ਸ਼ਾਹ ਮੁਹੰਮਦ ਅਤੇ ਉਸ ਦਾ ਯੁੱਗ ਸਰੋਤ : ਸ਼ਾਹ ਮੁਹੰਮਦ ਜੀਵਨ ਤੇ ਰਚਨਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਤਕਰਾ

ਸ਼ਾਹ ਮੁਹੰਮਦ ਅਤੇ ਉਸ ਦਾ ਯੁੱਗ

ਸ਼ਾਹ ਮੁਹੰਮਦ ਦੀ ਇਤਿਹਾਸਿਕ ਚੇਤਨਾ

ਸ਼ਾਹ ਮੁਹੰਮਦ ਦੀ ਸਿਆਸੀ ਚੇਤਨਾ

ਸ਼ਾਹ ਮੁਹੰਮਦ ਦੀ ਸਭਿਆਚਾਰਕ ਚੇਤਨਾ

ਜੰਗਨਾਮਾ ਸ਼ਾਹ ਮੁਹੰਮਦ-ਸਾਹਿਤਿਕ ਪਰਿਪੇਖ

ਜੰਗਨਾਮਾ ਸ਼ਾਹ ਮੁਹੰਮਦ-ਵਿਧਾ ਦੀ ਸਮੱਸਿਆ

ਸ਼ਾਹ ਮੁਹੰਮਦ ਦਾ ਪੰਜਾਬੀ ਜੰਗਨਾਮਾ ਸਾਹਿਤ ਵਿਚ ਸਥਾਨ

ਮੂਲ-ਪਾਠ

ਸਹਾਇਕ ਪੁਸਤਕ-ਸੂਚੀ

ਸ਼ਾਹ ਮੁਹੰਮਦ ਅਤੇ ਉਸ ਦਾ ਯੁੱਗ

ਇਸ ਕਾਲ (ਯੁੱਗ) ਵਿਚ ਲੋਕ ਹਿਤ ਵਿਚਾਰਧਾਰਕ ਪੈਂਤੜੇ ਦੀ ਕੋਈ ਉੱਚ-ਪੱਧਰੀ ਰਚਨਾ ਪ੍ਰਾਪਤ ਨਹੀਂ ਹੁੰਦੀ। ਕੇਵਲ ਸ਼ਾਹ ਮੁਹੰਮਦ ਹੀ ਅਜਿਹਾ ਇਕੋ ਇਕ ਕਵੀ ਹੈ ਜਿਹੜਾ ਇਤਿਹਾਸ ਅਤੇ ਲੋਕ-ਹਿਤ ਦੇ ਦ੍ਰਿਸ਼ਟੀਕੋਣ ਤੋਂ ਇਸ ਕਾਲ ਦੇ ਦੁਖਾਂਤ ਨੂੰ ਪੇਸ਼ ਕਰ ਸਕਿਆ ਹੈ।

-ਡਾ. ਰਵਿੰਦਰ ਸਿੰਘ ਰਵੀ, ਅਮਰੀਕਾ ਦੀ ਨਵੀਨ ਆਲੋਚਨਾ ਪ੍ਰਣਾਲੀ

ਯੁੱਗ ਕਵੀ ਸ਼ਾਹ ਮੁਹੰਮਦ ਦੇ ਜਨਮ ਬਾਰੇ ਵੱਖ-ਵੱਖ ਵਿਦਵਾਨਾਂ ਦੀਆਂ ਵਿਕੋਲਿਤਰੀਆਂ ਰਾਵਾਂ ਹਨ। ਸ਼ਾਹ ਮੁਹੰਮਦ ਦੁਆਰਾ ਲਿਖੇ ਗਏ ਜੰਗਨਾਮੇ ਦੇ ਮੁੱਢਲੇ ਸੰਸਕਰਨਾਂ ਅਤੇ ਪੰਜਾਬੀ ਸਾਹਿਤ ਸੰਬੰਧੀ ਇਤਿਹਾਸਿਕ ਜਾਣਕਾਰੀ ਦੇਣ ਵਾਲੀਆਂ ਆਰੰਭਿਕ ਰਚਨਾਵਾਂ ਵਿਚ ਉਸ ਨੂੰ ਵਟਾਲਾ (ਜ਼ਿਲ੍ਹਾ ਗੁਰਦਾਸਪੁਰ) ਦਾ ਵਸਨੀਕ ਮੰਨਿਆ ਗਿਆ ਹੈ। ਉਦਾਹਰਨ ਦੇ ਤੌਰ’ਤੇ “ਭਾਸ਼ਾ ਵਿਭਾਗ ਪਟਿਆਲਾ ਦੀ ਰੈਫ਼ਰੈਂਸ ਲਾਇਬਰੇਰੀ ਵਿਚ ਪਈ ਪੁਸਤਕ ਨੰਬਰ 181 “ਬੈਂਤਾਂ ਸ਼ਾਹ ਮੁਹੰਮਦ ਇਸ ਦੀ ਸਭ ਤੋਂ ਪੁਰਾਣੀ ਹੱਥ ਲਿਖਤ ਹੈ। ਇਸ ਵਿਚ ‘ਵਡਾਲਾ’ ਦੀ ਥਾਂ ‘ਵਟਾਲਾ’ ਸ਼ਬਦ ਹੀ ਲਿਖਿਆ ਗਿਆ ਹੈ।”1 ਸ੍ਰ. ਨਿਹਾਲ ਸਿੰਘ ‘ਰਸ ’ ਨੇ ਆਪਣੀ ਪੁਸਤਕ ਪੰਜਾਬੀ ਸਾਹਿਤ ਦਾ ਵਿਕਾਸ2 ਵਿਚ ਸ਼ਾਹ ਮੁਹੰਮਦ ਨੂੰ ਵਟਾਲਾ ਜ਼ਿਲ੍ਹਾ ਗੁਰਦਾਸਪੁਰ ਦਾ ਵਸਨੀਕ ਕਿਹਾ ਹੈ। ਡਾ. ਸੁਰਿੰਦਰ ਸਿੰਘ ਕੋਹਲੀ ਨੇ ਵੀ ਪੰਜਾਬੀ ਸਾਹਿਤ ਦਾ ਇਤਿਹਾਸ, ਪੁਸਤਕ ਵਿਚ ਲਿਖਿਆ ਹੈ ਕਿ, “ਸ਼ਾਹ ਮੁਹੰਮਦ... ਵਡਾਲਾ ਵੀਰਮ ਜ਼ਿਲ੍ਹਾ ਅੰਮ੍ਰਿਤਸਰ ਵਿਚ ਜਨਮੇ (ਪਰ) ਕਈ ਲੋਕਾਂ ਦਾ ਖ਼ਿਆਲ ਹੈ ਕਿ ਉਹ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਸਨ।”3 ਇਸੇ ਤਰ੍ਹਾਂ ਹੀ ਸੰਤ ਸਿੰਘ ਸੇਖੋਂ ਦੇ ਵਿਚਾਰ ਵੀ ਭੁਲੇਖਾਪਾਊ ਹਨ। ਉਹ ਆਪਣੀ ਪੁਸਤਕ ਪੰਜਾਬੀ ਸਾਹਿਤ ਦਾ ਇਤਿਹਾਸ ਵਿਚ ਮੁਨਸ਼ੀ ਮੌਲਾ ਬਖ਼ਸ਼ ਕੁਸ਼ਤਾ ਦੇ ਹਵਾਲੇ ਨਾਲ ਲਿਖਦੇ ਹਨ ਕਿ, “ਮੁਨਸ਼ੀ ਮੌਲਾ ਬਖ਼ਸ਼ ਕੁਸ਼ਤਾ ਦੇ ਲਿਖਣ ਅਨੁਸਾਰ ਸ਼ਾਹ ਮੁਹੰਮਦ ਦੀ ਜਨਮ ਭੂਮੀ ਵਡਾਲਾ ਵੀਰਮ (ਜ਼ਿਲ੍ਹਾ ਅੰਮ੍ਰਿਤਸਰ) ਸੀ ਪਰ ਆਮ ਲੋਕਾਂ ਦੇ ਖ਼ਿਆਲ ਵਿਚ ਆਪ ਵਟਾਲੇ ਦੇ ਵਸਨੀਕ ਸਨ।”4 ਪ੍ਰਿੰਸੀਪਲ ਤੇਜਾ ਸਿੰਘ ਨੇ ਆਪਣੀ ਪ੍ਰਸਿੱਧ ਪੁਸਤਕ ਸਾਹਿਤ ਦਰਸ਼ਨ5 ਵਿਚ ਸ਼ਾਹ ਮੁਹੰਮਦ ਨੂੰ ਬਟਾਲੇ ਦਾ ਇਕ ਇਤਿਹਾਸਿਕ ਕਵੀ ਮੰਨਿਆ ਹੈ। ਇਸ ਤੋਂ ਇਲਾਵਾ ਸ੍ਰ. ਜੇ. ਐਸ. ਸੰਤ ਸਿੰਘ ਨੇ ਇਸ ਜੰਗਨਾਮੇ ਸਬੰਧੀ ਆਪਣੇ ਇਕ ਜਰਨਲਿਸਟ ਮਿੱਤਰ ਕੋਲੋਂ ਸ਼ਾਹ ਮੁਹੰਮਦ ਦਾ ਹਾਲ ਲਿਖਵਾਇਆ ਹੈ, ਜੋ ਠੀਕ ਨਹੀਂ ਹੈ। ਉਹ ਲਿਖਦੇ ਹਨ ਕਿ “ਸ਼ਾਹ ਮੁਹੰਮਦ ਵਟਾਲੇ ਦਾ ਸੀ (ਪਰ) ਠੀਕ ਇਹ ਹੈ ਕਿ ਸ਼ਾਹ ਮੁਹੰਮਦ ਵਡਾਲੇ ਦਾ ਸੀ ਤੇ ਵਟਾਲੇ ਉਨ੍ਹਾਂ ਦਾ ਆਉਣ ਜਾਣ ਸੀ।”6 ਬਾਵਾ ਬੁੱਧ ਸਿੰਘ ਨੇ ਆਪਣੀ ਪੁਸਤਕ ਬੰਬੀਹਾ ਬੋਲ 7 ਵਿਚ ਸ਼ਾਹ ਮੁਹੰਮਦ ਨੂੰ ਬਟਾਲੇ ਦਾ ਵਸਨੀਕ ਕਿਹਾ ਹੈ। ਇਸ ਗੱਲ ਦੀ ਪੁਸ਼ਟੀ ਸ਼ਾਹ ਮੁਹੰਮਦ ਦੇ ਜੰਗਨਾਮੇ ਵਿਚਲੀਆਂ ਹੇਠ ਲਿਖੀਆਂ ਸਤਰਾਂ ਤੋਂ ਹੋ ਜਾਂਦੀ ਹੈ  :

ਰੋਜ਼ ਬਟਾਲੇ ਦੇ ਵਿਚ ਬੈਠੇ।

ਲੀ ਆਣ ਫਰੰਗੀ ਦੀ ਬਾਤ ਆਹੀ।

ਾਨੂੰ ਆਖਿਆ ਹੀਰੇ ਤੇ ਹੋਰ ਯਾਰਾਂ,

                 ਜਿਨ੍ਹਾਂ ਨਾਲ ਸਾਡੀ ਮੁਲਾਕਾਤ ਆਹੀ। 3।8

ਉਪਰੋਕਤ ਦੇ ਬਾਵਜੂਦ ਮੌਲਾ ਬਖ਼ਸ਼ ਕੁਸ਼ਤਾ ਨੇ ਆਪਣੀ ਖੋਜ ਆਧਾਰਿਤ ਪ੍ਰਸਿੱਧ ਪੁਸਤਕ ਪੰਜਾਬ ਦੇ ਹੀਰੇ9 ਵਿਚ ਬਟਾਲਾ ਨੂੰ ਵਡਾਲਾ ਵੀਰਮ (ਜ਼ਿਲ੍ਹਾ ਅੰਮ੍ਰਿਤਸਰ) ਪਿੰਡ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ। ਡਾ. ਰਤਨ ਸਿੰਘ ਜੱਗੀ ਮੌਲਾ ਬਖ਼ਸ਼ ਕੁਸ਼ਤਾ ਨਾਲ ਸਹਿਮਤ ਹੁੰਦੇ ਹੋਏ ਲਿਖਦੇ ਹਨ ਕਿ “ਕੁਸ਼ਤਾ ਆਪ ਵੀ ਇਸੇ ਪਿੰਡ ਦਾ ਵਸਨੀਕ ਸੀ। ਹੋ ਸਕਦਾ ਹੈ ਕਿ ਉਥੇ ਸ਼ਾਹ ਮੁਹੰਮਦ ਸੰਬੰਧੀ ਇਸ ਪ੍ਰਕਾਰ ਦੀ ਕੋਈ ਮੌਖਿਕ ਪਰੰਪਰਾ ਹੋਵੇ ਜਾਂ ਲੇਖਕ ਨੇ ਮੋਹ ਵੱਸ ਸ਼ਾਹ ਮੁਹੰਮਦ ਨੂੰ ਆਪਣੇ ਪਿੰਡ ਨਾਲ ਸੰਬੰਧਿਤ ਕਰ ਕੇ ਪਿੰਡ ਦਾ ਗੌਰਵ ਵਧਾਉਣਾ ਚਾਹਿਆ ਹੋਵੇ।”10 ਪ੍ਰਸਿੱਧ ਇਤਿਹਾਸਕਾਰ ਸੀਤਾ ਰਾਮ ਕੋਹਲੀ11 ਨੇ ਵੀ ਸ਼ਾਹ ਮੁਹੰਮਦ ਦੀ ਜਨਮ-ਭੂਮੀ ਵਡਾਲਾ ਵੀਰਮ ਹੀ ਲਿਖੀ ਹੈ।

ਡਾ. ਗੰਡਾ ਸਿੰਘ, ਮੌਲਾ ਬਖ਼ਸ਼ ਕੁਸ਼ਤਾ ਦੀ ਖੋਜ ਨੂੰ ਸਹੀ ਦਰਸਾਉਂਦੇ ਹੋਏ ਸ਼ਾਹ ਮੁਹੰਮਦ ਦਾ ਜਨਮ ਸਥਾਨ ਵਡਾਲਾ ਵੀਰਮ (ਜ਼ਿਲ੍ਹਾ ਅੰਮ੍ਰਿਤਸਰ) ਹੀ ਮੰਨਦੇ ਹਨ। ਇਸ ਸੰਬੰਧ ਵਿਚ ਆਪਣਾ ਤਰਕ ਪੇਸ਼ ਕਰਦੇ ਹੋਏ ਉਹ ਲਿਖਦੇ ਹਨ :

ਆਮ ਕਿੱਸਿਆਂ ਵਿਚ ‘ਵਟਾਲਾ’ ਲਿਖਿਆ ਹੋਇਆ ਹੈ, ਪਰ ਸਰਦਾਰ ਗੁਰਬਖ਼ਸ਼ ਸਿੰਘ ਸ਼ਮਸ਼ੇਰ ਝਬਾਲੀਏ ਪਾਸੋਂ ਪ੍ਰਾਪਤ ਹੋਏ ਲਿਖਤ ਕਿੱਸੇ ਵਿਚ ਵਡਾਲਾ ਲਿਖਿਆ ਹੋਇਆ ਹੈ। ਮੀਆਂ ਮੌਲਾ ਬਖ਼ਸ਼ ਕੁਸ਼ਤਾ ਨੇ ਆਪਣੀ ਪੁਸਤਕ ਪੰਜਾਬ ਦੇ ਹੀਰੇ ਵਿਚ ਵਡਾਲੇ ਦੀ ਹੀ ਪੁਸ਼ਟੀ ਕੀਤੀ ਹੈ, ਜਿਥੇ ਆਪ ਲਿਖਦੇ ਹਨ ਕਿ ਕਵੀ ਸ਼ਾਹ ਮੁਹੰਮਦ ਵਡਾਲਾ, ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ, ਵਟਾਲਾ (ਬਟਾਲਾ) ਜ਼ਿਲ੍ਹਾ ਗੁਰਦਾਸਪੁਰ ਦਾ ਨਹੀਂ।12 

ਇਸ ਤੋਂ ਇਲਾਵਾ ਪਿਆਰਾ ਸਿੰਘ ਪਦਮ ਵੀ ਮੌਲਾ ਬਖ਼ਸ਼ ਕੁਸ਼ਤਾ ਦੀ ਖੋਜ ਨੂੰ ਹੀ ਆਧਾਰ ਬਣਾਉਂਦੇ ਹਨ। ਉਹਨਾਂ ਅਨੁਸਾਰ, “ਸ਼ਾਹ ਮੁਹੰਮਦ ਦਾ ਜਨਮ ਸੱਯਦ ਘਰਾਣੇ ਵਿਚ ਪਿੰਡ ਵਡਾਲਾ ਵੀਰਮ (ਡੇਰਾ ਬਾਬਾ ਨਾਨਕ ਦੇ ਲਾਗੇ) ਜ਼ਿਲ੍ਹਾ ਅੰਮ੍ਰਿਤਸਰ ਵਿਚ 1789 ਈ. ਵਿਚ ਹੋਇਆ ਤੇ ਦਿਹਾਂਤ 1862 (ਈ.) ਵਿਚ।”13 ਇਸ ਤਰ੍ਹਾਂ ਆਧੁਨਿਕ ਖੋਜਾਂ ਦੇ ਆਧਾਰ ਤੇ ਵੱਖ-ਵੱਖ ਵਿਦਵਾਨਾਂ ਨੇ ਵਡਾਲਾ ਵੀਰਮ (ਜ਼ਿਲ੍ਹਾ ਅੰਮ੍ਰਿਤਸਰ) ਨੂੰ ਹੀ ਕਵੀ ਦਾ ਜਨਮ ਸਥਾਨ ਮੰਨਿਆ ਹੈ। ਡਾ. ਅਜਮੇਰ ਸਿੰਘ ਨੇ ਜਦੋਂ ਇਸ ਪਿੰਡ ਵਿਚ ਜਾ ਕੇ ਸ਼ਾਹ ਮੁਹੰਮਦ ਸੰਬੰਧੀ ਪਤਾ ਕੀਤਾ ਤਾਂ ਉਹ ਹੇਠ ਲਿਖੇ ਸਿੱਟੇ ਤੇ ਪਹੁੰਚੇ :

ਵਡਾਲੇ ਪਿੰਡ ਦੇ ਚੜ੍ਹਦੇ ਵੱਲ ਭਾਗ ਮੱਲ ਦੀ ਖੂਹੀ ਕੋਲ ਸ਼ਾਹ ਮੁਹੰਮਦ ਦੀ ਕਬਰ ਹੁੰਦੀ ਸੀ। ਇਹ ਕਬਰ ਮਾਸਟਰ ਦਲੀਪ ਸਿੰਘ ਦੇ ਚਾਚੇ ਹੈੱਡਮਾਸਟਰ ਭਗਵਾਨ ਸਿੰਘ ਨੇ ਵੇਖੀ ਸੀ। ਭਾਗ ਮੱਲ ਦੀ ਖੂਹੀ ਕੱਤਕ 15, 1871 ਬਿ. (1814 ਈ.) ਵਿਚ ਲਾਈ ਗਈ ਸੀ। ਖੂਹੀ ਵਿਚ ਇਸ ਸੰਮਤ ਦਾ ਪੱਥਰ ਲੱਗਿਆ ਹੋਇਆ ਹੈ। ਕਬਰ ਤੋਂ 100 ਕੁ ਗਜ਼ ਦੀ ਦੂਰੀ ’ਤੇ ਸ਼ਾਹ ਮੁਹੰਮਦ ਦਾ ਘਰ ਸੀ। ਸ਼ਾਹ ਮੁਹੰਮਦ ਕਮਰਜ਼ਈ ਪੱਤੀ ’ਚੋਂ ਸੀ। ਪਿੰਡ ਦੀਆਂ ਅੱਠ ਪੱਤੀਆਂ ਵਿਚੋਂ ਅਫ਼ਗਾਨਾਂ ਦੀਆਂ ਚਾਰ ਪੱਤੀਆਂ ਸਨ। ਸ਼ਾਹ ਮੁਹੰਮਦ ਕੋਲ ਪਿੰਡ ਵਿਚ ਜ਼ਮੀਨ ਵੀ ਸੀ। ਸਰਕਾਰੀ ਰਿਕਾਰਡ ਵਿਚ ਇਸ ਖੂਹੀ ਦਾ ਜ਼ਿਕਰ ਵੀ ਆਉਂਦਾ ਹੈ। ਪਿੰਡ ਵਿਚ ਗੁਰਦੁਆਰਾ ਬਣਾਉਣ ਸਮੇਂ ਸ਼ਾਹ ਮੁਹੰਮਦ ਦੀ ਕਬਰ ਵਾਲਾ ਥਾਂ ਸਤਿਕਾਰ ਵਜੋਂ ਖਾਲੀ ਛੱਡ ਲਿਆ ਸੀ। ਵਡਾਲਾ ਵੀਰਮ ਦੇ ਸਕੂਲ ਦਾ ਨਾਂ ਸ਼ਾਹ ਮੁਹੰਮਦ ਦੇ ਨਾਂ’ਤੇ ਰੱਖਿਆ ਗਿਆ ਹੈ। ਸ਼ਾਹ ਮੁਹੰਮਦ ਦੀ ਸੰਤਾਨ 1947 (ਈ.) ਤੱਕ ਇਥੇ ਰਹਿੰਦੀ ਰਹੀ ਅਤੇ ਇਹ ਹਕੀਮੀ ਦਾ ਕੰਮ ਕਰਦੀ ਸੀ।14 

 ਸ਼ਾਹ ਮੁਹੰਮਦ ਦੀ ਜਨਮ ਮਿਤੀ ਬਾਰੇ ਵੀ ਕੋਈ ਬਹੁਤੀ ਜਾਣਕਾਰੀ ਉਪਲਬਧ ਨਹੀਂ ਹੈ। ਮੌਲਾ ਬਖ਼ਸ਼ ਕੁਸ਼ਤਾ ਨੇ ਆਪਣੀ ਪੁਸਤਕ ਪੰਜਾਬ ਦੇ ਹੀਰੇ 15 ਵਿਚ ਸ਼ਾਹ ਮੁਹੰਮਦ ਦਾ ਜਨਮ 1780-82 ਈ. ਵਿਚ ਲਿਖਿਆ ਹੋਇਆ ਹੈ ਪਰ ਆਪਣੀ ਇਕ ਹੋਰ ਪੁਸਤਕ ਪੰਜਾਬੀ ਸ਼ਾਇਰਾਂ ਦਾ ਤਜ਼ਕਰਾ 16 ਵਿਚ ਉਹ ਸ਼ਾਹ ਮੁਹੰਮਦ ਦਾ ਜਨਮ 1789 ਵਿਚ ਮੰਨਦੇ ਹਨ। ਸੰਤ ਸਿੰਘ ਸੇਖੋਂ ਨੇ ਵੀ ਸ਼ਾਹ ਮੁਹੰਮਦ ਦਾ ਜਨਮ 1780-82 ਈ. ਮੰਨਿਆ ਹੈ।17 ਪ੍ਰੋ. ਸੀਤਾ ਰਾਮ ਕੋਹਲੀ , ਮੌਲਾ ਬਖ਼ਸ਼ ਕੁਸ਼ਤਾ ਦੀ ਇਸ ਭੁਲੇਖਾ ਪਾਊ ਸਥਿਤੀ ਸੰਬੰਧੀ ਲਿਖਦੇ ਹਨ ਕਿ “ਕੁਸ਼ਤਾ ਸਾਹਿਬ ਦੀ ਖੋਜ ਅਨੁਸਾਰ ਵਿਸ਼ੇਸ਼ ਕਰਕੇ ਸ਼ਾਹ ਮੁਹੰਮਦ ਦੇ ਜਨਮ ਤੇ ਮਰਨ ਦੀਆਂ ਤਾਰੀਕਾਂ ਕਿਸੇ ਭਰੋਸੇਯੋਗ ਤੇ ਪੱਕੀ ਲਿਖਿਤ ਜਾਂ ਦਸਤਾਵੇਜ਼ਾਂ ਤੋਂ ਲਈਆਂ ਗਈਆਂ ਹਨ, ਅਸੀਂ ਯਕੀਨ ਨਾਲ ਇਹ ਹਾਮੀ ਨਹੀਂ ਭਰ ਸਕਦੇ ਕਿ ਇਹ ਤਾਰੀਖ਼ਾਂ (1780-1862 ਈ.) ਦਰੁਸਤ ਹਨ।”18 ਇਸ ਦੇ ਬਾਵਜੂਦ ਬਹੁਤ ਸਾਰੇ ਵਿਦਵਾਨ ਸ਼ਾਹ ਮੁਹੰਮਦ ਦੇ ਜੀਵਨ ਬਾਰੇ ਮੁਨਸ਼ੀ ਮੌਲਾ ਬਖ਼ਸ਼ ਕੁਸ਼ਤਾ ਦੀ ਖੋਜ ਨੂੰ ਹੀ ਆਧਾਰ ਬਣਾਉਂਦੇ ਹਨ। ਉਨ੍ਹਾਂ ਅਨੁਸਾਰ ਆਪ ਦਾ ਜਨਮ 1780-82 ਈ. ਅਤੇ ਦਿਹਾਂਤ 1862 ਈ. ਵਿਚ ਹੋਇਆ ਮੰਨਿਆ ਗਿਆ ਹੈ।

 ਉਪਰੋਕਤ ਚਰਚਾ ਤੋਂ ਸਿੱਧ ਹੁੰਦਾ ਹੈ ਕਿ ਸ਼ਾਹ ਮੁਹੰਮਦ ਦਾ ਜਨਮ 1780-82 ਈ. ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਵਡਾਲਾ ਵੀਰਮ ਵਿਖੇ ਹੋਇਆ। ਇਥੇ ਹੀ ਲੱਗਪਗ 1862 ਈ. ਵਿਚ ਆਪ ਦੀ ਮੌਤ ਹੋ ਗਈ। ਸ਼ਾਹ ਮੁਹੰਮਦ ਦੇ ਵੱਡੇ-ਵਡੇਰੇ ਕਾਜ਼ੀ ਤੇ ਕਾਰਦਾਰ ਸਨ ਅਤੇ ਉਸ ਦੇ ਰਿਸ਼ਤੇਦਾਰ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਵਿਚ ਉੱਚੀਆਂ ਪਦਵੀਆਂ’ਤੇ ਬਿਰਾਜਮਾਨ ਸਨ। ਇਹਨਾਂ ਵਿਚ ਪ੍ਰਮੁੱਖ ਸੁਲਤਾਨ ਮਹਿਮੂਦ ਸੀ ਜੋ ਮਹਾਰਾਜਾ ਸ਼ੇਰ ਸਿੰਘ ਦਾ ਤੋਪਚੀ ਸੀ ਅਤੇ ਉਹ ਸਿੱਖ ਫ਼ੌਜ ਦੀ ਅੰਗਰੇਜ਼ਾਂ ਵਿਰੁੱਧ ਹੋਈ ਪਹਿਲੀ ਜੰਗ ਵਿਚ ਵੀ ਲੜਿਆ ਸੀ। “ਅੰਗਰੇਜ਼ ਵੀ ਸੁਲਤਾਨ ਮਹਿਮੂਦ ਦੀ ਬਹਾਦਰੀ ਵੇਖ ਕੇ ਹੈਰਾਨ ਹੋ ਗਏ ਸਨ। ਸੁਲਤਾਨ ਮਹਿਮੂਦ ਦਾ ਪੁੱਤਰ ਸੁਲਤਾਨ ਅਹਿਮਦ ਕੁਮੇਦਾਨ ਸੀ। ਪਿਛੋਂ ਅੰਗਰੇਜ਼ਾਂ ਨੇ ਇਨ੍ਹਾਂ ਦੀ ਜਾਗੀਰ ਜ਼ਬਤ ਕਰ ਲਈ ਸੀ।”19 ਸ਼ਾਹ ਮੁਹੰਮਦ ਦਾ ਘਰਾਣਾ ਮੁਸਲਮਾਨ ਬਾਦਸ਼ਾਹਾਂ ਦੇ ਸਮੇਂ ਤੋਂ ਹੀ ਬੁੱਧੀਮਾਨ ਹੋਣ ਕਾਰਨ ਬਹੁਤ ਪ੍ਰਸਿੱਧ ਸੀ। ਸ਼ਾਹ ਮੁਹੰਮਦ ਦਾ ਬਟਾਲੇ ਵੀ ਕਾਫ਼ੀ ਆਉਣ-ਜਾਣ ਸੀ ਅਤੇ ਉਹ ਸਿੱਖ ਰਾਜ ਦੇ ਕਾਰਕੁਨਾਂ ਨਾਲ ਬੜੀ ਡ¨ਘੀ ਸਾਂਝ ਰੱਖਦਾ ਸੀ। ਇਹੋ ਕਾਰਨ ਹੈ ਕਿ ਜੰਗਨਾਮੇ ਵਿਚ ਬਿਆਨ ਕੀਤੀਆਂ ਗਈਆਂ ਵੱਖ-ਵੱਖ ਘਟਨਾਵਾਂ ਤੇ ਨਾਵਾਂ ਜਾਂ ਥਾਵਾਂ ਦੇ ਜ਼ਿਕਰ ਵੇਲੇ ਕੋਈ ਖ਼ਾਸ ਇਤਿਹਾਸਿਕ ਊਣਤਾਈ ਦ੍ਰਿਸ਼ਟੀਗੋਚਰ ਨਹੀਂ ਹੁੰਦੀ। ਸੰਤ ਸਿੰਘ ਸੇਖੋਂ20 ਅਨੁਸਾਰ ਵੀ ਸ਼ਾਹ ਮੁਹੰਮਦ ਦੇ ਕਈ ਰਿਸ਼ਤੇਦਾਰ ਰਣਜੀਤ ਸਿੰਘ ਦੀ ਫ਼ੌਜ ਵਿਚ ਉੱਚ ਅਧਿਕਾਰੀ ਸਨ, ਜਿਸ ਕਰਕੇ ਉਸਦੇ ਲਾਹੌਰ ਦਰਬਾਰ ਨਾਲ ਨੇੜਲੇ ਸੰਬੰਧ ਸਨ। ਸ਼ਾਹ ਮੁਹੰਮਦ ਲਾਹੌਰ ਦਰਬਾਰ ਦੀ ਅੰਦਰੂਨੀ ਜਾਣਕਾਰੀ ਰੱਖਦਾ ਸੀ, ਹੋ ਸਕਦਾ ਹੈ ਕਿ ਉਹ ਮੁਲਾਜ਼ਮ ਹੋਵੇ ਤੇ ਉਸ ਦਾ ਚੰਗੇ ਵੱਡੇ ਅਹਿਲਕਾਰਾਂ ਨਾਲ ਮੇਲ-ਜੋਲ ਰਿਹਾ ਹੋਵੇ। ਸ਼ਾਹ ਮੁਹੰਮਦ ਦੇ ਦੋ ਪੁੱਤਰ ਸਨ। ਇਕ ਦਾ ਨਾਂ ਹਾਸ਼ਮ ਸ਼ਾਹ ਮੁਖ਼ਲਿਸ ਅਤੇ ਦੂਸਰੇ ਦਾ ਨਾਂ ਮੁਹੰਮਦ ਬਖ਼ਸ ਸੀ। ਹਾਸ਼ਮ ਸ਼ਾਹ ਮੁਖ਼ਲਿਸ ਵੀ ਕਵੀ ਸੀ ਜਿਸਨੇ ਕਿੱਸਾਸੱਸੀ ਪੁੰਨੂ’ ਦੀ ਰਚਨਾ ਕੀਤੀ ਸੀ। ਡਾ. ਅਜਮੇਰ ਸਿੰਘ ਅਨੁਸਾਰ ਸ਼ਾਹ ਮੁਹੰਮਦ ਦੀ ਬੰਸਾਵਲੀ ਇਸ ਪ੍ਰਕਾਰ ਹੈ:

ਮੌਲਾ ਬਖ਼ਸ ਕੁਸ਼ਤਾ ਆਪਣੀ ਪੁਸਤਕ ਪੰਜਾਬੀ ਸ਼ਾਇਰਾਂ ਦਾ ਤਜ਼ਕਰਾ 22 ਵਿਚ ਸ਼ਾਹ ਮੁਹੰਮਦ ਦੀ ਮੌਤ 1862 ਈ. ਵਿਚ ਹੋਈ ਮੰਨਦੇ ਹਨ, ਜਿਸ ਨਾਲ ਲਗਪਗ ਬਾਕੀ ਵਿਦਵਾਨ ਵੀ ਸਹਿਮਤ ਹਨ। ਸ਼ਾਹ ਮੁਹੰਮਦ ਜਦੋਂ ‘ਨਿੱਕੇ ਪੋਚ ਹੁਣ ਬੈਠ ਕੇ ਕਰਨ ਗੱਲਾਂ’ ਵਾਲੀ ਸਤਰ ਲਿਖਦਾ ਹੈ ਤਾਂ ਸਪੱਸ਼ਟ ਹੈ ਕਿ ਉਸ ਨੇ ਆਪਣੀ ਇਹ ਰਚਨਾ ਵਡੇਰੀ ਉਮਰ ਵਿਚ ਹੀ ਮੁਕੰਮਲ ਕੀਤੀ ਹੋਵੇਗੀ। ਆਮ ਤੌਰ’ਤੇ ਇਹ ਜੰਗਨਾਮਾ 1846 ਤੋਂ 1848 ਈ. ਦੇ ਵਿਚਕਾਰ ਲਿਖਿਆ ਗਿਆ ਮੰਨਿਆ ਜਾਂਦਾ ਹੈ। ਇਸ ਸਮੇਂ ਸਿੱਖਾਂ ਅਤੇ ਅੰਗਰੇਜ਼ਾਂ ਦੀ ਪਹਿਲੀ ਜੰਗ ਸਮਾਪਤ ਹੋ ਚੁੱਕੀ ਸੀ। ਦੂਸਰੀ ਜੰਗ ਦਾ ਇਸ ਜੰਗਨਾਮੇ ਵਿਚ ਜ਼ਿਕਰ ਨਾ ਹੋਣ ਕਰਕੇ ਅਸੀਂ ਇਸ ਨੂੰ ਪਹਿਲੀ ਜੰਗ ਤੋਂ ਇਕਦਮ ਬਾਅਦ ਲਿਖਿਆ ਗਿਆ ਜੰਗਨਾਮਾ ਮੰਨ ਸਕਦੇ ਹਾਂ।

ਹੁਣ ਤਕ ਹੋਈਆਂ ਖੋਜਾਂ ਦੇ ਆਧਾਰ’ਤੇ ਸ਼ਾਹ ਮੁਹੰਮਦ ਦੀਆਂ ਕੇਵਲ ਦੋ ਸਾਹਿਤਿਕ ਕਿਰਤਾਂ ਦਾ ਹੀ ਪਤਾ ਚਲਦਾ ਹੈ। ਪਹਿਲੀ ਜੰਗਨਾਮਾ ਸ਼ਾਹ ਮੁਹੰਮਦ ਅਤੇ ਦੂਸਰੀ ਕਿੱਸਾ ਸੱਸੀ ਪੁੰਨੂੰ ਹੈ। ਸ਼ਾਹ ਮੁਹੰਮਦ ਦੁਆਰਾ ਰਚਿਤ ਕਿੱਸਾ ਸੱਸੀ ਪੁੰਨੂੰ ਦੇ ਕੇਵਲ ਦੋ ਬੰਦ ਹੀ ਮਿਲਦੇ ਹਨ ਕਿਉਂਕਿ ਅਜੇ ਤੱਕ ਵੀ ਇਹ ਕਿੱਸਾ ਦੁਰਲੱਭ ਹੈ। ਕੁਸ਼ਤਾ ਅੰਮ੍ਰਿਤਸਰੀ ਨੇ ਆਪਣੀ ਪੁਸਤਕ ‘ਪੰਜਾਬ ਦੇ ਹੀਰੇ’23 ਵਿਚ ਸ਼ਾਹ ਮੁਹੰਮਦ ਦੀ ਸੀਹਰਫ਼ੀ ਵਿਚ ਲਿਖੇ ਕਿੱਸੇ ਸੱਸੀ ਪੁੰਨੂੰ ਦੇ ਹੇਠ ਲਿਖੇ ਦੋ ਬੰਦ ਦਰਜ ਕੀਤੇ ਹਨ :

(1)    ਅਲਫ਼ ਉਠ ਦੇਖੀਂ ਮਾਏ ਮੇਰੀਏ ਨੀ,

         ਇਹ ਬਲੋਚ ਨਾਹੀਂ ਕੋਈ ਚੋਰ ਮਾਏ।

         ਮੇਰੇ ਨੇਹੁ ਦੀ ਸਾਰ ਨਾ ਜਾਣਿਓ ਨੇ,

         ਪੁੰਨੂੰ ਬੰਨ ਖੜਿਆ ਨਾਲ ਜ਼ੋਰ ਮਾਏ।

         ਵਾਹਦ ਜਾਨ ਸੱਸੀ ਇਕੋ ਲੁੱਟ ਲਿਤੀ,

         ਹੈ ਵਸਦਾ ਸ਼ਹਿਰ ਭੰਬੋਰ ਮਾਏ,

         ਸ਼ਾਹ ਮੁਹੰਮਦਾ ਪਈ ਪੁਕਾਰਨੀ ਹਾਂ,

         ਪੁੰਨੂੰ ਬਾਝ ਨਾ ਆਸਰਾ ਹੋਰ ਮਾਏ।

(2)    ਖ਼ੇ ਖ਼ੁਦੀ ਗੁਮਾਨ ਨਾ ਰਿਹਾ ਕਾਈ,

         ਮੈਂ ਤਾਂ ਡੁੱਬੀ ਵਿਚ ਇਸ਼ਕ ਦੀ ਲਹਿਰ ਮਾਏ।

         ਮੇਰੀ ਪ੍ਰੀਤ ਚਕੋਰ ਪਤੰਗ ਵਾਲੀ,

         ਸਹਾਂ ਆਪਣੇ ਸਿਰ ਤੇ ਕਹਿਰ ਮਾਏ।

         ਚਸ਼ਮਾ ਆਬੇ-ਹਯਾਤ ਦਾ ਹੋਤ ਪੁੰਨੂੰ,

         ਹੋਰ ਸਭ ਜਹਾਨ ਹੈ ਜ਼ਹਿਰ ਮਾਏ।

         ਸ਼ਾਹ ਮੁਹੰਮਦਾ ਰੱਬ ਜੀ ਮਿਹਰ ਕਰਸੀ,

                 ਚੱਲ ਦੇਖਸਾਂ ਪੁੰਨੂੰ ਦਾ ਸ਼ਹਿਰ ਮਾਏ।

ਵਿਦਵਾਨਾਂ ਦਾ ਵਿਚਾਰ ਹੈ ਕਿ ਕਿੱਸਾ ਸੱਸੀ ਪੁੰਨੂੰ ਸ਼ਾਹ ਮੁਹੰਮਦ ਨੇ ਜੰਗਨਾਮਾ ਲਿਖਣ ਤੋਂ ਪਹਿਲਾਂ ਲਿਖਿਆ ਹੋਵੇਗਾ। ਪਰ ਸ਼ਾਹ ਮੁਹੰਮਦ ਨੂੰ ਪ੍ਰਸਿੱਧੀ ਜੰਗਨਾਮਾ ਲਿਖਣ ਕਰਕੇ ਹੀ ਮਿਲੀ ਹੈ। ਇਹ ਜੰਗਨਾਮਾ ਉਸ ਨੇ 1846 ਈ. ਦੀ ਜੰਗ ਤੋਂ ਬਾਅਦ ਅਤੇ 1848-49 ਦੇ ਮੁਲਤਾਨ ਵਿਦ੍ਰੋਹ , ਚੇਲਿਆਂ ਵਾਲੇ ਅਤੇ ਗੁਜਰਾਤ ਦੀਆਂ ਜੰਗਾਂ ਤੋਂ ਪਹਿਲਾਂ ਲਿਖਿਆ ਪ੍ਰਤੀਤ ਹੁੰਦਾ ਹੈ। ਇਸ ਜੰਗਨਾਮੇ ਵਿਚ ਸ਼ਾਹ ਮੁਹੰਮਦ ਨੇ ਆਪਣੇ ਵੇਲੇ ਦੇ ਪੰਜਾਬ ਦੀ ਸੁੱਖਾਂ ਭਰੀ ਜ਼ਿੰਦਗੀ, ਹਿੰਦੂ , ਮੁਸਲਮਾਨ ਤੇ ਸਿੱਖ ਭਾਈਚਾਰੇ ਦੇ ਆਪਸੀ ਮੋਹ, ਮਹਾਰਾਜਾ ਰਣਜੀਤ ਸਿੰਘ ਦੀ ਮੌਤ ਉਪਰੰਤ ਬਣੇ ਹਾਲਾਤ, ਅੰਗਰੇਜ਼ ਸਾਮਰਾਜ ਵੱਲੋਂ ਜੰਗ ਦੀ ਸ਼ੁਰੂਆਤ, ਸਿੰਘਾਂ ਤੇ ਅੰਗਰੇਜ਼ਾਂ ਦੀ ਘਮਸਾਣ ਦੀ ਲੜਾਈ ਅਤੇ ਪੰਜਾਬ ਵਿਚ ਅੰਗਰੇਜ਼ਾਂ ਦੀ ਆਮਦ ਵਰਗੇ ਅਹਿਮ ਮੁੱਦਿਆਂ ਬਾਰੇ ਬੜੀ ਕਲਾਤਮਿਕਤਾ ਤੇ ਖ਼ੂਬਸੂਰਤੀ ਨਾਲ ਲਿਖਿਆ ਹੈ। ਇਸ ਜੰਗਨਾਮੇ ਨੂੰ ਪੜ੍ਹਨ ਤੋਂ ਬਾਅਦ ਅਸੀਂ ਸ਼ਾਹ ਮੁਹੰਮਦ ਦੀ ਸ਼ਖ਼ਸੀਅਤ ਬਾਰੇ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਹ ਇਕ ਦਲੇਰ ਮਨੁੱਖ ਸੀ, ਜਿਸ ਨੇ ਬਿਨਾਂ ਕਿਸੇ ਡਰ ਦੇ ਰਾਜ ਦਰਬਾਰ, ਫ਼ੌਜ ਅਤੇ ਹੋਰ ਮਹੱਤਵਪੂਰਨ ਵਿਅਕਤੀਆਂ ਬਾਰੇ ਬੇਖ਼ੌਫ਼ ਹੋ ਕੇ ਲਿਖਿਆ। ਉਸ ਨੇ ਬੜੀ ਦਲੇਰੀ ਨਾਲ ਅੰਗਰੇਜ਼ ਸਾਮਰਾਜ ਪ੍ਰਤੀ ਆਪਣੀ ਨਫ਼ਰਤ ਨੂੰ ਪ੍ਰਗਟ ਕੀਤਾ ਅਤੇ ਅੰਗਰੇਜ਼ਾਂ ਨੂੰ ਤੀਸਰੀ ਜ਼ਾਤ ਦਾ ਨਾਂ ਦਿੱਤਾ। ਇਹੋ ਕਾਰਨ ਹੈ ਕਿ ਉਸ ਨੂੰ ਆਮ ਤੌਰ’ਤੇ ਦੇਸ਼ ਭਗਤ ਕਵੀ ਦਾ ਦਰਜਾ ਦਿੱਤਾ ਜਾਂਦਾ ਹੈ। ਭਾਵੇਂ ਕਿ ਉਸ ਦੇ ਸਮਕਾਲੀ ਕਵੀਆਂ ਨੇ ਵੀ ਸਿੱਖ ਰਾਜ ਦੀਆਂ ਢਹਿੰਦੀਆਂ ਕਲਾਵਾਂ ਬਾਰੇ ਰਚਨਾ ਕੀਤੀ ਹੈ ਪਰ ਸ਼ਾਹ ਮੁਹੰਮਦ ਨੇ ਆਪਣੇ ਜੰਗਨਾਮੇ ਵਿਚ ਜੋ ਦਰਦ ਜਾਂ ਹੂਕ ਪੈਦਾ ਕੀਤੀ ਹੈ ਉਹ ਸਾਨੂੰ ਉਸ ਸਮੇਂ ਦੀਆਂ ਬਾਕੀ ਰਚਨਾਵਾਂ ਵਿਚ ਦ੍ਰਿਸ਼ਟੀਗੋਚਰ ਨਹੀਂ ਹੁੰਦੀ। ਜਿਸ ਕਾਵਿ ਸੰਵੇਦਨਸ਼ੀਲਤਾ ਨਾਲ ਸ਼ਾਹ ਮੁਹੰਮਦ ਨੇ ਤਤਕਾਲੀਨ ਘਟਨਾਵਾਂ ਨੂੰ ਚਿਤਰਿਆ ਹੈ ਉਸ ਤੋਂ ਅਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਸ ਦੀ ਅਭਿਵਿਅਕਤੀ ਵਿਚ ਕਹਿਰਾਂ ਦਾ ਪ੍ਰਵਾਹ (flow) ਅਤੇ ਪਾਠਕ ਜਾਂ ਸ੍ਰੋਤੇ ਨੂੰ ਕੀਲ ਲੈਣ ਦੀ ਯੋਗਤਾ ਹੈ।

ਸ਼ਾਹ ਮੁਹੰਮਦ ਨੇ ਆਪਣੀ ਇਸ ਮਹਾਨ ਰਚਨਾ ਨੂੰ ਭਾਵੇਂ ਕਿਸੇ ਸਿਰਲੇਖ ਅਧੀਨ ਨਹੀਂ ਰੱਖਿਆ ਪਰ ਵਿਕੋਲਿਤਰੇ ਸੰਪਾਦਕਾਂ, ਪ੍ਰਕਾਸ਼ਕਾਂ ਤੇ ਖੋਜ ਕਰਤਿਆਂ ਨੇ ਇਸ ਨੂੰ ਵੱਖ-ਵੱਖ ਨਾਵਾਂ ਅਧੀਨ ਪ੍ਰਕਾਸ਼ਿਤ ਕਰਵਾਇਆ ਹੈ। ਉਦਾਹਰਨ ਦੇ ਤੌਰ’ਤੇ ਕੁੱਝ ਪ੍ਰਮੁੱਖ ਨਾਂ24 ਹੇਠ ਲਿਖੇ ਹਨ :

(1)  ਬੈਂਤਾਂ ਸ਼ਾਹ ਮੁਹੰਮਦ ਦੀਆਂ   

(2)  ਬੈਂਤਾਂ ਸ਼ਾਹ ਮੁਹੰਮਦ ਕੀਆਂ

(3)  ਬੈਂਤ ਸ਼ਾਹ ਮੁਹੰਮਦ

(4)  ਬੈਂਤਾਂ ਸ਼ਾਹ ਮੁਹੰਮਦ

(5)  ਕਿੱਸਾ ਸ਼ਾਹ ਮੁਹੰਮਦ

(6)  ਵਾਰ ਸ਼ਾਹ ਮੁਹੰਮਦ

(7)  ਕਿੱਸਾ ਬੈਂਤ ਸ਼ਾਹ ਮੁਹੰਮਦ

(8) ਜੰਗਨਾਮਾ ਸਿੰਘਾਂ ਤੇ ਫਰੰਗੀਆਂ

  (9) ਜੰਗਨਾਮਾ ਸ਼ਾਹ ਮੁਹੰਮਦ

 (10) ਜੰਗ ਕ੍ਰਿਤ ਸ਼ਾਹ ਮੁਹੰਮਦ

 (11) ਜੰਗ ਸਿੱਖਾਂ ਤੇ ਅੰਗਰੇਜ਼ਾਂ

(12)  ਕਿੱਸਾ ਲੜਾਈ ਸਿੰਘਾਂ ਦੇਵਨਾਗਰੀ ਵਿਚ

(13)  ਸਿੰਘਾਂ ਤੇ ਅੰਗ੍ਰੇਜ਼ਾਂ ਦੀ ਲੜਾਈ

(14)  ਅੰਗਰੇਜ਼ਾਂ ਤੇ ਸਿੱਖਾਂ ਦੀ ਲੜਾਈ

(15)  ਹਿੰਦ ਪੰਜਾਬ ਦਾ ਜੰਗ

   (16)  ਅੰਗ੍ਰੇਜ਼ਾਂ ਤੇ ਪੰਜਾਬੀਆਂ ਦੀ ਜੰਗ

ਉਪਰੋਕਤ ਨਾਂਵਾਂ ਤੋਂ ਸ਼ਾਹ ਮੁਹੰਮਦ ਦੇ ਜੰਗਨਾਮੇ ਦੀ ਪ੍ਰਸਿੱਧੀ ਦਾ ਪਤਾ ਚਲਦਾ ਹੈ। ਜਿਥੋਂ ਤੱਕ ਸ਼ਾਹ ਮੁਹੰਮਦ ਦੇ ਸੁਭਾਅ ਦਾ ਸੰਬੰਧ ਹੈ, ਜੰਗਨਾਮੇ ਨੂੰ ਪੜ੍ਹਨ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਸ਼ਾਹ ਮੁਹੰਮਦ ਗ਼ੈਰ ਫ਼ਿਰਕੂ, ਰਾਸ਼ਟਰਵਾਦੀ ਅਤੇ ਕੋਮਲ ਬਿਰਤੀਆਂ ਵਾਲਾ ਮਨੁੱਖ ਸੀ। ਉਸ ਨੂ਼ੰ ਮਹਾਰਾਜਾ ਰਣਜੀਤ ਸਿੰਘ ਅਤੇ ਉਸ ਦੇ ਰਾਜ ਨਾਲ ਦਿਲੋਂ ਮੁਹੱਬਤ ਸੀ। ਸ਼ਾਹ ਮੁਹੰਮਦ ਨੇ ਮਹਾਰਾਜਾ ਰਣਜੀਤ ਸਿੰਘ ਰਾਜ ਅਤੇ ਅੰਗਰੇਜ਼ ਕਾਲ ਨੂੰ ਅੱਖੀਂ ਡਿੱਠਾ ਸੀ। ਇਹੋ ਕਾਰਨ ਹੈ ਕਿ ਉਸ ਦੀ ਕਾਵਿ-ਚੇਤਨਾ’ਤੇ ਤਤਕਾਲੀਨ ਯੁੱਗ ਦੇ ਭੌਤਿਕ ਹਾਲਾਤ ਦਾ ਡ¨ਘਾ ਅਸਰ ਦ੍ਰਿਸ਼ਟੀਗੋਚਰ ਹੁੰਦਾ ਹੈ। ਉਹ ਆਪਣੀ ਸ਼ਾਹਕਾਰ ਰਚਨਾ ਜੰਗਨਾਮਾ ਲਿਖਣ ਵੇਲੇ ਭਾਵੁਕਤਾ ਦੇ ਵਹਿਣ ਵਿਚ ਨਹੀਂ ਵਹਿੰਦਾ ਸਗੋਂ ਨਿਰਪੱਖ ਇਤਿਹਾਸਿਕ ਨਜ਼ਰੀਆ ਰੱਖਦਾ ਹੈ। ਉਹ ਲੋੜ ਪੈਣ’ਤੇ ਹੀ ਅੰਗਰੇਜ਼ਾਂ ਜਾਂ ਸਿੰਘਾਂ ਦੀ ਤਾਰੀਫ਼ ਜਾਂ ਨਿੰਦਿਆ ਕਰਦਾ ਹੈ। ਉਹ ਹੱਸਮੁੱਖ ਸੁਭਾਅ ਦਾ ਮਾਲਕ ਪ੍ਰਤੀਤ ਹੁੰਦਾ ਹੈ। ਉਹ ਬੇਖ਼ੌਫ਼ ਹੋ ਕੇ ਤਤਕਾਲੀਨ ਕਦਰਾਂ ਕੀਮਤਾਂ ਦਾ ਵਿਰੋਧ ਕਰਦਾ ਹੈ। ਉਹ ਆਪਣੇ ਵੇਲੇ ਦੀਆਂ ਸਿਆਸੀ ਕੂਟਨੀਤੀਆਂ ਨੂੰ ਖ਼ੂਬ ਸਮਝਦਾ ਹੈ। ਉਹ ਜਾਗੀਰਦਾਰੀ ਪ੍ਰਬੰਧ ਨੂੰ ਟੁੱਟਦਾ ਵੇਖਦਾ ਹੈ ਅਤੇ ਅੰਗਰੇਜ਼ ਸਾਮਰਾਜ ਦੀ ਵਧ ਰਹੀ ਤਾਕਤ ਨੂੰ ਵੇਖਦਿਆਂ ਜੰਗਨਾਮੇ ਰਾਹੀਂ ਆਪਣੇ ਭਾਵਾਂ ਨੂੰ ਪ੍ਰਗਟ ਕਰਦਾ ਹੈ। ਜੰਗਨਾਮੇ ਨੂੰ ਪੜ੍ਹਨ ਤੋਂ ਬਾਅਦ ਪਤਾ ਚਲਦਾ ਹੈ ਕਿ ਉਸ ਨੇ ਆਪਣੇ ਯਾਰਾਂ ਦੋਸਤਾਂ ਦੇ ਕਹਿਣ’ਤੇ ਹੀ ਜੰਗਨਾਮੇ ਦੀ ਰਚਨਾ ਕੀਤੀ ਸੀ।

ਜਿਸ ਸਮੇਂ ਸ਼ਾਹ ਮੁਹੰਮਦ ਦਾ ਜਨਮ ਹੋਇਆ, ਉਸ ਸਮੇਂ ਪੰਜਾਬ ਵਿਚ ਪੈਦਾਵਾਰ ਦੀ ‘ਏਸ਼ੀਆਈ ਵਿਧੀ’ ਪ੍ਰਚਲਿੱਤ ਸੀ। ਸਿਆਸੀ ਤੌਰ’ਤੇ ਪੰਜਾਬ ਵਿਚ ਮਿਸਲਾਂ ਦਾ ਰਾਜ ਸੀ। ਹਰ ਮਿਸਲ ਦਾ ਮੁਖੀ ‘ਸਰਦਾਰ’ ਕਹਾਉਂਦਾ ਸੀ ਅਤੇ ਉਸ ਦੇ ਅਧੀਨ ਕਈ ਮਿਸਲਦਾਰ ਹੁੰਦੇ ਸਨ। ਇਹ ਮਿਸਲਦਾਰ ਵੀ ਆਪਣੇ ਸਰਦਾਰ ਵਾਂਗ ਫ਼ੌਜ ਰੱਖ ਸਕਦੇ ਸਨ। ਇਹ ਯੁੱਧ ਦੇ ਸਮੇਂ ਆਪਣੇ ਸਰਦਾਰਾਂ ਨੂੰ ਫ਼ੌਜੀ ਤੇ ਆਰਥਿਕ ਸਹਾਇਤਾ ਪ੍ਰਦਾਨ ਕਰਦੇ ਸਨ। ਮਿਸਲ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਦੇਣ ਦੀਆਂ ਸਰਦਾਰ ਨੂੰ ਪੂਰੀਆਂ ਸ਼ਕਤੀਆਂ ਅਤੇ ਅਧਿਕਾਰ ਪ੍ਰਾਪਤ ਸਨ। ਮਿਸਲਾਂ ਦੇ ਵੱਖ ਵੱਖ ਸਰਦਾਰਾਂ ਨੇ ਆਪੋ-ਆਪਣੀ ਟਕਸਾਲ ਵੀ ਕਾਇਮ ਕੀਤੀ ਹੋਈ ਸੀ। ਮਿਸਲਾਂ ਦਾ ਮੁੱਖ ਤੌਰ’ਤੇ ਪਿੰਡਾਂ ਉੱਪਰ ਰਾਜ ਸੀ ਕਿਉਂਕਿ ਇਸ ਵਿਚ ਸ਼ਹਿਰ ਬਹੁਤ ਘੱਟ ਸ਼ਾਮਲ ਸਨ। ਭਾਵੇਂ ਕਿ ਪਿੰਡਾਂ ਦੇ ਮੁੱਖ ਅਧਿਕਾਰੀ ਨੰਬਰਦਾਰ , ਪਟਵਾਰੀ ਤੇ ਚੋਂਕੀਦਾਰ ਆਦਿ ਹੁੰਦੇ ਸਨ ਪਰ ਪਿੰਡ ਦਾ ਅਸਲ ਪ੍ਰਬੰਧ ਪੰਚਾਇਤ ਦੇ ਹੱਥਾਂ ਵਿਚ ਹੁੰਦਾ ਸੀ। ਪੰਚਾਇਤ ਨੂੰ ਪਿੰਡ ਦੇ ਪ੍ਰਬੰਧ ਸੰਬੰਧੀ ਕਾਫ਼ੀ ਅਧਿਕਾਰ ਤੇ ਸ਼ਕਤੀਆਂ ਪ੍ਰਾਪਤ ਸਨ। ਪਿੰਡ ਦੇ ਲੋਕ ਜ਼ਿਆਦਾਤਰ ਫੈਸਲਿਆਂ ਸੰਬੰਧੀ ਪੰਚਾਇਤ’ਤੇ ਹੀ ਨਿਰਭਰ ਕਰਦੇ ਸਨ। ਇਹਨਾਂ ਮਿਸਲਾਂ ਦੀ ਆਮਦਨ ਦਾ ਮੁੱਖ ਸੋਮਾ ਭੂਮੀ ਕਰ ਹੀ ਸੀ, ਜੋ ਫ਼ਸਲ ਅਨੁਸਾਰ ਸਾਲ ਵਿਚ ਦੋ ਵਾਰ ਇਕੱਤਰ ਕੀਤਾ ਜਾਂਦਾ ਸੀ।

ਜਿਸ ਸਮੇਂ ਪੰਜਾਬ ਉੱਪਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੋਇਆ ਤਾਂ ਉਸ ਨੇ ਵੀ ਸਾਮੰਤੀ ਰਾਜ ਦੀ ਮੁੜ ਸਥਾਪਨਾ ਕੀਤੀ। ਇਸ ਸੰਬੰਧ ਵਿਚ ਡਾ. ਰਵਿੰਦਰ ਸਿੰਘ ਰਵੀ ਦੇ ਵਿਚਾਰ ਮਹੱਤਵਪੂਰਨ ਹਨ :

ਸਾਮੰਤਕ ਆਰਥਿਕ, ਸਮਾਜਿਕ ਬਣਤਰ ਦੇ ਸੁਭਾਅ ਵਾਲੇ ਰਾਜ ਦੀ ਮੁੜ ਸਥਾਪਤੀ ਸਿੱਖ ਲਹਿਰ ਦੇ ਸਾਮੰਤੀਕਰਨ, ਜਮਾਤੀਕਰਨ ਦਾ ਪਹਿਲਾ ਤੇ ਬੁਨਿਆਦੀ ਕਾਰਨ ਬਣੀ। ਸਾਧਾਰਣ ਜਨਤਾ ਅਤੇ ਰਾਜ ਸੱਤਾਧਾਰੀ ਸਰਦਾਰਾਂ ਵਿਚ ਉਹ ਪੁਰਾਣਾ ਪਾੜਾ ਮੁੜ ਬਣਿਆ ਅਤੇ ਵੱਧਦਾ ਰਿਹਾ। ਇਸੇ ਕਾਰਨ ਆਰਥਿਕ ਅਸਮਾਨਤਾ ਅਤੇ ਜ਼ਾਤਪਾਤ, ਜਿਸ ਉੱਪਰ ਸਿੱਖ ਲਹਿਰ ਨੇ ਭਰਪੂਰ ਹਮਲੇ ਕੀਤੇ ਸਨ, ਮੁੜ ਆਪਣੇ ਬ੍ਰਾਹਮਣਕ ਰੂਪ ਵਿਚ ਸਿੱਖ ਲਹਿਰ ਦੇ ਇਸ ਦੌਰ ਦਾ ਫ਼ੈਸਲਾਕੁਨ ਹਿੱਸਾ ਬਣ ਗਈ।25 

ਇਸ ਦੇ ਬਾਵਜੂਦ ਰਣਜੀਤ ਸਿੰਘ ਕਾਲ ਪਿਛਲੇ ਸਮਿਆਂ ਨਾਲਂੋ ਸ਼ਾਂਤੀ, ਖੁਸ਼ਹਾਲੀ, ਧਾਰਮਿਕ ਸਹਿਣਸ਼ੀਲਤਾ ਅਤੇ ਰਾਹਤ ਦਾ ਸਮਾਂ ਸੀ। ਜਦੋਂ ਕਿ ਦੂਸਰੇ ਪਾਸੇ ਇਹ ਅਜਿਹਾ ਦੌਰ ਸੀ ਜਿਸ ਵਿਚ ਸਧਾਰਨ ਜਨਤਾ ਸਾਹਿਤ ਅਤੇ ਧਰਮ , ਜੀਵਨ ਅਤੇ ਜਮਾਤੀ ਸੰਘਰਸ਼ ਦੀ ਲੜਾਈ ਦੇ ਅਮਲ ਤੋਂ ਟੁੱਟ ਚੁੱਕੀ ਸੀ, ਜਿਹੜੀ ਲੜਾਈ ਸਿੱਖ ਲਹਿਰ ਨੇ ਸ਼ੁਰੂ ਕੀਤੀ ਸੀ। ਇਹੋ ਕਾਰਨ ਹੈ ਕਿ ਸ਼ਾਹ ਮੁਹੰਮਦ ਦੇ ਜੰਗਨਾਮੇ ਨੂੰ ਛੱਡ ਕੇ ਕਿਸੇ ਹੋਰ ਰਚਨਾਕਾਰ ਦੀ ਲੋਕਹਿਤ ਅਤੇ ਲੋਕਪੱਖੀ ਵਿਚਾਰਧਾਰਾ ਨਾਲ ਸਬੰਧਤ ਰਚਨਾ ਪ੍ਰਾਪਤ ਨਹੀਂ ਹੁੰਦੀ। ਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਵੰਸ਼ ਦੇ ਉੱਤਰਾਧਿਕਾਰੀਆਂ ਨੂੰ ਵੱਡੀਆਂ-ਵੱਡੀਆਂ ਜਾਗੀਰਾਂ ਬਖ਼ਸ਼ੀਆਂ ਸਨ। ਇਸ ਦੇ ਸਿੱਟੇ ਵਜੋਂ ਧਾਰਮਿਕ ਖੇਤਰ ਵਿਚ ਨਵੀਂ ਭਾਂਤ ਦੀ ਸਿੱਖ ਸਾਮੰਤ ਸ਼੍ਰੇਣੀ ਨੇ ਜਨਮ ਲਿਆ ਸੀ। ਉਦਾਹਰਨ ਦੇ ਤੌਰ’ਤੇ ਰਣਜੀਤ ਸਿੰਘ ਨੇ ਗੁਰੂ ਵੰਸ਼ ਦੇ ਬੇਦੀਆਂ ਤੇ ਭੱਲਿਆਂ ਨੂੰ ਭਾਰੀ ਜਾਗੀਰਾਂ ਦਿੱਤੀਆਂ ਸਨ। ਰਣਜੀਤ ਸਿੰਘ ਨੇ ਗੁਰਦੁਆਰਿਆਂ, ਮੰਦਰਾਂ, ਮਸਜਿਦਾਂ ਨੂੰ ਧਰਮ-ਅਰਥ ਖਾਤੇ ਵਿਚੋਂ ਕਈ ਤਰ੍ਹਾਂ ਦੀਆਂ ਰਸਦਾਂ ਤੇ ਜਾਗੀਰਾਂ ਵੀ ਲਗਾਈਆਂ ਸਨ। ਇਸ ਤੋਂ ਇਲਾਵਾ ਉਸ ਨੇ ਉਦਾਸੀ ਸਾਧੂਆਂ, ਨਿਰਮਲਿਆਂ, ਸੇਵਾਪੰਥੀਆਂ ਆਦਿ ਨੂੰ ਵੀ ਜਾਗੀਰਾਂ ਦੀ ਬਖ਼ਸ਼ਿਸ਼ ਕੀਤੀ ਸੀ। ਇਸ ਦਾ ਨਤੀਜਾ ਇਹ ਨਿਕਲਿਆ ਸੀ ਕਿ ਤਤਕਾਲੀਨ ਸਾਮੰਤਵਾਦੀ ਸਿੱਖ ਹਾਕਮ ਜਮਾਤ ਅਤੇ ਪੁਜਾਰੀ ਸ਼੍ਰੇਣੀ ਵਿਚ ਸਿੱਧਾ ਸੰਪਰਕ ਅਤੇ ਵਿਸ਼ਵਾਸ ਉਤਪੰਨ ਹੋ ਗਿਆ ਸੀ। ਤਤਕਾਲੀਨ ਸਿੱਖ ਹਾਕਮ ਜਮਾਤ ਅਤੇ ਪੁਜਾਰੀ ਸ਼੍ਰੇਣੀ ਦੇ ਆਪਸੀ ਵਿਸ਼ਵਾਸ ਦਾ ਹੀ ਸਿੱਟਾ ਸੀ ਕਿ ਹਾਕਮ ਧਿਰ ਪੁਜਾਰੀ ਧਿਰ ਨੂੰ ਆਰਥਿਕ ਤੇ ਸਿਆਸੀ ਸਰਪ੍ਰਸਤੀ ਦਿੰਦੀ ਸੀ ਅਤੇ ਪੁਜਾਰੀ ਧਿਰ ਹਾਕਮ ਧਿਰ ਦੀ ਵਿਚਾਰਧਾਰਾ ਨੂੰ ਆਪਣੀ ਵਿਚਾਰਧਾਰਕ ਸਰਦਾਰੀ (Ideological Hegemony) ਰਾਹੀਂ ਲੋਕਾਂ ਦੇ ਜ਼ਿਹਨ ਵਿਚ ਭਰਦੀ ਸੀ ਤਾਂ ਕਿ ਸਥਾਪਤੀ ਦੀਆਂ ਨੀਂਹਾਂ ਪਕੇਰੀਆਂ ਹੋ ਜਾਣ। ਭਾਵੇਂ ਕਿ ਸਿੱਖ ਲਹਿਰ ਆਪਣੀ ਵਿਚਾਰਧਾਰਾ ਤੇ ਅਮਲ ਰਾਹੀਂ ਸਥਾਪਤ ਸਾਮੰਤਕ ਬਣਤਰ ਦੇ ਵਿਰੁੱਧ ਸੀ ਅਤੇ ਇਸ ਲਹਿਰ ਨੇ ਉਸ ਨੂੰ ਸਮਾਜਿਕ ਮਨੁੱਖੀ ਪੈਂਤੜੇ ਦੀਆਂ ਕੀਮਤਾਂ’ਤੇ ਆਧਾਰਿਤ ਮਨੁੱਖੀ ਸ਼ਖ਼ਸੀਅਤ ਦੀ ਉਸਾਰੀ ਰਾਹੀਂ ਲੋਕਹਿਤ ਦੇ ਮੁਹਾਜ ਨੂੰ ਸਿਰਜਣ ਦੇ ਯਤਨ ਕੀਤੇ ਸਨ। ਸਿੱਖ ਗੁਰੂਆਂ ਨੇ ਵਿਚਾਰਧਾਰਕ ਸੰਘਰਸ਼ ਵਿਚ ਲੋਕਹਿਤਾਂ ਦੀ ਵਿਚਾਰਧਾਰਾ ਨੂੰ ਸਥਾਪਤ ਕਰਨ ਲਈ ਧਰਮ, ਸਿਆਸਤ ਅਤੇ ਸਾਹਿਤ ਦਾ ਬੜੀ ਸਫ਼ਲਤਾ ਨਾਲ ਪ੍ਰਯੋਗ ਕੀਤਾ ਸੀ। ਉਨ੍ਹਾਂ ਤੋਂ ਬਾਅਦ ਵੀ ਲਗਪਗ ਮਹਾਰਾਜਾ ਰਣਜੀਤ ਸਿੰਘ ਦੇ ਤਾਕਤ ਵਿਚ ਆਉਣ ਤਕ ਲੋਕਹਿਤਾਂ ਵਾਲੀ ਇਹੋ ਵਿਚਾਰਧਾਰਾ ਭਾਰੂ ਰਹੀ ਸੀ।

ਸਿੱਖ ਧਰਮ ਭਾਵੇਂ ਕਿ ਸਾਮੰਤੀ ਨਿਜ਼ਾਮ ਦੇ ਵਿਰੁੱਧ ਲੋਕ ਲਹਿਰਾਂ ਦੇ ਰੋਸ ਤੇ ਰੋਹ ਦਾ ਮਾਧਿਅਮ ਬਣ ਕੇ ਉੱਭਰਿਆ ਸੀ ਪਰ ਨਵੀਂ ਸਿੱਖ ਹਾਕਮ ਜਮਾਤ ਨੇ ਲੋਕਾਂ ਦੇ ਧਾਰਮਿਕ ਵਿਸ਼ਵਾਸ ਨੂੰ ਆਪਣੇ ਰਾਜ ਦੀ ਸਥਾਪਤੀ ਲਈ ਵਰਤ ਲਿਆ ਸੀ। ਰਣਜੀਤ ਸਿੰਘ ਨੇ ਸਿੱਖ ਮਿਸਲਾਂ ਦੇ ਪ੍ਰਸਾਸ਼ਨ ਵਿਚ ਪਰਿਵਰਤਨ ਕਰਕੇ ਆਪਣੇ ਰਾਜ ਨੂੰ ਇਕ ਨਵਾਂ ਮੋੜ ਦਿੱਤਾ ਸੀ। ਉਹ ਖ਼ਾਲਸੇ ਨੂੰ ਇਕ ਸਰਵਉੱਚ ਸ਼ਕਤੀ ਮੰਨਦਾ ਸੀ ਅਤੇ ਖ਼ਾਲਸੇ ਦੇ ਨਾਂ’ਤੇ ਹੀ ਰਾਜ ਕਰਦਾ ਸੀ। ਇਹੋ ਕਾਰਨ ਸੀ ਕਿ ਉਹ ਆਪਣੀ ਸਰਕਾਰ ਨੂੰ ‘ਸਰਕਾਰ ਏ ਖ਼ਾਲਸਾ ’ ਅਤੇ ਖੁਦ ਨੂੰ ‘ਸਿੰਘ ਸਾਹਿਬ’ ਅਖਵਾਉਣਾ ਪਸੰਦ ਕਰਦਾ ਸੀ। ਉਸ ਦੇ ਦਰਬਾਰ ਨੂੰ ਵੀ ‘ਦਰਬਾਰ ਏ ਖ਼ਾਲਸਾ’ ਕਿਹਾ ਜਾਂਦਾ ਸੀ। ਉਸ ਦੁਆਰਾ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੇ ਨਾਂ’ਤੇ ਚਲਾਏ ਸਿੱਕੇ, ਨਾਨਕ ਸ਼ਾਹੀ, ਤੇ ਗੋਬਿੰਦ ਸ਼ਾਹੀ ਦੇ ਨਾਂ ਨਾਲ ਪ੍ਰਸਿੱਧ ਹੋਏ। ਉਸ ਸਮੇਂ ਸਰਕਾਰ ਦੇ ਮਹੱਤਵਪੂਰਨ ਉਤਸਵ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਮਨਾਏ ਜਾਂਦੇ ਸਨ। ਇਸ ਦੇ ਬਾਵਜੂਦ ਮਹਾਰਾਜਾ ਰਣਜੀਤ ਸਿੰਘ ਦੀ ਖ਼ੂਬੀ ਇਹ ਸੀ ਕਿ ਉਹ ਆਪਣੇ ਧਰਮ ਪ੍ਰਤੀ ਕੱਟੜ ਨਹੀਂ ਸੀ। ਉਸ ਦੇ ਰਾਜ ਪ੍ਰਬੰਧ ਵਿਚ ਵੱਖ-ਵੱਖ ਧਰਮਾਂ ਦੇ ਲੋਕ ਆਪਣੀ ਯੋਗਤਾ ਅਨੁਸਾਰ ਉੱਚ ਅਹੁਦਿਆਂ’ਤੇ ਕੰਮ ਕਰਦੇ ਸਨ। ਉਦਾਹਰਨ ਦੇ ਤੌਰ’ਤੇ ਰਣਜੀਤ ਸਿੰਘ ਦਾ ਵਿਦੇਸ਼ ਮੰਤਰੀ ਫ਼ਕੀਰ ਅਜੀਜ਼ਉਦੀਨ ਇਕ ਮੁਸਲਮਾਨ ਸੀ। ਉਸ ਦੇ ਦੋ ਭਰਾ ਨੂਰਉੱਦੀਨ ਅਤੇ ਇਮਾਮਉੱਦੀਨ ਨੂੰ ਵੀ ਉੱਚੀਆਂ ਪਦਵੀਆਂ ਮਿਲੀਆਂ ਹੋਈਆਂ ਸਨ। ਮੁਸਲਮਾਨਾਂ ਤੋਂ ਇਲਾਵਾ ਰਣਜੀਤ ਸਿੰਘ ਦਾ ਪ੍ਰਧਾਨ ਮੰਤਰੀ ਧਿਆਨ ਸਿੰਘ ਡੋਗਰਾ ਇਕ ਰਾਜਪੂਤ ਸੀ ਅਤੇ ਹਿੰਦੂਆਂ ਵਿਚੋਂ ਦੀਵਾਨ ਭਵਾਨੀ ਦਾਸ, ਗੰਗਾ ਰਾਮ ਤੇ ਦੀਨਾ ਨਾਥ ਵੱਖ-ਵੱਖ ਸਮੇਂ ਵਿਚ ਮੰਤਰੀ ਰਹੇ ਸਨ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਰਣਜੀਤ ਸਿੰਘ ਦੇ ਰਾਜ ਪ੍ਰਬੰਧ ਵਿਚਲੇ ਉੱਚ ਅਧਿਕਾਰੀਆਂ ਵਿਚ ਗ਼ੈਰ ਸਿੱਖਾਂ ਦੀ ਗਿਣਤੀ ਵੀ ਕਾਫ਼ੀ ਜ਼ਿਆਦਾ ਸੀ। ਇਸ ਤੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਉਸ ਸਮੇਂ ਦੀ ਸਿੱਖ ਹਾਕਮ ਜਮਾਤ ਹਰ ਧਰਮ ਨੂੰ ਸੁਤੰਤਰਤਾ ਦਿੰਦੀ ਸੀ।

ਰਣਜੀਤ ਸਿੰਘ ਦੇ ਰਾਜਕਾਲ ਦੌਰਾਨ ਬਾਹਰਲੇ ਹਮਲਿਆਂ ਤੋਂ ਪੰਜਾਬੀਆਂ ਨੂੰ ਭਾਵੇਂ ਕੁੱਝ ਰਾਹਤ ਮਿਲੀ ਸੀ ਪਰ ਸਖ਼ਤੀ ਤੇ ਨਰਮੀ ਉਨ੍ਹਾਂ ਦੇ ਸੁਭਾਅ ਦਾ ਇਕ ਮਹੱਤਵਪੂਰਨ ਅੰਗ ਬਣ ਚੁੱਕੀ ਸੀ। ਉਸ ਸਮੇਂ ਹਿੰਦੂ, ਮੁਸਲਮਾਨ ਤੇ ਸਿੱਖ ਭਾਵੇਂ ਵੱਖ-ਵੱਖ ਕਬੀਲਿਆਂ ਤੇ ਜ਼ਾਤਾਂ ਵਿਚ ਵੰਡੇ ਹੋਏ ਸਨ ਪਰ ਸਦੀਆਂ ਦੀ ਸਹਿਹੋਂਦ ਨੇ ਇਹਨਾਂ ਨੂੰ ਦੁੱਖ ਸੁੱਖ ਵਿਚ ਇਕ-ਦੂਸਰੇ ਦੇ ਭਾਈਵਾਲ ਵੀ ਬਣਾ ਦਿੱਤਾ ਸੀ। ਇਕ-ਦੂਸਰੇ ਫ਼ਿਰਕੇ ਦੇ ਲੋਕ ਦੂਸਰੀਆਂ ਜ਼ਾਤਾਂ ਦੀ ਸੰਵੇਦਨਸ਼ੀਲਤਾ ਨੂੰ ਸੱਟ ਨਹੀਂ ਮਾਰਦੇ ਸਨ, ਇਸ ਦਾ ਇਕ ਕਾਰਨ ਇਹ ਵੀ ਸੀ ਕਿ ਤਿੰਨਾਂ ਫ਼ਿਰਕਿਆਂ ਦੇ ਪ੍ਰਤਿਸ਼ਠਤ ਲੋਕਾਂ ਨੇ ਰਾਜ ਨੂੰ ਧਰਮ ਨਿਰਪੱਖ ਬਣਾਉਣ ਵਿਚ ਅਹਿਮ ਯੋਗਦਾਨ ਪਾਇਆ ਸੀ ਅਤੇ ਪੰਜਾਬ ਉੱਪਰ ਹੋਏ ਲਗਾਤਾਰ ਹਮਲਿਆਂ ਨੇ ਪੰਜਾਬੀਆਂ ਵਿਚ ਮੁੜ ਉਭਰਨ ਦੇ ਗੁਣ ਪੈਦਾ ਕਰ ਦਿੱਤੇ ਸਨ। ਇਸ ਤਰ੍ਹਾਂ ਪੰਜਾਬੀਆਂ ਦੇ ਹਜ਼ਾਰਾਂ ਸਾਲਾਂ ਦੇ ‘ਅਸ਼ਾਂਤ ਇਤਿਹਾਸ’ ਨੇ ਪੰਜਾਬੀ ਚਰਿੱਤਰ ਨੂੰ ਇਕ ਵੱਖਰੀ ਸ਼ਕਲ ਤੇ ਸੁਭਾਅ ਪ੍ਰਦਾਨ ਕੀਤਾ ਸੀ। ਇਹੋ ਕਾਰਨ ਹੈ ਕਿ ਸ਼ਾਹ ਮੁਹੰਮਦ ਨੇ ਰਣਜੀਤ ਸਿੰਘ ਦੇ ਰਾਜ ਨੂੰ ਧਰਮ ਨਿਰਪੱਖ ਰਾਜ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ। ਸ਼ਾਹ ਮੁਹੰਮਦ ਅਨੁਸਾਰ :

ਵੱਡੀ ਸਾਂਝ ਹੈ ਹਿੰਦੂਆਂ ਮੁਸਲਮਾਨਾਂ

       ਨ੍ਹਾਂ ਦੇ ਨਾਲ ਨਾ ਕਿਸੇ ਦਾ ਵਾਸਤਾ ਈ।

ਜਿਥੋਂ ਤੱਕ ਉਸ ਵੇਲੇ ਦੀ ਆਰਥਿਕਤਾ ਦਾ ਸੰਬੰਧ ਹੈ, ਮਹਾਰਾਜਾ ਰਣਜੀਤ ਸਿੰਘ ਦੇ ਪੰਜਾਬ’ਤੇ ਕਾਬਜ਼ ਹੋਣ ਉਪਰੰਤ ਪੰਜਾਬ ਵਿਚ ਰਾਜ ਤਾਂ ਬਦਲਿਆ ਪਰ ਰਾਜ ਮਸ਼ੀਨਰੀ ਜਾਗੀਰਦਾਰੀ ਪ੍ਰਬੰਧ ਵਾਲੀ ਹੀ ਰਹੀ। ਇਸ ਦੇ ਬਾਵਜੂਦ ਉਸ ਵੇਲੇ ਪੰਜਾਬ ਵਿਚ ਸਰਮਾਏਦਾਰੀ ਪਨਪਨ ਦੀ ਪੂਰੀ ਕੋਸ਼ਿਸ਼ ਕਰ ਰਹੀ ਸੀ। ਉਸ ਸਮੇਂ ਪੰਜਾਬ ਦੀ ਖੇਤੀਬਾੜੀ, ਵਣਜ-ਵਪਾਰ ਅਤੇ ਘਰੇਲੂ ਉਦਯੋਗ ਮੁਲਕ ਦੇ ਦੂਸਰੇ ਪ੍ਰਦੇਸ਼ਾਂ ਨਾਲੋਂ ਉੱਨਤ ਸਨ। ਪਿੰਡਾਂ ਦੇ ਲੋਕ ਆਰਥਿਕ ਤੌਰ ਤੇ ਭਾਵੇਂ ਆਤਮ ਨਿਰਭਰ ਸਨ ਪਰ ਉਸ ਸਮੇਂ ਪਿੰਡਾਂ ਤੇ ਕਸਬਿਆਂ ਵਿਚ ਛੋਟੀਆਂ ਛੋਟੀਆਂ ਮੰਡੀਆਂ ਵੀ ਲੱਗਦੀਆਂ ਸਨ। ਇਸ ਤੋਂ ਇਲਾਵਾ “ਵੱਖ ਵੱਖ ਮੇਲਿਆਂ ਤੇ ਤਿਓਹਾਰਾਂ ਸਮੇਂ ਕਸਬਿਆਂ ਜਾਂ ਪਿੰਡਾਂ ਦੇ ਲੋਕ ਤੇ ਵਪਾਰੀ ਖ਼ਰੀਦੋ-ਫ਼ਰੋਖ਼ਤ ਕਰਦੇ ਸਨ। ਮਸ਼ਹੂਰ ਥਾਵਾਂ’ਤੇ ਪਸ਼ੂ ਮੇਲੇ ਲੱਗਦੇ ਸਨ ਜਿਥੇ ਘੋੜੇ , ਬਲਦ, ਗਾਵਾਂ ਤੇ ਮੱਝਾਂ ਆਦਿ ਵੇਚੀਆਂ ਤੇ ਖ਼ਰੀਦੀਆਂ ਜਾਂਦੀਆਂ ਸਨ। ਦੂਰ-ਦੂਰ ਤੋਂ ਲੋਕ ਆ ਕੇ ਪਸ਼ੂ ਖ਼ਰੀਦਦੇ ਸਨ। ਪਸ਼ੂਆਂ ਦਾ ਵਪਾਰ ਦਲਾਲਾਂ ਰਾਹੀਂ ਹੁੰਦਾ ਸੀ, ਜਿਹੜੇ ਦੋਵਾਂ ਧਿਰਾਂ ਪਾਸੋਂ ਕਮਿਸ਼ਨ ਲੈਂਦੇ ਸਨ।”26

ਮਹਾਰਾਜਾ ਰਣਜੀਤ ਸਿੰਘ ਨੇ ਵਪਾਰ, ਉਦਯੋਗ , ਅਤੇ ਕਰਾਫ਼ਟ ਆਦਿ ਨੂੰ ਉਤਸ਼ਾਹਿਤ ਕਰਨ ਦੇ ਕਾਫ਼ੀ ਯਤਨ ਕੀਤੇ ਸਨ। ਇਹਨਾਂ ਯਤਨਾਂ ਦਾ ਸਿੱਟਾ ਇਹ ਨਿਕਲਿਆ ਸੀ ਕਿ ਕਈ ਨਵੇਂ ਨਗਰ ਹੋਂਦ ਵਿਚ ਆਏ ਸਨ। ਲਾਹੌਰ ਅਤੇ ਅੰਮ੍ਰਿਤਸਰ ਉਸ ਸਮੇਂ ਦੇ ਅੰਦਰੂਨੀ ਅਤੇ ਬਹਿਰੂਨੀ ਵਪਾਰ ਦੇ ਬੜੇ ਵੱਡੇ ਕੇਂਦਰ ਸਨ। ਅੰਮ੍ਰਿਤਸਰ ਤਾਂ ਉੱਤਰੀ ਭਾਰਤ ਦਾ ਹੀ ਸਭ ਤੋਂ ਵੱਡਾ ਵਪਾਰਕ ਕੇਂਦਰ ਮੰਨਿਆ ਜਾਂਦਾ ਸੀ। ਇਥੋਂ ਦੀਆਂ ਸ਼ਾਲਾਂ ਦੂਰ-ਦੂਰ ਤਕ ਮਸ਼ਹੂਰ ਸਨ। ਇਸ ਤਰ੍ਹਾਂ ਲਾਹੌਰ ਤੇ ਅੰਮ੍ਰਿਤਸਰ ਵਰਗੇ ਸ਼ਹਿਰ ਸੂਤੀ ਕੱਪੜਾ , ਊਨੀ ਤੇ ਰੇਸ਼ਮੀ ਕੱਪੜੇ ਅਤੇ ਹਥਿਆਰਾਂ ਦੇ ਵਪਾਰ ਲਈ ਪ੍ਰਸਿੱਧ ਸਨ। ਪੰਜਾਬ ਦੇ ਵੱਡੇ ਵਪਾਰੀ ਇਹਨਾਂ ਸ਼ਹਿਰਾਂ ਵਿਚ ਹੀ ਰਹਿੰਦੇ ਸਨ। ਅੰਮ੍ਰਿਤਸਰ ਦੇ ਇਕ ਵਪਾਰਕ ਕੇਂਦਰ ਦੇ ਤੌਰ ਤੇ ਉਭਰਨ ਸੰਬੰਧੀ ਡਾ. ਜੇ. ਐਸ. ਗਰੇਵਾਲ ਲਿਖਦੇ ਹਨ :

ਅੰਮ੍ਰਿਤਸਰ ਭਾਰਤੀ ਉਪ-ਮਹਾਂਦੀਪ ਦੇ ਉੱਤਰ-ਪੱਛਮੀ ਖੇਤਰ ਦੇ ਇਕ ਪ੍ਰਮੁੱਖ ਸ਼ਹਿਰ ਦੇ ਤੌਰ’ਤੇ ਉੱਭਰਿਆ। ਰਣਜੀਤ ਸਿੰਘ ਦੇ ਰਾਜ ਵਿਚਲੇ ਮਹੱਤਵਪੂਰਨ ਸ਼ਹਿਰਾਂ ਦੀ ਗਿਣਤੀ ਇਕ ਸੌ ਤੋਂ ਵੀ ਟੱਪ ਗਈ ਸੀ ਜੋ ਵਪਾਰਕ ਕੇਂਦਰ ਵਜੋਂ ਵਿਕਸਤ ਹੋਏ। ਇਹਨਾਂ ਵਿਚੋਂ ਬਹੁਤ ਸਾਰੇ ਸ਼ਹਿਰ ਵਸਤੂਆਂ ਦੇ ਨਿਰਮਾਣ ਦੇ ਕੇਂਦਰ ਵਜੋਂ ਉਭਰੇ। ਲਾਹੌਰ ਸ਼ਹਿਰ ਦਾ ਪੁਨਰ-ਉਥਾਨ ਇਕ ਤਰ੍ਹਾਂ ਨਾਲ ਉਥੇ ਨਿਰਮਤ ਹੋਣ ਵਾਲੇ ਸੂਤੀ, ਊਨੀ ਅਤੇ ਰੇਸ਼ਮੀ ਕੱਪੜਿਆਂ ਅਤੇ ਧਾਤੂ ਕਲਾ ਕ੍ਰਿਤੀਆਂ ਦਾ ਪੁਨਰ-ਪ੍ਰਚਲਨ ਕਰਕੇ ਵੀ ਸੀ... ਅੰਮ੍ਰਿਤਸਰ, ਲਾਹੌਰ ਤੇ ਮੁਲਤਾਨ ਦੋਵਾਂ ਨਾਲੋਂ ਵੱਧ ਮਹੱਤਤਾ ਰੱਖਦਾ ਸੀ।27

ਸ਼ਾਹ ਮੁਹੰਮਦ ਦੇ ਸਮੇਂ ਧਨਾਢ ਸ਼ਾਹੂਕਾਰ ਅਤੇ ਵਪਾਰੀ ਵਰਗ ਰਾਜਾ ਸ਼੍ਰੇਣੀ ਨਾਲ ਪੱਕੀ ਭਿਆਲ ਰੱਖਦਾ ਸੀ। ਉਹ ਜੰਗਾਂ ਯੁੱਧਾਂ ਅਤੇ ਹੋਰ ਸਰਕਾਰੀ ਕੰਮਾਂ ਲਈ ਹਾਕਮਾਂ ਨੂੰ ਕਰਜ਼ੇ ਦੇ ਰੂਪ ਵਿਚ ਪ¨ਜੀ ਵੀ ਦਿੰਦਾ ਸੀ। ਉਦਾਹਰਨ ਦੇ ਤੌਰ’ਤੇ ਅੰਮ੍ਰਿਤਸਰ ਦੇ ਸੇਠ ਰਾਮਾਨੰਦ ਨੇ ਮਹਾਰਾਜਾ ਰਣਜੀਤ ਸਿੰਘ ਦੀ ਮਾਇਕ ਸੰਕਟ ਸਮੇਂ ਵਿਤੀ ਸਹਾਇਤਾ ਕੀਤੀ ਸੀ। ਇਸੇ ਤਰ੍ਹਾਂ ਉਸ ਵੇਲੇ ਰਾਜ ਵਿਚਲੇ ਵਪਾਰੀਆਂ ਦਾ ਵੀ ਉਚੇਚਾ ਧਿਆਨ ਰੱਖਿਆ ਜਾਂਦਾ ਸੀ ਤਾਂ ਜੋ ਵਪਾਰ ਵਿਚ ਵਾਧਾ ਹੋ ਸਕੇ।

              ਭਾਵੇਂ ਸਿੱਖ ਰਾਜ ਆਪਣੇ ਵਪਾਰੀਆਂ ਦੀ ਆਰਥਿਕ ਸਥਿਤੀ ਨੂੰ ਸੁਧਾਰਨਾ ਚਾਹੁੰਦਾ ਸੀ ਪਰ ਇਸ ਦੇ ਬਾਵਜੂਦ ਉਸ ਸਮੇਂ ਦਾ ਵਪਾਰੀ ਵਰਗ ਆਧੁਨਿਕ ਪ¨ਜੀਪਤੀਆਂ ਦਾ ਰੂਪ ਇਖ਼ਤਿਆਰ ਨਾ ਕਰ ਸਕਿਆ। ਇਸ ਦੇ ਹੇਠ ਲਿਖੇ ਕਈ ਕਾਰਨ ਸਨ :

(ੳ) ਉਸ ਸਮੇਂ ਦਾ ਵਪਾਰੀ ਵਰਗ ਜਗੀਰੂ ਹਾਕਮਾਂ ਦੀ ਜ਼ਬਤੀ ਤੋਂ ਡਰਦਾ ਸੀ, ਇਸ ਕਰਕੇ ਉਹ ਆਪਣੀ ਸਾਰੀ ਜਮ੍ਹਾਂ ਪ¨ਜੀ ਨੂੰ ਪ੍ਰਗਟ ਨਹੀਂ ਸੀ ਕਰਦਾ।

(ਅ) ਤਤਕਾਲੀਨ ਵਪਾਰੀ ਵਰਗ ਨੂੰ ਇਹ ਵੀ ਡਰ ਸੀ ਕਿ ਵਪਾਰ ਵਿਚ ਸਾਮੰਤੀ ਹਾਕਮ ਆਪਣਾ ਏਕਾਧਿਕਾਰ ਹੀ ਕਾਇਮ ਨਾ ਕਰ ਲੈਣ।

(ੲ) ਤਤਕਾਲੀਨ ਵਪਾਰੀ ਵਰਗ, ਸਿੱਖ ਹਾਕਮ ਵਰਗ ਦੀ ਸਰਪ੍ਰਸਤੀ ਅਧੀਨ ਚੱਲਦਾ ਸੀ।

(ਸ) ਖ਼ਰੀਦਦਾਰਾਂ ਦੀ ਕਮੀ ਸੀ, ਕੇਵਲ ਉੱਚ ਸ਼੍ਰੇਣੀ ਹੀ ਵਪਾਰੀਆਂ ਦੇ ਮਾਲ ਦੀ ਪ੍ਰਮੁੱਖ ਖ਼ਰੀਦਦਾਰ ਹੁੰਦੀ ਸੀ, ਆਦਿ।

ਸ਼ਾਹ ਮੁਹੰਮਦ ਦੇ ਸਮੇਂ ਭੂਮੀ ਕਰ ਵਿਵਸਥਾ ਵਿਤੀ ਪ੍ਰਬੰਧ ਦਾ ਸਭ ਤੋਂ ਜ਼ਰੂਰੀ ਅਤੇ ਮਹੱਤਵਪੂਰਨ ਅੰਗ ਸੀ। ਭੂਮੀ ਨਿਸ਼ਚਿਤ ਕਰਨ ਲਈ ਕੋਈ ਇਕ ਪ੍ਰਣਾਲੀ ਲਾਗੂ ਨਹੀਂ ਸੀ ਕੀਤੀ ਗਈ ਬਲਕਿ ਬਟਾਈ ਪ੍ਰਣਾਲੀ, ਕਨਕੂਤ ਪ੍ਰਣਾਲੀ, ਨਕਦੀ ਪ੍ਰਣਾਲੀ, ਠੇਕੇਦਾਰੀ ਆਦਿ ਪ੍ਰਣਾਲੀਆਂ ਪ੍ਰਚਲਿੱਤ ਸਨ। ਲਗਾਨ ਫ਼ਸਲ ਦੀ ਕਟਾਈ ਤੋਂ ਬਾਅਦ ਸਾਲ ਵਿਚ ਦੋ ਵਾਰ ਇਕੱਤਰ ਕੀਤਾ ਜਾਂਦਾ ਸੀ। ਕਾਨੂੰਗੋ ਤੇ ਪਟਵਾਰੀ ਭੂਮੀ ਕਰ ਸੰਬੰਧੀ ਸਾਰਾ ਰਿਕਾਰਡ ਤਿਆਰ ਕਰਦੇ ਸਨ। ਉਸ ਸਮੇਂ ਪੰਜਾਬ ਦੀ ਆਰਥਿਕ ਹਾਲਤ ਮੁੱਖ ਤੌਰ’ਤੇ ਖੇਤੀਬਾੜੀ’ਤੇ ਨਿਰਭਰ ਸੀ। ਕੁੱਝ ਲੋਕ ਵਪਾਰ, ਦੁਕਾਨਦਾਰੀ, ਵਣਜ ਤੇ ਦਸਤਕਾਰੀ ਦਾ ਕੰਮ ਵੀ ਕਰਦੇ ਸਨ। ਉਸ ਸਮੇਂ ਦਾ ਪੰਜਾਬ ਖਣਿਜ ਧਨ ਪੱਖੋਂ ਵੀ ਕਾਫ਼ੀ ਅਮੀਰ ਸੀ। ਪਹਾੜੀ ਇਲਾਕਿਆਂ ਵਿਚ ਕੱਚਾ ਲੋਹਾ ਤੇ ਤਾਂਬਾ ਕਾਫ਼ੀ ਮਾਤਰਾ ਵਿਚ ਮਿਲਦਾ ਸੀ। ਉਸ ਸਮੇਂ ਦਸਤਕਾਰੀ ਕਾਫ਼ੀ ਘੱਟ ਸੀ ਅਤੇ ਮਸ਼ੀਨਾਂ ਸਾਧਾਰਨ ਤੇ ਦੇਸੀ ਸਨ। ਲਘੂ ਉਦਯੋਗ, ਦਸਤਕਾਰੀਆਂ ਤੇ ਖੱਡੀਆਂ ਰਾਜ ਦੇ ਲੋਕਾਂ ਦੀਆਂ ਲੋੜਾਂ ਮੁਸ਼ਕਲ ਨਾਲ ਹੀ ਪੂਰੀਆਂ ਕਰਦੀਆਂ ਸਨ। ਲਾਹੌਰ ਸ਼ਹਿਰ ਬੰਦੂਕਾਂ, ਕ੍ਰਿਪਾਨਾਂ, ਮੈਚ ਲਾਕਸਾਂ (Match locks) ਆਦਿ ਹਥਿਆਰ ਬਣਾਉਣ ਲਈ ਮਸ਼ਹੂਰ ਸੀ। ਅੰਮ੍ਰਿਤਸਰ ਸ਼ਹਿਰ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਤਿਜ਼ਾਰਤਗਾਹ ਦੇ ਤੌਰ’ਤੇ ਪ੍ਰਸਿੱਧ ਹੋ ਚੁੱਕਾ ਸੀ। ਰਣਜੀਤ ਸਿੰਘ ਕਲਾ ਸ਼ਿਲਪ ਕ੍ਰਿਤਾਂ ਵਿਚ ਨਿੱਜੀ ਦਿਲਚਸਪੀ ਲੈਂਦਾ ਸੀ। ਉਸ ਸਮੇਂ ਪੰਜਾਬ ਦੇ ਅਫ਼ਗਾਨਿਸਤਾਨ, ਈਰਾਨ, ਕੇਂਦਰੀ ਏਸ਼ੀਆ ਅਤੇ ਤਿੱਬਤ ਨਾਲ ਚੰਗੇ ਵਪਾਰਕ ਸੰਬੰਧ ਵੀ ਸਨ।

ਸ਼ਾਹ ਮੁਹੰਮਦ ਦੇ ਸਮੇਂ ਤਤਕਾਲੀਨ ਸਾਮੰਤ ਸ਼੍ਰੇਣੀ ਦੀ ਬੜੀ ਉੱਚੀ ਸ਼ਾਨ ਹੁੰਦੀ ਸੀ। ਇਸ ਸ਼੍ਰੇਣੀ ਕੋਲ ਐਸ਼ੋ ਆਰਾਮ ਅਤੇ ਹੋਰ ਸਮਾਨ ਦੇ ਵਾਧੂ ਭੰਡਾਰ ਸਨ। ਉਦਾਹਰਨ ਦੇ ਤੌਰ’ਤੇ ਇਸ ਸ਼੍ਰੇਣੀ ਕੋਲ ਉੱਚੀਆਂ ਅਟਾਰੀਆਂ, ਹੀਰੇ, ਮੋਤੀ , ਲਾਲ , ਜਵਾਹਰਾਂ ਨਾਲ ਸਜੇ ਹੋਏ ਕੀਮਤੀ ਗਹਿਣੇ ਤੇ ਵਸਤਰ, ਸੋਨਾ , ਚਾਂਦੀ , ਪਾਲਕੀਆਂ, ਸੇਵਾਦਾਰ, ਦਾਸੀਆਂ, ਸੁੰਦਰ ਰਾਣੀਆਂ, ਸ਼ਾਨਦਾਰ ਹਵੇਲੀਆਂ, ਮਨਮੋਹਨੇ ਬਾਗ਼, ਅਨੇਕ ਖਾਣੇ ਤੇ ਪਕਵਾਨ ਆਦਿ ਦੇ ਵਾਧੂ ਭੰਡਾਰ ਸਨ। ਉਸ ਸਮੇਂ ਵਪਾਰ ਮੁੱਖ ਤੌਰ ਤੇ ਖੱਤਰੀ ਅਤੇ ਬਾਣੀਆਂ ਜ਼ਾਤ ਦੇ ਲੋਕ ਹੀ ਕਰਦੇ ਸਨ। ਰਣਜੀਤ ਸਿੰਘ ਆਪ ਲੂਣ ਤੇ ਦੁਸ਼ਾਲਿਆਂ ਦਾ ਵਪਾਰ ਕਰਦਾ ਸੀ ਜਿਸ ਦੀ ਜ਼ੁੰਮੇਵਾਰੀ ਰਾਜਾ ਗੁਲਾਬ ਸਿੰਘ ਨੂੰ ਸੋਂਪੀ ਹੋਈ ਸੀ।

ਉਪਰੋਕਤ ਦੇ ਬਾਵਜੂਦ ਉਸ ਸਮੇਂ ਪੰਜਾਬ ਦੀ ਆਰਥਿਕਤਾ ਮੁੱਖ ਤੌਰ’ਤੇ ਖੇਤੀਬਾੜੀ’ਤੇ ਹੀ ਨਿਰਭਰ ਸੀ। ਬਹੁਤ ਘੱਟ ਲੋਕ ਵਪਾਰ, ਉਦਯੋਗ ਜਾਂ ਦੁਕਾਨਦਾਰੀ ਦੇ ਧੰਦਿਆਂ ਵਿਚ ਲੱਗੇ ਹੋਏ ਸਨ। ਰਣਜੀਤ ਸਿੰਘ ਨੇ ਵੀ ਖੇਤੀਬਾੜੀ ਨੂੰ ਕਾਫ਼ੀ ਉਤਸ਼ਾਹਿਤ ਕੀਤਾ ਸੀ। ਇਹੋ ਕਾਰਨ ਸੀ ਕਿ ਉਸ ਦੇ ਰਾਜ ਕਾਲ ਦੌਰਾਨ ਤਿਜਾਰਤ ਤੇ ਖੇਤੀਬਾੜੀ ਵਿਚ ਵਾਧਾ ਹੋਇਆ ਸੀ। ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੋਣ ਕਰਕੇ ਉਦਯੋਗ ਵੱਲ ਉਨ੍ਹਾਂ ਦਾ ਧਿਆਨ ਘੱਟ ਸੀ। “ਉਦਯੋਗ ਦੇ ਖੇਤਰ ਵਿਚ ਸਾਧਨ ਪੁਰਾਣੀ ਕਿਸਮ ਦੇ ਅਤੇ ਸਾਦਾ ਸਨ। ਹੱਥਾਂ ਨਾਲ ਚੱਲਣ ਵਾਲੀਆਂ ਖੱਡੀਆਂ ਰਾਹੀਂ ਦਸਤਕਾਰੀ ਚੱਲਦੀ ਸੀ ਅਤੇ ਲੋਕਾਂ ਤੇ ਸਰਕਾਰ ਦੀ ਲੋੜ ਅਨੁਸਾਰ ਇਹ ਖੱਡੀਆਂ ਸੂਤੀ ਊਨੀ ਕੱਪੜਾ ਤਿਆਰ ਕਰਦੀਆਂ ਸਨ।”28 

ਸ਼ਾਹ ਮੁਹੰਮਦ ਦੇ ਜੀਵਨ ਕਾਲ ਦੌਰਾਨ ਜੱਟ ਕਿਸਾਨੀ ਨੂੰ ਆਪਣੀ ਚੜ੍ਹਤ ਦਾ ਇੱਕ ਮਨੋਵਿਗਿਆਨਿਕ ਹੁਲਾਰਾ ਮਿਲਿਆ ਸੀ। ਇਸ ਦਾ ਪ੍ਰਮੁੱਖ ਕਾਰਨ ਇਹ ਸੀ ਕਿ ਰਣਜੀਤ ਸਿੰਘ, ਉਸ ਦੇ ਜਾਗੀਰਦਾਰ ਅਤੇ ਪ੍ਰਮੁੱਖ ਫ਼ੌਜੀ ਅਫ਼ਸਰ ਆਦਿ ਜੱਟ ਕਿਸਾਨੀ ਵਿਚੋਂ ਸਨ। ਭਾਵੇਂ ਸਧਾਰਨ ਕਿਸਾਨੀ ਦੀ ਆਰਥਿਕਤਾ ਵਿਚ ਬੁਨਿਆਦੀ ਤੌਰ’ਤੇ ਕੋਈ ਅੰਤਰ ਨਹੀਂ ਸੀ ਆਇਆ ਕਿਉਂਕਿ ਉਸ ਸਮੇਂ ਪੰਜਾਬ ਵਿਚ ਬਹੁਤੀ ਗਿਣਤੀ ਜ਼ਮੀਨ ਦੇ ਛੋਟੇ ਰਕਬੇ ਦੇ ਮਾਲਕਾਂ ਦੀ ਹੀ ਸੀ। ਇਹ ਲੋਕ ਜਿਥੇ ਆਪਣੀ ਜ਼ਮੀਨ ਦੀ ਆਪ ਵਾਹੀ ਕਰਦੇ ਸਨ ਉਥੇ ਇਹ ਆਪਣੇ ਹਿੱਸੇ ਦਾ ਲਗਾਨ ਦਿੰਦੇ ਸਨ ਅਤੇ ਵਾਹੀ ਤੋਂ ਹੋਣ ਵਾਲੇ ਲਾਭ ਦੇ ਹੱਕਦਾਰ ਹੁੰਦੇ ਸਨ। ਇਹਨਾਂ ਨੂੰ ਮਾਲਕ ਕਾਸ਼ਤਕਾਰ ਕਿਹਾ ਜਾਂਦਾ ਸੀ। ਇਸ ਤੋਂ ਇਲਾਵਾ ਵੱਡੇ ਜਾਗੀਰਦਾਰ ਆਪਣੀ ਜ਼ਮੀਨ ਦੀ ਵਾਹੀ ਮੁਜਾਰਿਆਂ ਕੋਲੋਂ ਕਰਵਾੳਂੁਦੇ ਸਨ। ਵੱਡੇ ਜਾਗੀਰਦਾਰਾਂ ਦੀ ਜ਼ਮੀਨ ਦਾ ਬਹੁਤਾ ਹਿੱਸਾ ਗ਼ੈਰ ਮਾਲਕੀ ਕਾਸ਼ਤਕਾਰਾਂ ਨੂੰ ਵਾਹੀ ਲਈ ਦਿੱਤਾ ਜਾਂਦਾ ਸੀ ਜਿਨ੍ਹਾਂ ਵਿਚ ਮੁਆਫ਼ੀਦਾਰ ਵੀ ਸ਼ਾਮਲ ਹੁੰਦੇ ਸਨ। ਰਣਜੀਤ ਸਿੰਘ ਕਾਲ ਦੌਰਾਨ ਵੱਡੇ ਜਾਗੀਰਦਾਰਾਂ ਦੀ ਗਿਣਤੀ ਵਿਚ ਅਤੇ ਉਹਨਾਂ ਦੀ ਮਾਲਕੀ ਹੇਠਲੇ ਰਕਬੇ ਵਿਚ ਕਮੀ ਆਈ ਸੀ। ਇਸ ਦੇ ਉਲਟ ਜ਼ਿਮੀਂਦਾਰ ਕਾਸ਼ਤਕਾਰਾਂ ਦੀ ਗਿਣਤੀ ਅਤੇ ਉਹਨਾਂ ਦੀ ਮਾਲਕੀ ਹੇਠਲੇ ਰਕਬੇ ਵਿਚ ਕਾਫ਼ੀ ਵਾਧਾ ਹੋਇਆ ਸੀ। ਇਸ ਤਰ੍ਹਾਂ “ਉਸ ਸਮੇਂ ਪਿੰਡ ਦੇ ਸਮੁੱਚੇ ਆਰਥਿਕ ਸੰਗਠਨ ਵਿਚ ਗੈਰਮਾਲਕੀ ਕਾਸ਼ਤਕਾਰ ਇਕ ਮਹੱਤਵਪੂਰਨ ਰੋਲ ਨਿਭਾਉਂਦੇ ਸਨ।”29 ਰਣਜੀਤ ਸਿੰਘ ਦੀ ਫ਼ੌਜ ਵਿਚ ਜ਼ਿਆਦਾਤਰ ਸਿਪਾਹੀ ਵੀ ਜੱਟ ਕਿਸਾਨੀ ਅਤੇ ਕਿਰਤੀ ਜਮਾਤ ਵਿਚੋਂ ਭਰਤੀ ਕੀਤੇ ਜਾਂਦੇ ਸਨ। ਇਹਨਾਂ ਸਿਪਾਹੀਆਂ ਦੀਆਂ ਤਨਖ਼ਾਹਾਂ ਸਦਕਾ ਜੱਟ ਕਿਸਾਨੀ ਦੀ ਆਰਥਿਕ ਹਾਲਤ ਵਿਚ ਥੋੜਾ ਬਹੁਤ ਸੁਧਾਰ ਜ਼ਰੂਰ ਆਇਆ ਸੀ। ਜਿਸ ਸਮੇਂ ਅੰਗਰੇਜ਼ ਸਾਮਰਾਜ ਨੇ ਪੰਜਾਬ’ਤੇ ਕਬਜ਼ਾ ਕੀਤਾ ਤਾਂ ਬਹੁਤ ਸਾਰੇ ਜਾਗੀਰਦਾਰ ਅਤੇ ਸਰਦਾਰ ਕਿਸਾਨੀ ਵਿਚ ਪਰਤ ਗਏ। ਸ਼ਾਹ ਮੁਹੰਮਦ ਇਸ ਸੰਬੰਧ ਵਿਚ ਆਪਣੇ ਜੰਗਨਾਮੇ ਵਿਚ ਇਸ ਤਰ੍ਹਾਂ ਸੰਕੇਤ ਕਰਦਾ ਹੈ :

ਜਦੋਂ ਪਿਆ ਹਰਾਸ ਤੇ ਕਰਨ ਗੱਲਾਂ,

ੁੰਡੇ ਘੋੜ ਚੜ੍ਹੇ, ਨਵੇਂ ਛੋਕਰੇ ਜੀ।

          ...       ...       ...

ਾਹੀ ਕਰਦੇ ਤੇ ਰੋਟੀਆਂ ਖ਼ੂਬ ਖਾਂਦੇ,

ਸੀਂ ਕਿੰਨਾਂ ਦੇ ਹਾਂ ਪੁੱਤ ਪੋਤਰੇ ਜੀ।

ਾਹ ਮੁਹੰਮਦ ਖੂਹਾਂ ਤੇ ਮਿਲਖ ਵਾਲੇ,

      ਸੀਂ ਦੱਬ ਕੇ ਲਾਵਾਂਗੇ ਜੋਤਰੇ ਜੀ। 77

ਰਣਜੀਤ ਸਿੰਘ ਵੱਲੋਂ ਬਹੁਤ ਸਾਰੇ ਸਰਦਾਰਾਂ ਨੂੰ ਸੈਨਿਕ ਜਾਗੀਰਾਂ ਵੀ ਦਿੱਤੀਆਂ ਜਾਂਦੀਆਂ ਸਨ। ਆਮ ਤੌਰ’ਤੇ ਪਰਗਨਿਆਂ ਦੇ ਕਾਰਦਾਰਾਂ, ਕਾਨੂੰਗੋਆਂ, ਕਾਜ਼ੀਆਂ ਤੇ ਦੂਸਰੇ ਨਿਆਂਧੀਸ਼ਾਂ ਨੂੰ ਵੀ ਸਿਵਲ ਜਾਗੀਰਾਂ ਦਿੱਤੀਆਂ ਜਾਂਦੀਆਂ ਸਨ। ਇਹਨਾਂ ਤੋਂ ਇਲਾਵਾ ਧਾਰਮਿਕ ਨੇਤਾਵਾਂ, ਪੀਰਾਂ ਫ਼ਕੀਰਾਂ, ਗ੍ਰੰਥੀਆਂ ਤੇ ਗੁਰਦੁਆਰਿਆਂ ਨੂੰ ਦਿੱਤੀਆਂ ਜਾਂਦੀਆਂ ਜਾਗੀਰਾਂ ਨੂੰ ਧਰਮਾਰਥ ਜਾਗੀਰਾਂ ਦਾ ਨਾਂ ਦਿੱਤਾ ਗਿਆ ਸੀ। ਉਸ ਸਮੇਂ ਕਾਰਦਾਰਾਂ ਨੂੰ ਕਾਫ਼ੀ ਅਧਿਕਾਰ ਪ੍ਰਾਪਤ ਹੋਣ ਕਰਕੇ ਉਹ ਕਿਸਾਨਾਂ ਦਾ ਸ਼ੋਸ਼ਣ ਵੀ ਕਰਦੇ ਸਨ। ਕਾਰਦਾਰਾਂ ਨੂੰ ਅਦਾਲਤਾਂ ਲਗਾਉਣ ਅਤੇ ਦੀਵਾਨੀ ਤੇ ਫ਼ੌਜਦਾਰੀ ਮੁਕੱਦਮਿਆਂ ਦੇ ਫ਼ੈਸਲੇ ਕਰਨ ਦੇ ਪੂਰੇ ਅਧਿਕਾਰ ਸਨ। ਮੁਕੱਦਮਿਆਂ ਦੇ ਫ਼ੈਸਲੇ ਵੀ ਕੋਈ ਨਿਸ਼ਚਿਤ ਕਾਨੂੰਨ ਨਾ ਹੋਣ ਕਰਕੇ ਪ੍ਰਚਲਿੱਤ ਰੀਤਾਂ ਅਨੁਸਾਰ ਹੀ ਕੀਤੇ ਜਾਂਦੇ ਸਨ। ਇਸ ਲਈ ਸਾਮੰਤ ਵਰਗ ਦੇ ਵੱਖ-ਵੱਖ ਲੋਕ ਕਿਸਾਨਾਂ ਉੱਪਰ ਬਹੁਤ ਸਾਰੇ ਜ਼ੁਲਮ ਕਰਦੇ ਸਨ। ਇਹਨਾਂ ਦੇ ਹੱਥਾਂ ਵਿਚ ਬਹੁਤੀ ਸ਼ਕਤੀ ਹੁੰਦੀ ਸੀ ਤੇ ਇਹ ਭੋਗ-ਵਿਲਾਸ ਦਾ ਜੀਵਨ ਬਤੀਤ ਕਰਦੇ ਸਨ। ਇਸ ਦੇ ਬਾਵਜੂਦ ਅੰਗਰੇਜ਼ ਹਾਕਮਾਂ ਦੀ ਤੁਲਨਾਂ ਵਿਚ ਪੰਜਾਬ ਦੇ ਲੋਕਾਂ ਦਾ ਜੀਵਨ ਵੱਧ ਸੁਰੱਖਿਅਤ ਸੀ। ਰਣਜੀਤ ਸਿੰਘ ਨੇ ਕਿਸਾਨਾਂ ਦੀਆਂ ਲੋੜਾਂ ਅਤੇ ਉਹਨਾਂ ਦੀ ਸੁਰੱਖਿਆ ਵੱਲ ਖ਼ਾਸ ਧਿਆਨ ਦਿੱਤਾ ਸੀ।

ਪੰਜਾਬ ਦੀ ਧਰਤੀ ਉਪਜਾਊ ਹੋਣ ਕਰਕੇ ਇਥੇ ਕਣਕ , ਮੱਕੀ , ਜੋਂ ਤੇ ਕਪਾਹ ਆਦਿ ਫਸਲਾਂ ਦੀ ਉਪਜ ਕਾਫ਼ੀ ਜ਼ਿਆਦਾ ਹੁੰਦੀ ਸੀ। ਇਹੋ ਕਾਰਨ ਸੀ ਕਿ ਇਥੇ ਅਨਾਜ ਲੋਕਾਂ ਦੀ ਲੋੜ ਤੋਂ ਵੱਧ ਪੈਦਾ ਹੁੰਦਾ ਸੀ। ਉਸ ਸਮੇਂ ਖੇਤੀਬਾੜੀ ਦਾ ਧੰਦਾ ਮੁੱਖ ਤੌਰ’ਤੇ ਬਲਦਾਂ ਜਾਂ ਪਸ਼ੂਆਂ’ਤੇ ਨਿਰਭਰ ਕਰਦਾ ਸੀ। ਜ਼ਮੀਨ ਦੀ ਸਿੰਜਾਈ ਲਈ ਖੂਹ , ਤਲਾਬ ਤੇ ਚੋਅ ਸਨ। ਰਣਜੀਤ ਸਿੰਘ ਨੇ ਸਿੰਜਾਈ ਲਈ ਕੁੱਝ ਨਹਿਰਾਂ ਵੀ ਖੁਦਵਾਈਆਂ ਸਨ। ਪੈਦਾਵਾਰ ਉੱਪਰ ਜਾਗੀਰਦਾਰਾਂ ਦੀ ਇਜਾਰੇਦਾਰੀ ਕਾਇਮ ਸੀ। ਭਾਵੇਂ ਉਸ ਸਮੇਂ ਕਾਸ਼ਤਕਾਰਾਂ ਨੂੰ ਮੁਗ਼ਲ ਸ਼ਾਸਨ ਪ੍ਰਣਾਲੀ ਨਾਲੋਂ ਵੱਧ ਸਹੂਲਤਾਂ ਪ੍ਰਦਾਨ ਕੀਤੀਆ ਗਈਆਂ ਸਨ ਪਰ ਇਹ ਲੋਕ ਅਜੇ ਵੀ ਕਾਫ਼ੀ ਗਰੀਬ ਸਨ।

ਰਣਜੀਤ ਸਿੰਘ ਦੇ ਰਾਜ ਪ੍ਰਬੰਧ ਵਿਚ ਭਾਵੇਂ ਅਨੇਕ ਜਾਗੀਰਦਾਰ ਜਾਗੀਰਾਂ ਦੇ ਮਾਲਕ ਸਨ ਪਰ ਉਹ ਰਾਜੇ ਦੇ ਅਧੀਨ ਸਨ। ਜਿਹੜਾ ਜਾਗੀਰਦਾਰ ਰਾਜੇ ਦੀ ਅਧੀਨਗੀ ਨੂੰ ਸਵੀਕਾਰ ਨਹੀਂ ਸੀ ਕਰਦਾ ਉਸ ਦੀ ਜਾਗੀਰ ਜ਼ਬਤ ਕਰ ਲਈ ਜਾਂਦੀ ਸੀ। ਜਾਗੀਰਦਾਰਾਂ ਨੂੰ ਆਪਣੀਆਂ ਜਾਗੀਰਾਂ ਦੇ ਛੋਟੇ ਰਾਜੇ ਵੀ ਕਹਿ ਲਿਆ ਜਾਂਦਾ ਸੀ। ਰਣਜੀਤ ਸਿੰਘ ਨੇ ਆਪਣੇ ਪੂਰੇ ਰਾਜ ਖੇਤਰ ਨੂੰ ਲਾਹੌਰ, ਮੁਲਤਾਨ, ਪੇਸ਼ਾਵਰ ਅਤੇ ਕਸ਼ਮੀਰ ਪ੍ਰਾਂਤਾਂ ਵਿਚ ਵੰਡਿਆ ਹੋਇਆ ਸੀ। ਰਾਜ ਦੀ ਮੁੱਢਲੀ ਇਕਾਈ ਨੂੰ ਸੂਬਾ ਕਿਹਾ ਜਾਂਦਾ ਸੀ ਜਿਸ ਦਾ ਆਕਾਰ ਵੱਖ-ਵੱਖ ਥਾਂਵਾਂ ਤੇ ਵੱਖ-ਵੱਖ ਸੀ। ਇਸ ਦੇ ਪ੍ਰਬੰਧ ਲਈ, ‘ਨਾਜ਼ਿਮ’, ਨਿਯੁਕਤ ਕੀਤੇ ਗਏ ਸਨ ਜਿਹੜੇ ਸਿੱਧੇ ਤੌਰ’ਤੇ ਰਣਜੀਤ ਸਿੰਘ ਦੇ ਅਧੀਨ ਹੁੰਦੇ ਸਨ। ਸੂਬੇ ਨੂੰ ਅੱਗਿਉਂ ਵੱਖ-ਵੱਖ ਜ਼ਿਲ੍ਹਿਆਂ ਵਿਚ ਵੰਡਿਆਂ ਹੋਇਆ ਸੀ ਜਿਨ੍ਹਾਂ ਦੇ ਪ੍ਰਬੰਧ ਲਈ, ‘ਕਾਰਦਾਰ’, ਨਿਯੁਕਤ ਕੀਤੇ ਜਾਂਦੇ ਸਨ। ਜ਼ਿਲ੍ਹੇ, ਪਿੰਡਾਂ ਵਿਚ ਵੰਡੇ ਹੋਏ ਸਨ ਜਿਨ੍ਹਾਂ ਦੇ ਪ੍ਰਬੰਧ ਲਈ ਨੰਬਰਦਾਰ, ਚੌਕੀਦਾਰ ਅਤੇ ਪੰਚਾਇਤਾਂ ਹੁੰਦੀਆਂ ਸਨ। ਸੂਬੇ ਵਿਚ ਸ਼ਾਂਤੀ ਬਣਾਈ ਰੱਖਣ ਅਤੇ ਮਾਲੀਆ ਇਕੱਤਰ ਕਰਨ ਵਿਚ ਦੀਵਾਨ ਦੀ ਅਹਿਮ ਜ਼ੁੰਮੇਵਾਰੀ ਹੁੰਦੀ ਸੀ। ਇਸ ਤੋਂ ਇਲਾਵਾ ਮਾਲ ਵਿਵਸਥਾ ਦਾ ਸਭ ਤੋਂ ਮਹੱਤਵਪੂਰਨ ਕਰਮਚਾਰੀ ਕਾਰਦਾਰ ਹੁੰਦਾ ਸੀ ਜਿਸ ਦੇ ਅਧੀਨ ਇਲਾਕੇ ਨੂੰ ਪਰਗਨਾ ਕਿਹਾ ਜਾਂਦਾ ਸੀ। ਡਾ. ਜੇ. ਐਸ. ਗਰੇਵਾਲ ਇਸ ਸੰਬੰਧ ਵਿਚ ਲਿਖਦੇ ਹਨ :

ਰਣਜੀਤ ਸਿੰਘ ਦੇ ਸਿੱਧੇ ਪ੍ਰਬੰਧ ਹੇਠ ਆਉਂਦੇ ਰਾਜ ਖੇਤਰ ਨੂੰ ਅੱਗੋਂ ਕਈ ਉਪਭਾਗਾਂ ਵਿਚ ਵੰਡਿਆ ਹੋਇਆ ਸੀ, ਜਿਨ੍ਹਾਂ’ਤੇ ਮਹਾਰਾਜੇ ਵੱਲੋਂ ਗਵਰਨਰ (ਨਾਜ਼ਿਮ) ਨਿਯੁਕਤ ਕੀਤੇ ਜਾਂਦੇ ਸਨ। ਹਰੇਕ ਉਪਭਾਗ ਦੇ ਅੰਤਰਗਤ ਕਈ ਤਾਲੂੱਕਾ ਜਾਂ ਪਰਗਨੇ ਆਉਂਦੇ ਸਨ, ਜਿਨ੍ਹਾਂ ਤੇ ਮਾਲੀਏ ਦੀ ਉਗਰਾਹੀ ਅਤੇ ਅਮਨਕਾਨੂੰਨ ਬਣਾਈ ਰੱਖਣ ਲਈ ਕਾਰਦਾਰਾਂ ਦੀ ਨਿਯੁਕਤੀ ਕੀਤੀ ਜਾਂਦੀ ਸੀ।30

ਇਸ ਤਰ੍ਹਾਂ ਕਾਰਦਾਰ ਇਕ ਅਜਿਹਾ ਅਫ਼ਸਰ ਹੁੰਦਾ ਸੀ ਜਿਸ ਨੂੰ ਤਾਲੂਕੇ ਦੇ ਲੋਕਾਂ ਬਾਰੇ ਪੂਰਨ ਜਾਣਕਾਰੀ ਉਪਲਬਧ ਹੁੰਦੀ ਸੀ। ਉਹ ਸੁਬੇਦਾਰ ਦੀ ਨਿਗਰਾਨੀ ਹੇਠ ਕੰਮ ਕਰਦਾ ਸੀ ਅਤੇ ਉਸ ਦੇ ਅਧਿਕਾਰ ਖੇਤਰ ਵਿਚ ਮਾਮਲਾ ਲਾਉਣਾ, ਵਸੂਲ ਕਰਨਾ ਅਤੇ ਮਾਮਲਾ ਨਾ ਦੇਣ ਵਾਲੇ ਨੂੰ ਸਜ਼ਾ ਦੇਣਾ ਆਦਿ ਸ਼ਾਮਲ ਸਨ। ਤਾਲੂਕੇ, ਤਪਿਆਂ ਵਿਚ ਵੰਡੇ ਹੁੰਦੇ ਸਨ ਜਿਨ੍ਹਾਂ ਵਿਚ ਕਈ ਪਿੰਡ ਹੁੰਦੇ ਸਨ। ਤਾਲੂਕੇ ਅਤੇ ਤਪੇ ਦੇ ਪੱਧਰ’ਤੇ ਕਾਰਦਾਰ ਦੀ ਮਦਦ ਲਈ ਕਾਨੂੰਗੋ ਅਤੇ ਚੌਧਰੀ ਹੁੰਦੇ ਸਨ। ਪਿੰਡਾਂ ਵਿਚ ਚੌਧਰੀਆਂ ਦੀ ਮਦਦ ਲਈ ਮੁਕੱਦਮ ਅਤੇ ਕਾਨੂੰਗੋਆਂ ਦੀ ਮਦਦ ਲਈ ਪਟਵਾਰੀ ਹੁੰਦੇ ਸਨ। ਚੌਧਰੀ ਅਤੇ ਮੁਕੱਦਮ ਕਿਸਾਨਾਂ ਅਤੇ ਕਾਰਦਾਰਾਂ ਵਿਚ ਕੜੀ ਦਾ ਕੰਮ ਕਰਦੇ ਸਨ। ਇਸ ਤੋਂ ਸਪੱਸ਼ਟ ਹੈ ਕਿ ਰਣਜੀਤ ਸਿੰਘ ਨੇ ਆਪਣੀ ਬਹਾਦਰੀ, ਸਿਆਣਪ, ਦੂਰ-ਦ੍ਰਿਸ਼ਟੀ ਅਤੇ ਨਿੱਜੀ ਗੁਣਾਂ ਕਰਕੇ ਇਕ ਸ਼ਕਤੀਸ਼ਾਲੀ ਸਿੱਖ ਸਾਮਰਾਜ ਦੀ ਨੀਂਹ ਰੱਖੀ ਸੀ। ਰਣਜੀਤ ਸਿੰਘ ਦੀਆਂ ਸ਼ਾਨਦਾਰ ਫ਼ੌਜੀ ਜਿੱਤਾਂ ਕਾਰਨ ਸਿੱਖ ਸਾਮਰਾਜ ਦੀਆਂ ਹੱਦਾਂ ਕਸ਼ਮੀਰ ਅਤੇ ਅਫ਼ਗਾਨਿਸਤਾਨ ਤੱਕ ਪਹੁੰਚ ਗਈਆਂ ਸਨ। ਇਹੋ ਕਾਰਨ ਹੈ ਕਿ ਸ਼ਾਹ ਮੁਹੰਮਦ ਰਣਜੀਤ ਸਿੰਘ ਦੁਆਰਾ ਜਿੱਤੇ ਇਲਾਕਿਆਂ ਦਾ ਜ਼ਿਕਰ ਕਰਦਾ ਹੋਇਆ ਲਿਖਦਾ ਹੈ :

ਮਹਾਂ ਬਲੀ ਰਣਜੀਤ ਸਿੰਘ ਹੋਇਆ ਪੈਦਾ,

ਾਲ ਜ਼ੋਰ ਦੇ ਮੁਲਕ ਹਿਲਾਇ ਗਿਆ।

ੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ,

ੰਮੂ, ਕਾਂਗੜਾ ਕੋਟ ਨਿਵਾਇ ਗਿਆ।

ੋਰ ਦੇਸ਼ ਲਦਾਖ਼ ਤੇ ਚੀਨ ਤੋੜੀ,

ਸਿੱਕਾ ਆਪਣੇ ਨਾਮ ਚਲਾਇ ਗਿਆ।

ਾਹ ਮੁਹੰਮਦਾ ਜਾਣ ਪਚਾਸ ਬਰਸਾਂ,

    ਅੱਛਾ ਰੱਜ ਕੇ ਰਾਜ ਕਮਾਇ ਗਿਆ। 5

ਰਣਜੀਤ ਸਿੰਘ ਦੁਆਰਾ ਸਰਦਾਰਾਂ ਨੂੰ ਉੱਚ ਸਰਕਾਰੀ ਪਦਵੀਆਂ’ਤੇ ਨਿਯੁਕਤ ਕਰਨ ਕਰਕੇ ਸਰਦਾਰਾਂ ਦੇ ਹੱਥਾਂ ਵਿਚ ਬਹੁਤ ਸਾਰੀ ਸੰਪਤੀ , ਸਾਧਨ ਤੇ ਸ਼ਕਤੀ ਇਕੱਤਰ ਹੋ ਗਈ ਸੀ। ਪਰ ਰਣਜੀਤ ਸਿੰਘ ਇਸ ਗੱਲੋਂ ਚੇਤੰਨ ਸੀ। ਸਰਦਾਰਾਂ ਦੀ ਇਸ ਵਧਦੀ ਹੋਈ ਸ਼ਕਤੀ ਨੂੰ ਰੋਕਣ ਲਈ ਉਸ ਨੇ ਆਪਣੇ ਅਹਿਲਕਾਰਾਂ ਤੇ ਸਰਦਾਰਾਂ ਦੀ ਚੋਣ ਵੱਖ-ਵੱਖ ਜਾਤਾਂ, ਸੰਪਰਦਾਵਾਂ ਅਤੇ ਧਰਮਾਂ ਵਿਚੋਂ ਕੀਤੀ ਸੀ ਤਾਂ ਜੋ ਉਹ ਇਕੱਠੇ ਹੋ ਕੇ ਉਸ ਲਈ ਕੋਈ ਖ਼ਤਰਾ ਨਾ ਖੜ੍ਹਾ ਕਰ ਸਕਣ। ਇਸ ਤੋਂ ਇਲਾਵਾ ਰਣਜੀਤ ਸਿੰਘ ਹਾਰੇ ਹੋਏ ਰਾਜਿਆਂ ਨੂੰ ਜੀਵਨ ਨਿਰਬਾਹ ਲਈ ਵੀ ਜਾਗੀਰਾਂ ਬਖ਼ਸ਼ ਦਿੰਦਾ ਸੀ। ਰਣਜੀਤ ਸਿੰਘ ਨੇ ਕੇਵਲ ਸਿਵਲ ਪ੍ਰਬੰਧ ਦੀ ਹੀ ਵਿਵਸਥਾ ਨਹੀਂ ਸੀ ਕੀਤੀ ਬਲਕਿ ਫ਼ੌਜ ਦੇ ਪ੍ਰਬੰਧ ਵੱਲ ਵੀ ਧਿਆਨ ਕੇਂਦਰਿਤ ਕੀਤਾ ਸੀ। ਉਸ ਨੇ ਆਪਣੀ ਫ਼ੌਜ ਦੀ ਬੇਹਤਰੀ ਲਈ ਕਈ ਫਰਾਂਸੀਸੀਆਂ ਨੂੰ ਫ਼ੌਜ ਵਿਚ ਉੱਚੀਆਂ ਪਦਵੀਆਂ ਦਿੱਤੀਆਂ ਹੋਈਆਂ ਸਨ ਤਾਂ ਕਿ ਉਹ ਆਪਣੀ ਫ਼ੌਜ ਦਾ ਪੱਛਮੀ ਢੰਗ ਨਾਲ ਪੁਨਰਗਠਨ ਕਰ ਸਕੇ।

            ਆਪਣੇ ਮਕਸਦ ਨੂੰ ਪੂਰਾ ਕਰਨ ਲਈ ਰਣਜੀਤ ਸਿੰਘ ਨੇ ਆਪਣੀ ਫ਼ੌਜ ਨੂੰ ਪੱਛਮੀ ਢੰਗ ਨਾਲ ਢਾਲਣ ਦੀ ਕੋਸ਼ਿਸ਼ ਕੀਤੀ ਸੀ। ਉਸ ਨੇ ਮਹਿਸੂਸ ਕਰ ਲਿਆ ਸੀ ਕਿ ਭਾਰਤੀ ਸੈਨਿਕ ਪ੍ਰਣਾਲੀ ਨਾਲੋਂ ਯੂਰਪੀ ਸੈਨਿਕ ਪ੍ਰਣਾਲੀ ਕਾਫ਼ੀ ਉੱਤਮ ਹੈ। ਉਸ ਨੂੰ ਯੂਰਪੀਅਨ ਢੰਗ ਦੀ ਫ਼ੌਜੀ ਟ੍ਰੇਨਿੰਗ ਅਤੇ ਅਨੁਸ਼ਾਸਨ ਬਾਰੇ ਪੂਰਨ ਜਾਣਕਾਰੀ ਸੀ। ਇਹੋ ਕਾਰਨ ਸੀ ਕਿ ਰਣਜੀਤ ਸਿੰਘ ਨੇ ਆਪਣੀ ਫ਼ੌਜ ਨੂੰ ਅੰਗਰੇਜ਼ੀ ਅਤੇ ਫਰਾਂਸੀਸੀ ਢੰਗ ਨਾਲ ਟ੍ਰੇਨਿੰਗ ਦੇਣ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਇਲਾਵਾ ਰਣਜੀਤ ਸਿੰਘ ਨੇ ਸਿੱਖ ਰਾਜ ਵਿਚ ਇਕ ਸੁਯੋਗ ਤੇ ਨਿਪੁੰਨ ਮੰਤਰੀ-ਮੰਡਲ ਦੀ ਸਥਾਪਨਾ ਕੀਤੀ ਸੀ। ਰਣਜੀਤ ਸਿੰਘ ਦੇ ਮੰਤਰੀ-ਮੰਡਲ ਵਿਚ ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ, ਗ੍ਰਹਿ ਮੰਤਰੀ, ਵਿੱਤ ਮੰਤਰੀ ਅਤੇ ਯੁੱਧ ਮੰਤਰੀ ਆਦਿ ਸ਼ਾਮਲ ਸਨ। ਵੱਖ-ਵੱਖ ਮਹਿਕਮਿਆਂ ਵਿਚ ਉਤਸ਼ਾਹ ਵਧਾਉਣ ਲਈ ਕਈ ਤਰ੍ਹਾਂ ਦੇ ਖ਼ਿਤਾਬ ਦਿੱਤੇ ਜਾਂਦੇ ਸਨ। ਰਣਜੀਤ ਸਿੰਘ ਦੀ ਫ਼ੌਜ ਦਾ ਇਕ ਗੁਣ ਇਹ ਵੀ ਸੀ ਕਿ ਫ਼ੌਜ ਦੀ ਭਰਤੀ ਜਾਂ ਤਰੱਕੀ ਸਮੇਂ ਧਰਮ ਤੇ ਜ਼ਾਤ-ਪਾਤ ਦਾ ਭੇਦ-ਭਾਵ ਨਹੀਂ ਸੀ ਕੀਤਾ ਜਾਂਦਾ। ਇਹੋ ਕਾਰਨ ਸੀ ਕਿ ਰਣਜੀਤ ਸਿੰਘ ਦਾ ਸੈਨਿਕ ਅਤੇ ਪ੍ਰਸਾਸ਼ਨ ਪ੍ਰਬੰਧ ਦੇਸੀ ਰਾਜਿਆਂ ਨਾਲੋਂ ਸੁਚੱਜਾ ਅਤੇ ਆਧੁਨਿਕ ਢੰਗ ਦਾ ਸ਼ਕਤੀਸ਼ਾਲੀ ਪ੍ਰਬੰਧ ਸੀ।ਉਸ ਨੇ ਕੇਂਦਰੀ ਸ਼ਾਸਨ ਵਿਚ ਸਹਾਇਕ ਤੇ ਸਲਾਹਕਾਰ ਪਦ-ਅਧਿਕਾਰੀ ਵੀ ਸਨ, ਜਿਸ ਨੂੰ ‘ਕੋਂਸਲ’ ਕਿਹਾ ਜਾਂਦਾ ਸੀ। ਸ਼ਾਹ ਮੁਹੰਮਦ ਇਸ ਦਾ ਜ਼ਿਕਰ ਇਸ ਤਰ੍ਹਾਂ ਕਰਦਾ ਹੈ :

ਸ਼ਾਹ ਮੁਹੰਮਦ ਕਈਆਂ ਦੇ ਮਾਰਨੇ ਨੂੰ,

    ਵਿਚ ਕੋਂਸਲੇ ਕੌਰ ਨੂੰ ਹੁਕਮ ਹੋਇਆ। 8

     ਰਣਜੀਤ ਸਿੰਘ ਦੇ ਰਾਜਕਾਲ ਦੌਰਾਨ ਪਹਿਲੀ ਵਾਰ ਪੰਜਾਬ ਦੇ ਤਿੰਨ ਪ੍ਰਮੁੱਖ ਧਰਮਾਂ ਹਿੰਦੂ, ਮੁਸਲਮਾਨ ਤੇ ਸਿੱਖ ਧਰਮਾਂ ਨੇ ਆਪਣੀਆ ਸਭਿਆਚਾਰਕ ਪਰੰਪਰਾਵਾਂ ਦੇ ਏਕੀਕਰਨ ਵੱਲ ਪੁਲਾਂਘ ਪੁੱਟੀ ਸੀ। ਸਿੱਖ ਧਰਮ ਦਾ ਆਦਰਸ਼ ਮਨੁੱਖੀ ਕਲਿਆਣ ਤੇ ਆਤਮ ਸਨਮਾਨ ਦੀ ਰੱਖਿਆ ਵਾਲਾ ਸੀ। ਸਿੱਖ ਗੁਰੂਆਂ ਨੇ ‘ਨਾ ਕੋ ਹਿੰਦੂ ਨਾ ਮੁਸਲਮਾਨ’ ਆਖ ਕੇ ਹਿੰਦੂ ਅਤੇ ਮੁਸਲਮਾਨ ਧਰਮਾਂ ਵਿਚ ਪਰਸਪਰ ਸਹਿਹੋਂਦ ਦੀ ਭਾਵਨਾ ਸਥਾਪਤ ਕਰਨ ਦੇ ਯਤਨ ਕੀਤੇ ਸਨ। ਇਸ ਸਹਿਹੋਂਦ ਦੀ ਭਾਵਨਾ ਦੇ ਅਸਲੀ ਪ੍ਰਮਾਣ ਸ਼ਾਹ ਮੁਹੰਮਦ ਨੇ ਤੱਤਕਾਲੀਨ ਪੰਜਾਬ ਦੀ ਇਸ ਤਸਵੀਰ ਦੇ ਨਕਸ਼ ‘ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ’ ਲਿਖ ਕੇ ਉਘਾੜਨ ਦੇ ਯਤਨ ਕੀਤੇ ਸਨ। ਰਣਜੀਤ ਸਿੰਘ ਦੇ ਰਾਜ ਕਾਲ ਦੌਰਾਨ ਇਕ ਅਜਿਹਾ ਸਭਿਆਚਾਰਕ ਮਾਹੌਲ ਸਿਰਜਿਆ ਗਿਆ ਸੀ, ਜਿਸ ਵਿਚ ਹਰ ਧਰਮ ਦੇ ਲੋਕਾਂ ਨੇ ਇਸ ਰਾਜ ਨੂੰ ਆਪਣਾ ਰਾਜ ਕਿਹਾ ਸੀ। ਇਸ ਦਾ ਇਕ ਹੋਰ ਪ੍ਰਮੁੱਖ ਕਾਰਨ ਰਣਜੀਤ ਸਿੰਘ ਦਾ ਧਰਮ-ਨਿਰਪੱਖਤਾ ਵਾਲਾ ਕਿਰਦਾਰ ਵੀ ਕਿਹਾ ਜਾ ਸਕਦਾ ਹੈ। ਇਹੋ ਕਾਰਨ ਸੀ ਕਿ ਅੰਗਰੇਜ਼ ਸਾਮਰਾਜ ਦੀ ਪੰਜਾਬ ਵਿਚ ਆਮਦ ਤੋਂ ਬਾਅਦ ਸ਼ਾਹ ਮੁਹੰਮਦ ਪੰਜਾਬ ਦੇ ਇਸ ‘ਸਾਂਝੇ ਸਭਿਆਚਾਰ ’ ਨੂੰ ਖ਼ਤਰੇ ਵਿਚ ਪਿਆ ਮਹਿਸੂਸ ਕਰਦਾ ਹੈ। ਉਹ ਅੰਗਰੇਜ਼ਾਂ ਨੂੰ ‘ਤੀਸਰੀ ਜ਼ਾਤ’ ਕਹਿ ਕੇ ਨਕਾਰ ਦਿੰਦਾ ਹੈ। ਪ੍ਰਸਿੱਧ ਇਤਿਹਾਸਕਾਰ ਐਨ. ਕੇ. ਸਿਨਹਾ ਅਨੁਸਾਰ, “ਰਣਜੀਤ ਸਿੰਘ ਦੀਆਂ ਨਜ਼ਰਾਂ ਵਿਚ ਤਾਕਤ ਦਾ ਆਧਾਰ ਇਖ਼ਲਾਕੀ ਨਹੀਂ ਸਗੋਂ ਫ਼ੌਜੀ ਸੀ ਪਰੰਤੂ ਫਿਰ ਵੀ ਇਹ ਹਿੰਦੁਸਤਾਨੀ ਸਰਦਾਰ ਜੋ ਆਪਣੇ ਲੋਕਾਂ ਦੇ ਸਭ ਹਿੱਸਿਆਂ-ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ-ਦੀ ਹਮਾਇਤ ਹਾਸਲ ਕਰ ਸਕਿਆ, ਜੋ ਉੱਤਰ-ਪੱਛਮੀ ਸਰਹੱਦ ਨੂੰ ਸ਼ਕਤੀਸ਼ਾਲੀ ਅਫ਼ਗਾਨਿਸਤਾਨ ਅਤੇ ਖ਼ਰੂਦੀ ਸਰਹੱਦੀ ਕਬੀਲਿਆਂ ਤੋਂ ਬਚਾ ਕੇ ਇਸ ਵਿਚ ਸਫ਼ਲਤਾ ਨਾਲ ਰਾਜ ਕਰ ਸਕਿਆ।”31 ਇਹੋ ਕਾਰਨ ਹੈ ਕਿ ਸ਼ਾਹ ਮੁੰਹਮਦ ਸਿੱਖ ਰਾਜ ਨੂੰ ਧਰਮ ਨਿਰਪੱਖਤਾ ਦਾ ਰਾਜ ਸਿੱਧ ਕਰਦਿਆਂ ਲਿਖਦਾ ਹੈ :

ਵੱਡੀ ਸਾਂਝ ਹੈ ਹਿੰਦੂਆਂ ਮੁਸਲਮਾਨਾਂ,

    ਉਨ੍ਹਾਂ ਦੇ ਨਾਲ ਨਾ ਕਿਸੇ ਦਾ ਵਾਸਤਾ ਈ।

ਇਸ ਦੇ ਬਾਵਜੂਦ ਉਸ ਸਮੇਂ ਜ਼ਾਤ-ਪਾਤ ਦਾ ਪ੍ਰਭਾਵ ਵੀ ਕਾਫ਼ੀ ਜ਼ੋਰਾਂ’ਤੇ ਸੀ। ਤਤਕਾਲੀਨ ਸਮਾਜ ਜਾਤਪਾਤ ਦੀਆਂ ਵੰਡੀਆਂ ਵਿਚ ਬੁਰੀ ਤਰ੍ਹਾਂ ਵੰਡਿਆ ਹੋਇਆ ਸੀ। ਇਹ ਵੰਡੀਆਂ ਕੇਵਲ ਵੱਖ-ਵੱਖ ਧਰਮਾਂ ਵਿਚ ਹੀ ਨਹੀਂ ਸਨ ਬਲਕਿ ਵੱਖ-ਵੱਖ ਕਬੀਲੇ ਵੀ ਜ਼ਾਤ-ਪਾਤ ਦੀ ਭਿਆਨਕ ਬਿਮਾਰੀ ਦਾ ਸ਼ਿਕਾਰ ਸਨ। ਇਸ ਦਾ ਸਿੱਟਾ ਇਹ ਨਿਕਲਿਆ ਸੀ ਕਿ ਗੁਰੂਆਂ ਦੀਆਂ ਸਿੱਖਿਆਵਾਂ ਦੇ ਬਾਵਜੂਦ ਰਣਜੀਤ ਸਿੰਘ ਕਾਲ ਦੌਰਾਨ ਬ੍ਰਾਹਮਣਵਾਦ ਮਜ਼ਬੂਤ ਹੋਇਆ ਸੀ। ਪੇਂਡੂ ਸਮਾਜ ਵਿਚ ਇਸ ਸਮੇਂ ਬ੍ਰਾਹਮਣ ਦਾ ਦਰਜਾ ਲਾਗੀਆਂ ਵਿਚ ਸ਼ਾਮਲ ਕੀਤਾ ਜਾਣ ਲੱਗ ਪਿਆ ਅਤੇ ਇਸ ਦੌਰਾਨ ਔਰਤਾਂ ਉੱਪਰ ਵੀ ਪਰਦੇ ਦਾ ਬੋਝ ਵੱਧ ਗਿਆ ਸੀ। ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਦੇ ਉਲਟ ਰਾਣੀਆਂ ਮ੍ਰਿਤਕ ਰਾਜਿਆਂ ਦੀ ਦੇਹ ਨਾਲ ਹੀ ਸਤੀ ਹੋ ਜਾਂਦੀਆਂ ਸਨ। ਆਮ ਤੌਰ’ਤੇ ਔਰਤਾਂ ਘਰ ਦੀ ਚਾਰ ਦੀਵਾਰੀ ਵਿਚ ਹੀ ਰਹਿੰਦੀਆਂ ਸਨ। ਰਣਜੀਤ ਸਿੰਘ ਨੇ 1834 ਈ. ਵਿਚ ਮੰਡੀ , ਸਕੇਤ, ਕੁੱਲੂ ਅਤੇ ਚੰਬਾ ਦੇ ਰਾਜਿਆਂ ਨੂੰ ਔਰਤਾਂ ਦਾ ਵਪਾਰ ਕਰਨ ਤੋਂ ਰੋਕਿਆ ਸੀ। ਇਸ ਦੇ ਬਾਵਜੂਦ ਰਾਣੀ ਸਦਾ ਕੌਰ ਅਤੇ ਸਾਹਿਬ ਕੌਰ ਵਰਗੀਆਂ ਬਹਾਦਰ ਔਰਤਾਂ ਜੰਗ ਦੇ ਮੈਦਾਨ ਵਿਚ ਬੜੀ ਬਹਾਦਰੀ ਨਾਲ ਮਰਦਾਂ ਵਾਂਗ ਲੜੀਆਂ ਸਨ। ਇਸਲਾਮ ਦੇ ਲਗਪਗ ਇਕ ਹਜ਼ਾਰ ਸਾਲਾਂ ਦੇ ਰਾਜ ਕਾਰਨ ਪੰਜਾਬ ਵਿਚ ਬ੍ਰਾਹਮਣਵਾਦ ਦਾ ਬਾਹਰੀ ਪ੍ਰਭਾਵ ਵੀ ਲੱਗਪਗ ਖ਼ਤਮ ਹੋ ਚੁੱਕਾ ਸੀ। ਉਸ ਸਮੇਂ ਇਸਲਾਮ ਧਰਮ ਵੀ ਮੁੱਖ ਤੌਰ’ਤੇ ਦੋ ਵਰਗਾਂ ਸੁੰਨੀ ਅਤੇ ਸ਼ੀਆਂ ਵਿਚ ਵੰਡਿਆ ਹੋਇਆ ਸੀ। ਭਾਵੇਂ ਕਿ ਉਸ ਸਮੇਂ ਪੰਜਾਬ ਵਿਚ ਸੂਫ਼ੀਵਾਦ ਨਾਲ ਸੰਬੰਧਿਤ ਖ਼ਾਨਗਾਹਾਂ ਤੇ ਮਜ਼ਾਰਾਂ ਦੀ ਗਿਣਤੀ ਕਾਫ਼ੀ ਸੀ ਅਤੇ ਇਹਨਾਂ ਦਾ ਬਹੁਤ ਸਤਿਕਾਰ ਸੀ ਫਿਰ ਵੀ ਇਹਨਾਂ ਦੀ ਗਿਣਤੀ ਵਿਚ ਉਸ ਸਮੇਂ ਕੋਈ ਖ਼ਾਸ ਵਾਧਾ ਨਹੀਂ ਸੀ ਹੋਇਆ। ਪਿੰਡਾਂ ਵਿਚ ਵਿਕੋਲਿਤਰੇ ਧਰਮਾਂ ਦੇ ਲੋਕਾਂ ਨੇ ਵੱਖੋ-ਵੱਖ ਮਸਜਿਦ, ਮੰਦਰ ਤੇ ਗੁਰਦੁਆਰੇ ਬਣਾਏ ਹੋਏ ਸਨ।

            ਰਣਜੀਤ ਸਿੰਘ ਦੇ ਕਾਲ ਦੌਰਾਨ ਵਿਦਿਆ ਦਾ ਪਸਾਰ ਸਰਕਾਰੀ, ਸਮਾਜਿਕ, ਸਭਿਆਚਾਰਕ ਤੇ ਧਾਰਮਿਕ ਅਦਾਰਿਆਂ ਤੋਂ ਇਲਾਵਾ ਵਿਅਕਤੀਗਤ ਸਾਧਨਾਂ ਦੁਆਰਾ ਵੀ ਹੋਇਆ ਸੀ। “ਉਸ ਸਮੇਂ ਨਾਗਰੀ ਅਤੇ ਸੰਸਕ੍ਰਿਤ ਦੇ ਸਕੂਲ ਠਾਕੁਰਦੁਆਰਿਆਂ ਅਤੇ ਸ਼ਿਵਾਲਿਆਂ ਵਿਚ ਖੁੱਲ੍ਹ ਗਏ ਸਨ। ਗੁਰਮੁਖੀ ਦੀ ਸਿੱਖਿਆ ਵਰਨੈਕੁਲਰ (ਸਧਾਰਨ ਆਮ ਭਾਸ਼ਾ) ਦੇ ਤੌਰ ਤੇ ਦਿੱਤੀ ਜਾਂਦੀ ਸੀ। ਸੰਸਕ੍ਰਿਤ ਵਿਆਕਰਨ, ਕਵਿਤਾ, ਇਤਿਹਾਸ, ਜੋਤਸ਼, ਵੇਦਾਂਤ ਨਿਆਇ ਅਤੇ ਧਾਰਮਿਕ ਪੁਸਤਕਾਂ ਪੜ੍ਹਾਈਆਂ ਜਾਂਦੀਆਂ ਸਨ। ਵੇਦਾਂ ਅਤੇ ਹਿਕਮਤ ਦੀ ਸਿੱਖਿਆ ਵੀ ਪ੍ਰਦਾਨ ਕੀਤੀ ਜਾਂਦੀ ਸੀ। ਉਸ ਸਮੇਂ ਫ਼ਿਲਾਸਫ਼ੀ ਅਤੇ ਤਰਕ ਸ਼ਾਸਤਰ ਦੀ ਸਿੱਖਿਆ ਬ੍ਰਾਹਮਣਾਂ ਤੋਂ ਇਲਾਵਾ ਕਿਸੇ ਹੋਰ ਨੂੰ ਦੇਣ ਉੱਤੇ ਕਈ ਇਤਰਾਜ਼ ਕੀਤੇ ਜਾਂਦੇ ਸਨ।”32 ਇਸ ਕਾਲ ਦੀ ਰਾਜ ਭਾਸ਼ਾ ਫ਼ਾਰਸੀ ਸੀ ਜੋ ਮੁਗ਼ਲਾਂ ਦੇ ਰਾਜ ਤੋਂ ਹੀ ਤੁਰੀ ਆ ਰਹੀ ਸੀ। ਫ਼ਾਰਸੀ ਭਾਸ਼ਾ ਦੀ ਵਰਤੋਂ ਭਾਵੇਂ ਨਿੱਜੀ ਪੱਧਰ’ਤੇ ਵੀ ਕੀਤੀ ਜਾਂਦੀ ਸੀ ਪਰ ਸਿੱਖਾਂ ਦੇ ਆਪਸੀ ਚਿੱਠੀ-ਪੱਤਰ ਗੁਰਮੁਖੀ ਵਿਚ ਹੀ ਲਿਖੇ ਮਿਲਦੇ ਹਨ। ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ ਨੂੰ ਗੁਰਦੁਆਰਿਆਂ ਵਿਚ ਧਾਰਮਿਕ ਸਿਖਿਆ ਲਈ ਵਰਤਿਆ ਜਾਂਦਾ ਸੀ। ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਗੁਰਮੁਖੀ ਵਿਚ ਹੀ ਪੜ੍ਹਾਇਆ ਤੇ ਸਿੱਖਿਆ ਜਾਂਦਾ ਸੀ। ਇਸ ਤੋਂ ਇਲਾਵਾ ਗੁਰਮੁਖੀ ਅੱਖਰਾਂ ਵਿਚ ਤੁਲਸੀਦਾਸ ਰਚਿਤ ਰਾਮਾਇਣ ਅਤੇ ਗੀਤਾ ਵੀ ਪੜ੍ਹਾਈ ਜਾਂਦੀ ਸੀ। ਅੰਮ੍ਰਿਤਸਰ ਗੁਰਮਤਿ ਸਿਖਿਆ ਦਾ ਕੇਂਦਰ ਹੋਣ ਦੇ ਨਾਤੇ ਸਾਰੇ ਰਾਜ ਵਿਚ ਮਸ਼ਹੂਰ ਸੀ। ਇਸ ਦੇ ਬਾਵਜੂਦ ਉਸ ਸਮੇਂ ਸਰਕਾਰੀ ਫ਼ੁਰਮਾਨ ਫ਼ਾਰਸੀ ਵਿਚ ਹੀ ਜਾਰੀ ਕੀਤੇ ਜਾਂਦੇ ਸਨ। ਸ਼ਾਹ ਮੁਹੰਮਦ ਦੇ ਸਮੇਂ ਹਿੰਦੂਆਂ ਵਿਚ ਬ੍ਰਾਹਮਣ, ਸਿੱਖਾਂ ਵਿਚ ਬੇਦੀ ਤੇ ਸੋਢੀ ਅਤੇ ਮੁਸਲਮਾਨਾਂ ਵਿਚ ਸਈਯਦ ਪਿੰਡ ਦੇ ਧਾਰਮਿਕ ਆਗੂ ਮੰਨੇ ਜਾਂਦੇ ਸਨ। ਬੇਦੀਆਂ ਨੂੰ ਨਾਨਕ-ਪੁੱਤਰ ਵੀ ਕਿਹਾ ਜਾਂਦਾ ਸੀ ਅਤੇ ਇਹ ਲੋਕ ਵਣਜ ਤੇ ਵਪਾਰ ਕਰਦੇ ਸਨ। ਉਸ ਸਮੇਂ ਕੇਂਦਰੀ ਪੰਜਾਬ ਦਾ ਵਪਾਰ ਬੇਦੀਆਂ ਦੇ ਹੱਥਾਂ ਵਿਚ ਹੀ ਸੀ। ਸਰਕਾਰ ਵੱਲੋਂ ਇਹਨਾਂ ਨੂੰ ਜਾਗੀਰਾਂ ਵੀ ਬਖ਼ਸ਼ੀਆਂ ਗਈਆਂ ਸਨ ਅਤੇ ਇਹਨਾਂ ਦਾ ਮਾਲੀਆਂ ਮੁਆਫ਼ ਕੀਤਾ ਗਿਆ ਸੀ। ਬਾਣੀਆਂ ਜ਼ਾਤੀ ਦੇ ਲੋਕ ਜਿਵੇਂ ਅਗਰਵਾਲ ਆਦਿ ਤਿਜਾਰਤ ਦਾ ਕੰਮ ਕਰਦੇ ਸਨ। ਸ਼ਾਹ ਮੁਹੰਮਦ ਦੀ ਸ਼ਖ਼ਸੀਅਤ ਉੱਪਰ ਇਹਨਾਂ ਸਾਰੀਆ ਗੱਲਾਂ ਦਾ ਬਹੁਤ ਅਸਰ ਸੀ, ਇਹੋ ਕਾਰਨ ਹੈ ਕਿ ਸ਼ਾਹ ਮੁਹੰਮਦ ਨੇ ਤਤਕਾਲੀਨ ਸਮਾਜ ਦੇ ਇਤਿਹਾਸਿਕ ਚਿਤਰਣ ਦੇ ਨਾਲ-ਨਾਲ ਪੰਜਾਬ ਦੇ ਲੋਕ ਜੀਵਨ ਦੇ ਅਨੇਕ ਪੱਖਾਂ ਨੂੰ ਵੀ ਉਘਾੜਨ ਦੇ ਯਤਨ ਕੀਤੇ ਹਨ। ਉਦਾਹਰਨ ਦੇ ਤੌਰ ਤੇ ਸ਼ਾਹ ਮੁਹੰਮਦ ਆਪਣੀ ਰਚਨਾ ਵਿਚ ਪੰਜਾਬ ਦੇ ਲੋਕ ਭਰਮਾਂ ਅਤੇ ਰੀਤੀ-ਰਿਵਾਜ਼ਾਂ ਵੱਲ ਸੰਕੇਤ ਕਰਦਾ ਹੋਇਆ ਲਿਖਦਾ ਹੈ :

ਹੁਣ ਮੋਇਆ ਤੇ ਕਰੋ ਸਸਕਾਰ ਇਸ ਦਾ,

    ਭਲਾ ਤੁਸਾਂ ਕਿਉਂ ਇਤਨੀ ਦੇਰ ਲਾਈ। 11

ਉਸ ਸਮੇਂ ਜ਼ਿੰਦਗੀ ਵਿਚ ਰਸ ਪੈਦਾ ਕਰਨ ਲਈ ਵੱਖ-ਵੱਖ ਮੇਲੇ ਤੇ ਤਿਉਹਾਰ ਸਾਂਝੇ ਤੌਰ’ਤੇ ਮਨਾਏ ਜਾਂਦੇ ਸਨ। ਹਿੰਦੂਆਂ ਅਤੇ ਸਿੱਖਾਂ ਦੇ ਸਾਂਝੇ ਤਿਉਹਾਰ ਵਿਸਾਖੀ , ਦੁਸ਼ਹਿਰਾ, ਦੀਵਾਲੀ, ਅਤੇ ਲੋਹੜੀ ਆਦਿ ਸਨ। ਮੁਸਲਮਾਨ ਈਦ, ਬਕਰੀਦ ਅਤੇ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਦਿਨ ਆਦਿ ਤਿਉਹਾਰ ਮਨਾਉਂਦੇ ਸਨ। ਇਸ ਤੋਂ ਇਲਾਵਾ ਵੱਖ-ਵੱਖ ਮੌਕਿਆਂ’ਤੇ ਪਤੰਗ ਉਡਾਉਣਾ, ਕੁੱਕੜ ਲੜਾਉਣਾ, ਕੁਸ਼ਤੀਆਂ ਅਤੇ ਕਬੂਤਰਬਾਜ਼ੀ ਆਦਿ ਦੇ ਸ਼ੌਕ ਵੀ ਪਾਲੇ ਜਾਂਦੇ ਸਨ।

            ਇਸ ਦੇ ਨਾਲ ਹੀ ਸ਼ਾਹ ਮੁਹੰਮਦ ਵੀ ਆਪਣੇ ਵੇਲੇ ਦੇ ਸਾਮੰਤੀ ਸਮਾਜ ਦੀ ਵਿਚਾਰਧਾਰਕ ਸਰਦਾਰੀ (Ideological Hegemony) ਤੋਂ ਪ੍ਰਭਾਵਿਤ ਸੀ। ਇਹੋ ਕਾਰਨ ਹੈ ਕਿ ਉਹ ਭਾਰਤੀ ਇਤਿਹਾਸ, ਮਿਥਿਹਾਸ ਜਾਂ ਪੂਰਵ-ਇਤਿਹਾਸਿਕ ਕਾਲ ਵਿਚੋਂ ਉਦਾਹਰਨਾਂ ਲੈ ਕੇ ਔਰਤ ਦੇ ਕਿਰਦਾਰ ਨੂੰ ਨਿੰਦਦਾ ਹੈ। ਉਦਾਹਰਨ ਦੇ ਤੌਰ’ਤੇ ਰਾਣੀ ਜਿੰਦਾ ਦੇ ਸੁਭਾਅ ਨੂੰ ਪੇਸ਼ ਕਰਦਾ ਹੋਇਆ ਉਹ ਪੂਰੀ ਔਰਤ ਜ਼ਾਤ ਨੂੰ ਹੀ ਭੰਡਣ ਦਾ ਯਤਨ ਕਰਦਾ ਹੈ :

ਹੁੰਦੇ ਆਏ ਨੀ ਰੰਨਾਂ ਦੇ ਧੁਰੋਂ ਕਾਰੇ,                                                        

ਲੋਕਾਂ ਵਿਚ ਤਾਂ ਰਾਵਣ ਕੁਹਾਇ ਦਿੱਤਾ।

ੌਰਵ ਪਾਂਡਵਾਂ ਨਾਲ ਕੀ ਭਲਾ ਕੀਤਾ,

ਠਾਰਾਂ ਖੂਹਣੀਆਂ ਕਟਕ ਮੁਕਾਇ ਦਿੱਤਾ।

ਾਜੇ ਭੋਜ ਦੇ ਮ¨ਲਗਾਮ ਦਿੱਤੀ,

ਾਰ ਅੱਡੀਆਂ ਹੋਸ਼ ਭੁਲਾਇ ਦਿੱਤਾ। 102

ਜਿਸ ਸਮੇਂ (1839 ਈ.) ਵਿਚ ਰਣਜੀਤ ਸਿੰਘ ਅਕਾਲ ਚਲਾਣਾ ਕਰ ਗਿਆ ਤਾਂ ਉਸ ਸਮੇਂ ਸਿੱਖ ਹਾਕਮ ਜਮਾਤ ਦੀਆਂ ਜੜ੍ਹਾਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਗਈਆਂ। ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਰਾਜਗੱਦੀ ਵਾਸਤੇ ਸਿੱਖ ਸਰਦਾਰਾਂ ਵਿਚ ਰਾਜਸੱਤਾ’ਤੇ ਕਬਜ਼ਾ ਕਰਨ ਲਈ ਖ਼ਾਨਾਜੰਗੀ ਸ਼ੁਰੂ ਹੋ ਗਈ। ਹੌਲੀ-ਹੌਲੀ ਇਹ ਖ਼ਾਨਾਜੰਗੀ ਏਨੀ ਵੱਧ ਗਈ ਕਿ ਇਸ ਉੱਪਰ ਕਾਬੂ ਪਾਉਣਾ ਸੰਭਵ ਨਾ ਰਿਹਾ। ਐਨ. ਕੇ. ਸਿਨਹਾ ਅਨੁਸਾਰ “ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਾਗਰੀਦਾਰ ਕਮਜ਼ੋਰ ਹੋ ਚੁੱਕੇ ਸਨ ਅਤੇ ਫ਼ੌਜ ਏਨੀ ਬਲਵਾਨ ਸੀ ਕਿ ਉਸ ਦੇ ਜਾਨਸ਼ੀਨਾਂ ਲਈ ਉਸ ਉੱਤੇ ਕਾਬੂ ਪਾਉਣਾ ਅਸੰਭਵ ਸੀ।”32 ਰਣਜੀਤ ਸਿੰਘ ਦਾ ਵੱਡਾ ਲੜਕਾ ਖੜਕ ਸਿੰਘ ਸਿਆਸੀ ਪੱਖ ਤੋਂ ਕਮਜ਼ੋਰ ਸੀ ਪਰ ਉਸ ਦਾ ਪੋਤਰਾ ਨੌਨਿਹਾਲ ਸਿੰਘ ਇਕ ਹੋਣਹਾਰ ਨੌਜਵਾਨ ਸੀ। ਬਦਕਿਸਮਤੀ ਨਾਲ ਨੌਨਿਹਾਲ ਵੀ ਛੇਤੀ ਹੀ ਇਕ ਹਾਦਸੇ ਵਿਚ ਮਾਰਿਆ ਗਿਆ। ਦੂਸਰੇ ਪਾਸੇ ਅੰਗਰੇਜ਼ਾਂ ਨੇ ਸਿੱਖਾਂ ਨੂੰ ਪਾੜੋ ਤੇ ਰਾਜ ਕਰੋ ਦੀ ਨੀਤੀ ਸਦਕਾ ਆਪਸ ਵਿਚ ਲੜਾ ਕੇ ਅਖ਼ੀਰ ਜਿੱਤ ਪ੍ਰਾਪਤ ਕੀਤੀ। ਇਸਦਾ ਪ੍ਰਮੁੱਖ ਕਾਰਨ ਇਹ ਸੀ ਕਿ ਇੰਗਲੈਂਡ ਦੀ ਉਦਯੋਗਿਕ ਕ੍ਰਾਂਤੀ ਤੋਂ ਬਾਅਦ ਬਰਤਾਨਵੀ ਕੌਮ ਵਪਾਰੀਆਂ ਦਾ ਭੇਸ ਧਾਰ ਕੇ ਮੰਡੀਆਂ ਦੀ ਭਾਲ ਵਿਚ ਬਸਤੀਵਾਦ ਦੀ ਨੀਤੀ ਅਧੀਨ ਪੂਰੇ ਭਾਰਤ ਦੇ ਨਾਲ-ਨਾਲ ਪੰਜਾਬ ਨੂੰ ਵੀ ਆਪਣੇ ਕਬਜ਼ੇ ਹੇਠ ਕਰਨਾ ਚਾਹੁੰਦੀ ਸੀ। ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਗਰੇਜ਼ ਹਾਕਮਾਂ ਨੇ ਸਿੱਖ ਸਰਦਾਰਾਂ ਦੀ ਫੁੱਟ ਦਾ ਲਾਭ ਉਠਾ ਕੇ ਪੰਜਾਬ ਵਿਚ ਯੁੱਧ ਦਾ ਮਾਹੌਲ ਬਣਾ ਦਿੱਤਾ। ਉਹਨਾਂ ਨੇ ਸਿੱਖ ਸਰਦਾਰਾਂ ਨੂੰ ਆਪਣੇ ਵਿਰੁੱਧ ਲੜਨ ਲਈ ਉਕਸਾਉਣਾ ਸ਼ੁਰੂ ਕੀਤਾ। ਰਣਜੀਤ ਸਿੰਘ ਦੀ ਮੌਤ ਤੋਂ ਕੇਵਲ ਸੱਤ ਸਾਲਾਂ ਬਾਅਦ ਭਾਵ 1845-46 ਈ. ਵਿਚ ਪਹਿਲੀ ਐਂਗਲੋ-ਸਿੱਖ ਲੜਾਈ ਦੌਰਾਨ ਅੰਗਰੇਜ਼ਾਂ ਨੇ ਪੰਜਾਬ ਦੇ ਸਤਲੁਜ ਦਰਿਆ ਦੇ ਖੱਬੇ ਪਾਸੇ ਵਾਲੇ ਇਲਾਕੇ ਨੂੰ ਆਪਣੇ ਅਧੀਨ ਕਰ ਲਿਆ। ਇਥੇ ਹੀ ਬੱਸ ਨਹੀਂ ਸਗੋਂ 1848-49 ਈ. ਵਿਚ ਤਾਂ ਅੰਗਰੇਜ਼ ਸਾਮਰਾਜ ਨੇ ਪੂਰੇ ਪੰਜਾਬ ਨੂੰ ਹੀ ਆਪਣੇ ਕਬਜ਼ੇ ਹੇਠ ਲੈ ਲਿਆ ਅਤੇ ਸਿੱਖ ਰਾਜ ਨੂੰ ਹਮੇਸ਼ਾ ਲਈ ਖ਼ਤਮ ਕਰ ਦਿੱਤਾ। ਰਣਜੀਤ ਸਿੰਘ ਦੇ ਰਾਜ ਕਾਲ ਦੌਰਾਨ ਜੋ ਇਹਸਾਸ ਸ਼ਾਹ ਮੁਹੰਮਦ ਦੇ ਮਨ ਵਿਚ ਪੈਦਾ ਹੋਏ ਸਨ, ਉਹ ਖੇਰ¨-ਖੇਰ¨ ਹੋ ਗਏ। ਇਹੋ ਕਾਰਨ ਹੈ ਕਿ ਅੰਗਰੇਜ਼ ਸਾਮਰਾਜ ਦੀ ਆਮਦ ਦੌਰਾਨ ਸ਼ਾਹ ਮੁਹੰਮਦ ਪੰਜਾਬ ਦੇ ਸਿਰ ਉੱਪਰ ਕੋਈ ਵੱਡੀ ਆਫ਼ਤ ‘ਤੀਸਰੀ ਜ਼ਾਤ’ ਨੂੰ ਗ਼ੁਲਾਮੀ ਦੀ ਨਿਸ਼ਾਨੀ ਵਜੋਂ ਮਹਿਸੂਸ ਕਰਦਾ ਹੈ ਅਤੇ ਪੰਜਾਬੀਆਂ ਦੇ ਗੌਰਵ ਨੂੰ ਢਾਹ ਲੱਗਣ’ਤੇ ਸਮੁੱਚੇ ਪੰਜਾਬ ਦੇ ਰੁਦਨ ਦਾ ਚਿੱਤਰਨ ਕਰਦਾ ਹੋਇਆ ਲਿਖਦਾ ਹੈ :

ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ,

ਸਿਰਾਂ ਦੋਹਾਂ ਦੇ ਉੱਤੇ ਆਫ਼ਾਤ ਆਈ।

ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ,

ਦੇ ਨਹੀਂ ਸੀ ਤੀਸਰੀ ਜ਼ਾਤ ਆਈ। 3

ਹਵਾਲੇ ਤੇ ਟਿਪਣੀਆਂ

1.  ਪ੍ਰੀਤਮ ਸੈਨੀ, ਵਾਰ ਸ਼ਾਹ ਮੁਹੰਮਦ, ਪੰਨਾ 13.

2.  ਨਿਹਾਲ ਸਿੰਘ ਰਸ, ਪੰਜਾਬੀ ਸਾਹਿਤ ਦਾ ਵਿਕਾਸ, ਪੰਨਾ 188.

3.  ਡਾ. ਸੁਰਿੰਦਰ ਸਿੰਘ ਕੋਹਲੀ, ਪੰਜਾਬੀ ਸਾਹਿਤ ਦਾ ਇਤਿਹਾਸ, ਪੰਨਾ 403.

4.  ਸੰਤ ਸਿੰਘ ਸੇਖੋਂ, ਪੰਜਾਬੀ ਸਾਹਿਤ ਦਾ ਇਤਿਹਾਸ (1701-1850), ਪੰਨਾ 130.

5.  ਤੇਜਾ ਸਿੰਘ, ਸਾਹਿਤ ਦਰਸ਼ਨ, ਪੰਨਾ 106.

6.  ‘ਕੁਸ਼ਤਾ’ ਅੰਮ੍ਰਿਤਸਰੀ, ਪੰਜਾਬ ਦੇ ਹੀਰੇ, ਪੰਨੇ 205-206.

7.  ਬਾਵਾ ਬੁੱਧ ਸਿੰਘ, ਬੰਬੀਹਾ ਬੋਲ, ਪੰਨਾ 62.

8.  ਪਿਅਰਾ ਸਿੰਘ ਪਦਮ,ਜੰਗਨਾਮਾ ਸਿੰਘਾਂ ਤੇ ਫਰੰਗੀਆਂ, ਪੰਨਾ 47.

9.   “ਸੰਨ 1780-82 ਵਿਚ ਆਪ ਵਡਾਲਾ ਵੀਰਮ, ਤਹਿਸੀਲ ਅੰਮ੍ਰਿਤਸਰ ਵਿਚ ਪੈਦਾ ਹੋਏ। 1892 ਈਸਵੀ ਦੇ ਲਗਪਗ ਕਾਲਵੱਸ ਹੋ ਕੇ ਏਥੇ ਹੀ ਦਫ਼ਨ ਹੋ ਗਏ।”-‘ਕੁਸ਼ਤਾ’ ਅੰਮ੍ਰਿਤਸਰੀ, ਪੰਜਾਬ ਦੇ ਹੀਰੇ, ਪੰਨਾ 205

10.  ਡਾ. ਰਤਨ ਸਿੰਘ ਜੱਗੀ, ਜੰਗਨਾਮਾ ਸਿੰਘਾਂ ਤੇ ਫਰੰਗੀਆਂ, ਪੰਨਾ 9.

11.  ਸੀਤਾ ਰਾਮ ਕੋਹਲੀ ਤੇ ਸੇਵਾ ਸਿੰਘ ਗਿਆਨੀ , ਵਾਰ ਸ਼ਾਹ ਮੁਹੰਮਦ, ਪੰਨਾ 38.

12.  ਡਾ. ਗੰਡਾ ਸਿੰਘ, ਅੰਗਰੇਜ਼ਾਂ ਤੇ ਸਿੰਘਾਂ ਦੀ ਲੜਾਈ, ਪੰਨਾ 17.

13.  ਪਿਆਰਾ ਸਿੰਘ ਪਦਮ, ਜੰਗਨਾਮਾ ਸਿੰਘਾਂ ਤੇ ਫਰੰਗੀਆਂ, ਪੰਨਾ 11

14.  ਡਾ. ਅਜਮੇਰ ਸਿੰਘ, ਪੰਜਾਬੀ ਸਾਹਿਤ ਦਾ ਆਲੋਚਨਾਤਮਕ ਅਧਿਐਨ, ਪੰਨੇ 83-84

15.  ‘ਕੁਸ਼ਤਾ’ ਅੰਮ੍ਰਿਤਸਰੀ, ਉਹੀ, ਪੰਨਾ 205.

16.  ‘ਕੁਸ਼ਤਾ’ ਅੰਮ੍ਰਿਤਸਰੀ, ਪੰਜਾਬੀ ਸ਼ਾਇਰਾਂ ਦਾ ਤਜ਼ਕਰਾ, ਪੰਨਾ 18.

17.  “Shah Mohammad (1780-1882) can be said to be the last major poet of the Sikh period up to the end of independent Sikh kingdom of Punjab in 1848 A.D.”, Sant Singh Sekhon, A History of Punjabi Literature, p. 128.

18.  ਸੀਤਾ ਰਾਮ ਕੋਹਲੀ ਤੇ ਸੇਵਾ ਸਿੰਘ ਗਿਆਨੀ, ਵਾਰ ਸ਼ਾਹ ਮੁਹੰਮਦ, ਪੰਨਾ 52

19.  ਉਹੀ, ਪੰਨਾ 13

20.   “Shah Mohammad was a close relation, in fact, a nephew or sister’s daughter’s son of Sultan Mohammad the commander of the Khalsa artillery in the battle of Sabraon, along with Mewa Singh and Megha Khan whom Shah Mohammad expressly names, commending their conduct .” Sant Singh Sekhon, A History of Punjabi Literatue p. 130.

21.  ਡਾ. ਅਜਮੇਰ ਸਿੰਘ, ਉਹੀ, ਪੰਨਾ 84.

22.  ਮੌਲਾ ਬਖ਼ਸ਼ ਕੁਸ਼ਤਾ, ਪੰਜਾਬੀ ਸ਼ਾਇਰਾਂ ਦਾ ਤਜ਼ਕਰਾ, ਪੰਨਾ 153.

23.  ‘ਕੁਸ਼ਤਾ’ ਅੰਮ੍ਰਿਤਸਰੀ, ਪੰਜਾਬ ਦੇ ਹੀਰੇ, ਪੰਨਾ 51.

24.  ਗੁਰਸ਼ਰਨ ਕੌਰ, ਜੰਗਨਾਮਾ ਸ਼ਾਹ ਮੁਹੰਮਦ, ਪੰਨਾ 7

25.  ਡਾ. ਰਵਿੰਦਰ ਸਿੰਘ ਰਵੀ, ਅਮਰੀਕਾ ਦੀ ਨਵੀਨ ਆਲੋਚਨਾ ਪ੍ਰਣਾਲੀ, ਪੰਨਾ 14.

26.  ਡਾ. ਸੁਦਰਸ਼ਨ ਸਿੰਘ, ਪੰਜਾਬ ਦਾ ਇਤਿਹਾਸ, ਪੰਨਾ 12

27.  “Amritsar became the premier city in the north-west of the Indian subcontinent. The number of important urban cities in the dominion of Ranjit Singh exceeded one hundred,and they all served as centres of trade. Many of them served as centres of manufacturing as well. The revival of Lahore for instance, meant among other things the revival of its manufacturing of cotton, wool and silk textiles and its metal work...           Amritsar was more important than Lahore and Multan.”, J.S. Grewal, The Sikhs of Punjab P. 110.

28.  ਡਾ. ਸੁਦਰਸ਼ਨ ਸਿੰਘ, ਉਹੀ, ਪੰਨਾ 10.

29.  ਰਾਧਾ ਸ਼ਰਮਾ, ਰਣਜੀਤ ਸਿੰਘ ਕਾਲ ਦੀ ਕਿਸਾਨੀ ਦਾ ਸਮਾਜ ਸ਼ਾਸਤਰੀ ਅਧਿਐਨ, ਪੰਨਾ 7

30.  “The territories directly administered by Ranjit Singh were divided into a large number of primary units over which governors (nazims) were appointed by the Maharaja. Each primary unit consisted of ta’allukas, also called parganas, over which kardars were appointed for the collection of revenue and the maintenance of peace and order.”, J.S. Grewal, The Sikhs of Punjab, p. 106.

31.  ਐਨ ਕੇ. ਸਿਨਹਾ, ਰਣਜੀਤ ਸਿੰਘ, ਅਨੁਵਾਦਕ ਸੁਰਜੀਤ ਕੌਰ, ਪੰਨਾ 156.

32.  ਡਾ. ਗੁਰਬਚਨ ਸਿੰਘ ਨਈਅਰ, ਮਹਾਰਾਜਾ ਰਣਜੀਤ ਸਿੰਘ ਕਾਲ : ਕੁਝ ਅਣਗੌਲੇ ਤੱਥ, ਪੰਨਾ 7

        33. ਐਨ. ਕੇ ਸਿਨਹਾ, ਉਹੀ, ਪੰਨਾ 157.

 


ਲੇਖਕ : ਭੀਮ ਇੰਦਰ ਸਿੰਘ,
ਸਰੋਤ : ਸ਼ਾਹ ਮੁਹੰਮਦ ਜੀਵਨ ਤੇ ਰਚਨਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3109, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-03-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.