ਚੰਡੀ ਦੀ ਵਾਰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਚੰਡੀ ਦੀ ਵਾਰ: ਗੁਰੂ ਗੋਬਿੰਦ ਸਿੰਘ ਰਚਿਤ ਇਸ ਵਾਰ ਨੂੰ ‘ਵਾਰ ਦੁਰਗਾ ਕੀ’ ਜਾਂ ‘ਵਾਰ ਭਗਉਤੀ ਜੀ ਕੀ’ ਵੀ ਕਹਿੰਦੇ ਹਨ। ਇਸ ਵਿੱਚ ਕੁੱਲ 55 ਪਉੜੀਆਂ ਹਨ। ਇਸ ਦੇ ਪਾਠ ਤੋਂ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਇਸ ਵਿੱਚ ਵਰਣਿਤ ਮੁੱਖ ਘਟਨਾਵਾਂ ਮਾਰਕੰਡੇ ਪੁਰਾਣ ਵਿੱਚ ਦਰਜ ‘ਦੁਰਗਾ ਸਪਤਸ਼ਤੀ’ ਵਿੱਚੋਂ ਲਈਆਂ ਗਈਆਂ ਹਨ, ਜਿਵੇਂ ਮਹਿਖਾਸੁਰ ਅਤੇ ਦੇਵੀ ਦਾ ਯੁੱਧ, ਸ਼ੁੰਭ ਨਿਸ਼ੁੰਭ ਦੇ ਸੈਨਾ-ਨਾਇਕ ਧੂਮ੍ਰਲੋਚਨ, ਚੰਡ-ਮੁੰਡ ਅਤੇ ਰਕਤਬੀਜ ਦਾ ਦੇਵੀ ਨਾਲ ਯੁੱਧ, ਫਿਰ ਸ਼ੁੰਭ ਨਿਸ਼ੁੰਭ ਨਾਲ ਦੇਵੀ ਦਾ ਯੁੱਧ। ਇਹਨਾਂ ਯੁੱਧਾਂ ਵਿੱਚ ਰਾਖ਼ਸ਼ਾਂ ਦੀ ਹਾਰ ਹੁੰਦੀ ਹੈ ਅਤੇ ਦੇਵੀ ਜਿੱਤ ਪ੍ਰਾਪਤ ਕਰ ਕੇ ਇੰਦਰ ਨੂੰ ਰਾਜ ਸਿੰਘਾਸਣ ਉੱਤੇ ਬਿਠਾ ਕੇ ਅਲੋਪ ਹੋ ਜਾਂਦੀ ਹੈ। ਬਾਕੀ ਸਾਰਾ ਯੁੱਧ-ਵਰਣਨ ਹੈ। ਇਸ ਲਈ ਸਪਸ਼ਟ ਹੈ ਕਿ ਇਸ ਰਚਨਾ ਦੀਆਂ ਕੇਵਲ ਮੁੱਖ ਘਟਨਾਵਾਂ ਨੂੰ ਹੀ ਪੁਰਾਤਨ ਦੇਵੀ-ਕਥਾ ਤੋਂ ਲਿਆ ਗਿਆ ਹੈ, ਬਾਕੀ ਸਭ ਕੁਝ ਮੌਲਿਕ ਹੈ।

     ਇਸ ਵਾਰ ਵਿੱਚ ਪਹਿਲੀ ਪਉੜੀ ਮੰਗਲਾਚਰਨ ਦੀ ਹੈ। ਇਸ ਨੂੰ ਸਿੱਖ ਜਗਤ ਦੀ ਅਰਦਾਸ ਦੇ ਅਰੰਭ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ , ਜਿਵੇਂ :

ਪ੍ਰਥਮਿ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ।...

          ਸਭ ਥਾਈਂ ਹੋਇ ਸਹਾਇ।1।

     ਇਸ ਦੀ ਦੂਜੀ ਪਉੜੀ ਵਿੱਚ ਪਰਮ ਸੱਤਾ ਨੂੰ ਸੰਬੋਧਿਤ ਕਰਦਿਆਂ ਕਿਹਾ ਗਿਆ ਹੈ ਕਿ ਪਹਿਲਾਂ ਖੰਡੇ (ਸ਼ਕਤੀ) ਦੀ ਸਿਰਜਣਾ ਹੋਈ ਅਤੇ ਫਿਰ ਉਸ ਤੋਂ ਸਾਰੇ ਸੰਸਾਰ ਦੀ ਰਚਨਾ ਹੋਈ। ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਨੂੰ ਰਚਨ ਤੋਂ ਬਾਅਦ ਕੁਦਰਤ ਦੀ ਲੀਲ੍ਹਾ ਦੀ ਰਚਨਾ ਕਰ ਦਿੱਤੀ ਗਈ। ਫਿਰ ਦੇਵਤੇ ਅਤੇ ਦੈਂਤ ਪੈਦਾ ਕੀਤੇ ਗਏ ਅਤੇ ਉਹਨਾਂ ਦਾ ਪਰਸਪਰ ਦ੍ਵੰਦ ਚੱਲ ਪਿਆ। ਇਸ ਤੋਂ ਬਾਅਦ ਦੁਰਗਾ, ਰਾਮ, ਕ੍ਰਿਸ਼ਨ, ਮੁਨੀ ਆਦਿ ਹੋਂਦ ਵਿੱਚ ਆਏ।

     ਤੀਜੀ ਪਉੜੀ ਵਿੱਚ ਮਹਿਖਾਸੁਰ ਦੈਂਤ ਦੀ ਉਤਪਤੀ ਅਤੇ ਉਸ ਦੁਆਰਾ ਦੇਵਤਿਆਂ ਨੂੰ ਜਿਤਣ ਅਤੇ ਇੰਦਰ ਨੂੰ ਰਾਜਧਾਨੀ ਤੋਂ ਬਾਹਰ ਕੱਢਣ ਅਤੇ ਉਸ ਦੀ ਸਹਾਇਤਾ ਲਈ ਦੇਵੀ ਪਾਸ ਜਾਣ ਦੀਆਂ ਘਟਨਾਵਾਂ ਦਾ ਚਿਤਰਨ ਹੋਇਆ ਹੈ। ਚੌਥੀ ਪਉੜੀ ਵਿੱਚ ਨ੍ਹਾਉਣ ਨੂੰ ਨਿਕਲੀ ਦੇਵੀ ਨਾਲ ਇੰਦਰ ਦੀ ਮੁਲਾਕਾਤ, ਇੰਦਰ ਵੱਲੋਂ ਆਪਣੀ ਬਿਪਤਾ ਦਾ ਵਰਣਨ ਅਤੇ ਦੇਵੀ ਦੀ ਸ਼ਰਨ ਵਿੱਚ ਆਉਣ ਦੀਆਂ ਗੱਲਾਂ ਕਹੀਆਂ ਗਈਆਂ ਹਨ। ਪੰਜਵੀਂ ਪਉੜੀ ਵਿੱਚ ਦੁਰਗਾ ਵੱਲੋਂ ਦੇਵਤਿਆਂ ਦੀ ਸਹਾਇਤਾ ਦੀ ਪ੍ਰਤਿੱਗਿਆ ਦੱਸੀ ਗਈ ਹੈ।

     ਛੇਵੀਂ ਪਉੜੀ ਤੋਂ 20ਵੀਂ ਪਉੜੀ ਤੱਕ ਦੁਰਗਾ ਅਤੇ ਦੈਂਤਾਂ ਦੇ ਯੁੱਧ ਦਾ ਵਰਣਨ ਹੁੰਦਾ ਹੈ। ਦੇਵੀ ਦੈਂਤਾਂ ਦੇ ਜੁੱਟਾਂ ਨਾਲ ਵੀ ਲੜਦੀ ਹੈ ਅਤੇ ਇੱਕ ਇਕੱਲੇ ਦੈਂਤ ਨਾਲ ਵੀ। ਮਹਿਖਾਸੁਰ ਨਾਲ ਉਸ ਦਾ ਯੁੱਧ ਵਿਸ਼ੇਸ਼ ਰੂਪ ਵਿੱਚ ਚਿਤਰਿਆ ਗਿਆ ਹੈ। ਮਹਿਖਾਸੁਰ ਨੂੰ ਮਾਰਨ ਉਪਰੰਤ ਦੇਵੀ ਅਲੋਪ ਹੋ ਜਾਂਦੀ ਹੈ ਅਤੇ ਲੋੜ ਪੈਣ `ਤੇ ਦੇਵਤਿਆਂ ਦੀ ਸਹਾਇਤਾ ਕਰਨ ਦਾ ਵਿਸ਼ਵਾਸ ਦੇ ਜਾਂਦੀ ਹੈ।

     ਇੱਕੀਵੀਂ ਪਉੜੀ ਵਿੱਚ ਸ਼ਿਵ ਦੇ ਵਰਦਾਨ ਨਾਲ ਸ਼ੁੰਭ ਅਤੇ ਨਿਸ਼ੁੰਭ ਨਾਂ ਦੇ ਦੋ ਦੈਂਤ ਭਰਾ ਜਨਮ ਲੈਂਦੇ ਹਨ। ਉਹ ਇੰਦਰ ਦੀ ਰਾਜਧਾਨੀ ਉੱਤੇ ਕਬਜ਼ਾ ਕਰਨ ਦਾ ਮਨ ਬਣਾਉਂਦੇ ਹਨ। 22 ਤੋਂ 25 ਪਉੜੀਆਂ ਤੱਕ ਦੈਂਤਾਂ ਦੀਆਂ ਫ਼ੌਜਾਂ ਦਾ ਇਕੱਠ ਅਤੇ ਯੁੱਧ ਲਈ ਤਿਆਰੀ, ਯੁੱਧ ਵਿੱਚ ਦੇਵਤਿਆਂ ਦੀ ਹਾਰ ਅਤੇ ਉਹਨਾਂ ਦਾ ਭੱਜ ਕੇ ਦੇਵੀ ਪਾਸ ਸਹਾਇਤਾ ਲਈ ਜਾਣਾ ਅਤੇ ਯੁੱਧ ਲਈ ਪ੍ਰੇਰਿਤ ਕਰਨਾ ਆਦਿ ਗੱਲਾਂ ਦਾ ਚਿਤਰਨ ਹੋਇਆ ਹੈ।

     26 ਤੋਂ 29 ਪਉੜੀਆਂ ਤੱਕ ਦੇਵੀ ਅਤੇ ਧੂਮ੍ਰਲੋਚਨ ਨਾਂ ਦੇ ਦੈਂਤ ਦੇ ਘੋਰ ਯੁੱਧ ਦਾ ਵਰਣਨ ਹੈ। ਉਸ ਦੇ ਮਾਰੇ ਜਾਣ ਤੋਂ ਬਾਅਦ ਬਚੀ-ਖੁਚੀ ਦੈਂਤ ਸੈਨਾ ਸ਼ੁੰਭ ਰਾਜੇ ਪਾਸ ਜਾ ਕੇ ਸਾਰੀ ਸਥਿਤੀ ਬਾਰੇ ਦੱਸਦੀ ਹੈ। 30 ਤੋਂ 32 ਪਉੜੀਆਂ ਵਿੱਚ ਦੈਂਤ ਰਾਜੇ ਵੱਲੋਂ ਚੰਡ ਅਤੇ ਮੁੰਡ ਨਾਂ ਦੇ ਦੈਂਤ ਨਾਇਕਾਂ ਨੂੰ ਯੁੱਧ ਲਈ ਭੇਜਿਆ ਜਾਂਦਾ ਹੈ। ਦੇਵੀ ਨਾਲ ਉਹਨਾਂ ਦਾ ਘੋਰ ਯੁੱਧ ਹੁੰਦਾ ਹੈ। ਉਹ ਦੋਵੇਂ ਦੇਵੀ ਹੱਥੋਂ ਮਾਰੇ ਜਾਂਦੇ ਹਨ।

     33 ਤੋਂ 43 ਪਉੜੀਆਂ ਵਿੱਚ ਦੈਂਤ ਰਾਜੇ ਵੱਲੋਂ ਰਕਤਬੀਜ ਨੂੰ ਦੇਵੀ ਨਾਲ ਯੁੱਧ ਕਰਨ ਲਈ ਭੇਜਿਆ ਜਾਂਦਾ ਹੈ। ਉਸ ਦੀਆਂ ਲਹੂ ਦੀਆਂ ਬੂੰਦਾਂ ਤੋਂ ਹੋਰ ਦੈਂਤ ਪੈਦਾ ਹੋ ਜਾਂਦੇ ਹਨ। ਇਸ ਤਰ੍ਹਾਂ ਦੈਂਤਾਂ ਦੀ ਹੋ ਰਹੀ ਉਤਪਤੀ ਨੂੰ ਰੋਕਣ ਲਈ ਦੇਵੀ ਦੇ ਮੱਥੇ ਤੋਂ ਕਾਲੀ ਪ੍ਰਗਟ ਹੁੰਦੀ ਹੈ। ਉਹ ਰਕਤਬੀਜ ਦੇ ਲਹੂ ਨੂੰ ਪੀ ਕੇ ਹੋਰ ਦੈਂਤਾਂ ਦੀ ਉਪਜ ਬੰਦ ਕਰ ਦਿੰਦੀ ਹੈ ਅਤੇ ਫਿਰ ਦੋਵੇਂ ਦੇਵੀਆਂ ਰਲ ਕੇ ਰਕਤਬੀਜ ਨੂੰ ਮਾਰ ਦਿੰਦੀਆਂ ਹਨ।

     44 ਤੋਂ 50 ਪਉੜੀਆਂ ਤੱਕ ਨਿਸ਼ੁੰਭ ਅਤੇ ਦੇਵੀ ਦਾ ਭਿਆਨਕ ਯੁੱਧ ਹੁੰਦਾ ਹੈ। ਅਖੀਰ ਵਿੱਚ ਲੜਾਈ ਕਰਦਾ ਹੋਇਆ ਨਿਸ਼ੁੰਭ ਘੋੜੇ ਉੱਤੋਂ ਡਿਗ ਕੇ ਮਰ ਜਾਂਦਾ ਹੈ। ਉਸ ਦੀ ਬਹਾਦਰੀ ਦਾ ਜਸ ਗਾਇਆ ਜਾਂਦਾ ਹੈ :

ਬੀਰ ਪਲਾਣੋ ਡਿਗਿਆ ਕਰਿ ਸਿਜਦਾ ਸੁੰਭ ਸੁਜਾਣ ਕਉ।

          ਸਾਬਾਸ ਸਲੋਣੇ ਖਾਨ ਕਉ। ਸਦ ਸਾਬਾਸ ਤੇਰੇ ਤਾਣ ਕਉ।

     51 ਤੋਂ 54 ਪਉੜੀਆਂ ਵਿੱਚ ਸ਼ੁੰਭ ਅਤੇ ਦੇਵੀ ਦੀ ਭਿਆਨਕ ਲੜਾਈ ਦਾ ਵਰਣਨ ਹੈ। ਯੁੱਧ ਭੂਮੀ ਵਿੱਚ ਆਪਣੀ ਵੀਰਤਾ ਨੂੰ ਦਰਸਾਉਂਦਾ ਦੈਂਤ ਰਾਜਾ ਮਾਰਿਆ ਜਾਂਦਾ ਹੈ। 55ਵੀਂ ਪਉੜੀ ਵਿੱਚ ਸ਼ੁੰਭ ਅਤੇ ਨਿਸ਼ੁੰਭ ਦੇ ਮਾਰੇ ਜਾਣ ਤੋਂ ਬਾਅਦ ਇੰਦਰ ਨੂੰ ਰਾਜ-ਗੱਦੀ ਉੱਤੇ ਬਿਠਾਇਆ ਜਾਂਦਾ ਹੈ। ਦੇਵੀ ਦੀ ਬਹਾਦਰੀ ਦਾ ਜਸ ਚੌਦਾਂ ਲੋਕਾਂ ਵਿੱਚ ਛਾ ਜਾਂਦਾ ਹੈ। ਇਸ ਤੋਂ ਬਾਅਦ ਇਸ ਵਾਰ ਦੇ ਪੜ੍ਹਨ ਦਾ ਮਹਾਤਮ ਦੱਸਿਆ ਗਿਆ ਹੈ :

ਦੁਰਗਾ ਪਾਠ ਬਣਾਇਆ ਸਭੇ ਪਉੜੀਆਂ।

          ਫੇਰ ਨ ਜੂਨੀ ਆਇਆ ਜਿਨ ਇਹ ਗਾਇਆ।55।

     ਸਪਸ਼ਟ ਹੈ ਕਿ ਦੇਵੀ ਦੀ ਪੌਰਾਣਿਕ ਕਥਾ ਤੋਂ ਕੇਵਲ ਘਟਨਾ-ਸੂਤਰ ਲਏ ਗਏ ਹਨ, ਬਾਕੀ ਸਾਰਾ ਯੁੱਧ- ਵਰਣਨ ਹੈ। ਇਹ ਯੁੱਧ ਬੜੇ ਸਜੀਵ ਢੰਗ ਵਿੱਚ ਚਿੱਤਰ ਕੇ ਪਾਠਕਾਂ ਸਾਮ੍ਹਣੇ ਯੁੱਧ-ਭੂਮੀ ਦਾ ਨਕਸ਼ਾ ਖਿੱਚ ਦਿੱਤਾ ਗਿਆ ਹੈ। ਪਰ ਮਜ਼ੇਦਾਰ ਗੱਲ ਇਹ ਹੈ ਕਿ ਨਵੀਆਂ- ਨਵੀਆਂ ਸੁਖਦਾਇਕ ਉਪਮਾਵਾਂ ਰਾਹੀਂ ਕਵੀ ਨੇ ਯੁੱਧ ਦੇ ਦ੍ਰਿਸ਼ਾਂ ਦਾ ਮੁਕਾਬਲਾ ਦਿਲਕਸ਼ ਦ੍ਰਿਸ਼ਾਂ ਨਾਲ ਕੀਤਾ ਹੈ। ਉਦਾਹਰਨ ਵਜੋਂ ਰਕਤਬੀਜ ਦੇ ਦੇਵਤਾ-ਸੈਨਾ ਵੱਲੋਂ ਘਿਰੇ ਹੋਣ ਦੀ ਸਥਿਤੀ ਨੂੰ ਕਵੀ ਨੇ ਬੜੇ ਸੁਖਦ ਦ੍ਰਿਸ਼ਾਂ ਨਾਲ ਤੁਲਨਾਇਆ ਹੈ :

ਦੁਹਾਂ ਕੰਧਾਰਾ ਮੁਹ ਜੁੜੇ ਅਣੀਆ ਚੋਈਆ।

ਧੂਹਿ ਕ੍ਰਿਪਾਨਾ ਤਿਖੀਆ ਨਾਲਿ ਲੋਹੂ ਧੋਈਆ।

ਹੂਰਾ ਸ੍ਰੋਣਤ ਬੀਜ ਨੋ ਘਤਿ ਘੇਰ ਖਲੋਈਆ।

          ਲਾੜਾ ਵੇਖਣਿ ਲਾੜੀਆ ਚਉਗਿਰਦੈ ਹੋਈਆਂ।42।

     ਸਿਰਖੰਡੀ ਅਤੇ ਨਿਸ਼ਾਨੀ ਨਾਂ ਦੇ ਪਉੜੀ-ਛੰਦਾਂ ਵਿੱਚ ਲਿਖੀ ਇਹ ਵਾਰ ਪੰਜਾਬੀ ਦੀ ਬੜੀ ਸਫਲ ਅਤੇ ਸ਼ਲਾਘਾਯੋਗ ਵਾਰ ਹੈ। ਇਸ ਵਿੱਚ ਸੂਰਬੀਰਤਾ ਦਾ ਪ੍ਰਦਰਸ਼ਨ ਹੋਇਆ ਹੈ। ਉਸ ਵੇਲੇ ਦੇ ਸੈਨਿਕਾਂ ਨੂੰ ਇਸ ਤੋਂ ਬਹੁਤ ਉਤਸ਼ਾਹ ਮਿਲਦਾ ਸੀ। ਨਿਹੰਗ ਸਿੰਘਾਂ ਵਿੱਚ ਇਹ ਬਹੁਤ ਮਕਬੂਲ ਹੈ। ਉਹ ਅੰਮ੍ਰਿਤਪਾਨ ਕਰਨ ਵੇਲੇ ਵੀ ਇਸ ਦਾ ਪਾਠ ਕਰਦੇ ਹਨ। ਨਾਮਧਾਰੀ ਸਿੰਘਾਂ ਦੀ ਵੀ ਇਸ ਵਾਰ ਪ੍ਰਤਿ ਅਪਾਰ ਸ਼ਰਧਾ ਹੈ। ਪੰਜਾਬੀ ਭਾਸ਼ਾ ਵਿੱਚ ਰਚੀ ਇਹ ਵਾਰ ਸੂਰਮਿਆਂ ਦੇ ਹਿਰਦੇ ਵਿੱਚ ਵੀਰਤਾ ਦਾ ਸੰਚਾਰ ਕਰਦੀ ਹੈ।


ਲੇਖਕ : ਰਤਨ ਸਿੰਘ ਜੱਗੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 23287, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਚੰਡੀ ਦੀ ਵਾਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੰਡੀ ਦੀ ਵਾਰ. ਦਸਮਗ੍ਰੰਥ ਵਿੱਚ ਦੋ ਚੰਡੀਰਿਤ੍ਰਾਂ ਪਿੱਛੇ ਪੌੜੀਛੰਦ ਵਿੱਚ ਲਿਖੀ ਪੰਜਾਬੀ ਕਵਿਤਾ, ਜਿਸ ਵਿੱਚ ਦੁਰਗਾ ਦੀ ਯੁੱਧਕਥਾ ਹੈ. ਇਸ ਦਾ ਨਾਮ “ਭਗੌਤੀ ਕੀ ਵਾਰ” ਭੀ ਹੈ. ਦੇਖੋ, ਚੰਡੀ ਚਰਿਤ੍ਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21775, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੰਡੀ ਦੀ ਵਾਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਚੰਡੀ ਦੀ ਵਾਰ: ਵੇਖੋ ‘ਵਾਰ ਦੁਰਗਾ ਕੀ ’।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21630, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਚੰਡੀ ਦੀ ਵਾਰ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੰਡੀ ਦੀ ਵਾਰ: (ਚੰਡੀ ਦੇਵੀ ਦੀ ਵੀਰ ਗਾਥਾ) ਜਾਂ, ਇਸ ਨੂੰ ਸਹੀ ਸਿਰਲੇਖ ਦੇਈਏ ਤਾਂ ਵਾਰ ਸ੍ਰੀ ਭਗੌਤੀ ਜੀ ਕੀ, ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ ਅਤੇ ਇਹ ਦਸਮ ਗ੍ਰੰਥ ਵਿਚ ਸ਼ਾਮਲ ਕੀਤੀ ਗਈ ਹੈ। ਇਹ ਇਕ ਪਾਸੇ ਚੰਡੀ ਅਤੇ ਹੋਰ ਦੇਵਤਿਆਂ ਅਤੇ ਦੂਜੇ ਪਾਸੇ ਦੈਂਤਾਂ ਵਿਚਕਾਰ ਲੜਾਈ ਦੀ ਕਹਾਣੀ ਹੈ। ਕਵਿਤਾ ਵਿਚ ਚੰਗਿਆਈ ਅਤੇ ਬੁਰਿਆਈ ਵਿਚਕਾਰ ਸਦੀਵੀ ਲੜਾਈ ਨੂੰ ਰੂਪਕਮਈ ਬਣਾ ਦਿੱਤਾ ਗਿਆ ਹੈ। ਇਸ ਕਥਾ ਦਾ ਸਰੋਤ ਮਾਰਕੰਡੇਯ-ਪੁਰਾਣ ਦਾ ਇਕ ਭਾਗ ‘‘ਦੇਵੀ ਮਹਾਤਮਯ” ਹੈ।ਇਸ ਪਿੱਛੋਂ ਕਹਾਣੀ ਸ਼ੁਰੂ ਹੁੰਦੀ ਹੈ, ਮੁੱਖ ਰੂਪ ਵਿਚ ਕਲਾਸਕੀ ਵਰਨਨ ਸ਼ੁਰੂ ਹੁੰਦਾ ਹੈ, ਭਾਵੇਂ ਕਿ ਪ੍ਰਮੁਖ ਦਿਲਚਸਪੀ ਚੰਡੀ ਦੇ ਚਰਿੱਤਰ ਵਿਚ ਹੀ ਹੈ ਜਿਹੜਾ ਕਵੀ ਦੇ ਕਰਤਾਰੀ ਹੁਨਰ ਰਾਹੀਂ ਇਸ ਦੇ ਮਿਥਿਹਾਸਿਕ ਉਦਭਵ ਨੂੰ ਅਸਲੀਅਤ ਅਤੇ ਪਕਿਆਈ ਪ੍ਰਦਾਨ ਕਰਦਾ ਹੈ। ਪੰਜਾਬੀ ਵਿਚ ਵਾਰ, ਦਸਮ ਗ੍ਰੰਥ ਵਿਚ ਚੰਡੀ ਬਾਰੇ ਤਿੰਨ ਰਚਨਾਂਵਾਂ ਵਿਚੋਂ ਇਕ ਹੈ, ਦੂਸਰੀਆਂ ਬ੍ਰਜ ਭਾਸ਼ਾ ਵਿਚ ਹਨ।

     ਹਿੰਦੂ ਮਿਥਿਹਾਸ ਵਿਚ ਤਬਾਹੀ (ਨਾਸ਼) ਦੇ ਦੇਵਤੇ ਸ਼ਿਵ ਦੀ ਪਤਨੀ ਚੰਡੀ ਅੱਠ ਭੁਜਾਂ ਵਾਲੀ ਦੇਵੀ ਹੈ ਜੋ ਦੁਰਗਾ ਜਾਂ ਭਗੌਤੀ ਦੇ ਨਾਂ ਨਾਲ ਵੀ ਜਾਣੀ ਜਾਂਦੀ ਹੈ। ਇਸ ਅਖੀਰਲੇ ਨਾਂ ਦੇ ਕਈ ਅਰਥ ਹਨ: ਇਹ ਚੰਡੀ ਅਤੇ ਤਲਵਾਰ ਦੋਵਾਂ ਲਈ ਵਰਤਿਆ ਜਾਂਦਾ ਹੈ, ਗੁਰੂ ਗੋਬਿੰਦ ਸਿੰਘ ਅਨੁਸਾਰ, ਇਹ ਸ਼ਕਤੀ ਅਤੇ ਅੰਤਿਮ ਰੂਪ ਵਿਚ ਇਕ ਅਕਾਲ ਲਈ ਵਰਤਿਆ ਜਾਂਦਾ ਹੈ। ਸਿੱਖ ਧਰਮ ਪੂਰਨ ਰੂਪ ਵਿਚ ਏਕੇਸ਼ਵਰਵਾਦੀ ਹੈ ਅਤੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਨੌਂ ਅਧਿਆਤਮਿਕ ਪੂਰਵਜਾਂ ਦੀ ਤਰ੍ਹਾਂ ਸਾਰੇ ਅਵਤਾਰਾਂ ਅਤੇ ਮੂਰਤੀ ਨੂੰ ਛੱਡ ਕੇ ਇਕ ਪਰਮਾਤਮਾ ਵਿਚ ਦ੍ਰਿੜ ਵਿਸ਼ਵਾਸ ਕੀਤਾ ਹੈ। ਉਹਨਾਂ ਨੇ ਦੈਂਤਾਂ ਦੇ ਖ਼ਿਲਾਫ਼ ਦੁਰਗਾ ਦੇ ਹੌਂਸਲੇ ਦੀ ਪੌਰਾਣਿਕ ਕਹਾਣੀ ਨੂੰ, ਜੰਗੀ ਮਹੱਤਤਾ ਦਰਸਾਉਣ ਲਈ ਚੁਣਿਆ ਹੈ।

     ਇਹ ਵਾਰ ਪਰਮਾਤਮਾ ਦੇ ਚਿੰਨਾਤਮਿਕ ਰੂਪ ਤਲਵਾਰ ਦੇ ਮੰਗਲਾਚਰਨ ਨਾਲ ਸ਼ੁਰੂ ਹੁੰਦੀ ਹੈ ਅਤੇ ਫਿਰ ਪਹਿਲੇ ਨੌਂ ਗੁਰੂ ਸਾਹਿਬਾਨ ਦੀ ਉਪਮਾ ਨਾਲ ਸ਼ੁਰੂ ਹੁੰਦੀ ਹੈ। ਕਵਿਤਾ ਦਾ ਇਹ ਹਿੱਸਾ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਦੇ ਮੰਗਲਾਚਰਨ ਨਾਲ, ਮੌਜੂਦਾ ਸਿੱਖ ਅਰਦਾਸ ਦੇ ਸ਼ੁਰੂ ਦਾ ਹਿੱਸਾ ਬਣਦਾ ਹੈ। ਕਹਾਣੀ ਦੈਂਤਾਂ ਦਾ ਦੇਵਤਿਆਂ ਨੂੰ ਹਰਾਉਣ ਅਤੇ ਜਿੱਥੇ ਇਕ ਵਾਰੀ ਦੇਵਤਿਆਂ ਨੇ ਰਾਜ ਕੀਤਾ ਸੀ ਉੱਥੇ ਆਪਣਾ ਰਾਜ ਕਾਇਮ ਕਰਨ ਤੋਂ ਹੁੰਦੀ ਹੈ। ਸਤਜੁਗ, ਸੱਚ ਦਾ ਸਮਾਂ , ਲੰਘ ਚੁੱਕਾ ਹੈ ਅਤੇ ਇਹ ਤ੍ਰੇਤਾ-ਸੱਚ ਦਾ ਸਮਾਂ ਨਹੀਂ ਹੈ। ਸੰਸਾਰ ਵਿਚ ਬਹੁਤ ਮੱਤ-ਭੇਦ ਹਨ; ਨਾਰਦ-ਜੋ ਮਨੋਵੇਗ ਉਤੇਜਤ ਕਰਨ ਲਈ ਮੰਨਿਆ ਗਿਆ ਹੈ-ਬਾਹਰ ਹੈ। ਦੇਵਤੇ ਆਪਣੀ ਬੇਵਸੀ ਜਾਂ ਲਾਚਾਰਗੀ ਕਰਕੇ ਕੈਲਾਸ਼ ਪਰਬਤ ਤੇ ਚੱਲੇ ਗਏ ਜਿੱਥੇ ਦੁਰਗਾ ਰਹਿੰਦੀ ਹੈ। ਉਹਨਾਂ ਦਾ ਆਗੂ , ਰਾਜਾ ਇੰਦਰ ਦੇਵੀ ਨੂੰ ਮਦਦ ਕਰਨ ਲਈ ਬੇਨਤੀ ਕਰਦਾ ਹੈ: ‘‘ਦੇਵੀ ਦੁਰਗਸ਼ਾਹ! ਸਾਨੂੰ ਤੁਹਾਡੀ ਮਦਦ ਦੀ ਲੋੜ ਹੈ।`` ਆਪਣੇ ਦੈਂਤ ਖਾਣੇ ਸ਼ੇਰ ਤੇ ਸਵਾਰ ਹੋ ਕੇ ਦੁਰਗਾ ਇਕ ਦਮ ਬੁਰਾਈ ਕਰਨ ਵਾਲਿਆਂ ਦੇ ਖ਼ਾਤਮੇ ਲਈ ਚੱਲ ਪੈਂਦੀ ਹੈ। ਭਿਆਨਕ ਜੰਗ ਸ਼ੁਰੂ ਹੁੰਦੀ ਹੈ ਅਤੇ ਨਗਾਰੇ ਦੇ ਸ਼ੋਰ, ਬੰਦੂਕਾਂ ਦੇ ਚੱਲਣ ਅਤੇ ਜੰਗ ਦੀਆਂ ਭਿਆਨਕ ਚੀਕਾਂ ਨਾਲ ਅਸਮਾਨ ਫਟਣ ਵਾਲਾ ਹੋ ਜਾਂਦਾ ਹੈ। ਤਲਵਾਰਾਂ ਅਤੇ ਬਰਛਿਆਂ ਦੀ ਅੱਖਾਂ ਚੁੰਧਿਆਉਣ ਵਾਲੀ ਚਮਕ ਵਿਚ ਸੂਰਜ ਦਿਸਣੋਂ ਬੰਦ ਹੋ ਜਾਂਦਾ ਹੈ। ਜੰਗ ਦੀ ਡਰਾਉਣੀ ਘਬਰਾਹਟ ਵਿਚ ਯੋਧੇ ਦਰਦ ਨਾਲ ਧਰਤੀ ਤੇ ਇੰਜ ਡਿੱਗਦੇ ਹਨ ਜਿਵੇਂ ਸ਼ਰਾਬੀ ਮਸਤ ਹੋਏ ਡਿੱਗਦੇ ਹੋਣ ।ਬਰਛੀਆਂ ਵਿਚ ਪਰੋਏ ਹੋਏ ਸੂਰਬੀਰ ਇੰਜ ਲੱਗਦੇ ਹਨ ਜਿਵੇਂ ਟਹਿਣੀ ਤੇ ਔਲੇ ਚੰਬੜੇ ਹੋਣ। ਡਿੱਗੇ ਯੋਧੇ ਮਮਟੀਆਂ ਅਤੇ ਮੀਨਾਰਾਂ ਦੇ ਬਿਜਲੀ ਨਾਲ ਡਿੱਗਣ ਦੀ ਤਰ੍ਹਾਂ ਜਾਪਦੇ ਹਨ। ਦੈਂਤ ਬਹੁਤ ਦ੍ਰਿੜ ਵਿਸ਼ਵਾਸ ਨਾਲ ਲੜਦੇ ਹਨ ਅਤੇ ਉਹਨਾਂ ਵਿਚੋਂ ਇਕ ਵੀ ਮੈਦਾਨ ਵਿਚੋਂ ਭੱਜਿਆ ਜਾਂਦਾ ਨਹੀਂ ਦੇਖਿਆ। ਉਹਨਾਂ ਦੀਆਂ ਇਸਤਰੀਆਂ ਉੱਚੇ ਥਾਂ ਤੋਂ ਖ਼ੂਨੀ ਨਜ਼ਾਰੇ ਦੇਖਦੀਆਂ ਹਨ ਅਤੇ ਦੇਵੀ ਦੇ ਹੈਰਾਨਕੁਨ ਹੌਂਸਲੇ ਤੇ ਬਹੁਤ ਹੈਰਾਨ ਹਨ।

     ਦੁਰਗਾ ਦੇ ਹੱਥਾਂ ਵਿਚ ਤਲਵਾਰ ਨਿਧੜਕ ਦੁਸ਼ਮਣ ਉੱਤੇ ਮੌਤ ਦਾ ਮੀਂਹ ਵਰਾਉਂਦੀ ਨੱਚ ਰਹੀ ਹੈ। ਦੈਂਤ ਗੁੱਸੇ ਵਿਚ ਆ ਕੇ ਕਾਲੇ ਬੱਦਲਾਂ ਦੀ ਤਰ੍ਹਾਂ ਉਸ ਉੱਤੇ ਟੁੱਟ ਪੈਂਦੇ ਹਨ। ਇਕ ਸ਼ਕਤੀਸ਼ਾਲੀ ਮਹਿਖਾਸੁਰ ਬਹੁਤ ਗੁੱਸੇ ਵਿਚ ਆਉਂਦਾ ਹੈ ਪਰੰਤੂ ਦੁਰਗਾ ਉਸ ਉੱਤੇ ਇੰਨੇ ਜ਼ੋਰ ਨਾਲ ਵਾਰ ਕਰਦੀ ਹੈ ਕਿ ਉਸ ਦੀ ਤਲਵਾਰ ਉਸਦੇ ਸਿਰ ਦੇ ਟੋਪ ਨੂੰ ਟੁਕੜੇ ਕਰਕੇ ਘੋੜੇ ਦੇ ਸਰੀਰ ਅਤੇ ਧਰਤੀ ਵਿਚੋਂ ਲੰਘ ਕੇ (ਧਰਤੀ ਨੂੰ ਚੁੱਕੀ ਬੈਠੇ) ਬਲਦ ਦੇ ਸਿੰਗਾਂ ਤੇ ਜਾ ਟਿਕਦੀ ਹੈ। ਰਾਣੀ , ਆਪਣੇ ਸੁੰਦਰ ਸ਼ੇਰ ਤੇ ਬੈਠੀ, ਦੈਂਤਾਂ ਦੇ ਝੁੰਡ ਨੂੰ ਆਪਣੀ ਮੌਤ ਰੂਪੀ ਤਲਵਾਰ ਨਾਲ ਚੀਰਦੀ ਹੋਈ ਦੈਂਤਾਂ ਨੂੰ ਖ਼ਤਮ ਕਰਦੀ ਜਾਂਦੀ ਹੈ।‘‘ਦੁਰਗਾ ਨੇ ਰੱਬ ਦੀ ਕਿਰਪਾ ਸਦਕਾ ਜਿੱਤ ਪ੍ਰਾਪਤ ਕੀਤੀ।`` ਦੇਵਤਿਆਂ ਨੂੰ ਉਹਨਾਂ ਦੀ ਖ਼ੁੱਸੀ ਹੋਈ ਬਾਦਸ਼ਾਹਤ ਵਾਪਸ ਦੇ ਕੇ ਉਹ ਮੁੜ ਜਾਂਦੀ ਹੈ। ਪਰੰਤੂ ਦੇਵਤਿਆਂ ਦੀ ਸਮੱਸਿਆ ਅਜੇ ਖ਼ਤਮ ਨਹੀਂ ਹੁੰਦੀ। ਦੈਂਤ ਦੁਬਾਰਾ ਫਿਰ ਆਪਣੇ ਮੁਖੀਆਂ , ਸ਼ੁੰਭ ਅਤੇ ਨਿਸ਼ੁੰਭ ਦੇ ਨਾਲ ਮਿਲਦੇ ਹਨ ਅਤੇ ਇੰਦਰ ਦੀ ਰਾਜਧਾਨੀ ਵੱਲ ਕੂਚ ਕਰ ਦਿੰਦੇ ਹਨ। ਦੇਵਤੇ ਫਿਰ ਹਾਰ ਜਾਂਦੇ ਹਨ ਅਤੇ ਦੁਰਗਾ ਦੀ ਮਦਦ ਲੈਣ ਲਈ ਮਜਬੂਰ ਕੀਤੇ ਜਾਂਦੇ ਹਨ। ਦੇਵੀ ਇਕ ਹੋਰ ਲੜਾਈ ਲਈ ਤਿਆਰ ਹੋ ਜਾਂਦੀ ਹੈ।

     ਚੰਡੀ-ਕਵਿਤਾ ਵਿਚ ਇਕ ਹੋਰ ਨਾਂ ਜੋ ਦੁਰਗਾ ਲਈ ਵਰਤਿਆ ਹੈ-ਜੰਗ ਦੇ ਮੈਦਾਨ ਵਿਚ ਭਿਆਨਕ ਲਸ਼ਕਰ ਉੱਤੇ ਬਿਜਲੀ ਦੀ ਤਰ੍ਹਾਂ ਚਮਕਦੀ ਹੈ। ਯੁੱਧ ਦੇ ਨੇਤਾ ਜਿਵੇਂ ਲੋਚਨ ਧੂਮਰ ਦੇਵੀ ਦੇ ਹੌਂਸਲੇ ਦਾ ਮੁਕਾਬਲਾ ਕਰਨ ਲਈ ਅੱਗੇ ਆਉਂਦੇ ਹਨ, ਪਰੰਤੂ ਸਾਰੇ ਇਕ-ਇਕ ਕਰਕੇ ਉਸਦੀ ਤਲਵਾਰ ਦਾ ਸ਼ਿਕਾਰ ਹੁੰਦੇ ਹਨ। ਸ਼ੁੰਭ ਲੜਾਈ ਦਾ ਮੁਕਾਬਲਾ ਕਰਨ ਲਈ ਤਾਜ਼ਾ ਫ਼ੌਜਾਂ ਨੂੰ ਭੇਜਦਾ ਹੈ। ਦੇਵੀ ਉਹਨਾਂ ਉੱਤੇ ਗੁੱਸੇ ਦੇ ਬਾਣ ਮਾਰ ਕੇ ਕਈ ਦੈਂਤਾਂ ਨੂੰ ਸਦਾ ਦੀ ਨੀਂਦ ਸੁਆ ਦਿੰਦੀ ਹੈ। ਦੁਰਗਾ ਸ਼ੇਰ ਦੀ ਸਵਾਰੀ ਕਰਦੀ ਹੈ ਜਦੋਂ ਉਹ ਕਰੂਰ ਸ਼ੋਰ ਸੁਣਦੀ ਹੈ ਤਾਂ ਜੰਗ ਦਾ ਝੰਡਾ ਆਪਣੇ ਹੱਥ ਲੈ ਕੇ ਆਪਣੀ ਫੌ਼ਜ ਦੀ ਅਗਵਾਈ ਕਰਦੀ ਹੈ। ਪਰੰਤੂ ਸ਼੍ਰਣਵਤ ਬੀਜ ਅਮਰ ਹੈ। ਉਸਦੇ ਖ਼ੂਨ ਦੇ ਕਤਰੇ ਜ਼ਮੀਨ ਤੇ ਡਿੱਗਦੇ ਹਨ ਅਤੇ ਲੜਾਈ ਕਰਨ ਲਈ ਉਸ ਵਿਚੋਂ ਦੈਂਤ ਪੈਦਾ ਹੁੰਦੇ ਹਨ। ਬਹੁਤ ਸਾਰੇ ਤਾਂ ਦੁਰਗਾ ਅਤੇ ਦੇਵਤਿਆਂ ਦੇ ਮਾਰਨ ਤੋਂ ਤੁਰੰਤ ਪਹਿਲਾਂ ਹੀ ਪੈਦਾ ਹੋ ਜਾਂਦੇ ਹਨ। ਦੇਵੀ ਗੁੱਸੇ ਵਿਚ ਕਾਲੀ ਨੂੰ ਯਾਦ ਕਰਦੀ ਹੈ ਜਿਹੜੀ ਉਸਦੇ ਮੱਥੇ ਵਿਚੋਂ ਅੱਗ ਦੀ ਲਾਟ ਦੀ ਤਰ੍ਹਾਂ ਨਿਕਲਦੀ ਹੈ। ਦੁਰਗਾ ਅਤੇ ਕਾਲੀ ਆਪਣੀਆਂ ਖ਼ੂਨੀ ਤਲਵਾਰਾਂ ਨਾਲ ਦੁਸ਼ਮਣ ਦੀ ਫੌ਼ਜ ਦੀ ਤਬਾਹੀ ਮਚਾ ਰਹੀਆਂ ਹਨ। ਅੰਤ ਵਿਚ ਸ਼੍ਰਣਵਤ ਬੀਜ ਨੂੰ ਘੇਰ ਲਿਆ ਜਾਂਦਾ ਹੈ ਅਤੇ ‘‘ਉਸਦੇ ਦੁਆਲੇ ਤਲਵਾਰਾਂ ਦਾ ਘੇਰਾ , ਨਵੇਂ ਲਾੜੇ ਨੂੰ ਦੇਖਣ ਲਈ ਕੁੜੀਆਂ ਦੇ ਘੇਰੇ ਦੀ ਤਰ੍ਹਾਂ ਹੈ।`` ਕਾਲੀ ਦੁਰਗਾ ਦੇ ਵਾਰ ਨਾਲ ਡਿੱਗ ਰਹੇ ਖ਼ੂਨ ਨੂੰ ਪੀਂਦੀ ਹੈ ਤਾਂ ਕਿ ਕੋਈ ਵੀ ਖ਼ੂਨ ਦਾ ਕਤਰਾ ਧਰਤੀ ਤੇ ਨਾ ਡਿੱਗੇ, ਇਸ ਤਰ੍ਹਾਂ ਦੈਂਤ-ਯੋਧੇ ਪੈਦਾ ਹੋਣ ਤੋਂ ਬੰਦ ਹੋ ਜਾਂਦੇ ਹਨ।

     ਸ਼ੁੰਭ ਨੂੰ ਬਹੁਤ ਦੁੱਖ ਹੁੰਦਾ ਹੈ ਜਦੋਂ ਉਸਨੂੰ ਸ਼੍ਰਣਵਤ ਬੀਜ ਦੀ ਮੌਤ ਦਾ ਪਤਾ ਲੱਗਦਾ ਹੈ। ਗੁੱਸੇ ਨਾਲ ਭਰੇ ਦੈਂਤ ਬਦਲੇ ਲਈ ਤਿਆਰ ਹੁੰਦੇ ਹਨ। ਮਜ਼ਬੂਤ ਧਰਤੀ ਯੋਧਿਆਂ ਦੇ ਤੁਰਨ ਨਾਲ ਇਸ ਤਰ੍ਹਾਂ ਕੰਬਦੀ ਹੈ ਜਿਵੇਂ ਜਹਾਜ਼ ਸਮੁੰਦਰ ਵਿਚ ਤੂਫ਼਼ਾਨ ਵੇਲੇ ਡਿਕਡੋਲੇ ਖਾਂਦਾ ਹੈ। ਪਰੰਤੂ ਮੈਦਾਨੇ-ਜੰਗ ਵਿਚ ਦੁਰਗਸ਼ਾਹ ਅਜਿੱਤ ਹੈ। ਉਹ ਦੁਸ਼ਮਣ ਦੇ ਬੰਦਿਆਂ ਨੂੰ ਟਾਹਣੀਆਂ ਕੱਟਣ ਵਾਲਿਆਂ ਦੀ ਤਰ੍ਹਾਂ ਕੱਟਦੀ ਜਾ ਰਹੀ ਹੈ। ਉਹ ਜੋ ਕਦੇ ਵੀ ਜੰਗ ਕਰਦੇ ਥੱਕਦੇ ਨਹੀਂ ਸਨ ਆਪਣੇ ਪੇਟ ਭਰਨ ਤੋਂ ਵੀ ਵਧ ਮਾਰ ਚੁੱਕੇ ਸਨ। ਨਿਸ਼ੁੰਭ ਇਕ ਭਾਰੀ ‘ਕਮਾਨ` ਜੋ ਉਸਨੇ ਵਿਸ਼ੇਸ਼ ਤੌਰ ਤੇ ਮੁਲਤਾਨ ਤੋਂ ਮੰਗਵਾਈ ਸੀ ਲੈ ਕੇ ਇਕ ਤੇਜ਼ ਘੋੜੀ ਤੇ ਚੜ੍ਹ ਕੇ ਆਇਆ। ਇਸ ਤੋਂ ਪਹਿਲਾਂ ਕਿ ਉਹ ਆਪਣਾ ਨਿਸ਼ਾਨਾ ਬੰਨ੍ਹਦਾ, ਦੁਰਗਸ਼ਾਹ ਦੇ ਇਕ ਤਕੜੇ ਵਾਰ ਨਾਲ ਉਹ ਹੇਠਾਂ ਡਿੱਗ ਪਿਆ। ਇਸੇ ਤਰ੍ਹਾਂ ਸ਼ੁੰਭ ਨਾਲ ਹੋਇਆ। ਆਪਣੇ ਮੁਖੀਆਂ ਨੂੰ ਇਸ ਤਰ੍ਹਾਂ ਡਿੱਗਦਾ ਦੇਖ ਕੇ ਦੈਂਤਾਂ ਨੇ ਕੁਰਲਾਹਟ ਮਚਾ ਦਿੱਤੀ। ਉਹਨਾਂ ਨੇ ਆਪਣੇ ਘੋੜੇ ਛੱਡ ਦਿੱਤੇ ਅਤੇ ਹਥਿਆਰ ਸੁੱਟਣ ਦੀ ਨਿਸ਼ਾਨੀ ਵਜੋਂ ਮੂੰਹ ਵਿਚ ਘਾਹ ਲੈ ਕੇ ਉੱਡ ਗਏ।

     ਦੁਰਗਸ਼ਾਹ ਨੇ ਇੰਦਰ ਨੂੰ ਉਸਦਾ ਤਾਜ ਬਖਸ਼ਿਆ। ਸਾਰੇ ਸੰਸਾਰ ‘ਜਗਮਾਤਾ ਦੀ ਜੈ ਹੋਵੇ`, ਪੁਕਾਰ ਉੱਠਿਆ।

     ਇਸ ਵਰਨਨ ਤੋਂ ਦੁਰਗਾ ਜੇਤੂ , ਚੜ੍ਹਦੀ ਕਲਾ ਵਿਚ ਅਤੇ ਸ਼ਾਨ ਨਾਲ ਭਰਪੂਰ ਹੋ ਨਿਬੜਦੀ ਹੈ। ਉਹ ਰੱਬੀ ਸ਼ਕਤੀ, ਅਤੇ ਨਿਆ ਦੀ ਪ੍ਰਤੀਕ ਹੈ। ਨੇਕ ਬੰਦਿਆਂ ਲਈ ਉਹ ਹਮੇਸ਼ਾਂ ਤਿਆਰ, ਦਿਆਲੂ ਮਿੱਤਰ ਅਤੇ ਰੱਖਿਅਕ ਹੈ।

     ਚੰਡੀ ਦੀ ਵਾਰ ਵਿਚ ਵੱਖਰੇ-ਵੱਖਰੇ ਨਾਂ ਜੋ ਦੇਵੀ ਲਈ ਵਰਤੇ ਗਏ ਹਨ ਇਸ ਤਰ੍ਹਾਂ ਹਨ: ਦੁਰਗਸ਼ਾਹ, ਚੰਡੀ, ਦੇਵਿਤਾ, ਰਾਣੀ, ਭਵਾਨੀ, ਜਗਮਾਤ ਅਤੇ ਮਾਹਾਮਾਈ ਆਦਿ।

     ਚੰਡੀ ਦੀ ਵਾਰ ਦਾ ਮੁੱਖ ਨੁਕਤਾ ਜੰਗ ਵਰਗੇ ਸੁਭਾਅ ਵਿਚ ਹੈ ਜਿਹੜਾ ਸ਼ਕਤੀਸ਼ਾਲੀ ਅਤੇ ਭਰਪੂਰ ਪ੍ਰਤੀਕਾਂ ਰਾਹੀਂ ਅਤੇ ਬਹੁਤ ਵਧੀਆ ਟੁਣਕਾਰ ਵਾਲੇ ਸੰਗੀਤ ਰਾਹੀਂ ਪੈਦਾ ਕੀਤਾ ਗਿਆ ਹੈ। ਕਵਿਤਾ ਭਾਵੇਂ ਕਿ ਇਕ ਅਸਲੀ ਮਹਾਂਕਾਵਿ ਦੇ ਅਕਾਰ ਦੀ ਨਹੀਂ ਹੈ, ਪਰੰਤੂ ਉਸ ਵਿਚ ਕਮਾਲ ਦੀ ਤੇਜ਼ੀ ਅਤੇ ਤੀਬਰਤਾ ਅਤੇ ਕਮਾਲ ਦੇ ਵਾਤਾਵਰਨ ਦੇ ਨਮੂਨਿਆਂ ਰਾਹੀਂ ਅੰਤਾਂ ਦੀ ਉਚਾਈ ਸਿਰਜੀ ਗਈ ਹੈ। ਰਚਨਾ ਪਾਠਕ ਦੇ ਮਨ ਉੱਤੇ ਇਕ ਪ੍ਰਭਾਵਸ਼ਾਲੀ ਅਤੇ ਸ਼ਕਤੀ ਪ੍ਰਦਾਨ ਕਰਨ ਵਾਲਾ ਅਸਰ ਛੱਡਦੀ ਹੈ। ਸਿੱਖਾਂ ਵਿਚ ਨਿਹੰਗ ਆਪਣੇ ਨਿਤਨੇਮ ਵਿਚ ਇਸ ਨੂੰ ਸ਼ਾਮਲ ਕਰਦੇ ਹਨ ਅਤੇ ਇਸ ਦੇ ਪਾਠ ਤੋਂ ਉਤਸ਼ਾਹ ਅਤੇ ਜੋਸ਼ ਪ੍ਰਾਪਤ ਕਰਦੇ ਹਨ।


ਲੇਖਕ : ਗ.ਭ.ਸ ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21614, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਚੰਡੀ ਦੀ ਵਾਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਚੰਡੀ ਦੀ ਵਾਰ : ਪੰਜਾਬੀ ਵੀਰ ਕਾਵਿ ਵਿਚ ਚੰਡੀ ਦੀ ਵਾਰ ਨੂੰ ਸ੍ਰੇਸ਼ਟ ਸਥਾਨ ਪ੍ਰਾਪਤ ਹੈ। ਇਹ ਗੁਰੂ ਗੋਬਿੰਦ ਸਿੰਘ ਜੀ ਦੀ ਅਮਰ ਰਚਨਾ ਹੈ। ਪੰਜਾਬੀ ਵਾਰ ਕਾਵਿ ਵਿਚ ਜੋ ਸਮਰੱਥਾ, ਤਾਣ, ਬਲ, ਜੁਧ ਚਿਤਰਣ, ਬੀਰ ਰਸੀ ਉਪਮਾਵਾਂ, ਕੜਕਵੀਂ ਸ਼ਬਦਾਵਲੀ, ਬਿਰਤਾਂਤ ਦੀ ਰਵਾਨੀ, ਖੜਕੇ ਦੜਕੇ ਦਾ ਵਾਯੂ ਮੰਡਲ, ਧਰਮ-ਯੁਧ ਉਤਸ਼ਾਹ ਪਰਾਸਰੀਰਕ ਛਾਇਆ ਦੀ ਝਲਕ ਆਦਿ ਇਸ ਰਚਨਾ ਵਿਚ ਪ੍ਰਾਪਤ ਹੈ, ਉਸ ਦੇ ਦਰਸ਼ਨ ਹੋਰ ਕਿਸੇ ਵਾਰ ਵਿਚ ਨਹੀਂ ਹੁੰਦੇ। ਇਹ ਇਸ ਕਰਕੇ ਹੈ ਕਿ ਇਸ ਦਾ ਕਰਤਾ ਖੁਦ ਯੁਧਾਂ ਵਿਚ ਹਿੱਸਾ ਲੈਣ ਵਾਲਾ ਮਹਾਬਲੀ ਸੀ।

          ਇਸ ਦੀ ਕਹਾਣੀ ਸੰਖੇਪ ਰੂਪ ਵਿਚ ਇਉਂ ਹੈ ਕਿ ਜਦੋਂ ਦੇਵਤੇ ਅਭਿਮਾਨੀ ਹੋ ਗਏ ਤਾਂ ਪਰਮਾਤਮਾ ਨੇ ਦੈਂਤ ਪੈਦਾ ਕਰ ਦਿੱਤੇ ਜਿਨ੍ਹਾਂ ਨੇ ਆਪਣੇ ਬਲ ਨਾਲ ਉਨ੍ਹਾਂ ਦਾ ਰਾਜ ਖੋਹ ਲਿਆ ਤੇ ਉਹ ਮੈਦਾਨ ਛੱਡ ਕੇ ਭੱਜ ਗਏ। ਇਕ ਦਿਨ ਦੁਰਗਾ ਇਸ਼ਨਾਨ ਕਰਨ ਆਈ ਤਾਂ ਇੰਦਰ ਨੇ ਆਪਣੀ ਮੰਦੀ ਦਸ਼ਾ ਬਾਰੇ ਸਾਰਾ ਕੁਝ ਉਸ ਨੂੰ ਦੱਸਿਆ ਤਾਂ ਉਹ ਦੇਵਤਿਆਂ ਦੀ ਮਦਦ ਲਈ ਤਿਆਰ ਹੋ ਗਈ। ਦੇਵੀ ਤੇ ਦੈਂਤਾਂ ਦਾ ਘੋਰ ਯੁੱਧ ਹੋਇਆ। ਅਖੀਰ ਦੇਵੀ ਦੀ ਜਿੱਤ ਹੋਈ ਤੇ ਉਹ ਦੇਵਤਿਆਂ ਨੂੰ ਰਾਜ ਦੇ ਕੇ ਆਪ ਅਲੋਪ ਹੋ ਗਈ।

          ਸਮਾਂ ਪਾ ਕੇ ਕੇ ਸੁੰਭ ਨਿਸੁੰਭ ਨੇ ਮੁੜ ਇੰਦਰ ਪਾਸੋਂ ਉਸ ਦਾ ਰਾਜ ਖੋਹ ਲਿਆ। ਇਉਂ ਸੁੰਭ ਨਿਸੁੰਭ ਵਿਚੋਂ ਚੰਡ ਮੁੰਡ, ਲੋਚਨ ਧੂਮ, ਸ੍ਰਣਵਤ ਬੀਜ ਆਦਿ ਸੈਨਾਪਤੀ ਬਣਕੇ ਦੁਰਗਾ ਨਾਲ ਯੁਧ ਕਰਕੇ ਵੀਰਗਤੀ ਨੂੰ ਪ੍ਰਾਪਤ ਹੋਏ। ਅਖੀਰ ਸੁੰਭ ਨਿਸੁੰਭ ਆਪ ਸੈਨਾ ਲੈ ਕੇ ਮੈਦਾਨੇ ਜੰਗ ਵਿਚ ਆਏ ਤੇ ਘੋਰ ਯੁੱਧ ਮਗਰੋਂ ਦੁਰਗਾ ਨੇ ਉਸ ਨੂੰ ਵੀ ਮਾਰ ਦਿੱਤਾ। ਇਉਂ ਇਨ੍ਹਾਂ ਸਾਰੇ ਦੈਂਤਾਂ ਨੂੰ ਮਾਰ ਕੇ ਇੰਦਰ ਨੂੰ ਦੇਵ ਲੋਕ ਦਾ ਰਾਜ ਦਿਵਾ ਕੇ ਦੁਰਗਾ ਅਲੋਪ ਹੋ ਗਈ।

          ਇਸ ਵਾਰ ਦੀਆਂ 55 ਪੌੜੀਆਂ ਹਨ। ਇਸ ਵਿਚ ਸਿਰਫ ਬਹਾਦਰੀ ਹੀ ਜਿੱਤ-ਹਾਰ ਦਾ ਨਿਰਣਾ ਕਰ ਵਾਲੀ ਹੈ, ਇਸ ਵਿਚ ਯੁਧ ਧਰਮ ਤੇ ਚਾਉ ਨਾਲ ਕੀਤਾ ਗਿਆ ਜਾਪਦਾ ਹੈ।

          ਇਸ ਰਚਨਾ ਵਿਚ ਮਾਰੂ ਤੇ ਜੰਗੀ ਵਾਯੂ ਮੰਡਲ ਉਭਾਰਿਆ ਗਿਆ ਹੈ। ਅਨਿਆਂ ਅਤੇ ਧੱਕੇ ਵਿਰੁੱਧ ਚੰਡੀ ਦੇ ਕ੍ਰੋਧ ਦਾ ਉਭਰਨਾ, ਮਾਰੂ ਨਾਦ ਦਾ ਵੱਜਣਾ, ਯੋਧਿਆਂ ਦਾ ਰਣ ਵਿਚ ਗੱਜਣਾ, ਸ਼ਸਤ੍ਰ-ਪਰਹਾਰ, ਯੋਧਿਆਂ ਦਾ ਸ਼ਹੀਦ ਹੋ ਕੇ ਡਿੱਗਣਾ, ਜੋਗਨੀਆਂ ਤੇ ਜੰਗਲੀ ਜਾਨਵਰਾਂ ਦਾ ਲਹੂ ਭੱਖਣਾ, ਜਰਨੈਲਾਂ ਦਾ ਲੜਨਾ ਲੜਾਈ ਦਾ ਅੰਤ ਅਤੇ ਦੇਵੀ ਦੀ ਉਸਤਤ ਆਦਿ ਨੂੰ ਸ਼ਬਦ ਚਿੱਤਰਾਂ ਦੇ ਉਪਮਾਵਾਂ ਨਾਲ ਉਭਾਰਨ ਦਾ ਯਤਨ ਕੀਤਾ ਗਿਆ ਹੈ।

          ਇਸ ਵਾਰ ਦੀਆਂ ਪਉੜੀਆਂ ਸਿਰਖੰਡੀ ਤੇ ਨਿਸ਼ਾਨੀ ਛੰਦ ਵਿਚ ਹਨ। ਗੁਰੂ ਗੋਬਿੰਦ ਸਿੰਘ ਦੀ ਇਹ ਇਕੋ ਇਕ ਰਚਨਾ ਹੈ ਜੋ ਠੇਠ ਪੰਜਾਬੀ ਵਿਚ ਹੈ ਤੇ ਇਸ ਦੇ ਮੁਕਾਬਲੇ ਦੀ ਕੋਈ ਵੀ ਵਾਰ ਪੰਜਾਬੀ ਵਾਰਕਾਵਿ ਵਿਚ ਲਭਣੀ ਮੁਸ਼ਕਲ ਹੈ। ਪੰਜਾਬੀ ਵੀਰ ਰਸੀ ਵਾਰ ਕਾਵਿ ਦਾ ਅਰੰਭ ਭਾਵੇਂ ਪਹਿਲਾਂ ਮੰਨਿਆ ਜਾਂਦਾ ਹੈ ਪਰ ਵਾਰਾਂ ਦੇ ਹਵਾਲੇ ਹੀ ਮਿਲਦੇ ਹਨ, ਪੂਰੀਆਂ ਰਚਨਾਵਾਂ ਉਪਲਭਧ ਨਹੀਂ ਹਨ। ਇਸ ਲਈ ਚੰਡੀ ਦੀ ਵਾਰ ਨੂੰ ਪਹਿਲੀ ਸਫ਼ਲ ਵੀਰ ਰਸੀ ਵਾਰ ਕਹਿਣਾ ਹੋਵੇਗਾ।

          ਹ. ਪੁ.––ਦਸਮਗ੍ਰੰਥ–ਰਸ ਤੇ ਰੂਪ


ਲੇਖਕ : ਡਾ. ਤਾਰਨ ਸਿੰਘ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 12897, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-18, ਹਵਾਲੇ/ਟਿੱਪਣੀਆਂ: no

ਚੰਡੀ ਦੀ ਵਾਰ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਚੰਡੀ ਦੀ ਵਾਰ : ਪੰਜਾਬੀ ਵਾਰ ਕਾਵਿ ਵਿਚ ਚੰਡੀ ਦੀ ਵਾਰ ਨੂੰ ਸ਼੍ਰੇਸ਼ਟ ਸਥਾਨ ਪ੍ਰਾਪਤ ਹੈ। ਇਹ ਗੁਰੂ ਗੋਬਿੰਦ ਸਿੰਘ ਜੀ ਦੀ ਅਮਰ ਰਚਨਾ ਹੈ। ਪੰਜਾਬੀ ਵਾਰ ਕਾਵਿ ਵਿਚ ਜੋ ਸਮਰੱਥਾ, ਤਾਣ, ਬਲ, ਯੁੱਧ ਚਿਤਰਣ, ਬੀਰ ਰਸੀ ਉਪਮਾਵਾਂ, ਕੜਕਵੀਂ ਸ਼ਬਦਾਵਲੀ, ਬਿਰਤਾਂਤ ਦੀ ਰਵਾਨੀ, ਖੜਕੇ ਦੜਕੇ ਦਾ ਵਾਯੂ ਮੰਡਲ, ਧਰਮ-ਯੁੱਧ, ਉਤਸ਼ਾਹ, ਪਰਾਸਰੀਰਕ ਛਾਇਆ ਦੀ ਝਲਕ ਆਦਿ ਇਸ ਰਚਨਾ ਵਿਚ ਪ੍ਰਾਪਤ ਹੈ, ਉਸ ਦੇ ਦਰਸ਼ਨ ਹੋਰ ਕਿਸੇ ਵਾਰ ਵਿਚ ਨਹੀਂ ਹੁੰਦੇ। ਇਹ ਇਸ ਕਰ ਕੇ ਹੈ ਕਿ ਇਸ ਦਾ ਕਰਤਾ ਖ਼ੁਦ ਯੁੱਧਾਂ ਵਿਚ ਹਿੱਸਾ ਲੈਣ ਵਾਲਾ ਮਹਾਂਬਲੀ ਸੀ।

ਇਸ ਦੀ ਕਹਾਣੀ ਸੰਖੇਪ ਰੂਪ ਵਿਚ ਇਉਂ ਹੈ ਕਿ ਜਦੋਂ ਦੇਵਤੇ ਅਭਿਮਾਨੀ ਹੋ ਗਏ ਤਾਂ ਪਰਤਮਾਤਮਾ ਨੇ ਦੈਂਤ ਪੈਦਾ ਕਰ ਦਿੱਤੇ ਜਿਨ੍ਹਾਂ ਨੇ ਆਪਣੇ ਬਲ ਨਾਲ ਉਨ੍ਹਾਂ ਦਾ ਰਾਜ ਖੋਹ ਲਿਆ ਤੇ ਉਹ ਮੈਦਾਨ ਛੱਡ ਕੇ ਭੱਜ ਗਏ। ਇਕ ਦਿਨ ਦੁਰਗਾ ਇਸ਼ਨਾਨ ਕਰਨ ਆਈ ਤਾਂ ਇੰਦਰ ਨੇ ਆਪਣੀ ਮੰਦੀ ਦਸ਼ਾ ਬਾਰੇ ਸਾਰਾ ਕੁਝ ਉਸ ਨੂੰ ਦੱਸਿਆ। ਉਹ ਦੇਵਤਿਆਂ ਦੀ ਮਦਦ ਲਈ ਤਿਆਰ ਹੋ ਗਈ। ਦੇਵਾਂ ਤੇ ਦੈਤਾਂ ਦਾ ਘੋਰ ਯੁੱਧ ਹੋਇਆ। ਅਖ਼ੀਰ ਦੇਵੀ ਦੀ ਜਿੱਤ ਹੋਈ ਤੇ ਉਹ ਦੇਵਤਿਆਂ ਨੂੰ ਰਾਜ ਦੇ ਕੇ ਆਪ ਲੋਪ ਹੋ ਗਈ।

ਸਮਾਂ ਪਾ ਕੇ ਸੁੰਭ ਨਿਸੁੰਭ ਨੇ ਮੁੜ ਇੰਦਰ ਪਾਸੋਂ ਉਸ ਦਾ ਰਾਜ ਖੋਹ ਲਿਆ। ਇਉਂ ਸੁੰਭ ਨਿਸੁੰਭ ਵਿਚੋਂ ਚੰਡ, ਮੁੰਡ, ਲੋਚਨ, ਧੂਮ, ਸ਼੍ਰਣਵਤ ਬੀਜ ਆਦਿ ਸੈਨਾਪਤੀ ਬਣ ਕੇ ਦੁਰਗਾ ਨਾਲ ਯੁੱਧ ਕਰ ਕੇ ਵੀਰਗਤੀ ਨੂੰ ਪ੍ਰਾਪਤ ਹੋਏ। ਅਖ਼ੀਰ ਸੁੰਭ ਨਿਸੁੰਭ ਆਪ ਸੈਨਾ ਲੈ ਕੇ ਮੈਦਾਨੇ ਜੰਗ ਵਿਚ ਆਏ ਤੇ ਘੋਰ ਯੁੱਧ ਮਗਰੋਂ ਦੁਰਗਾ ਨੇ ਉਨ੍ਹਾਂ ਨੂੰ ਵੀ ਮਾਰ ਦਿੱਤਾ। ਇਉਂ ਇਨ੍ਹਾਂ ਸਾਰੇ ਦੈਂਤਾਂ ਨੂੰ ਮਾਰ ਕੇ ਇੰਦਰ ਨੂੰ ਦੇਵ ਲੋਕ ਦਾ ਰਾਜ ਦਿਵਾ ਕੇ ਦੁਰਗਾ ਲੋਪ ਹੋ ਗਈ।

ਇਸ ਵਾਰ ਦੀਆਂ 55 ਪਉੜੀਆਂ ਹਨ। ਇਸ ਵਿਚ ਸਿਰਫ਼ ਬਹਾਦਰੀ ਹੀ ਜਿੱਤ-ਹਾਰ ਦਾ ਨਿਰਣਾ ਕਰਨ ਵਾਲੀ ਹੈ। ਇਸ ਵਿਚ ਯੁੱਧ, ਧਰਮ ਅਤੇ ਚਾਅ ਨਾਲ ਕੀਤਾ ਗਿਆ ਜਾਪਦਾ ਹੈ।

ਇਸ ਰਚਨਾ ਵਿਚ ਮਾਰੂ ਤੇ ਜੰਗੀ ਵਾਯੂਮੰਡਲ ਉਭਾਰਿਆ ਗਿਆ ਹੈ। ਅਨਿਆਂ ਅਤੇ ਧੱਕੇ ਵਿਰੁੱਧ ਚੰਡੀ ਦੇ ਕ੍ਰੋਧ ਦਾ ਉਭਰਨਾ, ਮਾਰੂ ਨਾਦ ਦਾ ਵੱਜਣਾ, ਯੋਧਿਆਂ ਦਾ ਰਣ ਵਿਚ ਗੱਜਣਾ, ਸ਼ਸਤਰ ਪ੍ਰਹਾਰ, ਯੋਧਿਆਂ ਦਾ ਸ਼ਹੀਦ ਹੋ ਕੇ ਡਿੱਗਣਾ, ਜੋਗਨੀਆਂ ਤੇ ਜੰਗਲੀ ਜਾਨਵਰਾਂ ਦੁਆਰਾ ਲਹੂ ਭੱਖਣਾ, ਜਰਨੈਲਾਂ ਦਾ ਲੜਨਾ, ਲੜਾਈ ਦਾ ਅੰਤ ਅਤੇ ਦੇਵੀ ਦੀ ਉਸਤਤ ਆਦਿ ਨੂੰ ਸ਼ਬਦ ਚਿੱਤਰਾਂ ਤੇ ਉਪਮਾਵਾਂ ਨਾਲ ਉਭਾਰਿਆ ਗਿਆ ਹੈ।

ਇਸ ਵਾਰ ਦੀਆਂ ਪਉੜੀਆਂ ਸਿਰਖੰਡੀ ਤੇ ਨਿਸ਼ਾਨੀ ਛੰਦ ਵਿਚ ਹਨ। ਗੁਰੂ ਗੋਬਿੰਦ ਸਿੰਘ ਜੀ ਦੀ ਇਹ ਇਕੋ ਇਕ ਰਚਨਾ ਹੈ ਜੋ ਠੇਠ ਪੰਜਾਬੀ ਵਿਚ ਹੈ ਤੇ ਇਸ ਦੇ ਮੁਕਾਬਲੇ ਦੀ ਕੋਈ ਵੀ ਵਾਰ ਪੰਜਾਬੀ ਵਾਰ-ਕਾਵਿ ਵਿਚ ਲਭਣੀ ਮੁਸ਼ਕਲ ਹੈ। ਪੰਜਾਬੀ ਬੀਰ ਰਸੀ ਵਾਰ ਕਾਵਿ ਦਾ ਆਰੰਭ ਭਾਵੇਂ ਪਹਿਲਾਂ ਤੋਂ ਮੰਨਿਆ ਜਾਂਦਾ ਹੈ ਪਰ ਵਾਰਾਂ ਦੇ ਹਵਾਲੇ ਹੀ ਮਿਲਦੇ ਹਨ। ਪੂਰੀਆਂ ਰਚਨਾਵਾਂ ਉਪਲਬਧ ਨਹੀਂ ਹਨ। ਇਸ ਲਈ ਚੰਡੀ ਦੀ ਵਾਰ ਨੂੰ ਪਹਿਲੀ ਸਫ਼ਲ ਬੀਰ ਰਸੀ ਵਾਰ ਕਹਿਣਾ ਉਚਿਤ ਹੋਵੇਗਾ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4226, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-16-02-45-08, ਹਵਾਲੇ/ਟਿੱਪਣੀਆਂ: ਹ. ਪੁ. –ਦਸਮਗ੍ਰੰਥ ਰਸ ਤੇ ਰੂਪ–ਡਾ. ਤਾਰਨ ਸਿੰਘ

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.