਿਲਦੀ ਹੈ । ਹਰ ਇਕ ਪੰਕਤੀ ਦਾ ਆਖ਼ਰੀ ਸ਼ਬਦ ਵੱਡੀ ਮਾਤਰਾ ਨਾਲ ਖ਼ਤਮ ਹੁੰਦਾ ਹੈ ਤਾਂ ਕਿ ਇਸ ਦੇ ਪਾਠ ਗਾਇਨ ਵਿਚ ਗੂੰਜ ਉਤਪੰਨ ਹੋਵੇ ਅਤੇ ਇਸ ਦੇ ਸੰਗੀਤ ਦੀ ਧੁਨੀ ਨੂੰ ਲੰਮੇਂ ਸਮੇਂ ਤਕ ਰਵਾਨੀ ਮਿਲ ਸਕੇ ।

          ਗੁਰੂ ਗ੍ਰੰਥ ਸਾਹਿਬ ਵਿਚ ਹੋਰ ਵਾਰਾਂ ਵਾਂਗ , ਇਹ ਵਾਰ ਸਿਰਜਣਹਾਰ ਦੀ ਉਸਤਤ ਨਾਲ ਸ਼ੁਰੂ ਹੁੰਦੀ ਹੈ ਇਸ ਵਿਚ ਉਸ ਪਰਮਾਤਮਾ ਸੰਬੰਧੀ ਭਗਤੀ ਭਾਵ ਨੂੰ ਅਤੇ ਉਸ ਪ੍ਰਤੀ ਵਿਸਮਾਦਪੂਰਨਤਾ ਨੂੰ ਦਰਸਾਇਆ ਗਿਆ ਹੈ । ਫਿਰ ਇਹ ਵਾਰ ਜਲਦੀ ਤਬਦੀਲ ਹੁੰਦੀ ਹੈ ਅਤੇ ਜੀਵਨ ਦੇ ਵਧੇਰੇ ਨੈਤਿਕ ਅਨੁਭਵ ਦੇ ਪਹਿਲੂਆਂ ਵੱਲ ਮੁੜਦੀ ਹੋਈ ਅਧਿਆਤਮਿਕ ਜੀਵਨ ਦੀ ਯਾਚਨਾ ਕਰਦੀ ਹੈ । ਪਰਮਾਤਮਾ ਦੀ ਤਹਿ-ਦਿਲੋਂ ਪ੍ਰੇਮਾ ਭਗਤੀ ਅਤੇ ਪਵਿੱਤਰ ਸਤਿਸੰਗ ਵਿਚ ਪ੍ਰਭੂ ਦੇ ਨਾਮ ਦਾ ਸਿਮਰਨ , ਸਾਧਕ ਨੂੰ ਉਸ ਅਵਸਥਾ ਵਿਚ ਲੈ ਜਾਂਦਾ ਹੈ ਜਿੱਥੇ ਉਹ ਪਾਰਬ੍ਰਹਮ ਵਿਚ ਲੀਨ ਹੋਣ ਦਾ ਮਾਣ ਹਾਸਲ ਕਰਦਾ ਹੈ ਅਤੇ ਜਿੱਥੇ ਉਹ ਪਰਮ ਸੱਤਾ ( ਪ੍ਰਭੂ ) ਨਾਲ ਅਭੇਦ ਹੋਣ ਦੀ ਖ਼ੁਸ਼ੀ ਦਾ ਵੀ ਅਨੁਭਵ ਕਰਦਾ ਹੈ । ਅਜਿਹੀ ਅਵਸਥਾ ਵਿਚ ਕੋਈ ਮਾਨਸਿਕ ਦਵੰਦ ਨਹੀਂ ਹੁੰਦਾ ਅਤੇ ਮਨੁੱਖ ਦੈਵੀ ਅਨੰਦ ਵਿਚ ਨਿਵਾਸ ਕਰਦਾ ਹੈ । ਪਉੜੀਆਂ ਅਤੇ ਸਲੋਕਾਂ ਵਿਚ ਇਹਨਾਂ ਵਿਸ਼ਿਆਂ ਨਾਲ ਸੰਬੰਧਿਤ ਚਰਚਾ ਕੀਤੀ ਮਿਲਦੀ ਹੈ ।

          ਗੁਰੂ ਨਾਨਕ ਦੇਵ ਜੀ ਦੇ ਪਰਾਭੌਤਿਕ ਦਰਸ਼ਨ ਦਾ ਕੇਂਦਰੀ ਤੱਤ ਗੁਰੂ ਅਰਜਨ ਦੇਵ ਜੀ ਦੀ ਵਾਰ ਵਿਚ ਇਕ ਈਸ਼ਵਰਵਾਦ ਦੇ ਰੂਪ ਵਿਚ ਦੁਹਰਾਇਆ ਗਿਆ ਹੈ । ਅੰਤਿਮ ਸੱਚ ਇਕੋ ਇਕ ਪਰਮਾਤਮਾ ਹੈ , ਜੋ ਗੁਣਾਤੀਤ , ਸਦੀਵੀ ਅਤੇ ਸਰਬਸ਼ਕਤੀਮਾਨ ਹੈ । ਉਹ ਸਰਬਉੱਚ , ਅਕਹਿ ਅਤੇ ਨਾ ਵਰਨਨ ਕੀਤਾ ਜਾ ਸਕਣ ਵਾਲਾ ਹੈ । ਉਹ ਅਜਿਹਾ ਅਦਭੁਤ ਅਤੇ ਮਹਾਨ ਹੈ ਕਿ ਮਨੁੱਖੀ ਚੇਤਨਾ ਨਾ ਤਾਂ ਉਸਦਾ ਵਰਨਨ ਕਰ ਸਕਦੀ ਹੈ ਅਤੇ ਨਾ ਉਸ ਦੀ ਥਾਹ ਪਾਈ ਜਾ ਸਕਦੀ ਹੈ । ਉਸਦੀ ਇੱਛਾ ਹੀ ਬ੍ਰਹਿਮੰਡ ਦੀ ਸਿਰਜਣਾ ਦਾ ਇਕੋ ਇਕ ਕਾਰਨ ਹੈ ਅਤੇ ਬ੍ਰਹਿਮੰਡ ਨੂੰ ਕਾਇਮ ਰੱਖਣ ਅਤੇ ਉਸਦਾ ਪਾਲਣ ਕਰਨ ਵਾਲਾ ਵੀ ਉਹ ਪਰਮਾਤਮਾ ਹੀ ਹੈ । ਉਹ ਆਪਣੀ ਸਿਰਜਣਾ ਤੋਂ ਵੱਖ ਨਹੀਂ ਹੈ ਬਲਕਿ ਇਸ ਵਿਚ ਹੀ ਸਮਾਇਆ ਰਹਿੰਦਾ ਹੈ । ਪਰਮਾਤਮਾ ਅਵਿਨਾਸ਼ੀ , ਅਸੀਮ , ਅਪਹੁੰਚ ਅਤੇ ਅਥਾਹ ਹੈ । ਉਹ ਊਚ-ਨੀਚ , ਵੱਡੇ-ਛੋਟੇ ਸਭ ਵਿਚ ਹੀ ਸੁਭਾਇਮਾਨ ਦਿਖਾਈ ਦਿੰਦਾ ਹੈ । ਉਹ ਹਰ ਥਾਂ ਅਤੇ ਖ਼ਾਲੀ ਥਾਵਾਂ ਵਿਚ , ਹਰ ਪਾਸੇ ਹਾਜ਼ਰ ਹੈ ਅਤੇ ਨਸ਼ਵਰ ਜੀਵਾਂ ਵਿਚ ਵੀ ਸਮਾਇਆ ਹੋਇਆ ਹੈ ।

          ਇਸ ਸੰਸਾਰ ਦਾ ਕਰਤਾ ਕੇਵਲ ਪਰਮਾਤਮਾ ਹੀ ਅੰਤਿਮ ਸੱਚ ਹੈ । ਹੋਰ ਸਭ ਕੁਝ ਦਾ ਅੰਤ ਹੋਣਾ ਹੈ ਅਤੇ ਮਨੁੱਖ ਦੀ ਵੀ ਇਹੋ ਹੋਣੀ ਹੈ । ਭਾਵੇਂ ਕਿ ਬ੍ਰਹਿਮੰਡ ਸਾਰੇ ਜੀਵਿਤ ਪ੍ਰਾਣੀਆਂ ਨਾਲੋਂ ਲੰਮਾ ਸਮਾਂ ਰਹਿਣ ਵਾਲਾ ਹੈ ਪਰੰਤੂ ਫਿਰ ਵੀ ਇਹ ਸਦੀਵੀ ਨਹੀਂ ਹੈ । ਆਤਮਾ ਦੀ ਪਰਮ ਆਤਮਾ ਨਾਲ ਮਿਲਣ ਦੀ ਲੋਚਾ ਦਾ ਵਿਸਾਰ ਅਤੇ ਦੁਨਿਆਵੀ ਅਤੇ ਭੌਤਿਕ ਪਦਾਰਥਾਂ ਵਿਚ ਸੰਤੁਸ਼ਟੀ ਭਾਲਣਾ ਮਨੁੱਖ ਨੂੰ ਅਸੰਤੁਲਿਤ ਕਰ ਦਿੰਦੇ ਹਨ । ਇਸ ਵਾਰ ਵਿਚ ਅਜਿਹੇ ਬਿਮਾਰ ਮਨੁੱਖ ਦੀ ਜੀਵੰਤ ਤਸਵੀਰ ਪੇਸ਼ ਕੀਤੀ ਗਈ ਹੈ । ਅਜਿਹਾ ਮਨੁੱਖ ਆਪਣੀ ਜ਼ੁੰਮੇਵਾਰੀ ਠੀਕ ਤਰ੍ਹਾਂ ਨਹੀਂ ਨਿਭਾਉਂਦਾ ਪਰੰਤੂ ਹੂੜਮਤ ਵਿਚ ਇੱਧਰ-ਉੱਧਰ ਭਟਕਦਾ ਰਹਿੰਦਾ ਹੈ । ਅਜਿਹਾ ਮਨੁੱਖ ਮਾੜੇ ਕੰਮਾਂ ਵੱਲ ਪ੍ਰੇਰਿਤ ਹੁੰਦਾ ਹੈ ਅਤੇ ਲੋਭ , ਕ੍ਰੋਧ , ਤਮਾਂ ਅਤੇ ਦੁਨਿਆਵੀ ਪ੍ਰੇਮ ਵੱਲ ਇਸ ਤਰ੍ਹਾਂ ਖਿੱਚਿਆ ਜਾਂਦਾ ਹੈ ਜਿਵੇਂ ਕਿ ਗਿਰਝ ਮੁਰਦਾਰ ਵੱਲ ਖਿੱਚਿਆ ਚੱਲਾ ਜਾਂਦਾ ਹੈ । ਅਜਿਹਾ ਮਨੁੱਖ ਭਾਵੇਂ ਬਾਹਰੋਂ ਦੇਖਣ ਨੂੰ ਖ਼ੁਸ਼ ਲੱਗਦਾ ਹੈ ਪਰੰਤੂ ਉਸ ਦੇ ਅੰਤਰਮਨ ਵਿਚ ਬੇਚੈਨੀ ਵੱਸੀ ਰਹਿੰਦੀ ਹੈ । ਉਸ ਦੀ ਦੁਨਿਆਵੀ ਪਦਾਰਥਾਂ ਸੰਬੰਧੀ ਅਮੁੱਕ ਭੁੱਖ ਉਸ ਨੂੰ ਦੁੱਖ ਅਤੇ ਨਿਰਾਸ਼ਾ ਵੱਲ ਪ੍ਰੇਰਿਤ ਕਰਦੀ ਹੈ । ਮੁਸੀਬਤਾਂ ਵਿਚ ਘਿਰਿਆ ਹੋਇਆ ਉਸਦਾ ਮਨ ਦੁਬਿਧਾਵਾਂ ਦਾ ਸ਼ਿਕਾਰ ਹੋ ਕੇ ਸਦਾ ਦੁਖੀ ਰਹਿੰਦਾ ਹੈ ਅਤੇ ਖ਼ੁਸ਼ੀਆਂ ਵਿਚ ਵੀ ਦੁਖੀ ਰਹਿ ਕੇ ਅਸੰਤੁਸ਼ਟ ਬਣਿਆ ਰਹਿੰਦਾ ਹੈ । ਪਰਮਾਤਮਾ ਵਿਚ ਵਿਸ਼ਵਾਸ ਤੋਂ ਵਿਰਵਾ ਫਾਂਸੀ ਦੇ ਫੰਦੇ ਵਿਚ ਫਸੇ ਚੋਰ ਵਾਂਗ ਉਹ ਲਗਾਤਾਰ ਹੁੰਦੀ ਛਟਪਟਾਹਟ ਵਰਗੀ ਮਾਨਸਿਕ ਪੀੜਾ ਹੰਢਾਉ਼ਂਦਾ ਹੈ । ਵਿਅਰਥ ਦੇ ਦੁਨਿਆਵੀ ਆਡੰਬਰਾਂ ਦੇ ਸ਼ਿਕਾਰ ਇਕ ਅਬੋਧ ਮਨੁੱਖ ਲਈ ਇਹ ਵਾਰ ਅਸਮਾਨੀ ਬਿਜਲੀ ਦੀ ਚਮਕ ਦਾ ਕੰਮ ਕਰਦੀ ਹੈ । ਦੁਨਿਆਵੀ ਮਹਿਮਾ ਜਾਂ ਸ਼ਾਨੋ ਸ਼ੋਕਤ ਮਨੁੱਖ ਲਈ ਬੁਰੇ ਦੋਸਤ ਹਨ ਜਿਨ੍ਹਾਂ ਨੇ ਉਸਨੂੰ ਸੰਸਾਰ ਵਿਚ ਸੋਭਾ ਨਹੀਂ ਦੁਆਉਣੀ । ਅਸਲ ਵਿਚ , ਇਹ ਸੰਸਾਰ ਜਿਸ ਵਿਚ ਮਨੁੱਖ ਪਰਮਾਤਮਾ ਨੂੰ ਛੱਡ ਕੇ ਲੀਨ ਬਣਿਆ ਹੋਇਆ ਹੈ , ਇਕ ਪ੍ਰਕਾਰ ਦਾ ਬਹੁਤ ਭਿਆਨਕ ਸਮੁੰਦਰ ਹੈ , ਜਿਸ ਨੂੰ ਮਨੁੱਖ ਕਿਸੇ ਸੱਚੇ ਮਾਰਗ ਦਰਸ਼ਕ ਜਾਂ ਗੁਰੂ ਦੀ ਸਹਾਇਤਾ ਤੋਂ ਬਿਨਾਂ ਪਾਰ ਨਹੀਂ ਕਰ ਸਕਦਾ । ਵਿਅਕਤੀ ਨੂੰ ਇੱਥੇ ਇਹ ਅਨੁਭਵ ਕਰਾਇਆ ਗਿਆ ਹੈ ਕਿ ਇਹ ਸੁੰਦਰ ਸਰੀਰ ਅਤੇ ਪਦਾਰਥਕ ਲਾਭ ਜਿਨ੍ਹਾਂ ਪਿੱਛੇ ਉਹ ਲਲਚਾਇਆ ਫਿਰਦਾ ਹੈ , ਉਸ ਨਾਲ ਹਮੇਸ਼ਾਂ ਨਹੀਂ ਰਹਿਣੇ ਹਨ । ਮਨੁੱਖ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਬਾਹਰੀ ਅਤੇ ਦਿਖਾਵੇ ਵਾਲੀਆਂ ਚੀਜ਼ਾਂ ਦੇ ਲਾਲਚ ਵਿਚ ਗਲਤਾਨ ਨਾ ਹੋਵੇ ਬਲਕਿ , “ ਸਰਬੋਤਮ ਪਰਮਾਤਮਾ ਦੇ ਨਾਮ ਧਨ" ਨੂੰ ਇਕੱਠਾ ਕਰੇ । ਨਾਮ ਤੋਂ ਬਿਨਾਂ ਕਿਤੇ ਵੀ ਸ਼ਾਂਤੀ ਨਹੀਂ ਹੈ । ਕੇਵਲ ਉਸ ਦਾ ਨਾਮ ਹੀ ਹੈ ਜਿਸ ਦੀ ਸਹਾਇਤਾ ਨਾਲ ਪਰਮਾਤਮਾ ਦੇ ਦਰਬਾਰ ਵਿਚ ਮਨੁੱਖ ਨੂੰ ਪ੍ਰਵਾਨਗੀ ਮਿਲਦੀ ਹੈ ।

          ਮਨੁੱਖ ਦੇ ਸਾਰੇ ਕੰਮਾਂ ਦਾ ਅੰਤਿਮ ਨਿਆਂਕਰਤਾ ਪਰਮਾਤਮਾ ਹੈ । ਉਹ ਸੰਤਾਂ ਨੂੰ ਪਿਆਰ ਕਰਨ ਵਾਲਾ ਅਤੇ ਗੁਨਾਹਗਾਰਾਂ ਦਾ ਰੱਖਿਅਕ ਹੈ । ਕਿਉਂਕਿ ਕੇਵਲ ਪਰਮਾਤਮਾ ਦਾ ਨਾਮ ਹੀ ਮਨੁੱਖੀ ਆਤਮਾ ਅਤੇ ਉਸ ਪਰਮਾਤਮਾ ਰੂਪੀ ਹੋਂਦ ਵਿਚਕਾਰ ਵਿਚੋਲੇ ਦਾ ਕੰਮ ਕਰਦਾ ਹੈ , ਮਨੁੱਖ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ , “ ਉਹ ਪ੍ਰਭੂ ਦੀ ਸੇਵਾ ਰੂਪੀ ਬੇੜੇ ਵਿਚ ਸਵਾਰ ਹੋ ਜਾਵੇ” ਅਤੇ ਇਸ ਸੰਸਾਰ ਦੇ ਭਵਸਾਗਰ ਨੂੰ ਪਾਰ ਕਰ ਲਵੇ । ਪਰਮਾਤਮਾ ਤਕ ਪਹੁੰਚ ਬਣਾਉਣ ਲਈ , ਸੌਖਾ ਰਾਹ ਗੁਰੂ ਰੂਪੀ ਸੰਤ ਦੀ ਸਹਾਇਤਾ ਲੈਣੀ ਅਤੇ ( ਅਸਲੀ ) ਸੰਤਾਂ ਦੀ ਸੰਗਤ ਹੈ । ਮਨੁੱਖ ਨੂੰ ਕਿਹਾ ਗਿਆ ਹੈ ਕਿ “ ਰਸਤਾ ਬਹੁਤ ਸੁਖੈਨ ਹੋ ਸਕਦਾ ਹੈ ਜੇਕਰ ਜੋੜਨ ਵਾਲਾ ਸੰਤ ਗੁਰੂ ਆਪ ਹੋਵੇ । ” ਸਤਿ ਸਰੂਪ ਪਰਮਾਤਮਾ ਦੀ ਇੱਛਾ ( ਹੁਕਮ ) ਪ੍ਰਤੀ ਆਪਣੇ ਆਪ ਨੂੰ ਸਮਰਪਿਤ ਕਰਕੇ ਅਤੇ ਪਵਿੱਤਰ ਆਤਮਾਵਾਂ ਦੀ ਸੰਗਤ ਵਿਚ ਹੀ ਪਰਮਾਤਮਾ ਪ੍ਰਾਪਤ ਕੀਤਾ ਜਾ ਸਕਦਾ ਹੈ । ਸੰਤ , ਮਨੁੱਖ ਨੂੰ ਪਰਮਾਤਮਾ ਵੱਲ ਜਾਣ ਦਾ ਰਾਹ ਦਿਖਾਉਂਦੇ ਹਨ ਅਤੇ ਮਨੁੱਖ ਉਸ ਪਰਮਾਤਮਾ ਦੇ ਨਾਮ ਦਾ ਚਿੰਤਨ ਕਰਦਾ ਹੈ । ਇਹ ਸੰਤਾਂ ਦੀ ਸੰਗਤ ਦਾ ਹੀ ਅਸਰ ਹੈ ਜਿਸ ਨਾਲ ਸਾਧਕ ਦੀਆਂ ਸਾਰੀਆਂ ਲਾਲਸਾਵਾਂ ਲੋਭ , ਕ੍ਰੋਧ , ਤਮਾਂ ਅਤੇ ਦੁਨਿਆਵੀ ਵਸਤਾਂ ਦੇ ਮੋਹ ਦਾ ਨਾਸ਼ ਹੁੰਦਾ ਹੈ ਅਤੇ ਮਨੁੱਖੀ ਮਨ ਉਸ ਪਰਮਾਤਮਾ ਦਾ ਉਚਿਤ ਨਿਵਾਸ ਬਣ ਜਾਂਦਾ ਹੈ । ਫਿਰ ਵੀ ਇਹ “ ਸਭ ਕੁਝ ਅਸਾਨ ਹੋ ਜਾਂਦਾ ਹੈ ਜਦੋਂ ਪਰਮਾਤਮਾ ਪ੍ਰਸੰਨ ਹੁੰਦਾ ਹੈ । ” ਇਹ ਅਨੰਦ ਜਾਂ ਪਰਮਾਤਮਾ ਦੀ ਨਦਰ ਵੀ , ਪਰਮਾਤਮਾ ਨਾਲ ਸੰਯੋਗ ਤੋਂ ਪਹਿਲਾਂ ਇਕ ਜ਼ਰੂਰੀ ਸ਼ਰਤ ਹੈ ਜਿਸ ਨਾਲ ਇਹ ਸਭ ਸੰਭਵ ਹੋ ਸਕਦਾ ਹੈ । ਨਦਰ ਜਿਸ ਤੋਂ ਬਿਨਾਂ ਕੋਈ ਵੀ ਅਧਿਆਤਮਿਕ ਪ੍ਰਾਪਤੀ ਨਹੀਂ ਹੋ ਸਕਦੀ , ਪਰਮਾਤਮਾ ਦੇ ਮਨੁੱਖ ਦੁਆਰਾ ਕੀਤੇ ਗਏ ਉਸ ਨੂੰ ਸੱਚੇ ਪ੍ਰੇਮ ਦਾ ਹੀ ਇਨਾਮ ਹੁੰਦੀ ਹੈ ।

          ਮਨੁੱਖ ਨੂੰ ਸਾਰੇ ਭਰਮ ਛੱਡ ਕੇ ਪਰਮਾਤਮਾ ਨਾਲ ਪ੍ਰੇਮ ਕਰਨਾ ਚਾਹੀਦਾ ਹੈ । ਮਨੁੱਖ ਉਸ ਪਰਮਾਤਮਾ ਦੀ ਬਾਣੀ ਨੂੰ ਪੜ੍ਹੇ ਅਤੇ ਸਮਝਣ ਦੀ ਕੋਸ਼ਿਸ਼ ਕਰੇ । ਉਹ ਕੇਵਲ ਸੱਚੇ ਪਰਮਾਤਮਾ’ ਤੇ ਹੀ ਆਪਣੀ ਆਸ ਰੱਖੇ ਜਿਸ ਨੂੰ ਉਹ ਕਦੇ ਵੀ ਵਿਸਾਰ ਨਹੀਂ ਸਕਦਾ । ਮਨੁੱਖ ਨੂੰ ਪਰਮਾਤਮਾ ਦੇ ਚਰਨ ਫੜ ਲੈਣੇ ਚਾਹੀਦੇ ਹਨ , ਉਸ ਨੂੰ ਚਿਤਵਨਾ ਚਾਹੀਦਾ ਹੈ , ਉਸ ਦੀ ਉਸਤਤ ਕਰਨੀ ਚਾਹੀਦੀ ਹੈ ਅਤੇ ਉਸ ਦੀ ਰਜ਼ਾ ਵਿਚ ਰਹਿ ਕੇ ਉਸਦੀ ਪਨਾਹ ਲੈਣੀ ਚਾਹੀਦੀ ਹੈ । ਮਨੁੱਖ ਨੂੰ ਪਰਮਾਤਮਾ ਨਾਲ ਦੋਸਤੀ ਪੈਦਾ ਕਰਨੀ ਚਾਹੀਦੀ ਹੈ ਅਤੇ ਪੂਰੀ ਸ਼ਿੱਦਤ ਨਾਲ ਸਦਾ ਉਸਦੀ ਉਡੀਕ ਕਰਨੀ ਚਾਹੀਦੀ ਹੈ । ਮਨੁੱਖ ਆਪਣੀ ਸੰਪੂਰਨਤਾ ਕੇਵਲ ਸਰਬ ਸ਼ਕਤੀਮਾਨ ਦੇ ਮਿਲਾਪ ਵਿਚੋਂ ਹੀ ਪਾ ਸਕਦਾ ਹੈ , ਅਤੇ ਇਸ ਲਈ ਉਸ ਨੂੰ ਸੱਚੇ ਗੁਰੂ ਦੀ ਸਹਾਇਤਾ ਅਤੇ ਪਰਮਾਤਮਾ ਦੀ ਨਦਰ ਦੀ ਵੀ ਲੋੜ ਹੁੰਦੀ ਹੈ । ਇਸ ਤਰ੍ਹਾਂ ਉਹ ਪਾਰਗਾਮੀ ਅਵਸਥਾ ਵਿਚ ਪਹੁੰਚ ਜਾਂਦਾ ਹੈ ਜਿਸ ਦਾ ਬਿਆਨ ਇਸ ਪ੍ਰਕਾਰ ਕੀਤਾ ਗਿਆ ਹੈ : “ ਉਹ ‘ ਨਾਮ’ ਜੋ ਮੈਂ ਸੁਣਿਆ , ਉਹ ‘ ਨਾਮ’ ਜਿਸ ਨਾਲ ਮੈਂ ਜੁੜਿਆ ਅਤੇ ਉਸ ‘ ਨਾਮ’ ਨਾਲ ਮੈਂ ਆਪਣੇ ਪ੍ਰੇਮ ਦੀ ਗਲਵਕੜੀ ਪਾਈ । ਮੇਰਾ ਘਰ ਅਤੇ ਧਨ ਦੋਵੇਂ ਹੀ ਪਰਮਾਤਮਾ ਦੀ ਉਸਤਤ ਦਾ ਗਾਇਨ ਕਰਕੇ ਪਵਿੱਤਰ ਹੋ ਗਏ ਹਨ । ”

          ਇਸ ਵਾਰ ਵਿਚ ਅਧਿਆਤਮਿਕ ਜਾਣਕਾਰੀ ਦੇ ਨਾਲ-ਨਾਲ ਸਿਧਾਂਤਿਕ ਪਹਿਲੂਆਂ ਨੂੰ ਵੀ ਪੇਸ਼ ਕੀਤਾ ਗਿਆ ਹੈ । ਇਸ ਵਾਰ ਦੀ ਭਾਸ਼ਾ ਅਸਾਨ ਮਾਝੀ ਪੰਜਾਬੀ ਦਾ ਬਹੁਰੰਗੀ ਰੂਪ ਹੈ ਜੋ ਕੇਂਦਰੀ ਜ਼ਿਲਿਆਂ ਵਿਚ ਬੋਲੀ ਜਾਂਦੀ ਹੈ । ਇਸ ਪਰੰਪਰਾ ਵਿਚ ਵਰਤੇ ਜਾਂਦੇ ਬਹੁਤ ਸਾਰੇ ਤਤਸਮ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਅਤੇ ਵਾਰ ਦੇ ਵਿਸ਼ੇ ਨੂੰ ਪੇਸ਼ ਕਰਨ ਲਈ ਢੁਕਵੇਂ ਰੂਪ ਵਿਚ ਤਦਭਵ ਸ਼ਬਦ ਰੂਪਾਂ ਦੀ ਵੀ ਵਰਤੋਂ ਕੀਤੀ ਗਈ ਹੈ । ਲਹਿੰਦੀ ਜਾਂ ਪੱਛਮੀ ਪੰਜਾਬੀ ਭਾਸ਼ਾ ਦੀ ਵੀ ਵਰਤੋਂ ਕੀਤੀ ਗਈ ਹੈ ਅਤੇ ਇਸ ਭਾਸ਼ਾ ਦੀ ਵਰਤੋਂ ਦੀ ਹੋਂਦ ਪਉੜੀਆਂ ਦੀ ਬਜਾਏ ਸਲੋਕਾਂ ਵਿਚ ਜ਼ਿਆਦਾ ਸਪਸ਼ਟ ਰੂਪ ਵਿਚ ਦਿਖਾਈ ਦਿੰਦੀ ਹੈ । ਦੋ ਸਲੋਕਾਂ ਦੇ ਵੱਖਰੇ ਸਿਰਲੇਖ , ਜਿਵੇਂ ਕਿ ‘ ਸਲੋਕ ਡਖਣਾ ’ ਜੋ ਕਿ ਪਉੜੀ 19 ਤੋਂ ਪਹਿਲਾਂ , ਪਹਿਲੇ ਸਲੋਕ ਉੱਤੇ ਅਤੇ ‘ ਸਲੋਕ ਦੋਹਾ’ ਪਉੜੀ 18 ਤੋਂ ਪਹਿਲਾਂ , ਪਹਿਲੇ ਸਲੋਕ ਉੱਤੇ ਅੰਕਿਤ , ਇਸ ਦਾ ਸਬੂਤ ਹਨ ਕਿ ਇਹਨਾਂ ਸਲੋਕਾਂ ਵਿਚ ਪੱਛਮੀ ਪੰਜਾਬੀ ਅਤੇ ਪੱਛਮੀ ਹਿੰਦੀ ਭਾਸ਼ਾ ਦੀ ਤਰਤੀਬਵਾਰ ਵਰਤੋਂ ਕੀਤੀ ਗਈ ਹੈ । ਕੁਝ ਫ਼ਾਰਸੀ ਅਤੇ ਅਰਬੀ ਦੇ ਸ਼ਬਦਾਂ ਦੀ ਵਰਤੋਂ ਜ਼ਿਆਦਾਤਰ ਤਦਭਵ ਰੂਪ ਵਿਚ ਵੀ ਕੀਤੀ ਗਈ ਹੈ ।


ਲੇਖਕ : ਉ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1373, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.