ਗੁਰੂ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰੂ (ਨਾਂ,ਪੁ) ਧਰਮ ਉਪਦੇਸ਼ ਦੇਣ ਵਾਲਾ ਮੁਰਸ਼ਦ; ਗੁਰ ਸਿਖਾਉਣ ਵਾਲਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24429, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਗੁਰੂ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰੂ [ਨਾਂਪੁ] ਉਸਤਾਦ , ਅਧਿਆਪਕ, ਅਚਾਰੀਆ, ਮੁਰਸ਼ਦ; ਧਰਮ ਦਾ ਉਪਦੇਸ਼ ਦੇਣ ਵਾਲ਼ਾ; ਸਿੱਖ ਧਰਮ ਦੇ ਇਸ਼ਟ; ਚੰਟ, ਚੁਸਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24381, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗੁਰੂ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰੂ. ਦੇਖੋ, ਗੁਰ ੩ ਅਤੇ ਗੁਰੂ. “ਗੁਰੂ ਬਿਨਾ ਮੈ ਨਾਹੀ ਹੋਰ.” (ਗੌਡ ਮ: ੫) ੨ ਪੂਜ੍ਯ. “ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ.” (ਗਉ ਅ: ਮ: ੧)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23882, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੁਰੂ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗੁਰੂ: ਭਾਰਤੀ ਅਧਿਆਤਮਿਕ ਸਾਧਨਾ ਵਿਚ ਸ਼ੁਰੂ ਤੋਂ ਗੁਰੂ ਦਾ ਬਹੁਤ ਅਧਿਕ ਮਹੱਤਵ ਰਿਹਾ ਹੈ। ਸੰਸਕ੍ਰਿਤ ਮੂਲ ਦੇ ਇਸ ਸ਼ਬਦ ਦਾ ਵਿਉਤਪੱਤੀ-ਮੂਲਕ ਅਰਥ ਹੈ ‘ਜੋ ਧਰਮ ਦਾ ਉਪਦੇਸ਼ ਕਰੇ ਜਾਂ ਅਗਿਆਨ ਨੂੰ ਦੂਰ ਕਰੇ ਜਾਂ ਦੇਵ , ਗੰਧਰਵ ਆਦਿ ਦੁਆਰਾ ਪ੍ਰਸ਼ੰਸਿਤ ਹੋਏ, ਉਹ ‘ਗੁਰੂ’ ਹੈ। ‘ਅਦ੍ਵਯਤਾਰਕ-ਉਪਨਿਸ਼ਦ’ (10) ਵਿਚ ‘ਗੁਰੂ’ ਸ਼ਬਦ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਗਈ ਹੈ— ‘ਗੁ’ ਦਾ ਅਰਥ ਹੈ ਅੰਧਕਾਰ ਅਤੇ ‘ਰੁ’ ਦਾ ਅਰਥ ਹੈ ਦੂਰ ਕਰਨ ਵਾਲਾ। ਇਸ ਤਰ੍ਹਾਂ ‘ਗੁਰੂ’ ਉਹ ਹੈ ਜੋ ਆਪਣੇ ਸੇਵਕ ਜਾਂ ਸ਼ਿਸ਼ ਦੇ ਅਗਿਆਨ ਰੂਪੀ ਹਨੇਰੇ ਨੂੰ ਦੂਰ ਕਰੇ। ਮਹਾਨ-ਕੋਸ਼ਕਾਰ ਨੇ ਇਸ ਦਾ ਅਰਥ ‘ਅਗਿਆਨ ਨੂੰ ਨਿਗਲਣ ਵਾਲਾ’ ਕੀਤਾ ਹੈ।

            ਇਸ ਸ਼ਬਦ ਦੀ ਵਰਤੋਂ ਭਾਰਤੀ ਸਾਹਿਤ ਵਿਚ ਪ੍ਰਾਚੀਨ ਕਾਲ ਤੋਂ ਹੁੰਦੀ ਆ ਰਹੀ ਹੈ। ਵੈਦਿਕ ਕਾਲ ਵਿਚਲਾ ‘ਪੁਰੋਹਿਤ’ ਹੌਲੀ ਹੌਲੀ ਉਪਨਿਸ਼ਦਾਂ ਤਕ ਪਹੁੰਚਦਿਆਂ ‘ਰਿਸ਼ੀ ’ ਵਿਚ ਬਦਲ ਗਿਆ। ਬੌਧ-ਮਤ, ਤੰਤ੍ਰ-ਸਾਧਨਾ, ਸਿੱਧ-ਸਾਧਨਾ, ਨਾਥ-ਮਤ ਆਦਿ ਵਿਚ ਕਿਸੇ ਨ ਕਿਸੇ ਰੂਪ ਵਿਚ ਗੁਰੂ ਵਰਗੇ ਵਿਅਕਤਿਤਵ ਦੀ ਲੋੜ ਮੌਜੂਦ ਰਹੀ ਹੈ। ਸੰਤ-ਸਾਹਿਤ, ਰਾਮ-ਭਗਤੀ ਅਤੇ ਕ੍ਰਿਸ਼ਣ- ਭਗਤੀ ਵਿਚ ਵੀ ਗੁਰੂ ਦੀ ਦੇਣ ਸਵੀਕਾਰ ਕੀਤੀ ਗਈ ਹੈ। ਸੂਫ਼ੀ-ਮਤ ਵਿਚ ‘ਮੁਰਸ਼ਿਦ’ ਦੇ ਸਰੂਪ ਵਿਚ ਗੁਰੂ ਦੀ ਕਲਪਨਾ ਹੋਈ ਹੈ। ਬਾਬਾ ਫ਼ਰੀਦ ਨੇ ਤਾਂ ‘ਮੁਰਸ਼ਿਦ’ ਦੇ ਸਥਾਨ’ਤੇ ‘ਗੁਰੂ’ ਸ਼ਬਦ ਦੀ ਵਰਤੋਂ ਵੀ ਕੀਤੀ ਹੈ— ਬੋਲੀਐ ਸਚੁ ਧਰਮੁ ਝੂਠੁ ਬੋਲੀਐ ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ (ਗੁ.ਗ੍ਰੰ.488)। ਸਪੱਸ਼ਟ ਹੈ ਕਿ ਮੱਧ-ਯੁਗ ਦੀ ਧਰਮ-ਸਾਧਨਾ ਵਿਚ, ਚਾਹੇ ਉਹ ਨਿਰਗੁਣ ਹੋਵੇ, ਚਾਹੇ ਸਗੁਣ, ਗੁਰੂ ਦਾ ਸਥਾਨ ਗੌਰਵਸ਼ਾਲੀ ਸੀ। ਇਸ ਨੂੰ ‘ਸਤਿਗੁਰੂ’ ਜਾਂ ‘ਸਦਗੁਰੂ’ ਵੀ ਕਿਹਾ ਜਾਂਦਾ ਸੀ। ਅਧਿਆਤਮਿਕ ਮਾਰਗ ਉਤੇ ਸਫਲਤਾ- ਪੂਰਵਕ ਚਲਣ ਲਈ ਗੁਰੂ ਦੀ ਬਹੁਤ ਲੋੜ ਹੈ— ਵਿਣ ਸਤਿਗੁਰ ਵਾਟ ਪਾਵੈ

            ਗੁਰੂ ਗ੍ਰੰਥ ਸਾਹਿਬ ਵਿਚ ‘ਗੁਰੂ’ ਦੀ ਬਹੁਤ ਅਧਿਕ ਮਹੱਤਵ-ਸਥਾਪਨਾ ਹੋਈ ਹੈ। ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ— ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਲਾਗੀ ਵਾਰ (ਗੁ.ਗ੍ਰੰ.462)। ਦੇਵਤਾ ਬਣਾਉਣ ਤੋਂ ਇਥੇ ਭਾਵ ਹੈ ਸਾਧਾਰਣ ਮਨੁੱਖ ਨੂੰ ਦੇਵਤ੍ਵ ਪ੍ਰਦਾਨ ਕਰਨਾ। ‘ਸੁਖਮਨੀਬਾਣੀ ਵਿਚ ਗੁਰੂ ਦੇ ਸਰੂਪ ਨੂੰ ਸਪੱਸ਼ਟ ਕਰਦਿਆਂ ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ— ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ (ਗੁ.ਗ੍ਰੰ.286)। ਗੁਰੂ ਰਾਮਦਾਸ ਜੀ ਨੇ ਵੀ ਮਲਾਰ ਰਾਗ ਵਿਚ ਕਿਹਾ ਹੈ— ਬ੍ਰਹਮੁ ਬਿੰਦੇ ਸੋ ਸਤਿਗੁਰੁ ਕਹੀਐ ਹਰਿ ਹਰਿ ਕਥਾ ਸੁਣਾਵੈ ... ਸਤਿਗੁਰੁ ਦੇਉ ਪਰਤਖਿ ਹਰਿ ਮੂਰਤਿ ਜੋ ਅੰਮ੍ਰਿਤ ਬਚਨ ਸੁਣਾਵੈ (ਗੁ.ਗ੍ਰੰ.1264)।

            ਮਨੁੱਖ ਦੇ ਸਹੀ ਮਾਰਗ ਤੋਂ ਵਿਚਲਿਤ ਹੋਣ ਦਾ ਮੁੱਖ ਕਾਰਣ ਚਿੱਤ-ਵ੍ਰਿੱਤੀਆਂ ਦਾ ਇਕਾਗਰ ਨ ਹੋਣਾ ਹੈ। ਚਿੱਤ-ਵ੍ਰਿੱਤੀਆਂ ਤਦ ਹੀ ਕਾਬੂ ਹੁੰਦੀਆਂ ਹਨ ਜੇ ਬੰਦਾ ਮਨ ਨੂੰ ਸਾਧ ਲਏ, ਉਸ ਨੂੰ ਆਪਣੇ ਵਸ ਵਿਚ ਕਰ ਲਏ। ਮਨ ਦੇ ਸਥਿਰ ਹੋਣ ਨਾਲ ਸਾਰੀ ਮਾਨਵੀ ਗਤਿਵਿਧੀ ਨਿਯੰਤ੍ਰਿਤ ਹੋ ਜਾਂਦੀ ਹੈ, ਵਾਸਨਾਤਮਕ ਭਟਕਣਾ ਖ਼ਤਮ ਹੋ ਜਾਂਦੀ ਹੈ। ਗੁਰੂ ਨਾਨਕ ਦੇਵ ਜੀ ਨੇ ਜਪੁਜੀ ਵਿਚ ‘ਮਨ ਜੀਤੇ ਜਗੁ ਜੀਤ’ ਦੀ ਗੱਲ ਕਹਿ ਕੇ ਇਸੇ ਧਾਰਣਾ ਦੀ ਪੁਸ਼ਟੀ ਕੀਤੀ ਹੈ। ਮਨ ਨੂੰ ਬੰਨ੍ਹਣ ਜਾਂ ਨਿਯੰਤ੍ਰਿਤ ਕਰਨ ਦਾ ਸਾਧਨ ‘ਗਿਆਨ ’ ਹੈ। ਗਿਆਨ ਤੋਂ ਭਾਵ ਇਥੇ ਬ੍ਰਹਮ- ਗਿਆਨ ਜਾਂ ਅਧਿਆਤਮਿਕ ਗਿਆਨ ਹੈ ਅਤੇ ਇਸ ਪ੍ਰਕਾਰ ਦੇ ਗਿਆਨ ਦੀ ਪ੍ਰਾਪਤੀ ਕੇਵਲ ਗੁਰੂ ਦੁਆਰਾ ਸੰਭਵ ਹੈ— ਕੁੰਭੇ ਬਧਾ ਜਲ ਰਹੈ ਜਲ ਬਿਨੁ ਕੁੰਭੁ ਹੋਇ ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਹੋਇ (ਗੁ.ਗ੍ਰੰ.469)।

            ਸਚ ਤਾਂ ਇਹ ਹੈ ਕਿ ਗੁਰਮਤਿ ਵਿਚ ਗੁਰੂ ਦਾ ਉਹੀ ਸਥਾਨ ਹੈ ਜੋ ਸ਼ਰੀਰ ਵਿਚ ਰੀੜ੍ਹ ਦੀ ਹੱਡੀ ਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਅਜਿਹਾ ਕੋਈ ਪੰਨਾ ਨਹੀਂ ਜਿਸ ਵਿਚ ਗੁਰੂ ਦੇ ਮਹੱਤਵ, ਸਰੂਪ ਅਤੇ ਲੋੜ ਉਤੇ ਪ੍ਰਤੱਖ ਜਾਂ ਪਰੋਖ ਰੂਪ ਵਿਚ ਪ੍ਰਕਾਸ਼ ਨ ਪਾਇਆ ਗਿਆ ਹੋਵੇ। ‘ਮੂਲ- ਮੰਤ੍ਰ ’ ਵਿਚ ਪਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਗੁਰੂ ਦੀ ਕ੍ਰਿਪਾ ਦਸਿਆ ਗਿਆ ਹੈ। ਗੁਰੂ ਹੀ ਸਿੱਖ ਦਾ ਪਥ-ਪ੍ਰਦਰਸ਼ਨ ਕਰਕੇ ਉਸ ਦੇ ਹਿਰਦੇ ਵਿਚ ਭਗਤੀ ਦੀ ਭਾਵਨਾ ਦ੍ਰਿੜ੍ਹ ਕਰਦਾ ਹੈ। ਗੁਰੂ ਨਾਨਕ ਦੇਵ ਜੀ ਨੇ ਆਸਾ ਰਾਗ ਵਿਚ ਫ਼ਰਮਾਇਆ ਹੈ— ਗੁਰ ਬਿਨੁ ਕਿਨੈ ਪਾਇਓ ਕੇਤੀ ਕਹੇ ਕਹਾਏ ਆਪਿ ਦਿਖਾਵੈ ਵਾਟੜੀ ਸਚੀ ਭਗਤਿ ਦ੍ਰਿੜਾਏ (ਗੁ.ਗ੍ਰੰ.420)।

            ਗੁਰਬਾਣੀ ਦੇ ਉਦਾਸੀ ਵਿਆਖਿਆਕਾਰ ਆਨੰਦਘਨ ਨੇ ‘ਜਪੁਜੀ’ ਦੇ ਟੀਕੇ ਦੇ ਆਰੰਭ ਵਿਚ ਗੁਰੂ ਨਾਨਕ ਦੇਵ ਜੀ ਨਾਲ ‘ਗੁਰੂ’ ਪਦ ਸੰਯੁਕਤ ਹੋਣ ਬਾਰੇ ਇਕ ਕਬਿੱਤ ਵਿਚ ਲਿਖਿਆ ਹੈ— ਪਾਪ ਹੂੰ ਤੇ ਮੋੜਨ ਅਰ ਜੋੜਨ ਹਰਿਨਾਮ ਹੂੰ ਮੋ ਲੋੜਨ ਸਤਸੰਗ ਤਬੀ ਗੁਰੂ ਨਾਮ ਪਾਏ ਹੈ ਇਸ ਤੋਂ ਅਗੇ ਪ੍ਰਸ਼ਨੋਤਰੀ ਸ਼ੈਲੀ ਵਿਚ ਆਨੰਦਘਨ ਨੇ ਕਿਹਾ ਹੈ— ਗੁਰੂ ਕੌਨ ਹੈ ? ਤਿਸ ਦਾ ਉਤਰਜੋ ਹਿਤ ਦਾ ਉਪਦੇਸ ਕਰੇ ਸੋਈਗੁਰੂ ਪਾਪ ਤੇ ਮੋੜਨਾ, ਹਰਿਨਾਮ ਮੋ ਜੋੜਨਾ, ਸਤਿਸੰਗ ਕੋ ਲੋੜਨਾ, ਹਿਤ ਤੋ ਸਿਖ ਕਾ ਇਸੀ ਮੋ ਹੈ, ਐਸਾ ਉਪਦੇਸ ਕਰਣੇ ਤੇ ਗੁਰੂ ਨਾਮ ਪਾਇਆ ਹੈ

            ਮਹਾਨ ਅਤੇ ਵਿਆਪਕ ਕਰਤੱਵ ਵਾਲੇ ਗੁਰੂ ਦੀ ਜਿਗਿਆਸੂ ਲਈ ਅਤਿ ਅਧਿਕ ਲੋੜ ਹੈ। ਗੁਰੂ ਅਸਲ ਵਿਚ, ਆਪਣੇ ਅਨੁਭਵ ਦੇ ਗਿਆਨ ਰਾਹੀਂ ਸਾਧਕ ਦੇ ਚਰਿਤ੍ਰ ਦਾ ਵਿਕਾਸ ਕਰਦਾ ਹੈ, ਉਸ ਦੀਆਂ ਸ਼ੰਕਾਵਾਂ ਨੂੰ ਖ਼ਤਮ ਕਰਦਾ ਹੈ, ਉਸ ਦੇ ਅਧਿਆਤਮਿਕ ਮਾਰਗ ਦੀਆਂ ਕਠਿਨਾਈਆਂ ਨੂੰ ਦੂਰ ਕਰਦਾ ਹੈ। ਅਜਿਹਾ ਕਲਿਆਣਕਾਰੀ ਮਹਾਤਮਾ, ਸਾਧਕ ਲਈ ਧਰਤੀ ਉਤੇ ਵਿਚਰਦਾ ਆਪ ਪਰਮਾਤਮਾ ਹੀ ਹੁੰਦਾ ਹੈ— ਗੁਰ ਮਹਿ ਆਪੁ ਰਖਿਆ ਕਰਤਾਰੇ (ਗੁ.ਗ੍ਰੰ. 1024)। ਜੋ ਸਾਧਕ ਨੂੰ ਭਵਸਾਗਰ ਵਿਚੋਂ ਪਾਰ ਉਤਾਰਦਾ ਹੈ। ਸੰਸਾਰਿਕਤਾ ਵਿਚ ਲੀਨ ਜੀਵ ਨੂੰ ਪਰਮਾਤਮਾ ਨਾਲ ਇਕਮਿਕ ਹੋਣ ਵਲ ਰੁਚਿਤ ਕਰਦਾ ਹੈ। ‘ਆਸਾ ਕੀ ਵਾਰ ’ ਵਿਚ ਲਿਖਿਆ ਹੈ— ਬਿਨੁ ਸਤਿਗੁਰ ਕਿਨੈ ਪਾਇਓ ਬਿਨੁ ਸਤਿਗੁਰ ਕਿਨੈ ਪਾਇਆ ਸਤਿਗੁਰ ਵਿਚਿ ਆਪੁ ਰਖਿਓਨੁ ਕਰਿ ਪਰਗਟੁ ਆਖਿ ਗੁਣਾਇਆ ਸਤਿਗੁਰ ਮਿਲਿਐ ਸਦਾ ਮੁਕਤੁ ਹੈ ਜਿਨਿ ਵਿਚਹੁ ਮੋਹੁ ਚੁਕਾਇਆ (ਗੁ.ਗ੍ਰੰ.466)।

            ਇਤਨੇ ਮਹਾਨ ਉਪਕਾਰਕ ਗੁਰੂ ਉਪਰ ਆਪਣੇ ਆਪ ਨੂੰ ਨਿਛਾਵਰ ਕਰਨ ਦੀ ਭਾਵਨਾ ਪ੍ਰਗਟ ਕਰਦਿਆਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਕਿ ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ ਕਿਉਂਕਿ ਆਪਣੇ ਗੁਰੂ ਦੇ ਯੋਗਦਾਨ ਨਾਲ ਮੈਂ ਪਰਮਾਤਮਾ ਨੂੰ ਯਾਦ ਕਰਨ ਵਲ ਰੁਚਿਤ ਹੁੰਦਾ ਹਾਂ। ਉਸ ਦੁਆਰਾ ਦਿੱਤੇ ਗਿਆਨ ਨਾਲ ਮੈਂ ਸੰਸਾਰ ਦੀ ਵਾਸਤਵਿਕਤਾ ਦਾ ਬੋਧ ਪ੍ਰਾਪਤ ਕਰ ਸਕਦਾ ਹਾਂ। ਉਹ ਭਵਸਾਗਰ ਵਿਚੋਂ ਪਾਰ ਕਰਾਉਣ ਵਾਲਾ ਇਕ ਜਹਾਜ਼ ਹੈ ਜਿਸ ਦੀ ਕ੍ਰਿਪਾ ਨਾਲ ਸੰਸਾਰ ਸਾਗਰ ਤਰਿਆ ਜਾ ਸਕਦਾ ਹੈ— ਸਤਿਗੁਰ ਵਿਟਹੁ ਵਾਰਿਆ ਜਿਤੁ ਮਿਲਿਐ ਖਸਮੁ ਸਮਾਲਿਆ ਜਿਨਿ ਕਰਿ ਉਪਦੇਸੁ ਗਿਆਨ ਅੰਜਨੁ ਦੀਆ ਇਨ੍ਹੀ ਨੇਤ੍ਰੀ ਜਗਤੁ ਨਿਹਾਲਿਆ (ਗੁ.ਗ੍ਰੰ.470)। ਅਸਲ ਵਿਚ, ਗੁਰੂ ਨਾਨਕ ਦੇਵ ਜੀ ਅਨੁਸਾਰ ‘ਗੁਰੂ’ ਦਾ ਮਾਨਦੰਡ ਹੀ ਇਹੀ ਹੈ ਕਿ ਉਹ ਸਭ ਦਾ ਉੱਧਾਰ ਕਰਕੇ ਪਰਮ-ਸੱਤਾ ਨਾਲ ਸਾਖਿਆਤਕਾਰ ਕਰਵਾ ਦੇਵੇ— ਨਾਨਕ ਸਤਿਗੁਰੁ ਐਸਾ ਜਾਣੀਐ ਜੋ ਸਭਸੈ ਲਏ ਮਿਲਾਇ ਜੀਉ (ਗੁ.ਗ੍ਰੰ.72)।

            ਸਪੱਸ਼ਟ ਹੈ ਕਿ ਗੁਰਬਾਣੀ ਵਿਚ ਗੁਰੂ ਦਾ ਸਭ ਤੋਂ ਵੱਡਾ ਕਰਤੱਵ ਜੀਵਾਤਮਾ ਦਾ ਪਰਮਾਤਮਾ ਨਾਲ ਮੇਲ ਕਰਾਉਣਾ, ਉਸ ਨੂੰ ਸਨਮਾਰਗ ਉਤੇ ਪਾਉਣਾ, ਅਤੇ ਉਸ ਦੇ ਅੰਦਰੋਂ ਵਿਸ਼ੇ-ਵਿਕਾਰਾਂ ਨੂੰ ਨਸ਼ਟ ਕਰਨਾ ਹੈ। ‘ਆਸਾ ਕੀ ਵਾਰ ’ ਵਿਚ ਇਸ ਗੱਲ ਉਤੇ ਬਲ ਦਿੰਦਿਆਂ ਗੁਰੂ ਨਾਨਕ ਦੇਵ ਜੀ ਨੇ ਗੁਰੂ ਦੀ ਉਸਤਤ ਕਰਨ ਲਈ ਜਿਗਿਆਸੂ ਨੂੰ ਪ੍ਰੇਰਿਤ ਕੀਤਾ ਹੈ ਕਿਉਂਕਿ ਉਹ ਗੁਰੂ ਮਨੁੱਖ ਦੇ ਮਨ ਅੰਤਰ ਦੀਆਂ ਬੁਰਾਈਆਂ ਨੂੰ ਕਢ ਕੇ ਉਸ ਨੂੰ ਸਾਤਵਿਕ ਅਵਸਥਾ ਪ੍ਰਦਾਨ ਕਰਦਾ ਹੈ— ਕਰਿ ਹੁਕਮੁ ਮਸਤਕਿ ਹਥੁ ਧਰਿ ਵਿਚਹੁ ਮਾਰਿ ਕਢੀਆ ਬੁਰਿਆਈਆ (ਗੁ.ਗ੍ਰੰ.473)।

            ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਗੁਰੂ ਦੀ ਬਹੁਤ ਅਧਿਕ ਮਹਿਮਾ ਗਾਈ ਗਈ ਹੈ। ਇਤਿਹਾਸ ਅਨੁਸਾਰ ਉਨ੍ਹਾਂ ਨੇ ਕੋਈ ਗੁਰੂ ਧਾਰਣ ਨਹੀਂ ਕੀਤਾ ਸੀ। ਇਸ ਲਈ ਉਨ੍ਹਾਂ ਦੀ ਬਾਣੀ ਵਿਚ ਗੁਰੂ ਦਾ ਸਰੂਪ-ਚਿਤ੍ਰਣ ਸਿੱਧਾਂਤਗਤ ਹੈ। ਗੁਰੂ ਜੀ ਨੇ ਪਰਮਾਤਮਾ ਨੂੰ ਹੀ ਆਪਣਾ ਗੁਰੂ ਘੋਸ਼ਿਤ ਕੀਤਾ ਹੈ— ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰੁ ਮਿਲਿਆ ਸੋਈ ਜੀਉ (ਗੁ.ਗ੍ਰੰ.599)। ਗੂਜਰੀ ਰਾਗ ਵਿਚ ਵੀ ਕਿਹਾ ਹੈ— ਬਡੇ ਭਾਗ ਗੁਰੁ ਸੇਵਹਿ ਅਪੁਨਾ ਭੇਦੁ ਨਾਹੀ ਗੁਰਦੇਵ ਮੁਰਾਰਿ (ਗੁ.ਗ੍ਰੰ.504)। ‘ਆਸਾ ਕੀ ਵਾਰ’ ਵਿਚ ਵੀ ਉਨ੍ਹਾਂ ਨੇ ਗੁਰੂ ਅਤੇ ਪਰਮਾਤਮਾ ਨੂੰ ਅਭਿੰਨ ਮੰਨਿਆ ਹੈ— ਸਤਿਗੁਰ ਵਿਚਿ ਆਪੁ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ ਗੁਰੂ ਰਾਮਦਾਸ ਜੀ ਅਨੁਸਾਰ ਗੁਰ ਗੋਵਿੰਦੁ ਗੋਵਿੰਦੁ ਗੁਰੂ ਹੈ ਨਾਨਕ ਭੇਦੁ ਭਾਈ (ਗੁ.ਗ੍ਰੰ.442)। ਗੁਰੂ ਅਰਜਨ ਦੇਵ ਜੀ ਅਨੁਸਾਰ ਗੁਰ ਪਾਰਬ੍ਰਹਮ ਪਰਮੇਸਰੁ ਸੋਇ। ਅਸਲ ਵਿਚ, ਪਰਮਾਤਮਾ ਦਾ ਸਥੂਲ ਰੂਪ ‘ਗੁਰੂ’ ਹੈ ਅਤੇ ‘ਗੁਰੂ’ ਦਾ ਸੂਖਮ ਰੂਪ ਪਰਮਾਤਮਾ ਹੈ। ਪਰਮਾਤਮਾ ਹੀ ਧਰਤੀ ਉਤੇ ਗੁਰੂ ਦੇ ਰੂਪ ਵਿਚ ਵਿਚਰ ਕੇ ਸਿੱਖ ਦਾ ਪਾਰ- ਉਤਾਰਾ ਕਰ ਰਿਹਾ ਹੈ।

            ਗੁਰੂ ਨਾਨਕ ਦੇਵ ਜੀ ਤੋਂ ਬਾਦ ਅਗਲੇ ਨੌਂ ਗੁਰੂਆਂ ਵਿਚ ਗੁਰੂ ਨਾਨਕ ਦੇਵ ਦੀ ਜੋਤਿ ਸ਼ਰੀਰਾਂਤਰਿਤ ਹੋਈ ਹੈ। ਸਤੇ ਬਲਵੰਡ ਦੀ ਵਾਰ ਵਿਚ ਸਪੱਸ਼ਟ ਕੀਤਾ ਗਿਆ ਹੈ—ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ (ਗੁ.ਗ੍ਰੰ.966)। ਗੁਰੂ-ਪਰੰਪਰਾ ਦੇ ਵਿਕਾਸ ਨਾਲ ਗੁਰੂ ਦਾ ਸਰੂਪ ਸਿੱਧਾਂਤਗਤ ਦੇ ਨਾਲ ਨਾਲ ਸੰਸਥਾਗਤ ਵੀ ਹੋ ਗਿਆ ਹੈ। ਅਗਲੇ ਨੌਂ ਗੁਰੂ— ਗੁਰੂ ਅੰਗਦ ਦੇਵ , ਗੁਰੂ ਅਮਰਦਾਸ , ਗੁਰੂ ਰਾਮਦਾਸ, ਗੁਰੂ ਅਰਜਨ ਦੇਵ, ਗੁਰੂ ਹਰਿਗੋਬਿੰਦ, ਗੁਰੂ ਹਰਿਰਾਇ, ਗੁਰੂ ਹਰਿਕ੍ਰਿਸ਼ਨ, ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ—ਉਤਰੋਤਰ ਆਪਣਾ ਕਰਤੱਵ ਨਿਭਾਉਂਦੇ ਰਹੇ ਹਨ। ਪਰ ਦਸਮ-ਗੁਰੂ ਨੇ ਆਪਣੀ ਭੌਤਿਕ ਲੀਲਾ ਸਮਾਪਤ ਕਰਨ ਵੇਲੇ ਸ਼ਰੀਰਧਾਰੀ ਗੁਰੂ ਦੀ ਸੰਸਥਾ ਨੂੰ ਖ਼ਤਮ ਕਰਕੇ ਸ਼ਬਦ (ਗੁਰਬਾਣੀ) ਨੂੰ ਸਥਾਈ ‘ਗੁਰੂ- ਪਦ’ ਪ੍ਰਦਾਨ ਕੀਤਾ।

            ਸਮੁੱਚੇ ਰੂਪ ਵਿਚ ਗੁਰੂ ਨੂੰ ਪਰਿਭਾਸ਼ਿਤ ਕਰਦਿਆਂ ਗੁਰੂ ਰਾਮਦਾਸ ਜੀ ਨੇ ‘ਗਉੜੀ ਕੀ ਵਾਰ ’ ਵਿਚ ਸਪੱਸ਼ਟ ਕੀਤਾ ਹੈ—ਸਤਿਗੁਰੁ ਪੁਰਖੁ ਅਗੰਮੁ ਹੈ ਜਿਸੁ ਅੰਦਰਿ ਹਰਿ ਉਰਿ ਧਾਰਿਆ ਸਤਿਗੁਰੂ ਨੋ ਅਪੜਿ ਕੋਇ ਸਕਈ ਜਿਸੁ ਵਲਿ ਸਿਰਜਣਹਾਰਿਆ ਸਤਿਗੁਰੂ ਕਾ ਖੜਗੁ ਸੰਜੋਉ ਹਰਿ ਭਗਤਿ ਹੈ ਜਿਤੁ ਕਾਲੁ ਕੰਟਕੁ ਮਾਰਿ ਵਿਡਾਰਿਆ (ਗੁ.ਗ੍ਰੰ. 312)।

            ਇਤਨੇ ਅਧਿਕ ਮਹੱਤਵ ਅਤੇ ਮਾਨਤਾ ਵਾਲੇ ਗੁਰੂ ਤੋਂ ਪਾਖੰਡੀ ਗੁਰੂ ਨੂੰ ਨਿਖੇੜਿਆ ਵੀ ਗਿਆ ਹੈ ਕਿਉਂਕਿ ਜੋ ਪਰਮਾਤਮਾ ਨੂੰ ਖ਼ੁਦ ਪਛਾਣ ਨਹੀਂ ਸਕਦੇ, ਉਹ ਆਪਣੇ ਚੇਲਿਆਂ ਨੂੰ ਕਿਵੇਂ ਸਹੀ ਮਾਰਗ ਉਤੇ ਪਾ ਸਕਦੇ ਹਨ। ਜੋ ਗੁਰੂ ਆਪ ਅਗਿਆਨੀ ਹੈ, ਉਹ ਆਪਣੇ ਅਨੁਯਾਈਆਂ ਨੂੰ ਕਿਵੇਂ ਸਹੀ ਮਾਰਗ ਉਤੇ ਪਾਏਗਾ, ਉਹ ਸਾਰੇ ਸਾਥੀਆਂ ਨੂੰ ਨਿਸਚੇ ਹੀ ਡੁਬੋਏਗਾ—ਨਾਨਕ ਅੰਧਾ ਹੋਇ ਕੈ ਦਸੇ ਰਾਹੈ ਸਭਸੁ ਮੁਹਾਏ ਸਾਥੈ (ਗੁ.ਗ੍ਰੰ.140)। ‘ਆਸਾ ਕੀ ਵਾਰ’ ਵਿਚ ਪਾਖੰਡੀ ਗੁਰੂ ਦੇ ਕਰਮ ਨੂੰ ਕੇਵਲ ਰੋਜ਼ੀ ਦਾ ਸਾਧਨ ਦਸਿਆ ਗਿਆ ਹੈ—ਵਾਇਨਿ ਚੇਲੇ ਨਚਨਿ ਗੁਰ ਪੈਰ ਹਲਾਇਨਿ ਫੇਰਨ੍ਹਿ ਸਿਰ ਉਡਿ ਉਡਿ ਰਾਵਾ ਝਾਟੈ ਪਾਇ ਵੇਖੈ ਲੋਕੁ ਹਸੈ ਘਰਿ ਜਾਇ ਰੋਟੀਆ ਕਾਰਣਿ ਪੂਰਹਿ ਤਾਲ ਆਪੁ ਪਛਾੜਹਿ ਧਰਤੀ ਨਾਲਿ (ਗੁ.ਗ੍ਰੰ.465)।

            ਗੁਰਬਾਣੀ ਵਿਚ ਜਿਥੇ ਗੁਰੂ ਦੀ ਅਤਿ-ਅਧਿਕ ਲੋੜ ਅਤੇ ਮਹਾਨਤਾ ਦਸੀ ਗਈ ਹੈ, ਉਥੇ ਨਾਲ ਨਾਲ ਗੁਰੂ ਤੋਂ ਬੇਮੁਖ ਹੋਏ ਵਿਅਕਤੀ ਜਾਂ ਨਿਗੁਰੇ ਵਿਅਕਤੀ ਦੀ ਸਥਿਤੀ ਉਤੇ ਵੀ ਚਾਨਣਾ ਪਾਇਆ ਗਿਆ ਹੈ। ਗੁਰੂ ਨਾਨਕ ਦੇਵ ਜੀ ਨੇ ਨਿਗੁਰੇ ਵਿਅਕਤੀ ਦੀ ਸਥਿਤੀ ਕਲਰੀ ਭੂਮੀ ਵਾਂਗ ਦਸੀ ਹੈ ਜੋ ਕੁਝ ਉਤਪੰਨ ਕਰਨ ਦੇ ਅਸਮਰਥ ਹੈ—ਕਾਲਰਿ ਬੀਜਸਿ ਦੁਰਮਤਿ ਐਸੀ ਨਿਗੁਰੇ ਕੀ ਨੀਸਾਣੀ (ਗੁ.ਗ੍ਰੰ. 1275)।

            ਗੁਰੂ ਨਾਨਕ ਦੇਵ ਜੀ ਨੇ ਨਿਗੁਰੇ ਵਿਅਕਤੀ ਨੂੰ ਝੂਠੇ ਤਿਲਾਂ ਦੇ ਬੂਟਿਆਂ ਵਰਗਾ ਦਸਿਆ ਹੈ ਕਿ ਕਿਵੇਂ ਉਨ੍ਹਾਂ ਨੂੰ ਖੇਤ ਵਿਚ ਅਣਗੌਲਿਆ ਛਡ ਦਿੱਤਾ ਜਾਂਦਾ ਹੈ ਅਤੇ ਫੁਲਣ ਫਲਣ ਦੇ ਬਾਵਜੂਦ ਅੰਤ ਵਿਚ ਉਹ ਸੁਆਹ ਹੀ ਬਣਦੇ ਹਨ— ਨਾਨਕ ਗੁਰੂ ਚੇਤਨੀ ਮਨਿ ਆਪਣੇ ਸੁਚੇਤ ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ ਖੇਤੇ ਅੰਦਰਿ ਛੁਟਿਆ ਕਹੁ ਨਾਨਕ ਸਉ ਨਾਹ ਫਲੀਅਹਿ ਫੁਲੀਅਹਿ ਬਪੁੜੇ ਭੀ ਤਨ ਵਿਚਿ ਸੁਆਹ (ਗੁ.ਗ੍ਰੰ.463)।

            ਗੁਰਬਾਣੀ ਵਿਚ ਗੁਰੂ-ਸ਼ਬਦ ਨੂੰ ਵੀ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ, ਗੁਰੂ-ਸ਼ਬਦ ਤੋਂ ਭਾਵ ਹੈ ਗੁਰੂ ਦੀ ਬਾਣੀ, ਗੁਰੂ ਦੀ ਮਤ , ਜਾਂ ਗੁਰੂ ਦੀ ਸਿਖਿਆ। ਇਸ ਵਿਚ ਗੁਰੂ ਦਾ ਰੂਪ ਰਮ ਰਿਹਾ ਹੁੰਦਾ ਹੈ, ਪ੍ਰਤਿਬਿੰਬਿਤ ਹੋ ਰਿਹਾ ਹੁੰਦਾ ਹੈ। ਇਸ ਦਾ ਉਤਨਾ ਹੀ ਮਹੱਤਵ ਹੈ ਜਿਤਨਾ ਗੁਰੂ ਦਾ ਆਪਣਾ। ਦਸ ਦੇਹਧਾਰੀ ਗੁਰੂ ਸਾਹਿਬਾਂ ਤੋਂ ਬਾਦ ਗੁਰੂ ਗੋਬਿੰਦ ਸਿੰਘ ਨੇ ਸ਼ਬਦ-ਰੂਪ ਗੁਰੂ ਨੂੰ ਹੀ ‘ਗੁਰੂ-ਪਦ’ ਪ੍ਰਦਾਨ ਕੀਤਾ। ਗੁਰੂ ਗ੍ਰੰਥ ਸਾਹਿਬ ਨੂੰ ‘ਗੁਰੂ’ ਇਸ ਲਈ ਹੀ ਮੰਨਿਆ ਜਾਂਦਾ ਹੈ ਕਿਉਂਕਿ ਉਸ ਵਿਚ ਗੁਰੂ-ਸ਼ਬਦ ਸੰਕਲਿਤ ਹੈ। ‘ਆਸਾ ਕੀ ਵਾਰ’ ਵਿਚ ਵੀ ਕਿਹਾ ਗਿਆ ਹੈ ਕਿ ਜੇ ਪਰਮਾਤਮਾ ਆਪਣੀ ਕ੍ਰਿਪਾ ਕਰੇ ਤਾਂ ਹੀ ਗੁਰੂ ਦਾ ਸ਼ਬਦ ਕਮਾਇਆ ਜਾ ਸਕਦਾ ਹੈ— ਕਿਰਪਾ ਕਰੇ ਜੇ ਆਪਣੀ ਤਾ ਗੁਰੂ ਕਾ ਸਬਦੁ ਕਮਾਹਿ

            ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਦਾ ਸਰਬ ਪ੍ਰਮੁਖ ਸਥਾਨ ਹੈ। ਗੁਰੂ ਤੋਂ ਬਿਨਾ ਪ੍ਰੇਮ-ਭਗਤੀ ਉਚਿਤ ਢੰਗ ਨਾਲ ਵਿਕਾਸ ਨਹੀਂ ਕਰ ਸਕਦੀ। ਗੁਰੂ ਦੁਆਰਾ ਪ੍ਰੇਰਿਆ ਅਤੇ ਨਿਰਦੇਸ਼ਿਆ ਜਿਗਿਆਸੂ ਹੀ ਅਧਿਆਤਮਿਕ ਯਾਤ੍ਰਾ ਵਿਚ ਸਫਲਤਾ ਪ੍ਰਾਪਤ ਕਰ ਸਕਦਾ ਹੈ। ਗੁਰੂ ਅਤੇ ਪਰਮਾਤਮਾ ਵਿਚ ਵੀ ਕੋਈ ਅੰਤਰ ਨਹੀਂ। ਗੁਰੂ ਦੇ ਵਾਸਤਵਿਕ ਲੱਛਣਾਂ ਅਤੇ ਗੁਣਾਂ ਤੋਂ ਸੁੰਨੇ ਵਿਅਕਤੀ ਜਾਂ ਪਾਖੰਡੀ ਗੁਰੂ ਤੋਂ ਬਚਣਾ ਚਾਹੀਦਾ ਹੈ। ਗੁਰੂ ਅਤੇ ਗੁਰੂ-ਸ਼ਬਦ ਵਿਚ ਵੀ ਕੋਈ ਅੰਤਰ ਨਹੀਂ ਹੈ ਕਿਉਂਕਿ ਸ਼ਬਦ ਗੁਰੂ ਦਾ ਵਾਚਿਕ ਸਰੂਪ ਹੈ। ਸਹੀ ਗੁਰੂ ਤੋਂ ਬਿਨਾ ਭਵਸਾਗਰ ਨੂੰ ਤਰ ਸਕਣਾ ਸਰਲ ਨਹੀਂ ਹੈ ਕਿਉਂਕਿ ਮਾਇਕ ਪ੍ਰਪੰਚ ਕਰਕੇ ਹਰ ਪਾਸੇ ਅੰਧਕਾਰ ਹੀ ਅੰਧਕਾਰ ਵਿਆਪਤ ਹੈ। ਇਸ ਅੰਧਕਾਰ ਨੂੰ ਪ੍ਰਕਾਸ਼ ਦੇ ਕਿਸੇ ਸੰਸਾਰਿਕ ਸਾਧਨ ਰਾਹੀਂ ਦੂਰ ਨਹੀਂ ਕੀਤਾ ਜਾ ਸਕਦਾ। ਗੁਰੂ ਨਾਨਕ ਦੇਵ ਜੀ ਦੀ ਸਥਾਪਨਾ ਹੈ ਕਿ ਜੇ ਸੈਂਕੜੇ ਚੰਨ ਚੜ੍ਹ ਪੈਣ ਅਤੇ ਹਜ਼ਾਰਾਂ ਸੂਰਜ ਉਦੋਂ ਹੋ ਜਾਣ , ਇਤਨਾ ਚਾਨਣ ਹੋਣ ਦੇ ਬਾਵਜੂਦ ਅਧਿਆਤਮਿਕ ਲਾਭ ਲਈ ਗੁਰੂ ਤੋਂ ਬਿਨ ਅੰਧਕਾਰ ਹੀ ਅੰਧਕਾਰ ਹੈ—ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ (ਗੁ.ਗ੍ਰੰ.463)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23747, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਗੁਰੂ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰੂ: ਇਕ ਅਧਿਆਤਮਿਕ ਆਗੂ ਅਤੇ ਉਪਦੇਸ਼ਕ ਹੈ। ਭਾਵੇਂ ਕਿ ਇਹ ‘ਸ਼ਬਦ` ਭਾਰਤੀ ਧਾਰਮਿਕ ਪਰੰਪਰਾ ਵਿਚ ਲੰਮੇ ਸਮੇਂ ਤੋਂ ਵਰਤਿਆ ਜਾ ਰਿਹਾ ਹੈ ਪਰ ਫਿਰ ਵੀ ਸਿੱਖ ਵਿਚਾਰਧਾਰਾ ਵਿਚ ਇਹ ਵਿਸ਼ੇਸ਼ ਅਰਥਾਂ ਵਿਚ ਵਰਤਿਆ ਜਾਂਦਾ ਹੈ। ਸਿੱਖ ਧਰਮ ‘ਮੁਰੀਦੀ` ਨੂੰ ਆਪਣੇ ਢੰਗ ਨਾਲ ਪ੍ਰਗਟ ਕਰਦਾ ਹੈ; ਸਿੱਖ ਸ਼ਬਦ (ਸੰਸਕ੍ਰਿਤ ਵਿਚ ਸ਼ਿਸ਼ਯ ਅਤੇ ਪਾਲੀ ਵਿਚ ਸਿੱਸ ਜਾਂ ਸੇਖ) ਦਾ ਅਰਥ ਹੈ ਸ਼ਾਗਿਰਦ ਜਾਂ ਸਿੱਖਣ ਵਾਲਾ। ਇਸ ਤਰ੍ਹਾਂ ਗੁਰੂ (ਅਧਿਆਪਕ ਜਾਂ ਹਨ੍ਹੇਰੇ ਵਿਚੋਂ ਕੱਢਣ ਵਾਲਾ) ਦਾ ਸੰਕਲਪ ਸਿੱਖ ਧਰਮ ਦਾ ਕੇਂਦਰ ਹੈ। ਸਿੱਖ ਵਿਸ਼ਵਾਸ ਅਨੁਸਾਰ, ਗੁਰੂ ਵਿਅਕਤੀ ਦੀ ਅਧਿਆਤਮਿਕ ਉਨਤੀ ਦਾ ਮਹੱਤਵਪੂਰਨ ਸਾਧਨ ਹੈ। ਗੁਰੂ ਇਕ ਸਿੱਖਿਅਕ ਹੈ ਜੋ ਪਥ-ਪ੍ਰਦਰਸ਼ਨ ਕਰਦਾ ਹੈ। ਗੁਰੂ ਵਿਚੋਲਾ ਨਹੀਂ ਬਲਕਿ ਆਦਰਸ਼ ਅਤੇ ਨਿਰਦੇਸ਼ਕ ਹੈ। ਉਹ ਪਰਮਾਤਮਾ ਦਾ ਅਵਤਾਰ ਨਹੀਂ ਬਲਕਿ ਉਸ ਰਾਹੀਂ ਪਰਮਾਤਮਾ ਲੋਕਾਈ ਨੂੰ ਦਿਸ਼ਾ ਨਿਰਦੇਸ਼ ਕਰਦਾ ਹੈ। ਉਹ ਪੂਰਨ ਤੌਰ ‘ਤੇ ਅਨੁਭਵੀ ਆਤਮਾ ਹੈ ਅਤੇ ਨਾਲ ਹੀ ਉਹ ਸਾਧਕਾਂ ਨੂੰ ਅਧਿਆਤਮਿਕ ਚੇਤਨਤਾ ਦੀ ਉੱਚਤਮ ਅਵਸਥਾ ਤਕ ਲੈ ਕੇ ਜਾਣ ਲਈ ਅਗਵਾਈ ਕਰਨ ਦੇ ਸਮਰੱਥ ਹੈ। ਗੁਰੂ ਨੂੰ ਪੌੜੀ ਅਤੇ ਚੱਪੂਆਂ ਵਾਲੀ ਕਿਸ਼ਤੀ ਕਿਹਾ ਜਾਂਦਾ ਹੈ ਜਿਸ ਰਾਹੀਂ ਵਿਅਕਤੀ ਪਰਮਾਤਮਾ ਤਕ ਪਹੁੰਚਦਾ ਹੈ। ਉਸਨੂੰ ਪਰਮਾਤਮਾ ਦੇ ਸ਼ਬਦ ਦਾ ਇਲਹਾਮ ਹੁੰਦਾ ਹੈ। ਉਸਦੇ ਰਾਹੀਂ ਪਰਮਾਤਮਾ ਦਾ ਸ਼ਬਦ ਮਾਨਵੀ ਇਤਿਹਾਸ ਵਿਚ ਪ੍ਰਵੇਸ਼ ਕਰਦਾ ਹੈ। ਗੁਰੂ ਪਰਮਾਤਮਾ ਦੀ ਅਵਾਜ਼ ਹੈ। ਵਿਅਕਤੀ ਗੁਰੂ ਦੀ ਸੂਝ ਅਤੇ ਨੈਤਿਕ ਦਇਆ ਕਾਰਨ ਉਸਦਾ ਉਪਦੇਸ਼ ਗ੍ਰਹਿਣ ਕਰਨ ਲਈ ਉਸ ਵੱਲ ਮੁੜਦਾ ਹੈ। ਉਹ ਮੁਕਤੀ ਦੇ ਮਾਰਗ ਵੱਲ ਸੰਕੇਤ ਕਰਦਾ ਹੈ। ਸਾਧਕ ਤਕ ਪਰਮਾਤਮਾ ਦੀ ਪ੍ਰਕ੍ਰਿਤੀ ਅਤੇ ਪ੍ਰੇਮ ਪਹੁੰਚਾਉਣ ਵਾਲਾ ਗੁਰੂ ਹੈ। ਇਹ ਗੁਰੂ ਹੈ ਜੋ ਪਰਮਾਤਮਾ ਦੀ ਉਸ ਕਿਰਪਾ ਨੂੰ ਗ੍ਰਹਿਣ ਕਰਦਾ ਹੈ ਜਿਸ ਨਾਲ ਹਉਮੈ ‘ਤੇ ਕਾਬੂ ਪਾਇਆ ਜਾ ਸਕੇ। ਪਰਮਾਤਮਾ ਦੇ ਪ੍ਰੇਮ ਅਤੇ ਉਸਦੀ ਸ੍ਰਿਸ਼ਟੀ ਦਾ ਗਵਾਹ ਗੁਰੂ ਹੈ। ਉਹ ਪਰਮਾਤਮਾ ਦੇ ਹੁਕਮ , ਭਾਵ ਇੱਛਾ ਨੂੰ ਠੋਸ ਰੂਪ ਦਿੰਦਾ ਹੈ।

     ਸਿੱਖ ਧਰਮ ਵਿਚ ਗੁਰਗੱਦੀ ਦੇਣ ਦੀ ਪ੍ਰਥਾ ਦਾ ਵਿਸ਼ੇਸ਼ ਵਰਨਨ ਕੀਤਾ ਗਿਆ ਹੈ। ਇਸ ਤੋਂ ਸਾਨੂੰ ਗੁਰੂ ਦੀ ਸਹੀ ਪ੍ਰਕ੍ਰਿਤੀ ਬਾਰੇ ਜਾਣਨ ਵਿਚ ਸਹਾਇਤਾ ਮਿਲਦੀ ਹੈ। ਗੁਰਗੱਦੀ ਇਕ ਗੁਰੂ ਤੋਂ ਦੂਜੇ ਗੁਰੂ ਤਕ ਇਸ ਤਰ੍ਹਾਂ ਤਬਦੀਲ ਹੋਈ ਹੈ ਜਿਵੇਂ ਇਕ ਮੋਮਬੱਤੀ ਤੋਂ ਦੂਜੀ ਮੋਮਬੱਤੀ ਰੋਸ਼ਨ ਹੁੰਦੀ ਹੈ। ਇਸ ਤਰ੍ਹਾਂ ਅਸਲ ਗੁਰੂ ਪਰਮਾਤਮਾ ਹੈ ਕਿਉਂਕਿ ਉਹ ਸਮੁੱਚੀ ਰੋਸ਼ਨੀ ਦਾ ਮੁੱਢ ਹੈ। ਇਹ ਸਪਸ਼ਟ ਹੈ ਕਿ ਗੁਰੂ ਨੂੰ ਮਨੁੱਖੀ ਆਕਾਰ ਨਾਲ ਨਹੀਂ ਮਿਲਾਇਆ ਜਾ ਸਕਦਾ। ਗੁਰੂ ਨਾਨਕ ਦੇਵ ਜੀ ਦੇ ਇਲਹਾਮ ਨਾਲ ਹੋਂਦ ਵਿਚ ਆਏ ਸਿੱਖ ਧਰਮ ਵਿਚ ਦਸ ਗੁਰੂਆਂ ਨੂੰ ਗੁਰਗੱਦੀ ਦੀ ਬਖ਼ਸ਼ਸ਼ ਪ੍ਰਾਪਤ ਹੋਈ। ਸਿੱਖ ਧਰਮ ਵਿਚ ਗੁਰੂ ਸ਼ਬਦ ਕੇਵਲ ਦਸ ਅਧਿਆਤਮਿਕ ਆਗੂਆਂ, ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਲਈ ਵਰਤਿਆ ਜਾਂਦਾ ਹੈ; ਇਸ ਸ਼ਬਦ ਦੀ ਵਰਤੋਂ ਸਿੱਖ ਧਰਮ ਵਿਚ ਕਿਸੇ ਹੋਰ ਵਿਅਕਤੀ ਲਈ ਨਹੀਂ ਹੋ ਸਕਦੀ। ਹੁਣ ਇਸ ਗੁਰਗੱਦੀ ‘ਤੇ ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਹਨ ਜਿਨ੍ਹਾਂ ਨੂੰ ਇਹ ਪਦਵੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ।

     ਗੁਰੂ ਸ਼ਬਦ ਦੇ ਵੱਖ-ਵੱਖ ਭਾਵ ਅਰਥ ਨਿਰੁਕਤੀ ਦੀਆਂ ਵੱਖ-ਵੱਖ ਵਿਆਖਿਆਵਾਂ ‘ਤੇ ਆਧਾਰਿਤ ਹਨ। ਸਿੱਖ ਧਰਮ ਵਿਚ ਜੋ ਆਮ ਤੌਰ ‘ਤੇ ਪ੍ਰਵਾਨ ਕੀਤਾ ਗਿਆ ਹੈ ਉਸ ਅਨੁਸਾਰ ‘ਗੁ` ਦਾ ਅਰਥ ਹੈ ਹਨ੍ਹੇਰਾ ਅਤੇ ‘ਰੂ` ਦਾ ਅਰਥ ਹੈ ਹਟਾਉਣਾ। ਇਸ ਤਰ੍ਹਾਂ ਗੁਰੂ ਉਸ ਨੂੰ ਕਿਹਾ ਜਾਂਦਾ ਹੈ ਕਿ ਜੋ ਅਗਿਆਨ ਦਾ ਹਨੇਰਾ ਖ਼ਤਮ ਕਰ ਦੇਵੇ। ਸਿੱਖ ਧਰਮ ਅਨੁਸਾਰ ਵਿਅਕਤੀ ਲਈ ਅਧਿਆਤਮਿਕ ਗਿਆਨ ਪ੍ਰਾਪਤੀ ਹਿਤ ਗੁਰੂ ਦੀ ਅਗਵਾਈ ਜ਼ਰੂਰੀ ਹੈ।

     ਸਿੱਖ ਧਰਮ ਗ੍ਰੰਥ ਵਿਚ ਗੁਰੂ ਦਾ ਸੰਕਲਪ ਕਿਸੇ ਇਕ ਵਿਸ਼ੇਸ਼ ਰਚਨਾ ਵਿਚ ਨਹੀਂ ਮਿਲਦਾ ਬਲਕਿ ਵੱਖ-ਵੱਖ ਰਚਨਾਵਾਂ ਵਿਚ ਇਸ ਦੇ ਹਵਾਲੇ ਮਿਲਦੇ ਹਨ। ਇਹ ਹਵਾਲੇ ਆਮ ਤੌਰ ‘ਤੇ ਅਲੰਕਾਰਿਕ ਅਤੇ ਪ੍ਰਤੀਕਾਤਮਿਕ ਹੋਣ ਦੇ ਨਾਲ-ਨਾਲ ਪ੍ਰਭਾਵਸ਼ਾਲੀ ਅਤੇ ਗੁਰੂ ਨਾਲ ਇਕਸੁਰਤਾ ਵਿਚ ਪ੍ਰਗਟ ਹੁੰਦੇ ਹਨ। ਗੁਰੂ ਨੂੰ ਕਈ ਅਰਥਾਂ ਵਿਚ ਵੇਖਿਆ ਗਿਆ ਹੈ ਜਿਵੇਂ ਕਿ ਤੀਰਥ-ਪਵਿੱਤਰ ਕਰ ਦੇਣ ਵਾਲਾ ਸਥਾਨ: ਖੇਵਟ , ਭਾਵ ਉਹ ਕਿਸ਼ਤੀਚਾਲਕ ਜੋ ਵਿਅਕਤੀ ਨੂੰ ਦੁਨਿਆਵੀ ਭਵ ਸਾਗਰ ਤੋਂ ਪਾਰ ਲੰਘਾਉਂਦਾ ਹੈ: ਸਰੋਵਰ , ਇਕ ਝੀਲ ਜਿੱਥੇ ਹੰਸ , ਭਾਵ ਸੰਤ ਪੁਰਸ਼ , ਨਿਵਾਸ ਕਰਦੇ ਅਤੇ ਭੋਜਨ ਲਈ ਧਾਰਮਿਕ ਸੂਝ ਦੇ ਮੋਤੀ ਚੁਗਦੇ ਹਨ; ਸਮੁੰਦ, ਸਮੁੰਦਰ ਜਿਸ ਨੂੰ ਹੀਰੇ-ਮੋਤੀਆਂ ਲਈ ਰਿੜਕਿਆ ਗਿਆ ਇਸੇ ਤਰ੍ਹਾਂ ਗੁਰੂ ਦੀ ਬਾਣੀ ਵੀ ਸਮੁੰਦਰ ਵਾਂਗ ਗਹਿਰੀ ਹੈ ਜਿਸ ਦੀ ਸੂਝ ਲੰਮੀ ਸਾਧਨਾ ਰਾਹੀਂ ਹੀ ਸੰਭਵ ਹੋ ਸਕਦੀ ਹੈ; ਦੀਪਕ, ਜੋ ਕਿ ਤਿੰਨੇ ਲੋਕਾਂ ਨੂੰ ਰੋਸ਼ਨ ਕਰਦਾ ਹੈ। ਹੋਰ ਤੁਲਨਾਤਮਿਕ ਅਧਿਐਨਾਂ ਵਿਚ ਗੁਰੂ ਨੂੰ ਵੱਖ-ਵੱਖ ਰੂਪਾਂ ਵਿਚ ਵੇਖਿਆ ਗਿਆ ਹੈ ਜਿਵੇਂ ਪੀਲਕ, ਪਾਗਲ ਹਾਥੀ ਨੂੰ ਕਾਬੂ ਕਰਨ ਵਾਲਾ, ਅਰਥਾਤ ਗੁਰੂ ਪਾਗਲ ਮਨ ‘ਤੇ ਕਾਬੂ ਪਾਉਣ ਵਿਚ ਸਹਾਇਤਾ ਕਰਦਾ ਹੈ; ਦਾਤਾ , ਸੂਝ ਦੇਣ ਵਾਲਾ; ਅੰਮ੍ਰਿਤਸਰ , ਨਾਮ ਦੇ ਅੰਮ੍ਰਿਤ ਦਾ ਖ਼ਜ਼ਾਨਾ, ਬਸੀਠ; ਜੋ ਸਾਧਕ ਨੂੰ ਪਰਮਾਤਮਾ ਨਾਲ ਜੋੜਦਾ ਹੈ, ਜੋਤਿ; ਪ੍ਰਕਾਸ਼ ਜੋ ਜਗਤ ਨੂੰ ਰੋਸ਼ਨ ਕਰਦਾ ਹੈ; ਅੰਜਨ; ਸੁਰਮਾ ਜੋ ਅਧਿਆਤਮਿਕ ਗਿਆਨ ਦੀ ਪ੍ਰਤੀਕ ਨਜ਼ਰ ਨੂੰ ਤੇਜ਼ ਕਰਦਾ ਹੈ, ਸਹਜੈ ਦਾ ਖੇਤ; ਸੰਤੁਲਨ ਜਾਂ ਟਿਕਾਉ ਦਾ ਖੇਤ , ਪਹਰੂਆ; ਪਹਿਰੇ- ਦਾਰ ਜੋ ਕਿ ਪੰਜ ਚੋਰਾਂ ਭਾਵ ਪੰਜ ਬੁਰਾਈਆਂ ਨੂੰ ਭਜਾ ਦਿੰਦਾ ਹੈ। ਗੁਰੂ, ਸੂਰਾ ਹੈ ਜਿਸ ਦੇ ਗਿਆਨ ਦੀ ਕਿਰਪਾਨ ਨਾਲ ਹਨ੍ਹੇਰੇ ਦਾ ਪਰਦਾ ਨਸ਼ਟ ਹੋ ਜਾਂਦਾ ਹੈ ਅਤੇ ਅਗਿਆਨ ਅਤੇ ਦੁਰਾਚਾਰ ‘ਤੇ ਕਾਬੂ ਪਾਇਆ ਜਾ ਸਕਦਾ ਹੈ। ਗੁਰੂ ਪਾਰਸ; ਦਾਰਸ਼ਨਿਕਾਂ ਦਾ ਪੱਥਰ ਜੋ ਲੋਹੇ ਨੂੰ ਸੋਨੇ ਵਿਚ ਬਦਲ ਦਿੰਦਾ ਹੈ, ਜੋ ਕਿ ਆਮ ਵਿਅਕਤੀ ਨੂੰ ਸਾਧ ਪੁਰਸ਼ ਬਣਾ ਦਿੰਦਾ ਹੈ। ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਤੁਲਨਾਵਾਂ ਕੀਤੀਆਂ ਜਾ ਸਕਦੀਆਂ ਹਨ।

     ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਅਰਜਨ ਦੇਵ ਜੀ ਦੀ ਰਚਨਾ ਬਾਵਨ ਅੱਖਰੀ ਦੀ ਪਹਿਲੀ ਪਉੜੀ ਸ੍ਰੇਸ਼ਟ ਕਲਾਸੀਕਲ ਵੰਨਗੀ ਵਿਚ ਗੁਰੂ ਦੇ ਸਤਿਕਾਰ ਲਈ ਸਿਫ਼ਤ ਦਾ ਸੋਹਿਲਾ ਹੈ। ਗੁਰਦੇਵ, ਭਾਵ ਦੈਵੀ ਪ੍ਰੇਰਿਤ ਗੁਰੂ, ਮਾਤਾ ਅਤੇ ਪਿਤਾ ਹੈ; ਉਹ ਸੁਆਮੀ ਅਤੇ ਸਰਵਉੱਚ ਮਾਲਕ ਹੈ। ਉਹ ਮਿੱਤਰ , ਸੰਬੰਧੀ ਅਤੇ ਭਰਾ ਹੈ। ਉਹ ਸਾਧਕ ਨੂੰ ਅਭੁੱਲਣਹਾਰ ਪਰਮ ਹਸਤੀ ਦਾ ਨਾਮ, ਭਾਵ ਮੰਤਰ , ਦਿੰਦਾ ਹੈ। ਗੁਰਦੇਵ ਉਹ ਪਾਰਸ ਹੈ ਜੋ ਸਭ ਪਾਰਸਾਂ ਤੋਂ ਉੱਤੇ ਹੈ। ਗੁਰਦੇਵ ਅੰਮ੍ਰਿਤ ਦੇ ਸਰੋਵਰ ਦਾ ਪਵਿੱਤਰ ਤੀਰਥ ਹੈ ਜਿਸਦਾ ਇਸ਼ਨਾਨ ਗਿਆਨ ਦੇ ਸਮੁੰਦਰ ਦਾ ਇਸ਼ਨਾਨ ਹੈ। ਗੁਰਦੇਵ ਪਾਪਾਂ ਤੋਂ ਮੁਕਤ ਕਰਦਾ ਹੈ; ਉਹ ਅਪਵਿੱਤਰ ਨੂੰ ਪਵਿੱਤਰ ਕਰਦਾ ਹੈ। ਆਦਿ ਜੁਗਾਦਿ ਤੋਂ ਹੀ ਗੁਰਦੇਵ ਦੀ ਹੋਂਦ ਹੈ, ਯੁੱਗਾਂ ਦੇ ਆਦਿ ਤੋਂ ਲੈ ਕੇ ਯੁੱਗਾਂ ਦੇ ਅਖੀਰ ਤਕ ਉਹ ਆਪ ਹੀ ਆਪ ਹੈ, ਭਾਵ ਉਸਦਾ ਪ੍ਰਕਾਸ਼ ਅਨਾਦਿ ਹੈ। ਕੇਵਲ ਉਸਦੇ ਨਾਮ ਦੀ ਸਿੱਖਿਆ ਹੀ ਮਾਨਵਤਾ ਨੂੰ ਬਚਾ ਸਕਦੀ ਹੈ (ਗੁ.ਗ੍ਰੰ. 250)।

     ਗੁਰੂ ਦੀ ਅਗਵਾਈ ਬਹੁਤ ਜ਼ਰੂਰੀ ਹੈ; ਗੁਰੂ ਦੀ ਰਹਿਨੁਮਾਈ ਤੋਂ ਬਗ਼ੈਰ ਕੋਈ ਵੀ ਅਧਿਆਤਮਿਕ ਪ੍ਰਾਪਤੀ ਸੰਭਵ ਨਹੀਂ। ਇਸ ਵਿਚਾਰ ਦੀ ਪ੍ਰੋੜਤਾ ਗੁਰੂ ਗ੍ਰੰਥ ਸਾਹਿਬ ਵਿਚ ਵਾਰ-ਵਾਰ ਕੀਤੀ ਗਈ ਹੈ:

     ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ॥

     ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ॥

 (ਗੁ. ਗ੍ਰੰ. 463)

     ਗੁਰ ਬਿਨੁ ਗਿਆਨੁ ਨ ਹੋਵਈ ਨਾ ਸੁਖੁ ਵਸੈ ਮਨਿ ਆਇ॥

 (ਗੁ. ਗ੍ਰੰ. 650)

ਗੁਰੂ ਨਾਨਕ ਦੇਵ ਜੀ ਫ਼ੁਰਮਾਨ ਕਰਦੇ ਹਨ, “ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ॥`` (ਗੁ. ਗ੍ਰੰ. 466) ਅਲੰਕਾਰਿਕ ਭਾਸ਼ਾ ਦਾ ਇਸਤੇਮਾਲ ਕਰਦੇ ਹੋਏ ਇਹ ਦਰਸਾਇਆ ਗਿਆ ਹੈ ਕਿ ਕੋਈ ਵੀ ਅੰਨਾਂ ਵਿਅਕਤੀ ਗੁਰੂ ਤੋਂ ਬਗ਼ੈਰ ਸਹੀ ਮਾਰਗ ‘ਤੇ ਨਹੀਂ ਚੱਲ ਸਕਦਾ ਜਿਵੇਂ ਕਿ ਪਉੜੀ ਬਗ਼ੈਰ ਮਕਾਨ ਦੀ ਛੱਤ ਤੇ ਨਹੀਂ ਪਹੁੰਚਿਆ ਜਾ ਸਕਦਾ ਅਤੇ ਕਿਸ਼ਤੀ ਦੀ ਸਹਾਇਤਾ ਬਿਨਾਂ ਦਰਿਆ ਪਾਰ ਨਹੀਂ ਕੀਤਾ ਜਾ ਸਕਦਾ। ਜਿਵੇਂ ਕਿ ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ, “ਸਤਿਗੁਰ ਬਾਝਹੁ ਗੁਰੁ ਨਹੀ ਕੋਈ ਨਿਗੁਰੇ ਕਾ ਹੈ ਨਾਉ ਬੁਰਾ॥” (ਗੁ.ਗ੍ਰੰ. 435)।

     ਗੁਰੂ ਦੀ ਅਗਵਾਈ ਅਤੇ ਦਇਆ ਨਾਲ ਜੋ ਕੁਝ ਗ੍ਰਹਿਣ ਹੁੰਦਾ ਹੈ ਉਸਦਾ ਵਰਨਨ ਗੁਰੂ ਗ੍ਰੰਥ ਸਾਹਿਬ ਵਿਚ ਇਸ ਤਰ੍ਹਾਂ ਕੀਤਾ ਗਿਆ ਹੈ:

     ਸਤਿਗੁਰੁ ਹੋਇ ਦਇਆਲੁ ਤ ਸਰਧਾ ਪੂਰੀਐ॥

     ਸਤਿਗੁਰੁ ਹੋਇ ਦਇਆਲੁ ਨ ਕਬਹੂੰ ਝੂਰੀਐ॥

     ਸਤਿਗੁਰੁ ਹੋਇ ਦਇਆਲੁ ਤਾ ਦੁਖੁ ਨ ਜਾਣੀਐ॥

     ਸਤਿਗੁਰੁ ਹੋਇ ਦਇਆਲੁ ਤਾ ਹਰਿ ਰੰਗੁ ਮਾਣੀਐ॥

     ਸਤਿਗੁਰ ਹੋਇ ਦਇਆਲੁ ਤ ਸਚਿ ਸਮਾਈਐ॥

 (ਗੁ.ਗ੍ਰੰ. 149)

     ਗੁਰੂ ਸਾਧਕ ਦੇ ਮਨ ਦੀ ਮੈਲ ਦੂਰ ਕਰਕੇ ਉਸਨੂੰ ਨਾਮ-ਸਿਮਰਨ ਵੱਲ ਲਾਉਂਦਾ ਹੈ। ਉਹ ਆਪਣੇ ਸਿੱਖ ਦੇ ਬੰਧਨ ਕੱਟਦਾ ਹੈ ਜੋ ਕਿ ਇੰਦਰੀਆਂ ਦੀਆਂ ਉਤੇਜਨਾਵਾਂ ਨੂੰ ਠੁਕਰਾ ਦਿੰਦਾ ਹੈ। ਉਹ ਆਪਣੇ ਸਿੱਖ ਦਾ ਭਲਾ ਚਾਹੁੰਦਾ ਹੈ ਅਤੇ ਉਸਨੂੰ ਆਪਣੇ ਪਿਆਰੇ ਦੀ ਤਰ੍ਹਾਂ ਪਾਲਦਾ ਹੈ। ਗੁਰੂ ਦੀ ਛੋਹ ਵਿਵਹਾਰ ਦੀਆਂ ਸਮੂਹ ਬੁਰਾਈਆਂ ਦਾ ਨਾਸ਼ ਕਰ ਦਿੰਦੀ ਹੈ। ਨਲ੍ਹ ਭੱਟ ਸੰਕੇਤਕ ਭਾਸ਼ਾ ਵਿਚ ਗੁਰੂ ਦੀ ਪਰਿਵਰਤਨ ਸ਼ਕਤੀ ਦਾ ਹਵਾਲਾ ਦਿੰਦਾ ਹੈ: “ਗੁਰੂ ਦਾ ਸ਼ਬਦ ਸੁਨਣ ਨਾਲ ਮੈਂ ਘਟੀਆ ਧਾਤ ਤੋਂ ਸੋਨਾ ਬਣ ਗਿਆ ਹਾਂ। ਗੁਰੂ ਦੁਆਰਾ ਦਿੱਤੇ ਹੋਏ ਨਾਮ ਦੇ ਸਿਮਰਨ ਨਾਲ ਜ਼ਹਿਰ ਵੀ ਅੰਮ੍ਰਿਤ ਵਿਚ ਬਦਲ ਜਾਂਦਾ ਹੈ। ਗੁਰੂ ਦੀ ਬਖ਼ਸ਼ਸ਼ ਨਾਲ ਮੈਂ ਲੋਹੇ ਤੋਂ ਸੋਨਾ ਬਣ ਗਿਆ ਹਾਂ। ਗੁਰੂ ਦੁਆਰਾ ਪ੍ਰਦਾਨ ਕੀਤੀ ਗਿਆਨ ਦੀ ਰੋਸ਼ਨੀ ਵਿਚ ਪੱਥਰ ਵੀ ਹੀਰਾ ਬਣ ਜਾਂਦਾ ਹੈ। ਗੁਰੂ ਆਮ ਲੱਕੜ ਨੂੰ ਸੁਗੰਧਿਤ ਸੰਦਲ ਦੀ ਲੱਕੜ ਵਿਚ ਬਦਲ ਕੇ ਸਮੂਹ ਦੁੱਖਾਂ ਅਤੇ ਤਕਲੀਫ਼ਾਂ ਦਾ ਨਾਸ਼ ਕਰ ਦਿੰਦਾ ਹੈ। ਗੁਰੂ ਦੇ ਚਰਨਾਂ ਦੀ ਸੇਵਾ ਕਰਨ ਨਾਲ ਮੂਰਖ ਅਤੇ ਬੁਰੇ ਵੀ ਫਰਿਸ਼ਤੇ, ਭਾਵ ਚੰਗੇ ਮਨੁੱਖ, ਬਣ ਗਏ ਹਨ” (ਗੁ. ਗ੍ਰੰ. 1399)।

     ਪਰਮਾਤਮਾ, ਜੋ ਕਿ “ਰੂਪ, ਰੰਗ ਜਾਂ ਸ਼ਕਲ ਰਹਿਤ ਹੈ”, ਆਤਮ-ਸੰਚਾਰਿਤ ਹੈ। ਸ਼ਬਦ ਰਾਹੀਂ ਉਸ ਦਾ ਪ੍ਰਕਾਸ਼ ਹੁੰਦਾ ਹੈ। ਜਿਵੇਂ ਗੁਰੂ ਨਾਨਕ ਦੇਵ ਜੀ ਦੱਸਦੇ ਹਨ: ਘਟ ਘਟ ਅੰਤਰਿ ਬ੍ਰਹਮੁ ਲੁਕਾਇਆ ਘਟਿ ਘਟਿ ਜੋਤਿ ਸਬਾਈ॥ ਬਜਰ ਕਪਾਟ ਮੁਕਤੇ ਗੁਰਮਤੀ ਨਿਰਭੈ ਤਾੜੀ ਲਾਈ॥ (ਗੁ.ਗ੍ਰੰ. 597)

     ਇੱਥੇ ਸ਼ਬਦ ਅਤੇ ਗੁਰੂ ਨਾਲ-ਨਾਲ ਹਨ। ਉਹ ਅਕਸਰ ਇਕੋ ਸ਼ਬਦ, ਸ਼ਬਦਗੁਰੂ ਬਣ ਜਾਂਦਾ ਹੈ ਭਾਵ ਸ਼ਬਦ ਗੁਰੂ ਇਕਮਿਕ ਹੋ ਜਾਂਦਾ ਹੈ:

     ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ॥         

 (ਗੁ.ਗ੍ਰੰ. 635)

     ਸਭਸੈ ਊਪਰਿ ਗੁਰ ਸਬਦੁ ਬੀਚਾਰੁ॥

     ਹੋਰ ਕਥਨੀ ਬਦਉ ਨ ਸਗਲੀ ਛਾਰੁ॥ (ਗੁ.ਗ੍ਰੰ. 904)

     ਹਰ ਜੀਉ ਸਬਦਿ ਪਛਾਣੀਐ ਸਾਚਿ ਰਤੇ ਗੁਰ ਵਾਕਿ॥

 (ਗੁ.ਗ੍ਰੰ. 55)

     ਗੁਰੂ ਰਾਮਦਾਸ ਜੀ ਦੱਸਦੇ ਹਨ ਕਿ ਸ਼ਬਦ ਅਤੇ ਗੁਰੂ ਇਕੋ ਜਿਹੇ ਹਨ:

     “ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ”                      

 (ਗੁ. ਗ੍ਰੰ. 982)

     ਸਰਵਵਿਆਪਕ ਸ਼ਬਦ ਦਾ ਪ੍ਰਗਟਾਵਾ ਮਨੁੱਖੀ ਸਾਧਨ, ਗੁਰੂ ਰਾਹੀਂ ਪਰਮਾਤਮਾ ਦੇ ਹੁਕਮ ਵਿਚ ਹੁੰਦਾ ਹੈ। ਸਿੱਖ ਧਰਮ ਵਿਚ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਗੁਰੂ ਸਾਹਿਬਾਨ ਨੇ ਸ਼ਬਦ ਦਾ ਪ੍ਰਗਟਾਵਾ ਪਰਮਾਤਮਾ ਦੀ ਕਿਰਪਾ ਰਾਹੀਂ ਕੀਤਾ। ਗੁਰੂ ਨਾਨਕ ਦੇਵ ਜੀ ਦੱਸਦੇ ਹਨ: “ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ” (ਗੁ.ਗ੍ਰੰ. 722)

     ਗੁਰੂ ਅਰਜਨ ਦੇਵ ਜੀ ਇੰਜ, ਫੁਰਮਾਉਂਦੇ ਹਨ:

ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ॥ (ਗੁ. ਗ੍ਰੰ. 763) ਅਤੇ ਗੁਰੂ ਰਾਮਦਾਸ ਜੀ ਬਾਣੀ ਬਾਬਤ ਇੰਜ ਸਮਝਾਉਂਦੇ ਹਨ: “ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ” (ਗੁ. ਗ੍ਰੰ. 308)।

     ਇਸ ਤਰ੍ਹਾਂ ਪਰਮਾਤਮਾ ਸਮੁੱਚੀ ਸ੍ਰਿਸ਼ਟੀ ਦਾ ਆਦਿ ਗੁਰੂ ਹੈ। ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਗੁਰੂ ਦਾ ਵਿਖਿਆਨ ਕੀਤਾ ਹੈ। ਉਹਨਾਂ ਦੀ ਇਕ ਰਚਨਾ, ਸਿਧ ਗੋਸਟਿ , ਯੋਗੀਆਂ ਦੇ ਇਕ ਸੰਪਰਦਾਇ ਨਾਲ ਗੋਸ਼ਟੀ ਦੇ ਰੂਪ ਵਿਚ ਹੈ। ਉਸ ਵਿਚ ਇਕ ਯੋਗੀ ਗੁਰੂ ਜੀ ਨੂੰ ਸੁਆਲ ਪੁੱਛਦਾ ਹੈ, “ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ” (ਗੁ.ਗ੍ਰੰ. 942)। ਇਸਦੇ ਜੁਆਬ ਵਿਚ ਗੁਰੂ ਨਾਨਕ ਦੇਵ ਜੀ ਦੱਸਦੇ ਹਨ: ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ਅਕਥ ਕਥਾ ਲੇ ਰਹਉ ਨਿਰਾਲਾ॥ ਨਾਨਕ ਜੁਗਿ ਜੁਗਿ ਗੁਰ ਗੋਪਾਲਾ॥(ਗੁ.ਗ੍ਰੰ. 943)                   

     ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੇ ਉੱਤਰਾ- ਧਿਕਾਰੀਆਂ ਨੇ ਹੋਰ ਵੀ ਕਈ ਜਗ੍ਹਾ ਇਸ ਕਥਨ ਦੀ ਪ੍ਰੋੜ੍ਹਤਾ ਕੀਤੀ ਹੈ ਕਿ ਪਰਮਾਤਮਾ ਹੀ ਸਤਿਗੁਰੂ ਹੈ।

ਤਤੁ ਨਿਰੰਜਨੁ ਜੋਤਿ ਸਬਾਈ ਸੋਹੰ ਭੇਦੁ ਨ ਕੋਈ ਜੀਉ॥

ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰੁ ਮਿਲਿਆ ਸੋਈ ਜੀਉ॥ (ਗੁ.ਗ੍ਰੰ. 599)

ਸਫਲ ਮੂਰਤਿ ਗੁਰਦੇਉ ਸੁਆਮੀ ਸਰਬ ਕਲਾ ਭਰਪੂਰੇ

ਨਾਨਕ ਗੁਰੁ ਪਾਰਬ੍ਰਹਮੁ ਪਰਮੇਸਰੁ ਸਦਾ ਸਦਾ ਹਜੂਰੇ॥ (ਗੁ.ਗ੍ਰੰ. 802)

     ਸਿੱਖ ਵਿਸ਼ਵਾਸ ਅਨੁਸਾਰ ਗੁਰੂ ਅਤੇ ਪਰਮਾਤਮਾ ਦੀ ਆਤਮਾ ਵਿਚ ਕੋਈ ਫ਼ਰਕ ਨਹੀਂ। ਗੁਰੂ ਰਾਮਦਾਸ ਜੀ ਫ਼ੁਰਮਾਉਂਦੇ ਹਨ, ਗੁਰ ਗੋਵਿੰਦੁ ਗੋਵਿੰਦੁ ਗੁਰੂ ਹੈ ਨਾਨਕ ਭੇਦੁ ਨ ਭਾਈ (ਗੁ.ਗ੍ਰੰ. 442)। ਸਤਿਗੁਰ ਵਿਚਿ ਆਪੁ ਰਖਿਓਨੁ ਕਰ ਪਰਗਟੁ ਆਖਿ ਸੁਣਾਇਆ (ਗੁ.ਗ੍ਰੰ. 466)। ਗੁਰੁ ਪਰਮੇਸਰੁ ਏਕੋ ਜਾਣੁ॥(ਗੁ.ਗ੍ਰੰ. 864)। ਮਨੁੱਖੀ ਹਸਤੀ ਦੀ ਅਸਲ ਸ਼ਖ਼ਸੀਅਤ ਆਤਮਾ ਹੈ, ਭੌਤਿਕ ਸਰੀਰ ਤਾਂ ਆਤਮਾ ਦਾ ਕੇਵਲ ਆਰਜੀ ਨਿਵਾਸ ਸਥਾਨ ਹੈ। ਅਨਾਦਿ ਜੋਤ ਤੋਂ ਨਿਕਲੀ ਹੋਈ ਆਤਮਾ ਵੀ ਅਨਾਦਿ ਹੈ। “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ” (ਗੁ. ਗ੍ਰੰ. 441)। ਸਰੀਰਿਕ ਆਕਾਰ ਵਿਚ ਲਿਪਟੀ ਹੋਈ ਇਹ ਆਤਮਾ ਭੌਤਿਕ ਜਗਤ ਵਿਚ ਇੰਨੀ ਗੜੁਚ ਹੋ ਜਾਂਦੀ ਹੈ ਕਿ ਆਪਣੇ ਮੂਲ ਨੂੰ ਭੁੱਲ ਜਾਂਦੀ ਹੈ ਅਤੇ ਆਪਣੀ ਮੂਲ ਜੋਤ ਨਾਲੋਂ ਟੁੱਟ ਜਾਂਦੀ ਹੈ। ਇਸ ਸੰਦਰਭ ਵਿਚ ਗੁਰੂ ਅਤੇ ਪਰਮਾਤਮਾ ਵਿਚ ਕੋਈ ਵੀ ਫ਼ਰਕ ਦਿਖਾਈ ਨਹੀਂ ਦਿੰਦਾ। ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਅਤੇ ਸਤਿਗੁਰੂ ਦੋ ਵੱਖ-ਵੱਖ ਅਰਥਾਂ ਵਿਚ ਆਇਆ ਹੈ। ਇਹ ਪਰਮਾਤਮਾ ਅਤੇ ਉਸਦੇ ਚੁਣੇ ਹੋਏ ਪੈਗੰਬਰ ਲਈ ਵਰਤਿਆ ਜਾ ਸਕਦਾ ਹੈ।

     ਸੱਚੇ ਗੁਰੂ ਨੂੰ ਅਸਾਨੀ ਨਾਲ ਪਛਾਣਿਆ ਜਾ ਸਕਦਾ ਹੈ। ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ॥ ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ॥ ਅਰਥਾਤ “ਸੱਚਾ ਗੁਰੂ ਉਹ ਹੈ ਜਿਸ ਨੇ ਪਰਮਾਤਮਾ ਨੂੰ ਜਾਣ ਲਿਆ ਹੈ ਅਤੇ ਜਿਸਦੀ ਸੰਗਤ ਨਾਲ ਸਿੱਖ ਤਰ ਜਾਂਦੇ ਹਨ” (ਗੁ.ਗ੍ਰੰ. 286)।ਸੋ ਸਤਿਗੁਰੂ ਜਿਸੁ ਰਿਦੈ ਹਰਿ ਨਾਉ॥ ਅਰਥਾਤ “ਸੱਚਾ ਗੁਰੂ ਉਹ ਹੈ ਜਿਸ ਦੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਨਿਵਾਸ ਹੈ” (ਗੁ.ਗ੍ਰੰ. 287)। ਜਿਸ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੁ ਕਹੀਐ॥ ਮਨ ਕੀ ਦੁਬਿਧਾ ਬਿਨਸਿ ਜਾਇ ਹਰਿ ਪਰਮ ਪਦੁ ਲਹੀਐ॥ ਅਰਥਾਤ “ਸੱਚਾ ਗੁਰੂ ਉਹ ਹੈ ਜਿਸ ਦੇ ਮਿਲਾਪ ਨਾਲ ਮਨ ਖੇੜੇ ਅਤੇ ਅਨੰਦ ਵਿਚ ਆ ਜਾਵੇ। ਸੱਚਾ ਗੁਰੂ ਮਨ ਦੀ ਦੁਬਿਧਾ ਨੂੰ ਦੂਰ ਕਰਕੇ ਆਪਣੇ ਸਿੱਖ ਨੂੰ ਪਰਮਪਦ ਦੀ ਉੱਚਤਮ ਅਵਸਥਾ ਤਕ ਲੈ ਜਾਂਦਾ ਹੈ” (ਗੁ.ਗ੍ਰੰ. 168)। ਸੋ ਸਤਿਗੁਰੁ ਧਨੁ ਧੰਨੁ ਜਿਨਿ ਭਰਮ ਗੜੁ ਤੋੜਿਆ॥ ਸੋ ਸਤਿਗੁਰੁ ਵਾਹੁ ਵਾਹੁ ਜਿਨਿ ਹਰਿ ਸਿਉ ਜੋੜਿਆ॥ ਅਰਥਾਤ “ਸੱਚਾ ਗੁਰੂ ਧੰਨ ਹੈ ਜਿਸ ਨੇ ਅਗਿਆਨ ਦਾ ਕਿਲ੍ਹਾ ਤੋੜ ਦਿੱਤਾ ਹੈ; ਸੱਚੇ ਗੁਰੂ ਦੀ ਵਾਹ ਵਾਹ ਹੈ ਜਿਸਨੇ ਜਿਗਿਆਸੂ ਨੂੰ ਪਰਮਾਤਮਾ ਨਾਲ ਮਿਲਾਇਆ ਹੈ” (ਗੁ.ਗ੍ਰੰ. 522)। ਗੁਰੂ ਇਸ ਤਰ੍ਹਾਂ ਦਾ ਹੁਕਮ ਦਿੰਦਾ ਹੈ ਜਿਸ ਨਾਲ ਮਾਨਵਤਾ ਦੀ ਮੁਕਤੀ ਸੰਭਵ ਹੋਵੇ। ਉਹ ਪਰਮਾਤਮਾ ਦੇ ਸੰਦੇਸ਼ ਦਾ ਸੰਚਾਰ ਮਨੁੱਖਾਂ ਤਕ ਕਰਦਾ ਹੈ ਅਤੇ ਉਹਨਾਂ ਨੂੰ ਬਚਾਉਣ ਲਈ ਬਖ਼ਸ਼ਸ਼ ਦਾ ਕਾਰਜ ਕਰਦਾ ਹੈ। ਗੁਰੂ ਨੂੰ ਪਰਮਾਤਮਾ ਨੇ ਭੇਜਿਆ ਹੈ ਪਰ ਉਹ ਪਰਮਾਤਮਾ ਦਾ ਅਵਤਾਰ ਨਹੀਂ।ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ॥ ਅਰਥਾਤ “ਉਹ ਜ਼ਬਾਨ ਸੜ ਜਾਵੇ ਜੋ ਕਹਿੰਦੀ ਹੈ ਕਿ ਪਰਮਾਤਮਾ ਜਨਮ ਲੈਂਦਾ ਹੈ” (ਗੁ.ਗ੍ਰੰ. 1136)। ਉਹ ਅਜੂਨੀ ਹੈ; ਉਹ ਸੈਭੰ ਹੈ। ਉੱਚਤਮ ਸ਼ਰਧਾਂਜਲੀ ਅਤੇ ਸ਼ਰਧਾ ਗੁਰੂ ਲਈ ਰਾਖਵੀਂ ਹੈ। ਗੁਰੂ ਲਈ ਸ਼ਰਧਾ ਧਾਰਮਿਕ ਵਿਅਕਤੀ ਦਾ ਤੱਤਮਈ ਗੁਣ ਸਮਝਿਆ ਜਾਂਦਾ ਹੈ। ਗੁਰੂ ਤੋਂ ਵੱਖ ਹੋਣ ਦਾ ਦੁੱਖ ਅਤੇ ਉਸਨੂੰ ਮਿਲਣ ਦਾ ਅਨੰਦ ਗਹਿਨ ਤੀਬਰਤਾ ਵਾਲੇ ਕਾਵਿ ਵਿਚ ਵੇਖਿਆ ਜਾ ਸਕਦਾ ਹੈ ਜਿਵੇਂ ਗੁਰੂ ਅਰਜਨ ਦੇਵ ਜੀ ਦੇ ਰਾਗ ਮਾਝ ਵਿਚਲੇ ਸ਼ਬਦ ਵਿਚ ਦਰਸਾਇਆ ਗਿਆ ਹੈ (ਗੁ. ਗ੍ਰੰ. 96-97)।

     ਗੁਰੂ ਨਾਨਕ ਦੇਵ ਜੀ ਨੂੰ ਪੰਡਤਾਂ, ਗੁਰੂਆਂ ਅਤੇ ਪੀਰਾਂ ਵਰਗੇ ਮਨੁੱਖੀ ਧਾਰਮਿਕ ਆਗੂਆਂ ਪ੍ਰਤੀ ਸੰਦੇਹ ਸੀ। ਉਹ ਆਮ ਤੌਰ ‘ਤੇ ਅਗਿਆਨਤਾ ਅਤੇ ਵਹਿਮਾਂ- ਭਰਮਾਂ ਸੰਬੰਧੀ ਅੰਨ੍ਹੇ ਮਾਰਗ-ਦਰਸ਼ਕ, ਅਖੌਤੀ ਆਗੂ ਅਤੇ ਵਪਾਰੀ ਸਮਝੇ ਜਾਂਦੇ ਸਨ। ਗੁਰੂ ਜੀ ਅਜਿਹੇ ਆਗੂਆਂ ਵਿਰੁੱਧ ਚੇਤੰਨ ਕਰਦੇ ਹਨ:

     ਗੁਰੁ ਪੀਰੁ ਸਦਾਏ ਮੰਗਣ ਜਾਇ॥

     ਤਾ ਕੈ ਮੂਲਿ ਨ ਲਗੀਐ ਪਾਇ॥

     ਘਾਲਿ ਖਾਇ ਕਿਛੁ ਹਥਹੁ ਦੇਇ॥

     ਨਾਨਕ ਰਾਹੁ ਪਛਾਣਹਿ ਸੇਇ॥ (ਗੁ.ਗ੍ਰੰ. 1245)

     ਜਿਸਦਾ ਗੁਰੂ ਅੰਨਾ ਹੈ ਉਹ ਚੇਲਾ ਉਦੇਸ਼ ਪ੍ਰਾਪਤ ਨਹੀਂ ਕਰ ਸਕਦਾ (ਗੁ.ਗ੍ਰੰ. 58)। ਇਸ ਵਿਚਾਰ ਦੀ ਪ੍ਰੋੜਤਾ ਕਰਦੇ ਹੋਏ ਤੀਜੇ ਗੁਰੂ ਦੱਸਦੇ ਹਨ:

     ਗੁਰੂ ਜਿਨਾ ਕਾ ਅੰਧੁਲਾ ਸਿਖ ਭੀ ਅੰਧੇ ਕਰਮ ਕਰੇਨਿ॥

     ਓਇ ਭਾਣੈ ਚਲਨਿ ਆਪਣੈ ਨਿਤ ਝੂਠੋ ਝੂਠੁ ਬੋਲੇਨਿ॥

 (ਗੁ.ਗ੍ਰੰ. 951)।

     ਜਦੋਂ ਗੁਰੂ ਨਾਨਕ ਆਪਣੇ ਗੁਰੂ ਜਾਂ ਸਤਿਗੁਰੂ ਦੀ ਗੱਲ ਕਰਦੇ ਹਨ ਤਾਂ ਉਹਨਾਂ ਦੇ ਮਨ ਵਿਚ ਉਪਰੋਕਤ ਗੁਰੂਆਂ ਦਾ ਪ੍ਰਗਟਾਵਾ ਨਹੀਂ ਹੈ। ਸੱਚੇ ਗੁਰੂ ਦਾ ਅਰਥ ਹੈ ਪਰਮਾਤਮਾ ਦੀ ਆਤਮ ਅਨੁਭੂਤੀ। ਉਹ ਅਗੰਮ ਅਤੇ ਅਕੱਥ ਈਸ਼ਵਰ ਦਾ ਪ੍ਰਗਟਾਵਾ ਕਰਦੇ ਹਨ। ਗੁਰੂ ਸਾਹਿਬ ਪਰਮਾਤਮਾ ਨੂੰ ਸੱਚਾਈ ਨਾਲ ਅਤੇ ਸ਼ਬਦ ਦੇ ਪ੍ਰਗਟਾਵੇ ਰਾਹੀਂ ਉਸਦੀ ਬਖ਼ਸ਼ਸ਼ ਦਾ ਸਰਵੋਤਮ ਕਾਰਜ ਚਿੰਨ੍ਹਤ ਕਰਦੇ ਹਨ। ਸੱਚਾ ਗੁਰੂ ਸੰਸਾਰ ਦੇ ਸਮੂਹ ਲੋਕਾਂ ਨੂੰ ਇਕਜੁੱਟ ਕਰਨ ਅਤੇ ਪਰਮਾਤਮਾ ਨਾਲ ਜੋੜਨ ਲਈ ਆਉਂਦਾ ਹੈ। ਝੂਠਾ ਗੁਰੂ ਵੰਡੀਆਂ, ਦੁਫੇੜ ਅਤੇ ਪੱਖਪਾਤ ਪੈਦਾ ਕਰਦਾ ਹੈ। ਸੱਚਾ ਗੁਰੂ, ਜਿਵੇਂ ਕਿ ਸਿੱਖ ਧਰਮ ਦੇ ਇਤਿਹਾਸ ਵਿਚ ਦਰਸਾਇਆ ਗਿਆ ਹੈ, ਬੁਰੀਆਂ ਤਾਕਤਾਂ ਨੂੰ ਕੁਚਲਣ ਅਤੇ ਚੰਗੀਆਂ ਤਾਕਤਾਂ ਦੇ ਉਥਾਨ ਲਈ ਆਉਂਦਾ ਹੈ। ਉਹ ਧਰਮ ਦੀਆਂ ਕਦਰਾਂ-ਕੀਮਤਾਂ ਨੂੰ ਪੁਨਰ-ਸੁਰਜੀਤ ਕਰਨ ਆਉਂਦਾ ਹੈ।

     ਸਿੱਖ ਧਰਮ ਵੱਖ-ਵੱਖ ਦਸ ਗੁਰੂਆਂ ਦੀ ਅਗਵਾਈ ਹੇਠ 1469 ਤੋਂ 1708 ਤਕ ਵਿਕਸਤ ਹੋਇਆ। ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਨੇ ਕਿਸੇ ਵੀ ਵਿਅਕਤੀ ਉੱਤਰਾਧਿਕਾਰੀ ਦੀ ਨਿਯੁਕਤੀ ਨਹੀਂ ਕੀਤੀ ਬਲਕਿ ਗੁਰਗੱਦੀ ਧਾਰਮਿਕ ਗ੍ਰੰਥ, ਗੁਰੂ ਗ੍ਰੰਥ ਸਾਹਿਬ ਨੂੰ ਦੇ ਦਿੱਤੀ। ਗੁਰੂ ਸਾਹਿਬਾਨ ਅਤੇ ਉਹਨਾਂ ਦੇ ਸਿੱਖਾਂ ਨੇ ਸ਼ਬਦ ਨੂੰ ਹਮੇਸ਼ਾਂ ਦੈਵੀ ਸਿਰਜਨਾ ਦੇ ਰੂਪ ਵਿਚ ਵੇਖਿਆ। ਗੁਰੂ ਨੇ ਸ਼ਬਦ ਨੂੰ ਪ੍ਰਗਟ ਕੀਤਾ ਹੈ। ਜਦੋਂ ਗੁਰੂ ਗੋਬਿੰਦ ਸਿੰਘ ਜੀ ਪਵਿੱਤਰ ਗ੍ਰੰਥ ਨੂੰ ਗੁਰੂ ਦਾ ਦਰਜਾ ਦੇ ਕੇ ਜੋਤੀ-ਜੋਤਿ ਸਮਾ ਗਏ ਉਸ ਸਮੇਂ ਤੋਂ ਹੀ ਸ਼ਬਦ ਨੂੰ ਗੁਰੂ ਦੇ ਸਮਰੂਪ ਮੰਨਿਆ ਗਿਆ। ਸੱਤਾ ਅਤੇ ਬਲਵੰਡ ਹਜ਼ੂਰੀ ਢਾਡੀਆਂ ਨੇ ਆਪਣੀ ਰਾਮਕਲੀ ਵਾਰ ਵਿਚ ਗੁਰੂ ਸਾਹਿਬਾਨ ਦੇ ਤਿੰਨ ਪੱਖਾਂ ਨੂੰ ਪਰਿਭਾਸ਼ਿਕ ਕੀਤਾ-ਜੋਤਿ, ਜੁਗਤਿ ਅਤੇ ਕਾਇਆ-ਇਹ ਕੇਵਲ ਕਾਇਆ ਹੈ ਜੋ ਇਕ ਗੁਰੂ ਦੁਆਰਾ ਦੂਜੇ ਗੁਰੂ ਨੂੰ ਗੁਰਗੱਦੀ ਦੇਣ ਸਮੇਂ ਬਦਲੀ। ਜੋਤਿ ਅਤੇ ਜੁਗਤਿ ਉਹੀ ਸਨ। ਜਿਵੇਂ ਕਿ ਢਾਡੀਆਂ ਨੇ ਗਾਇਆ: “ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ” (ਗੁ.ਗ੍ਰੰ. 966)। ਉਹਨਾਂ ਦੇ ਸਲੋਕਾਂ ਵਿਚੋਂ ਗੁਰਗੱਦੀ ਦੇ ਸੰਕਲਪ ਦੇ ਇਹ ਤਿੰਨ ਪੱਖ ਉਜਾਗਰ ਹੁੰਦੇ ਹਨ।

     ਪਰਮਾਤਮਾ ਸਮੁੱਚੀ ਜੋਤ ਅਤੇ ਚੇਤਨਾ ਦਾ ਮੂਲ ਹੈ। ਪਰਮਾਤਮਾ ਨੇ ਚੁਣੇ ਹੋਏ ਮਨੁੱਖੀ ਸਰੀਰ ਗੁਰੂ, ਵਿਚ ਇਹ ਜੋਤ ਜਗਾਈ; ਜੋਤ ਦੇ ਸੰਦਰਭ ਵਿਚ ਗੁਰੂ ਸਭ ਤੋਂ ਵਧੇਰੇ ਜਾਗਰਤ ਮਨੁੱਖ ਹੈ। ਉਸਦਾ ਪਰਮਾਤਮਾ ਨਾਲ ਸਿੱਧਾ ਸੰਪਰਕ ਹੈ। ਉਹ ਪਰਮਾਤਮਾ ਦਾ ਸੁਨੇਹਾ ਲੋਕਾਈ ਤਕ ਪਹੁੰਚਾਉਂਦਾ ਹੈ। ਉਹ ਪਰਮਾਤਮਾ ਦੀ ਜੋਤ ਦਾ ਜਗਤ ਵਿਚ ਸੰਚਾਰ ਕਰਦਾ ਹੈ। ਗੁਰੂ ਤੋਂ ਬਗ਼ੈਰ ਅਗਿਆਨ ਦਾ ਹਨ੍ਹੇਰਾ ਛਾਇਆ ਰਹਿੰਦਾ ਹੈ। ਗੁਰੂ ਨਾਨਕ ਦੇਵ ਜੀ ਫ਼ੁਰਮਾਉਂਦੇ ਹਨ, “ਗੁਰ ਬਿਨ ਘੋਰ ਅੰਧਾਰ” (ਗੁ.ਗ੍ਰੰ. 463)। “ਗੁਰੁ ਦਾਤਾ ਗੁਰੁ ਹਿਵੈ ਘਰੁ ਗੁਰੁ ਦੀਪਕੁ ਤਿਹ ਲੋਇ।।” (ਗੁ.ਗ੍ਰੰ. 137)। ਬਲਵੰਡ ਅਤੇ ਸੱਤਾ ਗੁਰੂ ਗ੍ਰੰਥ ਸਾਹਿਬ ਵਿਚਲੀ ਆਪਣੀ ਵਾਰ ਵਿਚ ਇਸ ਵਿਚਾਰ ਦੀ ਪ੍ਰੋੜ੍ਹਤਾ ਕਰਦੇ ਹਨ ਕਿ ਸਿੱਖ ਗੁਰੂ ਸਾਹਿਬਾਨ ਵਿਚ ਇਕੋ ਜੋਤਿ ਵਿਦਮਾਨ ਸੀ। ਜੋਤਿ ਉੱਤਰਾਧਿਕਾਰੀ ਗੁਰੂ ਵਿਚ ਪ੍ਰਵੇਸ਼ ਕਰ ਗਈ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦੇ ਸਮੇਂ 1469 ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਅਕਾਲ ਚਲਾਣੇ ਦੇ ਸਮੇਂ 1708 ਤਕ ਇਕੋ ਜੋਤਿ ਦਸ ਗੁਰੂ ਸਾਹਿਬਾਨ ਵਿਚ ਨਿਰੰਤਰ ਪ੍ਰਕਾਸ਼ਮਾਨ ਰਹੀ

     ਉੱਤਰਾਧਿਕਾਰੀ ਗੁਰੂਆਂ ਵਿਚ ਵਿਦਮਾਨ ਇਕ ਜੋਤਿ ਦੀ ਇਹ ਚੇਤਨਾ ਸਿੱਖਾਂ ਵਿਚਕਾਰ ਇੰਨੀ ਫੈਲੀ ਹੋਈ ਸੀ ਕਿ ਮੋਬਿਦ ਜ਼ੁਲਫਿਕਾਰ ਅਰਦਸਤਾਨੀ (ਦੇ.1670) ਆਪਣੀ ਫ਼ਾਰਸੀ ਰਚਨਾ ਦਬਿਸਤਾਨ-ੲ -ਮਜ਼ਾਹਿਬ ਵਿਚ ਲਿਖਦਾ ਹੈ, “ਸਿੱਖ ਕਹਿੰਦੇ ਹਨ ਕਿ ਜਦੋਂ ਨਾਨਕ ਨੇ ਆਪਣਾ ਸਰੀਰ ਛੱਡਿਆ ਤਾਂ ਉਹ ਗੁਰੂ ਅੰਗਦ ਵਿਚ ਲੀਨ ਹੋ ਗਏ ਜੋ ਕਿ ਉਹਨਾਂ ਦਾ ਸਭ ਤੋਂ ਵਧੇਰੇ ਸ਼ਰਧਾਲੂ ਸਿੱਖ ਸੀ, ਅਤੇ ਗੁਰੂ ਅੰਗਦ ਵੀ ਆਪਣੇ ਆਪ ਵਿਚ ਨਾਨਕ ਹੀ ਸਨ। ਇਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਆਪਣੀ ਜੋਤੀ-ਜੋਤਿ ਸਮੇਂ ਅਮਰਦਾਸ ਜੀ ਦੇ ਸਰੀਰ ਵਿਚ ਅਭੇਦ ਕਰ ਗਏ। ਉਹਨਾਂ ਨੇ ਵੀ ਇਸੇ ਤਰ੍ਹਾਂ ਰਾਮਦਾਸ ਜੀ ਦੇ ਸਰੀਰ ਵਿਚ ਸਥਾਨ ਗ੍ਰਹਿਣ ਕੀਤਾ ਅਤੇ ਅਖੀਰ ਨੂੰ ਅਰਜਨ ਦੇਵ ਨਾਲ ਇਕਮਿਕ ਹੋ ਗਏ। ਉਹ ਕਹਿੰਦੇ ਹਨ ਕਿ ਜੋ ਗੁਰੂ ਅਰਜਨ ਦੇਵ ਜੀ ਨੂੰ ਬਾਬਾ ਨਾਨਕ ਦੇ ਸਮਰੂਪ ਨਹੀਂ ਮੰਨਦੇ ਉਹ ਗ਼ੈਰ-ਵਿਸ਼ਵਾਸੀ ਬਣ ਜਾਂਦੇ ਹਨ।”

     ਆਖ਼ਰੀ ਗੁਰੂ, ਗੁਰੂ ਗੋਬਿੰਦ ਸਿੰਘ ਆਪ ਆਪਣੀ ਸਵੈਜੀਵਨੀ ਬਚਿਤ੍ਰ ਨਾਟਕ ਵਿਚ ਲਿਖਦੇ ਹਨ, “ਨਾਨਕ ਅੰਗਦ ਦੇ ਸਰੀਰ ਵਿਚ ਪ੍ਰਵੇਸ਼ ਕਰ ਗਏ....ਇਸ ਤੋਂ ਬਾਅਦ ਨਾਨਕ ਨੂੰ ਅਮਰਦਾਸ ਕਿਹਾ ਗਿਆ ਜਿਵੇਂ ਇਕ ਦੀਵਾ ਦੂਜੇ ਨੂੰ ਰੋਸ਼ਨ ਕਰਦਾ ਹੈ.....। ਗੁਰਮੁਖ ਨਾਨਕ ਦਾ ਸਤਿਕਾਰ ਅੰਗਦ ਵਜੋਂ ਹੋਇਆ, ਅੰਗਦ ਨੂੰ ਅਮਰਦਾਸ ਦੇ ਤੌਰ ‘ਤੇ ਪ੍ਰਵਾਨ ਕੀਤਾ ਗਿਆ ਅਤੇ ਅਮਰਦਾਸ ਰਾਮਦਾਸ ਬਣ ਗਏ..... ਜਦੋਂ ਰਾਮਦਾਸ ਪਰਮਜੋਤ ਵਿਚ ਮਿਲ ਗਏ ਤਾਂ ਉਹਨਾਂ ਨੇ ਗੁਰਗੱਦੀ ਅਰਜਨ ਨੂੰ ਦੇ ਦਿੱਤੀ। ਅਰਜਨ ਨੇ ਹਰਿਗੋਬਿੰਦ ਨੂੰ ਆਪਣੀ ਥਾਂ ਨਿਯੁਕਤ ਕੀਤਾ ਅਤੇ ਹਰਿਗੋਬਿੰਦ ਜੀ ਨੇ ਗੱਦੀ ਹਰਿਰਾਇ ਨੂੰ ਦੇ ਦਿੱਤੀ। ਇਸ ਤੋਂ ਬਾਅਦ ਉਹਨਾਂ ਦੇ ਪੁੱਤਰ ਹਰਿਕ੍ਰਿਸ਼ਨ ਗੁਰੂ ਬਣੇ। ਹਰਿਕ੍ਰਿਸ਼ਨ ਜੀ ਤੋਂ ਬਾਅਦ ਗੁਰੂ ਤੇਗ਼ ਬਹਾਦਰ ਗੱਦੀ ‘ਤੇ ਬਿਰਾਜਮਾਨ ਹੋਏ।”

     ਬਲਵੰਡ ਅਤੇ ਸੱਤਾ ਅੱਗੇ ਦੱਸਦੇ ਹਨ ਕਿ ਗੁਰੂ ਸਾਹਿਬਾਨ ਨੇ ਇਕੋ ਜਿਹੀ ਜੁਗਤਿ ਅਤੇ ਜੀਵਨ-ਜਾਚ ਵੱਲ ਸੰਕੇਤ ਕੀਤਾ। ਗੁਰੂ ਨਾਨਕ ਦੇਵ ਜੀ ਦੇ ਉੱਤਰਾਧਿਕਾਰੀਆਂ ਨੇ ਜੋਤਿ ਅਤੇ ਜੁਗਤਿ ਨੂੰ ਇੱਕਠੇ ਕੀਤਾ, ਅਧਿਆਤਮਿਕ ਅਤੇ ਰਾਜਨੀਤਿਕ ਦੋਵੇਂ ਜਗਤਾਂ ਦੀ ਸੇਵਾ ਸੰਭਾਲ ਕੀਤੀ। ਇਹ ਸੇਵਾ ਦੇਗ , ਅਤੇ ਤੇਗ਼ , ਮੀਰੀ ਅਤੇ ਪੀਰੀ ਦੀ ਸੀ। ਰਾਇ ਬਲਵੰਡ ਅਤੇ ਸੱਤਾ ਢਾਡੀਆਂ ਦੀ ਰਾਮਕਲੀ ਕੀ ਵਾਰ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਪ੍ਰਭੂਸੱਤਾ ਦੀ ਨੀਂਹ ਦ੍ਰਿੜਤਾਪੂਰਵਕ ਸੱਚ ‘ਤੇ ਰੱਖੀ.....ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ (ਗੁ. ਗ੍ਰੰ. 966)। ਜਿਉਂ ਹੀ ਗੁਰੂ ਨਾਨਕ ਦੇਵ ਜੀ ਨੇ ਜੋਤੀ ਲਹਿਣੇ ਨੂੰ ਦਿੱਤੀ, ਜੋ ਕਿ ਗੁਰੂ ਅੰਗਦ ਬਣ ਗਏ, ਤਾਂ ਗੁਰਿਆਈ ਦਾ ਛਤਰ ਉਹਨਾਂ ਦੇ ਸਿਰ ਲਹਿਰਾਉਣ ਲੱਗਾ-ਲਹਣੇ ਧਰਿਓਨੁ ਛਤੁ ਸਿਰਿ, ਭਾਵ, ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਪ੍ਰਥਾ ਨੂੰ ਅੱਗੇ ਤੋਰਨ ਲਈ ਲਹਿਣੇ ਨੂੰ ਸੱਤਾ ਪ੍ਰਦਾਨ ਕਰ ਦਿੱਤੀ। ਗੁਰੂ ਸਾਹਿਬਾਨ ਨੇ ਭਗਤੀ ਜਾਂ ਨਾਮ, ਬਾਣੀ ਪੜ੍ਹਨ ਅਤੇ ਕੀਰਤਨ ਭਾਵ ਸੰਗਤ ਵਿਚ ਪਰਮਾਤਮਾ ਦੀ ਉਸਤਤ ਦਾ ਗਾਇਨ ਕਰਨ ਦਾ ਪ੍ਰਚਾਰ ਕੀਤਾ। ਨਾਮ ਸਿਮਰਨ ਦੇ ਨਾਲ ਹੀ ਉਹਨਾਂ ਨੇ ਕਿਰਤ ਕਰਨ ਅਤੇ ਵੰਡ ਛਕਣ ਵਰਗੀਆਂ ਕਦਰਾਂ-ਕੀਮਤਾਂ ਨੂੰ ਵੀ ਦ੍ਰਿੜ ਕਰਵਾਇਆ। ਗੁਰੂ ਸਾਹਿਬਾਨ ਨੇ ਆਪਣੇ ਸਿੱਖਾਂ ਲਈ ਇਕ ਸਿੱਧੇ ਰਾਹ ਦੀ ਹੋਂਦ ਨੂੰ ਸਾਕਾਰ ਕੀਤਾ।

     ਗੁਰੂ ਦੀ ਕਾਇਆ ਜਾਂ ਸਰੀਰ ਪਰਮਾਤਮਾ ਦੀ ਜੋਤ ਦਾ ਭੰਡਾਰ ਸੀ। ਇਹ ਸ਼ਬਦ ਜਾਂ ਪਰਮਾਤਮਾ ਦੇ ਸੁਨੇਹੇ ਨੂੰ ਸਪਸ਼ਟ ਕਰਨ ਦਾ ਸਾਧਨ ਸੀ। ਇਸ ਕਰਕੇ ਇਹ ਸਤਿਕਾਰ ਦੀ ਪਾਤਰ ਸੀ। ਇਤਿਹਾਸਿਕ ਗੁਰੂ, ਸੰਗਤ ਦਾ ਕੇਂਦਰੀ ਧੁਰਾ ਸੀ ਅਤੇ ਉਹਨਾਂ ਦੁਆਰਾ ਪ੍ਰਚਾਰੇ ਸੱਚ ਦਾ ਜੀਵੰਤ ਉਦਾਹਰਨ ਸੀ। ਉਹ ਆਪ ਉਹਨਾਂ ਸਿੱਖਿਆਵਾਂ ‘ਤੇ ਕਾਇਮ ਰਹੇ ਜੋ ਉਹਨਾਂ ਨੇ ਆਪਣੇ ਸਿੱਖਾਂ ਨੂੰ ਦਿੱਤੀਆਂ।

     ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਸੰਗਤ ਖ਼ਾਲਸੇ ਵਿਚ ਤਬਦੀਲ ਹੋ ਗਈ ਅਤੇ ਹੁਣ ਇਹਨਾਂ ਲਈ ‘ਖੰਡੇ ਕੀ ਪਾਹੁਲ` ਗੁਰੂ ਜੀ ਨੇ ਅਰੰਭ ਕੀਤੀ। ਖ਼ਾਲਸੇ ਦੀ ਉਤਪਤੀ ਦੇ ਨਾਲ ਹੀ ਗੁਰੂ ਪੰਥ ਦਾ ਸੰਕਲਪ ਸਾਮ੍ਹਣੇ ਆਇਆ। ਖ਼ਾਲਸਾ ਪੰਥ ਦਾ ਕੇਂਦਰ ਬਣੇ ਪੰਜ ਪਿਆਰਿਆਂ ਹੱਥੋਂ ਅੰਮ੍ਰਿਤ ਛਕ ਕੇ ਛੇਵੇਂ ਸਿੰਘ ਸਜਣ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਵਿਚ ਸ਼ਾਮਲ ਹੋਣ ਦੀ ਮੋਹਰ ਲਾਈ; ਆਪਣੇ ਆਪ ਨੂੰ ਖ਼ਾਲਸੇ ਵਿਚ ਅਭੇਦ ਕਰ ਲਿਆ ਅਤੇ ਇਸਨੂੰ ਆਪਣੀ ਸ਼ਖ਼ਸੀਅਤ ਵਰਗੇ ਦੈਵੀ ਗੁਣ ਧਾਰਨ ਕਰਨ ਦੇ ਸਮਰੱਥ ਬਣਾ ਦਿੱਤਾ। ਗੁਰੂ ਸਾਹਿਬਾਨ ਅਤੇ ਸਿੱਖਾਂ ਨੇ ਬਾਣੀ ਨੂੰ ਹਮੇਸ਼ਾਂ ਦੈਵੀ ਸ਼ਬਦ ਵਜੋਂ ਸਤਿਕਾਰ ਦੇ ਕੇ ਸਭ ਤੋਂ ਉੱਪਰ ਰੱਖਿਆ। ਦੈਵੀ ਸ਼ਬਦ ਇੰਨਾ ਮਹੱਤਵਪੂਰਨ ਹੈ ਕਿ ਗੁਰੂ ਸਾਹਿਬਾਨ ਆਪ ਵੀ ਇਸ ਨੂੰ ਬਦਲ ਨਹੀਂ ਸਕੇ। ਇਸ ਸ੍ਰੇਸ਼ਟਤਾ ‘ਤੇ ਗੁਰੂ ਗੋਬਿੰਦ ਸਿੰਘ ਜੀ ਨੇ 1708 ਵਿਚ ਉਦੋਂ ਮੋਹਰ ਲਾਈ ਜਦੋਂ ਉਹਨਾਂ ਨੇ ਇਸ ਗ੍ਰੰਥ ਨੂੰ ਗੁਰੂ ਦਾ ਦਰਜਾ ਪ੍ਰਦਾਨ ਕਰ ਦਿੱਤਾ। ਗੁਰੂ ਪੰਥ ਦਾ ਵਿਚਾਰ ਖ਼ਾਲਸੇ ਰਾਹੀਂ ਪ੍ਰਗਟ ਹੋਇਆ। ਪਰ ਖ਼ਾਲਸਾ ਆਪ ਬਾਣੀ ਵਿਚ ਦਿੱਤੇ ਸਿੱਖ ਧਰਮ ਦੇ ਸਿਧਾਂਤਾਂ ਨੂੰ ਬਦਲ ਨਹੀਂ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਮੇਂ ਤੋਂ ਹੀ ਸਿੱਖਾਂ ਦੁਆਰਾ ਇਸ ਸੱਚ ਦੀ ਪਾਲਣਾ ਕੀਤੀ ਜਾ ਰਹੀ ਹੈ ਅਤੇ ਪਵਿੱਤਰ ਗ੍ਰੰਥ ਉਸ ਸਮੇਂ ਤੋਂ ਹੀ ਉਹਨਾਂ ਲਈ ਅਧਿਆਤਮਿਕ ਅਤੇ ਇਤਿਹਾਸਿਕ ਦਰਜਾ ਰੱਖਦਾ ਹੈ। ਕੋਈ ਵੀ ਜੀਵਿਤ ਧਰਮਾਤਮਾ ਜਾਂ ਸਤਿਕਾਰਯੋਗ ਮਨੁੱਖ ਸਿੱਖਾਂ ਲਈ ਗੁਰੂ ਦੇ ਤੁੱਲ ਦਰਜ਼ਾ ਨਹੀਂ ਰੱਖ ਸਕਦਾ। ਸਿੱਖਾਂ ਲਈ ਗੁਰੂ ਸਿੱਖਿਆਦਾਤਾ ਅਤੇ ਪਰਮਾਤਮਾ ਵੱਲੋਂ ਸਿੱਧੇ ਤੌਰ ‘ਤੇ ਨਾਮਜ਼ਦ ਕੀਤਾ ਗਿਆ ਪੈਗੰਬਰ ਹੈ। ਪੈਗੰਬਰਾਂ ਵਿਚ ਦਸ ਗੁਰੂ ਸਾਹਿਬਾਨ ਅਤੇ ਪ੍ਰਤੱਖ ਤੌਰ ‘ਤੇ ਬਿਰਾਜਮਾਨ ਗੁਰੂ ਗ੍ਰੰਥ ਸਾਹਿਬ ਆ ਜਾਂਦੇ ਹਨ।


ਲੇਖਕ : ਡਬਲਯੂ.ਓ.ਸੀ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23745, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਗੁਰੂ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਗੁਰੂ :  ਗੁਰੂ ਦਾ ਸ਼ਾਬਦਿਕ ਅਰਥ ਹੈ ਭਾਰਾ, (ਲਘੁ ਦੇ ਉਲਟ), ਵੱਡਾ, ਪਿਤਾ, ਰਾਜਾ, ਪਾਰਬ੍ਰਹਮ, ਉਸਤਾਦ ਜਾਂ ਵਿੱਦਿਆਂ ਪ੍ਰਦਾਨ ਕਰਨ ਵਾਲਾ ਆਦਿ। ਧਰਮ ਦੇ ਖੇਤਰ ਵਿਚ ਗੁਰੂ ਉਸ ਧਾਰਮਿਕ ਆਗੂ ਨੂੰ ਆਖਦੇ ਹਨ ਜਿਹੜਾ ਆਪਣੇ ਅਨੁਯਾਈਆਂ ਜਾਂ ਸ਼ਿਸ਼ਾਂ (ਸਿੱਖਾਂ) ਨੂੰ ਸੁਚੱਜੇ ਧਰਮ ਉਪਦੇਸ਼ ਦੇ ਕੇ ਉਸ ਦਾ ਅਜਿਹਾ ਮਾਰਗ ਦਰਸ਼ਨ ਕਰੇ ਜਿਸ ਨਾਲ ਅਨੁਯਾਈ ਗੁਰਮੁਖਾਂ ਦੇ ਦਾਇਰੇ ਵਿਚ ਪ੍ਰਵੇਸ਼ ਕਰ ਜਾਏ ਅਤੇ ਮੁਕਤੀ ਪ੍ਰਾਪਤ ਕਰਨ ਦਾ ਅਧਿਕਾਰੀ ਹੋ ਜਾਵੇ। ਪੰਜਾਬੀ ਵਿਚ ਇਕ ਅਖਾਣ ਵੀ ਹੈ–‘ ਸ਼ਾਹ ਬਿਨ ਪਤ ਨਹੀਂ, ਗੁਰ ਬਿਨ ਗਤਿ ਨਹੀਂ’ ਭਾਰਤੀ ਧਰਮ ਸੰਸਾਰ ਵਿਚ ਗੁਰੂ ਦੀ ਇਕ ਲੰਮੀ ਪਰੰਪਰਾ ਹੈ। ‘ਮਨੁਸਮ੍ਰਿਤੀ’ ਵਿਚ ਬ੍ਰਾਹਮਣ ਨੂੰ ਗੁਰੂ ਆਖਿਆ ਗਿਆ ਹੈ। ‘ਗੀਤਾ’ ਵਿਚ ਸ੍ਰੀ ਕ੍ਰਿਸ਼ਨ ਅਰਜੁਨ ਦੇ ਗੁਰੂ ਦੇ ਰੂਪ ਵਿਚ ਪ੍ਰਦਰਸ਼ਿਤ ਹੁੰਦੇ ਹਨ। ਹਰ ਸੰਪ੍ਰਦਾਇ ਦੇ ਗੁਰੂਆਂ ਦੀ ਗੱਦੀ ਦੇ ਉਤਰ–ਅਧਿਕਾਰੀਆਂ ਜਾਂ ਜਾਨਸ਼ੀਨਾਂ ਦੀ ਪਰੰਪਰਾ ਲੜੀ ਵੀ ਹੁੰਦੀ ਹੈ।

          ਪ੍ਰਭੂ ਦੇ ਗਿਆਤਾ ਅਤੇ ਪ੍ਰਭੂ ਦਾ ਗਿਆਨ ਕਰਵਾਉਣ ਵਾਲੇ ਗੁਰੂ ਬਾਰੇ ਗੁਰਵਾਕ ਹੈ :

  1.  ਸਤਿ ਪੁਰਖ ਜਿਨਿ ਜਾਨਿਆ ਸਾਤਿਗੁਰੂ ਤਿਸਕਾ ਨਾਉ।

ਤਿਸਕੈ ਸੰਗਿ ਸਿਖ ਉਧਰੈ ਨਾਨਕ ਹਰਿ ਗੁਣ ਗਾਉ।                      –(ਗਉੜੀ, ਸੁਖਮਨੀ ਮ. ੫)

  1.   ਸੋ ਗੁਰੁ ਕਰਾਉ ਜਿ ਸਾਚੁ ਦ੍ਰਿਤਾਵੈ।

 ਅਕਥ ਕਥਾਵੈ ਸਬਦਿ ਮਿਲਾਵੈ।                       –(ਧਨਾਸਰੀ , ਮ. ੧)

ਪਾਰਬ੍ਰਹਮ ਤੇ ਗੁਰੂ ਦੀ ਇਕਮਿਕਤਾ ਬਾਰੇ ਵੀ ਗੁਰਬਾਣੀ ਵਿਚ ਦਰਜ ਹੈ :

  1. ਨਾਨਕ ਸੋਧੋ ਸਿਮ੍ਰਿਤ ਬੇਦ।

ਪਾਰਬ੍ਰਹਮ ਗੁਰ ਨਾਹੀ ਭੇਦ।                  –(ਭੈਰਉ ,ਮ. ੫)

  1. ਪਾਰਬ੍ਰਹਮ ਪਰਮੇਸਰੁ ਅਨੂਪੁ।

ਸਫਲ ਮੂਰਤਿ ਗੁਰੁ ਤਿਸ ਕਾ ਰੂਪੁ।                  –(ਭੈਰਉ , ਮ.੫)

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਚਾਰ ਪ੍ਰਕਾਰ ਦੇ ਗੁਰੂ ਦੱਸੇ ਹਨ:

 (ੳ) ਭ੍ਰਿੰਗੀ ਗੁਰੂ– ਭ੍ਰਿੰਗੀ ਖ਼ਾਸ ਜਾਤੀ ਦੇ ਕੀੜੇ ਨੂੰ ਆਪ ਜਿਹਾ ਕਰ ਲੈਂਦਾ ਹੈ ਪਰ ਹਰ ਇਕ ਕੀੜੇ ਨੂੰ ਨਹੀਂ।

(ਅ) ਪਾਰਸ ਗੁਰੂ–ਪਾਰਸ ਲੋਹੇ ਨੂੰ ਸੋਨਾ ਕਰਦਾ ਹੈ ਪਰੰਤੂ ਪਾਰਸ ਰੂਪ ਕਿਸ ਨੂੰ ਨਹੀਂ ਬਣਦਾ।

(ੲ) ਵਾਮਨ ਚੰਦਨ ਗੁਰੂ–ਚੰਦਨ ਖ਼ਾਸ ਰੁੱਤ ਵਿਚ ਆਸ ਪਾਸ ਦੇ ਬਿਰਖਾਂ ਨੂੰ ਸੁਗੰਧਿਤ ਕਰ ਦਿੰਦਾ ਹੈ ਪਰ ਸਾਰੀਆਂ ਰੁੱਤਾਂ ਵਿਚ ਨਹੀਂ ਅਤੇ ਬਾਂਸ ਨੂੰ ਤਾਂ ਕਿਸੇ ਰੁੱਤ ਵਿਚ ਵੀ ਸੁਗੰਧਿਤ ਨਹੀਂ ਕਰਦਾ।

(ਸ) ਦੀਪਕ ਗੁਰ––ਆਪਣੇ ਤੁੱਲ ਹੀ ਦੂਜੇ ਦੀਪਕ ਨੂੰ ਜੋਤਿ ਵਾਲਾ ਕਰ ਦਿੰਦਾ ਹੈ। ਅਜਿਹੇ ਪ੍ਰਕਾਸ਼ ਦਾਤਾ ਗੁਰੂ ਬਾਰੇ ਹੀ ਗੁਰੂ–ਕਥਨ ਹੈ:

          ਗੁਰੁ ਦਾਤਾ ਗੁਰ ਹਿਵੈ ਘਰੁ ਗੁਰੁ ਦੀਪਕੁ ਤਿਹੁ ਲੋਇ।

          ਅਮਰ ਪਦਾਰਥੁ ਨਾਨਕਾ ਮਨਿ ਮਾਨਿਐ ਸੁਖੁ ਹੋਇ।             –(ਵਾਰ ਮਾਝ ਕੀ, ਸਲੋਕ , ਪਉੜੀ ੧)

ਗੁਰੂ ਨੂੰ ਪ੍ਰਭੂ ਤਕ ਪਹੁੰਚਾਉਣ ਵਾਲੀ ਪਾਉੜੀ ਜਾਂ ਭਵਸਾਗਰ ਤੋਂ ਪਾਰ ਉਤਾਰਨ ਵਾਲਾ ਜਹਾਜ਼ ਵੀ ਆਖਿਆ ਗਿਆ ਹੈ :

  1. ਸਤਿ ਗੁਰਿ ਮਿਲਿਐ ਸਚ ਸੰਜਮਿ ਸੂਚਾ।

ਧੁਰ ਕੀ ਪਉੜੀ ਊਚੋ ਊਚਾ।

  1. ਸਤਿਗੁਰੂ ਹੈ ਬੋਹਿਬਾ ਸਬਦਿ ਲੰਘਾਵਣਹਾਰੁ।

ਸਿੱਖ ਪੰਥ ਵਿਚ ਗੁਰੂ ਪਰੰਪਰਾ ਬਹੁਤ ਦ੍ਰਿੜ੍ਹ ਹੈ ਅਤੇ ਇਸ ਦਾ ਇਤਿਹਾਸ ਵਿਕਾਸ ਵੀ ਹੋਇਆ ਹੈ। ਸਿੱਖ ਗੁਰੂ ਸਾਹਿਬਾਨ ਹਨ–(1) ਗੁਰੂ ਨਾਨਕ ਦੇਵ (1469–1539), (2) ਗੁਰੂ ਅੰਗਦ ਦੇਵ (1504–1552), (3) ਗੁਰੂ ਅਮਰ ਦਾਸ (1536–1574), (4) ਗੁਰੂ ਰਾਮ ਦਾਸ (1534–1581), (5) ਗੁਰੂ ਅਰਜਨ ਦੇਵ (1536–1606), (6) ਗੁਰੂ ਹਰਿਗੋਬਿੰਦ (1595–1644), (7) ਗੁਰੂ ਹਰਿ ਰਾਇ (1630–1661), (8) ਗੁਰੂ ਹਰਿ ਕ੍ਰਿਸ਼ਨ (1656–1664), (9) ਗੁਰੂ ਤੇਗ ਬਹਾਦ (1621–1675), (10) ਗੁਰੂ ਗੋਬਿੰਦ ਸਿੰਘ (1666–1708)।

          ਭਾਵੇਂ ਇਨ੍ਹਾਂ ਦੇਹਧਾਰੀ ਗੁਰੂ ਸਾਹਿਬਾਨ ਨੇ ਭਿੰਨ–ਭਿੰਨ ਸਮੇਂ ’ਤੇ ਗੁਰੂ–ਗੱਦੀ ਨੂੰ ਸੁਸ਼ੋਭਿਤ ਕੀਤਾ, ਫਿਰ ਵੀ ਸਿੱਖ ਸੰਗਤਾਂ ਇਨ੍ਹਾਂ ਸਭ ਨੂੰ ਇਕ ਗੁਰੂ ਨਾਨਕ ਦੇਵ ਦਾ ਹੀ ਸਰੂਪ ਜਾਂ ਜੋਤਿ ਮੰਨਦਿਆਂ ਹਨ। ਗੁਰੂ ਸਾਹਿਬਾਨ ਆਪਣੇ ਦੁਆਰਾ ਰਚੀ ਗਈ ਬਾਣੀ ਵਿਚ ਆਪਣਾ ਉਪਨਾਮ ‘ਨਾਨਕ’ ਹੀ ਵਰਤਦੇ ਹਨ।

          ਗੁਰਬਾਣੀ ਵਿਚ ਪਰਮਾਤਮਾ ਨੂੰ ਵੀ ‘ਸਤਿਗੁਰੂ’ ਆਖਿਆ ਗਿਆ ਹੈ। ਇਸ ਤੋਂ ਸਿੱਖ ਸੰਗਤਾਂ ਵਿਚ ਗੁਰੂ ਦੇ ਉੱਚਤਮ ਸਤਿਕਾਰ ਦਾ ਅੰਦਾਜ਼ਾ ਸਹਿਜੇ ਹੀ ਹੋ ਜਾਂਦਾ ਹੈ। ਗੁਰੂ ਸਾਹਿਬਾਨ ਨੇ ਆਤਮਾ ਤੇ ਪਰਮਾਤਮਾ ਦੇ ਏਕੀਕਰਣ ਜਾਂ ਮੁਕਤੀ ਦੀ ਗੱਲ ਹੀ ਨਹੀਂ ਕੀਤੀ ਸਗੋਂ ਹਜ਼ਰਤ ਮੁਹੰਮਦ ਵਾਂਗ ਸੰਸਾਰ ਵਿਚ ਰੱਬੀ ਸੁਨੇਹਾ ਵੀ ਦਿੱਤਾ ਹੈ ਅਤੇ ਹਰ ਪ੍ਰਕਾਰ ਦੇ ਅਨਿਆਂ ਤੇ ਜਬਰ ਦਾ ਵਿਰੋਧ ਕਰਨ ਦੇ ਨਾਲ ਨਾਲ ਜਾਬਰਾਂ ਨੂੰ ਸੋਖਣ ਦੀ ਗੱਲ ਵੀ ਕੀਤੀ ਹੈ। ਇਹੀ ਕਾਰਣ ਹੈ ਕਿ ਗੁਰੂ ਨਾਨਕ ਦੇਵ ਤੋਂ ਆਰੰਭਿਆ ਹੋਇਆ ਸ਼ਾਤੀ ਪ੍ਰਿਯ ਸਿੱਖ ਪੰਥ ਦਸਮ ਗੁਰੂ ਦੇ ਸਮੇਂ ਤਕ ਜੁਝਾਰੂ ਰੂਪ ਧਾਰਣ ਕਰ ਗਿਆ।

          ਸਿੱਖ ਸੰਗਤਾਂ ਅਰਦਾਸ ਸਮੇਂ ਆਰੰਭ ਵਿਚ ਹੀ ਵਾਹਿਗੁਰੂ ਵਾਂਗ ਗੁਰੂ ਸਾਹਿਬਾਨ ਦਾ ਜਸਗਾਣ ਵੀ ਕਰਦੀਆਂ ਹਨ ਅਤੇ ਉਨ੍ਹਾਂ ਤੋਂ ਆਪਣੀਆਂ ਮਨੋਕਾਮਨਾਵਾਂ ਦੀ ਪੂਰਤੀ ਦੀ ਆਸ ਵੀ ਰੱਖਦੀਆਂ ਹਨ।

          ਗੁਰਿਆਈ ਦੀ ਪਰੰਪਰਾ ਵਿਚ ਸਭ ਤੋਂ ਵੱਡਾ ਪਰਿਵਰਤਨ ਦਾਸਮ ਗੁਰੂ ਦੁਆਰਾ ਗ੍ਰੰਥ ਸਾਹਿਬ ਲਈ ਗੁਰੂ ਦੀ ਪਦਵੀ ਘੋਸ਼ਿਤ ਕਰਨ ਨਾਲ ਹੋਇਆ। ਹੁਣ ਸਾਰਾ ਸਿੱਖ ਜਗਤ ਇਸ ਮਹਾਨ ਧਾਰਮਿਕ ਗ੍ਰੰਥ ਨੂੰ ਸ਼ਬਦ ਗੁਰੂ ਵਜੋਂ ਪ੍ਰਤਿਸ਼ਠਿਤ ਕਰਦਾ ਹੈ।

          [ਸਹਾ. ਗ੍ਰੰਥ –ਮ. ਕੋ., W. Owen Cole : The Guru in Sikhism ]


ਲੇਖਕ : ਡਾ. ਪ੍ਰੀਤਮ ਸੈਨੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 12620, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-11, ਹਵਾਲੇ/ਟਿੱਪਣੀਆਂ: no

ਗੁਰੂ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਗੁਰੂ : ਧਾਰਮਿਕ ਜਗਤ ਵਿਚ ਗੁਰੂ ਦਾ ਅਥਾਹ ਮਹੱਤਵ ਹੈ। ਉਹ ਜਗਿਆਸੂ ਨੂੰ ਹਰ ਪ੍ਰਕਾਰ ਦੀ ਅਗਵਾਈ ਦਿੰਦਾ ਹੈ। ਅਧਿਆਤਮਕ ਮਾਰਗ ਤੇ ਚਲਦਿਆਂ ਹੋਇਆਂ ਬੰਦਿਆਂ ਨੂੰ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਹਨ ਗੁਰੂ ਉਨ੍ਹਾਂ ਨੂੰ ਦੂਰ ਕਰਨ ਵਿਚ ਸਹਾਈ ਹੁੰਦਾ ਹੈ ਅਤੇ ਅਖ਼ੀਰ ਵਿਚੋਲਾ ਬਣ ਕੇ ਪਰਮਾਤਮਾ ਨਾਲ ਮਿਲਾਉਂਦਾ ਹੈ।

          ਵੈਦਿਕ ਯੁਗ ਵਿਚ ਰਿਸ਼ੀ ਹਰ ਪ੍ਰਕਾਰ ਦੀ ਅਗਵਾਈ ਕਰਦੇ ਸਨ ਤੇ ਇਹ ਜਗਿਆਸੂ ਨੂੰ ਜੀਵਨ ਦੇ ਹਰ ਪਿੜ ਵਿਚ ਸਫ਼ਲਤਾ ਪ੍ਰਾਪਤ ਕਰਨ ਤੇ ਆਸ਼ਾਵਾਦੀ ਰਹਿ ਕੇ ਜੀਵਨ ਬਤੀਤ ਕਰਨ ਲਈ ਪ੍ਰੇਰਤ ਕਰਦੇ ਸਨ। ਵੇਦਾਂ ਵਿਚ ਅਜਿਹੇ ਹਵਾਲੇ ਮਿਲਦੇ ਹਨ ਜਿਨ੍ਹਾਂ ਤੋਂ ਰਿਸ਼ੀਆਂ ਮੁਨੀਆਂ ਦੇ ਧਾਰਮਿਕ, ਸਮਾਜਕ ਤੇ ਰਾਜਨੀਤਿਕ ਪਿੜਾਂ ਵਿਚ ਕੀਤੇ ਮਹੱਤਵਪੂਰਨ ਕਾਰਜ ਦਾ ਪਤਾ ਲਗਦਾ ਹੈ। ਰਿਸ਼ੀ ‘ਗੁਰੂ’ ਦਾ ਸਮਾਨਾਰਥਕ ਸ਼ਬਦ ਹੈ। ਯੱਗਾਂ ਦਾ ਵਿਧਾਨ ਕਰਨ ਤੇ ਯੱਗ ਕਰਵਾਉਣ ਲਈ ਇਹ ਰਿਸ਼ੀ ਪ੍ਰੋਹਿਤ ਦਾ ਕੰਮ ਕਰਦੇ ਸਨ, ਵੇਦ ਮੰਤਰ ਉਚਾਰਦੇ ਸਨ ਅਤੇ ਭੇਟਾ ਲੈਂਦੇ ਸਨ। ਵੇਦਾਂ ਵਿਚ ਪ੍ਰੋਹਿਤਾਂ ਲਈ ਆਚਾਰੀਆ ਸ਼ਬਦ ਦਾ ਪ੍ਰਯੋਗ ਵੀ ਕੀਤਾ ਮਿਲਦਾ ਹੈ। ਇਹ ਆਪਣੇ ਆਸ਼ਰਮਾਂ ਵਿਚ ਵਿੱਦਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਤੇ ਆਚਰਣ-ਉਸਾਰੀ ਦਾ ਵੀ ਧਿਆਨ ਰੱਖਦੇ ਸਨ।

          ਗੁਰੂ ਸ਼ਬਦ ਤੋਂ ਕਈ ਪ੍ਰਕਾਰ ਦੇ ਅਰਥਾਂ ਦਾ ਬੋਧ ਹੁੰਦਾ ਹੈ ਪਰ ਅਧਿਆਤਮਕ ਆਗੂ ਦੇ ਰੂਪ ਵਿਚ ਇਸ ਦਾ ਅਰਥ ਵਿਦਵਾਨ ਇਸ ਪ੍ਰਕਾਰ ਕਰਦੇ ਹਨ; ਅਗਿਆਨ ਰੂਪ ਅੰਧਕਾਰ ਨੂੰ ਨਿਗਲਣ ਵਾਲਾ, ਭਾਵ ਜੋ ਸ਼ਿਸ਼ ਦੇ ਅਗਿਆਨ ਨੂੰ ਖ਼ਤਮ ਕਰਕੇ ਉਸ ਨੂੰ ਗਿਆਨ ਦਿੰਦਾ ਹੈ। ਵੇਦਾਂ ਵਿਚ ਗੁਰੂ ਦੇ ਲੱਛਣਾਂ ਦੇ ਮਹਿਮਾਂ ਦਾ ਜ਼ਿਕਰ ਹੈ। ਰਿਗਵੇਦ ਅਨੁਸਾਰ ਗੁਰੂ ਉਹ ਵਿਅਕਤੀ ਹੈ ਜੋ ਅਪਵਿੱਤਰ ਸਾਧਕ ਨੂੰ ਪਵਿੱਤਰ ਬਣਾ ਦਿੰਦਾ ਹੈ। ਕੁਰਾਹੇ ਪਿਆਂ ਨੂੰ ਆਪਣੇ ਆਤਮਕ ਬਲ ਨਾਲ ਰਾਹੇ ਪਾ ਦਿੰਦਾ ਹੈ। ਆਪਣੇ ਸ਼ਿਸ਼ ਨਾਲ ਮਾਪਿਆਂ ਵਾਲੇ ਸਬੰਧ ਰੱਖਦਾ ਹੈ ਅਤੇ ਸ਼ਿਸ਼ ਨੂੰ ਵਿਕਾਰਾਂ ਤੋਂ ਬਚਾਉਂਦਾ ਹੈ ਆਦਿ।

          ਉਪਨਿਸ਼ਦਾਂ ਵਿਚ ਗੁਰੂ ਨੂੰ ਆਤਮਵੇਤਾ ਅਤੇ ਵੇਦਾਂ ਦਾ ਗਿਆਤਾ ਆਦਿ ਮੰਨਿਆ ਗਿਆ ਹੈ। ਉਪਨਿਸ਼ਦਾਂ ਅਨੁਸਾਰ ਅਧਿਆਤਮਕ ਮਾਰਗ ਖੰਡੇ ਦੀ ਧਾਰ ਨਾਲੋਂ ਵੀ ਤੇਜ਼ ਹੈ ਜਿਸ ਤੇ ਗੁਰੂ ਦੀ ਮਦਦ ਨਾਲ ਹੀ ਚੱਲਿਆ ਜਾ ਸਕਦਾ ਹੈ। ਗੁਰੂ ਦੀ ਕਿਰਪਾ ਨਾਲ ਹੀ ਮੁਕਤੀ ਦੀ ਪ੍ਰਾਪਤੀ ਹੋ ਸਕਦੀ ਹੈ।

          ਗੀਤਾ ਵਿਚ ਦੱਸਿਆ ਹੈ ਕਿ ਬ੍ਰਹਮ-ਨਿਸ਼ਠ ਮਹਾਤਮਾ ਕੋਲ ਬੜੇ ਹੀ ਅਦਬ ਤੇ ਸਤਿਕਾਰ ਸਹਿਤ ਜਾਣਾ ਚਾਹੀਦਾ ਹੈ। ਗੁਰੂ ਸਾਗਰ ਵਾਂਗ ਸ਼ਾਂਤ, ਬ੍ਰਹਮਲੀਨ ਤੇ ਆਪਣੇ ਰੰਗ ਵਿਚ ਰਹਿਣ ਵਾਲਾ ਹੁੰਦਾ ਹੈ।

          ਵੈਸ਼ਣਵ ਧਰਮ ਦੇ ਗ੍ਰੰਥਾਂ ਅਨੁਸਾਰ ਗੁਰੂ-ਮਨੁੱਖੀ ਦੇਹ ਦੇ ਰੂਪ ਵਿਚ, ਪਰਮਾਤਮਾ ਦੇ ਅਵਤਾਰ ਦੇ ਰੂਪ ਵਿਚ, ਗੁਰੂ ਆਪ ਵੀ ਪਰਮਾਤਮਾ ਦਾ ਅਵਤਾਰ ਹੈ, ਗੁਰੂ ਪਰਮਾਤਮਾ ਨਾਲ ਇਕ ਰੂਪ ਹੋਇਆ ਹੈ ਤੇ ਉਸ ਵਾਂਗ ਹੀ ਸਰਬ-ਵਿਆਪਕ ਤੇ ਸਰਬ-ਸਮਰੱਥ ਪਰਗਟ ਹੁੰਦਾ ਹੈ।

          ਬੁੱਧ ਤੇ ਜੈਨ ਧਰਮ ਪਰਮਾਤਮਾ ਦੀ ਹੋਂਦ ਬਾਰੇ ਲਗਭਗ ਚੁੱਪ ਹੀ ਹਨ ਪਰ ਗੁਰੂ ਦੇ ਮਹੱਤਵ ਨੂੰ ਉਨ੍ਹਾਂ ਨੇ ਵੀ ਸਵੀਕਾਰ ਕੀਤਾ ਹੈ। ਬੁੱਧ ਨੇ ਜੀਵਨ ਅਗਵਾਈ ਲਈ ਕਿਸੇ ਵਿਅਕਤੀ ਵਿਸ਼ੇਸ਼ ਦੀ ਲੋੜ ਹੀ ਨਹੀਂ ਸਮਝੀ। ਉਸ ਅਨੁਸਾਰ ਸਿਰਫ਼ ਉਸ ਦੇ ਉਪਦੇਸ਼ਾਂ ਦੇ ਗ੍ਰਹਿਣ ਨਾਲ ਹੀ ਨਿਰਵਾਣ ਦੀ ਪ੍ਰਾਪਤੀ ਹੋ ਜਾਂਦੀ ਹੈ। ਜੈਨ ਧਰਮ ਵਿਚ ਵੀ ਕੋਈ ਵਿਅਕਤੀ ਪਰਾ-ਮਨੁੱਖ ਹੋਣ ਦਾ ਦਾਅਵਾ ਨਹੀਂ ਕਰ ਸਕਦਾ, ਸਿਰਫ਼ ਜੈਨ ਗ੍ਰੰਥਾਂ ਦੀ ਪ੍ਰਮਾਣਿਕਤਾ ਉਪਰ ਵਿਸ਼ਵਾਸ ਤੇ ਉਨ੍ਹਾਂ ਦਾ ਨਿਰਦੇਸ਼ਨ ਹੀ ਕਾਫ਼ੀ ਹੈ।

          ਸਿੱਧਾਂ, ਨਾਥਾਂ, ਤਾਂਤ੍ਰਿਕਾਂ ਆਦਿ ਦੇ ਮਤਾਂ ਨੇ ਗੁਰੂ ਦੇ ਮਹੱਤਵ ਨੂੰ ਪੂਰੀ ਤਰ੍ਹਾਂ ਸਵੀਕਾਰ ਕੀਤਾ ਹੈ। ਉਨ੍ਹਾਂ ਅਨੁਸਾਰ ਹਰ ਪ੍ਰਕਾਰ ਦੀ ਪ੍ਰਾਪਤੀ ਲਈ ਗੁਰੂ ਪ੍ਰਸੰਨਤਾ ਲਾਜ਼ਮੀ ਹੈ। ਗੁਰੂ, ਜੀਵਨ ਦੇ ਹਰ ਮੋੜ ਤੇ ਸਹਾਇਤਾ ਕਰਦਾ ਹੈ ਅਤੇ ਅਖੀਰ ਮੁਕਤੀ ਦਿਵਾਉਂਦਾ ਹੈ।

          ਮੱਧਕਾਲੀਨ ਸੰਤ ਸਾਹਿਤ ਵਿਚ ‘ਗੁਰੂ’ ਦੀ ਬੜੀ ਮਹਿਮਾ ਉਪਲਬਧ ਹੈ। ਸੰਤਾਂ ਅਨੁਸਾਰ ‘ਗੁਰੂ’ ਉਹ ਹੋ ਸਕਦਾ ਹੈ ਜੋ ਹਮੇਸ਼ਾਂ ਹੀ ਰਾਮ ਨਾਮ ਵਿਚ ਲੀਨ, ਪੂਜਾ ਕਰਵਾਉਣ ਦੀ ਭਾਵਨਾ ਤੋਂ ਮੁਕਤ, ਅਡੰਬਰ-ਰਹਿਤ, ਆਤਮਾ-ਪਰਮਾਤਮਾ ਦੀ ਏਕਤਾ ਦਾ ਅਨੁਭਵੀ, ਅਗਿਆਨ ਵਿਨਾਸ਼ਕ, ਵਿਕਾਰਾਂ ਤੋਂ ਰਹਿਤ, ਦੁਖ-ਸੁਖ, ਹਰਖ-ਸੋਗ ਆਦਿ ਤੋਂ ਨਿਰਲੇਪ, ਸੱਚਾ ਮਿੱਤਰ, ਪਤਿਤ-ਪਾਵਨ, ਉਦਾਰ-ਚਿੱਤ, ਈਸ਼ਵਰੀ ਪ੍ਰਤਿਸ਼ਠਾ ਦਾ ਸੁਆਮੀ, ਨਿਰਭਉ ਤੇ ਨਿਰਵੈਰ, ਸਮਦਰਸ਼ੀ, ਮਹਾਂਪੁਰਖ ਹੋਵੇ। ਇਸ ਦੇ ਮਿਲਾਪ ਤੋਂ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ।

          ਗੁਰਮਤਿ ਵਿਚ ਗੁਰੂ ਨੂੰ ਕਈ ਰੂਪਾਂ ਵਿਚ ਪੇਸ਼ ਕੀਤਾ ਗਿਆ ਹੈ ਜਿਵੇਂ ਗੁਰੂ ਦਾ ਪਰਮਾਤਮਾ ਰੂਪ, ਗੁਰੂ ਦਾ ਮਨੁੱਖੀ ਰੂਪ ਤੇ ਗੁਰੂ ਦਾ ਸ਼ਬਦ ਰੂਪ। ਗੁਰੂ ਗ੍ਰੰਥ ਬਾਣੀ ਵਿਚ ਅਜਿਹੇ ਸੰਕੇਤ ਮਿਲਦੇ ਹਨ ਇਕ ਪਰਮਾਤਮਾ, ਜੋ ਅਸਥਿਰ, ਅਮਰ ਤੇ ਅਜੋਨੀ ਹੈ, ਉਹ ਗੁਰੂ ਹੈ––“ਸਤਿਗੁਰੂ ਮੇਰਾ ਸਦਾ ਸਦਾ ਨ ਆਵੇ ਨਾ ਜਾਇ। ਉਹ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ” (ਰਾਗ ਸੂਹੀ ਮਹਲਾ 4, ਪੰਨਾ 759)। ਅਜਿਹੇ ਹੋਰ ਕਈ ਪ੍ਰਮਾਣ ਮਿਲਦੇ ਹਨ ਕਿ ਗੁਰੂ ਪਰਮਾਤਮਾ ਹੀ ਹੈ। ਭੱਟਾਂ ਨੇ ਆਪਣੀ ਬਾਣੀ ਵਿਚ ਗੁਰੂ ਨਾਨਕ ਤੇ ਪਰਵਰਤੀ ਸਤਿਗੁਰਾਂ ਨੂੰ ਪਰਮਾਤਮਾ ਦਾ ਰੂਪ ਜਾਂ ਪਰਮਾਤਮਾ ਹੀ ਮੰਨਿਆ ਹੈ ਭਾਵੇਂ ਗੁਰਮਤਿ ਸਿੱਧਾਂਤਕ ਤੌਰ ਤੇ ਬ੍ਰਹਮ ਨੂੰ ਅਜੋਨੀ ਮੰਨਦੀ ਹੈ ਪਰ ਭੱਟਾਂ ਨੇ ਇਹ ਸਭ ਸ਼ਰਧਾਤਮਕ ਰੁਚੀ ਕਰਕੇ ਲਿਖਿਆ ਹੈ। ਹਾਂ, ਪਰਮਾਤਮਾ ਨਾਲ ਇਕਮਿਕ ਹੋਣ ਕਾਰਨ ਉਨ੍ਹਾਂ ਨੂੰ ਬ੍ਰਹਮ-ਰੂਪ ਆਖਣਾ ਗ਼ਲਤ ਨਹੀਂ ਹੈ।

          ਗੁਰੂ ਨਾਨਕ ਨੇ ਅਸਰੀਰੀ ਗੁਰੂ ਦਾ ਸੰਕਲਪ ਪੇਸ਼ ਕੀਤਾ ਪਰ ਪਰਵਰਤੀ ਗੁਰੂਆਂ ਨੇ ਗੁਰੂ ਨਾਨਕ ਨੂੰ ਵੀ ਗੁਰੂ ਸਵੀਕਾਰ ਕਰਕੇ ਉਨ੍ਹਾਂ ਦੀ ਦੇਹਧਾਰੀ ਦੇ ਰੂਪ ਵਿਚ ਵੀ ਉਪਮਾ ਕੀਤੀ। ਸੱਤਾ ਤੇ ਬਲਵੰਡ ਦੀ ‘ਰਾਮਕਲੀ ਦੀ ਵਾਰ’ ਵਿਚ ਗੁਰੂ ਸਾਹਿਬਾਨ ਦੀ ਇਸ ਰੂਪ ਵਿਚ ਪ੍ਰਸ਼ੰਸਾ ਕੀਤੀ ਗਈ ਹੈ। ਇਹ ਦੇਹਧਾਰੀ ਗੁਰੂ-ਪਰੰਪਰਾ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ ਜਾਰੀ ਰਹੀ ਪਰ ਬਾਅਦ ਵਿਚ ਗੁਰੂ ਗੋਬਿੰਦ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇ ਕੇ ਦੇਹਧਾਰੀ ਗੁਰੂ-ਪਰੰਪਰਾ ਖ਼ਤਮ ਕਰ ਦਿੱਤੀ।

          ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਨੂੰ ਬ੍ਰਹਮ ਤੋਂ ਅਭਿੰਨ ਮੰਨਦਿਆਂ ਗੁਰੂ ਲਈ ਗੋਬਿੰਦ, ਪਰਮੇਸ਼ਰ, ਨਾਰਾਇਣ, ਕਰਤਾ, ਪਾਰਬ੍ਰਹਮ, ਗੋਪਾਲ, ਆਤਮਦੇਵ, ਹਰਿ ਤੇ ਗੋਸਾਈਂ ਸ਼ਬਦ ਵਰਤੇ ਗਏ ਹਨ। ਜਿਥੇ ਗੁਰੂ ਨੂੰ ਪਰਮਾਤਮਾ ਦਾ ਨਿਜ ਰੂਪ ਮੰਨਿਆ ਹੈ, ਉਥੇ ਉਸ ਨੂੰ ਪ੍ਰਭੂ ਵੱਲੋਂ ਭੇਜਿਆ ਪੂਰਨ ਅਧਿਕਾਰ ਸੱਤਾ-ਸੰਪਨ ਮਾਨਵ ਮੰਨਿਆ ਹੈ ਜਿਸ ਨੂੰ ਜਗਤ ਦੇ ਕਲਿਆਣ ਲਈ ਭੇਜਿਆ ਜਾਂਦਾ ਹੈ। ਪਰਮਾਤਮਾ ਆਪ ਉਸ ਵਿਚ ਵਿਦੱਮਾਨ ਹੋ ਕੇ ਸਾਰੇ ਕਾਰਜ ਕਰਵਾਉਂਦਾ ਹੈ। ਉਹ ਕਿਸੇ ਜਾਤੀ ਵਿਸ਼ੇਸ਼ ਦਾ ਨਹੀਂ ਸਗੋਂ ਸਰਬ ਸਾਂਝਾ ਹੁੰਦਾ ਹੈ ਤੇ ਬਿਨਾਂ ਕਿਸੇ ਵਿਤਕਰੇ ਦੇ ਸਭ ਨੂੰ ਸੱਚੇ ਮਾਰਗ ਤੇ ਚੱਲਣ ਲਈ ਪ੍ਰੇਰਿਤ ਕਰਦਾ ਹੈ।

          ਸ਼ਬਦ ਨੂੰ ਵੀ ਗੁਰੂ ਮੰਨਿਆ ਗਿਆ ਹੈ। ‘ਸ਼ਬਦੁ ਗੁਰੂ ਸੁਰਤਿ ਧੁਨਿ ਚੇਲਾ’ ਗੁਰੂ ਨਾਨਕ ਦੇਵ ਜੀ ਦੀ ਪ੍ਰਸਿੱਧ ਪੰਕਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬਾਨ ਨੇ ਸ਼ਬਦ ਦੇ ਗੁਰੂ ਉਪਦੇਸ਼ ਰੂਪ ਉਪਰ ਬਲ ਦਿੱਤਾ ਹੈ। ਗੁਰਬਾਣੀ ਵਿਚ ਜਿਥੇ ਗੁਰੂ ਦੇ ਉਪਦੇਸ਼ ਰੂਪ ਸ਼ਬਦ ਨੂੰ ਬ੍ਰਹਮ ਕਿਹਾ ਹੈ, ਉਥੇ ਉਸ ਨੂੰ ਗੁਰੂ ਵੀ ਕਿਹਾ ਗਿਆ ਹੈ।

          ਗੁਰੂ ਆਪਣੇ ਸਿੱਖਾਂ ਦੇ ਅਗਿਆਨ ਨੂੰ ਖ਼ਤਮ ਕਰਦਾ ਹੈ। ਮਾਇਆ ਦੇ ਪ੍ਰਭਾਵ ਅਧੀਨ ਕੁਰਾਹੇ ਪਏ ਮਨੁੱਖਾਂ ਨੂੰ ਸ਼ਬਦ-ਰੂਪ ਪ੍ਰਕਾਸ਼ ਦੇ ਕੇ ਸੱਚ ਦੇ ਮਾਰਗ ਤੇ ਚੱਲਣ ਲਈ ਰਾਹ ਦਿਖਾਂਉਂਦਾ ਹੈ। ਗੁਰੂ ਗਿਆਨ ਦਾ ਦਾਤਾ ਹੈ। ਸਤਿ-ਗਿਆਨ ਦੁਆਰਾ ਬ੍ਰਹਮ ਵਿਚ ਲੀਨ ਹੋਣ ਦੀ ਵਿਧੀ ਦੱਸਦਾ ਹੈ। ਗੁਰੂ ਸਰਬ ਸ਼ਕਤੀਮਾਨ ਹੈ। ਉਹ ਜਗਿਆਸੂ ਦੀ ਪ੍ਰਤਿਪਾਲਣਾ ਕਰਦਾ ਹੈ ਤੇ ਉਸ ਨੂੰ ਜੀਵਨ ਮੁਕਤ ਬਣਾਉਣ ਦੇ ਸਮਰੱਥ ਹੈ। ਉਹ ਸਿੱਖ ਨੂੰ ਬ੍ਰਹਮ ਨਾਲ ਜੋੜਦਾ ਹੈ।

          ਗੁਰੂ ਕੋਰਾ ਉਪਦੇਸ਼ਕ ਹੀ ਨਹੀਂ ਹੈ ਸਗੋਂ ਉਹ ਆਪਣੇ ਸਿੱਖਾਂ ਦੇ ਕਲਿਆਣ ਲਈ ਅਜਿਹਾ ਅਮਲੀ ਜੀਵਨ ਜੀਉਂਦਾ ਹੈ ਕਿ ਸਿੱਖ ਉਸ ਨੂੰ ਨਮੂਨਾ ਮਿਥ ਕੇ ਸੱਚੇ ਮਾਰਗ ਤੇ ਚਲਦਿਆਂ ਪਰਮਪਦ ਦੀ ਪ੍ਰਾਪਤੀ ਕਰ ਸਕੇ। ਸਿੱਖ ਗੁਰੂ ਤੇ ਪੂਰਨ ਭਰੋਸਾ ਕਰਕੇ, ਹਰ ਉਪਦੇਸ਼ ਨੂੰ ਗ੍ਰਹਿਣ ਕਰਕੇ, ਪੂਰਨ ਸ਼ਰਧਾ ਨਾਲ ਉਸ ਨੂੰ ਸਤਿਕਾਰ ਦੇ ਕੇ ਆਪਣਾ ਸਭ ਕੁਝ ਸਮਰਪਿਤ ਕਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦਾ ਹੈ। ਗੁਰੂ ਸਿੱਖ ਦੀ ਹਰ ਪ੍ਰਕਾਰ ਦੀ ਪ੍ਰਤਿਪਾਲਣਾ ਕਰਦਾ ਹੈ ਤੇ ਸਿੱਖ ਨੂੰ ਬੱਚੇ ਵਾਂਗੂ ਸੰਭਾਲਦਾ ਤੇ ਰੱਖਿਆ ਕਰਦਾ ਹੈ।

          ਹ. ਪੁ.––ਗੁਰੂ ਗ੍ਰੰਥ-ਬਾਣੀ ਵਿਚ ਗੁਰੂ ਦਾ ਸੰਕਲਪ––ਡਾ. ਦਰਸ਼ਨ ਸਿੰਘ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 12373, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-17, ਹਵਾਲੇ/ਟਿੱਪਣੀਆਂ: no

ਗੁਰੂ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਗੁਰੂ : ਧਾਰਮਕ ਜਗਤ ਵਿਚ ਗੁਰੂ ਦਾ ਅਥਾਹ ਮਹੱਤਵ ਹੈ। ਇਹ ਜਗਿਆਸੂ ਨੂੰ ਹਰ ਪ੍ਰਕਾਰ ਦੀ ਅਗਵਾਈ ਦਿੰਦਾ ਹੈ। ਅਧਿਆਤਮਕ ਮਾਰਗ ਤੇ ਚਲਦਿਆਂ ਹੋਇਆਂ ਜਗਿਆਸੂ ਨੂੰ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਹਨ, ਗੁਰੂ ਉਨ੍ਹਾਂ ਨੂੰ ਦੂਰ ਕਰਨ ਵਿਚ ਸਹਾਈ ਹੁੰਦਾ ਹੈ ਅਤੇ ਅਖ਼ੀਰ ਵਿਚੋਲਾ ਬਣ ਕੇ ਪਰਮਾਤਮਾ ਨਾਲ ਮਿਲਾਉਂਦਾ ਹੈ।

ਵੈਦਿਕ ਯੁਗ ਵਿਚ ਰਿਸ਼ੀ ਹਰ ਪ੍ਰਕਾਰ ਦੀ ਅਗਵਾਈ ਕਰਦੇ ਸਨ ਤੇ ਇਹ ਜਗਿਆਸੂ ਨੂੰ ਜੀਵਨ ਦੇ ਹਰ ਪਿੜ ਵਿਚ ਸਫ਼ਲਤਾ ਪ੍ਰਾਪਤ ਕਰਨ ਤੇ ਆਸ਼ਾਵਾਦੀ ਰਹਿ ਕੇ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕਰਦੇ ਸਨ। ਵੇਦਾਂ ਵਿਚ ਅਜਿਹੇ ਹਵਾਲੇ ਮਿਲਦੇ ਹਨ ਜਿਨ੍ਹਾਂ ਤੋਂ ਰਿਸ਼ੀਆਂ ਮੁਨੀਆਂ ਦੇ ਧਾਰਮਿਕ, ਸਮਾਜਕ ਤੇ ਰਾਜਨੀਤਿਕ ਪਿੜਾਂ ਵਿਚ ਕੀਤੇ ਮਹੱਤਵਪੂਰਨ ਕਾਰਜ ਦਾ ਪਤਾ ਲਗਦਾ ਹੈ। ਰਿਸ਼ੀ ‘ਗੁਰੂ’ ਦਾ ਸਮਾਨਾਰਥਕ ਸ਼ਬਦ ਹੈ। ਯੱਗਾਂ ਦਾ ਵਿਧਾਨ ਕਰਨ ਤੇ ਯੱਗ ਕਰਵਾਉਣ ਲਈ ਇਹ ਰਿਸ਼ੀ ਪੁਰੋਹਿਤ ਦਾ ਕੰਮ ਕਰਦੇ ਸਨ, ਵੇਦ ਮੰਤਰ ਉਚਾਰਦੇ ਸਨ ਅਤੇ ਭੇਟਾ ਲੈਂਦੇ ਸਨ। ਵੇਦਾਂ ਵਿਚ ਪੁਰੋਹਿਤਾਂ ਲਈ ਆਚਾਰੀਆ ਸ਼ਬਦ ਦਾ ਪ੍ਰਯੋਗ ਵੀ ਕੀਤਾ ਮਿਲਦਾ ਹੈ। ਇਹ ਆਪਣੇ ਆਸ਼ਰਮਾਂ ਵਿਚ ਵਿਦਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਤੇ ਆਚਰਣ-ਉਸਾਰੀ ਦਾ ਵੀ ਧਿਆਨ ਰੱਖਦੇ ਸਨ।

ਗੁਰੂ ਸ਼ਬਦ ਤੋਂ ਕਈ ਪ੍ਰਕਾਰ ਦੇ ਅਰਥਾਂ ਦਾ ਬੋਧ ਹੁੰਦਾ ਹੈ ਪਰ ਅਧਿਆਤਮਕ ਆਗੂ ਦੇ ਰੂਪ ਵਿਚ ਇਸ ਦਾ ਅਰਥ ਵਿਦਵਾਨ ਇਸ ਪ੍ਰਕਾਰ ਕਰਦੇ ਹਨ ਕਿ ਇਹ ਅਗਿਆਨ ਨੂੰ ਖ਼ਤਮ ਕਰ ਕੇ ਉਸ ਨੂੰ ਗਿਆਨ ਦਿੰਦਾ ਹੈ। ਵੇਦਾਂ ਵਿਚ ਗੁਰੂ ਦੇ ਲੱਛਣਾਂ ਅਤੇ ਮਹਿਮਾ ਦਾ ਜ਼ਿਕਰ ਹੈ। ਰਿਗਵੇਦ ਅਨੁਸਾਰ ਗੁਰੂ ਉਹ ਵਿਅਕਤੀ ਹੈ ਜੋ ਅਪਵਿੱਤਰ ਸਾਧਕ ਨੂੰ ਪਵਿੱਤਰ ਬਣਾ ਦਿੰਦਾ ਹੈ। ਕੁਰਾਹੇ ਪਿਆਂ ਨੂੰ ਆਪਣੇ ਆਤਮਕ ਬਲ ਨਾਲ ਰਾਹੇ ਪਾ ਦਿੰਦਾ ਹੈ। ਆਪਣੇ ਸ਼ਾਗਿਰਦਾਂ ਨਾਲ ਮਾਪਿਆ ਵਾਲੇ ਸਬੰਧ ਰੱਖਦਾ ਹੈ ਅਤੇ ਉਨ੍ਹਾਂ ਨੂੰ ਵਿਕਾਰਾਂ ਤੋਂ ਬਚਾਉਂਦਾ ਹੈ ਆਦਿ।

ਉਪਨਿਸ਼ਦਾਂ ਵਿਚ ਗੁਰੂ ਨੂੰ ਆਤਮਵੇਤਾ ਅਤੇ ਵੇਦਾਂ ਦਾ ਗਿਆਤਾ ਆਦਿ ਮੰਨਿਆ ਗਿਆ ਹੈ। ਉਪਨਿਸ਼ਦਾਂ ਅਨੁਸਾਰ ਤੇ ਗੁਰੂ ਦੀ ਮਦਦ ਨਾਲ ਹੀ ਚੱਲਿਆ ਜਾ ਸਕਦਾ ਹੈ। ਗੁਰੂ ਦੀ ਕਿਰਪਾ ਨਾਲ ਹੀ ਮੁਕਤੀ ਦੀ ਪ੍ਰਾਪਤੀ ਹੋ ਸਕਦੀ ਹੈ।

ਗੀਤਾ ਵਿਚ ਦੱਸਿਆ ਹੈ ਕਿ ਬ੍ਰਹਮ-ਨਿਸ਼ਠ ਮਹਾਤਮਾ ਕੋਲ ਬੜੇ ਹੀ ਅਦਬ ਤੇ ਸਤਿਕਾਰ ਸਹਿਤ ਜਾਣਾ ਚਾਹੀਦਾ ਹੈ। ਗੁਰੂ ਸਾਗਰ ਵਾਂਗ ਸ਼ਾਂਤ, ਬ੍ਰਹਮਲੀਨ ਤੇ ਆਪਣੇ ਰੰਗ ਵਿਚ ਰਹਿਣ ਵਾਲਾ ਹੁੰਦਾ ਹੈ।

ਵੈਸ਼ਨਵ ਧਰਮ ਦੇ ਗ੍ਰੰਥਾਂ ਅਨੁਸਾਰ ਗੁਰੂ-ਮਨੁੱਖੀ ਦੇਹ ਦੇ ਰੂਪ ਵਿਚ, ਪਰਮਾਤਮਾ ਦੇ ਅਵਤਾਰ ਦੇ ਰੂਪ ਵਿਚ, ਗੁਰੂ ਆਪ ਵੀ ਪਰਮਾਤਮਾ ਦਾ ਅਵਤਾਰ ਹੈ, ਗੁਰੂ ਪਰਮਾਤਮਾ ਨਾਲ ਇਕ ਰੂਪ ਹੋਇਆ ਹੈ ਤੇ ਉਸ ਵਾਂਗ ਹੀ ਸਰਬ-ਵਿਆਪਕ ਤੇ ਸਰਬ-ਸਮਰੱਥ ਪ੍ਰਗਟ ਹੁੰਦਾ ਹੈ।

ਬੁੱਧ ਤੇ ਜੈਨ ਧਰਮ ਪਰਮਾਤਮਾ ਦੀ ਹੋਂਦ ਬਾਰੇ ਲਗਭਗ ਚੁੱਪ ਹੀ ਹਨ ਪਰ ਗੁਰੂ ਦੇ ਮਹੱਤਵ ਨੂੰ ਉਨ੍ਹਾਂ ਨੇ ਵੀ ਸਵੀਕਾਰ ਕੀਤਾ ਹੈ। ਮਹਾਤਮਾ ਬੁੱਧ ਨੇ ਜੀਵਨ ਅਗਵਾਈ ਲਈ ਕਿਸੇ ਵਿਅਕਤੀ ਵਿਸ਼ੇਸ਼ ਦੀ ਲੋੜ ਨਹੀਂ ਸਮਝੀ। ਉਨ੍ਹਾਂ ਅਨੁਸਾਰ ਸਿਰਫ਼ ਉਨ੍ਹਾਂ ਦੇ ਉਪਦੇਸ਼ਾਂ ਦੇ ਗ੍ਰਹਿਣ ਨਾਲ ਹੀ ਨਿਰਵਾਣ ਦੀ ਪ੍ਰਾਪਤੀ ਹੋ ਜਾਂਦੀ ਹੈ। ਜੈਨ ਧਰਮ ਵਿਚ ਵੀ ਕੋਈ ਵਿਅਕਤੀ ਪਰਾ-ਮਨੁੱਖ ਹੋਣ ਦਾ ਦਾਅਵਾ ਨਹੀਂ ਕਰ ਸਕਦਾ, ਸਿਰਫ਼ ਜੈਨ ਗ੍ਰੰਥਾਂ ਦੀ ਪ੍ਰਮਾਣਿਕਤਾ ਉੱਪਰ ਵਿਸ਼ਵਾਸ ਤੇ ਉਨ੍ਹਾਂ ਦਾ ਨਿਰਦੇਸ਼ਨ ਹੀ ਕਾਫ਼ੀ ਹੈ।

ਸਿੱਧਾਂ, ਨਾਥਾਂ, ਤਾਂਤ੍ਰਿਕਾਂ ਆਦਿ ਦੇ ਮਤਾਂ ਨੇ ਗੁਰੂ ਦੇ ਮਹੱਤਵ ਨੂੰ ਪੂਰੀ ਤਰ੍ਹਾਂ ਸਵੀਕਾਰ ਕੀਤਾ ਹੈ। ਉਨ੍ਹਾਂ ਅਨੁਸਾਰ ਹਰ ਪ੍ਰਕਾਰ ਦੀ ਪ੍ਰਾਪਤੀ ਲਈ ਗੁਰੂ ਪ੍ਰਸੰਨਤਾ ਲਾਜ਼ਮੀ ਹੈ। ਗੁਰੂ ਜੀਵਨ ਦੇ ਹਰ ਮੋੜ ਤੇ ਸਹਾਇਤਾ ਕਰਦਾ ਹੈ ਅਤੇ ਅਖ਼ੀਰ ਮੁਕਤੀ ਦਿਵਾਉਂਦਾ ਹੈ।

ਮੱਧਕਾਲੀਨ ਸੰਤ ਸਾਹਿਤ ਵਿਚ ‘ਗੁਰੂ’ ਉਹ ਹੋ ਸਕਦਾ ਹੈ ਜੋ ਹਮੇਸ਼ਾਂ ਹੀ ਰਾਮ ਨਾਮ ਵਿਚ ਲੀਨ, ਪੂਜਾ ਕਰਵਾਉਣ ਦੀ ਭਾਵਨਾ ਤੋਂ ਮੁਕਤ, ਅਡੰਬਰ-ਰਹਿਤ, ਆਤਮਾ-ਪਰਮਾਤਮਾ ਦੀ ਏਕਤਾ ਦੀ ਅਨੁਭਵੀ, ਅਗਿਆਨ ਵਿਨਾਸ਼ਕ, ਵਿਕਾਰਾਂ ਤੋਂ ਰਹਿਤ, ਦੁੱਖ-ਸੁੱਖ, ਹਰਖ-ਸੋਗ ਆਦਿ ਤੋਂ ਨਿਰਲੇਪ, ਸੱਚਾ ਮਿੱਤਰ, ਪਤਿਤ-ਪਾਵਨ, ਉਦਾਰ-ਚਿੱਤ, ਈਸ਼ਵਰੀ ਪ੍ਰਤਿਸ਼ਠਾ ਦਾ ਸੁਆਮੀ, ਨਿਰਭਉ ਤੇ ਨਿਰਵੈਰ, ਸਮਦਰਸ਼ੀ, ਮਹਾਂਪੁਰਖ ਹੋਵੇ। ਇਸ ਦੇ ਮਿਲਾਪ ਤੋਂ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ।

ਗੁਰਮਤਿ ਵਿਚ ਗੁਰੂ ਨੂੰ ਕਈ ਰੂਪਾਂ ਵਿਚ ਪੇਸ਼ ਕੀਤਾ ਗਿਆ ਹੈ ਜਿਵੇਂ ਗੁਰੂ ਦਾ ਪਰਮਾਤਮਾ ਰੂਪ, ਗੁਰੂ ਦਾ ਮਨੁੱਖੀ ਰੂਪ ਤੇ ਗੁਰੂ ਦਾ ਸ਼ਬਦ ਰੂਪ। ਗੁਰਬਾਣੀ ਵਿਚ ਅਜਿਹੇ ਸੰਕੇਤ ਮਿਲਦੇ ਹਨ ਕਿ ਇਕ ਪਰਮਾਤਮਾ ਜੋ ਸਥਿਰ, ਅਮਰ ਤੇ ਅਜੂਨੀ ਹੈ, ਉਹ ਗੁਰੂ ਹੈ ‘‘ਸਤਿਗੁਰੁ ਮੇਰਾ ਸਦਾ ਸਦਾ ਨਾ ਆਵੇ ਨਾ ਜਾਇ’’ ‖ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ‖ (ਰਾਗ ਸੂਹੀ ਮਹਲਾ ੪, ਪੰਨਾ 759)। ਅਜਿਹੇ ਹੋਰ ਕਈ ਪ੍ਰਮਾਣ ਮਿਲਦੇ ਹਨ ਕਿ ਗੁਰੂ ਪਰਮਾਤਮਾ ਹੀ ਹੈ। ਭੱਟਾਂ ਨੇ ਆਪਣੀ ਬਾਣੀ ਵਿਚ ਗੁਰੂ ਨਾਨਕ ਦੇਵ ਜੀ ਅਤੇ ਪਰਵਰਤੀ ਸਤਿਗੁਰਾਂ ਨੂੰ ਪਰਮਾਤਮਾ ਦਾ ਰੂਪ ਜਾਂ ਪਰਮਾਤਮਾ ਹੀ ਮੰਨਿਆ ਹੈ ਭਾਵੇਂ ਗੁਰਮਤਿ ਸਿਧਾਂਤਕ ਤੌਰ ਤੇ ਬ੍ਰਹਮ ਨੂੰ ਅਜੂਨੀ ਮੰਨਦੀ ਹੈ ਪਰ ਭੱਟਾਂ ਨੇ ਇਹ ਸਭ ਸ਼ਰਧਾਤਮਕ ਰੁਚੀ ਕਰ ਕੇ ਲਿਖਿਆ ਹੈ ਅਤੇ ਪਰਮਾਤਮਾ ਨਾਲ ਇਕਮਿਕ ਹੋਣ ਕਾਰਨ ਉਨ੍ਹਾਂ ਨੂੰ ਬ੍ਰਹਮ-ਰੂਪ ਆਖਣਾ ਗ਼ਲਤ ਨਹੀਂ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੇਹ ਰਹਿਤ ਗੁਰੂ ਦਾ ਸੰਕਲਪ ਪੇਸ਼ ਕੀਤਾ ਪਰ ਪਰਵਰਤੀ ਗੁਰੂਆਂ ਨੇ ਗੁਰੂ ਨਾਨਕ ਦੇਵ ਜੀ ਨੂੰ ਵੀ ਗੁਰੂ ਸਵੀਕਾਰ ਕਰ ਕੇ ਉਨ੍ਹਾਂ ਦੀ ਦੇਹਧਾਰੀ ਦੇ ਰੂਪ ਵਿਚ ਵੀ  ਉਪਮਾ ਕੀਤੀ। ਸੱਤਾ ਤੇ ਬਲਵੰਡ ਨੇ ਵੀ ‘ਰਾਮਕਲੀ ਕੀ ਵਾਰ’ ਵਿਚ ਗੁਰੂ ਸਾਹਿਬਾਨ ਦੀ ਇਸ ਰੂਪ ਵਿਚ ਪ੍ਰਸੰਸਾ ਕੀਤੀ ਹੈ। ਇਹ ਦੇਹਧਾਰੀ ਗੁਰੂ-ਪਰੰਪਰਾ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤਕ ਜਾਰੀ ਰਹੀ ਪਰ ਬਾਅਦ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇ ਕੇ ਦੇਹਧਾਰੀ ਗੁਰੂ-ਪਰੰਪਰਾ ਖ਼ਤਮ ਕਰ ਦਿੱਤੀ।

ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਨੂੰ ਬ੍ਰਹਮ ਤੋਂ ਅਭਿੰਨ ਮੰਨਦਿਆਂ ਗੁਰੂ ਲਈ ਗੋਬਿੰਦ ਪਰਮੇਸਰ, ਨਾਰਾਇਣ, ਕਰਤਾ, ਪਾਰਬ੍ਰਹਮ,ਗੋਪਾਲ, ਆਤਮਦੇਵ, ਹਰਿ ਤੇ ਗੋਸਾਈ ਆਦਿ ਸ਼ਬਦ ਵਰਤੇ ਗਏ ਹਨ। ਗੁਰੂ ਨੂੰ ਜਿਥੇ ਪਰਮਾਤਮਾ ਦਾ ਨਿਜ ਰੂਪ ਮੰਨਿਆ ਹੈ, ਉਥੇ ਉਸ ਨੂੰ ਪ੍ਰਭੂ ਵੱਲੋਂ ਭੇਜਿਆ ਪੂਰਨ ਅਧਿਕਾਰ ਸੱਤਾ-ਸੰਪੰਨ ਮਾਨਵ ਮੰਨਿਆ ਹੈ ਜਿਸ ਨੂੰ ਜਗਤ ਦੇ ਕਲਿਆਣ ਲਈ ਭੇਜਿਆ ਜਾਂਦਾ ਹੈ। ਪਰਮਾਤਮਾ ਆਪ ਉਸ ਵਿਚ ਵਿੱਦਮਾਨ ਹੋ ਕੇ ਸਾਰੇ ਕਾਰਜ ਕਰਵਾਉਂਦਾ ਹੈ। ਉਹ ਕਿਸੇ ਜਾਤੀ ਵਿਸ਼ੇਸ਼ ਦਾ ਨਹੀਂ ਸਗੋਂ ਸਰਬ ਸਾਂਝਾ ਹੁੰਦਾ ਹੈ ਤੇ ਬਿਨਾਂ ਕਿਸੇ ਵਿਤਕਰੇ ਦੇ ਸਭ ਨੂੰ ਸੱਚੇ ਮਾਰਗ ਤੇ ਚਲਣ ਲਈ ਪ੍ਰੇਰਿਤ ਕਰਦਾ ਹੈ।

ਸ਼ਬਦ ਨੂੰ ਵੀ ਗੁਰੂ ਮੰਨਿਆ ਗਿਆ ਹੈ। ‘ਸਬਦੁ ਗੁਰੂ ਸੁਰਤਿ ਧੁਨਿ ਚੇਲਾ’ ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬਾਨ ਨੇ ਸ਼ਬਦ ਦੇ ਗੁਰੂ ਉਪਦੇਸ਼ ਰੂਪ ਉੱਪਰ ਬਲ ਦਿੱਤਾ ਹੈ। ਗੁਰਬਾਣੀ ਵਿਚ ਜਿਥੇ ਗੁਰੂ ਦੇ ਉਪਦੇਸ਼ ਰੂਪ ਸ਼ਬਦ ਨੂੰ ਬ੍ਰਹਮ ਕਿਹਾ ਹੈ, ਉਥੇ ਉਸ ਨੂੰ ਗੁਰੂ ਵੀ ਕਿਹਾ ਗਿਆ ਹੈ।

ਗੁਰੂ ਆਪਣੇ ਸਿੱਖਾਂ ਦੇ ਅਗਿਆਨ ਨੂੰ ਖ਼ਤਮ ਕਰਦਾ ਹੈ। ਮਾਇਆ ਦੇ ਪ੍ਰਭਾਵ ਅਧੀਨ ਕੁਰਾਹੇ ਪਏ ਮਨੁੱਖਾਂ ਨੂੰ ਸ਼ਬਦ-ਰੂਪ ਪ੍ਰਕਾਸ਼ ਦੇ ਕੇ ਸੱਚ ਦੇ ਮਾਰਗ ਤੇ ਚੱਲਣ ਲਈ ਰਾਹ ਦਿਖਾਉਂਦਾ ਹੈ। ਗੁਰੂ ਗਿਆਨ ਦਾ ਦਾਤਾ ਹੈ। ਸਤਿ-ਗਿਆਨ ਦੁਆਰਾ ਬ੍ਰਹਮ ਵਿਚ ਲੀਨ ਹੋਣ ਦੀ ਵਿਧੀ ਦੱਸਦਾ ਹੈ। ਗੁਰੂ ਸਰਬ ਸ਼ਕਤੀਮਾਨ ਹੈ। ਉਹ ਜਗਿਆਸੂ ਦੀ ਪ੍ਰਤਿਪਾਲਣਾ ਕਰਦਾ ਹੈ ਤੇ ਉਸ ਨੂੰ ਜੀਵਨ ਮੁਕਤ ਬਣਾਉਣ ਦੇ ਸਮਰੱਥ ਹੈ। ਉਹ ਸਿੱਖ ਨੂੰ ਬ੍ਰਹਮ ਨਾਲ ਜੋੜਦਾ ਹੈ।

ਗੁਰੂ ਕੋਰਾ ਉਪਦੇਸ਼ਕ ਹੀ ਨਹੀਂ ਸਗੋਂ ਉਹ ਆਪਣੇ ਸਿੱਖਾਂ ਦੇ ਕਲਿਆਣ ਲਈ ਅਜਿਹਾ ਅਮਲੀ ਜੀਵਨ ਜੀਉਂਦਾ ਹੈ ਕਿ ਸਿੱਖ ਉਸ ਨੂੰ ਨਮੂਨਾ ਮਿਥ ਕੇ ਸੱਚੇ ਮਾਰਗ ਤੇ ਚਲਦਿਆਂ ਪਰਮਪਦ ਦੀ ਪ੍ਰਾਪਤੀ ਕਰ ਸਕੇ। ਸਿੱਖ ਗੁਰੂ ਤੇ ਪੂਰਨ ਭਰੋਸਾ ਕਰ ਕੇ, ਹਰ ਉਪਦੇਸ਼ ਨੂੰ ਗ੍ਰਹਿਣ ਕਰ ਕੇ, ਪੂਰਨ ਸ਼ਰਧਾ ਨਾਲ ਉਸ ਨੂੰ ਸਤਿਕਾਰ ਦੇ ਕੇ ਆਪਣਾ ਸਭ ਕੁਝ ਸਮਰਪਿਤ ਕਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦਾ ਹੈ। ਗੁਰੂ ਸਿੱਖ ਦੀ ਹਰ ਪ੍ਰਕਾਰ ਦੀ ਪ੍ਰਤਿਪਾਲਣਾ ਕਰਦਾ ਹੈ ਤੇ ਸਿੱਖ ਨੂੰ ਬੱਚੇ ਵਾਂਗੂ ਸੰਭਾਲਦਾ ਅਤੇ ਰੱਖਿਆ ਕਰਦਾ ਹੈ।


ਲੇਖਕ : -ਡਾ. ਦਰਸ਼ਨ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4665, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-10-04-52-28, ਹਵਾਲੇ/ਟਿੱਪਣੀਆਂ: ਹ. ਪੁ. – ਗੁਰੂ ਗ੍ਰੰਥ-ਬਾਣੀ ਵਿਚ ਗੁਰੂ ਦਾ ਸੰਕਲਪ

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.