ਫ਼ਰੀਦ, ਬਾਬਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਫ਼ਰੀਦ, ਬਾਬਾ (1173-1265 ਈ.): ਗੁਰੂ ਗ੍ਰੰਥ ਸਾਹਿਬ ਦੇ ਇਕ ਸੂਫ਼ੀ ਬਾਣੀਕਾਰ ਜਿਨ੍ਹਾਂ ਨੇ ਪੰਜਾਬੀ ਵਿਚ ਸੂਫ਼ੀ ਸਾਧਨਾ ਨਾਲ ਸੰਬੰਧਿਤ ਭਾਵਨਾਵਾਂ ਨੂੰ ਸਾਹਿਤਿਕ ਸਿੰਘਾਸਨ ਉਤੇ ਸੁਸ਼ੋਭਿਤ ਕੀਤਾ। ਆਪ ਇਕ ਕਾਮਲ ਦਰਵੇਸ਼ ਸਨ ਜਿਨ੍ਹਾਂ ਨੇ ਉਸ ਵਕਤ ਦੀ ਜਨਤਾ ਨੂੰ ਸੂਫ਼ੀ ਰੰਗ ਵਿਚ ਰੰਗਣ ਦਾ ਭਰਪੂਰ ਯਤਨ ਕੀਤਾ। ਆਪ ਦੇ ਦਾਦਾ ਅਤੇ ਹੋਰ ਕਬੀਲੇ ਵਾਲੇ ਰਾਜਨੈਤਿਕ ਪਰਿਸਥਿਤੀਆਂ ਦੇ ਅਸੁਖਾਵੇਂ ਹੋਣ ਕਾਰਣ ਆਪਣੇ ਦੇਸ਼ ਕਾਬੁਲ ਨੂੰ ਛਡ ਕੇ ਹਿੰਦੁਸਤਾਨ ਵਿਚ ਆ ਗਏ। ਪਹਿਲਾਂ ਕੁਝ ਸਮਾਂ ਲਾਹੌਰ ਵਿਚ ਟਿਕੇ , ਪਰ ਫਿਰ ਕਸੂਰ ਨਗਰ ਵਿਚ ਜਾ ਰਹੇ ਅਤੇ ਉਥੋਂ ਦੇ ਕਾਜ਼ੀ ਦੀ ਮਦਦ ਨਾਲ ਪਿੰਡ ਖੋਤਵਾਲ (ਖੋਤੀਵਾਲ) ਦੇ ਕਾਜ਼ੀ ਦਾ ਕਾਰਜ-ਭਾਰ ਸੰਭਾਲਿਆ।

ਦਾਦੇ ਦੀ ਮ੍ਰਿਤੂ ਤੋਂ ਬਾਦ ਆਪ ਦੇ ਪਿਤਾ ਸ਼ੇਖ ਜਮਾਲੁੱਦੀਨ ਸੁਲੈਮਾਨ ਖੋਤਵਾਲ ਦੇ ਕਾਜ਼ੀ ਬਣੇ ਜੋ ਸੁਤਲਾਨ ਮਹਿਮੂਦ ਗ਼ਜ਼ਨਵੀ ਦੇ ਭਣੇਵੇਂ ਸਨ ਅਤੇ ਖੋਤਵਾਲ ਵਿਚ ਮੁੱਲਾ ਵਜੀਹੁੱਦੀਨ ਖੁਜੰਦੀ ਦੀ ਪੁੱਤਰੀ ਬੀਬੀ ਕੁਰਸੂਮ ਖ਼ਾਤੂਨ ਨਾਲ ਵਿਆਹੇ ਗਏ ਸਨ। ਇਸ ਦੰਪਤੀ ਤੋਂ ਤਿੰਨ ਪੁੱਤਰ ਪੈਦਾ ਹੋਏ ਜਿਨ੍ਹਾਂ ਵਿਚ ਮੰਝਲਾ ਫ਼ਰੀਦੁੱਦੀਨ ਮਸਊਦ ਸੀ ਜੋ ਕਾਲਾਂਤਰ ਵਿਚ ਬਾਬਾ ਫ਼ਰੀਦ ਜਾਂ ਸ਼ੇਖ਼ ਫ਼ਰੀਦ ਕਰਕੇ ਪ੍ਰਸਿੱਧ ਹੋਏ। ਸ਼ਕਰ-ਗੰਜ ਅਥਵਾ ਗੰਜਿ-ਸ਼ਕਰ ਆਪ ਦੀ ਅੱਲ ਸੀ ਕਿਉਂਕਿ ਆਪ ਦੇ ਬੋਲ ਅਤਿ ਦਰਜੇ ਦੇ ਮਿਠੇ ਸਨ। ਆਪ ਦਾ ਜਨਮ ਆਮ ਤੌਰ ’ਤੇ ਸੰਨ 1173 ਈ. ਵਿਚ ਮੰਨਿਆ ਜਾਂਦਾ ਹੈ, ਪਰ ‘ਲਾਈਫ਼ ਐਂਡ ਟਾਈਮਜ਼ ਆਫ਼ ਸ਼ੇਖ਼ ਫ਼ਰੀਦੁੱਦੀਨ’ ਦੇ ਕਰਤਾ ਖ਼ਲੀਕ ਅਹਿਮਦ ਨਿਜ਼ਾਮੀ ਨੇ 1175 ਈ. ਲਿਖਿਆ ਹੈ। ਜਨਮ ਵਰ੍ਹੇ ਬਾਰੇ ਕੁਝ ਕੁ ਸਾਲਾਂ ਦਾ ਫ਼ਰਕ ਕਈ ਹੋਰ ਪੁਰਾਤਨ ਲਿਖਿਤਾਂ ਵਿਚ ਵੀ ਮਿਲਦਾ ਹੈ।

ਬਾਬਾ ਫ਼ਰੀਦ ਨੂੰ ਅਧਿਆਤਮਿਕ ਬਿਰਤੀ ਕੁਲ- ਪਰੰਪਰਾ ਤੋਂ ਹੀ ਪ੍ਰਾਪਤ ਹੋਈ ਸੀ, ਪਰ ਇਸ ਬਿਰਤੀ ਨੂੰ ਅਧਿਕ ਵਿਕਸਿਤ ਕਰਨ ਵਿਚ ਆਪ ਦੀ ਮਾਤਾ ਦਾ ਬਹੁਤ ਯੋਗਦਾਨ ਹੈ। ਇਸ ਬਿਰਤੀ ਕਾਰਣ ਬਚਪਨ ਵਿਚ ਪਿੰਡ ਦੇ ਲੋਕ ਆਪ ਨੂੰ ‘ਕਾਜ਼ੀ ਬੱਚਾ ਦੀਵਾਨਾ’ ਕਿਹਾ ਕਰਦੇ ਸਨ। ਆਪ ਉਤੇ ਸਭ ਤੋਂ ਪਹਿਲਾਂ ਕ੍ਰਿਪਾ-ਦ੍ਰਿਸ਼ਟੀ ਸ਼ੇਖ਼ ਜਲਾਲੁੱਦੀਨ ਤਬਰੇਜ਼ੀ ਨੇ ਕੀਤੀ। ‘ਖ਼ੈਰੁਲ-ਮਜਾਲਿਸ’ ਦੀ 65ਵੀਂ ਗੋਸ਼ਟਿ ਵਿਚ ਲਿਖਿਆ ਹੈ ਕਿ ਇਕ ਵਾਰ ਸ਼ੇਖ ਤਬਰੇਜ਼ੀ ਹੋਰੀਂ ਖੋਤਵਾਲ ਕਸਬੇ ਵਿਚੋਂ ਲੰਘ ਰਹੇ ਸਨ ਤਾਂ ਉਨ੍ਹਾਂ ਨੇ ਲੋਕਾਂ ਨੂੰ ਪੁਛਿਆ ਕਿ ਇਥੇ ਕੋਈ ਦਰਵੇਸ਼ ਰਹਿੰਦਾ ਹੈ ਤਾਂ ਉਨ੍ਹਾਂ ਨੇ ‘ਕਾਜ਼ੀ-ਬੱਚਾ ਦੀਵਾਨਾ’ ਦੀ ਦਸ ਪਾਈ। ਉਹ ਉਨ੍ਹਾਂ ਲੋਕਾਂ ਨਾਲ ਆਪ ਪਾਸ ਪਹੁੰਚੇ ਅਤੇ ਇਕ ਅਨਾਰ ਪ੍ਰਸਾਦ ਵਜੋਂ ਦਿੱਤਾ। ਰੋਜ਼ਾ ਰਖੇ ਹੋਣ ਕਾਰਣ ਆਪ ਨੇ ਉਹ ਅਨਾਰ ਤੋੜ ਕੇ ਲੋਕਾਂ ਵਿਚ ਵੰਡ ਦਿੱਤਾ ਅਤੇ ਆਪ ਇਕ ਦਾਣਾ ਵੀ ਮੂੰਹ ਵਿਚ ਨ ਪਾਇਆ। ਸ਼ੇਖ਼ ਤਬਰੇਜ਼ੀ ਦੇ ਚਲੇ ਜਾਣ ਤੋਂ ਬਾਦ ਆਪ ਨੇ ਧਰਤੀ ਉਤੇ ਡਿਗੇ ਇਕ ਦਾਣੇ ਨਾਲ ਆਪਣਾ ਰੋਜ਼ਾ ਖੋਲ੍ਹਿਆ। ਉਸ ਦੇ ਖਾਣ ਨਾਲ ਆਪ ਦੇ ਹਿਰਦੇ ਵਿਚ ਨਿਰਮਲਤਾ ਦਾ ਪ੍ਰਕਾਸ਼ ਹੋ ਗਿਆ। ਪਰ ਆਪ ਨੂੰ ਸਦਾ ਇਹ ਝੋਰਾ ਰਿਹਾ ਕਿ ਜੇ ਅਨਾਰ ਦੇ ਸਾਰੇ ਦਾਣੇ ਖਾਏ ਹੁੰਦੇ , ਤਾਂ ਕਿਹੋ ਜਿਹੀ ਨਿਰਮਲਤਾ ਪ੍ਰਾਪਤ ਹੋਣੀ ਸੀ। ਇਸ ਝੋਰੇ ਨੂੰ ਸ਼ੈਖ ਕੁਤੁਬੁੱਦੀਨ ਬਖ਼ਤਿਆਰ ਕਾਕੀ ਨੇ ਇਹ ਕਹਿ ਕੇ ਦੂਰ ਕੀਤਾ ਕਿ ਹਰ ਅਨਾਰ ਵਿਚ ਇਕੋ ਦਾਣਾ ਹੀ ਕੰਮ ਦਾ ਹੁੰਦਾ ਹੈ ਅਤੇ ਉਹ ਤੂੰ ਖਾ ਲਿਆ ਹੈ।

ਆਪ ਜਦੋਂ ਮੁਲਤਾਨ ਵਿਚ ਸ਼ੈਖ਼ ਬਹਾਉੱਦੀਨ ਜ਼ਕਰੀਆ ਪਾਸ ਧਾਰਮਿਕ ਵਿਦਿਆ ਪ੍ਰਾਪਤ ਕਰਨ ਗਏ ਤਾਂ ਉਨ੍ਹਾਂ ਦੀ ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਿਤ ਹੋਏ। ਛੋਟੀ ਉਮਰ ਵਿਚ ਹੀ ਆਪ ਨੂੰ ਸਾਰਾ ‘ਕੁਰਾਨ’ ਜ਼ਬਾਨੀ ਯਾਦ ਹੋ ਗਿਆ। ਦਿਨ ਵਿਚ ਆਪ ਇਕ ਵਾਰ ਪੂਰੇ ਕੁਰਾਨ ਦਾ ਪਾਠ ਕਰਦੇ ਸਨ। ਮੁਲਤਾਨ ਵਿਚ ਰਹਿੰਦੇ ਹੋਇਆਂ ਹੀ ਆਪ ਦੀ 18 ਵਰ੍ਹਿਆਂ ਦੀ ਉਮਰ ਵਿਚ ਆਪਣੇ ਮੁਰਸ਼ਿਦ ਸ਼ੈਖ਼ ਕੁਤੁਬੁੱਦੀਨ ਬਖ਼ਤਿਆਰ ਕਾਕੀ ਨਾਲ ਭੇਂਟ ਹੋਈ ਅਤੇ ਉਨ੍ਹਾਂ ਨੂੰ ਆਪਣਾ ਮੁਰਸ਼ਿਦ ਧਾਰਣ ਕੀਤਾ। ਆਪਣੇ ਮੁਰਸ਼ਿਦ ਦੇ ਚਰਣਾਂ ਉਤੇ ਡਿਗ ਪੈਣ ਵੇਲੇ ਆਪ ਨੇ ਇਕ ਰੁਬਾਈ ਪੜ੍ਹੀ—ਮਕਬੂਲਿ ਤੂ ਜੁਜ਼ ਮੁਕਬਲਿ ਜਾਵੀਦ ਨ ਸ਼ੁਦ, ਵਜ਼ ਲੁਤਫ਼ਿ ਤੂ ਹੀਚ ਬੰਦਹ ਨੌਮੀਦ ਨ ਸ਼ੂਦ, ਔਨਤ ਬ ਕੁਦਾਮ ਬੰਦਹ ਪੈਵਸੑਤ ਦਮੇ, ਕਾਂ ਜ਼ੱਰਹ ਬਿਹ ਅਜ਼ ਹਜ਼ਾਰ ਖ਼ੁਰਸ਼ੀਦ ਨ ਸ਼ੁਦ। (‘ਸ੍ਰੇਸ਼ਟ ਗੋਸਟਾਂ’, ਪੰਨਾ 53)। ਅਰਥਾਤ— ਜਿਸ ਨੂੰ ਤੂੰ ਕਬੂਲ ਕੀਤਾ, ਉਹ ਸਦਾ ਲਈ ਕਬੂਲਿਆ ਗਿਆ ਅਤੇ ਤੇਰੀ ਕਿਰਪਾ ਤੋਂ ਕਦੀ ਕੋਈ ਸੱਖਣਾ ਨਹੀਂ ਮੁੜਿਆ। ਕੌਣ ਹੈ ? ਜਿਸ ਉਤੇ ਇਕ ਨਿਮਖ ਤੇਰੀ ਮਿਹਰ ਹੋਈ ਹੋਵੇ ਤੇ (ਉਹ) ਕਿਣਕਾ, ਹਜ਼ਾਰਾਂ ਸੂਰਜਾਂ ਨੂੰ ਸ਼ਰਮਾਉਣ ਵਾਲਾ ਬਣ ਗਿਆ ਹੋਵੇ।

ਆਪ ਨੇ ਸੁਲਤਾਨ ਗਿਆਸੁੱਦੀਨ ਬਲਬਨ ਦੀ ਸ਼ਹਿਜ਼ਾਦੀ ਬੀਬੀ ਹਜ਼ਬਰਾ ਨਾਲ ਵਿਆਹ ਕੀਤਾ। ਇਸ ਤੋਂ ਇਲਾਵਾ ਆਪ ਦੀਆਂ ਦੋ-ਤਿੰਨ ਹੋਰ ਸ਼ਾਦੀਆਂ ਦਾ ਉੱਲੇਖ ਵੀ ਮਿਲਦਾ ਹੈ। ਆਪ ਦੇ ਘਰ ਪੰਜ ਪੁੱਤਰ ਅਤੇ ਤਿੰਨ ਪੁੱਤਰੀਆਂ ਨੇ ਜਨਮ ਲਿਆ।

ਕੁਝ ਵਿਦਵਾਨਾਂ ਅਨੁਸਾਰ ਮੁਲਤਾਨ ਵਿਚ ਵਿਦਿਆ ਪ੍ਰਾਪਤੀ ਤੋਂ ਬਾਦ ਆਪ ਕੰਧਾਰ, ਮੱਕੇ ਅਤੇ ਬਗ਼ਦਾਦ ਆਦਿ ਥਾਂਵਾਂ ਦੀ ਯਾਤ੍ਰਾ ਉਤੇ ਗਏ। ਉਥੋਂ ਪਰਤਣ ਉਪਰੰਤ ਆਪ ਆਪਣੇ ਮੁਰਸ਼ਿਦ ਦੀ ਸੇਵਾ ਵਿਚ ਦਿੱਲੀ ਹਾਜ਼ਰ ਹੋਏ। ਇਥੇ ਹੀ ਆਪ ਨੂੰ ਖ਼੍ਵਾਜਾ ਮੁਈਨੁੱਦੀਨ ਚਿਸ਼ਤੀ ਦੇ ਦਰਸ਼ਨ ਕਰਨ ਦਾ ਗੌਰਵ ਪ੍ਰਾਪਤ ਹੋਇਆ। ਦਿੱਲੀ ਤੋਂ ਪਰਤ ਕੇ ਆਪ ਨੇ ਹਾਂਸੀ ਵਿਚ ਠਿਕਾਣਾ ਕੀਤਾ। ਇਥੇ ਆਪ ਲਗਭਗ 18 ਵਰ੍ਹੇ ਰਹੇ ਅਤੇ ਕਠੋਰ ਤਪਸਿਆ ਕੀਤੀ। ਇਸ ਦੌਰਾਨ ਖ਼੍ਵਾਜਾ ਕੁਤੁਬੁੱਦੀਨ ਬਖ਼ਤਿਆਰ ਕਾਕੀ ਦਾ ਦੇਹਾਂਤ ਹੋ ਗਿਆ ਅਤੇ ਆਪ ਨੂੰ ਦਿੱਲੀ ਵਿਚ ਚਿਸ਼ਤੀ ਸਿਲਸਿਲੇ ਦਾ ਮੁਖੀ ਥਾਪਿਆ ਗਿਆ।

ਦਿੱਲੀ ਦੇ ਰੁਝੇਵਆਂ ਭਰੇ ਵਾਤਾਵਰਣ ਤੋਂ ਆਪ ਬਹੁਤ ਤੰਗ ਆ ਗਏ। ਉਥੋਂ ਪਰਤੇ, ਪਹਿਲਾਂ ਖੋਤਵਾਲ ਵਿਚ ਰਹੇ, ਪਰ ਫਿਰ ਪਾਕਪਟਨ ਦੇ ਨੇੜੇ ਅਜੋਧਨ ਵਿਚ ਆਪਣਾ ਪੱਕਾ ਠਿਕਾਣਾ ਬਣਾਇਆ। ਇਥੋਂ ਆਪ ਦੀ ਮਾਨਤਾ ਅਤੇ ਪ੍ਰਤਿਸ਼ਠਾ ਦੂਰ ਦੂਰ ਤਕ ਪਸਰੀ। ਕਈ ਸ਼ਾਹੀ ਘਰਾਣੇ ਵੀ ਆਪ ਦੇ ਸੇਵਕ ਬਣੇ। ਆਪ ਜਿਗਿਆਸੂਆਂ ਨੂੰ ਅਰਬੀ , ਫ਼ਾਰਸੀ ਅਤੇ ਲਹਿੰਦੀ ਭਾਸ਼ਾਵਾਂ ਵਿਚ ਉਪਦੇਸ਼ ਦਿੰਦੇ ਸਨ। ਸੰਨ 1265 ਈ. ਵਿਚ ਆਪ ਦਾ ਦੇਹਾਂਤ ਹੋਇਆ ਅਤੇ ਆਪ ਦੀ ਦੇਹ ਨੂੰ ਪਾਕਪਟਨ ਵਿਚ ਦਫ਼ਨਾਇਆ ਗਿਆ। ਦੇਹਾਂਤ ਤੋਂ ਪਹਿਲਾਂ ਆਪ ਨੇ ਸ਼ੇਖ਼ ਮੁਹੰਮਦ ਕਿਰਮਾਨੀ ਨੂੰ ਆਪਣਾ ਚੋਲਾ , ਆਸਾ ਅਤੇ ਚਟਾਈ ਆਦਿ ਦੇ ਕੇ ਆਗਿਆ ਦਿੱਤੀ ਕਿ ਇਹ ਵਸਤੂਆਂ ਸ਼ੇਖ਼ ਨਿਜ਼ਾਮੁੱਦੀਨ ਔਲੀਆ ਨੂੰ ਦਿੱਲੀ ਪਹੁੰਚਾ ਦਿੱਤੀਆਂ ਜਾਣ ਕਿਉਂਕਿ ਮੇਰੇ ਬਾਦ ਉਹ ਗੱਦੀ ਨਸ਼ੀਨ ਹੋਣਗੇ।

ਆਪ ਦਾ ਸੁਭਾ ਬੜਾ ਸਰਲ, ਮਿਠਾ-ਬੋਲਾ ਅਤੇ ਪਰਉਪਕਾਰੀ ਸੀ; ਰਾਗ ਵਿਚ ਬਹੁਤ ਰੁਚੀ ਰਖਦੇ ਸਨ; ਹਰ ਵਕਤ ਰੱਬ ਦੀ ਬੰਦਗੀ ਵਿਚ ਜੁੜੇ ਰਹਿਣਾ ਆਪ ਨੂੰ ਬਹੁਤ ਪਸੰਦ ਸੀ। ਆਪ ਦੀ ਇਸ ਮਹਾਨਤਾ ਕਾਰਣ ਬਹੁਤ ਸਾਰੇ ਈਰਖਾਲੂਆਂ ਨੇ ਆਪ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕੀਤਾ, ਪਰ ਆਪ ਦਾ ਤੇਜ-ਪ੍ਰਤਾਪ ਨਿੱਤ ਵਧਦਾ ਗਿਆ। ਆਪ ਨੂੰ ਲੋਕਾਂ ਨੇ ਅਨੇਕ ਵਿਸ਼ੇਸ਼ਣਾਂ ਨਾਲ ਯਾਦ ਕਰਨਾ ਸ਼ੁਰੂ ਕੀਤਾ ਅਤੇ ਜਿਸ ਜਿਸ ਖੇਤਰ ਵਿਚ ਵੀ ਆਪ ਦੀ ਦਰਵੇਸ਼ੀ ਦੀ ਸੁਗੰਧ ਪਹੁੰਚੀ , ਲੱਖਾਂ ਦੀ ਗਿਣਤੀ ਵਿਚ ਲੋਕੀਂ ਆਪ ਦੇ ਸੇਵਕ ਬਣ ਗਏ।

            ਬਾਣੀ ਰਚਨਾ: ਬਾਬਾ ਫ਼ਰੀਦ ਦੇ ਨਾਂ ਤੇ ਗੁਰੂ ਗ੍ਰੰਥ ਸਾਹਿਬ ਵਿਚ ਚਾਰ ਸ਼ਬਦ (ਦੋ ਆਸਾ ਰਾਗ ਵਿਚ ਪੰਨਾ 488 ਅਤੇ ਦੋ ਸੂਹੀ ਰਾਗ ਵਿਚ ਪੰਨਾਂ 794) ਅਤੇ 112 ਸ਼ਲੋਕ (ਪੰਨੇ 1377-1384) ਦਰਜ ਹਨ। ਸ਼ਲੋਕਾਂ ਦਾ ਸੰਖਿਆ ਅੰਕ ਭਾਵੇਂ 130 ਹੈ, ਪਰ ਇਨ੍ਹਾਂ ਵਿਚੋਂ 18 ਸ਼ਲੋਕ (13,32, 52,75,82,83,104,105, 108, 109,110,111, 113,120,121,122,123,124) ਗੁਰੂ ਸਾਹਿਬਾਨ ਦੇ ਹਨ ਜਿਨ੍ਹਾਂ ਨੂੰ ਬਾਬਾ ਫ਼ਰੀਦ ਦੇ ਸ਼ਲੋਕਾਂ ਨਾਲ ਟਿੱਪਣੀ ਅਥਵਾ ਗੁਰਬਾਣੀ ਦੇ ਦ੍ਰਿਸ਼ਟੀਕੋਣ ਵਜੋਂ ਸ਼ਾਮਲ ਕੀਤਾ ਗਿਆ ਹੈ। ਆਪ ਜੀ ਦੀ ਬਾਣੀ ਦੀ ਪ੍ਰਮਾਣਿਕਤਾ ਬੜੇ ਲੰਬੇ , ਵਾਦ-ਵਿਵਾਦ ਦਾ ਵਿਸ਼ਾ ਬਣਿਆ ਰਿਹਾ ਹੈ, ਇਸ ਲਈ ਇਸ ਬਾਰੇ ਵਖਰਾ ਇੰਦਰਾਜ ਦਿੱਤਾ ਹੈ—‘ਫ਼ਰੀਦ ਬਾਣੀ (ਪ੍ਰਮਾਣਿਕਤਾ)’।

            ਵਿਚਾਰਧਾਰਾ: ਬਾਬਾ ਫ਼ਰੀਦ ਦਾਰਸ਼ਨਿਕ ਨ ਹੁੰਦੇ ਹੋਏ ਵੀ ਆਪਣੀ ਬਾਣੀ ਵਿਚ ਦਰਸ਼ਨ ਦੇ ਮੂਲ ਮੁੱਦਿਆਂ ਵਲ ਕਿਤੇ ਕਿਤੇ ਸੰਕੇਤ ਕਰ ਜਾਂਦੇ ਹਨ। ਇਹ ਮੂਲ ਮੁੱਦੇ ਪਰਮ-ਸੱਤਾ, ਜੀਵ , ਜਗਤ , ਮੁਕਤੀ ਅਤੇ ਹਰਿ- ਪ੍ਰਾਪਤੀ-ਪਥ ਉਤੇ ਚਲਣ ਦੀਆਂ ਵਿਧੀਆਂ ਆਦਿ ਨਾਲ ਸੰਬੰਧਿਤ ਹਨ।

ਬਾਬਾ ਫ਼ਰੀਦ ਨੇ ਪਰਮ-ਸੱਤਾ ਸੰਬੰਧੀ ਜਿਨ੍ਹਾਂ ਨਾਂਵਾਂ/ਸਿਫ਼ਤਾਂ ਦਾ ਉੱਲੇਖ ਕੀਤਾ ਹੈ, ਉਨ੍ਹਾਂ ਵਿਚੋਂ ਕਈਆਂ ਦਾ ਮੂਲ ਸੋਮਾ ਅਰਬੀ, ਫ਼ਾਰਸੀ ਭਾਸ਼ਾਵਾਂ ਹਨ ਜਿਵੇਂ ਕਿ ਰੱਬ, ਅੱਲ੍ਹਾ , ਖ਼ੁਦਾ , ਸਾਹਿਬ, ਖ਼ਾਲਕ ਆਦਿ ਸ਼ਬਦਾਂ ਦੀ ਵਰਤੋਂ ਕੀਤੀ ਹੈ। ਇਹ ਸ਼ਬਦ-ਪ੍ਰਯੋਗ ਸੂਫ਼ੀ-ਸਾਧਨਾ ਦੀ ਇਸਲਾਮਿਕ ਸਭਿਆਚਾਰਿਕ ਪਿਛੋਕੜ ਕਾਰਣ ਹੋਇਆ ਹੈ। ਪਰ ਇਥੇ ਇਹ ਗੱਲ ਵੀ ਵਿਚਾਰਨਯੋਗ ਹੈ ਕਿ ਬਾਬਾ ਫ਼ਰੀਦ ਜਿਸ ਵਾਤਾਵਰਣ ਵਿਚ ਰਹੇ ਅਤੇ ਜਿਸ ਜਨ-ਸਮੂਹ ਨੂੰ ਸੰਬੋਧਨ ਕੀਤਾ, ਉਹ ਭਾਰਤੀ ਅਧਿਆਤਮਿਕ ਪਿਛੋਕੜ ਵਾਲਾ ਸੀ। ਇਸ ਲਈ ਫ਼ਰੀਦ-ਬਾਣੀ ਵਿਚ ਦੇਸੀ ਨੁਹਾਰ ਵਾਲੇ ਨਾਂਵਾਂ ਦੀ ਵਰਤੋਂ ਹੋ ਜਾਣਾ ਸੁਭਾਵਿਕ ਹੈ। ਨਾਲੇ, ਪਰਮ-ਸੱਤਾ ਦੇ ਪ੍ਰੇਮ-ਪ੍ਰਾਇਣ ਸਰੂਪ ਕਾਰਣ ਪ੍ਰੇਮ ਦੀ ਕੁਠਾਲੀ ਵਿਚ ਢਲੇ ਸ਼ਬਦਾਂ ਦਾ ਵਰਤਿਆ ਜਾਣਾ ਵੀ ਕੁਦਰਤੀ ਹੈ, ਜਿਵੇਂ ਪ੍ਰਭੂ, ਸਚ , ਸਾਈਂ , ਕੰਤ , ਪ੍ਰੀਤਮ, ਪਿਰ, ਸੁਹਾਗ , ਸਹੁ , ਸਚਾ ਧਣੀ ਆਦਿ। ਉਹ ਪਰਮ-ਸੱਤਾ ਪਰਵਦਗਾਰ ਅਪਾਰ ਅਗਮ ਬੇਅੰਤ ਹੈ। ਉਹ ਸਾਰੀ ਸ੍ਰਿਸ਼ਟੀ ਦਾ ਕਾਰਣ ਰੂਪ ਹੈ ਅਤੇ ਸ੍ਰਿਸ਼ਟੀ ਉਸ ਕਾਰਣ ਤੋਂ ਹੀ ਕਾਰਜ ਵਿਚ ਰੂਪਾਇਤ ਹੋਈ ਹੈ। ਸਥਾਈ ਕੇਵਲ ਪਰਮ-ਸੱਤਾ ਹੈ, ਬਾਕੀ ਸਭ ਚਲਾਇਮਾਨ ਹੈ—ਫਰੀਦਾ ਰੁਤਿ ਫਿਰੀ ਵਣੁ ਕੰਬਿਆ ਪਤ ਝੜੇ ਝੜਿ ਪਾਹਿ। ਚਾਰੇ ਕੁੰਡਾਂ ਢੂਢੀਆਂ ਰਹਣੁ ਕਿਥਾਊ ਨਾਹਿ। (ਗੁ.ਗ੍ਰੰ.1383)। ਪਰਮ-ਸੱਤਾ ਸੰਸਾਰ ਤੋਂ ਵਖ ਨਹੀਂ, ਉਹ ਹਰ ਪ੍ਰਾਣੀ ਵਿਚ ਸਮਾਈ ਹੋਈ ਹੈ। ਉਸ ਦੀ ਸਰਬ-ਵਿਆਪਕਤਾ ਨੂੰ ਮੁੱਖ ਰਖਦਿਆਂ ਉਸ ਨੂੰ ਬਨਾਂ , ਜੰਗਲਾਂ ਵਿਚ ਲੱਭਣਾ ਵਿਅਰਥ ਹੈ। ਹਿਰਦੇ ਵਿਚ ਵਸਦੇ, ਸਦਾ ਪਾਸ ਰਹਿੰਦੇ ਪਰਮਾਤਮਾ ਨੂੰ ਬਾਹਰ ਭਾਲਣ ਦਾ ਉਦਮ ਬਾਬਾ ਫ਼ਰੀਦ ਲਈ ਨਿਰਰਥਕ ਚੇਸ਼ਟਾ ਹੈ। ਇਸ ਲਈ ਉਨ੍ਹਾਂ ਨੇ ਕਿਹਾ ਹੈ—ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ। ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ। (ਗੁ.ਗ੍ਰੰ.1378)। ਪਰਮਾਤਮਾ ਕ੍ਰਿਪਾਲੂ ਹੈ, ਉਸ ਦੀ ਕ੍ਰਿਪਾ ਨਾਲ ਹੀ ਮਨੁੱਖ ਸਫਲ-ਮਨੋਰਥ ਹੋ ਸਕਦਾ ਹੈ; ਉਸ ਦੀ ਰਜ਼ਾ ਵਿਚ ਰਹਿਣਾ ਅਥਵਾ ਉਸ ਦੇ ਹੁਕਮ ਦੀ ਪਾਲਨਾ ਕਰਨਾ ਹੀ ਸ੍ਰੇਸ਼ਠ ਧਰਮ ਹੈ, ਇਹੀ ਸਚੀ ਸਾਧਨਾ ਹੈ। ਉਸ ਦੀ ਰਜ਼ਾ ਵਿਚ ਰਹਿਣ ਲਈ ਜ਼ਰੂਰੀ ਹੈ ਕਿ ਦੋਸ਼ਾਂ ਦਾ ਤਿਆਗ ਕੀਤਾ ਜਾਇ। ਇਸ ਗੱਲ ਨੂੰ ਸਪੱਸ਼ਟ ਕਰਨ ਲਈ ਬਾਬਾ ਫ਼ਰੀਦ ਜੀ ਨੇ ਕਿਸੇ ਦੁਨਿਆਵੀ ਸੱਤਾਧਾਰੀ ਦੇ ਦੁਆਰ ਉਤੇ ਵਜਾਏ ਜਾਂਦੇ ਸਮੇਂ-ਸੂਚਕ ਘੜੀਆਲ ਦੇ ਬਿੰਬ ਦੀ ਵਰਤੋਂ ਕੀਤੀ ਹੈ—ਫਰੀਦਾ ਦਰ ਦਰਵਾਜੈ ਜਾਇ ਕੈ ਕਿਉ ਡਿਠੋ ਘੜੀਆਲੁ। ਏਹੁ ਨਿਦੋਸਾਂ ਮਾਰੀਐ ਹਮ ਦੋਸਾਂ ਦਾ ਕਿਆ ਹਾਲੁ। (ਗੁ.ਗ੍ਰੰ.1379)।

ਰੱਬ ਦਾ ਇਹ ਸਰੂਪ ਕੇਵਲ ਦੋਸ਼ੀਆਂ ਲਈ, ਮਾਨਵੀ ਮੁੱਲਾਂ ਤੋਂ ਸਖਣਿਆਂ ਲਈ ਅਤੇ ਜੀਵਨ-ਮਨੋਰਥ ਤੋਂ ਭਟਕੇ ਲੋਕਾਂ ਲਈ ਹੈ, ਉਂਜ ਰੱਬ ਪ੍ਰੇਮ-ਪਾਤਰ ਹੈ ਅਤੇ ਪ੍ਰੇਮ ਦਾ ਸੁਭਾ ਕੋਮਲ ਅਤੇ ਰਸਾਤਮਕ ਹੈ। ਬਾਬਾ ਫ਼ਰੀਦ ਨੇ ਰੱਬ ਨੂੰ ਦੁਨੀਆਵੀ ਰਸਾਤਮਕਤਾ ਦੀ ਸੀਮਾ ਤੋਂ ਬਹੁਤ ਉੱਚਾ ਦਸਿਆ ਹੈ—ਫਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਓ ਮਾਂਝਾ ਦੁਧੁ। ਸਭੇ ਵਸਤੂ ਮਿਠੀਆਂ ਰਬ ਨ ਪੁਜਨਿ ਤੁਧੁ। (ਗੁ.ਗ੍ਰੰ.1379)।

ਬਾਬਾ ਫ਼ਰੀਦ ਅਨੁਸਾਰ ਸੰਸਾਰ ਅਥਵਾ ਦੁਨੀਆ ਫ਼ਾਨੀ ਹੈ, ਨਸ਼ਟ ਹੋਣ ਵਾਲੀ ਹੈ। ਨਸ਼ਟ ਹੋਣਾ ਇਸ ਦਾ ਪਰਿਣਾਮ ਹੈ। ਪੈਦਾ ਹੋਣਾ, ਨਸ਼ਟ ਹੋਣਾ ਅਤੇ ਫਿਰ ਪੈਦਾ ਹੋਣਾ ਇਸ ਜਗਤ ਦੀ ਨਿਰੰਤਰ ਪ੍ਰਕ੍ਰਿਆ ਹੈ। ਜਿਸ ਸਥਾਨ ਉਤੇ ਉਹ ਵਿਚਰ ਰਹੇ ਹਨ, ਉਸ ਤੋਂ ਪਹਿਲਾਂ ਕਈ ਵਿਚਰ ਚੁਕੇ ਹਨ। ਮੌਸਮ ਦੀ ਬਦਲੀ ਵਾਂਗ ਸੰਸਾਰ ਬਦਲਦਾ ਰਹਿੰਦਾ ਹੈ। ਸਦਾ-ਪਰਿਵਰਤਨਸ਼ੀਲ ਸੰਸਾਰ ਦਾ ਵਾਸਤਵਿਕ ਸਰੂਪ ਗੁਝੀ ਅੱਗ ਵਰਗਾ ਹੈ ਜੋ ਉਪਰੋਂ ਤਾਂ ਪਤਾ ਨਹੀਂ ਲਗਦੀ, ਪਰ ਭਰਮ ਵਸ ਬੰਦਾ ਉਸ ਵਿਚ ਫਸ ਕੇ ਆਪਣਾ ਨਾਸ਼ ਕਰ ਲੈਂਦਾ ਹੈ—ਕਿਝੁ ਨਾ ਬੁਝੈ ਕਿਝੁ ਨ ਸੁਝੈ ਦੁਨੀਆ ਗੁਝੀ ਭਾਹਿ। ਇਸ ਨੂੰ ਸੁੰਨੀ ਅਥਵਾ ਹਨੇਰੀ ਖੂਹੀ ਨਾਲ ਉਪਮਾ ਦੇ ਕੇ ਫ਼ਰੀਦ ਜੀ ਨੇ ਇਸ ਦੀ ਭਿਆਨਕਤਾ ਨੂੰ ਸਪੱਸ਼ਟ ਕੀਤਾ ਹੈ—ਵਿਧਣ ਖੂਹੀ ਮੁੰਧ ਇਕੇਲੀ। ਨਾ ਕੋ ਸਾਥੀ ਨਾ ਕੋ ਬੇਲੀ। (ਗੁ.ਗ੍ਰੰ.794)। ਅਜਿਹੀ ਭਿਆਨਕ ਦੁਨੀਆ ਵਿਚ ਮਨੁੱਖ ਨੂੰ ਵਿਚਰਨਾ ਪੈਂਦਾ ਹੈ।

ਫ਼ਰੀਦ ਜੀ ਨੇ ਮਨੁੱਖਾਂ ਨੂੰ ਸਥੂਲ ਤੌਰ’ਤੇ ਦੋ ਹਿੱਸਿਆਂ ਵਿਚ ਵੰਡਿਆ ਹੈ। ਇਕ ਉਹ ਜੋ ਇਸ ਸੰਸਾਰ ਵਿਚ ਪਰਮਾਤਮਾ ਬਾਰੇ ਜਿਗਿਆਸੂ ਰੁਚੀ ਅਪਣਾਉਂਦੇ ਹਨ ਅਤੇ ਦੂਜੇ ਉਹ ਜੋ ਇਸ ਸੰਸਾਰ ਦੇ ਮਾਇਆ-ਭੋਗਾਂ ਵਿਚ ਲੀਨ ਹੋ ਕੇ ਪੁਰਸ਼ਾਰਥ ਦਾ ਮਹੱਤਵ ਖ਼ਤਮ ਕਰ ਦਿੰਦੇ ਹਨ—ਫਰੀਦਾ ਹਉ ਲੋੜੀ ਸਹੁ ਆਪਣਾ ਤੂ ਲੋੜਹਿ ਅੰਗਿਆਰ। (ਗੁ.ਗ੍ਰੰ.1380)। ਮਨੁੱਖ ਨੂੰ ਭਟਕਾਉਣ ਵਾਲਾ ਤੱਤ੍ਵ ਸ਼ੈਤਾਨ ਹੈ। ਸ਼ੈਤਾਨ ਦੁਆਰਾ ਕੁਮਾਰਗ ਉਤੇ ਪਾਇਆ ਮਨੁੱਖ ਸੰਸਾਰਿਕ ਪ੍ਰਪੰਚ ਨਾਲੋਂ ਆਪਣਾ ਨਾਤਾ ਤੋੜਨ ਲਈ ਤਿਆਰ ਨਹੀਂ ਹੁੰਦਾ—ਜੋ ਸੈਤਾਨ ਵੰਞਾਇਆ ਸੇ ਕਿਤੇ ਫੇਰਹਿ ਚਿਤ। (ਗੁ.ਗ੍ਰੰ.1378)। ਇਹ ਚਿੱਤ ਕਿਵੇਂ ਫਿਰ ਸਕਦਾ ਹੈ ? ਇਹ ਇਕ ਗੰਭੀਰ ਸਮਸਿਆ ਹੈ। ਇਸ ਸਮਸਿਆ ਦਾ ਹਲ ਸੂਫ਼ੀ ਸਾਧਕ ਆਪਣੇ ਮੁਰਸ਼ਿਦ ਤੋਂ ਭਾਲਦਾ ਹੈ। ਇਹ ਮੁਰਸ਼ਿਦ ਇਕ ਪ੍ਰਕਾਰ ਦਾ ਪੱਥ-ਪ੍ਰਦਰਸ਼ਕ ਹੈ। ਇਸ ਦੀ ਅਗਵਾਈ ਮੁਰੀਦ ਅਥਵਾ ਸਾਧਕ ਲਈ ਜ਼ਰੂਰੀ ਹੈ—ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ। ਅਜਿਹੇ ਸਾਧਕਾਂ ਦਾ ਇਸ ਸੰਸਾਰ ਨਾਲ ਸੰਬੰਧ ਸਥਾਈ ਨਹੀਂ, ਪਰ ਜੀਵ ਦੀ ਕੁਦਰਤੀ ਯਾਤ੍ਰਾ ਕਾਰਣ ਉਨ੍ਹਾਂ ਨੂੰ ਸੰਸਾਰ ਦੀ ਯਾਤ੍ਰਾ ਕਰਨੀ ਪੈਂਦੀ ਹੈ। ਇਹ ਸੰਸਾਰ ਉਨ੍ਹਾਂ ਲਈ ਖੇਡ ਦਾ ਮੈਦਾਨ ਹੈ। ਇਥੇ ਉਨ੍ਹਾਂ ਨੇ ਅਧਿਆਤਮਿਕ ਸਾਧਨਾ ਦੀ ਖੇਡ ਖੇਡਣੀ ਹੈ। ਬਸ , ਇਥੋਂ ਤਕ ਹੀ ਉਨ੍ਹਾਂ ਦਾ ਕਾਰਜ ਸੀਮਿਤ ਹੈ। ਇਸ ਸੰਸਾਰ ਵਿਚ ਖਚਿਤ ਹੋਣਾ ਉਨ੍ਹਾਂ ਦਾ ਸੁਭਾ ਨਹੀਂ। ਬਾਬਾ ਫ਼ਰੀਦ ਅਨੁਸਾਰ—ਕਲਰ ਕੇਰੀ ਛਪੜੀ ਆਇ ਉਲਥੇ ਹੰਝ। ਚਿੰਜੂ ਬੋੜਨ੍ਹਿ ਨਾ ਪੀਵਹਿ ਉਡਣ ਸੰਦੀ ਭੰਝ। (ਗੁ.ਗ੍ਰੰ.1381)।

ਸੂਫ਼ੀ-ਮਤ ਦੀ ਮੂਲ ਸਮਸਿਆ ਹੈ ਇਨਸਾਨੀ ਰੂਹ ਦਾ ਖ਼ੁਦਾ ਵਿਚ ਮਿਲਣਾ। ਖ਼ੁਦਾ ਅਤੇ ਇਨਸਾਨੀ ਰੂਹ ਵਿਚ ਜੋ ਸੰਬੰਧ ਹੈ, ਉਸ ਨੂੰ ਸਿਰਜਨਹਾਰ ਅਤੇ ਸਿਰਜਨਾ ਦਾ ਸੰਬੰਧ ਕਿਹਾ ਜਾ ਸਕਦਾ ਹੈ। ਖ਼ੁਦਾ ਅਮੂਰਤ ਹੈ, ਪਰ ਇਨਸਾਨ ਸਮੂਰਤ ਹੈ। ਖ਼ੁਦਾ ਨਿਰਵਿਕਾਰ ਅਤੇ ਸਦੀਵੀ ਹੈ, ਰੂਹ ਵੀ ਖ਼ੁਦਾਈ ਸਿਰਜਨਾ ਹੋਣ ਕਾਰਣ ਸਦੀਵੀ ਹੈ। ਪਰ ਇਨਸਾਨੀ ਰੂਹ ਆਪਣੇ ਮੂਲ ਸੋਮੇ ‘ਰੂਹੇ-ਮੁਤਲਕ’ ਅਥਵਾ ਖ਼ੁਦਾ ਤੋਂ ਵਿਛੜੀ ਹੋਈ ਹੈ। ਜਦੋਂ ਰੂਹ ਜਾਂ ਰੂਹਾਂ ਆਪਣੇ ਮੂਲ ਸਿਰਜਨ-ਸਰੋਤ ਤੋਂ ਨਿਖੜ ਕੇ ਦਿਸਦੇ ਸੰਸਾਰ ਜਾਂ ਸਮੂਰਤ ਰੂਪ ਵਿਚ ਸਾਹਮਣੇ ਆਉਂਦੀਆਂ ਹਨ ਤਾਂ ਅਗਿਆਨ ਜਾਂ ਅਵਿਦਿਆ ਕਾਰਣ ਉਹ ਖ਼ੁਦਾ ਤੋਂ ਭਿੰਨ ਅਤੇ ਇਕ ਦੂਜੇ ਨਾਲੋਂ ਵਖ ਵਖ ਹੋਣ ਦਾ ਅਹਿਸਾਸ ਕਰਾਉਂਦੀਆਂ ਹਨ। ਪਰ, ਵਾਸਤਵ ਵਿਚ, ਉਨ੍ਹਾਂ ਸਭ ਵਿਚ ਇਲਾਹੀ ਜੋਤਿ ਮੌਜੂਦ ਹੈ। ਇਸ ਕਰਕੇ ਉਹ ਮੂਲ ਸੋਮੇ ਨਾਲ ਅਤੇ ਆਪਸ ਵਿਚ ਅਨਿਖੜ ਹਨ, ਇਕਮਿਕ ਹਨ।

ਇਨਸਾਨੀ ਰੂਹ ਜਦੋਂ ਆਪਣੇ ਮੂਲ ਸੋਮੇ ਜਾਂ ਬ੍ਰਹਮ -ਜੋਤਿ ਤੋਂ ਵਿਛੜ ਕੇ ਸੰਸਾਰ ਵਿਚ ਸਮੂਰਤ ਰੂਪ ਧਾਰਣ ਕਰਦੀ ਹੈ, ਤਾਂ ਉਸ ਦੇ ਧੁਰ ਅੰਦਰ ਵਿਛੋੜੇ ਦਾ ਇਕ ਸਲ ਮੌਜੂਦ ਰਹਿੰਦਾ ਹੈ। ਵਿਛੋੜੇ ਦੀ ਚੋਭ ਉਸ ਨੂੰ ਆਪਣੇ ਮੂਲ ਵਿਰਸੇ ਦੀ ਯਾਦ ਕਰਾਉਂਦੀ ਰਹਿੰਦੀ ਹੈ। ਇਸ ਖਿਚ ਨੂੰ ਅਭਿਆਸੀ ਸੂਫ਼ੀ ਸਾਧਕਾਂ ਅਤੇ ਵਿਦਵਾਨਾਂ ਨੇ ‘ਇਸ਼ਕ ’ ਦਾ ਨਾਂ ਦਿੱਤਾ ਹੈ। ਇਹ ਖਿਚ ਜਿਗਿਆਸੂ ਨੂੰ, ਭਾਵ ਸੂਫ਼ੀ ਸਾਧਕ ਨੂੰ, ਚੈਨ ਨਾਲ ਟਿਕਣ ਨਹੀਂ ਦਿੰਦੀ। ਜਦੋਂ ਇਹ ਖਿਚ ਕ੍ਰਿਆਸ਼ੀਲ ਹੁੰਦੀ ਹੈ ਤਾਂ ਇਸ਼ਕ ਦੀ ਪ੍ਰਕ੍ਰਿਆ ਸ਼ੁਰੂ ਹੋ ਜਾਂਦੀ ਹੈ। ਸੂਫ਼ੀ-ਸਾਧਨਾ ਅਨੁਸਾਰ ਇਹ ਇਸ਼ਕ ਕੇਵਲ ਖ਼ੁਦਾ ਨਾਲ ਕੀਤਾ ਜਾ ਸਕਦਾ ਹੈ, ਕਿਉਂਕਿ ਅਜਿਹਾ ਇਸ਼ਕ ਕੀਤੇ ਜਾਣ ਯੋਗ ਕੇਵਲ ਖ਼ੁਦਾ ਹੀ ਸਚਾ ਅਧਿਕਾਰੀ ਹੈ।

ਸੂਫ਼ੀ ਮਤ ਅਨੁਸਾਰ ਜੇ ਕਿਸੇ ਵਿਅਕਤੀ ਪਾਸ ਕੋਈ ਸ੍ਰੇਸ਼ਠ ਵਸਤੂ ਹੈ, ਤਾਂ ਉਹ ਹੈ ਉਸ ਦਾ ਸਦਾਚਾਰੀ ਆਚਰਣ। ਇਸ ਲਈ ਫ਼ਰੀਦ ਬਾਣੀ ਵਿਚ ਸਦਾਚਾਰ (ਨੈਤਿਕਤਾ) ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ‘ਕਸ਼ਫੁਲ ਮਹਿਜੂਬ’ ਵਿਚ ਤਾਂ ਦਾਤਾ ਗੰਜਬਖ਼ਸ਼ ਹੁਜਵੀਰੀ ਨੇ ਅਖ਼ਲਾਕ (ਨੈਤਿਕਤਾ) ਨੂੰ ਹੀ ਤਸੱਵੁਫ਼ ਅਥਵਾ ਸੂਫ਼ੀ ਮਤ ਮੰਨਿਆ ਹੈ (ਤਸੱਵੁਫ ਅਖ਼ਲਾਕ ਅਸੑਤ)। ਇਸ ਨੂੰ ਨੈਤਿਕ-ਆਚਾਰ ਦਾ ਨਾਂ ਵੀ ਦਿੱਤਾ ਜਾ ਸਕਦਾ ਹੈ। ਸੂਫ਼ੀ-ਸਾਹਿਤ ਵਿਚਲੇ ਨੈਤਿਕ ਗੁਣਾਂ ਦਾ ਜੇ ਸਮੀਕਰਣ ਕਰੀਏ ਤਾਂ ਔਗੁਣਾਂ ਨੂੰ ਤਿਆਗਣਾ ਅਤੇ ਗੁਣਾਂ ਨੂੰ ਗ੍ਰਹਿਣ ਕਰਨਾ ਸੂਫ਼ੀ-ਸਾਧਨਾ ਦੀ ਪ੍ਰਧਾਨ ਆਵੱਸ਼ਕਤਾ ਹੈ। ਬਾਬਾ ਫ਼ਰੀਦ ਨੇ ਆਪਣੀ ਬਾਣੀ ਵਿਚ ਜਿਗਿਆਸੂ ਨੂੰ ਮਾੜੇ ਕੰਮਾਂ ਨੂੰ ਛਡਣ ਲਈ ਬਾਰ ਬਾਰ ਤੰਬੀਹ ਕੀਤੀ ਹੈ। ਉਦਾਹਰਣ ਵਜੋਂ—ਫ਼ਰੀਦਾ ਜਿਨ੍ਹੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ। ਮਤੁ ਸਰਮਿੰਦਾ ਥੀਵਈ ਸਾਂਈ ਦੈ ਦਰਬਾਰਿ। (ਗੁ.ਗ੍ਰੰ.1381)। ਸੂਫ਼ੀ ਦਰਵੇਸ਼ਾਂ ਨੇ ਅਧਿਆਤਮਿਕ ਮਾਰਗ ਉਤੇ ਸਫਲਤਾ ਪੂਰਵਕ ਵਧਣ ਲਈ ਕੁਝ ਨੈਤਿਕ ਨਿਯਮਾਂ ਨੂੰ ਅਪਣਾਇਆ ਹੈ। ਸਮੁੱਚੇ ਤੌਰ’ਤੇ ਆਡੰਬਰਾਂ, ਭੇਖਾਂ , ਪਾਖੰਡਾਂ ਨੂੰ ਛਡਣਾ ਬਹੁਤ ਜ਼ਰੂਰੀ ਹੈ—ਫਰੀਦਾ ਮਨੁ ਮੈਦਾਨੁ ਕਰ ਟੋਏ ਟਿਬੇ ਲਾਹਿ। ਅਗੈ ਮੂਲਿ ਨ ਆਵਸੀ ਦੋਜਕ ਸੰਦੀ ਭਾਹਿ। (ਗੁ.ਗ੍ਰੰ.1381)।

ਨਿਮਰਤਾ ਧਾਰਣ ਕਰਨਾ ਵੀ ਸੂਫ਼ੀ ਸਾਧਕ ਦਾ ਇਕ ਵੱਡਾ ਗੁਣ ਹੈ। ਨ ਉੱਚਾ ਬੋਲਣਾ, ਨ ਕਿਸੇ ਦਾ ਮਨ ਦੁਖਾਉਣਾ, ਪਰ ਸੇਵਾ ਲਈ ਸਭ ਕੁਝ ਅਰਪਿਤ ਕਰ ਦੇਣਾ ਆਦਿ ਗੱਲਾਂ ਨਿਮਰਤਾ ਦੇ ਅੰਤਰਗਤ ਆਉਂਦੀਆਂ ਹਨ। ਫ਼ਰੀਦ ਜੀ ਨੇ ਆਪਣੇ ਆਪ ਨੂੰ ਰੱਬ ਦੇ ਘਰ ਵਿਚ ਆਉਣ ਵਾਲੇ ਬੰਦਿਆਂ ਦੇ ਪੈਰਾਂ ਵਿਚ ਵਿਛਣ ਲਈ ਤਿਆਰ ਕੀਤਾ ਹੈ—ਫਰੀਦਾ ਥੀਉ ਪਵਾਹੀ ਦਭੁ। ਜੇ ਸਾਂਈ ਲੋੜਹਿ ਸਭੁ। ਇਕ ਛਿਜਹਿ ਬਿਆ ਲਤਾੜੀਅਹਿ। ਤਾਂ ਸਾਈ ਦੈ ਦਰਿ ਵਾੜੀਅਹਿ। (ਗੁ.ਗ੍ਰੰ.1378)।

ਸੂਫ਼ੀ ਮਤ ਵਿਚ ਖਿਮਾਸ਼ੀਲਤਾ ਦੀ ਭਾਵਨਾ ਵੀ ਬਹੁਤ ਅਧਿਕ ਹੈ। ਉਨ੍ਹਾਂ ਨੂੰ ਜੇ ਕੋਈ ਮਾਰਦਾ ਹੈ, ਕਸ਼ਟ ਪਹੁੰਚਾਉਂਦਾ ਹੈ, ਤਾਂ ਵੀ ਪਰਤਾ ਕੇ ਉਸ ਨੂੰ ਕਸ਼ਟ ਦੇਣਾ ਸੂਫ਼ੀਆਂ ਲਈ ਵਾਜਬ ਨਹੀਂ। ਫ਼ਰੀਦ ਜੀ ਨੇ ਤਾਕੀਦ ਕੀਤੀ ਹੈ—ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨ੍ਹਾ ਨ ਮਾਰੇ ਘੁੰਮਿ। ਆਪਨੜੈ ਘਰਿ ਜਾਈਐ ਪੈਰ ਤਿਨ੍ਹਾ ਦੇ ਚੁੰਮਿ। (ਗੁ. ਗ੍ਰੰ.1378)।

            ਸਾਹਿਤਿਕਤਾ: ਉਪਲਬਧ ਸਾਮਗ੍ਰੀ ਦੇ ਆਧਾਰ’ਤੇ ਬਾਬਾ ਫ਼ਰੀਦ ਨੇ ਨ ਕੇਵਲ ਪੰਜਾਬੀ ਕਾਵਿ-ਪਰੰਪਰਾ ਦਾ ਉਦਘਾਟਨ ਕੀਤਾ ਸਗੋਂ ਜੋ ਕੁਝ ਲਿਖਿਆ ਉਸੇ ਰਾਹੀਂ ਮਾਨਵੀ ਮੁੱਲਾਂ ਦੀ ਸਥਾਪਨਾ ਕੀਤੀ ਅਤੇ ਨੈਤਿਕ ਕਦਰਾਂ- ਕੀਮਤਾਂ ਦੇ ਆਦਰਸ਼ ਸਥਾਪਿਤ ਕਰਕੇ ਲੋਕ-ਮਨ ਨੂੰ ਟੁੰਬਿਆ। ਇਸ ਲਈ ਲੋਕ-ਮੁਖੀ ਹੋਣਾ ਫ਼ਰੀਦ ਬਾਣੀ ਦਾ ਮੂਲ ਸਰੋਕਾਰ ਹੈ। ਆਪ ਨੇ ਪੰਜਾਬੀ ਦੇ ਉਦਭਵ ਕਾਲ ਵਿਚ ਹੀ ਆਪਣੇ ਕਾਵਿ ਦੁਆਰਾ ਉਹ ਕਲਾਤਮਕ ਸਿਖਰਾਂ ਛੋਹੀਆਂ ਜੋ ਪਰਵਰਤੀ ਕਵੀਆਂ/ਬਾਣੀਕਾਰਾਂ ਲਈ ਪਥ- ਪ੍ਰਦਰਸ਼ਕ ਬਣੀਆਂ। 12ਵੀਂ-13ਵੀਂ ਸਦੀਆਂ ਦੀ ਲਹਿੰਦੀ ਪੰਜਾਬੀ ਦੀ ਖ਼ੁਸ਼ਬੂ ਅਤੇ ਮਿਠਾਸ ਫ਼ਰੀਦ-ਬਾਣੀ ਤੋਂ ਸਹਿਜ ਹੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।

ਬਾਬਾ ਫ਼ਰੀਦ ਦੇ ਗਿਆਨ , ਅਨੁਭਵ ਅਤੇ ਕਲਪਨਾ ਸ਼ਕਤੀ ਦਾ ਅਹਿਸਾਸ ਉਨ੍ਹਾਂ ਦੀ ਬਿੰਬ-ਸਿਰਜਨਾ ਤੋਂ ਹੁੰਦਾ ਹੈ। ਇਸ ਦੁਆਰਾ ਉਨ੍ਹਾਂ ਦੀ ਰਹੱਸਾਨੁਭੂਤੀ ਬੜੇ ਸੁੰਦਰ ਢੰਗ ਨਾਲ ਪ੍ਰਗਟ ਹੋ ਸਕਦੀ ਹੈ। ਇਨ੍ਹਾਂ ਬਿੰਬਾਂ ਦੀ ਸਫਲਤਾ ਇਸ ਗੱਲ ਵਿਚ ਵੇਖੀ ਜਾ ਸਕਦੀ ਹੈ ਕਿ ਉਨ੍ਹਾਂ ਦੇ ਬਿੰਬਾਂ ਨੂੰ ਸਾਹਮਣੇ ਰਖ ਕੇ ਪਰਵਰਤੀ ਵਿਆਖਿਆਕਾਰਾਂ ਨੇ ਕਈਆਂ ਘਟਨਾਵਾਂ ਦੀ ਕਲਪਨਾ ਕੀਤੀ ਹੈ।

ਬਾਬਾ ਫ਼ਰੀਦ ਨੇ ਆਪਣੀ ਰਹੱਸਾਨੁਭੂਤੀ ਨੂੰ ਪ੍ਰਗਟਾਉਣ ਲਈ ਪ੍ਰਤੀਕਾਂ ਦੀ ਵੀ ਕਾਫ਼ੀ ਵਰਤੋਂ ਕੀਤੀ ਹੈ। ਜਨ-ਜੀਵਨ ਨਾਲ ਸੰਬੰਧਿਤ ਪ੍ਰਤੀਕਾਂ ਦੁਆਰਾ ਉਨ੍ਹਾਂ ਦਾ ਅਨੁਭਵ ਸਮਝਣ ਦੇ ਯੋਗ ਹੋਇਆ ਹੈ। ਡਾ. ਹਰਿਭਜਨ ਸਿੰਘ (‘ਪਤਰਾਂਜਲੀ’, ਪੰਨੇ 10-11) ਅਨੁਸਾਰ ਬਾਬਾ ਫ਼ਰੀਦ ਬਾਣੀ ਦੀ ਰਚਨਾ-ਸ਼ੈਲੀ ਦਾ ਕੇਂਦਰੀ ਨੁਕਤਾ ਇਹੋ ਹੈ ਕਿ ਉਹ ਦੁਖਾਤਮਕ ਵਸਤੂ ਨੂੰ ਸੁਖਾਤਮਕ ਪ੍ਰਤੀਕ ਵਿਚ ਬਦਲਦਾ ਹੈ। ਫ਼ਰੀਦ-ਬਾਣੀ ਵਿਚ ਜੋ ਵੀ ਦੁਖਾਤਮਕ ਹੈ ਉਹ ਵਾਸਤਵਿਕ ਹੈ ਅਤੇ ਜੋ ਵੀ ਸੁਖਾਤਮਕ ਹੈ ਉਹ ਪ੍ਰਤੀਕਾਤਮਕ ਹੈ। ਵਸਤੂ ਕਠੋਰ ਹੈ। ਉਸ ਦੇ ਮੁਕਾਬਲੇ ਵਿਚ ਜੋ ਪ੍ਰਤੀਕ-ਪ੍ਰਬੰਧ ਜਾਂ ਉਪਮਾਨ-ਪ੍ਰਬੰਧ ਮਨੁੱਖ ਰਚਦਾ ਹੈ, ਉਸੇ ਦੇ ਆਧਾਰ’ਤੇ ਉਹ ਵਾਸਤਵਿਕਤਾ ਨੂੰ ਕੁਝ ਘਟ ਕਠੋਰ ਬਣਾ ਲੈਂਦਾ ਹੈ। ਬਾਬਾ ਫ਼ਰੀਦ ਅਨੁਸਾਰ ਵਸਤੂ ਯਥਾਰਥ ਦੁਖ ਹੈ ਅਤੇ ਫ਼ਰੀਦ-ਕਲਾਮ ਇਸੇ ਦੁਖ ਦੇ ਮੁਕਾਬਲੇ ਵਿਚ ਆਪਣਾ ਮਾਨਵੀ ਪ੍ਰਤੀਕ-ਪ੍ਰਬੰਧ ਰਚਦਾ ਹੈ।

ਬਾਬਾ ਫ਼ਰੀਦ ਦੀ ਸ਼ੈਲੀ ਦੀ ਇਕ ਵਿਸ਼ੇਸ਼ਤਾ ਇਸ ਦਾ ਸੰਬੋਧਨ-ਮੁਖੀ ਹੋਣਾ ਹੈ। ਕਿਉਂਕਿ ਇਸ ਬਾਣੀ ਵਿਚ ਫ਼ਰੀਦ ਜੀ ਨੇ ਮਾਨਵ-ਕਲਿਆਣ ਲਈ ਇਕ ਸੰਦੇਸ਼ ਅਥਵਾ ਉਪਦੇਸ਼ ਦੇਣਾ ਸੀ, ਇਸ ਲਈ ਬਾਣੀ ਦੀ ਬਿਰਤੀ ਵਿਚ ਸੰਬੋਧਨ ਦੀ ਪ੍ਰਧਾਨਤਾ ਅਨਿਵਾਰੀ ਹੈ। ਬਹੁਤੇ ਸ਼ਲੋਕ ਤਾਂ ਫ਼ਰੀਦ ਜੀ ਨੇ ਆਪਣੇ ਆਪ ਨੂੰ ਸੰਬੋਧਨ ਕੀਤੇ ਹਨ। ਆਪਣੇ ਆਪ ਨੂੰ ਸੰਬੋਧਨ ਕਰਨ ਦਾ ਕਾਰਣ ਇਹ ਪ੍ਰਤੀਤ ਹੁੰਦਾ ਹੈ ਕਿ ਜੋ ਗੱਲ ਹੋਰਾਂ ਤੋਂ ਕਰਵਾਈ ਜਾਣੀ ਇਛਿਤ ਹੋਵੇ, ਉਸ ਅਨੁਸਾਰ ਪਹਿਲਾਂ ਆਪਣੇ ਆਪ ਨੂੰ ਢਾਲਿਆ ਜਾਏ। ਇਸ ਲਈ ਬਾਬਾ ਜੀ ਨੇ ਆਤਮ-ਸੰਬੋਧਨੀ ਸ਼ੈਲੀ ਦੀ ਵਰਤੋਂ ਕੀਤੀ ਹੈ। ਕੁਝ ਸ਼ਲੋਕਾਂ ਵਿਚ ਆਪ ਨੇ ਜਿਗਿਆਸੂ ਨੂੰ ਵੀ ਸੰਬੋਧਨ ਕੀਤਾ, ਜਿਵੇਂ ਬੋਲੈ ਸੇਖ ਫਰੀਦੁ ਪਿਆਰੇ ਅਲਹ ਲਗੇ, ਫਰੀਦਾ ਮੰਡਪ ਮਾਲੁ ਨ ਲਾਇ ਮਰਗ ਸਤਾਣੀ ਚਿਤਿ ਧਰਿ। ਸਾਈ ਜਾਇ ਸਮ੍ਹਾਲਿ ਜਿਥੈ ਹੀ ਤਉ ਵੰਵਣਾ। (ਗੁ.ਗ੍ਰੰ. 1381)।

ਬਾਬਾ ਫ਼ਰੀਦ ਦਾ ਛੰਦ-ਵਿਧਾਨ ਸੰਤ ਕਵੀਆਂ ਵਾਂਗ ਕਿਸੇ ਪ੍ਰਕਾਰ ਦੀ ਮਾਤ੍ਰਿਕ ਜਾਂ ਵਰਣਿਕ ਬੰਦਸ਼ ਤੋਂ ਸੁਤੰਤਰ ਹੈ। ਉਨ੍ਹਾਂ ਦੀ ਸਾਰੀ ਰਚਨਾ ਦੋ ਸ਼ੈਲੀਆਂ ਵਿਚ ਹੋਈ ਹੈ। ਇਕ, ਗੇਯ-ਪਦ-ਸ਼ੈਲੀ ਅਤੇ ਦੂਜੀ, ਦੋਹਾ-ਸ਼ੈਲੀ। ਬਾਬਾ ਫ਼ਰੀਦ ਨੇ ਪੰਜਾਬ ਵਿਚ ਰਹਿ ਕੇ ਲੋਕ-ਮਾਨਸ ਦੇ ਪ੍ਰਵਾਨ ਚੜ੍ਹ ਚੁਕੀ ਗੇਯ-ਪਦ ਰਚਨਾ-ਸ਼ੈਲੀ, ਨੂੰ ਅਪਣਾਇਆ ਅਤੇ ਚਾਰ ਸ਼ਬਦਾਂ ਦੀ ਰਚਨਾ ਕੀਤੀ। ਇਨ੍ਹਾਂ ਵਿਚੋਂ ਆਸਾ ਰਾਗ ਦੇ ਪਹਿਲੇ ਸ਼ਬਦ ਵਿਚ ਦੋ ਦੋ ਤੁਕਾਂ ਦੇ ਚਾਰ ਪਦੇ ਹਨ ਅਤੇ ਪਹਿਲੇ ਪਦਿਆਂ ਤੋਂ ਬਾਦ ਦੋ ਤੁਕਾਂ ਦਾ ‘ਰਹਾਉ ’ ਹੈ। ਦੂਜੇ ਸ਼ਬਦ ਵਿਚ ਅੱਠ ਪਦੇ ਹਨ ਅਤੇ ਦੋ ਤੁਕਾਂ ਦਾ ‘ਰਹਾਉ’ ਪਹਿਲੇ ਪਦੇ ਤੋਂ ਬਾਦ ਹੈ। ਸੂਹੀ ਰਾਗ ਦੇ ਪਹਿਲੇ ਸ਼ਬਦ ਵਿਚ ਚਾਰ ਚਾਰ ਤੁਕਾਂ ਦੇ ਚਾਰ ਪਦੇ ਅਤੇ ਪਹਿਲੇ ਪਦੇ ਤੋਂ ਬਾਦ ਦੋ ਤੁਕਾਂ ਦਾ ‘ਰਹਾਉ’ ਹੈ ਅਤੇ ਦੂਜੇ ਸ਼ਬਦ ਵਿਚ ਦੋ ਦੋ ਤੁਕਾਂ ਦੇ ਤਿੰਨ ਪਦੇ ਹਨ ਅਤੇ ਪਹਿਲੇ ਪਦੇ ਤੋਂ ਬਾਦ ਇਕ ਤੁਕ ਦਾ ‘ਰਹਾਉ’ ਹੈ। ਇਹ ਸ਼ਬਦ ਭਾਵੇਂ ਛੰਦ ਸੰਬੰਧੀ ਕਿਸੇ ਨਿਯਮ ਵਿਚ ਬੰਨ੍ਹੇ ਹੋਏ ਨਹੀਂ ਹਨ, ਪਰ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਵੇਲੇ ਇਨ੍ਹਾਂ ਨੂੰ ਗ੍ਰੰਥ ਸਾਹਿਬ ਦੀ ਸੰਪਾਦਨ-ਵਿਧੀ ਵਿਚ ਢਾਲਿਆ ਗਿਆ ਹੈ।

ਬਾਬਾ ਜੀ ਨੇ ਪਰੰਪਰਾਗਤ ਦੋਹਾ-ਸ਼ੈਲੀ ਸ਼ਲੋਕਾਂ ਵਿਚ ਵਰਤੀ ਹੈ। ਬਾਬਾ ਫ਼ਰੀਦ ਦੇ ਸ਼ਲੋਕਾਂ ਦੀ ਸਫਲਤਾ ਛੰਦ-ਨਿਯਮਾਂ ਦੀ ਪਾਬੰਦੀ ਦੀ ਥਾਂ ਭਾਵ ਨੂੰ ‘ਗਾਗਰ ਵਿਚ ਸਾਗਰ ਭਰਨ’ ਦੀ ਬਿਰਤੀ ਵਿਚ ਵੇਖਣੀ ਬਣਦੀ ਹੈ। ਇਸ ਦਾ ਇਕ ਕਾਰਣ ਸੁੰਦਰ ਸ਼ਬਦ-ਚੋਣ ਹੈ ਜਿਸ ਦੇ ਫਲਸਰੂਪ ਲਗਭਗ ਸਾਰੇ ਸ਼ਲੋਕ ਸੁਭਾਸ਼ਿਤਾਂ/ਸਤਿ-ਕਥਨਾਂ ਦਾ ਰੂਪ ਧਾਰਣ ਕਰ ਗਏ ਹਨ। ਦੂਜਾ ਕਾਰਣ ਸ਼ਬਦਾਂ ਅਥਵਾ ਭਾਸ਼ਾ ਦਾ ਕਲਪਨਾ ਨਾਲ ਸੁੰਦਰ ਸੰਯੋਗ ਹੈ। ਇਹੀ ਕਾਰਣ ਹੈ ਕਿ ਇਨ੍ਹਾਂ ਸ਼ਲੋਕਾਂ ਵਿਚ ਪ੍ਰਗਟਾਈਆਂ ਸਚਾਈਆਂ ਜ਼ਬਰਦਸਤ ਅਸਰ ਰਖਦੀਆਂ ਹਨ। ਸੰਜਮ ਅਤੇ ਸੰਖੇਪਤਾ ਇਨ੍ਹਾਂ ਸ਼ਲੋਕਾਂ ਦੇ ਵਿਸ਼ੇਸ਼ ਗੁਣ ਹਨ।

ਬਾਬਾ ਫ਼ਰੀਦ ਦੀ ਬਾਣੀ ਪੰਜਾਬ ਵਿਚ ਉਚਾਰੀ ਗਈ ਸੀ। ਆਪ ਜਨਮ ਤੋਂ ਪੰਜਾਬ ਵਿਚ ਰਹੇ ਸਨ। ਪੰਜਾਬ ਨਾਲ ਆਪ ਦਾ ਡੂੰਘਾ ਰਿਸ਼ਤਾ ਸੀ। ਆਪ ਨੇ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਲਈ ਭਾਵੇਂ ਪੰਜਾਬੀ ਨੂੰ ਮਾਤ-ਭਾਸ਼ਾ ਵਜੋਂ ਨ ਵਰਤਿਆ ਹੋਵੇ, ਪਰ ਇਤਨਾ ਸਪੱਸ਼ਟ ਹੈ ਕਿ ਲੋਕਾਂ ਨਾਲ ਸਿੱਧਾ ਸੰਬੰਧ ਕਾਇਮ ਕਰਨ ਅਤੇ ਉਨ੍ਹਾਂ ਨੂੰ ਆਪਣੇ ਭਾਵਾਂ ਅਨੁਰੂਪ ਢਾਲਣ ਲਈ ਲੋਕ-ਭਾਸ਼ਾ ਨੂੰ ਵਰਤਣ ਦਾ ਮਹੱਤਵਪੂਰਣ ਸਥਾਨ ਹੈ। ਇਸ ਲਈ ਬਾਬਾ ਫ਼ਰੀਦ ਨੇ ਲੋਕ- ਭਾਸ਼ਾ ਨੂੰ ਅਪਣਾ ਕੇ ਆਪਣੀ ਉਦਾਰਤਾ ਦਾ ਪ੍ਰਦਰਸ਼ਨ ਕੀਤਾ ਹੈ। ਫ਼ਰੀਦ-ਬਾਣੀ ਦੀ ਭਾਸ਼ਾ ਦਾ ਪਿੰਡਾ ਭਾਰਤੀ ਮੂਲ ਦਾ ਹੈ। ਇਸ ਦੇ ਸਰੂਪ ਨੇ ਸੰਸਕ੍ਰਿਤ ਤੋਂ ਅਪਭ੍ਰੰਸ਼ ਵਲ ਯਾਤ੍ਰਾ ਕਰਕੇ ਪਹੁੰਚਣ ਤਕ ਕਈ ਪ੍ਰਕਾਰ ਦੇ ਪ੍ਰਭਾਵ ਗ੍ਰਹਿਣ ਕੀਤੇ ਹਨ।

ਬਾਬਾ ਜੀ ਦੀ ਲਗਭਗ 900 ਮੂਲ ਸ਼ਬਦਾਂ ਵਾਲੀ ਬਾਣੀ ਵਿਚ 11 ਪ੍ਰਤੀਸ਼ਤ ਅਰਬੀ-ਫ਼ਾਰਸੀ ਸ਼ਬਦਾਵਲੀ ਆਪਣਾ ਸਥਾਨ ਬਣਾ ਚੁਕੀ ਸੀ। ਇਥੇ ਇਹ ਗੱਲ ਵੀ ਦਸਣੀ ਜ਼ਰੂਰੀ ਹੈ ਕਿ ਇਹ ਪ੍ਰਭਾਵ ਸ਼ਬਦਾਵਲੀ ਤੋਂ ਭਿੰਨ ਹੋਰ ਕਿਸੇ ਵਿਆਕਰਣਿਕ ਰੂਪ ਉਤੇ ਨਹੀਂ ਪਿਆ। ਇਸ ਤਰ੍ਹਾਂ ਬਾਬਾ ਫ਼ਰੀਦ ਨੇ ਪੰਜਾਬੀ ਭਾਸ਼ਾ ਨੂੰ ਆਪਣੀ ਬਾਣੀ ਰਾਹੀਂ ਸਹਿਜ ਸੁਭਾਵਿਕ ਢੰਗ ਨਾਲ ਸਾਹਿਤਿਕ ਮੂੰਹ-ਮੱਥਾ ਪ੍ਰਦਾਨ ਕੀਤਾ ਹੈ। ਉਨ੍ਹਾਂ ਦੀ ਇਹ ਦੇਣ ਅਭੁਲ ਹੈ।

ਫ਼ਰੀਦ ਬਾਣੀ ਦੀ ਭਾਸ਼ਾ ਵਿਚ ਆਧੁਨਿਕਤਾ ਦੇ ਤੱਤ੍ਵਾਂ ਦੀ ਹੋਂਦ ਨੂੰ ਮੰਨ ਕੇ ਵਿਦਵਾਨਾਂ ਨੇ ਕਈ ਪ੍ਰਕਾਰ ਦੀਆਂ ਸਥਾਪਨਾਵਾਂ ਕੀਤੀਆਂ ਹਨ। ਕਈ ਆਲੋਚਕਾਂ ਨੇ ਇਸ ਦੇ ਸਰੂਪ ਉਤੇ ਕਿਸੇ ਝੁਰੜੀ ਦੀ ਹੋਂਦ ਨੂੰ ਮੰਨਣੋ ਵੀ ਸੰਕੋਚ ਕੀਤਾ ਹੈ। ਅਸਲ ਵਿਚ ਫ਼ਰੀਦ ਬਾਣੀ ਦੀ ਭਾਸ਼ਾਈ ਸਰਲਤਾ ਅਤੇ ਸਪੱਸ਼ਟਤਾ ਹੀ ਇਸ ਨੂੰ ਆਧੁਨਿਕ ਯੁਗ ਵਿਚ ਨਵੀਨ ਦਰਸਾਉਂਦੀ ਹੈ। ਉਂਜ ਫ਼ਰੀਦ ਬਾਣੀ ਵਿਚਲੇ ਪਰਸਰਗ, ਯੋਜਕ ਅਤੇ ਕ੍ਰਿਆ-ਰੂਪ ਅਪਭ੍ਰੰਸ਼ ਦੀ ਸੰਯੋਗਾਤਮਕ ਬਿਰਤੀ ਨੂੰ ਅਪਣਾ ਕੇ ਚਲੇ ਹਨ। ਇਹ ਸੰਯੋਗਾਤਮਕਤਾ ਭਾਰਤੀ ਵਿਰਸੇ ਵਾਲੇ ਸ਼ਬਦਾਂ ਤਕ ਹੀ ਸੀਮਿਤ ਨਹੀਂ, ਅਰਬੀ ਫ਼ਾਰਸੀ ਦੇ ਸ਼ਬਦਾਂ ਉਤੇ ਵੀ ਇਸ ਦਾ ਪ੍ਰਭਾਵ ਹੈ। ਅਜਿਹੀ ਵਿਸ਼ਿਸ਼ਟਤਾ ਫ਼ਰੀਦ ਬਾਣੀ ਦੀ ਪ੍ਰਮਾਣਿਕਤਾ ਨੂੰ ਵੀ ਸਿੱਧ ਕਰਨ ਵਿਚ ਸਹਾਇਕ ਹੁੰਦੀ ਹੈ। ਲਹਿੰਦੀ ਪੰਜਾਬੀ ਵਿਚ ਆਪਣੀ ਬਾਣੀ ਰਚ ਕੇ ਫ਼ਰੀਦ ਜੀ ਨੇ ਆਉਣ ਵਾਲੇ ਪੰਜਾਬੀ ਸਾਹਿਤਕਾਰਾਂ ਦੇ ਸੰਕੋਚ ਨੂੰ ਤੋੜ ਕੇ ਉਨ੍ਹਾਂ ਦੀ ਭਾਸ਼ਾਈ ਯਾਤ੍ਰਾ ਦਾ ਮਾਰਗ ਮੋਕਲਾ ਕੀਤਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2418, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.