ਗ਼ਦਰ ਲਹਿਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗ਼ਦਰ ਲਹਿਰ: ਇਸ ਲਹਿਰ ਦਾ ਪਿਛੋਕੜ ਅਤੇ ਨਾਂ ‘ਗ਼ਦਰ’ ਨਾਂ ਦੀ ਪਤ੍ਰਿਕਾ ਨਾਲ ਜਾ ਜੁੜਦਾ ਹੈ ਜੋ ਅਮਰੀਕਾ ਦੇ ਪੋਰਟਲੈਂਡ ਸ਼ਹਿਰ ਵਿਚ ਪੈਸਿਫ਼ਿਕ ਕੋਸਟ ਦੀ ‘ਹਿੰਦੁਸਤਾਨੀ ਐਸੋਸੀਏਸ਼ਨ’ ਲਈ ਛਾਪੀ ਜਾਂਦੀ ਸੀ। ਪੰਜਾਬ ਵਿਚ ਜ਼ਮੀਨਾਂ ਦੀ ਨਿੱਤ ਵਧਦੀ ਥੁੜ ਨੂੰ ਵੇਖਦੇ ਹੋਇਆਂ ਪੰਜਾਬ ਦੇ ਕਿਸਾਨਾਂ ਨੇ ਪੂਰਬੀ ਏਸ਼ੀਆਂ ਦੇ ਮੁਲਕਾਂ ਵਲ ਕਿਸਮਤ ਅਜ਼ਮਾਈ ਲਈ ਚਾਲੇ ਪਾਏ ਅਤੇ ਉਥੇ ਖੇਤੀ ਦੇ ਕੰਮਾਂ ਵਿਚ ਰੁਝਾਨ ਭਾਲਿਆ।

            ਸੰਨ 1897 ਈ. ਵਿਚ ਮਲਕਾ ਵਿਕਟੋਰੀਆ ਦੀ ਸਿਲਵਰ ਜੁਬਲੀ ਦੇ ਜਸ਼ਨਾਂ ਵਿਚ ਸ਼ਾਮਲ ਹੋਣ ਲਈ ਸਿੱਖ ਫ਼ੌਜੀਆਂ ਦਾ ਇਕ ਦਸਤਾ ਲੰਡਨ ਗਿਆ। ਵਾਪਸੀ ’ਤੇ ਉਹ ਫ਼ੌਜੀ ਕੈਨੇਡਾ ਦੇ ਪ੍ਰਸਿੱਧ ਪ੍ਰਾਂਤ ਬ੍ਰਿਟਿਸ਼ ਕੋਲਿੰਬੀਆ ਤੋਂ ਹੁੰਦੇ ਆਏ। ਉਹ ਕੈਨੇਡਾ ਦੀ ਉਪਜਾਊ ਧਰਤੀ , ਉਥੋਂ ਦੇ ਪੰਜਾਬ ਵਰਗੇ ਪੌਣ-ਪਾਣੀ ਅਤੇ ਰੋਜ਼ਗਾਰ ਜਾਂ ਕੰਮ ਦੇ ਬੇਸ਼ੁਮਾਰ ਸਾਧਨਾਂ ਤੋਂ ਬਹੁਤ ਪ੍ਰਭਾਵਿਤ ਹੋਏ। ਪੰਜਾਬ ਪਰਤ ਕੇ ਉਨ੍ਹਾਂ ਨੇ ਉਥੋਂ ਦੀਆਂ ਗੱਲਾਂ ਲੋਕਾਂ ਵਿਚ ਕਰਨੀਆਂ ਸ਼ੁਰੂ ਕੀਤੀਆਂ ਜਿਸ ਤੋਂ ਪੰਜਾਬੀ ਲੋਗ ਬਹੁਤ ਪ੍ਰੇਰਿਤ ਹੋਏ। ਕੁਝ ਹਿੰਮਤੀ ਪੰਜਾਬੀਆਂ ਨੇ ਕਿਸਮਤ ਆਜ਼ਮਾਈ ਲਈ ਕੈਨੇਡਾ ਜਾਣ ਦੀ ਤਿਆਰੀ ਕਰ ਲਈ ਅਤੇ ਹਾਂਗਕਾਂਗ ਦੇ ਰਸਤੇ ਸੰਨ 1904 ਈ. ਵਿਚ ਵੈਨਕੂਵਰ ਜਾ ਪਹੁੰਚੇ। ਇਹ ਲੋਗ ਦੁਆਬੇ ਅਤੇ ਮਾਲਵੇ ਦੇ ਅਨਪੜ੍ਹ ਕਿਸਾਨ ਸਨ। ਉਨ੍ਹਾਂ ਦੀ ਰੀਸੇ ਸੰਨ 1905 ਈ. ਤੋਂ 1908 ਈ. ਤਕ ਲਗਭਗ ਪੰਜ ਹਜ਼ਾਰ ਪੰਜਾਬੀ, ਵਿਸ਼ੇਸ਼ ਕਰਕੇ ਸਿੱਖ, ਕੈਨੇਡਾ ਪਹੁੰਚ ਗਏ ਅਤੇ ਕੁਝ ਹੋਰ ਸਾਲਾਂ ਬਾਦ ਉਨ੍ਹਾਂ ਦੀ ਗਿਣਤੀ ਅੱਠ ਹਜ਼ਾਰ ਹੋ ਗਈ

            ਪੰਜਾਬ ਤੋਂ ਗਏ ਕਿਸਾਨਾਂ ਦੀ ਦਿਨੋ-ਦਿਨ ਵਧਦੀ ਗਿਣਤੀ ਨੂੰ ਵੇਖ ਕੇ ਅਤੇ ਪੱਛਮੀ ਖੇਤੀ-ਮਜ਼ਦੂਰਾਂ ਦੀ ਈਰਖਾ ਕਰਕੇ ਕੈਨੇਡਾ ਸਰਕਾਰ ਨੇ ਸੰਨ 1914 ਈ. ਵਿਚ ਕਾਨੂੰਨ ਬਣਾ ਕੇ ਪੰਜਾਬੀਆਂ ਦੇ ਕੈਨੇਡਾ ਵਿਚ ਪ੍ਰਵਾਸ ਉਤੇ ਰੋਕ ਲਗਾ ਦਿੱਤੀ। ਇਸ ਰੋਕ ਪਿਛੇ ਕਾਮਾਗਾਟਾਮਾਰੂ ਜਹਾਜ਼ ਦੀ ਘਟਨਾ ਵੀ ਇਕ ਤਕੜੀ ਭੂਮਿਕਾ ਨਿਭਾ ਰਹੀ ਸੀ। ਪਰ ਇਸ ਕਾਨੂੰਨ ਦੇ ਬਣਨ ਤੋਂ ਪਹਿਲਾਂ ਪੰਜਾਬੀਆਂ ਨੇ ਉਥੇ ਆਪਣੇ ਪੈਰ ਜਮਾ ਲਏ ਸਨ। ਕਈਆਂ ਨੇ ਆਪਣੇ ਮਕਾਨ ਅਤੇ ਜਾਇਦਾਦਾਂ ਬਣਾ ਲਈਆਂ ਸਨ। ਕੁਝ ਗੁਰਦੁਆਰੇ ਵੀ ਸਥਾਪਿਤ ਕਰ ਲਏੇ ਸਨ। ਉਨ੍ਹਾਂ ਨੇ ਕਾਮਾਗਾਟਾਮਾਰੂ ਜਹਾਜ਼ ਦੇ ਸੰਕਟਗ੍ਰਸਤ ਯਾਤ੍ਰੀਆਂ ਨੂੰ ਲੁਕ-ਛਿਪ ਕੇ ਮਦਦ ਦਿੱਤੀ ਸੀ ਅਤੇ ਜਹਾਜ਼ ਲਈ ਵਾਪਸੀ ਸਫ਼ਰ ਵਾਸਤੇ ਰਾਸ਼ਨ -ਪਾਣੀ ਦੀ ਵਿਵਸਥਾ ਵੀ ਕੀਤੀ ਸੀ।

            ਉੱਤਰੀ ਅਮਰੀਕਾ ਦੇ ਪੱਛਮੀ ਕੰਢੇ ਦੇ ਵਿਕਾਸ ਲਈ ਵੀ ਮਜ਼ਦੂਰਾਂ ਦੀ ਲੋੜ ਸੀ। ਹੋਰਨਾਂ ਦੇਸ਼ਾਂ ਨਾਲੋਂ ਪੰਜਾਬੀ ਮਿਹਨਤ ਕਰਨ ਵਿਚ ਅਗੇ ਸਨ। ਇਸ ਲਈ ਇਨ੍ਹਾਂ ਨੂੰ ਮਜ਼ਦੂਰਾਂ ਵਿਚ ਭਰਤੀ ਕੀਤਾ ਗਿਆ। ਭਾਰਤੀ ਮਜ਼ਦੂਰਾਂ ਦੀ ਸ਼ਿਕਾਗੋ ਅਤੇ ਨਿਊਯਾਰਕ ਵਿਚ ਮਦਦ ਕਰਨ ਲਈ ਭਾਰਤੀ ਅਮਰੀਕੀਆਂ ਨੇ ‘ਇੰਡੋ ਅਮਰੀਕਨ ਸੋਸਾਇਟੀ’ ਕਾਇਮ ਕੀਤੀ। ਇਸ ਤੋਂ ਇਲਾਵਾ ‘ਇੰਡੀਆ ਹਾਊਸ’ ਸਥਾਪਿਤ ਕਰਕੇ ਭਾਰਤ ਤੋਂ ਅਗੋਂ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਦੇਣ ਦੀ ਵਿਵਸਥਾ ਵੀ ਕੀਤੀ। ਇਸ ਉੱਦਮ ਨਾਲ ਲਾਲਾ ਹਰਦਿਆਲ, ਸੰਤ ਤੇਜਾ ਸਿੰਘ , ਭਾਈ ਪਰਮਾਨੰਦ ਤੋਂ ਇਲਾਵਾ ਭਾਈ ਜਵਾਲਾ ਸਿੰਘ , ਭਾਈ ਸੰਤੋਖ ਸਿੰਘ ਅਤੇ ਸੰਤ ਵਸਾਖਾ ਸਿੰਘ ਨੇ ਬਹੁਤ ਸਹਿਯੋਗ ਦਿੱਤਾ। ਉਨ੍ਹਾਂ ਭਾਰਤੀਆਂ ਨੇ ਨਾਲ ਕਈ ਬਾਗ਼ੀ ਰੁਚੀਆਂ ਵਾਲੇ ਲੋਕ ਵੀ ਉਥੇ ਪਹੁੰਚ ਗਏ।

            ਏਸ਼ੀਆਂ ਤੋਂ ਗਏ ਮਜ਼ਦੂਰਾਂ ਅਤੇ ਪੱਛਮੀ ਦੇਸ਼ਾਂ ਦੇ ਮਜ਼ਦੂਰਾਂ ਵਿਚ ਕਿਸੇ ਨ ਕਿਸੇ ਗੱਲ ਨੂੰ ਲੈ ਕੇ ਤਨਾਓ ਬਣਿਆ ਰਹਿੰਦਾ। ਭਾਰਤੀਆਂ ਨੂੰ ਕਿਸੇ ਪ੍ਰਕਾਰ ਦੀ ਰਹਿਣ-ਸਹਿਣ ਦੀ ਸੁਵਿਧਾ ਨ ਦਿੱਤੀ ਜਾਂਦੀ। ਆਪਣੇ ਹੱਕਾਂ ਦੀ ਰਾਖੀ ਲਈ ਭਾਈ ਭਾਗ ਸਿੰਘ ਦੀ ਪ੍ਰਧਾਨਗੀ ਹੇਠ ਇਕ ‘ਹਿੰਦੁਸਤਾਨੀ ਐਸੋਸੀਏਸ਼ਨ’ ਸਥਾਪਿਤ ਕੀਤੀ ਗਈ। ਉਸ ਵਲੋਂ ਪੰਜਾਬੀ ਵਿਚ ‘ਪ੍ਰਦੇਸੀ ਖ਼ਾਲਸਾ ’ ਅਤੇ ਉਰਦੂ ਵਿਚ ‘ਸਵਦੇਸ਼ ਸੇਵਕ’ ਨਾਂ ਦੀਆਂ ਦੋ ਪਤ੍ਰਿਕਾਵਾਂ ਛਾਪਣੀਆਂ ਸ਼ੁਰੂ ਕੀਤੀਆਂ ਗਈਆਂ। ਇਨ੍ਹਾਂ ਵਿਚ ਛਪੀਆਂ ਖ਼ਬਰਾਂ ਅਤੇ ਲੇਖਾਂ ਨੇ ਹਿੰਦੁਸਤਾਨੀਆਂ ਨੂੰ ਆਪਣੇ ਹੱਕਾਂ ਬਾਰੇ ਸਚੇਤ ਕੀਤਾ। ਫਲਸਰੂਪ 15 ਦਸੰਬਰ 1911 ਈ. ਨੂੰ ‘ਯੂਨਾਈਟਿਡ ਇੰਡੀਅਨ ਲੀਗ’ ਕਾਇਮ ਕੀਤੀ ਗਈ।

            ਸੰਨ 1912 ਈ. ਵਿਚ ਪੋਰਟਲੈਂਡ ਅੰਦਰ ‘ਹਿੰਦੁਸਤਾਨੀ ਐਸੋਸੀਏਸ਼ਨ ਆਫ ਪੈਸਿਫਿਕ ਕੋਸਟ’ ਸਥਾਪਿਤ ਕੀਤੀ ਗਈ ਅਤੇ ਬਾਬਾ ਸੋਹਨ ਸਿੰਘ ਭਕਨਾ ਨੂੰ ਇਸ ਦਾ ਪ੍ਰਧਾਨ ਬਣਾਇਆ ਗਿਆ। ਉਸ ਦਾ ਪਹਿਲਾਂ ਸ੍ਰੀ ਕੁਮਾਰ ਨੂੰ ਅਤੇ ਫਿਰ ਲਾਲਾ ਹਰਦਿਆਲ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਮਈ 1913 ਈ. ਵਿਚ ਇਕ ਵੱਡਾ ਸਮਾਗਮ ਕਰਕੇ ‘ਗ਼ਦਰ ਆਸ਼੍ਰਮ ’ (ਨਾਮਾਂਤਰ ‘ਯੁਗਾਂਤਰ ਆਸ਼੍ਰਮ’) ਖੋਲਣ ਦਾ ਫ਼ੈਸਲਾ ਕੀਤਾ ਗਿਆ ਅਤੇ ‘ਗ਼ਦਰ ਪਾਰਟੀ ’ ਬਣਾਉਣ ਲਈ ਵੀ ਨਿਰਣਾ ਲਿਆ ਗਿਆ ਜਿਸ ਦਾ ਮੁੱਖ ਦਫ਼ਤਰ ਸਾਂਫਰਾਂਸਿਸਕੋ ਵਿਚ ਹੋਵੇਗਾ ਅਤੇ ਅਮਰੀਕਾ ਅਤੇ ਕੈਨੇਡਾ ਵਿਚ ਉਸ ਦੀਆਂ ਸ਼ਾਖਾਵਾਂ ਹੋਣਗੀਆਂ। ਇਸ ਪਾਰਟੀ ਦਾ ਉਦੇਸ਼ ਸੀ ਕਿ ਭਾਰਤ ਵਿਚ ਸਸ਼ਸਤ੍ਰ ਕ੍ਰਾਂਤੀ ਰਾਹੀਂ ਅੰਗ੍ਰੇਜ਼ ਰਾਜ ਨੂੰ ਖ਼ਤਮ ਕੀਤਾ ਜਾਏ। ਗ਼ਦਰ ਪਾਰਟੀ ਨੇ ‘ਗ਼ਦਰ’ ਨਾਂ ਦੀ ਸਪਤਾਹਿਕ ਪਤ੍ਰਿਕਾ ਛਾਪਣ ਦਾ ਵੀ ਫ਼ੈਸਲਾ ਕੀਤਾ। ਨਵੰਬਰ 1913 ਈ. ਵਿਚ ‘ਗ਼ਦਰ’ ਉਰਦੂ ਭਾਸ਼ਾ ਵਿਚ ਛਪਣਾ ਸ਼ੁਰੂ ਹੋਇਆ ਅਤੇ ਕੁਝ ਹਫ਼ਤਿਆਂ ਬਾਦ ਪੰਜਾਬੀ ਵਿਚ ਵੀ ਛਪਣ ਲਗ ਗਿਆ। ਇਨ੍ਹਾਂ ਪਤ੍ਰਿਕਾਵਾਂ ਨੂੰ ਅਮਰੀਕਾ ਅਤੇ ਕੈਨੇਡਾ ਤੋਂ ਇਲਾਵਾ ਪੂਰਬੀ ਏਸ਼ੀਆ ਦੇ ਦੇਸ਼ਾਂ ਵਿਚ ਵੰਡਿਆ ਜਾਂਦਾ। ਕਾਲਾਂਤਰ ਵਿਚ ਹਿੰਦੀ , ਗੁਜਰਾਤੀ, ਪਸ਼ਤੋ, ਬੰਗਾਲੀ ਅਤੇ ਨੇਪਾਲੀ ਭਾਸ਼ਾਵਾਂ ਵਿਚ ਵੀ ਇਹ ਪਤ੍ਰਿਕਾ ਛਪਣ ਲਗ ਗਈ। ਭਾਰਤੀ ਸੈਨਿਕਾਂ ਨੂੰ ਉਤੇਜਿਤ ਕਰਨ ਲਈ ‘ਹਿੰਦੁਸਤਾਨੀ ਸਿਪਾਹੀ’ ਨਾਂ ਦੀ ਪਤ੍ਰਿਕਾ ਛਾਪੀ ਜਾਣ ਲਗੀ

            ਲਾਲਾ ਹਰਦਿਆਲ ਦੇ ਸਵਿਟਜ਼ਰਲੈਂਡ ਨੂੰ ਚਲੇ ਜਾਣ ਤੋਂ ਬਾਦ ਬਾਬਾ ਸੋਹਣ ਸਿੰਘ ਭਕਨਾ ਨੇ ਪਾਰਟੀ ਦੇ ਦਫ਼ਤਰ ਵਿਚ ਰਹਿਣਾ ਸ਼ੁਰੂ ਕਰ ਦਿੱਤਾ ਅਤੇ ਭਾਈ ਸੰਤੋਖ ਸਿੰਘ ਨੂੰ ਜਨਰਲ ਸਕੱਤਰ ਬਣਾਇਆ ਗਿਆ। ਪਤ੍ਰਿਕਾ ਦੇ ਸੰਪਾਦਨ ਅਤੇ ਪ੍ਰਕਾਸ਼ਨ ਦਾ ਕੰਮ ਕੋਟਲਾ ਨੌਧ ਸਿੰਘ ਦੇ ਭਾਈ ਹਰਨਾਮ ਸਿੰਘ ਨੂੰ ਸੌਂਪਿਆ ਗਿਆ। ਪਾਰਟੀ ਨੇ ਆਪਣੇ ਬੰਦਿਆਂ ਨੂੰ ਹਥਿਆਰ ਅਤੇ ਬੰਬ ਚਲਾਉਣ ਦੀ ਸਿਖਲਾਈ ਦੇਣੀ ਵੀ ਸ਼ੁਰੂ ਕਰ ਦਿੱਤੀ ਗਈ। ਇਸੇ ਸਿਖਲਾਈ ਦੌਰਾਨ ਬੰਬ ਫਟਣ ਨਾਲ ਹਰਨਾਮ ਸਿੰਘ ਦੀ ਬਾਂਹ ਉਡ ਗਈ। ਇਸੇ ਕਰਕੇ ਇਸ ਦਾ ਨਾਂ ‘ਟੁੰਡੀਲਾਟ’ ਪ੍ਰਚਲਿਤ ਹੋਇਆ। ਪੂਰਬੀ ਏਸ਼ੀਆਈ ਦੇਸ਼ਾਂ ਵਿਚ ਵੀ ਗ਼ਦਰ ਪਾਰਟੀ ਨੇ ਖ਼ੂਬ ਪ੍ਰਚਾਰ ਕੀਤਾ। ਗੁਰਦੁਆਰੇ ਪਾਰਟੀ ਦੇ ਪ੍ਰਚਾਰ ਕੇਂਦਰ ਬਣ ਗਏ।

            ਸੰਨ 1914 ਈ. ਵਿਚ ਪਹਿਲੇ ਵਿਸ਼ਵ ਯੁੱਧ ਦੇ ਆਰੰਭ ਹੋ ਜਾਣ ਨਾਲ ਗ਼ਦਰ ਪਾਰਟੀ ਦੇ ਯੁਗਾਂਤਰ ਆਸ਼੍ਰਮ ਵਿਚ ਇਕ ਮੀਟਿੰਗ ਕੀਤੀ ਗਈ ਅਤੇ ਮੌਕੇ ਦੀ ਨਜ਼ਾਕਤ ਦਾ ਫ਼ਾਇਦਾ ਉਠਾ ਕੇ ਹਿੰਦੁਸਤਾਨ ਵਿਚ ਅੰਗ੍ਰੇਜ਼ ਸਰਕਾਰ ਵਿਰੁੱਧ ਕ੍ਰਿਾਂਤੀ ਮਚਾਉਣ ਦਾ ਫ਼ੈਸਲਾ ਲਿਆ ਗਿਆ। 22 ਅਗਸਤ 1914 ਈ. ਨੂੰ ਬਾਬਾ ਸੋਹਨ ਸਿੰਘ ਭਕਨਾ ਆਪਣੇ 26 ਹੋਰ ਸਾਥੀਆਂ ਸਮੇਤ ਵੈਨਕੂਵਰ ਤੋਂ ਹਿੰਦੁਸਤਾਨ ਚਲ ਪਿਆ। ਉਸ ਦੇ ਪਿਛੋਂ ਹੋਰ ਵੀ ਕਈ ਗ਼ਦਰੀ ਹਿੰਦੁਸਤਾਨ ਵਲ ਤੁਰ ਪਏ। 15 ਫਰਵਰੀ 1915 ਈ. ਤਕ ਵਖ ਵਖ ਦੇਸ਼ਾਂ ਤੋਂ 2312 ਗ਼ਦਰੀ ਸੈਨਿਕ ਹਿੰਦੁਸਤਾਨ ਪਹੁੰਚ ਗਏ। ਬਾਦ ਵਿਚ ਇਹ ਗਿਣਤੀ ਅੱਠ ਹਜ਼ਾਰ ਤਕ ਵਧ ਗਈ। ਇਨ੍ਹਾਂ ਦੀਆਂ ਕਾਰਵਾਈਆਂ ਬਾਰੇ ਪਤਾ ਲਗਣ’ਤੇ ਹਿੰਦ ਸਰਕਾਰ ਹਰਕਤ ਵਿਚ ਆਈ ਅਤੇ ਇਨ੍ਹਾਂ ਦੀ ਆਮਦ ਉਤੇ ਅੱਖ ਰਖਣੀ ਸ਼ੁਰੂ ਕੀਤੀ। ਇਨ੍ਹਾਂ ਵਿਚੋਂ ਪੰਜ ਹਜ਼ਾਰ ਨੂੰ ਤਾਂ ਛਡ ਦਿੱਤਾ ਗਿਆ, ਪਰ ਲਗਭਗ 2500 ਨੂੰ ਆਪਣੇ ਪਿੰਡਾਂ ਵਿਚ ਹੀ ਨਜ਼ਰਬੰਦ ਰਖਿਆ ਗਿਆ ਅਤੇ ਲਗਭਗ 400 ਨੂੰ ਜ਼ਿਆਦਾ ਖ਼ਤਰਨਾਕ ਸਮਝ ਕੇ ਕੈਦ ਕਰ ਲਿਆ ਗਿਆ। ਇਸ ਨਾਲ ਪਾਰਟੀ ਦੀ ਕਾਰਵਾਈ ਨੂੰ ਧੱਕਾ ਲਗਾ, ਪਰ ਨਵੇਂ ਲੀਡਰਾਂ ਨੇ ਸਥਿਤੀ ਨੂੰ ਜਲਦੀ ਸੰਭਾਲਣ ਦਾ ਯਤਨ ਕੀਤਾ। ਛੋਟੇ ਕਿਤਾਬਚੇ ਜਾਂ ਚੁਪੱਤਰੀਆਂ/ਦੁਪੱਤਰੀਆਂ ਛਾਪ ਕੇ ਲੋਕਾਂ ਵਿਚ ਵੰਡੀਆ।

            ਕ੍ਰਿਾਂਤੀ ਲਈ ਤਿਆਰੀਆਂ ਸ਼ੁਰੂ ਹੋ ਗਈਆਂ। ਪਾਰਟੀ ਦਾ ਦਫ਼ਤਰ ਅੰਮ੍ਰਿਤਸਰ ਤੋਂ ਲਾਹੌਰ ਅੰਦਰ ਬਦਲ ਦਿੱਤਾ ਗਿਆ। ਸਿਵਾਏ ਜਰਮਨੀ ਤੋਂ ਹੋਰ ਕਿਸੇ ਮੁਲਕ ਵਲੋਂ ਕੋਈ ਮਾਲੀ ਸਹਾਇਤਾ ਪ੍ਰਾਪਤ ਨ ਹੋਈ। ਜੋ ਸ਼ਸਤ੍ਰ ਬਾਹਰੋਂ ਭੇਜੇ ਜਾਂਦੇ ਉਹ ਰਸਤੇ ਵਿਚ ਹੀ ਜ਼ਬਤ ਕਰ ਲਏ ਜਾਂਦੇ। 12 ਫਰਵਰੀ 1915 ਈ. ਨੂੰ ਪਾਰਟੀ ਦੀ ਕਾਰਜਕਾਰਣੀ ਕਮੇਟੀ ਨੇ ਫ਼ੈਸਲਾ ਕੀਤਾ ਕਿ 21 ਫਰਵਰੀ ਨੂੰ ਬਗ਼ਾਵਤ ਆਰੰਭ ਕਰ ਦਿੱਤੀ ਜਾਏ। ਮੁਖ਼ਬਰ ਕ੍ਰਿਪਾਲ ਸਿੰਘ ਰਾਹੀਂ ਗੱਲ ਸਰਕਾਰ ਤਕ ਪਹੁੰਚ ਗਈ। ਫਲਸਰੂਪ ਗ਼ਦਰੀਆਂ ਨੇ 21 ਫਰਵਰੀ ਦੀ ਥਾਂ 19 ਫਰਵਰੀ ਤਾਰੀਖ਼ ਨਿਸਚਿਤ ਕਰ ਦਿੱਤੀ। ਪਰ ਸਰਕਾਰ ਨੇ ਲਾਹੌਰ ਵਿਚ ਕਈ ਥਾਂਵਾਂ ਉਤੇ ਛਾਪੇ ਮਾਰ ਕੇ 13 ਖ਼ਤਰਨਾਕ ਬੰਦੇ ਪਕੜ ਲਏ ਅਤੇ ਛਾਵਣੀਆਂ ਵਿਚ ਸੈਨਾ ਨੂੰ ਸਾਵਧਾਨ ਕਰ ਦਿੱਤਾ ਗਿਆ। ਪਕੜੇ ਗਏ ਸਾਰੇ ਕੈਦੀਆਂ ਨੂੰ ਲਾਹੌਰ ਸੈਂਟ੍ਰਲ ਜੇਲ੍ਹ ਵਿਚ ਇਕੱਠਾ ਕਰ ਲਿਆ ਗਿਆ। ਸਪੈਸ਼ਨ ਟ੍ਰਿਬਿਊਨਲ ਰਾਹੀਂ ਲਾਹੌਰ ਸਾਜ਼ਿਸ ਦੇ ਕੇਸਾਂ ਦੀ ਸੁਣਵਾਈ ਸ਼ੁਰੂ ਕੀਤੀ ਗਈ। ਕੁਲ 291 ਬੰਦਿਆਂ ਦੇ ਵਿਰੁੱਧ ਕੇਸ ਚਲੇ ਜਿਨ੍ਹਾਂ ਵਿਚੋਂ 42 ਵਿਅਕਤੀਆਂ ਨੂੰ ਫ਼ਾਂਸੀ , 114 ਨੂੰ ਉਮਰ ਭਰ ਜਲਾਵਤਨੀ ਅਤੇ 93 ਨੂੰ ਹੋਰ ਸਜ਼ਾਵਾਂ ਦਿੱਤੀਆਂ ਗਈਆਂ। 42 ਵਿਅਕਤੀਆਂ ਨੂੰ ਬੇਕਸੂਰ ਸਮਝ ਕੇ ਛਡ ਦਿੱਤਾ ਗਿਆ। ਜਿਨ੍ਹਾਂ ਫ਼ੌਜੀ ਟੁਕੜੀਆਂ ਜਾਂ ਯੂਨਿਟਾਂ ਵਿਚ ਬਗ਼ਾਵਤ ਹੋਈ, ਉਨ੍ਹਾਂ ਨੂੰ ਵੀ ਕਠੋਰ ਸਜ਼ਾ ਦਿੱਤੀ ਗਈ। ਉਨ੍ਹਾਂ ਵਿਚ 21 ਨੂੰ ਫ਼ਾਂਸੀ ਅਤੇ 65 ਨੂੰ ਉਮਰ ਭਰ ਜਲਾਵਤਨੀ ਦੀ ਸਜ਼ਾ ਸੁਣਾਈ ਗਈ। ਇਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਗਈਆਂ। ਸਿੰਗਾਪੁਰ ਵਿਚ ਸਥਿਤ 5 ਲਾਇਟ ਇਨਫੈਂਟਰੀ ਦੇ ਸੱਤ ਸੌ ਬੰਦਿਆਂ ਨੇ 15 ਫਰਵਰੀ ਨੂੰ ਬਗ਼ਾਵਤ ਕੀਤੀ ਅਤੇ ਕਿਲ੍ਹੇ ਉਤੇ ਕਬਜ਼ਾ ਕਰ ਲਿਆ। ਪਰ ਅੰਗ੍ਰੇਜ਼ ਫ਼ੌਜਾਂ ਨੇ ਉਨ੍ਹਾਂ ਦੀ ਕਾਰਵਾਈ ਨੂੰ ਦਬਾ ਦਿੱਤਾ। ਕੁਲ 126 ਫ਼ੌਜੀਆਂ ਦਾ ਕੋਰਟ ਮਾਰਸ਼ਲ ਹੋਇਆ ਜਿਨ੍ਹਾਂ ਵਿਚ 37 ਨੂੰ ਫ਼ਾਂਸੀ, ਅਤੇ 41 ਨੂੰ ਉਮਰ ਭਰ ਦੀ ਜਲਾਵਤਨੀ ਦੀ ਸਜ਼ਾ ਮਿਲੀ। ਬਾਕੀਆਂ ਨੂੰ ਵੀ ਵਖ ਵਖ ਤਰ੍ਹਾਂ ਦੀ ਸਜ਼ਾ ਹੋਈ। ਇਸ ਤਰ੍ਹਾਂ ਬ੍ਰਿਟਿਸ਼ ਸਰਕਾਰ ਦੁਆਰਾ ਇਸ ਲਹਿਰ ਨੂੰ ਮਿਧ ਦਿੱਤਾ ਗਿਆ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11524, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਗ਼ਦਰ ਲਹਿਰ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗ਼ਦਰ ਲਹਿਰ: ਗ਼ਦਰ, ਆਮ ਤੌਰ ’ਤੇ ਉਸ ਬਗ਼ਾਵਤ ਨੂੰ ਕਿਹਾ ਜਾਂਦਾ ਹੈ ਜਿਸ ਦਾ ਨਾਂ ਇਕ ਅਖ਼ਬਾਰ ਤੋਂ ਪਿਆ ਜੋ ਹਿੰਦੁਸਤਾਨ ਐਸੋਸੀਏਸ਼ਨ ਆਫ਼ ਦੀ ਪੈਸੇਫ਼ਿਕ ਕੋਸਟ ਲਈ ਸੰਪਾਦਿਤ ਅਤੇ ਪ੍ਰਕਾਸ਼ਿਤ ਕੀਤਾ ਜਾਂਦਾ ਸੀ। ਇਸ ਦੀ 1912 ਵਿਚ ਅਮਰੀਕਾ ਦੇ ਪੋਰਟਲੈਂਡ ਵਿਖੇ ਸਥਾਪਨਾ ਕੀਤੀ ਗਈ ਸੀ। ਇਸ ਅੰਦੋਲਨ ਦੇ ਸੰਗਠਨ ਨੇ ਭਾਰਤ ਵਿਚਲੀਆਂ ਕ੍ਰਾਂਤੀਕਾਰੀ ਗਤੀਵਿਧੀਆਂ ਨੂੰ ਤੇਜ਼ ਕੀਤਾ ਅਤੇ ਇਸ ਨੂੰ ਭਾਰਤ ਵਿਚ ‘ਗ਼ਦਰ’ ਵਜੋਂ ਜਾਣਿਆ ਜਾਂਦਾ ਹੈ।

      ਉਸ ਸਮੇਂ ਪੰਜਾਬ ਵਿਚ ਖੇਤੀ ਦਾ ਧੰਦਾ ਬਹੁਤਾ ਲਾਹੇਵੰਦ ਨਹੀਂ ਸੀ। ਕਿਸਾਨਾਂ ਨੇ ਸਦੀ ਦੇ ਸ਼ੁਰੂ ਵਿਚ, ਰੋਜ਼ਗਾਰ ਦੇ ਨਵੇਂ ਮੌਕਿਆਂ ਦੀ ਤਲਾਸ਼ ਵਿਚ ਵਿਦੇਸ਼ਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ ਸੀ। ਨਵੇਂ ਰੋਜ਼ਗਾਰ ਦੇ ਮੌਕੇ ਪੈਦਾ ਕਰ ਰਹੇ ਪੂਰਬੀ ਏਸ਼ੀਆਈ ਮੁਲਕਾਂ ਨੇ ਚੰਗੀ ਤੇ ਖੁੱਲ੍ਹੀ ਜ਼ਮੀਨ ਦੀ ਇਹਨਾਂ ਵਿਅਕਤੀਆਂ ਨੂੰ ਪੇਸ਼ਕਸ਼ ਕੀਤੀ ।ਵੱਡੀ ਗਿਣਤੀ ਵਿਚ ਕਿਸਾਨ ਉਸ ਦਿਸ਼ਾ ਵੱਲ ਜਾਣ ਲੱਗ ਪਏ। ਇੱਥੇ ਚੰਗੇ ਭਵਿਖ ਬਾਰੇ ਜਾਣਕਾਰੀ ਪ੍ਰਾਪਤ ਹੋਣ ਦੇ ਬਾਵਜੂਦ ਉਹ ਇਸ ਨੂੰ ਛੱਡ ਕੇ 20ਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਕਨੇਡਾ ਅਤੇ ਅਮਰੀਕਾ ਜਾ ਕੇ ਵੱਸਣ ਲੱਗੇ। ਉਹਨਾਂ ਵਿਚ ਜ਼ਿਆਦਾਤਰ ਛੋਟੇ ਕਿਸਾਨ, ਸਾਬਕਾ ਫ਼ੌਜੀ ਅਤੇ ਕਾਰੀਗਰ ਸਨ। ਸਿੱਖ ਧਰਮ ਦੇ ਅਨੁਯਾਈ ਹੋਣ ਕਾਰਨ ਉਹਨਾਂ ਨੂੰ ਸਮੁੰਦਰ ਨੂੰ ਪਾਰ ਕਰਨ ਲਈ ਧਾਰਮਿਕ ਬੰਦਿਸ਼ ਨਹੀਂ ਸੀ।

      ਉੱਤਰੀ ਅਮਰੀਕਾ ਦੇ ਪੱਛਮੀ ਕੰਢੇ ਨੂੰ ਵਿਕਸਿਤ ਕਰਨ ਲਈ ਮਜ਼ਦੂਰਾਂ ਦੀ ਲੋੜ ਸੀ। ਅਮਰੀਕਾ ਅਤੇ ਕਨੇਡਾ ਦੇ ਸਨਅਤਕਾਰਾਂ ਨੇ ਸਸਤੇ ਅਤੇ ਮਿਹਨਤੀ ਮਜ਼ਦੂਰਾਂ ਦੇ ਆਗਮਨ ਨੂੰ ਉਤਸ਼ਾਹ ਦੇਣਾ ਸ਼ੁਰੂ ਕਰ ਦਿੱਤਾ ਜੋ ਉਹਨਾਂ ਨੂੰ ਚੀਨੀ, ਜਾਪਾਨੀ ਅਤੇ ਭਾਰਤੀ (ਜ਼ਿਆਦਾਤਰ ਪੰਜਾਬੀ) ਮਜ਼ਦੂਰਾਂ ਵਿਚੋਂ ਮਿਲਦੇ ਸਨ। 1908 ਵਿਚ, ਲਗ-ਪਗ 5,000 ਭਾਰਤੀ ਕਨੇਡਾ ਪਹੁੰਚੇ। ਇਹਨਾਂ ਵਿਚ ਤਕਰੀਬਨ 99 ਪ੍ਰਤੀਸ਼ਤ ਭਾਰਤੀ ਪ੍ਰਵਾਸੀ ਪੰਜਾਬੀ ਸਨ, ਜਿਨ੍ਹਾਂ ਵਿਚੋਂ 90 ਪ੍ਰਤੀਸ਼ਤ ਸਿੱਖ ਸਨ।

      ਭਾਰਤੀਆਂ ਦੀ ਸ਼ਿਕਾਗੋ ਅਤੇ ਨਿਊਯਾਰਕ ਵਿਚ ਸਹਾਇਤਾ ਕਰਨ ਲਈ, ਅਮਰੀਕਾ ਨੇ ‘ਇੰਡੋ- ਅਮਰੀਕਨ ਸੁਸਾਇਟੀ’ ਸਥਾਪਿਤ ਕੀਤੀ ਸੀ। ਇਸ ਦੀ ਸਰਪ੍ਰਸਤੀ ਵਿਚ ਇਕ ਹੋਰ ਸਭਾ ‘ਇੰਡੋ- ਅਮਰੀਕਨ ਨੈਸ਼ਨਲ ਐਸੋਸੀਏਸ਼ਨ’ ਬਣੀ, ਜਿਸ ਨੇ ਭਾਰਤੀ ਵਿਦਿਆਰਥੀਆਂ ਨੂੰ ਅਮਰੀਕਾ ਵਿਚ ਪੜ੍ਹਾਈ ਕਰਨ ਲਈ ਸੱਦਾ ਦਿੱਤਾ ਅਤੇ ਉਹਨਾਂ ਨੂੰ ਆਰਥਿਕ ਸਹਾਇਤਾ ਵੀ ਦਿੱਤੀ। ਇਸ ਸਭਾ ਨੇ ‘ਇੰਡੀਆ ਹਾਊਸ’ ਸ਼ੁਰੂ ਕੀਤਾ ਜਿੱਥੇ ਭਾਰਤੀ ਵਿਦਿਆਰਥੀਆਂ ਨੂੰ ਮੁਫ਼ਤ ਰਿਹਾਇਸ਼ ਅਤੇ ਖਾਣਾ ਦਿੱਤਾ ਜਾਂਦਾ ਸੀ। ਮੱਧ ਸ਼੍ਰੇਣੀ ਦੇ ਬਹੁਤੇ ਵਿਦਿਆਰਥੀ ਸਾਨ- ਫਰਾਂਸਿਸਕੋ ਵਿਖੇ ਬਰਕਲੇ ਯੂਨੀਵਰਸਿਟੀ ਵਿਚ ਦਾਖ਼ਲ ਹੋ ਗਏ ਸਨ। ਉਹਨਾਂ ਨੂੰ ਆਪਣੇ ਖ਼ਰਚੇ ਚਲਾਉਣ ਲਈ ਆਪ ਹੀ ਕਮਾਈ ਕਰਕੇ ਭੁਗਤਾਨ ਕਰਨਾ ਪੈਂਦਾ ਸੀ। ਲਾਲਾ ਹਰਦਿਆਲ (ਸਟੈਨਫ਼ੋਰਡ ਯੂਨੀਵਰਸਿਟੀ), ਸੰਤ ਤੇਜਾ ਸਿੰਘ (ਹਾਰਵਰਡ ਯੂਨੀਵਰਸਿਟੀ) ਅਤੇ ਭਾਈ ਪਰਮਾਨੰਦ ਨੇ ਮਿਲ ਕੇ ਨਿਰਨਾ ਲਿਆ ਕਿ ਗ਼ਰੀਬ ਪਰਵਾਰਾਂ ਨਾਲ ਸੰਬੰਧਿਤ ਬਹੁਤੇ ਵਿਦਿਆਰਥੀਆਂ ਨੂੰ ਅਮਰੀਕਾ ਅਤੇ ਕਨੇਡਾ ਵਿਚ ਪੜ੍ਹਾਈ ਕਰਨ ਲਈ ਸੱਦਾ ਦਿੱਤਾ ਜਾਵੇ। ਭਾਈ ਜਵਾਲਾ ਸਿੰਘ , ਭਾਈ ਸੰਤੋਖ ਸਿੰਘ ਅਤੇ ਸੰਤ ਵਸਾਖਾ ਸਿੰਘ ਨੇ ਵੀ ਉਹਨਾਂ ਨਾਲ ਹੱਥ ਮਿਲਾ ਲਿਆ ਅਤੇ ਉਹ ਵਿਦਿਆਰਥੀਆਂ ਨੂੰ ਮਾਲੀ ਸਹਾਇਤਾ ਦੇਣ ਲਈ ਰਾਜ਼ੀ ਹੋ ਗਏ। ਵਿਦਿਆਰਥੀਆਂ ਦੇ ਨਾਲ-ਨਾਲ ਬਹੁਤ ਸਾਰੇ ਭਾਰਤੀ ਬਾਗ਼ੀਆਂ ਨੂੰ ਵੀ ਅਮਰੀਕਾ ਜਾਣ ਦਾ ਮੌਕਾ ਮਿਲ ਗਿਆ। ਕੁਝ ਸਮੇਂ ਬਾਅਦ ਮਾਲੀ ਮੁਸ਼ਕਲਾਂ ਦੇ ਕਾਰਨ ਸੁਸਾਇਟੀ ਖ਼ਤਮ ਹੋ ਗਈ ਪਰੰਤੂ ਮਿਲਦੀ- ਜੁਲਦੀਆਂ ਸਭਾਵਾਂ ਅਤੇ ਇੰਡੀਆ ਹਾਊਸਜ਼ ਲੰਦਨ ਅਤੇ ਪੈਰਿਸ ਵਿਚ ਬਣ ਗਏ ਸਨ।

      ਭਾਰਤੀ ਜੋ ਅਮਰੀਕਾ ਅਤੇ ਕਨੇਡਾ ਵਿਚ ਗਏ ਹੋਏ ਸਨ ਉਹ ਪੇਂਡੂ ਕਿਸਾਨੀ ਦੀ ਮੱਧ ਸ਼੍ਰੇਣੀ ਵਿਚੋਂ ਸਨ। ਜਿਹੜੇ ਮਜ਼ਦੂਰ ਸਨ, ਉਹਨਾਂ ਵਿਚੋਂ ਜ਼ਿਆਦਾ ਗਿਣਤੀ ਸਾਬਕਾ ਫ਼ੌਜੀਆਂ ਦੀ ਸੀ। ਸ਼ੁਰੂ ਵਿਚ, ਭਾਰਤੀ ਕੈਲੇ- ਫੋਰਨੀਆਂ ਵਿਚ ਸਾਨਫ਼ਰਾਂਸਿਸਕੋ ਅਤੇ ਸਟੋਕਟਨ, ਓਰੇਗਨ ਅਤੇ ਵਾਸ਼ਿੰਗਟਨ ਰਿਆਸਤਾਂ ਵਿਚ ਪੋਰਟਲੈਂਡ ਅਤੇ ਸੈਂਟਜਾਨ ਅਤੇ ਕਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ ਵੈਨਕੂਵਰ ਅਤੇ ਵਿਕਟੋਰੀਆ ਵਿਚ ਗਏ। ਅਮਰ ਸਿੰਘ ਅਤੇ ਗੋਪਾਲ ਸਿੰਘ ਵਰਗੇ ਵਿਅਕਤੀ ਜੋ ਅਮਰੀਕਾ’ਚ 1905 ਵਿਚ ਗਏ ਸਨ ਅਤੇ ਤਾਰਕ ਨਾਥ ਦਾਸ ਅਤੇ ਰਾਮ ਨਾਥ ਪੁਰੀ , ਜੋ ਉਹਨਾਂ ਦੇ ਪਿੱਛੇ ਗਏ ਸਨ, ਉਹਨਾਂ ਨੇ ਭਾਰਤ ਜਾ ਕੇ ਬਰਤਾਨਵੀ ਹਕੂਮਤ ਖ਼ਿਲਾਫ਼ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਨੇ ਉਰਦੂ ਵਿਚ ਅਜ਼ਾਦੀ ਕਾ ਸਰਕੁਲਰ ਨਾਂ ਦਾ ਅਖ਼ਬਾਰ ਸ਼ੁਰੂ ਕੀਤਾ। ਇਹ ਅਖ਼ਬਾਰ ਭਾਰਤ ਦੀਆਂ ਫ਼ੌਜਾਂ ਨੂੰ ਬਰਤਾਨਵੀਆਂ ਦੇ ਖ਼ਿਲਾਫ਼ ਭੜਕਾਉਣ ਲਈ ਵੰਡਿਆ ਜਾਂਦਾ ਸੀ।      

      ਗੋਰੇ ਅਤੇ ਏਸ਼ੀਆਈ ਮਜ਼ਦੂਰਾਂ ਵਿਚਾਲੇ ਇੱਥੇ ਲਗਾਤਾਰ ਤਣਾਉ ਬਣਿਆ ਰਹਿੰਦਾ ਸੀ। ਏਸ਼ੀਆਈ ਮਜ਼ਦੂਰਾਂ ਨੂੰ ਘੱਟ ਮਜ਼ਦੂਰੀ ਦਿੱਤੀ ਜਾਂਦੀ ਸੀ ਅਤੇ ਫਿਰ ਵੀ ਗੋਰੇ ਉਦਯੋਗਪਤੀ ਏਸ਼ੀਆਈ ਮਜ਼ਦੂਰਾਂ ਨੂੰ ਤਰਜੀਹ ਦਿੰਦੇ ਸਨ। ਇਸ ਗੱਲ ਨੇ ਗੋਰੇ ਮਜ਼ਦੂਰਾਂ ਵਿਚ ਉਹਨਾਂ ਪ੍ਰਤੀ ਈਰਖ਼ਾ ਪੈਦਾ ਕਰ ਦਿੱਤੀ ਸੀ ਅਤੇ ਉਹ ਏਸ਼ੀਆਈ ਮਜ਼ਦੂਰਾਂ ਨੂੰ ਪਰੇਸ਼ਾਨ ਕਰਨ ਲੱਗ ਪਏ ਸਨ। ਉਹਨਾਂ ਨੇ ਏਸ਼ੀਆਈ ਮਜ਼ਦੂਰਾਂ ਦੀਆਂ ਰਿਹਾਇਸ਼ਾਂ ਉੱਪਰ ਸੰਗਠਿਤ ਹਮਲੇ ਸ਼ੁਰੂ ਕਰ ਦਿੱਤੇ। ਗੋਰੇ, ਭਾਰਤੀਆਂ ਨੂੰ ਗੁਲਾਮ ਹੋਣ ਦਾ ਮਿਹਣਾ ਵੀ ਮਾਰਿਆ ਕਰਦੇ ਸਨ। ਚੀਨ ਅਤੇ ਜਾਪਾਨ ਦੀਆਂ ਸਰਕਾਰਾਂ ਨੇ ਆਪਣੇ ਨਾਗਰਿਕਾਂ ਨਾਲ ਹੋ ਰਹੇ ਦੁਰਵਿਵਹਾਰ ਪ੍ਰਤੀ ਵਿਰੋਧ ਪ੍ਰਗਟ ਕੀਤਾ ਪਰੰਤੂ ਭਾਰਤੀਆਂ ਲਈ ਲੜਨ ਵਾਲਾ ਕੋਈ ਨਹੀਂ ਸੀ। ਇਸ ਦਾ ਨਤੀਜਾ ਇਹ ਹੋਇਆ ਕਿ ਕਨੇਡਾ ਦੀ ਸਰਕਾਰ ਨੇ ਜਿਹੜੇ ਭਾਰਤੀ ਪਹਿਲਾਂ ਤੋਂ ਹੀ ਉੱਥੇ ਸਨ, ਉਹਨਾਂ ਨੂੰ ਹੋਰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਹੋਰ ਭਾਰਤੀਆਂ ਦੀ ਆਮਦ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੂੰ ‘ਪੱਗੜਧਾਰੀ’ ਜਾਂ ‘ਜਟਾਧਾਰੀ’ ਵੀ ਕਹਿਣ ਲੱਗੇ। 1908 ਦੇ ਦੌਰਾਨ , ਕਨੇਡਾ ਦੀ ਸਰਕਾਰ ਨੇ, ਕਨੇਡਾ ਵਿਚ ਰਹਿ ਰਹੇ ਭਾਰਤੀਆਂ ਨੂੰ ਬ੍ਰਿਟਿਸ਼ ਹਾਂਡੂਰਸ (ਕੇਂਦਰੀ ਅਮਰੀਕਾ) ਵੱਲ ਭੇਜਣ ਦੀ ਕੋਸ਼ਿਸ਼ ਕੀਤੀ ਅਤੇ ਉੱਥੇ ਵੱਸਣ ਲਈ ਕਿਹਾ। ਇਕ ਭਾਰਤੀ ਪ੍ਰਤਿਨਿਧੀ-ਮੰਡਲ ਹਾਂਡੂਰਸ ਵਿਖੇ ਜਾਇਜ਼ਾ ਲੈਣ ਗਿਆ ਅਤੇ ਉਸਨੇ ਉੱਥੋਂ ਦੀ ਜਲਵਾਯੂ ਨੂੰ ਰਹਿਣ ਲਈ ਯੋਗ ਨਾ ਸਮਝਿਆ। ਉੱਥੇ ਮਜ਼ਦੂਰੀ ਵੀ ਬਹੁਤ ਘੱਟ ਹੋਣ ਕਾਰਨ, ਉਹਨਾਂ ਨੇ ਬ੍ਰਿਟਿਸ਼ ਹਾਂਡੂਰਸ ਵੱਲ ਪ੍ਰਵਾਸ ਕਰਨ ਤੋਂ ਇਨਕਾਰ ਕਰ ਦਿੱਤਾ।

      ਕਨੇਡਾ ਦੀ ਸਰਕਾਰ ਨੇ ਭਾਰਤੀਆਂ ਦੀ ਕਨੇਡਾ ਵਿਖੇ ਦਾਖ਼ਲ ਹੋਣ ਦੇ ਅਧਿਨਿਯਮਾਂ ਵਿਚ ਹੋਰ ਜ਼ਿਆਦਾ ਸਖ਼ਤੀ ਕਰ ਦਿੱਤੀ। ਉਹਨਾਂ ਨੇ ਕਾਨੂੰਨ ਪਾਸ ਕੀਤਾ ਕਿ ਕਨੇਡਾ ਦੀ ਧਰਤੀ ’ਤੇ ਨਵੇਂ ਆਉਣ ਵਾਲੇ ਵਿਅਕਤੀਆਂ ਨੂੰ ਉਦੋਂ ਤਕ ਇਜ਼ਾਜ਼ਤ ਨਾ ਦਿੱਤੀ ਜਾਵੇ “ਜਦੋਂ ਤਕ ਉਹ ਆਪਣੇ ਜੱਦੀ ਮੁਲਕ ਜਿੱਥੇ ਉਹਨਾਂ ਨੇ ਜਨਮ ਲਿਆ ਹੈ ਜਾਂ ਜਿਸ ਦੇ ਉਹ ਨਾਗਰਿਕ ਹਨ, ਉੱਥੋਂ ਧੁਰੋਂ ਸਿੱਧੇ ਸਫ਼ਰ ਦੁਆਰਾ ਆਉਣ ਅਤੇ ਆਪਣੇ ਨਾਗਰਿਕ ਮੁਲਕ ਨੂੰ ਛੱਡਣ ਤੋਂ ਪਹਿਲਾਂ ਟਿਕਟ ਖ਼ਰੀਦਣ ਤੇ ਫਿਰ ਉਸ ਟਿਕਟ ਰਾਹੀਂ ਆਉਣ।” ਉਹਨਾਂ ਨੂੰ ਆਪਣੇ ਨਾਲ 200 ਡਾਲਰ ਲੈ ਕੇ ਆਉਣੇ ਪੈਂਦੇ ਸਨ ਜਦੋਂ ਕਿ ਪਹਿਲਾਂ ਇਹ ਸ਼ਰਤ ਕੇਵਲ 25 ਡਾਲਰਾਂ ਦੀ ਸੀ। ਇਹਨਾਂ ਸ਼ਰਤਾਂ ਨੇ ਭਾਰਤੀਆਂ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਕਿਉਂਕਿ ਉਹਨਾਂ ਕੋਲ ਨਾ ਤਾਂ ਆਪਣਾ ਕੋਈ ਸਮੁੰਦਰੀ ਜਹਾਜ਼ ਸੀ ਅਤੇ ਨਾ ਹੀ ਉਸ ਸਮੇਂ ਭਾਰਤ ਤੇ ਕਨੇਡਾ ਵਿਚਕਾਰ ਸਿੱਧੇ ਚੱਲੇ ਜਾਣ ਵਾਲੇ ਜਹਾਜ਼ ਦੀ ਸਹੂਲਤ ਸੀ। ਜਹਾਜ਼ਾਂ ਦੀਆਂ ਕੰਪਨੀਆਂ ਨੂੰ ਹਿਦਾਇਤ ਕੀਤੀ ਗਈ ਸੀ ਕਿ ਉਹ ਭਾਰਤੀਆਂ ਨੂੰ ਸਿੱਧਾ ਟਿਕਟ ਨਾ ਜਾਰੀ ਕਰਨ। ਭਾਰਤ ਵਿਚਲੀ ਬਰਤਾਨਵੀ ਸਰਕਾਰ ਨੇ ਇਨ੍ਹਾਂ ਨਵੀਆਂ ਸ਼ਰਤਾਂ ਦਾ ਬਹੁਤ ਜ਼ੋਰ ਨਾਲ ਪ੍ਰਚਾਰ ਕੀਤਾ ਤਾਂ ਕਿ ਕਨੇਡਾ ਵਿਚ ਜਾਣ ਵਾਲੇ ਭਾਰਤੀਆਂ ਨੂੰ ਨਿਰਉਤਸ਼ਾਹਿਤ ਕੀਤਾ ਜਾ ਸਕੇ

      ਕਨੇਡਾ ਵਿਚ ਭਾਰਤੀਆਂ ਨੇ ਕਾਫ਼ੀ ਜਾਇਦਾਦ ਬਣਾ ਲਈ ਸੀ ਅਤੇ ਉੱਥੇ ਤਿੰਨ ਸਾਲ ਰਹਿਣ ਮਗਰੋਂ ਨਾਗਰਿਕਤਾ ਵੀ ਪ੍ਰਾਪਤ ਕਰ ਲਈ ਸੀ। ਹੁਣ ਉਹ ਆਪਣੇ ਪਰਵਾਰਾਂ ਨੂੰ ਵੀ ਆਪਣੇ ਕੋਲ ਬੁਲਾਉਣਾ ਚਾਹੁੰਦੇ ਸਨ, ਪਰੰਤੂ ਉਹਨਾਂ ਨੂੰ ਇਸ ਦੀ ਇਜਾਜ਼ਤ ਨਾ ਮਿਲੀ। ਇਸ ਕਾਰਨ ਬਹੁਤ ਸਾਰੇ ਭਾਰਤੀ ਵਾਪਸ ਭਾਰਤ ਪਰਤ ਆਏ। ਇਸ ਨਾਲ ਸੰਬੰਧਿਤ ਕਈਆਂ ਨੇ ਪ੍ਰਸ਼ਾਸਕ ਅਧਿਕਾਰੀਆਂ ਅੱਗੇ ਵਿਰੋਧ ਵੀ ਪ੍ਰਗਟ ਕੀਤਾ ਪਰ ਕੋਈ ਅਸਰ ਨਾ ਹੋਇਆ। ਇਸ ਤਰ੍ਹਾਂ ਭਾਰਤੀ ਨਸਲੀ ਵਿਤਕਰੇ ਦਾ ਸ਼ਿਕਾਰ ਹੋ ਗਏ। ਜਿਸ ਨੂੰ ਉਹਨਾਂ ਨੇ ਮਹਿਸੂਸ ਕੀਤਾ ਕਿ ਉਹਨਾਂ ਦਾ ਦੇਸ ਗੁਲਾਮੀ ਦੀਆਂ ਬੇੜੀਆਂ ਵਿਚ ਜਕੜੇ ਹੋਣ ਕਾਰਨ ਹੀ, ਉਹਨਾਂ ਨਾਲ ਇੱਥੇ ਅਜਿਹਾ ਹੋ ਰਿਹਾ ਹੈ। ਭਾਰਤੀਆਂ ਲਈ ਕਨੇਡਾ ਵਿਚ ਦਾਖ਼ਲ ਹੋਣਾ ਅਤੇ ਉੱਥੇ ਸਨਮਾਨਯੋਗ ਜੀਵਨ ਜੀਣ ਲਈ ਲਗਾਤਾਰ ਸੰਘਰਸ਼ ਬਣਿਆ ਰਿਹਾ। ਇੱਥੋਂ ਤਕ ਕਿ ਉਹ ਲੋਕ ਜੋ ਅਮਰੀਕਾ ਚੱਲੇ ਗਏ ਸਨ ਅਤੇ ਚਾਹੁੰਦੇ ਸਨ ਕਿ ਕਨੇਡਾ ਵਾਪਸ ਆ ਕੇ ਆਪਣੀ ਜਾਇਦਾਦਾਂ ਦਾ ਨਿਬੇੜਾ ਕਰ ਦੇਣ, ਉਹਨਾਂ ਨੂੰ ਵੀ ਕਨੇਡਾ ਆਉਣ ਦੀ ਆਗਿਆ ਨਹੀਂ ਦਿੱਤੀ ਗਈ ਸੀ।

      1907 ਵਿਚ, ਵੈਨਕੁਵਰ ਵਿਚ ਭਾਰਤੀਆਂ (ਜ਼ਿਆਦਾਤਰ ਸਿੱਖਾਂ) ਨੇ ਅਨੁਚਿਤ ਪ੍ਰਵਾਸੀ ਕਾਨੂੰਨ ਦੇ ਖ਼ਿਲਾਫ਼ ਲੜਨ ਲਈ ‘ਖ਼ਾਲਸਾ ਦੀਵਾਨ ਸੁਸਾਇਟੀ ’ ਦਾ ਗਠਨ ਕੀਤਾ, ਜਿਸ ਦੀਆਂ ਵਿਕਟੋਰੀਆਂ, ਐਬੋਟਸਫ਼ੋਰਡ, ਨਿਊ ਵੈਸਟਮਿੰਸਟਰ, ਫ਼ਰੈਜ਼ਰ ਹਿੱਲ, ਡਨਕਨ ਕੂੰਬਸ ਅਤੇ ਓਸ਼ਨ ਫਾਲਜ਼ ਵਿਖੇ ਸ਼ਾਖ਼ਾਵਾਂ ਖੋਲ੍ਹੀਆਂ ਗਈਆਂ। ਇਹਨਾਂ ਦੀ ਅਗਵਾਈ ਅਧੀਨ , ਭਾਰਤੀਆਂ ਨੇ ਕਨੇਡਾ ਸਰਕਾਰ ਦੇ ਯਤਨ ਨੂੰ, ਕਿ ਇਹਨਾਂ ਨੂੰ ਹਾਂਡੂਰਸ ਭੇਜਿਆ ਜਾਵੇ, ਅਸਫ਼ਲ ਕਰਨ ਵਿਚ ਕਾਮਯਾਬੀ ਹਾਸਲ ਕੀਤੀ। ਸਿੱਖਾਂ ਨੇ ਵੈਨਕੁਵਰ ਵਿਖੇ ਗੁਰਦੁਆਰੇ ਦੀ ਉਸਾਰੀ ਕੀਤੀ ਜਿਸ ਦੀ ਜਨਵਰੀ 1908 ਵਿਚ ਬੜੇ ਜੋਸ਼ ਅਤੇ ਉਤਸ਼ਾਹ ਨਾਲ ਸੇਵਾ ਅਰੰਭ ਕੀਤੀ ਗਈ ਅਤੇ ਬਾਅਦ ਵਿਚ ਹੋਰਨਾਂ ਥਾਵਾਂ ਤੇ ਅਜਿਹੇ ਗੁਰਦੁਆਰੇ ਉਸਾਰੇ ਗਏ। ਇਹ ਗੁਰਦੁਆਰੇ ਭਾਰਤੀ ਲੋਕਾਂ ਲਈ ਇਕੱਠੇ ਹੋਣ ਦੀ ਜਗ੍ਹਾ ਬਣ ਗਏ।

      1909 ਦੌਰਾਨ, ਕੇਵਲ 6 ਭਾਰਤੀਆਂ ਨੂੰ ਕਨੇਡਾ ਜਾਣ ਦੀ ਮਨਜ਼ੂਰੀ ਮਿਲੀ। ਉਸੇ ਸਾਲ ਭਾਰਤੀ ਪ੍ਰਵਾਸੀਆਂ ਨੇ ਭਾਗ ਸਿੰਘ ਭਿੱਖੀਵਿੰਡ ਦੀ ਪ੍ਰਧਾਨਗੀ ਹੇਠ ‘ਹਿੰਦੁਸਤਾਨ ਐਸੋਸੀਏਸ਼ਨ’ ਦਾ ਸੰਗਠਨ ਬਣਾਇਆ। ਇਸ ਸੰਗਠਨ ਦੇ ਇਹ ਮੰਤਵ ਜਾਂ ਉਦੇਸ਼ ਸਨ ਕਿ ਭਾਰਤ ਵਿਚ ਨਿਰੋਲ ਭਾਰਤੀਆਂ ਦੀ ਸਰਕਾਰ ਹੋਵੇ: ਕੌਮੀ ਵਿੱਦਿਆ ਦਾ ਪ੍ਰਸਾਰ ਹੋਵੇ: ਭਾਰਤ ਦਾ ਉਦਯੋਗੀਕਰਨ ਕੀਤਾ ਜਾਵੇ: ਵਿਦੇਸ਼ੀਆਂ ਦੁਆਰਾ ਲੁੱਟ-ਖਸੁੱਟ ਤੋਂ ਰੱਖਿਆ ਦਾ ਪ੍ਰਬੰਧ ਹੋਵੇ ਇਤਿਆਦਿ। ਇਸ ਸੰਗਠਨ ਨੇ ਦੋ ਅਖ਼ਬਾਰ ਸ਼ੁਰੂ ਕੀਤੇ, ਪਰਦੇਸੀ ਖ਼ਾਲਸਾ ਪੰਜਾਬੀ ਵਿਚ ਅਤੇ ਸਵਦੇਸ਼ ਸੇਵਕ ਉਰਦੂ ਵਿਚ।ਖ਼ਾਲਸਾ ਅਤੇ ਮਾਰੋ ਫਿਰੰਗੀ ਕੋ ਵਰਗੇ ਪੈਂਫ਼ਲਿਟਸ ਦੂਰ-ਦੂਰ ਤਕ ਵੰਡੇ ਗਏ। ‘ਇੰਡੀਆ ਹਾਉਸ’ ਵਰਗਾ ਹੀ ‘ਸਵਦੇਸ਼ ਸੇਵਕ ਹੋਮ’ ਖੋਲ੍ਹਿਆ ਗਿਆ। ਅਜਿਹੀਆਂ ਸਰਗਰਮੀਆਂ ਨੇ ਭਾਰਤੀਆਂ ਵਿਚ ਰਾਸ਼ਟਰੀ ਜਾਂ ਕੌਮੀ ਭਾਵਨਾ ਪੈਦਾ ਕਰਨ ਲਈ ਸਹਾਇਤਾ ਕੀਤੀ। 15 ਦਸੰਬਰ 1911 ਨੂੰ, ਇਸ ਸੁਸਾਇਟੀ ਦੀ ਥਾਂ ਦੂਸਰੇ ਸੰਗਠਨ ਨੇ ਲੈ ਲਈ, ਜਿਸ ਨੂੰ ‘ਯੂਨਾਈਟਿਡ ਇੰਡੀਆ ਲੀਗ’ ਕਿਹਾ ਜਾਣ ਲੱਗਾ

      ਇਹਨਾਂ ਸਰਗਰਮੀਆਂ ਨੇ ਭਾਰਤੀ ਪ੍ਰਵਾਸੀਆਂ ਨੂੰ ਜਾਗਰੂਕ ਕੀਤਾ। ਬਾਬਾ ਸੋਹਨ ਸਿੰਘ ਭਕਨਾ, ਹਰਨਾਮ ਸਿੰਘ ਟੁੰਡੀਲਾਟ , ਉਦਮ ਸਿੰਘ ਕਸੇਲ, ਰੱਖਾ ਰਾਮ, ਈਸ਼ਰ ਸਿੰਘ ਮਰਹਾਣਾ ਜਿਹੇ ਵਿਅਕਤੀ ਅਤੇ ਹੋਰਾਂ ਨੇ ਐਤਵਾਰ ਵਾਲੇ ਦਿਨਾਂ ਜਾਂ ਛੁੱਟੀ ਵਾਲੇ ਹੋਰਨਾਂ ਦਿਨਾਂ ਨੂੰ ਇਕੱਠੇ ਹੋਣਾ ਅਤੇ ਮਸਲਿਆਂ ਉੱਪਰ ਸੋਚ-ਵਿਚਾਰ ਕਰਨੀ ਸ਼ੁਰੂ ਕਰ ਦਿੱਤੀ। ਸੈਂਟ ਜਾੱਨ ਅਤੇ ਸਿਆਟਲ (ਅਮਰੀਕਾ) ਉਹਨਾਂ ਦੀਆਂ ਸਰਗਰਮੀਆਂ ਦੇ ਕੇਂਦਰ ਬਣ ਗਏ। ਉਹਨਾਂ ਨੇ ਅਮਰੀਕਾ ਅਤੇ ਕਨੇਡਾ ਵਿਚ ਆਪਣੇ ਦੇਸਵਾਸੀਆਂ ਨਾਲ ਹੋਏ ਦੁਰਵਿਵਹਾਰ ਖ਼ਿਲਾਫ਼ ਵਿਰੋਧ ਕੀਤਾ।

      1911 ਵਿਚ, ਗੋਰੇ ਮਜ਼ਦੂਰਾਂ ਨੇ ਭਾਰਤੀਆਂ ਉੱਪਰ ਮੁੜ ਹਮਲੇ ਸ਼ੁਰੂ ਕਰ ਦਿੱਤੇ। ਹੁਣ ਤਕ, ਭਾਰਤੀ ਵੀ ਰਾਜਨੀਤਿਕ ਤੌਰ’ਤੇ ਚੇਤੰਨ ਹੋ ਗਏ ਸਨ। ਬਹੁਤ ਸਾਰੀਆਂ ਥਾਵਾਂ’ਤੇ ਉਹਨਾਂ ਨੇ ਆਪਣੇ ਆਪ ਨੂੰ ਸੰਗਠਿਤ ਕਰ ਲਿਆ ਸੀ, ਹਥਿਆਰ ਅਤੇ ਅਸਲਾ ਵੀ ਖ਼ਰੀਦ ਲਿਆ ਸੀ ਅਤੇ ਇਸ ਤਰ੍ਹਾਂ ਉਹਨਾਂ ਦੀ ਵੀ ਸਖ਼ਤ ਮੁਕਾਬਲਾ ਕਰਨ ਦੀ ਹਿੰਮਤ ਬਣ ਗਈ ਸੀ। 1912 ਵਿਚ, ਪੋਰਟਲੈਂਡ ਵਿਖੇ, ‘ਹਿੰਦੁਸਤਾਨੀ ਐਸੋਸੀਏਸ਼ਨ ਆਫ਼ ਪੈਸੇਫ਼ਿਕ ਕੋਸਟ’ ਦੀ ਸਥਾਪਨਾ ਕੀਤੀ ਗਈ ਅਤੇ ਬਾਬਾ ਸੋਹਨ ਸਿੰਘ ਭਕਨਾ ਇਸ ਦੇ ਪ੍ਰਧਾਨ ਬਣੇ ਅਤੇ ਜੀ.ਡੀ. ਕੁਮਾਰ ਨੂੰ ਇਸ ਦਾ ਜਨਰਲ ਸਕੱਤਰ ਬਣਾਇਆ ਗਿਆ। ਇਸ ਐਸੋਸੀਏਸ਼ਨ ਨੇ ਉਰਦੂ ਵਿਚ ਹਿੰਦੁਸਤਾਨ ਹਫ਼ਤਾਵਾਰ ਅਖ਼ਬਾਰ ਸ਼ੁਰੂ ਕੀਤਾ। ਮਿ: ਕੁਮਾਰ ਦੇ ਬਿਮਾਰ ਹੋ ਜਾਣ ਕਾਰਨ ਉਹ ਕੰਮ ਨੂੰ ਠੀਕ ਤਰੀਕੇ ਨਾਲ ਨਿਭਾਅ ਨਹੀਂ ਸਕਦੇ ਸਨ ਅਤੇ ਲਾਲਾ ਹਰਦਿਆਲ ਨੂੰ ਉਹਨਾਂ ਦੀ ਜਗ੍ਹਾ ਲੈਣ ਲਈ ਕਿਹਾ ਗਿਆ। ਐਸੋਸੀਏਸ਼ਨ ਨੇ ਮਈ 1913 ਦੌਰਾਨ, ਇਕ ਬਹੁਤ ਭਾਰੀ ਮੀਟਿੰਗ ਬੁਲਾਈ ਅਤੇ ‘ਯੁਗਾਂਤਰ ਆਸ਼ਰਮ ’ ਦੇ ਨਾਂ ਨਾਲ ਜਾਣਿਆ ਜਾਂਦਾ ਗ਼ਦਰ ਆਸ਼ਰਮ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਅਤੇ ਗ਼ਦਰ ਪਾਰਟੀ ਦਾ ਸੰਗਠਨ ਕੀਤਾ ਗਿਆ ਜਿਸ ਦਾ ਮੁੱਖ ਦਫ਼ਤਰ ਸਾਨਫ਼ਰਾਂਸਿਸਕੋ ਵਿਚ ਬਣਾਇਆ ਗਿਆ ਅਤੇ ਇਸ ਦੀਆਂ ਸ਼ਾਖ਼ਾਵਾਂ ਅਮਰੀਕਾ ਅਤੇ ਕਨੇਡਾ ਵਿਚ ਬਹੁਤ ਸਾਰੀਆਂ ਥਾਵਾਂ ਤੇ ਖੋਲ੍ਹੀਆਂ ਗਈਆਂ। ਪਾਰਟੀ ਦਾ ਟੀਚਾ ਇਸ ਤਰ੍ਹਾਂ ਮਿਥਿਆ ਗਿਆ ਸੀ: “ਅੱਜ, ਵਿਦੇਸ਼ੀ ਧਰਤੀ ਉੱਪਰ.... ਬਰਤਾਨਵੀ ਰਾਜ ਦੇ ਖ਼ਿਲਾਫ਼ ਜੰਗ ਸ਼ੁਰੂ ਕਰ ਰਹੇ ਹਾਂ.... ਸਾਡਾ ਨਾਂ ਕੀ ਹੈ? ਗ਼ਦਰ। ਸਾਡਾ ਕੰਮ ਕੀ ਹੈ? ਗ਼ਦਰ। ਇਹ ਗ਼ਦਰ ਕਿੱਥੇ ਛਿੜੇਗਾ? ਭਾਰਤ ਵਿਚ। ਉਹ ਵਕਤ ਜਲਦੀ ਆਉਣ ਵਾਲਾ ਹੈ ਜਦੋਂ ਬੰਦੂਕਾਂ ਅਤੇ ਖ਼ੂਨ ਨੇ ਪੈਨ ਅਤੇ ਸਿਆਹੀ ਦੀ ਜਗ੍ਹਾ ਲੈ ਲੈਣੀ ਹੈ।`` ਸਧਾਰਨ ਸ਼ਬਦਾਂ ਵਿਚ, ਹਥਿਆਰਬੰਦ ਵਿਦਰੋਹ ਰਾਹੀਂ ਭਾਰਤ ਵਿਚੋਂ ਬਰਤਾਨਵੀ ਰਾਜ ਤੋਂ ਛੁਟਕਾਰਾ ਪਾਉਣਾ ਉਹਨਾਂ ਦਾ ਮੁੱਖ ਨਿਸ਼ਾਨਾ ਸੀ।

      ਹਰ ਕਾਰਖ਼ਾਨੇ ਜਾਂ ਰੇਲਾਂ ਦੇ ਮਜ਼ਦੂਰਾਂ ਦੀ ਪਾਰਟੀ ਨੇ, ਆਪ ਕਮੇਟੀਆਂ ਬਣਾਈਆਂ ਤਾਂ ਜੋ ਉਹ ਸਿੱਧੇ ਰੂਪ ਵਿਚ ਗ਼ਦਰ ਪਾਰਟੀ ਦੇ ਮੁੱਖ ਦਫ਼ਤਰ ਦੇ ਅਧੀਨ ਕੰਮ ਕਰ ਸਕਣ। ਇਹਨਾਂ ਕਮੇਟੀਆਂ ਵਿਚੋਂ ਲਏ ਗਏ ਮੈਂਬਰਾਂ ਦੇ ਆਧਾਰ’ਤੇ ਇਕ ਪ੍ਰਬੰਧਕੀ ਕਮੇਟੀ ਬਣਾਈ ਗਈ ਜੋ ਪਾਰਟੀ ਦੇ ਪਰਚੇ ਅਤੇ ਪ੍ਰੈਸ ਨੂੰ ਚੱਲਾ ਸਕੇ। ਪਾਰਟੀ ਨੇ ਹਫ਼ਤਾਵਾਰ ਅਖ਼ਬਾਰ ਗ਼ਦਰ ਨੂੰ ਪ੍ਰਕਾਸ਼ਿਤ ਕਰਨ ਦਾ ਨਿਰਨਾ ਲਿਆ। ਹਰ ਮੈਂਬਰ ਨੂੰ ਚੰਦੇ ਦੇ ਰੂਪ ਵਿਚ ਘੱਟੋ-ਘੱਟ ਇਕ ਡਾਲਰ ਹਰ ਮਹੀਨੇ ਜ਼ਰੂਰ ਦੇਣਾ ਪੈਂਦਾ ਸੀ।

      ਰਾਜਨੀਤਿਕ ਅਤੇ ਗੁਪਤ ਗਤੀਵਿਧੀਆਂ ਦੀ ਨਿਗਰਾਨੀ ਕਰਨ ਲਈ ਪ੍ਰਬੰਧਕੀ ਕਮੇਟੀ ਵਿਚੋਂ ਤਿੰਨ ਮੈਂਬਰਾਂ ਦਾ ਇਕ ਵਫ਼ਦ ਤਿਆਰ ਕੀਤਾ ਗਿਆ।ਅਪਣਾਏ ਗਏ ਨਿਯਮਾਂ ਦੇ ਅੰਤਰਗਤ, ਕਮੇਟੀ ਵਿਚ ਕਿਸੇ ਵੀ ਧਾਰਮਿਕ ਮਸਲੇ ਬਾਰੇ ਬਹਿਸ ਨਹੀਂ ਕੀਤੀ ਜਾਣੀ ਸੀ।

      ਚੁਣੇ ਹੋਏ ਮੈਂਬਰਾਂ ਵਿਚ ਸਨ: ਬਾਬਾ ਸੋਹਨ ਸਿੰਘ ਭਕਨਾ (ਪ੍ਰਧਾਨ), ਭਾਈ ਕੇਸਰ ਸਿੰਘ ਠਠਗੜ (ਉਪ- ਪ੍ਰਧਾਨ), ਲਾਲਾ ਹਰਦਿਆਲ (ਜਨਰਲ ਸਕੱਤਰ), ਲਾਲਾ ਠਾਕਰ ਦਾਸ ਧੂਰੀ (ਜਾਇੰਟ ਸਕੱਤਰ), ਅਤੇ ਪੰਡਤ ਕਾਸ਼ੀ ਰਾਮ (ਖ਼ਜ਼ਾਨਚੀ)।

      ਗ਼ਦਰ ਅਖ਼ਬਾਰ ਦਾ ਪਹਿਲਾ ਅੰਕ , ਜੋ ਉਰਦੂ ਵਿਚ ਸੀ, ਨਵੰਬਰ 1913 ਵਿਚ ਪ੍ਰਕਾਸ਼ਿਤ ਹੋਇਆ ਅਤੇ ਕੁਝ ਹਫ਼ਤਿਆਂ ਬਾਅਦ ਇਹ ਪੰਜਾਬੀ ਵਿਚ ਵੀ ਛਾਪਿਆ ਗਿਆ। ਇਸ ਅਖ਼ਬਾਰ ਵਿਚ ਪ੍ਰਕਾਸ਼ਿਤ ਸ਼ਬਦਾਂ ਨੂੰ ਮੁੱਖ ਪੰਨੇ ਦੇ ਸਿਰਲੇਖ ਦੇ ਉੱਪਰ ਲਿਖਿਆ ਜਾਂਦਾ ਸੀ, “ਅੰਗਰੇਜ਼ੀ ਰਾਜ ਦੇ ਦੁਸ਼ਮਣ।” ਇਸ ਅਖ਼ਬਾਰ ਨੂੰ ਸਾਰੇ ਰਾਜਨੀਤਿਕ ਭਾਰਤੀ ਕੇਂਦਰ ਜਿਵੇਂ ਅਮਰੀਕਾ ਦੇ ਪੱਛਮੀ ਕੰਢੇ ਦੀਆਂ ਰਿਆਸਤਾਂ, ਕਨੇਡਾ, ਫ਼ਿਲੀਪਾਈਨਜ਼ ਫ਼ਿਜ਼ੀ, ਸੁਮਾਤਰਾ, ਜਾਪਾਨ, ਸ਼ੰਘਾਈ, ਹਾਂਗਕਾਂਗ, ਹੰਕਾਉ, ਜਾਵਾ , ਸਿੰਘਾਪੁਰ, ਮਲਾਯਾ, ਸਿਆਮ, ਬਰਮਾ, ਹਿੰਦੁਸਤਾਨ ਅਤੇ ਪੂਰਬੀ ਅਫ਼ਰੀਕਾ ਵਿਚ ਵੰਡਿਆ ਜਾਂਦਾ ਸੀ। ਕਈ ਵਾਰ ਗ਼ਦਰ ਅਖ਼ਬਾਰ ਵਿਚ ਇਹ ਇਸ਼ਤਿਹਾਰ ਛਪਦਾ ਸੀ:

      ਲੋੜ ਹੈ: ਹਿੰਦੁਸਤਾਨ ਵਿਚ ਗ਼ਦਰ ਨੂੰ ਸੰਗਠਿਤ ਕਰਨ ਲਈ ਸਰਗਰਮ ਅਤੇ ਵੀਰ ਸਿਪਾਹੀਆਂ ਦੀ:

      ਸੇਵਾਫ਼ਲ             :     ਮੌਤ

      ਇਨਾਮ               :     ਸ਼ਹਾਦਤ

      ਪੈਨਸ਼ਨ              :     ਅਜ਼ਾਦੀ

      ਕੰਮ ਦੀ ਜਗ੍ਹਾ        :     ਹਿੰਦੁਸਤਾਨ

      ਬਾਅਦ ਵਿਚ ਇਸ ਅਖ਼ਬਾਰ ਦੇ ਅਗਲੇ ਅੰਕਾਂ ਨੂੰ ਹਿੰਦੀ , ਗੁਜਰਾਤੀ, ਪਸ਼ਤੋ, ਬੰਗਾਲੀ ਅਤੇ ਨੇਪਾਲੀ ਭਾਸ਼ਾਵਾਂ ਵਿਚ ਵੀ ਛਾਪਿਆ ਗਿਆ। ਇਸ ਅਖ਼ਬਾਰ ਨੇ ਭਾਰਤੀ ਲੋਕਾਂ ਵਿਚ ਨਵੀਂ ਚੇਤਨਾ ਜਗਾਈ। ਬਰਤਾਨਵੀਂ ਸਰਕਾਰ ਨੇ ਇਸ ਅਖ਼ਬਾਰ ਨੂੰ ਲੋਕਾਂ ਵਿਚ ਵੰਡੇ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰੰਤੂ ਉਹਨਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਹੋ ਗਈਆਂ। ਇਸ ਦੇ ਬਾਵਜੂਦ ਅਖ਼ਬਾਰ ਦੀ ਲੋਕਾਂ ਵਿਚ ਪਹੁੰਚਣ ਦੀ ਗਿਣਤੀ ਵਿਚ ਵਾਧਾ ਹੋਇਆ ਅਤੇ ਸੰਗਠਨ ਨੂੰ ਇਸ ਉੱਪਰ ਜ਼ਿਆਦਾ ਪੈਸੇ ਖ਼ਰਚ ਕਰਨੇ ਪੈਂਦੇ ਸਨ। ਇਸ ਦੇ ਨਾਲ ਹੀ ਬਹੁਤ ਸਾਰੇ ਛੋਟੇ ਪੈਂਫ਼ਲਿਟ, ਜਿਨ੍ਹਾਂ ਵਿਚੋਂ ਬਹੁਤੇ ਪੰਜਾਬੀ ਵਿਚ ਹੁੰਦੇ ਸਨ, ਜਿਵੇਂ ਫਿਰੰਗੀ ਦਾ ਫਰੇਬ , ਸ਼ਾਬਾਸ਼, (ਇਸ ਵਿਚ ਬਰਤਾਨਵੀਆਂ ਨੂੰ ਭਾਰਤ ਵਿਚੋਂ ਬਾਹਰ ਕੱਢਣ ਲਈ ਉਹਨਾਂ ਉੱਪਰ ਬੰਬ ਸੁੱਟਣ ਦੀ ਵਿਧੀ ਬਾਰੇ ਖੁੱਲ੍ਹੇ ਤੌਰ ‘ਤੇ ਜਾਣਕਾਰੀ ਦਿੱਤੀ ਜਾਂਦੀ ਸੀ), ਗ਼ਦਰ ਦੀ ਗੂੰਜ , ਜ਼ੁਲਮ, ਜ਼ੁਲਮ ਗੋਰੇ ਸ਼ਾਹੀ ਜ਼ੁਲਮ, ਤਿਲਕ ਦੀ ਰਿਹਾਈ , ਨਵਾਂ ਜ਼ਮਾਨਾ, ਪੰਜਾਬੀ ਭਰਾਵਾਂ ਦੇ ਨਾਂ ਸੁਨੇਹੇ , ਅੰਗਾਂ ਦੀ ਗਵਾਹੀ, ਆਦਿ ਜਾਰੀ ਕੀਤੇ ਜਾਂਦੇ ਸਨ। ਭਾਰਤੀ ਸਿਪਾਹੀਆਂ ਨੂੰ ਬਰਤਾਨਵੀ ਹਕੂਮਤ ਦੇ ਖ਼ਿਲਾਫ਼ ਭੜਕਾਉਣ ਲਈ ਹਿੰਦੁਸਤਾਨੀ ਸਿਪਾਹੀ ਪ੍ਰਕਾਸ਼ਿਤ ਕੀਤਾ ਗਿਆ ਸੀ। “ਵੰਦੇ ਮਾਤਰਮ” ਇਸ ਪਾਰਟੀ ਦਾ ਨਾਅਰਾ ਸੀ। ਗ਼ਦਰ ਪਾਰਟੀ ਦਾ ਪ੍ਰਧਾਨ, ਆਪਣੀ ਇਸ ਪਾਰਟੀ ਦੇ ਕੁਝ ਸਾਥੀਆਂ ਨਾਲ ਅਕਸਰ ਹੀ ਭਾਰਤੀ ਜਥਿਆਂ ਨੂੰ ਮਿਲਣ ਆਉਂਦਾ ਸੀ ਅਤੇ ਉਹਨਾਂ ਨੂੰ ਅਜ਼ਾਦੀ ਦੀ ਲਹਿਰ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕਰਦਾ ਸੀ।

      ਬਰਤਾਨਵੀਆਂ ਨੇ ਸੋਚਿਆ ਕਿ ਜੇਕਰ ਹਰਦਿਆਲ ਨੂੰ ਅਮਰੀਕਾ ਤੋਂ ਬਾਹਰ ਕੱਢ ਦਿੱਤਾ ਜਾਵੇ ਤਾਂ ਗ਼ਦਰ ਲਹਿਰ ਆਪਣੇ ਆਪ ਖ਼ਤਮ ਹੋ ਜਾਵੇਗੀ। ਹਰਦਿਆਲ ਨੂੰ ਗਿਣੀ-ਮਿਥੀ ਸਾਜ਼ਸ਼ ਅਧੀਨ ਤਿੰਨ ਸਾਲ ਪਹਿਲਾਂ ਦਿੱਤੇ ਉਸਦੇ ਭਾਸ਼ਨ ਦੇ ਆਧਾਰ’ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਪਾਰਟੀ ਨੇ ਉਸਨੂੰ ਜਮਾਨਤ ਤੇ ਰਿਹਾਅ ਕਰਵਾ ਲਿਆ ਅਤੇ ਉਸਦਾ ਸਵੀਟਜ਼ਰਲੈਂਡ ਭੇਜਣ ਦਾ ਪ੍ਰਬੰਧ ਕਰ ਦਿੱਤਾ। ਇਸ ਮਗਰੋਂ ਉਹ ਗ਼ਦਰ ਲਹਿਰ ਵਿਚ ਕੋਈ ਹਿੱਸਾ ਨਾ ਲੈ ਸਕਿਆ। ਹੁਣ ਬਾਬਾ ਸੋਹਣ ਸਿੰਘ ਭਕਨਾ ਨੇ ਪਾਰਟੀ ਦੇ ਮੁੱਖ ਦਫ਼ਤਰ ਵਿਚ ਰਹਿਣ ਦਾ ਫ਼ੈਸਲਾ ਕੀਤਾ, ਭਾਈ ਸੰਤੋਖ ਸਿੰਘ ਨੂੰ ਜਨਰਲ ਸਕੱਤਰ ਬਣਾਇਆ ਗਿਆ ਅਤੇ ਅਖ਼ਬਾਰ ਦੇ ਪ੍ਰਕਾਸ਼ਨ ਦਾ ਕੰਮ ਕੋਟਲਾ ਨੌਧ ਸਿੰਘ ਦੇ ਵਾਸੀ , ਭਾਈ ਹਰਨਾਮ ਸਿੰਘ ਨੂੰ ਸੌਂਪਿਆ ਗਿਆ। ਪਾਰਟੀ ਨੇ ਚੀਨ ਵੱਲੋਂ ਕਸ਼ਮੀਰ ਉੱਤੇ ਹਮਲਾ ਕਰਨ ਦੀ ਯੋਜਨਾ ਬਣਾਈ ਅਤੇ ਦੂਜੇ ਪ੍ਰਾਂਤਾਂ ਦੇ ਵਿਚੋਂ ਹੁੰਦੇ ਹੋਏ ਫਿਰ ਪੰਜਾਬ ਜਾਣ ਦੀ, ਪਾਰਟੀ ਦੇ ਮੈਂਬਰਾਂ ਨੇ ਹਥਿਆਰਾਂ ਨੂੰ ਚਲਾਉਣ ਦੀ ਅਤੇ ਬੰਬ ਬਣਾਉਣ ਦੀ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ ਸੀ: ਕੁਝ ਨੇ ਤਾਂ ਜਹਾਜ਼ ਉਡਾਉਣ ਦੀ ਵੀ ਸਿਖਲਾਈ ਹਾਸਲ ਕੀਤੀ। ਉਹਨਾਂ ਵਿਚੋਂ ਇਕ ਜਿਸ ਦਾ ਨਾਂ ਹਰਨਾਮ ਸਿੰਘ ਸੀ, ਜਿਸਦਾ ਬੰਬ ਬਣਾਉਂਦੇ ਹੋਏ ਇਕ ਹੱਥ ਵੀ ਉੱਡ ਗਿਆ ਸੀ ਅਤੇ ਉਸ ਤੋਂ ਬਾਅਦ ਉਹ ਟੁੰਡੀਲਾਟ ਦੇ ਨਾਂ ਵਜੋਂ ਜਾਣਿਆ ਜਾਣ ਲੱਗਾ ਸੀ।

      ਇਸ ਲਹਿਰ ਨੇ ਜਾਪਾਨ ਵਿਚ ਆਪਣਾ ਪ੍ਰਚਾਰ ਅਰੰਭਿਆ ਜਿੱਥੇ ਟੋਕੀਓ ਯੂਨੀਵਰਸਿਟੀ ਵਿਚ ਮੌਲਵੀ ਬਰਕਤ ਉੱਲਾ ਪ੍ਰੋਫ਼ੈਸਰ ਸਨ।ਬਾਅਦ ਵਿਚ, ਜਿਸ ਸਮੇਂ ਬਰਤਾਨਵੀ ਹਕੂਮਤ ਨੇ ਉਹਨਾਂ ਨੂੰ ਨੌਕਰੀ ਤੋਂ ਹਟਾ ਦਿੱਤਾ ਤਾਂ ਉਹ ਸਾਨਫ਼ਰਾਂਸਿਸਕੋ ਪਹੁੰਚ ਗਏ। ਉੱਥੇ ਉਸਦੀ ਹਾਜ਼ਰੀ ਨੇ ਬਹੁਤ ਸਾਰੇ ਮੁਸਲਮਾਨਾਂ ਨੂੰ ਲਹਿਰ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਮੌਲਵੀ ਅਤੇ ਭਾਈ ਭਗਵਾਨ ਸਿੰਘ ਇਕੱਠੇ ਇਕ ਦੂਸਰੇ ਤੋਂ ਬਾਅਦ ਵੱਡੀਆਂ ਸਭਾਵਾਂ ਨੂੰ ਸੰਬੋਧਨ ਕਰਦੇ ਸਨ: ਇਸ ਨਾਲ ਲਹਿਰ’ਤੇ ਬਹੁਤ ਚੰਗਾ ਅਸਰ ਪਿਆ।

      ਗ਼ਦਰ ਪਾਰਟੀ ਨੇ ਆਪਣੀਆਂ ਗਤੀਵਿਧੀਆਂ ਨੂੰ ਸਿਰਫ਼ ਅਮਰੀਕਾ ਅਤੇ ਕਨੇਡਾ ਵਿਚ ਰਹਿੰਦੇ ਭਾਰਤੀਆਂ ਤਕ ਹੀ ਮਹਿਦੂਦ ਨਹੀਂ ਰੱਖਿਆ ਸਗੋਂ ਉਹਨਾਂ ਨੇ ਮਨੀਲਾ, ਸਿੰਘਾਪੁਰ, ਹਾਂਗਕਾਂਗ, ਸ਼ੰਘਾਈ, ਮਲਾਯਾ, ਸਿਆਮ ਅਤੇ ਜਾਪਾਨ ਵਿਚ ਰਹਿੰਦੇ ਭਾਰਤੀਆਂ ਨੂੰ ਵੀ ਇਸ ਲਹਿਰ ਵਿਚ ਸ਼ਾਮਲ ਕੀਤਾ। ਭਾਈ ਭਗਵਾਨ ਸਿੰਘ ਅਤੇ ਭਾਈ ਸੰਤੋਖ ਸਿੰਘ ਨੇ ਇਹਨਾਂ ਮੁਲਕਾਂ ਵਿਚ ਰਹਿੰਦੇ ਭਾਰਤੀਆਂ ਨਾਲ ਕੰਮ ਕੀਤਾ। ਬਹੁਤ ਸਾਰੇ ਭਾਰਤੀਆਂ ਨੂੰ ਅਜਿਹੀਆਂ ਗਤੀਵਿਧੀਆਂ ਕਾਰਨ ਉੱਥੋਂ ਕੱਢ ਦਿੱਤਾ ਗਿਆ। ਇਹਨਾਂ ਥਾਵਾਂ’ਤੇ ਵੀ, ਭਾਰਤੀਆਂ ਲਈ ਗੁਰਦੁਆਰੇ ਉਹਨਾਂ ਦੇ ਰਾਜਨੀਤਿਕ ਗਤੀਵਿਧੀਆਂ ਦੇ ਕੇਂਦਰ ਬਣ ਗਏ। ਹਾਂਗਕਾਂਗ ਵਿਚ, ਇਕ ਵਾਰ ਬਰਤਾਨਵੀ ਸਰਕਾਰ ਨੇ ਗੁਰਦੁਆਰਿਆਂ ਨੂੰ ਪੁਲਿਸ ਰਾਹੀਂ ਕਬਜ਼ੇ ਵਿਚ ਲੈ ਕੇ ਉੱਥੇ ਹੋਣ ਵਾਲੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖਣੀ ਸ਼ੁਰੂ ਕੀਤੀ। ਗ਼ਦਰ ਪਾਰਟੀ ਨੇ ਹਾਂਗਕਾਂਗ ਵਿਚ 25ਵੀਂ ਅਤੇ 26ਵੀਂ ਪੰਜਾਬੀਆਂ ਦੀਆਂ ਦੋ ਪਲਟਨਾਂ ਦੇ ਫ਼ੌਜੀਆਂ ਨੂੰ ਵੀ ਬਹੁਤ ਪ੍ਰਭਾਵਿਤ ਕੀਤਾ। ਹੀਰਾ ਸਿੰਘ ਜੋ ਹਾਂਗਕਾਂਗ ਦਾ ਕਰੋੜਪਤੀ ਸੀ, ਉਸਨੇ ਗ਼ਦਰ ਪਾਰਟੀ ਲਹਿਰ ਦੀ ਬਹੁਤ ਜ਼ਿਆਦਾ ਸਹਾਇਤਾ ਕੀਤੀ।

      ਕਾਮਾਗਾਟਾ ਮਾਰੂ ਦੀ ਘਟਨਾ ਨੇ ਬਲਦੀ ਤੇ ਤੇਲ ਦਾ ਕੰਮ ਕੀਤਾ। ਸਾਨਫ਼ਰਾਂਸਿਸਕੋ ਵਿਚ ਗ਼ਦਰ ਪਾਰਟੀ ਨੇ ਕਾਮਾਗਾਟਾ ਮਾਰੂ ਦੇ ਵਾਪਸ ਮੁੜਨ’ਤੇ ਉੱਥੋਂ ਦੇ ਲੋਕਾਂ ਨੂੰ ਸੰਗਠਿਤ ਹੋਣ ਦਾ ਜੋਸ਼ੀਲਾ ਸੱਦਾ ਦਿੱਤਾ। ਜੁਲਾਈ 1914 ਨੂੰ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ। 5 ਅਗਸਤ ਨੂੰ ਗ਼ਦਰ ਪਾਰਟੀ ਦੇ ਪ੍ਰਮੁਖ ਮੈਂਬਰ ਯੁਗਾਂਤਰ ਆਸ਼ਰਮ ਵਿਚ ਇਕੱਠੇ ਹੋਏ ਅਤੇ ਉੱਥੇ ਉਹਨਾਂ ਦੇ ਹਾਲਾਤ ਬਾਰੇ ਚਰਚਾ ਕੀਤੀ ਅਤੇ ਫ਼ੈਸਲਾ ਕੀਤਾ ਕਿ ਉਹ ਬਰਤਾਨਵੀਆਂ ਦੀ ਇਸ ਯੁੱਧ ਵਿਚ ਸ਼ਮੂਲੀਅਤ ਵਾਲੀ ਸਥਿਤੀ ਤੋਂ ਕਿਸ ਪ੍ਰਕਾਰ ਲਾਭ ਉਠਾ ਸਕਦੇ ਹਨ। ਗ਼ਦਰ ਪਾਰਟੀ ਨੇ ਬਰਤਾਨਵੀਆਂ ਦੇ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਅਤੇ ਭਾਰਤ ਆ ਕੇ ਬਰਤਾਨਵੀਆਂ ਦੇ ਖ਼ਿਲਾਫ਼ ਹਥਿਆਰਬੰਦ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ।

      ਬਾਬਾ ਸੋਹਨ ਸਿੰਘ ਭਕਨਾ ਆਪਣੇ ਸਾਥੀਆਂ ਸਮੇਤ ਭਾਰਤ ਨੂੰ ਚੱਲ ਪਏ। 22 ਅਗਸਤ 1914 ਨੂੰ 26 ਭਾਰਤੀਆਂ ਸਮੇਤ ਪਹਿਲਾ ਸਮੁੰਦਰੀ ਜਹਾਜ਼ ਵੈਨਕੁਵਰ ਤੋਂ; 29 ਅਗਸਤ ਨੂੰ ਦੂਜਾ ਸਮੁੰਦਰੀ ਜਹਾਜ਼ 60-70 ਭਾਰਤੀਆਂ ਨੂੰ ਲੈ ਕੇ ਸਾਨਫ਼ਰਾਂਸਿਸਕੋ ਤੋਂ ਭਾਰਤ ਵੱਲ ਚੱਲ ਪਿਆ। ਪਿਛਲੇ ਜਹਾਜ਼ ਵਿਚ ਭਾਈ ਕੇਸਰ ਸਿੰਘ ਚੁੱਘਾ , ਉਦਮ ਸਿੰਘ ਕਸੇਲ ਅਤੇ ਪੰਡਤ ਜਗਤ ਰਾਮ ਸਨ। ਅਕਤੂਬਰ 1914 ਵਿਚ ਗ਼ਦਰ ਲਹਿਰ ਦੇ ਆਗੂਆਂ ਨੇ ਅਮਰੀਕਾ, ਕਨੇਡਾ, ਚੀਨ, ਫਿਲੀਪਾਈਨ, ਸਿੰਘਾਪੁਰ, ਮਲਾਯਾ, ਸੁਮਾਤਰਾ, ਹਾਂਗਕਾਂਗ ਅਤੇ ਹੋਰ ਦੂਜੇ ਦੇਸਾਂ ਵਿਚੋਂ ਆਪਣਾ ਵਪਾਰ ਸਮੇਟਿਆ ਅਤੇ ਭਾਰਤ ਵੱਲ ਆਉਣੇ ਸ਼ੁਰੂ ਹੋ ਗਏ। ਉਹਨਾਂ ਨੇ ਆਪਣੀ ਪਾਰਟੀ ਵਿਚ ਔਰਤਾਂ ਨੂੰ ਵੀ ਸ਼ਾਮਲ ਕੀਤਾ, ਇਹਨਾਂ ਵਿਚੋਂ ਮਨੀਲਾ ਤੋਂ ਬੀਬੀ ਗੁਲਾਬ ਕੌਰ (ਪੰਜਾਬ ਦੇ ਸੰਗਰੂਰ ਜ਼ਿਲੇ ਦੇ ਬਖ਼ਸ਼ੀਵਾਲਾ ਪਿੰਡ ਦੀ)। ਉਸਦੇ ਭਾਸ਼ਣਾਂ ਨੇ ਸਰੋਤਿਆਂ ਦੇ ਨਾਲ-ਨਾਲ ਮਲਾਯਾ ਸਟੇਟ ਗਾਈਡਸ ਅਤੇ ਹੋਰ ਭਾਰਤੀ ਫ਼ੌਜੀਆਂ ਦੀਆਂ ਟੁਕੜੀਆਂ ਨੂੰ ਵੀ ਬਹੁਤ ਪ੍ਰਭਾਵਿਤ ਕੀਤਾ।

      ਸਰਕਾਰੀ ਦਸਤਾਵੇਜ਼ਾਂ ਅਨੁਸਾਰ, 13 ਅਕਤੂਬਰ 1914 ਅਤੇ 25 ਫ਼ਰਵਰੀ 1915 ਦੇ ਵਿਚਕਾਰ 2312 ਭਾਰਤੀ ਗ਼ਦਰੀਆਂ ਨੇ ਭਾਰਤ ਵਿਚ ਪ੍ਰਵੇਸ਼ ਕੀਤਾ ਸੀ। ਉਹਨਾਂ ਦੀ ਆਮਦ 1916 ਤਕ ਲਗਾਤਾਰ ਬਣੀ ਰਹੀ ਅਤੇ ਉਸ ਸਮੇਂ ਤਕ ਇਨ੍ਹਾਂ ਦੀ ਗਿਣਤੀ ਵੱਧ ਕੇ 8000 ਤੋਂ ਵੀ ਜ਼ਿਆਦਾ ਹੋ ਗਈ ਸੀ। ਇਹ ਵੀ ਮੰਨਿਆ ਜਾਂਦਾ ਹੈ ਕਿ ਭਾਰਤ ਵਿਚ ਦਾਖ਼ਲ ਹੋਣ ਵਾਲੇ ਗ਼ਦਰੀਆਂ ਬਾਰੇ ਜਿੰਨੀ ਜਾਣਕਾਰੀ ਸਰਕਾਰ ਕੋਲ ਸੀ, ਆਉਣ ਵਾਲਿਆਂ ਦੀ ਗਿਣਤੀ ਉਸ ਤੋਂ ਕਿਤੇ ਜ਼ਿਆਦਾ ਸੀ।

      ਬਰਤਾਨਵੀ ਸਰਕਾਰ ਅਜਿਹੀਆਂ ਸਰਗਰਮੀਆਂ ਤੋਂ ਅਣਜਾਣ ਨਹੀਂ ਸੀ। ਇਸ ਸਰਕਾਰ ਨੇ 5 ਸਤੰਬਰ 1914 ਨੂੰ ਜਾਰੀ ਪ੍ਰਵੇਸ਼ ਫ਼ਰਮਾਨ (Ingress Ordinance) ਅਨੁਸਾਰ ਪ੍ਰਦੇਸ਼ ਸਰਕਾਰਾਂ ਨੂੰ ਵਧੇਰੇ ਅਧਿਕਾਰ ਦੇ ਵਧੇਰੇ ਸਮਰੱਥ ਬਣਾ ਦਿੱਤਾ ਸੀ ਤਾਂ ਕਿ ਉਹ ਮੁਲਕ ਵਿਚ ਦਾਖ਼ਲ ਹੋਣ ਵਾਲਿਆਂ ਨਾਲ ਉਸ ਤਰੀਕੇ ਨਾਲ ਨਜਿੱਠ ਸਕਣ ਜਿਵੇਂ ਉਹ ਸਹੀ ਸਮਝਦੇ ਹਨ। ਬਹੁਤ ਸਾਰਿਆਂ ਨੂੰ ਮੁਲਕ ਵਿਚ ਦਾਖ਼ਲ ਹੋਣ ਸਮੇਂ ਵਿਸ਼ੇਸ਼ ਕਰਕੇ ਕਲਕੱਤਾ ਵਿਖੇ, ਬੰਦਰਗਾਹ ਵਿਚ ਪ੍ਰਵੇਸ਼ ਕਰਨ ਸਮੇਂ ਹੀ ਰੋਕ ਦਿੱਤਾ ਜਾਂਦਾ ਸੀ। ਉਹਨਾਂ ਨੂੰ ਜਾਂ ਤਾਂ ‘ਸੈਂਟਰਲ ਇਨਕੁਆਇਰੀ ਆਫ਼ਿਸ’, ਲੁਧਿਆਣਾ ਵਿਚ ਸੰਪਰਕ ਕਰਨ ਦੀ ਹਿਦਾਇਤ ਦਿੱਤੀ ਜਾਂਦੀ ਜਾਂ ਬਾਬਾ ਸੋਹਨ ਸਿੰਘ ਭਕਨਾ ਵਾਂਗ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਸੀ। ਇਨ੍ਹਾਂ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਵਿਚੋਂ 2500 ਨੂੰ ਉਹਨਾਂ ਦੇ ਪਿੰਡਾਂ ਨੂੰ ਭੇਜ ਦਿੱਤਾ ਗਿਆ ਅਤੇ 400 ਜਿਨ੍ਹਾਂ ਨੂੰ ਬਹੁਤ ਖ਼ਤਰਨਾਕ ਸਮਝਿਆ ਜਾਂਦਾ ਸੀ ਉਹਨਾਂ ਨੂੰ ਹਿਰਾਸਤ ਵਿਚ ਹੀ ਰੱਖਿਆ ਗਿਆ। 5000 ਦੇ ਕਰੀਬ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ।

      ਫੜੇ ਗਏ ਗ਼ਦਰੀ ਲੀਡਰਾਂ ਕਾਰਨ ਪਾਰਟੀ ਦੀਆਂ ਯੋਜਨਾਵਾਂ ਨੂੰ ਕੁਝ ਹੱਦ ਤਕ ਧੱਕਾ ਲੱਗਿਆ ਪਰ ਅਜੇ ਤਕ ਪਾਰਟੀ ਪੂਰੀ ਤਰ੍ਹਾਂ ਨਿਰਾਸ਼ ਨਹੀਂ ਹੋਈ ਸੀ। ਕੁਝ ਨਵੇਂ ਲੀਡਰ ਅੱਗੇ ਆਏ ਅਤੇ ਉਹਨਾਂ ਨੇ ਲਹਿਰ ਨੂੰ ਮੁੜ ਸੰਗਠਿਤ ਕੀਤਾ। ਉਹਨਾਂ ਨੇ ਆਪਣਾ ਮੁੱਖ ਦਫ਼ਤਰ ਅੰਮ੍ਰਿਤਸਰ ਵਿਚ ਬਣਾਇਆ, ਜਿਸ ਨੂੰ ਬਾਅਦ ਵਿਚ ਲਾਹੌਰ ਤਬਦੀਲ ਕਰ ਦਿੱਤਾ ਗਿਆ। ਪਾਰਟੀ ਨੇ ਨਵੀਂ ਪ੍ਰੈਸ ਲਗਵਾਈ ਅਤੇ ਛੋਟੇ ਪੈਂਫ਼ਲਿਟ ਪ੍ਰਕਾਸ਼ਿਤ ਕਰਨੇ ਸ਼ੁਰੂ ਕਰ ਦਿੱਤੇ ਜਿਵੇਂ ਕਿ: ਗ਼ਦਰ ਸੰਦੇਸ਼, ਐਲਾਨ-ੲ-ਜੰਗ, ਤਿਲਕ, ਨਾਦਰ ਮੌਕਾ, ਰਿਕਾਬਗੰਜ, ਕਨੇਡਾ ਦਾ ਦੁੱਖੜਾ, ਨੌਜਵਾਨੋ ਉਠੋ, ਸੱਚੀ ਪੁਕਾਰ ਅਤੇ ਹੋਰ ਬਹੁਤ ਸਾਰੇ। ਇਹ ਪੈਂਫ਼ਲਿਟ ਪੰਜਾਬੀ, ਹਿੰਦੀ ਅਤੇ ਉਰਦੂ ਵਿਚ ਪ੍ਰਕਾਸ਼ਿਤ ਕੀਤੇ ਜਾਂਦੇ ਸਨ, ਅਤੇ ਇਹਨਾਂ ਨੂੰ ਆਮ ਜਨਤਾ ਅਤੇ ਫ਼ੌਜੀਆਂ ਵਿਚ ਵੰਡਿਆ ਜਾਂਦਾ ਸੀ। ਪਾਰਟੀ ਨੇ ਲਾਲ , ਪੀਲੇ ਅਤੇ ਹਰੇ ਰੰਗਾਂ ਵਾਲਾ ਆਪਣਾ ਝੰਡਾ ਵੀ ਬਣਾਇਆ ਸੀ। ਡਾ. ਮਥੁਰਾ ਸਿੰਘ ਬੰਬ ਬਣਾਉਣ ਵਾਲੀਆਂ ਫ਼ੈਕਟਰੀਆਂ ਦੀ ਨਿਗਰਾਨੀ ਕਰਦਾ ਸੀ।

      ਪਾਰਟੀ ਦੇ ਮੈਂਬਰਾਂ ਨੇ ਵਿਦਿਆਰਥੀਆਂ ਨਾਲ ਸੰਪਰਕ ਕੀਤਾ; ਉਹਨਾਂ ਨੇ ਫ਼ੌਜੀਆਂ ਨਾਲ ਜਿਹੜੇ ਵਿਸ਼ੇਸ਼ ਰੂਪ ਵਿਚ ਮੀਆਂ ਮੀਰ (ਲਾਹੌਰ), ਜਲੰਧਰ, ਫ਼ਿਰੋਜ਼ਪੁਰ, ਪਿਸ਼ਾਵਰ, ਜੇਹਲਮ, ਰਾਵਲਪਿੰਡੀ, ਮਰਦਾਨ, ਕੋਹਾਟ, ਬੰਨੂ , ਅੰਬਾਲਾ , ਮੇਰਠ, ਕਾਨਪੁਰ ਅਤੇ ਆਗਰਾ ਛਾਉਣੀਆਂ ਵਿਚ ਡਿਊਟੀਆਂ ਤੇ ਸਨ ਉਹਨਾਂ ਨਾਲ ਵੀ ਸੰਪਰਕ ਕੀਤਾ ਗਿਆ। ਇਹਨਾਂ ਫ਼ੌਜੀਆਂ ਦੀ ਆਮ ਤੌਰ’ਤੇ ਇਸ ਲਹਿਰ ਨਾਲ ਹਮਦਰਦੀ ਸੀ ਅਤੇ ਬਹੁਤ ਸਾਰੇ ਪਾਰਟੀ ਮੈਂਬਰ ਫ਼ੌਜ ਵਿਚ ਇਸ ਵਿਚਾਰ ਨਾਲ ਭਰਤੀ ਹੋਏ ਕਿ ਉਹਨਾਂ ਨੂੰ ਹਥਿਆਰ ਅਤੇ ਅਸਲਾ ਮਿਲੇਗਾ।

      ਬੰਗਾਲ ਦੇ ਕ੍ਰਾਂਤੀਕਾਰੀਆਂ ਨਾਲ ਵੀ ਜਿਵੇਂ ਕਿ ਰਾਸ ਬਿਹਾਰੀ ਬੋਸ ਅਤੇ ਉਸਦੇ ਨੇੜਲੇ ਸਾਥੀਆਂ ਸਚਿਨ ਸਨਿਆਲ ਅਤੇ ਵਿਸ਼ਣੁ ਗਣੇਸ਼ ਪਿੰਗਲੇ ਅਤੇ ਹੋਰਾਂ ਨਾਲ ਵੀ ਸੰਪਰਕ ਸਥਾਪਿਤ ਕੀਤਾ ਗਿਆ। ਪਿੰਗਲੇ ਨੇ ਗ਼ਦਰ ਪਾਰਟੀ ਅਤੇ ਬੰਗਾਲੀਆਂ ਵਿਚਕਾਰ ਕੜੀ ਦਾ ਕੰਮ ਕੀਤਾ।

      ਭਾਰਤ ਵਿਚ ਇਸ ਲਹਿਰ ਨੂੰ ਆਰਥਿਕ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ। ਨਵੀਆਂ ਸ਼ਾਖ਼ਾਵਾਂ ਖੋਲ੍ਹਣ, ਸਫ਼ਰ ਕਰਨ, ਹਥਿਆਰਾਂ ਅਤੇ ਅਸਲੇ ਦੀ ਖ਼ਰੀਦ ਅਤੇ ਪ੍ਰਕਾਸ਼ਨਾਵਾਂ ਕਾਰਨ ਖ਼ਰਚੇ ਬਹੁਤ ਵੱਧ ਗਏ ਸਨ। ਭਾਰਤ ਵਿਚ ਧਨ ਪ੍ਰਾਪਤੀ ਦੀ ਵਿਦੇਸ਼ਾਂ ਵਾਂਗ ਸਹੂਲਤ ਨਹੀਂ ਸੀ। ਇਸ ਮੁਸ਼ਕਿਲ ਨੂੰ ਹੱਲ ਕਰਨ ਲਈ ਪਾਰਟੀ ਨੇ ਰਾਜਨੀਤਿਕ ਖੋਹਾਂ ਰਾਹੀਂ ਅਤੇ ਜਬਰੀ ਚੰਦਿਆਂ ਰਾਹੀਂ ਕੁਝ ਧਨ ਇਕੱਤਰ ਕਰਨ ਦੀ ਕੋਸ਼ਿਸ਼ ਕੀਤੀ।

      ਸਾਰੇ ਪ੍ਰਬੰਧ ਮੁਕੰਮਲ ਕਰਨ ਤੋਂ ਬਾਅਦ, 12 ਫ਼ਰਵਰੀ 1915 ਨੂੰ ਪਾਰਟੀ ਦੀ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਹੋਈ ਅਤੇ 21 ਫ਼ਰਵਰੀ ਨੂੰ ਵਿਦਰੋਹ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ। ਉਹਨਾਂ ਦੀ ਯੋਜਨਾ ਮੁਤਾਬਕ ਮੀਆਂ ਮੀਰ ਅਤੇ ਫ਼ਿਰੋਜ਼ਪੁਰ ਛਾਉਣੀਆਂ ਉੱਪਰ ਇਕੋ ਸਮੇਂ ਹਮਲਾ ਕਰਕੇ ਕਬਜ਼ਾ ਕਰਨਾ ਸੀ, 128ਵੀਂ ਪਾਇਓਨੀਅਰ ਰੈਜਮੈਂਟ ਅਤੇ 12ਵੇਂ ਰਸਾਲੇ ਅਤੇ ਮੇਰਠ ਛਾਉਣੀ ਨੂੰ ਕਬਜ਼ੇ ਵਿਚ ਲੈ ਕੇ ਫਿਰ ਦਿੱਲੀ ਵੱਲ ਵੱਧਣਾ ਸੀ। ਉੱਤਰੀ ਭਾਰਤ ਦੀਆਂ ਛਾਉਣੀ ਵਿਚਲੀਆਂ ਯੂਨਿਟਾਂ ਤੋਂ ਇਹ ਆਸ ਕੀਤੀ ਜਾਂਦੀ ਸੀ ਕਿ ਉਹ ਵਿਦਰੋਹ ਵਿਚ ਸ਼ਾਮਲ ਹੋਣਗੀਆਂ।

      ਬਰਤਾਨਵੀ ਸਰਕਾਰ ਨੇ ਗੁਪਤਚਰ ਵਿਭਾਗ ਦੇ ਕਰਮਚਾਰੀਆਂ ਨੂੰ ਸ਼ਹਿਰਾਂ ਵਿਚ ਰੇਲਵੇ ਸਟੇਸ਼ਨਾਂ ਉੱਤੇ ਅਤੇ ਮਹੱਤਵਪੂਰਨ ਪਿੰਡਾਂ ਵਿਚ ਨਿਗਰਾਨੀ ਕਰਨ ਲਈ ਲਾ ਦਿੱਤਾ ਸੀ। ਨੰਬਰਦਾਰਾਂ, ਜ਼ਿਲੇਦਾਰਾਂ ਅਤੇ ਪਿੰਡਾਂ ਦੇ ਹੋਰ ਪ੍ਰਬੰਧਕਾਂ ਨੂੰ ਵੀ ਸੂਚਨਾ ਇਕੱਠੀ ਕਰਨ ਲਈ ਚੇਤਨ ਕਰ ਦਿੱਤਾ ਗਿਆ ਸੀ। ਸਰਕਾਰ ਨੇ ਗ਼ਦਰ ਪਾਰਟੀ ਵਿਚ ਵੀ ਆਪਣੇ ਸੂਹੀਏ ਛੱਡਣ ਵਿਚ ਸਫ਼ਲਤਾ ਪ੍ਰਾਪਤ ਕੀਤੀ। ਇਸ ਤੋਂ ਪਹਿਲਾਂ ਕਿ ਨਵੀਂ ਲੀਡਰਸ਼ਿਪ ਅੱਗੇ ਆਉਂਦੀ ਅਤੇ ਲਹਿਰ ਦੀਆਂ ਨਵੀਆਂ ਯੋਜਨਾਵਾਂ ਦਾ ਪੁਨਰ ਸੰਗਠਨ ਕਰਦੀ, ਬਰਤਾਨਵੀ ਸਰਕਾਰ “ਉਹਨਾਂ ਦੇ ਕੰਮ ਕਰਨ ਦੀ ਵਿਧੀ ਨੂੰ ਜਾਣ ਗਈ ਅਤੇ ਉਸ ਨਾਲ ਚੰਗੀ ਤਰ੍ਹਾਂ ਨਜਿਠਣ ਲਈ ਤਿਆਰ ਸੀ।” ਇਸੇ ਦੇ ਬਾਵਜੂਦ ਕੇਂਦਰੀ ਪੰਜਾਬ ਵਿਚ ਗ਼ਦਰੀਆਂ ਨੇ ਪੁਲਿਸ ਦੇ ਸਿਪਾਹੀਆਂ ਅਤੇ ਸੂਹੀਆਂ ਦਾ ਕਤਲ ਕਰ ਦਿੱਤਾ ਅਤੇ ਗੱਡੀਆਂ ਨੂੰ ਪਟੜੀਆਂ ਤੋਂ ਉਤਾਰਨ ਅਤੇ ਪੁਲਾਂ ਨੂੰ ਉਡਾਉਣ ਦੇ ਯਤਨ ਕੀਤੇ ਅਤੇ ਬੰਬ ਬਣਾਉਣ ਵਾਲੀਆਂ ਫ਼ੈਕਟਰੀਆਂ ਸਥਾਪਿਤ ਕੀਤੀਆਂ ਗਈਆਂ। ਇਸ ਸਾਰੇ ਕੁਝ ਨੇ ਸਰਕਾਰ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ “ਉਹ ਬਾਰੂਦ ਦੇ ਢੇਰ ਉੱਪਰ ਰਹਿ ਰਹੇ ਸਨ।”

      ਜਦੋਂ ਪਾਰਟੀ ਨੂੰ ਇਹ ਪਤਾ ਲੱਗਾ ਕਿ ਉਹਨਾਂ ਦੇ ਨਿਰਧਾਰਿਤ ਦਿਨ ਵਾਲੀ ਜਾਣਕਾਰੀ ਦਾ ਰਾਜ਼ ਖੁੱਲ੍ਹ ਗਿਆ ਹੈ ਤਾਂ ਉਹਨਾਂ ਨੇ ਆਪਣੇ ਵਿਦਰੋਹ ਦੀ ਯੋਜਨਾ ਦੀ ਤਾਰੀਕ ਬਦਲ ਕੇ 19 ਫ਼ਰਵਰੀ ਕਰ ਦਿੱਤੀ। ਪਰੰਤੂ ਪੁਲਿਸ ਦੇ ਮੁਖ਼ਬਰ ਕ੍ਰਿਪਾਲ ਸਿੰਘ ਦੁਆਰਾ ਇਹ ਖ਼ਬਰ ਵੀ ਪੁਲਿਸ ਕੋਲ ਪਹੁੰਚ ਗਈ। ਪੁਲਿਸ ਨੇ ਲਾਹੌਰ ਵਿਚ ਪਾਰਟੀ ਦੇ ਮੁੱਖ ਦਫ਼ਤਰਾਂ ਦੀਆਂ ਚਾਰ ਪ੍ਰਮੁਖ ਥਾਵਾਂ ‘ਤੇ ਛਾਪੇ ਮਾਰੇ ਅਤੇ 13 ਵਿਅਕਤੀਆਂ ਨੂੰ “ਬਹੁਤ ਖ਼ਤਰਨਾਕ ਕ੍ਰਾਂਤੀਕਾਰੀਆਂ” ਵਿਚੋਂ ਗ੍ਰਿਫ਼ਤਾਰ ਕਰ ਲਿਆ ਗਿਆ। ਸਾਰੀਆਂ ਛਾਉਣੀਆਂ ਨੂੰ ਚੌਕਸ ਕਰ ਦਿੱਤਾ ਗਿਆ ਅਤੇ ਭਾਰਤੀ ਫ਼ੌਜਾਂ ਨੂੰ ਨਿਗਰਾਨੀ ਅਧੀਨ ਰੱਖਿਆ ਗਿਆ; ਕੁਝ ਕੁ ਤੋਂ ਤਾਂ ਹਥਿਆਰ ਵੀ ਵਾਪਸ ਲੈ ਲਏ ਗਏ। ਸਾਰੇ ਪੰਜਾਬ ਵਿਚ ਗ਼ਦਰੀਆਂ ਦੀ ਗ੍ਰਿਫ਼ਤਾਰੀ ਹੋ ਗਈ। ਰਾਸ ਬਿਹਾਰੀ ਬੋਸ, ਕਰਤਾਰ ਸਿੰਘ ਸਰਾਭਾ ਦੀ ਸਹਾਇਤਾ ਨਾਲ ਲਾਹੌਰ ਤੋਂ ਬੱਚ ਕੇ ਵਾਰਾਣਸੀ ਚੱਲਾ ਗਿਆ। ਵਿਸ਼ਣੁ ਗਣੇਸ਼ ਪਿੰਗਲੇ, ਮੇਰਠ ਵਿਚ 23 ਮਾਰਚ, 1915 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸਾਰੇ ਨੇਤਾਵਾਂ ਨੂੰ ਲਾਹੌਰ ਜੇਲ੍ਹ ਵਿਚ ਰੱਖਿਆ ਗਿਆ।

      ਪੰਜਾਬ ਸਰਕਾਰ ਨੇ ਮੰਗ ਕੀਤੀ ਅਤੇ ਭਾਰਤੀ ਸਰਕਾਰ ਨੇ “ਡਿਫੈਂਸ ਆਫ਼ ਇੰਡੀਆ ਐਕਟ” ਦੇ ਅਧੀਨ ਪੰਜਾਬ ਸਰਕਾਰ ਨੂੰ ਅਥਾਹ ਸ਼ਕਤੀਆਂ ਦੇਣ ਦਾ ਮਤਾ ਪਾਸ ਕੀਤਾ, ਜਿਸ ਨੇ ਲਾਹੌਰ ਵਿਚਲੀ ਸੈਂਟਰਲ ਜੇਲ੍ਹ ਵਿਚ ਗ਼ਦਰੀਆਂ ਦੀ ਪੁੱਛ-ਪੜਤਾਲ ਦਾ ਕੰਮ ਸ਼ੁਰੂ ਕਰ ਸਕਣ ਲਈ ਤਿੰਨ ਜੱਜਾਂ ਦਾ ਇਕ ਵਿਸ਼ੇਸ਼ ਟ੍ਰਿਬਿਊਨਲ ਬਣਾਇਆ, ਜਿਨ੍ਹਾਂ ਵਿਚ ਇਕ ਜੱਜ ਭਾਰਤੀ ਸੀ। ਇਸ ਤਰ੍ਹਾਂ ਸਰਕਾਰ ਨੇ ਵਿਦਰੋਹ ਨੂੰ ਆਪਣੇ ਅਸਲੀ ਰੂਪ ਵਿਚ ਆਉਣ ਤੋਂ ਪਹਿਲਾਂ ਹੀ ਕੁਚਲ ਦਿੱਤਾ।

      ਸਪੈਸ਼ਲ ਟ੍ਰਿਬਿਊਨਲ ਨੇ ਗ਼ਦਰੀਆਂ ਦੇ ਛੋਟੇ-ਛੋਟੇ ਗਰੁੱਪ ਬਣਾ ਕੇ ਪੁੱਛ-ਪੜਤਾਲ ਕੀਤੀ ਜਿਸਨੂੰ ਲਾਹੌਰ ਸਾਜ਼ਸ਼ ਕੇਸਾਂ ਵਜੋਂ ਜਾਣਿਆ ਜਾਂਦਾ ਹੈ। 26 ਅਪ੍ਰੈਲ, 1915 ਨੂੰ ਪਹਿਲੇ ਗਰੁੱਪ ਦਾ ਮੁਕੱਦਮਾ ਸ਼ੁਰੂ ਹੋਇਆ। ਸਾਰੇ ਦੇ ਸਾਰੇ 291 ਵਿਅਕਤੀਆਂ ਉੱਪਰ ਮੁਕੱਦਮਾ ਚੱਲਿਆ 42 ਨੂੰ ਮੌਤ ਦੀ ਸਜ਼ਾ , 114 ਨੂੰ ਕਾਲੇਪਾਣੀ ਦੀ ਸਜ਼ਾ ਜਾਂ ਆਜੀਵਨ ਕਾਰਾਵਾਸ, 93 ਨੂੰ ਵੱਖ-ਵੱਖ ਤਰ੍ਹਾਂ ਦੀਆਂ ਜੇਲ੍ਹਾਂ ਵਿਚ ਸਜ਼ਾਵਾਂ ਦਿੱਤੀਆਂ ਗਈਆਂ ਅਤੇ 42 ਨੂੰ ਰਿਹਾਅ ਕਰ ਦਿੱਤਾ ਗਿਆ। ਬਹੁਤ ਸਾਰਿਆਂ ਦੇ ਮੁਕੱਦਮਿਆਂ ਵਿਚ ਜਾਇਦਾਦ ਦੀ ਕੁਰਕੀ ਦੇ ਹੁਕਮ ਸੁਣਾਏ ਗਏ। ਕਿਸੇ ਨੇ ਵੀ ਸਜ਼ਾ ਦੇ ਵਿਰੁੱਧ ਅਪੀਲ ਨਹੀਂ ਕੀਤੀ।ਜਿਨ੍ਹਾਂ ਨੂੰ ਫਾਂਸੀ ਦਿੱਤੀ ਗਈ ਸੀ ਉਹਨਾਂ ਵਿਚ ਕਰਤਾਰ ਸਿੰਘ ਸਰਾਭਾ, ਜਗਤ ਸਿੰਘ (ਸੁਰਸਿੰਘ), ਵਿਸ਼ਣੁ ਗਣੇਸ਼ ਪਿੰਗਲੇ, ਹਰਨਾਮ ਸਿੰਘ (ਸਿਆਲਕੋਟੀ), ਬਖ਼ਸ਼ੀਸ਼ ਸਿੰਘ (ਪੁੱਤਰ ਈਸ਼ਰ ਸਿੰਘ), ਭਾਈ ਬਲ ਸਿੰਘ (ਖੁਰਦਪੁਰ), ਬਾਬੂ ਰਾਮ, ਹਰਨਾਮ ਸਿੰਘ, ਹਾਫਿਜ਼ ਅਬਦੁੱਲਾ ਅਤੇ ਰੂੜ ਸਿੰਘ (ਸੰਘਵਾਲ) ਸ਼ਾਮਲ ਸਨ।

      ਅਜਿਹੇ ਹਾਲਾਤਾਂ ਵਿਚ, ਫ਼ੌਜੀ ਟੁਕੜੀਆਂ, ਜਿਨ੍ਹਾਂ ਨੇ ਕ੍ਰਾਂਤੀ ਵਿਚ ਸ਼ਾਮਲ ਹੋਣ ਦਾ ਵਾਅਦਾ ਕੀਤਾ ਸੀ, ਉਹ ਚੁੱਪ ਰਹੀਆਂ। ਫਿਰ ਵੀ ਕੁਝ ਟੁਕੜੀਆਂ ਜਿਵੇਂ ਕਿ: 26ਵੀਂ ਪੰਜਾਬੀ, 7ਵੀਂ ਰਾਜਪੂਤ, 12ਵਾਂ ਰਸਾਲਾ, 23ਵਾਂ ਰਸਾਲਾ, 128ਵੀਂ ਪਾਇਓਨੀਰਜ਼, ਮਲਾਯਾ ਸਟੇਟ ਗਾਈਡਜ਼, 23ਵੀਂ ਮਾਉਂਟੇਨ ਬੈਟਰੀ , 24ਵੀਂ ਜਾਟ ਤੋਪਖ਼ਾਨਾ, 15ਵੇਂ ਲਾਂਸਰਜ਼, 22ਵੀਂ ਮਾਉਂਟੇਨ ਬੈਟਰੀ, 130ਵੀਂ ਬਲੂਚ ਅਤੇ 21ਵੀਂ ਪੰਜਾਬੀ, ਖੁੱਲ੍ਹ ਕੇ ਸੰਘਰਸ਼ ਲਈ ਸਾਮ੍ਹਣੇ ਆਈਆਂ। ਉਸ ਸਮੇਂ ਸਿੰਘਾਪੁਰ ਵਿਚ ਸਥਿਤ 5 ਲਾਈਟ ਇਨਫੈਂਟਰੀ ਦੇ ਤਕਰੀਬਨ 700 ਵਿਅਕਤੀਆਂ ਨੇ 15 ਫ਼ਰਵਰੀ ਨੂੰ ਵਿਦਰੋਹ ਕਰ ਦਿੱਤਾ ਅਤੇ ਇਕ ਕਿਲ੍ਹੇ ਨੂੰ ਕਬਜ਼ੇ ਵਿਚ ਕਰ ਲਿਆ। ਬਰਤਾਨਵੀਂ ਫ਼ੌਜਾਂ ਨੇ ਵਿਦਰੋਹ ਨੂੰ ਦਬਾ ਦਿੱਤਾ; 126 ਵਿਅਕਤੀਆਂ ਉੱਪਰ ਕੋਰਟ ਮਾਰਸ਼ਲ ਰਾਹੀਂ ਮੁਕੱਦਮਾ ਚਲਾਇਆ ਗਿਆ ਜਿਨ੍ਹਾਂ ਵਿਚੋਂ 37 ਨੂੰ ਮੌਤ ਦੀ ਸਜ਼ਾ ਦਿੱਤੀ ਗਈ, 41 ਨੂੰ ਕਾਲੇਪਾਣੀ ਦੀ ਸਜ਼ਾ ਅਤੇ ਬਾਕੀਆਂ ਨੂੰ ਹੋਰ ਵੱਖ-ਵੱਖ ਤਰ੍ਹਾਂ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ। ਹੋਰ ਦੂਜੀਆਂ ਯੂਨਿਟਾਂ ਦੇ ਫ਼ੌਜੀਆਂ ਨੂੰ ਦਿੱਤੀਆਂ ਗਈਆਂ ਸਜ਼ਾਵਾਂ ਦਾ ਵੇਰਵਾ ਇਸ ਪ੍ਰਕਾਰ ਹੈ:

                             ਮੌਤ       ਕਾਲੇਪਾਣੀ ਦੀ ਸਜ਼ਾ

                       23ਵਾਂ ਰਸਾਲਾ                 12                                  6                     

                       12ਵਾਂ ਰਸਾਲਾ            4                              -                     

                       130ਵੀਂ ਬਲੂਚ                 4                                    59                   

                       128ਵੀਂ ਪਾਇਓਨੀਰਸ   1                              -          

      ਪਾਰਟੀ ਦੇ ਕਾਰਕੁੰਨ, ਈਰਾਨ ਅਤੇ ਈਰਾਕ ਵਿਚ ਭਾਰਤੀ ਫ਼ੌਜੀਆਂ ਨੂੰ ਬਰਤਾਨਵੀਂ ਹਕੂਮਤ ਦੇ ਖ਼ਿਲਾਫ਼ ਭੜਕਾਉਣ ਲਈ ਗਏ, ਅਤੇ ਤੁਰਕੀ ਵਿਚ ਜਾ ਕੇ ਭਾਰਤੀ ਕੈਦੀਆਂ ਨੂੰ ਭਾਰਤ ਦੀ ਅਜ਼ਾਦੀ ਦੀ ਲੜਾਈ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਈਰਾਨ ਵਿਚ, ਪਾਰਟੀ ‘ਅਜ਼ਾਦ ਹਿੰਦ ਫ਼ੌਜ ’ ਦਾ ਨਿਰਮਾਣ ਕਰਨ ਵਿਚ ਸਫ਼ਲ ਹੋ ਗਈ। ਫ਼ੌਜ ਨੇ ਬਲੋਚਿਸਤਾਨ ਵੱਲ ਵਧਣਾ ਸ਼ੁਰੂ ਕੀਤਾ ਅਤੇ ਰਸਤੇ ਵਿਚ ਕਿਰਮਾਨਸ਼ਾਹ ‘ਤੇ ਕਬਜ਼ਾ ਕਰ ਲਿਆ। ਫਿਰ ਉਹ ਸਮੁੰਦਰ ਤਟ ਦੇ ਨਾਲ-ਨਾਲ ਕਰਾਚੀ ਵੱਲ ਵਧੇ। ਇਸੇ ਦੌਰਾਨ, ਤੁਰਕੀ ਨੂੰ ਹਰਾ ਦਿੱਤਾ ਗਿਆ ਅਤੇ ਬਰਤਾਨਵੀਆਂ ਨੇ ਬਗਦਾਦ ਉੱਤੇ ਕਬਜ਼ਾ ਕਰ ਲਿਆ ਸੀ। ਇਸ ਤਰ੍ਹਾਂ ਤੁਰਕੀ ਵਿਚ ਆਪਣਾ ਅੱਡਾ ਗੁਆਉਣ ਕਾਰਨ ‘ਅਜ਼ਾਦ ਹਿੰਦ ਫ਼ੌਜ’ ਵੀ ਹਾਰ ਗਈ।

      ਗ਼ਦਰ ਪਾਰਟੀ ਨੇ ਜਰਮਨੀ , ਤੁਰਕੀ, ਅਫ਼ਗ਼ਾਨਿਸ- ਤਾਨ, ਚੀਨ ਅਤੇ ਹੋਰ ਦੇਸਾਂ ਨਾਲ ਸੰਪਰਕ ਕੀਤਾ ਪਰੰਤੂ ਕਿਸੇ ਵੱਲੋਂ ਵੀ ਕੋਈ ਬਹੁਤੀ ਸਹਾਇਤਾ ਪ੍ਰਾਪਤ ਨਾ ਹੋਈ। ਜਰਮਨੀ, ਗ਼ਦਰ ਪਾਰਟੀ ਨਾਲ ਹਮਦਰਦੀ ਰੱਖਦਾ ਸੀ ਅਤੇ ਕਦੀ-ਕਦਾਈਂ ਇਹਨਾਂ ਦੀ ਹਥਿਆਰਾਂ ਅਤੇ ਪੈਸਿਆਂ ਨਾਲ ਸਹਾਇਤਾ ਕਰ ਦਿੰਦਾ ਸੀ ਪਰੰਤੂ ਇਹ ਸਮਾਨ ਆਮ ਤੌਰ ਤੇ ਪਾਰਟੀ ਕੋਲ ਨਹੀਂ ਪਹੁੰਚ ਸਕਿਆ। ਉਦਾਹਰਨ ਵਜੋਂ 5,000 ਰਿਵਾਲਵਰਾਂ ਨੂੰ ਮਨੀਲਾ ਤੋਂ ਚੱਲੇ ਸਮੁੰਦਰੀ ਜਹਾਜ਼ ‘ਹੈਨਰੀ ਐਸ’ ਰਾਹੀਂ ਭੇਜਿਆ ਗਿਆ ਪਰੰਤੂ ਇਸਨੂੰ ਰਸਤੇ ਵਿਚ ਹੀ ਬਰਤਾਨਵੀਆਂ ਨੇ ਕਬਜ਼ੇ ਵਿਚ ਲੈ ਲਿਆ। ਜਰਮਨੀ ਨੇ ਤਰਜਮਾ ਕਰਨ ਲਈ ‘ਓਰੀਐਂਟਲ ਬਿਊਰੋ’ ਦੀ ਸਥਾਪਨਾ ਕੀਤੀ ਤਾਂ ਕਿ ਜਰਮਨੀ ਵਿਚਲੇ ਭਾਰਤੀ ਜੰਗੀ ਕੈਦੀਆਂ ਨੂੰ ਭੜਕਾਊ ਸਾਹਿਤ ਪ੍ਰਾਪਤ ਹੋ ਸਕੇ।

      ਪਹਿਲੇ ਵਿਸ਼ਵ ਯੁੱਧ ਦੌਰਾਨ ਬਹੁਤ ਸਾਰੇ ਦੇਸਾਂ ਦੇ ਕ੍ਰਾਂਤੀਕਾਰੀ ਸਵਿਟਜ਼ਰਲੈਂਡ ਵਿਚ ਚੱਲੇ ਗਏ ਸਨ, ਜੋ ਇਕ ਨਿਰਪੱਖ ਦੇਸ ਸੀ। ਭਾਰਤੀਆਂ ਨੇ ਉੱਥੇ ‘ਹਿੰਦ ਇਨਕਲਾਬੀ ਸੁਸਾਇਟੀ’ ਬਣਾਈ ਜਿਸ ਨੂੰ ‘ਬਰਲਿਨ ਹਿੰਦ ਕਮੇਟੀ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਇਸ ਸੁਸਾਇਟੀ ਨੇ ਕਾਬੁਲ ਵਿਚ ਆਰਜ਼ੀ ਸਰਕਾਰ ਦੀ ਸਥਾਪਨਾ ਕੀਤੀ ਪਰੰਤੂ ਇਸ ਦਾ ਭਾਰਤੀ ਲੋਕਾਂ ਨਾਲ ਕੋਈ ਸੰਪਰਕ ਨਹੀਂ ਸੀ। ਗ਼ਦਰ ਪਾਰਟੀ ਨੇ ਇਸ ਸੁਸਾਇਟੀ ਨਾਲ ਤਾਲਮੇਲ ਸਥਾਪਿਤ ਕੀਤਾ ਅਤੇ ਇਕ ਦੂਸਰੇ ਦੀ ਸਹਾਇਤਾ ਕਰਨ ਲਈ ਰਾਜ਼ੀ ਹੋ ਗਏ। ਜਰਮਨੀ ਨੇ ਸੁਸਾਇਟੀ ਨੂੰ ਆਰਥਿਕ ਸਹਾਇਤਾ ਭੇਜੀ ਪਰੰਤੂ ਇਹ ਜਾਣ ਕੇ ਕਿ ਇਸ ਦੀ ਅਯੋਗ ਵਰਤੋਂ ਹੋ ਰਹੀ ਹੈ, ਇਸ ਨੂੰ ਰੋਕ ਦਿੱਤਾ ਗਿਆ। ਇਸ ਸੁਸਾਇਟੀ ਦਾ ਛੇਤੀ ਹੀ ਪਤਨ ਹੋ ਗਿਆ। ਗ਼ਦਰ ਪਾਰਟੀ ਨੂੰ ਕਦੇ ਕੋਈ ਵੀ ਰਕਮ ਪ੍ਰਾਪਤ ਨਹੀਂ ਹੋਈ।

      ਓਡਵਾਇਰ ਦੇ ਸ਼ਬਦਾਂ ਵਿਚ “ਗ਼ਦਰ ਪਾਰਟੀ ਬਰਤਾਨਵੀ ਸਰਕਾਰ ਦਾ ਭਾਰਤ ਵਿਚੋਂ ਤਖ਼ਤਾ ਪਲਟਣ ਲਈ ਸਭ ਤੋਂ ਗੰਭੀਰ ਯਤਨ ਸੀ।” ਇਸ ਦੇ ਜ਼ਿਆਦਾਤਰ ਵਰਕਰ ਅਨਪੜ੍ਹ ਸਨ, ਕੇਵਲ ਦੋ ਪ੍ਰਤੀਸ਼ਤ ਹੀ ਉਰਦੂ ਜਾਂ ਪੰਜਾਬੀ ਜਾਣਦੇ ਸਨ। ਇਸ ਦੇ ਬਾਵਜੂਦ ਉਹਨਾਂ ਨੇ ਬਹੁਤ ਗੰਭੀਰ ਲਹਿਰ ਖੜ੍ਹੀ ਕੀਤੀ ਜਿਸ ਨੇ ਕੁਝ ਸਮੇਂ ਲਈ ਦੇਸ ਵਿਚ ਨਵਾਂ ਜੋਸ਼ ਭਰ ਦਿੱਤਾ ਅਤੇ ਬਰਤਾਨਵੀਆਂ ਨੂੰ ਇਸ ਤੋਂ ਖ਼ਤਰਾ ਮਹਿਸੂਸ ਹੋਇਆ। ਭਾਵੇਂ ਇਸ ਲਹਿਰ ਨੂੰ ਦਬਾ ਦਿੱਤਾ ਗਿਆ ਸੀ, ਫਿਰ ਵੀ ਇਸ ਨੇ ਅਕਾਲੀ ਲਹਿਰ , ਜੋ ਕੁਝ ਸਮਾਂ ਬਾਅਦ ਚੱਲੀ ਸੀ, ਉਸ ਲਈ ਆਧਾਰ ਪ੍ਰਦਾਨ ਕੀਤਾ ਸੀ। ਗ਼ਦਰ ਨੇਤਾ ਬੱਬਰ ਅਕਾਲੀਆਂ ਵਿਚ ਖ਼ਾਸ ਤੌਰ ‘ਤੇ ਹਰਮਨ ਪਿਆਰੇ ਸਨ।


ਲੇਖਕ : ੲ.ਸੀ.ਬ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11496, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਗ਼ਦਰ ਲਹਿਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਗ਼ਦਰ ਲਹਿਰ  : ਇਹ ਲਹਿਰ 1857 ਦੇ ਗਦਰ ਤੋਂ ਬਾਅਦ ਸਭ ਤੋਂ ਵੱਧ ਯੋਜਨਾਬੱਧ ਤੇ ਸ਼ਕਤੀਸ਼ਾਲੀ ਵਿਦਰੋਹ ਸੀ ਅਤੇ ਇਸਦਾ ਮੁੱਖ ਨਿਸ਼ਾਨਾ ਹਥਿਆਰਾਂ ਦੀ ਵਰਤੋਂ ਨਾਲ ਦੇਸ਼ ਨੂੰ ਆਜ਼ਾਦ ਕਰਵਾਉਣਾ ਸੀ।

ਵੀਹਵੀਂ ਸਦੀ ਦੇ ਪਹਿਲੇ ਸਾਲਾਂ ਵਿਚ ਪੰਜਾਬ ਦੇ ਸਿੱਖ ਕਿਸਾਨ, ਮਾਲੀ ਹਾਲਤ ਮਾੜੀ ਹੋ ਜਾਣ ਕਾਰਨ ਬਾਹਰਲੇ ਮੁਲਕਾਂ ਵੱਲ ਜਾਣ ਲੱਗੇ। ਰੁਜ਼ਗਾਰ ਦੀ ਜ਼ਿਆਦਾ ਸੰਭਾਵਨਾ ਕੈਨੇਡਾ ਅਤੇ ਅਮਰੀਕਾ ਵਿਚ ਹੋਣ ਕਾਰਨ ਇਹ ਇਨ੍ਹਾਂ ਮੁਲਕਾਂ ਵੱਲ ਚੱਲ ਤੁਰੇ। ਸੰਨ 1906 ਦੀ ਪਤਝੜ ਤੱਥ ਵੈਨਕੂਵਰ ਦੇ ਨੇੜੇ ਸਿੱਖ ਕਾਮਿਆਂ ਦੀ ਗਿਣਤੀ ਕੋਈ 1500 ਤੋਂ ਵੀ ਵੱਧ ਹੋ ਗਈ ਸੀ। ਅਗਲੇ ਕੁਝ ਸਾਲਾਂ ਵਿਚ 5000 ਹੋਰ ਸਿੱਖ ਕਾਮੇ ਬ੍ਰਿਟਿਸ਼ ਕੋਲੰਬੀਆ ਆ ਪੁੱਜੇ।

ਪੰਜਾਬੀ ਕਾਮੇ ਕਿਸੇ ਵੀ ਟ੍ਰੇਡ ਯੂਨੀਅਨ ਦੇ ਮੈਂਬਰ ਨਹੀਂ ਸਨ ਜਿਸ ਕਰਕੇ ਘਟ ਉਜਰਤ ਤੇ ਕੰਮ ਕਰੀ ਜਾਂਦੇ ਸਨ ਅਤੇ ਹੋਰਨਾ ਮੁਲਕਾਂ ਦੇ ਕਾਮਿਆਂ ਤੋਂ ਕੰਮ ਵੀ ਵਧੇਰੇ ਸਮੇਂ ਲਈ ਕਰਦੇ ਸਨ ਅਤੇ ਸਰੀਰਕ ਤੌਰ ਤੇ ਬੜੇ ਸਖ਼ਤ ਸਨ। ਇਨ੍ਹਾਂ ਗੁਣਾਂ ਕਾਰਨ ਕੈਨੇਡੀ ਮਾਲਕਾਂ ਦੀ ਨਿਗਾਹ ਵਿਚ ਇਨ੍ਹਾਂ ਦਾ ਚੰਗਾ ਸਥਾਨ ਬਣ ਗਿਆ ਪਰ ਗੋਰੇ ਕਾਮਿਆਂ ਨੂੰ ਇਸ ਗੱਲ ਤੇ ਬਹੁਤ ਈਰਖਾ ਹੋਣ ਲੱਗੀ। ਗੋਰੇ ਕਾਮਿਆਂ ਦੀ ਸਹਾਇਤਾ ਵਿਚ ਕੈਨੇਡਾ ਦੇ ਲੋਕਾਂ ਨੇ ਏਸ਼ੀਆਈ ਕਾਮਿਆਂ ਨੂੰ ਜਿਨ੍ਹਾਂ ਵਿਚ ਚੀਨੀ ਅਤੇ ਜਾਪਾਨੀ ਵੀ ਸ਼ਾਮਲ ਸਨ, ਕੈਨੇਡਾ ਤੋਂ ਕੱਢਣ ਲਈ ਪੱਕਾ ਨਿਸ਼ਚਾ ਧਾਰ ਲਿਆ। ਇਸੇ ਈਰਖਾ ਕਾਰਨ ਹੀ 1886 ਵਿਚ ਇਨ੍ਹਾਂ ਉਪਰ ਤਸ਼ੱਦਦ ਵੀ ਕੀਤਾ ਗਿਆ। ਗੋਰਾ ਟ੍ਰੇਡ ਯੂਨੀਅਨਾਂ ਨੇ ਕਾਲੇ ਆਵਾਸੀਆਂ ਨੂੰ ਦੇਸ਼ੋ ਕੱਢਣ ਲਈ ਫੈਡਰਲ ਸਰਕਾਰ ਉੱਤੇ ਬਹੁਤ ਦਬਾ ਪਾਇਆ। ਕਈ ਮਤੇ ਪਾਸ ਕੀਤੇ ਗਏ ਜਿਨ੍ਹਾਂ ਦੇ ਨਤੀਜੇ ਵਜੋਂ 1909 ਵਿਚ ਕੇਵਲ 9 ਹਿੰਦੁਸਤਾਨੀਆਂ ਨੂੰ ਹੀ ਕੈਨੇਡਾ ਵਿਚ ਦਾਖਲ ਹੋਣ ਦੀ ਆਗਿਆ ਦਿੱਤੀ ਗਈ।

ਸਿੱਖ ਬਰਤਾਨਵੀ ਪਰਜਾ ਹੋਣ ਕਾਰਨ ਕਈ ਸਿੱਖਾਂ ਦੇ ਕੈਨੇਡਾ ਵਿਚ ਦਾਖ਼ਲੇ ਬਾਰੇ ਕਾਫ਼ੀ ਕਾਨੂੰਨੀ ਸਮੱਸਿਅਆਵਾਂ ਖੜੀਆ ਹੋ ਗਈਆਂ। ਆਖਰ ਨੂੰ ਕੈਨੇਡਾ ਦੀ ਸਰਕਾਰ ਨੇ ਹਿੰਦੁਸਤਾਨੀ ਬਰਤਾਨਵੀ ਸਰਕਾਰ ਤੇ ਬਹੁਤ ਪ੍ਰਭਾਵ ਪਾ ਲਿਆ ਅਤੇ ਉਸਨੂੰ ਹਿੰਦੁਸਤਾਨੀਆਂ ਨੂੰ ਕੈਨੇਡਾ ਜਾਣ ਤੋਂ ਰੋਕਣ ਦੇ ਯਤਨ ਕਰਨ ਲਈ ਸਹਿਮਤ ਕਰ ਲਿਆ। ਇਸ ਸਬੰਧ ਵਿਚ ਦੋਹਾਂ ਸਰਕਾਰਾਂ ਵੱਲੋਂ ਕਈ ਕਾਨੂੰਨ ਬਣਾਏ ਗਏ ਅਤੇ ਕਈ ਹੋਰ ਸ਼ਰਤਾਂ ਲਾਗੂ ਕੀਤੀਆਂ ਗਈਆਂ ਪਰ ਇਹ ਸ਼ਰਤਾਂ ਚੀਨੀਆਂ ਜਾਂ ਜਾਪਾਨੀਆਂ ਤੇ ਲਾਗੂ ਨਹੀਂ ਹੁੰਦੀਆਂ ਸਨ। ਨਵੇਂ ਨਿਯਮਾਂ ਅਨੁਸਾਰ ਹਿੰਦੁਸਤਾਨੀਆਂ ਦੇ ਆਵਾਸ ਨੂੰ ਠੱਲ੍ਹ ਪੈ ਗਈ। ਨਤੀਜੇ ਵਜੋਂ ਬ੍ਰਿਟਿਸ਼ ਕੋਲੰਬੀਆ ਵਿਚ ਪੰਜਾਬੀਆਂ ਦੀ ਵਸੋਂ ਜਿਹੜੀ ਕਿ 1908 ਵਿਚ 5000 ਤੋਂ ਵਧ ਹੋ ਗਈ ਸੀ, 1911 ਵਿਚ ਇਸ ਦੇ ਅੱਧ ਤੋਂ ਵੀ ਘੱਟ ਰਹਿ ਗਈ ਸੀ।

ਹਿੰਦੁਸਤਾਨੀਆਂ ਦੇ ਦਾਖ਼ਲੇ ਨੂੰ ਰੋਕ ਲੈਣ ਤੇ ਕੈਨੇਡਾ ਸਰਕਾਰ ਨੇ ਆਪਣਾ ਮੂੰਹ ਕੈਨੇਡਾ ਵਿਚ ਮੌਜੂਦ ਅਤੇ ਧੱਕੇ ਨਾਲ ਹੀ ਵੱਸ ਰਹੇ ਹਿੰਦੁਸਤਾਨੀਆਂ ਨੂੰ ਦੇਸ਼ੋ ਕੱਢਣ ਵੱਲ ਮੋੜਿਆ। ਇਸ ਸਬੰਧ ਵਿਚ ਕੈਨੇਡਾ ਸਰਕਾਰ ਨੇ ਕਈ ਕਦਮ ਚੁੱਕੇ ਪਹਿਲੇ ਕਦਮ ਅਨੁਸਾਰ ਨਿਰੰਤਰ ਸਮੁੰਦਰੀ ਸਫ਼ਰ ਅਤੇ 200 ਡਾਲਰ ਵਾਲੀਆਂ ਧਾਰਾਵਾਂ ਕੈਨੇਡਾ ਵਿਚ ਵੱਸ ਰਹੇ ਹਿੰਦੁਸਤਾਨੀਆਂ ਦੀਆਂ ਹਿੰਦੁਸਤਾਨ ਵਿਚ ਰਹਿੰਦੀਆਂ ਪਤਨੀਆਂ ਅਤੇ ਉਨ੍ਹਾਂ ਦੇ ਬੱਚਿਆਂ ਤੇ ਵੀ ਲਾਗੂ ਕਰ ਦਿੱਤੀਆਂ । ਇਸ ਤਰ੍ਹਾਂ ਪਤਨੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਆਪਣੇ ਪਤੀਆਂ ਅਤੇ ਮਾਪਿਆਂ ਨਾਲ ਮੁੜ-ਮਿਲਣ ਤੇ ਪਾਬੰਦੀ ਲਾ ਦਿੱਤੀ ਗਈ।

ਕੈਨੇਡਾ ਦਾ ਆਵਾਸ ਵਿਭਾਗ ਬਹੁਤ ਸਖ਼ਤ ਹੋ ਗਿਆ ਸੀ ਅਤੇ ਹਿੰਦੁਸਤਾਨੀਆਂ ਨੇ ਹੁਣ ਕੈਨੇਡਾ ਤੋਂ ਵੀ ਸੰਯੁਕਤ ਰਾਜ ਅਮਰੀਕਾ ਜਾਣਾ ਸ਼ੁਰੂ ਕਰ ਦਿੱਤਾ ਸੀ। ਇਸ ਤਰ੍ਹਾਂ 1907 ਤੱਕ ਕੋਈ 1700 ਕੁ ਹਿੰਦੁਸਤਾਨੀ ਅਮਰੀਕਾ ਵਿਚ ਰਹਿ ਰਹੇ ਸਨ। ਹਿੰਦੁਸਤਾਨ ਵਿਚੋਂ ਵੀ ਕੈਲਿਫੋਰਨੀਆਂ ਰਾਹੀਂ ਬਹੁਤ ਸਾਰੇ ਅਮਰੀਕਾ ਚਲੇ ਗਏ ਸਨ। ਇਸ ਤਰ੍ਹਾਂ ਸੰਨ 1910 ਤੱਕ ਸਾਰੇ ਸੰਯੁਕਤ ਰਾਜ ਵਿਚ ਲਗਭਗ 6000 ਹਿੰਦੁਸਤਾਨੀ ਪੁਜ ਚੁੱਕੇ ਸਨ ਜਿਨ੍ਹਾਂ ਵਿਚੋਂ ਵਧੇਰੇ ਕੈਲਿਫੋਰਨੀਆ ਰਾਜ ਵਿਚ ਹੀ ਦਾਖਲ ਹੋਏ ਸਨ। ਸੰਯੁਕਤ ਰਾਜ ਵਿਚ ਅਮਰੀਕਨਾ ਨੇ ਕੈਨੇਡੀਅਨਾਂ ਨਾਲੋਂ ਵੀ ਤੇਜ਼ ਪ੍ਰਤਿਕ੍ਰਮ ਹਿੰਦੁਸਤਾਨੀਆਂ ਨੂੰ ਦਿੱਤਾ। ਆਵਾਸ ਵਿਭਾਗ ਵੱਲੋਂ ਸਾਰੇ ਕਾਨੂੰਨ ਅੱਖੋਂ ਓਹਲੇ ਕਰਕੇ ਸਰਕਾਰੀ ਪੱਧਰ ਤੇ ਇਨ੍ਹਾਂ ਉਪਰ ਤਸ਼ੱਦਦ ਕੀਤਾ ਗਿਆ।

ਗ਼ਦਰ ਪਾਰਟੀ ਦੀ ਸਥਾਪਨਾ –– ਹਿੰਦੁਸਤਾਨੀਆਂ ਵਿਚੋਂ ਬਹੁਤੇ ਸਿੱਖ ਹੋਣ ਕਾਰਨ, ਪਹਿਲੀਆਂ ਆਵਾਸੀ ਜਥੇਬੰਦੀਆਂ ਸਿੱਖ ਗੁਰਦੁਆਰਿਆਂ ਵਿਚ ਹੀ ਕੇਂਦਰਿਤ ਰਹੀਆਂ। ਸੰਨ 1907 ਵਿਚ ਖਾਲਸਾ ਦੀਵਾਨ ਸੁਸਾਇਟੀ, ਵੈਨਕੂਵਰ ਵਿਚ ਸੰਗਠਤ ਕੀਤੀ ਗਈ ਅਤੇ ਇਸ ਦੀਆਂ ਸ਼ਾਖਾਵਾਂ ਵਿਕਟੋਰੀਆਂ, ਐਬਟਸਫਰਡ, ਨਿਊ ਵੈਸਟਮਿਸਟੇਰ, ਫਰੇਜਰ ਮਿਲਜ਼, ਡੰਕਨ ਕੂੰਬਜ਼ ਅਤੇ ਓਸ਼ਨ ਫਾਲਜ਼ ਵਿਖੇ ਖੋਲ੍ਹੀਆਂ ਗਈਆਂ। ਖ਼ਾਲਸਾ ਦੀਵਾਨ ਸੁਸਾਇਟੀ ਨੇ ਵੈਨਕੂਵਰ ਵਿਚ ਇਕ ਗੁਰਦੁਆਰਾ ਬਣਵਾਇਆ। ਤਿੰਨ ਸਾਲਾਂ ਪਿਛੋਂ ਇਕ ਹੋਰ ਗੁਰਦੁਆਰਾ ਵਿਕਟੋਰੀਆ ਵਿਖੇ ਅਤੇ ਥੌੜ੍ਹਾ ਚਿਰ ਮਗਰੋਂ ਕਈ ਹੋਰਨਾਂ ਕਸਬਿਆਂ ਵਿਚ ਛੋਟੇ ਛੋਟੇ ਗੁਰਦੁਆਰੇ ਬਣਾਏ ਗਏ।

ਖ਼ਾਲਸਾ ਦੀਵਾਨ ਸੁਸਾਇਟੀ, ਸੰਯੁਕਤ ਰਾਜ ਨੇ ਸਟਾਕਟਨ ਵਿਖੇ ਇਕ ਗੁਰਦੁਆਰਾ ਬਣਵਾਇਆ। ਭਾਵੇਂ ਦੀਵਾਨਾਂ ਦੇ ਉਦੇਸ਼ ਧਾਰਮਕ, ਵਿਦਿਅਕ ਅਤੇ ਲੋਕ ਹਿਤਾਂ ਵਾਲੇ ਸਨ। ਫਿਰ ਵੀ ਉਨ੍ਹਾਂ ਦੀ ਕਾਰਵਾਈਆਂ ਵਿਚ ਆਵਾਸ ਦੀਆਂ ਸਮੱਸਿਆਵਾਂ ਅਤੇ ਨਸਲੀ ਵਿਤਕਰੇ ਦੀਆਂ ਘਟਨਾਵਾਂ ਸਬੰਧੀ ਹੀ ਵਧੇਰੇ ਜ਼ਿਕਰ ਹੋਣ ਲਗ ਪਿਆ।

ਖਾਲਸਾ ਦੀਵਾਨ ਦੇ ਨਾਲ ਨਾਲ ਹਿੰਦੁਸਤਾਨੀ ਕਾਮਿਆਂ ਦੇ ਆਰਥਿਕ ਹਿੱਤਾਂ ਦੀ ਰਾਖੀ ਲਈ ਅਤੇ ਕੈਨੇਡਾ ਅਤੇ ਸੰਯੁਕਤ ਰਾਜ ਸਰਕਾਰ ਦੇ ਆਵਾਸੀ ਅਧਿਕਾਰੀਆਂ ਵਿਰੁੱਧ ਕੇਸ ਲੜਨ ਲਈ ਕਈ ਹੋਰ ਹਿੰਦੁਸਤਾਨੀ ਜਥੇਬੰਦੀਆਂ ਵੀ ਹੋਂਦ ਵਿਚ ਆ ਗਈਆਂ। ਵੈਨਕੂਵਰ ਵਿਚ 'ਯੂਨਾਈਟਿਡ ਇੰਡੀਆ ਲੀਗ' ਸੰਗਠਤ ਕੀਤੀ ਗਈ ਅਤੇ 'ਦੀ ਹਿੰਦੁਸਤਾਨੀ ਐਸੋਸੀਏਸ਼ਨ ਆਫ਼ ਦੀ ਪੈਸੇਫ਼ਿਕ ਕੋਸਟ ਐਸਟੋਰੀਆ ਵਿਚ ਸਥਾਪਤ ਕੀਤੀ ਗਈ। ਗੁਰਦੁਆਰੇ ਦੋਹਾਂ ਦੇਸ਼ਾਂ ਵਿਚ ਸਿਆਸੀ ਸਰਗਰਮੀਆਂ ਦੇ ਕੇਂਦਰ ਬਣ ਗਏ। 'ਦੀ ਸਿੱਖ ਦੀਵਾਨ ਅਤੇ ਹੋਰ ਜਥੇਬੰਦੀਆਂ ਗੁਰਮੁਖੀ, ਉਰਦੂ ਅਤੇ ਅੰਗਰੇਜ਼ੀ ਭਾਸ਼ਾਵਾਂ ਵਿਚ ਸਮਾਚਾਰ ਪੱਤਰ ਛਾਪਣ ਲੱਗ ਪਈਆਂ।

ਸੰਨ 1913 ਦੀਆਂ ਗਰਮੀਆਂ ਵਿਚ ਜਵਾਲਾ ਸਿੰਘ ਅਤੇ ਲਾਲਾ ਹਰਦਿਆਲ ਦੇ ਯਤਨਾਂ ਨਾਲ ਕੈਨੇਡਾ ਅਤੇ ਸੰਯੁਕਤ ਰਾਜ ਵਿਚ ਰਹਿੰਦੇ ਹਿੰਦੁਸਤਾਨੀਆਂ ਦੀ ਸਟਾਕਟਨ ਵਿਖੇ ਮੀਟਿੰਗ ਹੋਈ। ਇਸ ਮੀਟਿੰਗ ਵਿਚ 'ਦੀ ਹਿੰਦੁਸਤਾਨੀ ਵਰਕਰਜ਼ ਆਫ਼ ਦੀ ਪੈਸੇਫ਼ਿਕ ਕੋਸਟ' ਨਾਂ ਦੀ ਜਥੇਬੰਦੀ ਸਥਾਪਿਤ ਕਰਨ ਦਾ ਫੈਸਲਾ ਕੀਤਾ ਗਿਆ। ਸੋਹਣ ਸਿੰਘ ਭਕਨਾ, ਜਿਹੜਾ ਕਿ ਉਸ ਵੇਲੇ ਆਰੇਗਾਨ ਵਿਖੇ ਇਕ ਲਕੜੀ ਦੇ ਕਾਰਖ਼ਾਨੇ ਵਿਚ ਕੰਮ ਕਰਦਾ ਸੀ, ਅਤੇ ਲਾਲਾ ਹਰਦਿਆਲ ਇਸ ਜਥੇਬੰਦੀ ਦੇ ਕ੍ਰਮਵਾਰ ਪ੍ਰੈਜ਼ੀਡੈਂਟ ਅਤੇ ਸਕੱਤਰ ਚੁਣੇ ਗਏ। ਇਕ ਪ੍ਰਿੰਟਿੰਗ ਪ੍ਰੈੱਸ ਖਰੀਦਣ ਅਤੇ ਸਾਨਫ਼੍ਰਾਂਸਿਸਕੋ ਵਿਚ ਜਥੇਬੰਦੀ ਦੇ ਦਫਤਰ ਲਈ ਥਾਂ ਖਰੀਦਣ ਲਈ ਪੈਸੇ ਇਕੱਠੇ ਕੀਤੇ ਗਏ। ਵੁੱਡ ਸਟਰੀਟ ਵਿਚ ਇਕ ਇਮਾਰਤ ਲੈ ਲਈ ਗਈ ਅਤੇ ਉਸਦਾ ਨਾਂ 'ਯੁਗਾਂਤਰ ਆਸ਼ਰਮ' ਰੱਖਿਆ ਗਿਆ। 'ਗਦਰ' ਨਾਂ ਦਾ ਇਕ ਹਫਤਾਵਾਰੀ ਅਖਬਾਰ ਜਾਰੀ ਕੀਤਾ ਗਿਆ। ਲਾਲਾ ਹਰਦਿਆਲ ਇਸ ਦਾ ਮੁੱਖ ਸੰਪਾਦਕ ਬਣਿਆ। ਪਹਿਲਾਂ ਇਹ ਅਖ਼ਬਾਰ ਉਰਦੂ ਵਿਚ ਕੱਢਿਆ ਗਿਆ ਪਰ ਮਗਰੋਂ ਹੋਰ ਕਈ ਭਾਰਤੀ ਭਾਸ਼ਾਵਾਂ (ਸਭ ਤੋਂ ਵੱਧ ਗੁਰਮੁਖੀ ਵਿਚ) ਛਪਣ ਲੱਗ ਪਿਆ। ਇਸ ਤੋਂ ਪਿਛੋਂ ਇਹ ਜਥੇਬੰਦੀ ਗਦਰ ਅਖ਼ਬਾਰ ਦੇ ਨਾਂ ਪਿਛੇ ਹੀ 'ਗਦਰ ਪਾਰਟੀ' ਵਜੋਂ ਜਾਣੀ ਜਾਣ ਲੱਗ ਪਈ।

1 ਨਵੰਬਰ, 1913 ਨੂੰ ਛਪੇ ਗਦਰ ਅਖ਼ਬਾਰ ਦੇ ਪਹਿਲੇ ਅੰਕ ਵਿਚ ਪਾਰਟੀ ਦੇ ਉਦੇਸ਼ ਨੂੰ ਨਿਮਨ ਸ਼ਬਦਾਂ ਵਿਚ ਦਰਸਾਇਆ ਗਿਆ :–

'ਅੱਜ, ਬਦੇਸ਼ੀ ਧਰਤੀਆਂ ਉੱਤੇ, ਪਰ ਸਾਡੇ ਦੇਸ਼ ਦੀ ਭਾਸ਼ਾ ਵਿਚ ਬਰਤਾਨਵੀ ਰਾਜ ਵਿਰੁੱਧ ਇਕ ਯੁੱਧ ਸ਼ੁਰੂ ਹੁੰਦਾ ਹੈ। .....ਸਾਡਾ ਕੀ ਨਾਂ ਹੈ ? ਗਦਰ। ਸਾਡਾ ਕੀ ਕੰਮ ਹੈ? ਗਦਰ। ਗਦਰ ਕਿਥੇ ਛਿੜੇਗਾ ? ਹਿੰਦੁਸਤਾਨ ਵਿਚ । ਛੇਤੀ ਹੀ ਸਮਾਂ ਆਵੇਗਾ ਜਦੋਂ ਰਾਈਫਲਾਂ ਅਤੇ ਖ਼ੂਨ ਕਲਮ ਅਤੇ ਸਿਆਹੀ ਦੀ ਥਾਂ ਲੈ ਲੈਣਗੇ।

ਗ਼ਦਰ ਅਖ਼ਬਾਰ ਕੁਝ ਹੀ ਮਹੀਨਿਆਂ ਵਿਚ ਕੈਨੇਡਾ, ਜਾਪਾਨ, ਫਿਲਪੀਨ, ਹਾਂਗਕਾਂਗ, ਚੀਨ, ਮਲਾਇਆ, ਸਿੰਗਾਪੁਰ, ਬ੍ਰਿਟਿਸ਼ ਰੀਆਨਾ ਤ੍ਰਿਨੀਦਾਦ, ਹਾਂਡੂਰਸ, ਦੱਖਣੀ ਤੇ ਪੂਰਬੀ ਅਫ਼ਰੀਕਾ ਅਤੇ ਹੋਰਨਾਂ ਦੇਸ਼ਾਂ ਵਿਚ ਵਸ ਰਹੇ ਹਿੰਦੋਸਤਾਨੀਆਂ ਕੋਲ ਪੁਜਣਾ ਸ਼ੁਰੂ ਹੋ ਗਿਆ । ਗ਼ਦਰ ਅਖ਼ਬਾਰ ਵਿਚ ਛਪੇ ਬਹੁਤ ਸਾਰੇ ਲੇਖਾਂ ਅਤੇ ਕਵਿਤਾਵਾਂ ਨੂੰ ਕਿਤਾਬਚਿਆਂ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ ਗਿਆ। ਇਨ੍ਹਾਂ ਵਿਚੋਂ ' ਗਦਰ ਦੀ ਗੂੰਜ', 'ਐਲਾਨ–ਇ–ਜੰਗ', 'ਨਯਾ ਜਮਾਨਾ' , 'ਬੈਲੈਂਸ ਸ਼ੀਟ ਆਫ਼ ਦਾ ਬ੍ਰਿਟਿਸ਼ ਰੂਲ ਇਨ ਇੰਡੀਆ ਤਾਂ ਬਹੁਤ ਹੀ ਪ੍ਰਸਿੱਧ ਸਨ।

ਕੁਝ ਹੀ ਮਹੀਨਿਆਂ ਵਿਚ ਗਦਰ ਪਾਰਟੀ ਨੂੰ ਸ਼ਾਂਤ ਮਹਾਂਸਾਗਰੀ ਤੱਟ ਉੱਤੇ ਵਸਦੇ ਸਾਰੇ ਹੀ ਹਿੰਦੁਸਤਾਨੀ ਆਵਾਸੀ ਭਾਈਚਾਰੇ ਦੀ ਸਮੁੱਚੀ ਮਦਦ ਮਿਲ ਗਈ ਅਤੇ ਇਸਦੇ ਨਾਲ ਹੀ ਇਸ ਪਾਰਟੀ ਨੇ ਅੰਗਰੇਜ਼ ਸਰਕਾਰ ਪ੍ਰਤਿ ਵਫ਼ਾਦਾਰ ਵਿਅਕੀਤਆਂ ਦੀ ਰੁਚੀ ਨੂੰ ਵੀ ਬਦਲ ਕੇ ਇਨਕਲਾਬੀ ਬਣਾ ਦਿੱਤਾ। ਇਸ ਉਪਰੰਤ ਵਾਪਰੀ ਕਾਮਾਗਾਟਾ ਮਾਰੂ ਦੀ ਘਟਨਾ ਨੇ ਇਸ ਲਹਿਰ ਨੂੰ ਹੋਰ ਉਤਸ਼ਾਂਹ ਦਿੱਤਾ। (ਵੇਖੋ, ਕਾਮਾਗਾਟਾ ਮਾਰੂ).

ਪੰਜਾਬ ਵਿਚ ਗ਼ਦਰ –– ਗ਼ਦਰ ਪਾਰਟੀ ਦੇ ਨੇਤਾਵਾਂ ਨੇ ਤਾਂ ਯੂਰਪ ਵਿਚ ਹੀ ਆਪਣੇ ਆਪ ਨੂੰ ਯੁੱਧ ਲਈ ਤਿਆਰ ਕਰ ਲਿਆ ਸੀ। ਕਿਉਂਕਿ ਕੈਨੇਡਾ ਬਰਤਾਨਵੀ ਸਾਮਰਾਜ ਦਾ ਹਿੱਸਾ ਸੀ, ਇਸ ਲਈ ਗਦਰ ਪਾਰਟੀ ਦੇ ਨੇਤਾਵਾਂ ਨੇ ਆਪਣੀਆਂ ਇਨਕਲਾਬੀ ਸਰਗਰਮੀਆਂ ਸੰਯੁਕਤ ਰਾਜ ਵਿਚ ਹੀ ਤਬਦੀਲ ਕਰਨ ਦਾ ਫ਼ੈਸਲਾ ਕਰ ਲਿਆ। ਯੁੱਧ ਦੇ ਐਲਾਨ ਤੋਂ ਇਕ ਹਫ਼ਤਾ ਪਿਛੋਂ ਹਿੰਦੁਸਤਾਨੀਆਂ ਦੀ ਸੈਕਰਾਮੈਟੋ ਵਿਖੇ ਇਕ ਬਹੁਤ ਵੱਡੀ ਮੀਟਿੰਗ ਹੋਈ। ਬਹੁਤ ਸਾਰੇ ਵਿਅਕਤੀਆਂ ਨੇ ਹਿੰਦੁਸਤਾਨ ਵਿਚ ਉੱਗਰਵਾਦੀ ਕਾਰਜ ਚਲਾਉਣ ਲਈ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਕੀਤੀ ਅਤੇ ਉਨ੍ਹਾਂ ਸਮੁੰਦਰੀ ਸਫ਼ਰ ਲਈ ਫੰਡ ਵੀ ਇਕੱਠੇ ਕੀਤੇ ਗਏ। ਹਿੰਦੁਸਤਾਨ ਨੂੰ ਜਾ ਰਹੇ ਛੋਟੇ ਜਹਾਜ਼ਾਂ ਤੇ ਚੜ੍ਹਨ ਲਈ ਲੋਕਾਂ ਦੀ ਕਾਫ਼ੀ ਭੀੜ ਹੋਣ ਲੱਗ ਪਈ। ਇਸ ਨਾਜ਼ੁਕ ਮੌਕ ਤੇ ਗਦਰ ਪਾਰਟੀ ਨੂੰ ਆਪਣੇ ਬਹੁਤ ਸਾਰੇ ਮੋਹਰੀ ਨੇਤਾਵਾਂ ਤੋਂ ਵਾਂਝਿਆ ਹੋਣਾ ਪਿਆ। ਮਾਰਚ, 1914 ਵਿਚ ਲਾਲਾ ਹਰਦਿਆਲ ਨੂੰ ਅਰਾਜਕਤਾ ਦਾ ਦੋਸ਼ ਲਾ ਕੇ ਗ੍ਰਿਫ਼ਤਾਰ ਕਰ ਲਿਆ ਪਰ ਮਗਰੋਂ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ ਅਤੇ ਬਚ ਕੇ ਉਹ ਸਵਿਟਜ਼ਰਲੈਂਡ ਚਲਾ ਗਿਆ। ਕਾਮਾਗਾਟਾ ਮਾਰੂ ਦੇ ਮਗਰੋਂ ਹੀ ਸੋਹਨ ਸਿੰਘ ਭਕਨਾ ਅਤੇ ਕਰਤਾਰ ਸਿੰਘ ਸਰਾਭਾ ਹੋਰੀਂ ਹਿੰਦੁਸਤਾਨ ਆ ਗਏ। ਜਵਾਲਾ ਸਿੰਘ ਵੀ 60 ਹੋਰ ਗਦਰੀਆਂ ਸਮੇਤ ਸੰਯੁਕਤ ਰਾਜ ਛੱਡ ਗਿਆ। ਇਨ੍ਹਾਂ ਨੇਤਾਵਾਂ ਦੀ ਗ਼ੈਰ-ਹਾਜ਼ਰੀ ਵਿਚ ਕੈਲਿਫੋਰਨੀਆ ਵਿਖੇ ਇਸ ਪਾਰਟੀ ਦਾ ਪ੍ਰਬੰਧ ਪਿਸ਼ਾਵਰ ਦੇ ਰਾਮ ਚੰਦਰ ਨਾਂ ਦੇ ਇਕ ਬ੍ਰਾਹਮਣ ਦੇ ਹੱਥਾਂ ਵਿਚ ਚਲਾ ਗਿਆ।

ਅਗਸਤ, 1914 ਵਿਚ ਜਵਾਲਾ ਸਿੰਘ ਦੀ ਅਗਵਾਈ ਥੱਲੇ ਇਨਕਲਾਬੀਆਂ ਦੀ ਪਹਿਲੀ ਟੋਲੀ ਕੋਰੀਆ ਨਾਂ ਦੇ ਸਮੁੰਦਰੀ ਜਹਾਜ਼ ਦੁਆਰਾ ਸਨਫ਼੍ਰਾਂਸਿਸਕੋ ਦੇ ਸਥਾਨ ਤੋਂ ਰਵਾਨਾ ਹੋਈ।

ਕੈਨਟਨ ਦੇ ਸਥਾਨ ਤੋਂ 90 ਹੋਰ ਵਲੰਟੀਅਰ ਕੋਰੀਆ ਜਹਾਜ਼ ਵਿਚ ਚੜ੍ਹ ਗਏ। ਬਰਤਾਨਵੀਂ ਖੁਫ਼ੀਆ ਮਹਿਕਮੇ ਨੂੰ ਵੀ ਗਦਰੀਆਂ ਦੇ ਮਨਸੂਬਿਆਂ ਬਾਰੇ ਸੂਚਨਾ ਮਿਲ ਗਈ ਅਤੇ ਜਿਉਂ ਹੀ ਕੋਰੀਆ ਜਹਾਜ਼ ਕਲਕੱਤੇ ਦੀ ਬੰਦਰਗਾਹ ਵਿਚ ਆ ਖੜ੍ਹਾ ਹੋਇਆ ਤਾ ਜਵਾਲਾ ਸਿੰਘ ਸਮੇਤ ਸਾਰੇ ਹੀ ਆਗੂ ਗ੍ਰਿਫ਼ਤਾਰ ਕਰ ਲਏ ਗਏ। ਜਿਹੜੇ ਪੁਲਿਸ ਦੀਆਂ ਨਜ਼ਰਾਂ ਚੋਂ ਬਚ ਗਏ ਉਹ ਚੁਪ-ਚੁਪੀਤੇ ਆਪਣੇ ਪਿੰਡਾਂ ਨੂੰ ਪਰਤ ਆਏ।

ਕੈਨੇਡਾ, ਸੰਯੁਕਤ ਰਾਜ, ਹਾਂਗਕਾਂਗ , ਸਿੰਘਾਈ, ਚੀਨ, ਸਟ੍ਰੇਟਸ ਸੈਟਲਮੈਂਟਸ, ਬੋਰਨੀਉ, ਜਾਪਾਨ ਅਤੇ ਫ਼ਿਲਪੀਨ ਤੋਂ ਭਾਰੀ ਗਿਣਤੀ ਵਿਚ ਗ਼ਦਰੀ ਆਉਂਦੇ ਰਹੇ। ਹਿੰਦੁਸਤਾਨ ਨੂੰ ਆਉਂਦੇ ਹੋਏ ਉਹ ਬਦੇਸ਼ਾਂ ਵਿਚ ਹਾਂਗਕਾਂਗ, ਸਿੰਗਾਪੁਰ ਅਤੇ ਪੇਨਾਂਗ ਆਦਿ ਵਿਖੇ ਬੈਠੀਆਂ ਹਿੰਦੁਸਤਾਨੀ ਫ਼ੌਜਾਂ ਨੂੰ ਵੀ ਮਿਲੇ। ਉਹ ਉਨ੍ਹਾਂ ਦੀਆਂ ਬੈਰਕਾਂ ਵਿਚ ਗਏ ਅਤੇ ਹਿੰਦੁਸਤਾਨੀ ਸਿਪਾਹੀਆਂ ਅੱਗੇ ਪ੍ਰਭਾਵਸ਼ਾਲੀ ਭਾਸ਼ਨ ਦਿੱਤੇ ਅਤੇ ਉਨ੍ਹਾਂ ਨੂੰ ਪੜ੍ਹਨ ਲਈ ਗਦਰ ਪਾਰਟੀ ਦਾ ਸਾਹਿਤ ਦਿੱਤਾ।

ਗਦਰੀਆਂ ਨੂੰ ਹਿੰਦੁਸਤਾਨ ਵਿਚ ਪਹੁੰਚਾਉਣ ਵਾਲੇ ਜਾਪਾਨੀ ਜਹਾਜ਼ਾਂ ਦੇ ਬੜੇ ਵਿਚੋਂ ਟੋਸਾ ਮਾਰੂ ਜਿਹੜਾ ਅਕਤੂਬਰ ਦੇ ਅਖ਼ੀਰ ਵਿਚ ਕਲਕੱਤੇ ਪੁੱਜਾ ਸੀ ਅਤੇ ਮਿਸ਼ੀਆਮਾ ਮਾਰੂ ਜਿਹੜਾ ਕੋਲੰਬੋ ਬੰਦਰਗਾਹ ਤੇ ਲਿਆਦਾ ਗਿਆ ਸੀ, ਸਭ ਤੋਂ ਪ੍ਰਸਿੱਧ ਸਮੁੰਦਰੀ ਜਹਾਜ਼ ਸਨ। ਪੁਲਿਸ ਨੇ ਟੋਸਾ ਮਾਰੂ ਜਹਾਜ਼ ਦੀ ਤਲਾਸ਼ੀ ਲਈ ਅਤੇ ਚਾਰ ਨੇਤਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ 179 ਮੁਸਾਫ਼ਰਾਂ ਨੂੰ ਪੁਲਿਸ ਦੀ ਨਿਗਰਾਨੀ ਹੇਠ ਪੰਜਾਬ ਭੇਜ ਦਿੱਤਾ। ਹਿੰਦੁਸਤਾਨੀ ਪੁਲਿਸ ਦੱਖਣੀ ਬੰਦਰਗਾਹਾਂ ਵੱਲੋਂ ਆ ਰਹੇ ਇਨਕਲਾਬੀਆਂ ਦੀ ਸੰਭਾਵਨਾ ਨੂੰ ਭਾਂਪ ਸਕੀ। ਇਸ ਤਰ੍ਹਾਂ ਬਹੁਤ ਸਾਰੇ ਇਨਕਾਲਬੀ ਪੰਜਾਬ ਅਪੱੜਣ ਵਿਚ ਕਾਮਯਾਬ ਹੋ ਗਏ। ਅੰਦਾਜ਼ਾ ਹੈ ਕਿ ਦਸੰਬਰ, 1914 ਦੇ ਸ਼ੁਰੂ ਵਿਚ ਹੀ ਲਗਭਗ 1000 ਗਦਰੀ ਹਿੰਦੁਸਤਾਨ ਪੁੱਜ ਚੁੱਕੇ ਸਨ।

19 ਮਾਰਚ, 1915 ਨੂੰ ਡਿਫੈਂਸ ਆਫ਼ ਇੰਡੀਆ ਐਕਟ ਪਾਸ ਹੋਇਆ। ਇਸ ਐਕਟ ਅਧੀਨ ਸ਼ੰਕੇ ਵਾਲੇ ਵਿਅਕਤੀਆਂ ਦੀਆਂ ਹਰਕਤਾਂ ਨੂੰ ਰੋਕਣ ਜਾਂ ਕਿਸੇ ਖਾਸ ਇਲਾਕੇ ਵਿਚ ਉਨ੍ਹਾਂ ਨੂੰ ਰੱਖਣ ਲਈ ਸਿਵਲ ਜਾਂ ਫ਼ੌਜੀ ਅਧਿਕਾਰੀਆਂ ਨੂੰ ਇਖ਼ਤਿਆਰ ਦਿੱਤੇ ਗਏ। ਇਹ ਐਕਟ ਪੰਜਾਬ ਦੇ 23 ਜ਼ਿਲ੍ਹਿਆਂ ਵਿਚੋਂ 16 ਜ਼ਿਲ੍ਹਿਆਂ ਵਿਚ ਲਾਗੂ ਕਰ ਦਿੱਤਾ ਗਿਆ।

ਗਦਰੀਆਂ ਨੂੰ ਇਹ ਜਾਣਕੇ ਹੋਰ ਵੀ ਘੋਰ ਨਿਰਾਸ਼ਾ ਹੋਈ ਕਿ ਹਿੰਦੁਸਤਾਨ ਦਾ ਵਾਤਾਵਰਣ ਇਨਕਲਾਬ ਲਈ ਅਜੇ ਬਿਲਕੁਲ ਹੀ ਢੁਕਵਾਂ ਨਹੀਂ ਸੀ। ਨੈਸ਼ਨਲ ਕਾਂਗਰਸ ਦੇ ਨੇਤਾ ਤਾਂ ਬਰਤਾਨਵੀ ਹਿੱਤਾ ਪ੍ਰਤੀ ਹੀ ਵਧੇਰੇ ਹਮਦਰਦੀ ਰੱਖਦੇ ਹਨ। ਮਹਾਤਮਾ ਗਾਂਧੀ ਨੇ ਤਾਂ ਡਾਕਟਰੀ ਸੇਵਾ ਲਈ ਵੀ ਪੇਸ਼ਕਸ਼ ਕਰ ਦਿੱਤੀ ਸੀ। ਬਾਲ ਗੰਗਾਧਰ ਤਿਲਕ ਵਰਗੇ ਸੁਧਾਰਵਾਦੀ ਨੇ ਵੀ ਸਥਿਤੀ ਦਾ ਫ਼ਾਇਦਾ ਲੈਣ ਵਾਲਿਆਂ ਦੀ ਸਖ਼ਤ ਵਿਰੋਧਤਾ ਕੀਤੀ। ਪੰਜਾਬ ਤਾਂ ਆਪਣੀ ਉਠਦੀ ਜਵਾਨੀ ਨੂੰ ਯੂਰਪ ਅਤੇ ਮੱਧ ਪੂਰਬ ਦੀਆਂ ਸਰਹੱਦਾਂ ਤੇ ਭੇਜ ਰਿਹਾ ਸੀ। ਸਿੱਖਾਂ ਦੀ ਉਸ ਸਮੇਂ ਦੀ ਇਕੋ ਇਕ ਹੀ ਪ੍ਰਸਿੱਧ ਸਿਆਸੀ ਪਾਰਟੀ-ਚੀਫ਼ ਖ਼ਾਲਸਾ ਦੀਵਾਨ ਨੇ ਅੰਗਰੇਜ਼ਾਂ ਪ੍ਰਤੀ ਆਪਣੀ ਵਫ਼ਾਦਾਰੀ ਦਾ ਫਿਰ ਵਚਨ ਦਿੱਤਾ ਅਤੇ ਸਿੱਖਾਂ ਦੇ ਕੁਝ ਉੱਘੇ ਗੁਰਦੁਆਰਿਆਂ ਦੇ ਗ੍ਰੰਥੀਆਂ ਨੂੰ ਗਦਰੀਆਂ ਨੂੰ ਪਤਿਤ ਜਾਂ ਠੱਗ ਕਰਾਰ ਦੇਣ ਲਈ ਰਜ਼ਾਮੰਦ ਕੀਤਾ ਗਿਆ।

ਗਦਰੀਆਂ ਨੇ ਕਿਸਾਨ ਵਰਗ ਵਿਚ ਆਪਣੀ ਥਾਂ ਬਣਾਉਣ ਲਈ ਬਹੁਤ ਨਿਧੜਕ ਕੋਸ਼ਿਸ਼ਾਂ ਕੀਤੀਆਂ। ਉਹ ਅੰਮ੍ਰਿਤਸਰ, ਨਨਕਾਣਾ ਸਾਹਿਬ ਅਤੇ ਤਰਨਤਾਰਨ ਦੇ ਧਾਰਮਿਕ ਤਿਉਹਾਰਾਂ ਵਿਚ ਸ਼ਾਮਲ ਹੋਏ ਅਤੇ ਲੋਕਾਂ ਨੂੰ ਵਿਦਰੋਹ ਕਰਨ ਲਈ ਪ੍ਰੇਰਿਤ ਕੀਤਾ ਪਰ ਅਗੋਂ ਲੋਕਾਂ ਨੇ ਕੋਈ ਬਹੁਤਾ ਹੁੰਗਾਰਾ ਨਾ ਭਰਿਆ ਅਤੇ ਗ਼ਦਰੀਆਂ ਨੂੰ ਆਪਣੇ ਹੀ ਸਾਧਨਾਂ ਤੇ ਨਿਰਭਰ ਹੋਣ ਪਿਆ। ਉਨ੍ਹਾਂ ਨੇ ਕਈ ਮੀਟਿੰਗਾਂ ਕੀਤੀਆਂ ਅਤੇ ਅਸਲੇ-ਖ਼ਾਨਿਆਂ ਅਤੇ ਸਰਕਾਰੀ ਖ਼ਜਾਨਿਆਂ ਦੀ ਲੁੱਟ-ਮਾਰ ਕਰਨ ਦੀਆਂ ਸਕੀਮਾਂ ਬਣਾਈਆਂ ਪਰ 1914 ਦੇ ਅਖ਼ੀਰ ਤੱਕ ਉਹ ਕੇਵਲ ਕੁਝ ਡਾਕੇ ਮਾਰ ਸਕੇ। ਇਸ ਤੋਂ ਇਲਾਵਾ ਉਨ੍ਹਾਂ ਨੇ ਇਕ ਪੁਲਿਸ ਸਿਪਾਹੀ ਅਤੇ ਇਕ ਅਧਿਕਾਰੀ ਨੂੰ ਵੀ ਮਾਰ ਦਿੱਤਾ।

ਸੰਨ 1915 ਦੇ ਆਰੰਭ ਵਿਚ ਗਦਰੀਆਂ ਨੇ ਦੇਸ਼ ਦੇ ਹੋਰਨਾ ਭਾਗਾਂ ਵਿਚ ਕੰਮ ਕਰ ਰਹੀਆਂ ਉੱਗਰਵਾਦੀ ਜਥੇਬੰਦੀਆਂ ਨਾਲ ਸੰਪਰਕ ਪੈਦਾ ਕਰ ਲਿਆ। ਜਨਵਰੀ ਵਿਚ ਰਾਸ ਬਿਹਾਰੀ ਬੋਸ (ਇਕ ਟੋਲੀ ਦਾ ਆਗੂ ਜਿਸ ਨੇ 1912 ਵਿਚ ਲਾਰਡ ਹਾਰਡਿੰਗ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਸੀ) ਪੰਜਾਬ ਪੁੱਜ ਗਿਆ ਅਤੇ ਗਦਰ ਦੀ ਆਮ ਸੇਧ ਆਪਣੀ ਕਮਾਨ ਹੇਠ ਲੈ ਲਈ। ਬੇਸ ਨੇ ਆਪਣੇ ਕਾਰਿੰਦਿਆਂ ਨੂੰ ਅੰਬਾਲਾ, ਆਗਰਾ, ਕਾਨ੍ਹਪੁਰ, ਅਲਾਹਾਬਾਦ, ਬਨਾਰਸ, ਫ਼ੈਜ਼ਾਬਾਦ, ਲਖਨਊ, ਮੁਲਤਾਨ, ਜਿਹਲਮ, ਕੋਹਾਟ, ਰਾਵਲਪਿੰਡੀ, ਮਰਦਾਨ ਅਤੇ ਪਿਸ਼ਵਰ ਦੀਆਂ ਛਾਉਣੀਆਂ ਵਿਚ ਭੇਜਿਆ। ਢੁਕਵੀਆਂ ਰਪੋਟਾਂ ਪ੍ਰਾਪਤ ਹੋਣ ਤੇ ਬੋਸ ਨੇ ਹਿੰਦੁਸਤਾਨੀ ਫ਼ੌਜਾਂ ਵਿਚ ਆਮ ਬਗ਼ਾਵਤ ਲਈ 21 ਫਰਵਰੀ, 1915 ਦੀ ਰਾਤ ਮੁਕਰਰ ਕਰ ਦਿੱਤੀ। ਬੰਬ ਤਿਆਰ ਕਰਨ ਲਈ ਅੰਮ੍ਰਿਤਸਰ, ਝਾਬੇਵਾਲ (ਲੁਧਿਆਣਾ ਦੇ ਨੇੜੇ) ਅਤੇ ਲੋਹਟਬੱਦੀ ਵਿਖੇ ਕਾਰਖ਼ਾਨੇ ਸਥਾਪਿਤ ਕਰ ਦਿੱਤੇ। ਗ਼ਦਰੀਆਂ ਨੂੰ ਟੈਲੀਗ੍ਰਾਫ ਤਾਰਾਂ ਕੱਟਣ ਅਤੇ ਗੱਡੀਆਂ ਉਲਟਾਉਣ ਲਈ ਕਈ ਕਿਸਮ ਦੇ ਹਥਿਆਰ ਦੇ ਦਿੱਤੇ ਗਏ ਅਤੇ 'ਐਲਾਨ–ਇ–ਜੰਗ' ਨਾਮੀ ਇਸ਼ਤਿਹਾਰ ਦੀਆਂ ਵੰਡਣ ਲਈ ਹੋਰ ਕਾਪੀਆਂ ਸਾਈਕਲੋਸਟਾਈਲ ਕੀਤੀਆਂ ਗਈਆਂ ਪਰ ਪੁਲਿਸ ਨੇ ਇਨਕਲਾਬੀਆਂ ਦੀਆਂ ਤਿਆਰ ਕੀਤੀਆਂ ਸਾਰੀਆਂ ਸਕੀਮਾਂ ਨਾਕਾਮ ਕਰ ਦਿੱਤੀਆਂ। ਬੋਸ ਨੇ ਬਗਾਵਤ ਦੀ ਤਾਰੀਖ 21 ਫ਼ਰਵਰੀ, ਦੀ ਥਾਂ ਤੇ 19 ਫ਼ਰਵਰੀ, ਕਰ ਦਿੱਤੀ। ਇਸ ਤਬਦੀਲੀ ਦੀ ਸੂਚਨਾ ਕਿਰਪਾਲ ਸਿੰਘ ਨਾਂ ਦੇ ਇਕ ਸੂਹੀਏ ਨੇ ਪੁਲਸ ਕੋਲ ਵੀ ਪਹੁੰਚਾ ਦਿੱਤੀ। ਬਾਗੀ ਰਜਮੈਟਾਂ ਨਿਹੱਥੀਆਂ ਕਰਵਾ ਦਿੱਤੀਆਂ ਗਈਆਂ। ਸ਼ੱਕੀ ਆਦਮੀਆਂ ਨੂੰ ਫ਼ੌਜੀ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਫਾਂਸੀਆਂ ਦਿੱਤੀਆਂ ਗਈਆਂ। ਇਨਕਲਾਬੀ, ਫ਼ੌਜਾਂ ਦੇ ਬਾਹਰ ਆਉਣ ਦੀ ਫਜ਼ੂਲ ਹੀ ਉਡੀਕ ਕਰਦੇ ਰਹੇ। ਰਾਸ ਬਿਹਾਰੀ ਬੋਸ ਉਪਰਾਮ ਹੋ ਕੇ ਪੰਜਾਬ ਛੱਡ ਗਿਆ।

ਸੰਨ 1915 ਦੀ ਗਰਮੀ ਦੇ ਅਖ਼ੀਰ ਤੱਕ ਗਦਰ ਨਾਂ ਅਸਲੋਂ ਹੀ ਖਤਮ ਹੋ ਗਿਆ ਸੀ। ਕੁਝ ਭਗੌੜੇ ਨਿਧੜਕ ਵਿਅਕਤੀਆਂ ਨੇ ਆਪਣਾ ਗੁੱਸਾ ਮੁਖਬਰਾ, ਸਰਕਾਰੀ ਗਵਾਹਾਂ ਅਤੇ ਉਨ੍ਹਾਂ ਵਿਅਕਤੀਆਂ ਜਿਹੜੇ ਕਿ ਇਨਕਲਾਬੀਆਂ ਨੂੰ ਫੜਾਉਣ ਵਿਚ ਪੁਲਸ ਨਾਲ ਪੂਰਾ ਮਿਲਵਰਤਨ ਦੇ ਰਹੇ ਸਨ, ਉਪਰ ਹੀ ਕੱਢਿਆ। ਪਤਝੜ ਦੇ ਅਖ਼ੀਰ ਵਿਚ ਇਹ ਇਨਕਲਾਬੀ ਗ੍ਰਿਫ਼ਤਾਰ ਕਰ ਲਏ ਗਏ।

ਸਿੰਗਾਪੁਰ ਵਿਚ ਬਗ਼ਾਵਤ –– ਸੰਯੁਕਤ ਰਾਜ ਅਤੇ ਕੈਨੇਡਾ ਵਿਚੋਂ ਮੁੜ ਰਹੇ ਗਦਰੀਆਂ ਨੇ ਸਿੰਗਾਪੁਰ ਵਿਖੇ ਤਾਇਨਾਤ 5 ਵੀਂ ਲਾਈਟ ਇਨਫੈਂਟਰੀ ਨਾਲ ਸੰਪਰਕ ਪੈਦਾ ਕਰ ਲਿਆ। 15 ਫ਼ਰਵਰੀ, 1915 ਨੂੰ ਦੁਪਹਿਰ ਉਪਰੰਤ 5 ਵੀਂ ਲਾਈਟ ਇਨਫੈਂਟਰੀ ਦੇ ਜਵਾਨਾਂ ਨੇ ਫ਼ੌਜੀ ਜੇਲ੍ਹ ਉੱਤੇ ਤਾਇਨਾਤ ਗਾਰਦ ਨੂੰ ਕਾਬੂ ਕਰ ਲਿਆ। ਐੱਮਡਨ ਨਾਮੀ ਜਹਾਜ਼ ਨਾਲ ਜੁੜੀ ਕੋਲੇ ਨਾਲ ਚੱਲਣ ਵਾਲੀ ਕਿਸ਼ਤੀ ਵਿਚੋਂ ਜਰਮਨ ਮਲਾਹਾਂ ਨੂੰ ਰਿਹਾ ਕਰਵਾ ਦਿੱਤਾ ਅਤੇ ਕਿਲੇ ਉਪਰ ਆਪਣਾ ਕਬਜ਼ਾ ਜਮਾ ਲਿਆ। ਇਸ ਤੋਂ ਬਾਅਦ ਕੋਈ ਸੱਤ ਕੁ ਸੌ ਗਦਰੀਆਂ ਨੇ ਜਨਤਾ ਨੂੰ ਭੜਕਾਉਣ ਲਈ ਸ਼ਹਿਰ ਵੱਲ ਨੂੰ ਕੂਚ ਕਰ ਦਿੱਤਾ। ਰਾਹ ਵਿਚ ਹੀ ਇਕ ਪਾਰਟੀ ਦੀ ਮਲਾਇਆ ਸਟੇਟ ਗਾਈਡਜ਼ ਦੇ ਸਿੱਖਾਂ ਅਤੇ ਸਥਾਨਕ ਜੇਲ੍ਹ ਤੇ ਪਹਿਰਾ ਦੇ ਰਹੇ ਸਿੱਖ ਸੰਤਰੀਆਂ ਨਾਲ ਟੱਕਰ ਹੋ ਗਈ। ਇਸ  ਦੇ ਨਤੀਜੇ ਵਜੋਂ ਗਦਰ ਨੂੰ ਫਿਰਕੂ ਰੰਗ ਚੜ੍ਹ ਗਿਆ। ਸਥਾਨਕ ਰਾਸ਼ਟਰੀ ਸੈਨਾ ਅਤੇ ਪੁਲਿਸ ਦੀਆਂ ਸਾਂਝੀਆਂ ਕੋਸ਼ਿਸ਼ਾਂ ਅਤੇ ਬਰਤਾਨੀਆਂ ਦੇ ਕੈਡਮਸ ਨਾਂ ਦੇ ਇਕ ਛੋਟੇ ਜੰਗੀ ਜਹਾਜ਼ ਦੇ ਪੁੱਜਣ ਨਾਲ ਇਹ ਗਦਰ ਸ਼ਾਂਤ ਕਰ ਦਿੱਤਾ ਗਿਆ। 48 ਘੰਟਿਆ ਦੀ ਲੜਾਈ ਦੌਰਾਨ 44 ਵਿਅਕਤੀ ਮਾਰੇ ਗਏ। ਇਨ੍ਹਾਂ ਵਿਚੋਂ ਅੱਠ ਉੱਚ ਅਧਿਕਾਰੀ ਸਨ। ਗਦਰੀਆਂ ਦੇ ਨੁਕਸਾਨ ਬਾਰੇ ਕੋਈ ਰਿਕਾਰਡ ਨਹੀਂ ਮਿਲਦਾ ਪਰ ਮਗਰੋਂ 126 ਵਿਅਕਤੀਆਂ ਉੱਤੇ ਸਮਰੀ ਕੋਰਟ ਮਾਰਸ਼ਲ ਵਿਚ ਮੁਕੱਦਮਾ ਚਲਾਇਆ ਗਿਆ ਸੀ ਜਿਨ੍ਹਾਂ ਵਿਚੋਂ 37 ਵਿਅਕਤੀਆਂ ਨੂੰ ਮੌਤ ਦੀ ਸਜ਼ਾ 41 ਨੂੰ ਉਮਰ ਭਰ ਲਈ ਕਾਲੇ ਪਾਣੀ ਅਤੇ ਹੋਰਨਾਂ ਨੂੰ ਵੱਧ-ਘੱਟ ਅਰਸੇ ਦੀ ਕੈਦ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ। ਦੋਸ਼ੀ ਠਹਿਰਾਏ ਵਿਅਕਤੀਆਂ ਨੂੰ ਸਿੰਗਾਪੁਰ ਵਿਖੇ ਸ਼ਰੇਆਮ ਫ਼ਾਂਸੀ ਲਾਇਆ ਗਿਆ।

ਗਦਰ ਵਿਚ ਜਰਮਨਾਂ ਦਾ ਹਿੱਸਾ –– ਗ਼ਦਰ ਪਾਰਟੀ ਦੀ ਸਥਾਪਨਾ ਤੋਂ ਪਹਿਲਾ ਲੰਡਨ, ਪੈਰਿਸ ਅਤੇ ਬਰਲਿਨ ਵਿਚ ਕੋਈ ਇਕ ਦਹਾਕੇ ਲਈ ਹਿੰਦੁਸਤਾਨੀ ਇਨਕਲਾਬੀਆਂ ਦੇ ਸਰਗਰਮ ਪ੍ਰਚਾਰ ਕੇਂਦਰ ਰਹੇ ਸਨ। ਜਿਉਂ ਹੀ ਯੂਰਪ ਵਿਚ ਖਿਚਾਓ ਵਧਿਆ ਤੇ ਇਹ ਗੱਲ ਵੀ ਸਪਸ਼ਟ ਹੋ ਗਈ ਕਿ ਹੁਣ ਯੁੱਧ ਛਿੜੇਗਾ ਜਿਸ ਵਿਚ ਇਕ ਪਾਸੇ ਜਰਮਨੀ ਅਤੇ ਦੂਜੇ ਪਾਸੇ ਬਰਤਾਨੀਆਂ ਅਤੇ ਫ਼ਰਾਂਸ ਹੋਵੇਗਾ । ਇਹ ਵੇਖ ਕੇ ਇਨਕਲਾਬੀਆਂ ਆਪਣੀਆਂ ਸਰਗਰਮੀਆਂ ਦੇ ਟਿਕਾਣੇ ਲੰਡਨ ਅਤੇ ਪੈਰਿਸ ਤੋਂ ਬਰਲਿਨ ਬਦਲ ਲਏ। ਸੰਨ 1914 ਵਿਚ ਲਾਲਾ ਹਰਦਿਆਲ ਜਰਮਨੀ ਪੁੱਜ ਗਿਆ ਅਤੇ ਉਥੇ ਉਸ ਨੇ ਆਪਣੇ ਵਤਨੀਆਂ ਨੂੰ ਗਦਰ ਜਥੇਬੰਦੀ (ਜਿਸ ਦੇ ਹੁਣ ਤੱਕ ਕੋਈ 10,000 ਸਰਗਰਮ ਮੈਂਬਰ ਬਣ ਚੁੱਕੇ ਸਨ) ਤੋਂ ਜਾਣੂੰ ਕਰਵਾਇਆ। ਬਰਲਿਨ-ਇੰਡੀਆ ਕਮੇਟੀ ਜਰਮਨ ਸਰਕਾਰ ਕੋਲ ਜਾ ਪੁੱਜੀ ਅਤੇ ਉਥੋਂ ਦੇ ਬਦੇਸ਼ ਮੰਤਰੀ ਜ਼ਿਮਰਮੈਨ ਨੂੰ ਉਨ੍ਹਾਂ ਦੇ ਸੰਯੁਕਤ ਰਾਜ ਵਿਚ ਲੱਗੇ ਸਫੀਰ ਕੋਲ ਗਦਰੀਆਂ ਲਈ ਹਥਿਆਰ ਦੇਣ ਅਤੇ ਉਨ੍ਹਾਂ ਖਾਤਰ ਫੰਡ ਰੱਖਣ ਲਈ, ਹਦਾਇਤਾਂ ਜਾਰੀ ਕਰਵਾਉਣ ਹਿਤ ਰਜਾਮੰਦ ਕਰ ਲਿਆ। ਸਾਨਫ੍ਰਾਂਸਿਸਕੋ ਸ਼ਿੰਘਾਈ ਅਤੇ ਬੈਂਕਾਕ ਵਿਚ ਲੱਗੇ ਜਰਮਨ ਕੌਂਸਲਾਂ ਨੂੰ ਵੀ ਗ਼ਦਰੀਆਂ ਦੀ ਸਹਾਇਤਾ ਕਰਨ ਲਈ ਹਦਾਇਤਾਂ ਦਿੱਤੀਆਂ ਗਈਆਂ।

ਜਰਮਨਾਂ ਦੇ ਸ਼ਾਮਲ ਹੋਣ ਨਾਲ ਗ਼ਦਰ ਪਾਰਟੀ ਵਿਚ ਧੜੇਬੰਦੀ ਪੈਦਾ ਹੋ ਗਈ। ਆਮ ਸਿੱਖ ਕਾਮਿਆਂ ਅਤੇ ਕਿਸਾਨਾਂ ਕੋਲ ਕੋਈ ਆਪਣਾ ਪ੍ਰਤਿਨਿਧ ਨਹੀਂ ਸੀ। ਰਾਮ ਚੰਦਰ ਜਿਸ ਦੀ ਸਿੱਖਾਂ ਨਾਲ ਬਹੁਤ ਘੱਟ ਸਾਂਝ ਸੀ, ਨੇ ਗਦਰ ਪਾਰਟੀ ਦਾ ਸਾਰਾ ਕੰਟਰੋਲ ਹੱਥਾਂ ਵਿਚ ਲੈ ਲਿਆ। ਬਰਲਿਨ-ਇੰਡੀਆ ਕਮੇਟੀ ਦੇ ਨਾਮਜ਼ਦ ਕੀਤੇ ਇਕ ਵਿਅਕਤੀ ਸੀ ਗੁਪਤਾ ਕੋਲ ਜਰਮਨ ਪੈਸਾ ਸੀ। ਵਿਰੋਧੀ ਹਿੰਦੁਸਤਾਨੀ ਗਰੁੱਪਾਂ ਅਤੇ ਹਿੰਦੁਸਤਾਨੀਆਂ ਅਤੇ ਜਰਮਨਾਂ ਵਿਚਕਾਰ ਗਲਤ ਫ਼ਹਿਮੀਆਂ ਪੈਦਾ ਹੋ ਗਈਆਂ।

ਸੰਯੁਕਤ ਰਾਜ ਵਿਚ ਹਥਿਆਰ ਸਮਗਲ ਕਰਨ ਦੀ ਪਹਿਲੀ ਕੋਸ਼ਿਸ਼ ਨਾਕਾਮ ਹੋ ਗਈ। ਦੀ ਹੈਨਰੀ ਐੱਸ ਨਾਂ ਦੇ ਜਹਾਜ਼ ਵਿਚ 5,000 ਰਿਵਾਲਵਰ ਲੱਦੇ ਗਏ। ਹੈਨਰੀ ਐੱਸ. ਦੀ ਅਸਫਲਤਾ ਤੋਂ ਬਾਅਦ ਗੁਪਤਾ ਆਪਣੀ ਕਿਸਮਤ ਅਜ਼ਮਾਉਣ ਅਤੇ ਹਥਿਆਰ ਖਰੀਦਣ ਲਈ ਜਾਪਾਨ ਚਲਾ ਗਿਆ। ਬਰਤਾਨਵੀ ਖੁਫ਼ੀਆ ਮਹਿਕਮੇ ਨੇ ਜਾਪਾਨੀ ਸਰਕਾਰ ਨੂੰ ਚੌਕੰਨਾ ਕਰ ਦਿੱਤਾ ਅਤੇ ਗੁਪਤਾ ਨੂੰ ਕਈ ਮਹੀਨੇ ਲੁਕ– ਛਿਪ ਕੇ ਹੀ ਗੁਜ਼ਾਰਨੇ ਪਏ ਅਤੇ ਖਾਲੀ ਹੱਥੀ ਸੰਯੁਕਤ ਰਾਜ ਵਾਪਸ ਆ ਗਿਆ।

ਜਦੋਂ ਕਿ ਗੁਪਤਾ ਜਾਪਾਨ ਵਿਚ ਸੀ, ਹਿੰਦੁਸਤਾਨ ਵਿਚ ਹਥਿਆਰ ਭੇਜਣ ਦੀ ਇਕ ਹੋਰ ਕੋਸ਼ਿਸ਼ ਵੀ ਕੀਤੀ ਗਈ। ਮਾਰਚ, 1915 ਵਿਚ ਜੰਗੀ-ਸਮਾਨ ਨਾਲ ਲੱਦਿਆ ਐਨੀ ਲਾਰਸੈਨ ਨਾਂ ਦਾ ਇਕ ਜਹਾਜ਼ ਸਮੁੰਦਰ ਵਿਚ ਛੱਡ ਦਿੱਤਾ ਗਿਆ। ਕੁਝ ਦਿਨਾਂ ਮਗਰੋਂ ਮੈਵਰਿਕ ਨਾਂ ਦਾ ਇਕ ਤੇਲ-ਵਾਹਕ ਜਹਾਜ਼ (ਜਿਸ ਵਿਚ 5 ਗਦਰੀ ਬਹਿਰਿਆ ਦੇ ਕੱਪੜੇ ਪਾਈਂ ਚੜ੍ਹੇ ਹੋਏ ਸਨ) ਅਮਰੀਕਾ ਤੋਂ ਰਵਾਨਾ ਹੋਇਆ। ਇਨ੍ਹਾਂ ਜਹਾਜ਼ਾਂ ਨੇ ਸਮੁੰਦਰ ਵਿਚ ਹੀ ਮਿਲਣਾ ਸੀ ਅਤੇ ਉਥੇ ਹੀ ਮੈਵਰਿਕ ਨੇ ਸਾਰੇ ਹਥਿਆਰ ਅਤੇ ਅਸਲਾ ਪ੍ਰਾਪਤ ਕਰਕੇ ਤੇਲ ਦੇ ਟੈਂਕਾਂ ਵਿਚ ਡਬੋ ਦੇਣੇ ਸਨ ਅਤੇ ਫਿਰ ਪੂਰਬੀ ਬੰਗਾਲ ਵਿਚ ਸੁੰਦਰਬਨ ਦੇ ਕਿਸੇ ਦੁਰੇਡੇ ਥਾਂ ਤੇ ਗਦਰੀਆ ਨੂੰ ਪਹੁੰਚਾਉਣੇ ਸਨ ਪਰ ਇਹ ਮਿਲਣੀ ਕਦੇ ਮੁਸਕਿਨ ਨਾ ਹੋਈ। ਬਰਤਾਨਵੀ ਅਤੇ ਅਮਰੀਕਨ ਜੰਗੀ ਜਹਾਜ਼ਾਂ ਨੇ ਮੈਵਰਿਕ ਦੀ ਪੂਰੀ ਤਲਾਸ਼ੀ ਲਈ ਅਤੇ ਗਦਰੀਆਂ ਨੇ ਆਪਣੀ ਸੂਹ ਤੋਂ ਬਚਣ ਲਈ ਸਾਰੇ ਗਦਰੀ ਸਾਹਿਤ ਨੂੰ ਅੱਗ  ਲਾ ਦਿੱਤੀ। ਡੱਚ ਸਮੁੰਦਰੀ ਫ਼ੌਜ ਨੇ ਮੈਵਰਿਕ ਨੂੰ ਆਪਣੀ ਨਿਗਰਾਨੀ ਹੇਠ ਲੈ ਲਿਆ ਅਤੇ ਡੱਚਾਂ ਕੋਲੋਂ ਛੁੱਟਣ ਤੋਂ ਬਾਅਦ ਇਸਨੂੰ ਅੰਗਰੇਜ਼ਾ ਨੇ ਆਪਣੇ ਕਬਜ਼ੇ ਵਿਚ ਲੈ ਲਿਆ। ਸੰਯੁਕਤ ਰਾਜ ਦੀ ਸਮੁੰਦਰੀ ਫ਼ੌਜ ਨੇ ਐਨੀ ਲਾਰਸੈਨ ਨੂੰ ਵਰਜਿਤ ਮਾਲ ਢੋਣ ਕਾਰਨ ਆਪਣੇ ਕਬਜ਼ੇ ਵਿਚ ਲੈ ਲਿਆ।

ਜਰਮਨਾਂ ਨੇ ਹਥਿਆਰਾਂ ਨਾਲ ਲੱਦੇ ਪੰਜ ਹੋਰ ਸਮੁੰਦਰੀ ਜਹਾਜ਼ ਵੀ ਹਿੰਦੁਸਤਾਨ ਭੇਜਣ ਦੀ ਸਕੀਮ ਬਣਾਈ ਪਰ ਹੈਨਰੀ ਐੱਸ, ਐਨੀ ਲਾਰਸੈਨ ਅਤੇ ਮੈਵਰਿਕ ਜਹਾਜ਼ਾਂ ਦੀ ਮਾੜੀ ਹਾਲਤ ਅਤੇ ਹਿੰਦੁਸਤਾਨੀਆਂ ਦੀਆਂ ਆਪਸੀ ਲੜਾਈਆਂ ਕਾਰਨ ਗਦਰ ਜਥੇਬੰਦੀ ਦਾ ਜੋਸ਼ ਕਾਫੀ ਠੰਢਾ ਪੈ ਗਿਆ। ਦੂਜੀ ਵੱਡੀ ਸੱਟ ਇਸ ਪਾਰਟੀ ਨੂੰ ਉਦੋਂ ਲੱਗੀ ਜਦੋਂ ਬਰਲਿਨ-ਇੰਡੀਆ ਕਮੇਟੀ ਨੇ ਗਦਰ ਲਹਿਰ ਦੀਆਂ ਕਾਰਵਾਈਆਂ ਦਾ ਕੰਟਰੋਲ ਲੈਣ ਲਈ ਡਾ. ਚੰਦਰ ਕਾਂਤ ਚੱਕਰਵਰਤੀ ਨਾਂ ਦੇ ਇਕ ਬੰਗਾਲੀ ਨੂੰ ਭੇਜਿਆ ਅਤੇ ਨਾਲ ਹੀ ਕਾਫ਼ੀ ਵੱਡੀ ਰਕਮ ਉਸਦੇ ਹਵਾਲੇ ਕਰ ਦਿੱਤੀ। ਚੱਕਰਵਰਤੀ ਨੇ ਬੇਈਮਾਨੀ ਕੀਤੀ ਅਤੇ ਸਾਰੇ ਪੈਸੇ ਤਾਂ ਆਪ ਹੜੱਪ ਕਰ ਗਿਆ ਅਤੇ ਜਰਮਨਾਂ ਨੂੰ ਰਿਪੋਟਾਂ ਪਹੁੰਚਾਉਂਦਾ ਰਿਹਾ। ਜਦੋਂ ਜਰਮਨਾਂ ਨੂੰ ਅਸਲੀਅਤ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਵੀ ਗਦਰ ਪਾਰਟੀ ਤੋਂ ਆਪਣਾਂ ਮੂੰਹ ਮੋੜ ਲਿਆ ਅਤੇ ਨਾਲ ਹੀ ਹਿੰਦੁਸਤਾਨੀਆਂ ਦੀ ਹਤਕ ਵੀ ਕਰਨ ਲੱਗ ਪਏ। ਇਸ ਨਾਲ ਗਦਰੀਆਂ ਦੀਆਂ ਆਪਸੀ ਲੜਾਈਆਂ ਵਧ ਗਈਆਂ। ਪਾਰਟੀ ਦਾ ਪੈਸਾ ਤਾਂ ਚੱਕਰਵਰਤੀ ਖਾ ਚੁੱਕਿਆ ਸੀ ਪਰ ਉਸਦੇ ਦੋਸਤਾਂ ਦੇ ਕੰਟਰੋਲ ਵਿਚ ਆਵਾਸੀਆਂ ਤੋਂ ਪ੍ਰਾਪਤ ਕੀਤਾ ਚੰਦਾ, ਪਾਰਟੀ ਦਾ ਅਖ਼ਬਾਰ ਅਤੇ ਸਦਰ-ਮੁਕਾਮ ਆ ਗਿਆ। ਆਮ ਲੋਕ ਜਿਨ੍ਹਾਂ ਨੇ ਆਪਣਾਂ ਸਭ ਕੁਝ ਪਾਰਟੀ ਲਈ ਖਤਰੇ ਵਿਚ ਪਾ ਛੱਡਿਆ ਸੀ, ਉਨ੍ਹਾਂ ਕੋਲ ਕੁਝ ਵੀ ਨਾ ਰਿਹਾ। ਇਕ ਗਰੁੱਪ ਤਾਂ ਸਿੱਖਾਂ ਦਾ ਸੀ ਅਤੇ ਬਾਕੀ ਦੋ ਗਰੁੰਪ ਹਿੰਦੂਆਂ ਦੇ ਸਨ। ਇਸ ਤਰ੍ਹਾਂ ਧਾਰਮਿਕ ਮਤਭੇਦ ਨੇ ਇਸ ਫੁੱਟ ਨੂੰ ਹੋਰ ਵੀ ਉਭਾਰ ਦਿੱਤਾ।

6 ਅਪ੍ਰੈਲ, 1917 ਨੂੰ ਸੰਯੁਕਤ ਰਾਜ ਵੀ ਯੁੱਧ ਦੇ ਪਿੜ ਵਿਚ ਦਾਖ਼ਲ ਹੋ ਗਿਆ। ਬਰਤਾਨਵੀ ਸਰਕਾਰ ਦੀ ਜ਼ਿੱਦ ਤੇ ਸੰਯੁਕਤ ਰਾਜ ਦੀ ਪੁਲਿਸ ਨੇ ਕੌਸਲੀ-ਇਨ ਸਰਵਿਸ ਦੇ 18 ਜਰਮਨਾਂ ਦੇ ਨਾਲ ਹੀ 17 ਹਿੰਦੁਸਤਾਨੀ ਇਨਕਲਾਬੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਉੱਤੇ ਸੰਯੁਕਤ ਰਾਜ ਸਰਕਾਰ ਦੀ ਨਿਰਪੱਖਤਾ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਗਿਆ। ਇਕ ਨੂੰ ਛੱਡ ਕੇ ਬਾਕੀ ਸਾਰੇ ਦੇ ਸਾਰੇ ਦੋਸ਼ੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ ਉਨ੍ਹਾਂ ਨੂੰ ਵੱਖ ਵੱਖ ਅਰਸੇ ਦੀਆਂ ਕੈਦ ਦੀਆਂ ਸਜ਼ਾਵਾਂ ਅਤੇ ਜੁਰਮਾਨੇ ਕੀਤੇ ਗਏ। ਇਹ ਮੁਕੱਦਮਾ ਇਕ ਨਾਟਕ ਮਈ ਢੰਗ ਨਾਲ ਖ਼ਤਮ ਹੋਇਆ। ਅਖੀਰਲੇ ਦਿਨ ਰਾਮ ਸਿੰਘ ਨਾਂ ਦੇ ਇਕ ਦੋਸ਼ੀ ਨੇ ਰਿਵਾਲਵਰ ਕੱਢ ਲਿਆ ਅਤੇ ਰਾਮਚੰਦਰ ਨੂੰ ਗੋਲੀ ਮਾਰ ਦਿੱਤੀ। ਅੱਗੋਂ ਅਦਾਲਤ ਦੇ ਮਾਰਸ਼ਲ ਨੇ ਵੀ ਰਾਮ ਸਿੰਘ ਨੂੰ ਵੀ ਗੋਲੀ ਮਾਰ ਕੇ ਉਸੇ ਵਕਤ ਮਾਰ ਦਿੱਤਾ।

ਬ੍ਰਿਟਿਸ਼ ਡਿਫ਼ੈਂਸ ਆਫ਼ ਇੰਡੀਆ ਐਕਟ, 1915 ਰਾਹੀਂ ਪ੍ਰਾਂਤਕ ਸਰਕਾਰਾਂ ਨੂੰ ਟ੍ਰਿਬਿਊਨਲ ਸਥਾਪਿਤ ਕਰਨ ਦਾ ਅਖਤਿਆਰ ਦਿੱਤਾ ਗਿਆ। ਇਹ ਟ੍ਰਿਬਿਊਨਲਾਂ ਆਮ ਸਪੁਰਦਗੀ ਕਾਰਵਾਈਆਂ ਤੋਂ ਬਿਨਾਂ ਵੀ ਕੰਮ ਚਲਾ ਸਕਦੀਆਂ ਸਨ ਅਤੇ ਉਨ੍ਹਾਂ ਦਾ ਫ਼ੈਸਲਾ ਵੀ ਅੰਤਮ ਹੁੰਦਾ ਸੀ। ਗਦਰੀਆਂ ਤੇ ਮੁਕੱਦਮਾ ਚਲਾਉਣ ਲਈ ਤਿੰਨ ਜੱਜਾਂ (ਜਿਨ੍ਹਾਂ ਵਿਚ 2 ਤਾਂ ਅਵੱਸ਼ ਹੀ ਅੰਗਰੇਜ਼ ਹੁੰਦੇ ਸਨ) ਵਾਲੀਆਂ ਵਿਸ਼ੇਸ਼ ਟ੍ਰਿਬਿਊਨਲਾਂ ਕਾਇਮ ਕੀਤੀਆਂ ਗਈਆਂ। ਲਾਹੌਰ, ਮੰਡੀ, ਬਨਾਰਸ ਅਤੇ ਮਾਂਡਲੇ ਤੇ ਸਿੰਗਾਪੁਰ ਵਰਗੀਆਂ ਦੁਰੇਡੀਆਂ ਥਾਵਾਂ ਤੇ ਕਈ ਸੌ ਗਦਰੀਆਂ ਉੱਤੇ ਮੁਕੱਦਮੇ ਚਲਾ ਕੇ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਗਿਆ। ਪੰਜਾਬ ਵਿਚ ਚਲਾਏ ਗਏ ਮੁਕੱਦਮਿਆਂ ਵਿਚ, 46 ਗਦਰੀਆਂ ਨੂੰ ਫ਼ਾਂਸੀ ਦਿੱਤੀ ਗਈ ਅਤੇ 194 ਨੂੰ ਬਹੁਤ ਲੰਬੇ ਅਰਸੇ ਦੀ ਕੈਦ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ। ਬਹੁਤ ਸਾਰੇ ਫ਼ੌਜੀ ਸਿਪਾਹੀਆਂ ਨੂੰ ਕੋਰਟ-ਮਾਰਸ਼ਲ ਕੀਤਾ ਗਿਆ ਅਤੇ ਗੋਲੀਆਂ ਮਾਰੀਆਂ ਗਈਆਂ।

ਹਥਿਆਰਾਂ ਦੀ ਥੜ੍ਹ, ਭੇਤ ਲੁਕਾਉਣ ਦੀ ਅਸਮਰੱਥਾ, ਜਰਮਨਾਂ ਅਤੇ ਗਦਰੀਆਂ ਵਿਚਕਾਰ ਮਤਭੇਦ, ਬਰਤਾਨੀਆਂ ਦੇ ਗਦਰੀਆਂ ਵਿਚ ਜਸੂਸੀ ਕਾਰਵਾਈਆਂ, ਹਿੰਦੁਸਤਾਨ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਚੁੱਕੇ ਗਏ ਸਖ਼ਤ ਕਦਮ ਅਤੇ ਅਪਣਾਏ ਵਹਿਸ਼ੀਆਨਾਂ ਤਰੀਕਿਆਂ ਨਾਲ ਗਦਰ ਲਹਿਰ ਵਿਚ ਆਪਸੀ ਫੁੱਟ ਪੈ ਗਈ ਇਹ ਲਹਿਰ ਬਿਲਕੁਲ ਮੱਠੀ ਪੈ ਗਈ। ਗਦਰ ਲਹਿਰ ਦੇ ਫੇਲ੍ਹ ਹੋਣ ਦਾ ਵੱਡਾ ਕਾਰਨ ਇਹ ਸੀ ਕਿ ਪੰਜਾਬ ਦੇ ਆਮ ਲੋਕਾਂ ਨੇ ਇਸਨੂੰ ਪ੍ਰਵਾਨ ਨਹੀਂ ਕੀਤਾ ਸੀ। ਅਮੀਰ ਜ਼ਿਮੀਂਦਰਾਂ ਨੇ ਗਵਰਨਰ ਨੂੰ ਆਪਣੀ ਵਫ਼ਾਦਾਰੀ ਦਾ ਭਰੋਸਾ ਦਿਵਾਇਆ ਅਤੇ ਆਪੋ ਆਪਣੇ ਜ਼ਿਲ੍ਹਿਆਂ ਵਿਚ ਵਾਪਸ ਮੁੜ ਰਹੇ ਪਰਵਾਸੀਆਂ ਦੀਆਂ ਹਰਕਤਾਂ ਤੇ ਨਿਗਾਹ ਰੱਖਣ ਲਈ ਅਤੇ ਉਨ੍ਹਾਂ ਨੁੰ ਤਾਬੇਦਾਰੀ ਅਤੇ ਵਫ਼ਾਦਾਰੀ ਦੇ ਰਾਹ ਉੱਤੇ ਵਾਪਸ ਲਿਆਉਣ ਲਈ ਕਮੇਟੀਆਂ ਸਥਾਪਿਤ ਕੀਤੀਆਂ। ਇਥੋਂ ਤੱਕ ਕਿ ਕਿਸਾਨਾਂ ਨੂੰ ਗਦਰ ਦੀ ਬਜਾਇ ਯੁੱਧ ਪ੍ਰਤਿ ਵਧੇਰੇ ਚਿੰਤਾ ਲੱਗੀ ਹੋਈ ਸੀ। ਗਲੀਪੋਲੀ ਦੀ ਬੰਦਰਗਾਹ ਉੱਤੇ ਭਾਰੀ ਤੁਰਕੀ ਫ਼ੌਜ ਵਿਰੁੱਧ ਇਕ ਸਿੱਖ ਬਟਾਲੀਅਨ ਵੱਲੋਂ ਵਿਖਾਈ ਬਹਾਦਰੀ ਦੀ ਕਹਾਣੀ ਨੇ ਤਾਂ ਕੈਨੇਡਾ ਅਤੇ ਸੰਯੁਕਤ ਰਾਜ ਵਿਚ ਹੋਏ ਨਸਲੀ ਵਿਤਕਰੇ ਦੀਆਂ ਕਹਾਣੀਆਂ ਨਾਲੋਂ ਵੀ ਸਿੱਖ ਜਵਾਨਾਂ ਵਿਚ ਵਧੇਰੇ ਜੋਸ਼ ਭਰ ਦਿੱਤਾ।

ਇਸ ਤਰ੍ਹਾਂ ਗਦਰ ਪਾਰਟੀ ਦਾ ਅੰਗਰੇਜ਼ਾਂ ਨੂੰ ਹਿੰਦੁਸਤਾਨ ਵਿਚੋਂ ਕੱਢਣ ਦਾ ਨਿਸ਼ਾਨਾ ਤਾ ਭਾਵੇਂ ਫੇਲ੍ਹ ਹੋ ਗਿਆ ਪਰ ਸਹੀ ਤੌਰ ਤੇ ਆਜ਼ਾਦੀ ਦੀ ਲਹਿਰ ਦਾ ਆਰੰਭ ਗਦਰ ਨਾਲ ਹੀ ਹੋਇਆ ਹੈ। ਇਹ ਲਹਿਰ ਇਤਿਹਾਸਕਾਰਾਂ ਲਈ ਬਹੁਤ ਮਹੱਤਵ ਰੱਖਦੀ ਹੈ। ਇਹ ਹਥਿਆਰਾਂ ਨਾਲ ਹਿੰਦੁਸਤਾਨ ਆਜ਼ਾਦ ਕਰਵਾਉਣ ਦੀ ਪਹਿਲੀ ਲਹਿਰ ਸੀ। ਇਸ ਲਹਿਰ ਦੀ ਹੋਰ ਵੱਡੀ ਦੇਣ ਧਰਮ-ਨਿਰਪੱਖਤਾ ਦਾ ਜਜ਼ਬਾ ਪੈਦਾ ਕਰਨਾ ਵੀ ਸੀ। ਮਹਾਂਰਾਸ਼ਟਰ ਤੇ ਬੰਗਾਲ ਦੋਹਾਂ ਰਾਜਾਂ ਵਿਚ ਹੀ ਸ਼ਿਵਾ ਜੀ ਅਤੇ ਕਾਲੀ ਦੇਵੀ ਦੀ ਪੂਜਾ ਕਰਨ ਸਿਆਸੀ ਉਗਰਵਾਦ ਲਹਿਰਾਂ ਪੈਦਾ ਹੋਈਆਂ ਪਰ ਇਹ ਹਿੰਦੂ-ਜਾਗ੍ਰਤੀ ਦੇ ਪ੍ਰਭਾਵ ਤੋਂ ਮੁਕਤ ਨਾ ਹੋ ਸਕੀਆਂ ਕਿਉਂਕਿ ਮਹਾਰਾਸ਼ਟਰੀਆਂ ਅਤੇ ਬੰਗਾਲੀਆਂ ਨੇ ਆਪਣੀਆਂ ਪਰ੍ਹਾਂ ਵਿਚੋਂ ਮੁਸਲਮਾਨਾਂ ਨੂੰ ਬਾਹਰ ਰੱਖਿਆ। ਦੂਜੇ ਪਾਸੇ ਗਦਰ ਪਾਰਟੀ ਵਿਚ ਬਹੁ-ਗਿਣਤੀ ਸਿਖਾਂ ਦੀ ਹੋਣ ਕਾਰਨ ਭਾਵੇਂ ਇਸ ਦਾ ਸਾਹਿਤ ਗੁਰਮੁਖੀ ਵਿਚ ਪ੍ਰਕਾਸ਼ਿਤ ਹੋਇਆ ਅਤੇ ਇਸ ਦੀਆਂ ਮੀਟਿੰਗਾਂ ਗੁਰਦੁਆਰਿਆਂ ਵਿਚ ਹੁੰਦੀਆਂ ਰਹੀਆਂ ਪਰ ਇਸ ਵਿਚ ਸਿੱਖ ਜਾਗ੍ਰਤੀ ਵਾਲੀ ਕਿਸੇ ਵੀ ਕਿਸਮ ਦੀ ਗੱਲ ਨਹੀਂ ਸੀ। ਇਸ ਵਿਚ ਹਿੰਦੂਆਂ ਅਤੇ ਮੁਸਲਮਾਨਾਂ ਦਾ ਆਪਣਾਂ ਵਿਸ਼ੇਸ਼ ਸਥਾਨ ਸੀ। ਗਦਰੀਆਂ ਨੇ ਪਿੱਛੋਂ ਦੇਸ਼ ਦੀਆਂ ਵੱਖ ਵੱਖ ਜਥੇਬੰਦੀਆਂ ਵਿਚੋਂ ਧਾਰਮਿਕ ਰੁਝਾਨ ਖਤਮ ਕਰਨ ਲਈ ਬਹੁਤ ਡੂੰਘਾ ਪ੍ਰਭਾਵ ਪਾਇਆ।

ਗਦਰ ਲਹਿਰ ਦੀ ਹੋਂਣ ਨੇ ਸਿੱਖ ਭਾਈਚਾਰੇ ਦੇ ਸਿਆਸੀ ਦ੍ਰਿਸ਼ਟੀਕੋਣ ਵਿਚ ਬੁਨਿਆਦੀ ਤਬਦੀਲੀ ਲਿਆਂਦੀ। ਇਸ ਨਾਲ 75 ਸਾਲਾਂ ਤੋਂ ਚਲੀ ਆ ਰਹੀ ਅੰਗਰੇਜ਼ਾਂ ਪ੍ਰਤਿ ਵਫ਼ਾਦਾਰੀ ਦਾ ਖਾਤਮਾ ਸ਼ੁਰੂ ਹੋ ਗਿਆ। ਭਾਵੇਂ ਯੁੱਧ ਦੁਆਰਾ ਪੈਦਾ ਕੀਤੇ ਜੋਸ਼ ਵਿਚ ਹੀ ਬਗ਼ਾਵਤ ਦਬ ਗਈ ਅਤੇ ਠੰਢੀ ਪੈ ਗਈ ਸੀ ਪਰ ਇਹ ਬਗ਼ਾਵਤ ਲੋਕਾਂ ਵਿਚ ਲਗਾਤਾਰ ਜੋਸ਼ ਭਰਦੀ ਰਹੀ ਅਤੇ ਕੁਝ ਸਾਲਾਂ ਮਗਰੋ ਅਕਾਲੀ ਅੰਦੋਲਨ ਦੌਰਾਨ ਇਹ ਬਗ਼ਾਵਤ ਤਾਂ ਜਵਾਲਾ ਮੁਖੀ ਦੀ ਤਰ੍ਹਾਂ ਫੁੱਟੀ। ਅਕਾਲੀ ਉਗਰਵਾਦੀ, ਜਿਨ੍ਹਾਂ ਨੂੰ ਬੱਬਰ ਕਿਹਾ ਜਾਂਦਾ ਸੀ, ਅਸਲ ਵਿਚ ਗਦਰੀਆਂ ਦਾ ਹੀ ਮੁਜੱਸਮਾ ਸੀ ਕਿਉਂਕਿ ਇਹ ਵਧੇਰੇ ਕਰਕੇ ਗ਼ਦਰ ਪਾਰਟੀ ਦੇ ਆਮ ਲੋਕਾਂ ਵਿਚੋ ਹੀ ਆਏ ਸਨ।

ਗਦਰ ਪਾਰਟੀ ਵਿਚ ਵਿਦੇਸ਼–ਦਵੈਖੀ ਰਾਸ਼ਟਰਵਾਦ ਤੋਂ ਕਮਿਊਨਿਜ਼ਮ ਦੀ ਤਬਦੀਲੀ ਯੁੱਧ ਪਿੱਛੋਂ ਹੀ ਆਈ। ਸੰਨ 1924 ਵਿਚ ਬਾਲਸ਼ਵਿਕ ਕਾਰਿੰਦਿਆਂ ਨੇ ਐਗਨਸ ਸਮੈਡਲੀ ਨਾਂ ਦੇ ਇਕ ਅਮਰੀਕੀ ਕਮਿਊਨਿਸਟ ਦੇ ਰਾਹੀਂ ਸੰਯੁਕਤ ਰਾਜ ਅਤੇ ਕੈਨੇਡਾ ਵਿਚਲੀ ਗਦਰ ਜਥੇਬੰਦੀ ਨਾਲ ਸੰਪਰਕ ਪੈਦਾ ਕਰ ਲਏ। ਸੰਨ 1925 ਵਿਚ ਗਦਰੀਆਂ ਦੀ ਇਕ ਟੋਲੀ ਰੂਸ ਭੇਜੀ ਗਈ ਜਿਥੇ ਉਨ੍ਹਾਂ ਨੂੰ ਲੈਨਿਨ ਇੰਸਟੀਚਿਊਟ ਅਤੇ ਈਸਟਰਨ ਯੂਨੀਵਰਸਿਟੀ ਵਿਚ ਸਿੱਖਿਆ ਦਿੱਤੀ ਗਈ। ਦੋ ਸਾਲਾਂ ਮਗਰੋਂ ਇਹੀ ਟੋਲੀ ਅਫ਼ਗਾਨਿਸਤਾਨ ਦੇ ਰਸਤਿਉਂ ਹਿੰਦੁਸਤਾਨ ਭੇਜੀ ਗਈ। ਇੰਨੇ ਚਿਰ ਨੂੰ ਹਿੰਦੁਸਤਾਨ ਦੇ ਕਈ ਗਦਰੀ (ਜਿਨ੍ਹਾਂ ਨੂੰ ਹੁਣ ਬਾਬਾ ਕਿਹਾ ਜਾਂਦਾ ਸੀ) ਜੇਲ੍ਹਾਂ ਵਿਚੋਂ ਬਾਹਰ ਆ ਗਏ ਅਤੇ ਉਨ੍ਹਾ ਨੇ ਆਪਣੇ ਪਹਿਲੇ ਸਾਥੀਆਂ ਨਾਲ ਫਿਰ ਸਬੰਧ ਜੋੜ ਲਏ। ਉਨ੍ਹਾਂ ਨੇ ਸਿਆਸੀ ਪੀੜਤ ਲੋਕਾਂ ਦੀ ਰਾਹਤ ਲਈ ਬ੍ਰਿਟਿਸ਼ ਕੋਲੰਬੀਆਂ ਅਤੇ ਕੈਲਿਫ਼ੋਰਨੀਆਂ ਤੋਂ ਫੰਡ ਪ੍ਰਾਪਤ ਕਰ ਲਏ। ਦੇਸ਼ ਭਗਤ ਪਰਿਵਾਰ ਸਹਾਇਕ ਸਭਾ ਨੇ ਇਹ ਸਾਰੇ ਫੰਡਾਂ ਦੀ ਵੰਡ ਕੀਤੀ। ਮਾਸਕੋਵਾਸੀ, ਗਦਰੀ ਬਾਬਿਆਂ ਨਾਲ ਮਿਲ ਗਏ। ਕਿਰਤੀ ਨਾਂ ਦਾ ਇਕ ਅਖ਼ਬਾਰ ਚਾਲੂ ਕੀਤਾ ਗਿਆ ਅਤੇ 1926 ਵਿਚ 'ਕਿਰਤੀ ਕਿਸਾਨ' ਨਾਂ ਦੀ ਇਕ ਪਾਰਟੀ ਹੋਂਦ ਵਿਚ ਆ ਗਈ। ਕੁਝ ਸਾਲਾਂ ਲਈ ਇਸ ਪਾਰਟੀ ਦਾ ਤੇਜਾ ਸਿੰਘ ਸੁਤੰਤਰ ਵੀ ਮੁੱਖ ਸਮਰਥਕ ਰਿਹਾ।

ਕਿਰਤੀਆਂ ਅਤੇ ਪੰਜਾਬ ਦੀ ਅਧਿਕਾਰਤ ਕਮਿਊਨਿਸਟ ਪਾਰਟੀ ਦੀ ਅਗਵਾਈ ਸੋਹਣ ਸਿੰਘ ਜੋਸ਼ ਨੇ ਕੀਤੀ ਅਤੇ ਇਨ੍ਹਾਂ ਨੇ ਯੂਨਾਈਟਿਡ ਫਰੰਟ ਕਾਇਮ ਰੱਖਿਆ। ਮਾਸਕੋ ਅਤੇ ਕੈਨੇਡੀਅਨ–ਅਮਰੀਕਨ ਗਦਰੀਆਂ ਨੇ ਇਨ੍ਹਾਂ ਨੂੰ ਬਹੁਤ ਫੰਡ ਮੁਹੱਈਆ ਕੀਤੇ ਅਤੇ ਇਸ ਕਰਕੇ ਹੀ ਇਨ੍ਹਾਂ ਦਾ ਕੇਂਦਰੀ ਪੰਜਾਬ ਦੇ ਸਿੱਖ-ਕਿਸਾਨ ਵਰਗ ਉੱਤੇ ਵਧੇਰੇ ਪ੍ਰਭਾਵ ਪਿਆ।

ਕਮਿਊਨਿਸਟਾਂ ਦੇ ਅੰਦਰ ਘੁਸਣ ਨਾਲ ਗਦਰ ਪਾਰਟੀ ਵਿਚ ਫੁੱਟ ਪੈ ਗਈ। ਸੰਯੁਕਤ ਰਾਜ ਅਤੇ ਕੈਨੇਡਾ ਵਿਚ ਰਹਿੰਦੇ ਗਦਰੀਆਂ ਵਿਚੋ ਜਾਂ ਤਾਂ ਬਹੁਤੇ ਕਮਿਊਨਿਸਟ ਵਿਰੋਧੀ ਬਣ ਗਏ ਜਾਂ ਪੱਛਮੀ ਦੁਨੀਆਂ ਵਿਚ ਕਮਿਊਨਿਜ਼ਮ ਵਿਰੁੱਧ ਉੱਠੀ ਲਹਿਰ ਨੇ ਉਨ੍ਹਾਂ ਨੂੰ ਖ਼ਤਮ ਕਰ ਦਿੱਤਾ। ਉਨ੍ਹਾਂ ਦੀਆਂ ਆਪਸੀ ਲੜਾਈਆਂ ਅਕਸਰ ਹਿੰਸਕ ਕਾਰਵਾਈਆਂ ਕਰਵਾ ਦਿੰਦੀਆਂ ਸਨ ਅਤੇ ਇਕ ਸਮੇਂ ਤਾਂ ਹਿੰਦੂਆਂ ਨੇ ਹੀ ਦੋ ਦਰਜਨਾਂ ਤੋਂ ਵੱਧ ਹਿੰਦੂਆਂ ਨੂੰ ਕੈਲਿਫ਼ੋਰਨੀਆਂ ਰਾਜ ਵਿਚ ਕਤਲ ਕਰ ਦਿੱਤਾ ਜਿਸ ਦੀ ਕੋਈ ਉੱਘ-ਸੁੱਘ ਹੀ ਨਹੀਂ ਸੀ ਨਿਕਲ ਸਕੀ। ਹਿੰਦੁਸਤਾਨ ਨੂੰ ਆਜ਼ਾਦੀ ਮਿਲਣ ਤੱਕ ਵੀ ਗਦਰੀਆਂ ਵਿਚਕਾਰ ਝਗੜੇ ਹੁੰਦੇ ਰਹ। ਸੰਨ 1948 ਵਿਚ ਗਦਰ ਪਾਰਟੀ ਦੀਆਂ ਜਾਇਦਾਦਾਂ ਸੰਯੁਕਤ ਰਾਜ ਵਿਚ ਲੱਗੇ ਭਾਰਤੀ ਸਫ਼ੀਰ ਦੇ ਹਵਾਲੇ ਕਰ ਦਿੱਤੀਆਂ ਗਈਆਂ। ਇਸ ਤਰ੍ਹਾਂ ਗਦਰ-ਪਾਰਟੀ ਦਾ ਤੀਹ ਸਾਲ ਪੁਰਾਣਾ ਜੀਵਨ ਖ਼ਤਮ ਹੋ ਗਿਆ।

ਹ. ਪੁ. – ਹਿ. ਸਿ. ਖੁਸ਼ਵੰਤ ਸਿੰਘ; ਗਦਰ 1915 – ਖੁਸ਼ਵੰਤ ਸਿੰਘ, ਸਤਿੰਦਰਾ ਸਿੰਘ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 10044, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-06, ਹਵਾਲੇ/ਟਿੱਪਣੀਆਂ: no

ਗ਼ਦਰ ਲਹਿਰ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਗ਼ਦਰ ਲਹਿਰ  : ਸੰਯੁਕਤ ਰਾਜ ਅਮਰੀਕਾ ਵਿਚਲੇ ਪਰਵਾਸੀਆਂ ਨੂੰ ਉਥੇ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਆਉਂਦੀਆਂ ਸਨ ਜਿਸ ਕਾਰਨ ਹਿੰਦੁਸਤਾਨੀਆਂ ਦੇ ਹਿੱਤਾਂ ਦੀ ਰਾਖੀ ਲਈ ਉਥੇ ਕਈ ਪ੍ਰਕਾਰ ਦੀਆਂ ਸੰਸਥਾਵਾਂ ਸਥਾਪਤ ਹੋ ਗਈਆਂ ਸਨ। ਇਨ੍ਹਾਂ ਸੰਸਥਾਵਾਂ ਨੇ ਪਰਵਾਸੀਆਂ ਨੂੰ ਰਾਜਨੀਤਕ ਸਿੱਖਿਆ ਵੀ ਦੇਣੀ ਸ਼ੁਰੂ ਕਰ ਦਿੱਤੀ। ਹੌਲੀ ਹੌਲੀ ਹਿੰਦੁਸਤਾਨੀਆਂ ਵਿਚ ਇਹ ਅਹਿਸਾਸ ਪੈਦਾ ਹੁੰਦਾ ਗਿਆ ਕਿ  ਉਨ੍ਹਾਂ ਦੀਆਂ ਸਾਰੀਆਂ ਮੁਸ਼ਕਿਲਾਂ ਦਾ ਕਾਰਨ ਉਨ੍ਹਾਂ ਦਾ ਗ਼ੁਲਾਮ ਹੋਣਾ ਹੈ। ਆਜ਼ਾਦੀ ਲਈ ਤੜਪ ਨੇ ਹੀ ਹਿੰਦੁਸਤਾਨੀਆਂ ਅੰਦਰ ਇਨਕਲਾਬੀ ਵਿਚਾਰਧਾਰਾ ਲਿਆਂਦੀ ਅਤੇ ਇਸ ਪ੍ਰਕਾਰ ਗ਼ਦਰ ਲਹਿਰ ਆਰੰਭ ਹੋ ਗਈ।

ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਵਿਚ ਰਹਿਣ ਵਾਲੇ ਹਿੰਦੁਸਤਾਨੀਆਂ ਨੇ ਇਕ ਇਕੱਤਰਤਾ ਸਟਾਕਟਨ ਵਿਖੇ 1913 ਈ. ਵਿਚ ਕੀਤੀ। ਇਸ ਇਕੱਤਰਤਾ ਵਿਚ ਇਹ ਫ਼ੈਸਲਾ ਹੋਇਆ ਕਿ ‘ਹਿੰਦੁਸਤਾਨੀ ਵਰਕਰਜ਼ ਆਫ਼ ਦੀ ਪੈਸੇਫ਼ਿਕ ਕੋਸਟ’ ਨਾਂ ਦਾ ਇਕ ਸੰਗਠਨ ਸਥਾਪਤ ਕੀਤਾ ਜਾਵੇ। ਸ. ਸੋਹਣ ਸਿੰਘ ਭਕਨਾ ਅਤੇ ਲਾਲਾ ਹਰਦਿਆਲ ਨੂੰ ਕ੍ਰਮਵਾਰ ਪ੍ਰਧਾਨ ਅਤੇ ਸਕੱਤਰ ਨਿਯੁਕਤ ਕੀਤਾ ਗਿਆ। ਵੁੱਡ ਸਟ੍ਰੀਟ ਵਿਚ ਇਕ ਇਮਾਰਤ ਕਿਰਾਏ ਤੇ ਲੈ ਕੇ ਉਸ ਦਾ ਨਾਂ ‘ਯੁਗਾਂਤਰ ਆਸ਼ਰਮ’ ਰੱਖ ਲਿਆ ਗਿਆ। ‘ਗ਼ਦਰ’ ਨਾਂ ਦਾ ਮਾਸਿਕ ਪਰਚਾ ਉਰਦੂ ਵਿਚ ਸ਼ੁਰੂ ਕੀਤਾ ਗਿਆ (ਬਾਅਦ ਵਿਚ ਕੁਝ ਹੋਰ ਭਾਸ਼ਾਵਾਂ ਵੀ ਇਸ ਵਿਚ ਸ਼ਾਮਲ ਕਰ ਲਈਆਂ ਗਈਆਂ), ਇਹ ਪਰਚਾ ਬਹੁਤ ਛੇਤੀ ਲੋਕ ਪ੍ਰਿਯ ਹੋ ਗਿਆ ਅਤੇ ਸੰਯੁਕਤ ਰਾਜ ਅਮਰੀਕਾ, ਕੈਨੇਡਾ, ਸ਼ਿੰਘਾਈ, ਹਾਂਗ ਕਾਂਗ ਅਤੇ ਸਿੰਗਾਪੁਰ ਵਿਚਲੇ ਗੁਰਦੁਆਰਿਆਂ ਵਿਚ ‘ਗ਼ਦਰ’ ਵਿਚੋਂ ਕਵਿਤਾਵਾਂ ਆਮ ਪੜ੍ਹੀਆਂ ਜਾਂਦੀਆਂ ਸਨ। ‘ਗ਼ਦਰ’ ਪਰਚੇ ਦੇ ਨਾਂ ਉੱਤੇ ਅੰਦੋਲਨ ਦਾ ਨਾਂ ਵੀ ‘ਗ਼ਦਰ’ ਪੈ ਗਿਆ।

ਕਾਮਾਗਾਟਾਮਾਰੂ ਦੀ ਘਟਨਾ ਨੇ ਪੰਜਾਬੀਆਂ ਦੇ ਮਨ ਉੱਪਰ ਡੂੰਘਾ ਪ੍ਰਭਾਵ ਪਾਇਆ ਕਿਉਂਕਿ ਇਸ ਘਟਨਾ ਨਾਲ ਵਧੇਰੇ ਕਰ ਕੇ ਪੰਜਾਬੀ ਹੀ ਸਬੰਧਤ ਸਨ। ਇਥੋਂ ਤਕ ਕਿ ਸ. ਮੇਵਾ ਸਿੰਘ ਨਾਂ ਦੇ ਇਕ ਪੰਜਾਬੀ ਨੇ ਮਿਸਟਰ ਹਾਪਕਿਨਜ਼ ਨਾਂ ਦੇ ਇਕ ਵਿਅਕਤੀ ਨੂੰ ਅਕਤੂਬਰ,1914 ਵਿਚ ਇਸ ਲਈ ਕਤਲ ਕਰ ਦਿੱਤਾ ਸੀ ਕਿਉਂਕਿ ਉਹ ਹਿੰਦੁਸਤਾਨੀ ਹਿੱਤਾਂ ਦੇ ਵਿਰੋਧ ਵਿਚ ਚਲਦਾ ਸੀ। ਮੇਵਾ ਸਿੰਘ ਨੂੰ ਫਾਂਸੀ ਹੋ ਗਈ ਸੀ।

ਯੂਰਪ ਵਿਚ ਜਦੋਂ ਯੁੱਧ ਛਿੜਨ ਵਾਲਾ ਸੀ ਤਾਂ ਹਿੰਦੁਸਤਾਨੀਆਂ ਨੇ ਇਹ ਸੋਚਿਆ ਕਿ ਉਹ ਬਰਤਾਨੀਆ ਦੇ ਇਸ ਵਿਚ ਸ਼ਾਮਲ ਹੋਣ ਤੇ ਉਹ ਇਸ ਦਾ ਲਾਭ ਉਠਾਉਣਗੇ। ਯੁੱਧ ਦੇ ਵਾਸਤਵ ਵਿਚ ਛਿੜ ਜਾਣ ਤੇ ਅਤੇ ਬਰਤਾਨੀਆ ਦੇ ਉਸ ਵਿਚ ਸ਼ਾਮਲ ਹੋਣ ਦੀ ਘੋਸ਼ਣਾ ਨਾਲ ਪਰਵਾਸੀ ਹਿੰਦੁਸਤਾਨੀਆਂ ਦਾ ਰੁਖ ਹਿੰਦੁਸਤਾਨੀਆਂ ਵੱਲ ਹੋ ਗਿਆ। ਹਿੰਦੁਸਤਾਨ ਵਿਚ ਗ਼ਦਰੀਆਂ ਦੇ ਪਰਤਣ ਤੋਂ ਪਹਿਲਾਂ ਇਸ ਪ੍ਰਕਾਰ ਦੀ ਇਕ ਘੋਸ਼ਣਾ 26 ਜੁਲਾਈ, 1914 ਨੂੰ ਆਕਸਨਰਡ ਵਿਖੇ ਕੀਤੀ ਗਈ ਸੀ।

ਗ਼ਦਰੀ ਹਿੰਦੁਸਤਾਨੀ ਵਾਪਸ ਪਰਤ ਕੇ ਇਥੋਂ ਦੇ ਸਾਰੇ ਭਾਗਾਂ ਵਿਚ ਫੈਲ ਗਏ। ਇਨ੍ਹਾਂ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਇਨਕਲਾਬੀ ਕਾਰਵਾਈਆਂ ਕੀਤੀਆਂ। ਪੰਜਾਬ ਅੰਦਰ ਗ਼ਦਰੀਆਂ ਨੇ ਪਾਰਟੀ ਪੱਧਰ ਦਾ ਪਹਿਲਾ ਇਕੱਠ 13 ਅਕਤੂਬਰ, 1914 ਨੂੰ ਕੀਤਾ ਪਰ ਬਹੁਤੀ ਹਾਜ਼ਰੀ ਨਾ ਹੋਣ ਕਰ ਕੇ ਦੀਵਾਲੀ ਦੇ ਮੌਕੇ ਅੰਮ੍ਰਿਤਸਰ ਇਕੱਠੇ ਹੋਣ ਦਾ ਫ਼ੈਸਲਾ ਕੀਤਾ ਗਿਆ। ਉਸ ਦਿਨ ਦੀ ਇਕੱਤਰਤਾ ਵਿਚ ਸ. ਗੁੱਜਰ ਸਿੰਘ ਅਤੇ ਉਨ੍ਹਾਂ ਦੇ ਕਈ ਸਾਥੀਆਂ ਤੋਂ ਇਲਾਵਾ ਡਾ. ਮਥਰਾ ਸਿੰਘ, ਸ. ਪਿਆਰਾ ਸਿੰਘ ਲੰਗੇਰੀ ਅਤੇ ਸ. ਹਰਨਾਮ ਸਿੰਘ ਸਿਆਲਕੋਟੀ ਸ਼ਾਮਲ ਹੋਏ। ਅਖ਼ੀਰ ਵਿਚ ਇਕ ਜ਼ਰੂਰੀ ਮੀਟਿੰਗ ਕਰ ਕੇ ਇਹ ਫ਼ੈਸਲਾ ਕੀਤਾ ਗਿਆ ਕਿ 15 ਨਵੰਬਰ, 1914 ਨੂੰ ਬਗ਼ਾਵਤ ਸ਼ੁਰੂ ਕੀਤੀ ਜਾਵੇ। ਇਸ ਮੰਤਵ ਲਈ ਡਾ. ਮਥਰਾ ਸਿੰਘ, ਸ. ਕਰਤਾਰ ਸਿੰਘ ਸਰਾਭਾ,  ਪੰ. ਜਗਤ ਰਾਮ, ਸ. ਨਿਧਾਨ ਸਿੰਘ ਅਤੇ ਸ. ਗੁੱਜਰ ਸਿੰਘ ਭਕਨਾ ਲੀਡਰ ਨਿਯੁਕਤ ਕੀਤੇ ਗਏ ਪਰ ਹਥਿਆਰ ਨਾ ਆਉਣ ਕਾਰਨ ਇਸ ਮਿਤੀ ਨੂੰ ਗ਼ਦਰ ਸ਼ੁਰੂ ਨਾ ਕੀਤਾ ਜਾ ਸਕਿਆ।

ਇਸ ਤੋਂ ਬਾਅਦ 23 ਨਵੰਬਰ ਨੂੰ ਝਾੜ ਸਾਹਿਬ (ਥਾਣਾ ਸਰਹਾਲੀ) ਵਿਖੇ ਇਨਕਲਾਬੀਆਂ ਦਾ ਇਕ ਇਕੱਠ ਕੀਤੇ ਜਾਣ ਦਾ ਫ਼ੈਸਲਾ ਕੀਤਾ ਗਿਆ ਪਰ ਇਸ ਤੋਂ ਪਹਿਲਾਂ ਤਰਨਤਾਰਨ ਵਿਖੇ ਮੱਸਿਆ ਦੇ ਮੇਲੇ ਤੇ ਨੇਤਾਵਾਂ ਨੇ ਮਿਲਣਾ ਸੀ। ਸ. ਗੁੱਜਰ ਸਿੰਘ ਤਰਨਤਾਰਨ ਆਉਣ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਹੋ ਚੁੱਕਾ ਸੀ। ਫਿਰ ਵੀ 19 ਜਾਂ 20 ਨਵਬੰਰ ਨੂੰ ਕਈ ਲੀਡਰ ਇਥੇ ਇਕੱਠੇ ਹੋਏ। ਇਸ ਮੀਟਿੰਗ ਵਿਚ ਇਹ ਫ਼ੈਸਲਾ ਹੋਇਆ ਕਿ ਗ਼ਦਰ ਲਈ ਕੋਈ ਵਿਸ਼ੇਸ਼ ਤਾਰੀਖ਼ ਨਿਸ਼ਚਿਤ ਕਰਨ ਤੋਂ ਪਹਿਲਾਂ ਮਾਲਵੇ ਦੇ ਗ਼ਦਰੀਆਂ ਨਾਲ ਸਲਾਹ ਮਸ਼ਵਰਾ ਕਰ ਲਿਆ ਜਾਵੇ। ਮੀਆਂ ਮੀਰ (ਲਾਹੌਰ) ਛਾਉਣੀ ਵਿਚ ਤਾਇਨਾਤ ਘੋੜਸਵਾਰਾਂ ਨਾਲ ਸੰਪਰਕ ਕਰਨ ਉਪਰੰਤ ਗ਼ਦਰ ਦੀ ਤਾਰੀਖ 23 ਨਵੰਬਰ ਰੱਖੀ ਪਰ ਬਾਅਦ ਵਿਚ ਬਦਲ ਕੇ 27 ਨਵੰਬਰ ਕਰ ਦਿੱਤੀ ਗਈ।

ਇਸ ਤੋਂ ਪਹਿਲਾਂ ਸ. ਕਰਤਾਰ ਸਿੰਘ ਸਰਾਭਾ ਨੇ ਇਕ ਹਵਲਦਾਰ ਨਾਲ ਗੱਲਬਾਤ ਕੀਤੀ ਹੋਈ ਸੀ ਕਿ ਉਹ ਸਰਾਭਾ ਅਤੇ ਉਸ ਦੇ ਸਾਥੀਆਂ ਨੂੰ ਮੈਗ਼ਜ਼ੀਨ ਦੀ ਚਾਬੀ ਦੇ ਦੇਵੇਗਾ। 25 ਨਵੰਬਰ ਨੂੰ ਜਦੋਂ ਇਹ ਸਾਰੇ ਉਥੇ ਪਹੁੰਚੇ ਤਾਂ ਉਸ ਹਵਲਦਾਰ ਦੀ ਬਦਲੀ ਹੋ ਚੁਕੀ ਸੀ । ਮੀਆਂ ਮੀਰ ਦੇ ਮੈਗਜ਼ੀਨ ਵਾਲੀ ਸਕੀਮ ਫ਼ੇਲ੍ਹ ਹੋ ਜਾਣ ਤੇ ਫ਼ਿਰੋਜ਼ਪੁਰ ਸ਼ਹਿਰ ਤੋਂ ਬਾਹਰ ਇਕੱਠੇ ਹੋਣ ਦਾ ਫ਼ੈਸਲਾ ਇਸ ਖ਼ਿਆਲ ਨਾਲ ਕੀਤੀ ਗਿਆ ਕਿ ਫਿਰੋਜ਼ਪੁਰ ਵਿਖੇ ਤਾਇਨਾਤ ਇਕ ਪਠਾਣ ਪਲਟਨ ਤੇ ਹਮਲਾ ਕਰ ਕੇ ਹਥਿਆਰ ਪ੍ਰਾਪਤ ਕੀਤੇ ਜਾਣਗੇ। ਇਸ ਤੋਂ ਪਹਿਲਾਂ ਕੁਝ ਗ਼ਦਰੀਆਂ ਨੂੰ ਕਿਹਾ ਗਿਆ ਕਿ ਉਹ ਮੋਗੇ ਦਾ ਸਰਕਾਰੀ ਖ਼ਜਾਨਾ ਲੁੱਟਣ। ਰੇਲ ਗੱਡੀ ਤੋਂ ਚੜ੍ਹਨੋਂ ਰਹਿ ਜਾਣ ਕਾਰਨ ਗ਼ਦਰੀ ਟਾਂਗਿਆਂ ਤੇ ਹੀ ਮੋਗੇ ਨੂੰ ਚੱਲ ਪਏ ਪਰ ਸ਼ਹਿਰ ਨੇੜੇ ਪੁਲਿਸ ਨਾਲ ਮੁਕਾਬਲੇ ਵਿਚ ਕੁਝ ਗ਼ਦਰੀ ਮਾਰੇ ਗਏ ਅਤੇ ਬਾਕੀ ਦੇ ਗ੍ਰਿਫ਼ਤਾਰ ਹੋ ਗਏ। ਇਸ ਤਰ੍ਹਾਂ ਸ. ਨਿਧਾਨ ਸਿਘ ਦਾ ਜੱਥਾ ਟੁੱਟਣ ਨਾਲ ਨਵਾਬ ਖ਼ਾਂ ਦੀ ਟੋਲੀ ਬਿਖਰ ਗਈ। ਪੰ. ਜਗਤ ਰਾਮ ਅਤੇ ਪ੍ਰਿਥਵੀ ਸਿੰਘ ਦੇ ਗ੍ਰਿਫ਼ਤਾਰ ਹੋ ਜਾਣ ਤੇ ਗ਼ਦਰ ਪਾਰਟੀ ਦੀਆਂ ਕਾਰਵਾਈਆਂ ਵੀ ਮੱਧਮ ਪੈ ਗਈਆਂ।

ਜਨਵਰੀ, 1915 ਵਿਚ ਸ੍ਰੀ ਰਾਸ ਬਿਹਾਰੀ ਬੋਸ ਨੇ ਅੰਮ੍ਰਿਤਸਰ ਪਹੁੰਚ ਕੇ ਇਨਕਲਾਬੀਆਂ ਨੂੰ ਆਮ ਹਦਾਇਤਾਂ ਦਿੱਤੀਆਂ। ਸਚਿਨ ਸਨਿਆਲ ਅਤੇ ਵਿਸ਼ਨੂੰ ਗਣੇਸ਼ ਪਿੰਗਲੇ ਵੀ ਉਸ ਦੇ ਨਾਲ ਸਨ। ਪੰਜਾਬੀਆਂ ਨਾਲ ਉਨ੍ਹਾਂ ਦਾ ਰਾਬਤਾ ਕਾਇਮ ਕਰਵਾਉਣ ਵਿਚ ਸ. ਕਰਤਾਰ ਸਿੰਘ ਸਰਾਭਾ ਦਾ ਹੱਥ ਸੀ। 21 ਫ਼ਰਵਰੀ ਦਾ ਦਿਨ ਸਾਰੇ ਹਿੰਦੁਸਤਾਨ ਦੀਆਂ ਫ਼ੌਜਾਂ ਦੀ ਆਮ ਬਗ਼ਾਵਤ ਲਈ ਨਿਸ਼ਚਿਤ ਕੀਤਾ ਗਿਆ। ਮੂਲਾ ਸਿੰਘ ਦੇ ਗ਼੍ਰਿਫ਼ਤਾਰ ਹੋਣ ਅਤੇ ਸਾਰੀ ਸਕੀਮ ਪੁਲਿਸ ਨੂੰ ਦੱਸ ਦੇਣ ਕਾਰਨ ਇਹ ਦਿਨ ਫਿਰ 19 ਫ਼ਰਵਰੀ ਨਿਸ਼ਚਿਤ ਕੀਤਾ ਗਿਆ। ਇਕ ਵਿਅਕਤੀ ਕ੍ਰਿਪਾਲ ਸਿੰਘ ਦੇ ਗ਼ਦਾਰੀ ਕਰਨ ਤੇ ਸਾਰੀ ਸਕੀਮ ਦਾ ਪਤਾ ਪੁਲਿਸ ਨੂੰ ਲੱਗ ਗਿਆ ਅਤੇ ਸਾਰੀ ਸਕੀਮ ਵਿਚੇ ਹੀ ਰਹਿ ਗਈ। ਸੰਨ 1915 ਦੀਆਂ ਗਰਮੀਆਂ ਤਕ ਪੰਜਾਬ ਵਿਚ ਗ਼ਦਰ ਪਾਰਟੀ ਬਿਲਕੁਲ ਹੀ ਖ਼ਤਮ ਹੋ ਗਈ। ਗ਼ਦਰ ਲਹਿਰ ਦੇ ਸਬੰਧ ਵਿਚ ਬਹੁਤ ਸਾਰੇ ਪੰਜਾਬੀਆਂ ਨੂੰ ਮੌਤ ਤਕ ਦੀਆਂ ਸਜ਼ਾਵਾਂ ਹੋਈਆਂ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7289, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-06-12-57-45, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.