ਪੰਚ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੰਚ . ਸੰ. पञ्च्. ਧਾ— ਪ੍ਰਸਿੱਧ ਕਰਨਾ , ਫੈਲਾਉਣਾ ( ਪਸਾਰਨਾ ) . ੨ पञ्चन्. ਵਿ— ਪਾਂਚ. ਚਾਰ ਉੱਪਰ ਇੱਕ— ੫ । ੩ ਸੰਗ੍ਯਾ— ਪੰਜ ਅਥਵਾ ਜਾਦਾ ਮਨੁੱਖਾਂ ਦਾ ਸਮੁਦਾਯ । ੪ ਚੌਧਰੀ. ਨੰਬਰਦਾਰ , ਜੋ ਪੰਜਾਂ ਵਿੱਚ ਸਰਕਰਦਾ ਹੈ. “ ਮਿਲਿ ਪੰਚਹੁ ਨਹੀ ਸਹਸਾ ਚੁਕਾਇਆ.” ( ਸੋਰ ਮ : ੫ ) ੫ ਸਾਧੁਜਨ. ਗੁਰਮੁਖ.1 “ ਪੰਚ ਮਿਲੇ ਸੁਖ ਪਾਇਆ.” ( ਸੂਹੀ ਛੰਤ ਮ : ੧ ) “ ਪੰਚ ਪਰਵਾਨ ਪੰਚ ਪਰਧਾਨੁ.” 2  ( ਜਪੁ ) ੬ ਸਿੱਖਧਰਮ ਅਨੁਸਾਰ ਪੰਜ ਪ੍ਯਾਰੇ. ਰਹਿਣੀ ਦੇ ਪੂਰੇ ਪੰਜ ਗੁਰਸਿੱਖ.

 

“ ਗੁਰਘਰ ਕੀ ਮਰਯਾਦਾ ਪੰਚਹਁ੣ ,

ਪੰਚਹੁ ਪਾਹੁਲ ਪੂਰਬ ਪੀਨ

ਹੁਇ ਤਨਖਾਹੀ ਬਖਸ਼ਹਿਂ ਪੰਚਹਁ੣ ,

ਪਾਹੁਲ ਦੇਂ ਮਿਲ ਪੰਚ ਪ੍ਰਬੀਨ ।

                            ਲਖਹੁ ਪੰਚ ਕੀ ਬਡ ਬਡਿਆਈ ,

                                  ਪੰਚ ਕਰਿਹਂ  ਸੋ ਨਿਫਲ ਨ ਚੀਨ.”

( ਗੁਪ੍ਰਸੂ )

੭ ਪੰਜ ਗਿਣਤੀ ਵਾਲੇ ਪਦਾਰਥ. ਕਾਮਾਦਿ ਪੰਚ ਵਿਕਾਰ. “ ਤਉ ਪੰਚ ਪ੍ਰਗਟ ਸੰਤਾਪੈ.” ( ਸ੍ਰੀ ਬੇਣੀ ) “ ਪੰਚ ਮਨਾਏ , ਪੰਚ ਰੁਸਾਏ , ਪੰਚ ਵਸਾਏ , ਪੰਚ ਗਵਾਏ.” ( ਆਸਾ ਅ : ਮ : ੫ )

        ਸਤ੍ਯ , ਸੰਤੋਖ , ਦਯਾ , ਧਰਮ ਅਤੇ ਧੀਰਯ ਮਨਾਏ; ਕਾਮ , ਕ੍ਰੋਧ , ਲੋਭ , ਮੋਹ ਅਤੇ ਅਹੰਕਾਰ ਰੁਸਾਏ; ਪੰਜ ਤੱਤਾਂ ਦੇ ਗੁਣ ਛਿਮਾ ਆਦਿ ਵਸਾਏ; ਪੰਜ ਵਿ੄੥ ਸ਼ਬਦ ਆਦਿ ਗਵਾਏ । ੮ ਪਨਚ ( ਧਨੁਖ ) ਅਤੇ ਪ੍ਰਤ੍ਯੰਚਾ ( ਚਿੱਲੇ ) ਦੀ ਥਾਂ ਭੀ ਪੰਚ ਸ਼ਬਦ ਆਇਆ ਹੈ. ਦੇਖੋ , ਅਰਪੰਚ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7780, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪੰਚ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Panchas _ਪੰਚ : ਪੁਟੱਾਪਾ ਏਡੱਪਾ ਬਨਾਮ ਹਸਨਾਸਾਬ ਉਸਮਾਨਸਾਬ [ ( 1975 ) ਆਈ ਐਲ ਆਰ 1 ਕੇਰਲ ) ] ਅਨੁਸਾਰ ਪ੍ਰਦੇਸ਼ਕ ਭਾਸ਼ਾ ਵਿਚ ਇਸ ਦਾ ਮਾਨਤਾ-ਪ੍ਰਾਪਤ ਅਰਥ ਸਾਲਸ ਹੈ ।

            ਅਜ ਕਲ ਇਕ ਵਚਨ ‘ ਪੰਚ’ ਦਾ ਮਤਲਬ ਪੰਚਾਇਤ ਦੇ ਮੈਂਬਰ ਤੋਂ ਲਿਆ ਜਾਂਦਾ ਹੈ । ਭਾਰਤੀ ਸਭਿਆਚਾਰ ਵਿਚ ਇਸ ਦਾ ਮਤਲਬ ਸਤਿਕਾਰਤ ਵਿਅਕਤੀ ਹੈ । ਪੰਚ ਕਿਉਂ ਕਿ ਨਿਆਂ ਕਰਦੇ ਸਨ ਅਤੇ ਉਨ੍ਹਾਂ ਦੇ ਸਾਹਮਣੇ ਕੋਈ ਬਣਿਆ ਬਣਾਇਆ ਕਾਨੂੰਨ ਵੀ ਘਟ ਹੀ ਹੁੰਦਾ ਸੀ ਅਤੇ ਉਨ੍ਹਾਂ ਤੋਂ ਆਸ ਪੂਰਾ ਅਤੇ ਸਬਸਟੈਂਟਿਵ ਨਿਆਂ ਕਰਨ ਦੀ ਹੁੰਦੀ ਸੀ , ਇਸ ਲਈ ਉਨ੍ਹਾਂ ਨੂੰ ਪੰਚ ਪਰਮੇਸ਼ਰ ਦਾ ਦਰਜਾ ਦਿੱਤਾ ਜਾਂਦਾ ਸੀ । ਪ੍ਰਸਿੱਧ ਸਾਹਿਤਕਾਰ ਮੁਨਸ਼ੀ ਪ੍ਰੇਮ ਚੰਦ ਦੀ ਪੰਚ ਪਰਮੇਸ਼ਰ ਨਾਂ ਦੀ ਕਹਾਣੀ ਇਸ ਵਿਸ਼ੇ ਤੇ ਪੜ੍ਹਨਯੋਗ ਰਚਨਾ ਹੈ । ਆਮ ਤੌਰ ਤੇ ਪਿੰਡਾਂ , ਅਤੇ ਸ਼ਹਿਰੀ ਭਾਈਚਾਰੇ ਵਿਚ ਝਗੜਿਆਂ ਦੇ ਫ਼ੈਸਲੇ ਪੰਜ ਵਿਅਕਤੀਆਂ ਦੁਆਰਾ ਮਿਲ ਕੇ ਕੀਤੇ ਜਾਂਦੇ ਸਨ । ਉਸ ਅਨੁਸਾਰ ਪੰਜਾਂ ਵਿਚੋਂ ਹਰੇਕ ਨੂੰ ਪੰਚ ਕਿਹਾ ਜਾਣ ਲਗ ਪਿਆ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7742, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਪੰਚ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਪੰਚ ( ਸੰਖ. ਵਾ. । ਸੰਸਕ੍ਰਿਤ ਪੰਚਨੑ । ਪਚੁ = ਵਿਸਤੀਰਣੇ , ਹੱਥ ਦਾ ਫੈਲਾਉਣਾ , ਜਿਸ ਤੋਂ ਮੁਰਾਦ ਗੇਣਤੀ ਪੰਜ ਦੱਸਣ ਦੀ ਹੁੰਦੀ ਸੀ , ਜੋ ਪੰਜ ਉਂਗਲਾਂ * ਪ੍ਰਗਟ ਕਰਦੀਆਂ ਸਨ । ਫ਼ਾਰਸੀ ਪੰਜ । ਪੰਜਾਬੀ ਪੰਚ , ਪੰਜ । ਹਿੰਦੀ ਪਾਂਚ ) ੧. ਚਾਰ ਤੇ ਇਕ , ਪੰਜ , ੫ । ਯਥਾ-‘ ਪੰਚ ਪੂਤ ਜਣੇ ਇਕ ਮਾਇ’ ।

੨. ਆਰਯ ਵੱਡਿਆਂ ਨੇ ਪੰਜਾਬ ਵਿਚ ਡੇਰੇ ਜਮਾ ਕੇ ਜਦ ਰਾਜ ਅਰੰਭ ਕੀਤੇ , ਤਦ ਪਿੰਡਾਂ ਦੇ ਪ੍ਰਬੰਧ ਵਿਚ ਝਗੜੇ ਨਿਪਟਾਉਣ ਲਈ ਪੰਜ ਸ੍ਰੇਸ਼ਟ ਪੁਰਖ ਚੁਣ ਕੇ ਉਨ੍ਹਾਂ ਦੀ ਸਭਾ ਦੀ ਵਿਉਂਤ ਸਾਜੀ । ਇਹ -ਪੰਚਜਨੀ- ਕਹਿਲਾਈ , ਪੰਚਾਯਤਨੑ ਬੀ ਇਸੇ ਦਾ ਨਾਮ ਹੋਇਆ ਜੋ ਅਜ ਤਕ ਪੰਚਾਇਤ ਪਦ ਬੋਲ ਚਾਲ ਵਿਚ ਹੈ । ਸਨੇ ਸਨੇ ਇਹ ਸੰਖ੍ਯਾ ਪੰਜ ਤੋਂ ਵਧੀ , ਪਰ ਨਾਮ ਇਹੋ ਰਿਹਾ ਤੇ ਇਸ ਪੰਚਜਨੀ ਦੇ ਹਰੇਕ ਆਦਮੀ ਨੂੰ ਬੀ -ਪੰਚ- ਕਹਿਣ ਦਾ ਰਿਵਾਜ ਪੈ ਗਿਆ । ਹੁਣ ਤਕ -ਪੈਂਚ- ਪਦ ਪੰਜਾਬ ਵਿਚ ਬੋਲਦੇ ਹਨ । ਪਿੰਡ ਦੇ ਨੰਬਰਦਾਰ ਨੂੰ ਬੀ ਪੈਂਚ ਕਹਿੰਦੇ ਹਨ , ਬਿਰਾਦਰੀ ਵਿਚ ਮੰਨੇ ਹੋਏ ਆਦਮੀ ਨੂੰ ਜੋ ਲੋਕਾਂ ਦਾ ਕੰਮ ਸੁਆਰੇ , ਝਗੜੇ ਮੁਕਾਵੇ , ਪੈਂਚ , ਯਾ ਪੰਚ ਕਹਿੰਦੇ ਹਨ । ਯਥਾ-‘ ਪੰਚ ਲੋਗ ਸਭਿ ਹਸਣ ਲਗੇ’ । ਤਥਾ-‘ ਹਰਿ ਅੰਦਰਲਾ ਪਾਪ ਪੰਚਾ ਨੋ ਉਘਾ ਕਰਿ ਵੇਖਾਲਿਆ’ । ਤਥਾ-‘ ਮਿਲਿ ਪੰਚਹੁ ਨਹੀ ਸਹਸਾ ਚੁਕਾਇਆ’ ।

੩. ਕਿਉਂਕਿ ਉਪਰਲੇ ਅੰਗ ਵਿਚ ਦੱਸੇ -ਪੰਚ- ਗੁਣਾਂ ਦੀ ਦੇਖ ਭਾਲ ਕਰਕੇ ਚੋਣਵੇਂ ਮਨੁਖ ਬਣਾਏ ਜਾਂਦੇ ਸਨ , ਸੋ ਪੰਚ ਪਦ ਦਾ ਅਰਥ -ਨੇਕ ਤੇ ਸ੍ਰੇਸ਼੍ਟ- ਹੋ ਗਿਆ । ਯਥਾ-‘ ਪੰਚਮ ਪੰਚ ਪ੍ਰਧਾਨ ਤੇ’ ।

੪. -ਸ੍ਰੇਸ਼ਟ- ਅਰਥਾਂ ਤੇ ਵਰਤੀਂਦਿਆਂ -ਪੰਚ- ਪਦ ਸੰਤ , ਮਹਾਤਮਾ ਗੁਰਮੁਖ ਦੇ ਅਰਥਾਂ ਵਿਚ ਗੁਰਬਾਣੀ ਵਿਚ ਵਰਤਿਆ ਗਿਆ ਹੈ , ਇਸਦਾ ਲੱਛਣ ਗੁਰੂ ਜੀ ਨੇ ਆਪ ਕੀਤਾ ਹੈ-‘ ਪੰਚਾ ਕਾ ਗੁਰੁ ਏਕੁ ਧਿਆਨੁ ’ ਜਿਨ੍ਹਾਂ ਦਾ ਧਿਆਨ ਇਕ ਗੁਰੂ ( ਵਾਹਿਗੁਰੂ ) ਵਿਚ ਸਿੱਧ ਹੋਇਆ ਹੈ ਓਹ ਪੰਚ ਹਨ , ਇਹ ਲੱਛਣ ਦੱਸਿਆ ਹੈ ਤੇ ਪੰਚਾਂ ਨੂੰ ਕੀ ਪ੍ਰਾਪਤੀ ਹੁੰਦੀ ਹੈ , ਉਹ ਇਉਂ ਦੱਸੀ ਹੈ-‘ ਪੰਚ ਪਰਵਾਣ ਪੰਚ ਪਰਧਾਨੁ ॥ ਪੰਚੇ ਪਾਵਹਿ ਦਰਗਹਿ ਮਾਨੁ’ । ਤਥਾ-‘ ਸੇਵਕ ਪੰਚ ਨਾਹੀ ਬਿਖੁ ਚਾਖੀ’ । ਸੰਤਾਂ ਦੇ ਸੇਵਕਾਂ ਨੇ ਬਿਖ ( ਮਾਯਾ ) ਨਹੀਂ ਚੱਖੀ ।

੫. ਕਿਤੇ ਪੰਚ ਤੋਂ ਭਾਵ ਸਤ , ਸੰਤੋਖ , ਦਯਾ , ਧਰਮ , ਧੀਰਜ ਹੈ । ਯਥਾ-‘ ਪੰਚ ਮਿਲੇ ਸੁਖ ਪਾਇਆ’ । ਤਥਾ-‘ ਪੰਚ ਮਿਲੇ ਗੁਰ ਭਾਈ ’ ।

੬. ਕਿਤੇ ਪੰਜ ਪਾਪਾਂ * ਤੋਂ ਮੁਰਾਦ ਹੈ , ਕਾਮ ਕ੍ਰੋਧ , ਲੋਭ , ਮੋਹ , ਹੰਕਾਰ । ਯਥਾ-‘ ਪੰਚ ਤੀਨਿ ਨਵ ਚਾਰਿ ਸਮਾਵੈ’ । ( ਪੰਚ ) ਕਾਮ , ਕ੍ਰੋਧ , ਲੋਭ , ਮੋਹ , ਹੰਕਾਰ ( ਨਵ ) ਨੌ ਦੁਆਰੇ , ( ਤੀਨ ) ਰਜ , ਸਤ , ਤਮ , ( ਚਾਰ ) ਰਾਗ , ਦ੍ਵੈਖ , ਹਰਖ , ਸੋਗ । ਇਨ੍ਹਾਂ ਦਾ ਅਭਾਵ ਕਰੇ ਅਥਵਾ ੨. ਪੰਚ ਸੂਖਮ ਭੂਤ , ਤਿੰਨੇ ਲੋਕ , ਨਉ ਖੰਡ ਤੇ ਚਾਰ ਦਿਸ਼ਾਂ ਇਨ੍ਹਾਂ ਵਿਚ ਸਮਾਇਆ ਜਾਣੇ । ਤਥਾ-‘ ਪੰਚ ਮਾਰਿ ਪਾਵਾ ਤਲਿ ਦੀਨੇ ’ । ਭਾਵ ਕਾਮ , ਕ੍ਰੋਧ , ਲੋਭ , ਮੋਹ , ਅਹੰਕਾਰ

੭. ੮. ਪੰਜ ਤਤ ਦੇ ਪੰਜ ਗੁਣ । ਅਪ , ਤੇਜ , ਵਾਇ , ਪ੍ਰਿਥਵੀ , ਆਕਾਸ਼ । ਸਤ , ਸੰਤੋਖ , ਦਇਆ , ਧਰਮ , ਧੀਰਜ । ਯਥਾ-‘ ਪੰਚ ਮਨਾਏ ਪੰਚ ਰੁਸਾਏ ਪੰਚ ਵਸਾਏ ਪੰਚ ਗਵਾਏ’ । ਪੰਜ , ਸਤ , ਸੰਤੋਖ , ਦਇਆ , ਧਰਮ , ਧੀਰਜ , ਮਨਾਏ । ਪੰਚ ਕਾਮ , ਕ੍ਰੋਧ , ਲੋਭ , ਮੋਹ , ਹੰਕਾਰ ਵਿਸ਼ੇ ਰੁਸਾਏ; ਪੰਜ , ਅਪ , ਤੇਜ , ਵਾਇ , ਪ੍ਰਿਥਵੀ , ਅਕਾਸ , ਤੱਤਾਂ ਦੇ ਗੁਣ ਵਸਾਏ; ਪੰਜ ਸ਼ਬਦ , ਸਪਰਸ਼ , ਰੂਪ , ਰਸ , ਗੰਧ , ਵਿਸ਼ੇ ਗਵਾਏ ਹਨ । ਅਥਵਾ ੨. ਪੰਜ ਜਿਹੜੇ ਮਨਾਏ ਅੰਦਰ ਵਸਾ ਦਿਤੇ , ਅਰ ਜੋ ਪੰਜ ਰੁਸਾਏ ਸਨ , ਓਹ ਗਵਾ ਦਿਤੇ ਹਨ ।

੯. ਪੰਜ ਗੁਣ । ਯਥਾ-‘ ਪੰਚ ਪਰਵਾਣ ਪੰਚ ਪਰਧਾਨੁ ॥ ਪੰਚੇ ਪਾਵਹਿ ਦਰਗਹਿ ਮਾਨੁ’ ਦਾ ਅਰਥ ਗ੍ਯਾਨੀ ਐਉਂ ਬੀ ਕਰਦੇ ਹਨ- ਪੰਜ ਸਤ ਸੰਤੋਖਾਦਿ ਗੁਣ ਪਰਵਾਣ ਕੀਤੇ ਅਰ ਪੰਜ ਕਾਮਾਦਿ ਰੋਕੇ ਅਰ ਪੰਜ ਸ਼ਬਦ ਆਦਿਕ ਵਿਸ਼ੇ ਛਡੇ , ਇਤ੍ਯਾਦਿ ਗੁਣਾਂ ਕਰਕੇ ਸੰਤ ਪਰਧਾਨ ਅਰ ਦਰਗਹ ਵਿਚ ਮਾਣ ਦੇ ਯੋਗ ਹਨ ।

                      ਪੰਜ ਗੁਣ ਜੋ ਪਰਵਾਨ ਕੀਤੇ ਉਨ੍ਹਾਂ ਤੋਂ ਮੁਰਾਦ ਸਤ , ਸੰਤੋਖ , ਦਇਆ , ਧਰਮ , ਧੀਰਜ ਤੋਂ ਵੱਖਰੀ ਇਕ ਹੋਰ ਬੀ ਹੈ , ਜੋ ਜਪੁਜੀ ਵਿਚ ਇਸ ਪਉੜੀ ਤੋਂ ਪਹਿਲਾਂ ਆਏ ਹਨ । ੧. ਹੁਕਮ ਮੰਨਣ ਵਾਲੇ ( ਪੌ. ੨ ) , ੨. ਗਾਉਣ ਵਾਲੇ ( ਪੌ. ੩ ) , ਰਬ ਨੂੰ ਨਾ ਵਿਸਰਨ ਵਾਲੇ ( ਪੌ. ੫ ) , ੪. ਸਾਈਂ ਦਾ ਯਸ਼ ਕੀਰਤਨ ਸੁਣਨ ਵਾਲੇ ( ਪੌ. ੧੦ ) , ੫. ਮੰਨਣ ਕਰਨ ਵਾਲੇ ( ਪੌ. ੧੨ ) ।

                      ਦੇਖੋ , ‘ ਪੰਚ ਸਹਾਈ’ , ‘ ਪੰਚ ਸਖੀ ’ , ‘ ਪੰਚ ਸਖੇ’ , ‘ ਪੰਚ ਸੰਗੀਤਾ’ , ਪੰਚ ਸੰਗੁ’ , ‘ ਪੰਚ ਸਬਦ’ , ‘ ਪੰਚ ਸਬਦੀ’ , ‘ ਪੰਚ ਸਿਕਦਾਰ’ , ‘ ਪੰਚ ਸਿੰਘ ’ , ‘ ਪੰਚ ਸੈਲ ’ , ‘ ਪੰਚ ਚੰਡਾਲ ’ , ‘ ਪੰਚ ਚੇਲੇ ’ , ‘ ਪੰਚ ਚੋਰ ’ , ‘ ਪੰਚ ਜਨਾ’ , ‘ ਪੰਚ ਜੋਗੀਆ ’ , ‘ ਪੰਚ ਤਤ’ , ‘ ਪੰਚ ਦਾਸ ’ , ‘ ਪੰਚ ਦੁਸਟ’ , ‘ ਪੰਜ ਦੂਤ ’ , ‘ ਪੰਚ ਦੋਹੀ ’ , ‘ ਪੰਚ ਦੋਖ’ , ‘ ਪੰਚ ਧਾਤੁ ’ , ‘ ਪੰਜ ਪੂਤ’ , ‘ ਪੰਚ ਬਜਿੰਤ੍ਰ’ , ‘ ਪੰਚ ਬਟਵਾਰਈ’ , ‘ ਪੰਚ ਬਾਣ ’ , ‘ ਪੰਚ ਬਿਖਾਦੀ’ , ‘ ਪੰਚ ਬੈਲ’ , ‘ ਪੰਚ ਭੂ ਟੋਪੀ’ , ‘ ਪੰਚ ਭੂ ਨਾਇਕੋ’ , ‘ ਪੰਚ ਭੂਆਤਮਾ’ , ‘ ਪੰਚ ਭੂਤ’ , ‘ ਪੰਚ ਮਨਾਏ’ , ‘ ਪੰਚ ਮਰਦ ’ , ‘ ਪੰਚ ਮਾਰਿ’ , ‘ ਪੰਚ ਮਿਲੇ’ , ‘ ਪੰਚ ਰਾਸੀ’ , ‘ ਪੰਚ ਰੁਸਾਏ’ , ‘ ਪੰਚ ਲੋਕ’ , ‘ ਪੰਚ ਲੋਗ’ , ‘ ਪੰਚ ਵਸਹਿ’ , ‘ ਪੰਚਪਦੇ’ , ‘ ਪੰਚਾ’ , ‘ ਪਾਂਚਉ ਅੰਮ੍ਰਿਤ ’ , ‘ ਪਾਂਚਉ ਲਰਿਕੇ’ ।

----------

* ਵੇਦ ਵਿਚ ਪੰਚ ਸ੍ਵਸਾਰਹ ( -ਪੰਜ ਭੈਣਾਂ ) ਪੰਜ ਉਂਗਲਾਂ ਨੂੰ ਲਿਖਦੇ ਹਨ ਤੇ ਦੀਹ ਪੰਚ ਸ੍ਵਸਾਰਹ- ਦਸ ਉੱਗਲਾਂ ਨੂੰ । ਸ਼ੁਰੂ ਸਮੇਂ ਮਨੁਖ ਪੰਜਾਂ ਦੀ ਗਿਣਤੀ ਹਥ ਫੈਲਾਕੇ ਅਰਥਾਤ ਪੰਜੇ ਉਂਗਲਾਂ ਦਿਖਾ ਕੇ ਦੱਸਦੇ ਸਨ । ਇਸ ਕਰਕੇ -ਪੰਚ- ਪਦ , ਜਿਸਦਾ ਅਰਥ ਹੈ ਫੈਲਾਉਣਾ , ਪੰਜਾ ਦੀ ਗੇਣਤੀ ਦਾ ਅਰਥ ਦੇਣ ਲਗ ਪਿਆ ।

----------

*  ਜਿਥੇ ਪੰਚ ਯਾ ਪੰਜ ਕਹਿਕੇ ਨਿਖੇਧੀ ਹੋਵੇ ਓਥੇ ਭਾਵ ਪੰਜ ਪਾਪ ਕਰਮ ਲੈਣੇ , ਜਿਥੇ ਪੰਜ ਵਿਧੀ ਪੱਖ ਵਿਚ ਹੋਣ ਓਥੇ ਪੰਜ ਗੁਣ- ਸਤ , ਸੰਤੋਖ , ਦਇਆ , ਧਰਮ , ਧੀਰਜ ਮਤਲਬ ਲੈਂਦੇ ਹਨ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7741, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.