ਹਰਿਮੰਦਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਰਿਮੰਦਰ ਵਾਹਗੁਰੂ ਦਾ ਮਹਲ. ਜਗਤ. “ ਹਰਿਮੰਦਰ ਏਹੁ ਜਗਤ ਹੈ.” ( ਪ੍ਰਭਾ ਅ : ਮ : ੩ ) ੨ ਮਾਨੁ੄ਦੇਹ. “ ਹਰਿਮੰਦਰੁ ਏਹੁ ਸਰੀਰ ਹੈ.” ( ਪ੍ਰਭਾ ਅ : ਮ : ੩ ) ੩ ਸਤਸੰਗ. “ ਹਰਿਮੰਦਰ ਸੋਈ ਆਖੀਐ ਜਿਥਹੁ ਹਰਿ ਜਾਤਾ.” ( ਮ : ੩ ਵਾਰ ਰਾਮ ੧ ) ੪ ਗੁਰੂ ਅਰਜਨ ਸਾਹਿਬ ਜੀ ਦਾ ਰਚਿਆ ਅਮ੍ਰਿਤ ਸਰੋਵਰ ਦੇ ਵਿਚਕਾਰ ਕਰਤਾਰ ਦਾ ਮੰਦਿਰ. “ ਹਰਿ ਜਪੇ ਹਰਿਮੰਦਰ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ.” ( ਸੂਹੀ ਛੰਤ ਮ : ੫ ) ਦੇਖੋ , ਅਮ੍ਰਿਤਸਰ ਅਤੇ ਮੱਖਨ ਸਿੰਘ । ੫ ਕੀਰਤਪੁਰ ਵਿੱਚ ਛੀਵੇਂ ਸਤਿਗੁਰੂ ਜੀ ਦਾ ਨਿਵਾਸ ਅਸਥਾਨ । ੬ ਪਟਨੇ ਦਾ ਉਹ ਮੰਦਿਰ ਜਿੱਥੇ ਸ਼੍ਰੀ ਦਸ਼ਮੇਸ਼ ਜੀ ਨੇ ਜਨਮ ਲਿਆ । ੭ ਠਾਕੁਰਦ੍ਵਾਰਾ. ਦੇਵਾਲਯ. “ ਕਾਹੁ ਕਹ੍ਯੋ ਹਰਿਮੰਦਰ ਮੇ ਹਰਿ , ਕਾਹੁ ਮਸੀਤ ਕੇ ਬੀਚ ਪ੍ਰਮਾਨ੍ਯੋ.” ( ੩੩ ਸਵੈਯੇ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3795, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹਰਿਮੰਦਰ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਰਿਮੰਦਰ : ( ਪਰਮਾਤਮਾ ਦਾ ਘਰ ) , ਅੰਗਰੇਜ਼ੀ ਬੋਲਣ ਵਾਲਿਆਂ ਲਈ ਸੁਨਹਿਰੀ ਮੰਦਰ ਵਜੋਂ ਪ੍ਰਸਿੱਧ ਇਹ ਸਿੱਖਾਂ ਦਾ ਸਭ ਤੋਂ ਵੱਧ ਪਵਿੱਤਰ ਧਰਮ ਅਸਥਾਨ ਹੈ । ਸ੍ਰੀ ਦਰਬਾਰ ਸਾਹਿਬ ਵੀ ਕਿਹਾ ਜਾਂਦਾ ਇਹ ਅਸਥਾਨ ਪੰਜਾਬ ਵਿਚ ਅੰਮ੍ਰਿਤਸਰ ਸ਼ਹਿਰ ਦੇ ਕੇਂਦਰ ਵਿਚ ਸਥਿਤ ਹੈ । ਦਰਅਸਲ ਇਸ ਪਵਿੱਤਰ ਅਸਥਾਨ ਦੇ ਲਾਗੇ-ਚਾਗੇ ਚਾਰੇ ਪਾਸੇ ਬਾਅਦ ਵਿਚ ਸ਼ਹਿਰ ਵੱਸ ਗਿਆ । ਮੌਜੂਦਾ ਇਮਾਰਤ ਨੂੰ ਲਿਸ਼ਕਾਂ ਮਾਰਦੇ ਪਾਣੀ ਦੇ ਸਰੋਵਰ ਵਿਚ ‘ ਸੁਨਹਿਰੀ ਸੁੰਦਰਤਾ` ਵਜੋਂ ਬਿਆਨਿਆ ਜਾ ਸਕਦਾ ਹੈ । ਇਹ ਸ਼ਰਧਾਲੂਆਂ ਲਈ ਸ਼ਾਂਤੀ ਦਾ ਸਵਰਗ ਅਤੇ ਆਮ ਯਾਤਰੀਆਂ ਲਈ ਅਨੋਖੀ ਖਿੱਚ ਦਾ ਕਾਰਨ ਹੈ । ਇਸ ਦੀ ਮੁਢਲੀ ਭਵਨ ਨਿਰਮਾਣ ਵਿਉਂਤਬੰਦੀ ਪੰਜਵੇ ਨਾਨਕ , ਗੁਰੂ ਅਰਜਨ ਦੇਵ ( 1563-1606 ) ਨੇ ਤਿਆਰ ਕੀਤੀ ਸੀ ਜਿਸ ਵਿਚ ਚਾਰ ਦਿਸ਼ਾਵਾਂ ਵਿਚ ਚਾਰ ਦਰਵਾਜੇ ਰੱਖੇ ਗਏ ਸਨ ਤਾਂ ਕਿ ਬਿਨਾਂ ਜਾਤ ਅਤੇ ਧਰਮ ਦੇ ਭਿੰਨ-ਭੇਦ ਦੇ ਇੱਥੇ ਸ਼ਰਧਾਲੂ ਸ਼ਰਧਾ ਨਾਲ ਆ ਕੇ ਮੱਥਾ ਟੇਕ ਸਕਣ । ਗ਼ੁਲਾਮ ਮੁਹਯ ਉਦ-ਦੀਨ ਜੋ ਬੂਟੇ ਸ਼ਾਹ ਕਰਕੇ ਵੀ ਜਾਣਿਆਂ ਜਾਂਦਾ ਹੈ ਨੇ ਆਪਣੀ ਰਚਨਾ ਤਵਾਰੀਖ਼-ੲ- ਪੰਜਾਬ ( ਖਰੜਾ ) ਜੋ ਡਾ. ਗੰਡਾ ਸਿੰਘ ਦੇ ਪੁਰਾਤਨ ਪੁਸਤਕ ਸੰਗ੍ਰਹਿ ਵਿਚ ਪੰਜਾਬੀ ਯੂਨੀਵਰਸਿਟੀ ਵਿਚ ਸੁਰੱਖਿਅਤ ਹੈ ਦੇ ਪੰਨਾ 139 ਉੱਤੇ ਲਿਖਿਆ ਹੈ ਕਿ ਗੁਰੂ ਅਰਜਨ ਦੇਵ ਜੀ ਦੇ ਬੇਨਤੀ ਕਰਨ ਤੇ ਸ਼ਾਹ ਮੀਆਂ ਮੀਰ ਅੰਮ੍ਰਿਤਸਰ ਵਿਖੇ ਆਏ ਅਤੇ ਉਹਨਾਂ ਨੇ “ ਆਪਣੇ ਪਾਕ ਹੱਥਾਂ ਨਾਲ ਚਾਰੇ ਪਾਸੇ ਨੀਂਹ ਦੀਆਂ ਇੱਟਾਂ ਰੱਖੀਆਂ ਅਤੇ ਇਕ ਇੱਟ ਸਰੋਵਰ ਦੇ ਵਿਚਕਾਰ ਰੱਖੀ" । 1885 ਵਿਚ , ਆਰੀਆ ਪ੍ਰੈਸ ਲਾਹੌਰ ਤੋਂ ਛਪੀ ਆਪਣੀ ਪੁਸਤਕ ਉਮਦਾਤ-ਉਤ- ਤਵਾਰੀਖ਼ , ਭਾਗ. I ਦੇ ਪੰਨੇ 28-29 ਉੱਤੇ ਸੋਹਨ ਲਾਲ ਸੂਰੀ ਲਿਖਦਾ ਹੈ ਕਿ ਗੁਰੂ ਅਰਜਨ , ਸ਼ਾਹ ਮੀਆਂ ਮੀਰ ਨੂੰ ਮਿਲਣ ਲਈ ਲਾਹੌਰ ਗਏ ਅਤੇ ਅੰਮ੍ਰਿਤਸਰ ਵਿਖੇ ਪਵਿੱਤਰ ਸਰੋਵਰ ਅਤੇ ਬਾਕੀ ਇਮਾਰਤਾਂ ਦੇ ਬਣਾਉਣ ਵਿਚ ਉਨਾਂ ਦੀ ਸਹਾਇਤਾ ਮੰਗੀ । ਗਿਆਨੀ ਗਿਆਨ ਸਿੰਘ ਤਵਾਰੀਖ਼ ਗੁਰੂ ਖ਼ਾਲਸਾ ( ਉਰਦੂ ) ਜਿਸਨੂੰ 1896 ਵਿਚ ਵਜ਼ੀਰ ਹਿੰਦ ਪ੍ਰੈਸ ਨੇ ਛਾਪਿਆ ਹੈ , ਦੇ ਪਹਿਲੇ ਭਾਗ ਦੇ ਪੰਨਾ 96 ਤੇ ਜ਼ਿਆਦਾ ਸਪਸ਼ਟ ਹੈ ਅਤੇ ਲਿਖਦਾ ਹੈ ਕਿ ਹਰਿਮੰਦਰ ਦੀ ਨੀਂਹ ਮੀਆਂ ਮੀਰ ਨੇ ਰੱਖੀ ਸੀ । ਪ੍ਰਚਲਿਤ ਪਰੰਪਰਾ ਅਨੁਸਾਰ , ਗੁਰੂ ਜੀ ਨੇ ਇਹ ਨੀਂਹ ਮੁਸਲਮਾਨ ਸੰਤ ਮੀਰ ਮੁਹੰਮਦ ( 1550-1635 ) ਜੋ ਲਾਹੌਰ ਵਿਖੇ ਹਜ਼ਰਤ ਮੀਆਂ ਮੀਰ ਵਜੋਂ ਪ੍ਰਸਿੱਧ ਸਨ ਤੋਂ 1 ਮਾਘ 1645 ਬਿਕਰਮੀ/28 ਦਸੰਬਰ 1588 ਈ. ਨੂੰ ਰਖਵਾਈ ਸੀ ।

          ਗੁਰੂ ਅਰਜਨ ਦੇਵ ਜੀ ਤੋਂ ਪਹਿਲੇ ਗੁਰੂ ਰਾਮਦਾਸ ਜੀ ( 1534-81 ) ਨੇ ਪਵਿੱਤਰ ਸਰੋਵਰ ਦੀ ਖੁਦਾਈ ਦਾ ਕੰਮ 1577 ਵਿਚ ਉਸ ਜਗ੍ਹਾ ਤੇ ਅਰੰਭ ਕਰਵਾਇਆ ਸੀ ਜਿਸ ਨੂੰ ਤੀਜੇ ਨਾਨਕ , ਗੁਰੂ ਅਮਰਦਾਸ ( 1479-1574 ) ਦੇ ਸਮੇਂ ਨੇੜੇ ਦੇ ਪਿੰਡ ਤੁੰਗ ਦੇ ਨਿਵਾਸੀਆਂ ਤੋਂ ਖ਼ਰੀਦਿਆ ਗਿਆ ਸੀ ਅਤੇ ਜਿਹੜੀ ਕੁਝ ਹੋਰ ਇਤਿਹਾਸਿਕ ਸ੍ਰੋਤਾਂ ਅਨੁਸਾਰ ਮੁਗ਼ਲ ਬਾਦਸ਼ਾਹ ਅਕਬਰ ( 1542-1605 ) ਨੇ ਗੁਰੂ ਜੀ ਦੀ ਸੁਪੁੱਤਰੀ ਬੀਬੀ ਭਾਨੀ ਨੂੰ ਤੋਹਫ਼ੇ ਵਜੋਂ ਦਿੱਤੀ ਸੀ ਜੋ ਗੁਰੂ ਰਾਮਦਾਸ ਜੀ ਨਾਲ ਵਿਆਹੀ ਹੋਈ ਸੀ । ਅਬਾਦੀ ਜੋ ਸਰੋਵਰ ਦੇ ਲਾਗੇ-ਲਾਗੇ ਹੋਂਦ ਵਿਚ ਆਈ ਪਹਿਲਾਂ ਗੁਰੂ ਰਾਮਦਾਸ ਦੇ ਨਾਂ ਤੋਂ ਰਾਮਦਾਸਪੁਰ ਦੇ ਨਾਂ ਨਾਲ ਜਾਂ ਸਧਾਰਨ ਰੂਪ ਵਿਚ ਚੱਕ ਗੁਰੂ ਦੇ ਨਾਂ ਨਾਲ ਜਾਣੀ ਜਾਂਦੀ ਸੀ । ਸਰੋਵਰ ਨੂੰ ਉਹਨਾਂ ਦੇ ਵਾਰਸ ਅਤੇ ਸੁਪੁੱਤਰ ਗੁਰੂ ਅਰਜਨ ਦੇਵ ਜੀ ਨੇ ਸੰਪੂਰਨ ਕੀਤਾ ਅਤੇ ਪੋੜੀਆਂ ਬਣਵਾਈਆਂ । ਇਹਨਾਂ ਨੇ ਹੀ ਇਸ ਦੇ ਵਿਚਕਾਰ ਹਰਿਮੰਦਰ ਦੀ ਰਚਨਾ ਕੀਤੀ ਜਿਸ ਵਿਚ ਸ਼ਰਧਾਲੂ ਸਿੱਖਾਂ ਨੇ ਆਪਣੇ ਹੱਥੀ ਸੇਵਾ ਕੀਤੀ ਸੀ । ਜਿਨ੍ਹਾਂ ਕੁਝ ਕੁ ਪ੍ਰਮੁਖ ਸਮਕਾਲੀ ਸਿੱਖਾਂ ਨੇ ਇਸ ਸਰੋਵਰ ਦੀ ਖੁਦਾਈ ਅਤੇ ਇਸਦੇ ਵਿਚਕਾਰ ਇਮਾਰਤ ਬਣਾਉਣ ਸਮੇਂ ਸੇਵਾ ਕੀਤੀ ਸੀ ਉਹਨਾਂ ਵਿਚੋਂ ਕੁਝ ਕੁ ਨਾਂ ਇਸ ਪ੍ਰਕਾਰ ਹਨ : ਭਾਈ ਬੁੱਢਾ ਜੀ , ਭਾਈ ਗੁਰਦਾਸ ਜੀ , ਭਾਈ ਸਾਹਲੋ , ਭਾਈ ਬਹਿਲੋ , ਭਾਈ ਭਗਤੂ , ਭਾਈ ਪੈੜਾ ਅਤੇ ਭਾਈ ਕਲਯਾਣਾ । ਗੁਰੂ ਅਰਜਨ ਨੇ ਆਪ ਤਿਆਰ ਕੀਤੇ ਪਵਿੱਤਰ ਆਦਿ ਗ੍ਰੰਥ ਨੂੰ ਭਾਦੋਂ ਸੁਦੀ 1 , 1661 ਬਿਕਰਮੀ/16 ਅਗਸਤ 1604 ਈ. ਨੂੰ ਇਸ ਵਿਚ ਪ੍ਰਕਾਸ਼ ਕਰਕੇ ਇਸ ਹਰਿਮੰਦਰ ਨੂੰ ਸੰਪੂਰਨਤਾ ਪ੍ਰਦਾਨ ਕੀਤੀ ਸੀ । ਗੁਰੂ ਨਾਨਕ ਜੀ ਦੇ ਸਮੇਂ ਤੋਂ ਹੀ ਬਹੁਤ ਸਤਿਕਾਰਿਤ ਭਾਈ ਬੁੱਢਾ ਜੀ ਨੂੰ ਇਸ ਦਾ ਪਹਿਲਾ ਗ੍ਰੰਥੀ ਥਾਪਿਆ ਗਿਆ । ਗੁਰ ਬਿਲਾਸ ਪਾਤਸ਼ਾਹੀ ਛੇਵੀਂ ਅਨੁਸਾਰ ਗੁਰੂ ਅਰਜਨ ਦੇਵ ਜੀ ਨੇ ਰੋਜ਼ਾਨਾ ਦਾ ਨਿਤਨੇਮ ਨਿਰਧਾਰਿਤ ਕਰ ਦਿੱਤਾ ਜੋ ਅੱਜ ਵੀ ਪ੍ਰਚਲਿਤ ਹੈ । ਇੱਥੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦਾ ਕੀਰਤਨ ਸਾਰਾ ਦਿਨ ਹੁੰਦਾ ਰਹਿੰਦਾ ਹੈ ਅਤੇ ਰਾਤ ਦੇ 11 ਤੋਂ 2 ਵਜੇ ਸਵੇਰ ਤਕ ਦੇ ਸਮੇਂ ਵਿਚਾਲੇ ਹਰਿਮੰਦਰ ਸਾਹਿਬ ਦੇ ਫ਼ਰਸ਼ ਦੀ ਸਫ਼ਾਈ ਅਤੇ ਧੁਲਾਈ ਕੀਤੀ ਜਾਂਦੀ ਹੈ । ਅੰਮ੍ਰਿਤ ਵੇਲੇ 2 ਤੋਂ 3 ਵਜੇ ਦੇ ਵਿਚਾਲੇ ਕੀਰਤਨ ਅਰੰਭ ਹੋ ਜਾਂਦਾ ਹੈ ਅਤੇ ਇਸ ਸਮੇਂ ਵਿਚ ਰੁੱਤਾਂ ਦੇ ਹਿਸਾਬ ਨਾਲ 15 ਮਿੰਟਾਂ ਦੀ ਤਬਦੀਲੀ ਵੀ ਹੁੰਦੀ ਰਹਿੰਦੀ ਹੈ ਅਤੇ ਦੇਰ ਸ਼ਾਮ ਤਕ ਕੀਰਤਨ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ । ਪਵਿੱਤਰ ਗੁਰੂ ਗ੍ਰੰਥ ਸਾਹਿਬ ਨੂੰ ਬਹੁਤ ਆਦਰ ਸਤਿਕਾਰ ਨਾਲ ਸੰਗਤ ਦੁਆਰਾ ਪਵਿੱਤਰ ਬਾਣੀ ਦਾ ਪਾਠ ਕਰਦੇ ਹੋਏ ਹਰਿਮੰਦਰ ਤੋਂ ਗੁਰੂ ਕਾ ਮਹਿਲ ਦੇ ਕੋਠਾ ਸਾਹਿਬ ਤਕ ਲੈ ਜਾਇਆ ਜਾਂਦਾ ਹੈ । ਇਹ ਪਰੰਪਰਾ ਗੁਰੂ ਹਰਿਗੋਬਿੰਦ ਜੀ ਦੇ 1606 ਵਿਚ ਅਕਾਲ ਬੁੰਗਾ ਤਿਆਰ ਕਰਨ ਤਕ ਚੱਲਦੀ ਰਹੀ ਅਤੇ ਫਿਰ ਗ੍ਰੰਥ ਸਾਹਿਬ ਜੀ ਨੂੰ ਇੱਥੇ ਹੀ ਵਿਸ਼ਰਾਮ ਹਿਤ ਲੈ ਜਾਇਆ ਜਾਂਦਾ ਰਿਹਾ । ਇਸ ਪਵਿੱਤਰ ਗੁਰੂ ਗ੍ਰੰਥ ਸਾਹਿਬ ਦਾ ਅਗਲੀ ਸਵੇਰ 4 ਅਤੇ 5 ਵਜੇ ਦੇ ਵਿਚਕਾਰ ਹਰਿਮੰਦਰ ਸਾਹਿਬ ਵਿਚ ਪ੍ਰਕਾਸ਼ ਕੀਤਾ ਜਾਂਦਾ ਹੈ ।

          ਗੁਰੂ ਅਰਜਨ ਦੇਵ ਜੀ ਤੋਂ ਪਿੱਛੋਂ ਗੁਰੂ ਹਰਿਗੋਬਿੰਦ ਜੀ ਗੱਦੀ ਤੇ ਬੈਠੇ ਜਿਹਨਾਂ ਦੇ 1635 ਵਿਚ ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਕੀਰਤਪੁਰ ਜਾ ਵੱਸਣ ਪਿੱਛੋਂ , ਵਿਰੋਧੀ ਸੰਪਰਦਾਇ ਮੀਣਿਆਂ ਦੇ ਹੱਥ ਇੱਥੋਂ ਦਾ ਪ੍ਰਬੰਧ ਆ ਗਿਆ । ਇਸ ਸੰਪਰਦਾਇ ਦੇ ਪਹਿਲੇ ਆਗੂ ਮਿਹਰਬਾਨ ਅਤੇ ਪਿੱਛੋਂ ਇਹਨਾਂ ਦੇ ਸੁਪੁੱਤਰ ਹਰਿਜੀ ਨੇ 18 ਜਨਵਰੀ 1639 ਤੋਂ 17 ਅਪ੍ਰੈਲ 1696 ਅਰਥਾਤ 57 ਸਾਲਾਂ ਦੇ ਲੰਮੇ ਸਮੇਂ ਤਕ ਹਰਿਮੰਦਰ ਦਾ ਪ੍ਰਬੰਧ ਕੀਤਾ । ਇਸਦੇ ਸਮੇਂ ਦੌਰਾਨ ਹੀ ਨੌਂਵੇਂ ਗੁਰੂ , ਗੁਰੂ ਤੇਗ਼ ਬਹਾਦਰ ਨੂੰ 1664 ਵਿਚ ਹਰਿਮੰਦਰ ਵਿਚ ਮੱਥਾ ਟੇਕਣ ਤੋਂ ਰੋਕਿਆ ਗਿਆ ਸੀ । 1699 ਵਿਚ , ਖ਼ਾਲਸਾ ਸਾਜਣ ਦੇ ਛੇਤੀ ਹੀ ਪਿੱਛੋਂ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤਸਰ ਦੀ ਸੰਗਤ ਦੀ ਬੇਨਤੀ ਤੇ ਭਾਈ ਮਨੀ ਸਿੰਘ ( ਅ.ਚ.1737 ) ਨਾਲ ਭੂਪਾਲ ਸਿੰਘ , ਗੁਲਜ਼ਾਰ ਸਿੰਘ , ਕੋਇਰ ਸਿੰਘ ਚੰਦ੍ਰ , ਦਾਨ ਸਿੰਘ ਅਤੇ ਕੀਰਤ ਸਿੰਘ ਨੂੰ ਖ਼ਾਲਸੇ ਵੱਲੋਂ ਹਰਿਮੰਦਰ ਅਤੇ ਅਕਾਲ ਤਖ਼ਤ ਦੀ ਸੇਵਾ ਲਈ ਭੇਜਿਆ । ਭਾਈ ਮਨੀ ਸਿੰਘ ਆਪਣੀ ਬਾਕੀ ਆਯੂ ਇੱਥੇ ਹੀ ਸੇਵਾ ਕਰਦੇ ਰਹੇ ਅਤੇ ਕੇਵਲ ਥੋੜ੍ਹੇ ਸਮੇਂ ਲਈ ਇੱਥੋਂ ਜਾ ਕੇ ਆਪ ਗੁਰੂ ਗੋਬਿੰਦ ਸਿੰਘ ਜੀ ਦੇ ਪਤਨੀ ਮਾਤਾ ਸੁੰਦਰੀ ਦੀ ਸੇਵਾ ਵਿਚ ਦਿੱਲੀ ਰਹੇ ।

          ਹਰਿਮੰਦਰ ਸਾਹਿਬ , ਸਿੱਖ ਜੀਵਨ ਅਤੇ ਸ਼ਰਧਾ ਦਾ ਸੋਮਾ ਹੋਣ ਕਰਕੇ ਅਠਾਰਵੀਂ ਸਦੀ ਵਿਚ ਮੁਗ਼ਲ ਸ਼ਾਸਕਾਂ ਅਤੇ ਅਫ਼ਗ਼ਾਨ ਹਮਲਾਵਰਾਂ ਵੱਲੋਂ ਤਬਾਹੀ ਦਾ ਮੁੱਖ ਨਿਸ਼ਾਨਾ ਬਣਿਆ ਰਿਹਾ । ਮਾਰਚ-ਅਪ੍ਰੈਲ 1709 ਵਿਚ ਲਾਹੌਰ ਦੇ ਗਵਰਨਰ ਨੇ ਅੰਮ੍ਰਿਤਸਰ ਵਿਖੇ ਇਕ ਪੁਲਿਸ ਚੌਂਕੀ ਸਥਾਪਿਤ ਕਰ ਦਿੱਤੀ ਅਤੇ ਸਿੱਖਾਂ ਨੂੰ ਦਬਾਉਣ ਲਈ ਇਕ ਫ਼ੌਜੀ ਟੁਕੜੀ ਭੇਜੀ । ਸਿੱਖ , ਫਿਰ ਵੀ ਵਿਸ਼ੇਸ਼ ਕਰਕੇ ਵਸਾਖੀ ਅਤੇ ਦਿਵਾਲੀ ਦੇ ਤਿਉਹਾਰ ਵੇਲੇ ਦਰਬਾਰ ਸਾਹਿਬ ਵੱਲ ਨੂੰ ਵਹੀਰਾਂ ਘੱਤੀ ਰੱਖਦੇ ਸਨ । 1716 ਵਿਚ , ਬੰਦਾ ਸਿੰਘ ਨੂੰ ਕਾਫ਼ੀ ਗਿਣਤੀ ਵਿਚ ਸਿੱਖਾਂ ਨਾਲ ਗ੍ਰਿਫ਼ਤਾਰ ਅਤੇ ਕਤਲ ਕਰਨ ਪਿੱਛੋਂ ਵੀ ਇਹ ਦਮਨ-ਚੱਕਰ ਜਾਰੀ ਰਿਹਾ । 1723 ਦੀ ਦਿਵਾਲੀ ਵੇਲੇ ਹਰਿਮੰਦਰ ਸਾਹਿਬ ਦੀ ਪਰਕਰਮਾ ਵਿਚ ਤੱਤ ਖ਼ਾਲਸਾ ਸਿੱਖਾਂ ਅਤੇ ਬੰਦਈਆਂ ਵਿਚ ਤਣਾਉ ਦਾ ਦ੍ਰਿਸ਼ ਬਣ ਗਿਆ ਕਿਉਂਕਿ ਬੰਦਈ ਬੰਦਾ ਸਿੰਘ ਨੂੰ ਆਪਣਾ ਸਰਪ੍ਰਸਤ ਮੰਨਦੇ ਸਨ । ਭਾਈ ਮਨੀ ਸਿੰਘ ਦੇ ਵਿਚ ਪੈਣ ਨਾਲ ਖੁੱਲ੍ਹੇ ਤੌਰ ਤੇ ਝਗੜਾ ਹੋਣੋਂ ਟਲ ਗਿਆ ਅਤੇ ਉਹਨਾਂ ਨੇ ਇਸ ਦੇ ਹੱਲ ਲਈ ਗੁਰੂ ਦੀ ਅਗਵਾਈ ਲੈਣ ਦੀ ਸਲਾਹ ਦਿੱਤੀ । ਦੋ ਪਰਚੀਆਂ ਜਿਨਾਂ ਵਿਚੋਂ ਇਕ ਉੱਤੇ ਖ਼ਾਲਸਾ ਬੋਲ “ ਵਾਹਿਗੁਰੂ ਜੀ ਦੀ ਫ਼ਤਿਹ" ਲਿਖਿਆ ਹੋਇਆ ਸੀ ਅਤੇ ਦੂਸਰੇ ਉੱਤੇ ਬੰਦਈਆਂ ਦਾ ਬੋਲਾ ‘ ਫ਼ਤਿਹ ਦਰਸ਼ਨ` ਲਿਖਿਆ ਹੋਇਆ ਸੀ ਜਿਸਨੂੰ ਬੰਦਾ ਸਿੰਘ ਨੇ ਲਾਗੂ ਕੀਤਾ ਸੀ ਹਰਿਮੰਦਰ ਸਾਹਿਬ ਦੇ ਪਿਛਲੇ ਪਾਸੇ ਪੌੜੀਆਂ ਤੋਂ ਪਵਿੱਤਰ ਸਰੋਵਰ ਵਿਚ ਤਾਰ ਦਿੱਤੀਆਂ ਗਈਆਂ । ਪਰਚੀ ਜਿਸ ਉੱਤੇ “ ਵਾਹਿਗੁਰੂ ਜੀ ਕੀ ਫ਼ਤਿਹ" ਲਿਖਿਆ ਹੋਇਆ ਸੀ ਤਰਦੀ ਰਹੀ ਅਤੇ ਦੂਸਰੀ ਪਰਚੀ ਜਿਸ ਉੱਤੇ “ ਫ਼ਤਿਹ ਦਰਸ਼ਨ" ਲਿਖਿਆ ਹੋਇਆ ਸੀ ਸਰੋਵਰ ਵਿਚ ਡੁੱਬ ਗਈ । ਇਸ ਦਾ ਭਾਵ ਇਹ ਲਿਆ ਗਿਆ ਕਿ ਤੱਤ ਖ਼ਾਲਸੇ ਦੀ ਜਿੱਤ ਹੋਈ ਹੈ ਜਿਸ ਵਿਚ ਜ਼ਿਆਦਾ ਗਿਣਤੀ ਵਿਚ ਬੰਦਈ ਵੀ ਸ਼ਾਮਲ ਹੋ ਗਏ ।

          ਹਰਿਮੰਦਰ ਨੇ ਗੁਰੂ ਹਰਿਗੋਬਿੰਦ ਜੀ ਦੇ ਦਿਨਾਂ ਦੀ ਚਹਿਲ-ਪਹਿਲ ਅਤੇ ਸ਼ਾਨ ਸ਼ੌਕਤ ਉਦੋਂ ਪ੍ਰਾਪਤ ਕਰ ਲਈ ਜਦੋਂ ਲਾਹੌਰ ਦੇ ਮੁਗ਼ਲ ਗਵਰਨਰ ਜ਼ਕਰੀਆ ਖ਼ਾਨ ਨੇ ਇਹ ਮੰਨ ਲਿਆ ਕਿ ਕਿਵੇਂ ਉਹ ਸਿੱਖਾਂ ਨੂੰ ਦਬਾਉਣ ਵਿਚ ਅਸਫ਼ਲ ਰਿਹਾ ਹੈ ਅਤੇ ਇਸਨੇ 1733 ਵਿਚ ਸਿੱਖਾਂ ਦੇ ਜਥੇਦਾਰ ਕਪੂਰ ਸਿੰਘ ਫੈਜ਼ਲਪੁਰੀਆ ਨੂੰ ਜਗੀਰ ਅਤੇ ਨਵਾਬ ਦੀ ਉਪਾਧੀ ਦੀ ਪੇਸ਼ਕਸ਼ ਕੀਤੀ । ਇਸ ਨਾਲ ਸਿੱਖਾਂ ਨੂੰ ਆਪਣੇ ਲੁਕਣ ਵਾਲੇ ਸਥਾਨਾਂ ਵਿਚੋਂ ਬਾਹਰ ਆਉਣ ਦਾ ਮੌਕਾ ਮਿਲ ਗਿਆ ਅਤੇ ਇਹਨਾਂ ਨੇ ਆਪਣੇ ਆਪ ਨੂੰ ਅੰਮ੍ਰਿਤਸਰ ਵਿਖੇ ਸਥਾਪਿਤ ਕਰ ਲਿਆ । 1735 ਵਿਚ , ਸਮਝੌਤੇ ਨੂੰ ਤੋੜਨ ਨਾਲ ਸਿੱਖ ਵਾਪਸ ਆਪਣੇ ਪਹਿਲੇ ਵਾਲੇ ਸਥਾਨਾਂ ਵੱਲ ਚੱਲੇ ਗਏ । ਦਰਬਾਰ ਸਾਹਿਬ ਦੇ ਗ੍ਰੰਥੀ ਭਾਈ ਮਨੀ ਸਿੰਘ ਨੂੰ ਗ੍ਰਿਫ਼ਤਾਰ ਕਰਕੇ 1737 ਵਿਚ ਸ਼ਹੀਦ ਕਰ ਦਿੱਤਾ ਗਿਆ ਅਤੇ ਅੰਮ੍ਰਿਤਸਰ ਉੱਤੇ ਕਬਜ਼ਾ ਕਰ ਲਿਆ ਗਿਆ । ਮੰਡਿਆਲਾ ਦੇ ਇਕ ਰੰਘੜ ਰਾਜਪੂਤ ਜ਼ਿਮੀਦਾਰ ਮੱਸੇ ਖ਼ਾਨ ਨੇ ਜਿਸਨੂੰ ਕਸਬੇ ਦਾ ਕੋਤਵਾਲ ਨਿਯੁਕਤ ਕੀਤਾ ਗਿਆ ਸੀ , ਸਰੋਵਰ ਦੀ ਬੇਅਦਬੀ ਕੀਤੀ ਅਤੇ ਹਰਿਮੰਦਰ ਨੂੰ ਆਪਣੀਆਂ ਨਾਚੀਆਂ ਦਾ ਅੱਡਾ ਬਣਾ ਲਿਆ । ਇਸ ਬੇਅਦਬੀ ਦਾ ਬਦਲਾ ਲੈਣ ਲਈ ਦੋ ਸਿੱਖ ਭਾਈ ਮਤਾਬ ਸਿੰਘ ਮੀਰਾਂਕੋਟ ਅਤੇ ਮਾੜੀ ਕੰਬੋ ਦੇ ਭਾਈ ਸੁੱਖਾ ਸਿੰਘ ਰਾਜਸਥਾਨ ਦੇ ਮਾਰੂਥਲ ਤੋਂ ਅੰਮ੍ਰਿਤਸਰ ਆਏ , ਅਤੇ ਭੇਸ ਬਦਲ ਕੇ ਹਰਿਮੰਦਰ ਅੰਦਰ ਚੱਲੇ ਗਏ । ਉਹਨਾਂ ਮੱਸੇ ਖ਼ਾਨ ਨੂੰ ਮਾਰ ਦਿੱਤਾ ਅਤੇ ਸੁਰੱਖਿਅਤ ਵਾਪਸ ਚੱਲੇ ਗਏ । ਇਹ ਘਟਨਾ 11 ਅਗਸਤ 1740 ਨੂੰ ਵਾਪਰੀ । 1746 ਵਿਚ , ਲਾਹੌਰ ਦੇ ਇਕ ਸਰਕਾਰੀ ਅਫ਼ਸਰ ਲਖਪਤ ਰਾਇ ਨੇ ਹਰਿਮੰਦਰ ਦੇ ਚਾਰੇ ਪਾਸੇ ਦੇ ਸਰੋਵਰ ਨੂੰ ਰੇਤ ਨਾਲ ਪੂਰ ਦਿੱਤਾ । ਸਿੱਖਾਂ ਨੇ ਤਿੰਨ ਸਾਲਾਂ ਪਿੱਛੋਂ ਮੌਕਾ ਮਿਲਦੇ ਹੀ ਇਸ ਨੂੰ ਉਦੋਂ ਸਾਫ਼ ਕਰ ਦਿੱਤਾ ਜਦੋਂ ਲਾਹੌਰ ਦੇ ਗਵਰਨਰ ਮੁਈਨ ਉਲ-ਮੁਲਕ ਜਿਸ ਨੂੰ ਮੀਰ ਮੰਨੂੰ ਕਿਹਾ ਜਾਂਦਾ ਸੀ ਨੇ ਮੁਲਤਾਨ ਦੇ ਵਿਦਰੋਹ ਵਿਚ ਸਿੱਖਾਂ ਦੀ ਮਦਦ ਲੈਣ ਲਈ ਇਹਨਾਂ ਦੇ ਖ਼ਿਲਾਫ਼ ਥੋੜ੍ਹੀ ਜਿਹੀ ਫ਼ੌਜੀ ਢਿੱਲ ਦੇ ਦਿੱਤੀ ਸੀ । ਨਵੰਬਰ 1753 ਵਿਚ , ਮੀਰ ਮੰਨੂੰ ਦੀ ਮੌਤ ਉਪਰੰਤ ਸਿੱਖਾਂ ਨੂੰ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਦਾ ਖੁੱਲ੍ਹਾ ਮੌਕਾ ਮਿਲ ਗਿਆ । ਦਿੱਲੀ ਸਰਕਾਰ ਦਾ ਪੰਜਾਬ ਉੱਤੇ ਨਿਯੰਤਰਨ ਖ਼ਤਮ ਹੋ ਗਿਆ ਅਤੇ ਹੁਣ ਸਿੱਖ ਰਾਖੀ ਪ੍ਰਣਾਲੀ ਰਾਹੀਂ ਆਪਣਾ ਰਾਜ ਸਥਾਪਿਤ ਕਰ ਰਹੇ ਸਨ ਜਿਸ ਪ੍ਰਣਾਲੀ ਨੂੰ ਦਲ ਖ਼ਾਲਸਾ ਨੇ ਲਾਗੂ ਕੀਤਾ ਸੀ : ਅੰਮ੍ਰਿਤਸਰ ਉਸ ਸਮੇਂ ਸਰਦਾਰ ਹਰੀ ਸਿੰਘ ਦੀ ਭੰਗੀ ਮਿਸਲ ਦੇ ਅਧਿਕਾਰ ਖੇਤਰ ਵਿਚ ਆਉਂਦਾ ਸੀ ।

          1757 ਵਿਚ , ਅਫ਼ਗ਼ਾਨ ਹਮਲਾਵਰ ਅਹਮਦ ਸ਼ਾਹ ਦੁੱਰਾਨੀ ਨੇ ਦਿੱਲੀ ਤੋਂ ਲੁੱਟ-ਮਾਰ ਕਰਨ ਉਪਰੰਤ ਵਾਪਸੀ ਤੇ ਅੰਮ੍ਰਿਤਸਰ ਉੱਤੇ ਹਮਲਾ ਕਰ ਦਿੱਤਾ , ਹਰਿਮੰਦਰ ਦੀ ਬੇਅਦਬੀ ਕੀਤੀ ਅਤੇ ਸਰੋਵਰ ਨੂੰ ਕੂੜੇ-ਕਰਕਟ ਅਤੇ ਮਰੀਆਂ ਗਊਆਂ ਦੇ ਪਿੰਜਰ ਸੁੱਟ ਕੇ ਭਰ ਦਿੱਤਾ । ਸਿੱਖਾਂ ਨੇ ਦਰਬਾਰ ਸਾਹਿਬ ਉੱਤੇ ਉਦੋਂ ਕਬਜ਼ਾ ਕਰ ਲਿਆ ਜਦੋਂ ਸ਼ਹੀਦ ਮਿਸਲ ਦੇ ਬਾਬਾ ਦੀਪ ਸਿੰਘ ਸਿੱਖ ਯੋਧਿਆਂ ਦੇ ਜਥੇ ਨੂੰ ਲੈ ਕੇ ਅੰਮ੍ਰਿਤਸਰ ਪਹੁੰਚ ਗਏ ਅਤੇ ਬਾਬਾ ਜੀ ਆਪ 11 ਨਵੰਬਰ 1757 ਨੂੰ ਸੂਰਬੀਰਤਾ ਨਾਲ ਦੁਸ਼ਮਣਾਂ ਵਿਰੁੱਧ ਲੜਦੇ ਹੋਏ ਸ਼ਹੀਦ ਹੋ ਗਏ । ਪਵਿੱਤਰ ਸਰੋਵਰ ਨੂੰ ਫੜੇ ਹੋਏ ਅਫ਼ਗ਼ਾਨ ਸਿਪਾਹੀਆਂ ਕੋਲੋਂ ਸਾਫ਼ ਕਰਵਾ ਦਿੱਤਾ ਗਿਆ । ਇਹਨਾਂ ਸਿਪਾਹੀਆਂ ਨੂੰ ਜਲੰਧਰ ਦੁਆਬ ਦੇ ਫ਼ੌਜਦਾਰ ਆਦੀਨਾ ਬੇਗ ਅਤੇ ਮਰਾਠਿਆਂ ਨਾਲ ਰਲ ਕੇ ਅਹਮਦ ਸ਼ਾਹ ਦੇ ਲੜਕੇ ਸ਼ਹਿਜ਼ਾਦਾ ਤੈਮੂਰ ਅਤੇ ਉਸਦੇ ਡਿਪਟੀ ਜਹਾਨ ਖ਼ਾਨ ਵਿਰੁੱਧ ਮੁਹਿੰਮ ਦੌਰਾਨ ਸਿੱਖਾਂ ਨੇ ਪਕੜਿਆ ਸੀ । 1762 ਵਿਚ ਹਿੰਦੁਸਤਾਨ ਉੱਤੇ ਛੇਵੇਂ ਹਮਲੇ ਵੇਲੇ ਅਹਮਦ ਸ਼ਾਹ ਦੁੱਰਾਨੀ ਨੇ ਹਰਿਮੰਦਰ ਨੂੰ ਬਾਰੂਦ ਨਾਲ ਉਡਾ ਦਿੱਤਾ ਸੀ । ਸਿੱਖ ਅੰਮ੍ਰਿਤਸਰ ਪਹੁੰਚਣ ਲਈ ਇਕੱਠੇ ਹੋ ਗਏ ਅਤੇ ਕੁਝ ਮਹੀਨਿਆਂ ਪਿੱਛੋਂ ਉਹਨਾਂ ਨੇ ਇੱਥੇ ਦਿਵਾਲੀ ਦਾ ਤਿਉਹਾਰ ਮਨਾਇਆ । ਜਨਵਰੀ 1764 ਵਿਚ , ਸਿਰਹਿੰਦ ( ਸਰਹਿੰਦ ) ਉੱਤੇ ਕਬਜ਼ਾ ਕਰਨ ਉਪਰੰਤ ਦਲ ਖ਼ਾਲਸਾ ਦੇ ਕਮਾਂਡਰ ਜੱਸਾ ਸਿੰਘ ਆਹਲੂਵਾਲੀਆ ਨੇ ਸਿੱਖ ਮਿਸਲਾਂ ਦੀ ਫ਼ੌਜ ਇਕੱਠੀ ਕੀਤੀ ਅਤੇ ਹਰਿਮੰਦਰ ਦੀ ਮੁੜ ਉਸਾਰੀ ਲਈ ਸੱਦਾ ਦਿੱਤਾ । ਮਿਸਲ ਸਰਦਾਰਾਂ ਨੇ ਇਸ ਕਾਰਜ ਲਈ ਆਪਣੇ ਹਿੱਸਿਆਂ ਵਿਚੋਂ ਕੁਝ ਹਿੱਸਾ ਵੱਖਰਾ ਰੱਖ ਦਿੱਤਾ । ਇਸ ਤਰ੍ਹਾਂ ਇਕੱਠਾ ਕੀਤਾ ਹੋਇਆ ਪੈਸਾ ਅੰਮ੍ਰਿਤਸਰ ਦੇ ਸਾਹੂਕਾਰਾਂ ਕੋਲ ਜਮਾ ਕਰਵਾ ਦਿੱਤਾ ਅਤੇ ਸੁਰ ਸਿੰਘ ਦੇ ਭਾਈ ਦੇਸ ਰਾਜ ਨੂੰ ਇਸ ਕੰਮ ਦੀ ਦੇਖ-ਭਾਲ ਕਰਨ ਦਾ ਕੰਮ ਸੌਂਪਿਆ ਗਿਆ ਅਤੇ ਹੋਰ ਪੈਸਾ ਇਕੱਠਾ ਕਰ ਲੈਣ ਲਈ ‘ ਗੁਰੂ ਕੀ ਮੋਹਰ` ਨਾਂ ਦੀ ਵਿਸ਼ੇਸ਼ ਮੋਹਰ ਦਿੱਤੀ ਗਈ । ਲਿਲ ਪਿੰਡ ਦੇ ਭਾਈ ਗੁਰਬਖ਼ਸ਼ ਸਿੰਘ ਅਕਾਲ ਬੁੰਗੇ ਟਿਕ ਗਏ ਤਾਂ ਕਿ ਦਰਬਾਰ ਸਾਹਿਬ ( ਹਰਿਮੰਦਰ ) ਦੇ ਕੰਮ ਦੀ ਦੇਖ-ਭਾਲ ਕਰ ਸਕਣ । ਉਹਨਾਂ ਨੇ 30 ਨਿਹੰਗਾਂ ਦੇ ਜਥੇ ਨਾਲ ਦੁੱਰਾਨੀ ਨੂੰ ਲਲਕਾਰਿਆ ਜੋ ਆਪਣੇ ਸਤਵੇਂ ਹਮਲੇ ਵਿਚ ਬੇਰੋਕ ਕੂਚ ਕਰਦਾ ਹੋਇਆ 1 ਦਸੰਬਰ 1764 ਨੂੰ ਅੰਮ੍ਰਿਤਸਰ ਆ ਪਹੁੰਚਿਆ ਸੀ । ਭਾਈ ਗੁਰਬਖ਼ਸ਼ ਸਿੰਘ ਅਤੇ ਉਸਦੇ ਸਾਥੀ ਬੜੀ ਬਹਾਦਰੀ ਨਾਲ ਲੜੇ ਅਤੇ ਸਾਰੇ ਦੇ ਸਾਰੇ ਸ਼ਹੀਦ ਹੋ ਗਏ ।

          ਅਹਮਦ ਸ਼ਾਹ ਦੇ ਬੁੱਢਾ ਹੋਣ ਅਤੇ ਥੱਕ ਟੁੱਟ ਜਾਣ ਕਰਕੇ , ਸਿੱਖ ਜਥੇਦਾਰਾਂ ਨੇ ਇਲਾਕੇ ਉੱਤੇ ਕਬਜ਼ਾ ਕਰਨਾ ਅਰੰਭ ਕਰ ਦਿੱਤਾ ਅਤੇ ਆਪਣੇ-ਆਪਣੇ ਖੇਤਰਾਂ ਵਿਚ ਖ਼ੁਦਮੁਖ਼ਤਿਆਰ ਹੋ ਕੇ ਰਾਜ ਕਰਨ ਲੱਗ ਪਏ । ਅੰਮ੍ਰਿਤਸਰ ਅਤੇ ਪਵਿੱਤਰ ਹਰਿਮੰਦਰ ਇਹਨਾਂ ਦੇ ਸਾਂਝੇ ਮਿਲਣ-ਕੇਂਦਰ ਬਣ ਗਏ ਅਤੇ ਇੱਥੋਂ ਦੀ ਯਾਤਰਾ ਇਹਨਾਂ ਲਈ ਜ਼ਰੂਰੀ ਹੋ ਗਈ । ਕਈ ਮਿਸਲ ਮੁਖੀਆਂ ਨੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਜ਼ਮੀਨ ਜਗੀਰ ਦੇ ਰੂਪ ਵਿਚ ਦੇ ਦਿੱਤੀ ਅਤੇ ਇਹਨਾਂ ਦੇ ਨਾਲ ਗੁਰੂ ਕਾ ਲੰਗਰ ਜੋੜਿਆ ਗਿਆ । ਇਹਨਾਂ ਮੁਖੀਆਂ ਨੇ ਸਰੋਵਰ ਦੇ ਦੁਆਲੇ ਅੰਮ੍ਰਿਤਸਰ ਆਉਣ ਵੇਲੇ ਠਹਿਰਨ ਲਈ ਆਪਣੇ-ਆਪਣੇ ਬੁੰਗੇ ਬਣਾ ਲਏ । ਕੁਝ ਸਮੇਂ ਪਿੱਛੋਂ ਇਹਨਾਂ ਵਿਚੋਂ ਕੁਝ ਬੁੰਗੇ ਧਾਰਮਿਕ ਅਤੇ ਦੁਨਿਆਵੀ ਸਿੱਖਿਆ ਦੇ ਕੇਂਦਰ ਬਣ ਗਏ । ਹਰਿਮੰਦਰ ਦੀ ਪੁਨਰ ਉਸਾਰੀ , ਪੁਲ ਅਤੇ ਦਰਸ਼ਨੀ ਡਿਉੜੀ , ਮੁੱਖ ਦਰਵਾਜਾ 1776 ਵਿਚ ਸੰਪੂਰਨ ਹੋਏ ਅਤੇ ਸਰੋਵਰ ਦੇ ਦੁਆਲੇ ਉੱਚੀ ਪਰਕਰਮਾ ਦੀ ਮੁਰੰਮਤ 1784 ਵਿਚ ਮੁਕੰਮਲ ਹੋਈ । ਹਰਿਮੰਦਰ ਸਾਹਿਬ ਵਿਚਲੇ ਸਰੋਵਰ ਨੂੰ ਪਾਣੀ ਨਾਲ ਭਰਨ ਲਈ ਰਾਵੀ ਦਰਿਆ ਤੋਂ ਹੰਸਲੀ ਨੂੰ ਪੁੱਟਣ ਦਾ ਕੰਮ ਦੋ ਉਦਾਸੀ ਮਹੰਤਾਂ ਪ੍ਰੀਤਮ ਦਾਸ ਅਤੇ ਸੰਤੋਖ ਦਾਸ ਦੀ ਨਿਗਰਾਨੀ ਹੇਠ ਸੰਪੂਰਨ ਹੋਇਆ ।

          ਹਰਿਮੰਦਰ ਦਾ ਮੌਜੂਦਾ ਰੂਪ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ( 1780-1839 ) ਦੇ ਰਾਜ ਸਮੇਂ ਹੋਂਦ ਵਿਚ ਆਇਆ । ਇਸਦੇ ਮੁਢਲੇ ਰੂਪ ਅਤੇ ਨਿਰਮਾਣ ਕਲਾ ਵਿਚ ਛੋਟੀਆਂ ਮੋਟੀਆਂ ਤਬਦੀਲੀਆਂ ਤੋਂ ਇਲਾਵਾ ਬਾਕੀ ਸਭ ਕੁਝ ਉਹੀ ਰਿਹਾ ਜਿਵੇਂ ਕਿ ਪਹਿਲਾਂ ਸੀ; ਇਸ ਸਮੇਂ ਦੌਰਾਨ ਕੰਧਾਂ ਅਤੇ ਛੱਤ ਉੱਤੇ ਸਜਾਵਟੀ ਕਲਾ ਦਾ ਕੰਮ ਕੀਤਾ ਗਿਆ । ਇਸਦੀ ਨਿਰਮਾਣ ਕਲਾ ਦਾ ਕੋਈ ਇਕ ਖ਼ਾਸ ਸੋਮਾ ਨਿਰਧਾਰਿਤ ਨਹੀਂ ਕੀਤਾ ਜਾ ਸਕਦਾ; ਇਸ ਵਿਚਲੇ ਤੱਤ , ਵੱਖ-ਵੱਖ ਸਮਕਾਲੀ ਅਤੇ ਪਹਿਲਾਂ ਦੇ ਨਿਰਮਾਣ ਕਲਾ ਦੇ ਨਮੂਨੇ ਜੋ ਉਸ ਸਮੇਂ ਪ੍ਰਚਲਿਤ ਸਨ , ਤੋਂ ਲਏ ਗਏ ਹਨ । ਇਸ ਨੂੰ ਅਸੀਂ ਮੁਗ਼ਲ ਅਤੇ ਰਾਜਪੂਤ ਨਮੂਨਿਆਂ ਦਾ ਸੁਮੇਲ ਕਹਿੰਦੇ ਹਾਂ । ਇਕ ਆਮ ਦਰਸ਼ਕ ਅਤੇ ਕਲਾ ਪਾਰਖੂ ਲਈ ਜਿਹੜੀ ਗੱਲ ਸਭ ਤੋਂ ਵਧ ਮਹੱਤਵਪੂਰਨ ਹੈ ਉਹ ਹੈ ਹਰਿਮੰਦਰ ਦੀ ਸਰਬੋਤੱਮ ਸਥਾਪਤੀ ਅਤੇ ਕਲਾ ਸੰਬੰਧੀ ਵਿਸਤ੍ਰਿਤ ਬਿਓਰਾ । 12.25 ਮੀਟਰ ਵਰਗਾਕਾਰ ਦੋ ਮੰਜ਼ਲੀ ਗੁੰਬਦ ਵਾਲੀ ਮੁੱਖ ਇਮਾਰਤ 19.7 ਮੀਟਰ ਵਰਗਾਕਾਰ ਪਲੇਟਫ਼ਾਰਮ ਉੱਤੇ ਵਰਗਾਕਾਰ ਅੰਮ੍ਰਿਤ ਸਰੋਵਰ ਦੇ ਲਗ-ਪਗ ਵਿਚਕਾਰ ਬਣੀ ਹੋਈ ਹੈ ਜੋ ਘੇਰੇ ਵਿਚ 154.5× 148.5 ਮੀਟਰ ਹੈ ਅਤੇ 5.1 ਮੀਟਰ ਡੂੰਘਾ ਹੈ । ਇਸ ਨੂੰ ਉੱਤਰ ਪੱਛਮੀ ਕਿਨਾਰੇ ਨਾਲ 60 ਮੀਟਰ ਲੰਮੇ ਪੁਲ ਨਾਲ ਜੋੜਿਆ ਗਿਆ ਹੈ ਜਿਸਦੇ ਅਖੀਰ ਤੇ ਇਕ ਬਹੁਤ ਸੁੰਦਰ ਦਰਸ਼ਨੀ ਡਿਉੜੀ ਬਣੀ ਹੋਈ ਹੈ । ਇਸਦੇ ਦੂਸਰੇ ਪਾਸੇ ਵਰਗਾਕਾਰ ਪਵਿੱਤਰ ਹਰਿਮੰਦਰ ਨਾਲ ਇਕ ਅਰਧ ਛੇ-ਭੁਜੀ ਹਰ ਕੀ ਪੌੜੀ ਜੋੜੀ ਗਈ ਹੈ ਜਿਸ ਦੀਆਂ ਪੌੜੀਆਂ ਪਾਣੀ ਤਕ ਜਾਂਦੀਆਂ ਹਨ ।

          ਹਰਿਮੰਦਰ ਦੀ ਕੁਲ ਜ਼ਮੀਨੀ ਯੋਜਨਾ ਛੇ ਵਰਗਾਕਾਰੀ ਹੈ । ਇਸ ਨਾਲ 3.7 ਮੀਟਰ ਪਰਕਰਮਾ ਲਈ ਅਣਢਕਿਆ ਰਸਤਾ ਬਣਿਆ ਹੋਇਆ ਹੈ ਜੋ ਤਿੰਨ ਪਾਸਿਆਂ ਤੋਂ ਛੱਡਿਆ ਹੋਇਆ ਹੈ ਅਤੇ ਚੌਥੇ ਪਾਸੇ ਇਹ ਅਰਧ ਛੇ ਭੁਜੇ ਜੋੜ ਰਾਹੀਂ ਲੰਘਦਾ ਹੈ । ਇਸ ਇਮਾਰਤ ਨੂੰ ਦੋ ਪੱਧਰਾਂ ਵਿਚ ਵੰਡਿਆ ਗਿਆ ਹੈ । ਜ਼ਮੀਨੀ ਪੱਧਰ ਇਕ ਕੇਂਦਰੀ ਵਰਗਾਕਾਰ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ । ਪਹਿਲੀ ਮੰਜ਼ਲ ਤੇ ਚਾਰੇ ਪਾਸੇ ਅੰਦਰਲੇ ਵਰਗਾਕਾਰ ਅਤੇ ਬਾਹਰਲੀ ਕੰਧਾਂ ਵਿਚਲੀ ਜਗ੍ਹਾ ਤੇ ਗੈਲਰੀ ਬਣੀ ਹੋਈ ਹੈ ਅਤੇ ਇਸ ਤੇ ਜਾਣ ਲਈ ਪਿਛਲੇ ਪਾਸੇ ਪੌੜੀਆਂ ਬਣੀਆਂ ਹੋਈਆਂ ਹਨ ਜੋ ‘ ਹਰ ਕੀ ਪੌੜੀ` ਵੱਲੋਂ ਜਾਂਦੀਆਂ ਹਨ । ਜ਼ਮੀਨੀ ਫ਼ਰਸ਼ ਉੱਤੇ ਬਾਹਰਲੇ ਮੱਥੇ ਤੇ ਚਿੱਟੇ ਰੰਗ ਦਾ ਪੱਥਰ ਲੱਗਾ ਹੋਇਆ ਹੈ ਜਿਸ ਵਿਚ ਰੰਗ ਬਰੰਗੇ ਨਮੂਨੇ ਬਣੇ ਹੋਏ ਹਨ ਜਦੋਂ ਕਿ ਇਸ ਉੱਪਰਲਾ ਬਾਹਰਲਾ ਪਾਸਾ ਸੋਨੇ ਦੀ ਝਾਲ ਵਾਲੀਆਂ ਪਲੇਟਾਂ ਨਾਲ ਬਣਿਆ ਹੋਇਆ ਹੈ ਜਿਸ ਕਰਕੇ ਇਸਦਾ ਨਾਂ ਸੁਨਹਿਰੀ ਮੰਦਰ ਕਿਹਾ ਜਾਂਦਾ ਹੈ । ਜ਼ਮੀਨ ਉੱਤੇ ਚਾਰੇ ਪਾਸੇ ਦਰਵਾਜੇ ਹਨ ਜਿਸ ਦੀਆਂ ਕਈ ਮਹਿਰਾਬਾਂ ਬਣੀਆਂ ਹੋਈਆਂ ਹਨ । ਇਹ ਦਰਵਾਜ਼ੇ ਸੋਨਾ ਚੜ੍ਹੇ ਤਾਂਬੇ ਦੇ ਪੱਤਰਿਆਂ ਨਾਲ ਢੱਕੇ ਹੋਏ ਹਨ ਜਿਨ੍ਹਾਂ ਉੱਤੇ ਬਹੁਤ ਸੁੰਦਰ ਉੱਭਰੇ ਹੋਏ ਫੁੱਲਾਂ ਦੇ ਅਤੇ ਪੰਛੀਆਂ ਦੇ ਕੁਦਰਤੀ ਦ੍ਰਿਸ਼ਾਂ ਦੇ ਨਜ਼ਾਰੇ ਬਣੇ ਹੋਏ ਹਨ । ਪਹਿਲੀ ਮੰਜ਼ਲ ਵਿਚ ਕਈ ਤਾਕੀਆਂ ਲੱਗੀਆਂ ਹੋਈਆਂ ਹਨ; ਕੁਝ ਸਾਫ਼ ਅੱਠ ਕੋਨੀਆਂ ਹਨ ਜੋ ਕੋਨੇ ਤੇ ਬਣੀਆਂ ਹੋਈਆਂ ਹਨ ਅਤੇ ਸਿਖ਼ਰ ਉੱਤੇ ਮਹਿਰਾਬਾਂ ਬਣੀਆਂ ਹੋਈਆਂ ਹਨ ਅਤੇ ਕੁਝ ਹੋਰ ਛੱਜੇ ਬਾਹਰ ਨੂੰ ਬਣੇ ਬਰੈਕਟਾਂ ਤੇ ਬਣੇ ਹੋਏ ਹਨ । ਚਾਰੇ ਪਾਸੇ ਖੁੱਲ੍ਹੇ ਸਾਇਬਾਨ ਜੋ ਛੱਤ ਉੱਤੇ ਬਣੇ ਹੋਏ ਹਨ ਹੇਠਲੀ ਛੱਤ ਨੂੰ ਉੱਪਰ ਤੋਂ ਵੱਖ ਕਰਦੇ ਹਨ । ਇਹ ਨੀਵਾਂ , ਬੰਸਰੀਨੁਮਾ , ਅਰਧ- ਗੋਲਾਕਾਰ ਗੁੰਬਦ ਹੈ ਜਿਸ ਉੱਤੇ ਇਕ ਸਜਾਵਟੀ ਕਲਸ ਅਤੇ ਛਤਰੀਨੁਮਾ ਛੱਜਾ ਕੇਂਦਰੀ ਵਰਗਾਕਾਰ ਉੱਤੇ ਸੁਸ਼ੋਭਿਤ ਹੈ । ਕੋਨਿਆਂ ਉੱਤੇ ਗੁੰਬਦਨੁਮਾ ਮਮਟੀਆਂ ਬਣੀਆਂ ਹੋਈਆਂ ਹਨ ਅਤੇ ਛੋਟੀਆਂ ਮਮਟੀਆਂ ਬਨੇਰਿਆਂ ਉੱਤੇ ਬਣੀਆਂ ਹੋਈਆਂ ਹਨ ।

          ਅੰਦਰਲੀ ਸੁੰਦਰਤਾ ਹੋਰ ਵੀ ਚਕਾਚੌਂਧ ਕਰ ਦੇਣ ਵਾਲੀ ਹੈ । ਇਸ ਦਾ ਸਜਾਵਟੀ ਫੁੱਲਾਂ ਵਾਲਾ ਡਿਜ਼ਾਇਨ ਜਿਹੜਾ ਆਬਦਾਰ ਪਲਸਤਰ ਨਾਲ ਬਣਾਇਆ ਜਾਂ ਧਾਤੂ ਤੇ ਉਕਰਿਆ , ਅਥਵਾ ਸੰਗਮਰਮਰ ਨਾਲ ਜੜਿਆ ਹੋਇਆ ਹੈ ਸਿੱਖ ਧਰਮ ਦੀਆਂ ਧਾਰਮਿਕ ਸੰਵੇਦਨਾਵਾਂ ਦੀ ਤੀਬਰ ਅਭਿਵਿਅਕਤੀ ਹੈ । ਫੁੱਲਾਂ ਦੇ ਨਮੂਨੇ ਜੋ ਤਿੱਲਾਕਾਰੀ ਵਿਚ ਬਣੇ ਹਨ ਅਰਬੀ ਨਕਾਸ਼ੀ ਦਾ ਨਮੂਨਾ ਹਨ ਅਤੇ ਝਾਲ ਦਾ ਕੰਮ ਕੰਧਾਂ ਦੀ ਸਜਾਵਟ ਲਈ ਵਰਤਿਆ ਗਿਆ ਹੈ ਅਤੇ ਇਹੀ ਕੇਂਦਰੀ ਹਾਲ ਦੀ ਛੱਤ ਉੱਤੇ ਬਣਿਆ ਹੋਇਆ ਹੈ । ਇਸ ਦੇ ਕੋਨਿਆਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਤੁਕਾਂ ਲੈ ਕੇ ਸ਼ਿੰਗਾਰਿਆ ਗਿਆ ਹੈ ਜੋ ਸੁਨਿਹਰੀ ਅੱਖਰਾਂ ਵਿਚ ਲਿਖੀਆਂ ਹੋਈਆਂ ਹਨ । ਇਸ ਵਿਚ ਜੜਤਕਾਰੀ ਦੇ ਨਮੂਨੇ ਬਣੇ ਹੋਏ ਹਨ ਅਤੇ ਫੁੱਲਾਂ ਦੇ ਨਮੂਨੇ ਕਈ ਥਾਵਾਂ ਤੇ ਅਰਧ-ਕੀਮਤੀ ਪੱਥਰਾਂ ਉੱਤੇ ਬਣੇ ਹੋਏ ਹਨ ਅਤੇ ਪਾਰਦਰਸ਼ੀ ਸ਼ੀਸ਼ਾ ਗੱਚੇ ਵਿਚ ਲੱਗਾ ਹੋਇਆ ਹੈ । ਸੈਂਕੜੇ ਕੰਧ ਚਿੱਤਰ ਜਿਹੜੇ ਫੁੱਲਾਂ ਦੇ ਨਮੂਨੇ ਪੇਸ਼ ਕਰਦੇ ਹਨ ਉਹਨਾਂ ਵਿਚ ਜਾਨਵਰਾਂ ਨਾਲ ਜੁੜੇ ਭਾਵਾਂ ਵਾਲੇ ਚਿੱਤਰ ਵੀ ਕੰਧਾਂ ਦੀ ਸਜਾਵਟ ਲਈ ਵਰਤੇ ਗਏ ਹਨ । ਪੌੜੀਆਂ ਦੇ ਨਾਲ ਦੀਆਂ ਕੰਧਾਂ ਉੱਤੇ ਕੁਝ ਕੀਮਤੀ ਕੰਧ ਚਿੱਤਰ ਬਣੇ ਹੋਏ ਹਨ । ਇਹਨਾਂ ਵਿਚ ਗੁਰੂ ਗੋਬਿੰਦ ਸਿੰਘ ਦਾ ਇਕ ਚਿੱਤਰ ਹੈ ਜੋ ਘੋੜੇ ਉੱਤੇ ਚੜ੍ਹ ਕੇ ਬਾਜ਼ ਨਾਲ ਸ਼ਿਕਾਰ ਤੇ ਨਿਕਲ ਰਹੇ ਹਨ ।

          ਸੰਗਮਰਮਰ ਦਾ ਪੁਲ 60 ਮੀਟਰ ਲੰਮਾ ਅਤੇ 6.36 ਮੀਟਰ ਚੌੜਾ ਹੈ ਜਿਸ ਵਿਚ 52 ਵੱਡੀਆਂ ਛੋਟੀਆਂ ਕੋਠੀਆਂ ਹਨ ਜਿਨਾਂ ਨੂੰ ਸਵਰਗਦਵਾਰੀਆਂ ਕਿਹਾ ਜਾਂਦਾ ਹੈ । ਇਹ ਤੀਹਰੀਆਂ ਡਾਟਾਂ ਨਾਲ ਅਤੇ ਆਇਤਾਕਾਰ ਥੰਮ੍ਹਾਂ ਨਾਲ ਬਣੀਆਂ ਹਨ; ਅਜਿਹੀਆਂ ਹੀ ਰਚਨਾਵਾਂ ਜੋ ਹਰਿਮੰਦਰ ਦੇ ਹੇਠਾਂ ਵੀ ਬਣੀਆਂ ਹੋਈਆਂ ਹਨ । ਇਸ ਪੁਲ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਪਾਣੀ ਦੇ ਤੰਗ ਲਾਂਘੇ ਹਨ ਜੋ ਪੁਲ ਦੇ ਦੋਵਾਂ ਪਾਸਿਆਂ ਤੋਂ ਸਵਰਗਦਵਾਰੀਆਂ ਨੂੰ ਜੋੜਦੇ ਹਨ ।

          ਇਸ ਪੁਲ ਦੇ ਅਖੀਰ ਤੇ ਦਰਸ਼ਨੀ ਡਿਉੜੀ ਸਰੋਵਰ ਦੇ ਵਿਚ ਹੀ ਬਣਾਈ ਗਈ ਹੈ । ਇਹ ਦੋ ਮੰਜ਼ਲੀ ਇਮਾਰਤ ਹੈ ਜਿਸ ਵਿਚੋਂ ਦੀ ਹਰਿਮੰਦਰ ਲਈ ਲਾਂਘਾ ਜਾਂਦਾ ਹੈ । ਇਹ ਲਾਂਘਾ ਇਸ ਇਮਾਰਤ ਨੂੰ ਦੋ ਹਿੱਸਿਆਂ ਵਿਚ ਵੰਡਦਾ ਹੈ ਪਰ ਇਹ ਦੋਵੇਂ ਹਿੱਸੇ ਇਮਾਰਤ ਕਲਾ ਦੇ ਨਮੂਨੇ ਦੇ ਪੱਖੋਂ ਇਕੋ ਜਿਹੇ ਹਨ ਭਾਵੇਂ ਕਿ ਨਾਪ ਪੱਖੋਂ ਰਤਾ ਕੁ ਇਕ ਦੂਸਰੇ ਤੋਂ ਭਿੰਨ ਹਨ । ਜ਼ਮੀਨੀ ਫ਼ਰਸ਼ ਵਿਚ ਕੁਝ ਪ੍ਰਬੰਧਕੀ ਦਫ਼ਤਰ ਹਨ ਅਤੇ ਪਹਿਲੀ ਮੰਜ਼ਲ ਤੇ ਤੋਸ਼ਾਖ਼ਾਨਾ ਹੈ । 3× 2.4 ਮੀਟਰ ਦਾ ਵੱਡਾ ਭਾਰੀ ਦਰਵਾਜ਼ਾ ਬਣਿਆ ਹੋਇਆ ਹੈ ਜਿਸਦੀ ਟਾਹਲੀ ਦੀ ਲਕੱੜ ਦੀ ਮੋਟਾਈ 15 ਸੈਂਟੀਮੀਟਰ ਹੈ ਜਿਸ ਉੱਤੇ ਚਾਂਦੀ ਦੇ ਪੱਤਰੇ ਚੜ੍ਹੇ ਹੋਏ ਅਤੇ ਉੱਤੇ ਪੈਨਲ ( ਦਿੱਲੇ ) ਲੱਗੇ ਹੋਏ ਹਨ ਜਿਨ੍ਹਾਂ ਉੱਤੇ ਹਾਥੀ ਦੰਦ ਦਾ ਕੰਮ ਹੋਇਆ ਹੈ । ਦਰਵਾਜੇ ਦੇ ਉੱਪਰ ਮੁੱਖ ਦੁਆਰ ਦੇ ਦੋਵੇਂ ਪਾਸੇ ਬਾਲਕੋਨੀਆਂ ਬਣੀਆਂ ਹੋਈਆਂ ਹਨ ਅਤੇ ਇਸਦੇ ਉੱਪਰ ਇਕ ਬੁਖਾਰਚਾ ਬਣਿਆ ਹੋਇਆ ਹੈ ।

          ਦਰਬਾਰ ਸਾਹਿਬ ਦਾ ਸਮੁੱਚਾ ਪ੍ਰਬੰਧ ( ਹਰਿਮੰਦਰ ਅਤੇ ਇਸ ਨਾਲ ਸੰਬੰਧਿਤ ਗੁਰਦੁਆਰਿਆਂ ਦਾ ) ਮਿਸਲ-ਮੁਖੀਆਂ ਤੋਂ ਮਹਾਰਾਜਾ ਰਣਜੀਤ ਸਿੰਘ ਨੇ ਲੈ ਲਿਆ ਸੀ ਜੋ ਆਪਣੇ ਆਪ ਨੂੰ ਹੀ ਇਸ ਦੀ ਸੇਵਾ ਅਤੇ ਸੰਭਾਲ ਕਰਨ ਦਾ ਹੱਕਦਾਰ ਮੰਨਦਾ ਸੀ । ਇਸਨੇ ਦੇਸਾ ਸਿੰਘ ਮਜੀਠੀਆ ਅਤੇ ਬਾਅਦ ਵਿਚ ਉਸਦੇ ਪੁੱਤਰ ਲਹਿਣਾ ਸਿੰਘ ਮਜੀਠੀਆ ਨੂੰ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਲਈ ਨਿਯੁਕਤ ਕਰ ਦਿੱਤਾ ਸੀ । ਚਿਨੀਓਟ ਦੇ ਭਾਈ ਸੂਰਤ ਸਿੰਘ ਨੂੰ ਉਸਨੇ ਦਰਬਾਰ ਸਾਹਿਬ ਦਾ ਅਤੇ ਬਾਕੀ ਸਾਰੀ ਜਗੀਰ ਦਾ ਜਿਹੜੀ ਇਸ ਦੀ ਸੰਭਾਲ ਲਈ ਦਾਨ ਵਜੋਂ ਦਿੱਤੀ ਗਈ ਸੀ ਦਾ ਮਨੇਜਰ ਨਿਯੁਕਤ ਕਰ ਦਿੱਤਾ ਸੀ । ਸੂਰਤ ਸਿੰਘ ਦਾ ਲੜਕਾ ਗਿਆਨੀ ਸੰਤ ਸਿੰਘ ਆਪਣੇ ਪਿਤਾ ਪਿੱਛੋਂ 1806 ਵਿਚ ਇਸ ਦਾ ਮਨੇਜਰ ਬਣਿਆ ਜਿਸ ਨੂੰ ਇਸ ਦੀ ਸੰਭਾਲ ਤੋਂ ਇਲਾਵਾ ਇਸ ਇਮਾਰਤ ਦੀ ਸਜਾਵਟ ਲਈ ਮਹਾਰਾਜਾ , ਸ਼ਹਿਜ਼ਾਦਿਆਂ ਅਤੇ ਮੁਖੀਆਂ ਵੱਲੋਂ ਪੈਸਾ ਦਿੱਤਾ ਗਿਆ ਸੀ । 1832 ਵਿਚ , ਗਿਆਨੀ ਸੰਤ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਪਿੱਛੋਂ ਇਹਨਾਂ ਦਾ ਲੜਕਾ ਭਾਈ ਗੁਰਮੁਖ ਸਿੰਘ ਇਸ ਸੇਵਾ ਲਈ ਨਿਯੁਕਤ ਕੀਤਾ ਗਿਆ ਸੀ । ਇਹ ਅਹੁਦਾ ਪਰਵਾਰ ਵਿਚ ਪਿਤਾ ਪੁਰਖੀ ਬਣ ਗਿਆ ਅਤੇ ਇਹ ਭਾਈ ਗੁਰਮੁਖ ਸਿੰਘ ਦਾ ਸਭ ਤੋਂ ਵੱਡਾ ਪੁੱਤਰ ਗਿਆਨੀ ਪਰਦੁਮਨ ਸਿੰਘ ਹੀ ਸੀ ਜੋ ਆਪਣੇ ਪਿਤਾ ਦੀ ਗ੍ਰਿਫ਼ਤਾਰੀ ਅਤੇ 1843 ਵਿਚ ਹੋਏ ਕਤਲ ਪਿੱਛੋਂ ਇਸ ਅਹੁਦੇ ਤੇ ਨਿਯੁਕਤ ਕੀਤਾ ਗਿਆ ਸੀ ।

          ਪੰਜਾਬ ਦੇ ਧਾਰਮਿਕ ਅਤੇ ਰਾਜਨੀਤਿਕ ਜੀਵਨ ਵਿਚ ਹਰਿਮੰਦਰ ਦੀ ਮਹੱਤਤਾ ਬ੍ਰਿਟਿਸ਼ਾਂ ਵੇਲੇ ਘੱਟ ਨਹੀਂ ਹੋਈ ਜਿਨ੍ਹਾਂ ਨੇ 1849 ਵਿਚ ਪੰਜਾਬ ਉੱਤੇ ਆਪਣਾ ਕਬਜ਼ਾ ਕਰਨ ਸਮੇਂ ਆਪਣੇ ਤੋਂ ਪਹਿਲੇ ਸ਼ਾਸਕਾਂ ਦੀ ਤਰ੍ਹਾਂ ਦਰਬਾਰ ਸਾਹਿਬ ਉੱਤੇ ਕਬਜ਼ਾ ਕਰ ਲਿਆ । ਲਹਿਣਾ ਸਿੰਘ ਮਜੀਠੀਆ ਦੀ ਸਲਾਹ ਤੇ ਜੋ ਜਨਵਰੀ 1848 ਵਿਚ ਬਨਾਰਸ ਚੱਲਾ ਗਿਆ ਸੀ ਸਰਦਾਰ ਜੋਧ ਸਿੰਘ ਨੂੰ ਜੋ ਪੰਜਾਬ ਤੋਂ ਵਧੀਕ ਸਹਾਇਕ ਕਮਿਸ਼ਨਰ ਸੀ ਦਰਬਾਰ ਸਾਹਿਬ ਦਾ ਪ੍ਰਬੰਧ ਕਰਨ ਲਈ ਨਿਯੁਕਤ ਕੀਤਾ ਗਿਆ । 1847 ਵਿਚ , ਬ੍ਰਿਟਿਸ਼ ਸਰਕਾਰ ਨੇ ਸਿੱਖਾਂ ਦੀਆਂ ਭਾਵਨਾਵਾਂ ਦਾ ਖ਼ਿਆਲ ਰੱਖਣ ਲਈ ਇਕ ਐਲਾਨ ਕੱਢਿਆ । ਰਾਜਾ ਤੇਜ ਸਿੰਘ ਦੀ ਪ੍ਰਧਾਨਗੀ ਹੇਠ ਪ੍ਰਮੁਖ ਸਿੱਖਾਂ ਦੀ ਇਕ ਵੱਡੀ ਕਮੇਟੀ ਨੂੰ ਦਰਬਾਰ ਸਾਹਿਬ ਦਾ ਪ੍ਰਬੰਧ ਕਰਨ ਲਈ ਲਗਾਇਆ ਗਿਆ । ਇਕ ਤਰ੍ਹਾਂ ਨਾਲ ਜੋਧ ਸਿੰਘ ਇਸ ਕਮੇਟੀ ਦਾ ਕਾਰਜਕਾਰੀ ਅਫ਼ਸਰ ਸੀ । ਇਸ ਸਮੇਂ ਇਸ ਦਾ ਦਬਦਬਾ ਸੀ । 1849 ਵਿਚ , ਪੰਜਾਬ ਦੇ ਬ੍ਰਿਟਿਸ਼ ਸਰਕਾਰ ਨਾਲ ਮਿਲਾਉਣ ਦੇ ਇਕ ਦਹਾਕੇ ਬਾਅਦ ਤਕ ਦਰਬਾਰ ਸਾਹਿਬ ਦੇ ਪ੍ਰਬੰਧ ਵਿਚ ਸਰਕਾਰ ਦਾ ਸਿੱਧਾ ਦਖ਼ਲ ਰਿਹਾ । 1857 ਦੀਆਂ ਘਟਨਾਵਾਂ ਪਿੱਛੋਂ ਸਰਕਾਰ ਨੇ ਦਰਬਾਰ ਸਾਹਿਬ ਦੇ ਪ੍ਰਬੰਧ ਹਿਤ ਇਕ ਸਰਬਰਾਹ ਨਿਯੁਕਤ ਕਰਨ ਲਈ 1859 ਵਿਚ ਸਿੱਖ ਰਈਸਾਂ ਦੀ ਇਕ ਕਮੇਟੀ ਦਾ ਗਠਨ ਕਰ ਦਿੱਤਾ । ਸਰਬਰਾਹ ਦੀ ਨਿਯੁਕਤੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਤੋਂ ਪ੍ਰਵਾਨ ਹੋਣ ਉਪਰੰਤ ਹੀ ਹੋਣੀ ਸੀ । ਬਿਨਾਂ ਇਸ ਗੱਲ ਦੀ ਪ੍ਰਵਾਹ ਕੀਤਿਆਂ ਕਿ ਭਾਰਤ ਸਰਕਾਰ ਨੇ 1863 ਵਿਚ ਇਸ ਸੰਬੰਧ ਵਿਚ ਇਕ ਕਾਨੂੰਨ ਪਾਸ ਕਰ ਦਿੱਤਾ ਸੀ ਜਿਸ ਅਨੁਸਾਰ : “ ਸਰਕਾਰ ਧਾਰਮਿਕ ਸੰਸਥਾਵਾਂ ਦਾ ਪ੍ਰਬੰਧ ਕਰਨ ਤੋਂ ਵੰਚਿਤ ਕਰ ਦਿੱਤੀ ਗਈ ਸੀ" ਇਹ ਪ੍ਰਬੰਧ 1920 ਤਕ ਚੱਲਦਾ ਰਿਹਾ । ਇਸ ਕਾਨੂੰਨ ਰਾਹੀਂ ਸਥਾਨਿਕ ਸਰਕਾਰਾਂ ਲਈ ਇਹ ਜ਼ਰੂਰੀ ਹੋ ਗਿਆ ਸੀ ਕਿ ਉਹ ਟ੍ਰਸਟੀ ਨਿਯੁਕਤ ਕਰਨ ਜਿਨ੍ਹਾਂ ਨੂੰ ਧਾਰਮਿਕ ਸੰਸਥਾਵਾਂ ਦਾ ਪ੍ਰਬੰਧ ਕਰਨ ਲਈ ਸ਼ਕਤੀਆਂ ਅਤੇ ਜ਼ੁੰਮੇਵਾਰੀਆਂ ਦਿੱਤੀਆਂ ਜਾਣੀਆਂ ਸਨ ਅਤੇ ਜੋ ਇਸ ਪਿੱਛੋਂ ਸਵੈ ਅਧਿਕਾਰਿਤ ਹੋ ਜਾਣੀਆਂ ਸਨ । ਅੰਮ੍ਰਿਤਸਰ ਵਿਚ ਸਿੱਖ ਗੁਰਦਆਰੇ ਸਮੂਹਿਕ ਤੌਰ ਤੇ ਦਰਬਾਰ ਸਾਹਿਬ ਕਰਕੇ ਜਾਣੇ ਜਾਂਦੇ ਸਨ; ਇਹਨਾਂ ਦੇ ਮਾਮਲੇ ਵਿਚ ਪੰਜਾਬ ਸਰਕਾਰ ਨੇ ਅਸਲ ਵਿਚ ਭਾਰਤ ਸਰਕਾਰ ਦੇ ਬਣਾਏ ਕਾਨੂੰਨ ਨੂੰ ਅੱਖੋਂ ਪਰੋਖੇ ਕਰ ਦਿੱਤਾ । ਪ੍ਰਮੁਖ ਸਿੱਖਾਂ ਦੀ ਇਕ ਮੀਟਿੰਗ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ 5 ਤੋਂ 12 ਸਤੰਬਰ 1859 ਤਕ ਰਾਜਾ ਤੇਜ ਸਿੰਘ ਦੀ ਕੋਠੀ ਵਿਖੇ ਬੁਲਾਈ । ਇਸ ਮੀਟਿੰਗ ਵਿਚ ਸਰਦਾਰ ਸ਼ਮਸ਼ੇਰ ਸਿੰਘ ਸੰਧਾਵਾਲੀਆ , ਭਾਈ ਪਰਦੁਮਨ ਸਿੰਘ , ਸਰਦਾਰ ਦਯਾਲ ਸਿੰਘ ਮਜੀਠੀਆ , ਸਰਦਾਰ ਮਹਤਾਬ ਸਿੰਘ ਮਜੀਠੀਆ , ਰਾਇ ਮੂਲ ਸਿੰਘ , ਰਾਇ ਸਾਹਿਬ ਬਚਿੱਤਰ ਸਿੰਘ , ਸਰਦਾਰ ਜੈਮਲ ਸਿੰਘ ਖੰਡਾਲਵਾਲਾ , ਸਰਦਾਰ ਮੰਗਲ ਸਿੰਘ ਰਾਮਗੜ੍ਹੀਆ , ਸਰਦਾਰ ਹਰਦਿਤ ਸਿੰਘ ਭੜਾਣਾ , ਸਰਦਾਰ ਲਾਲ ਸਿੰਘ ਤਲਵੰਡੀ ਵਾਲਾ ਅਤੇ ਸਰਦਾਰ ਮੀਹਾਂ ਸਿੰਘ ਭਾਗੋਵਾਲੀਆ ਸ਼ਾਮਲ ਹੋਏ ਅਤੇ ਇਹਨਾਂ ਨੇ ਸ੍ਰੀ ਅੰਮ੍ਰਿਤਸਰ ਸਥਿਤ ਦਰਬਾਰ ਸਾਹਿਬ ਦੇ ਪ੍ਰਬੰਧ ਲਈ “ ਪੁਜਾਰੀਆਂ ਅਤੇ ਰਬਾਬੀਆਂ ਵਿਚਲੇ ਝਗੜਿਆਂ ਦੇ ਨਿਪਟਾਰੇ ਅਤੇ ਭਵਿਖ ਵਿਚ ਪ੍ਰਬੰਧ ਕਰਨ ਲਈ" ਇਕ ਦਸਤੂਰ-ਉਲ-ਅਮਲ ਤਿਆਰ ਕੀਤਾ । ਇਸ ਕਮੇਟੀ ਨੇ ਸੇਵਾਦਾਰਾਂ ਦੇ ਚੰਗੇ ਵਤੀਰੇ ਅਤੇ ਚਾਲ-ਚਲਣ ਦੀ ਸ਼ਰਤ ਤੇ ਭੇਟਾਵਾਂ ਵਿਚੋਂ ਪੁਜਾਰੀਆਂ ਅਤੇ ਰਾਗੀ ਜਥਿਆਂ ਦਾ ਹਿੱਸਾ ਨਿਯਤ ਕਰ ਦਿੱਤਾ । ਅਸਲ ਵਿਚ ਸਰਕਾਰ ਨੇ 1849 ਤੋਂ 1859 ਤਕ ਸਿੱਧਾ ਪ੍ਰਬੰਧ ਆਪਣੇ ਹੱਥ ਵਿਚ ਹੀ ਰੱਖਿਆ ਸੀ । ਸਰਕਾਰੀ ਤੌਰ ਤੇ ਪਹਿਲਾਂ ਨਿਯੁਕਤ ਸਰਬਰਾਹ ਜੋਧ ਸਿੰਘ ਸੀ ਜਿਸ ਨੇ ਆਪਣੀ ਡਿਊਟੀ ਦੇ ਤੌਰ ਤੇ ਦਰਬਾਰ ਸਾਹਿਬ ਨਾਲ ਸੰਬੰਧਿਤ ਸਾਰੇ ਮਾਮਲਿਆਂ ਨੂੰ ਸੁਲਝਾਇਆ ਅਤੇ ਪੁਜਾਰੀਆਂ ਨੂੰ ਉਨਾਂ ਦੇ ਦੁਰਵਿਵਹਾਰ ਕਰਕੇ ਉਹ ਜੁਰਮਾਨਾ ਵੀ ਕਰ ਸਕਦਾ ਸੀ ਅਤੇ ਉਹਨਾਂ ਨੂੰ ਛੇ ਮਹੀਨਿਆਂ ਲਈ ਦਰਬਾਰ ਸਾਹਿਬ ਦੇ ਅਹਾਤੇ ਵਿਚੋਂ ਕੱਢ ਸਕਦਾ ਸੀ । ਇਹਨਾਂ ਤੋਂ ਤੁਰੰਤ ਬਾਅਦ ਦੇ ਉੱਤਰਾਧਿਕਾਰੀਆਂ ਦੀ ਕਤਾਰ ਵਿਚ ਸਰਦਾਰ ਮੰਗਲ ਸਿੰਘ ਰਾਮਗੜ੍ਹੀਆ ਆਨਰੇਰੀ ਮੈਜਿਸਟਰੇਟ ਅਤੇ ਰਸਾਲਦਾਰ ਮੇਜਰ ਮਾਨ ਸਿੰਘ ਸਨ । ਪਹਿਲੀ ਜਨਰਲ ਕਮੇਟੀ ਦੇ ਮੈਂਬਰ ਸਨ ਰਾਜਾ ਤੇਜ ਸਿੰਘ; ਸਰਦਾਰ ਸ਼ਮਸ਼ੇਰ ਸਿੰਘ ਸੰਧਾਵਾਲੀਆ; ਰਾਜਾ ਸੂਰਤ ਸਿੰਘ ਮਜੀਠੀਆ; ਸਰਦਾਰ ਭਗਵਾਨ ਸਿੰਘ ਪੁੱਤਰ ਜਮਾਦਾਰ ਖ਼ੁਸ਼ਾਲ ਸਿੰਘ; ਭਾਈ ਪਰਦੁਮਨ ਸਿੰਘ ਗਿਆਨੀ; ਆਨਰੇਰੀ ਮਜਿਸਟਰੇਟ ਅੰਮ੍ਰਿਤਸਰ; ਜਨਰਲ ਗੁਲਾਬ ਸਿੰਘ ਭਾਗੋਵਾਲੀਆ; ਸਰਦਾਰ ਜੈਮਲ ਸਿੰਘ ਖੁੰਡਾ; ਸਰਦਾਰ ਸਰਦੂਲ ਸਿੰਘ ਮਾਨ; ਰਾਇ ਮੂਲ ਸਿੰਘ ਲਾਹੌਰ ਦੇ ਆਨਰੇਰੀ ਮੈਜਿਸਟਰੇਟ ਅਤੇ ਸਰਦਾਰ ਰਾਜਾ ਸਿੰਘ ਮਾਨ । 1883 ਵਿਚ , ਇਸ ਕਮੇਟੀ ਵਿਚ ਹੋਰ ਮੈਂਬਰ ਸ਼ਾਮਲ ਕੀਤੇ ਗਏ ਜਿਨ੍ਹਾਂ ਵਿਚੋਂ ਰਾਜਾ ਹਰਬੰਸ ਸਿੰਘ ਸ਼ੇਖ਼ੂਪੁਰਾ; ਕਿਸ਼ਨਕੋਟ ਦਾ ਰਾਜਾ ਸਾਹਿਬ ਦਿਆਲ ਸਿੰਘ ਕੇ.ਸੀ.ਐਸ.ਆਈ; ਸਰਦਾਰ ਅਜੀਤ ਸਿੰਘ ਅਟਾਰੀ ਦਾ ਆਨਰੇਰੀ ਸਹਾਇਕ ਕਮਿਸ਼ਨਰ , ਸਰਦਾਰ ਠਾਕੁਰ ਸਿੰਘ ਸੰਧਾਵਾਲੀਆ , ਵਧੀਕ ਸਹਾਇਕ ਕਮਿਸ਼ਨਰ ਕੈਪਟਨ ਗੁਲਾਬ ਸਿੰਘ ਅਟਾਰੀ , ਆਨਰੇਰੀ ਮੈਜਿਸਟਰੇਟ ਅੰਮ੍ਰਿਤਸਰ; ਸਰਦਾਰ ਅਰਜਨ ਸਿੰਘ ਚਾਹਲਵਾਲਾ; ਰਾਇ ਕਲਿਆਣ ਸਿੰਘ ਆਨਰੇਰੀ ਮੈਜਿਸਟਰੇਟ ਅੰਮ੍ਰਿਤਸਰ; ਸਰਦਾਰ ਅੱਤਰ ਸਿੰਘ ਭਦੌੜ ਅਤੇ ਸਰਦਾਰ ਜਗਤ ਸਿੰਘ ਮਹਾਰਾਜਾ ਜੀਂਦ ਦੇ ਨੁਮਾਇੰਦੇ ਸਨ ।

ਦਰਬਾਰ ਸਾਹਿਬ ਨਾਲ ਸੰਬੰਧਿਤ 12 ਸਤੰਬਰ 1859 ਦੇ ਪ੍ਰਬੰਧਕੀ ਕਾਗਜ਼ਾਤਾਂ ਦਾ ਤਰਜਮਾ : -

          ਅੰਮ੍ਰਿਤਸਰ ਸਥਿਤ ਸਿੱਖ ਗੁਰਦੁਆਰਾ ਦਰਬਾਰ ਸਾਹਿਬ ਦੇ ਪੁਜਾਰੀਆਂ , ਰਾਗੀ ਜਥਿਆਂ ਦੇ ਆਪਸੀ ਝਗੜਿਆਂ ਆਦਿ ਅਤੇ ਭਵਿਖ ਵਿਚ ਦਰਬਾਰ ਸਾਹਿਬ ਦੇ ਅੰਦਰੂਨੀ ਪ੍ਰਬੰਧਕੀ ਮਾਮਲਿਆਂ ਨਾਲ ਸੰਬੰਧਿਤ ਹੇਠ ਲਿਖਿਆਂ ਦੀ ਸਲਾਹ ਅਤੇ ਇਹਨਾਂ ਨਾਲ ਹੋਏ ਵਿਚਾਰ ਵਟਾਂਦਰੇ ਨਾਲ ਮਾਮਲੇ ਨਜਿੱਠੇ ਗਏ । ਇਹਨਾਂ ਵਿਚ ਸ਼ਾਮਲ ਰਾਜਾ ਤੇਜ ਸਿੰਘ , ਸਰਦਾਰ ਸ਼ਮਸ਼ੇਰ ਸਿੰਘ ਸੰਧਾਵਾਲੀਆ , ਸਰਦਾਰ ਦਯਾਲ ਸਿੰਘ , ਸਰਦਾਰ ਮਹਤਾਬ ਸਿੰਘ ਮਜੀਠੀਆ , ਸਰਦਾਰ ਜੈਮਲ ਸਿੰਘ , ਭਾਈ ਪਰਦੁਮਨ ਸਿੰਘ , ਸਰਦਾਰ ਲਾਲ ਸਿੰਘ , ਰਾਇ ਮੂਲ ਸਿੰਘ , ਸਰਦਾਰ ਮੰਗਲ ਸਿੰਘ ਰਾਮਗੜ੍ਹੀਆ , ਸਰਦਾਰ ਹਰਦਿਤ ਸਿੰਘ ਭੜਾਣਾ , ਭਾਈ ਲਹਿਣਾ ਸਿੰਘ , ਜੋਧ ਸਿੰਘ ਅਤੇ ਬਾਵਾ ਸੁੰਦਰ ਸਿੰਘ ਨੇ ਅੰਮ੍ਰਿਤਸਰ ਜ਼ਿਲੇ ਦੇ ਪਤਵੰਤੇ ਸਜਣਾਂ ਦੀ ਹਾਜ਼ਰੀ ਵਿਚ ਜਿਸ ਵਿਚ ਦਰਬਾਰ ਸਾਹਿਬ ਦੇ ਪੁਜਾਰੀ ਵੀ ਸ਼ਾਮਲ ਸਨ ਇਸ ਉੱਪਰ ਦਸਤਖ਼ਤ ਕੀਤੇ । ਇਹ ਮੀਟਿੰਗ ਹਿਜ਼ ਹਾਈਨੈਸ ਲੈਫਟੀਨੈਂਟ-ਗਵਰਨਰ ਪੰਜਾਬ ਦੀ ਪ੍ਰਵਾਨਗੀ ਨਾਲ ਅੰਮ੍ਰਿਤਸਰ ਜ਼ਿਲੇ ਦੇ ਡਿਪਟੀ ਕਮਿਸ਼ਨਰ ਮਿਸਟਰ ਫ਼ਰੈਡਰਿਕ ਕੂਪਰ ਦੀ ਆਗਿਆ ਨਾਲ ਬੁਲਾਈ ਗਈ ਸੀ ।

ਪ੍ਰਸਤਾਵਨਾ

          ਇਹ ਭਲੀ ਭਾਂਤ ਪਤਾ ਹੈ ਕਿ ਦਰਬਾਰ ਸਾਹਿਬ ਦੇ ਪੁਜਾਰੀਆਂ , ਰਾਗੀਆਂ ਅਤੇ ਰਬਾਬੀਆਂ ਵਿਚਕਾਰ ਕੁਝ ਸਾਲਾਂ ਤੋਂ ਚੜ੍ਹਾਵੇ ਦੇ ਪੈਸੇ ਨੂੰ ਵੰਡਣ ਸੰਬੰਧੀ ਝਗੜਾ ਚੱਲ ਰਿਹਾ ਹੈ । ਇਸ ਸੰਬੰਧੀ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਪ੍ਰਤੀ ਸ਼ਰਧਾ ਅਤੇ ਮਾਣ ਨੂੰ ਮੁੱਖ ਰੱਖਦਿਆਂ ਹੋਇਆਂ ਸਮੁੱਚੇ ਸਿੰਘਾਂ ਦੇ ਗੁਰਦੁਆਰਿਆਂ ਨਾਲ ਸੰਬੰਧਿਤ ਝਗੜਿਆਂ ਨੂੰ ਨਿਪਟਾਉਣ ਲਈ ਅਤੇ ਭਵਿਖ ਵਿਚ ਅਜਿਹੇ ਝਗੜੇ ਪੈਦਾ ਨਾ ਹੋਣ ਸੰਬੰਧੀ ਸਾਡੀ ਸਲਾਹ ਤੇ ਸਾਨੂੰ ਸਾਰਿਆਂ ਨੂੰ ਇਹ ਪੱਤਰ ਲਿਖਿਆ ਸੀ ਅਤੇ ਇਹਨਾਂ ਨੇ ਵਰਤਮਾਨ ਕੇਸ ਦੀ ਪੜਤਾਲ ਤੇ ਆਧਾਰਿਤ ਸਾਰੇ ਜੁਡੀਸ਼ੀਅਲ ਕਾਗਜ਼ਾਤ ਰਾਜਾ ਸਾਹਿਬ ਅਤੇ ਸਰਦਾਰ ਸ਼ਮਸ਼ੇਰ ਸਿੰਘ ਨੂੰ ਭੇਜੇ ਸਨ । ਇਸ ਲਈ ਇਸ ਤੱਥ ਪ੍ਰਤੀ ਹੁੰਗਾਰਾ ਦਿੰਦਿਆਂ ਹੋਇਆਂ ਗੁਰਦੁਆਰੇ ਦੇ ਪ੍ਰਬੰਧ ਨੂੰ ਚਲਾਉਣ ਸੰਬੰਧੀ ਆਪਣੀ ਜ਼ੁੰਮੇਵਾਰੀ ਨੂੰ ਜਾਣਦੇ ਹੋਏ ਅਸੀਂ ਸਾਰੇ ਰਾਜਾ ਤੇਜ ਸਿੰਘ ਦੇ ਘਰ ਇਕੱਠੇ ਹੋਏ । ਅਸੀਂ ਸਾਰਿਆਂ ਨੇ ਅਦਾਲਤੀ ਪੇਪਰਾਂ ਨੂੰ ਵਾਚਿਆ । ਅਸੀਂ ਜ਼ਬਾਨੀ ਵੀ ਸੰਬੰਧਿਤ ਪਾਰਟੀਆਂ ਤੋਂ ਪੁੱਛ-ਗਿੱਛ ਕੀਤੀ ਅਤੇ ਦਰਬਾਰ ਸਾਹਿਬ ਦੇ ਦਫ਼ਤਰੀ ਰਿਕਾਰਡ ਨੂੰ ਦੇਖਿਆ । ਇਹ ਸਪਸ਼ਟ ਹੈ ਕਿ ਇਸ ਪਵਿੱਤਰ ਅਸਥਾਨ ਦੇ ਇਕੋ ਇਕ ਮਾਲਕ ਹਮੇਸ਼ਾਂ ਲਈ ਗੁਰੂ ਰਾਮਦਾਸ ਜੀ ਹਨ ਹੋਰ ਕਿਸੇ ਮਨੁੱਖ ਕੋਲ ਇਸ ਦੀ ਮਾਲਕੀ ਨਹੀਂ ਹੋ ਸਕਦੀ । ਇਸ ਪਵਿੱਤਰ ਜਗ੍ਹਾ ਦੀ ਸੇਵਾ ਕਰਨ ਦਾ ਹੱਕ ਸਮੁੱਚੇ ਖ਼ਾਲਸਾ ਪੰਥ ਅਤੇ ਸਾਧ ਸੰਗਤ ਨੂੰ ਹੈ । ਪੁਜਾਰੀਆਂ ਅਤੇ ਬਾਕੀ ਹੋਰਾਂ ਨੂੰ ਉਹਨਾਂ ਦੀਆਂ ਤਨਖ਼ਾਹਾਂ ਉਹਨਾਂ ਦੀ ਕੀਤੀ ਹੋਈ ਸੇਵਾ ਬਦਲੇ ਦਿੱਤੀਆਂ ਜਾਂਦੀਆਂ ਹਨ ।

          ਪਹਿਲਾ ਦਰਜਾ

          ਇੱਥੇ ਸੇਵਾ ਕਰ ਰਹੇ ਗ੍ਰੰਥੀਆਂ ਦੀ ਪਰੰਪਰਾਗਤ ਜ਼ੁੰਮੇਵਾਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਹੈ । ਇਹ ਸਰਕਾਰ ਦੁਆਰਾ ਦਿੱਤੀਆਂ ਗਈਆਂ ਜਗੀਰਾਂ ਤੋਂ ਹੋਈ ਆਮਦਨ ਨੂੰ ਪ੍ਰਾਪਤ ਕਰਨ ਦੇ ਹੱਕਦਾਰ ਸਨ । ਇਹਨਾਂ ਨੂੰ ਆਪਣੀਆਂ ਨਿੱਜੀ ਪ੍ਰਾਪਤ ਹੋਈਆਂ ਭੇਟਾਵਾਂ ਰੱਖਣ ਦਾ ਵੀ ਹੱਕ ਹੈ ਜਿਹੜੀਆਂ ਇਹਨਾਂ ਨੂੰ ਹੀ ਦਿੱਤੀਆਂ ਜਾ ਸਕਦੀਆਂ ਹਨ : ਇਸ ਦੇ ਨਾਲ-ਨਾਲ ਇਹ ਦਰਬਾਰ ਸਾਹਿਬ ਵਿਚ ਹੋਏ ਚੜ੍ਹਾਵੇ ਤੋਂ ਵੀ ਹਿੱਸਾ ਪ੍ਰਾਪਤ ਕਰਦੇ ਹਨ । ਇਸ ਤਰ੍ਹਾਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਕਿ ਜਦੋਂ ਗ੍ਰੰਥੀਆਂ ਵਿਚੋਂ ਕੋਈ ਗ੍ਰੰਥੀ ਜਿਸ ਨੂੰ ਜੀਵਨ ਭਰ ਲਈ ਗਰਾਂਟ ਮਿਲਦੀ ਹੈ ਅਕਾਲ ਚਲਾਣਾ ਕਰ ਜਾਂਦਾ ਹੈ ਤਾਂ ਇਸ ਤਰ੍ਹਾਂ ਦੀ ਵਿਵਸਥਾ ਬਣਾਈ ਜਾਵੇਗੀ ਕਿ ਭੇਟਾਵਾਂ ਅਤੇ ਗਰਾਂਟ ਵਿਚੋਂ ਕੁਝ ਹਿੱਸਾ ਦੇਣ ਦਾ ਪ੍ਰਬੰਧ ਕੀਤਾ ਜਾਏਗਾ । ਇਹ ਵੀ ਸਮਝਿਆ ਜਾਂਦਾ ਹੈ ਕਿ ਪੁਰਾਣੀ ਜਗੀਰ ਜੋ ਖ਼ਤਮ ਹੋ ਚੁੱਕੀ ਸੀ ਉਸ ਵਿਚੋਂ ਵੀ ਕੁਝ ਹਿੱਸਾ ਪੁਰਾਤਨ ਰਿਵਾਜ ਅਨੁਸਾਰ ਵੱਖ ਕੱਢ ਕੇ ਰੱਖਿਆ ਜਾਏਗਾ ਤਾਂ ਕਿ ਲੋੜ ਸਮੇਂ ਦਿੱਤਾ ਜਾ ਸਕੇ ।

          ਦੂਸਰਾ ਦਰਜਾ

          ਦਰਬਾਰ ਸਾਹਿਬ ਦੇ ਪੁਜਾਰੀ ਜਿਨ੍ਹਾਂ ਦੀ ਜ਼ੁੰਮੇਵਾਰੀ ਭੇਟਾਵਾਂ ਦੀ ਸੁਰੱਖਿਆ ਦਾ ਪ੍ਰਬੰਧ ਕਰਨਾ ਅਤੇ ਖ਼ਰਚੇ ਦੀਆਂ ਰਸੀਦਾਂ ਅਤੇ ਉਹਨਾਂ ਨੂੰ ਇਕੱਠਾ ਕਰਨਾ ਹੈ ਅਤੇ ਦਰਬਾਰ ਸਾਹਿਬ ਨਾਲ ਸੰਬੰਧਿਤ ਹੋਰ ਮਸਲੇ ਜਿਹੜੇ ਕਿ ਉਹਨਾਂ ਦੇ ਉੱਚ ਅਫ਼ਸਰ ਨੇ ਉਹਨਾਂ ਨੂੰ ਸੌਂਪੇ ਹਨ ਪ੍ਰਤੀ ਸੁਚੇਤ ਹੋਣਾ ਇਹਨਾਂ ਦੀ ਜ਼ੁੰਮੇਵਾਰੀ ਹੈ ।

          ਇਹਨਾਂ ਦਾ ਅਹੁਦਾ ਰਬਾਬੀਆਂ ਅਤੇ ਰਾਗੀਆਂ ਤੋਂ ਉੱਪਰ ਹੈ ਕਿਉਂਕਿ ਰਾਗੀਆਂ ਦਾ ਉਪਰੋਕਤ ਮਹੱਤਵਪੂਰਨ ਅਹੁਦਿਆਂ ਨਾਲ ਕੋਈ ਸੰਬੰਧ ਨਹੀਂ ਹੈ । ਪੁਜਾਰੀ ਪੀੜ੍ਹੀ ਦਰ ਪੀੜ੍ਹੀ ਦਰਬਾਰ ਸਾਹਿਬ ਦੇ ਖ਼ਜ਼ਾਨੇ ਵਿਚੋਂ ਕੁਝ ਨਿਯਤ ਕੀਤਾ ਅਲਾਊਂਸ ( ਭੱਤਾ ) ਪ੍ਰਾਪਤ ਕਰਦੇ ਹਨ ।

          ਨਿਮਨ ਲਿਖਤ ਛੇ ਆਦਮੀਆਂ ਦੇ ਨਾਂ ਤੇ ਛੇ ਹਿੱਸੇ ਮੌਜੂਦ ਹਨ ਅਤੇ ਇਹ ਉਹਨਾਂ ਦੇ ਵਾਰਸਾਂ ਕੋਲ ਰਹਿਣਗੇ :

1.     ਮਾਨ ਸਿੰਘ ਜਿਸ ਦਾ ਲੜਕਾ ਜੋਧ ਸਿੰਘ ਹੈ , ਆਦਿ - ਇਕ ਹਿੱਸਾ ।

2.   ਨਿਹਾਲ ਸਿੰਘ ਜਿਸ ਦੇ ਲੜਕੇ ਰਾਮ ਸਿੰਘ ਅਤੇ ਕਿਰਪਾ ਸਿੰਘ ਆਦਿ ਹਨ - ਇਕ ਹਿੱਸਾ ।

3.   ਖ਼ੁਸ਼ਾਲ ਸਿੰਘ ਜਿਸ ਦੇ ਲੜਕੇ ਗੁਲਾਬ ਸਿੰਘ ਅਤੇ ਕਾਨ੍ਹ ਸਿੰਘ ਆਦਿ ਹਨ - ਇਕ ਹਿੱਸਾ ।

4.   ਸਹਜ ਸਿੰਘ ਜਿਸ ਦੇ ਲੜਕੇ ਜੀਤ ਸਿੰਘ , ਭਾਗ ਸਿੰਘ , ਸ਼ੇਰ ਸਿੰਘ ਅਤੇ ਚੇਤ ਸਿੰਘ ਹਨ - ਇਕ ਹਿੱਸਾ ।

5.   ਹਰੀ ਸਿੰਘ ( ਅਰਦਾਸੀਆ ) ਜਿਸ ਦੇ ਲੜਕੇ ਦੇਵਾ ਸਿੰਘ , ਸ਼ੇਰ ਸਿੰਘ , ਗੰਗਾ ਸਿੰਘ ਅਤੇ ਰਤਨ ਸਿੰਘ ਹਨ - ਇਕ ਹਿੱਸਾ ।

6.   ਦਯਾਲ ਸਿੰਘ ਧੂਪੀਆ ਜਿਸ ਦਾ ਲੜਕਾ ਜੈ ਸਿੰਘ ਆਦਿ - ਇਕ ਹਿੱਸਾ ।

          ਇਹਨਾਂ ਛੇਆਂ ਹਿੱਸੇਦਾਰਾਂ ਨੂੰ ਬਰਾਬਰ-ਬਰਾਬਰ 27/ ਰੁਪਏ ਹਰ ਸ਼ੇਅਰ ਲਈ 4.5 ਰੁਪਏ ਦੇ ਹਿਸਾਬ ਦਾ ਭੱਤਾ ਨਿਯਤ ਕੀਤਾ ਜਾਂਦਾ ਹੈ ।

          ਰਾਗੀ ਅਤੇ ਰਬਾਬੀ ਦਰਬਾਰ ਸਾਹਿਬ ਵਿਖੇ ਕੀਰਤਨ ਦੀ ਸੇਵਾ ਕਰਦੇ ਹਨ । ਇਹਨਾਂ ਦੀ ਵੰਡ ਨਿਮਨਲਿਖਿਤ 15 ਚੌਂਕੀਆਂ ਵਿਚ ਕੀਤੀ ਗਈ ਹੈ :

          ਰਾਗੀ

1.      ਭਾਈ ਮਾਨ ਸਿਘ , ਦੇਵਾ ਸਿੰਘ

2.    ਮਿਸਰਾ ਸਿੰਘ

3.   ਭਾਈ ਲਹਿਣਾ ਸਿੰਘ

4.   ਰਤਨ ਸਿੰਘ , ਸੂਰ ਦਾਸ

5.   ਗੰਡਾ ਸਿੰਘ , ਆਦਿ

6.   ਆਗਿਆ ਸਿੰਘ

7.   ਭਾਈ ਬਿਸ਼ਨ ਸਿੰਘ ( ਰਾਤ ਸਮੇਂ )

8.   ਭਾਈ ਬੁਧ ਸਿੰਘ , ਆਦਿ ( ਰਾਤ ਸਮੇਂ )

          ਰਬਾਬੀ

1. ਭਾਈ ਬੋਸਨਾ , ਆਦਿ

2.   ਭਾਈ ਕਾਹਨਾ , ਆਦਿ

3.   ਭਾਈ ਲਾਲਾ , ਸਰਦਾਰੀ

4.   ਭਾਈ ਅਤਰਾ , ਆਦਿ

5.   ਭਾਈ ਦਿੱਤੂ

6.   ਭਾਈ ਅਮੀਰਾ , ਆਦਿ

7.   ਹੀਰਾ ਸ਼ਿਕਾਰਪੁਰੀਆ

          ਇਹ ਚੌਂਕੀਆਂ ਰੋਜ਼ਾਨਾ ਦਰਬਾਰ ਸਾਹਿਬ ਵਿਖੇ ਆਪਣੇ ਨਿਸ਼ਚਿਤ ਸਮੇਂ ਕੀਰਤਨ ਕਰਦੀਆਂ ਹਨ ਅਤੇ ਇਹਨਾਂ ਨੂੰ ਦਰਬਾਰ ਸਾਹਿਬ ਦੀਆਂ ਨਕਦ ਭੇਟਾਵਾਂ ਵਿਚੋਂ 282 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ ।

          ਚੌਥਾ ਦਰਜਾ

          ਘੜਿਆਲ ਵਜਾਉਣ ਵਾਲਾ , ਖ਼ਜ਼ਾਨਚੀ , ਚਾਬੀਆਂ ਰੱਖਣ ਵਾਲਾ ਕਲਰਕ ਅਤੇ ਹੋਰ ਫੁਟਕਲ ਸੇਵਾਦਾਰ ਆਪਣੇ ਜੀਵਨ ਨਿਰਬਾਹ ਲਈ ਦਰਬਾਰ ਸਾਹਿਬ ਵਿਚ ਭੇਟਾਂ ਰਾਹੀਂ ਇਕੱਤਰ ਹੋਏ ਧਨ ਵਿਚੋਂ ਕੁਝ ਨਿਸ਼ਚਿਤ ਤਨਖ਼ਾਹ ਪ੍ਰਾਪਤ ਕਰਦੇ ਹਨ । ਇਹਨਾਂ ਤੋਂ ਇਲਾਵਾ ਮਾਲੀ , ਪਾਲਕੀ ਚੁੱਕਣ ਵਾਲੇ ਅਤੇ ਫਰਾਸ਼ ਆਦਿ ਹਨ ਜੋ ਦਰਬਾਰ ਸਾਹਿਬ ਦੇ ਖ਼ਜ਼ਾਨੇ ਵਿਚੋਂ ਮਾਸਿਕ ਤਨਖ਼ਾਹ ਪ੍ਰਾਪਤ ਕਰਦੇ ਹਨ । ਇਹਨਾਂ ਦੀ ਨਿਯੁਕਤੀ ਅਤੇ ਬਰਖ਼ਾਸਤਗੀ ਪੁਜਾਰੀਆਂ ਦੀ ਰਿਪੋਰਟ ਤੇ ਸਰਬਰਾਹ ਦੁਆਰਾ ਨਿਯਮਿਤ ਕੀਤੀ ਜਾਂਦੀ ਸੀ ।

          ਅੰਤਰਵਰਤੀ ਮੈਮੋਰੈਂਡਮ

          ਡਿਪਟੀ ਕਮਿਸ਼ਨਰ ਦੁਆਰਾ ਉਠਾਏ ਗਏ ਚਾਰ ਨੁਕਤਿਆਂ ਸੰਬੰਧੀ ਸਭਾ ਦੇ ਨਿਮਨਲਿਖਤ ਉੱਤਰ ਹਨ :

ਪਹਿਲਾ ਪ੍ਰਸ਼ਨ : ਪੁਜਾਰੀਆਂ ਦੇ ਰਿਵਾਜੀ ਅਧਿਕਾਰ ਕੀ ਹਨ ? ਕੀ ਇਹ ਆਪਣੇ-ਆਪਣੇ ਹਿੱਸੇ ਵੇਚ ਜਾਂ ਗਹਿਣੇ ਰੱਖ ਸਕਦੇ ਹਨ ? ਕੀ ਇਹਨਾਂ ਦਾ ਅਗਲਾ ਵਾਰਸ ਆਪਣੇ ਆਪ ਹੀ ਵਾਰਸ ਬਣ ਜਾਏਗਾ ? ਜਾਂ ਇਹ ਪ੍ਰਬੰਧ ਕਿਵੇਂ ਕੀਤਾ ਜਾਏਗਾ ?

ਉੱਤਰ : ਪਿਛਲੇ ਸਾਲਾਂ ਦੇ ਰਿਕਾਰਡ ਨੂੰ ਦੇਖਣ ਉਪਰੰਤ ਅਤੇ ਪਰੰਪਰਾਗਤ ਰੀਤੀ ਨਾਲ ਪੂਰੀ ਤਰ੍ਹਾਂ ਵਾਕਫ਼ੀਅਤ ਹੋਣ ਕਰਕੇ ਇਹ ਸਪਸ਼ਟ ਹੈ ਕਿ ਸੰਮਤ 1872 ਵਿਚ ਸਵਰਗਵਾਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਲੈ ਕੇ ਸੰਮਤ 1908 ਤਕ ਇਹਨਾਂ 36 ਸਾਲਾਂ ਦੌਰਾਨ ਇਹਨਾਂ ਨੇ 5463 ਰੁਪਏ ਤਨਖ਼ਾਹ ਕੇਵਲ 14 ਸਾਲਾਂ ਵਿਚ ਹੀ ਪ੍ਰਾਪਤ ਕੀਤੀ : ਕਦੇ ਸਾਲ ਵਿਚ ਦੋ ਤਿੰਨ , ਚਾਰ , ਅੱਠ ਜਾਂ ਬਾਰ੍ਹਾਂ ਮਹੀਨਿਆਂ ਲਈ ਜਦੋਂ ਕਿ ਬਾਕੀ ਦੇ 24 ਸਾਲਾਂ ਵਿਚ ਇਹਨਾਂ ਨੂੰ ਕੋਈ ਪੈਸਾ ਨਹੀਂ ਮਿਲਿਆ । ਇਸ ਕਰਕੇ ਵਾਧੂ ਸਹਾਇਕ ਕਮਿਸ਼ਨਰ ਸਰਦਾਰ ਜੋਧ ਸਿੰਘ ਨੇ ਇਹਨਾਂ ਨੂੰ ਮਿਲਣ ਵਾਲੇ ਪੈਸੇ ਦਾ ਮਧਮਾਨ ( ਔਸਤ ) ਕੱਢ ਦਿੱਤਾ । 6 ਅਗਸਤ 1852 ਨੂੰ ਇਹ ਸਿੱਟਾ ਕੱਢਿਆ ਗਿਆ ਕਿ ਸਾਲ ਦੀਆਂ ਕੁੱਲ ਭੇਟਾਵਾਂ ਰਾਹੀਂ ਇਕੱਠੇ ਹੋਏ ਧਨ ਵਿਚੋਂ ਸੇਵਾਦਾਰ ਕੇਵਲ ਦੋ ਮਹੀਨਿਆਂ ਦੀ ਤਨਖ਼ਾਹ ਲੈ ਸਕਣਗੇ । ਇਸ ਦੀ ਪੁਸ਼ਟੀ 31 ਅਗਸਤ 1852 ਨੂੰ ਮੈਸੱਰਜ਼ ਸੌਂਡਰਸ ਅਤੇ ਡਿਪਟੀ ਕਮਿਸ਼ਨਰ ਡੈਨਿਸਨ ਜੋ ਪਹਿਲੇ ਪ੍ਰੈਜ਼ੀਡੈਂਟ ਸਨ ਨੇ ਕੀਤੀ ਕਿ ਭਵਿਖ ਵਿਚ ਇਹ ਹਰ ਸਾਲ ਵਿਚ ਦੋ ਮਹੀਨਿਆਂ ਦੇ ਹਿਸਾਬ ਨਾਲ ਤਨਖ਼ਾਹ ਲਿਆ ਕਰਨਗੇ । ਭਾਵੇਂ ਕਿ ਇਹਨਾਂ ਨੂੰ ਇਸੇ ਹਿਸਾਬ ਨਾਲ ਤਨਖ਼ਾਹ ਦਿੱਤੀ ਗਈ , ਫਿਰ ਵੀ ਇਹ ਹਮੇਸ਼ਾਂ ਨਰਾਜ਼ ਰਹੇ ਹਨ । ਸਾਡੇ ਵਿਚਾਰ ਅਨੁਸਾਰ ਸਰਦਾਰ ਜੋਧ ਸਿੰਘ ਦੇ 17 ਅਪ੍ਰੈਲ 1857 ਨੂੰ ਡਿਪਟੀ ਕਮਿਸ਼ਨਰ ਨੂੰ ਦਿੱਤੇ ਪੱਤਰ ਤੇ ਦਿੱਤੇ ਫ਼ੈਸਲੇ ਅਨੁਸਾਰ ਕਿ ਤਿੰਨ ਮਹੀਨਿਆਂ ਦੀ ਆਗਿਆ ਦਿੱਤੀ ਜਾਵੇ ਅਤੇ ਇਸ ਉੱਪਰ ਉਸੇ ਸਮੇਂ ਅਮਲ ਹੋਇਆ ਸੀ , ਡਿਪਟੀ ਕਮਿਸ਼ਨਰ ਦਾ ਫ਼ੈਸਲਾ ਸੰਮਤ 1913 ਲਈ ਬਿਲਕੁਲ ਯੋਗ ਸੀ । ਜੇਕਰ ਇਸ ਕਿਸਮ ਦੇ ਪ੍ਰਬੰਧ ਨੂੰ ਚੱਲਣ ਦਿੱਤਾ ਜਾਂਦਾ ਤਾਂ ਕਿਸੇ ਕਿਸਮ ਦਾ ਕੋਈ ਝਗੜਾ ਨਹੀਂ ਹੋਣਾ ਸੀ । ਕਿਉਂਕਿ ਜੇਕਰ ਜਗੀਰ ਦੀ 304 ਰੁਪਏ ਦੀ ਆਮਦਨ ਪੁਜਾਰੀਆਂ ਨੂੰ ਦੇ ਦੇਣ ਦੀ ਆਗਿਆ ਹੁੰਦੀ ਜਿਹੜੀ ਕਿ ਆਮ ਕਰਕੇ ਰਸਮੀ ਤੌਰ ਤੇ ਖ਼ਜ਼ਾਨੇ ਵਿਚ ਜਮਾ ਕੀਤੀ ਜਾਂਦੀ ਸੀ ਦੇ ਬਾਰੇ ਵਿਚਾਰ ਲਿਆ ਜਾਂਦਾ ਅਤੇ ਛੇ ਪੁਜਾਰੀਆਂ ਵਿਚ ਹਿੱਸੇ ਮੁਤਾਬਿਕ ਵੰਡੀ ਜਾਂਦੀ ਤਾਂ ਇਸ ਦੀ ਕੀਮਤ ਪੰਜ ਮਹੀਨਿਆਂ ਦੀ ਆਮਦਨ ਦੇ ਬਰਾਬਰ ਹੋਣੀ ਸੀ । ਪੁਜਾਰੀਆਂ ਦੀ ਹੁਣ ਇਹ ਇੱਛਾ ਸੀ ਅਤੇ ਇਹਨਾਂ ਦੀ ਬੇਨਤੀ ਵੀ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸਮੇਂ ਦੇ ਲਾਗੂ ਹੋਏ ਨਿਯਮਾਂ ਅਨੁਸਾਰ ਤਨਖ਼ਾਹ ਮਿਲੇ । ਸਾਡੇ ਵਿਚਾਰ ਵਿਚ ਇਹਨਾਂ ਦੀ ਭਵਿਖ ਬਾਰੇ ਦਰਖ਼ਾਸਤ ਉਚਿਤ ਹੈ । ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸਮੇਂ ਦੇ ਨਿਯਮ ਸਨ ਕਿ ਰਾਗੀਆਂ , ਰਬਾਬੀਆਂ ਅਤੇ ਹੋਰਾਂ ਨੂੰ ਦਸ ਮਹੀਨਿਆਂ ਦੀ ਤਨਖ਼ਾਹ ਦੇ ਕੇ ਅਤੇ ਦਰਬਾਰ ਸਾਹਿਬ ਦੇ ਫੁਟਕਲ ਖ਼ਰਚੇ ਕਰਨ ਉਪਰੰਤ ਕਈ ਵਾਰੀ ਦੋ ਮਹੀਨਿਆਂ , ਕਈ ਵਾਰੀ ਚਾਰ ਮਹੀਨਿਆਂ , ਕਈ ਵਾਰੀ ਅੱਠ ਮਹੀਨਿਆਂ ਕਈ ਵਾਰੀ ਬਾਰ੍ਹਾਂ ਮਹੀਨਿਆਂ ਦੇ ਪੈਸੇ ਹੱਥ ਵਿਚ ਬਕਾਏ ਅਨੁਸਾਰ ਪੁਜਾਰੀਆਂ ਨੂੰ ਦਿੱਤਾ ਜਾਂਦਾ ਸੀ : ਕਈ ਵਾਰੀ ਘਾਟੇ ਸਮੇਂ ਕੁਝ ਵੀ ਨਹੀਂ ਦਿੱਤੇ ਜਾਂਦੇ ਸੀ । ਇਹ ਦੇਖਿਆ ਗਿਆ ਹੈ ਕਿ 36 ਸਾਲਾਂ ਵਿਚੋਂ 24 ਸਾਲਾਂ ਲਈ ਇਹਨਾਂ ਨੂੰ ਕੁਝ ਨਹੀਂ ਦਿੱਤਾ ਗਿਆ । ਇਸ ਲਈ ਭਵਿਖ ਵਿਚ ਇਹ ਠੀਕ ਹੋਵੇਗਾ ਜੇਕਰ ਉਪਰੋਕਤ ਅਨੁਸਾਰ ਰਬਾਬੀਆਂ , ਰਾਗੀਆਂ ਅਤੇ ਸਾਧੂਆਂ ਨੂੰ ਪੈਸਾ ਦੇਣ ਪਿੱਛੋਂ ਅਤੇ ਤਿੰਨ ਪ੍ਰਤੀਸ਼ਤ ਫੁਟਕਲ ਖ਼ਰਚਿਆਂ ਉੱਤੇ ਖ਼ਰਚਣ ਉਪਰੰਤ ਜੋ ਵੀ ਬਾਕੀ ਬਚਦਾ ਹੈ ਘੱਟ ਜਾਂ ਵੱਧ ਛੇ ਪੁਜਾਰੀਆਂ ਵਿਚ ਉਹਨਾਂ ਦੇ ਹਿੱਸਿਆਂ ਅਨੁਸਾਰ ਉਹਨਾਂ ਦੇ ਚੰਗੇ ਇਖ਼ਲਾਕ ਦੇ ਆਧਾਰ ਤੇ ਵੰਡਿਆ ਜਾਣਾ ਚਾਹੀਦਾ ਹੈ ਅਤੇ ਇਸ ਦਾ ਫ਼ੈਸਲਾ ਸਰਬਰਾਹ ਨੇ ਹੀ ਕਰਨਾ ਹੈ । ਇਸ ਤਰ੍ਹਾਂ ਵੰਡਣ ਉਪਰੰਤ ਜੋ ਸੰਭਵ ਤੌਰ ਤੇ ਬਕਾਇਆ ਬਚਦਾ ਹੈ ਇਸ ਨੂੰ ਗੁਰੂ ਰਾਮਦਾਸ ਜੀ ਦੇ ਖ਼ਜ਼ਾਨੇ ਵਿਚ ਜਮਾ ਕਰਾ ਦੇਣਾ ਚਾਹੀਦਾ ਹੈ । ਕਿਸੇ ਵੀ ਜਾਇਦਾਦ ਨੂੰ ਵੇਚਣ ਜਾਂ ਗਹਿਣੇ ਰੱਖਣ ਦੇ ਸੰਬੰਧ ਵਿਚ ਕਿਸੇ ਵੀ ਪੁਜਾਰੀ ਨੂੰ ਇਹ ਹੱਕ ਨਹੀਂ ਸੀ ਕਿ ਉਹ ਇਸ ਨੂੰ ਛੇ ਪੱਤੀਆਂ ਵਿਚ ਵੇਚ ਜਾਂ ਗਿਰਵੀ ਰੱਖ ਸਕਦਾ ਸੀ । ਇਹ ਹੱਕ ਚੰਗੇ ਉੱਚੇ ਸੁੱਚੇ ਆਚਰਨ ਦੇ ਆਧਾਰ ਤੇ ਵਾਰਸਾਂ ਨੂੰ ਮਿਲ ਸਕੇਗਾ । ਜੇਕਰ ਬਿਨਾਂ ਨਰ ਵਾਰਸ ਦੇ ਕੋਈ ਅਕਾਲ ਚਲਾਣਾ ਕਰ ਜਾਂਦਾ ਹੈ ਤਾਂ ਇਹ ਭੇਟ ਦੇ ਰੂਪ ਵਿਚ ਦਿੱਤਾ ਜਾ ਸਕਦਾ ਹੈ ਜੋ ਕਿ ਪੱਤੀ ਦੇ ਹਿੱਸੇਦਾਰਾਂ ਦੀ ਹਾਜ਼ਰੀ ਵਿਚ ਦਿੱਤਾ ਜਾ ਸਕਦਾ ਹੈ : ਜੋ ਦੋਹਤੇ ਨੂੰ ਜਾਂ ਚੇਲੇ ਨੂੰ ਦਿੱਤਾ ਜਾ ਸਕਦਾ ਹੈ ਜਿਸ ਵਿਚ ਸ਼ਰਤ ਇਹ ਹੈ ਕਿ ਇਹ ਹੱਕ ਲੈਣ ਵਾਲਾ ਹਿੰਦੂ ਸਿੱਖ ਹੋਣਾ ਚਾਹੀਦਾ ਹੈ । ਜੇਕਰ ਇਸ ਤਰ੍ਹਾਂ ਵਿਰਾਸਤ ਬਦਲਣ ਦੇ ਸੰਬੰਧ ਵਿਚ ਕੋਈ ਕਮੀ ਜਾਂ ਕਮਜ਼ੋਰੀ ਰਹਿ ਜਾਂਦੀ ਹੈ ਤਾਂ ਇਹ ਹੱਕ ਬਾਕੀ ਦੇ ਹਿੱਸੇਦਾਰਾਂ ਨੂੰ ਦਿੱਤਾ ਜਾਵੇਗਾ ।

ਦੂਸਰਾ ਪ੍ਰਸ਼ਨ : ਪੁਰਾਤਨ ਰੀਤ ਅਨੁਸਾਰ ਦਰਬਾਰ ਸਾਹਿਬ ਦੀ ਆਮਦਨੀ ਵਿਚੋਂ ਹਿੱਸੇ ਅਨੁਸਾਰ ਰਾਗੀਆਂ ਅਤੇ ਰਬਾਬੀਆਂ ਨੂੰ ਕਿੰਨੀ ਤਨਖ਼ਾਹ ਦੇਣੀ ਚਾਹੀਦੀ ਹੈ ?

ਉੱਤਰ : ਪੂਰਵ ਸਾਲਾਂ ਦੇ ਅਦਾਲਤ ਦੁਆਰਾ ਤਿਆਰ ਕੀਤੀ ਅਨੁਸੂਚੀ ਤੋਂ ਅਤੇ ਦਰਬਾਰ ਸਾਹਿਬ ਦੇ ਸਰਕਾਰੀ ਰਿਕਾਰਡ ਤੋਂ ਇਹ ਭਲੀਭਾਂਤ ਸਪਸ਼ਟ ਹੈ ਕਿ ਇਹਨਾਂ ਸੇਵਾਦਾਰਾਂ ਨੂੰ ਇਕ ਸਾਲ ਵਿਚ ਦਸ ਮਹੀਨੇ ਤਨਖ਼ਾਹ ਮਿਲਦੀ ਸੀ । ਸਾਡੇ ਵਿਚਾਰ ਅਨੁਸਾਰ ਇਹ ਉਚਿਤ ਹੋਵੇਗਾ ਕਿ ਇਹਨਾਂ ਨੂੰ ਪਰੰਪਰਾਗਤ ਲੋੜਾਂ ਅਨੁਸਾਰ ਛੋਟੀਆਂ ਮੋਟੀਆਂ ਕਟੌਤੀਆਂ ਉਪਰੰਤ ਲਗਾਤਾਰ ਤਨਖ਼ਾਹ ਮਿਲਣੀ ਚਾਹੀਦੀ ਹੈ । ਇਹਨਾਂ ਨੇ ਦਰਬਾਰ ਸਾਹਿਬ ਵਿਖੇ ਰੋਜ਼ਾਨਾ ਨਿਸ਼ਚਿਤ ਸਮੇਂ ਤੇ ਕੀਰਤਨ ਕਰਨਾ ਹੈ । ਸਰਬਰਾਹ ਦੀ ਰਿਪੋਰਟ ਤੇ ਵਿਸ਼ੇਸ਼ ਹਾਲਾਤਾਂ ਵਿਚ ਇਹਨਾਂ ਨੂੰ ਕੇਵਲ ਪੰਦਰਾਂ ਦਿਨਾਂ ਦੀ ਛੋਟ ਸੀ । ਜੇਕਰ ਕੋਈ ਰਾਗੀ ਜਾਂ ਰਬਾਬੀ ਤਿੰਨ ਮਹੀਨਿਆਂ ਲਈ ਕਿਸੇ ਰਾਜੇ ਜਾਂ ਸਰਦਾਰ ਕੋਲ ਜਾਂਦਾ ਹੈ ਤਾਂ ਉਸਨੂੰ ਆਪਣਾ ਬਦਲ ਦੇ ਕੇ ਜਾਣਾ ਪਵੇਗਾ ਅਤੇ ਉਸ ਬਦਲੇ ਵਿਚ ਦਿੱਤੇ ਗਏ ਸੇਵਾਦਾਰ ਨੂੰ ਰਾਗੀ ਦੇ ਵਾਪਸ ਆਉਣ ਤਕ ਉਸ ਦੀ ਜ਼ੁੰਮੇਵਾਰੀ ਨਿਭਾਉਣੀ ਹੋਵੇਗੀ ।

ਤੀਸਰਾ ਪ੍ਰਸ਼ਨ : ਸ੍ਰੀ ਦਰਬਾਰ ਸਾਹਿਬ ਦੀਆਂ ਇਮਾਰਤਾਂ ਦੇ ਨਿਰਮਾਣ ਦਾ ਹਿਸਾਬ ਭਵਿਖ ਵਿਚ ਕਿਸ ਨੂੰ ਦਿੱਤਾ ਜਾਣਾ ਚਾਹੀਦਾ ਹੈ ?

ਉੱਤਰ : ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿਚ ਇਹ ਜ਼ੁੰਮੇਵਾਰੀਆਂ ਭਾਈ ਸੰਤ ਸਿੰਘ ਅਤੇ ਉਹਨਾਂ ਦੇ ਉੱਤਰਾਧਿਕਾਰੀਆਂ ਦੁਆਰਾ ਨਿਭਾਈਆਂ ਜਾਂਦੀਆਂ ਸਨ ਅਤੇ ਹੁਣ ਉਹਨਾਂ ਦਾ ਪੋਤਰਾ ਭਾਈ ਪਰਦੁਮਨ ਸਿੰਘ ਇਮਾਨਦਾਰੀ ਅਤੇ ਵਫ਼ਾਦਾਰੀ ਨਾਲ ਇਹ ਸੇਵਾ ਨਿਭਾਅ ਰਿਹਾ ਹੈ । ਇਹ ਵਿਸ਼ਵਾਸ ਕੀਤਾ ਜਾ ਸਕਦਾ ਹੈ ਕਿ ਭਵਿਖ ਵਿਚ ਵੀ ਉਹ ਇਹ ਸੇਵਾ ਤਨ ਮਨ ਨਾਲ ਨਿਭਾਏਗਾ ।

ਚੌਥਾ ਪ੍ਰਸ਼ਨ : ਕੀ ਦਰਬਾਰ ਸਾਹਿਬ ਦੀ ਸੇਵਾ ਸਰਕਾਰ ਦੀ ਮਦਦ ਬਗ਼ੈਰ ਅਮਨ ਸ਼ਾਂਤੀ ਨਾਲ ਨਿਭਾਈ ਜਾ ਸਕਦੀ ਹੈ ਜਾਂ ਨਹੀਂ ? ਜੇਕਰ ਨਿਭਾਈ ਜਾ ਸਕਦੀ ਹੈ ਤਾਂ ਕਿਵੇਂ ? ਜੇਕਰ ਨਹੀਂ ਨਿਭਾਈ ਜਾ ਸਕਦੀ ਤਾਂ ਇਸਦੇ ਕੀ ਕਾਰਨ ਹਨ ?

ਉੱਤਰ : ਸਾਡੇ ਵਿਚਾਰ ਵਿਚ ਇਹ ਸਰਕਾਰੀ ਤੌਰ ਤੇ ਨਿਯੁਕਤ ਕੀਤੇ ਸਰਬਰਾਹ ਦੀ ਮਦਦ ਬਗ਼ੈਰ ਨਹੀਂ ਨਿਭਾਈ ਜਾ ਸਕਦੀ ਕਿਉਂਕਿ ਸਰਬਰਾਹ ਤੋਂ ਬਿਨਾਂ ਪੁਜਾਰੀਆਂ ਅਤੇ ਰਬਾਬੀਆਂ ਆਦਿ ਦੇ ਝਗੜੇ ਪੈਦਾ ਹੋ ਜਾਂਦੇ ਹਨ । ਪਹਿਲੀ ਗੱਲ ਤਾਂ ਇਹ ਹੈ ਕਿ ਨਿਗਰਾਨ ਦੀ ਗ਼ੈਰ ਹਾਜ਼ਰੀ ਵਿਚ ਪੂਜਾ ਭੇਟਾਵਾਂ ਵਿਚ ਬੇਨਿਯਮੀਆਂ ਹੋ ਸਕਦੀਆਂ ਹਨ । ਅਦਾਇਗੀ ਵੇਲੇ ਮੁੱਖ ਮਨੇਜਰ ਦੀ ਗ਼ੈਰ ਹਾਜ਼ਰੀ ਵਿਚ ਪੈਸੇ ਦੀ ਵੰਡ ਅਸੰਭਵ ਹੈ । ਇਸ ਤੋਂ ਇਲਾਵਾ ਦਰਬਾਰ ਸਾਹਿਬ ਦਾ ਸ਼ਾਂਤੀ ਪੂਰਵਕ ਪ੍ਰਬੰਧ ਅਤੇ ਸਰਕਾਰ ਦੀ ਚੰਗੀ ਸ਼ਾਖ਼ ਇਕ ਦੂਸਰੇ ਨਾਲ ਬਹੁਤ ਨੇੜੇ ਤੋਂ ਸੰਬੰਧਿਤ ਹਨ । ਸਰਬਰਾਹ ਹੁਣ ਅਤੇ ਅੱਗੇ ਭਵਿਖ ਵਿਚ ਕਿਸੇ ਵੀ ਉਠਾਏ ਗਏ ਧਾਰਮਿਕ ਪ੍ਰਸ਼ਨ ਨਾਲ ਕਿਸੇ ਕਿਸਮ ਦਾ ਕੋਈ ਸੰਬੰਧ ਨਹੀਂ ਰੱਖੇਗਾ । ਇਹ ਵਾਜਬ ਜਾਪਦਾ ਹੈ ਕਿ ਕੋਈ ਨਾ ਕੋਈ ਜ਼ੁੰਮੇਵਾਰ ਅਫ਼ਸਰ ਚਾਹੀਦਾ ਹੈ ਜੋ ਵਿਸ਼ੇਸ਼ ਕਾਰਜਾਂ ਦੀ ਦੇਖ-ਰੇਖ ਕਰ ਸਕੇ , ਗ਼ਲਤ ਅਨਸਰਾਂ ਉੱਤੇ ਨਿਗਾਹ ਰੱਖ ਸਕੇ , ਆਮ ਸ਼ਾਂਤੀ ਬਣਾ ਸਕੇ ਅਤੇ ਝਗੜਿਆਂ ਨੂੰ ਟਾਲ ਸਕੇ ਅਤੇ ਤਨਖ਼ਾਹਾਂ ਆਦਿ ਆਪਣੀ ਹਾਜ਼ਰੀ ਵਿਚ ਵੰਡ ਸਕੇ । ਇਸ ਗੱਲ ਦੀ ਲੋੜ ਹੋਵੇਗੀ ਕਿ ਇਕ ਖਰੇ ਸਤਿਕਾਰਯੋਗ ਅਤੇ ਨਿਰਪੱਖ ਸਿੱਖ ਜਾਂ ਹਿੰਦੂ ਨੂੰ ਇਹ ਜ਼ੁੰਮੇਵਾਰੀ ਨਿਭਾਉਣੀ ਚਾਹੀਦੀ ਹੈ । ਮੌਜੂਦਾ ਸਮੇਂ ਵਿਚ ਸਰਦਾਰ ਜੋਧ ਸਿੰਘ ਵਾਧੂ ਸਹਾਇਕ ਕਮਿਸ਼ਨਰ ਵਿਚ ਇਹ ਗੁਣ ਮੌਜੂਦ ਹਨ ਅਤੇ ਇਹ ਸਾਰੇ ਪ੍ਰਬੰਧ ਨੂੰ ਬਾਖ਼ੂਬੀ ਨਿਭਾ ਰਿਹਾ ਹੈ । ਇਸ ਤੋਂ ਪਿੱਛੋਂ ਸਰਕਾਰ ਅਜਿਹਾ ਹੀ ਕੋਈ ਯੋਗ ਵਿਅਕਤੀ ਨਿਯੁਕਤ ਕਰ ਸਕਦੀ ਹੈ ।

          ਉਪਰੋਕਤ ਫ਼ੈਸਲੇ ਤੋਂ ਇਲਾਵਾ ( ਸਰਕੂਲਰ ਨੰਬਰ 42 , ਮਿਤੀ 8 ਅਪ੍ਰੈਲ 1859 ਜੂਡੀਸ਼ੀਅਲ ਕਮਿਸ਼ਨਰ ) ਇਕ ਆਮ ਚੇਤਾਵਨੀ ਸਾਰੇ ਪੁਜਾਰੀਆਂ , ਰਾਗੀਆਂ , ਰਬਾਬੀਆਂ ਆਦਿ ਜੋ ਵੀ ਦਰਬਾਰ ਸਾਹਿਬ ਨਾਲ ਸੰਬੰਧਿਤ ਹਨ ਨੂੰ ਦਿੱਤੀ ਗਈ ਹੈ ਜਿਸ ਨਾਲ ਸੰਬੰਧਿਤ ਕਰਮਚਾਰੀ ਪਰੰਪਰਾ ਨਾਲ ਜੁੜੇ ਸਾਰੇ ਸਤਿਕਾਰ ਨੂੰ ਕਾਇਮ ਰੱਖਣ; ਉਹਨਾਂ ਵਿਚੋਂ ਕਿਸੇ ਨੂੰ ਵੀ ਦਰਬਾਰ ਸਾਹਿਬ ਵਿਚ ਸ਼ਰਾਬ ਪੀ ਕੇ ਨਹੀਂ ਜਾਣਾ ਚਾਹੀਦਾ ਅਤੇ ਇਹਨਾਂ ਨੂੰ ਭੇਟਾਵਾਂ ਵਿਚ ਕਿਸੇ ਕਿਸਮ ਦੀ ਵੀ ਹੇਰਾ ਫੇਰੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਸੇ ਕਰਕੇ ਇਹਨਾਂ ਨੂੰ ਤਨਖ਼ਾਹ ਮਿਲਣੀ ਹੈ । ਸਰਕੂਲਰ ( ਪੱਤਰ ) ਦੇ ਮੁਤਾਬਿਕ ਜੇ ਕਿਸੇ ਵੀ ਕਿਸਮ ਦੀ ਚਰਿਤ੍ਰਹੀਨਤਾ ਕਿਸੇ ਵਿਚ ਪਾਈ ਜਾਂਦੀ ਹੈ ਤਾਂ ਗੁਨਾਹਗਾਰ ਨੂੰ ਭੇਟਾਵਾਂ ਵਿਚੋਂ ਆਪਣਾ ਹਿੱਸਾ ਪ੍ਰਾਪਤ ਨਹੀਂ ਹੋਵੇਗਾ ।

          ਦਰਬਾਰ ਵਿਚ ਭੇਟਾਵਾਂ ਦੀ ਰਾਖੀ ਕਰਨ ਲਈ ਪੁਰਾਣੀ ਪਰੰਪਰਾ ਅਨੁਸਾਰ 6 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਇਕ ਸੇਵਾਦਾਰ ਨਿਯੁਕਤ ਕੀਤਾ ਜਾਂਦਾ ਰਹੇਗਾ ਜਿਸ ਨੂੰ ਹਰ ਛੇ ਮਹੀਨਿਆਂ ਪਿੱਛੋਂ ਤਬਦੀਲ ਕਰ ਦਿੱਤਾ ਜਾਵੇਗਾ ।

          12 ਸਤੰਬਰ 1859 ਨੂੰ ਫ਼ਰੈਡਰਿਕ ਕੂਪਰ ਡਿਪਟੀ ਕਮਿਸ਼ਨਰ ਅਤੇ ਬਾਕੀ ਮੁਖੀਆਂ , ਸ਼ਹਿਰੀਆਂ ਅਤੇ ਅਕਾਲ ਬੁੰਗਾ , ਸ਼ਹੀਦ ਬੁੰਗਾ ਅਤੇ ਝੰਡਾ ਬੁੰਗੇ ਦੇ ਪੁਜਾਰੀਆਂ ਦੇ ਦਸਤਖ਼ਤ ਕੀਤੇ ਗਏ ।

          1920 ਵਿਚ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਮ੍ਰਿਤਸਰ ਵਿਖੇ ਸਥਿਤ ਹਰਿਮੰਦਰ , ਅਕਾਲ ਤਖ਼ਤ ਅਤੇ ਬਾਬਾ ਅਟਲ ਦਾ ਪ੍ਰਬੰਧ ਸੰਭਾਲ ਲੈਣ ਉਪਰੰਤ ਸਰਦਾਰ ਸੁੰਦਰ ਸਿੰਘ ਰਾਮਗੜ੍ਹੀਆ ਦੀ ਪ੍ਰਧਾਨਗੀ ਅਧੀਨ ਗੁਰਦੁਆਰਿਆਂ ਦੇ ਪ੍ਰਬੰਧ ਲਈ ਇਕ ਸਥਾਨਿਕ ਕਮੇਟੀ ਗਠਿਤ ਕੀਤੀ ਗਈ ਸੀ । 1925 ਵਿਚ ਗੁਰਦੁਆਰਾ ਵਿਧਾਨ ‘ ਸਟੈਚੂਟ ਬੁੱਕ` ( ਨਿਯਮਾਂ ਦੀ ਪੁਸਤਕ ) ਵਿਚ ਦਰਜ ਹੋਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਵੇਂ ਕਿ ਇਹ ਅੰਮ੍ਰਿਤਸਰ ਦੇ ਧਰਮ ਅਸਥਾਨਾਂ , ਤਰਨ ਤਾਰਨ ਅਤੇ ਅਨੰਦਪੁਰ ਸਾਹਿਬ ਦਾ ਪ੍ਰਬੰਧ ਕਰਦੀ ਸੀ ਹਰਿਮੰਦਰ ਸਾਹਿਬ ਦਾ ਵੀ ਖ਼ੁਦ ਪ੍ਰਬੰਧ ਕਰਨ ਵਾਲੀ ਕਮੇਟੀ ਬਣ ਗਈ । ਕਮੇਟੀ ਦੇ ਸਕੱਤਰ ਨੇ ਗੁਰਦੁਆਰਿਆਂ ਦੇ ਮਨੇਜਰ ਦੇ ਰੂਪ ਵਿਚ ਉਹਨਾਂ ਦੇ ਆਮ ਪ੍ਰਸ਼ਾਸਨ , ਇਮਾਰਤਾਂ , ਲੇਖੇ-ਜੋਖੇ ਦੀ ਜ਼ੁੰਮੇਵਾਰੀ ਸੰਭਾਲ ਲਈ ਪਰੰਤੂ ਧਾਰਮਿਕ ਅਤੇ ਰਹੁ ਰੀਤਾਂ ਨਾਲ ਸੰਬੰਧਿਤ ਹਰਿਮੰਦਰ ਸਾਹਿਬ ਦੇ ਅੰਦਰ ਦਾ ਕੰਮ ਗ੍ਰੰਥੀਆਂ , ਰਾਗੀਆਂ ਅਤੇ ਸੇਵਾਦਾਰਾਂ ਦੇ ਹੱਥ ਵਿਚ ਹੀ ਰਿਹਾ । ਇਹਨਾਂ ਸਭ ਦਾ ਮੁਖੀ ਹੈਡ ਗ੍ਰੰਥੀ ਹੈ ਜੋ ਇਕ ਬਹੁਤ ਹੀ ਸਨਮਾਨ ਯੋਗ ਸ਼ਖ਼ਸੀਅਤ ਹੁੰਦੇ ਹਨ ਅਤੇ ਇਹਨਾਂ ਦਾ ਦਰਜਾ ਮਹੱਤਵ ਪੱਖੋਂ ਜੇ ਬਰਾਬਰ ਨਹੀਂ ਤਾਂ ਜਥੇਦਾਰ ਅਕਾਲ ਤਖ਼ਤ ਤੋਂ ਦੂਜੇ ਨੰਬਰ ਤੇ ਹੁੰਦਾ ਹੈ ।                    

          ਗੁਰਦੁਆਰਾ ਸੰਵਿਧਾਨ ਦੀ ਲਿਖਤੀ ਕਾਨੂੰਨ ਐਕਟ 1925 ਨੂੰ ਪ੍ਰਵਾਨ ਕਰਨ ਉਪਰੰਤ ਇਹ 40ਵਿਆਂ ਤਕ ਲਾਗੂ ਰਿਹਾ । ਇਹਨਾਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਕਿ ਗੁਰਦੁਆਰਿਆਂ ਨਾਲ ਕਾਫ਼ੀ ਜਾਇਦਾਦਾਂ , ਜਗੀਰਾਂ ਅਤੇ ਜ਼ਮੀਨਾਂ ਲੱਗੀਆਂ ਹੋਈਆਂ ਹਨ ਇਕ ਵਿਸ਼ੇਸ਼ ਕਾਨੂੰਨ ਪਾਸ ਕਰਨਾ ਪਿਆ । ਨਵੇਂ ਮਾਲਕਾਂ ਨੂੰ ਕਾਨੂੰਨੀ ਅਧਿਕਾਰ ਦੇਣ ਲਈ ਰਾਜ ਦੇ ਨਿਯਮਾਂ ਵਿਚ ਵਿਧਾਨਿਕ ਤੌਰ ਤੇ ਕਾਨੂੰਨੀ ਵਿਧਾਨ ਬਣਾਉਣੇ ਜ਼ਰੂਰੀ ਸਨ । ਇਸ ਲਈ ਵਿਧਾਨਿਕ ਪੁਸਤਕ ਵਿਚ ਆ ਚੁੱਕੇ ਕਾਨੂੰਨਾਂ ਵਿਚ ਸਮੇਂ-ਸਮੇਂ ਸੋਧਾਂ ਕੀਤੀਆਂ ਗਈਆਂ ਸਨ । 1944 ਵਿਚ , ਇਕ ਸੋਧ ਪੇਸ਼ ਕੀਤੀ ਗਈ ਅਤੇ ਸਿੱਖ ਪਛੜੀਆਂ ਸ਼੍ਰੇਣੀਆਂ ਨੂੰ ਨੁਮਾਇੰਦਗੀ ਦੇਣ ਲਈ ਸੰਵਿਧਾਨਿਕ ਤੌਰ ਤੇ 12 ਸੀਟਾਂ ਰਾਖਵੀਆਂ ਰੱਖੀਆਂ ਗਈਆਂ ਸਨ । ਸ਼ਕਤੀ ਨੂੰ ਸਭ ਤੋਂ ਵਧ ਕੇਂਦਰਿਤ ਕਰਨ ਲਈ ਇਕ ਹੋਰ ਸੋਧ ਕੀਤੀ ਗਈ ਅਤੇ ਇਸ ਅਨੁਸਾਰ ਸਿੱਖ ਵਿੱਦਿਅਕ ਅਤੇ ਮਿਸ਼ਨਰੀ ਸਰਗਰਮੀਆਂ ਲਈ ਫੰਡਾਂ ਦੀ ਵਰਤੋਂ ਕਰਨ ਤੋਂ ਪਾਬੰਦੀਆਂ ਹਟਾ ਲਈਆਂ ਗਈਆਂ ਸਨ । ਇਸ ਤਰ੍ਹਾਂ ਕਰਨ ਨਾਲ ਹਰ ਬਾਲਿਗ ਸਿੱਖ , ਪੁਰਸ਼ ਅਤੇ ਇਸਤਰੀ ਨੂੰ ਵੋਟ ਪਾਉਣ ਦਾ ਹੱਕ ਸੀ ਪਰ ਧਾਰਮਿਕ ਮਰਯਾਦਾ ਨੂੰ ਲਾਗੂ ਕਰਨ ਲਈ ਕੁਝ ਸ਼ਰਤਾਂ ਨਿਰਧਾਰਿਤ ਕਰ ਦਿੱਤੀਆਂ ਗਈਆਂ ਸਨ । ਇਹਨਾਂ ਵਿਚੋਂ ਜ਼ਿਆਦਾਤਰ ਸੋਧਾਂ ਅੱਗੇ ਲਿਆਉਣ ਵਾਲੇ ਗਿਆਨੀ ਕਰਤਾਰ ਸਿੰਘ ਸਨ ਜੋ ਉਸ ਸਮੇਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਸਨ । 1956 ਵਿਚ , ਪਟਿਆਲਾ ਰਿਆਸਤ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨ ਦੇ ਇਕੱਠਾ ਹੋਣ ਨਾਲ ਕੁਝ ਹੋਰ ਤਰਮੀਮਾਂ ਦੀ ਲੋੜ ਮਹਿਸੂਸ ਕੀਤੀ ਗਈ । ਇਨ੍ਹਾਂ ਤਰਮੀਮਾਂ ਰਾਹੀਂ ਸ਼੍ਰੋਮਣੀ ਕਮੇਟੀ ਦੀ ਹੱਦ ਸਾਰੇ ਪੰਜਾਬ ਪ੍ਰਾਂਤ ਤਕ ਵਧਾ ਦਿੱਤੀ ਗਈ ਜਿਸ ਵਿਚ ਰਾਜਿਆਂ ਦੁਆਰਾ ਸ਼ਾਸਿਤ ਰਾਜ ਜਾਂ ਇਲਾਕੇ ਵੀ ਸ਼ਾਮਲ ਸਨ ।


ਲੇਖਕ : ਆਈ.ਜੇ.ਕੇ ਅਤੇ ਅਨੁ.: ਗ.ਨ.ਸ,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3706, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.